ਪੰਜਾਬੀ ਖ਼ਬਰਸਾਰ ਬਿਉਰੋ
ਮੋਗਾ, 11 ਅਪ੍ਰੈਲ: ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵਲੋਂ ਦੂਜੇ ਵਿਭਾਗਾਂ ਦੀ ਤਰਜ਼ ’ਤੇ ਸਿਹਤ ਵਿਭਾਗ ਵਿੱਚ ਯੋਗ ਪ੍ਰਣਾਲੀ ਰਾਹੀ ਨੈਸ਼ਨਲ ਹੈਲਥ ਮਿਸ਼ਨ ਅਧੀਨ ਭਰਤੀ ਕੀਤੇ ਪਿਛਲੇ ਪੰਦਰ੍ਹਾਂ ਸਾਲਾਂ ਤੋਂ ਠੇਕੇ ਤੇ ਕੰਮ ਕਰਦੇ ਸਿਹਤ ਮੁਲਾਜ਼ਮਾਂ ਨਾਲ ਪੱਕੇ ਕਰਨ ਦੇ ਵਾਅਦੇ ਪੂਰੇ ਨਾ ਹੁੰਦੇ ਦੇਖ ਹੁਣ ਐਨਐਚਐਮ ਕਾਮਿਆਂ ਨੇ ਸਰਕਾਰ ਨੂੂੰ ਘੇਰਣ ਦਾ ਫੈਸਲਾ ਲਿਆ ਹੈ। ਇਸ ਸਬੰਧ ਵਿਚ ਜਥੇਬੰਦੀ ਦੇ ਆਗੂਆਂ ਦੀ ਹੋਈ ਮੀਟਿੰਗ ਵਿਚ ਜਲੰਧਰ ਉਪ ਚੋਣ ਵਿਚ ਸਰਕਾਰ ਵਿਰੁਧ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸਦੀ ਜਾਣਕਾਰੀ ਦਿੰਦਿਆਂ ਐਨ.ਐਚ.ਐਮ ਇੰਪਲਾਈਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਵਾਹਿਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਸੱਤਾ ਦੇ ਨਸ਼ੇ ਵਿੱਚ ਨਜਰਾਂ ਫੇਰਦੇ ਨਜਰ ਆ ਰਹੇ ਹਨ । ਆਮ ਆਦਮੀ ਪਾਰਟੀ ਦੇ ਇਹਨਾਂ ਲੀਡਰਾਂ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ਦੌਰਾਨ ਕੱਚੇ ਮੁਲਾਜ਼ਮਾ ਦੇ ਧਰਨਿਆਂ ਦੇ ਵਿਚ ਸ਼ਾਮਿਲ ਹੋ ਕੇ ਠੇਕਾ ਮੁਲਾਜਮਾਂ ਨੂੰ ਪੱਕੇ ਕਰਨ ਦੇ ਸਬਜ਼ਬਾਗ ਦਿਖਾਏ ਪਰ ਜਦ ਵਾਅਦਿਆ ਨੂੰ ਅਮਲੀ ਜਾਮਾਂ ਪਹਿਨਾਉਣ ਦੀ ਵਾਰੀ ਆਈ ਤਾਂ ਪਿਛਲੇ 1 ਸਾਲ ਦੌਰਾਨ ਕੀਤੀਆਂ ਗਈਆਂ ਲੱਗਭੱਗ 20 ਦੇ ਕਰੀਬ ਮੀਟਿੰਗਾਂ ਵਿਚ ਵੀ ਕੋਈ ਹੱਲ ਨਹੀਂ ਕੀਤਾ ਗਿਆ। ਬੀਤੇ ਦਿਨੀਂ ਵੀ ਨੈਸ਼ਨਲ ਹੈਲਥ ਮਿਸ਼ਨ ਇੰਪਲਾਈਜ ਯੂਨੀਅਨ ਦੀਆਂ ਸਿਹਤ ਮੰਤਰੀ ਨਾਲ ਹੋਈਆਂ ਮੀਟਿੰਗਾਂ ਵੀ ਬੇਸਿੱਟਾ ਹੀ ਰਹੀਆਂ ਅਤੇ ਮੀਟਿੰਗਾਂ ਦੌਰਾਨ ਬੱਸ ਲਾਰਿਆਂ ਦੀ ਪੰਡ ਦੇ ਸਿਵਾ ਕੁਝ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਸਰਕਾਰ ਸਿਹਤ ਵਰਗੇ ਅਹਿਮ ਅੰਗ ਨੂੰ ਅਹਿਮੀਅਤ ਨਹੀਂ ਦਿੰਦੀ ਤਾਂ ਸੂਬੇ ਦੇ ਲੋਕ ਅਪਣੇ ਚੰਗੇਰੇ ਭਵਿੱਖ ਦੀ ਕਾਮਨਾ ਕਿਸ ਤਰ੍ਹਾਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਲੰਧਰ ਊਪ ਚੋਣ ਦੌਰਾਨ ਸੁੱਤੀ ਸਰਕਾਰ ਨੂੰ ਜਗਾਉਣ ਲਈ ਪਰਚੇ ਵੰਡ ਕੇ ਇਹਨਾਂ ਦੇ ਲਾਰਿਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ ਅਤੇ ਜਿੱਥੇ ਜਿੱਥੇ ਵੀ ਇਹਨਾਂ ਦੇ ਮੰਤਰੀ ਪ੍ਰਚਾਰ ਕਰਨਗੇ ਮੁਲਾਜ਼ਮ ਉਹਨਾਂ ਦਾ ਘਿਰਾਓ ਕਰਨਗੇ। ਇਸ ਦੌਰਾਨ ਉਹਨਾਂ ਨਾਲ ਡਾ ਸਿਮਰਪਾਲ ਸਿੰਘ ਮੋਗਾ, ਅਵਤਾਰ ਸਿੰਘ ਮਾਨਸਾ,ਰਣਜੀਤ ਕੌਰ ਬਠਿੰਡਾ , ਹਰਮਨ ਜੀਰਾ, ਦੀਪਿਕਾ ਸ਼ਰਮਾਂ ਪਠਾਨਕੋਟ, ਗੁਲਸ਼ਨ ਸ਼ਰਮਾ ਫਰੀਦਕੋਟ, ਰਵਿੰਦਰ ਸਿੰਘ ਫਾਜ਼ਿਲਕਾ,ਡਾਕਟਰ ਸੁਮਿਤ ਕਪਾਹੀ ਜਲੰਧਰ,ਕਮਲਜੀਤ ਕੌਰ ਬਰਨਾਲਾ ਅਤੇ ਸਮੂਹ ਸੂਬਾ ਕਮੇਟੀ ਮੈਂਬਰ ਹਾਜਰ ਸਨ।
ਸੂਬਾ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕੇ ਨੈਸ਼ਨਲ ਹੈਲਥ ਮਿਸ਼ਨ ਦੇ ਕੱਚੇ ਕਾਮੇ ਜਲੰਧਰ ਚੋਣਾਂ ਵਿੱਚ ਸਰਕਾਰ ਨੂੰ ਘੇਰਨਗੇ
ਸਿਹਤ ਵਿਭਾਗ ਵਲੋਂ ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਸਾਂਭ-ਸੰਭਾਲ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 11 ਅਪ੍ਰੈਲ: ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤੀਸ਼ ਜਿੰਦਲ ਦੀ ਅਗਵਾਈ ਹੇਠ ਸਥਾਨਕ ਜੱਚਾ-ਬੱਚਾ ਹਸਪਤਾਲ ਵਿਖੇ ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਸਾਂਭ-ਸੰਭਾਲ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਊਂਸਲਰ ਚਰਨਪਾਲ ਕੌਰ ਅਤੇ ਬਲਾਕ ਐਜੂਕੇਟਰ ਪਵਨਜੀਤ ਕੌਰ ਵਲੋਂ ਗਰਭਵਤੀ ਮਹਿਲਾਵਾਂ, ਗਰਭ ’ਚ ਪਲ ਰਹੇ ਬੱਚੇ ਅਤੇ ਦੁੱਧ ਪਿਲਾ ਰਹੀਆਂ ਮਾਵਾਂ ਵਾਸਤੇ ਲੋੜੀਂਦੀ ਪੌਸ਼ਟਿਕ ਖੁਰਾਕ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਬਦਲ ਰਹੀ ਜੀਵਨ ਸ਼ੈਲੀ ਨਾਲ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਬਦਲ ਰਹੀਆਂ ਹਨ, ਜਿਸ ਕਾਰਨ ਜਾਣੇ-ਅਣਜਾਣੇ ਵਿਚ ਬਹੁਤ ਸਾਰੇ ਜ਼ਰੂਰੀ ਖੁਰਾਕੀ ਤੱਤ ਸਾਡੇ ਭੋਜਨ ਵਿਚ ਸ਼ਾਮਲ ਨਹੀਂ ਹੋ ਪਾਉਂਦੇ।ਸਿਹਤ ਦੇ ਸੰਪੂਰਨ ਵਿਕਾਸ ਲਈ ਹਰ ਰੋਜ਼ ਦਾ ਭੋਜਨ ਸੰਤੁਲਿਤ ਭੋਜਨ ਹੋਣਾ ਚਾਹੀਦਾ ਹੈ ਤਾਂ ਜੋ ਸਰੀਰ ਨੂੰ ਲੋੜੀਂਦੀ ਮਾਤਰਾ ਵਿੱਚ ਸਾਰੇ ਤਰ੍ਹਾਂ ਦੇ ਤੱਤ ਮਿਲ ਸਕਣ।ਵਿਸ਼ੇਸ਼ ਕਰ ਗਰਭਵਤੀ ਔਰਤਾਂ ਆਇਰਨ ਅਤੇ ਫਾਈਵਰ ਯੁਕਤ ਭੋਜਨ ਦੀ ਵਰਤੋਂ ਕਰਨ ਤਾਂ ਜੋ ਗਰਭ ਅਵਸਥਾ ਸਮੇਂ ਖੂਨ ਦੀ ਕਮੀ ਨਾ ਹੋਵੇ।ਗਰਭਵਤੀ ਔਰਤਾਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਗਰਭ ਅਵਸਥਾ ਸਮੇਂ ਅਤੇ ਬੱਚੇ ਨੂੰ ਜਨਮ ਹੋਣ ਉਪਰੰਤ ਆਇਰਨ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਹਰ ਰੋਜ਼ ਖਾਣੀਆਂ ਯਕੀਨੀ ਬਣਾਉਣੀਆਂ ਚਾਹੀਦੀਆਂ ਹਨ।ਇਸ ਦੇ ਨਾਲ ਹੀ ਉਨ੍ਹਾਂ ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਦੇ ਦੰਦਾਂ ਦੀ ਵਿਸ਼ੇਸ਼ ਸੰਭਾਲ ਕਰਨ ਲਈ ਵੀ ਪ੍ਰੇਰਿਤ ਕੀਤਾ।ਦੰਦਾਂ ਦੇ ਨਾਲ ਨਾਲ ਜੀਭ ਦੀ ਸਫ਼ਾਈ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭੋਜਨ ਦਾ ਵੀ ਦੰਦਾਂ ਦੀ ਸੁਰੱਖਿਆ ਵਿਚ ਵੱਡਾ ਯੋਗਦਾਨ ਹੁੰਦਾ ਹੈ। ਹਰ ਤਰ੍ਹਾਂ ਦੀ ਸਫ਼ਾਈ, ਚਾਕਲੇਟ, ਟੌਫੀ, ਕਾਰਬੋਨੇਟਿਡ ਡਰਿੰਕਸ, ਫਾਸਟ ਫੂਡ ਵਰਗੀਆਂ ਮਾੜੀਆਂ ਚੀਜ਼ਾਂ ਦਾ ਸਰੀਰ ਦੇ ਹੋਰ ਅੰਗਾਂ ਦੇ ਨਾਲ ਨਾਲ ਦੰਦਾਂ ’ਤੇ ਵੀ ਮਾੜਾ ਅਸਰ ਹੁੰਦਾ ਹੈ, ਇਸ ਲਈ ਬੱਚਿਆਂ ਨੂੰ ਅਜਿਹੀਆਂ ਚੀਜ਼ਾਂ ਖਾਣ ਦੀ ਆਦਤ ਪੈਣ ਤੋਂ ਬਚਾਉਣਾ ਚਾਹੀਦਾ ਹੈ।ਇਸ ਮੌਕੇ ਮੈਟਰਨ ਦਲਜੀਤ ਕੌਰ ਤੇ ਪਰਮਜੀਤ ਸਿੱਧੂ ਸਮੇਤ ਸਿਹਤ ਸਟਾਫ਼ ਮੈਂਬਰ ਅਤੇ ਗਰਭਵਤੀ ਔਰਤਾਂ ਹਾਜ਼ਰ ਸਨ।
ਸ਼ਰੋਮਣੀ ਧੰਨਾ ਭਗਤ ਦੀ ਬਾਣੀ ਨੂੰ ਘਰ-ਘਰ ਪਹੁੰਚਾਇਆ ਜਾਵੇਗਾ: ਮਨੋਹਰ ਲਾਲ
ਮੁੱਖ ਮੰਤਰੀ ਨੇ ਧੰਨਾ ਭਗਤ ਦੀ ਮੂਰਤੀ ਦਾ ਕੀਤਾ ਉਦਘਾਟਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 11 ਅਪ੍ਰੈਲ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸ਼ਰੋਮਣੀ ਧੰਨਾ ਭਗਤ ਦੀ ਬਾਣੀ ਨੂੰ ਘਰ-ਘਰ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇੰਨ੍ਹਾਂ ਦਾ ਜਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਮਿਲਦਾ ਹੈ। ਜਿਸਦੇ ਚੱਲਦੇ ਨੌਜੁਆਨ ਪੀੜੀ ਅਤੇ ਸਮਾਜ ਦੇ ਲੋਕਾਂ ਨੂੰ ਅਜਿਹੇ ਭਗਤਾਂ ਦੀ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਦਸਿਆ ਕਿ ਇਸ ਉਦੇਸ਼ ਦੇ ਨਾਲ ਸਰਕਾਰ ਵੱਲੋਂ ਪਹਿਲੀ ਵਾਰ 23 ਅਪ੍ਰੈਲ ਨੁੰ ਕੈਥਲ ਦੇ ਪਿੰਡ ਧਨੌਰੀ ਵਿਚ ਵੱਡੇ ਪੱਧਰ ’ਤੇ ਭਗਤ ਸ਼ਿਰੋਮਣੀ ਧੰਨਵਾ ਭਗਤ ਜੀ ਦੀ ਜੈਯੰਤੀ ’ਤੇ ਪ੍ਰੋਗ੍ਰਾਮ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਮੰਗਲਵਾਰ ਨੂੰ ਕੁਰੂਕਸ਼ੇਤਰ ਜਿਲ੍ਹਾ ਵਿਚ ਸ੍ਰੀ ਧੰਨਾ ਭਗਤ ਸਿਖਿਆ ਸਮਿਤੀ , ਕੁਰੂਕਸ਼ੇਤਰ ਵੱਲੋਂ ਧੰਨਾ ਭਗਤ ਪਬਲਿਕ ਸਕੂਲ ਦੇ ਪਰਿਸਰ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਬੋਲ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਕੂਲ ਗਰਾਉਂਡ ਵਿਚ ਧੰਨਾ ਭਗਤ ਦੀ ਮੂਰਤੀ ਦਾ ਉਦਘਾਟਨ ਕੀਤਾ। ਸ੍ਰੀ ਮਨੋਹਰ ਲਾਲ ਨੇ ਸਕੂਲ ਦੇ ਵਿਦਿਆਰਥੀਆਂ ਨਾਲ ਸ਼ਿਰੋਮਣੀ ਧੰਨਾ ਭਗਤ ਦੀ ਜੀਵਨੀ ਅਤੇ ਉਨ੍ਹਾਂ ਦੇ ਜਨਮ ਨੂੰ ਲੈ ਕੇ ਕੁੱਝ ਸੁਆਲ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਧੰਨਾ ਭਗਤ ਦੀ ਜੀਵਨੀ ਨਾਲ ਰੁਬਰੂ ਕਰਵਾਉਣ ਲਈ ਸੰਸਥਾਨ ਦੇ ਸੰਚਾਲਕਾਂ ਤੋਂ ਉਨ੍ਹਾਂ ਦੇ ਜੀਵਨ ’ਤੇ ਇਕ ਕਿਤਾਬ ਪ੍ਰਕਾਸ਼ਿਤ ਕਰਨ ਦੇ ਲਈ ਕਿਹਾ। ਮੁੱਖ ਮੰਤਰੀ ਨੇ ਸਾਰੇ ਲੋਕਾਂ ਨੁੰ 23 ਅਪ੍ਰੈਲ ਨੂੰ ਕੈਥਲ ਦੇ ਪਿੰਡ ਧਨੌਰੀ ਵਿਚ ਰਾਜ ਪੱਧਰ ’ਤੇ ਮਨਾਈ ਜਾਣ ਵਾਲੀ ਭਗਤ ਸ਼ਿਰੋਮਣੀ ਧੰਨਾ ਭਗਤ ਦੀ ਜੈਯੰਤੀ ਦਾ ਸੱਤਾ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਧੰਨਾ ਭਗਤ ਦੀ ਜੈਯੰਤੀ ਮਨਾਈ ਜਾ ਰਹੀ ਹੈ, ਇਸ ਲਈ ਵੱਧ ਤੋਂ ਵੱਧ ਲੋਕ ਇਸ ਪ੍ਰੋਗ੍ਰਾਮ ਵਿਚ ਪਹੁੰਚੇ।ਇਸ ਦੌਰਾਨ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਪ੍ਰੋਗ੍ਰਾਮ ਵਿਚ ਸਾਂਸਦ ਨਾਇਬ ਸਿੰਘ ਸੈਨੀ, ਵਿਧਾਇਥ ਸੁਭਾਸ਼ ਸੁਧਾ, ਹਰਿਆਣਾ ਸਰਸਵਤੀ ਧਰੋਹਰ ਵਿਕਾਸ ਬੋਰਡ ਦੇ ਵਾਇਸ ਚੇਅਰਮੈਨ ਧੂਮਨ ਸਿੰਘ ਕਿਰਮਚ ਆਦਿ ਮੌਜੂਦ ਸਨ।
ਹਰਿਆਣਾ ਸਰਕਾਰ ਦਾ ਵੱਡਾ ਫੈਸਲਾ: ਪੱਤਰਕਾਰਾਂ ਦੀ ਪੈਨਸ਼ਨ ਨੂੰ ਮਹਿੰਗਾਈ ਭੱਤੇ ਨਾਲ ਜੋੜਿਆ
ਪੱਤਰਕਾਰਾਂ ਨੂੰ ਦਿੱਤੀ ਜਾਣ ਵਾਲੀ ਮਹੀਨਾ ਪੈਂਸ਼ਨ ਰਕਮ ਵਿਚ ਕੀਤਾ ਗਿਆ ਵਾਧਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 11 ਅਪ੍ਰੈਲ : ਕਰੀਬ 6 ਸਾਲ ਪਹਿਲਾਂ ਹਰਿਆਣਾ ਨਾਲ ਜੁੜੇ ਪੱਤਰਕਾਰਾਂ ਦੇ ਸਮਾਜਿਕ ਕਲਿਆਣ ਲਈ ਪੈਨਸ਼ਨ ਸਕੀਮ ਲਾਗੂ ਕਰਨ ਵਾਲੀ ਮੁੱਖ ਮੰਤਰੀ ਮਨੋਹਰ ਲਾਲ ਦੀ ਸਰਕਾਰ ਨੇ ਹੁਣ ਪੱਤਰਕਾਰਾਂ ਦੇ ਹਿੱਤ ਵਿਚ ਇਕ ਹੋਰ ਫੈਸਲਾ ਲੈਂਦੇ ਹੋਏ ਪੱਤਰਕਾਰ ਪੈਂਸ਼ਨ ਯੋਜਨਾ ਦੇ ਤਹਿਤ ਸੂਬੇ ਦੇ 60 ਸਾਲ ਤੋਂ ਵੱਧ ਉਮਰ ਦੇ ਮਾਨਤਾ ਪ੍ਰਾਪਤ ਮੀਡੀਆ ਕਰਮਚਾਰੀਆਂ ਨੂੰ ਮਿਲਣ ਵਾਲੀ ਪੈਂਸ਼ਨ ਰਕਮ ਵਿਚ ਵਾਧਾ ਕੀਤਾ ਹੈ। ਮੁੱਖ ਮੰਤਰੀ ਨੇ ਇਸ ਪ੍ਰਸਤਾਵ ਨੂੰ ਅੱਜ ਮੰਨਜੂਰੀ ਦੇ ਦਿੱਤੀ ਹੈ। ਇਸ ਫੈਸਲੇ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਤੈਅ ਮਾਮਦੰਡਾਂ ਦੇ ਅਨੁਸਾਰ ਡੀਏ ਵਿਚ ਕੀਤਾ ਜਾਣ ਵਾਲਾ ਵਾਧੇ ਦੇ ਅਨੁਪਾਤ ਵਿਚ ਪੱਤਰਕਾਰਾਂ ਦੀ ਪੈਂਸ਼ਨ ਰਕਮ ਵਿਚ ਵਾਧਾ ਕੀਤਾ ਜਾਵੇਗਾ। ਇਸ ਫੈਸਲੇ ਦੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ ਡਾ. ਅਮਿਤ ਅਗਰਵਾਲ ਨੇ ਦਸਿਆ ਕਿ ਪੈਂਸ਼ਨ ਰਕਮ ਵਿਚ ਸਾਲਾਨਾ ਵਾਧਾ ਦੇ ਪ੍ਰਸਤਾਵ ਨੂੰ ਵੀ ਮੁੱਖ ਮੰਤਰੀ ਨੇ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ 26 ਅਕਤੂਬਰ, 2017 ਨੂੰ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪੱਤਰਕਾਰ ਪੈਂਸ਼ਨ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਯੋਜਨਾ ਦੇ ਤਹਿਤ 60 ਸਲਾ ਤੋਂ ਵੱਧ ਉਮਰ ਦੇ ਮਾਨਤਾ ਪ੍ਰਾਪਤ ਮੀਤੀਆ ਕਰਮਚਾਰੀਆਂ ਨੂੰ ਮਹੀਨਾ ਪੈਂਸ਼ਨ ਦਿੱਤੀ ਜਾ ਰਹੀ ਹੈ। ਇਸ ਯੋਜਨ ਦੇ ਲਈ ਯੋਗਤਾ ਮਾਨਦੰਡ ਦੇ ਅਨੁਸਾਰ ਪੱਤਰਕਾਰਾਂ ਨੂੰ 20 ਸਾਲ ਦਾ ਤਜਰਬਾ ਅਤੇ 5 ਸਾਲ ਦੇ ਸਮੇਂ ਲਈ ਹਰਿਆਣਾ ਸਰਕਾਰ ਤੋਂ ਮਾਨਤਾ ਪ੍ਰਾਪਤ ਹੋਣਾ ਜਰੂਰੀ ਹੈ। ਡਾ. ਅਗਰਵਾਲ ਨੇ ਕਿਹਾ ਕਿ ਹਰਿਆਣਾ ਇਕ ਮੀਡੀਆ ਫਰੈਂਡਲੀ ਰਾਜ ਹੈ ਅਤੇ ਮੁੱਖ ਮੰਤਰੀ ਪੱਤਰਕਾਰਾਂ ਦੇ ਹਿੱਤਾਂ ਲਈ ਲਗਾਤਾਰ ਨਵੀਂਆਂ ਯੋਜਨਾਵਾਂ ਲਾਗੂ ਕਰ ਰਹੀ ਹੈ। ਉਨ੍ਹਾਂ ਦਸਿਆ ਕਿ ਪੈਨਸ਼ਨ ਤੋਂ ਇਲਾਵਾ ਹਰਿਆਣਾ ਵਿਚ ਪੱਤਰਕਾਰਾਂ ਦੇ ਲਈ ਬੀਮਾ ਯੋਜਨਾ, ਹਰਿਆਣਾ ਟਰਾਂਸਪੋਰਟ ਬੱਸਾਂ ਵਿਚ ਮੁਫ਼ਤ ਯਾਤਰਾ ਦੀ ਸਹੂਲਤ ਦੇਣ ਦੇ ਨਾਲ-ਨਾਲ ਹਰ ਜਿਲ੍ਹੇ ਵਿਚ ਮੀਡੀਆ ਕੇਂਦਰ ਵੀ ਸਥਾਪਿਤ ਕੀਤੇ ਹਨ, ਤਾਂ ਜੋ ਮੀਡੀਆ ਕਰਮਚਾਰੀ ਬਿਨ੍ਹਾਂ ਕਿਸੇ ਅਸਹੂਲਤ ਦੇ ਆਪਣੀ ਜਿਮੇਵਾਰੀਆਂ ਨੂੰ ਨਿਭਾਉਣ।
ਨਰਮਾ ਕਿਸਾਨਾਂ ਨੂੰ 15 ਅਪਰੈਲ ਤੋਂ ਨਹਿਰੀ ਪਾਣੀ ਮਿਲੇਗਾ: ਵਿਜੈ ਕੁਮਾਰ ਜੰਜੂਆ
ਮੁੱਖ ਸਕੱਤਰ ਨੇ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਅਤੇ ਨਹਿਰੀ ਪਾਣੀ ਦੀ ਵਰਤੋਂ ਵਧਾਉਣ ਦੇ ਦਿੱਤੇ ਨਿਰਦੇਸ਼
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 11 ਅਪਰੈਲ: ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਅਤੇ ਕਿਸਾਨਾਂ ਨੂੰ ਨਰਮੇ ਦੀ ਖੇਤੀ ਨੂੰ ਉਤਸ਼ਾਹਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਰਮਾ ਕਿਸਾਨਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਅਪਰੈਲ ਮਹੀਨੇ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਜਲ ਸਰੋਤ ਵਿਭਾਗ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਇਸ ਦੌਰਾਨ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵਰਤੋਂ ਵੱਧ ਕਰਨ ਲਈ ਜਾਗਰੂਕਤਾ ਅਭਿਆਨ ਵੀ ਸ਼ੁਰੂ ਕੀਤੀ ਜਾ ਰਹੀ ਹੈ।ਇਹ ਜਾਣਕਾਰੀ ਅੱਜ ਇਥੇ ਮੁੱਖ ਸਕੱਤਰ ਸ੍ਰੀ ਵਿਜੈ ਕੁਮਾਰ ਜੰਜੂਆ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਜਲ ਸਰੋਤ, ਖੇਤੀਬਾੜੀ, ਸਕੂਲ ਸਿੱਖਿਆ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨਾਲ ਉਚ ਪੱਧਰੀ ਮੀਟਿੰਗ ਉਪਰੰਤ ਦਿੱਤੀ।ਸ੍ਰੀ ਜੰਜੂਆ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਤੋਂ ਬਾਅਦ ਜਲ ਸਰੋਤ ਤੇ ਖੇਤੀਬਾੜੀ ਵਿਭਾਗ ਵੱਲੋਂ ਮਿਲ ਕੇ 15 ਅਪਰੈਲ ਤੋਂ ਦੱਖਣੀ ਮਾਲਵਾ ਦੀ ਨਰਮਾ ਪੱਟੀ ਦੇ ਕਿਸਾਨਾਂ ਨੂੰ ਨਰਮੇ ਦੀ ਫਸਲ ਦੀ ਸਿੰਜਾਈ ਲਈ ਨਹਿਰੀ ਪਾਣੀ ਛੱਡਣ ਦੀ ਤਿਆਰੀ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਅਤੇ ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਕਿਸਾਨਾਂ ਨੂੰ ਨਰਮੇ ਦੀ ਫਸਲ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਜੇਕਰ ਅਪਰੈਲ ਮਹੀਨੇ ਵਿੱਚ ਨਹਿਰੀ ਪਾਣੀ ਮਿਲ ਜਾਵੇ ਤਾਂ ਨਰਮੇ ਦੀ ਫਸਲ ਲਈ ਬਹੁਤ ਲਾਹੇਵੰਦ ਹੋਵੇਗਾ। ਸੂਬਾ ਸਰਕਾਰ ਕਿਸਾਨਾਂ ਦੀ ਇਹ ਮੰਗ ਇਸ ਸਾਲ ਪੂਰੀ ਕਰਨ ਜਾ ਰਹੀ ਹੈ। ਇਸ ਸਬੰਧੀ ਖੇਤੀਬਾੜੀ ਤੇ ਜਲ ਸਰੋਤ ਵਿਭਾਗ ਵਧੇਰੇ ਤਾਲਮੇਲ ਲਈ ਨਿਰੰਤਰ ਮੀਟਿੰਗਾਂ ਕਰਨਗੇ।ਜੇਕਰ ਕਿਸੇ ਕਿਸਾਨ ਕੋਈ ਦਿੱਕਤ ਆਵੇ ਤਾਂ ਉਹ ਟੋਲ ਫਰੀ ਨੰਬਰ 1100 ਉੱਤੇ ਕਾਲ ਕਰ ਸਕਦਾ ਹਨ।ਸ੍ਰੀ ਜੰਜੂਆ ਨੇ ਮੀਟਿੰਗ ਦੌਰਾਨ ਪੁਲਿਸ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਨਹਿਰੀ ਪਾਣੀ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਚੌਕਸੀ ਵਧਾਈ ਜਾਵੇ ਅਤੇ ਜਲ ਸਰੋਤ ਵਿਭਾਗ ਨਾਲ ਮਿਲ ਕੇ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੈਡਕੁਆਟਰ ਉਤੇ ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਨੂੰ ਸਟੇਟ ਨੋਡਲ ਅਫਸਰ ਅਤੇ ਨਰਮਾ ਪੱਟੀ ਦੇ ਜ਼ਿਲ੍ਹਿਆਂ ਵਿੱਚ ਐਸ.ਪੀ. ਰੈਂਕ ਦੇ ਅਧਿਕਾਰੀ ਨੂੰ ਜ਼ਿਲਾ ਪੱਧਰ ਦਾ ਨੋਡਲ ਅਫਸਰ ਤਾਇਨਾਤ ਕੀਤਾ ਜਾਵੇਗਾ।ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਨੂੰ ਵਿਦਿਆਰਥੀਆਂ ਨੂੰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਨਹਿਰੀ ਪਾਣੀ ਦੀ ਵਰਤੋਂ ਵਧਾਉਣ ਲਈ ਜਾਗਰੂਕ ਅਭਿਆਨ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਸਵੇਰ ਦੀ ਪ੍ਰਾਥਨਾ ਸਭਾ ਵਿੱਚ ਵਿਸ਼ੇਸ਼ ਲੈਕਚਰ ਤੋਂ ਇਲਾਵਾ ਵਿਦਿਆਰਥੀਆਂ ਦੇ ਇਨ੍ਹਾਂ ਵਿਸ਼ਿਆਂ ਬਾਰੇ ਲੇਖ ਮੁਕਾਬਲੇ, ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਿਨੋਂ-ਦਿਨ ਘਟ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ, ਫਸਲੀ ਵਿਭਿੰਨਤਾ ਤਹਿਤ ਰਵਾਇਤੀ ਫਸਲਾਂ ਦੇ ਚੱਕਰ ਵਿੱਚੋਂ ਬਾਹਰ ਨਿਕਲਣ ਅਤੇ ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਵਚਨਬੱਧ ਹੈ।ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਜਲ ਸਰੋਤ ਕ੍ਰਿਸ਼ਨ ਕੁਮਾਰ, ਪ੍ਰਮੁੱਖ ਸਕੱਤਰ ਖੇਤੀਬਾੜੀ ਸੁਮੇਰ ਸਿੰਘ ਗੁਰਜਰ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਨੈ ਬੁਬਲਾਨੀ, ਡਾਇਰੈਕਟਰ ਖੇਤੀਬਾੜੀ ਗੁਰਵਿੰਦਰ ਸਿੰਘ ਤੇ ਏ.ਆਈ.ਜੀ. (ਪ੍ਰਸੋਨਲ) ਗੌਰਵ ਤੂਰਾ ਹਾਜ਼ਰ ਸਨ।
ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਨੇ ਮਿਊਜ਼ੀਅਮ ਕੀਤਾ ਲੋਕਾਂ ਨੂੰ ਸਮਰਪਿਤ
ਸੂਬੇ ਦਾ ਇਕ ਹੋਰ ਟੋਲ ਪਲਾਜ਼ਾ ਬੰਦ ਕਰਵਾਉਣ ਦਾ ਕੀਤਾ ਐਲਾਨ
ਸ਼ਾਨਦਾਰ ਪੰਜ ਪਿਆਰਾ ਪਾਰਕ ’ਚ ਹੋਏ ਵਿਕਾਸ ਕਾਰਜਾਂ ਦੀ ਵੀ ਕੀਤੀ ਸਮੀਖਿਆ
ਪੰਜਾਬੀ ਖ਼ਬਰਸਾਰ ਬਿਉਰੋ
ਸ੍ਰੀ ਆਨੰਦਪੁਰ ਸਾਹਿਬ, 11 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਨਵੀਨੀਕਰਨ ਤੋਂ ਬਾਅਦ ਗੁਰੂ ਤੇਗ ਬਹਾਦਰ ਮਿਊਜ਼ੀਅਮ ਲੋਕਾਂ ਨੂੰ ਸਮਰਪਿਤ ਕੀਤਾ ਅਤੇ ਲੋਕਾਂ ਨੂੰ ਨੌਵੇਂ ਪਾਤਸ਼ਾਹ ਵੱਲੋਂ ਦਿਖਾਏ ਧਾਰਮਿਕ ਨਿਰਪੱਖਤਾ ਤੇ ਮਨੁੱਖਤਾ ਦੀ ਸੇਵਾ ਦੇ ਉੱਚੇ-ਸੁੱਚੇ ਵਿਚਾਰਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਲਈ ਆਖਿਆ। ਇੱਥੇ ਪੰਜ ਪਿਆਰਾ ਪਾਰਕ ਵਿੱਚ ਚੱਲ ਰਹੇ ਕੰਮ ਦੀ ਸਮੀਖਿਆ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਵੱਲੋਂ ਵਰੋਸਾਇਆ ਪਵਿੱਤਰ ਸ਼ਹਿਰ ਸ੍ਰੀ ਆਨੰਦਪੁਰ ਸਾਹਿਬ ਸਮਾਜਿਕ ਬਰਾਬਰੀ ਤੇ ਧਰਮ ਨਿਰਪੱਖਤਾ ਦਾ ਧੁਰਾ ਹੈ ਕਿਉਂਕਿ ਨੌਵੇਂ ਪਾਤਸ਼ਾਹ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ। ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਦਿਖਾਏ ਆਤਮ ਬਲੀਦਾਨ ਦੇ ਰਾਹ ਨੂੰ ਜ਼ਿੰਦਗੀ ਵਿੱਚ ਅਪਨਾਉਣ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਨੇ ਮਨੁੱਖਤਾ ਤੇ ਧਾਰਮਿਕ ਨਿਰਪੱਖਤਾ ਦੀਆਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਤੋਂ ਇਲਾਵਾ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਬਲੀਦਾਨ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਸਾਰੇ ਮਨੁੱਖਾਂ ਦੇ ਇਕੋ ਜੋਤ ਵਿੱਚੋਂ ਉਪਜਣ, ਭਾਈਚਾਰਕ ਸਾਂਝ, ਸੱਚ ਦੇ ਰਾਹ ਉਤੇ ਚੱਲਣ, ਬਹਾਦਰੀ ਤੇ ਦਿਆ ਦਾ ਮਾਰਗ ਦਿਖਾਇਆ ਗਿਆ ਹੈ, ਜਿਸ ਉਤੇ ਸਾਰਿਆਂ ਨੂੰ ਚੱਲਣ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਨੁੱਖਤਾ ਦੇ ਇਤਿਹਾਸ ਵਿੱਚ ਧਰਮ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਜੀ ਵੱਲੋਂ ਦਿੱਤਾ ਬਲੀਦਾਨ ਅਦੁੱਤੀ ਹੈ ਅਤੇ ਇਹ ਸਮੁੱਚੀ ਮਾਨਵਤਾ ਲਈ ਇਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਇਹ ਮਿਊਜ਼ੀਅਮ ਨੌਵੇਂ ਪਾਤਸ਼ਾਹ ਨੂੰ ਨਿਮਾਣੀ ਜਿਹੀ ਸ਼ਰਧਾਂਜਲੀ ਹੈ, ਜਿਨ੍ਹਾਂ ਧਾਰਮਿਕ ਆਜ਼ਾਦੀ ਤੇ ਸੱਚ ਦੇ ਮਾਰਗ ਉਤੇ ਚੱਲਣ ਵਾਲੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਲਈ ਲਾਮਿਸਾਲ ਕੁਰਬਾਨੀ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਹਾਨ ਬਲੀਦਾਨ ਸਾਨੂੰ ਸਾਰਿਆਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਜ਼ਰੂਰ ਪਹੁੰਚਾਉਣਾ ਚਾਹੀਦਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਤੇ ਫਲਸਫ਼ਾ ਸਮੁੱਚੀ ਮਾਨਵਤਾ ਲਈ ਮਾਰਗ ਦਰਸ਼ਕ ਹੈ ਅਤੇ ਇਹ ਮਿਊਜ਼ੀਅਮ ਜਿੱਥੇ ਇਕ ਪਾਸੇ ਇਸ ਸ਼ਾਨਾਮੱਤੀ ਵਿਰਾਸਤ ਬਾਰੇ ਲੋਕਾਂ ਨੂੰ ਜਾਣੂੰ ਕਰਵਾਏਗਾ, ਉੱਥੇ ਦੂਜੇ ਪਾਸੇ ਲੋਕਾਂ ਦੇ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰੇਗਾ। ਸ੍ਰੀ ਆਨੰਦਪੁਰ ਸਾਹਿਬ ਦੇ ਨੀਂਹ ਪੱਥਰ ਨੂੰ ਭਾਰਤੀ ਇਤਿਹਾਸ ਦੀ ਕ੍ਰਾਂਤੀਕਾਰੀ ਘਟਨਾ ਦੱਸਦਿਆਂ ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਨੇ ਇਸੇ ਪਵਿੱਤਰ ਧਰਤੀ ਉਤੇ ਸਮਾਜਿਕ ਬਰਾਬਰੀ ਤੇ ਧਾਰਮਿਕ ਨਿਰਪੱਖਤਾ ਦੀ ਨੀਂਹ ਰੱਖੀ। ਉਨ੍ਹਾਂ ਕਿਹਾ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਇਸ ਪਵਿੱਤਰ ਧਰਤੀ ਉਤੇ ਖ਼ਾਲਸਾ ਪੰਥ ਦੀ ਨੀਂਹ ਰੱਖੀ, ਜਿਹੜੀ ਦੇਸ਼ ਵਿੱਚ ਜਾਤ-ਪਾਤ ਰਹਿਤ ਧਰਮ ਨਿਰਪੱਖ ਸਮਾਜ ਦੀ ਕਾਇਮੀ ਲਈ ਮੀਲ ਪੱਥਰ ਸਾਬਤ ਹੋਈ।ਮੁੱਖ ਮੰਤਰੀ ਨੇ ਕਿਹਾ ਕਿ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਇਹ ਮਿਊਜ਼ੀਅਮ ਅਤਿ-ਆਧੁਨਿਕ ਤਕਨਾਲੋਜੀ ਅਤੇ ਆਡੀਓ-ਵੀਡੀਓ ਪੇਸ਼ਕਾਰੀ ਨਾਲ ਲੈਸ ਹੋਣ ਮਗਰੋਂ ਲੋਕਾਂ ਨੂੰ ਮੁੜ ਸਮਰਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਮਿਊਜ਼ੀਅਮ ਵਿੱਚ ਗੁਰੂ ਸਾਹਿਬ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਕੰਧਾਂ ਉਤੇ ਲੱਗੀਆਂ ਪੇਂਟਿੰਗਾਂ ਰਾਹੀਂ ਹੀ ਦਰਸਾਇਆ ਜਾਂਦਾ ਸੀ ਅਤੇ ਆਡੀਓ-ਵੀਡੀਓ ਪੇਸ਼ਕਾਰੀ ਤੇ ਰੋਸ਼ਨੀਆਂ ਦਾ ਕੋਈ ਪ੍ਰਬੰਧ ਨਹੀਂ ਸੀ। ਭਗਵੰਤ ਮਾਨ ਨੇ ਕਿਹਾ ਕਿ ਇਸ ਮਿਊਜ਼ੀਅਮ ਦੇ ਨਵੀਨੀਕਰਨ ਦਾ ਕੰਮ ਪਿਛਲੇ ਇਕ ਸਾਲ ਦੌਰਾਨ ਬਹੁਤ ਤੇਜ਼ ਗਤੀ ਨਾਲ ਚੱਲਿਆ ਅਤੇ ਇਸ ਉਤੇ ਤਕਰੀਬਨ 2 ਕਰੋੜ ਰੁਪਏ ਦੀ ਲਾਗਤ ਆਈ ਹੈ।ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਵੱਲੋਂ ਧਰਮ ਦੀ ਰਾਖੀ ਲਈ ਦਿੱਤੇ ਬਲੀਦਾਨ ਬਾਰੇ ਵਿਸ਼ਾ-ਵਸਤੂ ਅਤੇ ਸਿੱਖਿਆਵਾਂ ਨੂੰ 2ਡੀ ਵਰਗੀ ਆਧੁਨਿਕ ਤਕਨਾਲੋਜੀ ਦੀ ਵਰਤੋਂ ਰਾਹੀਂ ਐਨੀਮੇਸ਼ਨ ਵੀਡੀਓਜ਼, ਰੋਸ਼ਨੀਆਂ ਤੇ ਮੌਖਿਕ ਜਾਣਕਾਰੀ ਰਾਹੀਂ ਦਰਸਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇਕ ਮੋਬਾਈਲ ਐਪਲੀਕੇਸ਼ਨ ਵੀ ਵਿਕਸਤ ਕੀਤੀ ਗਈ ਹੈ, ਜਿਸ ਦੀ ਆਪਣੇ ਮੋਬਾਈਲ ਫੋਨ ਰਾਹੀਂ ਵਰਤੋਂ ਨਾਲ ਕੋਈ ਵੀ ਵਿਅਕਤੀ ਇੱਥੇ ਸਾਰੀ ਜਾਣਕਾਰੀ ਹਾਸਲ ਕਰ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਨਵੀਨੀਕ੍ਰਿਤ ਅਤਿ-ਆਧੁਨਿਕ ਮਿਊਜ਼ੀਅਮ, ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ, ਸ਼ਰਧਾਲੂਆਂ ਤੇ ਹੋਰ ਆਉਣ ਵਾਲਿਆਂ ਨੂੰ ਇਤਿਹਾਸਕ ਤੱਥਾਂ ਬਾਰੇ ਜਾਣੂੰ ਕਰਵਾਏਗਾ ਅਤੇ ਨੌਜਵਾਨਾਂ ਨੂੰ ਵਿਰਸੇ ਵਿੱਚ ਮਿਲੇ ਬਲੀਦਾਨ ਦੇ ਜਜ਼ਬੇ ਨਾਲ ਰੂ-ਬਰੂ ਕਰਵਾਏਗਾ।ਧਾਰਮਿਕ ਸ਼ਹਿਰਾਂ ਦੇ ਵਿਕਾਸ ਨੂੰ ਨਜ਼ਰਅੰਦਾਜ਼ ਕਰਨ ਲਈ ਅਕਾਲੀ ਲੀਡਰਸ਼ਿਪ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼?ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਭਾਵੇਂ ਹਮੇਸ਼ਾ ਵੱਡੇ-ਵੱਡੇ ਦਮਗਜ਼ੇ ਮਾਰਦੇ ਹਨ ਪਰ ਉਨ੍ਹਾਂ ਇਨ੍ਹਾਂ ਸ਼ਹਿਰਾਂ ਦੇ ਵਿਕਾਸ ਲਈ ਕੁੱਝ ਵੀ ਵਿਹਾਰਕ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਦੀ ਇਸੇ ਉਦਾਸੀਨਤਾ ਕਾਰਨ ਲੋਕਾਂ ਨੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਇਆ। ਭਗਵੰਤ ਮਾਨ ਨੇ ਕਿਹਾ ਕਿ ਬਾਦਲਾਂ ਨੇ ਸੂਬੇ ਅਤੇ ਇਸ ਦੇ ਲੋਕਾਂ ਨਾਲੋਂ ਵੱਧ ਆਪਣੇ ਸਵਾਰਥਾਂ ਨੂੰ ਅਹਿਮੀਅਤ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਉਨ੍ਹਾਂ ਨਾਲ ਈਰਖਾ ਕਰਦੀਆਂ ਹਨ ਕਿਉਂਕਿ ਇਨ੍ਹਾਂ ਪਾਰਟੀਆਂ ਨੂੰ ਸਧਾਰਨ ਘਰ ਦੇ ਪੁੱਤ ਵੱਲੋਂ ਸਮਰਪਿਤ ਭਾਵਨਾ ਨਾਲ ਕੀਤੀ ਜਾ ਰਹੀ ਸੇਵਾ ਬਰਦਾਰਸ਼ਤ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੇ ਇਨ੍ਹਾਂ ਪਾਰਟੀਆਂ ਦੇ ਪੰਜਾਬ ਵਿਰੋਧੀ ਅਤੇ ਲੋਕ ਵਿਰੋਧੀ ਪੈਂਤੜੇ ਕਰਕੇ ਹੀ ਸੂਬੇ ਵਿੱਚੋਂ ਇਨ੍ਹਾਂ ਦਾ ਸਫਾਇਆ ਹੋ ਚੁੱਕਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਪਾਰਟੀਆਂ ਅਤੇ ਇਨ੍ਹਾਂ ਦੇ ਲੀਡਰਾਂ ਨੇ ਹਮੇਸ਼ਾ ਆਪਣੇ ਸਵਾਰਥੀ ਹੀ ਪੂਰੇ ਹਨ ਜਦਕਿ ਲੋਕਾਂ ਨੇ ਸੂਬੇ ਦੀ ਸੇਵਾ ਲਈ ਸਧਾਰਨ ਪਰਿਵਾਰਾਂ ਦੇ ਬੱਚਿਆਂ ਨੂੰ ਮੌਕਾ ਦਿੱਤਾ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਸੂਬਾ ਭਰ ਵਿਚ 500 ਆਮ ਆਦਮੀ ਕਲੀਨਿਕ ਸਮਰਪਿਤ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਕਲੀਨਿਕ ਵਿਸ਼ਵ ਪੱਧਰੀ ਇਲਾਜ ਸੇਵਾਵਾਂ ਮੁਫ਼ਤ ਮੁਹੱਈਆ ਕਰਵਾ ਰਹੇ ਹਨ ਅਤੇ ਹੁਣ ਤੱਕ 21.21 ਲੱਖ ਮਰੀਜ਼ ਇਲਾਜ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੱਖਾਂ ਮਰੀਜ਼ਾਂ ਨੇ ਮਹਿਜ਼ ਕੁਝ ਮਹੀਨਿਆਂ ਵਿਚ ਮੁਫਤ ਟੈਸਟ ਕਰਵਾਏ ਹਨ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਫਸਲਾਂ ਦੇ ਖਰਾਬੇ ਦੀ ਮੁਆਵਜ਼ਾ ਰਾਸ਼ੀ ਵਿਚ 25 ਫੀਸਦੀ ਦਾ ਵਾਧਾ ਕਰਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫਸਲ ਦਾ 75 ਫੀਸਦੀ ਤੋਂ ਵੱਧ ਨੁਕਸਾਨ ਹੋਣ ਦੀ ਸੂਰਤ ਵਿਚ ਕਿਸਾਨਾਂ ਨੂੰ ਪ੍ਰਤੀ ਏਕੜ 15000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਦਾ ਇਕਮਾਤਰ ਉਦੇਸ਼ ਕਿਸਾਨਾਂ ਨੂੰ ਭਲਾਈ ਨੂੰ ਹਰ ਕੀਮਤ ਉਤੇ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਵਿਸ਼ੇਸ਼ ਗਿਰਦਾਵਰੀ ਚੱਲ ਰਹੀ ਹੈ ਅਤੇ ਵਿਸਾਖੀ ਤੋਂ ਪਹਿਲਾਂ ਮੁਆਵਜ਼ਾ ਵੰਡ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ 23 ਜ਼ਿਲ੍ਹਿਆਂ ਵਿਚ 117 ਸਕੂਲ ਆਫ ਐਮੀਨੈਂਸ ਸਥਾਪਤ ਕੀਤੇ ਹਨ।ਭਗਵੰਤ ਮਾਨ ਨੇ ਕਿਹਾ ਕਿ ਇਹ ਸਕੂਲ ਇੰਜਨੀਅਰਿੰਗ, ਲਾਅ, ਕਾਮਰਸ, ਯੂ.ਪੀ.ਐਸ.ਸੀ. ਅਤੇ ਐਨ.ਡੀ.ਏ. ਸਮੇਤ ਪੇਸ਼ੇਵਰ ਤੇ ਮੁਕਾਬਲੇ ਦੇ ਕੋਰਸਾਂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਹ ਸਕੂਲ ਵਿਦਿਆਰਥੀਆਂ ਨੂੰ ਸੂਬੇ ਤੋਂ ਬਾਹਰਲੇ ਹਿੱਸਿਆਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨਾਲ ਮੁਕਾਬਲੇ ਦੇ ਕਾਬਲ ਬਣਾਉਣਗੇ। ਮੁੱਖ ਮੰਤਰੀ ਨੇ ਇਕ ਹੋਰ ਐਲਾਨ ਕਰਦਿਆਂ ਕਿਹਾ ਕਿ ਭਲਕੇ ਬੁੱਧਵਾਰ ਨੂੰ ਸਮਾਣਾ ਵਿਖੇ ਇਕ ਹੋਰ ਟੋਲ ਪਲਾਜ਼ਾ ਬੰਦ ਕੀਤਾ ਜਾਵੇਗਾ ਤਾਂ ਕਿ ਲੋਕਾਂ ਦੀ ਲੁੱਟ ਬੰਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਟੋਲ ਪਲਾਜ਼ੇ ਪਿਛਲੀਆਂ ਸਰਕਾਰ ਦੀ ਮਿਲੀਭੁਗਤ ਕਰਕੇ ਗੈਰ-ਕਾਨੂੰਨੀ ਢੰਗ ਨਾਲ ਲੋਕਾਂ ਦੀ ਲੁੱਟ ਕਰਦੀਆਂ ਆ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਆਮ ਆਦਮੀ ਸੱਤਾ ਵਿਚ ਹੈ ਤਾਂ ਲੋਕਾਂ ਦੀ ਪੈਸੇ ਦੀ ਅੰਨ੍ਹੀ ਲੱਟ ਬੰਦ ਹੋ ਕੇ ਰਹੇਗੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਾਡੀ ਸਰਕਾਰ ਨੂੰ ਪਾਵਰਕਾਮ ਦਾ 9020 ਕਰੋੜ ਰੁਪਏ ਦਾ ਕਰਜ਼ਾ ਵਿਰਾਸਤ ਵਿਚ ਦਿੱਤਾ ਸੀ ਅਤੇ ਹੁਣ ਉਨ੍ਹਾਂ ਦੀ ਸਰਕਾਰ 1804 ਕਰੋੜ ਰੁਪਏ ਦੀਆਂ ਪੰਜ ਕਿਸ਼ਤਾਂ ਵਿਚ ਇਹ ਕਰਜ਼ਾ ਮੋੜ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਤੱਕ 28000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਮੁੱਖ ਮੰਤਰੀ ਨੇ ਗੁਰਦੁਆਰਾ ਭੋਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ ਅਮਨ-ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ।
ਭਗਵੰਤ ਮਾਨ ਸਰਕਾਰ ਸਾਬਕਾ ਸੈਨਿਕਾਂ ਦੀ ਭਲਾਈ ਲਈ ਵਚਨਬੱਧ : ਚੇਤਨ ਸਿੰਘ ਜੌੜਾਮਾਜਰਾ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੰਜਾਬ ਦੇ ਸਾਬਕਾ ਸੈਨਿਕਾਂ ਦੀ ਭੂਮਿਕਾ ਦੀ ਕੀਤੀ ਸ਼ਲਾਘਾ: ਚੇਤਨ ਸਿੰਘ ਜੌੜਾਮਾਜਰਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 11 ਅਪ੍ਰੈਲ: ਮੁੱਖ ਮੰਤਰੀ ਪੰਜਾਬ ਦੀ ਤਰਫੋਂ ਰੱਖਿਆ ਸੇਵਾਵਾਂ ਭਲਾਈ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਨੇ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਹੋਈ ਕੇਂਦਰੀ ਸੈਨਿਕ ਬੋਰਡ ਦੀ 31ਵੀਂ ਮੀਟਿੰਗ ਵਿੱਚ ਸ਼ਿਰਕਤ ਕੀਤੀ। ਇਹ ਮੀਟਿੰਗ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵੱਖ-ਵੱਖ ਰਾਜਾਂ ਦੇ ਮੰਤਰੀਆਂ, ਰੱਖਿਆ ਮੰਤਰਾਲੇ ਦੇ ਉੱਚ ਅਧਿਕਾਰੀਆਂ ਅਤੇ ਕੇਂਦਰੀ ਸੈਨਿਕ ਬੋਰਡ, ਸਬੰਧਤ ਰਾਜ ਸੈਨਿਕ ਬੋਰਡਾਂ ਦੇ ਹੋਰ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਮੀਟਿੰਗ ਦੌਰਾਨ ਰੱਖਿਆ ਮੰਤਰੀ ਨੇ ਕਿਹਾ ਕਿ ਸਾਬਕਾ ਸੈਨਿਕ ਸਾਡੀ ਕੌਮੀ ਸੰਪਤੀ ਹਨ। ਉਨ੍ਹਾਂ ਕਿਹਾ ਕਿ ਮਾਤ ਭੂਮੀ ਦੀ ਰੱਖਿਆ, ਰਾਸ਼ਟਰ ਨਿਰਮਾਣ ਅਤੇ ਹੋਰ ਕਈ ਕੁਦਰਤੀ ਆਫ਼ਤਾਂ ਵਿੱਚ ਉਨ੍ਹਾਂ ਦਾ ਯੋਗਦਾਨ ਬਹੁਤ ਹੀ ਸ਼ਲਾਘਾਯੋਗ ਹੈ। ਕੋਵਿਡ-19 ਦੌਰਾਨ ਉਨ੍ਹਾਂ ਦੇ ਯੋਗਦਾਨ ਤੋਂ ਹਰ ਕੋਈ ਵਾਕਫ਼ ਹੈ। ਉਨ੍ਹਾਂ ਨੇ ਪੰਜਾਬ ਦੇ ਸਾਬਕਾ ਸੈਨਿਕਾਂ ਦੀ ਸ਼ਲਾਘਾ ਕੀਤੀ ਜੋ ਸਾਡੀਆਂ ਸਰਹੱਦਾਂ ਦੀ ਰਾਖੀ ਲਈ ਹਮੇਸ਼ਾ ਬਹਾਦਰੀ ਨਾਲ ਲੜੇ। ਰੱਖਿਆ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ੍ਟ। ਇਸ ਮੌਕੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਵੱਖ-ਵੱਖ ਭਲਾਈ ਸਕੀਮਾਂ ਦੀ ਸਮੀਖਿਆ ਕੀਤੀ ਗਈ ਅਤੇ ਘੱਟ ਉਮਰ ਵਿੱਚ ਸੇਵਾਮੁਕਤ ਹੋਏ ਸਾਬਕਾ ਸੈਨਿਕਾਂ ਲਈ ਕੀਤੇ ਜਾਣ ਵਾਲੇ ਪੁਨਰਵਾਸ ਦੇ ਯਤਨਾਂ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸਾਡੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਰੱਖਿਆ ਮੰਤਰੀ ਨੇ ਸਾਬਕਾ ਸੈਨਿਕ ਭਾਈਚਾਰੇ ਦੀ ਭਲਾਈ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਕੈਬਨਿਟ ਮੰਤਰੀ ਨੇ ਸਾਬਕਾ ਸੈਨਿਕਾਂ ਲਈ ਸਾਰੀਆਂ ਨੌਕਰੀਆਂ ਵਿੱਚ 13 ਫ਼ੀਸਦੀ ਰਾਖਵਾਂਕਰਨ ਪ੍ਰਦਾਨ ਕਰਨ ਤੋਂ ਇਲਾਵਾ ਉਨ੍ਹਾਂ ਲਈ ਵੱਖ-ਵੱਖ ਭਲਾਈ ਸਕੀਮਾਂ ਅਤੇ ਢੁੱਕਵਾਂ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਸਬੰਧੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।ਪੰਜਾਬ ਦੇ ਸਾਬਕਾ ਸੈਨਿਕਾਂ ਦੇ ਯੋਗਦਾਨ ਨੂੰ ਮਾਨਤਾ ਦਿੰਦਿਆਂ ਜੌੜਾਮਾਜਰਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦੀ ਸੇਵਾ ਲਈ ਸਾਰੇ ਸਾਬਕਾ ਸੈਨਿਕਾਂ ਨੂੰ ਸਲਾਮ ਕਰਦੀ ਹੈ।
ਬਠਿੰਡਾ ਪੁਲਿਸ 240 ਕਿਲੋਗ੍ਰਾਮ ਭੁੱਕੀ ਦੇ ਡੋਡੇ ਬਰਾਮਦ, ਦੋ ਗ੍ਰਿਫਤਾਰ
ਸੁਖਜਿੰਦਰ ਮਾਨ
ਬਠਿੰਡਾ, 11 ਅਪ੍ਰੈਲ: ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਕਸਰਾਂ ਵਿਰੁਧ ਚਲਾਈ ਮੁਹਿੰਮ ਤਹਿਤ ਸੀ.ਆਈ.ਏ. ਸਟਾਫ-1 ਬਠਿੰਡਾ ਦੀ ਟੀਮ ਵਲੋਂ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ ’ਚ ਭੁੱਕੀ ਸਹਿਤ ਕਾਬੂ ਕੀਤਾ ਗਿਆ ਹੈ। ਪੁਲਿਸ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਸੀ.ਆਈ.ਏ. ਸਟਾਫ-1 ਬਠਿੰਡਾ ਦੇ ਸਬ ਇੰਸਪੈਕਟਰ ਹਰਜੀਵਨ ਸਿੰਘ ਦੀ ਅਗਵਾਈ ਹੇਠ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਮੋੜ ਇਲਾਕੇ ’ਚ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਇੱਕ ਇਨੋਵਾ ਕਾਰ ਨੂੰ ਰੋਕ ਕੇ ਜਦ ਉਸਦੀ ਤਲਾਸੀ ਲਈ ਗਈ ਤਾਂ ਉਸ ਵਿਚੋਂ ਗੱਟਿਆਂ ’ਚ ਭਰੀ ਹੋਈ 240 ਕਿਲੋਗ੍ਰਾਂਮ ਭੁੱਕੀ ਦੇ ਡੋਡੇ ਬਰਾਮਦ ਹੋਏ। ਪੁਲਿਸ ਨੇ ਗੱਡੀ ਵਿਚ ਸਵਾਰ ਗੁਰਪ੍ਰੀਤ ਸਿੰਘ ਅਤੇ ਪਰਮਜੀਤ ਸਿੰਘ ਵਾਸੀ ਧਨੌਲਾ ਜਿਲ੍ਹਾ ਬਰਨਾਲਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁਧ ਥਾਣਾ ਮੋੜ ’ਚ ਮੁਕੱਦਮਾ ਨੰਬਰ 33 ਮਿਤੀ 11.4.2023 ਅ/ਧ 15ਬੀ/61/85 ਐੱਨ.ਡੀ.ਪੀ.ਐੱਸ ਐਕਟ ਦਰਜ਼ ਕਰ ਲਿਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਢਲੀ ਪੜਤਾਲ ਦੌਰਾਨ ਪਤਾ ਚੱਲਿਆ ਹੈ ਕਿ ਦੋਨਾਂ ਵਿਰੁਧ ਪਹਿਲਾ ਵੀ ਇੱਕ-ਇੱਕ ਨਸ਼ਾ ਤਸਕਰੀ ਦਾ ਪਰਚਾ ਦਰਜ਼ ਹੈ ਅਤੇ ਮੌਜੂਦਾ ਸਮੇਂ ਉਹ ਜਮਾਨਤ ’ਤੇ ਆਏ ਹੋਏ ਸਨ। ਇਸਤੋਂ ਇਲਾਵਾ ਕਾਰ ਵਿਚੋਂ ਬਰਾਮਦ ਭੁੱਕੀ ਡੋਡੇ ਕਥਿਤ ਦੋਸ਼ੀਆਂ ਵਲੋਂ ਝਾਰਖੰਡ ਤੋਂ ਮੰਗਵਾਏ ਗਏ ਸਨ ਤੇ ਹੁਣ ਇੰਨ੍ਹਾਂ ਨੂੰ ਅੱਗੇ ਸਪਲਾਈ ਕਰਨਾ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।
ਵਿੱਤ ਮੰਤਰੀ ਚੀਮਾ ਵੱਲੋਂ ਅੰਕੜਿਆਂ ਆਧਾਰਤ ਕਿਤਾਬ ‘ਪੰਜਾਬ ਸਟੇਟ ਐਟ ਏ ਗਲਾਂਸ 2022’ ਜਾਰੀ
2022-23 ਦੇ ਅਗਾਊਂ ਅਨੁਮਾਨਾਂ ਅਨੁਸਾਰ ਖੇਤੀਬਾੜੀ ਤੇ ਸਹਾਇਕ ਖੇਤਰਾਂ ਵਿਚ 3.7 ਫੀਸਦੀ, ਉਦਯੋਗ ‘ਚ 4.33 ਫੀਸਦੀ ਅਤੇ ਸੇਵਾ ਖੇਤਰ ‘ਚ 6.78 ਫੀਸਦੀ ਦਾ ਹੋਇਆ ਵਾਧਾ
ਕੌਮੀ ਪੱਧਰ ‘ਤੇ 170620 ਰੁਪਏ ਦੇ ਮੁਕਾਬਲੇ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ 173873 ਰੁਪਏ ਹੋਣ ਦਾ ਅੰਦਾਜਾ
ਵਿੱਤ ਮੰਤਰੀ ਨੇ ਯੋਜਨਾ ਵਿਭਾਗ ਨੂੰ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਇਸ ਕਿਤਾਬ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਿਹਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਅਪ੍ਰੈਲ:ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਯੋਜਨਾ ਵਿਭਾਗ ਦੇ ਅੰਕੜਾ ਡਾਇਰੈਕਟੋਰੇਟ ਵੱਲੋਂ ਵੱਖ-ਵੱਖ ਵਿਭਾਗਾਂ ਦੇ ਮਹੱਤਵਪੂਰਨ ਅੰਕੜਿਆਂ ਦਾ ਸੰਗ੍ਰਹਿ ‘ਪੰਜਾਬ ਸਟੇਟ ਐਟ ਏ ਗਲਾਂਸ 2022’ ਜਾਰੀ ਕੀਤਾ। ਇਸ ਕਿਤਾਬ ਵਿੱਚ ਪੰਜਾਬ ਦੀ ਆਰਥਿਕਤਾ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸਾਰੀਆਂ ਮਹੱਤਵਪੂਰਨ ਵਸਤੂਆਂ ਬਾਰੇ ਪ੍ਰਮਾਣਿਕ ਅੰਕੜੇ ਦਿੱਤੇ ਗਏ ਹਨ ਅਤੇ ਇਸ ਵਿੱਚ ਪੰਜਾਬ ਦੀ ਆਰਥਿਕਤਾ ਦੇ ਮਹੱਤਵਪੂਰਨ ਸਮਾਜਿਕ-ਆਰਥਿਕ ਸੂਚਕਾਂ ਬਾਰੇ ਤਾਜ਼ਾ ਉਪਲਬਧ ਅੰਕੜਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇੱਥੇ ਪੰਜਾਬ ਭਵਨ ਵਿਖੇ ਇਹ ਪੁਸਤਕ ਜਾਰੀ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਯੋਜਨਾ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੂਬੇ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਲਾਇਬ੍ਰੇਰੀਆਂ ਵਿੱਚ ਇਸ ਪੁਸਤਕ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਇਹ ਪੁਸਤਕ ਖੋਜ ਸੰਸਥਾਵਾਂ, ਯੂਨੀਵਰਸਿਟੀਆਂ, ਕਾਲਜਾਂ, ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਅਤੇ ਨੀਤੀ ਨਿਰਮਾਤਾਵਾਂ ਅਤੇ ਪ੍ਰਸ਼ਾਸਕਾਂ ਲਈ ਵਿਕਾਸ, ਖੋਜ ਨੀਤੀ ਸਬੰਧੀ ਫੈਸਲਿਆਂ ਅਤੇ ਹੋਰ ਅਹਿਮ ਫੈਸਲਿਆਂ ਲਈ ਲਾਹੇਵੰਦ ਹੋਵੇਗੀ। ਉਨ੍ਹਾਂ ਨੇ ਇਸ ਪੁਸਤਕ ਨੂੰ ਤਿਆਰ ਕਰਨ ਲਈ ਕੀਤੇ ਗਏ ਸੁਹਿਰਦ ਯਤਨਾਂ ਲਈ ਕਰਨ ਲਈ ਆਪਣੇ ਯੋਜਨਾ ਵਿਭਾਗ ਨੂੰ ਵਧਾਈ ਦਿੱਤੀ।ਇਸ ਮੌਕੇ ਐਡਵੋਕੇਟ ਚੀਮਾ ਨੇ ਕਿਤਾਬ ਵਿੱਚ ਸ਼ਾਮਿਲ ਕੁਝ ਅੰਕੜਿਆਂ ਨੂੰ ਸਾਂਝਾ ਕਰਦਿਆਂ ਕਿਹਾ ਕਿ 2022-23 ਦੇ ਅਗਾਊਂ ਅਨੁਮਾਨਾਂ ਅਨੁਸਾਰ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ 3.70 ਫੀਸਦੀ, ਉਦਯੋਗ ਵਿੱਚ 4.33 ਫੀਸਦੀ ਅਤੇ ਸੇਵਾ ਖੇਤਰ ਵਿੱਚ 6.78 ਫੀਸਦੀ ਵਾਧਾ ਹੋਣ ਦਾ ਅੰਦਾਜਾ ਹੈ। ਉਨ੍ਹਾਂ ਕਿਹਾ ਕਿ ਆਮ ਖੇਤੀਬਾੜੀ ਦੇ ਮੁਕਾਬਲੇ ਸਹਾਇਕ ਖੇਤਰਾਂ ਵਿੱਚ ਹਾਲ ਹੀ ਦੇ ਸਾਲਾਂ ਦੌਰਾਨ ਤੇਜ਼ੀ ਨਾਲ ਵਿਕਾਸ ਦੇਖਿਆ ਗਿਆ ਹੈ। ਪਸ਼ੂ ਪਾਲਣ ਖੇਤਰ ਤੇਜ਼ੀ ਨਾਲ ਵਿਕਸਤ ਹੁੰਦਿਆਂ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ 2022-23 ਵਿੱਚ ਪਸ਼ੂ ਧਨ ਦੇ ਖੇਤਰ ਵਿੱਚ 4.18 ਫੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ ਅਤੇ ਇਸ ਦੌਰਾਨ ਪੰਜਾਬ ਦੇ ਗਰੌਸ ਸਟੇਟ ਵੈਲਿਊ ਐਡਿਡ (ਜੀਐਸਵੀਏ) ਵਿੱਚ ਪਸ਼ੂ ਧਨ ਖੇਤਰ ਦਾ ਹਿੱਸਾ 11.1 ਫੀਸਦੀ ਸੀ।ਸ. ਚੀਮਾ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਾਊਂ ਅਨੁਮਾਨਾਂ ਅਨੁਸਾਰ 2022-23 ਵਿੱਚ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਕੌਮੀ ਪੱਧਰ ਪੱਧਰ ‘ਤੇ 1,70,620 ਰੁਪਏ ਦੇ ਮੁਕਾਬਲੇ 1,73,873 ਰੁਪਏ ਹੋਣ ਦਾ ਅੰਦਾਜਾ ਹੈ। ਉਨ੍ਹਾਂ ਕਿਹਾ ਕਿ ਰਾਜ ਦੀ ਮਹਿੰਗਾਈ ਦੇ ਅੰਕੜੇ ਵੀ ਕੁਝ ਇੱਕ ਮਾਮਲਿਆਂ ਨੂੰ ਛੱਡ ਕੇ ਕੌਮੀ ਪੱਧਰ ਦੇ ਅੰਕੜਿਆਂ ਨਾਲੋਂ ਘੱਟ ਰਹੇ। ਅਪ੍ਰੈਲ 2022 ਦੇ ਮਹੀਨੇ ਮਹਿੰਗਾਈ ਸਿਖਰ ‘ਤੇ ਸੀ ਅਤੇ ਜੂਨ 2022 ਨੂੰ ਛੱਡ ਕੇ ਅਗਲੇ ਕੁਝ ਮਹੀਨਿਆਂ ਵਿੱਚ ਇਸ ਦਾ ਰੁੱਖ ਹੇਠਾਂ ਵੱਲ ਰਿਹਾ। ਅਕਤੂਬਰ ਵਿੱਚ ਮਹਿੰਗਾਈ 4.5 ਫੀਸਦੀ ਦੀ ਦਰ ਨਾਲ ਨਾਲ ਹੇਠਲੇ ਪੱਧਰ ‘ਤੇ ਰਹੀ ਪਰ ਨਵੰਬਰ ਅਤੇ ਦਸੰਬਰ ਵਿੱਚ ਇਸਨੇ ਮੁੜ ਉੱਪਰ ਵੱਲ ਰੁਖ ਸ਼ੁਰੂ ਕੀਤਾ।ਸ. ਚੀਮਾ ਨੇ ਕਿਹਾ ਕਿ ਪੰਜਾਬ ਵਿੱਚ 15-64 ਸਾਲ ਦੀ ਉਮਰ ਦੇ ਦਰਮਿਆਨ ਕੰਮ ਕਰਨ ਵਾਲੀ ਆਬਾਦੀ ਦਾ ਵੱਡਾ ਹਿੱਸਾ ਹੈ ਜੋ ਕਿ 2021 ਵਿੱਚ ਕੁੱਲ ਆਬਾਦੀ ਦਾ 70.15 ਪ੍ਰਤੀਸ਼ਤ ਸੀ। ਉਨ੍ਹਾਂ ਕਿਹਾ ਕਿ ਇਸ ਵਿੱਚੋਂ 26.11 ਫੀਸਦੀ 15-29 ਸਾਲ ਦੀ ਉਮਰ ਦੇ ਨੌਜਵਾਨ ਵਰਗ ਨਾਲ ਸਬੰਧਤ ਹੈ, ਜੋ ਕਿ ਸੂਬੇ ਲਈ ਇੱਕ ਫਾਇਦੇ ਦੇ ਨਾਲ-ਨਾਲ ਚੁਣੌਤੀ ਵੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਿਸ਼ਨ ਰੰਗਲਾ ਪੰਜਾਬ ਤਹਿਤ ਨੌਜਵਾਨਾਂ ਦੀ ਇਸ ਊਰਜਾ ਨੂੰ ਸਹੀ ਦਿਸ਼ਾ ਦਿਖਾਉਣ ਲਈ ਚੰਗੀ ਸਿੱਖਿਆ ਅਤੇ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ।ਇਸ ਮੌਕੇ ਪ੍ਰਮੁੱਖ ਸਕੱਤਰ ਯੋਜਨਾ ਸ੍ਰੀ ਵਿਕਾਸ ਪ੍ਰਤਾਪ ਨੇ ਇਸ ਪੁਸਤਕ ਨੂੰ ਜਾਰੀ ਕਰਨ ਲਈ ਵਿੱਤ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੇ ਇਸ ਕਿਤਾਬ ਵਿੱਚ ਸ਼ਾਮਲ ਡੇਟਾ ਦੀਆਂ ਸਰੋਤ ਏਜੰਸੀਆਂ ਨੂੰ ਹਰੇਕ ਡਾਟਾ ਟੇਬਲ ਦੇ ਹੇਠਾਂ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਜਲਦੀ ਹੀ ਇਹ ਕਿਤਾਬ ਸੂਬੇ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਮੁਹੱਈਆ ਕਰਵਾਈ ਜਾਵੇਗੀ ਅਤੇ ਇਸ ਦੀ ਈ-ਬੁੱਕ ਵਿਭਾਗ ਦੀ ਵੈੱਬਸਾਈਟ ‘ਤੇ ਸਾਰਿਆਂ ਲਈ ਉਪਲਬਧ ਕਰਵਾਈ ਜਾਵੇਗੀ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਾਇੰਟ ਸਕੱਤਰ ਯੋਜਨਾ ਸ੍ਰੀ ਰਾਕੇਸ਼ ਕੁਮਾਰ, ਡਾਇਰੈਕਟਰ ਯੋਜਨਾ ਸ੍ਰੀ ਸੁਮਿਤ ਕੁਮਾਰ ਅਤੇ ਡਾਇਰੈਕਟਰ ਅੰਕੜਾ ਸ੍ਰੀ ਜਗਦੀਪ ਸਿੰਘ ਵੀ ਹਾਜ਼ਰ ਸਨ।
ਪੰਜਾਬ ਸਰਕਾਰ ਆਪਣੇ ਸੇਵਾਮੁਕਤ ਕਰਮਚਾਰੀਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ – ਚੀਮਾ
ਪੈਨਸ਼ਨਰਜ਼ ਜਾਇੰਟ ਫਰੰਟ ਨਾਲ ਕੀਤੀ ਮੀਟਿੰਗ, ਜਾਇਜ਼ ਮੰਗਾਂ ‘ਤੇ ਜਲਦ ਫੈਸਲਾ ਲੈਣ ਦਾ ਦਿੱਤਾ ਭਰੋਸਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਅਪ੍ਰੈਲ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਸੇਵਾਮੁਕਤ ਮੁਲਾਜ਼ਮਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੇਵਾ-ਮੁਕਤ ਮੁਲਾਜਮਾਂ ਦੇ ਸਾਂਝੇ ਮੋਰਚੇ ਵੱਲੋਂ ਉਠਾਈਆਂ ਜਾਇਜ਼ ਮੰਗਾਂ ਅਤੇ ਮੁੱਦਿਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ ਅਤੇ ਇਸ ਸਬੰਧੀ ਜਲਦੀ ਹੀ ਫੈਸਲਾ ਲਿਆ ਜਾਵੇਗਾ।ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਪੈਨਸ਼ਨਰਜ਼ ਜਾਇੰਟ ਫਰੰਟ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿੱਤ ਵਿਭਾਗ ਵੱਲੋਂ ਵਿੱਤ ਨਾਲ ਸਬੰਧਤ ਮੰਗਾਂ ਸਬੰਧੀ ਵਿੱਤੀ ਪ੍ਰਬੰਧਾਂ ਦਾ ਅਧਿਐਨ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿੱਤ ਵਿਭਾਗ ਦੇ ਅਧਿਕਾਰੀਆਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਤਜਵੀਜ ਦਾ ਖਰੜਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਇਸ ਸਬੰਧੀ ਜਲਦੀ ਤੋਂ ਜਲਦੀ ਫੈਸਲਾ ਲਿਆ ਜਾ ਸਕੇ।ਸੇਵਾ-ਮੁਕਤ ਮੁਲਾਜ਼ਮਾਂ ਲਈ ਨਕਦੀ ਰਹਿਤ ਮੈਡੀਕਲ ਸਹੂਲਤ ਸਬੰਧੀ ਮੋਰਚੇ ਦੀ ਮੰਗ ‘ਤੇ ਚਰਚਾ ਕਰਦਿਆਂ ਵਿੱਤ ਮੰਤਰੀ ਨੇ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਕਿਹਾ ਕਿ ਉਹ ਹੋਰ ਰਾਜਾਂ ਵਿੱਚ ਮੁਹੱਈਆ ਕਰਵਾਈ ਜਾ ਰਹੀ ਅਜਿਹੀ ਕਿਸੇ ਵੀ ਸਹੂਲਤ ਦਾ ਅਧਿਐਨ ਕਰਕੇ ਪ੍ਰਸਤਾਵ ਤਿਆਰ ਕਰਨ। ਉਨ੍ਹਾਂ ਮੈਡੀਕਲ ਬਿੱਲਾਂ ਦੇ ਨਿਪਟਾਰੇ ਵਿੱਚ ਪਾਰਦਰਸ਼ਤਾ ਲਿਆਉਣ ਲਈ ਆਨਲਾਈਨ ਪੋਰਟਲ ਨੂੰ ਚਾਲੂ ਕਰਨ ਦੇ ਨਾਲ-ਨਾਲ ਸੇਵਾ-ਮੁਕਤ ਮੁਲਾਜ਼ਮਾਂ ਦੇ ਮੈਡੀਕਲ ਬਿੱਲਾਂ ਦਾ 3 ਮਹੀਨਿਆਂ ਵਿੱਚ ਨਿਪਟਾਰਾ ਕਰਨ ਲਈ ਬਣਾਏ ਗਏ ਸ਼ਡਿਊਲ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਵੀ ਹਦਾਇਤਾਂ ਜਾਰੀ ਕੀਤੀਆਂ।ਵਿੱਤ ਮੰਤਰੀ ਨੇ ਮਹਾਂਲੇਖਾਕਾਰ ਪੰਜਾਬ ਦੇ ਦਫ਼ਤਰ ਨਾਲ ਸਬੰਧਤ ਸੇਵਾ-ਮੁਕਤ ਮੁਲਾਜਮਾਂ ਦੇ ਮਸਲਿਆਂ ਦੇ ਹੱਲ ਲਈ ਇਸ ਦਫ਼ਤਰ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ। ਉਨ੍ਹਾਂ ਇਸ ਮੀਟਿੰਗ ਵਿੱਚ ਫਰੰਟ ਤੋਂ ਦੋ ਆਗੂਆਂ ਨੂੰ ਸ਼ਾਮਿਲ ਕਰਨ ਲਈ ਵੀ ਕਿਹਾ ਤਾਂ ਜੋ ਜਿੱਥੇ ਵੀ ਲੋੜ ਹੋਵੇ ਉਹ ਆਪਣੀ ਗੱਲ ਰੱਖ ਸਕਣ।




