ਕੁਦਰਤੀ ਆਫ਼ਤਾਂ ਕਾਰਨ ਫਸਲਾਂ ਦੇ ਨੁਕਸਾਨ ਲਈ ਮੁਆਵਜ਼ੇ ਵਿੱਚ ਕੇਂਦਰ ਸਰਕਾਰ ਦਾ ਹਿੱਸਾ ਵਧਾਉਣ ਦੀ ਵੀ ਕੀਤੀ ਅਪੀਲ
ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀਆਂ ਦੇ ਚੇਅਰਮੈਨ ਮੰਤਰੀਆਂ ਨੂੰ ਸਬੰਧਤ ਜ਼ਿਲ੍ਹਿਆਂ ਵਿੱਚ ਆਪਣੀ ਨਿਗਰਾਨੀ ਹੇਠ ਗਿਰਦਾਵਰੀਆਂ ਕਰਵਾਉਣ ਲਈ ਕਿਹਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਅਪ੍ਰੈਲ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਕੇਂਦਰ ਸਰਕਾਰ ਤੋਂ ਬੇਮੌਸਮੇ ਮੀਂਹ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦੇ ਮੱਦੇਨਜ਼ਰ ਮੌਜੂਦਾ ਸੀਜ਼ਨ ਵਿੱਚ ਕਣਕ ਖ਼ਰੀਦ ਮਾਪਦੰਡਾਂ ਵਿੱਚ ਢਿੱਲ ਦੇਣ ਦੀ ਮੰਗ ਕੀਤੀ ਹੈ।ਇਸ ਸਬੰਧੀ ਫੈਸਲਾ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿੱਚ ਮੁੱਖ ਮੰਤਰੀ ਦੀ ਅਗਵਾਈ ਹੇਠ ਉਨ੍ਹਾਂ ਦੇ ਦਫ਼ਤਰ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ।ਮੀਟਿੰਗ ਦੌਰਾਨ ਕੈਬਨਿਟ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਕਟੌਤੀ ਦੇ ਮਾਪਦੰਡਾਂ ਵਿੱਚ ਢੁਕਵੀਂ ਢਿੱਲ ਦਿੱਤੀ ਜਾਵੇ ਤਾਂ ਕਿ ਪਹਿਲਾਂ ਹੀ ਖ਼ਰਾਬ ਮੌਸਮ ਦੀ ਮਾਰ ਝੱਲ ਰਹੇ ਸੂਬੇ ਦੇ ਕਿਸਾਨਾਂ ਨੂੰ ਹੋਰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਕਣਕ ਦੀ ਪੱਕੀ ਫ਼ਸਲ ਉਤੇ ਪਿਆ ਮੀਂਹ, ਤੇਜ਼ ਹਵਾਵਾਂ ਤੇ ਗੜ੍ਹੇਮਾਰੀ ਕਾਰਨ ਬਹੁਤ ਨੁਕਸਾਨ ਹੋਇਆ ਹੈ। ਖੇਤਾਂ ਵਿੱਚ ਪਾਣੀ ਖੜ੍ਹਾ ਹੋਣ ਕਾਰਨ ਕਣਕ ਦਾ ਦਾਣਾ ਵੀ ਬਦਰੰਗ ਹੋਇਆ ਹੈ। ਇਸ ਲਈ ਕੈਬਨਿਟ ਨੇ ਇਕਮੱਤ ਵਿੱਚ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਣਕ ਦੇ ਦਾਣੇ ਦੇ ਸੁੰਗੜਨ, ਬਦਰੰਗੀ ਤੇ ਨਮੀ ਸਬੰਧੀ ਮਾਪਦੰਡਾਂ ਵਿੱਚ ਛੋਟ ਦਿੱਤੀ ਜਾਣੀ ਚਾਹੀਦੀ ਹੈ।ਕੈਬਨਿਟ ਨੇ ਅੱਗੇ ਕਿਹਾ ਕਿ ਫ਼ਸਲ ਪਾਲਣ ਲਈ ਵਧੀਆਂ ਲਾਗਤਾਂ ਅਤੇ ਹੋਰ ਖ਼ਰਚਿਆਂ ਵਿੱਚ ਹੋਏ ਬੇਤਹਾਸ਼ਾ ਵਾਧੇ ਦੇ ਮੱਦੇਨਜ਼ਰ ਕੁਦਰਤੀ ਆਫ਼ਤਾਂ ਕਾਰਨ ਹੁੰਦੇ ਨੁਕਸਾਨ ਬਦਲੇ ਕਿਸਾਨਾਂ ਨੂੰ ਮਿਲਦੇ ਮੁਆਵਜ਼ੇ ਵਿੱਚ ਕੇਂਦਰ ਸਰਕਾਰ ਦਾ ਹਿੱਸਾ ਕਾਫ਼ੀ ਘੱਟ ਹੈ। ਪੰਜਾਬ ਸਰਕਾਰ ਨੇ ਹਾਲ ਹੀ ਵਿੱਚ 75 ਫੀਸਦੀ ਤੋਂ ਵੱਧ ਫ਼ਸਲ ਦੇ ਨੁਕਸਾਨ ਲਈ ਕਿਸਾਨਾਂ ਨੂੰ ਮਿਲਦੇ ਮੁਆਵਜ਼ੇ ਵਿੱਚ ਆਪਣਾ ਹਿੱਸਾ ਵਧਾ ਕੇ 15 ਹਜ਼ਾਰ ਰੁਪਏ ਪ੍ਰਤੀ ਏਕੜ ਕੀਤਾ ਹੈ। ਇਸ ਦੌਰਾਨ ਕੈਬਨਿਟ ਨੇ ਕੇਂਦਰ ਸਰਕਾਰ ਨੂੰ ਵੀ ਪ੍ਰਭਾਵਿਤ ਕਿਸਾਨਾਂ ਲਈ ਮੁਆਵਜ਼ਾ ਵਧਾਉਣ ਦੀ ਅਪੀਲ ਕੀਤੀ।ਕੈਬਨਿਟ ਦਾ ਤਰਕ ਸੀ ਕਿ ਮੌਸਮ ਵਿੱਚ ਅਚਾਨਕ ਆਈ ਤਬਦੀਲੀ ਕਾਰਨ ਨੁਕਸਾਨ ਝੱਲਣ ਵਾਲੇ ਵੱਡੀ ਗਿਣਤੀ ਕਿਸਾਨਾਂ ਦਾ ਦਰਦ ਤੇ ਪੀੜ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਤੇਜ਼ ਹਵਾਵਾਂ ਤੇ ਗੜ੍ਹੇਮਾਰੀ ਦੇ ਨਾਲ ਪਏ ਮੋਹਲੇਧਾਰ ਮੀਂਹ ਕਾਰਨ ਫ਼ਸਲਾਂ ਦਾ ਵੱਡੇ ਪੱਧਰ ਉਤੇ ਨੁਕਸਾਨ ਹੋਇਆ ਹੈ ਅਤੇ ਵੱਡੀ ਗਿਣਤੀ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਸੱਟ ਵੱਜੀ ਹੈ। ਕੈਬਨਿਟ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਤੇਜ਼ ਹਵਾਵਾਂ, ਮੀਂਹ ਤੇ ਗੜ੍ਹੇਮਾਰੀ ਕਾਰਨ ਜਿਨ੍ਹਾਂ ਕਿਸਾਨਾਂ ਦੀ ਖੜ੍ਹੀ ਫ਼ਸਲ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਕੈਬਨਿਟ ਨੇ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਨੂੰ ਪ੍ਰਤੀ ਏਕੜ ਮਿਲਦਾ ਘੱਟੋ-ਘੱਟ ਮੁਆਵਜ਼ਾ ਦੇਣ ਲਈ ਨਿਯਮਾਂ ਵਿੱਚ ਸੋਧ ਕਰਨ ਦੀ ਲੋੜ ਹੈ।ਕੈਬਨਿਟ ਨੇ ਚੇਤੇ ਕਰਵਾਇਆ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬ ਕੇਂਦਰੀ ਪੂਲ ਵਿੱਚ ਕਣਕ ਦਾ 40 ਤੋਂ 50 ਫੀਸਦੀ ਅਤੇ ਚੌਲਾਂ ਦਾ 30 ਤੋਂ 35 ਫੀਸਦੀ ਯੋਗਦਾਨ ਪਾ ਕੇ ਦੇਸ਼ ਦੀ ਖੁਰਾਕ ਸੁਰੱਖਿਆ ਯਕੀਨੀ ਬਣਾਉਣ ਲਈ ਹਮੇਸ਼ਾ ਮੋਹਰੀ ਰਿਹਾ ਹੈ। ਕਿਸਾਨਾਂ ਦੇ ਸਮਰਪਣ ਤੇ ਵਚਨਬੱਧਤਾ ਦਾ ਅੰਦਾਜ਼ਾ ਇਸ ਗੱਲੋਂ ਲਾਇਆ ਜਾ ਸਕਦਾ ਹੈ ਕਿ ਸਿਰਫ਼ ਦੋ ਫੀਸਦੀ ਭੂਗੋਲਿਕ ਇਲਾਕਾ ਤੇ ਦੇਸ਼ ਦੀ ਆਬਾਦੀ ਦਾ ਇਕ ਫੀਸਦੀ ਤੋਂ ਵੀ ਘੱਟ ਹੋਣ ਦੇ ਬਾਵਜੂਦ ਪੰਜਾਬ, ਦੇਸ਼ ਦੇ ਅਨਾਜ ਭੰਡਾਰ ਵਿੱਚ ਸਾਰੇ ਸੂਬਿਆਂ ਨਾਲੋਂ ਵੱਧ ਯੋਗਦਾਨ ਪਾਉਂਦਾ ਹੈ, ਜਿਸ ਕਾਰਨ ਪੰਜਾਬ ਨੂੰ ‘ਅੰਨ ਭੰਡਾਰ’ ਦਾ ਉਪ ਨਾਮ ਮਿਲਿਆ ਹੈ। ਭਾਵੇਂ ਇਸ ਲਈ ਸੂਬੇ ਅਤੇ ਕਿਸਾਨਾਂ ਨੂੰ ਵੱਡੀ ਕੀਮਤ ਤਾਰਨੀ ਪਈ ਕਿਉਂਕਿ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਦੋ ਅਹਿਮ ਕੁਦਰਤੀ ਸਰੋਤਾਂ ਜਰਖ਼ੇਜ਼ ਜ਼ਮੀਨ ਤੇ ਪਾਣੀ ਤੋਂ ਵਾਂਝਾ ਹੋਣਾ ਪਿਆ। ਇਸ ਦੌਰਾਨ ਪੰਜਾਬ ਕੈਬਨਿਟ ਨੇ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀਆਂ ਦੇ ਚੇਅਰਮੈਨ ਮੰਤਰੀਆਂ ਨੂੰ ਸਬੰਧਤ ਜ਼ਿਲ੍ਹਿਆਂ ਵਿੱਚ ਆਪਣੀ ਨਿਗਰਾਨੀ ਹੇਠ ਗਿਰਦਾਵਰੀਆਂ ਕਰਵਾਉਣ ਲਈ ਵੀ ਆਖਿਆ ਤਾਂ ਕਿ ਇਸ ਕੰਮ ਵਿੱਚ ਤੇਜ਼ੀ ਆ ਸਕੇ।
ਉਮਰ ਕੈਦ ਦੀ ਸਜ਼ਾ ਭੁਗਤ ਰਹੇ ਕੈਦੀ ਦੀ ਛੇਤੀ ਰਿਹਾਈ ਦੇ ਕੇਸ ਨੂੰ ਹਰੀ ਝੰਡੀ
ਕੈਬਨਿਟ ਨੇ ਸੂਬੇ ਦੀ ਜੇਲ੍ਹ ਵਿੱਚ ਬੰਦ ਇਕ ਕੈਦੀ ਦੀ ਛੇਤੀ ਰਿਹਾਈ ਦਾ ਕੇਸ ਭੇਜਣ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਭਾਰਤੀ ਸੰਵਿਧਾਨ ਦੀ ਧਾਰਾ 163 ਅਧੀਨ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਸਜ਼ਾ ਵਿੱਚ ਵਿਸ਼ੇਸ਼ ਛੋਟ ਜਾਂ ਜਲਦੀ ਰਿਹਾਈ ਦਾ ਕੇਸ ਭਾਰਤੀ ਸੰਵਿਧਾਨ ਦੀ ਧਾਰਾ 161 ਅਧੀਨ ਪੰਜਾਬ ਦੇ ਰਾਜਪਾਲ ਨੂੰ ਭੇਜਿਆ ਜਾਵੇਗਾ।
ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਵੱਲੋਂ ਕੇਂਦਰ ਸਰਕਾਰ ਤੋਂ ਕਣਕ ਦੇ ਖ਼ਰੀਦ ਮਾਪਦੰਡਾਂ ਵਿੱਚ ਛੋਟ ਦੀ ਮੰਗ
ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਤੋਂ ਕੀਤਾ ਗ੍ਰਿਫ਼ਤਾਰ
ਦੋਸ਼ੀ ਨੂੰ ਕੌਮੀ ਸੁਰੱਖਿਆ ਐਕਟ ਤਹਿਤ ਕੀਤਾ ਗ੍ਰਿਫ਼ਤਾਰ: ਆਈਜੀਪੀ ਸੁਖਚੈਨ ਗਿੱਲ
ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ/ਅੰਮ੍ਰਿਤਸਰ, 10 ਅਪ੍ਰੈਲ:ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਦੇ ਕੱਥੂਨੰਗਲ ਖੇਤਰ ਤੋਂ ਅੰਮ੍ਰਿਤਪਾਲ ਸਿੰਘ ਦੇ ਮੁੱਖ ਸਾਥੀ, ਜਿਸ ਦੀ ਪਛਾਣ ਪਪਲਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ, ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਮੁਲਜ਼ਮ ਨੂੰ ਕੌਮੀ ਸੁਰੱਖਿਆ ਕਾਨੂੰਨ (ਐਨਐਸਏ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਹੈੱਡਕੁਆਰਟਰ, ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਈਜੀਪੀ ਸੁਖਚੈਨ ਗਿੱਲ ਨੇ ਕਿਹਾ ਕਿ ਪੁਲਿਸ ਟੀਮਾਂ ਚੱਲ ਰਹੇ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਕੁਝ ਅਹਿਮ ਸੁਰਾਗਾਂ ‘ਤੇ ਕਾਰਵਾਈ ਕਰ ਰਹੀਆਂ ਸਨ।ਆਈਜੀਪੀ, ਜਿਹਨਾਂ ਨਾਲ ਡੀਆਈਜੀ ਬਾਰਡਰ ਰੇਂਜ ਨਰਿੰਦਰ ਭਾਰਗਵ ਵੀ ਮੌਜੂਦ ਸਨ, ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀਆਂ ਹਦਾਇਤਾਂ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪ੍ਰਭਾਵਸ਼ਾਲੀ ਕਦਮ ਚੁੱਕਦਿਆਂ ਅੰਮ੍ਰਿਤਪਾਲ ਸਿੰਘ ਦੇ ਮੁੱਖ ਸਾਥੀ ਪਪਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪਪਲਪ੍ਰੀਤ ਸਿੰਘ ਪੰਜਾਬ ਪੁਲੀਸ ਨੂੰ ਛੇ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਸਮੂਹ ਪੰਜਾਬੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਬਰਕਰਾਰ ਰੱਖਣ ਅਤੇ ਝੂਠੀਆਂ ਖ਼ਬਰਾਂ ਤੇ ਅਫਵਾਹਾਂ ‘ਤੇ ਕੋਈ ਧਿਆਨ ਨਾ ਦੇਣ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਅਤੇ ਸਥਿਰ ਹੈ।
ਪਤੀ ਦਾ ਕਤਲ ਕਰਕੇ ਉਸਨੂੰ ਜਲਾਉਣ ਵਾਲੀ ਪਤਨੀ ਤੇ ਪੁੱਤਰ ਸਹਿਤ ਚਾਰ ਕਾਬੂ
ਸੁਖਜਿੰਦਰ ਮਾਨ
ਬਠਿੰਡਾ, 10 ਅਪ੍ਰੈਲ : ਲੰਘੀ 6-7 ਅਪ੍ਰੈਲ ਦੀ ਅੱਧੀ ਰਾਤ ਨੂੰ ਸਥਾਨਕ ਅਮਰਪੁਰਾ ਬਸਤੀ ਦੀ ਗਲੀ ਨੰਬਰ 6 ਵਿਚ ਰਹੱਸਮਈ ਹਾਲਾਤਾਂ ’ਚ ਅੱਗ ਨਾਲ ਬੁਰੀ ਤਰਾਂ ਸੜੀ ਹੋਈ ਬਰਾਮਦ ਲਾਸ਼ ਦੇ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿਚ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਸੀ, ਜਿੰਨ੍ਹਾਂ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ। ਪ੍ਰੰਤੂ ਬਾਅਦ ਵਿਚ ਮ੍ਰਿਤਕ ਦੇ ਭਾਈ ਨੂੰ ਸ਼ੱਕ ਹੋਣ ’ਤੇ ਉਸਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸਤੋਂ ਬਾਅਦ ਜਦ ਪੁਲਿਸ ਨੇ ਪੜਤਾਲ ਕੀਤੀ ਤਾਂ ਸਾਰੀ ਸਚਾਈ ਸਾਹਮਣੇ ਆਈ। ਪੁਲਿਸ ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਮ੍ਰਿਤਕ ਕਰਨੈਲ ਦੇ ਭਰਾ ਮਲਕੀਤ ਸਿੰਘ ਵਾਸੀ ਮਾਡਲ ਟਾਊਨ ਦੀ ਸਿਕਾਇਤ ਤੋਂ ਬਾਅਦ ਮ੍ਰਿਤਕ ਦੀ ਪਤਨੀ ਦੀਪ ਕੌਰ ਤੇ ਪੁੱਤਰ ਅਜੈ ਸਿੰਘ ਵਾਸੀ ਅਮਰਪੁਰਾ ਬਸਤੀ ਤੋਂ ਇਲਾਵਾ ਉਸਦੇ ਦੋ ਦੋਸਤ ਅਸ਼ੀਸ਼ ਕੁਮਾਰ ਵਾਸੀ ਅਮਰਪੁਰਾ ਬਸਤੀ ਅਤੇ ਕੁਲਦੀਪ ਸਿੰਘ ਵਾਸੀ ਦਸਮੇਸ਼ ਨਗਰ ਸਹਿਤ ਉਸਦੇ ਇੱਕ ਰਿਸਤੇਦਾਰ ਇੰਦਰਜੀਤ ਸਿੰਘ ਬਠਿੰਡਾ ਵਿਰੁਧ ਧਾਰਾ 302, 201,120ਬੀ, 148,149 ਆਈ.ਪੀ.ਸੀ ਤਹਿਤ ਪਰਚਾ ਦਰਜ਼ ਕਰਕੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਸਿਕਾਇਤਕਰਤਾ ਮਲਕੀਤ ਸਿੰਘ ਜਦ 6 ਅਪ੍ਰੈਲ ਨੂੰ ਅਪਣੇ ਭਰਾ ਦੇ ਘਰ ਗਿਆ ਸੀ ਤਾਂ ਉਕਤ ਕਥਿਤ ਦੋਸ਼ੀ ਉਸਦੀ ਕੁੱਟਮਾਰ ਕਰ ਰਹੇ ਸਨ ਤੇ ਉਸਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਕਿ ਇਹ ਉਸਦਾ ਘਰ ਦਾ ਮਾਮਲਾ ਹੈ। ਜਦੋਂਕਿ 7 ਅਪ੍ਰੈਲ ਦੀ ਸਵੇਰ ਪਤਾ ਚੱਲਿਆ ਕਿ ਉਸਦੇ ਭਰਾ ਕਰਨੈਲ ਸਿੰਘ ਦੀ ਮੌਤ ਹੋ ਗਈ। ਪੁੱਛਣ ’ਤੇ ਕਥਿਤ ਦੋਸ਼ੀਆਂ ਨੇ ਕਿਹਾ ਕਿ ਰਾਤ ਨੂੰ ਬੀੜੀ ਪੀਣ ਸਮੇਂ ਕੱਪੜਿਆਂ ਨੂੰ ਅੱਗ ਲੱਗ ਗਈ ਤੇ ਜਿਸ ਕਾਰਨ ਉਸਦੀ ਵੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਢਲੀ ਪੜਤਾਲ ਮੁਤਾਬਕ ਪਤਾ ਲੱਗਿਆ ਹੈ ਕਿ ਮ੍ਰਿਤਕ ਨਸ਼ੇ ਦਾ ਆਦੀ ਸੀ, ਜਿਸ ਕਾਰਨ ਉਹ ਪ੍ਰਵਾਰ ਦੀ ਕੁੱਟਮਾਰ ਕਰਦਾ ਸੀ ਤੇ ਘਰ ਵਿਚ ਕਲੈਸ ਰਹਿੰਦਾ ਸੀ ਤੇ ਇਹ ਘਟਨਾ ਵਾਪਰ ਗਈ। ਥਾਣਾ ਕੈਨਾਲ ਕਲੌਨੀ ਦੇ ਮੁਖੀ ਸਬ ਇੰਸਪੈਕਟਰ ਪਾਰਸ ਚਹਿਲ ਨੇ ਦਸਿਆ ਕਿ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ, ਜਿਸਤੋਂ ਬਾਅਦ ਹੁਣ ਉਨ੍ਹਾਂ ਤੋਂ ਡੂੰਘਾਈ ਨਾਲ ਪੁਛਗਿਛ ਕੀਤੀ ਜਾਵੇਗੀ।
ਆਪ ਸਰਕਾਰ ਮੇਰੇ ਖਿਲਾਫ ਦਰਜ ਕੇਸ ਵਿਚ ਚਲਾਨ ਪੇਸ਼ ਕਰਨ ਵਿਚ ਰਾਜਨੀਤੀ ਕਰ ਰਹੀ ਹੈ: ਬਿਕਰਮ ਸਿੰਘ ਮਜੀਠੀਆ
ਕਿਹਾ ਕਿ ਕਾਨੂੰਨ ਵਿਵਸਥਾ ਦਾ ਸਪ ਤੋਂ ਮੰਦਾ ਹਾਲ, ਉਹਨਾਂ ਨੂੰ ਆਈਆਂ ਧਮਕੀਆਂ ਦੀਆਂ ਕਾਲਾਂ ਦੇ ਮਾਮਲੇ ਵਿਚ ਵੀ ਕੋਈ ਕਾਰਵਾਈ ਨਹੀਂ ਹੋਈ
ਪੰਜਾਬੀ ਖ਼ਬਰਸਾਰ ਬਿਉਰੋ
ਮੁਹਾਲੀ, 10 ਅਪ੍ਰੈਲ: ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਪਿਛਲੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਡੇਢ ਸਾਲ ਪਹਿਲਾਂ ਦਰਜ ਕੀਤੇ ਗਏ ਐਨ ਡੀ ਪੀ ਐਸ ਐਕਟ ਤਹਿਤ ਕੇਸ ਵਿਚ ਚਲਾਨ ਨਾ ਪੇਸ਼ ਕਰ ਕੇ ਰਾਜਨੀਤੀ ਕਰ ਰਹੀ ਹੈ ਅਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੇ ਡੀ ਜੀ ਪੀ ਨੇ ਉਹਨਾਂ ਨੂੰ ਆਈਆਂ ਧਮਕੀ ਵਾਲੀਆਂ ਕਾਲਾਂ ਦੇ ਮਾਮਲੇ ਵਿਚ ਉਹਨਾਂ ਦੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਕੀਤੀ।ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਉਹਨਾਂ ਖਿਲਾਫ ਐਨ ਡੀ ਪੀ ਐਸ ਐਕਟ ਤਹਿਤ 20 ਦਸੰਬਰ 2021 ਨੂੰ ਕੇਸ ਦਰਜ ਕੀਤਾ ਗਿਆ ਸੀ ਤੇ ਆਪ ਸਰਕਾਰ ਨੇ ਅੱਜ ਤੱਕ ਚਲਾਨ ਪੇਸ਼ ਨਹੀਂ ਕੀਤਾ। ਉਹਨਾਂ ਕਿਹਾ ਕਿ ਬਜਾਏ ਕੇਸ ਵਿਚ ਚਲਾਨ ਪੇਸ਼ ਕਰਨ ਤੇ ਅਦਾਲਤਾਂ ਨੂੰ ਕੇਸ ਦਾ ਮੈਰਿਟ ਦੇ ਆਧਾਰ ’ਤੇ ਫੈਸਲਾ ਕਰਨ ਦੇਣ ਦੇ ਆਪ ਸਰਕਾਰ ਰਾਜਨੀਤੀ ਕਰ ਰਹੀ ਹੈ।ਜਦੋਂ ਕਾਨੂੰਨ ਵਿਵਸਥਾ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਕਾਨੂੰਨ ਵਿਵਸਥਾ ਦਾ ਸਭ ਤੋਂ ਮੰਦਾ ਹਾਲ ਹੈ ਤੇ ਨਸ਼ਿਆਂ ਦਾ ਪਸਾਰ ਵਿਆਪਕ ਹੈ ਤੇ ਫਿਰਕੂ ਕੁੜਤਣ ਪੈਦਾ ਹੋਈ ਹੈ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੂੰ ਹੁਣ ਤੱਕ 7 ਤੋਂ 8 ਧਮਕੀਆਂ ਵਾਲੀਆਂ ਕਾਲਾਂ ਆਈਆਂ ਹਨ। ਉਹਨਾਂ ਨੇ ਸਾਰੀ ਵਿਸਥਾਰਿਤ ਜਾਣਕਾਰੀ ਸੂਬੇ ਦੇ ਡੀ ਜੀ ਪੀ ਨੂੰ ਦਿੱਤੀ ਹੈ ਪਰ ਇਸ ਮਾਮਲੇ ਵਿਚ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੈਨੂੰ ਮੇਰੇ ਹਾਲ ’ਤੇ ਛੱਡ ਦਿੱਤਾ ਗਿਆਹੈ। ਉਹਨਾਂ ਕਿਹਾ ਕਿ ਜੇਕਰ ਅਜਿਹਾ ਕੁਝ ਮੇਰੇ ਨਾਲ ਹੋ ਸਕਦਾ ਹੈ ਤਾਂ ਫਿਰ ਆਮ ਆਦਮੀ ਦਾ ਕੀ ਹਾਲ ਹੋਵੇਗਾ, ਇਸਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਚੋਟੀ ਦੇ ਉਦਯੋਗਪਤੀ ਫਿਰੌਤੀ ਦੀਆਂ ਕਾਲਾਂ ਦੀ ਪੁਲਿਸ ਨੂੰ ਸ਼ਿਕਾਇਤ ਦੇਣ ਦੀ ਥਾਂ ਫਿਰੌਤੀਆਂ ਦੇਣ ਨੂੰ ਪਹਿਲ ਦੇ ਰਹੇ ਹਨ।ਇਕ ਸਵਾਲ ਦੇ ਜਵਾਬ ਵਿਚ ਸ: ਮਜੀਠੀਆ ਨੇ ਕਿਹਾ ਕਿ ਡੀ ਜੀ ਪੀ ਨੇ ਅੰਮ੍ਰਿਤਸਰ ਵਿਚ ਬਿਆਨ ਦਿੱਤਾ ਹੈ ਕਿ ਸਭ ਕੁਝ ਠੀਕਹੈ ਪਰ ਅਸਲੀਅਤ ਉਹਨਾਂ ਦੇ ਦਾਅਵੇ ਨੂੰ ਝੁਠਲਾ ਰਹੀ ਹੈ। ਉਹਨਾਂ ਕਿਹਾ ਕਿ ਸੂਬੇ ਦੇ ਕਈ ਭਾਗਾਂ ਵਿਚ ਧਾਰਾ 144 ਲਾਗੂ ਹੈ। ਆਮ ਆਦਮੀ ਅਸੁਰੱਖਿਅਤ ਹੈ। ਫਿਰਕੂ ਕੁੜਤਣ ਸਿਖ਼ਰ ’ਤੇ ਹੈ।ਇਕ ਹੋਰ ਸਵਾਲ ਦੇ ਜਵਾਬ ਵਿਚ ਸਾਬਕਾ ਮੰਤਰੀ ਨੇ ਕਿਹਾ ਕਿ ਉਹਨਾਂ ਕੋਲ ਇਸ ਗੱਲ ਦਾ ਸਬੂਤ ਹੈ ਕਿ ਮੰਤਰੀਆਂ ਦੇ ਸਮੂਹ ਨੇ ਲਿਖਤੀ ਇਹ ਗੱਲ ਦਿੱਤੀ ਹੈ ਕਿ ਐਲ 1 ਰਾਹੀਂ ਰਿਟੇਲ ਨੂੰ ਲਾਭ ਵਿਚ ਛੋਟ ਨਹੀਂ ਦਿੱਤੀ ਗਈ ਤੇ ਐਲ 1 ਹੋਲਡਰਾਂ ਦੀ ਸਥਿਤੀ ਦੀ ਦੁਰਵਰਤੋਂ ਕਰਦਿਆਂ ਰਿਟੇਲਰਾਂ ਨੂੰ ਸ਼ਰਤਾਂ ਦੱਸੀਆਂ ਗਈਆਂ। ਉਹਨਾਂ ਦੱਸਿਆ ਕਿ ਮੰਤਰੀਆਂ ਦੇ ਸਮੂਹ ਨੇ ਇਹ ਵੀ ਦੱਸਿਆ ਹੈ ਕਿ ਐਲ 1 ਹੋਲਡਰਾਂ ਤੋਂ ਸਰਕਾਰ ਨੂੰ ਮਿਲਣ ਵਾਲੇ ਮਾਲੀਏ ਵਿਚ ਪਿਛਲੇ ਸਾਲ ਦੇ 28 ਕਰੋੜ ਰੁਪਏ ਦੇ ਮੁਕਾਬਲੇ 150 ਕਰੋੜ ਰੁਪਏ ਦਾ ਵਾਧਾ ਹੋਵੇਗਾ। ਉਹਨਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਪਿਛਲੇ ਸਾਲ ਬ੍ਰਿੰਡਕੋ ਤੇ ਆਨੰਤ ਵਾਈਨਜ਼ ਵਰਗੇ ਐਲ 1 ਹੋਲਡਰਾਂ, ਜਿਹਨਾਂ ਨੂੰ ਦਿੱਲੀ ਆਬਕਾਰੀ ਘੁਟਾਲੇ ਵਿਚ ਦੋਸ਼ੀ ਠਹਿਰਾਇਆ ਗਿਆ, ਨੇ ਆਪ ਸਰਕਾਰ ਨਾਲਰਲ ਕੇ ਪੰਜਾਬ ਦੇ ਖ਼ਜ਼ਾਨੇ ਨੂੰ ਲੁੱਟਿਆ ਹੈ। ਉਹਨਾਂ ਕਿਹਾ ਕਿ ਇਹ ਪੈਸਾ ਵਸੂਲਿਆ ਜਾਣਾ ਚਾਹੀਦਾ ਹੈ ਤੇ ਦਿੱਲੀ ਦੀ ਤਰਜ਼ ’ਤੇ ਮਾਮਲੇ ਵਿਚ ਸੀ ਬੀ ਆਈ ਕੇਸ ਦਰਜ ਕਰ ਕੇ ਸਾਰੇ ਮੁਲਜ਼ਮਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।ਸ: ਮਜੀਠੀਆ ਨੇ ਵਿੱਤ ਮੰਤਰੀ ਸ੍ਰੀ ਹਰਪਾਲ ਚੀਮਾ ਨੂੰ ਚੁਣੌਤੀ ਦਿੱਤੀ ਕਿ ਉਹ ਸਾਬਤ ਕਰਨ ਕਿ ਆਬਕਾਰੀ ਮਾਲੀਏ ਵਿਚ 47 ਫੀਸਦੀ ਵਾਧਾ ਹੋਇਆਹੈ। ਉਹਨਾਂ ਕਿਹਾ ਕਿ ਮੌਜੂਦਾ ਆਬਕਾਰੀ ਮਾਲੀਏ ਵਿਚ ਪਿਛਲੇ ਸਾਲ ਨਵੀਂ ਆਬਕਾਰੀ ਨੀਤੀ ਬਣਾਉਣ ਵਿਚ ਦੇਰੀ ਕਾਰਨ 926 ਕਰੋੜ ਰੁਪਏ ਦਾ ਪਿਛਲਾ ਬਕਾਇਆ ਵੀਸ਼ਾਮਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅਸਲ ਵਿਚ ਮਾਲੀਏ ਵਿਚ ਵਾਧਾ ਸਿਰਫ 10 ਫੀਸਦੀ ਹੈ।
ਅਕਾਲੀ ਦਲ ਨੇ ਐਨ ਸੀ ਈ ਆਰ ਟੀ ਦੀਆਂ ਕਿਤਾਬਾਂ ਵਿਚ ਆਨੰਦਪੁਰ ਸਾਹਿਬ ਮਤੇ ਦੀ ਗਲਤ ਵਿਆਖਿਆ ਕਰਨ ਦੀ ਕੀਤੀ ਨਿਖੇਧੀ
ਅਕਾਲੀ ਦਲ ਦਾ ਵਫਦ ਕੇਂਦਰੀ ਸਿੱਖਿਆ ਮੰਤਰੀ ਨੂੰ ਮਿਲ ਕੇ ਗਲਤ ਵਿਆਖਿਆ ਵਾਪਸ ਲੈਣ ਅਤੇ ਐਨ ਸੀ ਈ ਆਰ ਟੀ ਦੀਆਂ ਕਿਤਾਬਾਂ ਵਿਚ ਪੰਜਾਬ ਦੇ ਇਤਿਹਾਸ ਨੂੰ ਬਣਦਾ ਸਥਾਨ ਦੇਣ ਦੀ ਮੰਗ ਕਰੇਗਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਨ ਸੀ ਈ ਆਰ ਟੀ ਦੀਆਂ ਕਿਤਾਬਾਂ ਵਿਚ ਆਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਏਜੰਡਾ ਦੱਸਣ ਦੀ ਨਿਖੇਧੀ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਇਹ ਸਭ ਕੁਝ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੇ ਹਿੱਸੇ ਵਜੋਂ ਕੀਤਾ ਗਿਆ ਹੈ ਤੇ ਪਾਰਟੀ ਨੇ ਇਹ ਵੀ ਕਿਹਾ ਕਿ ਆਨੰਦਪੁਰ ਸਾਹਿਬ ਮਤਾ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਗੱਲ ਕਰਦਾ ਹੈ ਤੇ ਇਸ ਵਿਚ ਸਿਰਫ ਸੰਵਿਧਾਨ ਦੇ ਦਾਇਰੇ ਵਿਚ ਸੰਘੀ ਢਾਂਚੇ ਨੂੰ ਪ੍ਰਫੁੱਲਤ ਕਰਨ ਦੀ ਗੱਲ ਕੀਤੀ ਗਈ ਹੈ।ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ. ਦਲਜੀਤ ਸਿੰਘ ਚੀਮਾ ਨੇ ਮੰਗ ਕੀਤੀ ਕਿ ਇਸ ਗਲਤ ਵਿਆਖਿਆ ਨੂੰ ਤੁਰੰਤ ਹਟਾਇਆ ਜਾਵੇ। ਉਹਨਾਂ ਇਹ ਵੀ ਦੱਸਿਆ ਕਿ ਇਸ ਮਾਮਲੇ ’ਤੇ ਅਕਾਲੀ ਦਲ ਦਾ ਵਫਦ ਕੇਂਦਰੀ ਸਿੱਖਿਆ ਮੰਤਰੀ ਨਾਲ ਮੁਲਾਕਾਤ ਕਰੇਗਾ ਅਤੇ ਉਹਨਾਂ ਨੂੰ ਦੱਸੇਗਾ ਕਿ ਆਨੰਦਪੁਰ ਸਾਹਿਬ ਦੇ ਮਤੇ ਤੇ ਸ਼੍ਰੋਮਣੀ ਅਕਾਲੀ ਦਲ ਬਾਰੇ ਪ੍ਰਮੁੱਖ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਤੇ ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਦਰੁੱਸਤੀ ਤਾਂ ਹੀ ਸੰਭਵ ਹੈ ਜੇਕਰ ਇਸ ਮਕਸਦ ਵਾਸਤੇ ਪੰਜਾਬ ਦੇ ਇਤਿਹਾਸਕਾਰਾਂ ਦੀ ਕਮੇਟੀ ਗਠਿਤ ਕੀਤੀ ਜਾਵੇ।ਇਹਨਾਂ ਆਗੂਆਂ ਨੇ ਇਹ ਵੀ ਦੱਸਿਆ ਕਿ ਉਹ ਇਹ ਵੀ ਮੰਗ ਕਰਨਗੇ ਕਿ ਐਨ ਸੀ ਈ ਆਰ ਟੀ ਦੀਆਂ ਕਿਤਾਬਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲੂਆ ਵਰਗੇ ਸਿੱਖ ਜਰਨੈਲਾਂ ਸਮੇਤ ਪੰਜਾਬ ਦੇ ਇਤਿਹਾਸ ਨੂੰ ਬਣਦੀ ਥਾਂ ਦਿੱਤੀ ਜਾਵੇ।ਅਕਾਲੀ ਆਗੂਆਂ ਨੇ ਵਿਰੋਧੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਦੇਸ਼ ਵਿਚ ਸਹੀ ਸੰਘੀ ਢਾਂਚਾ ਸਥਾਪਿਤ ਕਰਨ ਜਿਸਦੀ ਕਿ ਇਸ ਵੇਲੇ ਲੋੜ ਹੈ, ਵਾਸਤੇ ਉਹ ਇਕ ਮੰਚ ’ਤੇ ਇਕਜੁੱਟ ਹੋਣ।ਵੇਰਵੇ ਸਾਂਠੇ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਦੇਸ਼ ਭਰ ਵਿਚ ਸਿੱਖ ਕੌਮ ਦੇ ਅਕਸ ਨੂੰ ਖਰਾਬ ਕਰਨ ਵਾਸਤੇ ਜਾਣ ਬੁੱਝ ਕੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਕਾਂਗਰਸ ਪਾਰਟੀ ਦੇ ਰਾਹ ’ਤੇ ਚਲ ਰਹੀ ਹੈ ਜਿਸਨੇ ਸਮੁੱਚੀ ਸਿੱਖ ਕੌਮ ਨੂੰ ਸਿਆਸੀ ਹਿੱਤਾਂ ਵਾਸਤੇ ਬਦਨਾਮ ਕੀਤਾ। ਉਹਨਾਂ ਦੱਸਿਆ ਕਿ ਮੌਜੂਦਾ ਸਿੱਖ ਕੌਮ ਨੂੰ ਗਲਤ ਦਰਸਾਉਣ ਲਈ ਤੱਥਾਂ ਨੂੰ ਤੋੜਨਾ ਮਰੋੜਾ ਬਹੁਤ ਖਤਰਨਾਕ ਹੈ ਤੇ ਇਹ ਦੇਸ਼ ਦੇ ਹਿੱਤਾਂ ਦੇ ਖਿਲਾਫ ਹੈ।ਆਨੰਦਪੁਰ ਸਾਹਿਬ ਮਤੇ ਦੀ ਗੱਲ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਦੇਸ਼ ਨੇ ਇਹ ਮਤਾ ਪ੍ਰਵਾਨ ਕੀਤਾ ਤੇ ਕੇਂਦਰ-ਰਾਜ ਸੰਬੰਧਾਂ ਦੀ ਸਮੀਖਿਆ ਵਾਸਤੇ ਸਰਕਾਰੀਆ ਕਮਿਸ਼ਨ ਗਠਿਤ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਉਪਰੰਤ ਧਾਰਾ 356 ਦੀ ਦੁਰਵਰਤੋਂ ਸ਼ੁਰੂ ਹੋਈ ਜਿਸ ਨਾਲ ਲੋਕਤੰਤਰੀ ਢੰਗ ਨਾਲ ਚੁਣੀਆਂ ਗਈਆਂ ਸਰਕਾਰਾਂ ਨੂੰ ਅਸਥਿਰ ਕਰ ਕੇ ਖਤਮ ਕੀਤਾ ਗਿਆ। ਉਹਨਾਂ ਕਿਹਾ ਕਿ ਸਾਰੀਆਂ ਖੇਤਰੀ ਪਾਰਟੀਆਂ ਨੇ ਇਸ ਦਸਤਾਵੇਜ਼ ਦੀ ਸ਼ਲਾਘਾ ਕੀਤੀ ਕਿ ਇਹ ਦੇਸ਼ ਦੇ ਲੋਕਾਂ ਦੀਆਂ ਖੇਤਰੀ ਇੱਛਾਵਾਂ ਦਾ ਝਲਕਾਰਾ ਹੈ।ਪ੍ਰੋ. ਚੰਦੂਮਾਜਰਾ ਤੇ ਡਾ. ਚੀਮਾ ਨੇ ਕਿਹਾ ਕਿ ਸਿੱਖ ਇਕ ਦੇਸ਼ ਭਗਤ ਕੌਮ ਹੈ ਜਿਸਨੇ ਵੰਡ ਵੇਲੇ ਨਾ ਸਿਰਫ ਪਾਕਿਸਤਾਨ ਵਿਚ ਆਪਣੀਆਂ ਜ਼ਮੀਨ ਜਾਇਦਾਦਾਂ ਛੱਡੀਆਂ ਬਲਕਿ ਸ੍ਰੀ ਨਨਕਾਣਾ ਸਾਹਿਬ ਵਰਗੇ ਪਵਿੱਤਰ ਗੁਰਧਾਮਾਂ ਵਾਲੀਆਂ ਥਾਵਾਂ ਵੀ ਛੱਡੀਆਂ। ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਤੇ ਦੇਸ਼ ਨੂੰ ਅਨਾਜ ਦੇ ਮਾਮਲੇ ਵਿਚ ਆਤਮ ਨਿਰਭਰ ਬਣਾਉਣ ਵਿਚ ਕੌਮ ਉਹਨਾਂ ਕਿਹਾ ਕਿ ਇਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਮਜ਼ਬੂਤ ਕਰਨ ਵਾਸਤੇ ਹਾਂ ਪੱਖੀ ਭੂਮਿਕਾ ਨਿਭਾਈ ਜਿਸਦਾ ਐਨ ਸੀ ਈ ਆਰ ਟੀ ਵੱਲੋਂ ਕੋਈ ਜ਼ਿਕਰ ਨਹੀਂ ਕੀਤਾ ਗਿਆ।ਇਸ ਦੌਰਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ਤੇ ਦੇਸ਼ ਦੇ ਹੋਰ ਭਾਗਾਂ ਵਿਚ 1984 ਦੇ ਸਿੱਖ ਕਤਲੇਆਮ ਬਾਰੇ ਅਧਿਆਏ ਨੂੰ ਵੀ ਐਨ ਸੀ ਈ ਆਰ ਟੀ ਨੇ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ। ਉਹਨਾਂ ਕਿਹਾ ਕਿ ਭਾਵੇਂ ਨਾਨਾਵਤੀ ਕਮਿਸ਼ਨ ਨੇ ਸਿੱਖਾਂ ਦੇ ਕਤਲੇਆਮ ਲਈ ਸਿਆਸੀ ਪਾਰਟੀ ਤੇ ਕਾਂਗਰਸੀ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਪਰ ਐਨ ਸੀ ਈ ਆਰ ਟੀ ਨੇ ਇਸ ’ਤੇ ਚੁੱਪੀ ਧਾਰੀ ਹੋਈ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਿੱਖ ਕੌਮ ਨਾਲ ਹੋਏ ਅਨਿਆਂ ਦੇ ਮਾਮਲੇ ਵਿਚ ਨਿਆਂ ਦੇਣ ਵਾਸਤੇ ਕੀਤੀ ਗਈ ਕਾਰਵਾਈ ਦਾ ਵੀ ਕੋਈ ਵੇਰਵਾ ਇਸ ਵਿਚ ਸ਼ਾਮਲ ਨਹੀਂ ਕੀਤਾ ਗਿਆ।
ਭਗਵੰਤ ਮਾਨ ਨੇ ਜਲੰਧਰ ਦੇ ਕਰਤਾਰਪੁਰ ਵਿਖੇ ਚੋਣ ਰੈਲੀ ਨੂੰ ਕੀਤਾ ਸੰਬੋਧਨ, ਲੋਕਾਂ ਨੂੰ ’ਆਪ’ ਨੂੰ ਸਮਰਥਨ ਦੇਣ ਅਤੇ ਵੋਟ ਪਾਉਣ ਦੀ ਕੀਤੀ ਅਪੀਲ
ਪਿਛਲੇ ਸਾਲ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨੇ ’ਝਾੜੂ’ ਦਾ ਬਟਨ ਦਬਾ ਕੇ ਮੈਨੂੰ ਹਰ ਰੋਜ਼ ਵਿਕਾਸ ਲਈ ਬਟਨ ਦਬਾਉਣ ਦੇ ਯੋਗ ਬਣਾਇਆ: ਮਾਨ
ਸੁਸ਼ੀਲ ਰਿੰਕੂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਨ ਲਈ ਕੀਤਾ ਧੰਨਵਾਦ
ਪੰਜਾਬੀ ਖ਼ਬਰਸਾਰ ਬਿਉਰੋ
ਜਲੰਧਰ, 10 ਅਪ੍ਰੈਲ: ਜਲੰਧਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਪੂਰੇ ਜ਼ੋਰਾਂ ’ਤੇ ਪ੍ਰਚਾਰ ਕਰ ਰਹੀ ਹੈ ਅਤੇ ਸੋਮਵਾਰ ਨੂੰ, ’ਆਪ’ ਪੰਜਾਬ ਦੇ ਪ੍ਰਧਾਨ ਸੀਐਮ ਭਗਵੰਤ ਮਾਨ ਨੇ ਕਰਤਾਰਪੁਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ, ਜਲੰਧਰ ਦੇ ਲੋਕਾਂ ਨੂੰ ’ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਸਮਰਥਨ ਦੇਣ ਅਤੇ ਵੋਟ ਪਾਉਣ ਦੀ ਅਪੀਲ ਕੀਤੀ। ਇੱਥੇ ਇੱਕ ਵੱਡੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿੱਚ ਸਾਂਝੇ ਪਿਛੋਕੜ ਵਾਲੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਅਤੇ ਪੰਜਾਬ ਦੇ ਲੋਕਾਂ ਨੇ ਸਾਡੇ ’ਤੇ ਭਰੋਸਾ ਕਰਕੇ ਵੰਸ਼ਵਾਦ ਦੇ ਸਿਆਸਤਦਾਨਾਂ ਦੀ ਥਾਂ ਸਾਡੇ ਉਮੀਦਵਾਰਾਂ ਨੂੰ ਚੁਣਿਆ। ਉਨ੍ਹਾਂ ਕਿਹਾ ਕਿ ਉਸ ਵੱਡੇ ਫ਼ਤਵੇ ਸਦਕਾ ਅੱਜ ਪੰਜਾਬ ਸਰਕਾਰ ਨੇ 28 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ, ਹਜ਼ਾਰਾਂ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਹੈ, ਕਿਸਾਨਾਂ ਨੂੰ ਬੇਰੋਕ ਬਿਜਲੀ ਦਿੱਤੀ ਹੈ, 80 ਫ਼ੀਸਦੀ ਤੋਂ ਵੱਧ ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ ਅਤੇ ਇਹ ਸਭ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਨੇ PSP3L ਦੀ 20,200 ਕਰੋੜ ਰੁਪਏ ਦੀ ਇੱਕ ਸਾਲ ਦੀ ਪੂਰੀ ਸਬਸਿਡੀ ਵੀ ਜਾਰੀ ਕਰ ਦਿੱਤੀ ਹੈ।ਮਾਨ ਨੇ ਕਿਹਾ ਕਿ ਅੱਜ ਜਿਹੜੇ ਅਕਾਲੀ ਅਤੇ ਕਾਂਗਰਸੀ ਆਗੂ ਪੰਜਾਬ ਦੇ ਲੋਕਾਂ ਦੇ ਹੱਥੋਂ ਨਕਾਰੇ ਜਾਣ ਨੂੰ ਹਜ਼ਮ ਨਹੀਂ ਕਰ ਪਾ ਰਹੇ, ਉਹ ਮੇਰੇ ’ਤੇ ਦੋਸ਼ ਲਗਾ ਰਹੇ ਹਨ, ਅਪਸ਼ਬਦ ਬੋਲ ਰਹੇ ਹਨ, ਪਰ ਮੈਂ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੰਦਾ ਕਿਉਂਕਿ ਮੈਨੂੰ 3 ਕਰੋੜ ਪੰਜਾਬੀਆਂ ਦਾ ਸਮਰਥਨ ਹਾਸਲ ਹੈ। ਉਨ੍ਹਾਂ ਕਿਹਾ ਕਿ ਪਰਿਵਾਰਵਾਦੀ ਸਿਆਸਤਦਾਨਾਂ ਦੇ ਬਿਆਨ ਇਹ ਸਾਬਤ ਕਰਦੇ ਹਨ ਕਿ ਉਹ ਇਸ ਸਧਾਰਨ ਤੱਥ ਨੂੰ ਹਜ਼ਮ ਨਹੀਂ ਕਰ ਪਾ ਰਹੇ ਕਿ ਲੋਕਾਂ ਨੇ ਆਮ ਉਮੀਦਵਾਰਾਂ ਨੂੰ ਆਪਣੇ ਨੁਮਾਇੰਦੇ ਵਜੋਂ ਚੁਣਿਆ ਹੈ।ਮਾਨ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਦੋ ਰਾਜਾਂ ਵਿੱਚ ਸਰਕਾਰ ਹੈ, ਗੋਆ ਵਿੱਚ 2 ਸੰਸਦ ਮੈਂਬਰ, ਗੁਜਰਾਤ ਵਿੱਚ 5 ਸੰਸਦ ਮੈਂਬਰ ਅਤੇ 10 ਰਾਜ ਸਭਾ ਮੈਂਬਰ ਹਨ ਪਰ ਜਲਦੀ ਹੀ ਅਸੀਂ ਆਪਣੇ ਦੇਸ਼ ਦੇ 130 ਕਰੋੜ ਲੋਕਾਂ ਤੱਕ ਪਹੁੰਚ ਕਰਾਂਗੇ। ਇਸ ਤੋਂ ਪਹਿਲਾਂ ਸੰਗਰੂਰ ਦੇ ਲੋਕਾਂ ਨੇ ਲੋਕ ਪੱਖੀ ਆਵਾਜ਼ ਨੂੰ ਪਾਰਲੀਮੈਂਟ ਵਿੱਚ ਭੇਜਣ ਦਾ ਮਾਣ ਹਾਸਲ ਕੀਤਾ ਸੀ, ਇਸ ਵਾਰ ਜਲੰਧਰ ਤੋਂ ਇਮਾਨਦਾਰ, ਲੋਕ-ਪੱਖੀ ਅਤੇ ਪੰਜਾਬ ਪੱਖੀ ਸੰਸਦ ਮੈਂਬਰ ਚੁਣਨ ਦੀ ਵਾਰੀ ਹੈ।ਮਾਨ ਨੇ ਕਿਹਾ ਕਿ ’ਆਪ’ ਸਰਕਾਰ ਦੇ ਪਹਿਲੇ ਦਿਨ ਤੋਂ ਹੀ ਸਿੱਖਿਆ ਅਤੇ ਸਿਹਤ ਦੇ ਖੇਤਰਾਂ ਵਿੱਚ ਕ੍ਰਾਂਤੀ ਸ਼ੁਰੂ ਹੋਈ ਅਤੇ ਅਸੀਂ 500 ਤੋਂ ਵੱਧ ਮੁਹੱਲਾ ਕਲੀਨਿਕ ਖੋਲ੍ਹੇ ਜਿੱਥੇ 21 ਲੱਖ ਤੋਂ ਵੱਧ ਲੋਕਾਂ ਦਾ ਮੁਫਤ ਇਲਾਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਕਿਸਾਨਾਂ ਦਾ ਜੋ ਨੁਕਸਾਨ ਹੋ ਰਿਹਾ ਹੈ, ਉਸ ਦੀ ਪੂਰਤੀ ਉਨ੍ਹਾਂ ਦੀ ਸਰਕਾਰ ਕਰੇਗੀ ਅਤੇ ਮੁਆਵਜ਼ੇ ਦੇ ਪੈਸੇ ਵੀ ਗਿਰਦਾਵਰੀ ਤੋਂ ਪਹਿਲਾਂ ਕਿਸਾਨਾਂ ਤੱਕ ਪਹੁੰਚ ਜਾਣਗੇ। ਮਾਨ ਨੇ ਕਿਹਾ ਕਿ ਵਿਸਾਖੀ ਮੌਕੇ ਉਹ ਅਬੋਹਰ ਦੇ ਕਿਸਾਨਾਂ ਨੂੰ ਚੈੱਕ ਸੌਂਪਣਗੇ। ਉਸ ਨੇ ਕਿਹਾ, ਅਸੀਂ ਤੁਹਾਡੇ ਵਰਗੇ ਹਾਂ ਅਤੇ ਤੁਹਾਡੇ ਨਾਲ ਹਾਂ।ਮਾਨ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਆਗੂ ਕਹਿ ਰਹੇ ਹਨ ਕਿ ਸਾਡੇ ਕੋਲ ਤਜ਼ਰਬੇ ਦੀ ਘਾਟ ਹੈ ਪਰ ਉਨ੍ਹਾਂ ਨੂੰ ਕੀ ਪਤਾ ਕਿ ਉਨ੍ਹਾਂ ਵੱਲੋਂ ਪੰਜਾਬ ਨੂੰ ਲੁੱਟਣ ਦਾ ਤਜਰਬਾ ਪੰਜਾਬੀਆਂ ਕੋਲ ਕਾਫੀ ਹੈ। ਉਨ੍ਹਾਂ ਅੱਗੇ ਕਿਹਾ ਕਿ ’ਆਪ ਸਰਕਾਰ ਨੇ ਕਰਦਾਤਾਵਾਂ ਦੇ ਪੈਸੇ ਨੂੰ ਬਚਾਉਣ ਅਤੇ ਸਾਡੇ ਰਾਜ ਦੇ ਨੌਜਵਾਨਾਂ ’ਤੇ ਖਰਚ ਕਰਨ ਲਈ ਇਕ ਵਿਧਾਇਕ – ਇਕ ਪੈਨਸ਼ਨ ਸਕੀਮ ਲਾਗੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ 8 ਟੋਲ ਪਲਾਜ਼ੇ ਬੰਦ ਕੀਤੇ ਜਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇੱਕ ਹੋਰ ਬੰਦ ਕਰ ਦਿੱਤਾ ਜਾਵੇਗਾ। ਰੇਤ ਮਾਫੀਆ ਨੂੰ ਨੱਥ ਪਾਉਣ ਲਈ ਸੂਬੇ ਵਿੱਚ 50 ਸਰਕਾਰੀ ਰੇਤ ਦੀਆਂ ਖੱਡਾਂ ਚਾਲੂ ਹਨ ਅਤੇ ਲੋਕਾਂ ਨੂੰ 5.50 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਰੇਤ ਬਿਨਾਂ ਕਿਸੇ ਰੁਕਾਵਟ ਦੇ ਮਿਲ ਰਹੀ ਹੈ। ਸਰਕਾਰੀ ਸਕੂਲਾਂ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ”PS3 ਕੋਚਿੰਗ ਸੈਂਟਰ ਖੋਲ੍ਹੇ ਜਾਣਗੇ ਤਾਂ ਜੋ ਸਾਡੇ ਬੱਚੇ ਚੰਗੀ ਸਿੱਖਿਆ ਪ੍ਰਾਪਤ ਕਰਕੇ ਅਧਿਕਾਰੀ ਬਣ ਸਕਣ। ਮਾਨ ਨੇ ਕਿਹਾ ਕਿ ‘ਆਪ’ ਵਿੱਚ ਸਰਕਾਰੀ ਨੌਕਰੀਆਂ ਨਿਰੋਲ ਯੋਗਤਾ ਦੇ ਆਧਾਰ ’ਤੇ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵਿਭਾਗ ਵਿੱਚ ਹਰ ਸਾਲ 2100 ਨੌਕਰੀਆਂ ਦਿੱਤੀਆਂ ਜਾਣਗੀਆਂ, ਜਿੱਥੇ ਉਹ ਜਨਵਰੀ ਵਿੱਚ ਇਨ੍ਹਾਂ ਅਸਾਮੀਆਂ ਬਾਰੇ ਸੂਚਿਤ ਕਰਨਗੇ, ਮਈ-ਜੂਨ ਵਿੱਚ ਪ੍ਰੀਖਿਆ, ਜੁਲਾਈ-ਅਗਸਤ ਵਿੱਚ ਨਤੀਜਾ, ਅਕਤੂਬਰ ਵਿੱਚ ਫਿਜ਼ਿਕਸ ਟੈਸਟ ਅਤੇ ਨਵੰਬਰ ਵਿੱਚ ਜੁਆਇਨਿੰਗ ਲੈਟਰ ਦਿੱਤੇ ਜਾਣਗੇ।ਉਨ੍ਹਾਂ ਕਿਹਾ ਕਿ ਗਰਮੀਆਂ ਦੌਰਾਨ ਸਾਰੇ ਸਰਕਾਰੀ ਦਫ਼ਤਰਾਂ ਦਾ ਦਫ਼ਤਰੀ ਸਮਾਂ 7:30 ਤੋਂ 2:00 ਵਜੇ ਤੱਕ ਹੋਵੇਗਾ ਕਿਉਂਕਿ ਇਸ ਨਾਲ ਬਿਜਲੀ ਦੀ ਬੱਚਤ ਹੋਵੇਗੀ ਅਤੇ ਲੋਕ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾ ਸਕਣਗੇ। ਮਾਨ ਨੇ ਕਿਹਾ ਕਿ ਲੋਕਾਂ ਨੇ ’ਝਾੜੂ’ ਦਾ ਬਟਨ ਦਬਾ ਕੇ ਮੈਨੂੰ ਹਰ ਰੋਜ਼ ਵਿਕਾਸ ਲਈ ਬਟਨ ਦਬਾਉਣ ਦੇ ਯੋਗ ਬਣਾਇਆ ਹੈ। ਜਦੋਂ ਮੈਂ ਪਿਛਲੀ ਵਾਰ ਜਲੰਧਰ ਵਿੱਚ ਸੀ ਤਾਂ ਮੈਂ ਇੱਕ ਮਿਲਕ ਪਲਾਂਟ ਯੂਨਿਟ, ਇੱਕ ਸਕੂਲ ਅਤੇ ਇੱਕ ਸੀਵਰੇਜ ਸਿਸਟਮ ਦਾ ਉਦਘਾਟਨ ਕੀਤਾ ਸੀ ਕਿਉਂਕਿ ਤੁਸੀਂ (ਲੋਕਾਂ) ਨੇ ਸਾਨੂੰ ਵੋਟ ਦਿੱਤੀ ਸੀ। ਉਨ੍ਹਾਂ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਲੰਧਰ ਉਪ ਚੋਣ ’ਚ ’ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਹੀ ਵੋਟ ਪਾਉਣ।ਇਸ ਮੌਕੇ ਸੰਬੋਧਨ ਕਰਦਿਆਂ ’ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਉਮੀਦਵਾਰ ਬਣਾਏ ਜਾਣ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਮ ਲੋਕਾਂ ਲਈ ਹਮੇਸ਼ਾ ਆਵਾਜ਼ ਬੁਲੰਦ ਕਰਨਗੇ ੍ਟ ਉਨ੍ਹਾਂ ਕਿਹਾ ਕਿ ਸੀ.ਐਮ.ਭਗਵੰਤ ਮਾਨ ਪੰਜਾਬ ਦੇ ਸਭ ਤੋਂ ਮਿਹਨਤੀ ਅਤੇ ਸਮਰਪਿਤ ਸੀ.ਐਮ ਹਨ, ਉਹ ਪੰਜਾਬ ਅਤੇ ਪੰਜਾਬੀਆਂ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ, ਇਸ ਲਈ ਜਲੰਧਰ ਦੇ ਲੋਕ ’ਆਪ’ ਨੂੰ ਜ਼ਰੂਰ ਵੋਟ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 2017-19 ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਬੱਚਿਆਂ ਨੂੰ ਨਹੀਂ ਦਿੱਤੀ ਅਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ। ਪਰ ਮਾਨ ਸਰਕਾਰ ਹਰ ਰੋਜ਼ ਲੋਕ ਪੱਖੀ ਫੈਸਲੇ ਲੈ ਰਹੀ ਹੈ ਅਤੇ ਉਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਵੀ ਕਰ ਰਹੀ ਹੈ।ਸੀ.ਐਮ ਮਾਨ ਅਤੇ ਸੁਸ਼ੀਲ ਰਿੰਕੂ ਦੇ ਨਾਲ ’ਆਪ’ ਦੀ ਸਥਾਨਕ ਲੀਡਰਸ਼ਿਪ ਜਿਸ ਵਿੱਚ ’ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਵਿਧਾਇਕ ਬਲਕਾਰ ਸਿੰਘ, ਵਿਧਾਇਕ ਰਮਨ ਅਰੋੜਾ, ਵਿਧਾਇਕ ਸ਼ੀਤਲ ਅੰਗੁਰਾਲ, ਵਿਧਾਇਕ ਇੰਦਰਜੀਤ ਕੌਰ ਮਾਨ, ਰਤਨ ਸਿੰਘ ਕੱਕੜਵਾਲਾ, ਸੁਰਿੰਦਰ ਸਿੰਘ ਸੋਢੀ ਸਮੇਤ ਪ੍ਰੇਮ ਵੀ ਇਸ ਰੈਲੀ ਵਿੱਚ ਮੌਜੂਦ ਸਨ।
ਕਰੋਨਾ ਕੇਸਾਂ ਨੂੰ ਮੁੱਖ ਰੱਖਦੇ ਹੋਏ ਸਿਵਲ ਹਸਪਤਾਲ ਵਿਖੇ ਕਰਵਾਈ ਮੌਕ ਡਰਿੱਲ
ਕੋਰੋਨਾ ਤੋਂ ਡਰਨ ਦੀ ਲੋੜ ਨਹੀਂ ਸਿਰਫ਼ ਸਾਵਧਾਨੀਆਂ ਵਰਤਣੀਆਂ ਜਰੂਰੀ:ਸਿਵਲ ਸਰਜਨ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 10 ਅਪ੍ਰੈਲ: ਕਰੋਨਾ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੋਰੋਨਾ ਦੇ ਇਲਾਜ ਲਈ ਵੱਖ ਵੱਖ ਹਸਪਤਾਲਾਂ ਵਿੱਚ ਵੱਖਰੇ ਵਾਰਡ ਸਥਾਪਿਤ ਕੀਤੇ ਗਏ ਹਨ। ਸਿਹਤ ਵਿਭਾਗ ਦੇ ਸਟਾਫ਼ ਵੱਲੋਂ ਹੋਰ ਵਿਭਾਗਾਂ ਤੇ ਸਹਿਯੋਗ ਨਾਲ ਆਮ ਲੋਕਾਂ ਨੂੰ ਕੋਰੋਨਾ ਬਿਮਾਰੀ ਤੋਂ ਬਚਣ ਲਈ ਜਾਗਰੂਕ ਕਰਨ ਦੇ ਨਾਲ ਨਾਲ ਸਿਹਤ ਸਟਾਫ਼ ਵੱਲੋਂ ਕਰੋਨਾ ਦੇ ਸ਼ੱਕੀ ਮਰੀਜ਼ ਨੂੰ ਹਸਪਤਾਲ ਵਿੱਚ ਸ਼ਿਫ਼ਟ ਕਰਨ, ਹਸਪਤਾਲ ਵਿੱਚ ਇਲਾਜ ਕਰਨ ਲਈ ਕਿੱਟ ਪਹਿਨਣ ਅਤੇ ਮਰੀਜ਼ਾਂ ਨੂੰ ਸੰਭਾਲਣ ਦੀ ਪ੍ਰੈਕਟਿਸ ਵੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਿਲ੍ਹਾ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਵਿਖੇ ਮੌਕ ਡਰਿਲ ਕਰਵਾਈ ਗਈ। ਇਸ ਮੌਕੇ ਕਰੋਨਾ ਬਿਮਾਰੀ ਦੇ ਮਰੀਜ਼ਾਂ ਨੂੰ ਸੰਭਾਲਣ ਅਤੇ ਕਿੱਟਾਂ ਪਹਿਨਣ ਦਾ ਅਭਿਆਸ ਕੀਤਾ ਗਿਆ। ਡਾ ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਕਰੋਨਾ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ, ਬਲਕਿ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇਸ ਮੌਕੇ ਡਰਿੱਲ ਵਿੱਚ ਡਾ ਰਾਵਿੰਦਰਪਾਲ ਆਹਲੂਵਾਲੀਆਂ ਅਤੇ ਡਾ ਗੁਰਿੰਦਰ ਕੌਰ ਐਮਡੀ ਮੈਡੀਸਨ ਨੇ ਦੱਸਿਆ ਕਿ ਕੋਰੋਨਾ ਦੇ ਮਰੀਜਾਂ ਦਾ ਇਲਾਜ ਕਰਨ ਲਈ ਸਿਵਲ ਹਸਪਤਾਲ ਲੈਵਲ^2 ਵਿੱਚ ਪੁਖਤਾ ਪ੍ਰਬੰਧ ਕਰ ਲਏ ਗਏ ਹਨ ਅਤੇ ਵੱਖਰੇ ਵਾਰਡਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਬਠਿੰਡਾ ਵਿਖੇ 93 ਮਰੀਜਾਂ ਨੂੰ ਦਾਖਲ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਲੋੜ ਪੈਣ ਤੇ ਹੋਰ ਬੈੱਡਾਂ ਦਾ ਪ੍ਰਬੰਧ ਕਰ ਲਿਆ ਜਾਵੇਗਾ। ਉਹਨਾਂ ਇਸ ਬਿਮਾਰੀ ਤੋਂ ਬਚਾਅ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਆਦਾ ਸਮਾਂ ਘਰ ਵਿੱਚ ਹੀ ਰਹੋ। ਘਰ ਤੋਂ ਬਾਹਰ ਜਾਣ ਸਮੇਂ ਨੱਕ ਅਤੇ ਮੂੰਹ ਢੱਕਦਾ ਮਾਸਕ ਜਰੂਰੀ ਪਹਿਨੋ, ਵਾਰ ਵਾਰ ਹੱਥ ਧੋਵੋ, ਖੁੱਲੀਆਂ ਥਾਵਾਂ ਤੇ ਨਾ ਥੁੱਕੋ, ਇਕੱਠ ਵਾਲੀਆਂ ਥਾਵਾਂ ਤੇ ਜਾਣ ਤੋਂ ਪ੍ਰਹੇਜ਼ ਕਰੋ, ਕਰੋਨਾ ਦੇ ਲੱਛਣਾਂ ਵਾਲੇ ਮਰੀਜ਼ ਦੇ ਸੰਪਰਕ ਵਿੱਚ ਨਾ ਆਇਆ ਜਾਵੇ। ਜੇਕਰ ਕਿਸੇ ਨੂੰ ਕਰੋਨਾ ਬਿਮਾਰੀ ਦੇ ਲੱਛਣ ਜਿਵੇਂ ਬੁਖਾਰ, ਵਗਦਾ ਨੱਕ, ਖੰਘ, ਸਰੀਰ ਦਰਦ ਦਿਸਣ ਤਾਂ ਆਪਣਾ ਕੋਰੋਨਾ ਦਾ ਟੈਸਟ ਨੇੜੇ ਦੀ ਸਿਹਤ ਸੰਸਥਾ ਤੋਂ ਜਲਦੀ ਅਤੇ ਜਰੂਰ ਕਰਵਾਉਣ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਇਸ ਦੇ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਸਮੇਂ ਕੁਲਵੰਤ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ, ਵਿਨੋਦ ਖੁਰਾਣਾ, ਸੁਖਦੇਵ ਕੌਰ ਮੈਟਰਨ, ਨਰਸਿੰਗ ਸਟਾਫ਼ ਅਤੇ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਹਾਜ਼ਰ ਹੋਏ।
’ਦੰਦਾਂ ਤੇ ਮੂੰਹ ਦੀ ਨਿਯਮਤ ਸਫ਼ਾਈ ਕਈ ਬਿਮਾਰੀਆਂ ਤੋਂ ਕਰ ਸਕਦੀ ਹੈ ਬਚਾਅ’
ਕਮਿਊਨਿਟੀ ਹੈਲਥ ਸੈਂਟਰ ਵਿਖੇ ਵਿਸ਼ਵ ਓਰਲ ਹੈਲਥ ਦਿਵਸ ਮਨਾਇਆ
ਪੰਜਾਬੀ ਖ਼ਬਰਸਾਰ ਬਿਉਰੋ
ਨਥਾਣਾ, 10 ਅਪ੍ਰੈਲ : ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਨਥਾਣਾ ਡਾਕਟਰ ਗੁਰਮੇਲ ਸਿੰਘ ਦੀ ਅਗਵਾਈ ਵਿਚ ਕਮਿਊਨਿਟੀ ਹੈਲਥ ਸੈਂਟਰ ਨਥਾਣਾ ਵਿਖੇ ਵਿਸ਼ਵ ਓਰਲ ਹੈਲਥ ਦਿਵਸ ਮਨਾਇਆ ਗਿਆ। ਇਹ ਦਿਨ ਦੁਨੀਆ ਭਰ ਦੇ ਲੋਕਾਂ ਵਿਚ ਮੂੰਹ ਦੀ ਸਿਹਤ ਦੀ ਜ਼ਰੂਰਤ ਬਾਰੇ ਜਾਗਰੂਕਤਾ ਫੈਲਾਉਣ ਅਤੇ ਲੋਕਾਂ ਨੂੰ ਆਪਣੇ ਮੂੰਹ ਨੂੰ ਸਿਹਤਮੰਦ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਐਸਐਮਓ ਡਾ. ਗੁਰਮੇਲ ਸਿੰਘ ਅਤੇ ਦੰਦਾਂ ਦੇ ਡਾਕਟਰ ਲਵਦੀਪ ਰੋਹਲ ਨੇ ਦੱਸਿਆ ਕਿ ਮੂੰਹ ਦੀ ਸਿਹਤ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ਵਿਚ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ, ਜੋ ਵੀ ਅਸੀਂ ਖਾਂਦੇ ਹਾਂ ਉਹ ਸਾਡੇ ਮੂੰਹ ਰਾਹੀਂ ਸਾਡੇ ਸਰੀਰ ਤੱਕ ਪਹੁੰਚਦਾ ਹੈ। ਅਜਿਹੇ ’ਚ ਜੇਕਰ ਕਿਸੇ ਕਾਰਨ ਸਾਡੇ ਮੂੰਹ ਵਿਚ ਕੋਈ ਇਨਫੈਕਸ਼ਨ ਜਾਂ ਬੀਮਾਰੀ ਲੱਗ ਜਾਂਦੀ ਹੈ ਤਾਂ ਸਾਡੇ ਮੂੰਹ ਰਾਹੀਂ ਸਰੀਰ ’ਚ ਦਾਖਲ ਹੋਣ ਵਾਲਾ ਭੋਜਨ ਵੀ ਦੂਸ਼ਿਤ ਹੋ ਸਕਦਾ ਹੈ। ਦੰਦਾਂ ਅਤੇ ਮੂੰਹ ਦੀ ਨਿਯਮਤ ਸਫਾਈ ਕਈ ਬਿਮਾਰੀਆਂ ਅਤੇ ਸਮੱਸਿਆਵਾਂ ਤੋਂ ਬਚਾ ਸਕਦੀ ਹੈ।ਵਿਸ਼ਵ ਓਰਲ ਹੈਲਥ ਡੇ 2023 ਮੁਹਿੰਮ ’ਬੀ ਪ੍ਰਾਊਡ ਆਫ ਯੂਅਰ ਮਾਊਥ’ ਥੀਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਸਾਰੇ ਲੋਕਾਂ ਨੂੰ ਆਪਣੀ ਮੁਸਕਰਾਹਟ ਦਾ ਪੂਰਾ ਖਿਆਲ ਰੱਖਣ ਲਈ ਮੂੰਹ ਦੀ ਸਿਹਤ ਦਾ ਖਿਆਲ ਰੱਖਣ ਲਈ ਕਿਹਾ ਜਾ ਰਿਹਾ ਹੈ। ਮਹੱਤਵਪੂਰਨ ਤੌਰ ’ਤੇ ਮੂੰਹ ਦੇ ਕੈਂਸਰ ਨੂੰ ਦੁਨੀਆ ਭਰ ਦੇ 10 ਸਭ ਤੋਂ ਆਮ ਕੈਂਸਰਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦਿਨ ਵਿਚ ਘੱਟੋ-ਘੱਟ ਦੋ ਵਾਰ ਨਰਮ ਬੁਰਸ਼ ਨਾਲ ਦੰਦਾਂ ਨੂੰ ਨਿਯਮਿਤ ਤੌਰ ’ਤੇ ਸਾਫ਼ ਕਰਨਾ ਚਾਹੀਦਾ ਹੈ। ਜਿੱਥੋਂ ਤੱਕ ਹੋ ਸਕੇ ਤਾਜ਼ਾ ਅਤੇ ਪਚਣ ਵਾਲਾ ਭੋਜਨ ਖਾਣਾ ਚਾਹੀਦਾ ਹੈ, ਜਿਸ ਵਿਚ ਤਾਜ਼ੇ ਫਲ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਸਾਬਤ ਅਨਾਜ ਨੂੰ ਭਰਪੂਰ ਮਾਤਰਾ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ। ਸ਼ੂਗਰ ਅਤੇ ਪ੍ਰੋਸੈਸਡ ਭੋਜਨ ਤੋਂ ਦੂਰ ਰਹੋ।ਬਲਾਕ ਐਕਸਟੈਨਸ਼ਨ ਐਜੂਕੇਟਰ ਰੋਹਿਤ ਜਿੰਦਲ ਨੇ ਦੱਸਿਆ ਕਿ ਭੋਜਨ ਨੂੰ ਚੰਗੀ ਤਰ੍ਹਾਂ ਚਬਾਉਣ ਨਾਲ ਮੂੰਹ ’ਚ ਜ਼ਰੂਰੀ ਐਨਜ਼ਾਈਮਜ਼ ਸਹੀ ਢੰਗ ਨਾਲ ਨਿਕਲਦੇ ਹਨ, ਜੋ ਪਾਚਨ ਕਿਰਿਆ ਨੂੰ ਠੀਕ ਰੱਖਣ ਵਿਚ ਬਹੁਤ ਫਾਇਦੇਮੰਦ ਹੁੰਦਾ ਹੈ। ਪਾਨ ਮਸਾਲਾ, ਤੰਬਾਕੂ ਅਤੇ ਗੁਟਖਾ ਆਦਿ ਦੇ ਸੇਵਨ ਅਤੇ ਸਿਗਰਟਨੋਸ਼ੀ ਤੋਂ ਬਚਣਾ ਚਾਹੀਦਾ ਹੈ। ਸਾਲ ਵਿਚ ਇੱਕ ਵਾਰ ਦੰਦਾਂ ਦੇ ਡਾਕਟਰ ਨੂੰ ਆਪਣੇ ਮੂੰਹ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਜੇਕਰ ਦੰਦਾਂ ਜਾਂ ਮੂੰਹ ਵਿਚ ਕੋਈ ਸਮੱਸਿਆ ਹੋਵੇ ਤਾਂ ਉਸ ਦਾ ਸਮੇਂ ਸਿਰ ਪਤਾ ਲਗਾਇਆ ਜਾ ਸਕੇ ਅਤੇ ਇਸ ਦਾ ਇਲਾਜ ਕੀਤਾ ਜਾ ਸਕੇ।
ਕਇਆਕਲਪ ਤਹਿਤ ਸਿਹਤ ਮੰਤਰੀ ਪੰਜਾਬ ਨੇ ਸਰਕਾਰੀ ਹਸਪਤਾਲ ਢੁੱਡੀਕੇ ਨੂੰ ਵਧੀਆ ਸੇਵਾਵਾਂ ਲਈ ਦਿੱਤਾ ਇਨਾਮ
ਪੰਜਾਬੀ ਖ਼ਬਰਸਾਰ ਬਿਉਰੋ
ਢੁੱਡੀਕੇ,10 ਅਪ੍ਰੈਲ: ਅੱਜ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਕਮਿਊਨਿਟੀ ਹੈਲਥ ਸੈਂਟਰ ਢੁੱਡੀਕੇ ਨੂੰ ਕਾਇਆਕਲਪ ਪ੍ਰੋਗਰਾਮ ਤਹਿਤ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵੱਲੋੰ ਕਇਆਕਲਪ ਤਹਿਤ ਵਧੀਆ ਸਿਹਤ ਸਹੂਲਤਾਂ ਲਈ ਸਰਕਾਰੀ ਹਸਪਤਾਲ ਢੁੱਡੀਕੇ ਨੂੰ ਸਰਟੀਫਿਕੇਟ ਦਿੱਤਾ ਗਿਆ। ਇਹ ਸਰਟੀਫਿਕੇਟ ਸੀਐਚਸੀ ਢੁੱਡੀਕੇ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਝੱਮਟ ਨੇ ਪ੍ਰਾਪਤ ਕੀਤਾ। ਡਾ. ਸੁਰਿੰਦਰ ਸਿੰਘ ਝੱਮਟ ਨੇ ਕਿਹਾ ਕਿ ਇਹ ਇਨਾਮ ਬਲਾਕ ਢੁੱਡੀਕੇ ਦੇ ਸਮੂਹ ਸਟਾਫ ਵੱਲੋੰ ਦਿਨ ਰਾਤ ਕੀਤੀ ਜਾ ਰਹੀ ਮਿਹਨਤ ਦਾ ਨਤੀਜਾ ਹੈ, ਸੋ ਇਸ ਪੁਰਸਕਾਰ ਦਾ ਅਸਲ ਹੱਕਦਾਰ ਢੁੱਡੀਕੇ ਹਸਪਤਾਲ ਦਾ ਪੂਰਾ ਸਟਾਫ ਜੋ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦਾ ਹੈ। ਉਹਨਾਂ ਕਿਹਾ ਕਿ ਕਇਆਕਲਪ ਤਹਿਤ ਸਰਕਾਰੀ ਹਸਪਤਾਲ ਢੁੱਡੀਕੇ ਨੂੰ ਮਿਲੇ ਇਸ ਮਾਣ ਲਈ ਸਿਵਲ ਸਰਜਨ ਮੋਗਾ, ਜਿਲੇ ਦੇ ਸਮੂਹ ਪ੍ਰੋਗਰਾਮ ਅਫਸਰ, ਕਇਆਕਲਪ ਢੁੱਡੀਕੇ ਨੋਡਲ ਅਫਸਰ ਡਾ. ਵਰੁਣ ਗਰਗ, ਰਿਟਾਇਰਡ ਸੀਨੀਅਰ ਫਾਰਮੇਸੀ ਅਫਸਰ ਰਾਜ ਕੁਮਾਰ, ਸਮੂਹ ਮੈਡੀਕਲ ਅਫਸਰ, ਸਮੂਹ ਫਾਰਮੇਸੀ ਅਫਸਰ, ਦਫਤਰੀ ਸਟਾਫ, ਫੀਲਡ ਸਟਾਫ, ਲੈਬ ਸਟਾਫ, ਓਟ ਸੈੰਟਰ ਸਟਾਫ, ਨਰਸਿੰਗ ਸਟਾਫ, ਵਾਰਡ ਅਟੈਂਡੈਂਟ, ਦਰਜਾਚਾਰ, ਸਫਾਈ ਸੇਵਕ ਤੇ ਸਮਾਜਸੇਵੀ ਸੰਸਥਾਵਾਂ ਵਧਾਈ ਦੇ ਹੱਕਦਾਰ ਹਨ।
ਟੀਐਸਯੂ ਭੰਗਲ ਵੱਲੋਂ ਸਰਕਲ ਦਫ਼ਤਰ ਅੱਗੇ ਧਰਨਾ, ਮਈ ’ਚ ਮੁੱਖ ਦਫਤਰ ਪਟਿਆਲੇ ਵੱਲ ਕੂਚ ਕਰਨ ਐਲਾਨ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 10 ਅਪ੍ਰੈਲ:ਟੈਕਨੀਕਲ ਸਰਵਿਸਜ ਯੂਨੀਅਨ ਭੰਗਲ ਵੱਲੋਂ ਬਠਿੰਡਾ ਵਿਖੇ ਸਰਕਲ ਵਰਕਿੰਗ ਕਮੇਟੀ ਬਠਿੰਡਾ ਦੀ ਅਗਵਾਈ ਚ ਐਸ ਈ ਦਫਤਰ ਬਠਿੰਡਾ ਅੱਗੇ ਸਰਕਲ ਪੱਧਰਾ ਧਰਨਾ ਦਿੱਤਾ ਗਿਆ। ਜਿਸ ਦੀ ਪ੍ਰਧਾਨਗੀ ਸਰਕਲ ਪ੍ਰਧਾਨ ਚੰਦਰ ਪ੍ਰਸ਼ਾਦ ਸ਼ਰਮਾ ਵੱਲੋਂ ਕੀਤੀ ਗਈ। ਇਸ ਮੌਕੇ ਸਰਕਲ ਸੱਕਤਰ ਸਤਵਿੰਦਰ ਸਿੰਘ ਨੇ ਦੱਸਿਆ ਕਿ ਧਰਨੇ ਵਿੱਚ ਪੈਨਸ਼ਨਰ ਐਸੋਸੀਏਸ਼ਨ ਅਜ਼ਾਦ ਦੇ ਪ੍ਰਧਾਨ ਬਲਤੇਜ ਸਿੰਘ ਮੌੜ, ਸਕੱਤਰ ਜਗਤਾਰ ਸਿੰਘ ਬੱਪੀਆਣਾ, ਪਾਵਰਕੌਮ ਐਂਡ ਟਰਾਸਕੋ ਠੇਕਾ ਵਰਕਰ ਯੂਨੀਅਨ ਦੇ ਸਰਕਲ ਮੀਤ ਪ੍ਰਧਾਨ ਚਮਕੌਰ ਸਿੰਘ ਤੇ ਸਕੱਤਰ ਅਮਨਦੀਪ ਸਿੰਘ,ਜਲ ਸਪਲਾਈ ਐਂਡ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਰਜਿਸਟਰਡ ਨੰਬਰ 31 ਦੇ ਸੰਦੀਪ ਖਾਨ, 2004ਤੋ ਐਪ੍ਰਲ 2010 ਗੁਜ਼ਰੇ ਮ੍ਰਿਤਕਾ ਦੇ ਵਾਰਸਾਂ ਵੱਲੋਂ ਅਮਨਦੀਪ ਸਿੰਘ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਥਰਮਲ ਪਲਾਂਟ ਕਨਟੈਕਟ ਵਰਕਰ ਯੂਨੀਅਨ ਲੈਹਰਾ ਮੁਹੱਬਤ ਦੇ ਪ੍ਰਧਾਨ ਜਗਰੂਪ ਸਿੰਘ ਤੇ ਸੱਕਤਰ ਜਗਸੀਰ ਸਿੰਘ ਭੰਗੂ, ਪੀ,ਐਸ਼,ਪੀ, ਸੀ,ਐਲ ਐਂਡ ਪੀ,ਐਸ਼ ਪੀ,ਸੀ,ਐਲ ਕਨਟੈਕਟੁਚਲ ਵਰਕਰ ਯੂਨੀਅਨ ਪੱਛਮ ਜੋਨ ਬਠਿੰਡਾ ਦੇ ਆਗੂ ਗੁਰਵਿੰਦਰ ਸਿੰਘ ਪੰਨੂ, ਖੁਸ਼ਦੀਪ ਸਿੰਘ ਬਠਿੰਡਾ ਤੇ ਗਗਨ ਨਥਾਣਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਮਾਸਟਰ ਸਵੇਕ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਜਗਸੀਰ ਸਿੰਘ ਝੂੰਬਾ, ਪੈਨਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਮਹਿੰਦਰਪਾਲ ਸਿੰਘ ਤੇ ਡਵੀਜਨ ਸੱਕਤਰ ਜਗਜੀਤ ਸਿੰਘ ਮੈਹਤਾਦੀ ਅਗਵਾਈ ਵਿੱਚ ਵੱਡੀ ਗਿਣਤੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਧਰਨੇ ਵਿੱਚ ਸ਼ਾਮਲ ਆਗੂਆਂ ਨੇ ਕਿਹਾ ਕਿ ਸਰਕਾਰਾਂ ਭਾਵੇਂ ਭਰਮ ਤਾਂ ਕਮਾਉ ਲੋਕਾਂ ਵਿੱਚ ਉਨਾਂ ਦੁਆਰਾ ਚੁਣੇ ਜਾਣ ਦਾ ਸਿਰਜਦੀਆਂ ਹਨ,ਪਰ ਹੁਣ ਨੰਗੀ ਚਿੱਟੀ ਸੇਵਾ ਬੁਹਕੌਮੀ ਕੰਪਨੀਆਂ ਦੇ ਮਾਲਕ ਕਾਰਪੋਰੇਟ ਘਰਾਣਿਆਂ ਦੀ ਕਰਦੀਆਂ ਹਨ। ਜਿਸ ਕਾਰਨ ਕਦੇਰ ਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ, ਖੇਤੀ, ਸੇਵਾਵਾਂ ਦਾ ਖੇਤਰ ਤੇ ਪਾਣੀ ਦੇ ਸਰੋਤ ਨਾ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਜੀ-20 ਵਰਗੇ ਸੰਮੇਲਨ ਕਰਕੇ ਦਿੱਤੇ ਜਾ ਰਹੇ ਹਨ, ਇਸ ਦੇ ਨਾਲ ਹੀ ਕਿਰਤ ਕਾਨੂੰਨਾਂ ਚ, ਖੇਤੀ ਕਾਨੂੰਨਾ ਚ, ਬਿਜਲੀ ਖੇਤਰ ਦੇ ਕਾਨੂੰਨਾ ਚ,ਥੋਕ ਪੱਧਰ ਤੇ ਸੋਧਾਂ ਕਰਕੇ ਜ਼ਰੂਰੀ ਸੇਵਾਵਾਂ ਦੇ ਮਹਿਕਮਿਆਂ ਵਿੱਚ ਵੀ, ਜਿੱਥੇ 24ਘੰਟੇ ਕੰਮ ਤੇ ਮੁਲਾਜ਼ਮਾਂ ਦੀ ਲੋੜ ਹੈ,ਕੰਮ ਲਈ ਪੱਕੀ ਭਰਤੀ ਦੀ ਥਾਂ ਠੇਕਾ ਭਰਤੀ ਰਾਹੀਂ ਰੱਖੇ ਕਾਮਿਆਂ ਦੀ 14-14,15-15ਸਾਲਾ ਤੱਕ ਕਿਰਤ ਲੁਟਣ ਉਪਰੰਤ ਵੀ ਉਹਨਾਂ ਨੂੰ ਪੱਕੇ ਕਰਨ ਦੀ ਥਾਂ ਛਾਟੀਆ ਕਰਨ ਵਾਲਾ ਰਾਹ ਅਪਣਾਇਆ ਜਾ ਰਿਹਾ ਹੈ। ਇਸ ਮੌਕੇ ਵਿਸ਼ਾਲ ਇਕੱਠ ਨਾਲ ਮਈ ਮਹੀਨੇ ਦੇ ਦੂਜੇ ਹਫਤੇ ਚ ਪਟਿਆਲੇ ਵੱਲ ਕੂਚ ਕਰਨ ਦਾ ਐਲਾਨ ਕੀਤਾ।





