ਸੁਖਜਿੰਦਰ ਮਾਨ
ਬਠਿੰਡਾ, 7 ਅਪ੍ਰੈਲ : ਕਾਂਗਰਸ ਪਾਰਟੀ ਵਲੋਂ ਸੀਨੀਅਰ ਆਗੂ ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਕਰਾਰ ਦੇਣ ਦੇ ਮਾਮਲੇ ਵਿਚ ਮੋਦੀ ਸਰਕਾਰ ਵਿਰੁਧ ਵਿੱਢੀ ਸੰਵਿਧਾਨ ਬਚਾਓ ਮੁਹਿੰਮ ਤਹਿਤ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁਧ ਜਾਗਰੂਕਤਾ ਮੁਹਿੰਮ ਪੂਰੇ ਜੋਰਾਂ-ਸੋਰਾਂ ਨਾਲ ਜਾਰੀ ਹੈ। ਇਸ ਮੁਹਿੰਮ ਤਹਿਤ ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਵਤਾਰ ਸਿੰਘ ਗੋਨਿਆਣਾ ਦੀ ਅਗਵਾਈ ਹੇਠ ਵੱਖ ਵੱਖ ਥਾਵਾਂ ‘ਤੇ ਮੀਟਿੰਗਾਂ ਕੀਤੀਆਂ ਗਈਆਂ, ਜਿਸ ਵਿਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਡਾਨੀ ਦੇ ਮਾਮਲੇ ਵਿਚ ਦੇਸ ਨੂੰ ਜਵਾਬ ਦੇਣ ਦੀ ਬਜਾਏ ਵਿਰੋਧੀਆਂ ਦੀ ਜਬਾਨ ਬੰਦ ਕਰਨ ਨੂੰ ਮੋਦੀ ਸਰਕਾਰ ਤਰਜੀਹ ਦੇ ਰਹੀ ਹੈ। ਜਿਸਦੇ ਚੱਲਦੇ ਮਾਣਹਾਣੀ ਦੇ ਇੱਕ ਝੂਠੇ ਕੇਸ ਦੇ ਬਹਾਨੇ ਰਾਹੁਲ ਗਾਂਧੀ ਨੂੰ ਦੋ ਸਾਲ ਦੀ ਸਜ਼ਾ ਕਰਵਾਈ ਗਈ ਤੇ ਉਸਤੋਂ ਬਾਅਦ ਆਨਨ-ਫ਼ਾਨਨ ਉਸਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ। ਕਾਂਗਰਸੀ ਆਗੂ ਨੇ ਕਿਹਾ ਕਿ ਪੰਜਾਬ ਕਾਂਗਰਸ ਵਲੋਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕੇਂਦਰ ਦੀ ਇਸ ਧੱਕੇਸ਼ਾਹੀ ਵਿਰੁਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਕੁਲਵੰਤ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਤੇਜਾ ਸਿੰਘ ਦੰਦੀਵਾਲ ,ਗੁਰਦੀਪ ਸਿੰਘ ਭੋਖੜਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਰਣਜੀਤ ਸਿੰਘ ਡੈਲੀਗੇਟ, ਕੁਲਦੀਪ ਸਿੰਘ ਦਾਨ ਸਿੰਘ ਵਾਲਾ ਪ੍ਰਧਾਨ ਮਾਰਕੀਟਿੰਗ ਸੋਸਾਇਟੀ,ਜੋਗਿੰਦਰ ਸਿੰਘ ਸਰਪੰਚ,ਮਹਾਸ਼ਾ ਸਿੰਘ ਸਰਪੰਚ,ਹਰਕਰਨ ਸਿੰਘ ਨੰਬਰਦਾਰ, ਜਸਪਾਲ ਸਿੰਘ ਅਬਲੂ,ਗੁਰਜੰਟ ਸਿੰਘ ਸਰਪੰਚ,ਜਸਵੀਰ ਸਿੰਘ ਸਰਪੰਚ, ਸੁਖਦੇਵ ਸਿੰਘ ਪ੍ਰਧਾਨ ਸੇਵਾ ਸੰਭਾਲ ਕਮੇਟੀ ਹਾਜ਼ਰ ਸਨ।
ਸੰਵਿਧਾਨ ਬਚਾਉ ਮੁਹਿੰਮ ਤਹਿਤ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਧੱਕੇਸ਼ਾਹੀਆਂ ਵਿਰੁਧ ਡਟਣ ਦੀ ਕੀਤੀ ਅਪੀਲ
ਭਾਰੀ ਮਾਤਰਾ ’ਚ ਹੈਰੋਇਨ ਸਹਿਤ ਅੱਧੀ ਦਰਜ਼ਨ ਵਿਅਕਤੀ ਕਾਬੂ
ਸੁਖਜਿੰਦਰ ਮਾਨ
ਬਠਿੰਡਾ, 7 ਅਪ੍ਰੈਲ : ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਦੇ ਖ਼ਾਤਮੇ ਵਿਰੁਧ ਵਿੱਢੀ ਮੁਹਿੰਮ ਤਹਿਤ ਪਿਛਲੇ 24 ਘੰਟਿਆਂ ਦੌਰਾਨ ਵੱਖ ਵੱਖ ਥਾਣਿਅ ਦੀ ਪੁਲਿਸ ਵਲੋਂ ਭਾਰੀ ਮਾਤਰਾ ’ਚ ਹੈਰੋਇਨ ਸਹਿਤ ਅੱਧੀ ਦਰਜ਼ਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਥਾਣਾ ਸਦਰ ਬਠਿੰਡਾ ਦੀ ਪੁਲਿਸ ਵਲੋਂ ਮੁਕੱਦਮਾ ਨੰਬਰ 39 ਮਿਤੀ 06.4.2023 ਅ/ਧ 21ਬੀ/61/85 ਐੱਨ.ਡੀ.ਪੀ.ਐੱਸ ਐਕਟ ਦਰਜ਼ ਕਰਕੇ ਗੁਰਪ੍ਰੀਤ ਸਿੰਘ ਵਾਸੀ ਬਸਤੀ ਨੰਬਰ 3 ਬੀੜ ਤਲਾਬ, ਜਗਸੀਰ ਸਿੰਘ ਉਰਫ ਜੱਗੀ ਵਾਸੀ ਬਸਤੀ ਨੰਬਰ 2 ਬੀੜ ਤਲਾਬ ਅਤੇ ਗੁਰਜੰਟ ਸਿੰਘ ਵਾਸੀ ਪਿੰਡ ਰਾਈਆ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ ਇੱਕ ਮੋਟਰ ਸਾਇਕਲ ਨੰ.ਪੀ.ਬੀ.03ਏ-6528 ਸਹਿਤ 15 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਦੂਜੇ ਮੁਕੱਦਮੇ ਵਿਚ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਸੋਨੂੰ ਕੁਮਾਰ ਉਰਫ ਭੋਲਾ ਵਾਸੀ ਗਲੀ ਨੰਬਰ 03 ਦਸਮੇਸ਼ ਨਗਰ ਰਾਮਪੁਰਾ ਮੰਡੀ ਨੂੰ ਗ੍ਰਿਫਤਾਰ ਕਰਕੇ ਉਸਦੇ ਕੋਲੋ 30 ਗ੍ਰਾਮ ਹੈਰੋਇਨ ਅਤੇ 12000 ਦੀ ਨਗਦੀ, ਇੱਕ ਮੋਬਾਇਲ ਫੋਨ ਬਰਾਮਦ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀ ਵਿਰੁਧ ਅ/ਧ 21ਬੀ/61/85 ਐੱਨ.ਡੀ.ਪੀ.ਐੱਸ ਐਕਟ ਦਰਜ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿਚ ਥਾਣਾ ਰਾਮਾਂ ਦੀ ਪੁਲਿਸ ਨੇ ਮੁਕੱਦਮਾ ਨੰਬਰ 42 ਮਿਤੀ 06.4.2023 ਅ/ਧ 21ਬੀ/61/85 ਐੱਨ.ਡੀ.ਪੀ.ਐੱਸ ਐਕਟ ਦਰਜ਼ ਕਰਕੇ ਮਲਕੀਤ ਸਿੰਘ ਅਤੇ ਨਿਸ਼ਾਨ ਸਿੰਘ ਵਾਸੀ ਸੇਖੂ ਨੂੰ ਪਲਟੀਨਾ ਮੋਟਰਸਾਇਕਲ ਉਪਰ ਕਾਬੂ ਕਰਕੇ 06 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆਂ ਕੋਲੋ ਪੁਛਗਿਛ ਕੀਤੀ ਜਾ ਰਹੀ ਹੈ ਕਿ ਉਹ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸਨ ਅਤੇ ਅੱਗੇ ਕਿੱਥੇ ਸਪਲਾਈ ਕਰਦੇ ਸਨ।
ਐਸ. ਐਸ. ਡੀ. ਗਰਲਜ਼ ਕਾਲਜ ਦਾ ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਦਾ ਸਮਾਪਤੀ ਸਮਾਰੋਹ
ਸੁਖਜਿੰਦਰ ਮਾਨ
ਬਠਿੰਡਾ, 7 ਅਪ੍ਰੈਲ :ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰਾਂ ਡਾ. ਸਿਮਰਜੀਤ ਕੌਰ, ਮੈਡਮ ਗੁਰਮਿੰਦਰ ਜੀਤ ਕੌਰ ਦੀ ਰਹਿਨੁਮਾਈ ਹੇਠ “ਅਜ਼ਾਦੀ ਦਾ 75ਵਾਂ ਅੰਮ੍ਰਿਤ ਮਹਾਂ ਉਤਸਵ” ਮੁਹਿੰਮ ਅਧੀਨ “ਸਵੱਛ ਭਾਰਤ ਸਵੱਸਥ ਭਾਰਤ” ਮਿਸ਼ਨ ਤਹਿਤ ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਅਭੈ ਸਿੰਗਲਾ (ਐਸ. ਐਸ. ਡੀ. ਸਭਾ ਪ੍ਰਧਾਨ), ਸ਼੍ਰੀ ਅਨਿਲ ਗੁਪਤਾ (ਜਨਰਲ ਸਕੱਤਰ ਐਸ. ਐਸ. ਡੀ ਸਭਾ) , ਸ਼੍ਰੀ ਸੰਜੈ ਗੋਇਲ (ਪ੍ਰਧਾਨ, ਐਸ. ਐਸ. ਡੀ. ਗਰਲਜ਼ ਕਾਲਜ) ਅਤੇ ਸ਼੍ਰੀ ਦੁਰਗੇਸ਼ ਜਿੰਦਲ (ਜਰਨਲ ਸਕੱਤਰ ਬੀ. ਐੱਡ ਕਾਲਜ) ਰਹੇ । ਕੈਂਪ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕਰਦੇ ਹੋਏ ਐਨ. ਐਸ. ਐਸ ਪ੍ਰਾਰਥਣਾ ਤੋਂ ਬਾਅਦ ਵਲੰਟੀਅਰ ਖੁਸ਼ਮਨੀ ਕੌਰ ਨੇ ਪਿਛਲੇ ਛੇ ਦਿਨਾਂ ਦੀ ਰਿਪੋਰਟ ਦੀ ਪੇਸ਼ਕਾਰੀ ਕੀਤੀ । ਵਲੰਟੀਅਰਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਅਵਨੀ ਨੇ ‘ਕਰ ਹਰ ਮੈਦਾਨ ਫਤਹਿ’ ਗੀਤ, ਕੋਮਲ ਨੇ ‘ਮਾਂ ਬਾਪ’ ਕਵਿਤਾ, ਅਵਨੀ ਐਂਡ ਗਰੁੱਪ ਨੇ ‘ਅੱਖਰ’ ਗੀਤ, ਨੀਕਿਤਾ ਵੱਲੋਂ ‘ਹਮ ਯੁਵਾ ਹੈਂ ਨਯੇ ਭਾਰਤ ਕੇ’ ਕਵਿਤਾ, ਨਿਹਾਰੀਕਾ ਵੱਲੋਂ ਐਨ. ਐਸ. ਐਸ. ਤੇ ਕਵਿਤਾ, ਵਰਿੰਦਰਪਾਲ ਕੌਰ ਵੱਲੋਂ ਮਿਹਨਤ ਵਿਸ਼ੇ ਤੇ ਕਹਾਣੀ, ਮਨਪ੍ਰੀਤ ਕੌਰ ਵੱਲੋਂ ਗੀਤ, ਸੋਮਵੀਰ ਵੱਲੋਂ ਮਾਂ ਕਵਿਤਾ, ਸਮਰਿਧੀ, ਰਿਤੂ ਤੇ ਜੋਤੀ ਰਾਣੀ ਵੱਲੋਂ ਡਾਂਸ ਅਤੇ ਅਵਨੀਤ ਐਂਡ ਗਰੁੱਪ ਵੱਲੋਂ ਭੰਗੜਾ ਪੇਸ਼ ਕੀਤਾ ਗਿਆ ।ਵਲੰਟੀਅਰਾਂ ਨੂੰ ਵੱਖ-ਵੱਖ ਡਿਊਟੀਆਂ ਜਿਵੇਂ ਕਿ ਬਿਰਧ ਆਸ਼ਰਮ ਵਿੱਚ ਬਜੁਰਗਾਂ ਦੇ ਨਹੁੰ ਕੱਟਣ ਅਤੇ ਵਾਲ ਸੰਵਾਰਣ ਵਾਲਿਆਂ ਨੂੰ , ਸੱਤ ਰੋਜ਼ਾ ਕੈਂਪ ਵਿੱਚ ਤਨਦੇਹੀ ਨਾਲ ਕੰਮ ਕਰਨ ਵਾਲੇ, ਕਾਲਜ ਕੈਂਪਸ ਵਿਖੇ ਸਫਾਈ ਕਰਨ ਵਾਲੇ ਅਤੇ ਕਾਰਨੀਵਲ-2023 ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਮੱਲਾਂ ਮਾਰਨ ਵਾਲਿਆਂ, ਪਹਿਲੀ ਵਾਰੀ ਸਟੇਜ਼ ਤੇ ਪੇਸ਼ਕਾਰੀ ਦੇਣ ਵਾਲਿਆਂ ਅਤੇ ਵੇਸਟ ਮਟੀਰੀਅਲ ਤੋਂ ਬਣੀਆਂ ਵਸਤੂਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਲੰਟੀਅਰਾਂ, ਫੋਟੋਗਰਾਫੀ ਅਤੇ ਮੰਨੋਰੰਜਨ ਕਰਨ ਵਾਲੇ ਵਲੰਟੀਅਰਾਂ ਤੋਂ ਇਲਾਵਾ ਤਿੰਨ ਬੈਸਟ ਵਲੰਟੀਅਰਾਂ ਨੂੰ ਇਨਾਮ ਦੇ ਕੇ ਕਾਰਜਕਾਰੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ।ਮੰਚ ਦਾ ਸੰਚਾਲਨ ਡਾ. ਸਿਮਰਜੀਤ ਕੌਰ ਐਨ. ਐਸ.ਐਸ. ਪ੍ਰੋਗਰਾਮ ਅਫ਼ਸਰ ਵੱਲੋਂ ਕੀਤਾ ਗਿਆ । ਸਮਾਰੋਹ ਵਿੱਚ ਸ਼ਾਮਿਲ ਮਹਿਮਾਨਾਂ ਦਾ ਧੰਨਵਾਦ ਐਨ. ਐਸ.ਐਸ. ਪ੍ਰੋਗਰਾਮ ਅਫ਼ਸਰ ਮੈਡਮ ਗੁਰਮਿੰਦਰ ਜੀਤ ਕੌਰ ਵੱਲੋਂ ਕੀਤਾ ਗਿਆ । ਕਾਲਜ ਪ੍ਰਧਾਨ ਸ਼੍ਰੀ ਸੰਜੈ ਗੋਇਲ ਅਤੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਵੱਲੋਂ ਐਨ. ਐਸ.ਐਸ. ਪ੍ਰੋਗਰਾਮ ਅਫ਼ਸਰਾਂ ਅਤੇ ਐਨ. ਐਸ.ਐਸ. ਵਲੰਟੀਅਰਾਂ ਨੂੰ ਸੱਤ ਰੋਜ਼ਾ ਐਨ. ਐਸ.ਐਸ. ਕੈਂਪ ਦੇ ਸਫਲਤਾਪੂਰਵਕ ਨੇਪਰੇ ਚੜ੍ਹਨ ਤੇ ਵਧਾਈ ਦਿੱਤੀ ਗਈ ।
ਪੰਜਾਬ ਵੱਲੋਂ ਵਿੱਤੀ ਸਾਲ 2022-23 ਦੌਰਾਨ ਆਬਕਾਰੀ ਤੋਂ ਮਾਲੀਏ ਵਿੱਚ 2587 ਕਰੋੜ (41.41 ਫੀਸਦੀ) ਦਾ ਮਿਸਾਲੀ ਵਾਧਾ ਦਰਜ : ਚੀਮਾ
ਵਿੱਤੀ ਸਾਲ 2021-22 ਦੌਰਾਨ 6254.74 ਕਰੋੜ ਰੁਪਏ ਦੇ ਮੁਕਾਬਲਤਨ ਸਾਲ 2022-2023 ਦੌਰਾਨ 8841.4 ਕਰੋੜ ਰੁਪਏ ਹੋਏ ਇਕੱਤਰ
ਸੂਬੇ ਵਿੱਚੋਂ ਨਾਜਾਇਜ਼ ਸ਼ਰਾਬ ਦੀ ਤਸਕਰੀ ਵਿੱਚ ਸ਼ਾਮਲ ਸ਼ਰਾਬ ਮਾਫੀਆ ਨੂੰ ਜੜੋਂ ਪੁੱਟਣ ਲਈ 6317 ਐਫਆਈਆਰਜ਼ ਦਰਜ
ਸਾਲ 2023-24 ਦੌਰਾਨ 9754 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਕੀਤਾ ਨਿਰਧਾਰਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 06 ਅਪ੍ਰੈਲ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਪੰਜਾਬ ਦੇ ਆਬਕਾਰੀ ਵਿਭਾਗ ਨੇ ਵਿੱਤੀ ਸਾਲ 2021-2022 ਦੇ ਮੁਕਾਬਲੇ ਵਿੱਤੀ ਸਾਲ 2022-23 ਦੌਰਾਨ ਮਾਲੀਏ ਵਿੱਚ ਇਤਿਹਾਸਕ 2587 ਕਰੋੜ ਰੁਪਏ (41.41 ਫੀਸਦ) ਵਾਧਾ ਦਰਜ ਕੀਤਾ ਹੈ। ਉਨਾਂ ਕਿਹਾ ਕਿ ਆਬਕਾਰੀ ਵਿਭਾਗ ਨੇ ਵਿੱਤੀ ਸਾਲ 2021-22 ਦੌਰਾਨ 6254.74 ਕਰੋੜ ਰੁਪਏ ਦੇ ਨਿਸਬਤ ਸਾਲ 2022-2023 ਦੌਰਾਨ ਸ਼ਰਾਬ ਦੀ ਵਿਕਰੀ ਤੋਂ 8841.4 ਕਰੋੜ ਰੁਪਏ ਦਾ ਮਾਲੀਆ ਇਕੱਤਰ ਕੀਤਾ।ਇੱਥੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 41.41 ਫੀਸਦੀ ਦੀ ਰਿਕਾਰਡ ਵਿਕਾਸ ਦਰ ਨਵੀਂ ਆਬਕਾਰੀ ਨੀਤੀ ਨੂੰ ਸਮਰਪਿਤ ਕੀਤੀ । ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਸੂਬੇ ਵਿੱਚ ਆਬਕਾਰੀ ਉਗਰਾਹੀ ਵਿੱਚ ਮਾਲੀਏ ਦਾ ਬਹੁਤ ਘੱਟ ਵਾਧਾ ਦਰਜ ਕੀਤਾ ਗਿਆ ਸੀ ਅਤੇ ਕਈ ਵਾਰ ਸੂਬੇ ਵਿੱਚ ਆਬਕਾਰੀ ਉਗਰਾਹੀ ਵਿੱਚ ਨਾਂਹ-ਪੱਖੀ ਘਾਟਾ ਵੀ ਦੇਖਿਆ ਗਿਆ । ਅੰਕੜੇ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਵਿੱਤੀ ਸਾਲ 2021-22 ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 6254.74 ਕਰੋੜ ਰੁਪਏ ਦੀ ਉਗਰਾਹੀ ਦੇ ਨਾਲ -1.2 ਫੀਸਦੀ ਦੀ ਨਕਾਰਾਤਮਕ ਵਾਧਾ ਦਰ ਰਿਕਾਰਡ ਕੀਤੀ ਗਈ ਸੀ। ਸਾਲ 2020-21 ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ 6335 ਕਰੋੜ ਦੇ ਅੰਕੜੇ ਦੇ ਨਾਲ 23.7% ਦਾ ਵਾਧਾ ਹੋਇਆ ਹੈ। ਪਰ 2019-20 ਵਿੱਚ 5117 ਕਰੋੜ ਰੁਪਏ ਦੀ ਵਸੂਲੀ ਨਾਲ -0.7 ਫੀਸਦ ਦਾ ਨਕਾਰਾਤਮਕ ਵਾਧਾ ਦਰਜ ਕੀਤਾ ਗਿਆ ਸੀ, 2018-19 ਵਿੱਚ 5155.86 ਕਰੋੜ ਦੀ ਇਕੱਤਰਤਾ ਨਾਲ .33 ਪ੍ਰਤੀਸਤ ਵਾਧਾ ਹੋਇਆ ਸੀ । ਇਸੇ ਤਰਾਂ 2017-18 ਵਿੱਚ 5139 ਕਰੋੜ ਦੀ ਵਸੂਲੀ ਦੇ ਨਾਲ 16.6 ਪ੍ਰਤੀਸਤ ਵਾਧਾ ਅਤੇ 2016-17 ਵਿੱਚ ਪਿਛਲੇ ਸਾਲਾਂ ਦੇ ਸਬੰਧ ਵਿੱਚ 4406 ਕਰੋੜ ਦੀ ਉਗਰਾਹੀ ਨਾਲ ਫੇਰ ਨਕਾਰਾਤਮਕ -8.15 ਪ੍ਰਤੀਸ਼ਤ ਵਾਧਾ ਦੇਖਿਆ ਗਿਆ ਸੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਡਵੋਕੇਟ ਚੀਮਾ ਨੇ ਦੱਸਿਆ ਕਿ ਆਬਕਾਰੀ ਵਿਭਾਗ ਨੇ ਸਾਲ 2023-24 ਲਈ ਰਿਟੇਲ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਵੀ ਸਫਲਤਾਪੂਰਵਕ ਮੁਕੰਮਲ ਕਰ ਲਈ ਹੈ। ਵਿੱਤ ਮੰਤਰੀ ਨੇ ਕਿਹਾ ਕਿ 171 ਆਬਕਾਰੀ ਸਮੂਹਾਂ ਦੀ ਅਲਾਟਮੈਂਟ ਸਬੰਧੀ ਪ੍ਰਕਿਰਿਆ 11 ਮਾਰਚ, 2023 ਨੂੰ ਆਰੰਭੀ ਗਈ ਸੀ ਜੋ ਕਿ 31 ਮਾਰਚ 2023 ਨੂੰ ਸਫਲਤਾਪੂਰਵਕ ਮੁਕੰਮਲ ਹੋ ਗਈ ਹੈ। ਉਨਾਂ ਕਿਹਾ ਕਿ ਵਿਭਾਗ ਨੇ 7989 ਕਰੋੜ ਰੁਪਏ ਦੀ ਡਿਸਕਵਰਡ ਲਾਇਸੈਂਸ ਫੀਸ ਦੇ ਨਿਰਧਾਰਤ ਟੀਚੇ ਨੂੰ ਪਾਰ ਕਰ ਲਿਆ ਹੈ ਅਤੇ ਵਿੱਤੀ ਸਾਲ 2023-24 ਲਈ 8007.45 ਕਰੋੜ ਰੁਪਏ ਦੀ ਡਿਸਕਵਰਡ ਲਾਇਸੈਂਸ ਫੀਸ ਦੀ ਰਕਮ ਪ੍ਰਾਪਤ ਕਰ ਲਈ ਹੈ। ਉਨਾਂ ਕਿਹਾ ਕਿ ਆਬਕਾਰੀ ਵਿਭਾਗ ਨੇ ਸਾਲ 2023-24 ਲਈ ਕੁੱਲ 9754 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ ਪਰ ਉਨਾਂ ਨੂੰ ਭਰੋਸਾ ਹੈ ਕਿ ਵਿਭਾਗ 2023-24 ਲਈ ਕੁੱਲ 10,000 ਕਰੋੜ ਦਾ ਅੰਕੜਾ ਆਸਾਨੀ ਨਾਲ ਪਾਰ ਕਰ ਲਵੇਗਾ।ਇਨਫੋਰਸਮੈਂਟ ਗਤੀਵਿਧੀਆਂ ਸਬੰਧੀ ਮੀਡੀਆ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਆਬਕਾਰੀ ਵਿਭਾਗ ਵੱਲੋਂ ਤਕਨਾਲੋਜੀ ਦੀ ਵਰਤੋਂ ਅਤੇ ਸਿਵਲ ਤੇ ਪੁਲਿਸ ਅਧਿਕਾਰੀਆਂ ਦੇ ਸੁਚੱਜੇ ਤਾਲਮੇਲ ਨਾਲ ਇੱਕ ਪ੍ਰਭਾਵਸ਼ਾਲੀ ਇਨਫੋਰਸਮੈਂਟ ਮੁਹਿੰਮ ਲਗਾਤਾਰ ਕਾਰਜਸ਼ੀਲ ਹੈ। ਉਨਾਂ ਦੱਸਿਆ ਕਿ 1 ਅਪ੍ਰੈਲ 2022 ਤੋਂ 8 ਫਰਵਰੀ 2023 ਤੱਕ ਵਿਭਾਗ ਵੱਲੋਂ ਕੁੱਲ 6317 ਐਫ.ਆਈ.ਆਰਜ਼. ਦਰਜ ਕੀਤੀਆਂ ਗਈਆਂ ਹਨ, 6114 ਗਿ?ਰਫ਼ਤਾਰੀਆਂ ਕੀਤੀਆਂ ਗਈਆਂ ਹਨ, 1,48,693 ਲੀਟਰ ਨਾਜਾਇਜ ਸ਼ਰਾਬ ਜ਼ਬਤ ਕੀਤੀ ਗਈ, 5,06,607 ਲੀਟਰ ਲਾਹਣ ਬਰਾਮਦ ਕਰਕੇ ਨਸ਼ਟ ਕੀਤਾ ਗਿਆ, 1,74,468 ਲੀਟਰ ਪੀ.ਐੱਮ.ਐੱਲ./ਆਈ.ਐੱਮ.ਐੱਫ.ਐੱਲ./ਬੀਅਰ/ਸਪਿਰਿਟ ਜ਼ਬਤ ਕੀਤਾ ਗਿਆ, 71476 ਲੀਟਰ ਈ.ਐੱਨ.ਏ. ਬਰਾਮਦ ਕੀਤਾ ਗਿਆ, 308 ਵਰਕਿੰਗ ਸਟਿੱਲਸ (ਭੱਠੀਆਂ) ਨੂੰ ਪਤਾ ਲਗਾ ਕੇ ਨਸ਼ਟ ਕੀਤਾ ਗਿਆ ਅਤੇ ਸ਼ਰਾਬ ਦੀ ਤਸਕਰੀ ਕਰਨ ਵਾਲੇ 592 ਵਾਹਨ ਜ਼ਬਤ ਕੀਤੇ ਗਏ। ਉਨਾਂ ਕਿਹਾ ਕਿ ਦੂਰ-ਦਰਾਡੇ ਦੇ ਨਾ-ਪਹੁੰਚਯੋਗ ਇਲਾਕਿਆਂ, ਜਿੱਥੇ ਨਜਾਇਜ਼ ਸ਼ਰਾਬ ਕੱਢੀ ਜਾਂਦੀ ਹੈ , ਦੀ ਪੁਖਤਾ ਨਿਸ਼ਾਦੇਹੀ ਲਈ ਡਰੋਨ ਤਕਨਾਲੋਜੀ ਵੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜ਼ਬਤ ਕੀਤੀ ਸ਼ਰਾਬ ਦੀ ਡਿਗਰੀ ਮਾਪਣ ਹਿਤ ਹੈਂਡ-ਹੈਲਥ ਮਾਨੀਟਰਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਨਿਰਮਾਤਾ ਤੋਂ ਥੋਕ ਅਤੇ ਪ੍ਰਚੂਨ ਵਿਕਰੇਤਾ ਤੱਕ ਸ਼ਰਾਬ ਦੀ ਆਵਾਜਾਈ ਨੂੰ ਟਰੈਕ ਅਤੇ ਟਰੇਸ ਕਰਨ ਲਈ ਇੱਕ ਟਰੈਕ ਐਂਡ ਟਰੇਸ ਪ੍ਰੋਗਰਾਮ ਲਾਗੂ ਕੀਤਾ ਗਿਆ ਹੈ। ਇਸ ਨਾਲ ਵਿਭਾਗ ਦੇ ਅਧਿਕਾਰੀ ਪ੍ਰਚੂਨ ਪੱਧਰ ਤੱਕ ਲਾਇਸੰਸਧਾਰਕਾਂ ਦੀਆਂ ਸ਼ਰਾਬ ਅਤੇ ਸਟਾਕ ਵਸਤੂਆਂ ਦੀ ਆਵਾਜਾਈ ’ਤੇ ਨਜ਼ਰ ਰੱਖਣ ਦੇ ਯੋਗ ਹੋ ਗਏ ਹਨ।ਉਨ੍ਹਾਂ ਕਿਹਾ ਕਿ ਟਰੈਕ ਐਂਡ ਟਰੇਸ ਪ੍ਰੋਜੈਕਟ ਦੇ ਤਹਿਤ, ਪੰਜਾਬ ਰਾਜ ਵਿੱਚ ਆਬਕਾਰੀ ਕਿਊ.ਆਰ ਕੋਡ ਲੇਬਲ ਵੈਰੀਫਿਕੇਸ਼ਨ ਸਿਟੀਜ਼ਨ ਐਪ ਵੀ ਲਾਂਚ ਕੀਤੀ ਗਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਜਾਬ ਰਾਜ ਵਿੱਚ ਕੋਈ ਵੀ ਨਕਲੀ/ਨੋਨ-ਡਿਊਟੀ ਭੁਗਤਾਨ ਵਾਲੀ ਸ਼ਰਾਬ ਦੀ ਵਿਕਰੀ ਨਾ ਹੋ ਸਕੇ। ਇਹ ਮੋਬਾਈਲ ਐਪ ਸਾਰੇ ਐਂਡਰੌਇਡ ਫੋਨਾਂ ਦੇ ਨਾਲ-ਨਾਲ ਆਈਓਐਸ ਦੁਆਰਾ ਸੰਚਾਲਿਤ ਮੋਬਾਈਲ ਫੋਨਾਂ ਵਿੱਚ ਕੰਮ ਕਰਦਾ ਹੈ।ਡਿਸਟਿਲਰੀਆਂ ਦੀ ਚੈਕਿੰਗ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਸ. ਚੀਮਾ ਨੇ ਕਿਹਾ ਕਿ ਯੂਨਿਟਾਂ ਵਿੱਚ ਸ਼ਰਾਬ ਦੇ ਉਤਪਾਦਨ ‘ਤੇ ਨਜਰ ਰੱਖਣ ਲਈ ਮਾਸ ਫਲੋ ਮੀਟਰ ਲਗਾਏ ਗਏ ਹਨ। ਡਿਸਟਿਲਰੀਆਂ ਤੋਂ ਸ਼ਰਾਬ ਦੇ ਉਤਪਾਦਨ ਅਤੇ ਪ੍ਰਵਾਹ ’ਤੇ ਨਜ਼ਰ ਰੱਖਣ ਲਈ ਆਬਕਾਰੀ ਭਵਨ ਵਿਖੇ ਸੂਚਨਾ ਤਕਨਾਲੋਜੀ ਦਾ ਮਜ਼ਬੂਤ ਬੁਨਿਆਦੀ ਢਾਂਚਾ ਅਤੇ ਔਨਲਾਈਨ ਰਿਮੋਟ ਨਿਗਰਾਨੀ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਨਵੀਂ ਆਬਕਾਰੀ ਨੀਤੀ ਵਿਆਪਕ ਨਿਗਰਾਨੀ ਅਤੇ ਨਵੇਂ ਤਕਨੀਕੀ ਉਪਾਵਾਂ ਦੀ ਮਦਦ ਨਾਲ ਗੁਆਂਢੀ ਰਾਜਾਂ ਤੋਂ ਸ਼ਰਾਬ ਦੀ ਤਸਕਰੀ ’ਤੇ ਸਖ਼ਤ ਰੋਕ ਲਗਾਉਣ ‘ਤੇ ਵੀ ਕੇਂਦ੍ਰਿਤ ਹੈ।ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸ਼ਰਾਬ ਮਾਫੀਆ ਨੂੰ ਜੜ੍ਹੋਂ ਪੁੱਟਣ ਦੇ ਨਾਲ-ਨਾਲ ਸੂਬੇ ਦੇ ਆਬਕਾਰੀ ਮਾਲੀਏ ਵਿੱਚ ਵਾਧਾ ਕਰਨ ਲਈ ਕਈ ਉਪਰਾਲੇ ਕੀਤੇ ਹਨ ਤਾਂ ਜੋ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਜਾ ਸਕੇ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਕਮਿਸ਼ਨਰ (ਕਰ) ਵਿਕਾਸ ਪ੍ਰਤਾਪ ਅਤੇ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਵੀ ਹਾਜ਼ਰ ਸਨ।
ਪੰਜਾਬ ਵੱਲੋਂ ਲਾਗੂ ਕੀਤਾ ਜਾਣ ਵਾਲਾ ਪੈਨਸ਼ਨ ਮਾਡਲ ਹੋਰਨਾਂ ਸੂਬਿਆਂ ਲਈ ਮਿਸਾਲ ਕਾਇਮ ਕਰੇਗਾ: ਚੀਮਾ
ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨਾਲ ਕੀਤੀਆਂ ਮੀਟਿੰਗਾਂ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 06 ਅਪ੍ਰੈਲ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਲਈ ਸਟੈਂਡਰਡ ਆਪਰੇਟਿੰਗ ਸਿਸਟਮ ਤਿਆਰ ਕਰਨ ਵਾਸਤੇ ਗਠਿਤ ਕੀਤੀ ਕੈਬਨਿਟ ਸਬ-ਕਮੇਟੀ ਅਤੇ ਅਧਿਕਾਰੀਆਂ ਦੀ ਸਬ-ਕਮੇਟੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਅਜਿਹਾ ਸ਼ਾਨਦਾਰ ਪੈਨਸ਼ਨ ਮਾਡਲ ਪੇਸ਼ ਕਰੇਗੀ ਜਿਸ ਨੂੰ ਦੂਜੇ ਸੂਬਿਆਂ ਦੀਆਂ ਸਰਕਾਰਾਂ ਵੀ ਲਾਗੂ ਕਰਨਗੀਆਂ।ਇੱਥੇ ਪੰਜਾਬ ਭਵਨ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨਾਲ ਮੀਟਿੰਗ ਦੌਰਾਨ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕੈਬਨਿਟ ਸਬ-ਕਮੇਟੀ ਅਤੇ ਮੁੱਖ ਸਕੱਤਰ ਦੀ ਅਗਵਾਈ ਵਾਲੀ ਸਬ-ਕਮੇਟੀ ਵੱਲੋਂ ਅਜਿਹਾ ਪੈਨਸ਼ਨ ਮਾਡਲ ਤਿਆਰ ਕਰਨ ਲਈ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਹੜਾ ਤਰਕਸੰਗਤ ਹੋਣ ਦੇ ਨਾਲ- ਨਾਲ ਪੰਜਾਬ ਸਰਕਾਰ ਦੇ ਕਰਮਚਾਰੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੀਟਿੰਗਾਂ ਦੌਰਾਨ ਹੋਰਨਾਂ ਸੂਬਿਆਂ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਅਪਣਾਈਆਂ ਗਈਆਂ ਪ੍ਰਕਿਰਿਆਵਾਂ ਦਾ ਅਧਿਐਨ ਵੀ ਕੀਤਾ ਜਾ ਰਿਹਾ ਹੈ।ਮੀਟਿੰਗ ਦੌਰਾਨ ਸੰਘਰਸ਼ ਕਮੇਟੀ ਵੱਲੋਂ ਦਿੱਤੇ ਗਏ ਸੁਝਾਵਾਂ ਦਾ ਸੁਆਗਤ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਉਹ ਇਨ੍ਹਾਂ ਸੁਝਾਵਾਂ ਨੂੰ ਕੈਬਨਿਟ ਸਬ-ਕਮੇਟੀ ਦੀ ਅਗਲੀ ਮੀਟਿੰਗ ਦੌਰਾਨ ਰੱਖਣਗੇ ਤਾਂ ਜੋ ਇਸ ਸਬੰਧੀ ਲੋੜੀਂਦਾ ਫੈਸਲਾ ਜਲਦੀ ਤੋਂ ਜਲਦੀ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦਾ ਵਿਚਾਰ ਹੈ ਕਿ ਇਸ ਦੇ ਮੁਲਾਜ਼ਮਾਂ ਦਾ ਸੇਵਾਮੁਕਤੀ ਤੋਂ ਬਾਅਦ ਦਾ ਜੀਵਨ ਸੁਰੱਖਿਅਤ ਅਤੇ ਖੁਸ਼ਹਾਲ ਹੋਵੇ।
ਇਸ ਉਪਰੰਤ ਪੰਜਾਬ ਸਟੇਟ ਏਡਿਡ ਸਕੂਲਜ਼ ਟੀਚਰਜ਼ ਐਂਡ ਅਦਰ ਇੰਪਲਾਈਜ਼ ਯੂਨੀਅਨ ਨਾਲ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਯੂਨੀਅਨ ਨੂੰ ਦੱਸਿਆ ਕਿ 6ਵੇਂ ਤਨਖਾਹ ਕਮਿਸ਼ਨ ਅਤੇ ਏਡਿਡ ਸਕੂਲਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਇੱਕ ਤੋਂ ਦੂਜੀ ਮੈਨੇਜਮੈਂਟ ਵਿੱਚ ਤਬਾਦਲੇ ਸਬੰਧੀ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ। ਉਨ੍ਹਾਂ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ 6ਵੇਂ ਤਨਖ਼ਾਹ ਕਮਿਸ਼ਨ ਸਬੰਧੀ ਤਜਵੀਜ਼ ਵਿੱਤ ਵਿਭਾਗ ਨੂੰ ਭੇਜਣ ਅਤੇ ਇੱਕ ਤੋਂ ਦੂਜੀ ਮੈਨੇਜਮੈਂਟ ਵਿੱਚ ਤਬਾਦਲਿਆਂ ਨੂੰ ਲਾਗੂ ਕਰਨ ਲਈ ਲੋੜੀਂਦੇ ਕਦਮਾਂ ਸਬੰਧੀ ਰਿਪੋਰਟ ਅਗਲੀ ਮੀਟਿੰਗ ਦੌਰਾਨ ਪੇਸ਼ ਕਰਨ।ਇਸ ਦੌਰਾਨ ਓਲਡ ਪੇ ਸਕੇਲ ਰਿਸਟੋਰੇਸ਼ਨ ਜੁਆਇੰਟ ਫਰੰਟ ਨਾਲ ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਵਿੱਤ ਵਿਭਾਗ ਦੇ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਵਿੱਤੀ ਪ੍ਰਬੰਧਾਂ ਬਾਰੇ ਰਿਪੋਰਟ ਤਿਆਰ ਕਰਨ ਲਈ ਵੀ ਕਿਹਾ।ਵਿੱਤ ਮੰਤਰੀ ਨੇ ਮੁਲਾਜ਼ਮ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੰਤਵ ਅਤੇ ਨੀਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਸਪੱਸ਼ਟ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਤੋਂ ਹੀ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਅਤੇ ਇਸ ਲੜੀ ਤਹਿਤ ਲਗਾਤਾਰ ਠੋਸ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕ ਪੱਖੀ ਫੈਸਲਿਆਂ ਨੂੰ ਲਾਗੂ ਕਰਨ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਵਿਸ਼ੇਸ਼ ਕੈਬਨਿਟ ਸਬ-ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੰਜਵੀਂ ਦੇ ਐਲਾਨੇ ਨਤੀਜੇ ਤਹਿਤ ਮਾਨਸਾ ਦੀ ਰਹੀ ਝੰਡੀ
ਸਰਕਾਰੀ ਪ੍ਰਾਇਮਰੀ ਸਕੂਲ ਰੱਲਾ (ਕੋਠੇ) ਦੀਆਂ ਵਿਦਿਆਰਥਣਾਂ ਜਸਪ੍ਰੀਤ ਕੌਰ,ਨਵਦੀਪ ਕੌਰ ਪਹਿਲੇ, ਦੂਜੇ ਨੰਬਰ ’ਤੇ ਰਹੀਆਂ
ਸਬੰਧਤ ਅਧਿਆਪਕਾਂ ਨੂੰ ਸਟੇਟ ਐਵਾਰਡ ਦਿੱਤਾ ਜਾਵੇ-ਪਵਨ ਫੱਤੇਵਾਲੀਆਂ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 6 ਅਪ੍ਰੈਲ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲ੍ਹੋਂ ਐਲਾਨੇ ਪੰਜਵੀਂ ਜਮਾਤ ਦੇ ਨਤੀਜੇ ਦੌਰਾਨ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੱਲਾ (ਕੋਠੇ) ਦੀਆਂ ਦੋਨਾਂ ਵਿਦਿਆਰਥਣਾਂ ਜਸਪ੍ਰੀਤ ਕੌਰ ਪੁੱਤਰੀ ਜਰਨੈਲ ਸਿੰਘ,ਨਵਦੀਪ ਕੌਰ ਪੁੱਤਰੀ ਕਰਮਜੀਤ ਸਿੰਘ ਵਾਸੀ ਰੱਲਾ ਨੇ ਪੰਜਾਬ ਭਰ ਚੋਂ ਪਹਿਲਾ, ਦੂਜਾ ਸਥਾਨ ਪ੍ਰਾਪਤ ਕਰਕੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਨੂੰ ਬੂਰ ਪਾਇਆ ਹੈ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਭੁਪਿੰਦਰ ਕੌਰ,ਡਿਪਟੀ ਡੀਈਓ ਗੁਰਲਾਭ ਸਿੰਘ,ਸਿਹਤ ਵਿਭਾਗ ਦੇ ਸਟੇਟ ਮੀਡੀਆ ਕੋਆਰਡੀਨੇਟਰ ਪਵਨ ਕੁਮਾਰ ਫੱਤੇਵਾਲੀਆਂ,ਸਿੱਖਿਆ ਵਿਕਾਸ ਮੰਚ ਮੰਚ ਮਾਨਸਾ ਦੇ ਚੇਅਰਮੈਨ ਡਾ ਸੰਦੀਪ ਘੰਡ,ਪ੍ਰਧਾਨ ਹਰਦੀਪ ਸਿੱਧੂ,ਬੀ ਪੀ ਈ ਓ ਅਮਨਦੀਪ ਸਿੰਘ ਨੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਨੂੰ ਵਧਾਈ ਦਿੰਦਿਆਂ ਮਾਣ ਮਹਿਸੂਸ ਕੀਤਾ ਕਿ ਮਾਨਸਾ ਜ਼ਿਲ੍ਹੇ ਦੇ ਵਿਦਿਆਰਥੀ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ। ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਰੱਲਾ (ਕੋਠੇ) ਦੀਆਂ ਵਿਦਿਆਰਥਣਾਂ ਜਸਪ੍ਰੀਤ ਕੌਰ,ਨਵਦੀਪ ਕੌਰ ਨੇ ਪੰਜਵੀਂ ਦੀ ਪ੍ਰੀਖਿਆ ਦੌਰਾਨ ਸੌ ਫੀਸਦੀ ਨੰਬਰ(500/500) ਹਾਸਲ ਕਰਕੇ ਪੰਜਾਬ ਭਰ ਚੋਂ ਕਰਮਵਾਰ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਦੋਨੋਂ ਵਿਦਿਆਰਥੀਆਂ ਨੇ ਪੰਜਾਬ ਭਰ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੋਵੇ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਭੁਪਿੰਦਰ ਕੌਰ ਨੇ ਮਾਣ ਮਹਿਸੂਸ ਕੀਤਾ ਹੈ ਕਿ ਮਾਨਸਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਪਹਿਲਾ ਖੇਡਾਂ ਵਿਚੋਂ, ਹੁਣ ਪੜ੍ਹਾਈ ਵਿੱਚੋਂ ਮੋਹਰੀ ਸਥਾਨ ਪ੍ਰਾਪਤ ਕੀਤਾ ਹੈ,ਉਨ੍ਹਾਂ ਕਿਹਾ ਮਾਨਸਾ ਜ਼ਿਲ੍ਹੇ ਦੇ ਵਿਦਿਆਰਥੀਆਂ ਦੀ ਚੰਗੀ ਕਾਰਗੁਜ਼ਾਰੀ ਲਈ ਜ਼ਿਲ੍ਹੇ ਦੇ ਸਮੂਹ ਅਧਿਆਪਕ ਵਧਾਈ ਦੇ ਪਾਤਰ ਹਨ,ਜਿੰਨਾਂ ਨੇ ਪਿਛਲੇ ਸਮੇਂ ਤੋ ਦਿਨ ਰਾਤ ਇਕ ਕਰਕੇ ਵਿਦਿਆਰਥੀਆਂ ਨੂੰ ਮਿਹਨਤ ਕਰਵਾਈ। ਉਨ੍ਹਾਂ ਸਕੂਲਾਂ ਮੁੱਖੀ ਅਤੇ ਜਮਾਤ ਇੰਚਾਰਜ਼ ਗੁਰਪ੍ਰੀਤ ਸਿੰਘ, ਬੀ ਐੱਮ ਟੀ ਜਗਤਾਰ ਝੱਬਰ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ, ਜਿੰਨਾਂ ਦੀ ਮਿਹਨਤ ਕਰਕੇ ਦੋਨੋਂ ਬੱਚੀਆਂ ਨੇ ਪੰਜਾਬ ਭਰ ਚੋਂ ਪਹਿਲਾ, ਦੂਜਾ ਸਥਾਨ ਪ੍ਰਾਪਤ ਕੀਤਾ।ਦੂਜੇ ਬੰਨੇ ਸਿਹਤ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਪਵਨ ਫੱਤੇਵਾਲੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੱਚੀਆਂ ਦੇ ਦੋਨੋਂ ਆਰਥਿਕ ਪੱਖੋਂ ਸਧਾਰਨ ਪਰਿਵਾਰਾਂ ਦੀ ਪੰਜਾਬ ਸਰਕਾਰ ਵੱਲ੍ਹੋਂ ਭਵਿੱਖ ਚ ਪੜ੍ਹਾਈ ਦਾ ਸਾਰਾ ਖਰਚਾ ਚੁੱਕਣਾ ਚਾਹੀਦਾ ਹੈ,ਨਾਲ ਹੀ ਪਹਿਲੇ ਸਥਾਨ ’ਤੇ ਰਹਿਣ ਵਾਲੀ ਵਿਦਿਆਰਥਣ ਜਸਪ੍ਰੀਤ ਦੇ ਪਿਤਾ ਜੋ ਰਾਜ ਮਿਸਤਰੀ ਦੇ ਤੌਰ ’ਤੇ ਕੰਮ ਕਰਦੇ ਹਨ,ਉਨ੍ਹਾਂ ਦੀ ਰੀੜ ਦੀ ਹੱਡੀ ਦਾ ਇਲਾਜ ਕਰਵਾਇਆ ਜਾਵੇ, ਦੋਨੋਂ ਬੱਚੀਆਂ ਨੂੰ ਆਰਮੀ ਸਕੂਲ ਚ ਦਾਖਲ ਕਰਵਾਇਆ ਜਾਵੇ,ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਸਕੂਲ ਮੁਖੀ ਅਤੇ ਸਬੰਧਤ ਸਕੂਲ ਅਧਿਆਪਕਾਂ ਨੂੰ ਜਿੰਨਾਂ ਦੀ ਮਿਹਨਤ ਨਾਲ ਵਿਦਿਆਰਥਣਾਂ ਨੇ ਸਕੂਲ ,ਜ਼ਿਲ੍ਹੇ ਦਾ ਨਾਮ ਪੰਜਾਬ ਭਰ ਚ ਰੋਸ਼ਨ ਕੀਤਾ ਹੈ,ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇ।
ਪ੍ਰੈਸ ’ਤੇ ਲਗਾਈ ਅਣਐਲਾਨੀ ਐਂਮਰਜੈਂਸੀ ਵਿਰੁੱਧ ਗਵਰਨਰ ਦੇ ਨਾਮ ਸੌਂਪਿਆ ਮੰਗ ਪੱਤਰ
ਸੁਖਨੈਬ ਸਿੱਧੂ ਨੂੰ ਤਰੁੰਤ ਰਿਹਾਅ ਕਰਨ ਦੀ ਮੰਗ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 6 ਅਪ੍ਰੈਲ: ਸੂਬਾਈ ਅਤੇ ਕੇਂਦਰੀ ਸਰਕਾਰ ਵੱਲੋਂ ਪ੍ਰੈਸ ’ਤੇ ਲਗਾਈ ਗਈ ਅਣ ਐਲਾਨੀ ਐਂਮਰਜੈਂਸੀ ਦੇ ਵਿਰੁੱਧ ਬਠਿੰਡਾ ਪ੍ਰੈਸ ਕਲੱਬ ਨੇ ਪ੍ਰਧਾਨ ਬਖਤੌਰ ਢਿੱਲੋਂ ਦੀ ਅਗਵਾਈ ਹੇਠ ਗਵਰਨਰ ਦੇ ਨਾਮ ਮੰਗ ਪੱਤਰ ਐਡੀਸ਼ਨਲ ਡਿਪਟ ਕਮਿਸ਼ਨਰ ਨੂੰ ਸੌਂਪਿਆਂ। ਪੱਤਰਕਾਰਾਂ ਨੇ ਮੰਗ ਕੀਤੀ ਕਿ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਸ਼ੋਸ਼ਲ ਮੀਡੀਆ ਕਾਰਕੁੰਨ ਸੁਖਨੈਬ ਸਿੱਧੂ ਨੂੰ ਤਰੁੰਤ ਰਿਹਾਅ ਕੀਤਾ ਜਾਵੇ। ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਸਮੇਂ ਬਠਿੰਡਾ ਪ੍ਰੈਸ ਕਲੱਬ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਖ ਵੱਖ ਅਖਬਾਰਾਂ ਤੇ ਚੈਨਲਾਂ ਦੇ ਇੰਚਾਰਜ਼ ਹਾਜ਼ਰ ਸਨ। ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਬਖਤੌਰ ਢਿੱਲੋਂ ਅਤੇ ਜਨਰਲ ਸਕੱਤਰ ਸਵਰਨ ਸਿੰਘ ਦਾਨੇਵਾਲੀਆ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਸੂਬੇ ਅੰਦਰ ਨਾਗਰਿਕ ਅਜ਼ਾਦੀ ਤੋਂ ਇਲਾਵਾ ਮੀਡੀਆ ਤੇ ਸ਼ੋਸ਼ਲ ਮੀਡੀਆ ਕਾਰਕੁੰਨਾ ਨਾਲ ਅਣਐਲਾਨੀ ਐਂਮਰਜੈਂਸੀ ਵਾਲਾ ਵਰਤਾਓ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਚੌਥੇ ਥੰਮ ਪ੍ਰੈਸ ਦੀ ਅਜ਼ਾਦੀ ਨੂੰ ਦਬਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੋਰਨਾਂ ਜ਼ਿਲ੍ਹਿਆਂ ਤੋਂ ਇਲਾਵਾ ਬਠਿੰਡਾ ਵਿਚ ਸ਼ੋਸ਼ਲ ਮੀਡੀਆ ਪੱਤਰਕਾਰ ਸੁਖਨੈਬ ਸਿੱਧੂ ਵਿਰੱਧ ਸਖਤ ਤੇ ਖਤਰਨਾਕ ਧਰਾਵਾਂ ਲਾ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਇਸ ਤਰ੍ਹਾਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਵੇਂ ਉਸਨੇ ਕੋਈ ਵੱਡਾ ਕ੍ਰਾਇਮ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਕੋਈ ਕੇਸ ਕਰਨ ਤੋਂ ਪਹਿਲਾਂ ਪੁਲਿਸ ਨੂੰ ਮਾਮਲੇ ਦੀ ਪੜਤਾਲ ਕਰਨੀ ਚਾਹੀਦੀ ਹੈ, ਪਰ ਪੱਤਰਕਾਰਾਂ ਤੇ ਸ਼ੋਸ਼ਲ ਮੀਡੀਆ ’ਤੇ ਕੰਮ ਕਰਨ ਵਾਲਿਆਂ ਨੂੰ ਟਾਰਗੈਟ ਕੀਤਾ ਜਾ ਰਿਹਾ ਹੈ। ਪੱਤਰਕਾਰਾਂ ਨੇ ਮੰਗ ਕੀਤੀ ਕਿ ਬਗੈਰ ਲੋੜੀਦੀ ਪੜਤਾਲ ਕੀਤਿਆਂ ਕਿਸੇ ਵੀ ਪੱਤਰਕਾਰ ਜਾਂ ਸ਼ੋਸ਼ਲ ਮੀਡੀਆ ਕਾਰਕੁੰਨ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ ਅਤੇ ਸੁਖਨੈਬ ਸਿੱਧੂ ਨੂੰ ਤਰੁੰਤ ਰਿਹਾਅ ਕੀਤਾ ਜਾਵੇ। ਪ੍ਰੈਸ ਕਲੱਬ ਦੇ ਅਹੁਦੇਦਾਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇੰਨ੍ਹਾਂ ਮੰਗਾਂ ਵੱਲ ਧਿਆਨ ਨਾਂ ਦਿੱਤਾ ਤਾਂ ਲੋਕਤੰਤਰ ਦੇ ਚੌਥੇ ਥੰਮ ਨੂੰ ਬਚਾਉਣ ਲਈ ਬਠਿੰਡਾ ਪ੍ਰੈਸ ਕਲੱਬ ਤਿੱਖਾ ਸੰਘਰਸ਼ ਕਰੇਗਾ। ਇਸ ਮੌਕੇ ਇਕ ਮਤਾ ਪਾਸ ਕਰਕੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਕਵਰੇਜ਼ ਕਰ ਰਹੇ ਮੌੜ ਮੰਡੀ ਦੇ ਪੱਤਰਕਾਰ ਸ਼ੁਰੇਸ਼ ਕੁੁਮਾਰ ਹੈਪੀ ਦਾ ਮੋਬਾਇਲ ਫੋਨ ਤੋੜਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਥਿਤ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਸੁਖਮੀਤ ਸਿੰਘ ਭਸੀਨ, ਮੀਤ ਪ੍ਰਧਾਨ ਸੁਖਜਿੰਦਰ ਸਿੰਘ ਮਾਨ, ਖਜ਼ਾਨਚੀ ਅਵਤਾਰ ਸਿੰਘ ਕੈਂਥ, ਜੁਆਇੰਟ ਸਕੱਤਰ ਵਿਕਰਮ ਬਿੰਨ੍ਹੀ, ਪੱਤਰਕਾਰ ਅੰਮ੍ਰਿਤਪਾਲ ਵਲ੍ਹਾਣ, ਮਨੋਜ ਸ਼ਰਮਾ, ਚੰਦਨ ਠਾਕੁਰ, ਸੂਰਜ ਭਾਨ, ਬਲਵਿੰਦਰ ਭੁੱਲਰ, ਰਤਨ ਸਿੰਘ , ਅੰਮ੍ਰਿਤ ਜੱਸਲ, ਜਗਸੀਰ ਭੁੱਲਰ, ਵਿਨੋਦ ਬਾਂਸਲ ਅਤੇ ਬਠਿੰਡਾ ਪ੍ਰੈਸ ਕਲੱਬ ਦੇ ਸੈਕਟਰੀ ਗੁਰਤੇਜ ਸਿੰਘ ਸਿੱਧੂ ਹਾਜ਼ਰ ਸਨ।
ਆਪ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਸਾਬਕਾ ਵਿਧਾਇਕ ਸ਼ੁਸ਼ੀਲ ਕੁਮਾਰ ਰਿੰਕੂ ਨੂੰ ਬਣਾਇਆ ਉਮੀਦਵਾਰ
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸ਼ੁਸ਼ੀਲ ਕੁਮਾਰ ਰਿੰਕੂ ਦੇ ਨਾਂ ਦਾ ਕੀਤਾ ਐਲਾਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 6 ਅਪ੍ਰੈਲ: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਨੇ ਸਾਬਕਾ ਵਿਧਾਇਕ ਸ਼ੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਬਣਾਇਆ ਹੈ। ਪਾਰਟੀ ਦੇ ਇੱਕ ਬੁਲਾਰੇ ਨੇ ਕਿਹਾ ਕਿ ਰਿੰਕੂ ਚੰਗੇ ਅਕਸ ਅਤੇ ਸਾਫ਼-ਸੁਥਰੇ ਆਚਰਣ ਵਾਲਾ ਆਗੂ ਹੈ ਅਤੇ ਜਲੰਧਰ ਦੇ ਲੋਕਾਂ ਵਿੱਚ ਉਸ ਦੀ ਮਜ਼ਬੂਤ ਪਕੜ ਹੈ।ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਟਵੀਟ ਕਰਕੇ ਸ਼ੁਸ਼ੀਲ ਕੁਮਾਰ ਰਿੰਕੂ ਦੇ ਨਾਮ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ, ‘‘ਆਮ ਆਦਮੀ ਪਾਰਟੀ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਸੁਸ਼ੀਲ ਕੁਮਾਰ ਰਿੰਕੂ ਦੀ ਉਮੀਦਵਾਰੀ ’ਤੇ ਮੋਹਰ ਲਗਾ ਦਿੱਤੀ ਹੈ.. ਸ਼ੁਭਕਾਮਨਾਵਾਂ।’’ ਦੱਸ ਦਈਏ ਕਿ ਜਲੰਧਰ ਲੋਕ ਸਭਾ ਸੀਟ ਮਰਹੂਮ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ। ਇਸ ਸੀਟ ਲਈ 10 ਮਈ ਨੂੰ ਵੋਟਿੰਗ ਹੋਣੀ ਹੈ। ਨਤੀਜਾ 13 ਮਈ ਨੂੰ ਆਵੇਗਾ। 20 ਅਪ੍ਰੈਲ ਨਾਮਜ਼ਦਗੀ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਹੈ। ਸ਼ੁਸ਼ੀਲ ਕੁਮਾਰ ਰਿੰਕੂ ਨੇ ਪਹਿਲੀ ਵਾਰ 2017 ਵਿੱਚ ਜਲੰਧਰ ਪੱਛਮੀ ਤੋਂ ਚੋਣ ਲੜੀ ਸੀ। ਉਹ ਆਪਣੇ ਵਿਰੋਧੀ ਨੂੰ 17334 ਵੋਟਾਂ ਨਾਲ ਹਰਾ ਕੇ ਵਿਧਾਨ ਸਭਾ ਵਿੱਚ ਪੁੱਜੇ ਸਨ।ਧਿਆਨ ਯੋਗ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਪਿਛਲੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੁਦ ਉਨ੍ਹਾਂ ਦਾ ਪਾਰਟੀ ’ਚ ਆਉਣ ਤੇ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ।
ਰਿਜਨਲ ਸੈਂਟਰ ਵਿਖੇ ਫਰੈਸ਼ਰ-ਕਮ-ਫੇਅਰਵੈਲ ਪਾਰਟੀ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 6 ਅਪ੍ਰੈਲ: ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਵਿਖੇ ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ ਦੇ ਐਮ.ਏ. ਪੰਜਾਬੀ ਦੇ ਵਿਦਿਆਰਥੀਆਂ ਦੁਆਰਾ ਬੀਤੇ ਦਿਨ ਫਰੈਸ਼ਰ-ਕਮ-ਫੇਅਰਵੈਲ ਪਾਰਟੀ(ਅਗਾਜ਼-ਪਰਵਾਜ਼) ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਰਿਜ਼ਨਲ ਸੈਂਟਰ ਦੇ ਡਾਇਰੈਕਟਰ ਡਾ. ਜਸਬੀਰ ਸਿੰਘ ਹੁੰਦਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ ਦੇ ਮੁਖੀ ਡਾ. ਰਜਿੰਦਰ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਡਾਇਰੈਕਟਰ ਰਿਜ਼ਨਲ ਸੈਂਟਰ ਡਾ. ਜਸਬੀਰ ਸਿੰਘ ਹੁੰਦਲ ਨੇ ਸਾਰੇ ਵਿਦਿਆਰਥੀਆਂ ਨੂੰ ਇੱਕ ਯਾਦਗਰ ਅਤੇ ਸ਼ਾਨਦਾਰ ਪਾਰਟੀ ਦਾ ਆਯੋਜਨ ਕਰਨ ਲਈ ਵਧਾਈ ਦਿੰਦਿਆਂ ਉਨ੍ਹਾਂ ਨੂੰ ਮਿਹਨਤ ਤੇ ਲਗਨ ਨਾਲ ਆਪਣੇ ਜਿੰਦਗੀ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ। ਇਸ ਪਾਰਟੀ ਦੀ ਸ਼ੁਰੂਆਤ ਇੱਕ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਨਾਲ ਕੀਤੀ ਗਈ। ਵਿਦਿਆਰਥੀਆਂ ਨੇ ਆਪਣੀਆਂ ਡਾਂਸ ਅਤੇ ਸੱਭਿਆਚਾਰਕ ਪਰਫਾਰਮੈਂਸਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਕ ਰੈਂਪ ਵਾਕ ਦਾ ਆਯੋਜਨ ਵੀ ਕੀਤਾ ਗਿਆ, ਜਿਸਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ। ਪਹਿਲੇ ਭਾਗ ਵਿੱਚ ਵਿਦਿਆਰਥੀਆਂ ਨੇ ਰੈਂਪ ਉਪਰ ਆ ਕੇ ਆਪਣੀ ਪੇਸ਼ਕਾਰੀ ਦਿੱਤੀ। ਜਿੰਨ੍ਹਾਂ ਦਾ ਦਰਸ਼ਕਾਂ ਨੇ ਇਸਦਾ ਖੂਬ ਆਨੰਦ ਉਠਾਇਆ। ਇਸ ਤੋਂ ਬਾਅਦ ਦੂਜੇ ਭਾਗ ਵਿੱਚ ਸ਼ਾਰਟਲਿਸਟ ਹੋਏ ਵਿਦਿਆਰਥੀਆਂ ਨੇ ਇਕ ਪ੍ਰਸ਼ਨ/ਉਤਰ ਮੁਕਾਬਲੇ ਵਿੱਚ ਹਿੱਸਾ ਲਿਆ।ਇਸ ਮੌਕੇ ਐਮ.ਏ. ਪੰਜਾਬੀ ਭਾਗ ਦੂਜਾ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਨੂੰ ਮਿਸਟਰ ਫੇਅਰਵੈਲ ਤੇ ਮਨਪ੍ਰੀਤ ਕੌਰ ਨੂੰ ਮਿਸ ਫੇਅਰਵੈਲ ਚੁਣਿਆ ਗਿਆ। ਇਸੇ ਤਰ੍ਹਾਂ ਐਮ.ਏ. ਪੰਜਾਬੀ ਭਾਗ ਪਹਿਲਾ ਦੇ ਬਲਵਿੰਦਰ ਸਿੰਘ ਨੂੰ ਮਿਸਟਰ ਫਰੈਸ਼ਰ ਅਤੇ ਨਵਨੀਤ ਕੌਰ ਨੂੰ ਮਿਸ ਫਰੈਸ਼ਰ ਚੁਣਿਆ ਗਿਆ। ਮੁਖ ਮਹਿਮਾਨ ਅਤੇ ਹੋਰਨਾਂ ਅਧਿਆਪਕਾਂ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਪਾਰਟੀ ਵਿੱਚ ਡਾ. ਅਜੇ ਵਰਮਾ, ਡਾ. ਨਵਦੀਪ ਕੌਰ, ਡਾ. ਰਵਿੰਦਰ ਸੰਧੂ, ਡਾ. ਸੁਮਨ, ਡਾ. ਸ਼ਵੇਤਾ ਗਰਗ, ਡਾ. ਕੁਲਦੀਪ ਸਿੰਘ, ਡਾ. ਲਵਲੀਨ ਕੌਰ, ਸ. ਕੰਵਲ ਜਗਜੀਤ ਸਿੰਘ ਸਿੱਧੂ, ਦਰਸ਼ਨ ਕੁਮਾਰ, ਡਾ. ਸਿਮਰਜੀਤ ਕੌਰ, ਸ਼੍ਰੀਮਤੀ ਵੀਰਪਾਲ ਕੌਰ, ਸ਼?ਰੀਮਤੀ ਮਨਦੀਪ ਕੌਰ, ਸ਼?ਰੀਮਤੀ ਕਰਮਜੀਤ ਕੌਰ ਨੇ ਵੀ ਭਾਗ ਲਿਆ।
ਵਿਲੱਖਣ ਅਪੰਗਤਾ ਪਛਾਣ ਪੱਤਰ ਬਣਾਉਣ ਲਈ ਕੈਂਪ ਆਯੋਜਿਤ
91 ਦਿਵਿਆਂਗਜਨਾਂ ਦੇ ਬਣਾਏ ਨਵੇ ਵਿਲੱਖਣ ਪਛਾਣ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 6 ਅਪ੍ਰੈਲ: ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਡੀ.ਡੀ.ਆਰ.ਸੀ ਅਤੇ ਸਿਵਲ ਸਰਜਨ ਬਠਿੰਡਾ ਵੱਲੋਂ ਵਿਲੱਖਣ ਅਪੰਗਤਾ ਪਛਾਣ ਪੱਤਰ ਬਣਾਉਣ ਲਈ ਜ਼ਿਲ੍ਹੇ ਅੰਦਰ ਵੱਖ-ਵੱਖ ਸਥਾਨਾਂ ਤੇ ਸਪੈਸ਼ਲ ਕੈਂਪ ਲਗਾਏ ਗਏ। ਇਸ ਸਬੰਧੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਦੇ ਨੁਮਾਇੰਦੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ 91 ਦਿਵਿਆਂਗਜਨਾਂ ਦੇ ਨਵੇਂ ਵਿਲੱਖਣ ਅਪੰਗਤਾ ਪਛਾਣ ਪੱਤਰ ਬਣਾਏ ਗਏ ਅਤੇ ਜ਼ਿਲ੍ਹੇ ਅੰਦਰ ਹੁਣ ਤੱਕ ਕੁੱਲ 15763 ਵਿਲੱਖਣ ਅਪੰਗਤਾ ਪਛਾਣ ਪੱਤਰ ਬਣ ਚੁੱਕੇ ਹਨ। ਭਵਿੱਖ ਵਿੱਚ ਵੀ ਦਿਵਿਆਂਗਜਨਾਂ ਦੇ ਵਿਲੱਖਣ ਅਪੰਗਤਾ ਪਛਾਣ ਪੱਤਰ ਬਣਾਉਣ ਲਈ ਹੋਰ ਕੈਂਪ ਲਗਾਏ ਜਾਣਗੇ।ਉਨ੍ਹਾਂ ਅੱਗੇ ਦੱਸਿਆ ਇਨ੍ਹਾਂ ਕੈਂਪਾਂ ਚ ਸਿਵਲ ਸਰਜਨ, ਸੀਨੀਅਰ ਮੈਡੀਕਲ ਅਫ਼ਸਰ ਬਠਿੰਡਾ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਤੋਂ ਇਲਾਵਾ ਡੀ.ਡੀ.ਆਰ.ਸੀ. ਦੇ ਕਰਮਚਾਰੀਆਂ ਵੱਲੋਂ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ।



