Saturday, May 23, 2026
Home Blog Page 2153

ਫ਼ਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਘੇਰਿਆ ਖੇਤੀਬਾੜੀ ਦਫ਼ਤਰ

ਸੁਖਜਿੰਦਰ ਮਾਨ
ਬਠਿੰਡਾ, 6 ਅਪ੍ਰੈਲ: ਪਿਛਲੇ ਦਿਨਾਂ ਦੌਰਾਨ ਹੋਈ ਬੇਮੌਸਮੀ ਬਾਰਸ ਅਤੇ ਗੜੇਮਾਰੀ ਦੇ ਕਾਰਨ ਕਿਸਾਨਾਂ ਦੀ ਲੱਖਾਂ ਏਕੜ੍ਹ ਤਬਾਹ ਹੋਈ ਕਣਕ ਦੀ ਫ਼ਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਦਾ ਗਰੁੱਪ ਦੀ ਅਗਵਾਈ ਹੇਠ ਬਠਿੰਡਾ ਦੇ ਡੱਬਵਾਲੀ ਰੋਡ ’ਤੇ ਸਥਿਤ ਖੇਤੀਬਾੜੀ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸ਼ਾਮ 6 ਵਜੇਂ ਤੱਕ ਦਫ਼ਤਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਬੂਟਾ ਸਿੰਘ ਬੁਰਜਗਿੱਲ ਅਤੇ ਬਲਦੇਵ ਸਿੰਘ ਭਾਈਰੂਪਾ ਨੇ ਦੋਸ਼ ਲਗਾਇਆ ਕਿ ਬਾਰਸ਼ ਤੇ ਗੜੇਮਾਰੀ ਕਾਰਨ ਖ਼ਰਾਬ ਹੋਈ ਕਣਕ ਦੀ ਫ਼ਸਲ ਦੀ ਵਿਸ਼ੇਸ ਗਿਰਦਾਵਰੀ ਲਈ ਬੇਸ਼ੱਕ ਪੰਜਾਬ ਸਰਕਾਰ ਨੇ ਹਿਦਾਇਤਾਂ ਜਾਰੀ ਕਰ ਦਿੱਤੀਆਂ ਹਨ ਪ੍ਰੰਤੂ ਖੇਤੀਬਾੜੀ ਅਧਿਕਾਰੀ ਪਟਵਾਰੀਆਂ ਨਾਲ ਮੌਕੇ ’ਤੇ ਜਾਣ ਦੀ ਬਜਾਏ ਦਫ਼ਤਰਾਂ ਵਿਚ ਬੈਠੇ ਹੋਏ ਹਨ, ਜਿਸ ਕਾਰਨ ਗਿਰਦਾਵਰੀਆਂ ਦਾ ਕੰਮ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਕਿਸਾਨਾਂ ਦੀ ਭਲਾਈ ਲਈ ਬਣਾਏ ਗਏ ਇਸ ਵਿਭਾਗ ਵਲੋਂ ਹੁਣ ਕਿਸਾਨਾਂ ਦੀ ਬਾਂਹ ਨਹੀਂ ਫ਼ੜੀ ਜਾ ਰਹੀ ਹੈ, ਜਿਸਦੇ ਚੱਲਦੇ ਅੱਜ ਉਨ੍ਹਾਂ ਨੂੰ ਇਹ ਧਰਨਾ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਭਲਕ ਤੱਕ ਖੇਤੀਬਾੜੀ ਅਧਿਕਾਰੀ ਖੇਤਾਂ ਵਿਚ ਨਹੀਂ ਪੁੱਜੇ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੌਕੇ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਵਿਰੁਧ ਰੋਹ ਭਰਪੂਰ ਨਾਅਰੇਬਾਜ਼ੀ ਵੀ ਕੀਤੀ ਗਈ।

ਬਠਿੰਡਾ ਏਮਜ਼ ਦੇ ਡਾਕਟਰ ਵਿਰੁਧ ਪੁਲਿਸ ਵਲੋਂ ਪਰਚਾ ਦਰਜ਼, ਕਥਿਤ ਕੁੱਟਮਾਰ ਕਾਰਨ ਡਾਕਟਰਾਂ ਨੇ ਕੀਤੀ ਹੜਤਾਲ

0

ਖੱਜਲ ਖ਼ੁਆਰ ਹੋ ਰਹੇ ਮਰੀਜ਼ਾਂ ਨੇ ਘੇਰੀ ਕੌਮੀ ਮਾਰਗ, ਬਾਅਦ ਦੁਪਿਹਰ ਡਾਕਟਰ ਨੂੰ ਅਦਾਲਤ ਨੇ ਦਿੱਤੀ ਜਮਾਨਤ
ਸੁਖਜਿੰਦਰ ਮਾਨ
ਬਠਿੰਡਾ, 6 ਅਪ੍ਰੈਲ: ਦੋ ਦਿਨ ਪਹਿਲਾਂ ਸਥਾਨਕ ਬਾਦਲ ਰੋਡ ’ਤੇ ਸਥਿਤ ਇੰਜੀਨੀਅਰਿੰਗ ਕਾਲਜ਼ ਕੋਲ ਇੱਕ ਮੋਟਰਸਾਈਕਲ ਚੁੱਕਣ ਨੂੰ ਲੈ ਕੇ ਹੋਏ ਵਿਵਾਦ ਵਿਚ ਏਮਜ਼ ਦੇ ਡਾ ਪਰਮਜੀਤ ਸਿੰਘ ਸਹਿਤ ਉਸਦੇ ਦੋ ਦੋਸਤਾਂ ਵਿਸ਼ਾਲ ਅਤੇ ਬਰਜਿੰਦਰ ਸਿੰਘ ਵਿਰੁਧ ਮੁਕੱਦਮਾ ਨੰਬਰ 57 ਅਧੀਨ ਧਾਰਾ 353, 186, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਸੂਚਨਾ ਮੁਤਾਬਕ ਡਾਕਟਰ ਪਰਮਜੀਤ ਸਿੰਘ ਅਪਣੇ ਦੋਸਤਾਂ ਵਿਸ਼ਾਲ ਅਤੇ ਬਜਿੰਦਰ ਸਿੰਘ ਦੇ ਨਾਲ ਇੱਕ ਗੱਡੀ ਵਿਚ ਬੈਠਾ ਹੋਇਆ ਸੀ ਜਦੋਂਕਿ ਉਨ੍ਹਾਂ ਦੇ ਇੱਕ ਸਾਥੀ ਵਲੋਂ ਮੋਟਰਸਾਈਕਲ ਇੱਕ ਦੁਕਾਨ ਉੱਪਰ ਖੜ੍ਹਾ ਕੀਤਾ ਗਿਆ ਸੀ, ਜਿਸਨੂੰ ਪੁਲਿਸ ਦੁਕਾਨਦਾਰ ਵਲੋਂ ਲਾਵਾਰਿਸ਼ ਹੋਣ ਦੇ ਸ਼ੱਕ ਦੀ ਸੂਚਨਾ ਮਿਲਣ ’ਤੇ ਚੁੱਕ ਕੇ ਵਰਧਮਾਨ ਚੌਕੀ ਲੈ ਗਈ। ਇਸ ਦੌਰਾਨ ਕਰੋਲਾ ਕਾਰ ’ਚ ਸਵਾਰ ਡਾਕਟਰ ਅਤੇ ਉਸਦੇ ਸਾਥੀ ਵੀ ਪੁਲਿਸ ਦੇ ਪਿੱਛੇ ਹੀ ਪੁੱਜ ਗਏ ਤੇ ਇਸ ਮੌਕੇ ਦੋਨਾਂ ਧਿਰਾਂ ਵਿਚਕਾਰ ਸ਼ੁਰੂ ਹੋਈ ਤਲਖ਼ੀ ਹੱਥੋਪਾਈ ’ਤੇ ਪੁੱਜ ਗਈ। ਜਿਸਤੋਂ ਬਾਅਦ ਪੁਲਿਸ ਨੇ ਡਾਕਟਰ ਅਤੇ ਉਸਦੇ ਸਾਥੀਆਂ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਦਿਆਂ ਉਨ੍ਹਾਂ ਵਿਰੁਧ ਪਰਚਾ ਦਰਜ਼ ਕਰਕੇ ਬੀਤੀ ਸ਼ਾਮ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ। ਜਿਸਤੋਂ ਭੜਕੇ ਏਮਜ਼ ਦੇ ਡਾਕਟਰਾਂ ਨੈ ਰੋਸ਼ ਵਜੋਂ ਅੱਜ ਸਵੇਰ ਸਮੇਂ ਏਮਜ਼ ਖੁਲਦਿਆਂ ਹੀ ਡਾਕਟਰਾਂ ਨੇ ਆਪਣੇ ਡਾਕਟਰ ਸਾਥੀ ਨਾਲ ਪੁਲਿਸ ਵਲੋਂ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਹੜਤਾਲ ਕਰ ਦਿੱਤੀ ਅਤੇ ਏਮਜ਼ ਦਾ ਮੁੱਖ ਗੇਟ ਵੀ ਬੰਦ ਕਰ ਦਿੱਤਾ। ਜਿਸ ਕਾਰਨ ਪੰਜਾਬ ਦੇ ਨਾਲ-ਨਾਲ ਹਰਿਆਣਾ ਅਤੇ ਰਾਜਸਥਾਨ ਤੋਂ ਆਉਣ ਵਾਲੇ ਸੈਕੜੇ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦੁਖੀ ਹੋਏ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਏ ਵਿਅਕਤੀਆਂ ਨੇ ਏਮਜ਼ ਦੇ ਸਾਹਮਣੇ ਬਠਿੰਡਾ-ਡੱਬਵਾਲੀ ਕੌਮੀ ਮਾਰਗ ਉਪਰ ਜਾਮ ਲਗਾ ਦਿੱਤਾ, ਜਿਸ ਕਾਰਨ ਦੂਰ ਦੁੂਰ ਤੱਕ ਵਹੀਕਲਾਂ ਦੀਆਂ ਲਾਈਨਾਂ ਲੱਗ ਗਈਆਂ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਕੇ ’ਤੇ ਪੁੱਜੇ ਤੇ ਹੜਤਾਲੀ ਡਾਕਟਰਾਂ ਨਾਲ ਗੱਲਬਾਤ ਕਰਕੇ ਮਸਲੇ ਦੇ ਹੱਲ ਦੇ ਯਤਨ ਕੀਤੇ। ਜਦੋਂਕਿ ਏਮਜ਼ ਦੇ ਡਾਕਟਰਾਂ ਦੀ ਹਿਮਾਇਤ ਉੱਪਰ ਪ੍ਰਾਈਵੇਟ ਡਾਕਟਰਾਂ ਦੀ ਜਥੈਬੰਦੀ ਆਈ.ਐਮ.ਏ ਅਤੇ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੀਸੀਐਮਐਸ ਉੱਤਰ ਆਈ। ਜਿਸਦੇ ਨਾਲ ਮਾਮਲਾ ਹੋਰ ਗੰਭੀਰ ਹੋ ਗਿਆ ਤੇ ਸ਼ਹਿਰ ਦੀਆਂ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੀਆਂ ਸਿਹਤ ਸੰਸਥਾਵਾਂ ਦੇ ਵੀ ਬੰਦ ਹੋਣ ਦਾ ਡਰ ਪੈਦਾ ਹੋ ਗਿਆ। ਇਸ ਮੌਕੇ ਹੜਤਾਲੀ ਡਾਕਟਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਸਾਥੀ ਡਾਕਟਰ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਉਸ ਵਿਰੁਧ ਦਰਜ਼ ਕੀਤੇ ਮੁਕੱਦਮੇ ਨੂੰ ਵੀ ਰੱਦ ਕੀਤਾ ਜਾਵੇ। ਇਸਦੇ ਨਾਲ ਹੀ ਉਨ੍ਹਾਂ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜਮ ਵਿਰੁਧ ਵੀ ਕੇਸ ਦਰਜ਼ ਕਰਨ ਦੀ ਮੰਗ ਰੱਖੀ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਬੀਤੇ ਕੱਲ ਜੇਲ੍ਹ ਭੇਜੇ ਗਏ ਡਾਕਟਰ ਨੂੰ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਵੀ ਡਾਕਟਰ ਨੂੰ ਜਮਾਨਤ ਦੇ ਦਿੱਤੀ ਅਤੇ ਉਸਨੂੰ ਏਮਜ਼ ਲਿਆਂਦਾ ਗਿਆ, ਜਿਸਤੋਂ ਬਾਅਦ ਡਾਕਟਰਾਂ ਨੇ ਹੜਤਾਲ ਵਾਪਸ ਲੈ ਲਈ। ਇਸਦੀ ਪੁਸ਼ਟੀ ਕਰਦਿਆਂ ਏਮਜ਼ ਦੇ ਡਾਇਰੈਕਟਰ ਡਾ ਡੀ ਕੇ ਸਿੰਘ ਨੇ ਦਸਿਆ ਕਿ ਡਾਕਟਰ ਨੂੰ ਅਦਾਲਤ ਵਿਚੋਂ ਜ਼ਮਾਨਤ ਮਿਲਣ ਤੋਂ ਬਾਅਦ ਹੜਤਾਲ ਵਾਪਸ ਲੈ ਲਈ ਗਈ ਹੈ। ਉਨ੍ਹਾਂ ਕਿਹਾ ਕਿ ਏਮਜ਼ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਪੱਤਰ ਲਿਖ ਕਿ ਇਸ ਮਾਮਲੇ ਵਿਚ ਡਾਕਟਰ ਦੇ ਲੱਗੀਆਂ ਸੱਟਾਂ ਤੇ ਉਸਦੇ ਨਾਲ ਦੁਰਵਿਵਹਾਰ ਕਰਨ ਵਾਲਿਆਂ ਵਿਰੁਧ ਵੀ ਜਾਂਚ ਦੀ ਮੰਗ ਕਰਨਗੇ। ਦੂਜੇ ਪਾਸੇ ਐਸ.ਐਸ.ਪੀ ਬਠਿੰਡਾ ਗੁਲਨੀਤ ਸਿੰਘ ਖਰਾਣਾ ਦਾ ਕਹਿਣਾ ਸੀ ਕਿ ਡਾਕਟਰ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਮਾਮਲਾ ਹੱਲ ਹੋ ਗਿਆ ਪਰ ਉਹ ਇਸ ਮਾਮਲੇ ਵਿਚ ਡੂੰਘਾਈ ਨਾਲ ਜਾਂਚ ਕਰਨਗੇ।

ਬਠਿੰਡਾ ਨਗਰ ਨਿਗਮ ਨੇ ਸ਼ਹਿਰ ਦੀ ਮਾਲ ਰੋਡ ’ਤੇ ਤੋੜੇ ਥੜੇ, ਦੁਕਾਨਦਾਰਾਂ ਨੇ ਜਤਾਇਆ ਰੋਸ਼

0

ਸੁਖਜਿੰਦਰ ਮਾਨ
ਬਠਿੰਡਾ, 6 ਅਪ੍ਰੈਲ: ਸਥਾਨਕ ਨਗਰ ਨਿਗਮ ਵਲੋਂ ਅੱਜ ਸ਼ਹਿਰ ਦੇ ਪਾਸ਼ ਵਪਾਰਕ ਇਲਾਕੇ ਮੰਨੇ ਜਾਂਦੇ ਮਾਲ ਰੋਡ ਉਪਰ ਬਣੇ ਕਥਿਤ ਨਾਜਾਇਜ਼ ਥੜਿਆਂ ਤੇ ਰੈਂਪਾਂ ਨੂੰ ਤੋੜਣ ਲਈ ਵਿੱਢੀ ਮੁਹਿੰਮ ਦਾ ਦੁਕਾਨਦਾਰਾਂ ਵਲੋਂ ਸਖ਼ਤ ਵਿਰੋਧ ਕੀਤਾ ਗਿਆ। ਇਸ ਮੌਕੇ ਉਨ੍ਹਾਂ ਅਪਣੀਆਂ ਦੁਕਾਨਾਂ ਤੇ ਸ਼ੋਅਰੂਮ ਬੰਦ ਕਰਕੇ ਧਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਨਗਰ ਨਿਗਮ ਨੂੰ ਵੀ ਅਪਣੀ ਕਾਰਵਾਈ ਇੱਕ ਵਾਰ ਰੋਕਣੀ ਪਈ। ਮਾਮਲੇ ਦੀ ਨਜ਼ਾਕਤ ਨੂੰ ਸਮਝਦਿਆਂ ਵੱਡੀ ਗਿਣਤੀ ਵਿਚ ਮੌਕੇ ’ਤੇ ਪੁਲਿਸ ਵੀ ਪੁੱਜੀ ਅਤੇ ਦੂਜੇ ਪਾਸੇ ਦੁਕਾਨਦਾਰਾਂ ਨੂੰ ਸਿਆਸੀ ਆਗੂਆਂ ਵਲੋਂ ਵੀ ਹਿਮਾਇਤ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਨਿਗਮ ਵਲੋਂ ਪਿਛਲੇ ਦਿਨੀਂ ਮਾਲ ਰੋਡ ਨੂੰ ਟਰੈਫਿਕ ਮੁਕਤ ਜ਼ੋਨ ਬਣਾਉਣ ਦਾ ਫੈਸਲਾ ਲਿਆ ਸੀ। ਇਸੇ ਫੈਸਲੇ ਦੇ ਤਹਿਤ ਅੱਜ ਇੱਥੇ ਦੁਕਾਨਾਂ ਅਤੇ ਸੋਅਰੂਮਾਂ ਵਿਰੁਧ ਕਾਫ਼ੀ ਅੱਗੇ ਵਧਾ ਕੇ ਬਣਾਏ ਗਏ ਥੜਿਆਂ ਅਤੇ ਰੈਂਪ ਨੂੰ ਢਾਹੁਣ ਨਿਗਮ ਅਧਿਕਾਰੀ ਅਤੇ ਕਰਮਚਾਰੀ ਜੇਸੀਬੀ ਮਸ਼ੀਨਾਂ ਅਤੇ ਪੁਲਿਸ ਨੂੰ ਨਾਲ ਲੈ ਕੇ ਪੁੱਜ ਗਏ। ਇਸ ਦੌਰਾਨ ਉਨ੍ਹਾਂ ਕਾਰਵਾਈ ਸ਼ੁਰੂ ਕਰਦਿਆਂ ਥੜਿਆਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ, ਜਿਸਦਾ ਪਤਾ ਲੱਗਣ ’ਤੇ ਵੱਡੀ ਗਿਣਤੀ ਵਿਚ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਨਿਗਮ ਦੀ ਇਸ ਕਾਰਵਾਈ ਦਾ ਸਖ਼ਤ ਵਿਰੋਧ ਕਰਦਿਆਂ ਸਥਾਨਕ ਵਿਧਾਇਕ ਅਤੇ ਪੰਜਾਬ ਸਰਕਾਰ ਵਿਰੁਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸਦੇ ਚੱਲਦੇ ਮੌਕੇ ’ਤੇ ਨਿਗਮ ਦੇ ਉਚ ਅਧਿਕਾਰੀ ਵੀ ਪੁੱਜੇ ਤੇ ਮਾਮਲੇ ਨੂੰ ਸੁਲਝਾਉਣ ਦਾ ਯਤਨ ਕੀਤਾ ਪ੍ਰੰਤੂ ਦੁਕਾਨਦਾਰਾਂ ਨੇ ਨਿਗਮ ਅਧਿਕਾਰੀਆਂ ਉਪਰ ਜਾਣਬੁੱਝ ਉਨ੍ਹਾਂ ਦੇ ਵਪਾਰ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਉਂਦਿਆਂ ਆਪਣੀਆਂ ਦੁਕਾਨਾਂ ਅਤੇ ਸ਼ੋਅਰੂਮ ਬੰਦ ਕਰਕੇ ਧਰਨਾ ਲਗਾਉਂਦਿਆਂ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਮੌਕੇ ਵਪਾਰ ਮੰਡਲ ਤੋਂ ਇਲਾਵਾ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਦੁਕਾਨਦਾਰਾਂ ਦੇ ਹੱਕ ਵਿਚ ਖੜਦਿਆਂ ਧਰਨੇ ਵਿਚ ਸ਼ਮੂਲੀਅਤ ਕਰਨੀ ਸ਼ੁਰੂ ਕਰ ਦਿੱਤੀ, ਜਿਸਤੋਂ ਬਾਅਦ ਨਿਗਮ ਟੀਮਾਂ ਅਪਣੀਆਂ ਮਸ਼ੀਨਾਂ ਲੈ ਕੇ ਵਾਪਸ ਚਲੀਆਂ ਗਈਆਂ। ਉਧਰ ਦੁਕਾਨਦਾਰਾਂ ਨੇ ਐਲਾਨ ਕੀਤਾ ਕਿ ਉਹ ਭਲਕੇ ਵੀ ਅਪਣਾ ਸੰਘਰਸ਼ ਜਾਰੀ ਰੱਖਣਗੇ।

ਬੜੇ ਸਾਦੇ ਢੰਗ ਨਾਲ ਜਤਿੰਦਰ ਭੱਲਾ ਨੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

0

ਸੁਖਜਿੰਦਰ ਮਾਨ
ਬਠਿੰਡਾ, 6 ਅਪ੍ਰੈਲ: ਪੰਜਾਬ ਸਰਕਾਰ ਵੱਲੋਂ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਨਵ ਨਿਯੁਕਤ ਚੇਅਰਮੈਨ ਮਾਸਟਰ ਜਤਿੰਦਰ ਸਿੰਘ ਭੱਲਾ ਨੇ ਬੜੇ ਸਾਦੇ ਢੰਗ ਨਾਲ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਵੱਡਾ ਇਕੱਠ ਕਰਨ ਦੀ ਬਜਾਏ ਸਿਰਫ ਪਾਰਟੀ ਆਗੂਆਂ ਨਾਲ ਸਟਾਫ ਦੀ ਹਾਜਰੀ ਵਿਚ ਆਪਣਾ ਚਾਰਜ ਲਿਆ। ਇਸ ਮੌਕੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਆਖਿਆ ਕਿ ਕੁਦਰਤੀ ਕਰੋਪੀ ਬੇਮੌਸਮੀ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਪੰਜਾਬ ਦੀ ਕਿਸਾਨੀ ਉੱਪਰ ਮਾੜਾ ਸਮਾਂ ਚੱਲ ਰਿਹਾ ਅਜਿਹੇ ਸਮੇਂ ਵਿਚ ਉਹ ਕਿਸੇ ਤਰ੍ਹਾਂ ਦੀ ਵੀ ਖੁਸ਼ੀ ਸਾਂਝੀ ਨਹੀਂ ਕਰਨੀ ਚਾਹੁੰਦੇ। ਨੌਜਵਾਨ ਆਗੂ ਨੇ ਕਿਹਾ ਕਿ ਇਕ ਪਾਸੇ ਬੇ ਮੌਸਮੇ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਫਸਲ ਦਾ ਵੱਡੀ ਪੱਧਰ ਤੇ ਨੁਕਸਾਨ ਹੋ ਗਿਆ ਹੈ ਦੂਜੇ ਪਾਸੇ ਕੁਝ ਤਾਕਤਾਂ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦਾ ਯਤਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਮਾਂ ਪੰਜਾਬ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਖੜ੍ਹਨ ਦਾ ਸਮਾਂ ਹੈ। ਨਗਰ ਸੁਧਾਰ ਟਰਸਟ ਦੇ ਨਵ ਨਿਯੁਕਤ ਚੇਅਰਮੈਨ ਭੱਲਾ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਜੀ ਤੋੜ ਮਿਹਨਤ ਕਰ ਰਹੇ ਹਨ। ਇਸ ਲਈ ਪੰਜਾਬ ਦੇ ਲੋਕਾਂ ਨੂੰ ਵਿਰੋਧੀ ਪਾਰਟੀਆਂ ਦੇ ਝੂਠੇ ਪ੍ਰਚਾਰ ਤੋਂ ਬਚ ਕੇ ਮੁੱਖ ਮੰਤਰੀ ਦਾ ਸਾਥ ਦੇਣਾ ਚਾਹੀਦਾ ਹੈ। ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਗਿੱਲ ਨੂੰ ਨਾਲ ਲੈ ਕੇ ਉਹ ਬਠਿੰਡਾ ਜ਼ਿਲ੍ਹੇ ਦੇ ਵਿਕਾਸ ਲਈ ਵਿਸ਼ੇਸ਼ ਯੋਜਨਾਵਾਂ ਤਿਆਰ ਕਰਨਗੇ। ਇਸ ਮੌਕੇ ਜਗਰੂਪ ਸਿੰਘ ਗਿੱਲ ਵਿਧਾਇਕ ਨੇ ਜਤਿੰਦਰ ਭੱਲਾ ਨੂੰ ਚੇਅਰਮੈਨ ਦਾ ਅਹੁਦਾ ਸੰਭਾਲੇ ਜਾਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਜਿਸ ਵਿਅਕਤੀ ਨੇ ਬੱਚਿਆਂ ਨੂੰ ਸਿੱਖਿਆ ਦਿੱਤੀ ਹੈ, ਉਸ ਕੋਲ ਸਾਰੇ ਗੁਣ ਹੁੰਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਤੋਂ ਵੱਧ ਚੇਅਰਮੈਨੀਆਂ ਬਠਿੰਡਾ ਨੂੰ ਦਿੱਤੀਆਂ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਈਓ ਨੀਰੂ ਬਾਲਾ, ਚੇਅਰਮੈਨ ਨਵਦੀਪ ਜੀਦਾ, ਚੇਅਰਮੈਨ ਨੀਲ ਗਰਗ, ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਗੁਰਜੰਟ ਸਿੰਘ ਸਿਵੀਆਂ, ਬਲਜੀਤ ਸਿੰਘ ਬਾਲੀ, ਗੁਬਿੰਦਰ ਸਿੰਘ, ਆਲਮਜੀਤ ਸਿੰਘ, ਹੈਪੀ ਢਿੱਲੋਂ ਅਤੇ ਜਗਦੀਸ਼ ਵੜੈਚ ਸਮੇਤ ਨਗਰ ਸੁਧਾਰ ਟਰੱਸਟ ਦੇ ਸਮੁੱਚੇ ਸਟਾਫ਼ ਨੇ ਜਤਿੰਦਰ ਭੱਲਾ ਨੂੰ ਵਧਾਈ ਦਿੱਤੀ। ਇਸ ਮੌਕੇ ਭੱਲਾ ਨੇ ਨਗਰ ਸੁਧਾਰ ਟਰੱਸਟ ਵਿਚ ਪੌਦਾ ਵੀ ਲਗਾਇਆ।

ਭਾਜਪਾ ਨੇ ਮਨਾਇਆ ਪਾਰਟੀ ਦਾ 44 ਵਾਂ ਸਥਾਪਨਾ ਦਿਵਸ

0

ਸੁਖਜਿੰਦਰ ਮਾਨ
ਬਠਿੰਡਾ, 6 ਅਪ੍ਰੈਲ: ਭਾਜਪਾ ਆਗੂਆਂ ਵਲੋਂ ਅੱਜ ਵਖ ਵਖ ਥਾਵਾਂ ‘ਤੇ ਪਾਰਟੀ ਦਾ 44 ਵਾਂ ਸਥਾਪਨਾ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਭਾਜਪਾ ਬਠਿੰਡਾ ਸ਼ਹਿਰੀ ਵੱਲੋਂ ਸਥਾਨਕ ਨਿਰਮਾਣ ਅਧੀਨ ਭਾਜਪਾ ਭਵਨ ਵਿਖੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਭਾਜਪਾ ਦਾ ਝੰਡਾ ਲਹਿਰਾਇਆ ਗਿਆ। ਇਸ ਮੌਕੇ ਸ੍ਰੀ ਸਿੰਗਲਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇੱਕ ਰਾਸ਼ਟਰਵਾਦੀ ਸਿਆਸੀ ਪਾਰਟੀ ਹੈ ਜੋ ਭਾਰਤ ਨੂੰ ਵਿਸ਼ਵ ਪੱਧਰ ’ਤੇ ਇੱਕ ਮਜ਼ਬੂਤ, ਖੁਸ਼ਹਾਲ ਅਤੇ ਸ਼ਕਤੀਸ਼ਾਲੀ ਰਾਸ਼ਟਰ ਵਜੋਂ ਸਥਾਪਿਤ ਕਰਨ ਲਈ ਦ੍ਰਿੜ ਸੰਕਲਪ ਹੈ। ਭਾਰਤ ਨੂੰ ਇੱਕ ਸਮਰੱਥ ਰਾਸ਼ਟਰ ਬਣਾਉਣ ਦੇ ਟੀਚੇ ਨਾਲ, ਭਾਜਪਾ ਦੀ ਸਥਾਪਨਾ 6 ਅਪ੍ਰੈਲ, 1980 ਨੂੰ ਨਵੀਂ ਦਿੱਲੀ ਦੇ ਕੋਟਲਾ ਮੈਦਾਨ ਵਿੱਚ ਹੋਏ ਇੱਕ ਵਰਕਰ ਸੰਮੇਲਨ ਵਿੱਚ ਕੀਤੀ ਗਈ ਸੀ, ਜਿਸ ਦੇ ਪਹਿਲੇ ਪ੍ਰਧਾਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੂੰ ਚੁਣਿਆ ਗਿਆ ਸੀ। ਇਸ ਮੌਕੇ ਭਾਜਪਾ ਦੇ ਸੂਬਾਈ ਅਹੁਦੇਦਾਰ, ਭਾਜਪਾ ਬਠਿੰਡਾ ਸ਼ਹਿਰੀ ਦੇ ਸਮੂਹ ਜ਼ਿਲ੍ਹਾ ਟੀਮ ਅਹੁਦੇਦਾਰਾਂ, ਮੋਰਚਿਆਂ, ਮੰਡਲਾਂ ਦੇ ਅਹੁਦੇਦਾਰਾਂ ਅਤੇ ਭਾਜਪਾ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਉਧਰ ਜੀਵਨ ਕੁਮਾਰ ਗੁਪਤਾ ਪ੍ਰਧਾਨ ਮੌੜ ਸਰਕਲ ਸ਼ਹਿਰੀ ਦੀ ਪ੍ਰਧਾਨਗੀ ਹੇਠ ਵੀ ਪਾਰਟੀ ਆਗੂਆਂ ਵਲੋਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਭਾਜਪਾ ਪਾਰਟੀ ਦੇ ਸੂਬਾ ਉੱਪ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਮੌੜ ਦੇ ਇੰਚਾਰਜ ਦਿਆਲ ਸੋਢੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਸਮੇਂ ਪਾਰਟੀ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰੋਗਰਾਮ ਸੁਣਿਆ ਤੇ ਭਾਰਤ ਮਾਤਾ ਦੀ ਫੋਟੋ ਨੂੰ ਫੁੱਲ ਅਰਪਿਤ ਕਰਕੇ ਪਾਰਟੀ ਦਾ ਝੰਡਾ ਵੀ ਲਹਿਰਾਇਆ। ਇਸ ਮੌਕੇ ਸੰਜੈ ਮਿੱਤਲ ਜਨਰਲ ਸਕੱਤਰ, ਹਰਸ਼ ਗੋਇਲ ਜ਼ਿਲ੍ਹਾਸਕੱਤਰ ,ਗਗਨਦੀਪ ਸਿੰਘ ਆਈ ਟੀ ਤੇ ਸੋਸ਼ਲ ਮੀਡੀਆ ਸੈੱਲ,ਮਨੋਜ ਕੁਮਾਰ ਮੰਡਲ ਮੀਤ ਪ੍ਰਧਾਨ, ਚੰਦਰ ਮੋਹਨ ਸੀਨੀਅਰ ਆਗੂ, ਸਤਪਾਲ ਸਾਬਕਾ ਹੈਡਮਾਸਟਰ,ਨਰੇਸ਼ ਕੁਮਾਰ ਮੀਤ ਪ੍ਰਧਾਨ ਮੌੜ,ਸਤਪਾਲ ਸਿੰਘ ਲਾਟੂ,ਰਾਜਪਾਲ ਸ਼ਰਮਾ,ਰਮਣੀਕ ਕੁਮਾਰ ਮੀਕਾ ਆਦਿ ਮੌਜੂਦ ਰਹੇ।

ਬੀ.ਐਫ.ਜੀ.ਆਈ. ਵਿਖੇ ਸਟਾਰਟਅੱਪ ਆਈਡੀਆ ਪ੍ਰਤੀਯੋਗਤਾ ’ਆਈਕੈਨ’ ਦਾ ਹੋਇਆ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ, 6 ਅਪ੍ਰੈਲ: ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਆਪਣੇ ਵਿਦਿਆਰਥੀਆਂ ਲਈ ਸਟਾਰਟਅੱਪ ਆਈਡੀਆ ਪ੍ਰਤੀਯੋਗਤਾ ’ਆਈ ਕੈਨ’ ਦਾ ਆਯੋਜਨ ਕੀਤਾ। ਇਹ ਮੁਕਾਬਲਾ 2 ਗੇੜਾਂ ਵਿੱਚ ਆਯੋਜਿਤ ਕੀਤਾ ਗਿਆ ਸੀ ਜਿਸ ਦੇ ਪਹਿਲੇ ਗੇੜ ਵਿੱਚ 75 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ 21 ਟੀਮਾਂ ਨੂੰ ਫਾਈਨਲ ਰਾਊਂਡ ਲਈ ਚੁਣਿਆ ਗਿਆ। ਇਸ ਮੌਕੇ ਸ਼੍ਰੀਮਤੀ ਕਰੁਣਾ ਕੰਵਰ ਨੇ ਇੱਕ ਸਟਾਰਟਅੱਪ ਕਿਵੇਂ ਸ਼ੁਰੂ ਕੀਤਾ ਜਾਵੇ ਬਾਰੇ ਪੇਸ਼ਕਾਰੀ ਦਿੱਤੀ ਅਤੇ ਅਕਾਦਮਿਕ ਤੋਂ ਸਟਾਰਟਅੱਪ ਈਕੋਸਿਸਟਮ ਅਤੇ ਇਸ ਨੂੰ ਸਫਲ ਬਣਾਉਣ ਲਈ ਆਪਣੇ ਤਜਰਬੇ ਸਾਂਝੇ ਕੀਤੇ। ਸ. ਕਰਨਵੀਰ ਗਿੱਲ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਕੁੱਝ ਸਟਾਰਟਅੱਪ ਦੀ ਮੁੱਢਲੀ ਸ਼ੁਰੂਆਤ ਅਤੇ ਸਫਲਤਾ ਦੀਆਂ ਕਹਾਣੀਆਂ ਦੀਆਂ ਉਦਾਹਰਨਾਂ ਦਾ ਹਵਾਲਾ ਦਿੱਤਾ। ਇਸ ਸਮਾਗਮ ਵਿੱਚ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਅਤੇ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ ਅਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦੇ ਨਾਲ ਆਪਣੇ ਸਫ਼ਰ ਨੂੰ ਜਾਰੀ ਰੱਖਣ ਲਈ ਪ੍ਰੇਰਿਤ ਕਰਦੇ ਹੋਏ ਧਿਆਨ ਕੇਂਦਰਿਤ ਕਰਨ, ਹਮੇਸ਼ਾ ਸਕਾਰਾਤਮਿਕ ਰਹਿਣ ਅਤੇ ਆਪਣਾ ਰਸਤਾ ਚੁਣਨ ਦੀ ਸਲਾਹ ਦਿੱਤੀ। ਤਕਨੀਕੀ ਅਤੇ ਵਪਾਰਕ ਮਾਪਦੰਡ ਦੇ ਆਧਾਰ ’ਤੇ ਬੀ.ਟੈੱਕ.(ਇਲੈਕਟਰੀਕਲ ਇੰਜ.) ਦੇ ਸਟਾਰਟਅੱਪ ’ਸੋਲਰ ਟਰੈਕਿੰਗ ਸਿਸਟਮ’ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ। ਬੀ.ਐਸ.ਸੀ.(ਆਨਰਜ਼) ਕੈਮਿਸਟਰੀ ਤੋਂ ਸਟਾਰਟਅੱਪ ਆਈਡੀਆ ’ਆਈਸੋਲੇਸ਼ਨ ਆਫ਼ ਸੈਲੂਲੋਜ਼’ ਨੇ ਦੂਸਰਾ ਇਨਾਮ ਪ੍ਰਾਪਤ ਗਿਆ। ਇਸੇ ਤਰ੍ਹਾਂ ਬੀ.ਐਸ.ਸੀ.(ਐਗਰੀਕਲਚਰ) ਤੋਂ ਸਟਾਰਟਅੱਪ ’ਸੈਲਫ-ਪ੍ਰੋਪੇਲਡ ਅਰਥਿੰਗ ਅੱਪ ਮਸ਼ੀਨ’ ਨੇ ਤੀਸਰਾ ਇਨਾਮ ਜਿੱਤਿਆ ਜਦੋਂ ਕਿ ਬੀ.ਬੀ.ਏ. ਤੋਂ ਸਟਾਰਟ ਅੱਪ ’ਵੀਵ ਮਾਈ ਟ੍ਰਿਪ’ ਨੂੰ ਹੌਸਲਾ ਵਧਾਊ ਇਨਾਮ ਦਿੱਤਾ ਗਿਆ। ਜੇਤੂ ਟੀਮਾਂ ਨੂੰ ਕ੍ਰਮਵਾਰ 8000/-, 5000/- ਅਤੇ 3000/- ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਨਕਿਊਬੇਸ਼ਨ ਮੈਨੇਜਰ ਸ਼੍ਰੀਮਤੀ ਇਕਬਾਲਪ੍ਰੀਤ ਕੌਰ ਸਿੱਧੂ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚਾਰ ਵਿਦਿਆਰਥੀਆਂ ਦੀ ਨਾਮਵਰ ਬੈਂਕ ਵੱਲੋਂ ਚੋਣ

0

ਸੁਖਜਿੰਦਰ ਮਾਨ
ਬਠਿੰਡਾ, 6 ਅਪ੍ਰੈਲ: ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਚਾਰ ਵਿਦਿਆਰਥੀ ਭਾਰਤ ਦੇ ਨਾਮਵਰ ਬੈਂਕ ਲਈ ਐੱਨ.ਆਈ.ਆਈ.ਟੀ ਵੱਲੋਂ ਚੁਣੇ ਗਏ ਹਨ। ਇਹ ਵਿਦਿਆਰਥੀ ਐੱਨ.ਆਈ.ਆਈ.ਟੀ ਦੁਆਰਾ ਕਰਵਾਏ ਜਾ ਰਹੇ ਪ੍ਰੋਗਰਾਮ ਪੂਰਾ ਕਰਨ ਉਪਰੰਤ ਆਈ.ਸੀ.ਆਈ.ਸੀ.ਆਈ ਬੈਂਕ ਜੁਆਇਨ ਕਰਨਗੇ। ਇੰਨ੍ਹਾਂ ਵਿਦਿਆਰਥੀਆਂ ਦੀ ਚੋਣ ’ਤੇ ਉਪ ਕੁਲਪਤੀ ਪ੍ਰੋ.(ਡਾ.) ਐੱਸ.ਕੇ.ਬਾਵਾ ਨੇ ਵਧਾਈ ਦਿੰਦਿਆਂ ਕਿਹਾ ਕਿ ਵਰਸਿਟੀ ਸ਼ੁਰੂ ਤੋਂ ਹੀ ਵਿੱਦਿਆ ਨੂੰ ਕਿੱਤਾ ਮੁੱਖੀ ਬਣਾਉਣ ਲਈ ਯਤਨਸ਼ੀਲ ਹੈ। ਇਸ ਲਈ ਵਰਸਿਟੀ ਵੱਲੋਂ ਉਦਯੋਗਾਂ ਅਤੇ ਬਾਜ਼ਾਰ ਦੀ ਲੋੜ ਅਨੁਸਾਰ ਸਿਲੇਬਸ ਤਿਆਰ ਕੀਤੇ ਗਏ ਹਨ। ਵਿਦਿਆਰਥੀਆਂ ਨੂੰ ਉਦਯੋਗਿਕ ਘਰਾਣਿਆਂ ਦੀ ਮੰਗ ਅਨੁਸਾਰ ਆਧੁਨਿਕ ਤਕਨੀਕੀ ਸਿੱਖਿਆ ਵੀ ਮੁੱਹਈਆ ਕਰਵਾਈ ਜਾ ਰਹੀ ਹੈ। ਡਿਪਟੀ ਡਾਇਰੈਕਟਰ ਸੀ.ਆਰ.ਸੀ ਡਾ. ਵਿਕਾਸ ਗੁਪਤਾ ਅਤੇ ਟੀ.ਪੀ.ਓ ਰਿਤੂ ਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਬਦੁਲ ਬਾਸਿਤ ਬੀ.ਬੀ.ਏ, ਰਾਕੇਸ਼ ਕੁਮਾਰ ਬੀ.ਐੱਸ.ਸੀ ਐਗਰੀਕਲਚਰ, ਆਰਜੂ ਬੀ.ਐੱਸ.ਸੀ ਐਗਰੀਕਲਚਰ ਅਤੇ ਗੁਰਪ੍ਰੀਤ ਸਿੰਘ ਬੀ.ਐੱਸ.ਸੀ ਐਗਰੀਕਲਚਰ ਦੀ ਚੋਣ ਵਧੀਆ ਸਲਾਨਾ ਪੈਕੇਜ਼ ’ਤੇ ਹੋਈ ਹੈ। ਉਨ੍ਹਾਂ ਚੁਣੇ ਗਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉਜੱਵਲ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।

ਜਿਹੜੇ ਕਿਸਾਨਾਂ ਦੀ ਫਸਲ ਤਬਾਹ ਹੋਈ ਉਹਨਾਂ ਨੂੰ ਤੁਰੰਤ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ: ਸੁਖਬੀਰ ਬਾਦਲ

0

ਕਿਹਾ ਕਿ ਆਪ ਸਰਕਾਰ ਵੱਲੋਂ ਗਿਰਦਾਵਰੀ ਦੀ ਉਡੀਕ ਕਰਨੀ ਕਿਸਾਨਾਂ ਨੂੰ ਰਾਹਤ ਦੇਣ ਤੋਂ ਨਾਂਹ ਕਰਨ ਦੀ ਸਾਜ਼ਿਸ਼ ਕਿਉਂਕਿ ਮਾਲੀਆ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕਿਸਾਨਾਂ ਨੂੰ ਵੱਧ ਤੋਂ ਵੱਧ ਖਰਾਬੇ ਵਾਲਾ ਮੁਆਵਜ਼ਾ ਨਾ ਦੇਣ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਪਿਛਲੇ 15 ਦਿਨਾਂ ਵਿਚ ਭਾਰੀ ਬਰਸਾਤਾਂ, ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਨਾਲ 20 ਲੱਖ ਹੈਕਟਰ ਵਿਚ ਜਿਹੜੇ ਕਿਸਾਨਾਂ ਦੀ ਕਣਕ ਦੀ ਫਸਲ ਤਬਾਹ ਹੋ ਗਈ ਹੈ, ਉਹਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੇ ਬੇਰੁਖੀ ਵਾਲੇ ਰਵੱਈਏ ’ਤੇ ਹੈਰਾਨੀ ਪ੍ਰਗਟ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਪੁੱਛਿਆ ਕਿ ਮੁੱਖ ਮੰਤਰੀ ਕਿਸਦੀ ਉਡੀਕ ਕਰ ਰਹੇ ਹਨ, ਸੂਬੇ ਵਿਚ ਅੱਧੇ ਤੋਂ ਵੱਧ ਕਣਕ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਜੋ ਸਭ ਨੂੰ ਦਿਸ ਰਹੀ ਹੈ। ਖੇਤੀਬਾੜੀ ਮਾਹਿਰਾਂ ਨੇ ਵੀ ਇਸਦੀ ਪੁਸ਼ਟੀ ਕੀਤੀਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ’ਦਿੱਲੀ ਮਾਡਲ’ ਅਨੁਸਾਰ ਫਸਲ ਦੇ ਖਰਾਬੇ ’ਤੇ ਮੁਆਵਜ਼ਾ ਤੁਰੰਤ ਦਿੱਤਾ ਜਾਵੇਗਾ ਅਤੇ ਇਸਨੂੰ ਪਿਛਲੇ ਸਾਲ ਵਾਂਗੂ ਕਿਸਾਨਾਂ ਨੂੰ ਰਾਹਤ ਦੇਣ ਵਾਸਤੇ ਗਿਰਦਾਵਰੀ ਦੀ ਉਡੀਕ ਕਰਨ ਦੀ ਥਾਂ ਕਿਸਾਨਾਂ ਨੂੰ ਤੁਰੰਤ ਰਾਹਤ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪਿਛਲੇ ਸਾਲ ਕਣਕ ਤੇ ਨਰਮੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਸਨ ਪਰ ਕਿਸਾਨਾਂ ਨੂੰ ਹੁਣ ਤੱਕ ਮੁਆਵਜ਼ਾ ਨਹੀਂ ਮਿਲਿਆ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੀਡੀਆ ਵਿਚ ਇਹ ਪ੍ਰੇਸ਼ਾਨ ਕਰਨ ਵਾਲੀਆਂ ਖਬਰਾਂ ਆ ਰਹੀਆਂ ਹਨ ਕਿ ਮਾਲੀਆ ਅਫਸਰਾਂ ਤੇ ਡਿਪਟੀ ਕਮਿਸ਼ਨਰਾਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਕਿਸਾਨਾਂ ਨੂੰ ਸਭ ਤੋਂ ਵੱਧ ਮੁਆਵਜ਼ਾ ਦੇਣ ਦੀ ਮੱਦ ਅਨੁਸਾਰ ਨਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਇਸਦਾ ਮਤਲਬ ਹੈ ਕਿ ਆਪ ਸਰਕਾਰ ਕਿਸਾਨਾਂ ਨੂੰ 15000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਤੋਂ ਵੀ ਭੱਜ ਰਹੀ ਹੈ। ਸ: ਬਾਦਲ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਅਜਿਹੀਆਂ ਕਿਸਾਨ ਵਿਰੋਧੀ ਤੇ ਅਣਮਨੁੱਖੀ ਨੀਤੀਆਂ ਵਿਚ ਨਾ ਉਲਝੇ। ਉਹਨਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਨਿਆਂ ਨਾ ਦਿੱਤਾ ਗਿਆ ਤਾਂ ਫਿਰ ਅਕਾਲੀ ਦਲ ਸੰਘਰਸ਼ ਵਿੱਢੇਗਾ। ਉਹਨਾਂ ਇਹ ਵੀ ਮੰਗ ਕੀਤੀ ਕਿ ਖੇਤੀ ਮਜ਼ਦੂਰਾਂ ਲਈ ਵੀ ਮੁਆਵਜ਼ਾ ਵਧਾ ਕੇ 10 ਹਜ਼ਾਰ ਰੁਪਏ ਪ੍ਰਤੀ ਏਕੜ ਕੀਤਾ ਜਾਵੇ ਤੇ ਜਿਹਨਾਂ ਨੇ ਠੇਕੇ ’ਤੇ ਜ਼ਮੀਨ ਲੈ ਕੇ ਕਾਸ਼ਤ ਕੀਤੀਹੈ, ਉਹਨਾਂ ਦੇ ਨੁਕਸਾਨ ਦਾ ਵੀ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਆਪਣੇ ਆਕਾ ਅਰਵਿੰਦ ਕੇਜਰੀਵਾਲ ਦਾ ਸਾਰੇ ਮੁਲਕ ਵਿਚ ਪ੍ਰਚਾਰ ਕਰਨ ਵਿਚ ਰੁੱਝੇ ਰਹਿਣ ਦੀ ਥਾਂ ਗਤੀਸ਼ੀਲ ਪਹੁੰਚ ਅਪਣਾਉਣ।ਉਹਨਾਂ ਮੰਗ ਕੀਤੀ ਕਿ ਆਪ ਸਰਕਾਰ ਕੇਂਦਰ ਸਰਕਾਰ ਵੱਲੋਂ ਫਸਲਾਂ ’ਤੇ ਲਾਏ ਜਾਣ ਵਾਲੇ ਵੈਲਯੂ ਕੱਟ ਦਾ ਮਾਮਲਾ ਵੀ ਕੇਂਦਰ ਸਰਕਾਰ ਕੋਲ ਚੁੱਕੇ ਜਿਸਦਾ ਖਦਸ਼ਾ ਕਿਸਾਨਾਂ ਨੂੰ ਬਣਿਆ ਹੋਇਆ ਹੈ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਆਖਿਆ ਜਾਵੇ ਕਿ ਨਮੀ ਤੇ ਦਾਣਾ ਬਦਰੰਗ ਹੋਣ ਦੇ ਮਾਮਲੇ ਵਿਚ ਵਿਸ਼ੇਸ਼ ਹਾਲਾਤਾਂ ਕਾਰਨ ਵਾਧੂ ਕੱਟ ਨਾ ਲਗਾਇਆ ਜਾਵੇ।

ਐਨਐਸਐਸ ਕੈਂਪ ਦੇ ਪੰਜਵੇਂ ਦਿਨ ਵਲੰਟੀਅਰਾਂ ਨੇ ਪਿੰਡ ਨਰੂਆਣਾ ਵਿੱਚ ਕੱਢੀ ਰੈਲੀ

0

ਸੁਖਜਿੰਦਰ ਮਾਨ
ਬਠਿੰਡਾ, 4 ਅਪ੍ਰੈਲ : ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰਾਂ ਡਾ. ਸਿਮਰਜੀਤ ਕੌਰ, ਮੈਡਮ ਗੁਰਮਿੰਦਰ ਜੀਤ ਕੌਰ ਦੀ ਰਹਿਨੁਮਾਈ ਹੇਠ “ਅਜ਼ਾਦੀ ਦਾ 75ਵਾਂ ਅੰਮ੍ਰਿਤ ਮਹਾਂ ਉਤਸਵ”ਮੁਹਿੰਮ ਅਧੀਨ “ਸਵੱਛ ਭਾਰਤ ਸਵੱਸਥ ਭਾਰਤ”ਮਿਸ਼ਨ ਤਹਿਤ ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਦੇ ਚੌਥੇ ਦਿਨ ਕਾਲਜ ਕੈਂਪਸ ਵਿਖੇ ਜਿੱਥੇ ਸਫਾਈ ਅਭਿਆਨ ਦੌਰਾਮ ਕਾਲਜ ਵਿੱਚ ਸਫਾਈ ਕੀਤੀ ਉੱਥੇ ਕਾਲਜ ਕਾਰਨੀਵਲ 2023 ਵਿੱਚ ਵਲੰਟੀਅਰਾਂ ਨੇ ਮੰਡਾਲਾ ਆਰਟ, ਨੇਲ ਆਰਟ, ਗਮਲਿਆਂ ਦੀ ਸਜਾਵਟ, ਗਿੱਧੇ ਅਤੇ ਭੰਗੜੇ ਆਦਿ ਆਈਟਮਾਂ ਵਿੱਚ ਹਿੱਸਾ ਲਿਆ ਜਿਸ ਵਿੱਚ ਨਿਤੀਕਾ ਐਂਡ ਗਰੁੱਪ ਨੇ ਬਾਲੀਵੁੱਡ ਬਲਾਸਟ ਵਿੱਚ ਪਹਿਲਾ, ਮਨਵੀਰ ਕੌਰ ਨੇ ਟੈਟੂ ਮੇਕਿੰਗ ਵਿਚ ਤੀਜਾ, ਵਰਿੰਦਰ ਕੌਰ ਨੇ ਸਟੈਂਡਿੰਗ ਕਮੇਡੀ ਵਿੱਚ ਪਹਿਲਾ, ਖੁਸ਼ਮਨੀ ਨੇ ਫੈਂਸੀ ਡਰੈੱਸ ਵਿੱਚ ਪਹਿਲਾ, ਖੁਸ਼ਪ੍ਰੀਆ ਨੇ ਮੰਡਾਲਾ ਆਰਟ ਵਿੱਚੋਂ ਪਹਿਲਾ, ਰੁਪਿੰਦਰਜੀਤ ਕੌਰ ਨੇ ਹੈਂਡਰਾਈਟਿੰਗ ਵਿੱਚ ਦੂਜਾ ਸਥਾਨ ਅਤੇ ਜੂਲੀ ਐਂਡ ਗਰੁੱਪ ਨੇ ਨੱਚ ਬੱਲੀਏ ਵਿੱਚ ਦੂਜਾ ਸਥਾਨ ਹਾਸਿਲ ਕੀਤਾ ।ਪੰਜਵੇਂ ਦਿਨ ਐਨ.ਐਸ.ਐਸ. ਯੂਨਿਟਾਂ ਵੱਲੋਂ ਗੋਦ ਲਏ ਪਿੰਡ ਨਰੂਆਣਾ ਵਿਖੇ ਵਲੰਟੀਅਰਾਂ ਵੱਲੋਂ ‘ਵਾਤਾਵਰਣ ਬਚਾਓ, ਰੁੱਖ ਲਗਾਓ’, ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਨਾਅਰੇ ਲਗਾ ਕੇ ਰੈਲੀ ਕੱਢੀ ਗਈ ਅਤੇ ਗੁਰਦੂਆਰਾ ਸਾਹਿਬ ਵਿੱਚ ਛਾਂਦਾਰ ਰੁੱਖ ਲਗਾਏ ਗਏ । ਇਸ ਉਪਰੰਤ ਵਲੰਟੀਅਰਾਂ ਨੇ ਲੰਗਰ ਵੀ ਛਕਿਆ ।ਇਸ ਮੌਕੇ ਵਲੰਟੀਅਰਾਂ ਨੂੰ ਪਿੰਡ ਦੇ ਸਰਪੰਚ ਨੇ ਥਾਪਰ ਮਾਡਲ ਸਕੀਮ ਅਧੀਨ ਬਣ ਰਹੇ ਪਿਊਰੀਫਾਈ ਵਾਟਰ ਦੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਸੀਵਰੇਜ ਦੇ ਪਾਣੀ ਨੂੰ ਡਿੱਗੀਆਂ ਵਿੱਚ ਇਕੱਠਾ ਕਰਕੇ ਪਿਊਰੀਫਾਈ ਕਰਕੇ ਖੇਤਾਂ ਨੂੰ ਪਾਣੀ ਦੇਣ ਯੋਗ ਬਣਾਇਆ ਜਾਵੇਗਾ ਇਸ ਨਾਲ ਇਕ ਤਾਂ ਪਾਣੀ ਦੀ ਬੱਚਤ ਹੋਵੇਗੀ ਅਤੇ ਛੇ ਫੁੱਟ ਤੱਕ ਸੂਰਜ ਦੀਆਂ ਕਿਰਨਾਂ ਨਾਲ ਪਾਣੀ ਸਾਫ ਹੋਵੇਗਾ ਅਤੇ ਉਹਨਾਂ ਨੇ ਆਪਣੇ ਪਿੰਡ ਦੇ ਸ਼ਾਮਲਾਟ ਦੀ ਜਗਾ ਵਿੱਚ ਬਣੇ ਪਾਰਕ ਤੇ ਮੱਛੀ ਫਾਰਮ ਵੀ ਦਿਖਾਇਆ । ਐਨ. ਐਸ. ਐਸ. ਵਲੰਟੀਅਰਾਂ ਨੂੰ ਵਾਤਾਵਰਣ, ਪੰਛੀਆਂ ਅਤੇ ਜਾਨਵਰਾਂ ਦੀ ਰੱਖਿਆ ਬਾਰੇ ਗਿਆਨ ਦਿੰਦੇ ਹੋਏ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰਾਂ ਵੱਲੋਂ ਚਿੜੀਆ ਘਰ ਦਾ ਦੌਰਾ ਵੀ ਕਰਵਾਇਆ ਗਿਆ ਅਤੇ ਵਲੰਟੀਅਰਾਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਦੀ ਪ੍ਰੇਰਿਤ ਕੀਤਾ । ਚੌਥੇ ਅਤੇ ਪੰਜਵੇਂ ਦਿਨ ਦਾ ਰਿਵਿਊ ਵਲੰਟੀਅਰ ਖੁਸ਼ਮਨੀ ਨੇ ਕੀਤਾ ਅਤੇ ਅੱਜ ਦਾ ਵਿਚਾਰ ਦਿਕਸ਼ਾ ਰਾਣੀ ਅਤੇ ਭੂਮੀ ਨੇ ਦਿੱਤਾ ।

ਮੁੱਖ ਮੰਤਰੀ ਮਨੋਹਰ ਲਾਲ ਨੇ ਤੋਸ਼ਾਮ ਪੁਲਿਸ ਸਟੇਸ਼ਨ ਦਾ ਕੀਤਾ ਅਚਾਨਕ ਨਿਰੀਖਣ

0

ਪੁਲਿਸ ਸਟੇਸ਼ਨ ਦੀ ਮੈਸ ਅਤੇ ਹੋਰ ਕਮਰਿਆਂ ਦਾ ਕੀਤਾ ਨਿਰੀਖਣ
ਤੋਸ਼ਾਮ ਵਿਚ ਜਨ ਸੰਵਾਦ ਪ੍ਰੋਗ੍ਰਾਮ ਨੂੰ ਕੀਤਾ ਸੰਬੋਧਿਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਅਪ੍ਰੈਲ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਆਪਣੇ ਭਿਵਾਨੀ ਜਿਲ੍ਹੇ ਦੇ ਦੌਰੇ ਦੇ ਤੀਜੇ ਦਿਨ ਅੱਜ ਤੋਸ਼ਾਮ ਪੁਲਿਸ ਸਟੇਸ਼ਨ ਦਾ ਅਚਾਨਕ ਨਿਰੀਖਣ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਥਾਨੇ ਵਿਚ ਸਿਪਾਹੀਆਂ ਦੀ ਬੈਡ ਵਿਵਸਥਾ ਸਮੇਤ ਇੰਫਰਾਸਟਕਚਰ ਲਈ 5 ਲੱਖ ਰੁਪਏ ਦੀ ਰਕਮ ਦੇਣ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਨਿਰੀਖਣ ਦੌਰਾਨ ਮੈਸ ਅਤੇ ਹੋਰ ਕਮਰਿਆਂ ਸਮੇਤ ਪੁਲਿਸ ਸਟੇਸ਼ਨ ਦੀ ਆਰਮਰੀ ਅਤੇ ਰਿਕਾਰਡ ਰੂਪ ਚੈਕ ਕੀਤਾ। ਪੁਲਿਸ ਸਟੇਸ਼ਨ ਵਿਚ ਸਵੱਛਤਾ ਦੀ ਵਿਵਸਥਾ ਦੇਖ ਉਨ੍ਹਾਂ ਨੇ ਐਸਐਚਓ ਸਖਬੀਰ ਸਿੰਘ ਦੀ ਸ਼ਲਾਘਾ ਕੀਤੀ।ਮਨੋਹਰ ਲਾਲ ਨੇ ਪੁਲਿਸ ਸੁਪਰਡੈਂਟ ਅਜੀਤ ਸਿੰਘ ਸ਼ੇਖਾਵਤ ਤੇ ਥਾਨਾ ਪ੍ਰਭਾਰੀ ਨੂੰ ਨਿਰਦੇਸ਼ ਦਿੱਤੇ ਕਿ ਇਸ ਖੇਤਰ ਵਿਚ ਅਪਰਾਧ ਦੀ ਘਟਨਾਵਾਂ ’ਤੇ ਰੋਕ ਲਗਾਇਆ ਜਾਵੇ। ਜੋ ਵੀ ਆਮ ਨਾਗਰਿਕ ਥਾਨੇ ਵਿਚ ਆਪਣੀ ਸ਼ਿਕਾਇਤ ਲੈ ਕੇ ਆਉਂਦਾ ਹੈ, ਉਸ ਨੂੰ ਗੰਭੀਰਤਾ ਨਾਲ ਸੁਣਿਆ ਜਾਵੇ ਅਤੇ ਪ੍ਰਭਾਰੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਥਾਨੇ ਨੂੰ ਅਪਗ੍ਰੇਡ ਕਰਨ ਦੇ ਲਈ ਵੀ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।ਤੋਸ਼ਾਮ ਵਿਚ ਪਿੰਡਵਾਸੀਆਂ ਨਾਲ ਜਨਸੰਵਾਦ ਪ੍ਰੋਗ੍ਰਾਮ ਵਿਚ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਤੋਸ਼ਾਮ ਵਿਚ 1850 ਨਵੇਂ ਰਾਸ਼ਨ ਕਾਰਡ ਬਣਾਏ ਗਏ ਹਨ। ਇਸੀ ਤਰ੍ਹਾ ਪਿੰਡ ਵਿਚ 6339 ਲੋਕਾਂ ਦੇ ਆਯੂਸ਼ਮਾਨ ਕਾਰਡ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 197 ਆਯੂਸ਼ਮਾਨ ਕਾਰਡ ਧਾਰਕ ਆਪਣਾ ਇਲਾਜ ਕਰਵਾ ਚੁੱਕੇ ਹਨ, ਜਿਸ ਦੀ ਲਾਗਤ 17 ਲੱਖ ਰੁਪਏ ਆਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਬਿਨ੍ਹਾਂ ਪਰਚੀ ਬਿਨ੍ਹਾਂ ਖਰਚੀ ਦੇ ਨੌਜੁਆਨਾਂ ਨੂੰ ਸਰਕਾਰ ਨੌਕਰੀਆਂ ਦਿੱਤੀ ਹੈ। ਤੋਸ਼ਾਮ ਵਿਚ ਲਗਭਗ 70 ਨੌਜੁਆਨਾਂ ਨੂੰ ਨੌਕਰੀਆਂ ਮਿਲੀਆਂ ਹਨ। ਮੁੱਖ ਮੰਤਰੀ ਨਾਲ ਸੰਵਾਦ ਕਰਦੇ ਸਮੇਂ ਇਕ ਵਿਅਕਤੀ ਨੈ ਕਿਹਾ ਕਿ ਮੌਜੂਦਾ ਸਰਕਾਰ ਵਿਚ ਉਹ ਬਿਨ੍ਹਾਂ ਕਿਸੇ ਸਿਫਾਰਿਸ਼ ਦੇ ਨੌਕਰੀ ਲੱਗੀ ਹੈ, ਜਿਸ ਦੇ ਲਈ ਪਹਿਲਾਂ ਦੀਆਂ ਸਰਕਾਰਾਂ ਵਿਚ ਸਿਫਾਰਿਸ਼ ਦੀ ਜਰੂਰਤ ਪੈਂਦੀ ਸੀ। ਪਰ ਮੌਜੂਦਾ ਸਰਕਾਰ ਦੀ ਸਰਕਾਰੀ ਭਰਤੀਆਂ ਵਿਚ ਪਾਰਦਰਸ਼ਿਤਾ ਦੀ ਬਦੌਲਤ ਊਹ ਸਰਕਾਰੀ ਨੌਕਰੀ ਹਾਸਲ ਕਰ ਪਾਇਆ ਹੈ। ਇਸ ਦੇ ਲਈ ਮੁੱਖ ਮੰਤਰੀ ਦਾ ਬਹੁਤ ਧੰਨਵਾਦ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਹਿਲੇ ਟਰਾਂਸਫਰ ਦੇ ਲਈ ਚੰਡੀਗੜ੍ਹ ਤਕ ਦਫਤਰਾਂ ਵਿਚ ਚੱਕਰ ਲਗਾਉਣੇ ਪੈਂਦੇ ਸਨ, ਪਰ ਮੌਜੂਦਾ ਸਰਕਾਰ ਨੇ ਆਨਲਾਇਨ ਟਰਾਂਸਫਰ ਪੁਲਿਸੀ ਲਾਗੂ ਕਰ ਕੇ ਪਾਰਦਰਸ਼ਿਤਾ ਦੇ ਤਹਿਤ ਟਰਾਂਸਫਰ ਆਨਲਾਇਨ ਕੀਤੇ, ਜਿਸ ਤੋਂ ਤਬਾਦਲਾ ਉਦਯੋਗ ਬੰਦ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੈ ਜਮੀਨ ਦੀ ਫਰਦ ਆਨਲਾਇਨ ਕਰ ਕੇ ਆਮ ਜਨਤਾ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਆਨਲਾਇਨ ਫਰਦ ਮੰਨੀ ਜਾਵੇਗੀ। ਇਸ ਮੌਕੇ ’ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ ਪੀ ਦਲਾਲ, ਸਾਂਸਦ ਧਰਮਬੀਰ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।

ਬਾਕਸ
ਮੁੱਖ ਮੰਤਰੀ ਸਾਲ 2023 ਦੌਰਾਨ ਸੂਬੇ ਦੇ ਸਾਰੇ ਜਿਲ੍ਹਿਆਂ ਵਿਚ ਜਾ ਕੇ ਜਨਸੰਵਾਦ ਪ੍ਰੋਗ੍ਰਾਮ ਕਰਣਗੇ, ਜਿਸ ਦੀ ਸ਼ੁਰੂਆਤ 2 ਅਪ੍ਰੈਲ ਤੋਂ ਭਿਵਾਨੀ ਜਿਲ੍ਹਾ ਦੇ ਪਿੰਡ ਖਰਕ ਕਲਾਂ ਤੋਂ ਕੀਤੀ ਸੀ। ਜਨਸੰਵਾਦ ਪ੍ਰੋਗ੍ਰਾਮ ਵਿਚ ਪਿੰਡਵਾਸੀ ਅੰਚਲ ਦੀ ਪੁਰਾਣੀ ਰਿਵਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਬੈਠਣ ਦੇ ਲਈ ਚਾਰਪਾਈ ਤੇ ਮੂੜੇ ਦੀ ਵਰਤੋ ਕੀਤੀ ਗਈ ਅਤੇ ਖੁਦ ਮੁੱਖ ਮੰਤਰੀ ਵੀ ਮੂੜੇ ’ਤੇ ਬੈਠ ਕੇ ਪਿੰਡਵਾਸੀਆਂ ਨਾਲ ਸੰਵਾਦ ਕਰ ਰਹੇ ਹਨ। ਮੁੱਖ ਮੰਤਰੀ ਦਾ ਇਹ ਅੰਦਾਜ ਪਿੰਡਵਾਸੀਆਂ ਨੂੰ ਬਹੁਤ ਰਾਸ ਆ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਊਹ ਅੱਜ ਪਰਿਵਾਰ ਦਾ ਮੁਖੀਆ ਬਣ ਕੇ ਤੁਸੀ ਲੋਕਾਂ ਦੇ ਵਿਚ ਤੁਹਾਡੀ ਸਮਸਿਆਵਾਂ ਜਾਨਣ ਲਈ ਆਏ ਹਨ।

Our Visitor

1911758