ਸੁਖਜਿੰਦਰ ਮਾਨ
ਬਠਿੰਡਾ 24 ਮਾਰਚ: ਭਿਰਸ਼ਟਾਚਾਰ ਦੇ ਦੋਸ਼ਾਂ ਹੇਠ ਜੇਲ੍ਹ ਵਿੱਚ ਬੰਦ ਵਿਧਾਇਕ ਅਮਿਤ ਰਤਨ ਕੋਟ ਫੱਤਾ ਦੇ ਨਿੱਜੀ ਪੀਏ ਰਿਸ਼ਮ ਗਰਗ ਦੀ ਅਦਾਲਤ ਵੱਲੋਂ ਅੱਜ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਰਿਸ਼ਮ ਗਰਗ ਨੂੰ ਵਿਜੀਲੈਂਸ ਬਿਊਰੋ ਵੱਲੋ ਲੰਘੀ16 ਫਰਵਰੀ ਨੂੰ ਉਸ ਵੇਲੇ ਸਰਕਟ ਹਾਊਸ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਸ ਵੱਲੋਂ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਦੇ ਪਤੀ ਪ੍ਰਿਤਪਾਲ ਉਰਫ ਕਾਕਾ ਕੋਲੋਂ ਗਰਾਂਟਾਂ ਰਿਲੀਜ਼ ਕਰਨ ਬਦਲੇ 4 ਲੱਖ ਰੁਪਏ ਰਿਸ਼ਵਤ ਲਈ ਜਾ ਰਹੀ ਸੀ। ਮਹੱਤਵਪੂਰਨ ਗੱਲ ਇਹ ਵੀ ਸੀ ਕਿ ਉਸ ਸਮੇਂ ਵਿਧਾਇਕ ਅਮਿਤ ਰਤਨ ਵੀ ਸਰਕਟ ਹਾਊਸ ਵਿਖੇ ਹਾਜ਼ਰ ਸੀ, ਜਿਸਨੂੰ ਬਾਅਦ ਵਿਚ ਵਿਜੀਲੈਂਸ ਬਿਊਰੋ ਨੇ ਕੇਸ ਵਿਚ ਨਾਮਜ਼ਦ ਕਰਕੇ 22 ਫ਼ਰਵਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜੋਕਿ ਮੌਜੂਦਾ ਸਮੇਂ ਪਟਿਆਲਾ ਜੇਲ ਵਿਚ ਬੰਦ ਹਨ। ਰਿਸ਼ਮ ਗਰਗ ਜੋ ਬਠਿੰਡਾ ਜੇਲ੍ਹ ਵਿਚ ਬੰਦ ਹੈ, ਉਸ ਵੱਲੋਂ ਵਧੀਕ ਸੈਸ਼ਨ ਜੱਜ ਰਾਮ ਕੁਮਾਰ ਗੋਇਲ ਦੀ ਅਦਾਲਤ ਵਿਚ ਆਪਣੀ ਜ਼ਮਾਨਤ ਕਰਵਾਉਣ ਲਈ ਅਰਜ਼ੀ ਦਾਖਲ ਕੀਤੀ ਸੀ । ਇਸ ਮੌਕੇ ਵਿਜੀਲੈਂਸ ਵੱਲੋਂ ਵੀ ਰਿਸ਼ਮ ਗਰਗ ਖ਼ਿਲਾਫ਼ ਆਪਣਾ ਮਜ਼ਬੂਤੀ ਨਾਲ ਪੱਖ ਰੱਖਿਆ ਗਿਆ। ਦੋਨਾਂ ਧਿਰ ਦੀਆ ਦਲੀਲਾਂ ਸੁਣਨ ਤੋਂ ਬਾਅਦ ਐਡੀਸ਼ਨਲ ਸੈਸ਼ਨ ਜੱਜ ਰਾਮ ਕੁਮਾਰ ਗੋਇਲ ਦੀ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਰਿਸ਼ਮ ਗਰਗ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ।
ਅਦਾਲਤ ਵਲੋਂ ਵਿਧਾਇਕ ਅਮਿਤ ਰਤਨ ਦੇ ਪ੍ਰਾਈਵੇਟ ਪੀਏ ਦੀ ਜ਼ਮਾਨਤ ਅਰਜ਼ੀ ਰੱਦ
ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅੱਗੇ ਆਉਣ ਦਾ ਸੱਦਾ
ਸ਼ਹੀਦ ਦੇ ਜੱਦੀ ਪਿੰਡ ਵਿੱਚ ਜਾ ਕੇ ਕੀਤੀ ਸ਼ਰਧਾਂਜਲੀ ਭੇਟ
ਸੁਤੰਤਰਤਾ ਸੰਗਰਾਮ ਬਾਰੇ ਦੱਸਣ ਲਈ ਵਿਰਾਸਤੀ ਗਲੀ ਸਣੇ ਖਟਕੜ ਕਲਾਂ ਦੇ ਸਮੁੱਚੇ ਵਿਕਾਸ ਦਾ ਕੀਤਾ ਐਲਾਨ
ਸ਼ਹੀਦਾਂ ਦੀ ਕਲਪਨਾ ਵਾਲਾ ਸਮਾਜ ਸਿਰਜਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ
ਪੰਜਾਬੀ ਖ਼ਬਰਸਾਰ ਬਿਉਰੋ
ਖਟਕੜ ਕਲਾਂ, 23 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਅੱਗੇ ਆਉਣ ਅਤੇ ਸੂਬਾ ਸਰਕਾਰ ਇਸ ਮਕਸਦ ਦੀ ਪੂਰੀ ਲਈ ਪੂਰਾ ਸਹਿਯੋਗ ਤੇ ਤਾਲਮੇਲ ਕਰੇਗੀ। ਸ਼ਹੀਦ-ਏ-ਆਜ਼ਮ ਦੇ ਜੱਦੀ ਪਿੰਡ ਵਿੱਚ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਦਿਨ ਸਾਨੂੰ ਧਰਤੀ ਮਾਂ ਦੇ ਸੱਚੇ ਸਪੂਤ ਵੱਲੋਂ ਦਿੱਤੇ ਮਹਾਨ ਬਲੀਦਾਨ ਬਾਰੇ ਚੇਤੇ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੀ ਸ਼ਹਾਦਤ ਸਾਨੂੰ ਹਮੇਸ਼ਾ ਬੇਇਨਸਾਫ਼ੀ, ਜੁਲਮ ਅਤੇ ਦਮਨ ਖ਼ਿਲਾਫ਼ ਖੜ੍ਹੇ ਹੋਣ ਲਈ ਪ੍ਰੇਰਦੀ ਰਹੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਸਾਡਾ ਸਾਰਿਆਂ ਦਾ ਨੈਤਿਕ ਫ਼ਰਜ਼ ਬਣਦਾ ਹੈ ਕਿ ਸਮਾਜ ਵਿੱਚ ਫੈਲੀਆਂ ਸਾਰੀਆਂ ਕੁਰੀਤੀਆਂ ਵਿਰੁੱਧ ਅਸੀਂ ਜੰਗ ਛੇੜੀਏ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫ਼ਰਜ਼ ਹੈ ਕਿ ਉਹ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖ਼ੁਸ਼ਹਾਲੀ ਯਕੀਨੀ ਬਣਾਏ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨਾਲ ਪੰਜਾਬ ਮੁਲਕ ਭਰ ਵਿੱਚੋਂ ਮੋਹਰੀ ਸੂਬਾ ਬਣ ਕੇ ਉੱਭਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਭਗਤ ਸਿੰਘ ਵੱਲੋਂ ਸੰਜੋਏ ਸੁਪਨਿਆਂ ਨੂੰ ਪੂਰਾ ਕਰਨ ਅਤੇ ਫਿਰਕੂ ਸਦਭਾਵਨਾ ਵਾਲਾ ਸਮਾਜ ਸਿਰਜਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਅੰਦੋਲਨ ਦੇ ਇਨ੍ਹਾਂ ਨੌਜਵਾਨ ਨਾਇਕਾਂ ਨੇ ਛੋਟੀ ਉਮਰ ਵਿੱਚ ਹੀ ਆਪਣੇ ਜੀਵਨ ਦਾ ਬਲੀਦਾਨ ਦੇ ਕੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਜੂਲੇ ਤੋਂ ਮੁਕਤ ਕਰਵਾਇਆ। ਭਗਵੰਤ ਮਾਨ ਨੇ ਕਿਹਾ ਕਿ ਧਰਤੀ ਮਾਂ ਦੇ ਇਸ ਮਹਾਨ ਸਪੂਤ ਵੱਲੋਂ ਦਰਸਾਏ ਮਾਰਗ ਉਤੇ ਚੱਲਦਿਆਂ ਖ਼ੁਸ਼ਹਾਲ ਸਮਾਜ ਸਿਰਜਣ ਲਈ ਪੰਜਾਬ ਸਰਕਾਰ ਆਪਣੀ ਪੂਰੀ ਵਾਹ ਲਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਨੇ ਬੁੱਧਵਾਰ ਨੂੰ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਦਾ ਮਤਾ ਪਾਸ ਕੀਤਾ ਹੈ। ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਆਜ਼ਾਦੀ ਨੂੰ 75 ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਮੁਲਕ ਅਜੇ ਵੀ ਗਰੀਬੀ, ਅਨਪੜ੍ਹਤਾ, ਬੇਰੋਜ਼ਗਾਰੀ ਤੇ ਹੋਰ ਸਮਾਜਿਕ ਕੁਰੀਤੀਆਂ ਨਾਲ ਜੂਝ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਪਹਿਲਾਂ ਹੀ ਇਨ੍ਹਾਂ ਕੁਰੀਤੀਆਂ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਕਈ ਕਦਮ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਲੋਕਾਂ ਦੀ ਖ਼ੁਸ਼ਹਾਲੀ ਲਈ ਕਈ ਲੋਕ-ਪੱਖੀ ਤੇ ਵਿਕਾਸ ਆਧਾਰਤ ਸਕੀਮਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਕਦਮਾਂ ਦਾ ਇਕੋ-ਇਕ ਉਦੇਸ਼ ਸਾਡੇ ਮਹਾਨ ਸ਼ਹੀਦਾਂ ਵੱਲੋਂ ਸੰਜੋਏ ਸੁਪਨਿਆਂ ਵਾਲਾ ਸਮਾਜ ਬਣਾਉਣਾ ਹੈ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਤੱਕ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਨਹੀਂ ਕਰ ਲਿਆ ਜਾਂਦਾ, ਉਦੋਂ ਤੱਕ ਸਾਡੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਵਿੱਚ ਵਿਰਾਸਤੀ ਗਲੀ ਦੇ ਨਿਰਮਾਣ ਦਾ ਫੈਸਲਾ ਕੀਤਾ ਹੈ ਤਾਂ ਕਿ ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਤੇ ਪੰਜਾਬ ਦੇ ਸ਼ਾਨਾਮੱਤੇ ਯੋਗਦਾਨ ਨੂੰ ਦਰਸਾਇਆ ਜਾ ਸਕੇ। ਉਨ੍ਹਾਂ ਕਿਹਾ ਕਿ 850 ਮੀਟਰ ਲੰਮੀ ਇਹ ਵਿਰਾਸਤੀ ਗਲੀ ਖਟਕੜ ਕਲਾਂ ਵਿੱਚ ਅਜਾਇਬ ਘਰ ਤੋਂ ਸ਼ਹੀਦ ਭਗਤ ਸਿੰਘ ਦੇ ਘਰ ਤੱਕ ਬਣਾਈ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਗਲੀ ਸੁਤੰਤਰਤਾ ਸੰਗਰਾਮ ਵਿੱਚ ਸੂਬੇ ਦੇ ਮਹਾਨ ਯੋਗਦਾਨ ਨੂੰ ਦਰਸਾਏਗੀ, ਉੱਥੇ ਨੌਜਵਾਨਾਂ ਨੂੰ ਦੇਸ਼ ਲਈ ਤਨਦੇਹੀ ਨਾਲ ਕੰਮ ਕਰਨ ਲਈ ਵੀ ਪ੍ਰੇਰੇਗੀ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਅਜਾਇਬ ਘਰ ਵਿੱਚ ਅਦਾਲਤ ਦਾ ਫਾਈਵ ਡੀ ਸੈੱਟਅੱਪ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਫਾਈਵ ਡੀ ਕ੍ਰਿਏਟਿਵ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਦੇ ਦ੍ਰਿਸ਼ ਦਾ ਰੂਪਾਂਤਰਣ ਕਰੇਗਾ ਤਾਂ ਜੋ ਦਰਸ਼ਕਾਂ ਨੂੰ ਉਸ ਸਮੇਂ ਦਾ ਅਨੁਭਵ ਹੋ ਸਕੇ। ਭਗਵੰਤ ਮਾਨ ਨੇ ਕਿਹਾ ਕਿ ਇਹ ਦਰਸ਼ਕਾਂ ਨੂੰ ਅਸਲ ਵਿੱਚ ਉਸ ਯੁੱਗ ਵਿੱਚ ਵਾਪਸ ਲੈ ਜਾਵੇਗਾ ਅਤੇ ਦੇਸ਼ ਲਈ ਇਸ ਨੌਜਵਾਨ ਨਾਇਕ ਦੁਆਰਾ ਦਿੱਤੀ ਗਈ ਮਹਾਨ ਕੁਰਬਾਨੀ ਨੂੰ ਸਦਾ ਤਾਜ਼ਾ ਰੱਖੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਸੈਰ-ਸਪਾਟਾ ਤੇ ਸੱਭਿਆਚਾਰ ਵਿਭਾਗ ਨੂੰ ਇਹ ਪ੍ਰਾਜੈਕਟ ਸ਼ੁਰੂ ਕਰਨ ਲਈ ਕਹਿ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਧਰਤੀ ਸਾਰੇ ਪੰਜਾਬੀਆਂ ਲਈ ਪਵਿੱਤਰ ਹੈ ਅਤੇ ਇਸ ਦਾ ਚਹੁ-ਪੱਖੀ ਵਿਕਾਸ ਯਕੀਨੀ ਬਣਾਇਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਆਪਣੇ ਅਹੁਦੇ ਦੀ ਸਹੁੰ ਵੀ ਇਸ ਪਵਿੱਤਰ ਧਰਤੀ ਉਤੇ ਚੁੱਕੀ ਸੀ। ਇਸ ਦੌਰਾਨ ਮੁੱਖ ਮੰਤਰੀ ਨੇ ਸੁਰਿੰਦਰ ਕੌਰ, ਯਾਦਵਿੰਦਰ ਸਿੰਘ, ਪਵਨਦੀਪ ਕੌਰ, ਮਨਜੀਤ ਸਿੰਘ ਧਾਲੀਵਾਲ, ਸਤਵੰਤ ਸਿੰਘ, ਗੁਰਮੇਲ ਕੌੜਾ, ਕੁਲਦੀਪ ਕੌਰ, ਹਰਚਰਨ ਸਿੰਘ ਅਤੇ ਹੋਰਨਾਂ ਸਮੇਤ ਮਹਾਨ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਅਜਾਇਬ ਘਰ ਅਤੇ ਜੱਦੀ ਘਰ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਸ਼ਹੀਦ ਦੇ ਪਿਤਾ ਕਿਸ਼ਨ ਸਿੰਘ ਦੀ ਸਮਾਧ ‘ਤੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਬੁੱਤ ‘ਤੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ।
ਮੁੱਖ ਮੰਤਰੀ ਵੱਲੋਂ ਹੁਸੈਨੀਵਾਲਾ ਸਮਾਰਕ ਦੇ ਮੁਕੰਮਲ ਕਾਇਆ-ਕਲਪ ਦਾ ਐਲਾਨ
ਮਹਾਨ ਸ਼ਹੀਦਾਂ ਦੇ ਸ਼ਾਨਾਮੱਤੇ ਵਿਰਸੇ ਨੂੰ ਕਾਇਮ ਰੱਖਣ ਦੀ ਵਚਨਬੱਧਤਾ ਦੁਹਰਾਈ
ਫ਼ਿਰੋਜ਼ਪੁਰ ਸ਼ਹਿਰ ਨੂੰ ਟੂਰਿਸਟ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ
ਬੀ.ਐਸ.ਐਫ. ਜੰਗੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ
ਪੰਜਾਬੀ ਖ਼ਬਰਸਾਰ ਬਿਉਰੋ
ਫ਼ਿਰੋਜ਼ਪੁਰ, 23 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੀ ਸ਼ਾਨਾਮੱਤੀ ਵਿਰਾਸਤ ਨੂੰ ਲੰਬੇ ਸਮੇਂ ਤੱਕ ਕਾਇਮ ਰੱਖਣ ਲਈ ਹੁਸੈਨੀਵਾਲਾ ਯਾਦਗਾਰ ਦੇ ਮੁਕੰਮਲ ਕਾਇਆ-ਕਲਪ ਦਾ ਐਲਾਨ ਕੀਤਾ ਹੈ।
ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਦੇਸ਼ ਵਾਸੀ ਲਈ ਇਹ ਧਰਤੀ ਪਵਿੱਤਰ ਹੈ ਕਿਉਂਕਿ ਬਰਤਾਨਵੀ ਹਕੂਮਤ ਨੇ ਇਨ੍ਹਾਂ ਸੂਰਵੀਰ ਯੋਧਿਆਂ ਨੂੰ ਸ਼ਹੀਦ ਕਰਨ ਤੋਂ ਬਾਅਦ ਇੱਥੇ ਸਸਕਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਜਗ੍ਹਾ ਨੌਜਵਾਨ ਪੀੜ੍ਹੀਆਂ ਨੂੰ ਦੇਸ਼ ਦੀ ਨਿਰਸਵਾਰਥ ਸੇਵਾ ਲਈ ਪ੍ਰੇਰਦੀ ਰਹੇਗੀ। ਭਗਵੰਤ ਮਾਨ ਨੇ ਕਿਹਾ ਕਿ ਇਸ ਸਥਾਨ ਦੇ ਵਿਆਪਕ ਵਿਕਾਸ ਲਈ ਖਾਕਾ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਸਹੂਲਤ ਮਿਲ ਸਕੇ।ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਸੁਤੰਤਰਤਾ ਸੰਗਰਾਮ ਵਿੱਚ ਮਾਤ ਭੂਮੀ ਲਈ ਆਪਣੇ ਜੀਵਨ ਦਾ ਬਲੀਦਾਨ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਸ ਪਵਿੱਤਰ ਧਰਤੀ ਉਤੇ ਆਏ। ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸੂਬਾ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਸਮੁੱਚਾ ਦੇਸ਼ ਆਪਣੇ ਇਸ ਸੱਚੇ ਸਪੂਤ ਦਾ ਹਮੇਸ਼ਾ ਕਰਜ਼ਦਾਰ ਰਹੇਗਾ, ਜਿਸ ਨੇ 23 ਸਾਲ ਦੀ ਛੋਟੀ ਉਮਰ ਵਿੱਚ ਬਰਤਾਨਵੀ ਸਾਮਰਾਜਵਾਦ ਦੇ ਚੁੰਗਲ ਵਿੱਚੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣਾ ਬਲੀਦਾਨ ਦਿੱਤਾ।ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਮਿਆਰੀ ਤਕਨੀਕੀ ਸਿੱਖਿਆ ਮੁਹੱਈਆ ਕਰਨ ਲਈ ਫ਼ਿਰੋਜ਼ਪੁਰ ਵਿੱਚ ਤਕਨੀਕੀ ਯੂਨੀਵਰਸਿਟੀ ਦੀ ਸਥਾਪਨਾ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਸਰਹੱਦੀ ਜ਼ਿਲ੍ਹੇ ਦੇ ਨੌਜਵਾਨ ਦੇਸ਼ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਸਰਗਰਮ ਭਾਈਵਾਲ ਬਣਨ ਦੇ ਯੋਗ ਹੋਣਗੇ। ਭਗਵੰਤ ਮਾਨ ਨੇ ਕਿਹਾ ਕਿ ਹੁਨਰਮੰਦ ਸਿਖਲਾਈ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗੀ, ਜਿਸ ਨਾਲ ਸੂਬੇ ਤੋਂ ਹੁੰਦੇ ਪ੍ਰਤਿਭਾ ਪਲਾਇਨ ਵੀ ਰੋਕਿਆ ਜਾ ਸਕੇਗਾ। ਇਹ ਪਵਿੱਤਰ ਧਰਤੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੁਨੀਆ ਭਰ ਤੋਂ ਆਉਣ ਵਾਲੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਸੂਬਾ ਸਰਕਾਰ ਜਲਦੀ ਹੁਸੈਨੀਵਾਲਾ ਵਿੱਚ ਟੈਂਟ ਸਿਟੀ ਦਾ ਨਿਰਮਾਣ ਕਰੇਗੀ ਤਾਂ ਕਿ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਠਹਿਰ ਆਰਾਮਦਾਇਕ ਰਹੇ। ਭਗਵੰਤ ਮਾਨ ਨੇ ਕਿਹਾ ਕਿ ਹੁਸੈਨੀਵਾਲਾ ਅਜਾਇਬ ਘਰ ਦੀ ਕਾਇਆ-ਕਲਪ ਦੀ ਯੋਜਨਾ ਵੀ ਵਿਚਾਰ ਅਧੀਨ ਹੈ ਅਤੇ ਸੂਬਾ ਸਰਕਾਰ ਜਲਦੀ ਇਸ ਨੂੰ ਅੰਤਮ ਰੂਪ ਦੇਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਛੋਟੀ ਉਮਰ ਵਿੱਚ ਹੀ ਕੌਮੀ ਸੁਤੰਤਰਤਾ ਸੰਗਰਾਮ ਵਿੱਚ ਸ਼ਾਮਲ ਹੋ ਕੇ ਦੇਸ਼ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਵਿੱਚੋਂ ਆਜ਼ਾਦ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਦੇਸ਼ ਦੀ ਬਿਨਾਂ ਸਵਾਰਥ ਸੇਵਾ ਕਰਨ ਲਈ ਸ਼ਹੀਦ-ਏ-ਆਜ਼ਮ ਹਮੇਸ਼ਾ ਨੌਜਵਾਨਾਂ ਵਾਸਤੇ ਪ੍ਰੇਰਨਾ ਦਾ ਸਰੋਤ ਰਹਿਣਗੇ। ਭਗਵੰਤ ਮਾਨ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਮੁਲਕ ਨੂੰ ਪ੍ਰਗਤੀਸ਼ੀਲ ਤੇ ਖ਼ੁਸ਼ਹਾਲੀ ਵੱਲ ਲੈ ਕੇ ਜਾਣ ਲਈ ਸ਼ਹੀਦ ਭਗਤ ਸਿੰਘ ਦੇ ਨਕਸ਼ੇ-ਕਦਮ ਉਤੇ ਚੱਲਣ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਮੋਹਾਲੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਹੁਣ ਛੇਤੀ ਹੀ ਹਵਾਈ ਅੱਡੇ ਨੇੜੇ ਇਸ ਮਹਾਨ ਸ਼ਹੀਦ ਦਾ ਆਧੁਨਿਕ ਬੁੱਤ ਲਾਇਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਸੂਬਾ ਸਰਕਾਰ ਵੱਲੋਂ ਇਸ ਮਹਾਨ ਨਾਇਕ ਨੂੰ ਨਿਮਾਣੀ ਜਿਹੀ ਸ਼ਰਧਾਂਜਲੀ ਹੋਵੇਗੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾਈ ਵਿਧਾਨ ਸਭਾ ਨੇ ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਉਤੇ ਰੱਖਣ ਲਈ ਮਤਾ ਪਾਸ ਕਰ ਕੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਇਕੋ-ਇਕ ਮੰਤਵ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਨ੍ਹਾਂ ਮਹਾਨ ਨਾਇਕਾਂ ਦੀਆਂ ਕੁਰਬਾਨੀਆਂ ਤੋਂ ਜਾਣੂੰ ਕਰਵਾਉਣਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਨਾਇਕਾਂ ਦੇ ਯੋਗਦਾਨ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰੀ ਰੱਖਿਆ ਪਰ ਸਾਡੀ ਸਰਕਾਰ ਇਨ੍ਹਾਂ ਸੂਰਬੀਰਾਂ ਦੀ ਵਿਰਾਸਤ ਨੂੰ ਲੰਬੇ ਸਮੇਂ ਤੱਕ ਕਾਇਮ ਰੱਖਣ ਲਈ ਹਰੇਕ ਯਤਨ ਕਰਨ ਵਾਸਤੇ ਵਚਨਬੱਧ ਹੈ। ਮੁੱਖ ਮੰਤਰੀ ਨੇ ਫ਼ਿਰੋਜ਼ਪੁਰ ਨੂੰ ਦੇਸ਼ ਭਰ ਵਿੱਚੋਂ ਵੱਡਾ ਟੂਰਿਸਟ ਹੱਬ ਬਣਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸਰਹੱਦੀ ਸ਼ਹਿਰ ਵਿੱਚ ਸੈਰ-ਸਪਾਟੇ ਲਈ ਬੇਹੱਦ ਵੱਧ ਸੰਭਾਵਨਾਵਾਂ ਹਨ, ਜਿਹੜੀਆਂ ਹੁਣ ਤੱਕ ਤਲਾਸ਼ੀਆਂ ਨਹੀਂ ਗਈਆਂ। ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਇਸ ਸ਼ਹਿਰ ਨੂੰ ਵਿਕਸਤ ਕਰ ਕੇ ਸੈਰ-ਸਪਾਟੇ ਪੱਖੋਂ ਵਿਸ਼ਵ ਦੇ ਨਕਸ਼ੇ ਉਤੇ ਲਿਆਉਣ ਲਈ ਵਚਨਬੱਧ ਹੈ। ਇਸ ਮੌਕੇ ਮੁੱਖ ਮੰਤਰੀ ਨੇ ਸਾਂਝੀ ਚੈੱਕ ਪੋਸਟ ਉਤੇ ਬੀ.ਐਸ.ਐਫ. ਵੱਲੋਂ ਬਣਾਏ ਜਾਣ ਵਾਲੀ ਜੰਗੀ ਯਾਦਗਾਰ ਦਾ ਵੀ ਨੀਂਹ ਪੱਥਰ ਰੱਖਿਆ। ਉਨ੍ਹਾਂ ਉਮੀਦ ਜਤਾਈ ਕਿ 12 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਹ ਜੰਗੀ ਯਾਦਗਾਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਬੀ.ਐਸ.ਐਫ. ਵੱਲੋਂ ਪਾਏ ਸ਼ਾਨਾਮੱਤੇ ਯੋਗਦਾਨ ਨੂੰ ਢੁਕਵੇਂ ਤਰੀਕੇ ਨਾਲ ਦਰਸਾਏਗੀ। ਭਗਵੰਤ ਮਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਸੈਨੀਵਾਲਾ ਵਿੱਚ ਖੋਲ੍ਹੀ ਸੋਵੀਨਰ ਸ਼ਾਪ ਵੀ ਲੋਕਾਂ ਨੂੰ ਸਮਰਪਿਤ ਕੀਤੀ।
ਮਾਸੂਮ ਭੈਣ-ਭਰਾ ਦੀ ਬਲੀ ਦੇਣ ਵਾਲਿਆਂ ਮਾਪਿਆਂ ਸਹਿਤ ਸੱਤ ਮੁਲਜਮਾਂ ਨੂੰ ਹੋਈ ਉਮਰਕੈਦ
ਸੁਖਜਿੰਦਰ ਮਾਨ
ਬਠਿੰਡਾ, 23 ਮਾਰਚ : ਜ਼ਿਲ੍ਹੇ ਦੇ ਪਿੰਡ ਕੋਟਫੱਤਾ ’ਚ ਮਾਸੂਮ ਦਲਿਤ ਭੈਣ-ਭਰਾ ਦੀ ਬਲੀ ਦੇਣ ਦੇ ਮਾਮਲੇ ਵਿਚ ਪਿਛਲੇ ਦਿਨੀਂ ਦੋਸ਼ੀ ਕਰਾਰ ਦਿੱਤੇ ਮਾਪਿਆਂ ਸਹਿਤ ਸੱਤ ਮੁਲਜਮਾਂ ਨੂੰ ਅੱਜ ਵਧੀਕ ਜ਼ਿਲ੍ਹਾ ਤੇ ਸੈਸਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸਤੋਂ ਇਲਾਵਾ ਦੋਸ਼ੀਆਂ ਨੂੰ ਅਦਾਲਤ ਵਲੋਂ 10-10 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ, ਜਿਸਨੂੰ ਅਦਾ ਨਾ ਕਰਨ ਦੀ ਸੂਰਤ ਵਿਚ ਅਲੱਗ ਤੋਂ ਸਜ਼ਾ ਕੱਟਣੀ ਹੋਵੇਗੀ। ਦੋਸ਼ੀਆਂ ਨੂੰ ਇਹ ਸਜ਼ਾ ਧਾਰਾ 120 ਬੀ, 302 ਅਤੇ 34 ਆਈ.ਪੀ.ਸੀ ਤਹਿਤ ਸੁਣਾਈ ਗਈ ਹੈ। ਦੋਸ਼ੀਆਂ ਵਿਚ ਮ੍ਰਿਤਕ ਮਾਸੂਮ ਬੱਚਿਆਂ ਦੇ ਮਾਪੇ, ਭੂਆ, ਦਾਦੀ, ਚਾਚਾ ਅਤੇ ਤਾਂਤਰਿਕ ਸ਼ਾਮਲ ਹੈ, ਜਿਸਨੇ ਇੱਕ ਭੂਆ ਦੇ ਘਰ ਔਲਾਦ ਨਾ ਹੋਣ ਕਾਰਨ ਇਹ ਕਾਰਾ ਕਰਨ ਲਈ ਮਜਬੂਰ ਕੀਤਾ ਸੀ। ਇਸ ਮਾਮਲੇ ਵਿਚ ਬੱਚਿਆਂ ਦੇ ਕੇਸ ਦੀ ਪੈਰਵੀ ਉੱਘੇ ਵਕੀਲ ਚਰਨਪਾਲ ਸਿੰਘ ਬਰਾੜ ਵਲੋਂ ਕੀਤੀ ਜਾ ਰਹੀ ਸੀ। ਇਸਤੋਂ ਇਲਾਵਾ ਇਸ ਮਾਮਲੇ ਵਿਚ ਬਣੀ ਸੰਘਰਸ਼ ਕਮੇਟੀ ਵਲੋਂ ਵੀ ਦੋਸੀਆਂ ਨੂੰ ਸਜ਼ਾ ਦਿਵਾਉਣ ਵਿਚ ਵੱਡਾ ਯੋਗਦਾਨ ਪਾਇਆ ਗਿਆ। ਦਸਣਾ ਬਣਦਾ ਹੈ ਕਿ ਦੋਸ਼ਣ ਅਮਨਦੀਪ ਕੌਰ ਜੋਕਿ ਮ੍ਰਿਤਕ ਬੱਚਿਆਂ ਦੀ ਸਕੀ ਭੂਆ ਸੀ, ਦੇ ਘਰ ਔਲਾਦ ਨਹੀਂ ਸੀ। ਇਸ ਦੌਰਾਨ ਉਨ੍ਹਾਂ ਨੂੰ ਇੱਕ ਤਾਂਤਰਿਕ ਲਖਵਿੰਦਰ ਸਿੰਘ ਉਰਫ਼ ਲੱਖੀ ਮਿਲਿਆ, ਜਿਸਨੇ ਦਸਿਆ ਕਿ ਉਸਦੇ ਔਲਾਦ ਹੋਣ ਲਈ ਬੱਚਿਆਂ ਦੀ ਬਲੀ ਦੇਣੀ ਪਏਗੀ। ਅਮਨਦੀਪ ਕੌਰ ਦੇ ਕਹਿਣ ’ਤੇ ਉਸਦੇ ਭਰਾ ਕੁਲਵਿੰਦਰ ਸਿੰਘ ਤੇ ਭਰਜਾਈ ਕੌਰ ਰੋਜ਼ੀ ਕੌਰ, ਦਾਦੀ ਨਿਰਮਲ ਕੌਰ, ਚਾਚਾ ਜਸਪ੍ਰੀਤ ਸਿੰਘ ਅਤੇ ਇੱਕ ਹੋਰ ਭੂਆ ਗਗਨਦੀਪ ਕੌਰ ਨੇ ਮਿਲਕੇ ਮਾਸੂਮ ਅੱਠ ਸਾਲਾਂ ਰਣਯੋਧ ਸਿੰਘ ਤੇ 3 ਸਾਲਾਂ ਅਨਾਮਿਕਾ ਕੌਰ ਦੀ 8 ਮਾਰਚ 2007 ਨੂੰ ਬੇਰਹਿਮੀ ਨਾਲ ਬਲੀ ਦੇ ਦਿੱਤੀ ਗਈ ਸੀ। ਹਾਲਾਂਕਿ ਪ੍ਰਵਾਰ ਨੇ ਦਾਅਵਾ ਕੀਤਾ ਸੀ ਕਿ ਤਾਂਤਾਰਿਕ ਲਖਵਿੰਦਰ ਲੱਖੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਬੱਚੇ ਮਰਨ ਤੋਂ ਬਾਅਦ ਮੁੜ ਜਿੰਦਾ ਹੋ ਜਾਣਗੇ ਪ੍ਰੰਤੂ ਅਜਿਹਾ ਨਹੀਂ ਹੋਇਆ। ਜਿਸਤੋਂ ਬਾਅਦ ਉਨ੍ਹਾਂ ਲਾਸਾਂ ਦਾ ਸੰਸਕਾਰ ਕਰ ਦਿੱਤਾ। ਇਸ ਦੌਰਾਨ ਮਾਮਲਾ ਪਿੰਡ ਦੇ ਕੁੱਝ ਲੋਕਾਂ ਨੂੰ ਪਤਾ ਲੱਗ ਗਿਆ ਤੇ ਪੁਲਿਸ ਨੂੰ ਸੂਚਨਾ ਮਿਲੀ। ਪੁਲਿਸ ਵਲੋਂ ਮੁਢਲੀ ਪੜਤਾਲ ਤੋਂ ਬਾਅਦ ਪਰਚਾ ਦਰਜ਼ ਕਰ ਲਿਆ ਗਿਆ ਸੀ। ਜਿਸਤੋਂ ਬਾਅਦ ਮ੍ਰਿਤਕ ਬੱਚਿਆਂ ਨੂੰ ਇਨਸਾਫ਼ ਦਿਵਾਉਣ ਲਈ ਐਕਸ਼ਨ ਕਮੇਟੀ ਬਣਾਈ ਗਈ, ਜਿਸਨੇ ਅਪਣੇ ਪੱਧਰ ’ਤੇ ਬੱਚਿਆਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਸੰਘਰਸ਼ ਕੀਤਾ।
ਬੀਬੀਐਸੱ ਗੋਨਿਆਣਾ ਨੇ ਪੰਜ ਦਿਨ ’ਚ ਲਗਵਾਇਆ ਯੂਕੇ ਦਾ ਸਟੱਡੀ ਵੀਜ਼ਾ
ਸੁਖਜਿੰਦਰ ਮਾਨ
ਬਠਿੰਡਾ 23 ਮਾਰਚ: ਮਾਲਵਾ ਖੇਤਰ ਦੀ ਨਾਮਵਰ ਵਿਦਿਅਕ ਅਤੇ ਇੰਮੀਗਰੇਸ਼ਨ ਸੰਸਥਾ ਬੀਬੀਐਸੱ ਆਈਲੈਟਸ ਅਤੇ ਇੰਮੀਗਰੇਸ਼ਨ ਗਰੁੱਪ ਦੀ ਬਰਾਂਚ ਗੋਨਿਆਣਾ ਨੇ ਪੰਜ ਦਿਨਾਂ ਵਿੱਚ ਯੂਕੇ ਦਾ ਸਟੱਡੀ ਵੀਜ਼ਾ ਲਗਵਾ ਕੇ ਗੁਰਦਾਸ ਸਿੰਘ ਦਾ ਵਿਦੇਸ਼ ਵਿੱਚ ਸਟੱਡੀ ਕਰਨ ਦਾ ਸੁਪਨਾ ਪੂਰਾ ਕੀਤਾ ਹੈ। ਬਰਾਂਚ ਸੰਚਾਲਕ ਐਡਵੋਕੇਟ ਮਨਦੀਪ ਸਿੰਘ ਮੱਕੜ ਨੇ ਦੱਸਿਆ ਕਿ ਗੁਰਦਾਸ ਸਿੰਘ ਪੁੱਤਰ ਮਾਸਟਰ ਬਲਜਿੰਦਰ ਸਿੰਘ ਸ਼ਰਮਾ ਕੋਟਭਾਈ ਦਾ ਯੂਕੇ ਦਾ ਸਟੱਡੀ ਵੀਜ਼ਾ ਸਿਰਫ ਪੰਜ ਦਿਨ ਵਿੱਚ ਲਗਵਾਇਆ ਹੈ। ਐਡਵੋਕੇਟ ਮਨਦੀਪ ਮੱਕੜ ਨੇ ਦੱਸਿਆ ਕਿ ਗੋਨਿਆਣਾ ਵਿਖੇ ਬੇਸਿਕ ਇੰਗਲਿਸ਼, ਆਈਲੈਟਸ ਅਤੇ ਪੀਟੀਈ ਦੀ ਤਿਆਰੀ ਆਧੁਨਿਕ ਤਰੀਕੇ ਨਾਲ ਕਰਵਾਈ ਜਾਂਦੀ ਹੈ। ਯਾਦਵਿੰਦਰ ਸਿੰਘ ਮਾਨ ਐਮ.ਡੀ. ਬੀਬੀਐਸੱ ਗਰੁੱਪ ਅਤੇ ਐਡਵੋਕੇਟ ਮਨਦੀਪ ਮੱਕੜ ਨੇ ਦੱਸਿਆ ਕਿ ਬੀਬੀਐਸੱ ਇਕ ਅਜਿਹੀ ਸੰਸਥਾ ਹੈ, ਜਿਸ ਨੇ ਪਿਛਲੇ ਸਮੇਂ ਦੌਰਾਨ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਆਈਲੈਟਸ, ਪੀਟੀਈ ਦੀ ਵਧੀਆ ਤਿਆਰੀ ਕਰਵਾ ਕੇ ਤੇ ਉਨ੍ਹਾਂ ਦੇ ਵੀਜ਼ੇ ਲਗਵਾ ਕੇ ਵਿਦੇਸ਼ ਭੇਜਿਆ ਹੈ। ਸੰਸਥਾਂ ਦਾ ਇਲਾਕੇ ਵਿੱਚ ਚੰਗਾ ਨਾਮ ਹੋਣ ਕਰਕੇ ਕਈ ਐਵਾਰਡ ਵੀ ਪ੍ਰਾਪਤ ਕੀਤੇ ਹਨ । ਸਾਡੀ ਸੰਸਥਾ ਸਟੱਡੀ , ਓਪਨ ਵਰਕ ਪਰਮਿਟ, ਪੀਆਰ ਅਤੇ ਵਿਜ਼ਟਰ ਵੀਜ਼ਾ ਵੀ ਲਗਵਾਉਂਦੀ ਹੈ। ਜਿਹੜੇ ਵਿਦਿਆਰਥੀ ਬਿਨ੍ਹਾਂ ਕਿਸੇ ਰੁਕਾਵਟ ਤੋਂ ਆਈਲੈਟਸ, ਪੀਟੀਈ ਵਿਚੋਂ ਚੰਗੇ ਸਕੋਰ ਪ੍ਰਾਪਤ ਕਰਨਾ ਚਾਹੁੰਦੇ ਹਨ ਉਹ ਸਾਡੀ ਸੰਸਥਾਂ ਨਾਲ ਜਰੂਰ ਜੁੜਨ। ਐਮਡੀ ਯਾਦਵਿੰਦਰ ਸਿੰਘ ਮਾਨ ਨੇ ਵਿਦਿਆਰਥੀਆਂ ਨੂੰ ਵਧਾਈ ਦੇ ਕੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਮਿਹਨਤ ਨਾਲ ਹੋਰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।
ਕਿਸਾਨ ਜਥੇਬੰਦੀ ਉਗਰਾਹਾ ਵਲੋਂ ਜ਼ਿਲ੍ਹੇ ’ਚ ਵੱਖ ਵੱਖ ਥਾਵਾਂ ‘ਤੇ ਮਨਾਇਆ ਸ਼ਹੀਦੀ ਦਿਹਾੜਾ
ਸੁਖਜਿੰਦਰ ਮਾਨ
ਬਠਿੰਡਾ 23 ਮਾਰਚ: ਅੱਜ 23 ਮਾਰਚ ਦੇ ਸ਼ਹੀਦਾਂ ਦੇ ਦਿਹਾੜੇ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ ਤਹਿਤ ਜਿਲਾ ਬਠਿੰਡਾ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਜਿਲੇ ਵਿਚ ਚਾਰ ਥਾਵਾਂ ਭੂਤਾਂ ਵਾਲਾ ਖੂਹ ਭਗਤਾ ਵਿਖੇ, ਬਿਜਲੀ ਦਫ਼ਤਰ ਰਾਮਪੁਰਾ ਵਿਖੇ ,ਧੰਨਾ ਜੱਟ ਧਰਮਸ਼ਾਲਾ ਤਲਵੰਡੀ ਸਾਬੋ ਅਤੇ ਕਮਿਊਨਟੀ ਸੈਂਟਰ ਘੁੱਦਾ ਵਿਖੇ ਮਨਾਇਆ ਗਿਆ। ਸਮਾਗਮਾਂ ਦੀ ਸ਼ੁਰੂਆਤ ਦੋ ਮਿੰਟ ਦਾ ਮੋਨ ਧਾਰਨ ਤੋਂ ਬਾਅਦ ਸ਼ਹੀਦਾਂ ਨੂੰ ਸਮਰਪਿਤ ਨਾਅਰੇ ਨਾਲ ਕੀਤੀ ਗਈ ਅਤੇ ਸਾਮਰਾਜਵਾਦ ਖਿਲਾਫ਼ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ ਗਿਆ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ , ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ,ਜਿਲਾ ਆਗੂ ਦਰਸ਼ਨ ਸਿੰਘ ਮਾਈਸਰਖਾਨਾ, ਬਸੰਤ ਸਿੰਘ ਕੋਠਾ ਗੁਰੂ, ਜਗਦੇਵ ਸਿੰਘ ਜੋਗੇਵਾਲਾ, ਔਰਤ ਜਥੇਬੰਦੀ ਦੇ ਆਗੂ ਹਰਿੰਦਰ ਬਿੰਦੂ,ਮਾਲਣ ਕੌਰ ਅਤੇ ਪਰਮਜੀਤ ਕੌਰ ਪਿੱਥੋ ਨੇ ਭਗਤ ਸਿੰਘ ਦੇ ਵਿਚਾਰਾਂ ਦੇ ਹਵਾਲੇ ਨਾਲ ਕਿਹਾ ਕਿ ਅੰਗਰੇਜ ਬਸਤੀਵਾਦ ਵੇਲੇ ਤੋਂ ਹੀ ਦੇਸ਼ ਅੰਦਰ ਫਿਰਕਾਪ੍ਰਸਤੀ ਦਾ ਪਸਾਰਾ ਕੀਤਾ ਗਿਆ ਸੀ। ਜਿਹੜਾ ਅੰਗਰੇਜ਼ਾਂ ਦੇ ਵਾਰਸ ਦੇਸੀ ਹਾਕਮਾਂ ਵੱਲੋਂ ਵੀ ਪਾੜੋ ਤੇ ਰਾਜ ਕਰੋ ਦੀ ਨੀਤੀ ਹੇਠ ਓਵੇਂ ਜਿਵੇਂ ਜਾਰੀ ਹੈ। ਅੱਜ ਕੱਲ ਪੰਜਾਬ ਇਨ੍ਹਾਂ ਫਿਰਕੂ ਸਿਆਸੀ ਚਾਲਾਂ ਨੂੰ ਹੀ ਹੰਢਾ ਰਿਹਾ ਹੈ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਮੰਗ ਕੀਤੀ ਕਿ ਪੰਜਾਬ ਵਿਚੋਂ ਸੁਰੱਖਿਆ ਬਲਾਂ ਨੂੰ ਫੌਰੀ ਵਾਪਸ ਸੱਦਿਆ ਜਾਵੇ, ਕੌਮੀ ਸੁਰੱਖਿਆ ਏਜੰਸੀ ਨੂੰ ਪੰਜਾਬ ਤੋਂ ਦੂਰ ਰੱਖਿਆ ਜਾਵੇ , ਕੌਮੀ ਸੁਰੱਖਿਆ ਕਾਨੂੰਨ ਵਰਤਣਾ ਬੰਦ ਕੀਤਾ ਜਾਵੇ ਤੇ ਇਸ ਨੂੰ ਰੱਦ ਕੀਤਾ ਜਾਵੇ ਅਤੇ ਪੰਜਾਬ ਵਿਚ ਦਹਿਸ਼ਤ ਪਾਉਣ ਦੇ ਕਦਮ ਫੌਰੀ ਰੋਕੇ ਜਾਣ। ਮੁੱਠੀ ਭਰ ਫਿਰਕੂ ਅਨਸਰਾਂ ਨੂੰ ਨਜਿੱਠਣ ਦੇ ਨਾਂ ਹੇਠ ਨੌਜਵਾਨਾਂ ਦੀਆਂ ਥੋਕ ਗ੍ਰਿਫਤਾਰੀਆਂ ਦਾ ਸਿਲਸਿਲਾ ਬੰਦ ਕੀਤਾ ਜਾਵੇ ਤੇ ਫਿਰਕੂ ਅਨਸਰਾਂ ਤੋਂ ਬਿਨਾਂ ਬਾਕੀ ਦੇ ਬੇਕਸੂਰ ਆਮ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਸੀ ਭਾਈਚਾਰਕ ਸਾਂਝ ਤੇ ਏਕਤਾ ਕਾਇਮ ਰੱਖਣ ਅਤੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ਾਂ ਨੂੰ ਮੱਧਮ ਨਾ ਪੈਣ ਦੇਣ। ਅਸਲ ਲੋਕ ਮੁੱਦਿਆਂ ਨੂੰ ਭਟਕਾਊ ਮੁੱਦਿਆਂ ਹੇਠ ਰੁਲਣ ਨਾ ਦੇਣ ਅਤੇ ਆਪਣੇ ਸੰਘਰਸ਼ਾਂ ਦੀ ਸਾਮਰਾਜ ਵਿਰੋਧੀ ਧਾਰ ਨੂੰ ਹੋਰ ਤਿੱਖੀ ਕਰਨ। ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਸਰਬਜੀਤ ਮੌੜ , ਅਸ਼ਵਨੀ ਘੁਦਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਅਮਿਤੋਜ ਮੌੜ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਨਵੇਂ ਬਦਲਾਵ ਤਹਿਤ ਆਈ ਮਾਨ ਸਰਕਾਰ ਵੀ ਲੋਕਾਂ ਤੋਂ ਸਸਤੀ ਸਿੱਖਿਆ ਖੋਹਣ ਦੇ ਰਾਹ ਤੁਰੀ ਹੋਈ ਹੈ ਜਿਸ ਦੇ ਕਦਮਾਂ ਤੇ ਚਲਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਸਰਕਾਰ ਦੇ ਪਹਿਲੇ ਬਜਟ ਵਿੱਚ ਹੀ ਗਰਾਂਟ ਦੇਣ ਦਾ ਕੋਟਾ ਪਹਿਲਾਂ ਨਾਲੋਂ ਘਟਾ ਦਿੱਤਾ ਹੈ ਤਾਂ ਕਿ ਗਰੀਬ ਕਿਸਾਨਾਂ-ਮਜਦੂਰਾਂ ਦੇ ਬੱਚੇ ਮਹਿੰਗੀਆਂ ਪੜ੍ਹਾਈਆਂ ਪੜ੍ਹ ਨਾ ਸਕਣ ਅਤੇ ਅੱਗੇ ਜਾਕੇ ਪੱਕੇ ਰੋਜ਼ਗਾਰ ਦੀ ਮੰਗ ਨਾ ਕਰਨ । ਲੋਕਪੱਖੀ ਕਲਾਕਾਰ ਪ੍ਰੀਤ ਢੱਡੇ ਦੇ ਢਾਡੀ ਕਵੀਸ਼ਰੀ ਜੱਥੇ ਵੱਲੋ ਕਵੀਸ਼ਰੀ ਰਾਹੀਂ ਭਗਤ ਸਿੰਘ ਦਾ ਇਤਿਹਾਸ ਸੁਣਾਇਆ ਗਿਆ ਅਤੇ ਚੰਡੀਗੜ੍ਹ ਸਕੂਲ ਆਫ਼ ਡਰਾਮਾ ਰੰਗ ਮੰਚ ਵੱਲੋਂ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ‘ਛਿਪਣ ਤੋਂ ਪਹਿਲਾਂ ’ ਨਾਟਕ ਖੇਡਿਆ ਗਿਆ। ਅੱਜ ਦੇ ਸਮਾਗਮਾਂ ਨੂੰ ਬਲਾਕਾਂ ਦੇ ਆਗੂਆਂ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਆਗੂ ਤੀਰਥ ਸਿੰਘ ਕੋਠਾ ਗੁਰੂ ਨੇ ਵੀ ਸੰਬੋਧਨ ਕੀਤਾ।
ਸ਼ਹੀਦੇ ਆਜਮ ਸ੍ਰ. ਭਗਤ ਸਿੰਘ, ਸੁਖਦੇਵ ਸਿੰਘ, ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ
ਸੁਖਜਿੰਦਰ ਮਾਨ
ਬਠਿੰਡਾ, 23 ਮਾਰਚ: ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ (ਰਜਿ.) ਬਠਿੰਡਾ ਵੱਲੋਂ ਸ਼ਹੀਦੇ ਆਜਮ ਸ੍ਰ. ਭਗਤ ਸਿੰਘ, ਸੁਖਦੇਵ ਸਿੰਘ, ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਬਲੱਡ ਬੈਕ ਬਠਿੰਡਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋ ਵੱਲੋਂ ਖੂਨਦਾਨੀਆਂ ਨੂੰ ਆਸੀਰਵਾਦ ਦਿੱਤਾ ਗਿਆ। ਕੈਂਪ ਵਿੱਚ ਡਾ. ਰੀਤਿਕਾ ਗਰਗ ਦੀ ਅਗਵਾਈ ਹੇਠ ਬਲੱਡ ਟੀਮ ਵੱਲੋਂ 40 ਦੇ ਕਰੀਬ ਯੂਨਿਟਾਂ ਇਕੱਤਰ ਕੀਤੀਆ ਗਈਆਂ। ਇਸ ਕੈਂਪ ਨੂੰ ਸਫਲ ਬਣਾਉਣ ਲਈ ਵਿਸ਼ੇਸ ਤੌਰ ਤੇ ਕਮਾਡੈਂਟ, ਪੰਜਵੀਂ ਕਮਾਡੋ ਬਟਾਲੀਅਨ, ਬਠਿੰਡਾ ਦੀ ਟੀਮ ਅਤੇ ਸੰਤ ਕਿਸਨ ਦਾਸ ਡੇਰਾ ਬਾਬਾ ਦਇਆ ਨੰਦ ਪੂਹਲਾ ਵੱਲੋਂ ਖੂਨਦਾਨ ਕਰਨ ਵਿੱਚ ਵਿਸ਼ੇਸ ਯੋਗਦਾਨ ਦਿੱਤਾ ਗਿਆ। ਇਸਤੋ ਬਾਅਦ ਸੁਸਾਇਟੀ ਵੱਲੋਂ ਖੂਨਦਾਨੀਆਂ ਨੂੰ ਸਨਮਾਨਚਿੰਨ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ, ਸੀਨੀਅਰ ਮੀਤ ਪ੍ਰਧਾਨ ਕੇਵਲ ਸਮੀਰੀਆ, ਚੇਅਰਮੈਨ ਸ੍ਰ ਮਹਿੰਦਰ ਸਿੰਘ, ਵਾਈਸ ਚੇਅਰਮੈਨ ਰਵੀ ਬਾਂਸਲ, ਯੂਨਿਟ ਇੰਚਾਰਜ ਜਤਿੰਦਰ ਕੁਮਾਰ, ਇਕਬਾਲ ਸਿੰਘ, ਯਾਦਵਿੰਦਰ ਸਿੰਘ ਰਾਮਪੁਰਾ, ਗੁਰਚਰਨ ਸਿੰਘ ਐਸ.ਡੀ.ਓ. ਰਿਟਾਇਰਡ, ਜਸਵੀਰ ਸਿੰਘ ਨਰੂਆਣਾ, ਗੁਰਪ੍ਰੀਤ ਸਿੰਘ ਪੂਹਲਾ, ਸੁਰਜੀਤ ਸਿੰਘ ਜਨਰਲ ਸੈਕਟਰੀ, ਸੰਜੀਵ ਕੁਮਾਰ ਮੀਤ ਪ੍ਰਧਾਨ, ਗੁਰਮੁੱਖ ਸਿੰਘ ਖਾਲਸਾ ਪ੍ਰੈਸ ਸਕੱਤਰ, ਰਮਣੀਕ ਵਾਲੀਆ, ਰਾਜੇਸ ਕੁਮਾਰ, ਨੀਤਨ ਨੰਨੂ, ਰੋਸਨ ਸਿੰਘ, ਇੰਦਰ ਸਿੰਘ ਈ.ਟੀ.ਓ., ਰਾਜ ਮਾਨਸਾ, ਰਵੀ ਗੁਪਤਾ, ਚੰਦਰ, ਦੀਪਇੰਦਰ ਸਿੰਘ, ਤੇਜਿੰਦਰ ਸਿੰਘ ਖਾਲਸਾ, ਰਾਮਜੀ ਲਾਲ, ਸੁਰਜੀਤ ਸਿੰਘ ਮੈਡੀਕਲ ,ਡਾਕਟਰ ਗ਼ੁਲਾਬ ਸਿੰਘ ਆਦਿ ਮੌਜੂਦ ਸਨ।
ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਸ਼ਹੀਦੀ ਦਿਹਾੜੇ ਮੌਕੇ ਦਿੱਤੀਆਂ ਸ਼ਰਧਾਂਜਲੀਆਂ
ਸਮੂਹ ਵਰਗਾਂ ਨੂੰ ਕੌਮੀ ਸ਼ਹੀਦਾਂ ਦੇ ਵਿਚਾਰਾਂ ਤੇ ਪਹਿਰਾ ਦੇਣ ਦੀ ਲੋੜ:-ਜਗਰੂਪ ਸਿੰਘ
ਸੁਖਜਿੰਦਰ ਮਾਨ
ਬਠਿੰਡਾ, 23 ਮਾਰਚ: ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਦੇ ਬੈਨਰ ਹੇਠ ਅੱਜ ਥਰਮਲ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ,ਰਾਜਗੁਰੂ,ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਥਰਮਲ ਦੇ ਮੁੱਖ ਗੇਟ ਤੇ ਰੈਲੀ ਕਰਕੇ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਸਮੇਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਗਰੂਪ ਸਿੰਘ,ਜਰਨਲ ਸਕੱਤਰ ਜਗਸੀਰ ਸਿੰਘ ਭੰਗੂ ਨੇ ਕਿਹਾ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ,ਰਾਜਗੁਰੂ,ਸੁਖਦੇਵ ਨੇ ਇਨਕਲਾਬ ਜਿੰਦਾਬਾਦ-ਸਾਮਰਾਜਬਾਦ ਮੁਰਦਾਬਾਦ ਦੇ ਨਆਰੇ ਰਾਹੀਂ ਜਗੀਰਦਾਰੀ ਦੇ ਨਾਲ਼-ਨਾਲ਼ ਸਾਮਰਾਜ ਨੂੰ ਦੇਸ ਵਿੱਚੋਂ ਬਾਹਰ ਕਰਨ ਦਾ ਸੱਦਾ ਦਿੱਤਾ ਸੀ ਅਤੇ ਕਿਹਾ ਸੀ ਕਿ ਜਦ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੁੰਦੀ ਅਤੇ ਜਦ ਤੱਕ ਸਮਾਜਿਕ ਬਰਾਬਰੀ ਨਹੀਂ ਹੁੰਦੀ ਤਦ ਤੱਕ ਅਸਲੀ ਆਜ਼ਾਦੀ ਦਾ ਆਨੰਦ ਨਹੀਂ ਮਾਣਿਆ ਜਾ ਸਕਦਾ,ਆਗੂਆਂ ਨੇ ਕਿਹਾ ਅੱਜ ਦੇਸੀ-ਵਿਦੇਸ਼ੀ ਬਹੁਕੌਮੀ ਕੰਪਨੀਆਂ ਮੁਲ਼ਕ ਦੇ ਮਾਲ-ਖਜ਼ਾਨਿਆਂ ਨੂੰ ਚੂੰਡ ਰਹੀਆਂ ਹਨ,ਭਾਰਤੀ ਦਲਾਲ ਹਾਕਮ ਸਾਮਰਾਜੀਆਂ ਨਾਲ਼ ਯਾਰੀ ਪੁਗਾਉੰਦੇ ਹੋਏ ਨਿੱਜੀਕਰਨ,ਉਦਾਰੀਕਰਨ,ਸੰਸਾਰੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਕੇ ਜਨਤਕ ਖੇਤਰ ਦੇ ਸਮੂਹ ਲੋਕ ਅਦਾਰਿਆਂ ਬਿਜਲੀ,ਪਾਣੀ,ਸਿਹਤ,ਸਿੱਖਿਆ,ਟਰਾਂਸਪੋਰਟ,ਰੇਲਵੇ,ਬੈਂਕਾਂ,ਐੱਲ.ਆਈ.ਸੀ.,ਹਵਾਈ ਅੱਡੇ,ਹਵਾਈ ਜਹਾਜ਼,ਜਲ-ਜੰਗਲ,ਕੋਇਲਾ ਖਾਣਾ ਸਮੇਤ ਸਭ ਕੁੱਝ ਸੇਲ ਤੇ ਲਾਕੇ ਲੋਕਾਂ ਦੇ ਰੁਜਗਾਰ ਅਤੇ ਸੁੱਖ-ਸਹੂਲਤਾਂ ਤੇ ਕੁਹਾੜਾ ਵਾਹਿਆ ਜਾ ਰਿਹਾ ਹੈ,ਪੱਕੇ ਰੁਜ਼ਗਾਰ ਦੇ ਮੌਕੇ ਘਟਾਏ ਜਾ ਰਹੇ ਹਨ ਅਤੇ ਠੇਕੇਦਾਰੀ ਸਿਸਟਮ ਰਾਹੀਂ ਕਿਰਤ ਦੀ ਲੁੱਟ ਹੋਰ ਤੇਜ ਕੀਤੀ ਜਾ ਰਹੀ ਹੈ,ਆਗੂਆਂ ਨੇ ਕਿਹਾ ਕਿ ਲੋਕਾਂ ਦੀ ਜੂਨ ਸੁਧਾਰਨ ਅਤੇ ਅਸਲ ਅਰਥਾਂ ਵਿੱਚ ਆਜ਼ਾਦੀ ਹਾਸਿਲ਼ ਕਰਨ ਲਈ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ,ਰਾਜਗੁਰੂ,ਸੁਖਦੇਵ ਦੇ ਵਿਚਾਰਾਂ ਤੇ ਪਹਿਰਾ ਦੇਣ ਦੀ ਲੋੜ ਹੈ ਅੱਜ ਦੇ ਦਿਨ ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਸਮੇਂ ਹਾਜ਼ਿਰ ਆਗੂਆਂ ਸਤਨਾਮ ਸਿੰਘ ਢਿੱਲੋਂ,ਹਰਜਿੰਦਰ ਸਿੰਘ,ਗੁਰਪ੍ਰੀਤ ਸਿੰਘ,ਰਮਜ਼ਾਨ ਖਾਨ,ਕ੍ਰਿਸ਼ਨ ਕੁਮਾਰ,ਨਾਇਬ ਸਿੰਘ,ਗੁਰਜੰਟ ਸਿੰਘ,ਦੌਲਤ ਰਾਮ ਅਤੇ ਚੰਦਰ ਪ੍ਰਕਾਸ਼ ਸੂਬਾ ਮੀਤ ਪ੍ਰਧਾਨ ਟੀ.ਐੱਸ.ਯੂ.(ਭੰਗਲ) ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕਿ ਸਮੂਹ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ,ਸਮੂਹ ਵਿਭਾਗਾਂ ਵਿੱਚ ਬਾਹਰੋਂ ਸਿੱਧੀ ਨਵੀਂ ਪੱਕੀ ਭਰਤੀ ਤੋਂ ਪਹਿਲਾਂ ਵਿਭਾਗਾਂ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਪਹਿਲ ਅਤੇ ਤਜ਼ਰਬੇ ਆਧਾਰ ਤੇ ਵਿਭਾਗਾਂ ਵਿੱਚ ਰੈਗੂਲਰ ਕੀਤਾ ਜਾਵੇ,ਪੰਦਰਵੀਂ ਲੇਬਰ ਕਾਨਫਰੰਸ ਦੇ ਫਾਰਮੂਲੇ ਅਤੇ ਅੱਜ ਦੀ ਮਹਿੰਗਾਈ ਮੁਤਾਬਿਕ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਦੀ ਤਨਖ਼ਾਹ ਨਿਸਚਿਤ ਕੀਤੀ ਜਾਵੇ,ਆਗੂਆਂ ਨੇ ਅਗਲੇ ਸੰਘਰਸ਼ ਦਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਜਲਦ ਵਿਭਾਗਾਂ ਵਿੱਚ ਰੈਗੂਲਰ ਨਾ ਕੀਤਾ ਤਾਂ ਸਮੁੱਚੇ ਪੰਜਾਬ ਵਿੱਚ ਮੁੱਖ ਮੰਤਰੀ ਪੰਜਾਬ ਦਾ ਕਾਲੀਆਂ ਝੰਡੀਆਂ ਨਾਲ਼ ਵਿਰੋਧ ਕੀਤਾ ਜਾਵੇਗਾ।
ਪੰਜਾਬ ਦੇਸ ਦਾ ਸਭ ਤੋਂ ਅਮਨ-ਅਮਾਨ ਵਾਲਾ ਸੂਬਾ, ਸਰਕਾਰ ਦਹਿਸ਼ਤਯਦਾ ਮਾਹੌਲ ਬਣਾਉਣਾ ਬੰਦ ਕਰੇ: ਗੁਰਦੀਪ ਸਿੰਘ
ਸੁਖਜਿੰਦਰ ਮਾਨ
ਬਠਿੰਡਾ 23 ਮਾਰਚ: ਪਿਛਲੇ ਕੁੱਝ ਦਿਨਾਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ’ਚ ਬਣੇ ਦਹਿਸਤ ਭਰੇ ਮਾਹੌਲ ’ਤੇ ਚਿੰਤਾ ਜ਼ਾਹਰ ਕਰਦਿਆਂ ਯੂਨਾਈਟਿਡ ਅਕਾਲੀ ਦਲ ਦੇ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇਸ ਦਾ ਸਭ ਤੋਂ ਅਮਨ-ਅਮਾਨ ਵਾਲਾ ਸੂਬਾ ਹੈ ਤੇ ਸਰਕਾਰ ਸਿਆਸੀ ਹਿੱਤਾਂ ਦੀ ਪੂਰਤੀ ਲਈ ਇੱਥੇ ਦਹਿਸਤ ਵਾਲਾ ਮਾਹੌਲ ਬਣਾਉਣਾ ਬੰਦ ਕਰੇ। ਅੱਜ ਸਥਾਨਕ ਗੁਰੂਦੁਆਰਾ ਸਿੰਘ ਸਭਾ ਵਿਚ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਯੂਨਾਇਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਹੋਰਨਾਂ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਸੂਬੇ ਦੀ ਜਨਤਾ ਨੂੰ ਸਪਸ਼ਟ ਕਰੇ ਕਿ ਭਾਈ ਅੰਮ੍ਰਿਤਪਾਲ ਸਿੰਘ ਪੁਲਿਸ ਹਿਰਾਸਤ ਵਿੱਚ ਹਨ ਜਾਂ ਫ਼ਰਾਰ ਹੋ ਗਏ ਹਨ ਜਾਂ ਉਨ੍ਹਾਂ ਨੂੰ ਗਿਰਫ਼ਤਾਰ ਕਰ ਕੇ ਕਰਕੇ ਕੋਈ ਹੋਰ ਭਾਣਾ ਵਰਤਾ ਦਿਤਾ ਗਿਆ ਹੈ। ਗੁਰਦੀਪ ਸਿੰਘ ਬਠਿੰਡਾ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਨੂੰ ਬਦਨਾਮ ਕਰਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਆਪਸ ਵਿਚ ਮਿਲ ਗਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉਨ੍ਹਾਂ ਦਾ ਸਾਥ ਦੇ ਰਹੇ ਹਨ ਤਾਂ ਕਿ 2024 ਦੀਆਂ ਚੋਣਾਂ ਜਿੱਤੀਆਂ ਜਾ ਸਕਣ। ਭਾਈ ਅੰਮ੍ਰਿਤਪਾਲ ਸਿੰਘ ਦੀ ਆੜ੍ਹ ਵਿੱਚ ਸੈਕੜੇ ਸਿੱਖਾਂ ਨੂੰ ਗਿਰਫ਼ਤਾਰ ਕਰਨ ਅਤੇ ਅੱਧੀ ਦਰਜ਼ਨ ਤੋਂ ਵੱਧ ਸਿੱਖਾਂ ਨੂੰ ਅਸਾਮ ਦੀ ਜੇਲ੍ਹ ਭੇਜ਼ਣ ਦਾ ਵਿਰੋਧ ਕਰਦਿਆਂ ਪੰਥਕ ਆਗੂ ਨੇ ਕਿਹਾ ਕਿ ਜੇਕਰ ਕਿਸੇ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਤਾਂ ਉਸਦੀ ਸੰਵਿਧਾਨ ਮੁਤਾਬਕ ਸਜ਼ਾ ਦਿੱਤੀ ਜਾ ਸਕਦੀ ਹੈ ਪ੍ਰੰਤੂ ਐਨ.ਐਸ.ਏ ਅਤੇ ਹੋਰ ਖ਼ਤਰਨਾਕ ਧਾਰਾਵਾਂ ਤਹਿਤ ਸਿੱਖਾਂ ਨੂੰ ਜੇਲ੍ਹਾਂ ਵਿਚ ਸੁੱਟਣਾ ਬਹੁਤ ਮੰਦਭਾਗਾ ਹੈ। ਉਨਾਂ ਕਿਹਾ ਕਿ ਦੇਸ਼ ਅਤੇ ਵਿਦੇਸ਼ ਵਿੱਚ ਸਿੱਖਾਂ ਤੇ ਪੰਜਾਬ ਦਾ ਅਜਿਹਾ ਚੇਹਰਾ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਪੰਜਾਬ ਅਤੇ ਭਾਰਤ ਵਿਚਕਾਰ ਜੰਗ ਚੱਲ ਰਹੀ ਹੋਵੇ। ਉਨਾਂ ਮੋਦੀ ਸਰਕਾਰ ਨੂੰ ਘੇਰਦਿਆਂ ਕਿਹਾ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਕਿ ਸਰਕਾਰ ਕਿਸਾਨ ਮੋਰਚੇ ਦੀ ਜਿੱਤ ਲਈ ਸੰਸਾਰ ਦੇ ਸਿੱਖ ਭਾਇਚਾਰੇ ਅਤੇ ਪੰਜਾਬ ਦੇ ਪਾਏ ਯੋਗਦਾਨ ਬਦਲੇ ਸਿੱਖਾਂ ਅਤੇ ਪੰਥ ਨੂੰ ਸਬਕ ਸਿਖਾਉਣ ਦੇ ਯਤਨ ਕਰਕੇ ਅੱਗ ਨਾਲ ਖੇਡ ਰਹੀ ਹੋਵੇ। ਉਨਾਂ ਚੇਤਾਵਨੀ ਦਿੱਤੀ ਕਿ ਯੂਨਾਈਟਿਡ ਅਕਾਲੀ ਦਲ ਆਪਣੇ ਸ਼ਕਤੀ ਮੁਤਾਬਿਕ ਸਰਕਾਰ ਦਾ ਵਿਰੋਧ ਕਰੇਗਾ। ਇਸ ਮੌਕੇ ਉਨ੍ਹਾਂ ਨੇ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਕਿਹਾ ਆਪਣਾ ਪੱਖ ਸਪੱਸ਼ਟ ਕਰਨ। ਇਸ ਮੌਕੇ ਉਹਨਾ ਨਾਲ ਬਾਬਾ ਮਨਪ੍ਰੀਤ ਸਿੰਘ, ਜਗਜੀਤ ਸਿੰਘ ਝੁੱਟੀਕਾ ਮਹੁੱਲਾ, ਪ੍ਰਿੰਸੀਪਲ ਪਰਮਜੀਤ ਸਿੰਘ, ਨਛੱਤਰ ਸਿੰਘ ਦਬੜੀਖਾਨਾ, ਰਮਨਦੀਪ ਸਿੰਘ ਰਮੀਤਾ ਅਤੇ ਕਈ ਹੋਰ ਆਗੂ ਵੀ ਹਾਜਰ ਸਨ।
ਟੀਚਰਜ਼ ਹੋਮ ਵਿਖੇ ਸ਼ਹੀਦੇ ਆਜਮ ਭਗਤ ਸਿੰਘ ਦਾ ਦਿਹਾੜਾ ਮਨਾਇਆ
ਸੁਖਜਿੰਦਰ ਮਾਨ
ਬਠਿੰਡਾ, 23 ਮਾਰਚ: ਟੀਚਰਜ਼ ਹੋਮ ਟਰੱਸਟ (ਰਜਿ:) ਬਠਿੰਡਾ ਵੱਲੋਂ ਅੱਜ ਸ਼ਹੀਦ-ਏ-ਆਜ਼ਮ ਸ੍ਰ.ਭਗਤ ਸਿੰਘ,ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਹਾੜਾ ਸ੍ਰੀ ਗੁਰਬਚਨ ਸਿੰਘ ਮੰਦਰਾਂ (ਪ੍ਰਧਾਨ) ਦੀ ਅਗਵਾਈ ਤੇ ਚੇਅਰਮੈਨ ਸ੍ਰੀ ਬੀਰਬਲ ਦਾਸ ਦੀ ਹਾਜ਼ਰੀ ਵਿੱਚ ਮਨਾਇਆ ਗਿਆ । ਇਸ ਮੌਕੇ ਮੋਮਬੱਤੀਆਂ ਜਗਾ ਕੇ ਫੁੱਲ ਅਰਪਿਤ ਕਰਕੇ ਇਨਕਲਾਬੀ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਵਿੱਚ ਵੱਡੀ ਗਿਣਤੀ ਵਿਚ ਨੌਜਵਾਨ ਵਿਦਿਆਰਥੀ, ਵਿਦਿਆਰਥਣਾਂ ਨੇ ਭਾਗ ਲਿਆ। ਸਰਬੱਤ ਦਾ ਭਲਾ ਚੈਰੀਟੇਬਲ ਕੰਪਿਊਟਰ ਸੈਂਟਰ ਦੇ ਸਾਰੇ ਵਿਦਿਆਰਥੀ ਤੇ ਅਧਿਆਪਕ ਹਾਜਰ ਸਨ। ਟੀਚਰਜ਼ ਹੋਮ ਟਰੱਸਟ ਦੇ ਸਕੱਤਰ ਲਛਮਣ ਮਲੂਕਾ ਨੇ ਸ਼ਹੀਦ -ਏ-ਆਜਮ ਸ਼੍ਰ ਭਗਤ ਦੀ ਸਖ਼ਸੀਅਤ ਬਾਰੇ ਦਸਿਆ। ਨਾਵਲਕਾਰ ਜਸਪਾਲ ਮਾਨਖੇੜਾ ਨੇ ਆਪਣੀ ਗੱਲ ਭਗਤ ਸਿੰਘ ਕਿਤਾਬਾਂ ਪੜ੍ਹਨ ਤੇ ਸਾਹਿਤ ਨਾਲ ਜੋੜ ਕੇ ਕੀਤੀ ਕਿ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਵੀ ਕਿਤਾਬਾਂ ਨਾਲ ਜੁੜਨਾ ਚਾਹੀਦਾ ਹੈ ਤੇ ਦੇਸ਼ ਭਗਤਾਂ ਦੇ ਸੁਪਨਿਆਂ ਦਾ ਰਾਜ ਸਥਾਪਿਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਕਾਮਰੇਡ ਪ੍ਰੀਤਮ ਸਿੰਘ ਨੇ ਭਗਤ ਸਿੰਘ ਸੰਬੰਧੀ ਇਨਕਲਾਬੀ ਗੀਤ ਪੇਸ਼ ਕੀਤਾ। ਕਾਮਰੇਡ ਸੰਪੂਰਨ ਸਿੰਘ ਨੇ ਵੀ ਆਪਣੇ ਸ਼ਰਧਾ ਸੁਮਨ ਭੇਂਟ ਕੀਤੇ। ਕੁਲਵਿੰਦਰ ਕੌਰ ਨੇ ਆਪਣਾ ਇਨਕਲਾਬੀ ਗੀਤ ਪੇਸ਼ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਟੀਚਰਜ਼ ਹੋਮ ਵਲੋਂ ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਟੀਚਰਜ਼ ਹੋਮ ਦੇ ਜੁਆਇੰਟ ਸਕੱਤਰ ਸ੍ਰੀ ਖਕੁਸ਼ਚੇਵ , ਰਾਮੇਸ਼ ਕੁਮਾਰ, ਓਮਪ੍ਰਕਾਸ਼, ਗੁਰਦੇਵ ਸਿੰਘ ਚੱਡਾ, ਮਨਜੀਤ ਸਿੰਘ, ਯਾਦਵ, ਰਨਵੀਰ ਰਾਣਾ, ਦੀਦਾਰ ਸਿੰਘ ਤੇ ਹੋਰ ਪ੍ਰਸਿੱਧ ਹਸਤੀਆਂ ਹਾਜ਼ਰ ਸਨ। ਅਵਤਾਰ ਸਿੰਘ, ਸੁਰਿੰਦਰ ਸਿੰਘ,ਬਿੱਕਰ ਸਿੰਘ, ਸੁਰੇਸ਼ ਕੁਮਾਰ ਹਾਜ਼ਰੀ ਸਮਾਗਮ ਪੂਰੇ ਜੋਸ਼ੋ ਖਰੋਸ਼ ਤੇ ਇਨਕਲਾਬੀ ਨਾਅਰਿਆਂ ਨਾਲ ਸਮਾਪਤ ਕੀਤਾ ਗਿਆ।





