Friday, May 22, 2026
Home Blog Page 2203

ਅਕਾਲੀ ਦਲ ਦਾ ਵਫ਼ਦ ਵਿਜੀਲੈਂਸ ਦੇ ਐਸ.ਐਸ.ਪੀ ਨੂੰ ਮਿਲਿਆ, ਵਿਧਾਇਕ ਨੂੰ ਕੀਤੀ ਗ੍ਰਿਫ਼ਤਾਰ ਕਰਨ ਦੀ ਮੰਗ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 17 ਫਰਵਰੀ : ਬੀਤੇ ਕੱਲ ਵਿਧਾਇਕ ਅਮਿਤ ਰਤਨ ਦੇ ਇੱਕ ਨਜਦੀਕੀ ਨੂੰ ਵਿਜੀਲੈਂਸ ਵਲੋਂ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਵਿਧਾਇਕ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਵਿਜੀਲੈਂਸ ਵਿਭਾਗ ਦੇ ਐਸ.ਐਸ.ਪੀ ਹਰਪਾਲ ਸਿੰਘ ਨੂੰ ਮਿਲਿਆ। ਬਠਿੰਡਾ ਦਿਹਾਤੀ ਹਲਕੇ ਤੋਂ ਵਿਧਾਇਕ ਅਮਿਤ ਰਤਨ ਦੇ ਮੁਕਾਬਲੇ ਸ਼ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜਣ ਵਾਲੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਦੀ ਅਗਵਾਈ ਹੇਠ ਵਿਜੀਲੈਂਸ ਬਿਉਰੋ ਦੇ ਦਫ਼ਤਰ ਪੁੱਜੇ ਅਕਾਲੀ ਵਫ਼ਦ ਨੇ ਦੋਸ਼ ਲਗਾਇਆ ਕਿ ਇਸ ਕੇਸ ਵਿਚ ਵਿਧਾਇਕ ਦੀ ਭੂਮਿਕਾ ਸਪੱਸ਼ਟ ਤੌਰ ’ਤੇ ਸਾਹਮਣੇ ਆ ਗਈ ਹੈ ਤੇ ਜਿਸਦੇ ਚੱਲਦੇ ਉਨ੍ਹਾਂ ਨੂੰ ਵੀ ਕੇਸ ਵਿਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਵਿਧਾਇਕ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਤਾਂ ਉਹ ਸੰਘਰਸ਼ ਵਿੱਢਣਗੇ। ਸਾਬਕਾ ਵਿਧਾਇਕ ਨੇ ਦਾਅਵਾ ਕੀਤਾ ਕਿ ਗ੍ਰਿਫਤਾਰ ਕੀਤਾ ਗਿਆ ਰਸ਼ਿਮ ਗਰਗ ਹੀ ਵਿਧਾਇਕ ਵਲੋਂ ਲੈਣ ਦੇਣ ਦਾ ਕੰਮ ਕਰਦਾ ਸੀ, ਜਿਸਦੇ ਬਾਰੇ ਹਲਕੇ ਦਾ ਬੱਚਾ ਬੱਚਾ ਜਾਣਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੁਜਰਮ ਦੀ ਗ੍ਰਿਫਤਾਰੀ ਵਿਧਾਇਕ ਦੇ ਨਾਲ ਸਰਕਟ ਹਾਊਸ ਵਿਚੋਂ ਹੋਈ ਹੈ ਤੇ ਪੈਸੇ ਵੀ ਸਾਹਮਣੇ ਬਰਾਮਦ ਹੋਏ ਹਨ। ਸਾਬਕਾ ਅਕਾਲੀ ਵਿਧਾਇਕ ਨੇ ਵਿਧਾਇਕ ਵਲੋਂ ਇਸ ਮਾਮਲੇ ਵਿਚ ਦਿੱਤੇ ਸਪੱਸ਼ਟੀਕਰਨ ਨੂੰ ਰੱਦ ਕਰਦਿਆਂ ਮੰਗ ਕੀਤੀ ਕਿ ਗ੍ਰਿਫਤਾਰ ਕੀਤੇ ਮੁਜਰਮ ਦੀਆਂ ਪਿਛਲੇ ਇੱਕ ਸਾਲ ਦੀਆਂ ਕਾਲ ਡਿਟੇਲ ਕਢਵਾਈਆਂ ਜਾਣ ਤਾਂ ਸਾਰੀ ਸਚਾਈ ਸਾਹਮਣੇ ਆ ਜਾਵੇਗੀ। ਇਸ ਵਫ਼ਦ ਵਿਚ ਸਾਬਕਾ ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਜਨਰਲ ਸਕੱਤਰ ਮੋਹਿਤ ਗੁਪਤਾ, ਜਗਸੀਰ ਸਿੰਘ ਕਲਿਆਣ, ਗੁਰਦੀਪ ਸਿੰਘ ਕੋਟਸਮੀਰ ਤੇ ਅਮਰਜੀਤ ਸਿੰਘ ਜੰਡਾਵਾਲਾ ਸਾਮਲ ਸਨ।

ਅਧਿਕਾਰੀ ਕਿਸਾਨਾਂ ਨੂੰ ਰਿਵਾਇਤੀ ਫ਼ਸਲਾਂ ਦੀ ਬਜਾਏ ਵੱਧ ਮੁਨਾਫ਼ੇ ਵਾਲੀਆਂ ਫ਼ਸਲਾਂ ਉਗਾਉਣ ਲਈ ਪ੍ਰੇਰਿਤ ਕਰਨ : ਡੀਸੀ

0

ਸੁਖਜਿੰਦਰ ਮਾਨ
ਬਠਿੰਡਾ, 17 ਫਰਵਰੀ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਵੱਖ-ਵੱਖ ਵਿਭਾਗ ਦੇ ਅਧਿਕਾਰੀਆਂ ਨਾਲ ਵਿਕਾਸ ਕਾਰਜਾਂ ਸਬੰਧੀ ਮਹੀਨਾਵਾਰ ਸਮੀਖਿਆ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਬੈਠਕ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਕਿਸਾਨਾਂ ਨੂੰ ਰਿਵਾਇਤੀ ਫ਼ਸਲਾਂ ਦੇ ਚੱਕਰਵਿਊ ਚੋਂ ਬਾਹਰ ਕੱਢ ਕੇ ਘੱਟ ਲਾਗਤ ਤੇ ਵੱਧ ਮੁਨਾਫ਼ੇ ਵਾਲੀਆਂ ਫ਼ਸਲਾਂ ਉਗਾਉਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਇਹ ਵੀ ਖਾਸ ਹਿਦਾਇਤ ਕੀਤੀ ਕਿ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਅਪਨਾਉਣ ਲਈ ਵੀ ਉਪਰਾਲੇ ਕੀਤੇ ਜਾਣ। ਇਸ ਸਬੰਧੀ ਪਿੰਡ, ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਜਾਗਰੂਕਤਾ ਕੈਂਪ ਲਗਾਏ ਜਾਣ। ਉਨ੍ਹਾਂ ਜ਼ਿਲ੍ਹੇ ਅੰਦਰ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਚੱਲ ਰਹੇ ਵਿਕਾਸ ਕਾਰਜਾਂ ਨੂੰ ਤੈਅ ਸਮੇਂ ਅਨੁਸਾਰ ਪੂਰਾ ਕਰਨ ਅਤੇ ਪੂਰੇ ਹੋ ਚੁੱਕੇ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫ਼ਿਕੇਟ ਜਲਦ ਜਮਾਂ ਕਰਵਾਉਣੇ ਯਕੀਨੀ ਬਣਾੳਣ। ਡਿਪਟੀ ਕਮਿਸ਼ਨਰ ਨੇ ਪਸ਼ੂ ਪਾਲਣ ਵਿਭਾਗ ਵੱਲੋਂ ਕੀਤੇ ਗਏ ਕੰਮਾਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਪਸ਼ੂਆਂ ਨੂੰ ਘਾਤਕ ਬਿਮਾਰੀਆਂ ਤੋਂ ਬਚਾਉਣ ਲਈ ਉਨ੍ਹਾਂ ਦੀ ਵੈਕਸ਼ੀਨੇਸ਼ਨ ਕੀਤੀ ਜਾਵੇ ਅਤੇ ਵੱਧ ਤੋਂ ਵੱਧ ਜਾਗਰੂਕਤਾ ਕੈਂਪ ਵੀ ਲਗਾਏ ਜਾਣ। ਬੈਠਕ ਦੌਰਾਨ ਉਨ੍ਹਾਂ ਵੱਲੋਂ ਪੰਜਾਬ ਐਗਰੋ, ਡੇਅਰੀ ਵਿਭਾਗ, ਸਹਿਕਾਰੀ ਸਭਾਵਾਂ, ਹਾਊਸ ਫ਼ੈਡ, ਮੰਡੀ ਬੋਰਡ, ਨਹਿਰੀ ਵਿਭਾਗ, ਬਾਗਬਾਨੀ ਵਿਭਾਗ, ਭੂਮੀ ਰੱਖਿਆ, ਮੱਛੀ ਪਾਲਣ ਆਦਿ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਵੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਕੀਤੇ ਜਾ ਰਹੇ ਕਾਰਜਾਂ ਦਾ ਲੋਕਾਂ ਤੱਕ ਵੱਧ ਤੋਂ ਵੱਧ ਲਾਭ ਪਹੁੰਚਾਉਣ ਲਈ ਵੀ ਹਦਾਇਤ ਕੀਤੀ। ਇਸ ਮੌਕੇ ਏਡੀਸੀ (ਜਨਰਲ) ਮੈਡਮ ਪੱਲਵੀ ਚੌਧਰੀ, ਏਡੀਸੀ (ਵਿਕਾਸ) ਡਾ. ਆਰਪੀ ਸਿੰਘ, ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਕਾਰਜਕਾਰੀ ਇੰਜੀਨੀਅਰ ਇੰਦਰਜੀਤ ਸਿੰਘ, ਉਪ ਅਰਥ ਤੇ ਅੰਕੜਾ ਸਲਾਹਕਾਰ ਸ਼੍ਰੀਮਤੀ ਸੁਨੀਤਾਪਾਲ, ਸਹਾਇਕ ਖੋਜ ਅਫ਼ਸਰ ਸ੍ਰੀ ਰਣਜੀਤ ਸਿੰਘ, ਸਮੂਹ ਬਲਾਕਾਂ ਦੇ ਬੀਡੀਪੀਓਜ਼ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

ਵਿਧਾਇਕ ਅਮਿਤ ਰਤਨ ਦੇ ਨਜ਼ਦੀਕੀ ਰਿਸ਼ਮ ਗਰਗ ਦਾ ਵਿਜੀਲੈਂਸ ਨੂੰ ਮਿਲਿਆ ਚਾਰ ਦਿਨਾਂ ਦਾ ਰਿਮਾਂਡ

0

ਵਿਰੋਧੀ ਧਿਰਾਂ ਨੇ ਵਿਧਾਇਕ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਖ਼ੋਲੇ ਮੋਰਚੇ
ਸੁਖਜਿੰਦਰ ਮਾਨ
ਬਠਿੰਡਾ, 17 ਫਰਵਰੀ : ਬੀਤੀ ਦੇਰ ਸ਼ਾਮ ਵਿਜੀਲੈਂਸ ਵਲੋਂ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤੇ ਗਏ ਬਠਿੰਡਾ ਦਿਹਾਤੀ ਹਲਕੇ ਦੇ ਵਿਧਾਇਕ ਅਮਿਤ ਰਤਨ ਦੇ ਕਥਿਤ ਨਜ਼ਦੀਕੀ ਰਿਸ਼ਮ ਗਰਗ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਵਧੀਕ ਸ਼ੈਸਨ ਜੱਜ ਦਲਜੀਤ ਕੌਰ ਦੀ ਅਦਾਲਤ ਨੇ ਮੁਜਰਮ ਨੂੰ ਚਾਰ ਦਿਨਾਂ ਦੀ ਪੁਛਗਿਛ ਲਈ ਵਿਜੀਲੈਂਸ ਨੂੰ ਸੌਂਪ ਦਿੱਤਾ। ਇਸ ਮੌਕੇ ਵਿਜੀਲੈਂਸ ਦੇ ਡੀਐਸਪੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਨੂੰ ਦਸਿਆ ਕਿ ‘‘ ਪੁਲਿਸ ਰਿਮਾਂਡ ਦੌਰਾਨ ਕਥਿਤ ਦੋਸ਼ੀ ਵਲੋਂ ਮੁੱਦਈ ਕੋਲੋ ਪਹਿਲਾਂ ਲਿਆ ਗਿਆ 50 ਹਜ਼ਾਰ ਰੁਪਇਆ ਅਤੇ ਇੱਕ ਹੋਰ ਵਿਅਕਤੀ ਪਾਸੋਂ ਨੰਬਰਦਾਰੀ ਦਿਵਾਉਣ ਲਈ ਲਏ ਗਏ ਢਾਈ ਲੱਖ ਰੁਪਏ ਦੀ ਬਰਾਮਦੀ ਕੀਤੀ ਜਾਣੀ ਹੈ। ’’ ਇਸ ਦੌਰਾਨ ਵਿਜੀਲੈਂਸ ਅਧਿਕਾਰੀਆਂ ਨੇ ਵਿਧਾਇਕ ਅਮਿਤ ਰਤਨ ਦੀ ਇਸ ਕੇਸ ਵਿਚ ਭੂਮਿਕਾ ਸਬੰਧੀ ਪੁੱਛੇ ਜਾਣ ’ਤੇ ਸਿਰਫ਼ ਇੰਨ੍ਹਾਂ ਹੀ ਕਿਹਾ ਕਿ ‘‘ ਮਾਮਲੇ ਦੀ ਹਾਲੇ ਜਾਂਚ ਜਾਰੀ ਹੈ। ’’ ਜਦੋਂਕਿ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਸ ਮਾਮਲੇ ਵਿਚ ਵਿਰੋਧੀ ਧਿਰਾਂ ਦੇ ਵਧਦੇ ਦਬਾਅ ਅਤੇ ਸਰਕਾਰ ਦੀ ਹੋ ਰਹੀ ਕਿਰਕਿਰੀ ਦੇ ਚੱਲਦਿਆਂ ਵਿਜੀਲੈਂਸ ਨੇ ਇਸ ਕੇਸ ਵਿਚ ਵਿਧਾਇਕ ਵਿਰੁਧ ਵੀ ਕਾਰਵਾਈ ਦੀ ਤਿਆਰੀ ਵਿੱਢ ਦਿੱਤੀ ਹੈ। ਸੂਚਨਾ ਮੁਤਾਬਕ ਕੇਸ ਵਿਚ ਨਾਮਜਦ ਕਰਨ ਲਈ ਹੁਣ ਵਿਜੀਲੈਂਸ ਨੂੰ ਵਿਧਾਨ ਸਭਾ ਤੋਂ ਮੰਨਜੂਰੀ ਦੀ ਜਰੂਰਤ ਹੈ, ਜਿਸ ਵਿਚ ਉਚ ਅਧਿਕਾਰੀਆਂ ਵਲੋਂ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਜਾ ਰਹੀ ਹੈ। ਉਧਰ ਸੂਚਨਾ ਮਿਲੀ ਹੈ ਕਿ ਮੁਦਈ ਪ੍ਰਿਤਪਾਲ ਉਰਫ਼ ਕਾਕਾ ਵਲੋਂ ਅੱਜ ਵਿਜੀਲਂੈਸ ਅਧਿਕਾਰੀਆਂ ਨੂੰ ਪੈਸੇ ਮੰਗਣ ਸਬੰਧੀ ਵਿਧਾਇਕ ਅਤੇ ਉਸਦੇ ਕਥਿਤ ਪੀਏ ਵਲੋਂ ਰਿਕਾਰਡ ਕੀਤੀ ਆਡੀਓ ਕਲਿੱਪਾਂ ਵੀ ਸੌਂਪੀਆਂ ਗਈਆਂ। ਮੁਦਈ ਕਾਕਾ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ‘‘ ਇੰਨ੍ਹਾਂ ਰਿਕਾਰਡਾਂ ਵਿਚ ਸਪੱਸ਼ਟ ਹੁੰਦਾ ਹੈ ਕਿ ਗ੍ਰਾਂਟਾਂ ਨੂੰ ਰਿਲੀਜ਼ ਕਰਵਾਉਣ ਲਈ ਵਿਧਾਇਕ ਵਲੋਂ ਹੀ 20 ਫ਼ੀਸਦੀ ਕਮਿਸ਼ਨ ਦੇ ਰੂਪ ਵਿਚ ਪੰਜ ਲੱਖ ਰੁਪਏ ਮੰਗੇ ਗਏ ਸਨ। ’’ ਦੂਜੇ ਪਾਸੇ ਇਸ ਮਾਮਲੇ ਵਿਚ ਹਾਲੇ ਤੱਕ ਵਿਜੀਲੈਂਸ ਵਲੋਂ ਸੱਤਾਧਾਰੀ ਧਿਰ ਦੇ ਵਕੀਲ ਨੂੰ ਇਸ ਕੇਸ ਵਿਚ ਨਾਮਜਦ ਨਾ ਕਰਨ ਦੇ ਰੋਸ਼ ਵਜੋਂ ਅੱਜ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਕਾਂਗਰਸ ਤੇ ਅਕਾਲੀ ਆਗੂਆਂ ਨੇ ਐਸਐਸਪੀ ਵਿਜੀਲੈਂਸ ਨਾਲ ਮੁਲਾਕਾਤ ਕਰ ਕੇ ਵਿਧਾਇਕ ਵਿਰੁਧ ਪਰਚਾ ਦਰਜ਼ ਕਰਕੇ ਉਸਨੂੰ ਗ੍ਰਿਫਤਾਰ ਕਰਨ ਦੀ ਮੰਗ ਰੱਖੀ। ਗੌਰਤਲਬ ਹੈ ਕਿ ਬੀਤੀ ਦੇਰ ਰਾਤ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਵਿਧਾਇਕ ਅਮਿਤ ਰਤਨ ਨੇ ਇਕ ਵੀਡੀਓ ਜਾਰੀ ਕਰ ਕੇ ਇਸ ਮਾਮਲੇ ਵਿਚ ਆਪਣੇ ਆਪ ਨੂੰ ਬੇਕਸੂਰ ਦੱਸਦਿਆ ਦਾਅਵਾ ਕੀਤਾ ਸੀ ਕਿ ਗ੍ਰਿਫਤਾਰ ਕੀਤਾ ਗਿਆ ਰਸ਼ਿਮ ਗਰਗ ਉਨ੍ਹਾਂ ਦਾ ਪੀਏ ਨਹੀਂ ਹੈ। ਜਦੋਂਕਿ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਵੀ ਸੀਬੀਆਈ ਦੀ ਜਾਂਚ ਮੰਗੀ। ਦਸਣਾ ਬਣਦਾ ਹੈ ਕਿ ਬੀਤੀ ਦੇਰ ਸ਼ਾਮ ਸਥਾਨਕ ਸਰਕਟ ਹਾਊਸ ’ਚ ਹੋਏ ਇਸ ਨਾਟਕੀ ਘਟਨਾਕ੍ਰਮ ਦੌਰਾਨ ਮੌਕੇ ’ਤੇ ਹੀ ਮੌਜੂਦ ਵਿਧਾਇਕ ਅਮਿਤ ਰਤਨ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਮੌਕੇ ’ਤੇ ਪੁੱਜੇ ਭਾਜਪਾ ਆਗੂਆਂ ਵਲੋਂ ਨਾਅਰੇਬਾਜ਼ੀ ਕੀਤੀ ਗਈ ਸੀ। ਇਸ ਦੌਰਾਨ ਭਾਜਪਾ ਤੇ ਆਪ ਆਗੂਆਂ ਵਿਚਕਾਰ ਤਲਖੀ ਹੋਣ ਕਾਰਨ ਇੱਕ ਦਫ਼ਾ ਸਥਿਤੀ ਕਾਫ਼ੀ ਤਨਾਅਪੂਰਨ ਵੀ ਹੋ ਗਈ ਸੀ ਤੇ ਪ੍ਰਸ਼ਾਸਨ ਵਲੋਂ ਭਾਰੀ ਤਾਦਾਦ ਵਿਚ ਪੁਲਿਸ ਤੈਨਾਤ ਕੀਤੀ ਗਈ ਸੀ। ਇਸੇ ਹਾਲਾਤ ਦੇ ਚੱਲਦੇ ਹੀ ਪੁਲਿਸ ਨੇ ਵਿਧਾਇਕ ਨੂੰ ਸਰਕਟ ਹਾਊਸ ਦੇ ਪਿਛਲੇ ਗੇਟ ਰਾਹੀਂ ਬਾਹਰ ਕੱਢਿਆ ਗਿਆ ਸੀ।

ਮਾਲਵਾ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਵਿਖੇ 17ਵੀ ਐਥਲੈਟਿਕਸ ਮੀਟ ਦਾ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ, 16 ਫਰਵਰੀ : ਮਾਲਵਾ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ’ਚ ਅੱਜ 17ਵੀ ਸਲਾਨਾ ਐਥਲੈਟਿਕਸ ਮੀਟ ਦਾ ਆਯੋਜਨ ਕੀਤਾ ਗਿਆ। ਪ੍ਰੋ. ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਬੀ.ਪੀ.ਐਡ. ਭਾਗ ਦੂਜਾ ਕਲਾਸ ਦੇ ਸਮੂਹ ਵਿਦਿਆਰਥੀਆਂ ਵੱਲੋਂ ਆਯੋਜਿਤ ਇਸ ਮੀਟ ਵਿੱਚ ਡਾ. ਸੁਖਰਾਜ ਸਿੰਘ ਬਾਠ ਨੇ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ। ਕਾਲਜ ਦੇ ਵੱਖ-2 ਹਾਊਸ ਤੋਂ ਸਲਾਮੀ ਲੈਣ ਤੋਂ ਉਪਰੰਤ ਉਹਨਾਂ ਨੇ ਆਪਣੇ ਸੰਬੋਧਨੀ ਭਾਸ਼ਣ ਵਿੱਚ ਹਰ ਇਕ ਵਿਅਕਤੀ ਨੂੰ ਸ਼ਰੀਰਿਕ ਕਿਰਿਆਵਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖ ਨੂੰ ਇੱਕ ਚੰਗਾ ਨਾਗਰਿਕ ਬਣਾਉਂਦੀਆਂ ਹਨ ਅਤੇ ਵਿਅਕਤੀ ਵਿੱਚ ਭਾਈਚਾਰੇ, ਸਹਿਣਸ਼ੀਲਤਾ, ਆਗਿਆ ਪਾਲਣ ਅਤੇ ਨੇਕ ਇਨਸਾਨ ਦੇ ਸਾਰੇ ਗੁਣ ਵਿਕਸਿਤ ਕਰ ਦੀਆਂਹਨ। ਇਸ ਤੋਂ ਇਲਾਵਾ ਕਾਲਜ ਡਾਇਰੈਕਟਰ ਪ੍ਰੋ. ਦਰਸ਼ਨ ਸਿੰਘ ਨੇ ਕਾਲਜ ਦੀਆਂ ਪ੍ਰਾਪਤੀਆਂ ਦੀ ਸਲਾਨਾ ਰਿਪੋਰਟ ਤੇ ਚਾਨਣਾ ਪਾਇਆ ਅਤੇ ਕਾਲਜ ਡੀਨ ਰਘਬੀਰ ਚੰਦ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੁਮਿਕਾ ਪ੍ਰੋ. ਅਮਨਦੀਪ ਕੌਰ ਅਤੇ ਪ੍ਰੋ. ਸੁਖਪਾਲ ਕੌਰ ਨੇ ਨਿਭਾਈ। ਇਨਾਮ ਵੰਡ ਦੀ ਰਸਮ ਪ੍ਰੋ. ਰਾਜਵਿੰਦਰ ਸਿੰਘ ਸਿੱਧੂ ਵਲੋਂ ਨਿਭਾਈ ਗਈ। ਇਸ ਦੌਰਾਨ ਇਨਕਮ ਟੈਕਸ ਕਮਿਸ਼ਨਰ ਕੇ.ਪੀ.ਐਸ. ਬਰਾੜ ਜਨਰਲ ਸੈਕਟਰੀ ਪੰਜਾਬ ਐਥਲੈਟਿਕਸ ਅੇਸੋਸ਼ੀਏਸ਼ਨ ਨੇ ਉਚੇੇਚੇ ਤੋਰ ’ਤੇ ਇਸ ਮੀਟ ਵਿੱਚ ਸ਼ਿਰਕਤ ਕੀਤੀ। ਉਹਨਾ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਤੇ ਐਥਲੈਟਿਕਸ ਦੇ ਖੇਤਰ ਵਿੱਚ ਕਾਲਜ ਦੀਆਂ ਜਿਕਰਯੋਗ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਸਮੁੱਚੀ ਮੈਨੇਜਮੈਂਟ ਨੂੰ ਵਧਾਈ ਦਿੱਤੀ।
ਇਸ ਦੌਰਾਨ ਟਰੈਕ ਅਤੇ ਫਲਿਡ ਈਵੈਂਟਸ 100 ਮੀ., 200 ਮੀ., 400ਮੀ., 800ਮੀ., 4ਯ100 ਮੀ., ਗੋਲਾ ਸੁੱਟਣਾ, ਉੱਚੀ ਛਾਲ, ਲੰਬੀ ਛਾਲ, ਰੱਸਾ ਕੱਸੀ ਮੁਕਾਬਲੇ ਪ੍ਰੋ. ਰਾਜਵਿੰਦਰ ਸਿੰਘ, ਪ੍ਰੋ. ਗਰੀਸ਼ ਸ਼ਰਮਾ, ਪ੍ਰੋ. ਜਗਦੀਪ ਸਿੰਘ, ਪ੍ਰੋ. ਜਗਦੀਪ ਸਿੰਘ ਮਨੀ, ਪ੍ਰੋ. ਅਰਸ਼ਦੀਪ ਕੌਰ, ਪ੍ਰੋ. ਸੁਖਪਾਲ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਅਮਨਦੀਪ ਕੌਰ (ਪੰਜਾਬੀ), ਅਤੇ ਪ੍ਰੋ. ਅਮਨਦੀਪ ਕੌਰ (ਅੰਗਰੇਜ਼ੀ) ਦੀ ਯੋਗ ਅਗਵਾਈ ਹੇਠ ਕਰਵਾਏ ਗਏ। ਅੱਜ ਦੇ ਮੁਕਾਬਲਿਆ ਵਿਚ ਲੜਕੀਆ ਦੇ ਵਰਗ ਵਿੱਚ ਮੋਨੀਕਾ, ਮਹਾਰਾਜਾ ਰਣਜੀਤ ਸਿੰਘ ਹਾਊਸ ਅਤੇ ਲੜਕਿਆ ਦੇ ਵਰਗ ਵਿਚ ਮਹਾਰਾਜਾ ਰਣਜੀਤ ਸਿੰਘ ਹਾਊਸ ਚੁਣੇ ਗਏ। ਇਸ ਮੌਕੇ ਕਾਲਜ ਦੀ ਮੈਨੇਜਮੈਂਟ ਵਲੋਂ ਚੇਅਰਮੈਨ ਰਮਨ ਸਿੰਗਲਾ, ਉਪ ਪ੍ਰਧਾਨ ਰਾਕੇਸ਼ ਗੋਇਲ, ਡਾ. ਰਾਜ ਕੁਮਾਰ ਗੋਇਲ, ਡਾ. ਸਰਬਜੀਤ ਕੌਰ ਢਿੱਲੋਂ (ਕੰਪਿਊਟਰ ਸਾਇੰਸ ਡਿਪਾਰਟਮੈਂਟ), ਡਾ. ਲਖਵਿੰਦਰ ਕੌਰ (ਹਿਮਊਨਟੀ ਡਿਪਾਰਟਮੈਂਟ), ਸ਼੍ਰੀਮਤੀ ਇੰਦਰਪ੍ਰੀਤ ਕੌਰ (ਮੈਨੇਜਮੈਂਟ ਡਿਪਾਰਟਮੈਂਟ), ਪ੍ਰੇਮ ਸਿੰਘ (ਅੇਗਰੀਕਲਚਰ ਡਿਪਾਰਟਮੈਂਟ) , ਇਕਬਾਲ ਸਿੰਘ ਡੀ.ਪੀ.ਆਈ., ਸੁਰਿੰਦਰਪ੍ਰੀਤ ਘਣੀਆਂ ਸ਼ਾਇਰ, ਗੁਰਮੇਲ ਸਿੰਘਰੀਟ. ਲੈਕਚਰਾਰ, ਰਨੇਕ ਸਿੰਘ ਵਿਰਕ ਰਿਟ. ਏ.ਈ.ਓ, ਪਰਮਜੀਤ ਸਿੰਘ ਰੋਮਾਣਾ, ਦਰਸ਼ਨ ਸਿੰਘ ਬਰਾੜ, ਸੰਜੀਵ ਕੁਮਾਰ ਸਿੰਗਲਾ, ਬੱਗਾ ਸਿੰਘ ਰਿਟ. ਪ੍ਰਿੰਸੀਪਲ ਪ੍ਰੈਜੀਡੈਂਟਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ।

ਵਿਜੀਲੈਂਸ ਵਲੋਂ ਆਪ ਵਿਧਾਇਕ ਦੇ ਨੇੜਲਾ ਸਾਥੀ ਦੱਸੇ ਜਾਣ ਵਾਲੇ ਵਿਅਕਤੀ 4 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕੀਤਾ ਕਾਬੂ

0

ਵਿਧਾਇਕ ਅਮਿਤ ਰਤਨ ਨੇ ਵੀ ਕੀਤਾ ਦਾਅਵਾ ਕਿ ਗ੍ਰਿਫਤਾਰ ਕੀਤਾ ਵਿਅਕਤੀ ਨਹੀਂ ਹੈ ਉਸਦਾ ਪੀਏ
ਭਾਜਪਾ ਆਗੂਆਂ ਨੇ ਵਿਧਾਇਕ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸਰਕਟ ਹਾਊਸ ਵਿਚ ਕੀਤੀ ਨਾਅਰੇਬਾਜ਼ੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 16 ਫਰਵਰੀ : ਵਿਜੀਲੈਂਸ ਬਿਉਰੋ ਵਲੋਂ ਅੱਜ ਸ਼ਾਮ ਖੁਦ ਨੂੰ ਆਪ ਵਿਧਾਇਕ ਦੇ ਪ੍ਰਾਈਵੇਟ ਪੀਏ ਦੱਸਣ ਵਾਲੇ ਰਸਿਮ ਗਰਗ ਨਾਂ ਦੇ ਇੱਕ ਵਿਅਕਤੀ ਨੂੰ ਪੰਚਾਇਤੀ ਕੰਮਾਂ ਲਈ ਆਈ ਰਾਸ਼ੀ ਦੇ ਕਮਿਸ਼ਨ ਵਜੋਂ ਚਾਰ ਲੱਖ ਰੁਪਏ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ। ਦੇਰ ਸ਼ਾਮ ਸਥਾਨਕ ਸਰਕਟ ਹਾਊਸ ’ਚ ਹੋਏ ਇਸ ਨਾਟਕੀ ਘਟਨਾਕ੍ਰਮ ਦੌਰਾਨ ਮੌਕੇ ’ਤੇ ਹੀ ਮੌਜੂਦ ਵਿਧਾਇਕ ਅਮਿਤ ਰਤਨ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਮੌਕੇ ’ਤੇ ਪੁੱਜੇ ਭਾਜਪਾ ਆਗੂਆਂ ਵਲੋਂ ਨਾਅਰੇਬਾਜ਼ੀ ਕੀਤੀ ਗਈ। ਜਿਸਦੇ ਚੱਲਦੇ ਸਥਿਤੀ ਕਾਫ਼ੀ ਤਨਾਅਪੂਰਨ ਹੋ ਗਈ ਤੇ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪ੍ਰਸ਼ਾਸਨ ਵਲੋਂ ਭਾਰੀ ਤਾਦਾਦ ਵਿਚ ਪੁਲਿਸ ਤੈਨਾਤ ਕਰ ਦਿੱਤੀ ਗਈ। ਇਸ ਮੌਕੇ ਵਿਧਾਂਇਕ ਦੀ ਹਿਮਾਇਤ ’ਚ ਪੁੱਜੇ ਕੁੱਝ ਆਪ ਆਗੂਆਂ ਦੀ ਵੀ ਸਾਬਕਾ ਵਿਧਾਇਕ ਤੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨਾਲ ਝੜਪ ਹੋ ਗਈ। ਜਿਸਦੇ ਚੱਲਦੇ ਨੌਬਤ ਹੱਥੋਪਾਈ ਤੱਕ ਪੁੱਜ ਗਈ। ਉਧਰ, ਕਰੀਬ ਦੋ ਘੰਟੇ ਸਰਕਟ ਹਾਊਸ ’ਚ ਚੱਲੇ ਇਸ ਡਰਾਮੇ ਦੌਰਾਨ ਵਿਜੀਲੈਂਸ ਦੇ ਅਧਿਕਾਰੀਆਂ ਵਲੋਂ ਵਿਧਾਇਕ ਨੂੰ ਵੀ ਰੋਕ ਕੇ ਰੱਖਿਆ ਗਿਆ ਤੇ ਪੁਛਗਿਛ ਕੀਤੀ ਗਈ ਤੇ ਬਾਹਰ ਭਾਜਪਾ ਅਤੇ ਮੀਡੀਆ ਦੇ ਜਮਾਵੜੇ ਨੂੰ ਦੇਖਦਿਆਂ ਪਿਛਲੇ ਗੇਟ ਰਾਹੀਂ ਵਿਧਾਇਕ ਨੂੰ ਬਾਹਰ ਕੱਢਿਆ ਗਿਆ ਜਦੋਂਕਿ ਖੁਦ ਨੂੰ ਵਿਧਾਇਕ ਦੇ ਨਿੱਜੀ ਸਹਾਇਕ ਦਸਣ ਵਾਲੇ ਰਸ਼ਿਮ ਗਰਗ ਵਾਸੀ ਸਮਾਣਾ ਜਿਲਾ ਪਟਿਆਲਾ ਨੂੰ ਮੁੱਖ ਗੇਟ ਤੋਂ ਗ੍ਰਿਫਤਾਰ ਕਰਕੇ ਲਿਜਾਇਆ ਗਿਆ। ਵਿਜੀਲੈਂਸ ਦੇ ਅਧਿਕਾਰੀਆਂ ਵਲੋਂ ਵੀ ਪਹਿਲਾਂ ਜਾਰੀ ਪ੍ਰੈਸ ਬਿਆਨ ਵਿਚ ਰਸ਼ਿਮ ਗਰਗ ਨੂੰ ਵਿਧਾਇਕ ਦਾ ਨਿੱਜੀ ਸਹਾਇਕ ਦੱਸਿਆ ਸੀ ਪ੍ਰੰਤੂ ਬਾਅਦ ਵਿਚ ਤਬਦੀਲ ਕਰਕੇ ਭੇਜੇ ਪ੍ਰੈਸ ਨੋਟ ਵਿਚ ਉਸਨੂੰ ਪ੍ਰਾਈਵੇਟ ਵਿਅਕਤੀ ਦਸਿਆ ਗਿਆ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਪਰਚਾ ਇਕੱਲੇ ਰਸਮਿ ਗਰਗ ਵਿਰੁਧ ਦਰਜ਼ ਕੀਤਾ ਗਿਆ ਹੈ ਤੇ ਸਿਕਾਇਤਕਰਤਾ ਵਲੋਂ ਮੁਹੱਈਆ ਕਰਵਾਏ ਤੱਥਾਂ ਤਹਿਤ ਵਿਧਾਂਇਕ ਦੀ ਭੂਮਿਕਾ ਦੀ ਵੀ ਤਫ਼ਤੀਸ ਕੀਤੀ ਜਾ ਸਕਦੀ ਹੈ। ਗੌਰਤਲਬ ਹੈ ਕਿ ਵਿਜੀਲੈਂਸ ਬਿਊਰੋ ਕੋਲ ਬਠਿੰਡਾ ਦਿਹਾਤੀ ਹਲਕੇ ਦੇ ਅਧੀਨ ਆਉਂਦੇ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕੁਮਾਰ ਉਰਫ਼ ਕਾਕਾ ਵੱਲੋਂ ਸ਼ਿਕਾਇਤ ਕੀਤੀ ਗਈ ਸੀ, ਜਿਸ ਵਿਚ ਉਨ੍ਹਾਂ ਦੋਸ਼ ਲਗਾਇਆ ਸੀ ਕਿ ਗ੍ਰਾਮ ਪੰਚਾਇਤ ਘੁੱਦਾ ਨੂੰ 15ਵੇਂ ਵਿੱਤ ਕਮਿਸ਼ਨ ਤਹਿਤ ਬਲਾਕ ਸੰਮਤੀ ਰਾਹੀਂ ਪ੍ਰਾਪਤ 25 ਲੱਖ ਰੁਪਏ ਦੀ ਸਰਕਾਰੀ ਗ੍ਰਾਂਟ ਨੂੰ ਬੀਡੀਪੀਓ ਤੋਂ ਰਿਲੀਜ ਕਰਾਉਣ ਬਦਲੇ ਉਕਤ ਮੁਲਜ਼ਮ ਉਸ ਕੋਲੋਂ 5 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਪ੍ਰੰਤੂ ਉਹ ਇਸ ਕੰਮ ਲਈ ਰਿਸ਼ਵਤ ਨਹੀਂ ਸੀ ਦੇਣਾ ਚਾਹੁੰਦੇ , ਜਿਸਦੇ ਚੱਲਦੇ ਮਜਬੂਰਨ ਵਿਧਾਇਕ ਦੇ ਪੀਏ ਨੂੰ ਪਹਿਲੀ ਕਿਸ਼ਤ ਵਜੋਂ 50,000 ਰੁਪਏ ਦਿੱਤੇ ਜਾ ਚੁੱਕੇ ਸਨ ਤੇ ਅੱਜ ਚਾਰ ਲੱਖ ਰੁਪਏ ਦਿੱਤੇ ਜਾਣੇ ਸਨ। ਸੂਚਨਾ ਮੁਤਾਬਕ ਉਕਤ ਮੁਲਜਮ ਨੇ ਇਹ ਰਾਸ਼ੀ ਸਰਕਟ ਹਾਊਸ ਦੇ ਬਾਹਰ ਖ਼ੜੀ ਇੱਕ ਪ੍ਰਾਈਵੇਟ ਗੱਡੀ ਵਿਚ ਬੈਠ ਕੇ ਲਈ, ਤੇ ਇਸ ਦੌਰਾਨ ਮੌਕੇ ’ਤੇ ਵਿਜੀਲੈਂਸ ਪੁੱਜ ਗਈ। ਗੌਰਤਲਬ ਹੈ ਕਿ ਵਿਧਾਇਕ ਅਮਿਤ ਰਤਨ ਨੇ 2017 ਵਿੱਚ ਅਕਾਲੀ ਦਲ ਵੱਲੋਂ ਬਠਿੰਡਾ ਦਿਹਾਤੀ ਹਲਕੇ ਤੋਂ ਚੋਣ ਲੜੀ ਸੀ ਪ੍ਰੰਤੂ ਆਪ ਦੀ ਉਮੀਦਵਰ ਰੁਪਿੰਦਰ ਕੌਰ ਰੂਬੀ ਕੋਲੋ ਹਾਰ ਗਏ ਸਨ। ਜਿਸਤੋਂ ਬਾਅਦ ਉਨ੍ਹਾਂ ਉਪਰ ਅਕਾਲੀ ਦਲ ਦੇ ਹੀ ਕੁੱਝ ਵਰਕਰਾਂ ਨੇ ਠੱਗੀ ਮਾਰਨ ਦੇ ਦੋਸ਼ ਲਗਾਏ ਸਨ, ਜਿਸਦੇ ਚੱਲਦੇ ਉਸਨੂੰ ਅਕਾਲੀ ਦਲ ਵਿਚੋਭਂ ਕੱਢ ਦਿਤਾ ਗਿਆ ਸੀ ਤੇ 2022 ਦੀਆਂ ਚੋਣਾਂ ਮੌਕੇ ਉਹ ਆਪ ਵਿਚ ਸ਼ਾਮਲ ਹੋ ਗਏ ਸਨ ਤੇ ਇਸੇ ਹਲਕੇ ਤੋਂ ਚੋਣ ਜਿੱਤਣ ਵਿਚ ਸਫ਼ਲ ਰਹੇ। ਉਧਰ ਇਸ ਮੌਕੇ ਪੁੱਜੇ ਬੀ. ਜੇ. ਪੀ ਦੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਸਾਬਕਾ ਚੇਅਰਮੈਨ ਅਸੋਕ ਭਰਤੀ, ਸਾਬਕਾ ਚੇਅਰਮੈਨ ਮੋਹਨ ਲਾਲ ਗਰਗ ਆਦਿ ਵੱਡੀ ਗਿਣਤੀ ਵਿਚ ਆਪਣੇ ਸਮਰਥਕਾਂ ਨਾਲ ਸਰਕਟ ਹਾਊਸ ਵਿਚ ਪੁੱਜ ਗਏ ਤੇ ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਵਿਧਾਇਕ ਨੂੰ ਵੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਸ ਮੌਕੇ ਵਿਧਾਇਕ ਦੇ ਸਮਰਥਕ ਰਾਹੁਲ ਝੂੰਬਾ ਨਾਲ ਭਾਜਪਾ ਆਗੂਆਂ ਦੀ ਤਲਖਕਲਾਮੀ ਹੋ ਗਿਆ ਤੇ ਮਹੌਲ ਤਨਾਅ ਪੂਰਨ ਬਣ ਗਿਆ, ਜਿਸਨੂੰ ਪੁਲਿਸ ਨੇ ਕਾਫ਼ੀ ਮੁਸੱਕਤ ਨਾਲ ਕਾਬੂ ਕੀਤਾ।

ਰਸਿਮ ਗਰਗ ਨਹੀਂ ਹੈ ਮੇਰਾ ਪੀਏ: ਅਮਿਤ ਰਤਨ
ਬਠਿੰਡਾ: ਉਧਰ ਦੇਰ ਸ਼ਾਮ ਵਿਧਾਇਕ ਅਮਿਤ ਰਤਨ ਨੇ ਸੋਸਲ ਮੀਡੀਆ ’ਤੇ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਵਿਜੀਲੈਂਸ ਵਲੋਂ ਗ੍ਰਿਫਤਾਰ ਕੀਤਾ ਗਿਆ ਰਸ਼ਿਮ ਗਰਗ ਉਸਦਾ ਪੀਏ ਨਹੀਂ ਹੈ, ਬਲਕਿ ਉਸਦਾ ਪੀਏ ਰਣਵੀਰ ਸਿੰਘ ਹੈ। ਜਿਸਦੇ ਚੱਲਦੇ ਗ੍ਰਿਫਤਾਰ ਕੀਤੇ ਵਿਅਕਤੀ ਨਾਲ ਉਸਦਾ ਕੋਈ ਲੈਣਾ-ਦੇਣਾ ਨਹੀਂ ਹੈ।

ਹਰਿਆਣਾ ’ਚ ਬਿਜਲੀ ਦੀ ਦਰਾਂ ਵਿਚ ਨਹੀਂ ਹੋਇਆ ਹੈ ਵਾਧਾ – ਮੁੱਖ ਮੰਤਰੀ

0

ਬਿਜਲੀ ਖਪਤਕਾਰਾਂ ਦੀ ਗਿਣਤੀ 76 ਲੱਖ ਦੇ ਪਾਰ
ਖੇਤੀਬਾੜੀ ਖੇਤਰ ਨੂੰ ਸਬਸਿਡੀ ਜਾਰੀ ਰਹੇਗੀ, ਬਿਜਲੀ ਖਪਤਕਾਰਾਂ ਦੇ ਹਿੱਤ ਸੱਭ ਤੋਂ ਉਪਰ – ਮਨੋਹਰ ਲਾਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 16 ਫਰਵਰੀ : ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਪਿਛਲੇ 8 ਸਾਲਾਂ ਵਿਚ ਹਰਿਆਣਾ ਵਿਚ ਅਭੂਤਪੂਰਵ ਬਿਜਲੀ ਸੁਧਾਰ ਕੀਤੇ ਗਏ ਹਨ ਅਤੇ ਹਰਿਆਣਾ ਵਿਚ ਹੋਏ ਬਿਜਲੀ ਸੁਧਾਰਾਂ ਦੀ ਕੇਂਦਰੀ ਬਿਜਲੀ ਮੰਤਰੀ ਸ੍ਰੀ ਰਾਜ ਕੁਮਾਰ ਸਿੰਘ ਨੇ ਵੀ ਸ਼ਲਾਘਾ ਕੀਤੀ ਹੈ ਅਤੇ ਕੇਂਦਰੀ ਦਲ ਨੇ ਹਰਿਆਣਾ ਦਾ ਅਧਿਐਨ ਵੀ ਕੀਤਾ ਹੈ। ਇਸੀ ਦੇ ਫਲਸਰੂਪ ਲਾਇਨ ਲਾਸਿਸ ਨੂੰ ਘੱਟ ਕਰਨ ’ਤੇ ਫੋਕਸ ਕੀਤਾ ਗਿਆ ਹੈ ਅਤੇ ਅੱਜ ਲਾਇਨ ਲਾਸਿਸ 13.43 ਫੀਸਦੀ ਰਹਿ ਗਿਆ ਹੈ ਜੋ ਪਹਿਲਾਂ ਦੀਆਂ ਸਰਕਾਰਾਂ ਵਿਚ 25 ਤੋਂ 30 ਫੀਸਦੀ ਤਕ ਰਹਿੰਦਾ ਸੀ। ਸਰਕਾਰ ਨੇ ਖਪਤਕਾਰਾਂ ਨੂੰ ਨਿਯਮਤ ਬਿਜਲੀ ਸਪਲਾਈ ਯਕੀਨੀ ਕਰਨ ਲਈ ਪੁਖਤਾ ਪ੍ਰਬੰਧ ਯਕੀਨੀ ਕੀਤੇ ਹਨ। ਖਪਤਕਾਰਾਂ ਨੂੰ ਰਾਹਤ ਦਿੰਦੇ ਹੋਏ ਸਰਕਾਰ ਨੇ ਬਿਜਲੀ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਦਰਾਂ ਦੇ ਰੇਟ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਤੈਅ ਕਰਦਾ ਹੈ ਨਾ ਕਿ ਸਰਕਾਰ। ਕਮਿਸ਼ਨ ਨੇ ਸਾਲ 2023-2024 ਦੇ ਬਿਜਲੀ ਦਰਾਂ ਦੇ ਆਦੇਸ਼ ਵੀ ਕਲ ਜਾਰੀ ਕਰ ਦਿੱਤੇ ਹਨ। ਜਿਸ ਨੂੰ ਕਮਿਸ਼ਨ ਦੀ ਵੈਬਸਾਇਟ ’ਤੇ ਵੀ ਪਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਾਰੇ ਸ਼ਰੇਣੀਆਂ ਦੇ ਬਿਜਲੀ ਖਪਤਕਾਰਾਂ ਦੀ ਗਿਣਤੀ 76 ਲੱਖ ਤੋਂ ਵੱਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਨੇਕ ਵਾਰ ਬਿਜਲੀ ਦੀ ਉਪਲਬਧਤਾ ਘੱਟ ਹੋਣ ਦੇ ਬਾਵਜੂਦ ਵੀ ਸੂਬਾ ਸਰਕਾਰ ਨੇ ਖਪਤਕਾਰਾਂ ਨੂੰ ਪੂਰੀ ਬਿਜਲੀ ਉਪਲਬਧ ਕਰਵਾਈ, ਇਹ ਬਿਜਲੀ ਪ੍ਰਬੰਧਨ ਦਾ ਬਿਹਤਰੀਨ ਉਦਾਹਰਣ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਬਿਜਲੀ ਖਪਤਕਾਰਾਂ ਨੂੰ ਰਾਹਤ ਪ੍ਰਦਾਨ ਕੀਤੀ ਹੈ ਅਤੇ ਬਿਜਲੀ ਦੇ ਰੇਟ ਨਹੀਂ ਵਧਾਏ ਹਨ। ਉਨ੍ਹਾਂ ਨੇ ਕਿਹਾ ਕਿ ਸਾਲ 2022-2023 ਦੌਰਾਨ ਸ਼ਰੇਣੀ ਇਕ ਵਿਚ ਜੀਰੋ ਤੋਂ 50 ਯੂਨਿਟ ਤਕ 2 ਰੁਪਏ ਪ੍ਰਤੀ ਯੂਨਿਟ, 51 ਤੋਂ 100 ਯੂਨਿਟ ਤਕ 2.50 ਰੁਪਏ ਚਾਰਜ ਕੀਤਾ। ਸ਼?ਰੇਣੀ ਦੋ ਤੋਂ 0 150 ਯੂਨਿਟ ਤਕ 2.75 ਰੁਪਏ, 150 ਤੋਂ 250 ਯੂਨਿਟ ਤਕ 5.25 ਰੁਪਏ, 251 ਤੋਂ 500 ਯੂਨਿਟ ਤਕ 6.30 ਰੁਪਏ ਅਤੇ 501 ਤੋਂ 800 ਯੂਨਿਟ ਤਕ 7.10 ਰੁਪਏ ਚਾਰਜ ਕੀਤਾ। ਇਸ ਸਾਲ ਵੀ ਘਰੇਲੂ ਖਪਤਕਾਰਾਂ ਦੀ ਸ਼?ਰੇਣੀ ਇਕ ਤੇ ਦੋ ਦੀ ਨਿਰਧਾਰਿਤ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸੀ ਤਰ੍ਹਾ ਖੇਤੀਬਾੜੀ ਖੇਤਰ ਵਿਚ 15 ਹਾਰਸ ਪਾਵਰ ਤੇ ਉਸ ਤੋਂ ਉੱਪਰ ਦੀ ਮੋਟਰ ਵਾਲੇ ਖੇਤੀਬਾੜੀ ਨਕਕੂਪਾਂ ਲਈ ਘੱਟ ਘੱਟ ਚਾਰਜ 200 ਰੁਪਏ ਪ੍ਰਤੀ ਹਾਰਸ ਪਾਵਰ ਪ੍ਰਤੀ ਸਾਲ ਨਿਰਧਾਰਿਤ ਕੀਤਾ ਗਿਆ ਹੈ। ਇਸੀ ਤਰ੍ਹਾ ਬਿਨ੍ਹਾਂ ਮੀਟਰ ਵਾਲੇ ਨਲਕੂਪਾਂ ਦੇ ਲਈ ਇਹ ਦਰਾਂ 15 ਰੁਪਏ ਪ੍ਰਤੀ ਹਾਰਸ ਪਾਵਰ ਪ੍ਰਤੀ ਮਹੀਨੇ ਅਤੇ 15 ਹਾਰਸ ਪਾਵਰ ਤੋਂ ਉੱਪਰ ਦੀ ਮੀਟਰ ਵਾਲੇ ਨਲਕੂਪਾਂ ਲਈ 12 ਰੁਪਏ ਪ੍ਰਤੀ ਹਾਰਸ ਪਾਵਰ ਪ੍ਰਤੀ ਮਹੀਨੇ ਨਿਰਧਾਰਿਤ ਸੀ, ਜੋ ਸਾਲ 2023-24 ਦੌਰਾਨ ਵੀ ਜਾਰੀ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਖੇਤਰ ਨੂੰ ਪਹਿਲਾਂ ਦੀ ਤਰ੍ਹਾ ਸਬਸਿਡੀ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਬਿਜਲੀ ਦੀ ਬਚੱਤ ਹੀ ਬਿਜਲੀ ਦਾ ਉਤਪਾਦਨ ਹੈ ਇਸ ਦੇ ਲਈ ਸਰਕਾਰ ਨੇ ਵੱਡੇ ਪੱਧਰ ’ਤੇ ਬਿਜਲੀ ਦੀ ਪੁਰਾਣੀ ਤਾਰਾਂ ਨੂੰ ਬਦਲਿਆ ਹੈ, ਇਸ ਤੋਂ ਇਲਾਵਾ, ਪੁਰਾਣੇ ਟਰਾਂਸਫਾਰਮਰ ’ਤੇ ਨਵੇਂ ਕੰਡੇਂਸਰਸ ਲਗਵਾਏ ਗਏ ਹਨ ਤਾਂ ਜੋ ਲਾਇਨ ਲਾਸਿਸ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਖਪਤਕਾਰਾਂ ਨੂੰ ਬਿਨ੍ਹਾਂ ਰੁਕਾਵਟ ਬਿਜਲੀ ਸਪਲਾਈ ਲਈ ਨਵੇਂ ਸਬ-ਸਟੇਸ਼ਨ ਬਣਾਏ ਗਏ ਹਨ ਅਤੇ ਪੁਰਾਣੇ ਸਟੇਸ਼ਨਾਂ ਦੀ ਸਮਰੱਥਾ ਵਿਚ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੋਡ ਨੂੰ ਘੱਟ ਕਰਨ ਦੇ ਲਈ ਫੀਡਰਸ ਦਾ ਸੇਗ੍ਰੀਗੇਸ਼ਨ ਵੀ ਕੀਤਾ ਗਿਆ ਹੈ।

ਆਰ.ਟੀ.ਏ. ਦਫ਼ਤਰਾਂ ਵਿੱਚ ਲੋਕਾਂ ਦੀ ਖੱਜਲ ਖੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਲਾਲਜੀਤ ਸਿੰਘ ਭੁੱਲਰ

0

ਟਰਾਂਸਪੋਰਟ ਮੰਤਰੀ ਵੱਲੋਂ ਪ੍ਰਮੁੱਖ ਸਕੱਤਰ ਨੂੰ ਅਜਿਹੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਣ ਦੇ ਹੁਕਮ
ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਆਰ.ਟੀ.ਏ. ਦਫ਼ਤਰਾਂ ਦੀ ਨਿਰੰਤਰ ਅਚਨਚੇਤ ਚੈਕਿੰਗ ਦੀ ਹਦਾਇਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 16 ਫ਼ਰਵਰੀ: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੁਝ ਆਰ.ਟੀ.ਏ. ਦਫ਼ਤਰਾਂ ਵਿੱਚ ਲੋਕਾਂ ਦੀ ਖੱਜਲ-ਖੁਆਰੀ ਦੀਆਂ ਸ਼ਿਕਾਇਤਾਂ ਦਾ ਗੰਭੀਰ ਨੋਟਿਸ ਲੈਂਦਿਆਂ ਅਜਿਹੇ ਮੁਲਾਜ਼ਮਾਂ ਨੂੰ ਬਾਜ਼ ਆਉਣ ਦੀ ਤਾਕੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨੂੰ ਨਿਰਵਿਘਨ, ਖੱਜਲ-ਖੁਆਰੀ ਮੁਕਤ ਅਤੇ ਪਾਰਦਰਸ਼ੀ ਢੰਗ ਨਾਲ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਆਮ ਲੋਕਾਂ ਦੀ ਸਰਕਾਰ ਹੈ ਅਤੇ ਲੋਕਾਂ ਨੂੰ ਖੱਜਲ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਕੈਬਨਿਟ ਮੰਤਰੀ ਨੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਗਰਗ ਨੂੰ ਨਿਰਦੇਸ਼ ਦਿੱਤੇ ਕਿ ਆਰ.ਟੀ.ਏ. ਦਫ਼ਤਰਾਂ ਵਿੱਚ ਕੰਮ ਕਰਵਾਉਣ ਆਉਂਦੇ ਲੋਕਾਂ ਦੀਆਂ ਸ਼ਿਕਾਇਤਾਂ ’ਤੇ ਤੁਰੰਤ ਗ਼ੌਰ ਕੀਤਾ ਜਾਵੇ ਅਤੇ ਗ਼ਲਤ ਪਾਏ ਗਏ ਮੁਲਾਜ਼ਮਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ। ਇਸੇ ਤਰ੍ਹਾਂ ਸ. ਲਾਲਜੀਤ ਸਿੰਘ ਭੁੱਲਰ ਨੇ ਸਟੇਟ ਟਰਾਂਸਪੋਰਟ ਕਮਿਸ਼ਨਰ ਸ੍ਰੀ ਮੌਨਿਸ਼ ਕੁਮਾਰ ਨੂੰ ਵੀ ਹਦਾਇਤ ਕੀਤੀ ਕਿ ਉਹ ਆਰ.ਟੀ.ਏ. ਦਫ਼ਤਰਾਂ ਦੀ ਨਿਰੰਤਰ ਅਚਨਚੇਤ ਚੈਕਿੰਗ ਯਕੀਨੀ ਬਣਾਉਣ। ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਆਰ.ਟੀ.ਏ. ਦਫ਼ਤਰਾਂ ਵਿੱਚ ਲੋਕਾਂ ਨੂੰ ਖੱਜਲ-ਖੁਆਰ ਕਰਨ ਦੀਆਂ ਖ਼ਬਰਾਂ ਮਿਲੀਆਂ ਹਨ। ਉਨ੍ਹਾਂ ਅਜਿਹੇ ਮੁਲਾਜ਼ਮਾਂ ਨੂੰ ਆਪਣੇ ਕੰਮ ਵਿੱਚ ਸੁਧਾਰ ਲਿਆਉਣ ਲਈ ਸਖ਼ਤ ਤਾੜਨਾ ਕੀਤੀ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਭੈਅ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣਾ ਮਾਨ ਸਰਕਾਰ ਦੀ ਮੁੱਖ ਤਰਜੀਹ ਹੈ।

ਕੇਂਦਰ ਵੱਲੋਂ ਦਿੱਤੇ ਜਾਣ ਵਾਲੇ ਐਨ.ਐਚ.ਐਮ. ਫੰਡ ਦੀ ਦੁਰਵਰਤੋਂ ਕਾਰਨ ਗ੍ਰਾਂਟ ਰੁਕਣ ਲਈ ਆਪ ਸਰਕਾਰ ਜਿੰਮੇਵਾਰ- ਬਲਵੀਰ ਸਿੱਧੂ

0

ਲੋਕਾਂ ਦੇ ਇਲਾਜ਼ ਦੇ ਪੈਸੇ ਨੂੰ ਵਿਗਿਆਪਨਾ ਅਤੇ ਆਮ ਆਦਮੀ ਕਲੀਨਿਕ ਦੇ ਪ੍ਰਚਾਰ ਵਿੱਚ ਉਡਾਇਆ
ਪੰਜਾਬੀ ਖ਼ਬਰਸਾਰ ਬਿਉਰੋ
ਐਸ.ਏ.ਐਸ. ਨਗਰ, 16 ਫਰਵਰੀ – ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਸੂਬਾ ਸਰਕਾਰ ਨੂੰ ਕੇਂਦਰ ਵੱਲੋਂ ਦਿੱਤੇ ਐਨ.ਐਚ.ਐਮ ਫੰਡ ਦੇ 468 ਕਰੋੜ ਰੁਪਏ ਦੀ ਸਹੀ ਵਰਤੋਂ ਨਾ ਕਰਨ ਕਰਕੇ 546 ਕਰੋੜ ਰੁਪਏ ਦੀ ਗ੍ਰਾਂਟ ਰੋਕ ਦਿੱਤੀ ਹੈ। ਸਿੱਧੂ ਨੇ ਕਿਹਾ ਇਹ ਫੰਡ ਲੋਕਾਂ ਦੇ ਸਿਹਤ ਸੇਵਾਵਾਂ ਨਾਲ ਜੁੜਿਆ ਇਕ ਮਹੱਤਵਪੂਰਨ ਫੰਡ ਹੈ ਜੋ ਆਪ ਸਰਕਾਰ ਨੇ ਆਮ ਆਦਮੀ ਕਲੀਨਿਕਾਂ ਦੇ ਪ੍ਰਚਾਰ ਅਤੇ ਪੁਰਾਣੇ ਸਿਹਤ ਸੇਵਾਵਾਂ ਨੂੰ ਓਵਰਟੇਕ ਕਰਨ ਵਿੱਚ ਉਡਾ ਦਿੱਤੇ ਹਨ।ਸਿੱਧੂ ਨੇ ਕਿਹਾ ਸ਼ਹੀਦਾਂ ਦੇ ਨਾਮ ਤੇ ਵੋਟ ਲੈਣ ਵਾਲੀ ਇਹ ਸਰਕਾਰ ਲੋਕਾਂ ਨੂੰ ਹੀ ਗੁਮਰਾਹ ਕਰਨ ਵਿਚ ਲੱਗੀ ਹੋਈ ਹੈ। ਸਿਰਫ਼ ਕਲੀਨਿਕਾਂ ਦੇ ਨੰਬਰਾਂ ਨੂੰ ਵਧਾਉਣ ਖਾਤਿਰ ਆਮ ਆਦਮੀ ਪਾਰਟੀ ਨੇ ਕੇਂਦਰ ਤੋਂ ਆਉਂਦੀ 60% ਫੰਡ ਦੀ ਰਕਮ ਤੋਂ ਹੱਥ ਧੋ ਲਿਆ ਹੈ ਹੁਣ ਸਿਰਫ 40% ਫੰਡ ਨਾਲ ਪੰਜਾਬ ਸਰਕਾਰ ਕਿਵੇਂ ਸੂਬੇ ਦੇ 3000 ਸਿਹਤ, ਤੰਦਰੁਸਤੀ ਕੇਂਦਰਾਂ ਅਤੇ 400 ਪ੍ਰਾਇਮਰੀ ਹੈਲਥ ਸੈਂਟਰ ਦੀ ਜ਼ਰੂਰਤਾਂ ਨੂੰ ਪੂਰੀ ਕਰੇਗੀ। ਸਿੱਧੂ ਨੇ ਕਿਹਾ 83 ਕਰੋੜ ਰੁਪਏ ਸਿਰਫ ਆਮ ਆਦਮੀ ਕਲੀਨਿਕਾਂ ਨੂੰ ਪੁਰਾਣੇ ਸਿਹਤ ਸੇਵਾਵਾਂ ਉਤੇ ਜਬਰਦਸਤੀ ਥੋਪਣ ਲਈ ਲਾ ਦਿੱਤਾ ਗਿਆ ਜਿਸਦਾ ਸਿਰਫ ਮਕਸਦ ਪਾਰਟੀ ਦਾ ਪ੍ਰਚਾਰ ਸੀ, ਪਰ ਅਸਲੀਅਤ ਵਿੱਚ ਆਪਣੀ 11 ਮਹੀਨਿਆਂ ਦੀ ਨਾਕਾਮੀ ਛੁਪਾਉਣ ਲਈ ਲੋਕਾਂ ਦੇ ਪੈਸਿਆਂ ਦੀ ਇਸ ਤਰ੍ਹਾਂ ਨਾਲ ਬਰਬਾਦੀ ਕੀਤੀ ਜਾ ਰਹੀ ਹੈ। ਸਿੱਧੂ ਨੇ ਅਗੇ ਦੱਸਦਿਆਂ ਕਿਹਾ ਕਿ ਸਾਲ 2022-23 ਦੌਰਾਨ, ਐਨ.ਐਚ.ਐਮ ਦੇ ਤਹਿਤ, ਕੇਂਦਰ ਸਰਕਾਰ ਨੇ 11,147 ਕਰੋੜ ਰੁਪਏ ਦੀ ਰਕਮ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ ਸੀ। ਇਸ ਸਕੀਮ ਤਹਿਤ 60 ਫੀਸਦੀ ਰਾਸ਼ੀ ਕੇਂਦਰ ਅਤੇ 40 ਫੀਸਦੀ ਸੂਬਾ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਜਾਰੀ ਪੱਤਰ ਦੇ ਅਨੁਸਾਰ ਇਹ ਰਕਮ ਦੀ ਦੁਰਵਰਤੋਂ ਕਰਨ ਕਾਰਨ ਫੰਡ ਦੀ ਗ੍ਰਾਂਟ ਰੋਕੀ ਜਾਵੇਗੀ। ਸਿੱਧੂ ਨੇ ਕਿਹਾ ਅਜੇ ਤਕ ਸੱਤਾਧਾਰੀ ਸਰਕਾਰ ਵਲੋਂ ਇਸ ਮਾਮਲੇ ਉੱਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਆਖਿਆ ਕਿ ਕਿਸ ਆਧਾਰ ਉੱਤੇ ਮੁੱਖ ਮੰਤਰੀ ਸਰਕਾਰ ਵਿੱਚ ਪਾਰਦਰਸ਼ਿਤਾ ਦੇ ਵੱਡੇ ਦਾਅਵੇ ਕਰ ਰਹੇ ਹਨ, ਜਦੋਂ ਕਿ ਉਹ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦੇ ਨਜ਼ਰ ਆ ਰਹੇ ਹਨ। ਸਿੱਧੂ ਨੇ ਕਿਹਾ ਕਿਸੇ ਵੀ ਆਮ ਆਦਮੀ ਕਲੀਨਿਕ ਵਿੱਚ ਕੋਈ ਚੰਗੀ ਸਿਹਤ ਸੇਵਾ ਮੌਜੂਦ ਨਹੀਂ ਹੈ ਅਤੇ ਨਰਸਾਂ ਅਤੇ ਆਯੁਰਵੈਦਿਕ ਡਾਕਟਰਾਂ ਦੇ ਸਿਰ ਉੱਤੇ ਇਨ੍ਹਾਂ ਕਲੀਨਿਕਾਂ ਨੂੰ ਚਲਾਇਆ ਜਾ ਰਿਹਾ ਹੈ। ਮੁੱਖ ਮੰਤਰੀ ਆਪ ਇਸ ਮਸਲੇ ਉਤੇ ਗੰਭੀਰ ਨਜ਼ਰ ਨਹੀਂ ਆ ਰਹੇ ਹਨ ਅਤੇ ਇਸ ਨੂੰ ਬਹੁਤ ਹਲਕੇ ਵਿੱਚ ਲੈ ਰਹੇ ਹਨ। ਲੋਕਾਂ ਦਾ ਇਸ ਮਾਮਲੇ ਵਿਚ ਵਿਰੋਧ ਵਧਦਾ ਜਾ ਰਿਹਾ ਹੈ। ਸਿੱਧੂ ਨੇ ਕਿਹਾ ਅਗਲੇ ਮਹੀਨੇ ਆਪ ਸਰਕਾਰ ਪੰਜਾਬ ਵਿਚ ਆਪਣੇ 1 ਸਾਲ ਪੂਰੇ ਕਰਨ ਜਾ ਰਹੀ ਹੈ, ਇਹ 1 ਸਾਲ ਪੰਜਾਬ ਦੇ ਕਾਲੇ ਦੌਰ ਵਿਚ ਸ਼ੁਮਾਰ ਹੋਵੇਗਾ। ਪਿਛਲੇ ਇਕ ਸਾਲ ਵਿਚ ਪੰਜਾਬ ਨੇ ਸਭ ਤੋਂ ਮਾੜੇ ਕਾਨੂੰਨ ਵਿਵਸਥਾ ਦੇ ਦੌਰ ਨੂੰ ਕਰੀਬ ਨਾਲ ਦੇਖਿਆ, ਕਰਜ਼ੇ ਵਿੱਚ ਡੁੱਬੇ ਮਹਿਕਮੇ ਦੇਖੇ, ਰਿਕਾਰਡ ਵਿਰੋਧ ਅਤੇ ਪ੍ਰਦਰਸ਼ਨ ਦਾ ਸਾਹਮਣਾ ਕੀਤਾ।

ਅਕਾਲੀ ਦਲ ਨੇ 400 ਕਰੋੜ ਰੁਪਏ ਦੇ ਰੇਤ ਮਾਇਨਿੰਗ ਘੁਟਾਲੇ ਦੀ ਸੀ ਬੀ ਆਈ ਜਾਂਚ ਮੰਗੀ

0

ਸੂਬੇ ਵੱਲੋਂ ਅੰਤਰ ਰਾਜੀ ਵਾਹਨਾਂ ਤੋਂ ਇਕੱਤਰ ਕੀਤੀ ਜਾ ਰਹੀ ਰਾਇਲਟੀ ਦਾ ਅੱਧਾ ਪੈਸਾ ਆਪ ਨੂੰ ਜਾ ਰਿਹੈ : ਬਿਕਰਮ ਸਿੰਘ ਮਜੀਠੀਆ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 16 ਫਰਵਰੀ: ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ’ਕੱਟੜ ਇਮਾਨਦਾਰ’ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਦੇ ਬਾਹਰੋਂ ਰੇਤਾ ਤੇ ਬਜਰੀ ਲੈ ਕੇ ਆਉਣ ਵਾਲੇ ਵਾਹਨਾਂ ਤੋਂ ਲਈ ਜਾਂਦੀ ਰਾਇਲਟੀ ਵਿਚ 400 ਕਰੋੜ ਰੁਪਏ ਦੇ ਘੁਟਾਲੇ ਦੀ ਸੀ ਬੀ ਆਈ ਜਾਂਚ ਕਰਵਾਈ ਜਾਵੇ ਅਤੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਨੇ ਪਿਛਲੀ ਕਾਂਗਰਸ ਸਰਕਾਰ ਨਾਲ ਜੁੜੇ ਰਹੇ ਦੋ ਰੇਤ ਮਾਇਨਿੰਗ ਮਾਫੀਆ ਦੇ ਠੇਕੇ ਰੱਦ ਹੋਣ ਦੇ ਇਕ ਮਹੀਨੇ ਅੰਦਰ ਹੀ ਨਵਿਆ (ਰਨਿਊ ਕਰ) ਦਿੱਤੇ।ਮੁੱਖ ਮੰਤਰੀ ’ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਰਲ ਕੇ ਰਾਇਲਟੀ ਘੁਟਾਲੇ ਦੀ ਅਗਵਾਈ ਕਰਨ ਦਾ ਦੋਸ਼ ਲਾਉਂਦਿਆਂ ਅਕਾਲੀ ਆਗੂ ਨੇ ਰਸੀਦਾਂ ਵਿਖਾਈਆਂ ਕਿ ਕਿਵੇਂ ਸਰਕਾਰ ਵੱਲੋਂ 7 ਰੁਪਏ ਕਿਊਬਿਕ ਫੁੱਟ ਰਾਇਲਟੀ ਲੈਣ ਦਾ ਐਲਾਨ ਕਰਨ ਦੇ ਬਾਵਜੂਦ ਸਿਰਫ ਨਾਂ ਮਾਤਰ ਪੈਸੇ ਦੀਆਂ ਰਸੀਦਾਂ ਕੱਟੀਆਂ ਜਾ ਰਹੀਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਆਪ ਵੱਲੋਂ ਅੰਤਰ ਰਾਜੀ ਵਾਹਨਾਂ ਤੋਂ ਵਸੂਲੇ ਜਾ ਰਹੇ ਪੈਸੇ ਵਿਚ ਘੁਟਾਲਾ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਨਵੀਂ ਮਾਇਨਿੰਗ ਨੀਤੀ ਵਿਚ ਅੰਤਰ ਰਾਜੀ ਵਾਹਨਾਂ ’ਤੇ ਲਾਈ ਜਾਣ ਵਾਲੀ ਰਾਇਲਟੀ ਤੈਅ ਕਰਨ ਦਾ ਅਧਿਕਾਰ ਮੁੱਖ ਮੰਤਰੀ ਨੂੰ ਦਿੱਤਾ ਗਿਆ ਤੇ ਜ਼ੋਰ ਦੇ ਕੇ ਕਿਹਾ ਕਿ ਇਸ ਮਾਮਲੇ ਵਿਚ ਇਕੱਠੇ ਕੀਤੇ ਜਾ ਰਹੇ ਫੰਡ ਸਰਕਾਰੀ ਖ਼ਜ਼ਾਨੇ ਵਿਚ ਜਾਣ ਦੀ ਥਾਂ ਸਿੱਧਾ ਆਮ ਆਦਮੀ ਪਾਰਟੀ ਕੋਲ ਜਾ ਰਹੇ ਹਨ। ਉਹਨਾਂ ਦੱਸਿਆ ਕਿ ਪੰਜਾਬ ਵਿਚ ਗੁਆਂਢੀ ਰਾਜਾਂ ਤੋਂ ਰੋਜ਼ਾਨਾ 2000 ਤੋਂ ਵੱਧ ਟਰੱਕ ਰੇਤਾ ਤੇ ਬਜਰੀ ਲੈ ਕੇ ਆਉਂਦੇ ਹਨ। ਇਹਨਾਂ ਤੋਂ ਲਈਜਾ ਰਹੀ ਰਾਇਲਟੀ ਦਾ ਅੱਧਾ ਪੈਸਾ ਆਪ ਖੁਰਦ ਬੁਰਦ ਕਰ ਰਹੀ ਹੈ।
ਬਿਕਰਮ ਸਿੰਘ ਮਜੀਠੀਆ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਦੋ ਮਾਇਨਿੰਗ ਮਾਫੀਆ ਕਿੰਗ ਰਾਕੇਸ਼ ਚੌਧਰੀ ਅਤੇ ਅਸ਼ੋਕ ਚੰਢਕ ਨੂੰ ਆਪ ਵਾਸਤੇ ਪੈਸਾ ਇਕੱਠਾ ਕਰਨ ਦੇ ਮਕਸਦ ਨਾਲ ਪੰਜਾਬ ਵਿਚ ਮਾਇਨਿੰਗ ਦਾ ਚਾਰਜ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਚੌਧਰੀ ਦਾ ਮੁਹਾਲੀ ਅਤੇ ਰੋਪੜ ਜ਼ਿਲ੍ਹਿਆਂ ਵਿਚ ਰੇਤ ਮਾਇਨਿੰਗ ਦਾ ਠੇਕਾ ਪਿਛਲੇ ਸਾਲ 21 ਦਸੰਬਰ ਨੂੰ ਰੱਦ ਕੀਤਾ ਗਿਆ ਸੀ ਤੇ ਆਪ ਸਰਕਾਰ ਨੇ ਇਸ ਸਾਲ 27 ਜਨਵਰੀ ਨੂੰ ਉਹਨਾਂ ਜ਼ੋਨਾਂ ਦਾ ਹੀ ਠੇਕਾ ਉਸਨੂੰ ਮੁੜ ਦੇ ਦਿੱਤਾ। ਉਹਨਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਗਿਆ ਜਦੋਂ ਚੌਧਰੀ ਖਿਲਾਫ ਰੋਪੜ ਜ਼ਿਲ੍ਹੇ ਵਿਚ ਚਾਰ ਪੁਲਿਸ ਕੇਸ ਦਰਜ ਹਨ ਅਤੇ ਹਾਈ ਕੋਰਟ ਨੇ ਇਕ ਚੀਫ ਜੁਡੀਸ਼ੀਅਲ ਮੈਜਿਸਟਰੇਟ ਵੱਲੋਂ ਕੀਤੇ ਸਟਿੰਗ ਅਪਰੇਸ਼ਨ ਵਿਚ ਚੌਧਰੀ ਵੱਲੋਂ ਗੁੰਡਾ ਟੈਕਸ ਵਸੂਲੇ ਜਾਣ ਦੇ ਮਾਮਲੇ ਨੂੰ ਬੇਨਕਾਬ ਕਰਨ ’ਤੇ ਇਸਦੀ ਸੀ ਬੀ ਆਈ ਜਾਂਚ ਦੇ ਵੀ ਹੁਕਮ ਦਿੱਤੇ ਹਨ। ਉਨ੍ਹ ਦੱਸਿਆ ਕਿ ਦੂਜੇ ਠੇਕੇਦਾਰ ਅਸ਼ੋਕ ਚੰਢਕ ਕਾਂਗਰਸ ਹਾਈ ਕਮਾਂਡ ਦੇ ਬਹੁਤ ਨੇਡੇ ਹੈ ਤੇ ਉਸਦਾ ਠੇਕਾ ਵੀ ਪਿਛਲੇ ਸਾਲ 21 ਦਸੰਬਰ ਨੂੰ ਰੱਦ ਕਰ ਦਿੱਤਾ ਗਿਆ ਸੀ ਜੋ ਇਸ ਸਾਲ 31 ਜਨਵਰੀ ਨੂੰ ਫਿਰ ਤੋਂ ਨਵਿਆ (ਰਨਿਊ ਕਰ) ਦਿੱਤਾ ਗਿਆ। ਉਹਨਾਂ ਕਿਹਾ ਕਿ ਚੰਢਕ ਨੂੰ ਵੀ ਲੁਧਿਆਣਾ, ਜਲੰਧਰ ਤੇ ਨਵਾਂਸ਼ਹਿਰ ਵਿਚ ਉਹੀ ਰੇਤ ਮਾਇਨਿੰਗ ਦਾ ਠੇਕਾ ਦਿੱਤਾ ਗਿਆ ਹੈ ਜੋ ਕਾਂਗਰਸ ਸਰਕਾਰ ਵੇਲੇ ਉਸ ਕੋਲ ਸੀ।ਇਹਨਾਂ ਦੋ ਘੁਟਾਲਿਆਂ ਨੂੰ ਦਿੱਲੀ ਦੇ ਆਬਕਾਰੀ ਘੁਟਾਲੇ ਨਾਲੋਂ ਵੱਡਾ ਕਰਾਰ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਮਾਨ ਸਰਕਾਰ ਬੇਈਮਾਨ ਸਰਕਾਰ ਹੈ ਜੋ ਪੰਜਾਬ ਦੇ ਸਰਕਾਰੀ ਖਜ਼ਾਨੇ ਦੀ ਕੀਮਤ ’ਤੇ ਆਪ ਦੀਆਂ ਚੋਣ ਪ੍ਰਚਾਰ ਮੁਹਿੰਮਾਂ ਵਾਸਤੇ ਪੈਸਾ ਇਕੱਠਾ ਕਰ ਰਹੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਆਪ ਸਰਕਾਰ ਨੇ ਪਿਛਲੇ 11 ਮਹੀਨਿਆਂ ਤੋਂ ਮਾਇਨਿੰਗ ਨੀਤੀ ਦਾ ਐਲਾਨ ਜਾਣ ਬੁੱਝ ਕੇ ਨਹੀਂ ਕੀਤਾ। ਉਹਨਾਂ ਕਿਹਾ ਕਿ ਇਹ ਮਾਇਨਿੰਗ ਮਾਫੀਆ ਨਾਲ ਸੌਦਾ ਕਰਨ ਚਾਹੁੰਦੀ ਸੀ ਜੋ ਹੁਣ ਕਰ ਲਿਆ ਹੈ। ਸਰਦਾਰ ਮਜੀਠੀਆ ਨੇ ਕਿਹਾ ਕਿ ਆਪ ਸਰਕਾਰ ਨੇ ਇਸ ਦੌਰੇ ਦੇ ਵਿਚਕਾਰ ਕਿਸੇ ਨੂੰ ਨਹੀਂ ਆਉਣ ਦਿੱਤਾ ਤੇ ਨਾ ਹੀ ਮੁਹਾਲੀ ਵਿਚ ਗੈਰਕਾਨੂੰਨੀ ਮਾਇਨਿੰਗ ਲਈ ਰਾਕੇਸ਼ ਚੌਧਰੀ ਨੂੰ ਦਿੱਤੇ 26 ਕਰੋੜ ਰੁਪਏ ਦੀ ਉਗਰਾਹੀ ਦੇ ਨੋਟਿਸ ਨੂੰ ਹੀ ਅੜਿਕਾ ਬਣਨ ਦਿੱਤਾ ਤੇ ਨਾ ਹੀ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਵਾਲਾਂ ਨੂੰ ਜਿਹਨਾਂ ਵਿਚ ਪੁੱਛਿਆ ਗਿਆ ਸੀ ਕਿ ਉਸਦੇ ਖਿਲਾਫ ਫੌਜਦਾਰੀ ਕਾਰਵਾਈ ਕਿਉਂ ਨਹੀਂ ਕੀਤੀ ਗਈ। ਸ:ਮਜੀਠੀਆ ਨੇ ਪਿੱਟ ਹੈਡ ’ਤੇ ਰੇਤੇ ਦੀਆਂ ਦਰਾਂ ਫਿਕਸ ਕਰਨ ਵਿਚ ਆਪ ਸਰਕਾਰ ਵੱਲੋਂ ਵਾਰ ਵਾਰ ਫੈਸਲੇ ਬਦਲਣ ’ਤੇ ਵੀ ਸਵਾਲ ਚੁੱਕਿਆ ਅਤੇ ਦੱਸਿਆ ਕਿ ਆਪ ਸਰਕਾਰ ਨੇ ਪਹਿਲਾਂ ਪਿਛਲੀ ਕਾਂਗਰਸ ਸਰਕਾਰ ਵੱਲੋਂ ਤੈਅ ਕੀਤੇ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਰੇਟ ਨੂੰ ਅਗਸਤ ਮਹੀਨੇ ਵਿਚ ਵਧਾ ਕੇ 9 ਰੁਪਏ ਪ੍ਰਤੀ ਕਿਊਬਿਕ ਫੁੱਟ ਕਰ ਦਿੱਤਾ ਤੇ ਹੁਣ ਪਿੱਛੇ ਜਿਹੇ ਦੁਬਾਰਾ ਇਹ ਰੇਟ ਸਾਢੇ ਪੰਜ ਰੁਪਏ ਕਰ ਦਿੱਤਾ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਅਜਿਹਾ ਮਾਇਨਿੰਗ ਮਾਫੀਆ ਨਾਲ ਸੌਦਾ ਕਰਨ ਵਾਸਤੇ ਕੀਤਾ ਗਿਆ ਤੇ ਇਸ ਪੱਖ ਦੀ ਵੀ ਜਾਂਚ ਹੋਣੀ ਚਾਹੀਦੀ ਹੈ।ਅਕਾਲੀ ਆਗੂ ਨੇ ਕਿਹਾ ਕਿ ਆਪ ਸਰਕਾਰ ਦੇ ਰਾਜ ਵਿਚ ਵਿਆਪਕ ਗੈਰ ਕਾਨੂੰਨੀ ਮਾਇਨਿੰਗ ਸੂਬੇ ਦੇ ਖ਼ਜ਼ਾਨੇ ਦੇ ਨਾਲ ਨਾਲ ਨੌਜਵਾਨਾਂ ’ਤੇ ਮਾਰੂ ਅਸਰ ਪਾ ਰਹੀ ਹੈ। ਉਹਨਾਂ ਕਿਹਾ ਕਿ ਕੌਮਾਂਤਰੀ ਸਰਹੱਦ ਦੇ ਨਾਲ ਨਾਲ ਦਰਿਆਵਾਂ ਵਿਚ ਗੈਰ ਕਾਨੂੰਨੀ ਮਾਇਨਿੰਗ ਨਾਲ ਕੌਮੀ ਸੁਰੱਖਿਆ ਵੀ ਖਤਰੇ ਵਿਚ ਪਾਈ ਗਈ ਤੇ ਹਾਈਕੋਰਟ ਨੇ ਵੀ ਇਸ ’ਤੇ ਚਿੰਤਾ ਜ਼ਾਹਰ ਕੀਤੀ।ਉਹਨਾਂ ਕਿਹਾ ਕਿ ਆਪ ਸਰਕਾਰ ਰੇਤ ਮਾਇਨਿੰਗ ਤੋਂ ਕੋਈ ਵੀ ਫੰਡ ਜੁਟਾਉਣ ਵਿਚ ਇਸ ਕਰ ਕੇ ਫੇਲ੍ਹ ਸਾਬਤ ਹੋਈ ਕਿਉਂਕਿ ਮਾਇਨਿੰਗ ਮਾਫੀਆ ਨਾਲ ਸੌਦੇਬਾਜ਼ੀ ਕੀਤੀ ਗਈ ਹਾਲਾਂਕਿ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾਸੀਕਿ ਉਹ ਰੇਤ ਮਾਇਨਿੰਗ ਤੋਂ ਹੀ 20 ਹਜ਼ਾਰ ਕਰੋੜ ਰੁਪਏ ਮਾਲੀਆ ਜੁਟਾ ਲੈਣਗੇ।

ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਮੁੱਖ ਮੰਤਰੀ ਦੀ ਵੱਡੀ ਪਹਿਲਕਦਮੀ

ਧਰਤੀ ਹੇਠ ਪਾਣੀ ਜੀਰਣ ਲਈ ਤੇਲੰਗਾਨਾ ਮਾਡਲ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਸੰਭਾਵਨਾ ਤਲਾਸ਼ਣ ਦਾ ਕੀਤਾ ਐਲਾਨ
ਪੰਜਾਬੀ ਖ਼ਬਰਸਾਰ ਬਿਉਰੋ
ਹੈਦਰਾਬਾਦ, 16 ਫਰਵਰੀ: ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਡਿੱਗਣ ਤੋਂ ਰੋਕਣ ਲਈ ਵੱਡੀ ਪੁਲਾਂਘ ਪੁੱਟਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਸ ਕੀਮਤੀ ਕੁਦਰਤੀ ਸਰੋਤ ਦੀ ਸੰਭਾਲ ਅਤੇ ਸੂਬੇ ਵਿੱਚ ਧਰਤੀ ਹੇਠ ਪਾਣੀ ਜੀਰਣ ਦੀ ਰਫ਼ਤਾਰ ਤੇਜ਼ ਕਰਨ ਲਈ ਤੇਲੰਗਾਨਾ ਮਾਡਲ ਨੂੰ ਅਪਨਾਉਣ ਦੀ ਸੰਭਾਵਨਾ ਤਲਾਸ਼ਣ ਦਾ ਐਲਾਨ ਕੀਤਾ ਹੈ। ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨਾਲ ਜਲ ਸੰਭਾਲ ਦੇ ਤੇਲੰਗਾਨਾ ਮਾਡਲ ਦਾ ਵਿਸ਼ਲੇਸ਼ਣ ਕਰਨ ਪੁੱਜੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਇਕ ਕ੍ਰਾਂਤੀਕਾਰੀ ਮਾਡਲ ਹੈ, ਜਿਸ ਦਾ ਮੰਤਵ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਪਰ ਚੁੱਕਣ ਲਈ ਪਾਣੀ ਨੂੰ ਜੀਰਣ ਦੀ ਰਫ਼ਤਾਰ ਤੇਜ਼ ਕਰਨਾ ਹੈ। ਉਨ੍ਹਾਂ ਕਿਹਾ ਕਿ ਤੇਲੰਗਾਨਾ ਸਰਕਾਰ ਨੇ ਸੂਬੇ ਭਰ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪਿੰਡਾਂ ਵਿੱਚ ਛੋਟੇ-ਛੋਟੇ ਡੈਮ ਬਣਾਏ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਪਿੰਡਾਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਦੋ ਮੀਟਰ ਤੱਕ ਉੱਪਰ ਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਹੇਠਲਾ ਪਾਣੀ ਬਚਾਉਣ ਲਈ ਇਸ ਮਾਡਲ ਨੂੰ ਪੰਜਾਬ ਵਿੱਚ ਲਾਗੂ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਮਾਡਲ ਦੇ ਵਿਸ਼ਲੇਸ਼ਣ ਦਾ ਸਾਡਾ ਇਕੋ-ਇਕ ਮਕਸਦ ਆਉਣ ਵਾਲੀਆਂ ਪੀੜ੍ਹੀਆਂ ਦੇ ਭਲੇ ਲਈ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣਾ ਹੈ। ਭਗਵੰਤ ਮਾਨ ਨੂੰ ਡੈਮਾਂ ਦੇ ਦੌਰੇ ਦੌਰਾਨ ਤੇਜ਼ੀ ਨਾਲ ਘਟ ਰਹੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀਆਂ ਨਵੀਆਂ ਤਕਨੀਕਾਂ ਬਾਰੇ ਵੀ ਜਾਣੂੰ ਕਰਵਾਇਆ ਗਿਆ। ਉਨ੍ਹਾਂ ਪਾਣੀ ਬਚਾਉਣ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਵਧਾਉਣ ਦੇ ਇਸ ਨਵੇਂ ਅਤੇ ਨਿਵੇਕਲੇ ਢੰਗ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਦੱਸਿਆ ਕਿ ਤੇਲੰਗਾਨਾ ਨੇ ਇਸ ਬਹੁ-ਪੱਖੀ ਰਣਨੀਤੀ ਦੀ ਮਦਦ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕ ਕੇ ਆਪਣੀ ਸਮੁੱਚੀ ਸਿੰਜਾਈ ਪ੍ਰਣਾਲੀ ਦੀ ਕਾਇਆ-ਕਲਪ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਵਿੱਚ ਮਾਈਨਰ ਸਿੰਜਾਈ ਟੈਂਕਾਂ (ਐਮ.ਆਈ.ਟੀ.) ਦੀ ਬਹਾਲੀ, ਵੱਡੇ ਅਤੇ ਦਰਮਿਆਨੇ ਪ੍ਰਾਜੈਕਟਾਂ ਨੂੰ ਐਮ.ਆਈ. ਟੈਂਕਾਂ ਨਾਲ ਜੋੜਨਾ ਅਤੇ ਮਸਨੂਈ ਰੀਚਾਰਜ ਢਾਂਚੇ ਜਿਵੇਂ ਕਿ ਚੈੱਕ ਡੈਮ, ਪਰਕੋਲੇਸ਼ਨ ਟੈਂਕ, ਰੀਚਾਰਜ ਸ਼ਾਫਟ ਅਤੇ ਹੋਰ ਵਿਧੀਆਂ ਦਾ ਨਿਰਮਾਣ ਸ਼ਾਮਲ ਹੈ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸਾਡੇ ਕਿਸਾਨਾਂ ਦੀ ਭਲਾਈ ਅਤੇ ਖ਼ੁਸ਼ਹਾਲੀ ਲਈ ਧਰਤੀ ਹੇਠਲੇ ਪਾਣੀ ਦੀ ਸੰਜਮ ਨਾਲ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਨੂੰ ਤੇਲੰਗਾਨਾ ਦੇ ਮਾਹਿਰਾਂ ਦੀ ਸਲਾਹ ਨਾਲ ਪੰਜਾਬ ਵਿੱਚ ਅਪਨਾਉਣ ਦੀ ਸੰਭਾਵਨਾ ਤਲਾਸ਼ੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਹੋ ਰਹੀ ਦੁਰਵਰਤੋਂ ਕਾਰਨ ਪੰਜਾਬ ਭਰ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਡਿੱਗ ਰਿਹਾ ਹੈ। ਉਨ੍ਹਾਂ ਅਫਸੋਸ ਜਤਾਇਆ ਕਿ ਸਾਡੇ 150 ਬਲਾਕਾਂ ਵਿੱਚੋਂ 78 ਫੀਸਦੀ ਤੋਂ ਵੱਧ ਜ਼ਮੀਨੀ ਪਾਣੀ ਦੇ ਹੇਠਾਂ ਜਾਣ ਕਾਰਨ ‘ਡਾਰਕ ਜ਼ੋਨ’ ਵਿੱਚ ਹਨ। ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਇਸ ਕ੍ਰਾਂਤੀਕਾਰੀ ਵਿਧੀ ਨਾਲ ਪੰਜਾਬ ਜਲਦੀ ਹੀ ਆਪਣੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਦੇ ਯੋਗ ਹੋ ਜਾਵੇਗਾ।

Our Visitor

1910534