Friday, May 22, 2026
Home Blog Page 2204

ਕੈਬਨਿਟ ‘ਸਬ-ਕਮੇਟੀ’ ’ਚ ਸ਼ਾਮਲ ਮੰਤਰੀਆਂ ਨਾਲ ਕੰਟਰੈਕਟ ਵਰਕਰਜ਼ ਯੂਨੀਅਨ ਦੇ ਆਗੂਆਂ ਦੀ ਹੋਈ ਪੈਨਲ ਮੀਟਿੰਗ

0

ਮੰਤਰੀਆਂ ਵਲੋਂ ਇਨਲਿਸਟਮੈਂਟ/ਆਊਟਸੋਰਸ ਵਰਕਰਾਂ ਦੇ ਪੱਕੇ ਰੁਜਗਾਰ ਲਈ ਪਾਲਸੀ ਤਿਆਰ ਕਰਨ ਲਈ ਕਮੇਟੀ ਦਾ ਗਠਨ
ਇਨਲਿਸਟਮੈਂਟ/ਆਊਟਸੋਰਸ ਵਰਕਰਾਂ ਦੇ ਪੱਕੇ ਰੁਜਗਾਰ ਦਾ ਪ੍ਰਬੰਧ ਤੁਰੰਤ ਕਰੇ ਸਰਕਾਰ ਦੀ ਕੈਬਨਿਟ ਦੇ ਮੰਤਰੀਆਂ ਦੀ ‘ਸਬ-ਕਮੇਟੀ’ – ਵਰਿੰਦਰ ਸਿੰਘ ਮੋਮੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 16 ਫਰਵਰੀ : ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਧੀਨ ਚੱਲ ਰਹੀਆਂ ਪੇਂਡੂ ਜਲ ਘਰਾਂ ਤੇ ਦਫਤਰਾਂ ’ਚ ਪਿਛਲੇ 10-15 ਸਾਲਾਂ ਤੋਂ ਇਕ ਵਰਕਰ ਦੇ ਰੂਪ ’ਚ ਸੇਵਾਵਾਂ ਦੇ ਰਹੇ ਇੰਨਲਿਸਟਮੈਂਟ/ਆਊਟਸੋਰਸ ਠੇਕਾ ਅਧਾਰਿਤ ਮੁਲਾਜਮਾਂ ਨੂੰ ਵਿਭਾਗ ’ਚ ਸ਼ਾਮਲ ਕਰਕੇ ਪੱਕੇ ਰੁਜਗਾਰ ਦਾ ਪ੍ਰਬੰਧ ਕਰਵਾਉਣ ਸਮੇਤ ‘ਮੰਗ-ਪੱਤਰ’ ’ਚ ਦਰਜ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਦਾ ਹੱਲ ਕਰਵਾਉਣ ਲਈ ਸੰਘਰਸ਼ਸ਼ੀਲ ਜਥੇਬੰਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਆਗੂਆਂ ਵਲੋਂ ਚੰਡੀਗੜ੍ਹ ਸੈਕਟਰੀਏਟ ਵਿਚ ਵਿੱਤ ਮੰਤਰੀ ਦੇ ਦਫਤਰ ਵਿਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਦੀ ‘ਸਬ-ਕਮੇਟੀ’ ਮੈਂਬਰ – ਕਮ- ਵਿੱਤ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ, ਪੇਂਡੂ ਵਿਕਾਸ ਅਤੇ ਪੰਚਾਇਤ, ਖੇਤੀਬਾੜੀ ਤੇ ਕਿਸਾਨ ਭਲਾਈ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਕੁਲਦੀਪ ਸਿੰਘ ਧਾਲੀਵਾਲਾ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਨਾਲ ਪੈਨਲ ਮੀਟਿੰਗ ਹੋਈ, ਜਿਸ ’ਚ ਜਲ ਸਲਾਈ ਵਿਭਾਗ ਦੇ ਐਚ.ਓ.ਡੀ. ਮੁਹੰਮਦ ਇਸਫਾਕ ਤੋਂ ਇਲਾਵਾ ਵਿਭਾਗੀ ਅਧਿਕਾਰੀ ਅਤੇ ਅਫਸਰ ਵੀ ਸ਼ਾਮਲ ਹੋਏ।ਇਸ ਮੌਕੇ ਉਕਤ ਜਥੇਬੰਦੀ ਵਲੋਂ ‘ਸਬ-ਕਮੇਟੀ’ ਦੇ ਮੰਤਰੀਆਂ ਅੱਗੇ ਮੰਗ ਰੱਖੀ ਗਈ ਕਿ ਜਸਸ ਵਿਭਾਗ ਵਿਚ ਇਨਲਿਸਟਮੈਂਟ, ਆਊਟਸੋਰਸ ਅਤੇ ਠੇਕੇਦਾਰ ਰਾਹੀ ਭਰਤੀ ਕੀਤੇ ਵਰਕਰਾਂ ਨੂੰ ਵਿਭਾਗ ਵਿਚ ਸ਼ਾਮਲ ਕਰਕੇ ਪੱਕੇ ਰੁਜਗਾਰ ਦਾ ਪ੍ਰਬੰਧ ਕੀਤਾ ਜਾਵੇ, ਜਿਸ ’ਤੇ ‘ਸਬ-ਕਮੇਟੀ ਮੈਂਬਰ – ਕਮ- ਮੰਤਰੀਆਂ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖੀ (ਐਚ.ਓ.ਡੀ.) ਨੂੰ ਇਨਲਿਸਟਮੈਂਟ ਅਤੇ ਆਊਟਸੋਰਸ ਵਰਕਰਾਂ ਨੂੰ ਵਿਭਾਗ ’ਚ ਸ਼ਾਮਿਲ ਕਰਨ ਲਈ, ਵਰਕਰਾਂ ਦੇ ਹਿੱਤ ਵਿਚ ਪਾਲਸੀ ਤਿਆਰ ਕਰਕੇ 15 ਮਾਰਚ ਤੱਕ ਸਬ ਕਮੇਟੀ ਨੂੰ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਪਾਲਸੀ ਤਿਆਰ ਕਰਨ ਲਈ ਕਮੇਟੀ ਵੀ ਬਣਾਈ ਗਈ ਹੈ, ਜਿਸ ’ਚ ਵਿੱਤ ਵਿਭਾਗ, ਪ੍ਰਸੋਨਲ ਵਿਭਾਗ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਸ਼ਾਮਿਲ ਕੀਤੇ ਗਏ।
ਇਸ ਸਬੰਧੀ ਅੱਜ ਇਥੇ ਜਾਰੀ ਕੀਤੇ ਪ੍ਰੈਸ ਬਿਆਨ ’ਚ ਵਧੇਰੇ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਅਤੇ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ ਨੇ ਕਿਹਾ ਕਿ ਜਥੇਬੰਦੀ ਦੇ ‘ਮੰਗ-ਪੱਤਰ’ ’ਚ ਦਰਜ ‘ਮੰਗਾਂ’ ਦਾ ਹੱਲ ਕਰਵਾਉਣ ਲਈ ਉਕਤ ਪੈਨਲ ਮੀਟਿੰਗ ’ਚ ‘ਸਬ-ਕਮੇਟੀ’ ਦੇ ਮੰਤਰੀਆਂ ਵਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇਨਲਿਸਟਮੈਂਟ ਅਤੇ ਆਉਟਸੋਰਸ ਵਰਕਰਾਂ ਦੇ ਹਿੱਤ ’ਚ ਪਾਲਸੀ ਤਿਆਰ ਕਰਨ ਲਈ ਇਕ ਮਹੀਨੇ ਦਾ ਸਮਾਂ ਮੰਗਿਆ ਗਿਆ ਹੈ, ਜੋ ਵਰਕਰਾਂ ਦੇ ਪੱਕੇ ਰੁਜਗਾਰ ਲਈ ਪਾਲਸੀ ਤਿਆਰ ਕਰੇਗੀ, ਇਸਦੇ ਨਾਲ ਹੀ ਵਰਕਰਾਂ ਦੇ ਰੁਕੇ ਹੋਏ ਮੇਹਨਤਾਨੇ ਦੇ ਫੰਡ ਜਲਦੀ ਜਾਰੀ ਕਰਨ ਲਈ ਭਰੋਸਾ ਦਿੱਤਾ ਗਿਆ ਹੈ।ਸੂਬਾ ਆਗੂਆਂ ਨੇ ਕਿਹਾ ਕਿ ਜੇਕਰ ‘ਸਬ-ਕਮੇਟੀ’ ਦੇ ਮੰਤਰੀਆਂ ਵਲੋਂ ਦਿੱਤੇ ਗਏ ਭਰੋਸੇ ਦੇ ਮੁਤਾਬਕ ਇਕ ਮਹੀਨੇ ਤੱਕ ‘ਮੰਗਾਂ’ ਦਾ ਹੱਲ ਨਹੀਂ ਕੀਤਾ ਗਿਆ ਤਾਂ ਜਥੇਬੰਦੀ ਵਲੋਂ ਮਜਬੂਰਨ ਫਿਰ ਤੋਂ ਸਰਕਾਰ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਪਰ ਇਸਦੇ ਨਾਲ ਹੀ ਜਥੇਬੰਦੀ ਵਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਪੇਂਡੂ ਜਲ ਸਪਲਾਈ ਸਕੀਮਾਂ ’ਤੇ ਲੱਗ ਰਹੇ ਸਕਾਡਾ ਸਿਸਟਮ ਅਤੇ ਪੰਚਾਇਤੀਕਰਨ ਦਾ ਵਿਰੋਧ ਨਿਰੰਤਰ ਜਾਰੀ ਰਹੇਗਾ, ਜੇਕਰ ਵਿਭਾਗ ਵਲੋਂ ਇਸ ਲੋਕ ਅਤੇ ਵਰਕਰ ਵਿਰੋਧੀ ਹਮਲੇ ਨੂੰ ਨਾ ਰੋਕਿਆ ਤਾਂ ਸੰਘਰਸ਼ ਨੂੰ ਤਿੱਖਾ ਵੀ ਕੀਤਾ ਜਾ ਸਕਦਾ ਹੈ। ਇਸ ਲਈ ਸਾਡੀ ਮੰਗ ਹੈ ਕਿ ਪੇਂਡੂ ਜਲ ਸਪਲਾਈ ਸਕੀਮਾਂ ਦਾ ਪੰਚਾਇਤੀਕਰਨ ਦੇ ਨਾਂਅ ਹੇਠ ਨਿੱਜੀਕਰਨ ਕਰਨ ਦੀਆਂ ਨੀਤੀਆਂ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਲੋਕਾਂ ਦੇ ਪੀਣ ਵਾਲੇ ਪਾਣੀ ਦੀ ਬੁਨਿਆਦੀ ਸਹੂਲਤ ਦਾ ਪ੍ਰਬੰਧ ਖੁਦ ਸਰਕਾਰ ਦੇ ਵਿਭਾਗ ਦੇ ਕੰਟਰੋਲ ਅਧੀਨ ਜਲ ਸਪਲਾਈ ਸਕੀਮਾਂ ਦਾ ਪ੍ਰਬੰਧ ਜਾਰੀ ਰੱਖਿਆ ਜਾਵੇ ਕਿਉਕਿ ਪਹਿਲਾਂ ਜੋ ਪੰਚਾਇਤਾਂ ਨੂੰ ਵਾਟਰ ਸਪਲਾਈ ਸਕੀਮਾਂ ਹੈਡ ਓਵਰ ਕੀਤੀਆਂ ਗਈਆਂ ਹਨ, ਉਨ੍ਹਾਂ ਵਿਚੋਂ ਵਾਟਰ ਸਪਲਾਈ ਸਕੀਮਾਂ ਨੂੰ ਚਲਾਉਣ ਦੇ ਲਈ ਪੰਚਾਇਤਾਂ ਕੋਲ ਤਜਰਬੇ ਦੀ ਘਾਟ ਹੋਣ ਕਾਰਨ ਅਤੇ ਅਮਦਨ ਦੇ ਸਾਧਨ ਨਾ ਹੋਣ ਕਾਰਨ ਪੰਚਾਇਤਾਂ ਨੂੰ ਓਵਰ ਕੀਤੀਆਂ ਵਾਟਰ ਸਪਲਾਈ ਸਕੀਮਾਂ ਜਿਆਦਾਤਰ ਬੰਦ ਹੋਣ ਕਾਰਨ ਚਿੱਟਾ ਹਾਥੀ ਸਾਬਤ ਹੋ ਰਹੀਆਂ ਹਨ ਅਤੇ ਲੋਕ ਪੀਣੇ ਵਾਲੇ ਪਾਣੀ ਲਈ ਤਰਸ ਰਹੇ ਹਨ। ਇਹ ਵੀ ਮੰਗ ਕੀਤੀ ਕਿ ਸਾਲਾਂਬੱਧੀ ਅਰਸ਼ੇ ਤੋਂ ਸੇਵਾਵਾਂ ਦੇ ਰਹੇ ਇਨਲਿਸਟਮੈਂਟ ਅਤੇ ਆਉਟਸੋਰਸ ਵਰਕਰਾਂ ਦਾ ਪੱਕਾ ਰੁਜਗਾਰ ਦਾ ਪ੍ਰਬੰਧ ਕੀਤਾ ਜਾਵੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਆਗੂ ਪ੍ਰਦੂਮਣ ਸਿੰਘ, ਭੁਪਿੰਦਰ ਸਿੰਘ ਕੁਤਬੇਵਾਲ, ਰੁਪਿੰਦਰ ਸਿੰਘ ਅਤੇ ਜਸਬੀਰ ਸਿੰਘ ਜਿੰਦਬੜੀ ਵੀ ਮੌਜੂਦ ਸਨ।

ਪਾਵਰਕਾਮ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਮੁੱਖ ਦਫ਼ਤਰ ਅੱਗੇ ਦਿੱਤਾ ਸੂਬਾ ਪੱਧਰੀ ਧਰਨਾ

0

ਪਾਵਰਕਾਮ ਵਿੱਚ ਬਾਹਰੋਂ ਭਰਤੀ ਤੋਂ ਪਹਿਲਾਂ ਸਮੂਹ ਆਊਟਸੋਰਸ਼ਡ ਮੁਲਾਜਮਾਂ ਨੂੰ ਪੱਕਾ ਕਰੇ ਮੈਨੇਜਮੈਂਟ ਅਤੇ ਸਰਕਾਰ:-ਆਗੂ
ਪੰਜਾਬੀ ਖ਼ਬਰਸਾਰ ਬਿਉਰੋ
ਪਟਿਆਲਾ, 16 ਫ਼ਰਵਰੀ: ਪਾਵਰਕਾਮ ਅਤੇ ਟਰਾਂਸਕੋ ਆਊਟਸੋਰਸ਼ਡ ਠੇਕਾ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੇ ਬੈਨਰ ਹੇਠ ਅੱਜ ਪਾਵਰਕਾਮ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਵੱਲੋੰ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈਕੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਦਿੱਤੇ ਸੂਬਾ ਪੱਧਰੀ ਧਰਨੇ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਸੂਬਾਈ ਆਗੂਆਂ ਜਗਰੂਪ ਸਿੰਘ ਲਹਿਰਾ,ਗੁਰਵਿੰਦਰ ਸਿੰਘ ਪੰਨੂੰ,ਜਗਸੀਰ ਸਿੰਘ ਭੰਗੂ,ਖੁਸ਼ਦੀਪ ਸਿੰਘ ਬਠਿੰਡਾ,ਸਿਮਰਨਜੀਤ ਸਿੰਘ ਨੀਲੋਂ ਅਤੇ ਹਰਜੀਤ ਸਿੰਘ ਅਤੇ ਬਲਜਿੰਦਰ ਸਿੰਘ ਆਦਿ ਨੇ ਕਿਹਾ ਕਿ ਅੱਜ ਜਦੋਂ ਸਰਕਾਰੀ ਥਰਮਲ ਪਲਾਂਟਾਂ,ਹਾਈਡਲ ਪ੍ਰੋਜੈਕਟਾਂ,ਗਰਿੱਡਾਂ,ਸਟੋਰਾਂ,ਦਫਤਰਾਂ ਅਤੇ ਫੀਲਡ ਸਮੇਤ ਸਮੁੱਚੇ ਪਾਵਰਕਾਮ ਵਿੱਚ ਹਜ਼ਾਰਾਂ ਆਊਟਸੋਰਸ਼ਡ ਠੇਕਾ ਮੁਲਾਜ਼ਮ ਖਾਲੀ ਆਸਾਮੀਆਂ ਦੇ ਵਿਰੁੱਧ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਹਨ,ਇਹਨਾਂ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਦੀ ਭਰਤੀ ਪਾਵਰਕਾਮ ਮੈਨੇਜਮੈਂਟ ਦੀ ਮੰਗ ਅਨੁਸਾਰ ਵੱਖ-ਵੱਖ ਠੇਕੇਦਾਰਾਂ,ਕੰਪਨੀਆਂ ਅਤੇ ਪੈਸਕੋ ਕੰਪਨੀ ਦੁਬਾਰਾ ਬਕਾਇਦਾ ਖਾਲੀ ਅਸਾਮੀਆਂ ਵਿਰੁੱਧ ਕੀਤੀ ਹੋਈ ਹੈ ਅਤੇ ਸਮੁੱਚੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਕੋਲ ਯੋਗਤਾ ਦੇ ਰੂਪ ਵਿੱਚ ਪੜਾਈ ਦੇ ਨਾਲ-ਨਾਲ ਪਾਵਰਕਾਮ ਵਿੱਚ ਸਾਲਾਂ-ਬੱਧੀ ਕੰਮ ਦਾ ਤਜ਼ਰਬਾ ਵੀ ਹੈ ਅਤੇ ਪਾਵਰਕਾਮ ਦੇ ਸਮੁੱਚੇ ਆਊਟਸੋਰਸ਼ਡ ਠੇਕਾ ਮੁਲਾਜ਼ਮ ਰੈਗੂਲਰ ਭਰਤੀ ਦੀਆਂ ਸਾਰੀਆਂ ਸ਼ਰਤਾਂ ਵੀ ਪੂਰੀਆਂ ਕਰਦੇ ਹਨ ਤਾਂ ਇਸ ਹਾਲਤ ਵਿੱਚ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋੰ ਪਾਵਰਕਾਮ ਬਾਹਰੋਂ ਸਿੱਧੀ ਨਵੀਂ ਪੱਕੀ ਭਰਤੀ ਕਰਨਾ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨਾਲ ਸਰਾਸ਼ਰ ਨੰਗਾ-ਚਿੱਟਾ ਧੋਖਾ ਹੈ,ਇਸ ਸਮੇਂ ਹਾਜ਼ਿਰ ਆਗੂਆਂ ਨੇ ਕਿਹਾ ਕਿ ਜੇਕਰ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੇ ਬਾਹਰੋਂ ਸਿੱਧੀ ਨਵੀਂ ਭਰਤੀ ਤੋਂ ਪਹਿਲਾਂ ਸਮੂਹ ਆਊਟਸੋਰਸ਼ਡ ਠੇਕਾ ਮੁਲਾਜਮਾਂ ਨੂੰ ਪੱਕਾ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਦੀ ਮਜਬੂਰੀ ਹੋਵੇਗੀ,ਆਗੂਆਂ ਨੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਾਵਰਕਾਮ ਵਿੱਚ ਬਾਹਰੋਂ ਸਿੱਧੀ ਭਰਤੀ ਤੋਂ ਪਹਿਲਾਂ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਪਹਿਲ ਅਤੇ ਤਜ਼ਰਬੇ ਦੇ ਆਧਾਰ ਤੇ ਪਾਵਰਕਾਮ ਵਿੱਚ ਪੱਕਾ ਕੀਤਾ ਜਾਵੇ,ਲੇਬਰ ਐਕਟ 1948 ਦੇ ਫਾਰਮੂਲੇ ਮੁਤਾਬਿਕ ਇੱਕ ਅਣ-ਸਿੱਖਿਅਤ ਠੇਕਾ ਮੁਲਾਜ਼ਮ ਦੀ ਤਨਖ਼ਾਹ ਘੱਟੋ-ਘੱਟ 25 ਹਜ਼ਾਰ ਰੁਪਏ ਨਿਸ਼ਚਿਤ ਕੀਤੀ ਜਾਵੇ,ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਸਮੂਹ ਅਣ-ਸਕਿਲਡ ਠੇਕਾ ਮੁਲਾਜ਼ਮਾਂ ਨੂੰ ਪਦ-ਉੱਨਤ ਕੀਤਾ ਜਾਵੇ,ਪਾਵਰਕਾਮ ਦੇ ਸਮੂਹ ਠੇਕਾ ਮੁਲਾਜ਼ਮਾਂ ਨੂੰ ਮਿਲ ਰਹੇ ਮਾਣ-ਭੱਤੇ ਨੂੰ ਵਧਾਕੇ ਘੱਟੋ-ਘੱਟ ਪੰਜ ਹਜ਼ਾਰ ਕੀਤਾ ਜਾਵੇ,ਫੀਲਡ ਵਿੱਚ ਕੰਮ ਕਰਦੇ ਸਮੂਹ ਠੇਕਾ ਮੁਲਾਜ਼ਮਾਂ ਨੂੰ ਵਾਜ਼ਿਬ ਪੈਟਰੋਲ ਭੱਤਾ ਦਿੱਤਾ ਜਾਵੇ,ਸਮੂਹ ਲੋੜਵੰਦ ਠੇਕਾ ਮੁਲਾਜ਼ਮਾਂ ਨੂੰ ਮਿਲ ਰਹੀ ਤਨਖ਼ਾਹ ਮੁਤਾਬਿਕ ਘੱਟ ਤੋਂ ਘੱਟ ਕਿਰਾਏ ਤੇ ਕੁਵਾਟਰ ਮੁਹਈਆ ਕਰਵਾਏ ਜਾਣ,ਡਿਉਟੀ ਦੌਰਾਨ ਆਪਣੀ ਜਾਨ ਗਵਾ ਚੁੱਕੇ ਠੇਕਾ ਮੁਲਾਜ਼ਮਾਂ ਦੇ ਵਾਰਿਸਾਂ ਨੂੰ ਸਰਕਾਰੀ ਨੌਕਰੀ ਅਤੇ ਯੋਗ ਮੁਆਵਜ਼ਾ ਦਿੱਤਾ ਜਾਵੇ,ਪਾਵਰਕਾਮ ਵਿੱਚੋਂ ਛਾਂਟੀ ਕੀਤੇ ਠੇਕਾ ਮੁਲਾਜ਼ਮਾਂ ਨੂੰ ਤੁਰੰਤ ਨੌਕਰੀ ਤੇ ਬਹਾਲ ਕੀਤਾ ਜਾਵੇ,ਵਧੇ ਹੋਏ ਮਿਨੀਮਮ ਰੇਟਾਂ ਦਾ ਬਕਾਇਆ ਜਲਦ ਦਿੱਤਾ ਜਾਵੇ!

ਆਵਾਰਾ ਪਸ਼ੂਆਂ ਤੋਂ ਬਾਅਦ ਜੰਗਲੀ ਸੂਰ ਬਣੇ ਕਿਸਾਨਾਂ ਲਈ ਸਿਰਦਰਦੀ

ਰਾਮ ਸਿੰਘ ਕਲਿਆਣ
ਨਥਾਣਾ 16 ਫਰਵਰੀ: ਜੰਗਲੀ ਸੂਰਾਂ ਦੀ ਆਂਮਦ ਕਾਰਨ ਕਿਸਾਨਾਂ ਲਈ ਇਹ ਹੋਰ ਨਵੀ ਸਿਰਦਰਦੀ ਖੜੀ ਹੋਈ ਹੈ। ਪਹਿਲਾ ਜੰਗਲੀ ਸੂਰਾਂ ਬਾਰੇ ਦੇ ਨੁਕਸਾਨ ਬਾਰੇ ਭਾਰਤ ਪਾਕਿਸਤਾਨ ਬਾਰਡਰ ਦੀ ਕੰਡਿਆਲੀ ਤਾਰ ਦੇ ਪਰਲੇ ਪਾਰ ਖੇਤੀ ਕਰਨ ਵਾਲੇ ਕਿਸਾਨ ਦਸਦੇ ਸਨ, ਪਰ ਹੁਣ ਬਠਿੰਡਾ ਪੱਟੀ ਦੇ ਅੰਦਰ ਵੀ ਇੰਨਾ ਦੀ ਆਮਦ ਨੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਬਠਿੰਡਾ ਇਲਾਕੇ ਵਿੱਚ ਵੀ ਜੰਗਲੀ ਸੂਰਾਂ ਦਸਤਕ ਦੇ ਦਿੱਤੀ ਹੈ। ਬਲਾਕ ਨਥਾਣਾਂ ਪਿੰਡ ਕਲਿਆਣ ਸੁੱਖਾ ਦੇ ਕਿਸਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋ ਜੰਗਲੀ ਸੂਰਾਂ ਦੀ ਗਿਣਤੀ ਵੱਧ ਰਹੀ ਹੈ । ਉਨਾਂ ਦੱਸਿਆ ਕਿ ਇਹ ਸਿਰਫ਼ ਰਾਤ ਨੂੰ ਬਾਹਰ ਨਿਕਲਦੇ ਹਨ ਤੇ ਖੜੀ ਫਸਲ ਵਿੱਚ ਮਿੱਟੀ ਪੁੱਟ ਪੁੱਟ ਕੇ ਛੋਟੇ ਟੋਏ ਕਰ ਦਿੰਦੇ ਹਨ ਅਤੇ ਸਵੇਰ ਹੁੰਦਿਆ ਹੀ ਲੁੱਕ ਜਾਦੇ ਹਨ। ਇਸ ਤਰਾਂ ਇਹ ਫਸਲਾ ਦਾ ਬਹੁਤ ਨੁਕਸਾਨ ਕਰਦੇ ਹਨ।ਇਹਨਾਂ ਤੋ ਨਿਯਾਤ ਪਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਵਾਹਰ ਸਿੰਘ ਡੀ ਸੀ ਕਲਿਆਣ,ਪਿੰਡ ਇਕਾਈ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ , ਪ੍ਰੈਸ ਸਕੱਤਰ ਰਾਮ ਸਿੰਘ ਕਲਿਆਣ, ਦਲਜੀਤ ਸਿੰਘ , ਫਤਹਿ ਸਿੰਘ ਤੇ ਬੂਟਾ ਸਿੰਘ ਭੁੱਲਰ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਦਾ ਯੋਗ ਹੱਲ ਕੀਤਾ ਜਾਵੇ।

’ਮੈਂ ਪੰਜਾਬੀ, ਬੋਲੀ ਪੰਜਾਬੀ’ 21 ਰੋਜ਼ਾ ਮੁਹਿੰਮ ਦੇ 16ਵੇਂ ਦਿਨ ਦੋ ਰੋਜ਼ਾ ਭਾਸ਼ਾ ਸੈਮੀਨਾਰ ਦੀ ਸ਼ੁਰੂਆਤ

ਪੰਜਾਬੀ ਜ਼ੁਬਾਨ ਨੂੰ ਬਣਦਾ ਰੁਤਬਾ ਦਿਵਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਕਰ ਰਿਹੈ ਹਰ ਸੰਭਵ ਯਤਨ : ਪੱਲਵੀ ਚੌਧਰੀ
ਸੁਖਜਿੰਦਰ ਮਾਨ
ਬਠਿੰਡਾ, 16 ਫ਼ਰਵਰੀ : ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ’ਮੈਂ ਪੰਜਾਬੀ, ਬੋਲੀ ਪੰਜਾਬੀ’ ਨਾਮ ਹੇਠ 1 ਫਰਵਰੀ ਤੋਂ 21 ਫ਼ਰਵਰੀ ਤੱਕ ਚਲਾਈ ਜਾ ਰਹੀ ਮੁਹਿੰਮ ਦੇ ਅੱਜ ਸੋਲਵੇਂ ਦਿਨ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਦੋ ਰੋਜ਼ਾ ਭਾਸ਼ਾ ਸੈਮੀਨਾਰ ਦੀ ਸ਼ੁਰੂਆਤ ਸਥਾਨਕ ਰਜਿੰਦਰਾ ਕਾਲਜ ਬਠਿੰਡਾ ਵਿਖੇ ਹੋਈ। ਸੈਮੀਨਾਰ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਪੱਲਵੀ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੰਯੁਕਤ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਡਾ ਵੀਰਪਾਲ ਕੌਰ ਵੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਸੈਮੀਨਾਰ ਵਿੱਚ ਪਹੁੰਚੇ ਬੁਲਾਰਿਆ ਵਿੱਚੋਂ ਆਲੋਚਕ ਅਤੇ ਨਾਟਕਕਾਰ ਡਾ ਕੁਲਦੀਪ ਦੀਪ ਨੇ ’ਵਰਚੁਅਲ ਸੰਸਾਰ ਵਿੱਚ ਪੰਜਾਬੀ’, ਡਾ. ਜ਼ਮੀਰਪਾਲ ਕੌਰ ਮੁਖੀ ਪੰਜਾਬੀ ਵਿਭਾਗ, ਕੇਂਦਰੀ ਯੂਨੀਵਰਸਿਟੀ ਪੰਜਾਬ ਬਠਿੰਡਾ ਨੇ ’ਰੁਜ਼ਗਾਰ,ਵਪਾਰ ਅਤੇ ਸੰਚਾਰ ਵਿੱਚ ਪੰਜਾਬੀ’ ਅਤੇ ਸ. ਚਰਨ ਸਿੰਘ ਗਿੱਲ ਨੇ ਵਿੱਕੀਪੀਡੀਆ ਅਤੇ ਪੰਜਾਬੀ’ ਵਰਗੇ ਸੰਵੇਦਨਸ਼ੀਲ ਵਿਸ਼ਿਆਂ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ । ਇਸ ਤੋਂ ਪਹਿਲਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਆਏ ਹੋਏ ਮਹਿਮਾਨਾਂ, ਵਕਤਾਵਾਂ ਅਤੇ ਵਿਦਵਾਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਮਾਂ-ਬੋਲੀ ਨੂੰ ਪੰਜਾਬ ਦੀ ਜਵਾਨੀ ਨਾਲ ਜੋੜਨ ਲਈ ਅਜਿਹੇ ਸੈਮੀਨਾਰ ਕਰਵਾਉਣਾ ਸਮੇਂ ਦੀ ਲੋੜ ਹੈ। ਇਸ ਉਪਰੰਤ ਡਾ ਪਰਮਜੀਤ ਢੀਂਗਰਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਮਾਂ ਬੋਲੀ ਦੇ ਇਤਿਹਾਸ ਅਤੇ ਭਵਿੱਖ ਉੱਤੇ ਚਾਨਣਾ ਪਾਇਆ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਡਾ ਰਵਿੰਦਰ ਸੰਧੂ ਨੇ ਨਿਭਾਈ। ਸੈਮੀਨਾਰ ਕੋਆਰਡੀਨੇਟਰ ਵਜੋਂ ਸ. ਜਸਪਾਲ ਮਾਨਖੇੜਾ ਮੌਜੂਦ ਸਨ। ਇਸ ਮੌਕੇ ਖੋਜ ਅਫ਼ਸਰ ਨਵਪ੍ਰੀਤ ਸਿੰਘ, ਸ਼ਹਿਰ ਦੀਆਂ ਉੱਘੀਆਂ ਸਾਹਿਤਕ ਸ਼ਖ਼ਸੀਅਤਾਂ ਸਮੇਤ ਕਾਲਜ ਦਾ ਸਟਾਫ਼ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।

ਪੁਲਿਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਗੋਲਡ ਮੈਡਲ

0

ਸਕੂਲ ਵੱਲੋਂ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦੇ ਕੇ ਕੀਤਾ ਗਿਆ ਸਨਮਾਨਿਤ
ਸੁਖਜਿੰਦਰ ਮਾਨ
ਬਠਿੰਡਾ, 16 ਫਰਵਰੀ : ਪਿਛਲੇ ਦਿਨੀਂ ਮੁੰਬਈ ਵਿਖੇ ਕਰਵਾਏ ਗਈ 28ਵੇਂ “ਯੂਰੋ-ਏਸ਼ੀਆ ਇੰਟਰਨੈਸ਼ਨਲ ਡਬਲਯੂ ਐਫ ਐਸ ਕੇ ਐਫ ਓਪਨ ਕਰਾਟੇ ਚੈਂਪੀਅਨਸਿਪ”ਵਿੱਚ ਸਥਾਨਕ ਪੁਲਿਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਜੈ ਦੀਪ ਕਲਾਸ ਦੂਜੀ, ਅਰਾਧਿਆ ਕਲਾਸ ਚੌਥੀ ਅਤੇ ਵੰਸ਼ਦੀਪ ਕਲਾਸ ਨੌਂਵੀਂ ਨੇ ਭਾਗ ਲਿਆ ਅਤੇ ਗੋਲਡ ਮੈਡਲ ਜਿੱਤੇ। ਮੈਡਲ ਜਿੱਤਣ ਉਪਰੰਤ ਸਕੂਲ ਪਹੁੰਚਣ ਤੇ ਪ੍ਰਿੰਸੀਪਲ ਮੋਨਿਕਾ ਸਿੰਘ ਨੇ ਅੱਜ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜੀ ਆਇਆਂ ਆਖਿਆ। ਪ੍ਰਿੰਸੀਪਲ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਉਨ੍ਹਾਂ ਨੂੰ 1100 ਰੁਪਏ ਨਕਦ ਸਨਮਾਨ ਰਾਸ਼ੀ ਵੀ ਭੇਂਟ ਕੀਤੀ। ਇਸ ਤੋਂ ਇਲਾਵਾ ਕੋਚ ਪ੍ਰਮੋਦ ਭੰਡਾਰੀ ਦਾ ਵੀ ਸਨਮਾਨ ਕਰਦਿਆਂ ਉਨ੍ਹਾਂ ਨੂੰ ਵੀ 2100 ਰੁਪਏ ਦੀ ਨਕਦ ਰਾਸ਼ੀ ਦਿੱਤੀ ਗਈ। ਇਸ ਮੌਕੇ ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਨੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਹੀ ਖੇਡਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ।

ਜਗਮੇਲ ਜਠੌਲ ਦੀ ਕਿਤਾਬ ’ਸਾਡਾ ਪਿੰਡ ਅਜਿੱਤ ਗਿੱਲ’ ਲੋਕ ਅਰਪਣ

ਸੁਖਜਿੰਦਰ ਮਾਨ
ਬਠਿੰਡਾ, 16 ਫਰਵਰੀ :ਪਿੰ: ਜਗਮੇਲ ਸਿੰਘ ਜਠੌਲ ਦੀ ਲਿਖੀ ਕਿਤਾਬ ‘ਸਾਡਾ ਪਿੰਡ ਅਜਿੱਤ ਗਿੱਲ’ ਪਿੰਡ ਦੇ ਗੁਰਦੁਆਰਾ ਦਸਤਾਰ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਲੋਕਾਂ ਦੇ ਭਰਵੇੰ ਇਕੱਠ ਵਿੱਚ ਲੋਕ ਅਰਪਣ ਕੀਤੀ ਗਈ। ਜਗਮੇਲ ਜਠੌਲ ਦੀ ਇਹ ਚੌਥੀ ਮੌਲਿਕ ਪੁਸਤਕ ਹੈ। ਇਸ ਤੋਂ ਪਹਿਲਾਂ ਉਹ ’ਜਿੰਦਗੀ ਜਿੰਦਾਬਾਦ’,’ਪਹਿਲਾਂ ਸਿਹਤ ਜਰੂਰੀ ਹੈ ਅਤੇ ਇੱਕ ਨਾਵਲ ’ਏਹ ਕੇਹੀ ਜੰਨਤ’ ਤੋਂ ਇਲਾਵਾ ਕਈ ਪੁਸਤਕਾਂ ਸੰਪਾਦਿਤ ਕਰ ਚੁੱਕੇ ਹਨ। ਉਹਨਾਂ ਦੀ ਇਸ ਕਿਤਾਬ ਵਿੱਚ ਪਿੰਡ ਅਜਿੱਤ ਗਿੱਲ ਦੇ ਬੱਝਣ ਤੇ ਵਿਕਸਤ ਹੋਣ ਦਾ ਇਤਿਹਾਸ ਬਾਖੂਬੀ ਵਰਣਨ ਕੀਤਾ ਗਿਆ ਹੈ। ਪੁਸਤਕ ਨੂੰ ਲੋਕ ਅਰਪਣ ਕਰਨ ਦੀ ਰਸਮ ਵਿੱਚ ਜਗਦੇਵ ਸਿੰਘ ਰੋਮਾਣਾ,ਡਾ ਅਜੀਤਪਾਲ ਸਿੰਘ ਐਮ ਡੀ,ਡਾ ਅਮਰਵੀਰ ਸਿੰਘ,ਦਰਸ਼ਨ ਸਿੰਘ ਬਰਾੜ,ਜਗਤਾਰ ਸਿੰਘ ਐਕਸੀਅਨ,ਮੇਜਰ ਸਿੰਘ ਬਰਾੜ,ਕਰਨਲ ਹਰਪਾਲ ਸਿੰਘ ਸਿੱਧੂ,ਪਿੰ ਅਜੀਤ ਸਿੰਘ,ਪਿੰ ਨਿਰੰਗ ਸਿੰਘ,ਸਮਸ਼ੇਰ ਸਿੰਘ ਗਿੱਲ,ਕੁਲਦੀਪ ਸਿੰਘ ਜਠੌਲ,ਗੁਰਸੇਵਕ ਸਿੰਘ ਜਠੌਲ,ਜਸਵਿੰਦਰ ਸਿੰਘ ਜਠੌਲ ਅਤੇ ਐਮੀ ਸਿੱਧੂ ਸ਼ਾਮਲ ਹੋਏ। ਇਸ ਕਿਤਾਬ ਬਾਰੇ ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਜਗਮੇਲ ਜਠੌਲ ਨੇ ਬੜੀ ਮਿਹਨਤ ਤੇ ਲਗਨ ਨਾਲ ਇਹ ਖੋਜ ਕਾਰਜ ਕਰਕੇ ਪਿੰਡ ਪ੍ਰਤੀ ਆਪਣਾ ਫਰਜ ਅਦਾ ਕੀਤਾ ਹੈ। ਪਿੰਡਾਂ ਦੀ ਭਾਈਚਾਰਕ ਸਾਂਝਾ ਨਾਲ ਹੀ ਲੋਕ ਸਾਂਝੇ ਮਸਲਿਆਂ ਤੇ ਸੰਘਰਸ਼ ਕਰ ਸਕਦੇ ਹਨ। ਕਰਨਲ ਹਰਪਾਲ ਸਿੰਘ ਨੇ ਕਿਹਾ ਕਿ ਪਿੰਡ ਬਾਰੇ ਲਿਖੀ ਇਹ ਕਿਤਾਬ ਸਾਰੇ ਪਿੰਡ ਨੂੰ ਪੜ੍ਹਨੀ ਚਾਹੀਦੀ ਹੈ। ਪੁਸਤਕ ਬਾਰੇ ਡਾ ਅਮਰਵੀਰ,ਦਰਸ਼ਨ ਬਰਾੜ,ਜਗਦੇਵ ਰੋਮਾਣਾ ਤੇ ਅਵਤਾਰ ਸਿੰਘ ਨੇ ਵੀ ਵਿਚਾਰ ਰੱਖੇ। ਜਗਮੇਲ ਜਠੌਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਪੁਸਤਕ ਲਿਖਣ ਲਈ ਉਹਨਾਂ ਨੇ ਲਗਾਤਾਰ ਦਸ ਸਾਲ ਨਿੱਠ ਕੇ ਮਿਹਨਤ ਕੀਤੀ ਹੈ। ਉਹਨਾਂ ਕਿਹਾ ਕਿ ਪਾਠਕ ਕਿਤਾਬ ਪੜ੍ਹ ਕੇ ਆਪਣੇ ਪ੍ਰਭਾਵ ਜਰੂਰ ਦੇਣ। ਉਹਨਾਂ ਨੇ ਪੰਜਾਬੀ ਸੱਥ ਲੱਖੀ ਜੰਗਲ ਦਾ ਧੰਨਵਾਦ ਕੀਤਾ ਜਿਹਨਾਂ ਨੇ ਪੁਸਤਕ ਨੂੰ ਬੜੀ ਸੋਹਣੀ ਦਿਖ ਦਿੱਤੀ ਹੈ ਅਤੇ ਉਸ ਨੂੰ ਅਪਣਾਇਆ ਹੈ। ਮੰਚ ਦਾ ਸੰਚਾਲਨ ਉਘੇ ਲੇਖਕ ਡਾ ਜਸਪਾਲਜੀਤ ਨੇ ਬਾਖੂਬੀ ਕੀਤਾ।

ਢਾਬਾ ਅਤੇ ਬੇਕਰੀ ਐਸੋਸੀਏਸ਼ਨ ਸਮੇਤ ਕਈ ਸੰਗਠਨਾਂ ਨੇ ’ਮੈਂ ਪੰਜਾਬੀ, ਬੋਲੀ ਪੰਜਾਬੀ’ ਮੁਹਿੰਮ ਦੇ ਸਮਰਥਨ ’ਚ ਕੱਢੀ ਰੈਲੀ

ਸੁਖਜਿੰਦਰ ਮਾਨ
ਬਠਿੰਡਾ, 16 ਫਰਵਰੀ : ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ’ਮੈਂ ਪੰਜਾਬੀ, ਬੋਲੀ ਪੰਜਾਬੀ’ ਨਾਮ ਹੇਠ 1 ਫਰਵਰੀ ਤੋਂ 21 ਫ਼ਰਵਰੀ ਤੱਕ ਚਲਾਈ ਜਾ ਰਹੀ ਮੁਹਿੰਮ ਨੂੰ ਜ਼ਿਲ੍ਹੇ ਵਿੱਚ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਸਥਾਨਕ ਢਾਬਾ ਐਸੋਸੀਏਸ਼ਨ ਅਤੇ ਬੇਕਰੀ ਐਸੋਸੀਏਸ਼ਨ ਸਮੇਤ ਕਈ ਸੰਗਠਨਾਂ ਨੇ ’ਮੈਂ ਪੰਜਾਬੀ, ਬੋਲੀ ਪੰਜਾਬੀ’ ਮੁਹਿੰਮ ਦੇ ਸਮਰਥਨ ’ਚ ਰੈਲੀ ਕੱਢੀ। ਇਸ ਰੈਲੀ ਨੂੰ ਜ਼ਿਲ੍ਹਾ ਸਿਹਤ ਅਫ਼ਸਰ ਸ਼੍ਰੀਮਤੀ ਊਸ਼ਾ ਗੋਇਲ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਢਾਬਾ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਨਰਿੰਦਰ ਸੋਨੀ, ਬੇਕਰੀ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਪੰਮੀ ਪੁਰੀ, ਖੋਜ ਅਫ਼ਸਰ ਨਵਪ੍ਰੀਤ ਸਿੰਘ ਸਮੇਤ ਹੋਰ ਕਈ ਸੰਗਠਨਾਂ ਦੇ ਅਹੁਦੇਦਾਰ ਮੌਜੂਦ ਸਨ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਸ਼੍ਰੀਮਤੀ ਊਸ਼ਾ ਗੋਇਲ ਨੇ ਕਿਹਾ ਕਿ ਇਸ ਮੁਹਿੰਮ ਨਾਲ ਸ਼ਹਿਰ ਦੇ ਵਪਾਰਕ ਸੰਗਠਨ ਆਪ-ਮੁਹਾਰੇ ਜੁੜ ਰਹੇ ਹਨ। ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਇਸ ਰੈਲੀ ਨੂੰ ਵੇਖ ਕਿ ਲਗਦਾ ਹੈ ਕਿ ਉਨ੍ਹਾਂ ਦੀ ਮਿਹਨਤ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਢਾਬਾ ਐਸੋਸੀਏਸ਼ਨ ਅਤੇ ਬੇਕਰੀ ਐਸੋਸੀਏਸ਼ਨ ਬਠਿੰਡਾ ਸਮੇਤ ਬਾਕੀ ਸੰਗਠਨਾਂ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਸੀਂ ਜਿਸ ਧਰਤੀ ਦਾ ਦਿੱਤਾ ਹੋਇਆ ਖਾਂਦੇ ਹਾਂ ਉਸ ਧਰਤੀ ਦੀ ਬੋਲੀ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼। ਉਨ੍ਹਾਂ ਕਿਹਾ ਕਿ ਉਹ ਬਾਕੀ ਵਪਾਰਕ ਸੰਗਠਨਾਂ, ਸੰਸਥਾਵਾਂ ਅਤੇ ਦੁਕਾਨ ਮਾਲਕਾਂ ਨੂੰ ਵੀ ਆਪਣੇ ਬੋਰਡ ਪਹਿਲ ਦੇ ਆਧਾਰ ’ਤੇ ਪੰਜਾਬੀ ਅਤੇ ਬਾਅਦ ਵਿੱਚ ਕਿਸੇ ਵੀ ਹੋਰ ਭਾਸ਼ਾ ਵਿੱਚ ਲਗਾਉਣ ਲਈ ਉਤਸ਼ਾਹਿਤ ਕਰਨਗੇ। ਇਸ ਮੌਕੇ ਗਨੇਸ਼ ਵੈਲਫ਼ੇਅਰ ਸੋਸਾਈਟੀ ਤੋਂ ਸ਼੍ਰੀ ਅਸ਼ੀਸ਼, ਐਂਟੀ ਕਰਪਸ਼ਨ ਐਸੋਸੀਏਸ਼ਨ ਤੋਂ ਸ਼੍ਰੀ ਗਰੋਵਰ, ਲਾਈਫ਼ ਸੇਵਿੰਗ ਸੋਸਾਈਟੀ ਤੋਂ ਸ਼੍ਰੀ ਸਚਿਨ ਸ਼ਰਮਾ, ਸਮਰਥ ਤੋਂ ਸ਼੍ਰੀ ਪੰਕਜ ਤੋਂ ਇਲਾਵਾ ਵੱਖ- ਵੱਖ ਸੰਗਠਨਾਂ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ ।

ਅਪਣੀਆਂ ਮੰਗਾਂ ਨੂੰ ਲੈ ਕੇ ਐਸ.ਐਸ.ਡੀ ਗਰਲਜ਼ ਕਾਲਜ਼ ਦੇ ਸਟਾਫ਼ ਨੈ ਤਾ ਮੰਗ ਪੱਤਰ

0

ਸੁਖਜਿੰਦਰ ਮਾਨ
ਬਠਿੰਡਾ, 16 ਫ਼ਰਵਰੀ : ਸਥਾਨਕ ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਅਧਿਆਪਕਾਂ ਵਲੋਂ ਸਰਕਾਰ ਵਿਰੁਧ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਇਹ ਰੋਸ ਪ੍ਰਦਰਸ਼ਨ ਰਿਟਾਇਰਮੈਂਟ ਉਮਰ ਹੱਦ 60 ਤੋਂ ਘਟਾ ਕੇ 58 ਕਰਨ, ਸੱਤਵਾਂ ਪੇ ਸਕੇਲ ਲਾਗੂ ਕਰਨ ਅਤੇ ਅਡਮੀਸ਼ਨ ਆਨ-ਲਾਈਨ ਨਾ ਕਰਨ ਦੇ ਮੁੱਦਿਆਂ ਦੇ ਵਿਰੋਧ ਵਿਚ ਕੀਤਾ ਗਿਆ। ਇਸ ਦੌਰਾਨ ਕਾਲਜ ਕਾਰਜਕਾਰੀ ਕਮੇਟੀ, ਪ੍ਰਿੰਸੀਪਲ ਅਤੇ ਕਾਲਜ ਸਟਾਫ਼ ਵੱਲੋਂ ਲਿਖਤੀ ਰੂਪ ਵਿੱਚ ਇੱਕ ਮੰਗ ਪੱਤਰ ਏ.ਡੀ.ਸੀ. ਡਾ. ਪੱਲਵੀ ਚੌਧਰੀ ਨੂੰ ਸੌਂਪਿਆ ਗਿਆ ਤਾਂ ਕਿ ਇਹ ਮੰਗਾਂ ਸਰਕਾਰ ਤੱਕ ਪਹੁੰਚ ਸਕਣ ।

20 ਮਾਰਚ ਨੂੰ ਕਿਸਾਨੀ ਮੰਗਾਂ ਨੂੰ ਲੈ ਕੇ ਕਰਾਂਗੇ ਪਾਰਲੀਮੈਂਟ ਦਾ ਘਿਰਾਓ- ਕਿਸਾਨ ਆਗੂ ਰਾਮਾ

ਭਾਕਿਯੂ ਲੱਖੋਵਾਲ ਟਿਕੈਤ ਦੀ ਹੋਈ ਬਲਾਕ ਪੱਧਰੀ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ,16 ਫਰਵਰੀ – ਭਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੀ ਬਲਾਕ ਪੱਧਰੀ ਮੀਟਿੰਗ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਜੱਜਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ,ਜ਼ਿਲ੍ਹਾ ਪ੍ਰਧਾਨ ਬਠਿੰਡਾ ਦਾਰਾ ਸਿੰਘ ਮਾਈਸਰਖਾਨਾ, ਜ਼ਿਲ੍ਹਾ ਜਰਨਲ ਸਕੱਤਰ ਸੁਖਦੀਪ ਸਿੰਘ ਕਣਕਵਾਲ , ਮੀਤ ਪ੍ਰਧਾਨ ਗੁਰਮੀਤ ਸਿੰਘ ਗੁਰੂਸਰ, ਮਲਕੀਤ ਸਿੰਘ ਸੰਦੋਹਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਰੂਪ ਸਿੰਘ ਰਾਮਾਂ ਨੇ ਕਿਹਾ ਕਿ ਦਿੱਲੀ ਮੋਰਚੇ ਦੌਰਾਨ ਕੇਂਦਰ ਸਰਕਾਰ ਨਾਲ ਫਸਲਾਂ ਤੇ ਐਮ.ਐਸ.ਪੀ ਅਤੇ ਸਰਕਾਰੀ ਖਰੀਦ ਦੀ ਗਰੰਟੀ, ਲਖੀਮਪੁਰ ਘਟਨਾ ਦੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਬੇਦੋਸ਼ੇ ਕਿਸਾਨਾਂ ਨੂੰ ਜੇਲ੍ਹਾਂ ਚੋਂ ਰਿਹਾਅ ਕਰਵਾਉਣ, ਕਿਸਾਨਾਂ ਤੇ ਕੀਤੇ ਪਰਚੇ ਰੱਦ ਕਰਵਾਉਣ, ਬਿਜਲੀ ਬਿੱਲ 2020 ਰੱਦ ਕਰਵਾਉਣ, ਸਮੁੱਚਾ ਕਿਸਾਨੀ ਕਰਜ਼ਾ ਖਤਮ ਕਰਨਾ, ਕਿਸਾਨ ਮਜ਼ਦੂਰ ਦੀ ਪੈਨਸ਼ਨ ਲਗਵਾਉਣ, ਦਿੱਲੀ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਤੇ ਇਕ ਜੀਅ ਨੂੰ ਸਰਕਾਰੀ ਨੌਕਰੀ, ਫ਼ਸਲੀ ਬੀਮਾਂ ਯੋਜਨਾ ਲਾਗੂ ਕਰਵਾਉਣ ਆਦਿ ਮੰਗਾਂ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਸਹਿਮਤੀ ਬਣੀ ਸੀ। ਰਾਮਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅਜੇ ਤੱਕ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਕੋਈ ਵੀ ਮੀਟਿੰਗ ਨਹੀਂ ਕੀਤੀ। ਜਿਸ ਦੇ ਰੋਸ ਵਜੋਂ 20 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਾਰਲੀਮੈਂਟ ਦਾ ਘਿਰਾਉ ਕੀਤਾ ਜਾਵੇਗਾ । ਮੀਟਿੰਗ ਵਿੱਚ ਬਲਵਿੰਦਰ ਸਿੰਘ ਸੰਦੋਹਾ, ਪਿਸ਼ੌਰਾ ਸਿੰਘ ਸੇਖੂ, ਸੁਖਵਿੰਦਰ ਸਿੰਘ ਨਵਾਂ ਪਿੰਡ, ਗੁਰਮੇਲ ਸਿੰਘ ਤਲਵੰਡੀ ਸਾਬੋ, ਮਿੱਠੂ ਸਿੰਘ ਮਾਹੀਨੰਗਲ, ਭੋਲਾ ਸਿੰਘ ਸੰਦੋਹਾ, ਸੁਖਚਰਨ ਸਿੰਘ ਢਿੱਲੋਂ, ਗੁਰਮੇਲ ਸਿੰਘ ਜੀਵਨ ਸਿੰਘ ਵਾਲਾ, ਗੁਰਜੰਟ ਸਿੰਘ ਰਾਈਆਂ, ਬਾਘੜ ਸਿੰਘ ਜੱਜਲ,ਅਸ਼ੋਕ ਕੁਮਾਰ ਲੇਲੇਵਾਲਾ, ਹਰਬੰਸ ਸਿੰਘ ਚਨਾਰਥਲ, ਹਰਗੋਬਿੰਦ ਸਿੰਘ ਮੈਸਰਖਾਨਾ, ਗੁਰਮੀਤ ਸਿੰਘ ਭਾਗੀਵਾਂਦਰ, ਸਚਿਨ ਬਾਂਸਲ, ਗੁਰਲਾਲ ਸਿੰਘ ਕਣਕਵਾਲ, ਬੱਬੂ ਬੈਹਣੀਵਾਲ, ਜਗਤਾਰ ਸਿੰਘ ਕੋਟ ਬਖਤੂ,ਗੁਰਦੀਪ ਸਿੰਘ ਚੱਕ, ਹਰਪਾਲ ਚੱਕ, ਜਸਬੀਰ ਸਿੰਘ ਢਿੱਲੋਂ, ਗੁਰਤੇਜ ਸਿੰਘ ਗੁਰੂਸਰ ਜਗਾ, ਕਰਮਜੀਤ ਸਿੰਘ ਬੰਗੀ ਰੁਘੂ, ਗੁਰਜੰਟ ਸਿੰਘ ਬੁਰਜ ਮਾਨਸਾ, ਮਲਕੀਤ ਸਿੰਘ ਬੰਗੀ, ਸੰਦੀਪ ਸਿੰਘ ਸਿੱਧੂ, ਗੁਰਪੀਤ ਸਿੰਘ ਨੰਬਰਦਾਰ, ਸੁਖਪਾਲ ਸਿੰਘ ਗੋਰੂ, ਜਗਦੀਪ ਸਿੰਘ ਦੀਪੂ, ਪਿੰਡ ਸੇਖੂ ਤੋਂ ਨਛੱਤਰ ਸਿੰਘ, ਦਰਸ਼ਨ ਸਿੰਘ, ਮੱਖਣ ਸਿੰਘ, ਪਿੰਡ ਲੇਲੇਵਾਲਾ ਤੋਂ ਜਗਤਾਰ ਸਿੰਘ, ਜਸਵੀਰ ਸਿੰਘ,ਗੁਰਮੀਤ ਸਿੰਘ,ਭੋਲਾ ਸਿੰਘ, ਭਾਰਤ ਭੂਸ਼ਨ, ਕੁਲਦੀਪ ਸਿੰਘ, ਹਰਦੀਪ ਸਿੰਘ, ਲਖਵਿੰਦਰ ਸਿੰਘ, ਮੇਜਰ ਸਿੰਘ, ਬੂਟਾ ਸਿੰਘ, ਹਰਦੇਵ ਸਿੰਘ, ਜੰਟਾ ਸਿੰਘ, ਪਿੰਡ ਸੰਦੋਹਾ ਤੋਂ ਕੁਲਦੀਪ ਸਿੰਘ ਹਰਦੀਪ ਸਿੰਘ ਹਾਕਮ ਸਿੰਘ, ਮਹਿੰਦਰ ਸਿੰਘ ਮਾਹੀਨੰਗਲ, ਗੁਰਮੇਲ ਨਵਾਂ ਪਿੰਡ ਆਦਿ ਹਾਜ਼ਰ ਸਨ।

‘ਪੰਜਾਬ ਸਰਕਾਰ ਤੁਹਾਡੇ ਦੁਆਰ’ ਦੇ ਨਾਅਰੇ ਹੇਠ ਸੰਗਤ ਮੰਡੀ ਵਿਖੇ ਵਿਸ਼ੇਸ਼ ਕੈਂਪ ਲਗਾਇਆ

0

ਸੂਬਾ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਦਰਾਂ ਤੇ ਹੱਲ ਕਰਨ ਲਈ ਵਚਨਬੱਧ : ਵਿਧਾਇਕ ਕੋਟਫ਼ੱਤਾ
ਲੋਕਾਂ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ਤੇ ਕੀਤਾ ਜਾ ਰਿਹਾ ਹੱਲ : ਡਿਪਟੀ ਕਮਿਸ਼ਨਰ
ਸੁਖਜਿੰਦਰ ਮਾਨ
ਬਠਿੰਡਾ, 16 ਫਰਵਰੀ : ਸੂਬਾ ਸਰਕਾਰ ਵਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਉਨ੍ਹਾਂ ਦੇ ਦਰਾਂ ਤੇ ਜਾ ਕੇ ਹੱਲ ਕਰਨ ਲਈ ਦਿੱਤੀਆਂ ਹਿਦਾਇਤਾਂ ਤਹਿਤ ਸੰਗਤ ਮੰਡੀ ਵਿਖੇ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਜਿਸ ਵਿਚ ਹਲਕਾ ਵਿਧਾਇਕ ਬਠਿੰਡਾ (ਦਿਹਾਤੀ) ਅਮਿਤ ਰਤਨ ਕੋਟਫੱਤਾ ਅਤੇ ਡਿਪਟੀ ਕਮਿਸ਼ਨਰ ਸਹਿਤ ਉੱਚ ਅਧਿਕਾਰੀ ਪੁੱਜੇ ਹੋਏ ਸਨ। ਇਸ ਦੌਰਾਨ ਵਿਧਾਇਕ ਕੋਟਫੱਤਾ ਨੇ ਕਿਹਾ ਕਿ ਸੂਬਾ ਸਰਕਾਰ ਆਪਣੇ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕਰਨ ਲਈ ਹਮੇਸ਼ਾ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਸਿਹਤ ਤੇ ਸਿੱਖਿਆ ਦੇ ਨਾਲ-ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਦਰ੍ਹਾਂ ਤੇ ਜਾ ਕੇ ਹੱਲ ਕਰਨ ਲਈ ਵੀ ਵਿਸ਼ੇਸ਼ ਪਹਿਲਕਦਮੀ ਕੀਤੀ ਜਾ ਰਹੀ ਹੈ। ਕੈਂਪ ਦੌਰਾਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਦਰਾ ਤੇ ਜਾ ਕੇ ਹੱਲ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸ ਕੈਂਪ ਦੌਰਾਨ ਫੁੱਲੋਮਿਠੀ, ਕੋਟਗੁਰੂ, ਸੰਗਤ ਮੰਡੀ, ਸੰਗਤ ਕਲਾਂ, ਜੱਸੀ ਬਾਗ ਵਾਲੀ ਅਤੇ ਪਿੰਡ ਗਹਿਰੀ ਬੁੱਟਰ ਆਦਿ ਪਿੰਡਾਂ ਦੇ ਲੋਕਾਂ ਦੀਆਂ ਸਾਂਝੀਆਂ ਅਤੇ ਨਿੱਜੀ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਆਮ ਤੌਰ ਤੇ ਲੋਕਾਂ ਵਲੋਂ ਸਿੱਖਿਆ, ਸਿਹਤ, ਪੀਣ ਵਾਲਾ ਪਾਣੀ, ਨਹਿਰੀ ਪਾਣੀ, ਗੰਦੇ ਪਾਣੀ ਦੀ ਨਿਕਾਸੀ, ਨਰਮੇ ਦੀ ਚੁਗਾਈ, ਛੱਪੜਾ ਦੀ ਸਾਫ਼-ਸਫ਼ਾਈ, ਮਗਨਰੇਗਾ ਤੇ ਪੈਨਸ਼ਨਾਂ ਆਦਿ ਸਬੰਧੀ ਸਮੱਸਿਆਵਾਂ ਸਾਹਮਣੇ ਲਿਆਂਦੀਆਂ ਗਈਆਂ, ਜਿਨ੍ਹਾਂ ਚੋਂ ਉਨ੍ਹਾਂ ਵਲੋਂ ਜਿੱਥੇ ਬਹੁਤੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ, ਉਥੇ ਹੀ ਕਈ ਰਹਿੰਦੀਆਂ ਸਮੱਸਿਆਵਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਦਿੱਤੇ। ਕੈਂਪ ਦੌਰਾਨ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਮ੍ਰਿੰਤ ਲਾਲ ਅਗਰਵਾਲ, ਏਡੀਸੀ ਵਿਕਾਸ ਡਾ. ਰੁਪਿੰਦਰ ਪਾਲ ਸਿੰਘ, ਐਸਡੀਐਮ ਬਠਿੰਡਾ ਵਰਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਡੀਐਸਪੀ ਬਠਿੰਡਾ ਦਿਹਾਤੀ ਨਰਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼ਿਵ ਪਾਲ, ਜ਼ਿਲ੍ਹਾ ਪ੍ਰੀਸ਼ਦ ਦੇ ਵਾਇਸ ਚੇਅਰਮੈਨ ਗੁਰਇਕਬਾਲ ਸਿੰਘ ਚਹਿਲ, ਆਪ ਦੇ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਮੈਡਮ ਸਤਵੀਰ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸਬੰਧਤ ਪਿੰਡਾਂ ਦੀਆਂ ਪੰਚਾਇਤਾਂ ਤੇ ਮੋਹਤਬਰ ਲੋਕਾਂ ਤੋਂ ਇਲਾਵਾ ਆਮ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ।

Our Visitor

1910517