ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਵਿਖੇ ਲਏ ਗਏ ਟਰਾਇਲ
ਪੰਜਾਬ ਭਰ ਤੋਂ 100 ਤੋਂ ਵੱਧ ਖਿਡਾਰੀਆਂ ਨੇ ਲਿਆ ਹਿੱਸਾ
ਪੰਜਾਬੀ ਖ਼ਬਰਸਾਰ ਬਿਉਰੋ
ਸੁਲਤਾਨਪੁਰ ਲੋਧੀ, 13 ਫਰਵਰੀ: ਕਰਨਾਟਕ ਵਿਖੇ ਹੋਣ ਵਾਲੀ 11ਵੀਂ ਸੀਨੀਅਰ ਨੈਸ਼ਨਲ ਡਰੈਗਨ ਬੋਟ ਰੇਸ ਚੈਪੀਅਨਸ਼ਿਪ ਲਈ ਪੰਜਾਬ ਤੋਂ ਸੀਨੀਅਰ ਲੜਕੀਆਂ ਤੇ ਜੂਨੀਅਰ ਲੜਕੀਆਂ ਅਤੇ ਜੂਨੀਅਰ ਲੜਕਿਆਂ ਦੀ ਟੀਮ ਚੁਣਨ ਵਾਸਤੇ ਪਵਿੱਤਰ ਕਾਲੀ ਵੇਈਂ ਸੁਲਤਾਨਪੁਰ ਲੋਧੀ ’ਚ ਵਿਖੇ ਟਰਾਇਲ ਲਏ ਗਏ। ਜਿਸ ਵਿਚ ਪੰਜਾਬ ਭਰ ਤੋਂ 100 ਦੇ ਕਰੀਬ ਖਿਡਾਰੀਆਂ ਵੱਲੋਂ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਵਿਖੇ ਟਰਾਇਲ ਦਿੱਤੇ ਗਏ। ਇਹ ਟਰਾਇਲ ਪੰਜਾਬ ਕਿਯਾਕਿੰਗ ਕਨੋਇਗ ਐਸੋਸੀਏਸ਼ਨ ਦੀ ਅਗਵਾਈ ਵਿੱਚ ਕੋਚ ਅਮਨਦੀਪ ਸਿੰਘ ਖੈਹਿਰਾ, ਕੋਚ ਜਗਜੀਵਨ ਸਿੰਘ, ਜਗਰੂਪ ਸਿੰਘ ਅਤੇ ਰਣਜੀਤ ਸਿੰਘ ਵੱਲੋਂ ਲਏ ਗਏ। ਕਰਨਾਟਕ ਦੇ ਸ਼ਹਿਰ ਉਡੁਪੀ ਵਿਖੇ ਇਹ ਮੁਕਾਬਲੇ 23 ਤੋਂ 26 ਫਰਵਰੀ ਤੱਕ ਹੋਣਗੇ। ਟਰਾਇਲਾਂ ਦੌਰਾਨ ਚੁਣੀ ਟੀਮ ਖਿਡਾਰੀ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਵਿਚ ਰਹਿ ਕੇ ਅਭਿਆਸ ਕਰੇਗੀ। ਜਾਣਕਾਰੀ ਦਿੰਦੇ ਹੋਏ ਕੋਚ ਅਮਨਦੀਪ ਸਿੰਘ ਨੇ ਦੱਸਿਆ ਕਿ ਇਹ ਅਭਿਆਸ ਕੈਂਪ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਰਹਿਨੁਮਾਈ ਹੇਠ ਚੱਲੇਗਾ, ਜਿਸ ਵਿਚ ਚੁਣੇ ਹੋਏ ਖਿਡਾਰੀਆਂ ਦੀ ਰਿਹਾਇਸ਼ ਅਤੇ ਖਾਣ ਪੀਣ ਦਾ ਸਾਰਾ ਪ੍ਰਬੰਧ ਸੈਂਟਰ ਵੱਲੋਂ ਫ?ਰੀ ਵਿਚ ਕੀਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ਦੌਰਾਨ ਇਸ ਸੈਂਟਰ ਵਿਚ ਰਾਸ਼ਟਰੀ ਪੱਧਰ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਜਿਸ ਵਿਚ ਦੇਸ਼ ਭਰ ਤੋਂ ਖਿਡਾਰੀ ਭਾਗ ਲੈਣਗੇ।ਇਸ ਮੌਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਚੁਣੇ ਖਿਡਾਰੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਉਹ ਭਵਿੱਖ ਵਿਚ ਇਸੇ ਤਰ੍ਹਾਂ ਹੋਰ ਮੇਹਨਤ ਕਰਨ ਤੇ ਦੇਸ਼ ਦਾ ਨਾਮ ਰੋਸ਼ਨ ਕਰਨ ਅਤੇ ਉਹ ਇਸ ਲਈ ਭਵਿੱਖ ਵਿਚ ਖਿਡਾਰੀਆਂ ਲਈ ਹਰ ਸੰਭਵ ਸਹਾਇਤਾ ਕਰਨਗੇ। ਉਹਨਾਂ ਕਿਹਾ ਕਿ ਜੇਕਰ ਸਾਡਾ ਆਲਾ ਦੁਆਲਾ ਸਾਫ ਹੋਵੇਗਾ ਤਾਂ ਹੀ ਅਸੀ ਸਿਹਤੰੰਦ ਰਹਾਂਗੇ ਤੇ ਖੇਡਾਂ ਵਿਚ ਭਾਗ ਲੈ ਸਕਾਂਗੇ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਵੱਲ ਪਰਤਣ ਤੇ ਕਿਸ਼ਤੀ ਮੁਕਾਬਲੇ ਉਨ੍ਹਾਂ ਨੂੰ ਨੌਕਰੀਆਂ ਵਿਚ ਵੱਡੇ ਮੌਕੇ ਪ੍ਰਦਾਨ ਕਰਾਉਣ ਦੇ ਸਮਰੱਥ ਹਨ।ਬਾਕਸ ਆਈਟਮ:- ਭੱਜਣ ਵਾਲੇ ਨੂੰ ਧਰਤੀ ਚਾਹੀਦੀ ਐ ਤੇ ਉਡਣ ਵਾਲੇ ਨੂੰ ਅਸਮਾਨ ਇਹਨਾਂ ਬੋਲਾਂ ਤੇ ਖਰਾ ਉਤਰ ਰਿਹਾ ਹੈ ਇਹ ਸੈਂਟਰ:- ਸੰਤ ਬਲਬੀਰ ਸਿੰਘ ਸੀਚੇਵਾਲ ਜੀ ਉਹ ਸ਼ਖਸੀਅਤ ਨੇ ਜੋ ਅਜਿਹੇ ਲੋਕਾਂ ਦਾ ਸਾਥ ਦੇਣ ਲਈ ਹਮੇਸ਼ਾਂ ਤੱਤਪਰ ਰਹਿੰਦੇ ਨੇ ਜੋ ਜ਼ਿੰਦਗੀ ਵਿਚ ਕੁਝ ਕਰ ਦਿਖਾਉਣਾ ਚਾਹੁੰਦੇ ਹਨ। ਸੰਤ ਸੀਚੇਵਾਲ ਜੀ ਨੇ ਪਵਿੱਤਰ ਕਾਲੀ ਵੇਈਂ ਵਿਖੇ ਚੰਡੀਗੜ੍ਹ ਤੋਂ ਬਾਅਦ ਪੰਜਾਬ ਦਾ ਪਹਿਲਾ ਸਪੋਰਟਸ ਸੈਟਰ ਸਥਾਪਤ ਕਰਕੇ ਪਿੰਡਾਂ ਦੇ ਬੱਚਿਆਂ ਨੂੰ ਉਹ ਮੌਕਾ ਦਿੱਤਾ ਹੈ ਜਿਸ ਨਾਲ ਉਹ ਆਪਣੀ ਜ਼ਿੰਦਗੀ ਦੇ ਸੁਪਨੇ ਪੂਰੇ ਕਰ ਰਹੇ ਹਨ। ਵਾਟਰ ਸਪੋਰਟਸ ਇਕ ਮਹਿੰਗੀ ਖੇਡ ਹੈ, ਜਿਸ ਦੀ ਸਿਖਲਾਈ ਲਈ ਬੱਚਿਆਂ ਨੂੰ 10 ਤੋਂ 15 ਹਜ਼ਾਰ ਤੱਕ ਦੇਣਾ ਪੈ ਰਿਹਾ ਹਨ। ਪਰ ਇਹ ਸੈਂਟਰ ਸੰਤ ਸੀਚੇਵਾਲ ਜੀ ਦੀ ਅਗਵਾਈ ਵਿਚ ਸੰਗਤ ਦੇ ਸਹਿਯੋਗ ਨਾਲ ਚਲਾਇਆ ਜਾ ਜਿਸ ਵਿਚ ਬੱਚਿਆਂ ਨੂੰ ਮੁਫਤ ਟ?ਰੇਨਿੰਗ, ਰਿਹਾਇਸ਼, ਖਾਣਾ ਆਦਿ ਸਾਰੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਇਸ ਸੈਂਟਰ ਵਿਚ ਅਭਿਆਸ ਕਰਕੇ ਹੁਣ ਤੱਕ ਅਨੇਕਾਂ ਬੱਚੇ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟ ਚੁੱਕੇ ਨੇ ਤੇ ਕਈ ਖੇਤਰਾਂ ਵਿੱਚ ਨੌਕਰੀਆਂ ਪ੍ਰਾਪਤ ਕਰ ਚੁੱਕੇ ਹਨ।
11ਵੀਂ ਸੀਨੀਅਰ ਅਤੇ ਜੂਨੀਅਰ ਨੈਸ਼ਨਲ ਡਰੈਗਨ ਬੋਟ ਲਈ ਪੰਜਾਬ ਟੀਮ ਦੀ ਚੋਣ
ਨਹਿਰੂ ਯੁਵਾ ਕੇਂਦਰ ਵੱਲੋਂ ਯੂਥ ਲੀਡਰਸ਼ਿਪ ਕੈਂਪ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ,13 ਫਰਵਰੀ : ਨਹਿਰੂ ਯੁਵਾ ਕੇਂਦਰ ਵਲੋਂ ਲਗਾਇਆ ਗਿਆ ਤਿੰਨ ਰੋਜ਼ਾ ਰਿਹਾਇਸ਼ੀ ਯੁਵਾ ਲੀਡਰਸ਼ਿਪ ਸਿਖਲਾਈ ਕੈਂਪ ਨੌਜਵਾਨਾਂ ਵਿਚ ਨਵੀਂ ਸਕਾਰਤਮਕ ਸੋਚ ਪੈਦਾ ਕਰਦੇ ਹੋਏ ਸਮਾਪਿਤ ਹੋਇਆ। ਸਥਾਨਕ ਮਾਤਾ ਸਾਹਿਬ ਕੌਰ ਮੈਮੋਰੀਅਲ ਸਕੂਲ ਵਿਖੇ ਜ਼ਿਲ੍ਹਾ ਯੂਥ ਅਫ਼ਸਰ ਹਰਸ਼ਰਨ ਸਿੰਘ ਅਤੇ ਲੇਖਾ ਤੇ ਪ੍ਰੋਗਰਾਮ ਅਫ਼ਸਰ ਅਨਮੋਲ ਬਜਾਜ ਦੀ ਦੇਖ-ਰੇਖ ਵਿੱਚ ਲਾਏ ਗਏ ਇਸ ਕੈਂਪ ਚ ਵੱਖ-ਵੱਖ ਯੂਥ ਕਲੱਬਾਂ ਅਤੇ ਸੰਸਥਾਵਾਂ ਦੇ ਵਲੰਟੀਅਰਜ਼ ਨੇ ਭਾਗ ਲਿਆ। ਕੈਂਪ ਚ ਸ਼ਾਮਲ ਸਮੂਹ ਵਿਅਕਤੀਆਂ ਵੱਲੋਂ ਮੰਚ ਤੇ ਦਿੱਤੀ ਗਈ ਫੀਡਬੈਕ ਵਿਚ ਦੱਸਿਆ ਗਿਆ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਅਜਿਹਾ ਕੈਂਪ ਲਗਾਉਣ ਦਾ ਮੌਕਾ ਮਿਲਿਆ ਹੈ ਅਤੇ ਇਸ ਕੈਂਪ ਰਾਹੀਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ।ਪਹਿਲੇ ਦਿਨ ਸਾਬਕਾ ਵਿਧਾਇਕ ਸ੍ਰੀ ਸਰੂਪ ਚੰਦ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਕੈਂਪ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਨਹਿਰੂ ਯੁਵਾ ਕੇਂਦਰ ਬਠਿੰਡਾ ਦੇ ਪ੍ਰੋਗਰਾਮਾਂ ਅਤੇ ਗਤੀਵਧੀਆਂ ਦੀ ਪ੍ਰਸੰਸਾ ਕਰਦੇ ਹੋਏ ਭਵਿੱਖ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਕੂਲ ਦੇ ਪ੍ਰਿੰਸੀਪਲ ਡਾ. ਵੀਨਾ ਗਰਗ, ਐਡਵੋਕੇਟ ਮੋਹਨ ਲਾਲ ਗਰਗ ਅਤੇ ਬਲਦੇਵ ਅਕਲੀਆ ਨੇ ਨੌਜਵਾਨਾਂ ਨੂੰ ਚਰਿੱਤਰ ਨਿਰਮਾਣ ਕੈਂਪ ਬਾਰੇ ਦੱਸਿਆ।ਦੂਸਰੇ ਦਿਨ ਸ਼੍ਰੀ ਅਜੇ ਗਾਂਧੀ (ਆਈ ਪੀ ਐਸ) ਐਸ.ਪੀ.ਡੀ. ਨੇ ਮੁੱਖ ਮਹਿਮਾਨ ਵਜੋਂ ਨਸ਼ਿਆ ਦੇ ਅੰਕੜੇ ਦੱਸਦਿਆਂ ਕਿਹਾ ਕਿ ਅੱਜ ਯੂਥ ਭਟਕਣਾ ਵਿਚ ਰਹਿ ਕੇ ਨਸ਼ੇ ਦਾ ਸੇਵਨ ਕਰਦੇ ਹੋਏ ਆਪਣੀਆਂ ਜਿੰਦਗੀਆਂ ਨੂੰ ਅਲਵਿਦਾ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਵਲੋ ਸਪੈਸ਼ਲ ਟਾਸਕ ਟੀਮ ਤਹਿਤ ਪਿੰਡ-ਪਿੰਡ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਵਿਚ ਉਨ੍ਹਾਂ ਨੌਜਵਾਨਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਸ. ਸੁਖਮਿੰਦਰ ਸਿੰਘ ਚੱਠਾ ਚੇਅਰਮੈਨ ਫ਼ਤਹਿ ਗਰੁੱਪ ਰਾਮਪੁਰਾ ਫੂਲ ਨੇ ਵਿਦੇਸ਼ਾਂ ਵਿਚ ਨੌਜਵਾਨਾ ਦੇ ਵੱਧ ਰਹੇ ਰੁਝਾਨ ਵਿਚ ਜ਼ਾਹਿਰ ਕਰਦਿਆਂ ਨੌਜਵਾਨਾਂ ਨੂੰ ਦੇਸ਼ ਵਿਚ ਰਹਿਕੇ ਹੀ ਸਮਾਜ ਸੇਵਾ ਤੇ ਮਾਪਿਆਂ ਦੇ ਸਤਿਕਾਰ ਦੀ ਗੱਲ ਸਾਂਝੀ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਦੇਸ਼ ਵਿਚ ਰਹਿ ਕੇ ਆਪਣੀ ਪੰਜਾਬੀ ਭਾਸ਼ਾ ਦੀ ਸੇਵਾ ਕਰਨੀ ਚਾਹੀਦੀ ਹੈ।ਕੈਂਪ ਦੌਰਾਨ ਰੈੱਡ ਕਰਾਸ ਵੱਲੋਂ ਨਰੇਸ਼ ਪਠਾਨੀਆ ਨੇ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਅੱਜ ਅਸੀਂ ਅੰਧ ਵਿਸ਼ਵਾਸ਼ਾਂ ਵਿੱਚ ਘਿਰੇ ਹੋਣ ਕਾਰਨ ਅਤੇ ਨੌਜਵਾਨ ਮੁੱਢਲੀ ਸਹਾਇਤਾ ਤੋਂ ਜਾਗਰੂਕ ਨਾ ਹੋਣ ਕਾਰਨ ਕੀਮਤੀ ਜਾਨਾਂ ਨੂੰ ਗਵਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਵੀ ਅਸੀਂ ਸਮਾਜ ਵਿੱਚ ਮੁੱਢਲੀ ਸਹਾਇਤਾ ਤੋਂ ਵਾਂਝੇ ਹਾਂ। ਉੱਥੇ ਹੀ ਨੈਸ਼ਨਲ ਲਿਵਲਿਹੂਦ ਮਿਸ਼ਨ ਦੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਸੁਖਵਿੰਦਰ ਸਿੰਘ ਸੁੱਖਾ ਅਤੇ ਐਡਵਕੇਟ ਰਣਵੀਰ ਬਰਾੜ ਨੇ ਬੇਰੁਜ਼ਗਾਰੀ ਦੇ ਸਵਾਲਾਂ ਤੇ ਵਿਚਾਰ-ਚਰਚਾ ਕਰਦੇ ਹੋਏ ਨੌਜਵਾਨਾਂ ਨੂੰ ਸਕਿੱਲ ਨਾਲ ਜੁੜਨ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਅੱਜ ਪੜ੍ਹ-ਲਿਖ ਕੇ ਨੌਜਵਾਨ ਬੇਰੁਜ਼ਗਾਰੀ ਤੋ ਨਿਰਾਸ਼ ਹੋ ਕੇ ਨਸ਼ੇ ਵਰਗੀ ਭੈੜੀ ਅਲਾਮਤ ਨੂੰ ਗਲ ਲਗਾ ਰਹੇ ਨੇ।ਤੀਸਰੇ ਦਿਨ ਮੁੱਖ ਮਹਿਮਾਨ ਨਹਿਰੂ ਯੁਵਾ ਕੇਂਦਰ ਦੇ ਰਿਟਾਇਰਡ ਸਟੇਟ ਡਾਇਰੈਕਟਰ ਹਿਮਾਚਲ ਪ੍ਰਦੇਸ਼ ਜਗਜੀਤ ਸਿੰਘ ਮਾਨ ਵਲੋਂ ਨੌਜਵਾਨਾ ਨਾਲ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕਰਦਿਆਂ ਯੂਥ ਸ਼ਕਤੀ ਨੂੰ ਉਭਾਰਨ ਦਾ ਸੁਨੇਹਾ ਦਿੰਦੇ ਹੋਏ ਭਖਦੇ ਸਵਾਲਾਂ ਉੱਪਰ ਬੋਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੌਜਵਾਨਾਂ ਨਾਲ ਕੈਂਪ ਦੀਆ ਯਾਂਦਾਂ ਸਾਂਝੀਆ ਕੀਤੀਆਂ ਅਤੇ ਕਿਹਾ ਕਿ ਅਜਿਹੇ ਕੈਂਪ ਨੌਜਵਾਨਾ ਦੀ ਸ਼ਖਸੀਅਤ ਵਿਚ ਨਿਖਾਰ ਲਿਆਉਂਦੇ ਹਨ। ਕੈਂਪ ਦੌਰਾਨ ਕਲੱਬ ਦੇ ਨੌਜਵਾਨਾਂ ਨੂੰ ਖੇਡ ਕਿੱਟਾਂ ਨਾਲ ਸਨਮਾਨਿਤ ਕੀਤਾ ਗਿਆ । ਭਾਗੀਦਾਰ ਨੌਜਵਾਨਾਂ ਨੂੰ ਸਰਟੀਫ਼ਿਕੇਟ ਅਤੇ ਆਈ ਈ ਸੀ ਸਮੱਗਰੀ ਵੰਡੀ ਗਈ। ਰਿਹਾਇਸ਼ੀ ਕੈਂਪ ਦੌਰਾਨ ਰੋਜ਼ ਸਵੇਰੇ ਅਤੇ ਸ਼ਾਮ ਨੂੰ ਕਲਚਰਲ ਪ੍ਰੋਗਰਾਮ ਅਤੇ ਖੇਡਾਂ ਦਾ ਆਯੋਜਨ ਕੀਤਾ ਗਿਆ। ਸਟੇਜ ਸੰਚਾਲਨ ਯੂਥ ਲੀਡਰ ਹਰਵਿੰਦਰ ਬਰਾੜ ਅਤੇ ਲਾਡੀ ਜਟਾਣਾ ਵਲੋਂ ਕੀਤਾ ਗਿਆ।ਕੈਂਪ ਮੌਕੇ ਹਰਪ੍ਰੀਤ ਕੌਰ, ਹਰਵਿੰਦਰ ਕੌਰ, ਗੁਰਪ੍ਰੀਤ ਕੌਰ, ਕੁਲਦੀਪ ਕੌਰ, ਮਨਦੀਪ ਕੌਰ, ਜਤਿੰਦਰ ਜੋਨੀ, ਜਗਜੀਤ ਸਿੰਘ, ਬਹਾਦੁਰ ਸਿੰਘ, ਵਕੀਲ ਸਿੰਘ, ਜਸਪ੍ਰੀਤ ਸਿੰਘ, ਅਮਰੀਕ ਸਿੰਘ, ਅਜੈਪਾਲ ਸਿੰਘ, ਲਵਪ੍ਰੀਤ ਸਿੰਘ, ਸੰਦੀਪ ਸਿੰਘ ਕੋਟਫੱਤਾ, ਸੰਦੀਪ ਸਿੰਘ, ਮਲਕੀਤ ਸਿੰਘ, ਗੁਰਮੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਡੀ.ਸੀ.ਜੀ.ਆਈ. ਵੱਲੋਂ ਇੰਟਰਨੈੱਟ ’ਤੇ ਦਵਾਈਆਂ ਵੇਚਣ ਵਾਲੀਆਂ ਈ-ਫਾਰਮੇਸੀਜ਼ ਨੂੰ ਕਾਰਨ ਦੱਸੋ ਨੋਟਿਸ ਜਾਰੀ
ਕੈਮਿਸਟਾਂ ’ਚ ਖੁਸ਼ੀ ਦੀ ਲਹਿਰ, ਸਰਕਾਰ ਵੱਲੋਂ ਕੈਮਿਸਟਾਂ ਦੇ ਹੱਕ ’ਚ ਜਲਦ ਲਿਆ ਜਾਵੇਗਾ ਫੈਸਲਾ : ਅਸ਼ੋਕ ਬਾਲਿਆਂਵਾਲੀ
ਸੁਖਜਿੰਦਰ ਮਾਨ
ਬਠਿੰਡਾ, 13 ਫਰਵਰੀ : ਦੇਸ਼ ਭਰ ਦੇ ਕੈਮਿਸਟਾਂ ਵਿੱਚ ਰੋਸ਼ ਦੀ ਲਹਿਰ ਨੂੰ ਵੇਖਦਿਆਂ ਡੀ.ਸੀ.ਜੀ.ਆਈ. ਵੱਲੋਂ ਨੇ ਏ.ਆਈ.ਓ.ਸੀ.ਡੀ. ਦੇ ਵਫਦ ਨਾਲ ਮੀਟਿੰਗ ਕਰਨ ਤੋਂ ਬਾਅਦ ਈ-ਫਾਰਮੇਸੀਜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ, ਜਿਸ ਕਾਰਨ ਦੇਸ਼ ਭਰ ਦੇ ਕੈਮਿਸਟਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਦਿ ਬਠਿੰਡਾ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ (ਟੀ.ਬੀ.ਡੀ.ਸੀ.ਏ.) ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਏ.ਆਈ.ਓ.ਸੀ.ਡੀ. ਵੱਲੋਂ ਕੇਂਦਰ ਸਰਕਾਰ ਨੂੰ ਲਗਾਤਾਰ ਸੁਚੇਤ ਕੀਤਾ ਜਾ ਰਿਹਾ ਸੀ ਕਿ ਡਰੱਗ ਐਕਟ ਆਫ਼ ਇੰਡੀਆ ਅਤੇ ਹੋਰ ਹੁਕਮਾਂ ਤਹਿਤ ਜਨ ਸਿਹਤ ਲਈ ਖ਼ਤਰਨਾਕ ਦਵਾਈਆਂ ਦੀ ਆਨਲਾਈਨ ਵਿਕਰੀ ਦੀ ਇਜਾਜ਼ਤ ਨਹੀਂ ਹੈ ਅਤੇ ਨਾ ਹੀ ਮੁਨਾਫ਼ੇ ਵਾਲੀਆਂ ਸਕੀਮਾਂ ਤਹਿਤ ਇਸ਼ਤਿਹਾਰ ਜਾਰੀ ਕਰਨ ਦੀ ਇਜਾਜ਼ਤ ਹੈ, ਫਿਰ ਵੀ ਈ-ਫ਼ਾਰਮੇਸੀਜ ਵੱਲੋਂ ਔਨਲਾਈਨ ਦਵਾਈਆਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਦੇਸ਼ ਵਿੱਚ ਈ-ਫਾਰਮੇਸੀਜ ਨੇ ਦਵਾਈਆਂ ਦਾ ਵਪਾਰ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਨਕਲੀ ਦਵਾਈਆਂ ਦੀ ਭਰਮਾਰ ਦੇ ਨਾਲ-ਨਾਲ ਪਾਬੰਦੀਸ਼ੁਦਾ ਦਵਾਈਆਂ ਵੀ ਆਮ ਲੋਕਾਂ ਤੱਕ ਆਸਾਨੀ ਨਾਲ ਪਹੁੰਚ ਰਹੀਆਂ ਹਨ, ਜਿਸ ਕਾਰਨ ਨਸ਼ੇ ਨੂੰ ਵੀ ਬੜ੍ਹਾਵਾ ਮਿਲ ਰਿਹਾ ਹੈ। ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਆਨਲਾਈਨ ਐਪ ਰਾਹੀਂ ਨਾਰਕੋਟਿਕ ਡਰੱਗਜ਼, ਪ੍ਰੈਗਨੈਂਸੀ ਟਰਮੀਨੇਸ਼ਨ ਕਿੱਟਾਂ, ਐਂਟੀਬਾਇਓਟਿਕਸ, ਸਿੰਥੈਟਿਕ ਡਰੱਗਜ਼ ਦੀ ਸਪਲਾਈ ਨੂੰ ਆਸਾਨ ਬਣਾਇਆ ਗਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜਲਦੀ ਹੀ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਦੇ ਕੈਮਿਸਟਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਈ-ਫਾਰਮੇਸੀਜ ਖਿਲਾਫ ਸਰਕਾਰ ਦੇ ਇਸ ਫੈਸਲੇ ਦਾ ਦੇਸ਼ ਭਰ ਦੇ ਕੈਮਿਸਟਾਂ ਨੂੰ ਹੀ ਨਹੀਂ, ਸਗੋਂ ਆਮ ਲੋਕਾਂ ਨੂੰ ਵੀ ਫਾਇਦਾ ਹੋਵੇਗਾ ਅਤੇ ਨਸ਼ੇ ’ਤੇ ਵੀ ਰੋਕ ਲੱਗੇਗੀ।
’ਮੈਂ ਪੰਜਾਬੀ, ਬੋਲੀ ਪੰਜਾਬੀ ਮੁਹਿੰਮ’ ਦੇ ਤੇਰਵੇਂ ਦਿਨ ਲਗਾਈ ਕੈਲੀਗਰਾਫ਼ੀ ਵਰਕਸ਼ਾਪ
ਮਾਸਟਰਮਾਈਂਡ ਕਾਲਜ ਸਮੇਤ 5300 ਵਿਦਿਆਰਥੀਆਂ ਨੇ 27 ਪਿੰਡਾਂ ਵਿੱਚ ਕੱਢੀਆਂ ਜਾਗਰੂਕਤਾ ਰੈਲੀਆਂ
ਸੁਖਜਿੰਦਰ ਮਾਨ
ਬਠਿੰਡਾ, 13 ਫਰਵਰੀ : ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ’ਮੈਂ ਪੰਜਾਬੀ, ਬੋਲੀ ਪੰਜਾਬੀ’ ਨਾਮ ਹੇਠ 1 ਫਰਵਰੀ ਤੋਂ 21 ਫ਼ਰਵਰੀ ਤੱਕ ਚਲਾਈ ਜਾ ਰਹੀ ਮੁਹਿੰਮ ਅਧੀਨ ਅੱਜ ਤੇਰਵੇਂ ਦਿਨ ਸਥਾਨਕ ਐਮ.ਐੱਸ.ਡੀ. ਸਕੂਲ ਵਿਖੇ ਮਾਂ-ਬੋਲੀ ਪੰਜਾਬੀ ਦੀ ਕੈਲੀਗਰਾਫ਼ੀ ਵਰਕਸ਼ਾਪ ਲਗਾਈ ਗਈ, ਜਿਸ ਵਿੱਚ 80 ਵਿਦਿਆਰਥੀਆਂ ਨੇ ਭਾਗ ਲਿਆ । ਵਰਕਸ਼ਾਪ ਵਿੱਚ ਗੁਰਮੁਖੀ ਲਿਪੀ ਦੇ ਸੁੰਦਰ ਲਿਖਾਈ ਦੇ ਮਾਹਿਰ ਅਧਿਆਪਕ ਸ਼੍ਰੀ ਧਰਮਪਾਲ ਰਿਸੋਰਸ ਪਰਸਨ ਵਜੋਂ ਪੁੱਜੇ। ਮੁੱਖ ਮਹਿਮਾਨ ਦੇ ਤੌਰ ’ਤੇ ਸ਼੍ਰੀਮਤੀ ਮਨਦੀਪ ਕੌਰ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਆਮ ਆਦਮੀ ਪਾਰਟੀ ਨੇ ਆਪਣੀ ਪੂਰੀ ਟੀਮ ਸਮੇਤ ਸ਼ਿਰਕਤ ਕੀਤੀ ਅਤੇ ਸਕੂਲ ਦੇ ਪ੍ਰਿੰਸੀਪਲ ਡਾ ਸੂਰਜ ਸੇਤੀਆ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪਹੁੰਚੇ ।ਇਸ ਮੌਕੇ ਮੁੱਖ ਮਹਿਮਾਨ ਮੈਡਮ ਮਨਦੀਪ ਕੌਰ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਵਿਲੱਖਣ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਹੋਇਆ ਕਿਹਾ ਕਿ ਮਾਤ-ਭਾਸ਼ਾ ਦੇ ਸੰਬੰਧ ਵਿੱਚ ਅਜਿਹੇ ਉੱਦਮ ਸਮੇਂ ਦੀ ਲੋੜ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੀ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਹਰ ਤਰ੍ਹਾਂ ਨਾਲ ਯਤਨਸ਼ੀਲ ਹੈ। ਸ਼੍ਰੀ ਧਰਮਪਾਲ ਨੇ ਬੜੇ ਹੀ ਕਲਾਤਮਕ ਤਰੀਕੇ ਨਾਲ ਵਿਦਿਆਰਥੀਆਂ ਨਾਲ ਸੰਵਾਦ ਰਚਾ ਕੇ ਉਨ੍ਹਾਂ ਨੂੰ ਸੋਹਣੀ ਅੱਖਰ ਬਣਤਰ ਦੇ ਗੁਰ ਦਿੱਤੇ । ਮੰਚ ਸੰਚਾਲਨ ਦੀ ਭੂਮਿਕਾ ਖੋਜ਼ ਅਫ਼ਸਰ ਨਵਪ੍ਰੀਤ ਸਿੰਘ ਨੇ ਨਿਭਾਈ। ਵਰਕਸ਼ਾਪ ਵਿੱਚ ਸਕੂਲ ਦੇ ਪੰਜਾਬੀ ਵਿਭਾਗ ਦੇ ਅਧਿਆਪਕ ਵੀ ਮੌਜੂਦ ਸਨ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ’ਮੈਂ ਪੰਜਾਬੀ,ਬੋਲੀ ਪੰਜਾਬੀ’ 21 ਰੋਜ਼ਾ ਮੁਹਿੰਮ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਨਾ ਸਿਰਫ਼ ਗੁਰਮੁਖੀ ਲਿਪੀ ਨੂੰ ਵੱਖਰਾ ਮਿਆਰ ਦੇਣਗੀਆਂ ਬਲਕਿ ਅੱਜ ਦੀ ਪੀੜ੍ਹੀ ਦਾ ਮਾਂ-ਬੋਲੀ ਨਾਲ ਰਿਸ਼ਤਾ ਹੋਰ ਗੂੜ੍ਹਾ ਕਰਨਗੀਆਂ। ਇਸ ਰੈਲੀ ਵਿੱਚ ਕਾਲਜ ਦੇ ਡਾਇਰੈਕਟਰ ਸ਼੍ਰੀ ਡੀ.ਆਰ. ਸਿੰਗਲਾ, ਪ੍ਰਿੰਸੀਪਲ ਡਾ. ਸਤਿੰਦਰ ਕੌਰ, ਵਾਈਸ ਪ੍ਰਿੰਸੀਪਲ ਸ਼੍ਰੀ ਗਗਨ ਸਹਿਗਲ, ਕੋਆਰਡੀਨੇਟਰ ਸ਼੍ਰੀ ਪਰਮਜੀਤ ਕੁਮਾਰ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ।
ਸਾਹਿਤ ਸੱਭਿਆਚਾਰ ਮੰਚ ਦੀ ਹੋਈ ਚੋਣ ਵਿਚ ਬਲਵਿੰਦਰ ਸਿੰਘ ਭੁੱਲਰ ਬਣੇ ਪ੍ਰਧਾਨ
ਸੁਖਜਿੰਦਰ ਮਾਨ
ਬਠਿੰਡਾ, 13 ਫਰਵਰੀ: ਸਾਹਿਤ ਸੱਭਿਆਚਾਰ ਮੰਚ ਰਜਿ: ਬਠਿੰਡਾ ਦੀ ਚੋਣ ਸ੍ਰੋਮਣੀ ਸਾਹਿਤਕਾਰ ਅਤਰਜੀਤ ਕਹਾਣੀਕਾਰ ਅਤੇ ਆਤਮਾ ਰਾਮ ਰੰਜਨ ਸੰਪਾਦਕ ਪਰਵਾਜ਼ ਦੀ ਨਿਗਰਾਨੀ ’ਚ ਹੋਈ। ਸਰਬਸੰਮਤੀ ਨਾਲ ਸਰਵ ਸ੍ਰੀ ਅਤਰਜੀਤ ਨੂੰ ਸ੍ਰਪਰਸਤ, ਬਲਵਿੰਦਰ ਸਿੰਘ ਭੁੱਲਰ ਪ੍ਰਧਾਨ, ਭੁਪਿੰਦਰ ਸੰਧੂ ਸੀਨੀਅਰ ਮੀਤ ਪ੍ਰਧਾਨ, ਕੁਲਦੀਪ ਸਿੰਘ ਬੰਗੀ ਜਨਰਲ ਸਕੱਤਰ, ਪੋਰਿੰਦਰ ਸਿੰਗਲਾ ਵਿੱਤ ਸਕੱਤਰ, ਜਸਕਰਨ ਸਿੰਘ ਮੀਤ ਪ੍ਰਧਾਨ, ਦਰਸ਼ਨ ਦਰਸੀ ਜੁਆਇੰਟ ਸਕੱਤਰ, ਸਤਵਿੰਦਰ ਸਿਵੀਆਂ ਪ੍ਰਚਾਰ ਸਕੱਤਰ, ਗੁਰਪ੍ਰੀਤ ਸਿੰਘ ਪ੍ਰੀਤ ਪ੍ਰੈਸ ਸਕੱਤਰ ਅਤੇ ਅਮਰਜੀਤ ਜੀਤ ਮੁੱਖ ਸਲਾਹਕਾਰ ਚੁਣੇ ਗਏ।
ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀ (ਉਗਰਾਹਾ) ਨੇ ਜ਼ਿਲ੍ਹਾ ਪੱਧਰੀ ਧਰਨਾ ਦਿੰਦਿਆਂ ਸਹਿਰ ਵਿੱਚ ਕੀਤਾ ਮੁਜਾਹਰਾ
ਸੁਖਜਿੰਦਰ ਮਾਨ
ਬਠਿੰਡਾ, 13 ਫਰਵਰੀ: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਖਾਲਸਤਾਨੀ ਕੈਦੀਆਂ ਸਮੇਤ ਸਭਨਾਂ ਕੈਦੀਆਂ ਦੀ ਤੁਰੰਤ ਬਿਨਾਂ ਸ਼ਰਤ ਰਿਹਾਈ ਖਾਤਰ ਦਿੱਤੇ ਸੱਦੇ ਤਹਿਤ ਅੱਜ ਜਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਦੀ ਅਗਵਾਈ ਵਿੱਚ ਮਿਨੀ ਸਕੱਤਰੇਤ ਅੱਗੇ ਧਰਨਾ ਦੇ ਕੇ ਡਿਪਟੀ ਕਮਿਸ਼ਨਰ ਰਾਹੀਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ। ਇਸਤੋਂ ਇਲਾਵਾ ਸ਼ਹਿਰ ਵਿਚ ਰੋਸ਼ ਮੁਜ਼ਾਹਰਾ ਵੀ ਕੀਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸ਼ੁਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ 22 ਖਾਲਸਿਤਾਨੀ ਕੈਦੀਆਂ ਸਮੇਤ ਪੂਰੇ ਦੇਸ਼ ਦੇ ਬਹੁਤ ਵੱਡੀ ਗਿਣਤੀ ਵਿੱਚ ਦਲਿਤ, ਆਦਿਵਾਸੀ, ਮੁਸਲਮਾਨ ਤੇ ਸਮਾਜ ਦੇ ਹੋਰ ਦੱਬੇ-ਕੁਚਲੇ ਲੋਕ ਸ਼ਾਮਲ ਹਨ। ਜਿਲਾ ਜਨਰਲ ਸਕੱਤਰ ਹਰਜਿੰਦਰ ਸਿੰਘ ਬਗੀ ਨੇ ਕਿਹਾ ਕਿ ਫਿਰਕੂ ਕਤਲਾਂ ਦੇ ਦੋਸ਼ੀ ਖਾਲਿਸਤਾਨੀ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਲਈ ਅਵਾਜ਼ ਉਠਾਉਣਾ ਵੀ ਸਭਨਾਂ ਜਮਹੂਰੀ ਤਾਕਤਾਂ ਦਾ ਸਾਂਝਾ ਕਾਰਜ ਹੈ। ਕਰਨਾਟਕ ਜੇਲ੍ਹ ਤੋਂ ਪੈਰੋਲ ’ਤੇ ਆਏ ਅਜਿਹੇ ਪੀੜਤ ਕੈਦੀ ਗੁਰਦੀਪ ਸਿੰਘ ਖੇੜਾ ਨੇ ਵੀ ਇਸ ਪੈਂਤੜੇ ਉੱਪਰ ਹੀ ਮੋਹਰ ਲਾਈ ਹੈ। ਜਥੇਬੰਦੀ ਵੱਲੋਂ ਤਾਂ ਪਹਿਲਾਂ ਤੋਂ ਹੀ ਇਸ ਪੈਂਤੜੇ ਤਹਿਤ ਆਵਾਜ਼ ਉਠਾਈ ਜਾਂਦੀ ਰਹੀ ਹੈ। ਹੁਣ ਸਾਲ ਦੇ ਅੰਦਰ ਅੰਦਰ ਹੀ ਮਨੁੱਖੀ ਅਧਿਕਾਰ ਦਿਵਸ ਮੌਕੇ 10 ਦਸੰਬਰ 2021 ਨੂੰ ਦਿੱਲੀ ਅੰਦੋਲਨ ਦੌਰਾਨ ਟਿਕਰੀ ਬਾਰਡਰ ਦਿੱਲੀ ਵਿਖੇ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ 28 ਸਤੰਬਰ 2022 ਨੂੰ ਬਰਨਾਲਾ ਵਿਖੇ ਬੇਸ਼ੁਮਾਰ ਇਕੱਠਾਂ ਵਿੱਚ ਇਨ੍ਹਾਂ ਮੰਗਾਂ ਸੰਬੰਧੀ ਮਤੇ ਪਾਸ ਕਰਕੇ ਜ਼ੋਰਦਾਰ ਆਵਾਜ਼ ਉਠਾਈ ਜਾ ਚੁੱਕੀ ਹੈ। ਔਰਤ ਜਥੇਬੰਦੀ ਦੀਆਗੂ ਹਰਿੰਦਰ ਬਿੰਦੂ ਨੇ ਕਿਹਾ ਕਿ ਅੱਜ ਦੇ ਅਖਬਾਰਾਂ ਦੀਆਂ ਰਿਪੋਰਟਾਂ ਮੁਤਾਬਕ ਪੰਜਾਬ ਦੀਆਂ ਜੇਲਾਂ ਵਿਚ ਵੱਖ ਵੱਖ ਜੁਰਮਾਂ ਤਹਿਤ ਔਰਤਾਂ ਦੇ ਨਾਲ 6 ਤੋਂ ਘੱਟ ਉਮਰ ਦੇ 46 ਬੱਚੇ ਬਿਨਾਂ ਕਿਸੇ ਕਸੂਰ ਅਤੇ ਗੈਰ ਕਾਨੂੰਨੀ ਤੌਰ ਤੇ ਜੇਲ੍ਹਾਂ ਵਿੱਚ ਬੰਦ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਬੱਚਿਆਂ ਨੂੰ ਜੇਲ੍ਹਾਂ ਤੋਂ ਬਾਹਰ ਪੂਰਨ ਆਜ਼ਾਦੀ ਮਾਨਣ ਦੇ ਪ੍ਰਬੰਧ ਕੀਤੇ ਜਾਣ। ਮੰਗ ਪੱਤਰ ਦੇਣ ਤੋਂ ਬਾਅਦ ਕਿਸਾਨਾਂ ਦੇ ਕਾਫਲੇ ਨੇ ਹਨੂੰਮਾਨ ਚੌਕ ਤੱਕ ਮੁਜਾਹਰਾ ਕਰ ਕੇ ਜੋਰਦਾਰ ਨਾਹਰਿਆਂ ਰਾਹੀਂ ਸਹਿਰ ਵਾਸੀਆਂ ਤੱਕ ਆਪਣੀ ਮੰਗ ਉਭਾਰੀ। ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਨੇ ਕਿਰਾਇਆ ਘੋਲ,ਜ਼ਮੀਨੀ ਘੋਲ ਅਤੇ ਦਿੱਲੀ ਮੋਰਚੇ ਦੌਰਾਨ ਪਿੰਡ ਜੇਠੂਕੇ ਦੇ ਸ਼ਹੀਦ ਹੋਏ ਸ਼ਹੀਦਾਂ ਦੀ 15 ਫਰਵਰੀ ਨੂੰ ਸ਼ਹੀਦੀ ਪਾਰਕ ਜੇਠੂਕੇ ਵਿਖੇ ਮਨਾਈ ਜਾ ਬਰਸੀ ਤੇ ਕਿਸਾਨਾਂ ,ਮਜ਼ਦੂਰਾਂ ਔਰਤਾਂ ਅਤੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ । ਅੱਜ ਦੇ ਇਕੱਠ ਨੂੰ ਦਰਸਨ ਸਿੰਘ ਮਾਈਸਰਖਾਨਾ,ਜਗਦੇਵ ਸਿੰਘ ਜੋਗੇਵਾਲਾ,ਜਗਸੀਰ ਸਿੰਘ ਝੁੰਬਾ,ਮਾਲਣ ਕੌਰ ਕੋਠਾ ਗੁਰੂ, ਪੀ ਐਸ ਯੂ ( ਸ਼ਹੀਦ ਰੰਧਾਵਾ ) ਦੇ ਆਗੂ ਬਿੰਦਰ ਸਿੰਘ ਘੁੱਦਾ ਅਤੇ ਪੀ ਐਸ ਯੂ ( ਲਲਕਾਰ ) ਦੇ ਆਗੂ ਗੁਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
ਸਿਹਤ ਵਿਭਾਗ ਵਲੋਂ ਬੱਚਿਆਂ ਨੂੰ ਜਾਨਲੇਵਾ ਬੀਮਾਰੀਆਂ ਤੋਂ ਬਚਾਉਣ ਲਈ ਵਿਸ਼ੇਸ਼ ਟੀਕਾਕਰਨ ਮੁਹਿੰਮ ਦਾ ਆਗਾਜ਼
ਸਿਵਲ ਸਰਜਨ ਵਲੋਂ ਮਾਪਿਆਂ ਨੂੰ ਬੱਚਿਆਂ ਦਾ ਟੀਕਾਕਰਨ ਕਰਾਉਣ ਦੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 13 ਫਰਵਰੀ: ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਸੰਪੂਰਨ ਟੀਕਾਕਰਨ ਮੁਹਿੰਮ ਤਹਿਤ 13 ਫਰਵਰੀ ਤੋਂ 17 ਫਰਵਰੀ ਤੱਕ ਵਿਸ਼ੇਸ਼ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਅੱਜ ਟੀਕਾਕਰਨ ਮੁਹਿੰਮ ਸ਼ੁਰੂ ਗਰਦਿਆਂ ਸਿਵਲ ਸਰਜ਼ਨ ਡਾ. ਢਿੱਲੋਂ ਵਲੋਂ ਸੀ.ਐਚ.ਸੀ ਨਥਾਣਾ, ਸੀ.ਐਚ.ਸੀ ਭਗਤਾ ਅਤੇ ਆਮ ਆਦਮੀ ਕਲੀਨਿਕ ਦਿਆਲਪੁਰਾ ਮਿਰਜ਼ਾ ਵਿਖੇ ਵੈਕਸੀਨੇਸ਼ਨ ਕੈਂਪਾਂ ਅਤੇ ਸੰਸਥਾ ਦੇ ਸਮੁੱਚੇ ਕੰਮਕਾਜ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ ਸੰਪੂਰਨ ਟੀਕਾਕਰਨ ਯਕੀਨੀ ਬਣਾਉਣ ਲਈ ਵਿਸ਼ੇਸ਼ ਟੀਕਾਕਰਨ ਕੈਂਪ ਜ਼ਿਲ੍ਹੇ ਵਿਚ ਲਗਾਏ ਜਾ ਰਹੇ ਹਨ।ਜਿਸਦਾ ਮੁੱਖ ਉਦੇਸ਼ 0 ਤੋਂ 5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਦੀ ਕਵਰੇਜ਼ ਨੂੰ ਮਜ਼ਬੂਤ ਕਰਨਾ ਹੈ। ਇਸ ਟੀਚੇ ਤਹਿਤ 5 ਸਾਲ ਤੋਂ ਘੱਟ ਉਮਰ ਦੇ ਬੱਚੇ ਜਾਂ ਅੰਸ਼ਿਕ ਤੌਰ ਉਤੇ ਟੀਕਾਕਰਨ ਤੋਂ ਵਾਂਝੇ ਅਤੇ ਟੀਕਾਕਰਨ ਤੋਂ ਰਹਿਤ ਜਾਂ ਅੰਸ਼ਿਕ ਤੌਰ ਉਤੇ ਟੀਕਾਕਰਨ ਵਾਲੀਆਂ ਗਰਭਵਤੀ ਔਰਤ ਲਾਭਪਾਤਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਵੀ ਕੀਤੀ ਕਿ ਕਿਸੇ ਵੀ ਕਾਰਨ ਕਰਕੇ ਟੀਕਾਕਰਨ ਤੋਂ ਵਾਂਝੇ ਇਨ੍ਹਾਂ ਬੱਚਿਆਂ ਨੂੰ ਇਸ ਮੁਹਿੰਮ ਦੌਰਾਨ ਟੀਕਾਕਰਨ ਕਰਵਾਇਆ ਜਾ ਸਕੇ ਤਾਂ ਜੋ ਬੱਚਿਆਂ ਨੂੰ ਜਾਨਲੇਵਾ ਬੀਮਾਰੀਆਂ ਤੋਂ ਸੁਰੱਖਿਅਤ ਕੀਤਾ ਜਾ ਸਕੇ।
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਰਕੀਟੈਕਚਰਲ ਕੁਇਜ਼ ਮੁਕਾਬਲਾ ਜਿੱਤਿਆ
ਸੁਖਜਿੰਦਰ ਮਾਨ
ਬਠਿੰਡਾ, 13 ਫਰਵਰੀ: ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਗਿਆਨੀ ਜ਼ੈਲ ਸਿੰਘ ਸਕੂਲ ਆਫ਼ ਆਰਕੀਟੈਕਚਰ ਐਂਡ ਪਲੈਨਿੰਗ ਦੇ 5ਵੇਂ ਸਾਲ ਦੇ ਹੋਣਹਾਰ ਵਿਦਿਆਰਥੀ ਸਿਮਰਪ੍ਰੀਤ ਕੌਰ ਅਤੇ ਅਨਿਕੇਤ ਸਿੰਗਲਾ ਨੇ ਭਾਰਤ ਦਾ ਸਭ ਤੋਂ ਵੱਡਾ ਆਰਕੀਟੈਕਚਰ ਕੁਇਜ਼ ਮੁਕਾਬਲਾ ਆਰਚੂਮੈਨ -2023 ਉੱਤਰੀ ਇੰਟਰਫੇਸ ਜਿੱਤ ਕੇ ਯੂਨੀਵਰਸਿਟੀ ਦਾ ਨਾਮ ਰਾਸ਼ਟਰੀ ਪੱਧਰ ਤੇ ਰੋਸ਼ਨ ਕੀਤਾ ਹੈ। ਜਦੋਂ ਕਿ ਸਕੂਲ ਆਫ ਪਲੈਨਿੰਗ ਐਂਡ ਆਰਕੀਟੈਕਚਰ, ਨਵੀਂ ਦਿੱਲੀ ਦੇ ਵਿਦਿਆਰਥੀ ਹੇਤ ਪਾਰਿਖ ਅਤੇ ਦੀਪੰਜਨਾ ਦਾਸ ਦੂਜੇ ਸਥਾਨ ਤੇ ਰਹੇ ਅਤੇ ਮਾਧਵ ਇੰਸਟੀਚਿਊਟ ਆਫ ਟੈਕਨਾਲੋਜੀ ਐਂਡ ਸਾਇੰਸ, ਗਵਾਲੀਅਰ ਦੇ ਸ਼ਰੂਤੀ ਪਾਲ ਅਤੇ ਸ਼ਿਵਾਂਗੀ ਸਵਰਨਕਰ ਨੇ ਤੀਜਾ ਸਥਾਨ ਹਾਸਿਲ ਕੀਤਾ। ਇਹ ਮੁਕਾਬਲਾ ਟੀਮ ਈਥੋਸ ਦੁਆਰਾ ਹਾਲ ਹੀ ਵਿੱਚ ਪ੍ਰਸਿੱਧ ਸਕੂਲ ਆਫ ਪਲੈਨਿੰਗ ਐਂਡ ਆਰਕੀਟੈਕਚਰ, ਦਿੱਲੀ ਵਿਖੇ ਆਯੋਜਿਤ ਕੀਤਾ ਗਿਆ ਸੀ। ਇਸ ਸਮਾਗਮ ਵਿੱਚ ਪੂਰੇ ਉੱਤਰੀ ਜ਼ੋਨ ਦੇ 60 ਤੋਂ ਵੱਧ ਕਾਲਜਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਦੇ ਸ਼ੁਰੂਆਤੀ ਦੌਰ ਵਿਚ 20 ਉਦੇਸ਼ ਆਧਾਰਿਤ ਪ੍ਰਸ਼ਨਾਂ ਦਾ ਇੱਕ ਲਿਖਤੀ ਇਮਤਿਹਾਨ ਸੀ, ਜਿਸ ਦੇ ਆਧਾਰ ’ਤੇ ਛੇ ਟੀਮਾਂ ਨੂੰ ਖੇਤਰੀ ਚੈਂਪੀਅਨਸ਼ਿਪ – ਉੱਤਰੀ ਇੰਟਰਫੇਸ ਲਈ ਸਟੇਜ ’ਤੇ ਮੁਕਾਬਲਾ ਕਰਨ ਲਈ ਚੁਣਿਆ ਗਿਆ ਸੀ।ਯੂਨੀਵਰਸਿਟੀ ਦੇ ਆਰਕੀਟੈਕਚਰ ਵਿਭਾਗ ਦੇ ਸਾਬਕਾ ਮੁਖੀ ਪ੍ਰੋ: ਰਿਪੂ ਦਮਨ ਸਿੰਘ ਨੇ ਵਿਦਿਆਰਥੀਆਂ ਨੂੰ ਅਜਿਹੇ ਕੁਇਜ਼ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਸੀ। ਵਿਭਾਗ ਦੇ ਮੁਖੀ ਪ੍ਰੋ: ਭੁਪਿੰਦਰ ਪਾਲ ਸਿੰਘ ਢੋਟ ਨੇ ਕਿਹਾ ਕਿ ਇਸ ਨਾਲ ਇਤਿਹਾਸ, ਆਰਕੀਟੈਕਟਸ, ਸਸਟੇਨੇਬਿਲਟੀ ਅਤੇ ਹੋਰ ਬਹੁਤ ਕੁਝ ਦੇ ਗਿਆਨ ਪ੍ਰਤੀ ਜਾਗਰੂਕ ਹੋਣ ਵਾਲੇ ਆਤਮਵਿਸ਼ਵਾਸੀ ਪੇਸ਼ੇਵਰਾਂ ਨੂੰ ਬਣਾਉਣ ਵਿੱਚ ਮਦਦ ਮਿਲੇਗੀ।ਯੂਨੀਵਰਸਿਟੀ, ਵਾਈਸ-ਚਾਂਸਲਰ, ਪ੍ਰੋ: ਬੂਟਾ ਸਿੰਘ ਸਿੱਧੂ ਅਤੇ ਰਜਿਸਟਰਾਰ, ਡਾ: ਗੁਰਿੰਦਰ ਪਾਲ ਸਿੰਘ ਬਰਾੜ ਨੇ ਸੰਸਥਾ ਦਾ ਨਾਮ ਰੋਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ।
ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਯੂਨੀਵਰਸਿਟੀ ਵਿਖੇ ਕਰਵਾਈ ਆਪਣੀ ਤਰ੍ਹਾਂ ਦੀ ਪਹਿਲੀ ਸਰਕਾਰ-ਕਿਸਾਨ ਮਿਲਣੀ ਨੂੰ ਭਰਵਾਂ ਹੁੰਗਾਰਾ
ਬਠਿੰਡਾ ’ਚ ਪਹਿਲੀ ਵਾਰ ‘‘ਫ਼ਲਾਵਰ ਫੈਸਟੀਵਲ’’ ਦਾ ਆਯੋਜਨ
ਸ਼ਹਿਰ ਵਾਸੀਆਂ ਨੂੰ ਫੁੱਲਾਂ ਦੀਆਂ 100 ਤੋਂ ਵੱਧ ਕਿਸਮਾਂ ਤੋਂ ਕਰਵਾਇਆ ਰੂ-ਬ-ਰੂ
ਸੁਖਜਿੰਦਰ ਮਾਨ
ਬਠਿੰਡਾ, 12 ਫ਼ਰਵਰੀ: ਬਠਿੰਡਾ ਸ਼ਹਿਰ ਵਿਚ ਅੱਜ ਅਪਣੀ ਕਿਸਮ ਦਾ ਪਹਿਲੀ ਵਾਰ ‘‘ਫ਼ਲਾਵਰ ਫੈਸਟੀਵਲ’’ ਦਾ ਆਯੋਜਨ ਕੀਤਾ ਗਿਆ। ਟਰੀ ਲਵਰ ਸੋਸਾਇਟੀ ਅਤੇ ਨਗਰ ਨਿਗਮ ਦੇ ਸਹਿਯੋਗ ਨਾਲ ਸਥਾਨਕ ਰੋਜ਼ ਗਾਰਡਨ ’ਚ ਆਯੋਜਿਤ ਇਸ ਫਲਾਵਰ ਫੈਸਟੀਵਲ ਵਿਚ 100 ਤੋਂ ਵਧ ਕਿਸਮ ਦੇ ਫੁੱਲਾਂ ਦੀਆਂ ਕਿਸਮਾਂ ਤੋਂ ਸ਼ਹਿਰ ਵਾਸੀਆਂ ਨੂੰ ਜਾਣੂ ਕਰਵਾਇਆ ਗਿਆ। ਇਸ ਫ਼ਲਾਵਰ ਮੇਲੇ ’ਚ ਲੋਕਾਂ ਦਾ ਉਤਸ਼ਾਹ ਵੀ ਕਾਫ਼ੀ ਵਧੀਆ ਰਿਹਾ। ਫ਼ਲਾਵਰ ਫੈਸਟੀਵਲ ਦਾ ਆਗਾਜ ਨਗਰ ਨਿਗਮ ਕਮਿਸ਼ਨਰ ਸ਼੍ਰੀ ਰਾਹੁਲ ਅਤੇ ਐੱਸ.ਈ. ਸੰਦੀਪ ਗੁਪਤਾ ਵਲੋਂ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ। ਜਦੋਂਕਿ ਇਸ ਮੌਕੇ ਟਰੀ ਲਵਰ ਸੋਸਾਇਟੀ ਦੇ ਮੁਖੀ ਕੁਲਵਿੰਦਰ ਸਿੰਘ, ਜਤਿੰਦਰ ਸ਼ਰਮਾ, ਸਲਿਲ ਬਾਂਸਲ, ਮੰਗਲਜੀਤ ਗੋਇਲ ਅਤੇ ਅਮੁਲ ਗਰਗ ਆਦਿ ਵੀ ਹਾਜ਼ਰ ਰਹੇ। ਇਸ ਫ਼ਲਾਵਰ ਮੇਲੇ ’ਚ ਲੋਕਾਂ ਨੇ ਵਾਤਾਵਰਨ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਅਤੇ ਵਾਤਾਵਰਨ ਦੀ ਸੰਭਾਲ ਲਈ ਸਮਾਜ ਨੂੰ ਪੂਰਾ ਸਹਿਯੋਗ ਦਿੱਤਾ। ਇਸ ਦੌਰਾਨ ਹੋਏ ਫਲੋਰਲ ਡਰੈੱਸ ਮੁਕਾਬਲੇ ਵਿੱਚ ਸਿੰਮੀ ਨੇ ਪਹਿਲਾ, ਹਰਪ੍ਰੀਤ ਸ਼ਰਮਾ ਨੇ ਦੂਜਾ, ਜਸਪ੍ਰੀਤ ਤੇ ਸੰਧਿਆ ਨੇ ਤੀਜਾ ਸਥਾਨ ਹਾਸਲ ਕੀਤਾ। ਮੇਲੇ ਵਿੱਚ ਕਰਵਾਏ ਗਏ ਘੱਟ ਸਮੇਂ ਵਿੱਚ ਵੱਧ ਫੁੱਲ ਪਾਉਣ ਦੇ ਮੁਕਾਬਲੇ ਵਿੱਚ ਡਾ: ਗੌਰਵ ਸਿੰਗਲਾ ਨੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਡਾ: ਅਨੁਪਮਾ ਸਿੰਗਲਾ, ਅਨੀਸ਼ਾ ਨੇ ਦੂਜਾ ਅਤੇ ਦਿਲਪ੍ਰੀਤ ਅਤੇ ਰੀਤਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੇਲੇ ਦਾ ਮੁੱਖ ਆਕਰਸ਼ਣ ਵੱਖ-ਵੱਖ ਫੁੱਲਾਂ ਦੀਆਂ 500 ਤੋਂ ਵੱਧ ਕਿਸਮਾਂ ਦੀ ਪ੍ਰਦਰਸ਼ਨੀ ਸੀ। ਮੇਲੇ ਵਿੱਚ ਡੌਗ ਫਲਾਵਰ, ਗੁਲਨਾਰ, ਗੁਲਰਾਫੀ, ਕਿਨੇਰੀਆ, ਆਇਸਾ ਫਲਾਵਰ, ਦੋਹਲੀਆ, ਡਿੰਟੇਸ, ਮੇਰੀ ਗੋਲਡ, ਪਿਟੋਨੀਆ, ਸਾਲਵੀਆ, ਵਰਵੀਨਾ, ਵੈਨਫਲਾਵਰ ਅਤੇ ਹੋਰ ਫੁੱਲਾਂ ਦੇ ਮੁਕਾਬਲੇ ਵੀ ਕਰਵਾਏ ਗਏ। ਤਿਉਹਾਰ ਲਈ ਰੋਜ਼ਗਾਰਡਨ ਦੇ ਨਾਲ-ਨਾਲ ਸਾਰੇ ਸੱਤ ਲਾਅਨ ਵਿੱਚ ਸੈਲਫੀ ਸਟੈਂਡ ਲਗਾਏ ਗਏ ਸਨ। ਜਿਸ ’ਚ ਲੋਕਾਂ ਨੇ ਫੁੱਲਾਂ ਨਾਲ ਸਜਾਇਆ ਹੈਨੇ ਤਸਵੀਰਾਂ ਖਿਚਵਾ ਕੇ ਮਹਾਨਗਰ ਦੇ ਪਹਿਲੇ ਫੁੱਲ ਮੇਲੇ ਨੂੰ ਯਾਦਗਾਰੀ ਬਣਾਇਆ।





