Thursday, May 21, 2026
Home Blog Page 2235

ਐਕਸਾਈਜ਼ ਵਿਭਾਗ ਦੀਆਂ ਟੀਮਾਂ ਵੱਲੋਂ ਪੁਲਿਸ ਨਾਲ ਮਿਲਕੇ ਸ਼ਹਿਰ ਵਿਚ ਬਿਨਾਂ ਪਰਮਿਟ ਸ਼ਰਾਬ ਪਿਲਾਉਣ ਵਾਲੇ ਹੋਟਲਾਂ ਤੇ ਰੈਸਟੋਰੈਂਟਾਂ ਉਪਰ ਛਾਪੇਮਾਰੀ

0

ਇਕ ਰੈਸਟੋਰੈਂਟ ਵਿਰੁੱਧ ਪਰਚਾ ਦਰਜ, ਇਕ ਵਿਰੁੱਧ ਵਿਭਾਗੀ
ਸੁਖਜਿੰਦਰ ਮਾਨ
ਬਠਿੰਡਾ,21 ਜਨਵਰੀ: ਐਕਸਾਈਜ਼ ਵਿਭਾਗ ਦੀਆਂ ਟੀਮਾਂ ਵੱਲੋਂ ਬੀਤੀ ਸ਼ਾਮ ਸਿਟੀ ਪੁਲਿਸ ਨਾਲ ਮਿਲਕੇ ਸ਼ਹਿਰ ਵਿਚ ਬਿਨਾਂ ਪਰਮਿਟ ਸ਼ਰਾਬ ਪਿਲਾਉਣ ਵਾਲੇ ਹੋਟਲਾਂ ਤੇ ਰੈਸਟੋਰੈਂਟਾਂ ਉਪਰ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਕ ਰੈਸਟੋਰੈਂਟ ਵਿਰੁੱਧ ਪਰਚਾ ਦਰਜ ਕਰਵਾਇਆ ਗਿਆ ਅਤੇ ਇਕ ਵਿਰੁੱਧ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ। ਮਿਲੀ ਜਾਣਕਾਰੀ ਅਨੁਸਾਰ ਮਿਲੀਆਂ ਸਿਕਾਇਤਾਂ ਤੋਂ ਬਾਅਦ ਸਹਾਇਕ ਕਮਿਸ਼ਨਰ (ਆਬਕਾਰੀ) ਬਠਿੰਡਾ ਰੇਂਜ ਦੇ ਹੁਕਮਾਂ ਅਨੁਸਾਰ ਬਠਿੰਡਾ ਆਬਕਾਰੀ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਜਿਨ੍ਹਾਂ ਵਿੱਚ ਈ.ਓ ਕੁਲਵਿੰਦਰ ਵਰਮਾ, ਈ.ਓ ਸੁਰਿੰਦਰਪਾਲ ਸਿੰਘ, ਈ.ਆਈ.ਜਸਵੀਰ ਗਿੱਲ, ਈ.ਆਈ. ਅਨਿਲ ਸੇਤੀਆ, ਈ.ਆਈ ਦਵਿੰਦਰਜੀਤ ਸਿੰਘ ਗਿੱਲ ਅਤੇ ਆਬਕਾਰੀ ਅਧਿਕਾਰੀ ਸ਼ਾਮਲ ਹਨ, ਵਲੋਂ ਸਥਾਨਕ ਐਸ.ਐਚ.ਓਜ਼ ਦੇ ਨਾਲ ਪੁਲਿਸ ਸਟਾਫ਼ ਨੇ ਵੱਖ-ਵੱਖ ਥਾਵਾਂ ’ਤੇ ਜਾਇਜ਼ ਲਾਇਸੈਂਸਾਂ ਤੋਂ ਬਿਨਾਂ ਸ਼ਰਾਬ ਦੀ ਵਰਤੋਂ ਕਰਨ/ਕਰਨ ਦੇਣ ਦੇ ਸ਼ੱਕ ਵਿੱਚ ਅਚਨਚੇਤ ਚੈਕਿੰਗ ਕੀਤੀ। ਇਸ ਚੈਕਿੰਗ ਦੌਰਾਨ ਮਾਡਲ ਟਾਊਨ ਫ਼ੇਜ 3 ਵਿਚ ਦਾਦੀ-ਪੋਤੀ ਪਾਰਕ ਦੇ ਸਾਹਮਣੇ ਸੈਕਿੰਡ ਸਟਰੀਟ ਰੈਸਟੋਰੈਂਟ ਵਿਖੇ ਚੱਲ ਰਹੀ ਇੱਕ ਪਾਰਟੀ ਤੋਂ 7 ਸ਼ਰਾਬ ਦੀਆਂ ਬੋਤਲਾਂ ਅਤੇ 1 ਬੀਅਰ ਦਾ ਡੱਬਾ ਜ਼ਬਤ ਕੀਤਾ ਗਿਆ, ਜਦੋਂਕਿ ਨਿਯਮਾਂ ਮੁਤਾਬਕ ਉਕਤ ਰੈਸਟੋਰੈਂਟ ਦੇ ਪ੍ਰਬੰਧਕਾਂ ਨੂੰ ਅਪਣੇ ਰੈਂਸਟੋਰੈਂਟ ਵਿਚ ਸ਼ਰਾਬ ਪਿਲਾਉਣ ਦੀ ਇਜਾਜ਼ਤ ਨਹੀਂ ਸੀ। ਇਸ ਮਾਮਲੇ ਵਿਚ ਇਸ ਰੈਂਸਟੋਰੈਂਟ ਦੇ ਮਾਲਕ ਅੰਕੁਰ ਅਰੋੜਾ ਅਤੇ ਮੈਨੇਜ਼ਰ ਯੋਗੇਸ਼ ਕੁਮਾਰ ਵਿਰੁਧ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ਼ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਭਾਰਤ ਨਗਰ ਵਿਚ ਸਥਿਤ ਚਾਵਲਾ ਰੈਂਸਟੋਰੈਂਟ ਵਿਰੁਧ ਵੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦਸਿਆ ਕਿ ਭਵਿੱਖ ਵਿਚ ਵੀ ਇਹ ਜਾਂਚ ਜਾਰੀ ਰਹੇਗੀ।

ਸੰਯੁਕਤ ਕਿਸਾਨ ਮੋਰਚਾ 26 ਨੂੰ 6 ਸੂਬਿਆਂ ਦੀ ਕਰੇਗਾ ਜੀਂਦ ਚ ਕਿਸਾਨ ਮਹਾਂਪੰਚਾਇਤ

ਜੀਂਦ ਦੀ ਕਿਸਾਨ ਮਹਾਪੰਚਾਇਤ ਕਿਸਾਨਾਂ ਦੇ ਏਕੇ ਦੀ ਬਣੇਗੀ ਮਿਸਾਲ – ਰਾਮਾਂ
ਸੁਖਜਿੰਦਰ ਮਾਨ
ਬਠਿੰਡਾ,21 ਜਨਵਰੀ-ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ ਨੂੰ ਉਤਰੀ ਭਾਰਤ ਦੇ 6 ਸੂਬਿਆਂ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ, ਉਤਰਾਖੰਡ, ਹਿਮਾਚਲ ਪ੍ਰਦੇਸ਼ ਵੱਲੋਂ ਜੀਂਦ ਵਿਖੇ ਕਿਸਾਨ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ। ਇਸ ਮਹਾਂ ਪੰਚਾਇਤ ਵਿੱਚ ਵੱਖ-ਵੱਖ ਸੂਬਿਆਂ ਦੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਤੋਂ ਇਲਾਵਾ ਯੂਨੀਅਨ ਕੌਮੀ ਬੁਲਾਰੇ ਰਾਕੇਸ਼ ਟਿਕੈਤ ਵੀ ਪਹੁੰਚਣਗੇ। ਇਹ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ – ਟਿਕੈਤ ਪੰਜਾਬ ਦੇ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਕਿਹਾ ਕਿ ਦਿੱਲੀ ਮੋਰਚਾ ਚੱਲਦੇ ਦੌਰਾਨ 26 ਜਨਵਰੀ 2021 ਨੂੰ ਭਾਜਪਾ ਦੀਆਂ ਸਰਪ੍ਰਸਤ ਫਿਰਕੂ ਤਾਕਤਾਂ ਵੱਲੋਂ ਧਾਰਮਿਕ ਫਿਰਕੂ ਪੱਤਾ ਖੇਡਦਿਆਂ ਮੋਰਚੇ ਨੂੰ ਖਿੰਡਾਉਣ ਲਈ ਵੱਖ ਵੱਖ ਰਾਜਾਂ ਦੇ ਕਿਸਾਨਾਂ ਨੂੰ ਧਾਰਮਿਕ ਤੌਰ ਤੇ ਲੜਾਉਣ ਦਾ ਯਤਨ ਕੀਤਾ ਸੀ, ਨੂੰ ਦੇਸ਼ ਦਾ ਕਿਸਾਨ ਕਦੇ ਨਹੀਂ ਭੁੱਲੇਗਾ। ਕਿਸਾਨ ਆਗੂਆਂ ਦੀ ਸੁਚੱਜੀ ਅਗਵਾਈ ਸਦਕਾ ਫਿਰਕੂ ਤਾਕਤਾਂ ਦਾ ਮਨਸਾ ਸਫਲ ਨਹੀਂ ਹੋ ਸਕਿਆ ਸੀ। ਰਾਮਾਂ ਨੇ ਕਿਹਾ ਕਿ ਦਿੱਲੀ ਮੋਰਚੇ ਦੌਰਾਨ ਕੇਂਦਰ ਸਰਕਾਰ ਨਾਲ ਤਹਿ ਹੋਈਆਂ ਮੰਗਾਂ ਸਾਰੀਆਂ ਫਸਲਾਂ ਤੇ ਐਮ.ਐਸ.ਪੀ ਤੇ ਸਰਕਾਰੀ ਖਰੀਦ ਦੀ ਗਰੰਟੀ, ਲਖੀਮਪੁਰ ਘਟਨਾ ਦੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਬੇਦੋਸ਼ੇ ਕਿਸਾਨਾਂ ਨੂੰ ਜੇਲ੍ਹਾਂ ਚੋਂ ਰਿਹਾਅ ਕਰਵਾਉਣ, ਕਿਸਾਨਾਂ ਤੇ ਕੀਤੇ ਪਰਚੇ ਰੱਦ ਕਰਵਾਉਣ, ਬਿਜਲੀ ਬਿੱਲ 2020 ਰੱਦ ਕਰਵਾਉਣ, ਸਮੁੱਚਾ ਕਿਸਾਨੀ ਕਰਜ਼ਾ ਖਤਮ ਕਰਨਾ, ਕਿਸਾਨ ਮਜ਼ਦੂਰ ਦੀ ਪੈਨਸ਼ਨ ਲਗਵਾਉਣ, ਦਿੱਲੀ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਤੇ ਇਕ ਜੀਅ ਨੂੰ ਸਰਕਾਰੀ ਨੌਕਰੀ,ਫ਼ਸਲੀ ਬੀਮਾਂ ਯੋਜਨਾ ਲਾਗੂ ਕਰਵਾਉਣ ਆਦਿ ਮੰਗਾਂ ਲਈ ਚੱਲ ਰਹੇ ਸੰਘਰਸ਼ ਨੂੰ ਜਿੱਥੇ ਕਿਸਾਨ ਮਹਾਂਪੰਚਾਇਤ ਹੋਰ ਮਜ਼ਬੂਤੀ ਬਖਸ਼ੇਗੀ ਉੱਥੇ ਹੀ ਸੰਯੁਕਤ ਕਿਸਾਨ ਮੋਰਚੇ ਅਤੇ ਵੱਖ-ਵੱਖ ਰਾਜਾਂ ਦੇ ਕਿਸਾਨਾਂ ਦੇ ਏਕੇ ਦੀ ਮਿਸਾਲ ਬਣੇਗੀ।

ਧਮਕੀਆਂ ਮਿਲਣ ਤੋਂ ਬਾਅਦ ਪੁਲਿਸ ਨੇ ਸਾਬਕਾ ਵਿਧਾਇਕ ਸਰੂਪ ਸਿੰਗਲਾ ਦੀ ਸੁਰੱਖਿਆ ਵਧਾਈ

0

ਭਾਜਪਾ ਆਗੂਆਂ ਨੇ ਪੰਜਾਬ ਸਰਕਾਰ ਉਪਰ ਲੋਕਾਂ ਦੀ ਜਾਨਮਾਲ ਨੂੰ ਲੈ ਕੇ ਚੁੱਕੇ ਸਵਾਲ
ਸੁਖਜਿੰਦਰ ਮਾਨ
ਬਠਿੰਡਾ, 21 ਜਨਵਰੀ: ਸੂਬੇ ’ਚ ਫ਼ਿਰੌਤੀਆਂ ਲਈ ਦਿਨੋਂ-ਦਿਨ ਕਤਲੋਗਾਰਦ ਦੀਆਂ ਵਧ ਰਹੀਆਂ ਘਟਨਾਵਾਂ ਦੌਰਾਨ ਹੁਣ ਬਠਿੰਡਾ ਜ਼ਿਲ੍ਹੇ ਦੇ ਭਾਜਪਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਪੁਲਿਸ ਨੇ ਸੂਚਨਾ ਮਿਲਣ ਤੋਂ ਬਾਅਦ ਹਰਕਤ ਵਿਚ ਆਉਂਦਿਆਂ ਨਾ ਸਿਰਫ਼ ਸ਼੍ਰੀ ਸਿੰਗਲਾ ਦੀ ਸੁਰੱਖਿਆ ਵਿਚ ਵਾਧਾ ਕਰ ਦਿੱਤਾ ਹੈ, ਬਲਕਿ ਧਮਕੀ ਭਰਿਆਂ ਫ਼ੋਨ ਕਰਨ ਵਾਲੇ ਵਿਅਕਤੀ ਦੀ ਪੈੜ ਨੱਪਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਚਨਾ ਮੁਤਾਬਕ ਸ੍ਰੀ ਸਿੰਗਲਾ ਨੂੰ ਦੋ ਪੁਲਿਸ ਮੁਲਾਜ਼ਮ ਹੋਰ ਦਿੱਤੇ ਹਨ ਜਦਕਿ ਦੋ ਪਹਿਲਾਂ ਹੀ ਮੌਜੂਦ ਸਨ। ਇਸੇ ਤਰ੍ਹਾਂ ਪੀਸੀਆਰ ਅਤੇ ਮੋਟਰਸਾਈਕਲ ਵਾਲੇ ਮੁਲਾਜ਼ਮਾਂ ਨੂੰ ਸਿੰਗਲਾ ਦੇ ਘਰ ਦੇ ਇਸ ਪਾਸੇ ਗਸਤ ਕਰਨ ਲਈ ਕਿਹਾ ਹੈ। ਉਧਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਭਾਜਪਾ ਕਾਰਜਕਾਰਨੀ ਵਲੋਂ ਵੀ ਹੰਗਾਮੀ ਮੀਟਿੰਗ ਕੀਤੀ ਗਈ, ਜਿਸ ਵਿਚ ਪੰਜਾਬ ਸਰਕਾਰ ਦੀ ਲਾਪਰਵਾਹੀ ਦੀ ਨਿੰਦਾ ਕਰਦਿਆਂ ਸੂਬੇ ਦੇ ਲੋਕਾਂ ਦੀ ਜਾਨਮਾਲ ਦੀ ਰੱਖਿਆ ਕਰਨ ਦੀ ਮੰਗ ਕੀਤੀ। ਇਸ ਦੌਰਾਨ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਦਸਿਆ ਕਿ ਉਨ੍ਹਾਂ ਨੂੰ ਪਹਿਲੀ ਧਮਕੀ 29 ਦਸੰਬਰ ਨੂੰ ਆਈ ਸੀ ਜਿਸ ਦੀ ਸੂਚਨਾ ਪੁਲੀਸ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਬੀਤੀ ਕੱਲ ਸਵੇਰ 10.59 ਵਜੇਂ ਉਨ੍ਹਾਂ ਦੇ ਮੋਬਾਇਲ ਦੇ ਵਟਸਐਪ ਉਪਰ ਉਸੇ ਨੰਬਰ ਤੋਂ ਮੁੜ ਕਾਲ ਆਈ, ਜਿਸਦੀ ਅਪਣੇ ਨਿੱਜੀ ਸਹਾਇਕ ਦੀ ਮੱਦਦ ਨਾਲ ਵੀਡੀਓ ਵੀ ਬਣਾ ਲਈ ਗਈ। ਉਨ੍ਹਾਂ ਦਸਿਆ ਕਿ ਵਿਦੇਸ਼ੀ ਨੰਬਰ ਤੋਂ ਆਈ ਇਸ ਕਾਲ ਵਿਚ ਇੱਕ ਵਿਅਕਤੀ ਨੇ ਉਸਨੂੰ ਗਾਲੀ ਗਲੋਚ ਕਰਦਿਆਂ ਭਾਜਪਾ ਨਾਲ ਕੰਮ ਕਰਨ ਵਿਰੁਧ ਚੇਤਾਵਨੀ ਦਿੰਦਿਆਂ ਧਮਕੀ ਦਿੱਤੀ ਕਿ ਭਲਕੇ ਪਾਰਟੀ ਦੀ ਅੰਮ੍ਰਿਤਸਰ ਵਿਚ ਹੋਣ ਵਾਲੀ ਕਰਜਕਰਨੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਤਾਂ ਉਸਨੂੰ ਮਾਰ ਦਿੱਤਾ ਜਾਵੇਗਾ। ਧਮਕੀ ਦੇਣ ਵਾਲੇ ਨੇ ਸ਼੍ਰੀ ਸਿੰਗਲਾ ਨੂੰ ਸੁਧੀਰ ਸੂਰੀ ਦੇ ਹੋਏ ਹਸਰ ਦਾ ਹਵਾਲਾ ਦਿੰਦਿਆਂ ਉਸਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਕਿਹਾ। ਇਸਤੋਂ ਬਾਅਦ ਭਾਜਪਾ ਆਗੂਆਂ ਦਾ ਇੱਕ ਵਫ਼ਦ ਇਸ ਮਾਮਲੇ ਵਿੱਚ ਆਈ. ਜੀ ਸੁਰਿੰਦਰਪਾਲ ਪਰਮਾਰ ਅਤੇ ਐਸ. ਐਸ. ਪੀ ਇਲੀਚੇਲੀਅਨ ਨੂੰ ਮਿਲਿਆ ਤੇ ਲਿਖਤ ਸਿਕਾਇਤ ਦਿੱਤੀ। ਪਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਜਿਸਦੇ ਬਾਰੇ ਉਹ ਜਲਦੀ ਖੁਲਾਸਾ ਕਰਨਗੇ। ਇਸਤੋਂ ਇਲਾਵਾ ਸ੍ਰੀ ਸਿੰਗਲਾ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਮੋਹਨ ਲਾਲ ਗਰਗ, ਅਸੋਕ ਭਾਰਤੀ, ਸੁਨੀਲ ਸਿੰਗਲਾ, ਨਰਿੰਦਰ ਮਿੱਤਲ, ਵਰਿੰਦਰ ਸ਼ਰਮਾ, ਅਸੋਕ ਬਾਲਿਆਵਾਲੀ, ਸ਼ਾਮ ਲਾਲ, ਸੰਦੀਪ ਅਗਰਵਾਲ, ਉਮੇਸ਼ ਗੁਪਤਾ ਅਤੇ ਰਾਕੇਸ਼ ਸਿੰਗਲਾ ਆਦਿ ਹਾਜ਼ਰ ਸਨ।

ਚਾਈਨਾਂ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਵਿਰੁਧ ਹੋਵੇਗਾ ਗੈਰ-ਜਮਾਨਤੀ ਧਾਰਾਵਾਂ ਤਹਿਤ ਪਰਚਾ ਦਰਜ: ਐਸ.ਐਸ.ਪੀ

0

ਸ਼ਹਿਰ ਦੀਆਂ ਜਥੇਬੰਦੀਆਂ ਨੇ ਚਾਈਨਾ ਡੋਰ ਮਾਮਲੇ ’ਚ ਐਸਐਸਪੀ ਦੇ ਫੈਸਲੇ ਦਾ ਕੀਤਾ ਸਵਾਗਤ
ਸੁਖਜਿੰਦਰ ਮਾਨ
ਬਠਿੰਡਾ, 21 ਜਨਵਰੀ: ਬਠਿੰਡਾ ਪੱਟੀ ’ਚ ਲਗਾਤਾਰ ਚਾਈਨਾਂ ਡੋਰ ਕਾਰਨ ਵਧ ਰਹੀਆਂ ਜਾਨਲੇਵਾ ਘਟਨਾਵਾਂ ’ਤੇ ਸਖ਼ਤੀ ਰੋਕ ਲਗਾਉਣ ਲਈ ਜਿਲ੍ਹਾ ਪੁਲਿਸ ਨੇ ਸਖ਼ਤੀ ਕਰਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਜਾਰੀ ਇੱਕ ਵੀਡੀਓ ਵਿਚ ਐਸ.ਐਸ.ਪੀ ਜੇ.ਇਲਨਚੇਲੀਅਨ ਨੇ ਇਸਦਾ ਖ਼ੁਲਾਸਾ ਕਰਦਿਆਂ ਦਸਿਆ ਕਿ ਜੇਕਰ ਸ਼ਹਿਰ ਵਿਚ ਕੋਈ ਚਾਈਨਾਂ ਡੋਰ ਵੇਚਦਾ ਅਤੇ ਖਰੀਦਦਾਂ ਪਇਆ ਗਿਆ ਤਾਂ ਉਨ੍ਹਾਂ ਵਿਰੁਧ ਗੈਰ-ਜਮਾਨਤੀ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇਗਾ। ਇਸਦੇ ਇਲਾਵਾ ਜੇਕਰ ਬੱਚੇ ਵੀ ਚਾਈਨਾਂ ਡੋਰ ਨਾਲ ਪਤੰਗ ਚੜਾਉਂਦੇ ਨਜ਼ਰ ਆਏ ਤਾਂ ਉਨ੍ਹਾਂ ਦੇ ਮਾਪਿਆਂ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਹੁਣ ਤੱਕ ਇਕੱਲੇ ਸ਼ਹਿਰ ਵਿਚ ਹੀ ਚਾਈਨਾਂ ਡੋਰ ਵਰਤਣ ਵਾਲਿਆਂ ਵਿਰੁਧ 7 ਪਰਚੇ ਦਰਜ਼ ਕੀਤੇ ਜਾ ਚੁੱਕੇ ਹਨ ਤੇ ਇਸ ਖ਼ਤਰਨਾਕ ਡੋਰ ਦੇ 300 ਗੁੱਟੇ ਬਰਾਮਦ ਕੀਤੇ ਹਨ। ਐਸ.ਐਸ.ਪੀ ਨੇ ਅੱਗੇ ਕਿਹਾ ਕਿ ਹਰੇਕ ਵਿਅਕਤੀ ਦਾ ਫ਼ਰਜ ਹੈ ਕਿ ਉਹ ਦੂਜਿਆਂ ਲਈ ਜਾਨਲੇਵਾ ਬਣ ਰਹੀ ਇਸ ਡੋਰ ਦਾ ਉਪਯੋਗ ਕਰਨ ਤੋਂ ਬਚਣ ਅਤੇ ਨਾਲ ਹੀ ਅਪਣੇ ਬੱਚਿਆਂ ਨੂੰ ਵੀ ਇਸਦੇ ਨਤੀਜਿਆਂ ਬਾਰੇ ਦੱਸਣ। ਦੂਜੇ ਪਾਸੇ ਜਿਲ੍ਹਾ ਮੈਜਿਸਟਰੇਟ ਨੇ ਵੀ ਇੱਕ ਲਿਖ਼ਤੀ ਆਦੇਸ਼ ਜਾਰੀ ਕਰਦਿਆਂ ਜ਼ਿਲ੍ਹੇ ਵਿਚ ਚਾਈਨਾਂ ਡੋਰ ਖਰੀਦਣ, ਵੇਚਣ ਅਤੇ ਵਰਤੋਂ ਕਰਨ ’ਤੇ ਰੋਕ ਲਗਾ ਦਿੱਤੀ ਹੈ। ਉਧਰ ਐਸ.ਐਸ.ਪੀ ਵਲੋਂ ਅੱਜ ਕੀਤੇ ਇਸ ਐਲਾਨ ਦਾ ਸ਼ਹਿਰ ਦੀਆਂ ਸੌ ਤੋਂ ਵੱਧ ਸਰਗਰਮ ਜਥੇਬੰਦੀਆਂ ਦੇ ਮੰਚ ‘ਆਨ’ ਐਸੋਸੀਏਸ਼ਨ ਆਫ ਐਕਟਿਵ ਐਨ.ਜੀ.ਓਜ਼ ਨੇ ਸਵਾਗਤ ਕਰਦਿਆਂ ਕੋਆਰਡੀਨੇਟਰ ਸੋਨੂੰ ਮਹੇਸ਼ਵਰੀ ਅਤੇ ਸੰਦੀਪ ਅਗਰਵਾਲ ਨੇ ਦੱਸਿਆ ਕਿ ਹਰ ਸਾਲ ਹਜ਼ਾਰਾਂ ਨਿਰਦੋਸ਼ ਜਾਨਵਰ,ਪੰਛੀ ਅਤੇ ਲੋਕਾਂ ਨੂੰ ਚਾਈਨਾ ਡੋਰ ਨਾਲ ਨੁਕਸਾਨ ਹੁੰਦਾ ਹੈ।2007 ਤੋਂ ਪ੍ਰਸ਼ਾਸਨ ਅਤੇ ਸੰਸਥਾਵਾਂ ਵੱਲੋਂ ਵਾਰ-ਵਾਰ ਮੌਤ ਦੇ ਵਪਾਰੀਆਂ ਨੂੰ ਇਸ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਪਰ ਕੁਝ ਪੈਸਿਆਂ ਦੇ ਲਾਲਚ ਵਿੱਚ ਅਤੇ ਪਤੰਗਾਂ ਨੂੰ ਕੱਟਣ ਤੋਂ ਬਚਾਉਣ ਲਈ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਐਸੋਸੀਏਸ਼ਨ ਆਫ ਐਕਟਿਵ ਐਨ.ਜੀ.ਓਜ਼ ਦੀਆਂ ਜਥੇਬੰਦੀਆਂ ਨੇ ਅਪੀਲ ਕੀਤੀ ਕਿ ਪਤੰਗਾਂ ਨੂੰ ਬਚਾਉਣ ਲਈ ਲੋਕਾਂ ਦੀ ਜ਼ਿੰਦਗੀ ਨੂੰ ਨਾ ਕਟਿਆ ਜਾਵੇ।

ਸਿਲਵਰ ਓਕਸ ਸਕੂਲ ਵਿਚ ਇਨਾਮ ਵੰਡ ਸਮਾਰੋਹ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 21 ਜਨਵਰੀ: ਇਲਾਕੇ ਦੇ ਨਾਮਵਰ ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਵਿਖੇ ਅੱਜ ਪੂਰੇ ਉਤਸ਼ਾਹ ਦੇ ਨਾਲ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ (ਡਾਇਰੈਕਟਰ ਆਫ ਸਿਲਵਰ ਓਕਸ ਸਕੂਲ) ਅਤੇ ਪ੍ਰਿੰਸੀਪਲ ਮਿਸ ਰਵਿੰਦਰ ਸਰਾ ਨੇ ਸ਼ਿਰਕਤ ਕੀਤੀ। ਇਸ ਸਮਾਰੋਹ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨਾ ਅਤੇ ਵਿਦਿਆਰਥੀਆਂ ਵੱਲੋਂ ਪ੍ਰਾਪਤ ਕੀਤੀਆਂ ਗਈਆਂ ਉਪਲੱਬਧੀਆਂ ਲਈ ਸਨਮਾਨਿਤ ਕਰਨਾ ਸੀ। ਸਮਾਰੋਹ ਦੀ ਸ਼ੁਰੂਆਤ ਮੌਕੇ ਮੁੱਖ ਮਹਿਮਾਨ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ ਵੱਲੋਂ ਜਮਾਤ ਐਲ.ਕੇ.ਜੀ ਤੋਂ ਜਮਾਤ ਦੂਜੀ ਤੱਕ ਦੇ ਸਾਰੇ ਵਿਦਿਆਰਥੀਆਂ ਵਿੱਚੋਂ ਸਾਲ 2022-23 ਦੌਰਾਨ ਸਕੂਲ ਵਿੱਚ ਕਰਵਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਸਕੂਲ ਦੇ ਵਿਦਿਆਰਥੀਆਂ ਦੁਆਰਾ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਸ਼ਬਦ-ਗਾਇਨ, ਗਰੁੱਪ ਨਾਚ ਆਦਿ ਪੇਸ਼ ਕੀਤੀਆਂ ਗਈਆਂ ਅਤੇ ਇਸ ਉਪਰੰਤ ਮੁੱਖ ਮਹਿਮਾਨ ਸ਼੍ਰੀਮਤੀ ਸੇਖੋਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈਣ ਅਤੇ ਪ੍ਰਾਪਤ ਕੀਤੀਆਂ ਗਈਆਂ ਉਪਲੱਬਧੀਆਂ ਲਈ ਵਧਾਈ ਦਿੰਦੇ ਹੋਏ ਉਹਨਾਂ ਨੂੰ ਭਵਿੱਖ ਵਿੱਚ ਸਕੂਲ ਦੁਆਰਾ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਅੰਤ ਵਿੱਚ ਰਾਸ਼ਟਰੀ ਗਾਣ ਨਾਲ ਇਨਾਮ ਵੰਡ ਸਮਾਰੋਹ ਸਮਾਪਤ ਕੀਤਾ ਗਿਆ।

ਦਲਿਤ ਪ੍ਰਵਾਰ ਦੇ ਮਕਾਨ ਢਾਹੁਣ ਵਿਰੁਧ ਗੁੱਸੇ ’ਚ ਆਏ ਲੋਕਾਂ ਨੇ ਬਠਿੰਡਾ-ਭਵਾਨੀਗੜ੍ਹ ਰਾਜ ਮਾਰਗ ਕੀਤਾ ਜਾਮ

0

ਵਿਧਾਇਕ ਮਾਈਸਰਖਾਨਾ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਸੱਤਾ ਦੇ ਨਸ਼ੇ ’ਚ ਵਿਧਾਇਕ ਪਿਛੜੇ ਵਰਗ ਨੂੰ ਕੁਚਲਣ ਲੱਗੇ : ਸਾਬਕਾ ਵਿਧਾਇਕ ਕਮਾਲੂ
ਭੋਲਾ ਸਿੰਘ ਮਾਨ
ਮੌੜ ਮੰਡੀ, 21 ਜਨਵਰੀ : ਥਾਣਾ ਮੌੜ ਦੀ ਪੁਲਿਸ ਵੱਲੋਂ ਵੀਰਵਾਰ ਦੀ ਰਾਤ ਨੂੰ ਦਲਿਤ ਪਰਿਵਾਰ ਅਤੇ ਸਮਾਜਸੇਵੀ ਲੋਕਾਂ ’ਤੇ ਦਰਜ਼ ਕੀਤੇ ਮੁਕੱਦਮੇ ਦੇ ਵਿਰੋਧ ’ਚ ਅੱਜ ਇਲਾਕੇ ਦੀਆਂ ਵੱਖ ਵੱਖ ਸਮਾਜਸੇਵੀ, ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ, ਟਰੱਕ ਯੂਨੀਅਨ ਮੌੜ ਅਤੇ ਪਿੰਡ ਵਾਸੀਆਂ ਵੱਲੋਂ ਬਠਿੰਡਾ-ਭਵਾਨੀਗੜ੍ਹ ਰਾਜਮਾਰਗ ’ਤੇ ਸਥਿਤ ਮੌੜ ਮੰਡੀ ਦੀਆਂ ਘੁੰਮਣ ਕੈਂਚੀਆਂ ’ਤੇ ਧਰਨਾ ਲਗਾ ਕੇ ਪੰਜਾਬ ਸਰਕਾਰ, ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਅਤੇ ਨਗਰ ਕੌਂਸਲ ਮੌੜ ਖ਼ਿਲਾਫ਼ ਭਰਵੀਂ ਨਾਅਰੇਬਾਜ਼ੀ ਕੀਤੀ। ਧਰਨੇ ਦੌਰਾਨ ਵਿਧਾਇਕ ਮਾਈਸਰਖਾਨਾ ਦੀ ਫਲੈਕਸ ਫੋਟੋ ’ਤੇ ਜੁੱਤਿਆਂ ਦਾ ਹਾਰ ਪਾ ਕੇ ਵਿਧਾਇਕ ਵਿਰੁਧ ਗੁੱਸਾ ਜਾਹਰ ਕੀਤਾ। ਧਰਨੇ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਦੋਸ਼ ਲਗਾਇਆ ਕਿ ਆਪ ਸਰਕਾਰ ਦੇ ਬਣਨ ਤੋਂ ਬਾਅਦ ਪਿਛੜੇ ਵਰਗਾਂ ’ਤੇ ਜੁਲਮ ਢਾਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦੇ ਦਬਾਅ ਹੇਠ ਨਗਰ ਕੌਂਸਲ ਵੱਲੋਂ ਇੱਕ ਦਲਿਤ ਪਰਿਵਾਰ ਦਾ ਮਕਾਨ ਢਾਹੁਣ ਦੇ ਯਤਨ ਕੀਤੇ। ਜਦੋਂ ਪਰਿਵਾਰ ਨੇ ਲੋਕਾਂ ਦੀ ਮੱਦਦ ਨਾਲ ਕਰਮਚਾਰੀਆਂ ਅਜਿਹਾ ਕਰਨ ਤੋਂ ਰੋਕਣਾ ਚਾਹਿਆ ਤਾਂ ਪੁਲਿਸ ਨੇ ਮਹਿੰਗਾ ਸਿੰਘ, ਗਗਨਦੀਪ ਸਿੰਘ,ਸਤਪਾਲ ਸਿੰਘ, ਕ੍ਰਿਸ਼ਨ ਸਿੰਘ, ਰਮਨਦੀਪ ਸਿੰਘ, ਗੁਲਾਬ ਸਿੰਘ, ਬਲਕਾਰ ਸਿੰਘ, ਬੂਟਾ ਸਿੰਘ ਰੇਸ਼ਮ ਸਿੰਘ ਅਤੇ ਬਲਵੀਰ ਸਿੰਘ ਤੋਂ ਇਲਾਵਾ 20-25 ਅਣਪਛਾਤੇ ਵਿਅਕਤੀਆਂ ’ਤੇ ਪਰਚਾ ਦਰਜ਼ ਕਰ ਦਿੱਤਾ। ਸਾਬਕਾ ਵਿਧਾਇਕ ਨੇ ਕਿਹਾ ਕਿ ਜੇਕਰ ਪ੍ਰਸ਼ਾਸ਼ਾਨ ਨੇ ਪਰਚਾ ਰੱਦ ਨਾ ਕੀਤਾ ਤਾਂ ਲੋਕਾਂ ਵੱਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜੋ ਆਉਣ ਵਾਲੇ ਸਮੇਂ ਲਈ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰੇਗੀ। ਇਸ ਮੌਕੇ ਗੁਲਜਰ ਸਿੰਘ ਸਿਵੀਆਂ, ਮਜਦੂਰ ਮੁਕਤੀ ਮੋਰਚਾ ਦੇ ਸੂਬਾ ਸਕੱਤਰ ਹਰਵਿੰਦਰ ਸਿੰਘ ਸੇਮਾ, ਜਿਲ੍ਹਾ ਪ੍ਰਧਾਨ ਕਾਮਰੇਡ ਪ੍ਰਿਤਪਾਲ ਸਿੰਘ, ਜਿਲ੍ਹਾ ਸਕੱਤਰ ਸੁਖਜੀਵਨ ਸਿੰਘ, ਪ੍ਰਧਾਨ ਗੁਰਮੇਲ ਸਿੰਘ ਗੇਲਾ, ਬਲਾਕ ਪ੍ਰਧਾਨ ਤਾਰਾ ਸਿੰਘ, ਗੁਲਜਾਰ ਸਿੰਘ ਪ੍ਰਧਾਨ, ਬੀਕੇਯੂ ਮਾਨਸਾ ਦੇ ਪ੍ਰਧਾਨ ਸੁਰਜੀਤ ਸਿੰਘ ਸੰਦੋਹਾ, ਰਮਨਾ ਮੌੜ ਕਲਾਂ, ਰੇਸ਼ਮ ਸਿੰਘ ਪ੍ਰਧਾਨ,ਸਾਬਕਾ ਪ੍ਰਧਾਨ ਕੁਲਵੰਤ ਸਿੰਘ ਕੈਲਾਸ਼ਾ, ਹਰਜਿੰਦਰ ਸਿੰਘ ਸਾਬਕਾ ਪ੍ਰਧਾਨ, ਸਰਕਲ ਜਥੇਦਾਰ ਕੁਲਦੀਪ ਸਿੰਘ ਬੁਰਜ, ਕੌਂਸਲਰ ਪਾਲਾ ਸਿੰਘ , ਕੌਂਸਲਰ ਯਾਦਵਿੰਦਰ ਸਿੰਘ, ਗੁਰਧਿਆਨ ਸਿੰਘ ਮੰਣਕੂ, ਨਾਜੀ ਮੌੜ ਤੋਂ ਇਲਾਵਾ ਭਾਰੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ। ਇਸ ਮਾਮਲੇ ਸਬੰਧੀ ਜਦ ਵਿਧਾਨ ਸਭਾ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਨਗਰ ਕੌਂਸਲ ਦਾ ਮਾਮਲਾ ਹੈ।

ਸਧਾਰਨ ਵਿਅਕਤੀ ਦੇ ਪੁੱਤ ਨੂੰ ਪੰਜਾਬ ਦੀ ਸੇਵਾ ਦਾ ਮੌਕਾ ਮਿਲਿਆ ਪਰ ਰਵਾਇਤੀ ਪਾਰਟੀਆਂ ਨੂੰ ਹਜ਼ਮ ਨਹੀਂ ਹੋ ਰਿਹਾ-ਭਗਵੰਤ ਮਾਨ

0

ਮੁੱਖ ਮੰਤਰੀ ਨੇ ਫਾਜ਼ਿਲਕਾ ਜ਼ਿਲ੍ਹੇ ਵਿਚ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਸੌਂਪੇ
ਉਰਦੂ ਦੀ ਸ਼ੇਅਰੋ-ਸ਼ਾਇਰੀ ਤੋਂ ਬਿਨਾਂ ਮਨਪ੍ਰੀਤ ਬਾਦਲ ਕੋਲੋਂ ਪੰਜਾਬ ਤੇ ਭਾਜਪਾ ਦੇ ਭਲੇ ਲਈ ਕੱਖ ਨਹੀਂ ਹੋਣਾ
ਰਵਾਇਤੀ ਪਾਰਟੀਆਂ ਵੱਲੋਂ ਪੰਜਾਬ ਤੇ ਲੋਕ ਵਿਰੋਧੀ ਪੈਂਤੜਾ ਅਖਤਿਆਰ ਕਰਨ ਉਤੇ ਨਿਸ਼ਾਨਾ ਸਾਧਿਆ
ਪੰਜਾਬੀ ਖ਼ਬਰਸਾਰ ਬਿਉਰੋ
ਅਬੋਹਰ (ਫਾਜ਼ਿਲਕਾ), 20 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸਧਾਰਨ ਵਿਅਕਤੀ ਦੇ ਪੁੱਤ ਨੂੰ ਮੁੱਖ ਮੰਤਰੀ ਵਜੋਂ ਸੂਬੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਪਰ ਰਵਾਇਤੀ ਸਿਆਸੀ ਪਾਰਟੀਆਂ ਇਸ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀਆਂ ਜਿਸ ਕਰਕੇ ਉਹ ਉਨ੍ਹਾਂ ਖਿਲਾਫ਼ ਕੂੜ ਪ੍ਰਚਾਰ ਕਰ ਰਹੇ ਹਨ।ਅੱਜ ਇੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਾਸੀਆਂ ਨੂੰ ਮੁਆਵਜ਼ਾ ਵੰਡਣ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਦੇ ਪੰਜਾਬ ਤੇ ਲੋਕ ਵਿਰੋਧੀ ਸਟੈਂਡ ਕਰਕੇ ਸੂਬੇ ਦੇ ਲੋਕ ਹੁਣ ਇਨ੍ਹਾਂ ਪਾਰਟੀਆਂ ਉਤੇ ਭਰੋਸਾ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਸੂਬੇ ਦੇ ਸੂਝਵਾਨ ਤੇ ਬਹਾਦਰ ਲੋਕਾਂ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਪਾਰਟੀਆਂ ਨੂੰ ਕਰਾਰੀ ਹਾਰ ਦਿੱਤੀ ਜਿਸ ਕਰਕੇ ਇਹ ਪਾਰਟੀਆਂ ਹੁਣ ਬੁਖਲਾਹਟ ਵਿਚ ਹਨ। ਭਗਵੰਤ ਮਾਨ ਨੇ ਕਿਹਾ ਕਿ

ਸੂਬਾ ਸਰਕਾਰ ਲੋਕਾਂ ਨੂੰ ਸਾਫ਼-ਸੁਥਰਾ ਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਲਈ ਵਚਨਬੱਧ: ਲਾਲ ਚੰਦ ਕਟਾਰੂਚੱਕ

0

ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਵੱਲੋਂ ਵਿਭਾਗੀ ਕੰਮਕਾਜ ਦੀ ਸਮੀਖਿਆ ਲਈ ਮੀਟਿੰਗ ਦੀ ਪ੍ਰਧਾਨਗੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 20 ਜਨਵਰੀ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸਾਫ਼-ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਇਸ ਮਕਸਦ ਲਈ ਇਹ ਬੇਹੱਦ ਅਹਿਮ ਹੋ ਜਾਂਦਾ ਹੈ ਕਿ ਵਿਭਾਗੀ ਅਧਿਕਾਰੀ ਫੀਲਡ ਵਿੱਚ ਜਾ ਕੇ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲੈਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕਮੀ ਨੂੰ ਦੂਰ ਕਰਕੇ ਵਿਭਾਗ ਨੂੰ ਹੋਰ ਵੀ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਦਦ ਮਿਲ ਸਕੇ। ਇਹ ਵਿਚਾਰ ਸੂਬੇ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਵਿਭਾਗ ਦੀ ਸਮੀਖਿਆ ਮੀਟਿੰਗ ਦੌਰਾਨ ਪ੍ਰਗਟ ਕੀਤੇ।ਇਸ ਮੌਕੇ ਉਹਨਾਂ ਨੇ ਹਾਜ਼ਰ ਸਮੂਹ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰਾਂ ਅਤੇ ਹੋਰਨਾਂ ਅਧਿਕਾਰੀਆਂ ਨੂੰ ਆਪਣੇ ਦਫ਼ਤਰਾਂ ਵਿੱਚ ਬੂਟੇ ਲਗਾਉਣ ਲਈ ਵੀ ਉਤਸ਼ਾਹਿਤ ਕੀਤਾ ਤਾਂ ਜੋ ਹਰਿਆਵਲ ਹੇਠਲੇ ਖੇਤਰ ਵਿੱਚ ਵਾਧਾ ਹੋ ਸਕੇ ਅਤੇ ਵਿਭਾਗ ਦੇ ਦਫ਼ਤਰਾਂ ਦੀ ਦਿੱਖ ਹੋਰ ਵੀ ਵਧੀਆ ਬਣ ਸਕੇ।ਇਸ ਮੌਕੇ ਮੰਤਰੀ ਨੇ ਆਟਾ ਦਾਲ ਦੇ ਕਾਰਡਾਂ ਦੀ ਵੈਰੀਫਿਕੇਸ਼ਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਉੱਤੇ ਵੀ ਜ਼ੋਰ ਦਿੱਤਾ ਤਾਂ ਜੋ ਯੋਗ ਲਾਭਪਾਤਰੀ ਇਸ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਨਾ ਰਹਿਣ। ਅਧਿਕਾਰੀਆਂ ਨੂੰ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਕੰਮਕਾਜ ਵਿੱਚ ਕੁਤਾਹੀ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਇਸ ਮੌਕੇ ਸ੍ਰੀ ਕਟਾਰੂਚੱਕ ਨੂੰ ਇਸ ਗੱਲ ਤੋਂ ਜਾਣੂੰ ਕਰਵਾਇਆ ਗਿਆ ਕਿ ਵਿਭਾਗ ਦੇ ਡੀ.ਐਫ਼.ਐਸ.ਸੀ. ਲੁਧਿਆਣਾ (ਪੂਰਬੀ) ਅਤੇ ਡੀ.ਐਫ.ਐਸ.ਸੀ. ਲੁਧਿਆਣਾ (ਪੱਛਮੀ) ਵਿੰਗਾਂ ਨੂੰ 27 ਜਨਵਰੀ ਤੱਕ ਵੱਖਰੇ ਕਰਨ ਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਤਾਂ ਜੋ ਕੰਮਕਾਜ ਬਿਨਾਂ ਕਿਸੇ ਰੁਕਾਵਟ ਦੇ ਨਿਰਵਿਘਨ ਚੱਲ ਸਕੇ। ਇਸ ਦੇ ਨਾਲ ਹੀ ਡੀ.ਐਫ਼.ਐਸ.ਸੀਜ਼ ਨੂੰ ਇਹ ਹਦਾਇਤ ਵੀ ਕੀਤੀ ਗਈ ਕਿ ਮਹੀਨੇ ਵਿੱਚ ਘੱਟੋ ਘੱਟ ਇਕ ਵਾਰ ਐਫ.ਆਰ.ਕੇ. ਪਲਾਂਟਾਂ ਦਾ ਦੌਰਾ ਕੀਤਾ ਜਾਇਆ ਕਰੇ। ਕਣਕ ਦੇ ਸਟਾਕ ਅਤੇ ਇਸ ਦੀ ਗੁਣਵੱਤਾ ਬਰਕਰਾਰ ਰੱਖਣ ਸਬੰਧੀ ਵਿਭਾਗ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਵੀ ਇਸ ਮੌਕੇ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ।ਵਿਭਾਗ ਦੇ ਪ੍ਰਿੰਸੀਪਲ ਸਕੱਤਰ ਰਾਹੁਲ ਭੰਡਾਰੀ ਨੇ ਮੰਤਰੀ ਨੂੰ ਯਕੀਨ ਦਵਾਇਆ ਕਿ ਵਿਭਾਗੀ ਯੋਜਨਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਅਤੇ ਵਿਭਾਗ ਦੇ ਕੰਮਕਾਜ ਨੂੰ ਹੋਰ ਵੀ ਸੁਚੱਜੇ ਢੰਗ ਨਾਲ ਚਲਾਉਣ ਵਿੱਚ ਪੂਰਨ ਪਾਰਦਰਸ਼ੀ ਕਾਰਜ ਵਿਧੀ ਅਪਣਾਈ ਜਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਭਾਗ ਦੇ ਡਾਇਰੈਕਟਰ ਘਨਸ਼ਿਆਮ ਥੋਰੀ, ਜੁਆਇੰਟ ਡਾਇਰੈਕਟਰ ਡਾ. ਅੰਜੁਮਨ ਭਾਸਕਰ ਅਤੇ ਜੁਆਇੰਟ ਡਾਇਰੈਕਟਰ ਅਜੈਵੀਰ ਸਿੰਘ ਸਰਾਓ ਤੋਂ ਇਲਾਵਾ ਸਮੂਹ ਜ਼ਿਲ੍ਹਿਆਂ ਤੋਂ ਡੀ.ਐਫ.ਐਸ.ਸੀਜ਼ ਵੀ ਮੌਜੂਦ ਸਨ।

ਪੁਰਾਣੇ ਸ਼ਾਸਕਾਂ ਦੇ ਸਵਾਰਥਾਂ ਅਤੇ ਲਾਲਚ ਕਾਰਨ ਪਟਿਆਲਾ ਵਿਕਾਸ ਪੱਖੋਂ ਪਛੜਿਆ: ਮੁੱਖ ਮੰਤਰੀ

0

ਮਾਡਲ ਟਾਊਨ ਡਰੇਨ ਦੇ ਚੈਨਲਾਈਜੇਸ਼ਨ ਤੇ ਸੁੰਦਰੀਕਰਨ ਦਾ ਪ੍ਰਾਜੈਕਟ 31 ਮਾਰਚ ਤੱਕ ਮੁਕੰਮਲ ਕਰਨ ਲਈ ਕਿਹਾ
ਸ਼ਹਿਰ ਦੇ ਵਿਕਾਸ ਸਬੰਧੀ 167 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਪਟਿਆਲਾ ਦਾ ਨਵਾਂ ਬੱਸ ਅੱਡਾ ਪਹਿਲੀ ਅਪਰੈਲ ਤੱਕ ਹੋਵੇਗਾ ਸ਼ੁਰੂ
ਨਿਰਧਾਰਤ ਸਮੇਂ ਵਿੱਚ ਮੁਕੰਮਲ ਨਾ ਹੋਣ ਵਾਲੇ ਪ੍ਰਾਜੈਕਟਾਂ ਲਈ ਅਧਿਕਾਰੀਆਂ ਨੂੰ ਬਣਾਇਆ ਜਾਵੇਗਾ ਜਵਾਬਦੇਹ
ਪੰਜਾਬੀ ਖ਼ਬਰਸਾਰ ਬਿਉਰੋ
ਪਟਿਆਲਾ, 20 ਜਨਵਰੀ: ਪੁਰਾਣੇ ਸ਼ਾਸਕਾਂ ਦੇ ਸਵਾਰਥਾਂ ਅਤੇ ਲਾਲਚ ਕਾਰਨ ਪਟਿਆਲਾ ਦੇ ਸੱਤਾ ਦਾ ਕੇਂਦਰ ਹੋਣ ਦੇ ਬਾਵਜੂਦ ਵਿਕਾਸ ਪੱਖੋਂ ਪਛੜਨ ਦਾ ਦਾਅਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਨ੍ਹਾਂ ਸ਼ਾਸਕਾਂ ਨੇ ਸ਼ਹਿਰ ਦੀ ਮਾੜੀ ਹਾਲਤ ਨੂੰ ਸੁਧਾਰਨ ਦੀ ਥਾਂ ਆਪਣੇ ਨਿੱਜੀ ਮਹਿਲਾਂ ਨੂੰ ਸ਼ਿੰਗਾਰਨ ਉਤੇ ਵੱਧ ਧਿਆਨ ਦਿੱਤਾ। ਸ਼ਹਿਰ ਦੇ ਵਿਕਾਸ ਲਈ 167 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਸੱਤਾ ਦੇ ‘ਮਹਾਰਾਜਿਆਂ’ ਨੇ ਸ਼ਹਿਰ ਨਾਲੋਂ ਆਪਣੇ ਵਿਕਾਸ ਵੱਲ ਵੱਧ ਧਿਆਨ ਦਿੱਤਾ। ਉਨ੍ਹਾਂ ਕਿਹਾ ਕਿ ਭਾਵੇਂ ਪਟਿਆਲਾ ਨੂੰ ‘ਬਾਗ਼ਾਂ ਦੇ ਸ਼ਹਿਰ’ ਵਜੋਂ ਜਾਣਿਆ ਜਾਂਦਾ ਹੈ ਪਰ ਸੱਤਾਧਾਰੀਆਂ ਦੇ ਉਦਾਸੀਨ ਰਵੱਈਏ ਕਾਰਨ ਪਿਛਲੇ ਕੁੱਝ ਸਾਲਾਂ ਵਿੱਚ ਸ਼ਹਿਰ ਨੇ ਆਪਣੀ ਦਿੱਖ ਗਵਾ ਦਿੱਤੀ ਹੈ। ਭਗਵੰਤ ਮਾਨ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਪਟਿਆਲਾ ਨਾਲ ਸਬੰਧਤ ਰਹੇ ਪੰਜਾਬ ਦੇ ਸ਼ਾਸਕਾਂ ਦਾ ਸ਼ਹਿਰ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਰਿਹਾ।ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰ ਵਿੱਚ ਨਵੇਂ ਬੱਸ ਅੱਡੇ ਤੇ ਸੜਕਾਂ ਦਾ ਨਿਰਮਾਣ, ਡਰੇਨ ਦੇ ਚੈਨਲਾਈਜੇਸ਼ਨ ਤੇ ਸੁੰਦਰੀਕਰਨ ਦੇ ਪ੍ਰਾਜੈਕਟ, ਮੁਸਾਫਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ ਡਿਜੀਟਲ ਲਾਇਬ੍ਰੇਰੀ ਦੇ ਨਿਰਮਾਣ ਤੇ ਹੋਰ ਪ੍ਰਾਜੈਕਟ ਕਾਫ਼ੀ ਲੰਮੇ ਸਮੇਂ ਤੋਂ ਲਟਕ ਰਹੇ ਸਨ। ਪਟਿਆਲਾ ਦੇ ਵਿਕਾਸ ਤੇ ਤਰੱਕੀ ਲਈ ਵਚਨਬੱਧ ਉਨ੍ਹਾਂ ਦੀ ਸਰਕਾਰ ਨੇ ਇਨ੍ਹਾਂ ਪ੍ਰਾਜੈਕਟਾਂ ਨੂੰ ਤੇਜ਼ ਗਤੀ ਨਾਲ ਅੱਗੇ ਵਧਾਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਸ਼ਹਿਰ ਵਿੱਚ ਬਣ ਰਹੇ ਅਤਿਆਧੁਨਿਕ ਬੱਸ ਅੱਡੇ ਦਾ ਕੰਮ ਪਹਿਲੀ ਅਪਰੈਲ ਤੱਕ ਮੁਕੰਮਲ ਕੀਤਾ ਜਾਵੇਗਾ। ਇਸ ਬੱਸ ਅੱਡੇ ਦਾ ਨਿਰਮਾਣ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਕਰਵਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਬੱਸ ਅੱਡੇ ਦਾ 93 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਇਸ ਅੱਡੇ ਵਿੱਚ ਲਿਫਟ ਤੇ ਰੈਂਪ ਵਰਗੀਆਂ ਸਹੂਲਤਾਂ ਮੁਹੱਈਆ ਹੋਣਗੀਆਂ। ਭਗਵੰਤ ਮਾਨ ਨੇ ਕਿਹਾ ਕਿ ਇਸ ਅੱਡੇ ਤੋਂ 1500 ਬੱਸਾਂ ਚੱਲਣਗੀਆਂ ਅਤੇ ਲੋਕਾਂ ਨੂੰ ਵੱਡੀ ਪੱਧਰ ਉਤੇ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਬੱਸ ਅੱਡੇ ਨੂੰ ਸ਼ਹਿਰ ਦੀ ਸ਼ਟਲ ਬੱਸ ਸੇਵਾ ਲਈ ਵਰਤਿਆ ਜਾਵੇਗਾ, ਜਿਸ ਤੋਂ ਸ਼ਹਿਰ ਦੇ ਵੱਖਵੱਖ ਹਿੱਸਿਆਂ ਨੁੰ ਬੱਸ ਸੇਵਾ ਚਲਾਈ ਜਾਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਸ਼ੁਰੂ ਕੀਤੇ 342 ਕਰੋੜ ਰੁਪਏ ਦੇ ਪ੍ਰਾਜੈਕਟ ਵਿੱਚ ਸੜਕਾਂ ਦੀ ਮੁੜ ਉਸਾਰੀ ਲਈ 20 ਕਰੋੜ ਰੁਪਏ ਹੋਰ ਵਾਧੂ ਖ਼ਰਚੇ ਜਾ ਰਹੇ ਹਨ ਅਤੇ ਇਹ ਪ੍ਰਾਜੈਕਟ ਵੀ ਜਲਦੀ ਹੀ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਮਾਡਲ ਟਾਊਨ ਡਰੇਨ ਦੇ ਚੈਨਲਾਈਜੇਸ਼ਨ ਤੇ ਸੁੰਦਰੀਕਰਨ ਦਾ ਪ੍ਰਾਜੈਕਟ 31 ਮਾਰਚ ਤੱਕ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਰਾਜਿੰਦਰਾ ਝੀਲ ਨੂੰ ਵਿਸ਼ਵ ਭਰ ਦੇ ਲੋਕਾਂ ਲਈ ਸੈਰਸਪਾਟੇ ਦੇ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਮੁਸਾਫਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ ਦੇ ਡਿਜੀਟਲਾਈਜੇਸ਼ਨ ਉਤੇ 8.26 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ।ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਇਨ੍ਹਾਂ ਸਾਰੇ ਪ੍ਰਾਜੈਕਟਾਂ ਉਤੇ ਕੰਮ ਸਮਾਂਬੱਧ ਤਰੀਕੇ ਨਾਲ ਮੁਕੰਮਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨੂੰ ਨੇਪਰੇ ਚਾੜ੍ਹਨ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਕਤਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਜੇ ਨਿਰਧਾਰਤ ਸਮੇਂ ਵਿੱਚ ਇਹ ਕੰਮ ਮੁਕੰਮਲ ਨਾ ਹੋਏ ਤਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ।

ਮੂਟ ਕੋਰਟ ਪ੍ਰਤਿਭਾ ਨਿਖਾਰ ਪ੍ਰੋਗਰਾਮ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 20 ਜਨਵਰੀ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਪ੍ਰੋ. (ਡਾ.) ਐਸ.ਕੇ. ਬਾਵਾ, ਉਪ ਕੁਲਪਤੀ ਦੀ ਪ੍ਰੇਰਨਾ ਤੇ ਡਾ. ਅਰਪਨਾ ਬਾਂਸਲ, ਡੀਨ ਦੀ ਰਹਿਨਮਾਈ ਹੇਠ “ਮੂਟ ਕੋਰਟ ਪ੍ਰਤਿਭਾ ਨਿਖਾਰ’’ ਪ੍ਰੋਗਰਾਮ ਤਹਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕਮ ਸੈਕਟਰੀ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟਰੀ, ਬਠਿੰਡਾ ਸ਼੍ਰੀ ਸੁਰੇਸ਼ ਕੁਮਾਰ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਐਡਵੋਕੇਟ ਹਰਦੇਵ ਸਿੰਘ, ਐਡਵੋਕੇਟ ਹਰਜਿੰਦਰ ਸਿੰਘ ਚਾਹਲ ਵਿਸ਼ੇਸ਼ ਮਹਿਮਾਨ, ਪ੍ਰੋ. ਐਨ.ਕੇ. ਗੋਸਾਈਂ ਤੋਂ ਇਲਾਵਾ ਲਾਅ ਵਿਭਾਗ ਦੇ ਸਮੂਹ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਆਦਿ ਹਾਜ਼ਰ ਰਹੇ।ਇਸ ਮੌਕੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕਮ ਸੈਕਟਰੀ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕਾਨੂੰਨ ਦੇ ਵਿਦਿਆਰਥੀਆਂ ਨੂੰ ਕੋਰਟ ਦੀਆਂ ਪ੍ਰਕਿਰਿਆਵਾਂ ਅਤੇ ਨੈਤਿਕਤਾ ਬਾਰੇ ਚਾਨਣਾ ਪਾਉਂਦਿਆਂ ਵੱਖ-ਵੱਖ ਕੇਸਾਂ ਦਾ ਉਦਾਹਰਨ ਦੇ ਕੇ ਕਾਨੂੰਨੀ ਧਾਰਾਵਾਂ, ਉਨਾਂ ਦੀ ਪਾਲਣਾ ਅਤੇ ਮਹਤੱਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨਾਂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਕੰਟਰੈਕਟ ਲਾਅ ਅਤੇ ਸਿਵਿਲ ਪ੍ਰੋਸਿਜ਼ਰ ਕੋਰਟ ਬਾਰੇ ਦੱਸਿਆ ਤੇ ਇੰਟਰ ਕਲਾਸ ਮੂਟ ਕੋਰਟ ਪ੍ਰਤਿਯੋਗਿਤਾ ਬਾਰੇ ਆਪਣਾ ਫੈਸਲਾ ਸੁਣਾਇਆ। ਕਾਨੂੰਨੀ ਜਾਣਕਾਰੀ ਭਰਪੂਰ ਭਾਸ਼ਣ ਵਿੱਚ ਉਨਾਂ ਵਿਦਿਆਰਥੀਆਂ ਨੂੰ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਭਾਰਤੀ ਸੰਵਿਧਾਨ ਵੱਲੋਂ ਦਿੱਤੇ ਗਏ ਅਧਿਕਾਰਾਂ ਅਤੇ ਸੰਬੰਧਿਤ ਅਨੁਛੇਦਾਂ ਬਾਰੇ ਦੱਸਿਆ। ਸੁਰੇਸ਼ ਕੁਮਾਰ ਗੋਇਲ ਵੱਲੋਂ ਵਿਦਿਆਰਥੀ ਨੂੰ ਅਸਮਰੱਥ ਤੇ ਲੋੜਵੰਦ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਮਦਦ ਕਰਨ ਵਾਸਤੇ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਪ੍ਰੋ. ਨਵਦੀਪ ਕੌਰ ਤੇ ਡਾ. ਗੁਰਪ੍ਰੀਤ ਕੌਰ ਵੱਲੋਂ ਸੰਚਾਲਿਤ ਸਵਾਲ-ਜਵਾਬ ਸੈਸ਼ਨ ਵਿੱਚ ਮੁੱਖ ਮਹਿਮਾਨ ਵੱਲੋਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਤੇ ਉਨਾਂ ਦੀਆਂ ਸ਼ੰਕਾਵਾਂ ਦਾ ਨਿਵਾਰਨ ਵੀ ਕੀਤਾ ਗਿਆ। ਅਖੀਰ ਵਿੱਚ ਸਿਮਰਨ ਬੀ. ਏ.ਐੱਲ. ਐੱਲ.ਬੀ, ਪਹਿਲੇ ਸਾਲ ਦੀ ਵਿਦਿਆਰਥਣ ਦੇ ਧੰਨਵਾਦੀ ਸ਼ਬਦਾਂ ਨਾਲ ਸੈਮੀਨਾਰ ਸਮਾਪਤ ਹੋਇਆ।

Our Visitor

1909500