Thursday, May 21, 2026
Home Blog Page 2236

ਆਮ ਆਦਮੀ ਪਾਰਟੀ ਦੇ ਜਿਲ੍ਹਾ ਬਠਿੰਡਾ ਦੇ ਸੰਗਠਨ ਦੀ ਹੋਈ ਅਹਿਮ ਮੀਟਿੰਗ

0

ਸੁਖਜਿੰਦਰ ਮਾਨ
ਬਠਿੰਡਾ, 20 ਜਨਵਰੀ: ਆਮ ਆਦਮੀ ਪਾਰਟੀ ਜ਼ਿਲਾ ਬਠਿੰਡਾ ਦੇ ਸੰਗਠਨ ਦੀ ਇੱਕ ਅਹਿਮ ਮੀਟਿੰਗ  ਜਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ ਅਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤ ਅਗਰਵਾਲ ਅਤੇ ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਜੰਟ ਸਿੰਘ ਸਿਵੀਆਂ ਦੀ ਅਗਵਾਈ ਵਿੱਚ ਸਥਾਨਕ ਸਰਕਟ ਹਾਊਸ ਵਿਖੇ ਕੀਤੀ ਗਈ ਜਿਸ ਵਿੱਚ ਆਪ ਦੇ ਸੂਬਾ ਸਕੱਤਰ ਸ਼ਮਿੰਦਰ ਸਿੰਘ ਖਿੰਦਾ ਅਤੇ ਲੋਕ ਸਭਾ ਇੰਚਾਰਜ ਅਤੇ ਪੰਜਾਬ ਰਾਜ ਵਣ ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਰਾਕੇਸ਼ ਪੁਰੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਹਲਕਾ ਭੁੱਚੋ ਦੇ ਵਿਧਾਇਕ ਜਗਸੀਰ ਸਿੰਘ, ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ,  ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ, ਟਰੇਡਰ ਪੰਜਾਬ ਦੇ ਚੇਅਰਮੈਨ ਅਨਿਲ ਠਾਕੁਰ, ਇੰਪਰੂਮੈਂਟ ਟਰੱਸਟ ਬਠਿੰਡਾ ਦੇ ਨਵ ਨਿਯੁਕਤ ਚੇਅਰਮੈਨ ਜਤਿੰਦਰ ਸਿੰਘ ਭੱਲਾ, ਮਹਿਲਾ ਵਿੰਗ ਦੇ ਪੰਜਾਬ ਪ੍ਰਧਾਨ ਬਲਜਿੰਦਰ ਕੌਰ, ਜ਼ਿਲ੍ਹਾ ਜਨਰਲ ਸਕੱਤਰ ਬਲਵਿੰਦਰ ਸਿੰਘ ਬੱਲੋ, ਜਿਲ੍ਹਾ ਦਫ਼ਤਰ ਇੰਚਾਰਜ ਬਲਜਿੰਦਰ ਬਰਾੜ, ਜਿਲ੍ਹਾ ਕੈਸ਼ੀਅਰ ਐੱਮ ਐਲ ਜਿੰਦਲ, ਜਿਲ੍ਹਾ ਇਵੇਂਟ ਇੰਚਾਰਜ ਵਿਕਰਮ ਲਵਲੀ,ਜਿਲ੍ਹਾ ਪ੍ਰਧਾਨ ਮਹਿਲਾ ਵਿੰਗ ਸਤਵੀਰ ਕੌਰ, ਜਿਲ੍ਹਾ ਪ੍ਰਧਾਨ ਯੂਥ ਵਿੰਗ ਅਮਰਦੀਪ ਰਾਜਨ, ਜ਼ਿਲ੍ਹਾ ਪ੍ਰਧਾਨ ਲੀਗਲ ਸੈੱਲ ਵਕੀਲ ਗੁਰਪ੍ਰੀਤ ਸਿੰਘ ਸਿੱਧੂ ਤੋਂ ਇਲਾਵਾ ਜਿਲ੍ਹੇ ਦੇ ਸਾਰੇ ਹਲਕਿਆਂ ਦੇ ਬਲਾਕ ਪ੍ਰਧਾਨ ਅਤੇ ਸਰਕਲ ਇੰਚਾਰਜਾਂ ਨੇ ਹਿੱਸਾ ਲਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸ਼ਮਿੰਦਰ ਸਿੰਘ ਖਿੰਦਾ ਨੇ  ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਪਾਰਟੀ ਨੂੰ ਬੂਥ ਲੈਵਲ ਤੱਕ ਮਜ਼ਬੂਤ ਕਰਨ ਲਈ ਕਿਹਾ, ਉਹਨਾਂ ਨੇ  ਉਹਨਾਂ ਨੇ ਕਿਹਾ ਕਿ ਪਾਰਟੀ ਨਾਲ ਜੁੜੇ ਹਰ ਵਲੰਟੀਅਰ ਦਾ ਮਾਨ ਸਨਮਾਨ ਪਾਰਟੀ ਦੁਆਰਾ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਇਹ ਹਜਮ ਨਹੀਂ ਹੋ ਰਿਹਾ ਕਿ ਪੰਜਾਬ ਵਿੱਚ ਆਮ ਲੋਕਾਂ ਦੀ ਸਰਕਾਰ ਹੈ ਅਤੇ ਉਹ ਹਰ ਵੇਲੇ ਕੋਈ ਨਾ ਕੋਈ ਕਮੀ ਲੱਭਣ ਵਿੱਚ ਲੱਗੇ ਰਹਿੰਦੇ ਹਨ। ਇਸ ਮੌਕੇ ਤੇ ਉਹਨਾ ਨੇ ਉੱਥੇ ਮੌਜੂਦ ਅਹੁਦੇਦਾਰਾਂ ਅਤੇ ਵਲੰਟੀਅਰਜ਼ ਦੀਆਂ ਸਮੱਸਿਆਂਵਾਂ ਸੁਣੀਆ ਅਤੇ ਓਹਨਾ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ।

ਲੋਕ ਭਲਾਈ ਸਕੀਮਾਂ ਸਬੰਧੀ ਜ਼ਮੀਨੀ ਪੱਧਰ ਉੱਤੇ ਆਮ ਲੋਕਾਂ ਨੂੰ ਕਰਵਾਇਆ ਜਾਵੇ ਜਾਣੂ : ਵਧੀਕ ਪ੍ਰਮੁੱਖ ਸਕੱਤਰ

0

ਮਾਲਵੇ ਦੇ 7 ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਕੀਤੀ ਲੋਕ ਭਲਾਈ ਸਕੀਮਾਂ ਸਬੰਧੀ ਰੀਵਿਊ ਬੈਠਕ
ਸੁਖਜਿੰਦਰ ਮਾਨ
ਬਠਿੰਡਾ, 20 ਜਨਵਰੀ : ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਰਾਮੇਸ਼ ਕੁਮਾਰ ਗੰਟਾ ਨੇ ਅੱਜ ਮਾਲਵੇ ਦੇ 7 ਜ਼ਿਲ੍ਹਿਆਂ ਬਠਿੰਡਾ, ਮਾਨਸਾ, ਸ਼੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ ਅਤੇ ਫ਼ਰੀਦਕੋਟ ਦੇ ਉੱਚ ਅਧਿਕਾਰੀਆਂ ਨਾਲ ਸੂਬਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਸਬੰਧੀ ਸਥਾਨਕ ਸਰਕਟ ਹਾਊਸ ਵਿਖੇ ਰੀਵਿਊ ਮੀਟਿੰਗ ਕਰਕੇ ਕੀਤੇ ਗਏ ਕਾਰਜਾਂ ਦੀ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਮੁਕਤਸਰ ਵਿਨੀਤ ਕੁਮਾਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਬੈਠਕ ਦੌਰਾਨ ਵਧੀਕ ਮੁੱਖ ਸਕੱਤਰ ਰਾਮੇਸ਼ ਕੁਮਾਰ ਗੰਟਾ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਅਧਿਕਾਰੀਆਂ ਪਾਸੋਂ ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਸਕੀਮ ਅਧੀਨ ਵਰਤੋਂ ਸਰਟੀਫ਼ਿਕੇਟਾਂ ਅਤੇ ਪਿੰਡਾਂ ਨੂੰ ਆਦਰਸ਼ ਗ੍ਰਾਮ ਘੋਸ਼ਿਤ ਕਰਨ ਦੇ ਸਟੇਟਸ ਬਾਰੇ, ਪੋਸਟ ਮੈਟ੍ਰਿਕ ਸਕਾਲਰਸ਼ਿਪ (ਐਸ.ਸੀ) ਸਕੀਮ ਅਧੀਨ ਸੈਕਸ਼ਨਡ ਕੇਸਾਂ ਅਤੇ PM-1J1Y ਸਕੀਮ ਅਧੀਨ ਭੇਜਣ ਵਾਲੇ ਪ੍ਰੋਜੈਕਟਾਂ ਸਬੰਧੀ ਕੀਤੇ ਗਏ ਕਾਰਜਾਂ ਬਾਰੇ ਬਾਰੀਕੀ ਨਾਲ ਜਾਣਿਆ।
ਇਸ ਮੌਕੇ ਰਾਮੇਸ਼ ਕੁਮਾਰ ਗੰਟਾ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਸਕੀਮ ਅਧੀਨ ਵਰਤੋਂ ਸਰਟੀਫ਼ਿਕੇਟਾਂ ਨੂੰ ਜਲਦ ਮੁਕੰਮਲ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਚੱਲ ਰਹੇ ਕਾਰਜਾਂ ਨੂੰ ਜਲਦ ਤੋਂ ਜਲਦ ਨੇਪਰੇ ਚਾੜ੍ਹਿਆ ਜਾਵੇ ਅਤੇ ਬਕਾਇਆ ਕੇਸਾਂ ਨੂੰ ਪਹਿਲ ਦੇ ਆਧਾਰ ਤੇ ਮੁਕੰਮਲ ਕੀਤਾ ਜਾਵੇ।  ਬੈਠਕ ਦੌਰਾਨ ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸਰਕਾਰ ਆਮ ਲੋਕਾਂ ਦੇ ਹਿੱਤ ਲਈ ਹਮੇਸ਼ਾ ਵਚਨਵੱਧ ਤੇ ਯਤਨਸ਼ੀਲ ਹੈ। ਇਸ ਮੌਕੇ ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਦੇਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਲੋਕ ਭਲਾਈ ਸਕੀਮ ਤੋਂ ਵਾਝਾਂ ਨਾ ਰਹਿ ਸਕੇ।
ਇਸ ਮੌਕੇ ਅਨੁਸੂਚਿਤ ਜਾਤੀ ਸਬ ਪਲਾਨ ਦੇ ਡਾਇਰੈਕਟਰ ਸ. ਰਾਜ ਬਹਾਦਰ, ਸਮਾਜਿਕ ਨਿਆਂ ਤੇ ਅਧਿਕਾਰਤ ਵਿਭਾਗ ਦੇ ਡਿਪਟੀ ਡਾਇਰੈਕਟਰ  ਪਰਮਿੰਦਰ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਰੁਪਿੰਦਰ ਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਾਨਸਾ  ਟੀ. ਬੈਨਿਥ, ਵਧੀਕ ਡਿਪਟੀ ਕਮਿਸ਼ਨਰ ਮੋਗਾ ਸੁਭਾਸ਼ ਚੰਦਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫ਼ਿਰੋਜ਼ਪੁਰ ਅਰੁਣ ਕੁਮਾਰ ਤੇ ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤ ਅਫ਼ਸਰ ਬਠਿੰਡਾ ਸ਼?ਰੀ ਵਰਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸਮਾਜਿਕ ਨਿਆਂ ਤੇ ਅਧਿਕਾਰਤ ਅਫ਼ਸਰ ਆਦਿ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨੇ ਗਣਤੰਤਰਤਾ ਦਿਵਸ ਦੇ ਮੱਦੇਨਜ਼ਰ ਤਿਆਰੀਆਂ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

0

ਅਧਿਕਾਰੀਆਂ ਨੂੰ ਦਿੱਤੇ ਲੋੜੀਂਦੇ ਦਿਸ਼ਾ-ਨਿਰਦੇਸ਼
ਰਿਹਰਸਲ ਦੌਰਾਨ ਸਕੂਲੀ ਬੱਚਿਆਂ ਨੇ ਪੇਸ਼ ਕੀਤਾ ਪੀਟੀ ਸ਼ੋਅ ਤੇ ਸੱਭਿਆਚਾਰਕ ਪ੍ਰੋਗਰਾਮ
ਸੁਖਜਿੰਦਰ ਮਾਨ
ਬਠਿੰਡਾ, 20 ਜਨਵਰੀ : ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਗਾਮੀ ਗਣਤੰਤਰਤਾ ਦਿਵਸ ਮੌਕੇ 26 ਜਨਵਰੀ ਨੂੰ ਸਥਾਨਕ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਝੰਡਾ ਲਹਿਰਾਏ ਜਾਣ ਦੀ ਰਸਮ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧ ਵਿਚ ਅੱਜ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਪ੍ਰਬੰਧਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਜੇ. ਇਲਨਚੇਲੀਅਨ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀਆਂ ਗਈਆਂ ਡਿਊਟੀਆਂ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਾ ਵਰਤੀ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਕਰਦਿਆਂ ਕਿਹਾ ਕਿ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨੇ ਲਾਜ਼ਮੀ ਬਣਾਏ ਜਾਣ। ਉਨ੍ਹਾਂ ਦਫ਼ਤਰ ਕਮਿਸ਼ਨਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਖੇਡ ਸਟੇਡੀਅਮ ਦੇ ਅੰਦਰ-ਬਾਹਰ ਤੋਂ ਇਲਾਵਾ ਪਖ਼ਾਨਿਆਂ ਦੀ ਸਾਫ਼-ਸਫ਼ਾਈ ਦਾ ਪ੍ਰਬੰਧ ਕਰਨਾ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਪੀਣ ਵਾਲੇ ਸਾਫ਼ ਪਾਣੀ, ਵੀਆਈਪੀ ਅਤੇ ਵੀਵੀਆਈਪੀ ਸਟਿੰਗਪਲਾਨ, ਬੈਰੀਕੇਡਿੰਗ, ਸਟੇਜ ਅਤੇ ਸਟੇਡੀਅਮ ਦੀ ਸਜਾਵਟ ਤੋਂ ਇਲਾਵਾ ਨਿਰਵਿਘਨ ਬਿਜਲੀ ਆਦਿ ਦੇ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨੇ ਲਾਜ਼ਮੀ ਬਣਾਏ ਜਾਣ। ਗਣਤੰਤਰਤਾ ਦਿਵਸ ਸਮਾਗਮ ਦੇ ਮੱਦੇਨਜ਼ਰ ਕਰਵਾਏ ਜਾਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਸਬੰਧੀ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆ ਵਲੋਂ ਰਹਿਰਸਲ ਦੌਰਾਨ ਪੀਟੀ ਸ਼ੋਅ, ਸੱਭਿਆਚਾਰਕ ਤੇ ਦੇਸ਼ ਭਗਤੀ ਨੂੰ ਦਰਸਾਉਂਦੀਆਂ ਆਈਟਮਾਂ ਆਦਿ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪਲਵੀ ਚੌਂਧਰੀ, ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ, ਸਿਖਲਾਈ ਅਧੀਨ ਆਈ.ਏ.ਐਸ. ਅਧਿਕਾਰੀ ਮੈਡਮ ਮਾਨਸੀ, ਆਰਟੀਏ ਰਾਜਦੀਪ ਸਿੰਘ ਬਰਾੜ, ਸਹਾਇਕ ਕਮਿਸ਼ਨਰ ਜਨਰਲ ਸਾਰੰਗਪ੍ਰੀਤ ਸਿੰਘ ਔਜਲਾ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਇੰਦਰਜੀਤ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ, ਸਕੱਤਰ ਰੈਡ ਕਰਾਸ ਦਰਸ਼ਨ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨਾਂ ਦੇ ਨੁਮਾਇੰਦੇ ਹਾਜ਼ਰ ਸਨ।

ਬਠਿੰਡਾ ਨਿਗਮ ਦੀ ਸੱਤਾ ਹਾਸਲ ਕਰਨ ਲਈ ਮਨਪ੍ਰੀਤ ਬਾਦਲ ਤੇ ਕਾਂਗਰਸ ਵਿਚਕਾਰ ‘ਸ਼ਹਿ-ਮਾਤ’ ਦੀ ਖੇਡ ਸ਼ੁਰੂ

0

24 ਨੂੰ ਕੇਂਦਰੀ ਮੰਤਰੀ ਗਜੇਂਦਰ ਸੇਖਾਵਤ ਪੁੱਜ ਰਹੇ ਹਨ ਬਠਿੰਡਾ
ਭਾਜਪਾ ਵਿਚ ਜਾਣ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਅਪਣੇ ਹਿਮਾਇਤੀ ਕੋਂਸਲਰਾਂ ਨੂੰ ਪਿੰਡ ਬਾਦਲ ਸੱਦਿਆ
ਕਾਂਗਰਸ ਨੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਬਠਿੰਡਾ ਚ ਕੀਤੀ ਕੋਂਸਲਰਾਂ ਨਾਲ ਮੀਟਿੰਗ
ਕਾਂਗਰਸ ਦੇ ਕੋਂਸਲਰ ਦੋ ਧੜਿਆਂ ਵਿਚ ਗਏ ਵੰਡੇ ਦਿਖਾਈ ਦੇਣ ਲੱਗੇ
ਸੁਖਜਿੰਦਰ ਮਾਨ
ਬਠਿੰਡਾ, 20 ਜਨਵਰੀ : ਮਨਪ੍ਰੀਤ ਸਿੰਘ ਬਾਦਲ ਦੇ ਦੋ ਦਿਨ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਹੁਣ ਬਠਿੰਡਾ ਨਗਰ ਨਿਗਮ ਦੀ ਸੱਤਾ ‘ਹਾਸਲ’ ਕਰਨ ਅਤੇ ਇਸਨੂੰ ‘ਬਰਕਰਾਰ’ ਰੱਖਣ ਲਈ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਧੜੇ ਵਿਚਕਾਰ ‘ਸ਼ਹਿ-ਮਾਤ’ ਦੀ ਖੇਡ ਸ਼ੁਰੂ ਹੋ ਗਈ ਹੈ। ਭਰੋਸੇਯੋਗ ਸੂਤਰਾਂ ਅਨੁਸਾਰ 24 ਜਨਵਰੀ ਨੂੰ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਮਾਮਲਿਆਂ ਦੇ ਇੰਚਾਰਜ਼ ਗਜੇਂਦਰ ਸੇਖਾਵਤ ਬਠਿੰਡਾ ਵਿਚ ਪੁੱਜ ਰਹੇ ਹਨ। ਪਤਾ ਚੱਲਿਆ ਹੈ ਕਿ ਮਨਪ੍ਰੀਤ ਧੜੇ ਦੀ ਕੋਸ਼ਿਸ਼ ਹੈ ਕਿ ਉਕਤ ਦਿਨ ਉਹ ਅਪਣੇ ਹਿਮਾਇਤੀਆਂ ਦਾ ਵੱਡਾ ਇਕੱਠ ਕਰਕੇ ਪ੍ਰਭਾਵ ਛੱਡਣ ਵਿਚ ਕਾਮਯਾਬ ਹੋ ਸਕਦੇ ਹਨ। ਇਸੇ ਕੜੀ ਤਹਿਤ ਅੱਜ ਜਿੱਥੇ ਸਾਬਕਾ ਵਿਤ ਮੰਤਰੀ ਵਲੋਂ ਅਪਣੇ ਹਿਮਾਇਤੀ ਕੋਂਸਲਰਾਂ ਨੂੰ ਪਿੰਡ ਬਾਦਲ ਵਿਖੇ ਸੱਦਿਆ ਹੋਇਆ ਸੀ, ਉਥੇ ਕਾਂਗਰਸ ਨੇ ਵੀ ਇਸਦੀ ਸੂਹ ਮਿਲਦਿਆਂ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਸਥਾਨਕ ਲਾਰਡ ਰਾਮਾ ਸਕੂਲ ਦੇ ਇੱਕ ਦਫ਼ਤਰ ’ਚ ਕੋਂਸਲਰਾਂ ਨਾਲ ਮੀਟਿੰਗ ਕੀਤੀ। ਪੁਣ-ਛਾਣ ਕੇ ਹੁਣ ਤੱਕ ਬਾਹਰ ਆਈਆਂ ਖ਼ਬਰਾਂ ਮੁਤਾਬਕ ਹੁਣ ਤੱਕ ਦੋਨਾਂ ਧੜਿਆਂ ਕੋਲ ਲਗਭਗ ਬਰਾਬਰ-ਬਰਾਬਰ ਕੋਂਸਲਰ ਹਨ। ਹਲਾਂਕਿ ਕਾਂਗਰਸ ਦੇ ਆਗੂਆਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਮੀਟਿੰਗ ਵਿਚ 22 ਕੋਂਸਲਰ ਪੁੱਜੇ ਸਨ, ਜਿੰਨ੍ਹਾਂ ਨੇ ਦਸਖ਼ਤ ਵੀ ਕੀਤੇ ਹਨ। ਜਦੋਂਕਿ ਮਨਪ੍ਰੀਤ ਬਾਦਲ ਦੇ ਧੜੇ ਵਲੋਂ ਸੋਸਲ ਮੀਡੀਆ ’ਤੇ ਪਾਈ ਫ਼ੋਟੋ ’ਚ ਉਨ੍ਹਾਂ ਨਾਲ 18 ਕੋਂਸਲਰ ਖੜ੍ਹੇ ਹਨ। ਕਾਂਗਰਸ ਦੇ ਮੌਜੂਦਾ ਸਮੇਂ ਨਿਗਮ ਅੰਦਰ 40 ਕੋਂਸਲਰ ਹਨ। ਮਨਪ੍ਰੀਤ ਨਾਲ ਖੜ੍ਹਣ ਵਾਲੇ ਜਿਆਦਾਤਰ ਕੋਂਸਲਰਾਂ ਦਾ ਪਿਛਕੋੜ ਗੈਰ-ਕਾਂਗਰਸੀ ਹੈ, ਜਿੰਨ੍ਹਾਂ ਨੂੰ ਦੂਜੀਆਂ ਪਾਰਟੀਆਂ ਵਿਚੋਂ ਲਿਆ ਕੇ ਟਿਕਟ ਦਿੱਤੀ ਗਈ ਸੀ। ਹਾਲਾਂਕਿ ਸ਼ਹਿਰ ਦੇ ਕੁੱਝ ਕੋਂਸਲਰ ਅਜਿਹੇ ਵੀ ਹਨ, ਜਿਹੜੇ ਦੁਚਿੱਤੀ ਵਿਚ ਪਏ ਹੋਏ ਹਨ। ਕਾਂਗਰਸ ਨਾਲ ਡਟਕੇ ਖੜੇ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ, ਸਾਬਕਾ ਚੇਅਰਮੈਨ ਕੇ.ਕੇ.ਅਗਰਵਾਲ, ਸਾਬਕਾ ਜ਼ਿਲ੍ਹਾਂ ਪ੍ਰਧਾਨ ਅਰੁਣ ਵਧਾਵਨ, ਪਵਨ ਮਾਨੀ ਆਦਿ ਵਰਗੇ ਸੀਨੀਅਰ ਆਗੂਆਂ ਨੇ ਕੋਂਸਲਰਾਂ ਨੂੰ ਪਾਰਟੀ ਨਾਲ ਖੜਣ ਦੀ ਅਪੀਲ ਕੀਤੀ ਹੈ। ਜਦੋਂ ਮੇਅਰ ਤੇ ਡਿਪਟੀ ਮੇਅਰ ਨੇ ਮਨਪ੍ਰੀਤ ਦੇ ਹੱਕ ਵਿਚ ਖੜ੍ਹਣ ਦਾ ਫੈਸਲਾ ਕੀਤਾ ਹੈ। ਉਧਰ ਇਸ ਸਾਰੇ ਘਟਨਾਕ੍ਰਮ ਵਿਚ ਸਾਬਕਾ ਵਿਤ ਮੰਤਰੀ ਦੇ ਕੱਟੜ ਸਿਆਸੀ ਵਿਰੋਧੀ ਮੰਨੇ ਜਾਂਦੇ ਆਪ ਦੇ ਮੌਜੂਦਾ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਸਾਬਕਾ ਅਕਾਲੀ ਵਿਧਾਇਕ ਤੇ ਭਾਜਪਾ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਵਲੋਂ ਨਿਭਾਈ ਜਾਣ ਵਾਲੀ ਭੂਮਿਕਾ ਨੇ ਵੀ ਅਸਰ ਦਿਖਾਉਣਾ ਹੈ। ਸੂਤਰਾਂ ਮੁਤਾਬਕ ਸ਼੍ਰੀ ਸਿੰਗਲਾ ਨੇ ਵੀ ਮਨਪ੍ਰੀਤ ਦੀ ਆਮਦ ਤੋਂ ਬਾਅਦ ਅਪਣੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਪਤਾ ਲੱਗਿਆ ਹੈ ਕਿ ਮਨਪ੍ਰੀਤ ਦੇ ਕੱਟੜ ਸਮਰਥਕ ਕਹੇ ਜਾਣ ਵਾਲੇ ਕੋਂਸਲਰਾਂ ਦਾ ਭਾਜਪਾ ਵਿਚ ਆਉਣ ਦਾ ਸਵਾਗਤ ਤਾਂ ਜਰੂਰ ਕੀਤਾ ਜਾਵੇਗਾ ਪ੍ਰੰੰਤੂ ਨਾਲ ਹੀ ਇਹ ਵੀ ਫੈਸਲਾ ਲਿਆ ਹੈ ਕਿ ਉਨ੍ਹਾਂ ਨੂੰ ਇਹ ਸਪੱਸ਼ਟ ਕਰ ਦਿੱਤਾ ਜਾਵੇ ਕਿ ਇੱਥੇ ਕਾਂਗਰਸ ਦੀ ਤਰ੍ਹਾਂ ‘ਜੋ-ਜੋ’ ਕਲਚਰ ਨਹੀਂ ਚੱਲੇਗਾ ਅਤੇ ਭਾਜਪਾ ਦੀਆਂ ਨੀਤੀਆਂ ਮੁਤਾਬਕ ਹੀ ਚੱਲਣਾ ਪਏਗਾ। ਇਸਤੋਂ ਇਲਾਵਾ ਕੁੱਝ ਕੋਂਸਲਰਾਂ ਦੀਆਂ ਕੁੱਝ ‘ਵਿਸ਼ੇਸ਼ ਪ੍ਰਾਪਤੀਆਂ’ ਨੂੰ ਵੀ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਜੋ ਲੋੜ ਪੈਣ ’ਤੇ ਭਾਜਪਾ ਆਗੂਆਂ ਤੱਕ ਇੰਨ੍ਹਾਂ ਨੂੰ ਪੁੱਜਦਾ ਕੀਤਾ ਜਾ ਸਕੇ। ਸੂਤਰਾਂ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਬੇਸ਼ੱਕ ਸ਼ਹਿਰ ਦੇ ਜਿਆਦਾਤਰ ਭਾਜਪਾ ਦੇ ਟਕਸਾਲੀ ਅਤੇ ਆਰਐਸਐਸ ਨਾਲ ਜੁੜੇ ਆਗੂ ਪਹਿਲਾਂ ਸਰੂਪ ਸਿੰਗਲਾ ਦੇ ਵੀ ਹੱਕ ਵਿਚ ਵੀ ਨਹੀਂ ਸਨ ਪ੍ਰੰਤੂ ਹੁਣ ਮਨਪ੍ਰੀਤ ਦੀ ਆਮਦ ਤੋਂ ਬਣੇ ਸਿਆਸੀ ਹਾਲਾਤਾਂ ਵਿਚ ਸਿੰਗਲਾ ਦੇ ਹੱਕ ਵਿਚ ਖੜਦੇ ਨਜ਼ਰ ਆ ਰਹੇ ਹਨ। ਜਿਸ ਕਾਰਨ ਜਿਆਦਾਤਰ ਕਾਂਗਰਸੀ ਕੋਂਸਲਰ ਇਹ ਵੀ ਪੱਖ ਵੀ ਸੋਚ ਕੇ ਚੱਲ ਰਹੇ ਹਨ ਕਿ ਭਾਜਪਾ ਵਿਚ ਵੀ ਉਨ੍ਹਾਂ ਲਈ ‘ਗੁਲਾਬ’ ਦੇ ਫੁੱਲਾਂ ਦੀ ਸ਼ੇਜ ਨਹੀਂ ਵਿਛੀ ਹੋਈ ਤੇ ਕਿਉੁਂਕਿ ਜਿੱਥੇ ਭਾਜਪਾ ਇੱਕ ਅਨੁਸਾਸਨਬਧ ਪਾਰਟੀ ਹੈ ਉਥੇ ਸਰੂਪ ਸਿੰਗਲਾ ਵੀ ਬੈਠੇ ਹੋਏ ਹਨ। ਜਦੋਂਕਿ ਉਨ੍ਹਾਂ ਉਪਰ ਦਲਬਦਲੂ ਦਾ ਟੈਗ ਅਲੱਗ ਤੋਂ ਲੱਗੇਗਾ। ਇਹ ਹਾਲਾਤ ਕਾਂਗਰਸ ਲਈ ਕਾਫ਼ੀ ਸਹਾਈ ਸਿੱਧ ਹੋ ਸਕਦੀ ਹੈ ਤੇ ਚਰਚਾ ਇਹ ਵੀ ਸੁਣਾਈ ਦੇ ਰਹੀ ਹੈ ਕਿ ਬਠਿੰਡਾ ’ਚ ਕਾਂਗਰਸ ਦਾ ਕਿਲਾ ਬਰਕਰਾਰ ਰੱਖਣ ਲਈ ਜਿੱਥੇ ਅੱਜ-ਭਲਕ ਖੁਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੋਰਚਾ ਸੰਭਾਲਣ ਲਈ ਆ ਸਕਦੇੇ ਹਨ, ਉਥੇ ਬਠਿੰਡਾ ਵਿਚ ਕਾਂਗਰਸੀ ਕੋਂਸਲਰਾਂ ਨੂੰ ਇਕਜੁਟ ਰੱਖਣ ਲਈ ਪੰਜਾਬ ਦੇ ਕਿਸੇ ਧੜੱਲੇਦਾਰ ਟਕਸਾਲੀ ਕਾਂਗਰਸੀ ਆਗੂ ਦੀ ਡਿਊਟੀ ਮਨਪ੍ਰੀਤ ਬਾਦਲ ਨੂੰ ਸਿਆਸੀ ਮਾਤ ਦੇਣ ਲਈ ਲਗਾਈ ਜਾ ਰਹੀ ਹੈ। ਉਧਰ ਸ਼ਹਿਰ ਵਿਚ ਵਾਪਰ ਰਹੇ ਇਸ ਸਾਰੇ ਸਿਆਸੀ ਘਟਨਾਕ੍ਰਮ ਦੌਰਾਨ ਬਠਿੰਡਾ ਨਗਰ ਨਿਗਮ ਦੀ ‘ਮਾਂ’ ਮੰਨੇ ਜਾਂਦੇ ਸਾਬਕਾ ਕਾਂਗਰਸੀ ਆਗੂ ਤੇ ਮੌਜੂਦਾ ਆਪ ਵਿਧਾਇਕ ਜਗਰੂਪ ਸਿੰਘ ਗਿੱਲ ਚੁੱਪ ਹਨ ਤੇ ਹਾਲੇ ‘ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ’ ਵਾਲੀ ਨੀਤੀ ਉਪਰ ਚੱਲ ਰਹੇ ਹਨ ਅਤੇ ਕਰੀਬ 30 ਸਾਲ ਕੋਂਸਲਰ ਰਹਿਣ ਵਾਲੇ ਸ: ਗਿੱਲ ਸਿਆਸਤ ਦੇ ‘ਜਬਰਦਸਤ’ ਖਿਲਾੜੀ ਮੰਨੇ ਜਾਂਦੇ ਹਨ ਤੇ ਉਨ੍ਹਾਂ ਵਲੋਂ ਚੱਲੀ ਜਾਣ ਵਾਲੀ ਕੋਈ ਸਿਆਸੀ ਚਾਲ ਵੀ ਨਿਗਮ ਦੀ ਸੱਤਾ ਨੂੰ ਲੈ ਕੇ ਕਾਂਗਰਸ ਤੇ ਸਾਬਕਾ ਕਾਂਗਰਸੀ ਵਿਚਕਾਰ ਚੱਲ ਰਹੀ ਸਿਆਸੀ ਜੰਗ ਵਿਚ ਅਪਣੀ ਰੰਗ ਦਿਖਾ ਸਕਦਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨਿਗਮ ਅੰਦਰ ਸੱਤ ਕੋਂਸਲਰ ਵੀ ਹਾਲੇ ਦੂਰ ਤੋਂ ਸਿਆਸੀ ਤਮਾਸਾ ਵੇਖਣ ਵਾਲੀ ਸਥਿਤੀ ਵਿਚ ਖੜੇ ਹੋਏ ਹਨ।

ਨੈਸ਼ਨਲ ਯੂਥ ਡੇ ’ਤੇ ਖੂਨਦਾਨ ਸਬੰਧੀ ਹੋਏ ਚਾਰਟ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ

0

ਸਿਵਲ ਸਰਜਨ ਡਾ ਢਿੱਲੋਂ ਨੇ ਸਵੈ ਇੱਛੁਤ ਖੂਨ ਦਾਨ ਕਰਨ ਲਈ ਕੀਤੀ ਅਪੀਲ
ਬੱਚਿਆਂ ਵੱਲੋਂ ਖੂਨਦਾਨ ਕਰਨ ਸਬੰਧੀ ਜਾਗਰੂਕਤਾ ਰੈਲੀ ਕੱਢੀ
ਸੁਖਜਿੰਦਰ ਮਾਨ
ਬਠਿੰਡਾ, 20 ਜਨਵਰੀ : ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਰੈਡ ਕਰਾਸ ਨਾਲ ਮਿਲਕੇ ਨੈਸ਼ਨਲ ਯੂਥ ਦਿਵਸ ਦੇ ਸਬੰਧ ਵਿੱਚ ‘ਵਿਕਸਤ ਯੁਵਾ, ਵਿਕਸਤ ਭਾਰਤ” ਦੇ ਥੀਮ ਅਧੀਨ 1 ਤੋਂ 30 ਜਨਵਰੀ ਤੱਕ ਖੂਨਦਾਨ ਕਰਨ ਨੂੰ ਉਤਸ਼ਾਹਤ ਕਰਨ ਲਈ ਖੂਨਦਾਨ ਕੈਂਪਾਂ ਸਬੰਧੀ ਸਮਾਗਮ ਕਰਕੇ, ਲੇਖ ਮੁਕਾਬਲੇ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾ ਕੇ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਸਥਾਨਕ ਜੀ ਐਨ ਐਮ ਟਰੇਨਿੰਗ ਸਕੂਲ ਅਤੇ ਏਐਨਐਮ ਟੇਰਨਿੰਗ ਸਕੂਲ ਦੇ ਵਿਦਿਆਰਥੀਆਂ ਦੇ ਖੂਨਦਾਨ ਸਬੰਧੀ ਚਾਰਟ ਮੁਕਾਬਲੇ ਕਰਵਾਏ ਗਏ ਅਤੇ ਅੱਜ ਬੱਚਿਆਂ ਵੱਲੋਂ ਖੂਨਦਾਨ ਕਰਨ ਸਬੰਧੀ ਜਾਗਰੂਕਤਾ ਰੈਲੀ ਵੀ ਕੱਢੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜ਼ਨ ਡਾ ਢਿੱਲੋ ਨੇ ਦੱਸਿਆ ਕਿ ਸਵਾਮੀ ਵਿਵੇਕਾਨੰਦ ਦੇ ਜਨਮ ਦਿਹਾੜੇ ਮੌਕੇ 12 ਜਨਵਰੀ ਦਾ ਦਿਨ ਰਾਸ਼ਟਰੀ ਪੱਧਰ ਤੇ ਨੈਸ਼ਨਲ ਯੂਥ ਡੇ ਦੇ ਤੌਰ ’ਤੇ ਮਨਾਇਆ ਜਾ ਰਿਹਾ ਹੈ। ਇਸ ਤਹਿਤ ਵਿਭਾਗ ਵੱਲੋ ਪੂਰੇ ਜਨਵਰੀ ਦੇ ਮਹੀਨੇ ਵੱਖ ਵੱਖ ਜਾਗਰੂਕਤਾ ਗਤੀਵਿਧੀਆ ਕੀਤੀਆ ਜਾ ਰਹੀਆਂ ਹਨ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਵੈ ਇੱਛੁਕ ਖੂਨ ਕਰਨ ਲਈ ਲੋਕ ਖੁਦ ਅੱਗੇ ਆਉਣ। ਉਹਨਾਂ ਮੀਡੀਆ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਇਸ ਸਬੰਧੀ ਸਮਾਜ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਕੀਤੀ ਜਾਵੇ। ਇਸ ਸਮੇਂ ਯੰਗ ਰੈਗੂਲਰ ਖੂਨ ਦਾਨ ਕਰਨ ਵਾਲੇ ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਸਮੇਂ ਚਾਰਟ ਮੇਕਿੰਗ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਅਤੇ ਖੂਨ ਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਗਿਫ਼ਟ ਕੇ ਸਨਮਾਨਿਤ ਕੀਤਾ ਗਿਆ ਅਤੇ ਰੀਫਰੈਸ਼ਮੇੈਂਟ ਦਿੱਤੀ ਗਈ। ਇਸ ਮੌਕੇ ਬੀ ਟੀ ੳ ਡਾ ਰੀਤਿਕਾ, ਡਾ ਰਿਚੀਕਾ, ਕੁਲਵੰਤ ਸਿੰਘ ਅਤੇ ਵਿਨੋਦ ਖੁਰਾਣਾ ਮਾਸ ਮੀਡੀਆ ਅਫਸਰ, ਪ੍ਰਭਜੋਤ ਅਤੇ ਨੀਲਮ ਗਰਗ ਐਲਟੀ ਹਾਜ਼ਰ ਸਨ।

ਦਿਆਲ ਸੋਢੀ ਨੇ ਕੀਤਾ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ

0

ਸੁਖਜਿੰਦਰ ਮਾਨ
ਬਠਿੰਡਾ, 20 ਜਨਵਰੀ:ਫਰੈਡਜ਼ ਸਪੋਰਟਸ ਕਲੱਬ ਮੌੜ ਵਲੋਂ ਕਰਾਏ ਜਾ ਰਹੇ ਪਹਿਲੇ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਭਾਜਪਾ ਦੇ ਸੂਬਾ ਉੱਪ ਪ੍ਰਧਾਨ ਅਤੇ ਮੌੜ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਚੁੱਕੇ ਸ਼੍ਰੀ ਦਿਆਲ ਸੋਢੀ ਨੇ ਕੀਤਾ। ਇਸ ਮੌਕੇ ਤੇ ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਖੇਡਾਂ ਨਾਲ ਸਾਡੇ ਸਰੀਰ ਨੂੰ ਤੰਦਰੁਸਤੀ ਅਤੇ ਬਿਮਾਰੀਆਂ ਤੋਂ ਮੁਕਤੀ ਮਿਲਦੀ ਹੈ ਉੱਥੇ ਨਾਲ ਹੀ ਆਪਸੀ ਸਾਂਝ ਵੀ ਮਜ਼ਬੂਤ ਹੁੰਦੀ ਹੈ। ਇਸ ਲਈ ਖੇਡਾਂ ਸਾਡੇ ਸਰੀਰ ਦਾ ਅਨਿੱਖੜਵਾਂ ਅੰਗ ਹਨ। ਉਹਨਾਂ ਕਿਹਾ ਕਿ ਅੱਜ ਜਿਸ ਤਰ੍ਹਾਂ ਪੰਜਾਬ ਵਿੱਚ ਨੌਜਵਾਨ ਨਸ਼ਿਆਂ ਵਿਚ ਗ਼ਲਤਾਨ ਹੋ ਰਹੇ ਹਨ ਤਾਂ ਇਸ ਸਮੇਂ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਹੋ ਜਿਹੇ ਟੂਰਨਾਮੈਂਟ ਕਰਵਾਉਣੇ ਬੜੇ ਜ਼ਰੂਰੀ ਹਨ।ਇਸ ਮੌਕੇ ਤੇ ਉਹਨਾਂ ਨੇ ਜਿੱਥੇ ਟੀਮਾਂ ਨਾਲ ਜਾਣ ਪਛਾਣ ਕਰ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਉੱਥੇ ਨਾਲ ਹੀ ਕਲੱਬ ਨੂੰ ਕੁੱਝ ਨਕਦ ਰਾਸ਼ੀ ਵੀ ਸਹਾਇਤਾ ਵਜੋਂ ਦਿੱਤੀ ਗਈ। ਇਸ ਮੌਕੇ ਓਹਨਾ ਦੇ ਨਾਲ ਜੀਵਨ ਕੁਮਾਰ ਗੁਪਤਾ ਪ੍ਰਧਾਨ ਮੌੜ ਮੰਡਲ,ਚੰਦਰ ਮੋਹਨ ਉਪ ਪ੍ਰਧਾਨ ਮੌੜ ਮੰਡਲ,ਬਲਵੀਰ ਚੰਦ ਜਿਲਾ ਉਪ ਪ੍ਰਧਾਨ ਬਠਿੰਡਾ ਦਿਹਾਤੀ ਸੰਜੈ ਮਿੱਤਲ ਜਿਲਾ ਸਕੱਤਰ ਬਠਿੰਡਾ ਦਿਹਾਤੀ ਗਗਨਦੀਪ ਸਿੰਘ ਸੋਸ਼ਲ ਮੀਡੀਆ ਸੈੱਲ ਇੰਚਾਰਜ, ਤਰਸੇਮ ਕੁਮਾਰ ਸੱਕਤਰ ਮੌੜ ਮੰਡਲ ਤੇ ਹੋਰ ਭਾਜਪਾ ਆਹੁਦੇਦਾਰ ਮੌਜੂਦ ਰਹੇ।

ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਨਵਨਿਯੁਕਤ ਪਬਲੀਸਿਟੀ ਏਡਵਾਈਜਰ ਤਰੁਣ ਭੰਡਾਰੀ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

0

ਨਵੀਂ ਜਿਮੇਵਾਰੀ ਦੇ ਲਈ ਮੁੱਖ ਮੰਤਰੀ ਦਾ ਕੀਤਾ ਧੰਨਵਾਦ
ਵਿਭਾਗ ਦੇ ਨਾਲ ਮਿਲ ਕੇ ਸਰਕਾਰ ਦੀ ਜਨਭਲਾਈਕਾਰੀ ਯੋਜਨਾਵਾਂ ਤੇ ਨੀਤੀਆਂ ਨੂੰ ਜਨਤਾ ਤਕ ਪਹੁੰਚਾਉਣਗੇ – ਤਰੁਣ ਭੰਡਾਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਜਨਵਰੀ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨਾਲ ਅੱਜ ਉਨ੍ਹਾਂ ਦੇ ਨਿਵਾਸ ਸੰਤ ਕਬੀਰ ਕੁਟਿਰ ‘ਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵਿਚ ਨਵੇਂ ਨਿਯੁਕਤ ਪਬਲੀਸਿਟੀ ਏਡਵਾਈਜਰ ਸ੍ਰੀ ਤਰੁਣ ਭੰਡਾਰੀ ਨੇ ਸ਼੍ਰਿਸ਼ਟਾਚਾਰ ਮੁਲਾਕਾਤ ਕਰ ਉਨ੍ਹਾਂ ਨੂੰ ਇਸ ਨਵੀਂ ਜਿਮੇਵਾਰੀ ਲਈ ਧੰਨਵਾਦ ਪ੍ਰਗਟਾਇਆ। ਇਸ ਮੌਕੇ ‘ਤੇ ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਵੀ ਮੌਜੂਦ ਰਹੇ। ਇਸ ਦੇ ਬਾਅਦ ਸ੍ਰੀ ਤਰੁਣ ਭੰਡਾਰੀ ਨੇ ਅਧਿਕਾਰਕ ਰੂਪ ਨਾਲ ਆਪਣਾ ਕਾਰਜਭਾਰ ਗ੍ਰਹਿਣ ਕੀਤਾ। ਉਨ੍ਹਾਂ ਨੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ‘ਤੇ ਸ੍ਰੀ ਤਰੁਣ ਭੰਡਾਰੀ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸੌਂਪੀ ਗਈ ਇਸ ਜਿਮੇਵਾਰੀ ਦਾ ਗੰਭੀਰਤਾ ਨਾਲ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਕੁਸ਼ਲ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਗਰੀਬਾਂ ਤੇ ਜਰੂਰਤਮੰਦਾਂ ਸਮੇਤ ਸਾਰੇ ਵਰਗ ਦੀ ਭਲਾਈ ਲਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦਾ ਇਹੀ ਯਤਨ ਰਹੇਗਾ ਕਿ ਸਰਕਾਰ ਦੀ ਜਨਭਲਾਈਕਾਰੀ ਯੋਜਨਾਵਾਂ ਤੇ ਨੀਤੀਆਂ ਨੂੰ ਵਿਭਾਗ ਦੇ ਨਾਲ ਮਿਲ ਕੇ ਜਨਤਾ ਤਕ ਪਹੁੰਚਾਉਣ। ਕਾਰਜਭਾਰ ਗ੍ਰਹਿਣ ਮੌਕੇ ‘ਤੇ ਤਰੁਣ ਭੰਡਾਰੀ ਦੇ ਨਾਲ ਉਨ੍ਹਾਂ ਦੇ ਸਹਿਯੋਗੀ ਤੇ ਸਮਰਥਕ ਨੀਰਜ ਚੌਧਰੀ, ਭਿਵਾਨੀ ਸਿੰਘ, ਰਾਕੇਸ਼ ਜਗੌਤਾ, ਕਪਿਲ ਚੌਧਰੀ, ਰੋਸ਼ਨਲਾਲ, ਸੰਜੈ ਸ਼ਰਮਾ, ਭਿਵਾਨੀ, ਮਨੋਜ ਖੰਨਾ, ਸਤੀਸ਼ ਚੌਧਰੀ, ਦੀਪਕ ਸ਼ਰਮਾ ਤੇ ਉਮੇਸ਼ ਸੁਦ ਵੀ ਮੋਜੂਦ ਰਹੇ।

ਸਾਲ 2026 ਤਕ ਹੜ੍ਹ ਮੁਕਤ ਹਰਿਆਣਾ ਦਾ ਟੀਚਾ – ਮੁੱਖ ਮੰਤਰੀ

0

ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਹਰਿਆਣਾ ਰਾਜ ਸੁੱਖਾ ਰਾਹਤ ਅਤੇ ਹੜ੍ਹ ਕੰਟਰੋਲ ਬੋਰਡ ਦੀ 54ਵੀਂ ਮੀਟਿੰਗ
ਹੜ੍ਹ ਅਤੇ ਸੁੱਖਾ ਰਾਹਤ ਬੋਰਡ ਦੀ 528 ਯੋਜਨਾਵਾਂ ਲਈ ਲਗਭਗ 1100 ਕਰੋੜ ਰੁਪਏ ਦੀ ਰਕਮ ਮੰਜੂਰ – ਮੁੱਖ ਮੰਤਰੀ
ਖੇਤਾਂ ਵਿਚ ਖੜੇ ਪਾਣੀ ਦੀ ਨਿਕਾਸੀ ਅਤੇ ਪਾਣੀ ਦੇ ਮੁੜ ਇਸਤੇਮਲਾ ਲਈ 312 ਕਰੋੜ ਰੁਪਏ ਤੋਂ ਵੱਧ ਦੀ ਯੋਜਨਾਵਾਂ ਅਨੁਮੋਦਿਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਜਨਵਰੀ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਾਲ 2026 ਤਕ ਹਰਿਆਣਾ ਨੁੰ ਹੜ੍ਹ ਮੁਕਤ ਬਨਾਉਣ ਦਾ ਟੀਚਾ ਰੱਖਿਆ ਹੈ। ਇਸ ਦੇ ਲਈ ਜਿਨ੍ਹਾਂ ਇਲਾਕਿਆਂ ਵਿਚ ਜਲਭਰਾਵ ਦੀ ਵੱਧ ਸਮਸਿਆ ਹੈ, ਉਸ ਦੇ ਸਥਾਈ ਹੱਲ ਲਈ ਇਸ ਸਾਲ ਵਿਸ਼ੇਸ਼ ਪ੍ਰੋਜੈਕਟ ਲਗਾਏ ਜਾਣਗੇ। ਇਸ ਤੋਂ ਇਲਾਵਾ, ਜਲ ਸਰੰਖਣ ਅਤੇ ਬਰਸਾਤ ਦੇ ਪਾਣੀ ਦਾ ਮੁੜ ਵਰਤੋ ਕਰਨ ਲਈ ਵੀ ਵੱਧ ਤੋਂ ਵੱਧ ਜੋਰ ਦਿੱਤਾ ਜਾ ਰਿਹਾ ਹੈ। ਇਸ ਨਾਲ ਹੜ੍ਹ ਦੀ ਸਥਿਤੀ ਤੋਂ ਨਜਿਠਣ ਦੇ ਨਾਲ-ਨਾਲ ਗਰਾਉਂਡ ਵਾਟਰ ਰਿਜਾਰਜਿੰਗ ਤੇ ਸੁੱਖੇ ਖੇਤਰਾਂ ਵਿਚ ਪਾਣੀ ਦੀ ਸਹੀ ਵਰਤੋ ਕੀਤੀ ਜਾ ਸਕੇਗੀ। ਇਸ ਦੇ ਲਈ ਸੁਖਾ ਰਾਹਤ ਅਤੇ ਹੜ੍ਹ ਕੰਟਰੋਲ ਬੋਰਡ ਦੀ ਮੀਟਿੰਗ ਵਿਚ 528 ਪਰਿਯੋਜਨਾਵਾਂ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ ਹੈ, ਜਿਸ ਦੇ ਤਹਿਤ ਲਗਭਗ 1100 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ।ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਰਾਜ ਸੁੱਖਾ ਰਾਹਤ ਅਤੇ ਹੜ੍ਹ ਕੰਟਰੋਲ ਬੋਰਡ ਦੀ 54ਵੀਂ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਵੀ ਮੌਜੂਦ ਰਹੇ। ਇੰਨ੍ਹਾਂ ਤੋਂ ਇਲਾਵਾ, ਖੇਤੀਬਾੜੀ ਮੰਤਰੀ ਸ੍ਰੀ ਜੇ ਪੀ ਦਲਾਲ ਵੀਡੀਓ ਕਾਨਫਰੈਸਿੰਗ ਰਾਹੀਂ ਮੀਟਿੰਗ ਵਿਚ ਸ਼ਾਮਿਲ ਹੋਏ।
ਜਲਭਰਾਵ ਖੇਤਰਾਂ ਦੇ ਸਥਾਈ ਹੱਲ ਲਈ ਕਲਸਟਰ ਅਧਾਰਿਤ ਯੋਜਨਾਵਾਂ ਕੀਤੀਆਂ ਗਈਆਂ ਤਿਆਰ
ਮੁੱਖ ਮੰਤਰੀ ਨੇ ਕਿਹਾ ਕਿ ਖੇਤਾਂ ਵਿਚ ਖੜੇ ਪਾਣੀ ਦੀ ਨਿਕਾਸੀ ਅਤੇ ਪਾਣੀ ਦੇ ਮੁੜ ਇਸਤੇਮਾਲ ਲਈ 312 ਕਰੋੜ ਰੁਪਏ ਤੋਂ ਵੱਧ ਦੀ ਯੋਜਨਾਵਾਂ ਅਨੁਮੋਦਿਤ ਕੀਤੀਆਂ ਗਈਆਂ ਹਨ। ਇਸ ਵਾਰ ਜਲਭਰਾਵ ਦੀ ਨਿਕਾਸੀ ਦੇ ਲਈ ਕਲਸਟਰ ਏਪ੍ਰੋਚ ਰਾਹੀਂ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ। ਭਿਵਾਨੀ ਜਿਲ੍ਹੇ ਨੂੰ ਇਕ ਕਲਸਟਰ ਮੰਨਿਆ ਗਿਆ ਹੈ, ਜਿਸ ਦੇ ਤਹਿਤ 8 ਪਿੰਡਾਂ ਕੁੰਗੜ, ਜਟਾਈ, ਧਨਾਨਾ, ਬੜੇਸਰਾ ਸਿਵਾੜਾ, ਪ੍ਰੇਮਨਗਰ, ਘੁਸਕਾਨੀ, ਢਾਣੀ ਸੁਖਨ ਦੇ ਆਬਾਕੀ ਏਰਿਆ ਤੇ ਜਲਭਰਾਵ ਵਾਲੇ ਇਲਾਕਿਆਂ ਵਿਚ ਐਚਡੀਪੀਈ ਪਾਇਪਲਾਇਨ ਵਿਛਾਈ ਜਾਵੇਗੀ। ਇਸ ’ਤੇ ਲਗਭਗ 16 ਕਰੋੜ ਰੁਪਏ ਤੋਂ ਵੱਧ ਦੀ ਰਕਮ ਖਰਚ ਹੋਵੇਗੀ। ਇਸ ਤੋਂ ਲਗਭਗ 2 ਹਜਾਰ ਏਕੜ ਜਲਭਰਾਵ ਵਾਲੀ ਭੂਮੀ ਤੋਂ ਪਾਣੀ ਦੀ ਨਿਕਾਸੀ ਹਵੇਗੀ।ਇਸ ਤੋਂ ਇਲਾਵਾ, 3 ਪਿੰਡਾਂ ਸਿੰਧਵਾ ਖਾਸ, ਪੁੱਠਠੀ, ਮਦਨਹੇੜੀ ਨੁੰ ਮਿਲਾ ਕੇ ਇਕ ਯੋਜਨਾ ਬਣਾਈ ਗਈ ਹੈ, ਜਿਸ ’ਤੇ 9.314 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ। ਇਸ ਤੋਂ ਲਗਭਗ 1500 ਏਕੜ ਜਲਭਰਾਵ ਵਾਲੀ ਭੂਮੀ ਤੋਂ ਪਾਣੀ ਦੀ ਨਿਕਾਸੀ ਹੋਵੇਗੀ। ਇਸੀ ਤਰ੍ਹਾ ਲਗਭਗ 4 ਕਰੋੜ ਰੁਪਏ ਦੀ ਲਗਾਤ ਦੀ ਇਕ ਹੋਰ ਯੋਜਨਾ ਬਣਾਈ ਗਈ ਹੈ, ਜਿਸ ਦੇ ਲਾਗੂ ਹੋਣ ਨਾਲ 885 ਏਕੜ ਜਲਭਰਾਵ ਵਾਲੀ ਭੂਮੀ ਤੋਂ ਪਾਣੀ ਦੀ ਨਿਕਾਸੀ ਹੋਵੇਗੀ।ਇਸੀ ਤਰ੍ਹਾ, ਜਿਲ੍ਹਾ ਹਿਸਾਰ ਨੂੰ ਕਲਸਟਰ ਮੰਨ ਕੇ 3 ਪਿੰਡਾਂ ਭਾਟੋਲ ਜਾਟਾਨ, ਰਾਂਗੜਾਨ ਅਤੇ ਖਰਕੜਾ ਦੇ ਖੇਤਾਂ ਤੋਂ ਪਾਣੀ ਦੀ ਨਿਕਾਸੀ ਲਈ 3.20 ਕਰੋੜ ਰੁਪਏ ਦੀ ਯੋਜਨਾ ਅਨੁਮੋਦਿਤ ਕੀਤੀ ਗਈ ਹੈ। ਇਸ ਤੋਂ ਲਗਭਗ 750 ਏਕੜ ਜਲਭਰਾਵ ਵਾਲੀ ਭੁਮੀ ਦਾ ਸੁਧਾਰ ਹੋਵੇਗਾ। ਇਸ ਤੋਂ ਇਲਾਵਾ, ਖਰਬਲਾ ਪਿੰਡ ਦੇ ਲਈ ਵੀ 2.50 ਕਰੋੜ ਰੁਪਏ ਦੀ ਯੋਜਨਾ ਨੂੰ ਵੀ ਅਨੁਮੋਦਿਤ ਕੀਤਾ ਗਿਆ ਹੈ। ਜਿਲ੍ਹਾ ਰੋਹਤਕ ਦੇ ਲਈ ਵੀ ਵੱਖ ਤੋਂ ਯੋਜਨਾਵਾਂ ਨੂੰ ਮੰਜੂਰੀ ਦਿੱਤੀ ਗਈ ਹੈ।

ਵਿਰੋਧੀਆਂ ਨੇ ਸਾਨੂੰ ਰੋਕਣ ਵਿੱਚ ਕੋਈ ਕਸਰ ਨਹੀਂ ਛੱਡੀ – ਪਰ ਹਾਈ ਕੋਰਟ ਨੇ ਕੀਤਾ ਇਨਸਾਫ਼ – ਜੀਤੀ ਸਿੱਧੂ

0

ਅਸੀਂ ਮੋਹਾਲੀ ਅਤੇ ਇਲਾਕਾ ਨਿਵਾਸੀਆਂ ਦੇ ਹਿੱਤ ਵਿੱਚ ਸੇਵਾ ਜਾਰੀ ਰੱਖਾਂਗੇ – ਬਲਬੀਰ ਸਿੰਘ ਸਿੱਧੂ
ਮੋਹਾਲੀ ਕਾਰਪੋਰੇਸ਼ਨ ਦਾ ਕੰਮ ਬਾਕੀ ਕਾਰਪੋਰੇਸ਼ਨਸ ਲਈ ਇਕ ਵੱਖਰਾ ਡਿਵੈਲਪਮੈਂਟ ਮਾਡਲ ਬਣੇਗਾ – ਜੀਤੀ ਸਿੱਧੂ
ਪੰਜਾਬੀ ਖ਼ਬਰਸਾਰ ਬਿਉਰੋ
ਐਸ.ਏ.ਐਸ. ਨਗਰ, 18 ਜਨਵਰੀ – ਭਾਜਪਾ ਆਗੂ ਅਤੇ ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਵਿਰੋਧੀਆਂ ਤੇ ਤੰਜ ਕਸਦਿਆਂ ਕਿਹਾ ਕਿ ਸਿਆਸਤ ਮੁੱਦੇ ਅਤੇ ਤੱਥਾਂ ਉਤੇ ਕੀਤੀ ਜਾਂਦੀ ਹੈ, ਨਿੱਜੀ ਰੰਜਿਸ਼ਾਂ ਨਾਲ ਕਦੇ ਵੀ ਲੋਕਸੇਵਾ ਨਹੀਂ ਹੋ ਸਕਦੀ । ਉਹਨਾਂ ਲਲਕਾਰਦਿਆਂ ਹੋਏ ਕਿਹਾ ਅਸੀਂ ਹਰ ਮੁਸ਼ਕਲ ਦਾ ਸਾਮਣਾ ਕਰਨ ਨੂੰ ਤਿਆਰ ਹਾਂ ਪਰ ਮੋਹਾਲੀ ਦੀ ਤਰੱਕੀ ਵਿੱਚ ਕਿਸੇ ਕਿਸਮ ਦੀ ਰੁਕਾਵਟ ਨੂੰ ਬਰਦਾਸ਼ਤ ਨਹੀਂ ਕਰਾਂਗੇ। ਸਿੱਧੂ ਨੇ ਕਿਹਾ ਕਿ ਰੱਬ ਜਾਣਦਾ ਹੈ ਅਸੀਂ ਸਿਆਸਤ ਤੋਂ ਅੱਗੇ ਵੱਧ ਕੇ ਲੋਕਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਹਰ ਦੁਖ ਸੁੱਖ ਵਿੱਚ ਸਾਥ ਨਿਭਾਇਆ ਹੈ, ਇਸ ਗੱਲ ਨੂੰ ਕੋਈ ਮੋਹਾਲੀ ਵਾਸੀ ਇਨਕਾਰ ਨਹੀਂ ਕਰ ਸਕਦਾ। ਜੀਤੀ ਸਿੱਧੂ ਨੇ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਵਿਰੋਧੀਆਂ ਨੇ ਸਾਨੂੰ ਰੋਕਣ ਵਿੱਚ ਕੋਈ ਕਸਰ ਨਹੀਂ ਛੱਡੀ, ਪਰ ਹਾਈ ਕੋਰਟ ਨੇ ਇਨਸਾਫ਼ ਕੀਤਾ। ਸਿੱਧੂ ਨੇ ਕਿਹਾ ਕਾਰਪੋਰੇਸ਼ਨ ਦਾ ਹਰ ਕੰਮ ਸਰਕਾਰੀ ਨੀਤੀਆਂ ਅਨੁਸਾਰ ਪ੍ਰਵਾਨ ਹੋਇਆ ਹੈ ਜਿਸਦਾ ਸਾਰਾ ਰਿਕਾਰਡ ਕੋਰਟ ਵਿੱਚ ਜਮਾਂ ਕਰਵਾਇਆ ਗਿਆ ਹੈ। ਉਹਨਾਂ ਨੇ ਕਿਹਾ ਸਾਡੇ ਤੇ ਆਰੋਪ ਲਾਉਣਾ ਇਕ ਰਾਜਨੀਤਕ ਸਾਜਿਸ਼ ਹੈ ਪਰ ਅੰਤ ਵਿੱਚ ਸੱਚਾਈ ਅੱਜ ਸਭ ਦੇ ਸਾਹਮਣੇ ਹੈ। ਜਿਤੀ ਸਿੱਧੂ ਨੇ ਕਿਹਾ ਹੁਣ ਤੋਂ ਕਾਰਪੋਰੇਸ਼ਨ ਦੇ ਕੰਮ ਵਾਪਸ ਪਟਰੀ ਤੇ ਆ ਜਾਣਗੇ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਹਨਾਂ ਨੇ ਅੱਗੇ ਮੋਹਾਲੀ ਦੇ ਵਿਧਾਇਕ ਸਵਾਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਦੇ ਅਤੇ ਜਾਂਚ ਏਜੰਸੀਆਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਉਹਨਾਂ ਨੂੰ ਪੂਰੀ ਉਮੀਦ ਹੈ ਕਿ ਲੋਕਾਂ ਦੇ ਸਾਹਮਣੇ ਸੱਚ ਆਵੇਗਾ। ਜੀਤੀ ਸਿੱਧੂ ਨੇ ਨਿਆਂਪਾਲਿਕਾ ਦਾ ਧੰਨਵਾਦ ਕਰਦਿਆਂ ਅੱਗੇ ਕਿਹਾ ਕਿ ਸਾਡਾ ਨਿਆਂ ਪਾਲਿਕਾ ਤੇ ਭਰੋਸਾ ਹੋਰ ਵਧ ਗਿਆ ਹੈ ਅਤੇ ਇਹ ਲੋਕਤੰਤਰ ਦੀ ਜਿੱਤ ਹੈ।

ਮਨਪ੍ਰੀਤ ਬਾਦਲ ਕਾਂਗਰਸ ਵਾਂਗ ਭਾਜਪਾ ਦਾ ਵੀ ਖਜ਼ਾਨਾ ਖਾਲੀ ਕਰ ਦੇਵੇਗਾ: ਭਗਵੰਤ ਮਾਨ

0

ਮੁੱਖ ਮੰਤਰੀ ਵੱਲੋਂ ਬਾਬਾ ਸੇਵਾ ਸਿੰਘ ਠੀਕਰੀਵਾਲਾ ਦੇ ਜੱਦੀ ਪਿੰਡ ਵਿਚ ਨਰਸਿੰਗ ਕਾਲਜ ਸਥਾਪਤ ਕਰਨ ਦਾ ਐਲਾਨ
ਪਰਜਾ ਮੰਡਲ ਲਹਿਰ ਦੇ ਮਹਾਨ ਆਗੂ ਨੂੰ ਸ਼ਰਧਾਂਜਲੀਆਂ ਭੇਟ
ਕੁਨਬਾਪ੍ਰਸਤੀ ਦੇ ਰੂਪ ਵਿਚ ਨਵੇਂ ਪਨਪੇ ਸਾਮਰਾਜਵਾਦ ਵਿਰੁੱਧ ਲੜਾਈ ਲੜਨ ਲਈ ਬਾਬਾ ਸੇਵਾ ਸਿੰਘ ਠੀਕਰੀਵਾਲਾ ਦੇ ਨਕਸ਼ੇ-ਕਦਮਾਂ ਉਤੇ ਚੱਲਣ ਦਾ ਸੱਦਾ
ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਉਤੇ ਰੱਖਣ ਲਈ ਪੰਜਾਬ ਵਿਧਾਨ ਸਭਾ ਵਿਚ ਮਤਾ ਲਿਆਏਗੀ ਸੂਬਾ ਸਰਕਾਰ
ਪੰਜਾਬੀ ਖ਼ਬਰਸਾਰ ਬਿਉਰੋ
ਠੀਕਰੀਵਾਲਾ, 19 ਜਨਵਰੀ: ਮੁੱਖ ਮੰਤਰੀ ਭਗਵੰਤ ਮਾਨ ਨੇ ਪਰਜਾ ਮੰਡਲ ਲਹਿਰ ਦੇ ਮਹਾਨ ਆਗੂ ਬਾਬਾ ਸੇਵਾ ਸਿੰਘ ਠੀਕਰੀਵਾਲਾ ਦੇ ਜੱਦੀ ਪਿੰਡ ਠੀਕਰੀਵਾਲ ਵਿਖੇ ਲੜਕੀਆਂ ਦੇ ਸਕੂਲ ਨੂੰ ਨਰਸਿੰਗ ਕਾਲਜ ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ।ਮੁੱਖ ਮੰਤਰੀ ਜੋ ਅੱਜ ਬਾਬਾ ਸੇਵਾ ਸਿੰਘ ਠੀਕਰੀਵਾਲ ਦੀ 89ਵੀਂ ਬਰਸੀ ਮੌਕੇ ਕਰਵਾਏ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਸਨ, ਨੇ ਕਿਹਾ ਕਿ ਇਹ ਸੰਸਥਾ ਮਹਾਨ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ, ਜਿਨ੍ਹਾਂ ਨੇ ਮਾਤ ਭੂਮੀ ਦੀ ਰਾਖੀ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਸ ਨਾਲ ਇਲਾਕੇ ਦੀਆਂ ਲੜਕੀਆਂ ਇਸ ਸੰਸਥਾ ਵਿੱਚ ਪੜ੍ਹ ਕੇ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰਨਗੀਆਂ। ਭਗਵੰਤ ਮਾਨ ਨੇ ਕਿਹਾ ਕਿ ਇਹ ਨਰਸਿੰਗ ਕਾਲਜ ਜਿੱਥੇ ਇਲਾਕੇ ਦੀਆਂ ਲੜਕੀਆਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ, ਉੱਥੇ ਹੀ ਬੇਮਿਸਾਲ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ।ਮੁੱਖ ਮੰਤਰੀ ਨੇ ਲੋਕਾਂ ਨੂੰ ਬਾਬਾ ਸੇਵਾ ਸਿੰਘ ਠੀਕਰੀਵਾਲ ਵੱਲੋਂ ਆਪਣੇ ਜੀਵਨ ਵਿੱਚ ਜਨਤਕ ਸੇਵਾ ਦੇ ਸਥਾਪਤ ਕੀਤੇ ਉੱਚੇ ਆਦਰਸ਼ਾਂ ’ਤੇ ਚੱਲਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਬਾਬਾ ਸੇਵਾ ਸਿੰਘ ਠੀਕਰੀਵਾਲ ਨੇ ਕੁਲੀਨ ਵਰਗ ਦੇ ਵਿਰੁੱਧ ਲੜਾਈ ਲੜੀ ਅਤੇ ਦੇਸ਼ ਨੂੰ ਆਜ਼ਾਦੀ ਦੇ ਰਾਹ ਵੱਲ ਤੋਰਿਆ।ਭਗਵੰਤ ਮਾਨ ਨੇ ਲੋਕਾਂ ਨੂੰ ਇਸ ਮਹਾਨ ਸ਼ਹੀਦ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਕੁਨਬਾਪ੍ਰਸਤੀ ਦੇ ਰੂਪ ਵਿਚ ਨਵੇਂ ਪਨਪੇ ਸਾਮਰਾਜਵਾਦ ਵਿਰੁੱਧ ਲੜਾਈ ਲੜਨ ਦੀ ਅਪੀਲ ਕੀਤੀ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਬਹੁਮੁੱਲੇ ਪਾਣੀ ਨੂੰ ਬਚਾਉਣ ਖਾਤਰ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਪਾਣੀ ਦਾ ਪੱਧਰ ਤੇਜ਼ੀ ਨਾਲ ਘਟ ਰਿਹਾ ਹੈ, ਇਸ ਲਈ ਸੂਬਾ ਸਰਕਾਰ ਪਾਣੀ ਦੇ ਪੱਧਰ ਨੂੰ ਰੀਚਾਰਜ ਕਰਨ ਲਈ ਵਿਸ਼ਵ ਪ੍ਰਸਿੱਧ ਮਾਹਿਰਾਂ ਦੀ ਸਲਾਹ ਲੈ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਛੇਤੀ ਹੀ ਬਰਨਾਲਾ ਜ਼ਿਲ੍ਹੇ ਵਿੱਚ ਪਾਣੀ ਦਾ ਪੱਧਰ ਉਚਾ ਚੁੱਕਣ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਬਦਲਵੀਆਂ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਲਾਹੇਵੰਦ ਭਾਅ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਝੋਨੇ ਦੀ ਖਰੀਦ ਵਾਂਗ ਬਦਲਵੀਆਂ ਫਸਲਾਂ ਦੀ ਖਰੀਦ ਵਿੱਚ ਵੀ ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਬਣਾਇਆ ਜਾਵੇਗਾ।ਸੂਬੇ ਦਾ ਖਜ਼ਾਨਾ ਲੁੱਟਣ ਲਈ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਸੂਬੇ ਵਿੱਚ ਜ਼ਮੀਨੀ ਪੱਧਰ ਉਤੇ ਕੋਈ ਕੰਮ ਨਹੀਂ ਹੋਇਆ ਪਰ ਫਿਰ ਵੀ ਸਿਆਸੀ ਆਗੂਆਂ ਨੇ ਸਰਕਾਰੀ ਖਜ਼ਾਨਾ ਖਾਲੀ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਸਰਕਾਰਾਂ ਨੇ ਜਨਤਾ ਦੀ ਭਲਾਈ ਲਈ ਇਕ ਵੀ ਕਦਮ ਨਹੀਂ ਚੁੱਕਿਆ ਸਗੋਂ ਉਲਟਾ ਟੈਕਸ ਦਾਤਾਵਾਂ ਦਾ ਪੈਸਾ ਲੁੱਟਿਆ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਲੀਡਰਾਂ ਦੇ ਲਾਲਚ ਕਾਰਨ ਪੰਜਾਬ ਨੂੰ ਵੱਡਾ ਖਮਿਆਜ਼ਾ ਭੁਗਤਣਾ ਪਿਆ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ‘ਤੇ ਵਿਅੰਗ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਆਗੂ ਨੇ ਹਮੇਸ਼ਾ ਇਹ ਦਾਅਵਾ ਕੀਤਾ ਸੀ ਕਿ ਸੂਬੇ ਦਾ ਖਜ਼ਾਨਾ ਖਾਲੀ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਸਾਬਕਾ ਕਾਂਗਰਸੀ ਆਗੂ ਭਗਵਾਂ ਪਾਰਟੀ ਵਿੱਚ ਸ਼ਾਮਲ ਹੋ ਗਿਆ ਅਤੇ ਕਾਂਗਰਸ ਵਾਂਗ ਉਹ ਭਾਜਪਾ ਦਾ ਖ਼ਜ਼ਾਨਾ ਵੀ ਖਾਲੀ ਕਰ ਦੇਣਗੇ।ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਬਾਬਾ ਸੇਵਾ ਸਿੰਘ ਠੀਕਰੀਵਾਲ ਦੇ ਜੱਦੀ ਪਿੰਡ ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਮਾਡਲ ਪਿੰਡ ਵਿੱਚ ਤਬਦੀਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਹਾਨ ਆਜ਼ਾਦੀ ਘੁਲਾਟੀਆਂ ਦੇ ਸਤਿਕਾਰ ਵਜੋਂ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਮੋਹਾਲੀ ਹਵਾਈ ਅੱਡੇ ਦਾ ਨਾਮ ਮਹਾਨ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਿਆ ਗਿਆ ਹੈ ਅਤੇ ਹਵਾਈ ਅੱਡੇ ਦੀ ਆਮਦ ਉਤੇ ਸ਼ਹੀਦ-ਏ-ਆਜ਼ਮ ਦਾ 35 ਫੁੱਟ ਉੱਚਾ ਬੁੱਤ ਲਾਇਆ ਜਾਵੇਗਾ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ‘ਤੇ ਰੱਖਣ ਲਈ ਪੰਜਾਬ ਵਿਧਾਨ ਸਭਾ ‘ਚ ਮਤਾ ਵੀ ਪਾਸ ਕਰੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ‘ਤੇ ਜ਼ੋਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਵਿੱਚ ‘ਸਕੂਲ ਆਫ਼ ਐਮੀਨੈਂਸ’ (ਆਹਲਾ ਦਰਜੇ ਦੇ ਸਕੂਲ) ਦੀ ਸਥਾਪਨਾ ਕਰੇਗੀ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ ਕਾਨਵੈਂਟ ਸਕੂਲਾਂ ਦੇ ਹਮ-ਉਮਰ ਵਿਦਿਆਰਥੀਆਂ ਦਾ ਮੁਕਾਬਲਾ ਕਰ ਸਕਣ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਛੇਤੀ ਹੀ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਖੇਤਰ ਵਿੱਚ ਦੇਸ਼ ਵਿੱਚੋਂ ਮੋਹਰੀ ਹੋਵੇਗਾ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਮੈਡੀਕਲ ਸਿੱਖਿਆ ਦੇ ਪਾਸਾਰ ਲਈ ਸੂਬਾ ਸਰਕਾਰ ਨੇ ਆਉਣ ਵਾਲੇ ਪੰਜ ਸਾਲਾਂ ਵਿੱਚ 16 ਨਵੇਂ ਮੈਡੀਕਲ ਕਾਲਜ ਬਣਾਉਣ ਦਾ ਫੈਸਲਾ ਕੀਤਾ ਹੈ ਜਿਸ ਨਾਲ ਸੂਬੇ ਵਿੱਚ ਮੈਡੀਕਲ ਕਾਲਜਾਂ ਦੀ ਕੁੱਲ ਗਿਣਤੀ 25 ਹੋ ਜਾਵੇਗੀ। ਇਸ ਨਾਲ ਸੂਬੇ ਦੇ ਹਰੇਕ ਜ਼ਿਲ੍ਹੇ ਵਿਚ ਇੱਕ ਮੈਡੀਕਲ ਕਾਲਜ ਸਥਾਪਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦਾ ਨੀਂਹ ਪੱਥਰ ਪਹਿਲਾਂ ਹੀ ਰੱਖਿਆ ਜਾ ਚੁੱਕਾ ਹੈ ਅਤੇ ਜਲਦੀ ਹੀ ਇਸ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ ਦੋ ਹੋਰ ਮੈਡੀਕਲ ਕਾਲਜਾਂ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।

 

Our Visitor

1909465