ਸੁਖਜਿੰਦਰ ਮਾਨ
ਬਠਿੰਡਾ, 4 ਜਨਵਰੀ :ਵੇਰਕਾ ਮਿਲਕ ਤੇ ਕੈਟਲਫੀਡ ਆਊਟਸੋਰਸਡ ਮੁਲਾਜ਼ਮ ਯੂਨੀਅਨ ਬਠਿੰਡਾ ਦੇ ਆਗੂ ਜਸਵੀਰ ਸਿੰਘ ਨੇ ਦਸਿਆ ਕਿ ਜਥੇਬੰਦੀ ਵਲੋਂ ਅੱਜ ਕਿਸਾਨਾਂ ਦੀ ਹਿਮਾਇਤ ’ਚ ਆਪਣੇ ਪਲਾਂਟ ਅੱਗੇ ਸਰਕਾਰ ਖਿਲਾਫ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ । ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਜੀਰਾ ਸ਼ਰਾਬ ਫੈਕਟਰੀ ਵੱਲੋਂ ਪਾਣੀ ਨੂੰ ਦੂਸ਼ਿਤ ਕਰਨ ਦੇ ਵਿਰੋਧ ਵਿੱਚ ਕਿਸਾਨ ਜੱਥੇਬੰਦੀਆਂ ਦਾ ਸੰਘਰਸ਼ ਚੱਲਦਾ ਆ ਰਿਹਾ ਹੈ, ਜਿਸ ਵਿਚ ਪਹਿਲਾਂ ਉਸ ਇਲਾਕੇ ਦੇ ਪੀੜਤ ਲੋਕ ਸੰਘਰਸ਼ ਕਰਦੇ ਆ ਰਹੇ ਹਨ ਤੇ ਬਾਅਦ ਵਿਚ ਕਿਸਾਨ ਜੱਥੇਬੰਦੀਆਂ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਡੱਟੀਆ ਹੋਈਆਂ ਹਨ। ਪੰਜਾਬ ਸਰਕਾਰ ਜਿਸ ਦੀ ਇਹ ਜ਼ੁਮੇਵਾਰੀ ਬਣਦੀ ਸੀ ਕੇ ਲੋਕਾਂ ਦੀ ਗੱਲ ਸੁਣ ਕੇ ਉਨ੍ਹਾਂ ਦੇ ਮਸਲੇ ਦਾ ਹੱਲ ਕਰੇ ਪਰ ਇਸ ਦੇ ਉਲਟ ਸਰਕਾਰ ਮਸਲਾ ਹੱਲ ਕਰਨ ਦੀ ਥਾਂ ਅਦਾਲਤੀ ਹੁਕਮਾਂ ਨੂੰ ਹਥਿਆਰ ਬਣਾਕੇ ਲੋਕਾਂ ਤੇ ਪੁਲਿਸ ਤਸ਼ੱਦਦ ਰਾਹੀਂ ਸੰਘਰਸ਼ ਨੂੰ ਕੁਚਲਣ ਦੇ ਰਸਤੇ ਤੇ ਤੁਰੀ ਹੋਈ ਹੈ। ਇਸ ਦਾ ਮਤਲਬ ਪੰਜਾਬ ਦੇ ਸਾਰੇ ਲੋਕ ਇਸ ਦਾ ਵਿਰੋਧ ਕਰਦੇ ਹਨ।
ਵੇਰਕਾ ਦੇ ਆਊਟਸੋਰਸ਼ਡ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ
ਪੰਜਾਬ ਰਾਜ ਦੇ 12 ਸਰਕਾਰੀ ਸਕੂਲਾਂ ਦਾ ਨਾਂ ਬਦਲ ਕੇ ਨਾਮੀ ਹਸਤੀਆਂ ਦੇ ਨਾਂ ‘ਤੇ ਰੱਖੇ: ਹਰਜੋਤ ਸਿੰਘ ਬੈਂਸ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਜਨਵਰੀ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਜ਼ਾਦੀ ਘੁਲਾਟੀਆਂ, ਸ਼ਹੀਦ ਸੈਨਿਕਾਂ ਅਤੇ ਉੱਘੇ ਲਿਖਾਰੀਆਂ ਨੂੰ ਸਨਮਾਨ ਦੇਣ ਅਤੇ ਆਉਣ ਵਾਲੀਆਂ ਨਸਲਾਂ ਨੂੰ ਉਕਤ ਸਖ਼ਸ਼ੀਅਤਾਂ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਸੂਬੇ ਦੇ 12 ਸਰਕਾਰੀ ਸਕੂਲਾਂ ਦੇ ਨਾਮ ਬਦਲ ਕੇ ਨਾਮੀ ਹਸਤੀਆਂ ਦੇ ਨਾਮ ‘ਤੇ ਰੱਖੇ ਗਏ ਹਨ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਦਿੱਤੀ। ਸ. ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਬੀਤੇ ਮਹੀਨੇ ਹੀ ਸੂਬੇ ਦੇ ਸਰਕਾਰੀ ਸਕੂਲਾਂ ਦੇ ਨਾਂ ਨਾਮੀ ਹਸਤੀਆਂ ਦੇ ਨਾਮ ‘ਤੇ ਰੱਖਣ ਦਾ ਫੈਸਲਾ ਲਿਆ ਸੀ ਜਿਸ ਤਹਿਤ ਪਹਿਲੇ ਗੇੜ ਵਿੱਚ 12 ਸਰਕਾਰੀ ਸਕੂਲਾਂ ਦੇ ਨਾਮ ਬਦਲੇ ਗਏ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ ਦੇ ਨਾਮ ਨਾਮੀ ਹਸਤੀਆਂ ਦੇ ਨਾਮ ‘ਤੇ ਰੱਖੇ ਜਾ ਰਹੇ ਹਨ ਤਾਂ ਜੋ ਇਹ ਨਾਮੀ ਹਸਤੀਆਂ ਸਦੀਆਂ ਤੱਕ ਸਾਡੇ ਸੂਬੇ ਦੇ ਬੱਚਿਆਂ ਲਈ ਪ੍ਰੇਰਨਾ ਸਰੋਤ ਬਣੇ ਰਹਿਣ।ਉਹਨਾਂ ਦੱਸਿਆ ਕਿ ਜਿਹਨਾਂ ਸਰਕਾਰੀ ਸਕੂਲਾਂ ਦੇ ਨਾਂ ਬਦਲੇ ਗਏ ਹਨ ਉਹਨਾਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਧੌਲਾ ਦਾ ਨਾਮ ਬਦਲ ਕੇ ਰਾਮ ਸਰੂਪ ਅਣਖੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਧੌਲਾ, ਜ਼ਿਲ੍ਹਾ ਬਰਨਾਲਾ ਰੱਖਿਆ ਗਿਆ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਹਰੀਜਨ ਬਸਤੀ ਕੋਟ ਫੱਤਾ ਜ਼ਿਲ੍ਹਾ ਬਠਿੰਡਾ ਦਾ ਨਾਂ ਬਦਲ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਰਕਾਰੀ ਪ੍ਰਾਇਮਰੀ ਸਕੂਲ ਕੋਟ ਫੱਤਾ ਜ਼ਿਲ੍ਹਾ ਬਠਿੰਡਾ, ਸਰਕਾਰੀ ਪ੍ਰਾਇਮਰੀ ਸਕੂਲ, ਜ਼ਿਲ੍ਹਾ ਜੇਲ੍ਹ, ਊਧਮ ਸਿੰਘ ਨਗਰ ਬਠਿੰਡਾ ਦਾ ਨਾਂ ਬਦਲ ਕੇ ਸ਼ਹੀਦ ਊਧਮ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਊਧਮ ਸਿੰਘ ਨਗਰ, ਬਠਿੰਡਾ, ਸਰਕਾਰੀ ਮਿਡਲ ਸਕੂਲ ਪੋਹਲੋਮਾਜਰਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਨਾਂ ਬਦਲ ਕੇ ਸ਼ਹੀਦ ਮਲਕੀਤ ਸਿੰਘ ਸਰਕਾਰੀ ਮਿਡਲ ਸਕੂਲ ਪੋਹਲੋਮਾਜਰਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਸਰਕਾਰੀ ਹਾਈ ਸਕੂਲ ਪੱਬਾਰਾਲੀ ਕਲਾਂ, ਜ਼ਿਲ੍ਹਾ ਗੁਰਦਾਸਪੁਰ ਦਾ ਨਾਂ ਬਦਲ ਕੇ ਸ਼ਹੀਦ ਲਾਂਸ ਨਾਇਕ ਰਜਿੰਦਰ ਸਿੰਘ ਸਰਕਾਰੀ ਹਾਈ ਸਕੂਲ ਪੱਬਾਰਾਲੀ ਕਲਾਂ, ਜ਼ਿਲ੍ਹਾ ਗੁਰਦਾਸਪੁਰ, ਸਰਕਾਰੀ ਕੰ. ਸੀਨੀਅਰ ਸੈਕਡੰਰੀ ਸਮਾਰਟ ਸਕੂਲ ਹਾਜੀਪੁਰ, ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂ ਬਦਲ ਕੇ ਸ਼ਹੀਦ ਬਖ਼ਤਾਬਰ ਸਿੰਘ ਸਰਕਾਰੀ ਕੰ. ਸੀਨੀਅਰ ਸੈਕਡੰਰੀ ਸਮਾਰਟ ਸਕੂਲ ਹਾਜੀਪੁਰ, ਜ਼ਿਲ੍ਹਾ ਹੁਸ਼ਿਆਰਪੁਰ ਰੱਖਿਆ ਗਿਆ ਹੈ।ਇਸੇ ਤਰ੍ਹਾਂ ਸਰਕਾਰੀ ਐਲੀਮੈਂਟਰੀ ਸਕੂਲ ਕਲੀਚਪੁਰ ਕਲੋਤਾਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂ ਬਦਲ ਕੇ ਸ਼ਹੀਦ ਸੂਬੇਦਾਰ ਰਜੇਸ਼ ਕੁਮਾਰ ਸਰਕਾਰੀ ਐਲੀਮੈਂਟਰੀ ਸਕੂਲ ਕਲੀਚਪੁਰ ਕਲੋਤਾਂ, ਜ਼ਿਲ੍ਹਾ ਹੁਸ਼ਿਆਰਪੁਰ, ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਰੁੜਕੀ, ਜ਼ਿਲ੍ਹਾ ਪਟਿਆਲਾ ਦਾ ਨਾਂ ਬਦਲ ਕੇ ਸੁਤੰਤਰਤਾ ਸੰਗਰਾਮੀ ਭਾਈ ਨਾਨੂੰ ਸਿੰਘ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਰੁੜਕੀ, ਜ਼ਿਲ੍ਹਾ ਪਟਿਆਲਾ, ਸਰਕਾਰੀ ਹਾਈ ਸਮਾਰਟ ਸਕੂਲ ਗੰਗਰੋਲਾ, ਜ਼ਿਲ੍ਹਾ ਪਟਿਆਲਾ ਦਾ ਨਾਂ ਬਦਲ ਕੇ ਸ਼ਹੀਦ ਊਧਮ ਸਿੰਘ ਸਰਕਾਰੀ ਹਾਈ ਸਮਾਰਟ ਸਕੂਲ ਗੰਗਰੋਲਾ, ਜ਼ਿਲ੍ਹਾ ਪਟਿਆਲਾ, ਸਰਕਾਰੀ ਮਿਡਲ ਸਕੂਲ ਹਰਦੋਸ਼ਰਨ, ਜ਼ਿਲ੍ਹਾ ਪਠਾਨਕੋਟ ਦਾ ਨਾਂ ਬਦਲ ਕੇ ਸ਼ਹੀਦ ਰਾਮ ਸਿੰਘ ਪਠਾਨੀਆ ਮੈਮੋਰੀਅਲ ਸਰਕਾਰੀ ਮਿਡਲ ਸਕੂਲ ਹਰਦੋਸ਼ਰਨ, ਜ਼ਿਲ੍ਹਾ ਪਠਾਨਕੋਟ, ਸਰਕਾਰੀ ਪ੍ਰਾਇਮਰੀ ਸਕੂਲ ਬਦੇਸ਼ੇ, ਜ਼ਿਲ੍ਹਾ ਮਲੇਰਕੋਟਲਾ ਦਾ ਨਾਂ ਬਦਲ ਕੇ ਸ਼ਹੀਦ ਗੁਰਪ੍ਰੀਤ ਸਿੰਘ ਬਾਜਵਾ ਸਰਕਾਰੀ ਪ੍ਰਾਇਮਰੀ ਸਕੂਲ ਬਦੇਸ਼ੇ, ਜ਼ਿਲ੍ਹਾ ਮਲੇਰਕੋਟਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਡੇਰਾ ਬਾਜੀਗਰ, ਜ਼ਿਲ੍ਹਾ ਅੰਮ੍ਰਿਤਸਰ ਦਾ ਨਾਂ ਬਦਲ ਕੇ ਸ਼ਹੀਦ ਰੇਸ਼ਮ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਗੁਰੂਨਾਨਕਪੁਰਾ, ਜ਼ਿਲ੍ਹਾ ਅੰਮ੍ਰਿਤਸਰ ਰੱਖਿਆ ਗਿਆ ਹੈ।ਸ. ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਾਲ ਹੀ ਵਿੱਚ ਪੰਜਾਬ ਰਾਜ ਦੇ ਕਈ ਅਜਿਹੇ ਸਰਕਾਰੀ ਸਕੂਲਾਂ ਦੇ ਨਾਮ ਵੀ ਬਦਲੇ ਗਏ ਹਨ ਜਿਹਨਾਂ ਦੇ ਨਾਮ ਜਾਤੀ ਅਧਾਰਿਤ ਸਨ। ਉਹਨਾਂ ਕਿਹਾ ਕਿ ਵੱਖ-ਵੱਖ ਪਿੰਡਾਂ/ਸ਼ਹਿਰਾਂ/ਕਸਬਿਆਂ ਦੀਆਂ ਨਾਮੀ ਹਸਤੀਆਂ ਦੇ ਨਾਮ ‘ਤੇ ਸਕੂਲਾਂ ਦੇ ਨਾਮ ਰੱਖਣ ਦੀ ਇਹ ਪ੍ਰਕਿਰਿਆ ਜਾਰੀ ਰਹੇਗੀ। ਉਹਨਾਂ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਆਪਣੇ ਇਲਾਕੇ ਦੇ ਸਕੂਲ ਦਾ ਨਾਂ ਕਿਸੇ ਨਾਮੀ ਹਸਤੀ ਦੇ ਨਾਮ ‘ਤੇ ਰਖਵਾਉਣਾ ਚਾਹੁੰਦੇ ਹਨ ਤਾਂ ਉਹ ਵਿਭਾਗ ਨਾਲ ਤਾਲਮੇਲ ਕਰ ਸਕਦੇ ਹਨ।
ਪੰਜਾਬ ਪੁਲਿਸ ਨੇ ਖੁਦ ਨੂੰ ਗੈਂਗਸਟਰ ਦੱਸ ਕੇ ਫਿਰੌਤੀ ਦੀਆਂ ਫਰਜ਼ੀ ਕਾਲਾਂ ਕਰਨ ਵਾਲੇ ਏ.ਸੀ ਮਕੈਨਿਕ ਨੂੰ ਕੀਤਾ ਗ੍ਰਿਫਤਾਰ
20 ਸਾਲਾ ਦੋਸ਼ੀ ਫਾਰਮਾ ਕੰਪਨੀ ਦੇ ਮਾਲਕ ਤੋਂ 30 ਲੱਖ ਰੁਪਏ ਫਿਰੌਤੀ ਦੀ ਕਰ ਰਿਹਾ ਸੀ ਮੰਗ, ਜਾਨੋਂ ਮਾਰਨ ਦੀ ਵੀ ਦਿੱਤੀ ਸੀ ਧਮਕੀ
ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਚਨਬੱਧ
ਫਿਰੌਤੀ ਦੀਆਂ ਫਰਜ਼ੀ ਕਾਲਾਂ ਤੋਂ ਰਹੋ ਸਾਵਧਾਨ, ਅਜਿਹੀ ਕਾਲ ਆਉਣ ’ਤੇ ਤੁਰੰਤ ਕੀਤਾ ਜਾਵੇ ਪੁਲਿਸ ਨੂੰ ਸੂਚਿਤ : ਡੀ.ਜੀ.ਪੀ. ਗੌਰਵ ਯਾਦਵ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 4 ਜਨਵਰੀ:ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਮੋਹਾਲੀ ਸਥਿਤ ਫਾਰਮਾਸਿਊਟੀਕਲ ਕੰਪਨੀ ਦੇ ਮਾਲਕ ਨੂੰ ਫਿਰੌਤੀ ਲਈ ਫਰਜ਼ੀ ਕਾਲ ਕਰਨ ਦੇ ਦੋਸ਼ ਵਿੱਚ ਖੁਦ ਨੂੰ ਵਿਦੇਸ਼- ਅਧਾਰਿਤ ਗੈਂਗਸਟਰ ਦੱਸ ਕੇ ਕਾਲ ਕਰਨ ਵਾਲੇ ਇੱਕ 20 ਸਾਲਾ ਏ.ਸੀ. ਮਕੈਨਿਕ ਨੂੰ ਗਿ?ਰਫਤਾਰ ਕੀਤਾ ਹੈ।ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਬੁੱਧਵਾਰ ਨੂੰ ਦੱਸਿਆ ਕਿ ਮੁਲਜ਼ਮ ਦੀ ਪਛਾਣ ਸੂਰਜ (20) ਵਾਸੀ ਮਲੋਆ ਕਲੋਨੀ, ਚੰਡੀਗੜ ਵਜੋਂ ਹੋਈ ਹੈ, ਜਿਸ ਨੂੰ ਇੱਥੋਂ ਦੇ ਵੇਰਕਾ ਚੌਕ ਤੋਂ ਉਸ ਸਮੇਂ ਗਿਰਫ਼ਤਾਰ ਕੀਤਾ ਗਿਆ, ਜਦੋਂ ਉਹ ਆਪਣੇ ਸਾਥੀ ਮਨਦੀਪ ਸਿੰਘ (32) ਵਾਸੀ ਪਿੰਡ ਮਾਂਗੇਵਾਲ ਸ੍ਰੀ ਆਨੰਦਪੁਰ ਸਾਹਿਬ ਦੇ ਨਾਲ ਮੋਟਰਸਾਈਕਲ ‘ਤੇ ਫਿਰੌਤੀ ਦੇ ਪੈਸੇ ਵਸੂਲਣ ਜਾ ਰਿਹਾ ਸੀ। ਪੁਲਿਸ ਨੇ ਉਕਤ ਦੋੋਸ਼ੀਆਂ ਕੋਲੋਂ ਦੋ ਮੋਬਾਈਲ ਫੋਨ ਅਤੇ ਬਿਨਾਂ ਨੰਬਰ ਪਲੇਟ ਵਾਲਾ ਇੱਕ ਕਾਲੇ ਰੰਗ ਦਾ ਸੀ.ਟੀ 100 ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।ਸ਼ਿਕਾਇਤਕਰਤਾ, ਜੋ ਕਿ ਐਸ.ਏ.ਐਸ. ਨਗਰ ਸਥਿਤ ਇੱਕ ਫਾਰਮਾਸਿਊਟੀਕਲ ਕੰਪਨੀ ਦਾ ਮਾਲਕ ਹੈ, ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਨੂੰ 30 ਦਸੰਬਰ, 2022 ਨੂੰ ਇੱਕ ਵਿਅਕਤੀ, ਜੋ ਖੁਦ ਨੂੰ ਗੈਂਗਸਟਰ ਦੱਸ ਰਿਹਾ ਹੈ, ਨੇ ਫੋਨ ਕਰਕੇ ਉਸ ਕੋਲੋਂ 30 ਲੱਖ ਰੁਪਏ ਦੀ ਫਿਰੌਤੀ ਮੰਗ ਕੀਤੀ ਅਤੇ ਸਮੇਂ ਸਿਰ ਫਿਰੌਤੀ ਦੀ ਰਕਮ ਨਾ ਦੇਣ ਦੀ ਸੂਰਤ ਵਿੱਚ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸ਼ਿਕਾਇਤ ਤੋਂ ਬਾਅਦ ਐਸਏਐਸ ਨਗਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਤੁਰੰਤ ਇਸ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਅਤੇ ਮੁਲਜਮ ਕਾਲਰ ਸੂਰਜ ਨੂੰ ਗਿ?ਰਫਤਾਰ ਕਰ ਲਿਆ, ਜੋ ਆਪਣੇ ਸਹਿਯੋਗੀ ਮਨਦੀਪ ਸਿੰਘ ਦੇ ਵਟਸਐਪ ਨੰਬਰ ਦੀ ਵਰਤੋਂ ਕਰਕੇ ਸ਼ਿਕਾਰ ਬਣਾਏ ਲੋਕਾਂ ਨੂੰ ਕਾਲਾਂ ਕਰ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਸੂਰਜ ਏ.ਸੀ. ਮਕੈਨਿਕ ਵਜੋਂ ਕੰਮ ਕਰਦਾ ਹੈ, ਜਦਕਿ ਉਸ ਦਾ ਸਾਥੀ ਮਨਦੀਪ ਟੈਕਸੀ ਡਰਾਈਵਰ ਹੈ। ਡੀਜੀਪੀ ਨੇ ਇੱਕ ਵਾਰ ਫਿਰ ਲੋਕਾਂ ਨੂੰ ਫਰਜ਼ੀ ਫਿਰੌਤੀ ਲਈ ਕਾਲਾਂ ਤੋਂ ਸੁਚੇਤ ਰਹਿਣ ਲਈ ਸਾਵਧਾਨ ਕੀਤਾ ਅਤੇ ਉਨਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਅਜਿਹੀ ਕੋਈ ਕਾਲ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਪੰਜਾਬ ਪੁਲਿਸ ਵੱਲੋਂ ਅਜਿਹੇ ਫਿਰੌਤੀ ਦੇ ਮਾਮਲਿਆਂ ਦੀ ਤਾਜ਼ਾ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਅਜਿਹੀਆਂ ਗੈਂਗਸਟਰਾਂ ਦੇ ਨਾਮ ਤੇ ਕੀਤੀਆਂ ਜਾ ਰਹੀਆਂ ਫਿਰੌਤੀ ਕਾਲਾਂ ਕੁਝ ਅਣਪਛਾਤੇ ਅਪਰਾਧੀਆਂ ਦਾ ਕੰਮ ਹੈ, ਜਿਨਾਂ ਦਾ ਕਿਸੇ ਗਿਰੋਹ ਜਾਂ ਗੈਂਗਸਟਰ ਨਾਲ ਕੋਈ ਤਾਅਲੁਕ ਨਹੀਂ ਹੈ। ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿੀਆਂ ਏ.ਆਈ.ਜੀ. ਐਸ.ਐਸ.ਓਸੀ. ਐਸ.ਏ.ਐਸ. ਨਗਰ ਅਸ਼ਵਨੀ ਕਪੂਰ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਸੂਰਜ ਜਦੋਂ ਘਰਾਂ, ਦੁਕਾਨਾਂ ਜਾਂ ਕੰਪਨੀਆਂ ਵਿੱਚ ਏ.ਸੀ. ਦੀ ਮੁਰੰਮਤ ਕਰਨ ਜਾਂਦਾ ਸੀ ਤਾਂ ਅਮੀਰ ਲੋਕਾਂ ਨੂੰ ਸ਼ਿਕਾਰ ਬਣਾਉਣ ਲਈ ਚੁਣ ਲੈਂਦਾ ਸੀ ਅਤੇ ਅਜਿਹੇ ਵੱਡੇ ਰਸੂਖ਼ਦਾਰ ਲੋਕਾਂ ਦੇ ਵੇਰਵੇ ਨੋਟ ਕਰ ਲੈਂਦਾ ਸੀ ਤਾਂ ਜੋ ਉਹਨਾਂ ਨੂੰ ਇਹ ਪ੍ਰਭਾਵ ਦਿੱਤਾ ਜਾਵੇ ਕਿ ਉਹਨਾਂ ਦੀਆਂ ਗਤੀਵਿਧੀਆਂ ‘ਤੇ ਨਜਰ ਰੱਖੀ ਜਾ ਰਹੀ ਹੈ, ਜਿਸ ਨਾਲ ਦੋਸ਼ੀ ਸੂਰਜ , ਪੀੜਤ ਨੂੰ ਪੈਸਾ ਵਸੂਲਣ ਲਈ ਅਸਾਨੀ ਨਾਲ ਨਿਸ਼ਾਨਾ ਬਣਾ ਲੈਂਦਾ ਸੀ। ਉਨਾਂ ਕਿਹਾ, “ਅਸੀਂ ਦੋਵੇਂ ਮੋਬਾਈਲ ਫੋਨਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਮੁਲਜਮਾਂ ਨੇ ਕਿਸੇ ਹੋਰ ਵਿਅਕਤੀ ਨੂੰ ਵੀ ਫਿਰੌਤੀ ਦੀਆਂ ਕਾਲਾਂ ਕੀਤੀਆਂ ਹਨ।’’ ਦਸਨਯੋਗ ਹੈ ਕਿ, ਇਸ ਸਬੰਧੀ ਪੁਲਿਸ ਸਟੇਸ਼ਨ ਐਸ.ਐਸ.ਓ.ਸੀ. ਐਸ.ਏ.ਐਸ. ਨਗਰ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 384 ਅਤੇ 120ਬੀ ਦੇ ਤਹਿਤ ਐਫਆਈਆਰ ਨੰਬਰ 1 ਅਧੀਨ ਕੇਸ ਦਰਜ ਕੀਤਾ ਗਿਆ ਹੈ।
ਮੁੱਖ ਮੰਤਰੀ ਵੱਲੋਂ ਭਾਰਤ ਦੇ ਉਪ ਰਾਸ਼ਟਰਪਤੀ ਨਾਲ ਸ਼ਿਸ਼ਟਾਚਾਰ ਮਿਲਣੀ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 4 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਉਤੇ ਸ਼ਿਸ਼ਟਾਚਾਰ ਦੇ ਨਾਤੇ ਮੁਲਾਕਾਤ ਕੀਤੀ।ਉਪ ਰਾਸ਼ਟਰਪਤੀ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਭਗਵੰਤ ਮਾਨ ਨੇ ਕਾਮਨਾ ਕੀਤੀ ਕਿ ਨਵਾਂ ਸਾਲ ਉਨ੍ਹਾਂ ਅਤੇ ਪਰਿਵਾਰ ਲਈ ਖੁਸ਼ੀਆਂ, ਸ਼ਾਂਤੀ ਤੇ ਖੁਸ਼ਹਾਲੀ ਲੈ ਕੇ ਆਵੇ। ਮੁੱਖ ਮੰਤਰੀ ਨੇ ਸ੍ਰੀ ਧਨਖੜ ਨੂੰ ਜਾਣਕਾਰੀ ਦਿੱਤੀ ਕਿ ਸੂਬਾ ਸਰਕਾਰ ਆਪਣੇ ਮਹਾਨ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਣਥੱਕ ਯਤਨ ਕਰ ਰਹੀ ਹੈ ਤਾਂ ਕਿ ਵਿਕਾਸ ਨੀਤੀਆਂ ਤੇ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਰਬਪੱਖੀ ਵਿਕਾਸ ਦੇ ਨਾਲ-ਨਾਲ ਫਿਰਕੂ ਸਦਭਾਵਨਾ, ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਹੋਰ ਮਜ਼ਬੂਤ ਕਰਨ ਲਈ ਸੁਹਿਰਦਤਾ ਨਾਲ ਅੱਗੇ ਵਧ ਰਹੀ ਹੈ। ਇਸ ਦੌਰਾਨ ਉਪ ਰਾਸ਼ਟਰਪਤੀ ਨੇ ਸੂਬੇ ਵਿਚ ਸ਼ਾਨਦਾਰ ਜਿੱਤ ਨਾਲ ਚੁਣੇ ਜਾਣ ਲਈ ਭਗਵੰਤ ਮਾਨ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਸੂਬਾ ਸਰਕਾਰ ਆਪਣੇ ਲੋਕਾਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਹੋਰ ਉਤਸ਼ਾਹ ਨਾਲ ਕੰਮ ਕਰੇਗੀ।
ਲੈਕਚਰਾਰ ਭਰਤੀ ਲਈ ਸੋਧ-ਪੱਤਰ ਜਾਰੀ ਕੀਤੇ ਬਿਨਾਂ ਪ੍ਰੀਖਿਆ ਦੀ ਮਿਤੀ ਦਾ ਐਲਾਨ
ਸਿੱਖਿਆ ਵਿਭਾਗ ਦੇ ਰਵੱਈਏ ਤੋਂ ਬੇਰੁਜ਼ਗਾਰਾਂ ਵਿੱਚ ਰੋਸ ਦੀ ਲਹਿਰ
14 ਜਨਵਰੀ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦੀ ਚਿਤਾਵਨੀ
ਸੁਖਜਿੰਦਰ ਮਾਨ
ਬਠਿੰਡਾ, 4 ਜਨਵਰੀ : ਪਿਛਲੀ ਕਾਂਗਰਸ ਸਰਕਾਰ ਨੇ ਚੋਣ ਜ਼ਾਬਤੇ ਤੋਂ ਸਿਰਫ਼ ਇੱਕ ਦਿਨ ਪਹਿਲਾਂ ਸਕੂਲ ਲੈਕਚਰਾਰ ਦੀਆਂ 343 ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਸੀ। ਜਿਸ ਵਿੱਚ ਹਿਸਟਰੀ,, ਪੌਲੀਟੀਕਲ ਸਾਇੰਸ ਪੋਸਟਾਂ ਵਿੱਚ ਸਮਾਜਿਕ ਸਿੱਖਿਆ ਵਿਸ਼ੇ ਨਾਲ ਬੀਐੱਡ ਪਾਸ ਉਮੀਦਵਾਰਾਂ ਨੂੰ ਬਾਹਰ ਕੱਢਣ ’ਤੇ ਉਮੀਦਵਾਰਾਂ ਵਿੱਚ ਭਾਰੀ ਰੋਸ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੀ.ਐੱਡ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਪੱਕਾ ਨੇ ਕਿਹਾ ਕਿ ਲੈਕਚਰਾਰ ਦੀ ਭਰਤੀ ਵਿੱਚ ਸਮਾਜਿਕ ਸਿੱਖਿਆ ਵਰਗੇ ਵਿਸ਼ੇ ਨੂੰ ਬਾਹਰ ਰੱਖਣਾ ਬਹੁਤ ਹੀ ਅਫਸੋਸਜਨਕ ਹੈ। ਕਿਉਂਕਿ ਸਮਾਜਿਕ ਸਿੱਖਿਆ ਇੱਕ ਅਜਿਹਾ ਵਿਸ਼ਾ ਹੈ, ਜਿਸਨੇ ਬਹੁਤ ਸਾਰੇ ਵਿਸ਼ਿਆਂ ਨੂੰ ਆਪਣੇ ਅੰਦਰ ਸਮੇਟਿਆ ਹੋਇਆ ਹੈ। ਬੀ.ਐੱਡ ਦੇ ਕੋਰਸ ਵਿੱਚ ਜ਼ਿਆਦਾਤਰ ਵਿਦਿਆਰਥੀਆਂ ਇਸ ਵਿਸ਼ੇ ਨਾਲ ਹੀ ਸੰਬੰਧਿਤ ਹੁੰਦੇ ਹਨ। ਪਰ ਪੰਜਾਬ ਸਰਕਾਰ ਦੁਆਰਾ ਲੈਕਚਰਾਰ ਦੀਆਂ ਪੋਸਟਾਂ ਵਿੱਚ ਸਮਾਜਿਕ ਸਿੱਖਿਆ ਦੇ ਵਿਸ਼ੇ ਨੂੰ ਬਾਹਰ ਰੱਖਕੇ ਸਿਰਫ਼ ਇਕਹਿਰੇ ਵਿਸ਼ਿਆਂ ਨੂੰ ਸ਼ਾਮਿਲ ਕਰਨਾ ਸਮਝ ਤੋਂ ਪਰ੍ਹੇ ਹੈ। ਇਸ ਸੰਬੰਧੀ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ, ਹਰ ਮੀਟਿੰਗ ਵਿੱਚ ਮੰਤਰੀ ਜੀ ਨੇ ਭਰੋਸਾ ਦਿੱਤਾ ਕਿ ਇਸ ਸੰਬੰਧੀ ਜਲਦ ਸੋਧ-ਪੱਤਰ ਜਾਰੀ ਕਰਕੇ ਜਲਦ ਸਮਾਜਿਕ ਸਿੱਖਿਆ ਦੇ ਵਿਸ਼ੇ ਨੂੰ ਸ਼ਾਮਲ ਕੀਤਾ ਜਾਵੇਗਾ। ਯੂਨੀਅਨ ਦੀ ਆਖਰੀ ਮੀਟਿੰਗ ਜੋ 30 ਦਸੰਬਰ ਨੂੰ ਹੋਈ ਇਸ ਮੀਟਿੰਗ ਦੌਰਾਨ ਵੀ ਮੰਤਰੀ ਜੀ ਨੇ ਭਰੋਸਾ ਦਿੱਤਾ ਕਿ ਜਲਦ ਸੋਧ ਪੱਤਰ ਜਾਰੀ ਕਰਕੇ ਪੇਪਰ ਲਿਆ ਜਾਵੇਗਾ, ਪਰ 31 ਦਸੰੰਬਰ ਨੂੰ ਸਰਕਾਰ ਨੇ ਬਿਨਾਂ ਸੋਧ ਪੱਤਰ ਜਾਰੀ ਕੀਤੇ ਲੈਕਚਰਾਰ ਦੇ ਪੇਪਰ ਦੀ ਤਾਰੀਖ 19 ਮਾਰਚ ਤੈਅ ਕਰ ਦਿੱਤੀ ਹੈ, ਜਿਸ ਕਰਕੇ ਵਿਦਿਆਰਥੀਆਂ ਵਿੱਚ ਭਾਰੀ ਰੋਸ ਹੈ। ਯੂਨੀਅਨ ਆਗੂ ਨੇ ਦੱਸਿਆ ਕਿ ਪਹਿਲਾਂ ਲੈਕਚਰਾਰ ਦੀਆਂ ਜਿੰਨੀਆਂ ਵੀ ਭਰਤੀਆਂ ਆਈਆਂ ਸਾਰੀਆਂ ਭਰਤੀਆਂ ਵਿੱਚ ਸਮਾਜਿਕ ਸਿੱਖਿਆ ਦੇ ਵਿਸ਼ੇ ਨੂੰ ਯੋਗ ਮੰਨਿਆ ਜਾਂਦਾ ਸੀ। ਅਗਸਤ 2021 ਵਿੱਚ 55 ਲੈਕਚਰਾਰਾਂ ਦੀ ਭਰਤੀ ਆਈ ਸੀ, ਜਿਸਦਾ ਪੇਪਰ ਅਜੇ ਬਾਕੀ ਹੈ, ਉਸ ਵਿੱਚ ਵੀ ਸਮਾਜਿਕ ਸਿੱਖਿਆ ਵਿਸ਼ੇ ਨੂੰ ਸ਼ਾਮਲ ਕੀਤਾ ਗਿਆ ਹੈ। ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਸਿੱਖਿਆ ਢਾਂਚੇ ਵਿੱਚ ਸੁਧਾਰਾਂ ਦੀਆਂ ਗੱਲਾਂ ਕਰਕੇ ਸੱਤਾ ਵਿੱਚ ਆਈ ਹੈ, ਉਸ ਦੁਆਰਾ ਲੈਕਚਰਾਰ ਦੀ ਭਰਤੀ ਵਿੱਚ ਸਮਾਜਿਕ ਸਿੱਖਿਆ ਦੇ ਵਿਸ਼ੇ ਨੂੰ ਬਾਹਰ ਰੱਖਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਅਜਿਹਾ ਕਰਨ ਨਾਲ ਬਹੁਤ ਸਾਰੇ ਬੇਰੁਜ਼ਗਾਰ ਅਧਿਆਪਕਾਂ ਦੀਆਂ ਡਿਗਰੀਆਂ ਰੱਦੀ ਹੋ ਜਾਣਗੀਆਂ। ਜੇ ਜਲਦ ਪੇਪਰ ਤੋਂ ਪਹਿਲਾਂ ਸ਼ੋਧ-ਪੱਤਰ ਜਾਰੀ ਕਰਕੇ ਸਮਾਜਿਕ ਸਿੱਖਿਆ ਦੇ ਵਿਸ਼ੇ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਤਾਂ 14 ਜਨਵਰੀ ਨੂੰ ਯੂਨੀਅਨ ਵਲੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਸਖ਼ਤ ਐਕਸ਼ਨ ਕੀਤਾ ਜਾਵੇਗਾ।
ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਜੀਰਾ ਸ਼ਰਾਬ ਫੈਕਟਰੀ ਖਿਲਾਫ਼ ਚੱਲ ਰਹੇ ਸੰਘਰਸ਼ ਦੇ ਸਮਰਥਨ ਵਿੱਚ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਸੁਖਜਿੰਦਰ ਮਾਨ
ਬਠਿੰਡਾ, 4 ਜਨਵਰੀ : ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਵੱਲੋੰ ਥਰਮਲ ਪਲਾਂਟ ਦੇ ਮੁੱਖ ਗੇਟ ’ਤੇ ਰੋਸ਼ ਰੈਲੀ ਕਰਕੇ ਜੀਰਾ ਸ਼ਰਾਬ ਫੈਕਟਰੀ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੇ ਸਮਰਥਨ ਵਿੱਚ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ,ਇਸ ਸਮੇਂ ਸੰਬੋਧਨ ਕਰਦਿਆਂ ਪ੍ਰਧਾਨ ਜਗਰੂਪ ਸਿੰਘ ਅਤੇ ਜਰਨਲ ਸਕੱਤਰ ਜਗਸੀਰ ਸਿੰਘ ਭੰਗੂ,ਸੀਨੀਅਰ ਮੀਤ ਪ੍ਰਧਾਨ ਬਾਦਲ ਸਿੰਘ ਭੁੱਲਰ,ਸਹਾਇਕ ਸਕੱਤਰ ਲਛਮਣ ਸਿੰਘ ਨੇ ਕਿਹਾ ਕਿ ਆਪ ਸਰਕਾਰ ਵੀ ਪਿਛਲੀਆਂ ਆਕਾਲੀ-ਭਾਜਪਾ,ਕਾਂਗਰਸ ਸਰਕਾਰਾਂ ਵੱਲੋਂ ਸ਼ੁਰੂ ਕੀਤੇ ਲੋਕ-ਦੋਖੀ ਵਿਕਾਸ ਮਾਡਲ ਨੂੰ ਸੂਬੇ ਸਿਰ ਧੱਕੇ ਨਾਲ਼ ਮੜ੍ਹ ਰਹੀ ਹੈ ਅਤੇ ਕਾਰਪੋਰੇਟ ਘਰਾਣਿਆਂ ਨਾਲ਼ ਯਾਰੀ ਪੁਗਾਕੇ ਦੇਸੀ-ਵਿਦੇਸ਼ੀ ਧਨ ਲੁਟੇਰਿਆਂ ਦੀ ਸੇਵਾ ਕਰ ਰਹੀ ਭਾਜਪਾ ਤੋਂ ਅੱਗੇ ਨਿਕਲਣ ਦੀ ਦੌੜ ਦੌੜ ਰਹੀ ਹੈ,ਆਗੂਆਂ ਨੇ ਕਿਹਾ ਕਿ ਆਕਾਲੀ ਦਲ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੀ ਇਸ ਸ਼ਰਾਬ ਦੀ ਫ਼ੈਕਟਰੀ ਦਾ ਗੰਦ-ਮੰਦ ਧਰਤੀ ਵਿੱਚ ਪਾਏ ਜਾਣ ਨਾਲ ਧਰਤੀ ਹੇਠਲਾ ਪਾਣੀ ਅਤੇ ਹਵਾ ਮਨੁੱਖ-ਪਸ਼ੂ-ਪੰਛੀਆਂ ਅਤੇ ਫਸਲਾਂ ਲਈ ਹੱਦੋਂ ਵੱਧ ਜ਼ਹਿਰੀਲੇ ਹੋ ਚੁੱਕੇ ਹਨ ਪਰ ਆਪ ਸਰਕਾਰ ਅਤੇ ਸਰਕਾਰ ਦੇ ਅਧਿਕਾਰੀ ਇਸ ਫ਼ੈਕਟਰੀ ਨੂੰ ਬੰਦ ਕਰਵਾਉਣ ਦੀ ਬਿਜਾਏ ਫ਼ੈਕਟਰੀ ਮਾਲਕ ਨੂੰ ਵੀਹ ਕਰੋੜ ਰੁਪਏ ਮੁਆਵਜ਼ੇ ਵਜੋਂ ਦੇਕੇ ਫੈਕਟਰੀ ਨੂੰ ਹੋਰ ਵੱਡਾ ਕਰਨ ਦਾ ਸਨਮਾਨ ਦੇ ਰਹੇ ਹਨ,ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜ਼ੀਰਾ ਸ਼ਰਾਬ ਫ਼ੈਕਟਰੀ ਸਮੇਤ ਹਵਾ-ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਸਮੂਹ ਫੈਕਟਰੀਆਂ ਨੂੰ ਬੰਦ ਕੀਤਾ ਜਾਵੇ,ਪੰਜਾਬ ਵਿੱਚ ਪ੍ਰਦੂਸ਼ਣ ਮੁਕਤ ਤੇ ਰੁਜ਼ਗਾਰ ਮੁਖੀ ਸਨਅਤਾਂ ਸਰਕਾਰੀ ਖੇਤਰ ਵਿੱਚ ਲਾਈਆਂ ਜਾਣ,ਲੋਕ-ਦੋਖੀ ਵਿਕਾਸ ਮਾਡਲ ਦੇ ਰਾਹ ਨੂੰ ਰੱਦ ਕਰਕੇ ਲੋਕ-ਪੱਖੀ ਹਕੀਕੀ ਵਿਕਾਸ ਦੀਆਂ ਨੀਤੀਆਂ ਤੇ ਕਨੂੰਨ ਬਣਾਏ ਜਾਣ,ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਫ਼ੈਕਟਰੀ ਨੂੰ ਬੰਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਦੀ ਡੱਟਵੀ ਹਿਮਾਇਤ ਕੀਤੀ ਜਾਵੇ।
7 ਜਨਵਰੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਣ ਵਾਲੇ ਮੋਰਚੇ ਦੀ ਯੂਨਾਇਟਡ ਅਕਾਲੀਦਲ ਵਲੋਂ ਹਿਮਾਇਤ
ਸੁਖਜਿੰਦਰ ਮਾਨ
ਬਠਿੰਡਾ, 4 ਜਨਵਰੀ : ਯੂਨਾਇਟਡ ਅਕਾਲੀ ਦਲ ਅਤੇ ਭਾਰਤੀ ਵਪਾਰ ਅਤੇ ਉਦਯੋਗ ਮਹਾਂਸੰਘ ਵੱਲੋਂ ਸਾਂਝੀ ਪ੍ਰੈੱਸ ਕਾਨਫਰੰਸ ਵਿਚ 7 ਜਨਵਰੀ ਤੋਂ ਚੰਡੀਗੜ੍ਹ ਵਿੱਚ ਬੰਦੀ ਸਿੰਘਾਂ ਦੀਆ ਰਿਹਾਈਆਂ ਬੇ ਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆ ਨੂੰ ਸਖ਼ਤ ਸਜ਼ਾਵਾਂ ਅਤੇ ਪਾਕਿਸਤਾਨ ਨਾਲ ਵਪਾਰਕ ਰਾਸਤਾ ਖੋਲਣ ਸਬੰਧੀ ਲੱਗਣ ਵਾਲੇ ਮੋਰਚੇ ਦੀ ਪੂਰਨ ਹਮਾਇਤ ਕਰਨ ਅਤੇ ਪੂਰੀ ਸ਼ਕਤੀ ਨਾਲ ਹਿੱਸਾ ਲੈਣ ਦਾ ਐਲਾਨ ਕੀਤਾ। ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕੇਦਰ ਦੀ ਸਰਕਾਰ ਅਤੇ ਪੰਜਾਬ ਸਰਕਾਰ ਉਪੱਰ ਦੋਸ਼ ਲਗਾਇਆ ਕਿ ਦੋਵੇਂ ਸਰਕਾਰਾਂ ਪੰਜਾਬ ਦੇ ਮਸਲਿਆਂ ਪ੍ਰਤੀ ਸੰਜੀਦਾ ਨਹੀਂ ਹਨ। ਭਗਵੰਤ ਸਿੰਘ ਮਾਨ 24 ਘੰਟਿਆ ਵਿੱਚ ਰਿਹਾਈਆਂ ਕਰਨ ਅਤੇ ਬੇ ਅਦਬੀ ਅਤੇ ਬਹਿਬਲ ਗੋਲੀ ਕਾਂਡ ਦੇ ਦੋਸ਼ੀਆ ਨੂੰ ਸਜ਼ਾ ਦੇਣ ਦਾ ਐਲਾਨ ਕਰਦੇ ਸਨ ਪਰੰਤੂ 1 ਸਾਲ ਬੀਤ ਜਾਣ ਦੇ ਬਾਵਜੂਦ ਕੋਈ ਵੀ ਮਸਲਾ ਹੱਲ ਨਹੀਂ ਕੀਤਾ। ਗੁਰੂ ਨਾਨਕ ਦੇਵ ਜੀ ਦੇ 5500 ਸਾਲਾਂ ਪ੍ਰਕਾਸ਼ ਪੂਰਬ ਸਮੇਂ ਪ੍ਰਧਾਨ ਮੰਤਰੀ ਮੋਦੀ ਨੇ ਬੰਦੀ ਸਿੰਘਾਂ ਦੀਆ ਰਿਹਾਈਆਂ ਦਾ ਐਲਾਨ ਕੀਤਾ ਸੀ । ਪਰੰਤੂ ਅੱਜ ਤੱਕ ਕੋਈ ਰਿਹਾਈ ਨਹੀਂ ਹੋਈ। ਇਸ ਦੌਰਾਨ ਵਪਾਰ ਮੰਡਲ ਦੇ ਆਗੂਆ ਨੇ ਕਿਹਾ ਕੇ ਇਹ ਮਸਲੇ ਇਨਸਾਫ਼ ਨਾਲ ਸਬੰਧਿਤ ਹਨ। ਸਰਕਾਰਾਂ ਸਮਾਜ ਵਿਚ ਵੱਖ ਵੱਖ ਧਰਮਾਂ ਅਤੇ ਵਰਗਾ ਵਿੱਚ ਫੁੱਟ ਪਾਕੇ ਰਾਜ ਕਰਦੀਆ ਰਈਆ ਹਨ। ਹਿੰਦੂ ਸਮਾਜ ਪੰਜਾਬ ਅਤੇ ਸਿੱਖਾਂ ਨਾਲ ਇਨਸਾਫ਼ ਲਈ ਸਿੱਖਾਂ ਨਾਲ ਅੱਗੇ ਹੋਕੇ ਲੜੇਗਾ। ਇਨ੍ਹਾਂ ਪੰਜਾਬ ਪੱਖੀ ਸਮੂਹ ਭਾਈਚਾਰਿਆਂ, ਦਲਿੱਤ ਜਥੇਬੰਦੀਆ ਅਤੇ ਧਾਰਮਿਕ ਸੰਸਥਾਵਾਂ ਰਾਗੀ, ਢਾਡੀ, ਗ੍ਰੰਥੀ ਸਭਾਵਾਂ, ਨੋਜਵਾਨ ਸਭਾ ਸੋਸਾਇਟੀਆ ਨੂੰ 7 ਜਨਵਰੀ ਨੂੰ ਗੁਰੂਦਵਾਰਾ ਅੰਬ ਸਾਹਿਬ ਵਿਖੇ ਲੱਗ ਰਹੇ ਇਸ ਮੋਰਚੇ ਵਿਚ ਪੁੱਜਣ ਦੀ ਅਪੀਲ ਕੀਤੀ। ਇਨ੍ਹਾਂ ਆਗੂਆ ਨੇ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਜੇਕਰ ਉਹ ਜਮੂਹਰੀ ਅਤੇ ਸਾਂਤਮਈ ਢੰਗਾਂ ਨਾਲ ਇਨਸਾਫ਼ ਦੇਣ ਵਿਚ ਫੇਲ ਹੋਈ ਤਾਂ ਪੰਜਾਬ ਦੇ ਲੋਕ ਸਰਕਾਰ ਨੂੰ ਸਖ਼ਤ ਸਬਕ ਸਿਖਾਉਣ ਗੇ। ਇਸ ਪ੍ਰੈਸ ਕਾਨਫਰੰਸ ਵਿੱਚ ਭਾਈ ਗੁਰਦੀਪ ਸਿੰਘ ਬਠਿੰਡਾ ਚੈਅਰਮੈਨ ਯੂਨਾਈਟਿਡ ਅਕਾਲੀ ਦਲ, ਭਾਈ ਜਤਿੰਦਰ ਸਿੰਘ ਈਸੜੂ ਸੱਕਤਰ ਜਰਨਲ, ਸਰਬਜੀਤ ਸਿੰਘ ਅਲਾਲ ਮੀਤ ਪ੍ਰਧਾਨ, ਗੁਰਨਾਮ ਸਿੰਘ ਸਿੱਧੂ, ਰਸ਼ਪਾਲ ਸਿੰਘ ਚੰਡੀਗੜ੍ਹ ਅਤੇ ਭਾਰਤੀ ਵਾਪਰ ਅਤੇ ਉਦਯੋਗ ਮਹਾਂਸੰਘ ਦੇ ਪ੍ਰਧਾਨ ਤਰੁਣ ਜੈਨ ਬਾਵਾ, ਅਜੀਤ ਕੁਮਾਰ ਜੀ ਅਤੇ ਵਰਿੰਦਰ ਕੁਮਾਰ ਖਾਰਾ ਹਾਜ਼ਰ ਰਹੇ।
ਜੀਰਾ ਸ਼ਰਾਬ ਫੈਕਟਰੀ ਦੇ ਵਿਰੋਧ ’ਚ ਚੱਲ ਰਹੇ ਸੰਘਰਸ਼ ਦੀ ਹਮਾਇਤ ’ਚ ਜਲ ਸਪਲਾਈ ਵਿਭਾਗ ਦੇ ਠੇਕਾ ਕਾਮਿਆਂ ਵਲੋਂ ਅਰਥੀ ਫੂਕ ਪ੍ਰਦਰਸ਼ਨ
ਸੁਖਜਿੰਦਰ ਮਾਨ
ਬਠਿੰਡਾ, 4 ਜਨਵਰੀ : ਜੀਰਾ ਸ਼ਰਾਬ ਫੈਕਟਰੀ ਵੱਲੋਂ ਪਾਣੀ ਨੂੰ ਦੂਸ਼ਿਤ ਕਰਨ ਦੇ ਵਿਰੋਧ ਵਿਚ ਕਿਸਾਨ ਜੱਥੇਬੰਦੀਆਂ ਦੇ ਚੱਲ ਰਹੇ ਸੰਘਰਸ਼ ਦੀ ਹਮਾਇਤ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਸੂਬਾ ਵਰਕਿੰਗ ਕਮੇਟੀ ਵਲੋਂ ਪੰਜਾਬ ਭਰ ਵਿਚ ਤਹਿਸੀਲ ਪੱਧਰੀ ਉਲੀਕੇ ਗਏ ਅੱਜ ਸੰਘਰਸ਼ ਦੇ ਪ੍ਰੋਗਰਾਮ ਤਹਿਤ ਇਥੇ ਜਲ ਸਪਲਾਈ ਹੈਂਡ ਆਫਿਸ ਪਟਿਆਲਾ ਪੰਜਾਬ ਸਰਕਾਰ ਅਤੇ ਕਾਰਪੋਰੇਟਰਾਂ ਦੇ ਖਿਲਾਫ ਅਰਥੀ ਫੂਕ ਮੁਜਾਹਰਾ ਕੀਤਾ ਗਿਆ ਅਤੇ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਸੂਬਾ ਵਰਿੰਦਰ ਸਿੰਘ ਮੋਮੀ ਜਿਲ੍ਹਾ ਪਟਿਆਲਾ ਅਤੇ ਪ੍ਰਧਾਨ ਬ੍ਰਾਂਚ ਅਵਤਾਰ ਸਿੰਘ, ਬਲਕਾਰ ਸਿੰਘ, ਸਤਪਾਲ ਸਿੰਘ ਆਗੂਆਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਮੌਜੂਦਾ ਸਰਕਾਰ ਵੀ ਕਾਰਪੋਰੇਟ ਘੁਰਾਣਿਆਂ ਦੇ ਹਿੱਤਾਂ ਵਿਚ ਲੋਕਾਂ ਦੀ ਅੰਨ੍ਹੀ ਲੁੱਟ ਕਰਵਾਉਣ ਲਈ ਨੀਤੀਆਂ ਲਾਗੂ ਕਰ ਰਹੀ ਹੈ, ਜਿਸਦੇ ਕਾਰਨ ਹੀ ਵਰਲਡ ਬੈਂਕ ਦੇ ਦਿਸ਼ਾ ਨਿਰਦੇਸ਼ਾਂ ’ਤੇ ਇਕ ਸਾਜਿਸ਼ ਤਹਿਤ ਧਰਤੀ ਹੇਠਲਾ ਪਾਣੀ ਗੰਦਲਾ ਕਰਕੇ ਸਾਰੇ ਪੰਜਾਬ ’ਚ ਲੋਕਾਂ ਦੇ ਪੀਣ ਲਈ ਨਹਿਰੀ ਪ੍ਰੋਜੈਕਟ ਸਥਾਪਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਤਿਆਰ ਕਰਨ ਅਤੇ ਚਲਾਉਣ ਦਾ ਕੰਟਰੈਕਟ ਨਿੱਜੀ ਕੰਪਨੀਆਂ ਨਾਲ ਕੀਤਾ ਗਿਆ ਹੈ। ਜਦੋ ਇਹ ਪ੍ਰੋਜੈਕਟ ਬਣ ਕੇ ਚਾਲੂ ਹੋ ਜਾਣਗੇ ਤਾਂ ਕਾਰਪੋਰੇਟ ਘਰਾਣੇ ਪੀਣ ਵਾਲਾ ਪਾਣੀ ਮਹਿੰਗੇ ਮੁੱਲ ’ਤੇ ਵੇਚਣਗੇ। ਇਸੇ ਕਰਕੇ ਹੀ ਫੈਕਟਰੀਆਂ ਧਰਤੀ ਗੰਦਲਾ ਪਾਣੀ ਪੁ?ਰਦੂਸ਼ਿਤ ਕਰ ਰਹੀਆਂ ਹਨ, ਜਿਨ੍ਹਾਂ ਨੂੰ ਬੰਦ ਕਰਵਾਉਣ ਲਈ ਚੱਲ ਰਹੇ ਜਨਤਕ ਸੰਘਰਸ਼ ਨੂੰ ਸਰਕਾਰ ਆਪਣੇ ਜਬਰ ਨਾਲ ਖੇਰੂ-ਖੇਰੂ ਕਰਨ ਦੀ ਦੀ ਫਿਰਾਕ ਵਿਚ ਹੈ ਕਿਉਕਿ ਸਰਕਾਰ ਵਲੋਂ ਸੇਵਾ ਦੇ ਅਦਾਰਿਆਂ ਦੇ ਨਿੱਜੀਕਰਨ ਲਈ ਅਤੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਲਈ ਨੀਤੀਆਂ ਬਣਾਈਆਂ ਜਾ ਰਹੀਆਂ ਹਨ, ਇਸੇ ਕਰਨ ਹੀ ਜਲ ਸਪਲਾਈ ਮਹਿਕਮੇ ਵਿਚ ਸਾਲਾਂਬੱਧੀ ਅਰਸ਼ੇ ਤੋਂ ਬਤੌਰ ਇਨਲਿਸਟਮੈਂਟ/ਆਊਟਸੋਰਸ ਤਹਿਤ ਸੇਵਾਵਾਂ ਦੇ ਰਹੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਤੋਂ ਅਣਦੇਖੀ ਕੀਤੀ ਜਾ ਰਹੀ ਹੈ, ਪਰ ਇਨਸਾਫ ਪਸੰਦ ਜਥੇਬੰਦੀਆਂ, ਲੋਕ ਮਾਰੂ ਨੀਤੀਆਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੀਆਂ। ਜਿਨ੍ਹਾਂ ਨੂੰ ਮੁਕੰਮਲ ਮੋੜਾ ਦੇਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਕਈ ਸਾਲਾਂ ਤੋਂ ਇਲਾਕੇ ਦੇ ਲੋਕਾਂ ਵੱਲੋਂ ਇਸ ਜਾਨਲੇਵਾ ਫੈਕਟਰੀ ਨੂੰ ਬੰਦ ਕਰਨ ਦੀ ਵਾਰ ਵਾਰ ਕੀਤੀ ਜਾ ਰਹੀ ਮੰਗ ਨੂੰ ਅਤੇ ਪੱਕੇ ਜਨਤਕ ਮੋਰਚੇ ਨੂੰ ਵੀ ਨਜਰਅੰਦਾਜ ਕਰਕੇ ਸਰਕਾਰ ਨੇ ਇਸ ਗੰਭੀਰ ਮਸਲੇ ਦੀ ਸੰਜ਼ੀਦਗੀ ਨਾਲ ਪੜਤਾਲ ਦੀ ਲੋੜ ਨਹੀ ਸਮਝੀ। ਜੀਰਾ ਸ਼ਰਾਬ ਫੈਕਟਰੀ ਦੇ ਵਿਰੋਧ ਵਿਚ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਦਾ ਤੁਰੰਤ ਹੱਲ ਕਰਨ ਦੀ ਸਰਕਾਰ ਪਾਸੋ ਮੰਗ ਕੀਤੀ ਗਈ ਅਤੇ ਭਵਿੱਖ ’ਚ ਕਿਸਾਨ ਜਥੇਬੰਦੀਆਂ ਦੁਆਰਾ ਉਲੀਕੇ ਜਾਣ ਵਾਲੇ ਸੰਘਰਸ਼ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਵਲੋਂ ਪੂਰਨ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵਲੋਂ ਦੂਜੇ ਦਿਨ ਵੀ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ
ਸੁਖਜਿੰਦਰ ਮਾਨ
ਬਠਿੰਡਾ, 4 ਜਨਵਰੀ : ਸਾਂਝਾ ਮੋਰਚਾ ਜੀਰਾ ਵੱਲੋਂ ਦਿੱਤੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਬਠਿੰਡਾ ਵੱਲੋਂ ਅੱਜ ਦੂਜੇ ਦਿਨ ਜ਼ਿਲੇ ਦੇ 45 ਪਿੰਡਾਂ ਵਿੱਚ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ। ਸਾਂਝੇ ਮੋਰਚੇ ਦੀਆਂ ਮੰਗਾਂ ਹਨ ਕਿ ਸਰਾਬ ਫੈਕਟਰੀ ਮਨਸੂਰਵਾਲ ਨੂੰ ਬੰਦ ਕੀਤਾ ਜਾਵੇ , ਫੈਕਟਰੀ ਦੇ ਪ੍ਰਦੂਸ਼ਣ ਪਾਣੀ ,ਜਮੀਨ ਅਤੇ ਹਵਾ ਨਾਲ ਇਲਾਕੇ ਦੇ ਲੋਕਾਂ ਦੇ ਹੋਏ ਜਾਨੀ ਨੁਕਸਾਨ ਦੇ ਪਰਚੇ ਦਰਜ ਕੀਤੇ ਜਾਣ ਅਤੇ ਮਾਲੀ ਨੁਕਸਾਨ ਦੀ ਭਰਪਾਈ ਫੈਕਟਰੀ ਮਾਲਕ ਤੋਂ ਕਰਵਾਈ ਜਾਵੇ ਅੰਦੋਲਨਕਾਰੀ ਲੋਕਾਂ ਤੇ ਦਰਜ ਕੀਤੇ ਸਾਰੇ ਕੇਸ ਰੱਦ ਕੀਤੇ ਜਾਣ ਸਮੇਤ ਸਾਂਝੇ ਮੋਰਚੇ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ। ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਆਗੂ ਦਰਸ਼ਨ ਸਿੰਘ ਮਾਈਸਰਖਾਨਾ ਅਤੇ ਬਲਾਕਾਂ ਦੇ ਆਗੂਆਂ ਨੇ ਕਿਹਾ ਕਿ ਆਮ ਲੋਕਾਂ ਦੀ ਸਰਕਾਰ ਦਾ ਝੂਠਾ ਨਾਅਰਾ ਲਾ ਰਹੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਹਕੂਮਤ ਵਾਲੀ ਪੰਜਾਬ ਸਰਕਾਰ ਪਹਿਲਾਂ ਵਾਲੀਆਂ ਸਰਕਾਰਾਂ ਦੀ ਤਰ੍ਹਾਂ ਲੋਕਾਂ ਦੇ ਮਸਲੇ ਹੱਲ ਕਰਨ ਲਈ ਢੀਠ ਹੋ ਚੁੱਕੀ ਹੈ ਖਾਸ ਆਦਮੀ (ਸਰਮਾਏਦਾਰਾਂ) ਦੇ ਪੱਖ ਵਿੱਚ ਫੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਦੇ ਪ੍ਰਦੂਸ਼ਣ ਤੋਂ ਪੀੜਤ ਲੋਕ ਸਾਡੇ ਪੰਜ ਮਹੀਨਿਆਂ ਤੋਂ ਫੈਕਟਰੀ ਬੰਦ ਕਰਾਉਣ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਸ਼ਰਾਬ ਫੈਕਟਰੀ ਦੇ ਮਾਲਕਾਂ ਦੇ ਪੱਖ ਵਿੱਚ ਭੁਗਤ ਰਹੀ ਹੈ। ਕਿਸਾਨਾਂ ਦੇ ਮੋਰਚੇ ਦੌਰਾਨ ਮੰਗਾਂ ਮੰਨ ਕੇ ਉਸ ਨੂੰ ਲਾਗੂ ਕਰਨ ਤੇ ਚੁੱਪ ਵੱਟੀ ਹੋਈ ਹੈ। ਹੁਣ ਕਿਸਾਨਾਂ ਵੱਲੋਂ ਚੱਲ ਰਹੇ ਇਕ ਮਹੀਨੇ ਤੋਂ ਮੋਰਚੇ ਦੌਰਾਨ ਸਰਕਾਰ ਨੇ ਕਿਸਾਨੀ ਮੰਗਾਂ ਲਈ ਚੁੱਪ ਵੱਟੀ ਹੋਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਬਹੁਤ ਸਾਰੀਆਂ ਮਜ਼ਦੂਰਾਂ ਤੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨਾਲ ਮੁੱਖ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ ਤੈਅ ਕਰ ਕੇ ਮੀਟਿੰਗ ਵੀ ਨਹੀਂ ਕੀਤੀ ਜਾ ਰਹੀ । ਭਾਰਤਮਾਲਾ ਸੜਕ ਦੀ ਜ਼ਮੀਨ ਦਾ ਪੂਰਾ ਮੁਆਵਜ਼ਾ ਕਿਸਾਨਾਂ ਨੂੰ ਨਾ ਦੇ ਕੇ ਪੁਲਿਸ ਦੇ ਜ਼ੋਰ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਖੇਤੀ ਲਈ ਨਹਿਰੀ ਪਾਣੀ ਪੂਰਾ ਦੇਣ ਦੀ ਬਜਾਏ ਰਿਫਾਇਨਰੀ ਵਰਗੀਆਂ ਫੈਕਟਰੀਆਂ ਨੂੰ ਪੁਲਸ ਦੇ ਜ਼ੋਰ ਨਹਿਰ ਵਿੱਚੋਂ ਸਿੱਧੇ ਮੋਘੇ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਆਪੋ ਆਪਣੀਆਂ ਮੰਗਾਂ-ਮਸਲਿਆਂ ਕਰਾਉਣ ਲਈ ਇਕੋ ਰਾਹ ਏਕਾ ਅਤੇ ਸੰਘਰਸ਼ ਹੀ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨਾਲ ਦੇ ਸੰਘਰਸ਼ ਨਾਲ ਤਾਲਮੇਲ ਕਰਦਿਆ ਸੂਬਾ ਕਮੇਟੀ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੱਲ 5 ਜਨਵਰੀ ਨੂੰ ਜ਼ਿਲੇ ਦੇ ਟੋਲ ਪਲਾਜ਼ਿਆਂ ਬੱਲੂਆਣਾ, ਜੀਦਾ, ਲਹਿਰਾ ਬੇਗਾ ਅਤੇ ਸੇਖਪੁਰਾ ਨੂੰ 12 ਤੋਂ 3 ਵਜੇ ਤੱਕ ਧਰਨਾ ਦੇ ਕੇ ਫਰੀ ਕੀਤਾ ਜਾਵੇਗਾ । ਕਿਸਾਨ ਆਗੂਆਂ ਨੇ ਸਮੂਹ ਲੋਕਾਂ ਨੂੰ ਇਹਨਾਂ ਧਰਨਿਆਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ। ਜਿਲੇ ਦੀ ਵਾਰੀ ਮੁਤਾਬਕ ਕੱਲ ਨੂੰ ਜੀਰਾ ਮੋਰਚਾ ਵਿਚ ਵੀ ਕਿਸਾਨਾਂ ਦੇ ਜਥੇ ਭੇਜੇ ਜਾਣਗੇ। ਅੱਜ ਦੇ ਇਕੱਠਾਂ ਨੂੰ ਸੁਖਦੇਵ ਸਿੰਘ ਰਾਮਪੁਰਾ ,ਬਲਦੇਵ ਸਿੰਘ ਚਉਕੇ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ ,ਬਲਜੀਤ ਸਿੰਘ ਪੂਹਲਾ, ਜਸਪਾਲ ਸਿੰਘ ਕੋਠਾਗੁਰੂ, ਅਮਰੀਕ ਸਿੰਘ ਸਿਵੀਆ ,ਗੁਰਪਾਲ ਸਿੰਘ ਦਿਉਣ, ਧਰਮਪਾਲ ਸਿੰਘ ਜੰਡੀਆਂ,ਹਰਪ੍ਰੀਤ ਸਿੰਘ ਕਾਲਾ, ਅੰਮ੍ਰਿਤਪਾਲ ਸਿੰਘ ਮੌੜ ਅਤੇ ਗੁਰਜੀਤ ਸਿੰਘ ਬਘੇਰ ਨੇ ਵੀ ਸੰਬੋਧਨ ਕੀਤਾ।
ਜੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰੇ ਸਰਕਾਰ :- ਗੁਰਵਿੰਦਰ ਸਿੰਘ ਪੰਨੂ
ਸੁਖਜਿੰਦਰ ਮਾਨ
ਬਠਿੰਡਾ, 4 ਜਨਵਰੀ : ਅੱਜ ਪੀ ਐਸ ਪੀ ਸੀ ਐਲ ਅਤੇ ਪੀ ਐਸ ਟੀ ਸੀ ਐਲ ਕੰਟਰੈਕਚੂਅਲ ਵਰਕਰ ਯੂਨੀਅਨ (ਪੰਜਾਬ) ਦੇ ਸੂਬਾ ਕਨਵੀਨਰ ਗੁਰਵਿੰਦਰ ਸਿੰਘ ਪੰਨੂ, ਕਾਰਜਕਾਰੀ ਸਕੱਤਰ ਹਰਜੀਤ ਸਿੰਘ, ਖੁਸ਼ਦੀਪ ਸਿੰਘ, ਬਲਜਿੰਦਰ ਸਿੰਘ ਲੋਪੋਂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਜਥੇਬੰਦੀ ਦੇ ਫੈਸਲੇ ਮੁਤਾਬਕ ਜੀਰਾ ਸ਼ਰਾਬ ਫੈਕਟਰੀ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ ਜੋ ਕਿਸਾਨ ਜਥੇਬੰਦੀਆਂ ਵਲੋਂ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਫੈਸਲਾ ਕੀਤਾ ਗਿਆ ਸੀ ਉਸ ਫੈਸਲੇ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਦੇ ਹੋਏ ਪੀ ਐਸ ਪੀ ਸੀ ਐਲ ਅਤੇ ਪੀ ਐਸ ਟੀ ਸੀ ਐਲ ਕੰਟਰੈਕਚੂਅਲ ਵਰਕਰ ਯੂਨੀਅਨ (ਪੰਜਾਬ) ਵੱਲੋੰ ਵੱਖ-ਵੱਖ ਥਾਵਾਂ ਬਠਿੰਡਾ, ਪਾਤੜਾ, ਕੋਟਕਪੂਰਾ, ਪਠਾਨਕੋਟ, ਅਨੰਦਪੁਰ ਸਾਹਿਬ ਕੀਤਾ ਗਿਆ। ਜਥੇਬੰਦੀ ਦੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਕਰਨ ਦੇ ਵਿਰੋਧ ਵਿੱਚ ਫੈਕਟਰੀ ਨੂੰ ਬੰਦ ਕਰਨ ਦੀ ਲੋੜ ਸੀ ਪਰ ਸਰਕਾਰ ਫੈਕਟਰੀ ਨੂੰ ਬੰਦ ਕਰਨ ਦੀ ਥਾਂ ਅਦਾਲਤੀ ਹੁਕਮਾਂ ਨੂੰ ਹਥਿਆਰ ਬਣਾਕੇ ਫੈਕਟਰੀ ਨੂੰ ਹੱਲਾਸ਼ੇਰੀ ਦੇ ਰਹੀ ਹੈ ਤੇ ਲੋਕਾਂ ਦੇ ਮੰਗਾਂ ਮਸਲੇ ਹੱਲ ਕਰਨ ਦੀ ਥਾਂ ਉਨ੍ਹਾਂ ਦੇ ਸੰਘਰਸ਼ ਨੂੰ ਜਬਰੀ ਦੇ ਜੋਰ ਕੁਚਲ ਕੇ ਫੈਕਟਰੀ ਨੂੰ ਸਥਾਪਿਤ ਕਰਨਾ ਚਾਹੁੰਦੀ ਹੈ ਜੋ ਇਸ ਪੰਜਾਬ ਸਰਕਾਰ ਦੇ ਫੈਸਲੇ ਵਿਰੁੱਧ ਡਟੇ ਹੋਏ ਹਨ ਜੇ ਸਰਕਾਰ ਨੇ ਹੁਣ ਵੀ ਫੈਕਟਰੀ ਨੂੰ ਬੰਦ ਕਰਨ ਦਾ ਫੈਸਲਾ ਨਾ ਲਿਆ ਤਾਂ ਭਵਿੱਖ ਵਿੱਚ ਠੇਕਾ ਮੁਲਾਜ਼ਮ ਵੀ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਆਪਣੇ ਸੰਘਰਸ਼ ਨੂੰ ਤਿੱਖਾ ਕਰਨ ਵਾਸਤੇ ਮਜਬੂਰ ਹੋਣਗੇ।







