ਬੇਅਦਬੀ ਦੇ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਭਾਰਤ ਸਰਕਾਰ ਤੋਂ ਦਖ਼ਲ ਦੀ ਕੀਤੀ ਮੰਗ
ਕੇਂਦਰੀ ਗ੍ਰਹਿ ਮੰਤਰੀ ਨੂੰ ਕਿਸਾਨਾਂ ਦੇ ਵਡੇਰੇ ਹਿੱਤ ਵਿੱਚ ਕੰਡਿਆਲੀ ਤਾਰ ਨੂੰ ਅੰਤਰਰਾਸ਼ਟਰੀ ਸੀਮਾ ਵੱਲ ਤਬਦੀਲ ਕਰਨ ਦੀਆਂ ਸੰਭਾਵਨਾ ਤਲਾਸ਼ਣ ਲਈ ਕਿਹਾ
ਨਵੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਰਾਜ ਪੁਲਿਸ ਬਲ ਦੇ ਆਧੁਨਿਕੀਕਰਨ ਨੂੰ ਯਕੀਨੀ ਬਣਾਉਣ ਲਈ ਖੁੱਲ੍ਹਦਿਲੀਂ ਨਾਲ ਫੰਡਾਂ ਦੀ ਕੀਤੀ ਮੰਗ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 9 ਦਸੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਬੇਅਦਬੀ ਦੇ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਵਾਲੇ ਰਾਜ ਦੇ ਦੋ ਮਹੱਤਵਪੂਰਨ ਬਕਾਇਆ ਬਿੱਲਾਂ ਲਈ ਰਾਸ਼ਟਰਪਤੀ ਦੀ ਮਨਜ਼ੂਰੀ ਲੈਣ ਵਾਸਤੇ ਭਾਰਤ ਸਰਕਾਰ ਦੇ ਦਖ਼ਲ ਦੀ ਮੰਗ ਕੀਤੀ।ਇੱਥੇ ਅਮਿਤ ਸ਼ਾਹ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਸੂਬੇ ਵਿੱਚ ਇਕ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਇਸ ਸੰਦਰਭ ਵਿੱਚ ਇਹ ਮਹਿਸੂਸ ਕੀਤਾ ਗਿਆ ਹੈ ਕਿ ਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ 295 ਅਤੇ 295-ਏ ਦੀਆਂ ਮੌਜੂਦਾ ਵਿਵਸਥਾਵਾਂ ਅਨੁਸਾਰ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਲਈ ਸਜ਼ਾ ਦੀ ਮਿਆਦ ਨਾਕਾਫ਼ੀ ਹੈ। ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਪੰਜਾਬ ਵਿਧਾਨ ਸਭਾ ਨੇ ‘ਇੰਡੀਅਨ ਪੀਨਲ ਕੋਡ (ਪੰਜਾਬ ਸੋਧ) ਬਿੱਲ, 2018’ ਅਤੇ ‘ਕੋਡ ਆਫ ਕ੍ਰਿਮੀਨਲ ਪ੍ਰੋਸੀਜ਼ਰ (ਪੰਜਾਬ ਸੋਧ) ਬਿੱਲ 2018’ ਪਾਸ ਕਰ ਦਿੱਤਾ ਹੈ, ਜਿਸ ਵਿੱਚ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀਮਦ ਭਾਗਵਤ ਗੀਤਾ, ਪਵਿੱਤਰ ਕੁਰਾਨ ਅਤੇ ਪਵਿੱਤਰ ਬਾਈਬਲ ਦੀ ਬੇਅਦਬੀ ਜਾਂ ਨੁਕਸਾਨ ਪਹੁੰਚਾਉਣ ਉਤੇ ਉਮਰ ਕੈਦ ਤੱਕ ਦੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਹ ਸੋਧ ਸਾਡੇ ਸੰਵਿਧਾਨ ਵਿੱਚ ਦਰਜ ਧਰਮ ਨਿਰਪੱਖਤਾ ਦੇ ਸਿਧਾਂਤਾਂ ਦੇ ਅਨੁਸਾਰ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਅਕਤੂਬਰ, 2018 ਤੋਂ ਭਾਰਤ ਦੇ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਲੰਬਿਤ ਪਏ ਹਨ। ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਇਹ ਬਿੱਲ ਜ਼ਰੂਰੀ ਹੋਣ ਉਤੇ ਜ਼ੋਰ ਦਿੰਦੇ ਹੋਏ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਦਖ਼ਲ ਦੀ ਮੰਗ ਕੀਤੀ ਕਿਉਂਕਿ ਰਾਜ ਵਿੱਚ ਫਿਰਕੂ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਇਨ੍ਹਾਂ ਬਿੱਲਾਂ ਲਈ ਰਾਸ਼ਟਰਪਤੀ ਦੀ ਛੇਤੀ ਮਨਜ਼ੂਰੀ ਦੀ ਲੋੜ ਹੈ।
ਇਕ ਹੋਰ ਅਹਿਮ ਮੁੱਦਾ ਚੁੱਕਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਸਰਹੱਦ ਉਤੇ ਜ਼ੀਰੋ ਲਾਈਨ ਤੋਂ 150 ਮੀਟਰ ਤੱਕ ਉਸਾਰੀ ਕੀਤੀ ਜਾ ਸਕਦੀ ਹੈ ਪਰ ਪੰਜਾਬ ਵਿੱਚ ਕੁਝ ਥਾਵਾਂ `ਤੇ ਕੰਡਿਆਲੀ ਤਾਰ ਜ਼ੀਰੋ ਲਾਈਨ ਤੋਂ ਕਾਫ਼ੀ ਦੂਰੀ `ਤੇ ਭਾਰਤ ਵਾਲੇ ਪਾਸੇ ਹੈ। ਉਨ੍ਹਾਂ ਇੱਕ ਮਿਸਾਲ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਸੈਕਟਰ ਅਧੀਨ ਪੈਂਦੇ ਏ.ਓ.ਆਰ. 121 ਬਟਾਲੀਅਨ ਬੀ.ਐਸ.ਐਫ. ਮਾਧੋਪੁਰ ਵਿੱਚ ਬਾਰਡਰ ਪਿੱਲਰ ਨੰਬਰ 2/ਐਮ ਤੋਂ ਬਾਰਡਰ ਪਿੱਲਰ ਨੰਬਰ 10/12 ਤੱਕ ਦੇ ਖੇਤਰ ਵਿੱਚ ਕੰਡਿਆਲੀ ਤਾਰ ਅੰਤਰਰਾਸ਼ਟਰੀ ਸਰਹੱਦ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਹੈ। ਭਗਵੰਤ ਮਾਨ ਨੇ ਕਿਹਾ ਕਿ ਕਿਉਂਕਿ ਖੇਤੀ ਵਾਲੀ ਜ਼ਮੀਨ ਦਾ ਵੱਡਾ ਹਿੱਸਾ ਅੰਤਰਰਾਸ਼ਟਰੀ ਸਰਹੱਦ ਅਤੇ ਮੌਜੂਦਾ ਵਾੜ ਦੇ ਵਿਚਕਾਰ ਆਉਂਦਾ ਹੈ, ਇਸ ਲਈ ਬਹੁਤ ਸਾਰੇ ਕਿਸਾਨਾਂ ਨੂੰ ਇਸ ਜ਼ਮੀਨ `ਤੇ ਖੇਤੀ ਕਰਨ ਲਈ ਕੰਡਿਆਲੀ ਤਾਰ ਤੋਂ ਪਾਰ ਜਾਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਸੀਮਾ ਸੁਰੱਖਿਆ ਬਲ ਦੇ ਕੰਮ ਦਾ ਬੋਝ ਵੀ ਵਧਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਕਿਸਾਨਾਂ ਨੂੰ ਵੀ ਕਾਫ਼ੀ ਮੁਆਵਜ਼ਾ ਦੇਣਾ ਪੈਂਦਾ ਹੈ। ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤੇ ਬਿਨਾਂ ਕਿਸਾਨਾਂ ਦੇ ਵਡੇਰੇ ਹਿੱਤ ਵਿੱਚ ਜਿੱਥੇ ਵੀ ਸੰਭਵ ਹੋਵੇ ਕੰਡਿਆਲੀ ਤਾਰ ਨੂੰ ਅੰਤਰਰਾਸ਼ਟਰੀ ਸਰਹੱਦ ਉਤੇ ਵੱਧ ਤੋਂ ਵੱਧ ਜ਼ੀਰੋ ਲਾਇਨ ਵੱਲ ਤਬਦੀਲ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ।
ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ ਨਵੀਆਂ ਚੁਣੌਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਸੂਬਾਈ ਪੁਲਿਸ ਬਲ ਦੇ ਆਧੁਨਿਕੀਕਰਨ ਨੂੰ ਯਕੀਨੀ ਬਣਾਉਣ ਲਈ ਖੁੱਲ੍ਹਦਿਲੀਂ ਨਾਲ ਫੰਡ ਮੁਹੱਈਆ ਕਰਵਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਹੱਦ ਪਾਰੋਂ ਹੋ ਰਹੀ ਘੁਸਪੈਠ ਅਤੇ ਡਰੋਨ ਹਮਲਿਆਂ ਨੂੰ ਰੋਕਣ ਲਈ ਰਾਜ ਬਲ ਨੂੰ ਅਤਿ ਆਧੁਨਿਕ ਯੰਤਰ ਅਤੇ ਹਥਿਆਰ ਮੁਹੱਈਆ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਕਾਇਮ ਰੱਖਣ ਲਈ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
ਮੁੱਖ ਮੰਤਰੀ ਵੱਲੋਂ ਨਿਵੇਸ਼ਕਾਂ ਦੀ ਸਹੂਲਤ ਲਈ ਸਿੰਗਲ ਵਿੰਡੋ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਦਾ ਐਲਾਨ
ਵਪਾਰ ਤੇ ਨਿਵੇਸ਼ ਲਈ ਸਹੂਲਤਾਂ ਦੇ ਕੇ ਸੂਬੇ ਨੂੰ ਪ੍ਰਮੁੱਖ ਉਦਯੋਗਿਕ ਅਤੇ ਬਰਾਮਦ ਹੱਬ ਵਿੱਚ ਤਬਦੀਲ ਕਰਨ ਦੀ ਵਚਨਬੱਧਤਾ ਦੁਹਰਾਈ
ਪੰਜਾਬ ਵਿੱਚ ਨਿਵੇਸ਼ ਕਰ ਕੇ ਉਦਯੋਗਿਕ ਵਿਕਾਸ ਤੇ ਖ਼ੁਸ਼ਹਾਲੀ ਦਾ ਹਿੱਸਾ ਬਣਨ ਲਈ ਕਾਰੋਬਾਰੀਆਂ ਨੂੰ ਦਿੱਤਾ ਸੱਦਾ
ਸੀ.ਆਈ.ਆਈ. ਉੱਤਰੀ ਖੇਤਰੀ ਕੌਂਸਲ ਦੀ ਪੰਜਵੀਂ ਮੀਟਿੰਗ ਵਿੱਚ ਲਿਆ ਭਾਗ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 9 ਦਸੰਬਰ: ਪੰਜਾਬ ਵਿੱਚ ਕਾਰੋਬਾਰ ਲਈ ਸਹੂਲਤਾਂ ਦੇ ਕੇ ਅਤੇ ਨਿਵੇਸ਼ ਪੱਖੀ ਮਾਹੌਲ ਸਿਰਜ ਕੇ ਸੂਬੇ ਨੂੰ ਵੱਡੇ ਉਦਯੋਗਿਕ ਤੇ ਬਰਾਮਦ ਹੱਬ ਵਿੱਚ ਤਬਦੀਲ ਕਰਨ ਦੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨਿਵੇਸ਼ਕਾਂ ਦੀ ਸਹੂਲਤ ਲਈ ਸਿੰਗਲ ਵਿੰਡੋ ਸਿਸਟਮ ਨੂੰ ਹੋਰ ਮਜ਼ਬੂਤ ਕਰ ਰਹੀ ਹੈ।ਇੱਥੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਦੀ ਉੱਤਰੀ ਖੇਤਰ ਕੌਂਸਲ ਦੀ ਪੰਜਵੀਂ ਮੀਟਿੰਗ ਦੌਰਾਨ ਡੈਲੀਗੇਟਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਿੰਗਲ ਵਿੰਡੋ ਸੇਵਾ ਮਹਿਜ਼ ਇਕ ਛਲਾਵਾ ਸੀ, ਜੋ ਕਿਸੇ ਸਾਰਥਕ ਉਦੇਸ਼ ਤੋਂ ਸੱਖਣੀ ਸੀ, ਜਿਸ ਨੇ ਨਾ ਸਿਰਫ਼ ਸੰਭਾਵੀ ਨਿਵੇਸ਼ਕਾਂ ਨੂੰ ਨਿਰਾਸ਼ ਕੀਤਾ, ਸਗੋਂ ਰਾਜ ਦੇ ਉਦਯੋਗਿਕ ਵਿਕਾਸ ਵਿੱਚ ਵੀ ਰੁਕਾਵਟ ਖੜ੍ਹੀ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਇਹ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਨਿਵੇਸ਼ਕਾਂ ਨੂੰ ਇਸ ਵਿੰਡੋ `ਤੇ ਸਾਰੀਆਂ ਸਹੂਲਤਾਂ ਸੁਚਾਰੂ ਢੰਗ ਨਾਲ ਅਤੇ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਤੋਂ ਬਿਨਾਂ ਮਿਲ ਸਕਣ। ਭਗਵੰਤ ਮਾਨ ਨੇ ਉਦਯੋਗਪਤੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਅਤੇ ਉਦਯੋਗਿਕ ਵਿਕਾਸ ਤੇ ਖ਼ੁਸ਼ਹਾਲੀ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ।ਮੁੱਖ ਮੰਤਰੀ ਨੇ ਸੀ.ਆਈ.ਆਈ. ਵੱਲੋਂ ਉਦਯੋਗਾਂ ਦੀ ਮਦਦ ਕਰਨ ਅਤੇ ਵਪਾਰ ਲਈ ਅਨੁਕੂਲ ਮਾਹੌਲ ਸਿਰਜਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਨਿਵੇਸ਼ ਦੇ ਵਾਤਾਵਰਨ ਨੂੰ ਉਤਸ਼ਾਹਿਤ ਕਰਨ, ਸਾਰਿਆਂ ਲਈ ਰੋਜ਼ਗਾਰ ਦੇ ਢੁਕਵੇਂ ਮੌਕੇ ਪੈਦਾ ਕਰਨ, ਮਿਆਰੀ ਬੁਨਿਆਦੀ ਢਾਂਚੇ ਤੱਕ ਪਹੁੰਚ ਪ੍ਰਦਾਨ ਕਰਨ, ਪ੍ਰਸ਼ਾਸਨ ਵਿੱਚ ਵਧੇਰੇ ਪਾਰਦਰਸ਼ਤਾ ਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਅਣਗਿਣਤ ਉਪਰਾਲੇ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਾਮਾਨ ਦੀ ਢੋਆ-ਢੁਆਈ ਵਿੱਚ ਸੌਖ ਪੱਖੋਂ ਦੇਸ਼ ਭਰ ਵਿੱਚ ਤੀਜੇ ਸਥਾਨ `ਤੇ ਹੈ ਕਿਉਂਕਿ ਸੂਬੇ ਕੋਲ ਪੰਜ ਇਨਲੈਂਡ ਕੰਟੇਨਰ ਡਿੱਪੂਆਂ (ਆਈ.ਸੀ.ਡੀ.) ਦੇ ਨਾਲ ਢੋਆ-ਢੁਆਈ ਦਾ ਮਜ਼ਬੂਤ ਆਧਾਰ ਹੈ।ਸਨਅਤਕਾਰਾਂ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਾਰੇ ਉਦਯੋਗਾਂ ਲਈ ਬਿਜਲੀ ਦੀਆਂ ਸਭ ਤੋਂ ਘੱਟ ਦਰਾਂ ਦੀ ਪੇਸ਼ਕਸ਼ ਕਰਦਾ ਹੈ ਅਤੇ ਭਾਰਤ ਸਰਕਾਰ ਦੀ ਬਿਜ਼ਨਸ ਰਿਫੌਰਮਜ਼ ਐਕਸ਼ਨ ਪਲਾਨ (ਬੀ.ਆਰ.ਏ.ਪੀ.) ਦੀ ਰਿਪੋਰਟ ਵਿੱਚ ਕਾਰੋਬਾਰ ਕਰਨ ਦੀ ਸੌਖ ਪੱਖੋਂ ਤੇਜ਼ੀ ਨਾਲ ਸੁਧਾਰ ਕਰਨ ਵਾਲੇ ਸੂਬੇ ਵਜੋਂ ਪੰਜਾਬ ਦਾ ਨਾਂ ਆਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨੇ ਪ੍ਰਕਿਰਿਆਵਾਂ ਦੇ ਸਰਲੀਕਰਨ ਅਤੇ ਡਿਜੀਟਾਈਜੇਸ਼ਨ, ਛੋਟੇ ਅਪਰਾਧਾਂ ਨੂੰ ਅਪਰਾਧ ਮੁਕਤ ਕਰਨ ਅਤੇ ਬੇਲੋੜੇ ਕਾਨੂੰਨਾਂ ਨੂੰ ਖ਼ਤਮ ਕਰਨ ਦਾ ਕੰਮ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਰਾਜ ਵਿੱਚ ਇਸ ਸਮੇਂ 1,000 ਤੋਂ ਵੱਧ ਹੁਨਰ ਵਿਕਾਸ ਕੇਂਦਰ ਹਨ ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ (ਪੀਐਸਡੀਐਮ) ਕੋਲ 250 ਤੋਂ ਵੱਧ ਸੂਚੀਬੱਧ ਸਿਖਲਾਈ ਭਾਈਵਾਲ ਹਨ, ਜਿਸ ਨਾਲ ਸਿੱਖਿਅਤ ਮਨੁੱਖੀ ਸ਼ਕਤੀ ਦਾ ਇਕ ਵੱਡਾ ਪੂਲ ਬਣਾਉਣ ਲਈ ਸਿਖਲਾਈ ਸਹੂਲਤਾਂ ਦਾ ਸਭ ਦੀ ਪਹੁੰਚ ਵਾਲਾ ਨੈੱਟਵਰਕ ਕਾਇਮ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਟਾਰਟ ਅੱਪ ਪੰਜਾਬ, ਸਟਾਰਟ-ਅੱਪਸ ਲਈ ਨਿਵੇਸ਼ਕ ਪੱਖੀ ਮਾਹੌਲ ਸਿਰਜ ਕੇ ਉੱਦਮਤਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਸੂਬੇ ਵਿੱਚ ਉੱਦਮਤਾ ਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਇਨੋਵੇਸ਼ਨ ਮਿਸ਼ਨ ਪੰਜਾਬ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ ਅਗਲੇ ਕੁਝ ਮਹੀਨਿਆਂ ਵਿੱਚ ਆਪਣੀ ਨਵੀਂ ਉਦਯੋਗਿਕ ਵਿਕਾਸ ਨੀਤੀ ਲਿਆਏਗੀ, ਜੋ ਅਗਲੇ ਪੰਜ ਸਾਲਾਂ ਲਈ ਪੰਜਾਬ ਦੀ ਉਦਯੋਗਿਕ ਨੀਤੀ ਦੀ ਰੂਪ-ਰੇਖਾ ਤਿਆਰ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਸਾਰੇ ਹਿੱਸੇਦਾਰਾਂ ਤੋਂ ਕੀਮਤੀ ਸੁਝਾਅ ਪ੍ਰਾਪਤ ਹੋਏ ਹਨ ਅਤੇ ਉਨ੍ਹਾਂ ਨੂੰ ਨਵੀਂ ਉਦਯੋਗਿਕ ਨੀਤੀ 2022 ਵਿੱਚ ਸ਼ਾਮਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਇਲੈਕਟ੍ਰਿਕ ਵਾਹਨ (ਈ.ਵੀ.) ਦੀ ਵਿਸ਼ਾਲ ਸੰਭਾਵਨਾ ਨੂੰ ਲੰਬੇ ਸਮੇਂ ਦਾ ਟਿਕਾਊ ਹੱਲ ਮੰਨਦਿਆਂ ਪੰਜਾਬ ਸੂਬੇ ਵਿੱਚ ਇਲੈਕਟ੍ਰਿਕ ਵਾਹਨਾਂ ਅਤੇ ਇਨ੍ਹਾਂ ਦੇ ਪੁਰਜ਼ਿਆਂ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਜਲਦ ਹੀ ਈਵੀ ਨੀਤੀ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨਿਵੇਸ਼ਕਾਂ ਦੇ ਤਜਰਬੇ ਨੂੰ ਬਿਹਤਰ ਬਣਾਉਣ, ਵਪਾਰ ਲਈ ਅਨੁਕੂਲ ਮਾਹੌਲ ਬਣਾਉਣ ਅਤੇ ਪਾਲਣਾ ਨੂੰ ਹੋਰ ਸਰਲ ਬਣਾਉਣ ਲਈ ਵਚਨਬੱਧ ਹੈ। ਭਗਵੰਤ ਮਾਨ ਨੇ ਸਾਰੇ ਉਦਯੋਗ ਪ੍ਰਤੀਨਿਧਾਂ ਨੂੰ ਅਗਲੇ ਸਾਲ 23 ਅਤੇ 24 ਫਰਵਰੀ ਨੂੰ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।
ਵੱਖ-ਵੱਖ ਖੇਤਰਾਂ ਵਿੱਚ ਸੂਬੇ ਦੀਆਂ ਪ੍ਰਾਪਤੀਆਂ ਦਰਸਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਭਾਰਤ ਦਾ ਅਨਾਜ ਭੰਡਾਰ ਮੰਨਿਆ ਜਾਂਦਾ ਹੈ ਅਤੇ ਦੇਸ਼ ਵਿੱਚ ਚੌਲਾਂ ਅਤੇ ਕਣਕ ਦੇ ਕੁੱਲ ਉਤਪਾਦਨ ਵਿੱਚ ਪੰਜਾਬ ਤੀਜੇ ਨੰਬਰ `ਤੇ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਪੰਜਾਬ ਭਾਰਤ ਦੇ 10 ਕਪਾਹ ਉਤਪਾਦਕ ਰਾਜਾਂ ਵਿੱਚ ਸ਼ਾਮਲ ਹੈ, ਜੋ ਭਾਰਤ ਦੇ ਕੁੱਲ ਉਤਪਾਦਨ ਦਾ 3.68 ਫੀਸਦੀ ਬਣਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਬਲੈਂਡਿਡ ਯਾਰਨ ਦੇ ਉਤਪਾਦਨ ਵਿੱਚ ਪਹਿਲੇ ਨੰਬਰ `ਤੇ ਹੈ ਅਤੇ ਦੇਸ਼ ਵਿੱਚ ਚੌਥੇ ਨੰਬਰ `ਤੇ ਸਪਿਨਿੰਗ ਸਮਰੱਥਾ ਰੱਖਦਾ ਹੈ, ਉਨ੍ਹਾਂ ਕਿਹਾ ਕਿ ਪੰਜਾਬ ਹੌਜ਼ਰੀ ਦੇ ਉਤਪਾਦਨ ਵਿੱਚ ਵੀ ਪਹਿਲੇ ਅਤੇ ਖੇਡਾਂ ਦੇ ਸਾਮਾਨ ਦੇ ਉਤਪਾਦਨ ਵਿੱਚ ਦੂਜੇ ਸਥਾਨ `ਤੇ ਹੈ। ਪੰਜਾਬ ਦਾ ਉਦਯੋਗ ਵਿਸ਼ਵ ਪੱਧਰ `ਤੇ ਮੁਕਾਬਲੇ ਦੇ ਯੋਗ ਹੋਣ `ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਸਾਈਕਲਾਂ ਦੇ ਨਿਰਯਾਤ ਵਿੱਚ ਸੂਬਾ ਪਹਿਲੇ ਨੰਬਰ `ਤੇ ਹੈ ਕਿਉਂਕਿ ਭਾਰਤ ਵਿੱਚ 75 ਫੀਸਦੀ ਤੋਂ ਵੱਧ ਸਾਈਕਲਾਂ ਅਤੇ 92 ਫੀਸਦੀ ਸਾਈਕਲ ਪੁਰਜ਼ੇ ਪੰਜਾਬ ਵਿੱਚ ਹੀ ਬਣਦੇ ਹਨ। ਉਨ੍ਹਾਂ ਕਿਹਾ ਕਿ ਰਾਜ ਭਾਰਤ ਵਿੱਚ ਹੈਂਡ ਟੂਲਜ਼ ਅਤੇ ਮਸ਼ੀਨ ਟੂਲਜ਼ ਦੇ ਉਤਪਾਦਨ ਵਿੱਚ ਪਹਿਲੇ ਨੰਬਰ `ਤੇ ਹੈ ਅਤੇ ਭਾਰਤ ਤੋਂ ਹੈਂਡ ਟੂਲਜ਼ ਅਤੇ ਮਸ਼ੀਨ ਟੂਲਜ਼ ਦੀ ਬਰਾਮਦ ਵਿੱਚ ਪੰਜਾਬ ਦਾ 26 ਫੀਸਦੀ ਹਿੱਸਾ ਹੈ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਆਈ.ਟੀ. ਅਤੇ ਇਲੈਕਟ੍ਰੋਨਿਕਸ ਉਦਯੋਗ ਨੇ 770 ਕਰੋੜ ਰੁਪਏ ਦੇ ਨਿਵੇਸ਼ ਨੂੰ ਆਕਰਸ਼ਿਤ ਕੀਤਾ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਲਗਭਗ 67 ਫੀਸਦੀ ਵੱਧ ਹੈ। ਉਨ੍ਹਾਂ ਕਿਹਾ ਕਿ ਐਮ.ਐਸ.ਐਮ.ਈਜ਼ ਹਮੇਸ਼ਾ ਹੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਰਹੇ ਹਨ ਅਤੇ ਅੱਜ ਸੂਬੇ ਵਿੱਚ 3.7 ਲੱਖ ਤੋਂ ਵੱਧ ਐਮ.ਐਸ.ਐਮ.ਈਜ਼ ਹਨ।ਇਸ ਤੋਂ ਪਹਿਲਾਂ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਮਲ ਕਿਸ਼ੋਰ ਯਾਦਵ ਨੇ ਪੰਜਾਬ ਵਿੱਚ ਨਿਵੇਸ਼ ਦੇ ਮੌਕਿਆਂ ਬਾਰੇ ਪੇਸ਼ਕਾਰੀ ਦਿੱਤੀ।ਇਸ ਮੌਕੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ.ਵੇਣੂ ਪ੍ਰਸਾਦ, ਪੰਜਾਬ ਭਵਨ ਦੇ ਪ੍ਰਮੁੱਖ ਰੈਜ਼ੀਡੈਂਟ ਕਮਿਸ਼ਨਰ ਰਾਹੁਲ ਭੰਡਾਰੀ, ਪ੍ਰਮੁੱਖ ਸਕੱਤਰ ਉਦਯੋਗ ਤੇ ਵਣਜ ਦਲੀਪ ਕੁਮਾਰ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਡੀ.ਐਮ.ਗਰੁੱਪ ਦੇ ਨੰਨ੍ਹੇ ਖਿਡਾਰੀਆਂ ਨੇ ਵੱਡੀਆਂ ਮੱਲਾਂ ਮਾਰੀਆਂ,ਪੰਜਾਬ ਪੱਧਰ ਤੇ ਜਿੱਤਿਆ ਮੈਡਲ
ਪਿੰਡ ਕਰਾੜਵਾਲਾ ਦੀ ਪੰਚਾਇਤ ਵੱਲੋਂ ਕੀਤਾ ਗਿਆ ਮੈਨੇਜ਼ਮੈਂਟ ਅਤੇ ਖਿਡਾਰੀਆਂ ਦਾ ਸਨਮਾਨ
ਸੁਖਜਿੰਦਰ ਮਾਨ
ਬਠਿੰਡਾ, 9 ਦਸੰਬਰ :ਵਿਿਦਆ ਦੇ ਨਾਲ ਨਾਲ ਖੇਡਾ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੇ ਇਲਾਕੇ ਦੇ ਸਿਰਮੋਰ ਵਿਿਦਅਕ ਅਦਾਰੇ ਡੀ.ਐਮ.ਗਰੁੱਪ ਕਰਾੜਵਾਲਾ ਦੇ ਛੋਟੇ- ਛੋਟੇੇ ਬੱਚਿਆਂ ਨੇ ਰੱਸਾ ਕੱਸੀ ਦੇ ਮੁਕਬਲਿਆਂ ਵਿੱਚ ਵੱਡੀਆਂ ਮੱਲਾਂ ਮਾਰੀਆਂ ਰੱਸਾ ਕੱਸੀ ਲੜ੍ਹਕਿਆਂ ਨੇ ਸ੍ਰੀ ਅੰਨਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਏ ਪ੍ਰਾਇਮਰੀ ਖੇਡਾਂ ਪੰਜਾਬ ਪੱਧਰ ਦੇ ਮੁਕਾਬਲਿਆਂ ਵਿੱਚ ਮੈਡਲ ਜਿੱਤ ਕੇ ਇਤਿਹਾਸ ਸਿਰਜਿਆ, ਕਿਉਕਿ ਇਨ੍ਹਾਂ ਪੰਜਾਬ ਪੱਧਰੀ ਖੇਡਾ ਵਿੱਚ ਜ਼ਿਲੇ੍ਹ ਬਠਿਡੇ ਦੀ ਅਗਵਾਈ ਇਕੱਲੇ ਡੀ.ਐਮ.ਗਰੁੱਪ ਕਰਾੜਵਾਲਾ ਦੇ ਖਿਡਾਰੀਆਂ ਨੇ ਹੀ ਕੀਤੀ ਜਿਸ ਕਰਕੇ ਪਿੰਡ ਦੀ ਪੰਚਾਇਤ ਵੱਲੋ ਸਰਪੰਚ ਅਵਤਾਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਬੀਤੇ ਦਿਨੀ ਪਿੰਡ ਦੀ ਸੱਥ ਵਿੱਚ ਇਨਾ ਹੋਣਹਾਰ ਖਿਡਾਰੀਆਂ ਅਤੇ ਸਕੂਲ ਦੀ ਪ੍ਰਬੰਧਕੀ ਮੈਨੇਜ਼ਮੈਟ ਦਾ ਜਿਥੇ ਮਾਣ-ਸਨਮਾਨ ਕੀਤਾ ਗਿਆ ੳੇੁਥੇ ਡੀ.ਐਮ.ਗਰੁੱਪ ਵੱਲੋਂ ਸਮੇਂ – ਸਮੇਂ ਤੇ ਕੀਤੇ ਜਾਂਦੇ ਸਮਾਜਿਕ ਕੰਮਾਂ ਦੀ ਸਲਾਘਾ ਕੀਤੀ। ਇਸ ਤੋਂ ਬਾਅਦ ਪਿੰਡ ਵਿੱਚ ਸਕੂਲ ਦੇ ਬੱਚਿਆਂ ਵੱਲੋਂ ਢੋਲ ਦੇ ਡਗੇ ਤੇ ਪਿੰਡ ਵਿੱਚ ਜੇਤੂ ਰੈਲੀ ਵੀ ਕੱਢੀ ਗਈ ਜਿਸ ਵਿੱਚ ਪੂਰੇ ਪਿੰਡ ਦੇ ਹਰ ਵਰਗ ਦੇ ਲੋਕਾਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ।ਇਸ ਮੌਕੇ ਤੇ ਸੰਸਥਾ ਦੇ ਚੇਅਰਮੈਨ ਇੰਜੀ.ਅਵਤਾਰ ਸਿੰਘ ਢਿੱਲੋਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ” ਨੰਨ੍ਹੇ-ਮੁਨ੍ਹੇ ਬੱਚਿਆਂ ਦੁਆਰਾ ਪੰਜਾਬ ਪੱਧਰ ਤੇ ਮੈਡਲ ਜਿੱਤਣਾ, ਸੁਨਹਿਰੀ ਭਵਿੱਖ ਦਾ ਪ੍ਰਤੀਕ ਹੈ “ ਅਤੇ ਨਾਲ ਉਨ੍ਹਾ ਪਿੰਡ ਦੀ ਪੰਚਾਇਤ ਦਾ ਧੰਨਵਾਦ ਕਰਦਿਆ ਕਿਹਾ ਕਿ ਪਿੰਡ ਦੇ ਬੁਜਰਗਾਂ ਅਤੇ ਮੋਹਤਵਰਾਂ ਦੇ ਆਸ਼ੀਰਵਾਦ ਨਾਲ ਅੱਜ ਡੀ.ਐਮ.ਗਰੁੱਪ ਕਰਾੜਵਾਲਾ ਦਾ ਨਾਮ ਜ਼ਿਲੇ੍ਹ ਦੀਆਂ ਪਹਿਲੀਆਂ ਵਿਿਦਆਕ ਸੰਸਥਾਵਾਂ ਵਿੱਚ ਆੳਦਾ ਹੈ ਜਿਸ ਕਰਕੇ ਉਹ ਪਿੰਡ ਤੋ ਇਲਾਵਾ ਇਲਾਕੇ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਉਂਦੇ ਹਨ ਕਿ ਡੀ.ਐਮ.ਗਰੁੱਪ ਕਰਾੜਵਾਲਾ ਵੱਲੋਂ ਬੱਚਿਆਂ ਨੂੰ ਵਿਿਦਆ ਦੇ ਦੇ ਨਾਲ- ਨਾਲ ਖੇਡਾਂ ਵਿਚ ਵੀ ਸਮੇ ਦੇ ਹਾਣ ਦਾ ਬਣਾਉਣਾ ਸੰਸਥਾ ਦਾ ਪਹਿਲਾਂ ਫ਼ਰਜ ਹੈ । ਅਖੀਰ ਵਿਚ ਉਨ੍ਹਾ ਜਿੱਥੇ ਪੰਚਾਇਤ ਸਮੇਤ ਸਮੁੱਚੇ ਨਗਰ ਨਿਵਾਸੀਆਂ ਦਾ ਧੰਨਵਦ ਕੀਤਾ ਉੱਥੇ ਖਿਡਾਰੀਆ ਅਤੇ ਉਹਨਾ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ
ਮੁੱਖ ਸਕੱਤਰ ਸੰਜੀਵ ਕੌਸ਼ਲ ਨੇ 10ਵੀਂ ਡ੍ਰੈਗਨ ਬੋਟ ਕੌਮੀ ਮੁਕਾਬਲੇ ਦਾ ਕੀਤੀ ਸ਼ੁਰੂਆਤ
ਸੁੱਖਨਾ ਝੀਲ, ਚੰਡੀਗੜ੍ਹ ਵਿਚ 9 ਤੋਂ 11 ਦਸੰਬਰ ਤਕ ਹੋਵੇਗੀ ਮੁਕਾਬਲੇ
ਖੇਡ ਵਿਚ ਹਿੱਸ ਲੈਣਾ ਅਤੇ ਖੇਡ ਭਾਵਨਾ ਰੱਖਨਾ ਮਹਤੱਵਪੂਰਣ – ਸੰਜੀਵ ਕੌਸ਼ਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 9 ਦਸੰਬਰ: ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਅੱਜ ਸੁਖਨਾ ਝੀਲ ਚੰਡੀਗੜ੍ਹ ‘ਤੇ ਪ੍ਰਬੰਧਿਤ 10ਵੀਂ ਡ੍ਰੈਗਨ ਬੋਟ ਕੌਮੀ ਮੁਕਾਬਲੇ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗ੍ਰਾਮ ਦੀ ਅਗਵਾਈ ਵਿਨੋਦ ਸ਼ਰਮਾ ਪ੍ਰਧਾਨ ਭਾਂਰਤੀ ਡ੍ਰੈਗਨ ਬੋਟ ਮਹਾਸੰਘ ਨੇ ਕੀਤੀ। ਖਿਡਾਰੀਆਂ ਦਾ ਹੌਸਲਾ ਵਧਾਉਂਦੇ ਹੋਏ ਮੁੱਖ ਸਕੱਤਰ ਨੇ ਕਿਹਾ ਕਿ ਖੇਡ ਵਿਚ ਹਾਰ ਜਿੱਤ ਤੋਂ ਵੱਧ ਮਾਇਨੇ ਖੇਡ ਵਿਚ ਹਿੱਸਾ ਲੈਣਾ ਅਤੇ ਖੇਡ ਭਾਵਨਾ ਨਾਲ ਖੇਡਣਾ ਹੈ।ਇਹ ਮੁਕਾਬਲੇ 9 ਤੋਂ 11 ਦਸੰਬਰ ਤਕ ਚੱਲਣਗੇ। ਇਸ ਵਿਚ 18 ਸੂਬਿਆਂ ਤੋਂ ਆਈ 34 ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਲਗਭਗ 500 ਖਿਡਾਰੀ ਇਸ ਖੇਡ ਵਿਚ ਆਪਣਾ ਜੌਹਰ ਦਿਖਾਇਆ। ਸ੍ਰੀ ਸੰਜੀਵ ਕੌਸ਼ਲ ਨੇ ਸੂਬਿਆਂ ਤੋਂ ਆਈ ਟੀਮਾਂ ਦੇ ਖਿਡਾਰੀਆਂ ਤੋਂ ਉਨ੍ਹਾਂ ਦੀ ਜਾਣ-ਪਛਾਣ ਪ੍ਰਾਪਤ ਕੀਤੀ ਅਤੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਉਨ੍ਹਾਂ ਨੇ ਹਰਿਆਣਾ ਅਤੇ ਪੰਜਾਬ ਟੀਮ ਨਾਲ ਮਿਲਦੇ ਹੋਏ ਆਪਣੇ ਬਚਪਨ ਦੀ ਯਾਦਾਂ ਵੀ ਤਾਰੀਆਂ ਕੀਤੀਆਂ।ਸ੍ਰੀ ਕੌਸ਼ਲ ਨੇ ਕਿਹਾ ਕਿ ਖੇਡ ਸਾਡੇ ਜੀਵਨ ਦਾ ਇਕ ਅਭਿੰਨ ਅੰਗ ਹਨ, ਜਿਸ ਦੇ ਬਿਨ੍ਹਾਂ ਜੀਵਨ ਪੂਰਾ ਨਹੀਂ ਹੁੰਦਾ ਹੈ। ਨੌਜੁਆਨਾਂ ਨੂੰ ਖੇਡਾਂ ਦੇ ਨਾਲ ਜੁੜ ਕੇ ਕੁਸ਼ਲ ਪ੍ਰਦਰਸ਼ਨ ਕਰਦੇ ਹੋਏ ਆਪਣੇ ਪਰਿਵਾਰ, ਸੂਬੇ ਤੇ ਦੇਸ਼ ਦਾ ਨਾਂਅ ਰੌਸ਼ਨ ਕਰਨਾ ਚਾਹੀਦਾ ਹੈ। ਖੇਡਾਂ ਤੋਂ ਸਿਰਫ ਸ਼ਰੀਰਿਕ ਹੀ ਨਹੀਂ ਸਗੋ ਮਾਨਸਿਕ ਵਿਕਾਸ ਵੀ ਹੁੰਦਾ ਹੈ। ਉਨ੍ਹਾਂ ਨੇ 10ਵੀਂ ਡ੍ਰੈਗਨ ਬੋਟ ਕੌਮੀ ਮੁਕਾਬਲਾ ਪ੍ਰਬੰਧਿਤ ਕਰਨ ਲਈ ਭਾਰਤੀ ਡਰੈਗਨ ਬੋਟ ਮਹਾਸੰਘ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।ਇਸ ਮੌਕੇ ‘ਤੇ ਭਾਰਤੀ ਡ੍ਰੈਗਨ ਬੋਟ ਮਹਾਸੰਘ ਦੇ ਪ੍ਰਧਾਨ ਵਿਨੋਦ ਸ਼ਰਮਾ ਨੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
16ਵਾਂ ਵਿਰਾਸਤੀ ਮੇਲਾ ਧੂਮ-ਧੜੱਕੇ ਨਾਲ ਸ਼ੁਰੂ,ਵਿਰਾਸਤੀ ਝਲਕੀਆਂ ਰਹੀਆਂ ਖਿੱਚ ਦਾ ਕੇਂਦਰ
ਗੁਰਦੁਆਰਾ ਸਾਹਿਬ ਹਾਜੀ ਰਤਨ ਵਿਖੇ ਅਰਦਾਸ ਉਪਰੰਤ ਦਰਗਾਹ ਤੇ ਚਾਦਰ ਚੜ੍ਹਾਉਣ ਉਪਰੰਤ ਮੇਲੇ ਦੀ ਹੋਈ ਸ਼ੁਰੂਆਤ
11 ਦਸੰਬਰ ਨੂੰ ਵੀ ਚੱਲੇਗਾ ਇਹ ਵਿਰਾਸਤੀ ਮੇਲਾ
ਸੁਖਜਿੰਦਰ ਮਾਨ
ਬਠਿੰਡਾ, 9 ਦਸੰਬਰ : ਪੰਜਾਬ ਅਤੇ ਪੰਜਾਬੀਅਤ ਦੇ ਪੁਰਾਣੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਪੁਰਾਣੀ ਵਿਰਾਸਤ ਦੀ ਸਾਂਭ-ਸੰਭਾਲ ਲਈ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਪਿੰਡ ਜੈਪਾਲਗੜ੍ਹ ਵਿਖੇ ਲਗਾਇਆ ਜਾਣ ਵਾਲਾ 16ਵਾਂ ਵਿਰਾਸਤੀ ਮੇਲਾ ਧੂਮ-ਧੜੱਕੇ ਨਾਲ ਸ਼ੁਰੂ ਹੋਇਆ। ਇਸ ਤਿੰਨ ਰੋਜ਼ਾ ਵਿਰਾਸਤੀ ਮੇਲੇ ਦੀ ਸ਼ੁਰੂਆਤ ਅੱਜ ਇੱਥੇ ਗੁਰਦੁਆਰਾ ਸ੍ਰੀ ਹਾਜੀ ਰਤਨ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਦਰਗਾਹ ਤੇ ਚਾਦਰ ਚੜ੍ਹਾਉਣ ਨਾਲ ਹੋਈ। ਇਸ ਮੌਕੇ ਕੱਢੇ ਗਏ ਵਿਰਾਸਤੀ ਜਲੂਸ ਨੂੰ ਮੈਂਬਰ ਪਾਰਲੀਮੈਂਟ ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪਲਵੀ ਵੱਲੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।ਇਸ ਵਿਰਾਸਤੀ ਜਲੂਸ ਵਿੱਚ ਪੁਰਾਣੀ ਵਿਰਾਸਤ ਨੂੰ ਦਰਸਾਉਂਦੀਆਂ ਹੋਈਆਂ ਝਾਕੀਆਂ ਤੇ ਪੇਸ਼ਕਾਰੀਆਂ ਦੌਰਾਨ ਭਾਰੀ ਗਿਣਤੀ ਵਿੱਚ ਟ੍ਰੈਕਟਰ, ਟਰਾਲੀਆਂ, ਸਿੰਗਾਰੇ ਹੋਏ ਰਥ ਤੇ ਊਠ, ਪੁਰਾਣੇ ਸਮੇਂ ਵਾਲੀਆਂ ਤਿਆਰ ਕਰਵਾਈਆਂ ਜੀਪਾਂ, ਊਠ ਗੱਡੀਆਂ, ਮੋਟਰ ਸਾਈਕਲ ਤੋਂ ਇਲਾਵਾ ਪੁਰਾਣਾ ਸੱਭਿਆਚਾਰ ਦਰਸਾਉਂਦੇ ਪਹਿਰਾਵੇ ਵਿੱਚ ਸ਼ਾਮਲ ਬਜ਼ੁਰਗ, ਗੱਭਰੂਆਂ ਦੀਆਂ ਭੰਗੜਾ ਅਤੇ ਮੁਟਿਆਰਾਂ ਵੱਲੋਂ ਗਿੱਧੇ ਦੀਆਂ ਟੀਮਾਂ, ਹੱਥ ਬੁਣਤੀ ਵਾਲੀਆਂ ਪੱਖੀਆਂ, ਚਰਖੇ ਆਦਿ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ।ਇਹ ਵਿਰਾਸਤੀ ਜਲੂਸ ਸਰਕਾਰੀ ਰਾਜਿੰਦਰਾ ਕਾਲਜ, ਬੱਸ ਸਟੈਂਡ, ਮਹਿਣਾ ਚੌਂਕ, ਆਰੀਆ ਸਮਾਜ ਚੌਂਕ, ਧੋਬੀ ਬਜ਼ਾਰ, ਪੋਸਟ ਆਫ਼ਿਸ ਬਜ਼ਾਰ, ਰੇਲਵੇ ਰੋਡ, ਮਾਲ ਰੋਡ, ਗੋਲ ਡਿੱਗੀ, ਏ.ਸੀ.ਮਾਰਕੀਟ, ਸ੍ਰੀ ਹਨੂੰਮਾਨ ਚੌਂਕ ਹੁੰਦਾ ਹੋਇਆ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਸਮਾਪਤ ਹੋਇਆ।ਇਸ ਮੌਕੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਵਿਰਾਸਤੀ ਮੇਲੇ ਸਾਨੂੰ ਸਾਰਿਆਂ ਨੂੰ ਖਾਸਕਰ ਕਰਕੇ ਨੌਜਵਾਨ ਪੀੜ੍ਹੀ ਨੂੰ ਸਾਡੀ ਪੁਰਾਣੀ ਵਿਰਾਸਤ ਜੋ ਕਿ ਅੱਜ ਦੇ ਸਮੇਂ ਦੌਰਾਨ ਬਿਲਕੁੱਲ ਹੀ ਅਲੋਪ ਹੋ ਚੁੱਕੀ ਹੈ ਨੂੰ ਦੁਬਾਰਾ ਪੁਰਾਣੀ ਵਿਰਾਸਤ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਸਹਾਈ ਸਿੱਧ ਹੁੰਦੇ ਹਨ।ਇਸ ਮੌਕੇ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਦੇ ਪ੍ਰਧਾਨ ਸ. ਹਰਵਿੰਦਰ ਸਿੰਘ ਖਾਲਸਾ, ਕਨਵੀਨਰ ਰਾਮ ਪ੍ਰਕਾਸ਼ ਜਿੰਦਲ, ਮੇਲਾ ਕਮੇਟੀ ਚੈਅਰਮੇਨ ਚਮਕੌਰ ਸਿੰਘ ਮਾਨ, ਵਾਈਸ ਚੈਅਰਮੇਨ ਬਲਦੇਵ ਸਿੰਘ ਚਹਿਲ, ਪ੍ਰਧਾਨ ਮੇਲਾ ਕਮੇਟੀ ਗੁਰਅਵਤਾਰ ਸਿੰਘ ਗੋਗੀ ਆਦਿ ਪ੍ਰਮੁੱਖ ਸ਼ਖਸ਼ੀਅਤਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਆਮ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਰਾਘਵ ਚੱਢਾ ਨੇ ਰਾਜ ਸਭਾ ‘ਚ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਅਹਿਮ ਮੁੱਦਾ ਉਠਾਇਆ
ਸ਼ਰਧਾਲੂਆਂ ਤੋਂ ਵਸੂਲੀ ਜਾਂਦੀ 20 ਡਾਲਰ ਫੀਸ ਖ਼ਤਮ ਕੀਤੀ ਜਾਵੇ
ਬਿਨਾਂ ਪਾਸਪੋਰਟ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਔਨਲਾਈਨ ਪ੍ਰਕਿਰਿਆ ਨੂੰ ਵੀ ਆਸਾਨ ਬਣਾਇਆ ਜਾਏ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 9 ਦਸੰਬਰ:ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਅਹਿਮ ਮੁੱਦਾ ਉਠਾਇਆ। ਰਾਘਵ ਚੱਢਾ ਨੇ ਕਿਹਾ ਕਿ ਜਦੋਂ ਕੁਝ ਸਾਲ ਪਹਿਲਾਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਗਿਆ ਸੀ ਤਾਂ ਸਿੱਖ ਸੰਗਤਾਂ ਸਮੇਤ ਸਾਰੇ ਦੇਸ਼ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸੀ। ਚੱਢਾ ਨੇ ਕਿਹਾ ਕਿ ਹਰ ਕੋਈ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਚਾਹੁੰਦਾ ਹੈ, ਪਰ ਸ਼ਰਧਾਲੂਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲੀ ਸਮੱਸਿਆ ਪਾਸਪੋਰਟ ਦੀ ਹੈ। ਤੁਹਾਡੇ ਕੋਲ ਪਾਸਪੋਰਟ ਹੋਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਲ ਪਾਸਪੋਰਟ ਨਹੀਂ ਹੈ ਤਾਂ ਤੁਸੀਂ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਨਹੀਂ ਜਾ ਸਕਦੇ। ਭਾਰਤ ਸਰਕਾਰ ਨੂੰ ਇਹ ਮੁੱਦਾ ਪਾਕਿਸਤਾਨ ਸਰਕਾਰ ਕੋਲ ਉਠਾਉਣਾ ਚਾਹੀਦਾ ਹੈ।ਦੂਸਰੀ ਸਮੱਸਿਆ ਇਹ ਹੈ ਕਿ ਹਰ ਸ਼ਰਧਾਲੂ ਨੂੰ ਉੱਥੇ ਜਾਣ ਲਈ 20 ਡਾਲਰ ਯਾਨੀ ਲਗਭਗ 1600 ਰੁਪਏ ਦੀ ਫੀਸ ਅਦਾ ਕਰਨੀ ਪੈਂਦੀ ਹੈ। ਜੇਕਰ ਪਰਿਵਾਰ ਦੇ 5 ਮੈਂਬਰ ਹਰ ਸਾਲ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਾਲ ਦੇ 8 ਹਜ਼ਾਰ ਰੁਪਏ ਖਰਚ ਕਰਨੇ ਪੈਣਗੇ। ਇਸ ਫੀਸ ਵਸੂਲੀ ਨੂੰ ਬੰਦ ਕੀਤਾ ਜਾਵੇ ਤਾਂ ਜੋ ਸੰਗਤਾਂ ਆਰਾਮ ਨਾਲ ਸ੍ਰੀ ਕਰਤਾਰਪੁਰ ਸਾਹਿਬ ਜਾ ਸਕਣ।ਤੀਜੀ ਸਮੱਸਿਆ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਨਾਲ ਸਬੰਧਤ ਹੈ, ਜੋ ਕਿ ਇਸ ਵੇਲੇ ਕਾਫੀ ਗੁੰਝਲਦਾਰ ਹੈ। ਇਸ ਨੂੰ ਸਰਲ ਬਣਾਇਆ ਜਾਵੇ ਤਾਂ ਜੋ ਸੰਗਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨ੍ਹਾਂ ਦਾ ਸਮਾਂ ਬਰਬਾਦ ਨਾ ਹੋਵੇ। ਚੱਢਾ ਨੇ ਕਿਹਾ ਕਿ ਇਕ ਵਾਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ ਤਾਂ ਸੰਗਤਾਂ ਨੂੰ ਗੁਰੂ ਦੇ ਦਰਸ਼ਨ ਲਈ ਜਾਣ ਦੀ ਆਸਾਨੀ ਹੋ ਜਾਵੇਗੀ।ਇਤਿਹਾਸ ਦੇ ਲਿਹਾਜ਼ ਨਾਲ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਬਹੁਤ ਮਹੱਤਵਪੂਰਨ ਹੈ। ਇਹ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਤੀਰਥ ਸਥਾਨ ਹੈ। ਇਹ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ 22 ਸਤੰਬਰ 1539 ਨੂੰ ਇਸ ਸਥਾਨ ‘ਤੇ ਆਪਣਾ ਸਰੀਰ ਛੱਡਿਆ ਸੀ। ਉਨ੍ਹਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਸ ਪਵਿੱਤਰ ਧਰਤੀ ‘ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਵੰਡ ਤੋਂ ਬਾਅਦ, ਇਹ ਗੁਰਦੁਆਰਾ ਪਾਕਿਸਤਾਨ ਦੇ ਹਿੱਸੇ ਵਿੱਚ ਚਲਾ ਗਿਆ, ਪਰ ਇਹ ਅੱਜ ਵੀ ਦੋਵਾਂ ਦੇਸ਼ਾਂ ਲਈ ਆਸਥਾ ਦੇ ਸਭ ਤੋਂ ਵੱਡੇ ਕੇਂਦਰਾਂ ਵਿੱਚੋਂ ਇੱਕ ਹੈ।
ਸੂਬਾ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਦਰਾਂ ਤੇ ਹੱਲ ਕਰਨ ਲਈ ਵਚਨਬੱਧ : ਸੁਖਵੀਰ ਸਿੰਘ ਮਾਈਸਰਖਾਨਾ
ਲੋਕਾਂ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਨਿਪਟਾਰਾ : ਸ਼ੌਕਤ ਅਹਿਮਦ ਪਰੇ
ਵਿਧਾਇਕ ਮੌੜ ਅਤੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਪਿੰਡਾਂ ਚ ਸਪੈਸ਼ਲ ਕੈਂਪ ਲਗਾ ਕੇ ਸੁਣੀਆਂ ਸਮੱਸਿਆਵਾਂ
ਜਾਇਜ਼ ਸਮੱਸਿਆਵਾਂ ਦਾ ਮੌਕੇ ਤੇ ਕੀਤਾ ਨਿਪਟਾਰਾ
ਸੁਖਜਿੰਦਰ ਮਾਨ
ਬਠਿੰਡਾ, 9 ਦਸੰਬਰ : ਵਿਧਾਇਕ ਮੌੜ ਸ੍ਰੀ ਸੁਖਵੀਰ ਸਿੰਘ ਮਾਈਸਰਖਾਨਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਲੀ ਵਾਲੀ ਸੂਬਾ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਉਨ੍ਹਾਂ ਦੇ ਦਰਾਂ ਤੇ ਜਾ ਕੇ ਹੱਲ ਕਰਨ ਲਈ ਯਤਨਸ਼ੀਲ ਤੇ ਵਚਨਬੱਧ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਲਗਾਏ ਗਏ ਸਪੈਸ਼ਲ ਕੈਂਪਾਂ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਪਣੇ ਕੀਤੇ ਗਏ ਚੋਣ ਵਾਅਦਿਆਂ ਤੇ ਖਰਾ ਉਤਰਦਿਆਂ ਸੂਬੇ ਦੇ ਲੋਕਾਂ ਦੇ ਹਿੱਤ ਲਈ ਕੰਮ ਕੀਤੇ ਜਾ ਰਹੇ ਹਨ। ਵਿਧਾਇਕ ਸ੍ਰੀ ਸੁਖਵੀਰ ਸਿੰਘ ਮਾਈਸਰਖਾਨਾ ਨੇ ਪਿੰਡ ਕਰਾੜਵਾਲਾ ਵਿਖੇ ਕੈਂਪ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਆਪਣੇ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਵਾਅਦਾ ਪੂਰਾ ਕੀਤਾ ਹੈ ਅਤੇ ਹੁਣ 86ਫ਼ੀਸਦੀ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ, ਜੋ ਕਿ ਆਮ ਲੋਕਾਂ ਲਈ ਬਹੁਤ ਰਾਹਤ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਆਪਣਾ ਇੱਕ ਹੋਰ ਵਾਅਦਾ ਪੂਰਾ ਕਰਦਿਆਂ ਲੋਕਾਂ ਦੀ ਮੁਢਲੀ ਸਿਹਤ ਸਹੂਲਤ ਲਈ ਮੁਹੱਲਾ ਕਲੀਨਿਕ ਖੋਲ੍ਹ ਕੇ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਦੌਰਾਨ ਇਨ੍ਹਾ ਮੁਹੱਲਾ ਕਲੀਨਿਕਾਂ ਦੀ ਗਿਣਤੀ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵਿਧਾਇਕ ਮੌੜ ਸ੍ਰੀ ਸੁਖਵੀਰ ਸਿੰਘ ਮਾਈਸਰਖਾਨਾ ਅਤੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਢੱਡੇ, ਚਾਉਕੇ, ਜੇਠੂਕੇ ਅਤੇ ਕਰਾੜਵਾਲਾ ਵਿੱਚ ਲਗਾਏ ਗਏ ਸਪੈਸ਼ਲ ਕੈਂਪਾਂ ਦੌਰਾਨ ਇਨ੍ਹਾਂ ਪਿੰਡਾਂ ਦੇ ਲੋਕਾਂ ਦੀਆਂ ਸਾਂਝੀਆਂ ਅਤੇ ਨਿੱਜੀ ਸਮੱਸਿਆਵਾਂ ਵੀ ਸੁਣੀਆਂ ਗਈਆਂ। ਇਸ ਦੌਰਾਨ ਉਨ੍ਹਾਂ ਵੱਲੋਂ ਜਿੱਥੇ ਬਹੁਤੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ, ਉਥੇ ਕਈ ਹੋਰ ਸਮੱਸਿਆਵਾਂ ਦੇ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਲਗਾਏ ਗਏ ਇਨ੍ਹਾਂ ਸਪੈਸ਼ਲ ਕੈਂਪਾਂ ਦੌਰਾਨ ਲੋਕਾਂ ਵੱਲੋਂ ਸਿੱਖਿਆ, ਸਿਹਤ, ਪੀਣ ਵਾਲਾ ਪਾਣੀ, ਨਹਿਰੀ ਪਾਣੀ, ਗੰਦੇ ਪਾਣੀ ਦੀ ਨਿਕਾਸੀ, ਗਲੀਆਂ/ਨਾਲੀਆਂ ਆਦਿ ਤੋਂ ਇਲਾਵਾ ਆਮ ਲੋਕਾਂ ਦੀਆਂ ਨਿੱਜੀ ਸਮੱਸਿਆਵਾਂ ਜਿਵੇਂ ਕਿ ਰਾਸ਼ਨ ਕਾਰਡ, ਆਟਾ-ਦਾਲ, ਵੱਖ-ਵੱਖ ਤਰ੍ਹਾਂ ਦੀਆਂ ਪੈਨਸ਼ਨਾਂ ਆਦਿ ਸਬੰਧੀ ਆਪਣੀਆਂ ਸਮੱਸਿਆਵਾਂ ਪੇਸ਼ ਕੀਤੀਆਂ ਗਈਆਂ। ਜਿੰਨ੍ਹਾਂ ਵਿੱਚੋਂ ਬਹੁਤੀਆਂ ਸਮੱਸਿਆਵਾਂ ਦਾ ਡਿਪਟੀ ਕਮਿਸ਼ਨਰ ਵੱਲੋਂ ਮੌਕੇ ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ਅਤੇ ਹੋਰ ਜਾਇਜ਼ ਸਮੱਸਿਆਵਾਂ ਦੇ ਹੱਲ ਕਰਨ ਲਈ ਲੋੜੀਂਦੇ ਆਦੇਸ਼ ਦਿੰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਯਕੀਨੀ ਬਣਾੳਣ ।ਕੈਂਪਾਂ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਡਾ. ਰੁਪਿੰਦਰ ਪਾਲ ਸਿੰਘ, ਆਰ.ਟੀ.ਏ. ਸ੍ਰੀ ਰਾਜਦੀਪ ਸਿੰਘ ਬਰਾੜ, ਉਪ ਮੰਡਲ ਮੈਜਿਸਟ੍ਰੇਟ ਮੌੜ ਸ੍ਰੀ ਵਰਿੰਦਰ ਸਿੰਘ, ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਫੂਲ ਸ੍ਰੀ ਓਮ ਪ੍ਰਕਾਸ਼ ਤੋਂ ਇਲਾਵਾ ਸਬੰਧਤ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੋਹਤਬਰ ਲੋਕਾਂ ਤੋਂ ਇਲਾਵਾ ਆਮ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਸੰਸਦ ਮੈਂਬਰ ਤਿਵਾੜੀ ਨੇ ਲੋਕ ਸਭਾ ‘ਚ ਉਠਾਇਆ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ‘ਚ ਖਾਮੀਆਂ ਦਾ ਮੁੱਦਾ
ਸਰਕਾਰ ਨੂੰ ਪੁਰਾਤੱਤਵ ਵਿਭਾਗ ਜਾਂ ਕੇਂਦਰ ਦੀ ਟੀਮ ਭੇਜਣ ਦੀ ਅਪੀਲ ਕੀਤੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 9 ਦਸੰਬਰ: ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਦੇ ਨਵੀਨੀਕਰਨ ਵਿਚ ਖਾਮੀਆਂ ਅਤੇ ਇਸਦੀ ਮੂਲ ਹਾਲਤ ਵਿੱਚ ਆਈਆਂ ਤਬਦੀਲੀਆਂ ਦਾ ਮੁੱਦਾ ਲੋਕ ਸਭਾ ਵਿੱਚ ਉਠਾਇਆ ਹੈ, ਜਿਸਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਐਮ.ਪੀ ਤਿਵਾੜੀ ਨੇ ਕਿਹਾ ਕਿ 13 ਅਪ੍ਰੈਲ, 1919 ਨੂੰ ਵਿਸਾਖੀ ਵਾਲੇ ਦਿਨ ਜਨਰਲ ਡਾਇਰ ਦੀ ਅਗਵਾਈ ‘ਚ ਉਥੇ ਇਕੱਠੇ ਹੋਏ ਸੈਂਕੜੇ ਪੰਜਾਬੀਆਂ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਜਿਸਦਾ ਬਦਲਾ ਸ਼ਹੀਦ ਊਧਮ ਸਿੰਘ ਨੇ ਲਿਆ। ਪਰ ਅਫਸੋਸ ਦੀ ਗੱਲ ਹੈ ਕਿ ਜਲ੍ਹਿਆਂਵਾਲਾ ਬਾਗ ਦੀ ਮੁਰੰਮਤ ਵਿੱਚ ਇਸਦੀ ਅਸਲ ਹਾਲਤ ਨੂੰ ਬਦਲ ਦਿੱਤਾ ਗਿਆ ਹੈ।ਉਨ੍ਹਾਂ ਖੁਲਾਸਾ ਕੀਤਾ ਕਿ ਮੁਰੰਮਤ ਦੇ ਕੰਮ ਵਿੱਚ ਕਈ ਕਮੀਆਂ ਰਹਿ ਗਈਆਂ ਹਨ, ਜੋ ਪੰਜਾਬੀਆਂ ਦੀ ਅੰਤਰ ਆਤਮਾ ਨੂੰ ਠੇਸ ਪਹੁੰਚਾਉਂਦੀਆਂ ਹਨ। ਇਸੇ ਸਿਲਸਿਲੇ ਵਿੱਚ ਉਥੇ ਲਗਾਏ ਗਏ ਸੂਚਨਾ ਬੋਰਡਾਂ ਵਿੱਚ ਪੰਜਾਬੀ ਨੂੰ ਗਲਤ ਲਿਖਿਆ ਗਿਆ ਹੈ। ਇਸੇ ਤਰ੍ਹਾਂ ਕੋੜੇ ਮਾਰਨ ਵਾਲੀ ਗਲੀ ਵੀ ਹੈ, ਜਿੱਥੇ ਲੋਕਾਂ ਨੂੰ ਕੋੜੇ ਮਾਰ ਕੇ ਬਾਹਰ ਕੱਢਿਆ ਗਿਆ, ਨੂੰ ਕੋਹੜ ਵਾਲੀ ਗਲੀ ਲਿਖਿਆ ਗਿਆ ਹੈ, ਭਾਵ ਜਿੱਥੇ ਕੋੜ੍ਹੀ ਹਨ। ਜਿਨ੍ਹਾਂ ਥਾਵਾਂ ਸਮੇਤ ਜਨਰਲ ਡਾਇਰ ਨੇ ਜਿਸ ਜਗ੍ਹਾ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ, ਉਸਨੂੰ ਸਹੀ ਢੰਗ ਨਾਲ ਨਹੀਂ ਦਿਖਾਇਆ ਗਿਆ ਹੈ।ਜਿਸ ‘ਤੇ ਉਨ੍ਹਾਂ ਸਰਕਾਰ ਨੂੰ ਪੁਰਾਤੱਤਵ ਵਿਭਾਗ ਜਾਂ ਕੇਂਦਰ ਦੀ ਟੀਮ ਜਲਿਆਂਵਾਲਾ ਬਾਗ ਭੇਜਣ ਦੀ ਅਪੀਲ ਕੀਤੀ ਹੈ। ਜਿਸ ਜਲ੍ਹਿਆਂਵਾਲਾ ਬਾਗ ਟਰੱਸਟ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੇਅਰਮੈਨ ਹਨ।
ਗੁਜਰਾਤ ਦੇ ਲੋਕਾਂ ਨੇ ‘ਆਪ’ ਨੂੰ ਰਾਸ਼ਟਰੀ ਪਾਰਟੀ ਬਣਾ ਦਿੱਤਾ ਹੈ, ਹੁਣ ਕਾਨੂੰਨੀ ਤੌਰ ‘ਤੇ ਗੁਜਰਾਤ ‘ਚ ਪਈਆਂ ਵੋਟਾਂ ਦੇ ਹਿਸਾਬ ਨਾਲ ‘ਆਪ’ ਰਾਸ਼ਟਰੀ ਪਾਰਟੀ ਹੈ- ਅਰਵਿੰਦ ਕੇਜਰੀਵਾਲ
ਸਾਰੇ ਵਰਕਰਾਂ ਨੂੰ ਅਪੀਲ, ਅਸੀਂ ਸੇਵਾ ਕਰਨ ਲਈ ਰਾਜਨੀਤੀ ਵਿਚ ਆਏ ਹਾਂ, ਇਹ ਸੇਵਾ ਬੰਦ ਨਹੀਂ ਹੋਣੀ ਚਾਹੀਦੀ, ਜਿੱਥੇ ਕੋਈ ਦੁਖੀ ਹੈ, ਅਸੀਂ ਉਸ ਦੀ ਸੇਵਾ ਕਰਨੀ ਹੈ- ਅਰਵਿੰਦ ਕੇਜਰੀਵਾਲ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 08 ਦਸੰਬਰ:“ਆਪ” ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਮੂਹ ਦੇਸ਼ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪਾਰਟੀ ਬਣਨ ‘ਤੇ ਵਧਾਈ ਦਿੰਦੇ ਹੋਏ ਕਿਹਾ ਕਿ ਤੁਹਾਡੀ ਛੋਟੀ ਜਿਹੀ ਆਮ ਆਦਮੀ ਪਾਰਟੀ ਅੱਜ ਸਿਰਫ 10 ਸਾਲਾਂ ਵਿੱਚ ਹੀ ਰਾਸ਼ਟਰੀ ਪਾਰਟੀ ਬਣ ਗਈ ਹੈ। ਦੇਸ਼ ਦੀਆਂ ਕੁਝ ਹੀ ਪਾਰਟੀਆਂ ਨੂੰ ਕੌਮੀ ਪਾਰਟੀ ਦਾ ਦਰਜਾ ਹਾਸਲ ਹੈ, ਹੁਣ ਤੁਹਾਡੀ ਆਮ ਆਦਮੀ ਪਾਰਟੀ ਵੀ ਇਨ੍ਹਾਂ ਵਿੱਚ ਸ਼ਾਮਲ ਹੋ ਗਈ ਹੈ। ਗੁਜਰਾਤ ਦੇ ਲੋਕਾਂ ਨੇ ‘ਆਪ’ ਨੂੰ ਰਾਸ਼ਟਰੀ ਪਾਰਟੀ ਬਣਾ ਦਿੱਤਾ ਹੈ। ਗੁਜਰਾਤ ਨੂੰ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਹੈ। ਅਸੀਂ ਉਸ ਦੇ ਕਿਲੇ ਨੂੰ ਤੋੜਨ ਵਿਚ ਸਫਲ ਰਹੇ ਅਤੇ ਲਗਭਗ 13 ਫੀਸਦੀ ਵੋਟਾਂ ਹਾਸਲ ਕੀਤੀਆਂ। ਇਸ ਵਾਰ ਅਸੀਂ ਕਿਲ੍ਹਾ ਤੋੜਨ ਵਿੱਚ ਕਾਮਯਾਬ ਰਹੇ, ਅਗਲੀ ਵਾਰ ਇਹ ਕਿਲ੍ਹਾ ਜਿੱਤਣ ਵਿੱਚ ਕਾਮਯਾਬ ਹੋਵਾਂਗੇ। ‘ਆਪ’ ਦਾ ਗਠਨ 10 ਸਾਲ ਪਹਿਲਾਂ ਹੋਇਆ ਸੀ। ਅੱਜ ਦੋ ਰਾਜਾਂ ਵਿੱਚ ਸਰਕਾਰ ਹੈ ਅਤੇ ਹੁਣ ਇੱਕ ਰਾਸ਼ਟਰੀ ਪਾਰਟੀ ਵੀ ਬਣ ਗਈ ਹੈ, ਇਹ ਸੁਣ ਕੇ ਲੋਕ ਦੰਦਾਂ ਹੇਠ ਜੀਭ ਦੱਬ ਲੈਂਦੇ ਹਨ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਆਪਣੀ ਪੂਰੀ ਮੁਹਿੰਮ ਨੂੰ ਬਹੁਤ ਸਕਾਰਾਤਮਕ ਢੰਗ ਨਾਲ ਚਲਾਇਆ। ਅਸੀਂ ਸਿਰਫ ਦਿੱਲੀ ਅਤੇ ਪੰਜਾਬ ਵਿੱਚ ਕੀਤੇ ਆਪਣੇ ਕੰਮਾਂ ਦੀ ਗੱਲ ਕਰਦੇ ਹਾਂ ਅਤੇ ਇਹ ਸਾਨੂੰ ਦੂਜੀਆਂ ਪਾਰਟੀਆਂ ਨਾਲੋਂ ਵੱਖ ਕਰਦਾ ਹੈ। 75 ਸਾਲਾਂ ਤੋਂ ਦੇਸ਼ ਵਿੱਚ ਗਾਲਾਂ, ਲੜਾਈ-ਝਗੜੇ ਅਤੇ ਜਾਤ-ਪਾਤ ਦੀ ਰਾਜਨੀਤੀ ਚੱਲ ਰਹੀ ਹੈ। ਪਹਿਲੀ ਵਾਰ ਅਜਿਹੀ ਪਾਰਟੀ ਆਈ ਹੈ ਜੋ ਲੋਕ ਮੁੱਦਿਆਂ, ਵਿਕਾਸ ਅਤੇ ਦੇਸ਼ ਨੂੰ ਨੰਬਰ ਵਨ ਬਣਾਉਣ ਦੀ ਗੱਲ ਕਰਦੀ ਹੈ।
ਜਦੋਂ ਵੀ ਮੈਂ ਗੁਜਰਾਤ ਆਇਆ, ਮੈਨੂੰ ਲੋਕਾਂ ਦਾ ਬਹੁਤ ਪਿਆਰ, ਸਤਿਕਾਰ ਅਤੇ ਵਿਸ਼ਵਾਸ ਮਿਲਿਆ, ਮੈਂ ਸਾਰੀ ਉਮਰ ਇਸ ਦਾ ਸ਼ੁਕਰਗੁਜ਼ਾਰ ਰਹਾਂਗਾ- ਅਰਵਿੰਦ ਕੇਜਰੀਵਾਲ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ “ਆਪ” ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲਣ ‘ਤੇ ਸਮੂਹ ਸਮਰਥਕਾਂ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੁਹਾਡੀ ਆਮ ਆਦਮੀ ਪਾਰਟੀ ਅੱਜ ਰਾਸ਼ਟਰੀ ਪਾਰਟੀ ਬਣ ਚੁੱਕੀ ਹੈ। ਅੱਜ ਗੁਜਰਾਤ ਚੋਣਾਂ ਦੇ ਨਤੀਜੇ ਆ ਗਏ ਹਨ ਅਤੇ ਗੁਜਰਾਤ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਬਣਾ ਦਿੱਤਾ ਹੈ। ਗੁਜਰਾਤ ਵਿੱਚ ਆਮ ਆਦਮੀ ਪਾਰਟੀ ਨੂੰ ਜਿੰਨੀਆਂ ਵੋਟਾਂ ਮਿਲੀਆਂ ਹਨ, ਉਸ ਮੁਤਾਬਕ ਹੁਣ ਆਮ ਆਦਮੀ ਪਾਰਟੀ ਕਾਨੂੰਨੀ ਤੌਰ ‘ਤੇ ਰਾਸ਼ਟਰੀ ਪਾਰਟੀ ਬਣ ਚੁੱਕੀ ਹੈ। ਇਹ ਬਹੁਤ ਵੱਡੀ ਗੱਲ ਹੈ। ਦੇਸ਼ ਵਿੱਚ ਕੁਝ ਹੀ ਅਜਿਹੀਆਂ ਪਾਰਟੀਆਂ ਹਨ, ਜਿਨ੍ਹਾਂ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਹੈ। ਹੁਣ ਤੁਹਾਡੀ ਆਮ ਆਦਮੀ ਪਾਰਟੀ ਵੀ ਉਹਨਾਂ ਕੁਝ ਪਾਰਟੀਆਂ ਵਿੱਚ ਸ਼ਾਮਲ ਹੋ ਗਈ ਹੈ। ਆਮ ਆਦਮੀ ਪਾਰਟੀ 10 ਸਾਲ ਪਹਿਲਾਂ ਬਣੀ ਸੀ। ਇੱਕ ਛੋਟੀ ਪਾਰਟੀ, ਇੱਕ ਨੌਜਵਾਨ ਪਾਰਟੀ, ਜੋ ਸਿਰਫ 10 ਸਾਲ ਦੀ ਹੈ, ਦੋ ਰਾਜਾਂ ਵਿੱਚ ਇਸ ਦੀ ਸਰਕਾਰ ਹੈ ਅਤੇ ਅੱਜ ਇੱਕ ਰਾਸ਼ਟਰੀ ਪਾਰਟੀ ਬਣ ਚੁੱਕੀ ਹੈ। ਇੱਕ ਤਰ੍ਹਾਂ ਨਾਲ ਇਹ ਤੁਹਾਡੇ ਸਾਰਿਆਂ ਦੀ ਬਹੁਤ ਹੀ ਸ਼ਾਨਦਾਰ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਜਦੋਂ ਵੀ ਮੈਂ ਗੁਜਰਾਤ ਆਇਆ, ਤੁਹਾਡੇ ਵੱਲੋਂ ਮਿਲੇ ਪਿਆਰ, ਸਤਿਕਾਰ ਅਤੇ ਭਰੋਸੇ ਲਈ ਮੈਂ ਸਾਰੀ ਉਮਰ ਧੰਨਵਾਦੀ ਰਹਾਂਗਾ। ਮੈਂ ਆਪ ਸਭ ਦਾ ਤਹਿ ਦਿਲੋਂ ਰਿਣੀ ਰਹਾਂਗਾ। ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਇੱਕ ਤਰ੍ਹਾਂ ਨਾਲ ਗੁਜਰਾਤ ਨੂੰ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਹੈ। ਅਸੀਂ ਉਸ ਕਿਲ੍ਹੇ ਨੂੰ ਤੋੜਨ ਵਿਚ ਸਫਲ ਹੋ ਗਏ। ਅੱਜ ਕਰੀਬ 13 ਫੀਸਦੀ ਵੋਟਾਂ ਪਈਆਂ ਹਨ। ਹੁਣ ਤੱਕ 39 ਲੱਖ ਦੇ ਕਰੀਬ ਵੋਟਾਂ ਮਿਲ ਚੁੱਕੀਆਂ ਹਨ, ਜਿਨ੍ਹਾਂ ਦੀ ਗਿਣਤੀ ਅਜੇ ਜਾਰੀ ਹੈ ਅਤੇ ਹੋਰ ਵੋਟਾਂ ਆਉਣਗੀਆਂ। ਇਸ ਲਈ ਬਹੁਤ ਸਾਰੇ ਲੋਕ ਸਾਡੇ ‘ਤੇ ਭਰੋਸਾ ਕਰਦੇ ਹਨ। ਇੰਨੇ ਲੋਕਾਂ ਨੇ ਪਹਿਲੀ ਵਾਰ ਸਾਨੂੰ ਵੋਟ ਪਾਈ। ਇਸ ਦੇ ਲਈ ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਹੈ।
ਅਸੀਂ ਪੂਰੀ ਮੁਹਿੰਮ ਬਹੁਤ ਸਕਾਰਾਤਮਕ ਚਲਾਈ, ਗਾਲੀ-ਗਲੋਚ ਅਤੇ ਭੱਦੀ ਭਾਸ਼ਾ ਨਹੀਂ ਵਰਤੀ – ਅਰਵਿੰਦ ਕੇਜਰੀਵਾਲ
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਅਸੀਂ ਭਾਜਪਾ ਦਾ ਕਿਲ੍ਹਾ ਤੋੜਨ ‘ਚ ਕਾਮਯਾਬ ਰਹੇ, ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਨਾਲ ਅਗਲੀ ਵਾਰ ਅਸੀਂ ਸਾਰੇ ਰਲ ਕੇ ਕਿਲ੍ਹਾ ਜਿੱਤਣ ‘ਚ ਕਾਮਯਾਬ ਹੋਵਾਂਗੇ | ਅਸੀਂ ਪੂਰੀ ਮੁਹਿੰਮ ਨੂੰ ਬਹੁਤ ਸਕਾਰਾਤਮਕ ਢੰਗ ਨਾਲ ਚਲਾਇਆ। ਅਸੀਂ ਕਿਸੇ ਨੂੰ ਗਾਲ੍ਹਾਂ ਨਹੀਂ ਕੱਢੀਆਂ, ਅਸੀਂ ਕਿਸੇ ਦੇ ਖਿਲਾਫ ਨਹੀਂ ਬੋਲੇ। ਅਸੀਂ ਸਿਰਫ ਇਹ ਕਿਹਾ ਕਿ ਅਸੀਂ ਦਿੱਲੀ ਅਤੇ ਪੰਜਾਬ ਵਿੱਚ ਬਹੁਤ ਕੰਮ ਕੀਤੇ ਹਨ ਅਤੇ ਜੇਕਰ ਸਾਨੂੰ ਗੁਜਰਾਤ ਵਿੱਚ ਮੌਕਾ ਮਿਲਿਆ ਤਾਂ ਅਸੀਂ ਇਹ ਸਾਰੇ ਕੰਮ ਕਰਾਂਗੇ। ਅਸੀਂ ਸਿਰਫ ਆਪਣੇ ਕੰਮ ਬਾਰੇ ਚਰਚਾ ਕੀਤੀ। ਇਹੀ ਸਾਨੂੰ ਦੂਜੀਆਂ ਪਾਰਟੀਆਂ ਤੋਂ ਵੱਖਰਾ ਬਣਾਉਂਦਾ ਹੈ। ਹੁਣ ਤੱਕ 75 ਸਾਲਾਂ ਤੋਂ ਇਸ ਦੇਸ਼ ਵਿੱਚ ਗਾਲ੍ਹਾਂ, ਲੜਾਈ-ਝਗੜੇ ਅਤੇ ਜਾਤ-ਪਾਤ ਦੀ ਰਾਜਨੀਤੀ ਚੱਲਦੀ ਸੀ। ਪਹਿਲੀ ਵਾਰ ਅਜਿਹੀ ਪਾਰਟੀ ਆਈ ਹੈ ਜੋ ਲੋਕ ਮੁੱਦਿਆਂ ਦੀ ਗੱਲ ਕਰਦੀ ਹੈ। ਦੇਸ਼ ਨੂੰ ਨੰਬਰ-1 ਬਣਾਉਣ ਦੀ ਗੱਲ ਕਰਦਾ ਹੈ। ਇਹ ਦੇਸ਼ ਨੂੰ ਅੱਗੇ ਲਿਜਾਣ ਅਤੇ ਦੇਸ਼ ਦੇ ਵਿਕਾਸ ਦੀ ਗੱਲ ਕਰਦੀ ਹੈ। ਸਕੂਲ, ਹਸਪਤਾਲ, ਬਿਜਲੀ, ਪਾਣੀ, ਸੜਕਾਂ, ਜੋ ਆਮ ਆਦਮੀ ਦੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੇ ਹਨ, ਉਨ੍ਹਾਂ ਮੁੱਦਿਆਂ ਦੀ ਗੱਲ ਕਰਦੇ ਹਾਂ। ਸਾਨੂੰ ਸਕਾਰਾਤਮਕ ਰਾਜਨੀਤੀ ਕਰਨੀ ਪਵੇਗੀ। ਅਸੀਂ ਨੇਕ ਅਤੇ ਇਮਾਨਦਾਰ ਅਤੇ ਦੇਸ਼ ਭਗਤ ਲੋਕ ਹਾਂ। ਸਾਨੂੰ ਸਾਡੀ ਇਹੀ ਪਹਿਚਾਣ ਅੱਗੇ ਵੀ ਕਾਇਮ ਰੱਖਣੀ ਹੈ।
“ਆਪ” ਦੇ ਸਾਰੇ ਵਰਕਰ ਜਨਤਾ ਦੀ ਸੇਵਾ ਕਰਦੇ ਰਹਿਣ, ਜਿੱਥੇ ਵੀ ਕੋਈ ਦੁਖੀ ਹੈ, ਅਸੀਂ ਉਸ ਦੀ ਸੇਵਾ ਕਰਨੀ ਹੈ – ਅਰਵਿੰਦ ਕੇਜਰੀਵਾਲ
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਨੇ ਮੈਨੂੰ ਬਹੁਤ ਪਿਆਰ ਤੇ ਸਨੇਹ ਦਿੱਤਾ ਹੈ। ਇਸਦੇ ਲਈ ਮੈਂ ਇੱਕ ਵਾਰ ਫਿਰ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਸਾਰੇ ਦੇਸ਼ ਵਾਸੀਆਂ ਅਤੇ ਸਮੂਹ ਵਰਕਰਾਂ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਪਾਰਟੀ ਬਣਨ ਦੀਆਂ ਬਹੁਤ ਬਹੁਤ ਵਧਾਈਆਂ। ਮੈਂ ਗੁਜਰਾਤ ਦੇ ਸਾਰੇ ਵਰਕਰਾਂ ਨੂੰ ਵਧਾਈ ਦੇਣਾ ਚਾਹਾਂਗਾ, ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ, ਇੰਨੀ ਸ਼ਾਨਦਾਰ ਮੁਹਿੰਮ ਚਲਾਈ, ਦਿਨ ਰਾਤ ਮਿਹਨਤ ਕੀਤੀ। ਕੁਝ ਦਿਨ ਆਰਾਮ ਕਰੋ, ਉਸ ਤੋਂ ਬਾਅਦ ਤੁਹਾਨੂੰ ਦੁਬਾਰਾ ਕੰਮ ਸ਼ੁਰੂ ਕਰਨਾ ਹੋਵੇਗਾ। ਚੋਣਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ। ਅਸੀਂ ਰਾਜਨੀਤੀ ਵਿੱਚ ਸੇਵਾ ਕਰਨ ਆਏ ਹਾਂ। ਉਸ ਸੇਵਾ ਨੂੰ ਬੰਦ ਨਹੀਂ ਕਰਨਾ। ਅਜਿਹਾ ਨਾ ਹੋਵੇ ਕਿ ਹੁਣ ਚੋਣਾਂ ਹੋ ਗਈਆਂ ਹਨ ਅਤੇ ਹੁਣ ਅਸੀਂ ਆਪਣੇ ਘਰਾਂ ਨੂੰ ਚਲੇ ਜਾਈਏ। ਆਪਣੇ ਲੋਕਾਂ ਦੀ ਸੇਵਾ ਕਰੋ, ਆਪਣੇ ਸਮਾਜ ਦੀ ਸੇਵਾ ਕਰੋ, ਆਪਣੇ ਪਿੰਡ ਦੀ ਸੇਵਾ ਕਰੋ, ਆਪਣੇ ਇਲਾਕੇ ਦੀ ਸੇਵਾ ਕਰੋ। ਜਿੱਥੇ ਵੀ ਕੋਈ ਨਾਖੁਸ਼ ਹੋਵੇ, ਚਾਹੇ ਉਹ ਕਿਸੇ ਵੀ ਪਾਰਟੀ ਦਾ ਕਿਉਂ ਨਾ ਹੋਵੇ, ਅਸੀਂ ਉਸ ਦੀ ਸੇਵਾ ਕਰਨੀ ਹੈ। ਤੁਹਾਨੂੰ ਵੋਟ ਮਿਲੇ ਜਾਂ ਨਾ ਮਿਲੇ। ਚੰਗਾ ਕੰਮ ਕਰੋਗੇ ਤਾਂ ਵੋਟਾਂ ਵੀ ਮਿਲਣਗੀਆਂ। ਪਰ ਅਸੀਂ ਸਿਰਫ਼ ਵੋਟਾਂ ਲਈ ਕੰਮ ਨਹੀਂ ਕਰਨਾ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਦੋ ਰੋਜ਼ਾ ਵਿਦਿਆਰਥੀ ਸਖਸ਼ੀਅਤ ਉਸਾਰੀ ਕੈਂਪ ਲਗਾਇਆ ਗਿਆ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ,08 ਦਸੰਬਰ:ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਬਠਿੰਡਾ ਅਤੇ ਤਲਵੰਡੀ ਸਾਬੋ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਸ਼ਮੀਰ (ਬਠਿੰਡਾ ) ਵਿਖੇ ਦੋ ਰੋਜ਼ਾ ਵਿਦਿਆਰਥੀ ਸਖਸ਼ੀਅਤ ਉਸਾਰੀ ਕੈਂਪ ਲਗਾਇਆ ਗਿਆ। ਜਿਸ ਵਿੱਚ ਸਕੂਲ ਦੇ ਗਿਅਰਵੀਂ ਅਤੇ ਬਾਹਰਵੀਂ ਦੇ ਲਗਭਗ 250 ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਬਦ ਦੇ ਨਾਲ ਕੀਤੀ ਗਈ। ਪਹਿਲੇ ਸੈਸ਼ਨ ਦੌਰਾਨ ਖੇਤਰ ਸਕੱਤਰ ਤਲਵੰਡੀ ਸਾਬੋ ਸ੍ਰ ਸਮਸ਼ੇਰ ਸਿੰਘ ਖਾਲਸਾ ਜੀ ਨੇ “ਸੋਚਾਂਗੇ ਚੜ੍ਹਦੀ ਕਲਾ ਤਾਂ ਹੋਵੇਗੀ ਚੜ੍ਹਦੀ ਕਲਾ ” ਵਿਸ਼ੇ ਉੱਪਰ ਵਿਦਿਆਰਥੀਆਂ ਨਾਲ ਵਿਚਾਰਾਂ ਦੀ ਸਾਂਝ ਪਾਈ। ਉਪਰੰਤ ਵਿਦਿਆਰਥੀਆਂ ਨੂੰ “ਛੋਟੀਆਂ ਛੋਟੀਆਂ ਸਿਖਿਆਦਾਇਕ ਫਿਲਮਾਂ ਦਿਖਾਈਆਂ ਗਈਆਂ। ਦੂਜੇ ਸੈਸ਼ਨ ਵਿਚ ਡਾ ਗੁਰਜਿੰਦਰ ਸਿੰਘ ਰੋਮਾਣੱ ਖੇਤਰ ਸਕੱਤਰ ਬਠਿੰਡਾ ਨੇ ” ਮੈਂ ਕੁੱਝ ਬਨਣਾ” ਵਿਸ਼ੇ ਉੱਪਰ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਦੂਜੇ ਦਿਨ ਸ੍ਰ ਬਲਵੰਤ ਸਿੰਘ ਕਾਲਝਰਾਣੀ ਖੇਤਰ ਪ੍ਰਧਾਨ ਬਠਿੰਡਾ ਅਤੇ ਜੋਨਲ ਵਾਈਸ ਪ੍ਰਧਾਨ ਨੇ” ਨਸ਼ਾ ਮੁਕਤ ਸਮਾਜ ਦੀ ਸਿਰਜਨਾ” ਵਿਸ਼ੇ ਉੱਪਰ ਵਿਚਾਰ ਸਾਂਝੇ ਕੀਤੇ ਗਏ। ਵਿਦਿਆਰਥੀਆਂ ਨੂੰ ਸਿੱਖਿਆਦਾਇਕ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਗੇਮਾਂ ਵੀ ਖਿਡਾਈਆਂ ਗਈਆਂ । ਅਗਲੇ ਸੈਸ਼ਨ ਵਿੱਚ ਇੰਜੀ. ਕੁਲਵਿੰਦਰ ਸਿੰਘ ਗੋਨਿਆਣਾ ਨੇ “ਅਸਲ ਵਿਦਿਆ” ਵਿਸ਼ੇ ਉੱਪਰ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ। ਵਿਦਿਆਰਥੀਆਂ ਨਾਲ ਸੁਆਲ ਜੁਆਬ ਕੀਤੇ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਦਿੱਤਾ ਗਿਆ। ਅਖੀਰ ਵਿੱਚ ਵਿਦਿਆਰਥੀਆਂ ਵੱਲੋਂ ਰੀਵਿਊ ਪੇਸ਼ ਕੀਤੇ ਗਏ। ਕੈਂਪ ਦੌਰਾਨ ਸਕੂਲ ਦਾ ਸਟਾਫ ਹਾਜ਼ਰ ਰਿਹਾ।





