ਪੰਜਾਬ ਪ੍ਰਧਾਨ ਦੀ ਅਗਵਾਈ ਵਿੱਚ ਕਰਾਗ ਭਾਰਤ ਜੋੜੋ ਯਾਤਰਾ ਦਾ ਗਰਮਜੋਸ਼ੀ ਨਾਲ ਸਵਾਗਤ: ਵਿੱਕੀ/ਰਾਜਨ
ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ : ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਵੱਲੋਂ ਵੱਖ-ਵੱਖ ਸੂਬਿਆਂ ਵਿਚ ਭਾਰਤ ਜੋੜੋ ਯਾਤਰਾ ਕੱਢੀ ਜਾ ਰਹੀ ਹੈ ਜੋ ਨਵੇਂ ਸਾਲ ਵਿੱਚ ਪੰਜਾਬ ਵਿੱਚ ਪਹੁੰਚੇਗੀ। ਇਸ ਯਾਤਰਾ ਦੇ ਸਵਾਗਤ ਲਈ ਅੱਜ ਜ਼ਿਲ੍ਹਾ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਕਾਂਗਰਸ ਲੀਡਰਸ਼ਿਪ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਕੌਂਸਲਰ ਅਤੇ ਲੀਡਰਾਂ ਦੀ ਅਹਿਮ ਮੀਟਿੰਗ ਹਾਲ ਵਿਚ ਹੋਈ ।ਮੀਟਿੰਗ ਨੂੰ ਸੰਬੋਧਨ ਕਰਨ ਲਈ ਅਬਜਰਵਰ ਗੁਰਪ੍ਰੀਤ ਸਿੰਘ ਵਿੱਕੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਅਤੇ ਭਾਰਤ ਜੋੜੋ ਯਾਤਰਾ ਦੇ ਸਵਾਗਤ ਲਈ ਬਠਿੰਡਾ ਤੋਂ ਵੱਡੀ ਗਿਣਤੀ ਵਿੱਚ ਵਰਕਰਾਂ ਦੇ ਸ਼ਾਮਲ ਹੋਣ ਸਬੰਧੀ ਡਿਊਟੀਆਂ ਲਾਈਆਂ ਗਈਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਪ੍ਰੀਤ ਸਿੰਘ ਵਿੱਕੀ ਅਤੇ ਰਾਜਨ ਗਰਗ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਭਾਰਤ ਜੋੜੋ ਯਾਤਰਾ ਅਹਿਮ ਰੋਲ ਨਿਭਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਦਾ ਸਵਾਗਤ ਗਰਮ ਜੋਸ਼ੀ ਨਾਲ ਕੀਤਾ ਜਾਵੇਗਾ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਸ਼ਾਮਲ ਹੋਣਗੇ। ਉਨ੍ਹਾਂ ਵੱਲੋਂ ਸਵਾਲ ਉਠਾਉਣ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਟਕਸਾਲੀ ਕਾਂਗਰਸੀ ਪਰਿਵਾਰਾਂ ਅਤੇ ਪਿਛਲੀ ਸਰਕਾਰ ਸਮੇਂ ਨਜ਼ਰਅੰਦਾਜ਼ ਕੀਤੇ ਗਏ ਕਾਂਗਰਸੀ ਵਰਕਰਾਂ ਦੀ ਹੌਂਸਲਾ ਅਫਜਾਈ ਕਰਕੇ ਤੁਰਿਆ ਜਾ ਰਿਹਾ ਹੈ ਅਤੇ ਆਉਂਦੇ ਸਮੇਂ ਵਿੱਚ ਪੰਜਾਬ ਵਿੱਚ ਕਾਂਗਰਸ ਮਜ਼ਬੂਤ ਹੋਕੇ ਉਭਰੇਗ਼ੀ । ਇਸ ਮੌਕੇ ਰਾਜਨ ਗਰਗ ਨੇ ਵਿਸ਼ਵਾਸ਼ ਦੁਆਇਆ ਕਿ ਭਾਰਤ ਯਾਤਰਾ ਵਿੱਚ ਸ਼ਹਿਰ ਵਿੱਚੋਂ ਵੱਡੀ ਗਿਣਤੀ ਵਿਚ ਵਰਕਰ ਸ਼ਾਮਲ ਹੋਣਗੇ। ਇਸ ਮੌਕੇ ਕੇ ਕੇ ਅਗਰਵਾਲ, ਕਿਰਨਜੀਤ ਸਿੰਘ ਗਹਿਰੀ, ਅਸ਼ੋਕ ਕੁਮਾਰ, ਅਸ਼ੋਕ ਭੋਲਾ, ਬਲਰਾਜ ਸਿੰਘ ਪੱਕਾ, ਹਰਵਿੰਦਰ ਲੱਡੂ, ਰੁਪਿੰਦਰ ਬਿੰਦਰਾ, ਮਲਕੀਤ ਸਿੰਘ, ਐਮ ਸੀ ਸੁਖਦੇਵ ਸਿੰਘ ਸੁੱਖਾ, ਵਿਪਨ ਮਿੱਤੂ, ਸਾਧੂ ਸਿੰਘ, ਰਣਜੀਤ ਸਿੰਘ ਗਰੇਵਾਲ, ਗੁਰਵਿੰਦਰ ਸਿੰਘ ਚਹਿਲ, ਬੇਅੰਤ ਸਿੰਘ ਰੰਧਾਵਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਲੀਡਰਸ਼ਿਪ ਹਾਜਰ ਸੀ ।
ਭਾਰਤ ਜੋਂੜੋ ਯਾਤਰਾ ਸਬੰਧੀ ਕਾਂਗਰਸੀ ਆਗੂਆਂ ਦੀ ਹੋਈ ਮੀਟਿੰਗ
ਸ਼੍ਰੋਮਣੀ ਅਕਾਲੀ ਦਲ ਨੇ ਜਗਮੀਤ ਬਰਾੜ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢਿਆ
ਅਨੁਸ਼ਾਸਨੀ ਕਮੇਟੀ ਦੇ ਚੇਅਰਮਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਬਰਾੜ ਨੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਦਾਅਵੇ ਕਰਕੇ ਅਸਲ ਵਿਚ ਪਾਰਟੀ ਖਿਲਾਫ ਸਾਜ਼ਿਸ਼ਾਂ ਰਚੀਆਂ
ਕਮੇਟੀ ਨੇ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਜਾਰੀ ਕੀਤਾ ਕਾਰਣ ਦੱਸੋ ਨੋਟਿਸ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਾਬਕਾ ਐਮ ਪੀ ਜਗਮੀਤ ਸਿੰਘ ਬਰਾੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਮੂਲੀਅਤ ਕਾਰਨ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢ ਦਿੱਤਾ ਹੈ। ਇਸ ਫੈਸਲੇ ਦਾ ਐਲਾਨ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਕਮੇਟੀ ਦੀਮੀਟਿੰਗ ਮਗਰੋਂ ਕੀਤਾ। ਜਗਮੀਤ ਸਿੰਘ ਬਰਾੜ ਜਿਹਨਾਂ ਨੂੰ ਕਮੇਟੀ ਅੱਗੇ ਨਿੱਜੀ ਤੌਰ ’ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ ਸੀ, ਉਹ ਕਮੇਟੀ ਅੱਗੇ ਪੇਸ਼ ਨਹੀਂ ਹੋਏ। ਫੈਸਲੇ ਦੇ ਵੇਰਵੇ ਸਾਂਝੇ ਕਰਦਿਆਂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸ: ਬਰਾੜ ਨੂੰ ਆਪਣੀਆਂ ਕਾਰਵਾਈਆਂ ਲਈ ਆਪਣਾ ਪੱਖ ਰੱਖਣ ਦੇ ਖੁਲ੍ਹੇ ਮੌਕੇ ਦਿੱਤੇਗਏ। ਪਹਿਲਾਂ ਉਹਨਾਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਗਿਆਸੀ ਤੇ ਜਦੋਂ ਉਹਨਾਂ ਦਾ ਜਵਾਬ ਤਸੱਲੀਬਖਸ਼ ਨਾ ਪਾਇਆ ਗਿਆ ਤਾਂ ਉਹਨਾਂ ਨੂੰ ਆਪਣਾ ਪੱਖ ਨਿੱਜੀ ਤੌਰ ’ਤੇ ਰੱਖਣ ਦਾ ਮੌਕਾ ਦਿੱਤਾ ਗਿਆ। ਉਹਨਾਂ ਦੱਸਿਆ ਕਿ ਜਦੋਂ ਜਗਮੀਤ ਬਰਾੜ ਨੇ ਆਖਿਆ ਕਿ ਉਹ ਇਕ ਜ਼ਰੂਰੀ ਭੋਗ ਕਾਰਨ 6 ਦਸੰਬਰ ਨੂੰ ਕਮੇਟੀ ਅੱਗੇ ਪੇਸ਼ ਨਹੀਂ ਹੋ ਸਕਦੇ ਤਾਂ ਉਹਨਾਂ ਨੂੰ ਫਿਰ 10 ਦਸੰਬਰ ਅੱਜ ਲਈ ਮੌਕਾ ਦਿੱਤਾ ਗਿਆ। ਉਹਨਾਂ ਕਿਹਾ ਇਸਦੇ ਬਾਵਜੂਦ ਉਨ੍ਹਾਂ ਨੇ 6 ਦਸੰਬਰ ਨੂੰ ਪਹਿਲਾਂ ਹੀ ਪਾਰਟੀ ਵਿਚੋਂ ਕੱਢੇ ਗਏ ਬੀਬੀ ਜਗੀਰ ਕੌਰ ਦੀ ਜਨਤਕ ਮੀਟਿੰਗ ਵਿਚ ਸ਼ਾਮਲ ਹੋਣ ਨੂੰ ਤਰਜੀਹ ਦਿੱਤੀ। ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਸ: ਬਰਾੜ ਅਕਾਲੀ ਦਲ ਦੇ ਖਿਲਾਫ ਸਾਜ਼ਿਸ਼ਾਂ ਰਚ ਰਹੇ ਹਨ । ਹਾਲਾਂਕਿ ਉਹ ਜਨਤਕ ਤੌਰ ’ਤੇ ਅਕਾਲੀ ਦਲ ਨੁੰ ਮਜ਼ਬੂਤ ਕਰਨ ਦੇ ਦਾਅਵੇ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਸ: ਬਰਾੜ ਸੱਚਮੁੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਸੰਜੀਦਾ ਹੁੰਦੇ ਤਾਂ ਫਿਰ ਉਹ ਪਾਰਟੀ ਦੇ ਜ਼ਾਬਤੇ ਵਿਚ ਰਹਿੰਦੇ ਅਤੇ ਪਾਰਟੀ ਪ੍ਰਧਾਨ ਦੇ ਦਿਸ਼ਾਨਿਰਦੇਸ਼ਾਂ ਮੁਤਾਬਕ ਕੰਮ ਕਰਦੇ।ਉਹਨਾਂ ਕਿਹਾ ਕਿ ਬਜਾਏ ਅਜਿਹਾ ਕਰਨ ਦੇ ਉਹਨਾਂ ਨੇ ਆਪਣੀਆਂ ਕਮੇਟੀਆਂ ਦੇ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਜੋ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਸ: ਮਲੂਕਾ ਨੇ ਦੱਸਿਆ ਕਿ ਕਿਵੇਂ ਪਾਰਟੀ ਨੇ ਬਾਗੀ ਆਗੂ ਨੂੰ ਪਾਰਟੀ ਦੀ ਕੋਰ ਕਮੇਟੀ ਵਿਚ ਸ਼ਾਮਲ ਕਰ ਕੇ ਅਤੇ ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰ ਕੇ ਪਾਰਟੀ ਦੀ ਟਿਕਟ ਦੇ ਕੇ ਸਨਮਾਨ ਦਿੱਤਾ। ਪਰ ਇਸ ਸਭ ਦੇ ਬਾਵਜੂਦ ਉਹਨਾਂ ਆਪਣੀਆਂ ਪੁਰਾਣੀਆਂ ਆਦਤਾਂ ਮੁਤਾਬਕ ਕੰਮ ਕੀਤਾ। ਅਨੁਸ਼ਾਸਨੀਕਮੇਟੀ ਮੈਂਬਰ ਵਿਰਸਾ ਸਿੰਘ ਵਲਟੋਹਾ ਨੇ ਇਸ ਮੌਕੇ ਕਿਹਾ ਕਿ ਬਰਾੜ ਸ਼ੁਰੂ ਤੋਂ ਦੋਗਲਾਪਣ ਕਰਦੇ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀਆਂ ਕਾਰਵਾਈਆਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਦੀ ਥਾਂ ਉਲਟ ਸਾਬਤ ਹੋਈਆਂ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਆਪਣੀ ਕਮੇਟੀ ਦਾ ਐਲਾਨ ਕਰ ਦਿੱਤਾ ਤਾਂ ਜੋ ਪਾਰਟੀ ਲਈ ਮੁਸ਼ਕਿਲ ਖੜ੍ਹੀ ਹੋਵੇ ਪਰ ਉਹਨਾਂ ਵੱਲੋਂ ਨਾਮਜ਼ਦ ਕੀਤੇ ਆਗੂਆਂ ਨੇ ਹੀ ਉਹਨਾਂ ਦੀ ਕਮੇਟੀ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਬਾਗੀ ਆਗੂ ਆਪਣੀ ਅਖੌਤੀ ਕਮੇਟੀ ਦੀ ਮੀਟਿੰਗ ਨਹੀਂ ਕਰ ਸਕੇ। ਇਸ ਦੌਰਾਨ ਅਨੁਸ਼ਾਸਨੀ ਕਮੇਟੀ ਨੇ ਸਰਦਾਰ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਕਾਰਣ ਦੱਸੋ ਨੋਟਿਸ ਜਾਰੀਕੀਤਾ ਤੇ ਉਹਨਾਂ ਨੂੰ ਆਪਣੀਆਂ ਕਾਰਵਾਈਆਂ ਲਈ ਪੱਖ ਕਮੇਟੀ ਅੱਗੇ ਰੱਖਣ ਵਾਸਤੇ ਆਖਿਆ ਹੈ। ਇਸੇਤਰੀਕੇ ਇਕ ਹੋਰ ਪਾਰਟੀ ਆਗੂ ਸੁਰਜੀਤ ਸਿੰਘ ਅਬਲੋਵਾਲ ਜਿਹਨਾਂ ਨੂੰ ਨੋਟਿਸ ਜਾਰੀਕੀਤਾ ਗਿਆ ਸੀ, ਅੱਜ ਕਮੇਟੀ ਅੱਗੇ ਪੇਸ਼ ਹੋਏ ਤੇ ਆਪਣਾ ਪੱਖ ਰੱਖਿਆ। ਇਸ ਮਾਮਲੇ ਬਾਰੇ ਅੱਗੇ ਫੈਸਲਾ ਲਿਆ ਜਾਵੇਗਾ। ਅੱਜ ਦੀ ਕਮੇਟੀ ਦੀ ਮੀਟਿੰਗ ਵਿਚ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋ ਅਤੇ ਡਾ. ਸੁਖਵਿੰਦਰ ਕੁਮਾਰ ਸੁੱਖੀ ਵੀ ਸ਼ਾਮਲ ਸਨ।
ਆਈ.ਈ.ਆਈ ਲੋਕਲ ਸੈਂਟਰ ਬਠਿੰਡਾ ਦੁਆਰਾ ਊਰਜਾ ਸੰਭਾਲ ਦਿਵਸ ਮਨਾਇਆ
ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ : ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਲੋਕਲ ਸੈਂਟਰ ਬਠਿੰਡਾ ਦੇ ਲੋਕਲ ਸੈਂਟਰ ਬਠਿੰਡਾ ਵਿਖੇ ਊਰਜਾ ਸੰਭਾਲ ਦਿਵਸ ਮਨਾਇਆ ਗਿਆ । ਇਸ ਦੌਰਾਨ ਵੱਖ ਵੱਖ ਵਿਭਾਗਾ ਅਤੇ ਸੰਸਥਾਵਾਂ ਤੋਂ ਇੰਜਨੀਅਰਜ਼ ਅਤੇ ਤਕਨੀਕੀ ਵਿਦਿਆਰਥੀਆ ਨੇ ਭਾਗ ਲਿਆ ਗਿਆ। ਇਸ ਦੋਰਾਨ ਸ੍ਰੀ ਨਵੀਨ ਕੁਮਾਰ ਚੀਫ ਇੰਜਨੀਅਰ ਮਿਲਟਰੀ ਇੰਜਨੀਅਰ ਸੇਵਾਵਾ ਬਠਿੰਡਾ ਜੋਨ ਨੇ ਮੁੱਖ ਮਹਿਮਾਨ ਵਜੋਂ ਭਾਗ ਲਿਆ ਅਤੇ ਇੰਜ. ਕੁਸਮ ਰੰਜਨ ਡਾਈਰੈਕਟਰ (ਡਜਾਈਨ) ਮਿਲਟਰੀ ਇੰਜਨੀਅਰ ਸੇਵਾਵਾ ਨੇ ਵਸ਼ੇਸ਼ ਮਹਿਮਾਨ ਵਜੋਂ ਭਾਗ ਲਿਆ। ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਲੋਕਲ ਸੈਂਟਰ ਬਠਿੰਡਾ ਦੇ ਚੇਅਰਮੈਨ ਡਾ. ਜਗਤਾਰ ਸਿੰਘ ਸਿਵੀਆ ਨੇ ਭਾਗ ਲੈਣ ਵਾਲੇ ਸਾਰੇ ਹੀ ਇੰਜਨੀਅਰਜ਼ ਅਤੇ ਤਕਨੀਕੀ ਵਿਦਿਆਰਥੀਆ ਨੂੰ ਜੀ ਆਇਆਂ ਆਖਿਆ ਅਤੇ ਇਸ ਦਿਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਇਹ ਵੀ ਦੱਸਿਆ ਕਿ ਸਾਨੂੰ ਨਵਿਆਉਣਯੋਗ ਊਰਜਾ ਸਰੋਤਾ ਦੀ ਵੱਧ ਤੋ ਵੱਧ ਵਰਤੋ ਕਰਨੀ ਚਾਹੀਦੀ ਹੈ ਅਤੇ ਨਾ-ਨਵਿਆਉਣਯੋਗ ਊਰਜਾ ਸਾਧਨਾ ਨੂੰ ਸੰਭਾਲ ਕਿ ਰੱਖਣਾ ਚਾਹੀਦਾ ਹੈ ਤਾ ਜੋ ਆਉਣ ਵਾਲੀ ਪੀੜੀ ਇਹਨਾ ਸਾਧਨਾ ਦਾ ਲਾਭ ਲੈ ਸਕੇ । ਇਸ ਦੌਰਾਨ ਡਾ. ਮਨਜੀਤ ਬਾਸਲ ਡੀਨ ਕੰਸਲਟੈੰਸੀ ਅਤੇ ਇੰਡਸਟਰੀ ਲਿੰਕੇਜ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੁਆਰਾ ਇਸ ਮੇਕੋ ਮੁੱਖ ਬੁਲਾਰੇ ਵਜੋ ਹਿਸਾ ਲਿਆ ਗਿਆ ਉਨ੍ਹਾਂ ਇਸ ਵਿਸੇ ਤੇ ਵਿਸ਼ੇਸ਼ ਲੈਕਚਰ ਦਿੱਤਾ ਉਨ੍ਹਾਂ ਇਸ ਦੌਰਾਨ ਨਵਿਆਉਣਯੋਗ ਊਰਜਾ ਦੇ ਸਰੋਤ ਜਿਵੇ ਸੂਰਜੀ ਊਰਜਾ , ਜੀਉਥਰਮਲ ਐਨਰਜੀ, ਬਾਇਉਮਾਸ ਐਨਰਜੀ , ਪਵਨ ਊਰਜਾ , ਸਾਗਰ ਊਰਜਾ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਇਸ ਵਿਸੇ ਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਨੂੰ ਇਹਨਾ ਸਰੋਤਾ ਦੀ ਵੱਧ ਤੋ ਵੱਧ ਵਰਤੋ ਕਰਨੀ ਚਾਹੀਦੀ ਹੈ। ਡਾਂ ਤਾਰਾ ਸਿੰਘ ਕਮਲ ਸਾਬਕਾ ਉਪ ਪ੍ਰਧਾਨ ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਨੇ ਵੀ ਇਸ ਸਮਾਗਮ ਵਿੱਚ ਆਨ-ਲਾਈਨ ਭਾਗ ਲਿਆ। ਸਾਰੇ ਪ੍ਰੋਗਰਾਮ ਦਾ ਸੰਚਾਲਨ ਡਾ. ਅਮਨਦੀਪ ਕੌਰ ਸਰਾਓ ਸਹਾਇਕ ਪ੍ਰੋਫ਼ੈਸਰ ਯਾਦਵਿੰਦਰਾ ਡਿਪਾਰਟਮੈਂਟ ਆਫ ਇੰਜਨੀਅਰਿੰਗ ਤਲਵੰਡੀ ਸਾਬੋ ਦੁਆਰਾ ਕੀਤਾ ਗਿਆ । ਆਖਰ ਵਿੱਚ ਇਸ ਪ੍ਰੋਗਰਾਮ ਦੀ ਸਮਾਪਤੀ ਇੰਜਨੀਅਰ ਜੇ. ਐਸ. ਦਿਓਲ ਆਨਰੇਰੀ ਸਕੱਤਰ ਆਈ.ਈ. ਆਈ ਲੋਕਲ ਸੈਂਟਰ ਬਠਿੰਡਾ ਦੁਆਰਾ ਧੰਨਵਾਦੀ ਸ਼ਬਦ ਕਹਿੰਦੇ ਹੋਏ ਕੀਤੀ ਗਈ। ਇਸ ਸਮਾਗਮ ਵਿੱਚ 35 ਇੰਜਨੀਅਰਜ਼ ਆਨ ਲਾਈਨ ਅਤੇ 31 ਇੰਜਨੀਅਰਜ਼ ਆਫ-ਲਾਈਨ ਭਾਗ ਲਿਆ।
ਡੀਏਵੀ ਕਾਲਜ ਨੇ ਬਹੁ-ਭਾਸ਼ਾਈ ਅਨੁਵਾਦ ਵਰਕਸ਼ਾਪ ਦਾ ਆਯੋਜਨ ਕੀਤਾ
ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ : ਡੀਏਵੀ ਕਾਲਜ ਬਠਿੰਡਾ ਦੇ ਹਿੰਦੀ ਵਿਭਾਗ ਅਤੇ ਆਰੀਆ ਸਮਾਜ ਕਮੇਟੀ ਵਲੋਂ ਭਾਰਤੀ ਭਾਸ਼ਾ ਦਿਵਸ ਦੇ ਮੌਕੇ ’ਤੇ ‘ਬਹੁ-ਭਾਸ਼ਾਈ ਅਨੁਵਾਦ’ ’ਤੇ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਮੌਕੇ ਡਾ. ਬ੍ਰਹਮਵੇਦ ਸ਼ਰਮਾ (ਰਿਟਾ. ਪ੍ਰੋ. ਅਤੇ ਮੁਖੀ, ਹਿੰਦੀ ਵਿਭਾਗ, ਡੀ.ਏ.ਵੀ. ਕਾਲਜ ਮਲੋਟ) ਵਿਸ਼ਾ ਮਾਹਿਰ ਸਨ। ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਵਾਈਸ ਪ੍ਰਿੰਸੀਪਲ ਪ੍ਰੋ. ਪਰਵੀਨ ਕੁਮਾਰ ਗਰਗ, ਹਿੰਦੀ ਵਿਭਾਗ ਡਾ. ਮੋਨਿਕਾ ਘੁੱਲਾ ਅਤੇ ਆਰੀਆ ਸਮਾਜ ਕਮੇਟੀ ਦੇ ਮੈਂਬਰਾਂ ਵੱਲੋਂ ਆਏ ਹੋਏ ਮਹਿਮਾਨ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਡਾ. ਮੋਨਿਕਾ ਘੁੱਲਾ ਨੇ ਡਾ. ਬ੍ਰਹਮਵੇਦ ਸ਼ਰਮਾ ਦੇ ਜੀਵਨ ਅਤੇ ਅਤੇ ਪ੍ਰਾਪਤੀਆਂ ਬਾਰੇ ਦੱਸਿਆ। ਡਾ. ਬ੍ਰਹਮਵੇਦ ਸ਼ਰਮਾ ਨੇ ਅਨੁਵਾਦ ਦੀ ਪ੍ਰਕਿਰਤੀ, ਖੇਤਰ ਅਤੇ ਕਿਸਮਾਂ ਬਾਰੇ ਚਾਨਣਾ ਪਾਉਂਦੇ ਹੋਏ ਅਨੁਵਾਦ ਦੇ ਸਿਧਾਂਤ ’ਤੇ ਚਰਚਾ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਅਨੁਵਾਦ ਕਿਵੇਂ ਕੀਤਾ ਜਾਂਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੰਤਰ-ਭਾਸ਼ਾਈ, ਅੰਤਰ-ਭਾਸ਼ਾਈ ਅਤੇ ਅੰਤਰ-ਸਭਿਆਚਾਰਕ ਅਨੁਵਾਦ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਕਵਿਤਾਵਾਂ, ਕਹਾਣੀਆਂ ਅਤੇ ਲੇਖਾਂ ਨੂੰ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਬਾਰੇ ਸਿਖਾਇਆ। ਵਰਕਸ਼ਾਪ ਵਿੱਚ ਭਾਗ ਲੈਂਦਿਆਂ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਦਿਖਾਇਆ। ਉਨ੍ਹਾਂ ਨੇ ਅਨੁਵਾਦ ਦੀਆਂ ਬਾਰੀਕੀਆਂ ਸਿੱਖੀਆਂ ਅਤੇ ਇਸ ਪ੍ਰਕਿਰਿਆ ਵਿੱਚ ਕਵਿਤਾਵਾਂ, ਲੇਖਾਂ ਅਤੇ ਕਹਾਣੀਆਂ ਦੇ ਬਹੁਤ ਸਾਰੇ ਟੁਕੜਿਆਂ ਦਾ ਅਨੁਵਾਦ ਕੀਤਾ। ਕਾਲਜ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਸੁਬਰਾਮਣੀਆ ਭਾਰਤੀ ਜੈਅੰਤੀ ਨੂੰ ਭਾਰਤੀ ਭਾਸ਼ਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਾਰਤ ਵਿਭਿੰਨ ਸਭਿਆਚਾਰਾਂ ਦੀ ਧਰਤੀ ਹੈ, ਇੱਥੇ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ 22 ਭਾਸ਼ਾਵਾਂ ਨੂੰ ਭਾਰਤੀ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਹਿੰਦੀ ਵੱਖ-ਵੱਖ ਰਾਜਾਂ ਅਤੇ ਸਭਿਆਚਾਰਾਂ ਦੇ ਲੋਕਾਂ ਵਿਚਕਾਰ ਸਭਿਆਚਾਰਕ ਪਾੜੇ ਵਿਚ ਪੁਲ ਦਾ ਕੰਮ ਕਰਦੀ ਹੈ। ਉਨ੍ਹਾਂ ਨੇ ਇਸ ਵਰਕਸ਼ਾਪ ਦੇ ਆਯੋਜਨ ਲਈ ਮੁਖੀ ਹਿੰਦੀ ਵਿਭਾਗ ਅਤੇ ਆਰੀਆ ਸਮਾਜ ਕਮੇਟੀ ਦੇ ਕਨਵੀਨਰ ਡਾ. ਮੋਨਿਕਾ ਘੁੱਲਾ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਫੈਕਲਟੀ ਮੈਂਬਰ ਪ੍ਰੋ. ਸੰਦੀਪ ਭਾਟੀਆ, ਪ੍ਰੋ.ਵਿਕਾਸ ਕਾਟੀਆ, ਡਾ.ਵੰਦਨਾ ਜਿੰਦਲ, ਡਾ.ਪਵਨ ਕੁਮਾਰ, ਡਾ. ਨੀਤੂ ਪੁਰੋਹਿਤ, ਡਾ.ਪ੍ਰਭਜੋਤ, ਡਾ. ਸਤਿੰਦਰ ਕੌਰ, ਪ੍ਰੋ. ਨੇਹਾ ਸ਼ਰਮਾ, ਪ੍ਰੋ. ਨੇਹਾ ਗਰਗ, ਪ੍ਰੋ.ਮੁਨੀਸ਼ ਕੁਮਾਰ, ਪ੍ਰੋ.ਨਿਧੀ, ਡਾ.ਰਿਸ਼ਮ ਅਤੇ ਪ੍ਰੋ.ਪ੍ਰਿਅੰਕਾ ਹਾਜ਼ਰ ਰਹੇ।
ਐਸ.ਐਸ.ਡੀ ਗਰਲਜ਼ ਕਾਲਜ਼ ’ਚ ਐਕਸਟੈਨਸ਼ਨ ਲੈਕਚਰ ਅਤੇ ਰੰਗੋਲੀ ਮੇਕਿੰਗ ਮੁਕਾਬਲਾ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ : ਐਸ.ਐਸ.ਡੀ ਗਰਲਜ਼ ਕਾਲਜ਼ ’ਚ ਸੰਗੀਤ ਵਿਭਾਗ ਵੱਲੋਂ ਇੱਕ ਐਕਸਟੈਨਸ਼ਨ ਲੈਕਚਰ ਅਤੇ ਰੰਗੋਲੀ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਸੈਸ਼ਨ ਦੇ ਮੁੱਖ ਬੁਲਾਰੇ ਡਾ: ਮਨਨੀਤ ਖੇੜਾ ਅਸਿਸਟੈਂਟ ਸਨ। ਉਨ੍ਹਾਂ ‘ਜੈਵ ਵਿਭਿੰਨਤਾ ’ਤੇ ਸੰਗੀਤ ਦਾ ਪ੍ਰਭਾਵ’ ਬਾਰੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ਲੈਕਚਰ ਤੋਂ ਬਾਅਦ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਭਰਪੂਰ ਚਰਚਾ ਕੀਤੀ। ਰੰਗੋਲੀ ਮੁਕਾਬਲੇ ਦੀ ਜੱਜਮੈਂਟ ਲੈਫਟੀਨੈਂਟ ਡਾ. ਸਵਿਤਾ ਭਾਟੀਆ (ਵਾਈਸ ਪ੍ਰਿੰਸੀਪਲ ਅਤੇ ਇਤਿਹਾਸ ਦੇ ਐਚ.ਓ.ਡੀ.) ਅਤੇ ਡਾ. ਮਨਨੀਤ ਖੇੜਾ ਸਨ। ਸਮਾਗਮ ਦੀ ਸਮਾਪਤੀ ਰੰਗੋਲੀ ਮੁਕਾਬਲੇ ਦੀ ਇਨਾਮ ਵੰਡ ਨਾਲ ਕੀਤੀ ਗਈ। ਡਾ: ਨੀਰੂ ਗਰਗ (ਪ੍ਰਿੰਸੀਪਲ) ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਡਾ: ਪੂਜਾ ਗੋਸਵਾਮੀ, ਐਚ.ਓ.ਡੀ ਸੰਗੀਤ ਵਿਭਾਗ ਨੇ ਸਟੇਜ ਸੰਚਾਲਨ ਕੀਤਾ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਕਾਲਜ ਪ੍ਰਧਾਨ ਐਡ. ਸੰਜੇ ਗੋਇਲ, ਜਨਰਲ ਸਕੱਤਰ ਸ. ਸਤੀਸ਼ ਅਰੋੜਾ ਨੇ ਇਸ ਮਹਾਨ ਸਮਾਗਮ ਦੇ ਸੰਚਾਲਨ ਲਈ ਡਾ: ਪੂਜਾ ਗੋਸਵਾਮੀ, ਸ਼੍ਰੀ ਸੁਖਵਿੰਦਰ ਸਿੰਘ (ਤਬਲਾ ਇੰਸਟਰਕਟਰ) ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਨੇ ‘ਰੀਜ਼ਨਿੰਗ ਸਕਿੱਲਜ਼’ ਬਾਰੇ ਵਰਕਸ਼ਾਪ ਕਰਵਾਈ
ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ :ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਇੱਕ ਮੋਹਰੀ ਬੀ-ਸਕੂਲ) ਦੇ ਬਿਜ਼ਨਸ ਸਟੱਡੀਜ਼ ਵਿਭਾਗ ਵੱਲੋਂ ਵਿਦਿਆਰਥੀਆਂ ਲਈ ‘ਰੀਜ਼ਨਿੰਗ ਸਕਿੱਲਜ਼’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ ਐਮ.ਬੀ.ਏ. ਦੇ ਸਾਰੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਵਰਕਸ਼ਾਪ ਵਿੱਚ ਮਹਿਮਾਨ ਬੁਲਾਰੇ ਵਜੋਂ ਕੈਲੀਬਰ ਕੋਚਿੰਗ ਸੈਂਟਰ, ਬਠਿੰਡਾ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਭਿਨੰਦਨ ਐਚ. ਗੋਇਲ ਨੇ ਸ਼ਿਰਕਤ ਕੀਤੀ । ਸ੍ਰੀ ਅਭਿਨੰਦਨ ਐਚ. ਗੋਇਲ ਨੇ ਰੀਜ਼ਨਿੰਗ ਸਕਿੱਲਜ਼ ਬਾਰੇ ਦੱਸਿਆ ਅਤੇ ਕਿਹਾ ਕਿ ਇਹ ਪ੍ਰਤੀਯੋਗੀ ਪ੍ਰੀਖਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਉਸ ਨੇ ਤਰਕ ਦੇ ਹੁਨਰ ਨਾਲ ਸੰਬੰਧਿਤ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ ਜਿਵੇਂ ਸੰਖਿਆ ਲੜੀ, ਕੈਲੰਡਰ, ਦਿਸ਼ਾ ਲੜੀ , ਵਰਣਮਾਲਾ ਲੜੀ ਅਤੇ ਸ਼ਿਲੋਜੀਜ਼ਮ ਆਦਿ ਬਾਰੇ ਵੀ ਸਮਝਾਇਆ। ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਇਨ੍ਹਾਂ ਵਿਸ਼ਿਆਂ ਦੇ ਅੰਕ ਬਹੁਤ ਜ਼ਿਆਦਾ ਹੁੰਦੇ ਹਨ। ਸਾਰੇ ਵਿਦਿਆਰਥੀਆਂ ਨੇ ਇਸ ਵਰਕਸ਼ਾਪ ਵਿੱਚ ਸਰਗਰਮੀ ਨਾਲ ਭਾਗ ਲਿਆ ਅਤੇ ਇਸ ਵਰਕਸ਼ਾਪ ਦੇ ਆਧਾਰ ’ਤੇ ਮਾਹਿਰ ਬੁਲਾਰੇ ਤੋਂ ਕੁੱਝ ਸਵਾਲ ਵੀ ਪੁੱਛੇ । ਮਹਿਮਾਨ ਬੁਲਾਰੇ ਨੇ ਉਨ੍ਹਾਂ ਦੇ ਸ਼ੰਕਿਆਂ ਦਾ ਹੱਲ ਕੀਤਾ । ਅੰਤ ਵਿੱਚ ਉਸ ਨੇ ਹੋਰ ਇਮਤਿਹਾਨਾਂ ਨਾਲ ਸੰਬੰਧਿਤ ਵਿਦਿਆਰਥੀਆਂ ਦੇ ਸਵਾਲਾਂ ਨੂੰ ਹੱਲ ਕਰਨ ਵਿੱਚ ਵੀ ਮਦਦ ਕੀਤੀ । ਬਿਜ਼ਨਸ ਸਟੱਡੀਜ਼ ਵਿਭਾਗ ਦੀ ਮੁਖੀ ਸ੍ਰੀਮਤੀ ਭਾਵਨਾ ਖੰਨਾ ਅਤੇ ਸਹਾਇਕ ਪੋ੍ਰਫੈਸਰ ਸਾਹਿਲ ਸਿਡਾਨਾ ਨੇ ਮਹਿਮਾਨ ਬੁਲਾਰੇ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਵਿਦਿਆਰਥੀਆਂ ਨੂੰ ਤਰਕ ਦੇ ਹੁਨਰ ਅਤੇ ਇਸ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਧੰਨਵਾਦ ਕੀਤਾ । ਬੀ.ਐਫ.ਜੀ.ਆਈ.ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬੀ.ਐਫ.ਸੀ.ਐਮ.ਟੀ. ਦੇ ਵਾਈਸ ਪਿ੍ਰੰਸੀਪਲ ਡਾ. ਸਚਿਨ ਦੇਵ, ਡੀਨ (ਅਕਾਦਮਿਕ ਮਾਮਲੇ) ਸ਼੍ਰੀਮਤੀ ਨੀਤੂ ਸਿੰਘ ਨੇ ਬਿਜ਼ਨਸ ਸਟੱਡੀਜ਼ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਨੌਜਵਾਨਾਂ ਨੂੰ ਪੰਜਾਬੀ ਸੱਭਿਅਤਾ ਨਾਲ ਜੋੜਨ ਵਿੱਚ ਸਹਾਈ ਸਾਬਤ ਹੋ ਰਿਹਾ ਹੈ ਵਿਰਾਸਤੀ ਮੇਲਾ : ਬਬਲੀ ਢਿੱਲੋਂ
ਮਾਲਵਾ ਹੈਰੀਟੇਜ ਫਾਊਂਡੇਸ਼ਨ ਵੱਲੋਂ ਸੀਨੀਅਰ ਅਕਾਲੀ ਆਗੂ ਇਕਬਾਲ ਸਿੰਘ ਬਬਲੀ ਢਿੱਲੋਂ ਦਾ ਸਨਮਾਨ
ਢਿੱਲੋਂ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ਪੰਜਾਬ ਭਰ ਵਿੱਚ ਲੱਗਣੇ ਚਾਹੀਦੇ ਹਨ ਵਿਰਾਸਤੀ ਮੇਲੇ
ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ: ਮਾਲਵਾ ਹੈਰੀਟੇਜ ਫਾਊਂਡੇਸ਼ਨ ਵੱਲੋਂ ਹਰ ਸਾਲ ਬਠਿੰਡਾ ਵਿਖੇ ਵਿਰਾਸਤ ਮੇਲਾ ਕਰਵਾ ਕੇ ਨੌਜਵਾਨਾਂ ਨੂੰ ਪੰਜਾਬੀ ਸੱਭਿਅਤਾ ਅਤੇ ਸੱਭਿਆਚਾਰ ਨਾਲ ਜੋੜਨ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਉਪਰੋਕਤ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਤੇ ਡੈਲੀਗੇਟ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਵਿਰਾਸਤ ਮੇਲੇ ’ਚ ਪੁੱਜਣ ਉਪਰੰਤ ਮੇਲੇ ਦਾ ਆਨੰਦ ਮਾਣਦੇ ਹੋਏ ਕੀਤਾ। ਇਸ ਦੌਰਾਨ ਮਾਲਵਾ ਹੈਰੀਟੇਜ ਫਾਊਂਡੇਸ਼ਨ ਦੇ ਸਰਪ੍ਰਸਤ ਹਰਵਿੰਦਰ ਸਿੰਘ ਖਾਲਸਾ, ਪ੍ਰਧਾਨ ਚਮਕੌਰ ਸਿੰਘ ਮਾਨ ਅਤੇ ਸਮੁੱਚੀ ਟੀਮ ਵੱਲੋਂ ਇਕਬਾਲ ਸਿੰਘ ਬਬਲੀ ਢਿੱਲੋਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬਬਲੀ ਢਿੱਲੋਂ ਨੇ ਕਿਹਾ ਕਿ ਮਾਲਵਾ ਹੈਰੀਟੇਜ ਫਾਊਂਡੇਸ਼ਨ ਵੱਲੋਂ ਹਰ ਸਾਲ ਬਠਿੰਡਾ ਵਿਖੇ ਪੰਜਾਬੀ ਸਭਿਅਤਾ ਨੂੰ ਦਰਸਾਉਂਦਾ ਵਿਰਾਸਤ ਮੇਲਾ ਲਗਾਇਆ ਜਾਂਦਾ ਹੈ ਅਤੇ ਅਜਿਹੇ ਮੇਲੇ ਪੂਰੇ ਪੰਜਾਬ ਵਿਚ ਲੱਗਣੇ ਚਾਹੀਦੇ ਹਨ, ਤਾਂ ਜੋ ਪੰਜਾਬ ਦੇ ਅਮੀਰ ਵਿਰਸੇ ਤੋਂ ਦੇਸ਼-ਵਿਦੇਸ਼ ਦੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ ਅਤੇ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਬਠਿੰਡਾ ਵਿਖੇ ਉਕਤ ਵਿਰਾਸਤ ਮੇਲਾ ਲਗਾ ਕੇ ਨੌਜਵਾਨਾਂ ਨੂੰ ਪੰਜਾਬ ਦੀ ਪੁਰਾਤਨ ਸੱਭਿਅਤਾ ਨਾਲ ਲਗਾਤਾਰ ਜੋੜਿਆ ਜਾ ਰਿਹਾ ਹੈ, ਜਿਸ ਲਈ ਮਾਲਵਾ ਹੈਰੀਟੇਜ ਫਾਊਂਡੇਸ਼ਨ ਦੀ ਸਮੁੱਚੀ ਟੀਮ ਵਧਾਈ ਦੀ ਹੱਕਦਾਰ ਹੈ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਅਕਾਲੀ ਆਗੂ ਮਨਮੋਹਨ ਸਿੰਘ ਕੁੱਕੂ, ਅਮਰਿੰਦਰ ਸਿੰਘ, ਗੁਰਪ੍ਰੀਤ ਸੰਧੂ, ਜਸ਼ਨ, ਸੁਖਦੇਵ ਸਿੰਘ ਗੁਰਥੱੜੀ ਆਦਿ ਹਾਜ਼ਰ ਸਨ
ਮੁੱਖ ਮੰਤਰੀ ਨੇ ਕੇਂਦਰ ਨੂੰ ਆਰ.ਡੀ.ਐਫ. ਦਾ 3095 ਕਰੋੜ ਰੁਪਏ ਦਾ ਬਕਾਇਆ ਤੁਰੰਤ ਜਾਰੀ ਕਰਨ ਲਈ ਕਿਹਾ
ਮੁੱਖ ਮੰਤਰੀ ਵੱਲੋਂ ਕੇਂਦਰੀ ਮੰਤਰੀ ਨੂੰ ਅਪੀਲ; ਸੂਬੇ ਨੂੰ ਕੋਲੇ ਦੀ ਸਪਲਾਈ ਸਿੱਧੀ ਰੇਲਵੇ ਰਾਹੀਂ ਹੋਵੇ
ਆਰ.ਐਸ.ਆਰ. ਨਾਲ ਬਿਜਲੀ ਖਪਤਕਾਰਾਂ ਦੀ ਜੇਬ੍ਹ ਉਤੇ ਬੇਲੋੜਾ ਭਾਰ ਪੈਣ ਦਾ ਦਾਅਵਾ
ਭਗਵੰਤ ਮਾਨ ਨੇ ਕੇਂਦਰੀ ਮੰਤਰੀ ਅੱਗੇ ਬੀਬੀਐਮਬੀ ਵਿੱਚ ਮੈਂਬਰ ਪਾਵਰ ਦਾ ਮਸਲਾ ਚੁੱਕਿਆ, ਜਿਸ ‘ਤੇ ਸਹਿਮਤੀ ਬਣੀ
ਪਛਵਾੜਾ ਕੋਲਾ ਖਾਣ ਤੋਂ 50 ਫੀਸਦੀ ਦੀ ਟਰਾਂਸਫਰ ਹੱਦ ਤੇ ਰਾਇਲਟੀ ਦੇ ਭੁਗਤਾਨ ਤੋਂ ਬਗੈਰ ਕੋਲਾ ਵਰਤਣ ਦੀ ਮਨਜ਼ੂਰੀ ਮੰਗੀ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 9 ਦਸੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਬਿਜਲੀ ਮੰਤਰੀ ਆਰ.ਕੇ. ਸਿੰਘ ਨੂੰ ਭਾਰਤ ਸਰਕਾਰ ਦੇ ਫੈਸਲੇ ਦੀ ਸਮੀਖਿਆ ਕਰਨ ਅਤੇ ਸੂਬੇ ਨੂੰ ਮੌਜੂਦਾ ‘ਰੇਲ-ਸਮੁੰਦਰੀ ਜਹਾਜ਼-ਰੇਲ`(ਆਰ.ਐਸ.ਆਰ.) ਦੀ ਬਜਾਏ ਸਿੱਧਾ ਰੇਲ ਰਾਹੀਂ ਕੋਲੇ ਦੀ 100 ਫੀਸਦੀ ਸਪਲਾਈ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ।ਇੱਥੇ ਕੇਂਦਰੀ ਮੰਤਰੀ ਆਰ.ਕੇ. ਸਿੰਘ ਦੇ ਦਫ਼ਤਰ ਵਿੱਚ ਸ਼ੁੱਕਰਵਾਰ ਨੂੰ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਬਿਜਲੀ ਮੰਤਰਾਲੇ ਨੇ ਮਹਾਂਨਦੀ ਕੋਲਫੀਲਡਜ਼ ਲਿਮੀਟਿਡ (ਐਮ.ਸੀ.ਐਲ./ਤਲਚਰ ਖਾਣਾਂ) ਤੋਂ ਜਨਵਰੀ 2023 ਤੋਂ ਪੰਜਾਬ ਨੂੰ 15-20 ਫੀਸਦੀ ਘਰੇਲੂ ਕੋਲੇ ਦੀ ਲਿਫਟਿੰਗ ‘ਰੇਲ-ਸਮੁੰਦਰੀ ਜਹਾਜ਼-ਰੇਲ’ (ਆਰ.ਐਸ.ਆਰ.) ਮਾਧਿਅਮ ਰਾਹੀਂ ਸ਼ੁਰੂ ਕਰਨ ਲਈ ਕਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ.ਐਸ.ਪੀ.ਐਲ.) ਕੋਲ ਐਮ.ਸੀ.ਐਲ./ਤਲਚਰ ਤੋਂ 67.20 ਲੱਖ ਮੀਟਰਿਕ ਟਨ ਕੋਲੇ ਦੀ ਲਿੰਕੇਜ਼ ਹੈ। ਉਨ੍ਹਾਂ ਕਿਹਾ ਕਿ ਇਸ ਐਡਵਾਈਜ਼ਰੀ ਮੁਤਾਬਕ ਤਕਰੀਬਨ 12-13 ਲੱਖ ਮੀਟਰਿਕ ਟਨ ਕੋਲਾ ਆਰ.ਐਸ.ਆਰ. ਮਾਧਿਅਮ ਰਾਹੀਂ ਲਿਆਉਣਾ ਪਵੇਗਾ।ਮੁੱਖ ਮੰਤਰੀ ਨੇ ਰੋਸ ਪ੍ਰਗਟ ਕੀਤਾ ਕਿ ਆਰ.ਐਸ.ਆਰ. ਮਾਧਿਅਮ ਰਾਹੀਂ ਕੋਲੇ ਦੇ ਪਹੁੰਚ ਮੁੱਲ ਵਿੱਚ ਤਕਰੀਬਨ 1600 ਰੁਪਏ ਪ੍ਰਤੀ ਮੀਟਰਿਕ ਟਨ ਦਾ ਵੱਡਾ ਵਾਧਾ ਹੋਵੇਗਾ, ਜਿਸ ਨਾਲ ਹਰ ਸਾਲ ਤਕਰੀਬਨ 200 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਐਮ.ਸੀ.ਐਲ. ਤੇ ਪੰਜਾਬ ਵਿਚਾਲੇ ਰੇਲ ਮਾਰਗ ਰਾਹੀਂ ਦੂਰੀ ਤਕਰੀਬਨ 1900 ਕਿਲੋਮੀਟਰ ਹੈ, ਜਦੋਂ ਕਿ ਤਜਵੀਜ਼ਤ ਆਰ.ਐਸ.ਆਰ. ਮਾਧਿਅਮ ਰਾਹੀਂ ਰੇਲ ਮਾਰਗ ਤਕਰੀਬਨ 1700-1800 ਕਿਲੋਮੀਟਰ ਦੇ ਨਾਲ-ਨਾਲ ਪਰਾਦੀਪ ਤੇ ਮੁੰਦਰਾ ਵਿਚਾਲੇ ਤਕਰੀਬਨ 4360 ਕਿਲੋਮੀਟਰ ਦਾ ਵਾਧੂ ਸਮੁੰਦਰੀ ਸਫ਼ਰ ਪਵੇਗਾ। ਭਗਵੰਤ ਮਾਨ ਨੇ ਆਖਿਆ ਕਿ ਐਮ.ਸੀ.ਐਲ. ਤੋਂ ਪੰਜਾਬ ਕਾਫ਼ੀ ਦੂਰ ਸਥਿਤ ਹੈ, ਜਿਸ ਕਾਰਨ ਕੋਲੇ ਦੀ ਕੁੱਲ ਪਹੁੰਚ ਲਾਗਤ ਦਾ 60 ਫੀਸਦੀ ਤਾਂ ਢੁਆਈ ਦੀ ਹੀ ਲਾਗਤ ਹੈ।
ਮੁੱਖ ਮੰਤਰੀ ਨੇ ਇਹ ਵੀ ਰੋਸ ਪ੍ਰਗਟ ਕੀਤਾ ਕਿ 1400 ਕਿਲੋਮੀਟਰ ਤੋਂ ਜ਼ਿਆਦਾ ਦੂਰ ਸਥਿਤ ਤਾਪ ਬਿਜਲੀ ਘਰਾਂ ਨੂੰ ਰੇਲਵੇ ਵੱਲੋਂ ਕਿਰਾਏ ਵਿੱਚ ਦਿੱਤੀ ਰਾਹਤ 31 ਦਸੰਬਰ 2021 ਵਿੱਚ ਖ਼ਤਮ ਹੋਣ ਮਗਰੋਂ ਵਧਾਈ ਨਹੀਂ ਗਈ, ਜਿਸ ਦੇ ਨਤੀਜੇ ਵਜੋਂ ਰੇਲਵੇ ਦੇ ਭਾੜੇ ਵਿੱਚ ਯਕਦਮ ਵਾਧਾ ਹੋਇਆ। ਭਗਵੰਤ ਮਾਨ ਨੇ ਆਖਿਆ ਕਿ ਆਰ.ਐਸ.ਆਰ. ਮਾਧਿਅਮ ਰਾਹੀਂ ਕੋਲੇ ਦੀ ਢੁਆਈ ਦੌਰਾਨ ਲੱਦਣ ਤੇ ਲਾਹੁਣ ਲਈ ਕਈ ਸਾਧਨ ਲੱਗਣਗੇ, ਜਿਸ ਨਾਲ ਟਰਾਂਜਿਟ ਨੁਕਸਾਨ 0.8 ਫੀਸਦੀ ਤੋਂ ਵਧ ਕੇ 1.4 ਫੀਸਦੀ ਹੋ ਜਾਵੇਗਾ। ਇਸ ਤੋਂ ਇਲਾਵਾ ਢੁਆਈ ਤੇ ਲੁਹਾਈ ਦੇ ਜ਼ਿਆਦਾ ਸਾਧਨ ਹੋਣ ਕਾਰਨ ਕੋਲੇ ਦੀ ਗੁਣਵੱਤਾ ਵਿੱਚ ਵੀ ਗਿਰਾਵਟ ਆਉਣ ਦੇ ਨਾਲ ਖਾਣ (ਐਮ.ਸੀ.ਐਲ.) ਤੋਂ ਲੋਡਿੰਗ ਹੋਣ ਤੋਂ ਤਾਪ ਬਿਜਲੀ ਘਰ ਤੱਕ ਪੁੱਜਣ ਵਿੱਚ ਲਗਦਾ ਢੁਆਈ ਸਮਾਂ ਰੇਲ ਮਾਧਿਅਮ ਦੇ ਚਾਰ ਤੋਂ ਪੰਜ ਦਿਨਾਂ ਦੇ ਮੁਕਾਬਲੇ ਤਕਰੀਬਨ 25 ਦਿਨਾਂ ਦਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਆਰ.ਐਸ.ਆਰ. ਮਾਧਿਅਮ ਰਾਹੀਂ ਪੰਜਾਬ ਦੇ ਤਾਪ ਬਿਜਲੀ ਘਰਾਂ ਲਈ ਘਰੇਲੂ ਕੋਲੇ ਦੀ ਟਰਾਂਸਪੋਰਟੇਸ਼ਨ ਲਾਹੇਵੰਦ ਨਹੀਂ ਹੋਵੇਗੀ ਕਿਉਂਕਿ ਇਸ ਨਾਲ ਪੰਜਾਬ ਦੇ ਲੋਕਾਂ ਉਤੇ ਬਿਜਲੀ ਦਰਾਂ ਦਾ ਬੋਝ ਵਧੇਗਾ। ਉਨ੍ਹਾਂ ਕਿਹਾ ਕਿ ਜੇ ਰੇਲਵੇ ਕੋਲ ਢੁਆਈ ਲਈ ਢੁਕਵੇਂ ਰੈਕਾਂ ਲਾਉਣ ਵਿੱਚ ਬੁਨਿਆਦੀ ਢਾਂਚੇ ਦੀ ਘਾਟ ਹੈ ਤਾਂ ਇਸ ਦਾ ਬੋਝ ਸਾਰੇ ਸੂਬਿਆਂ ਨੂੰ ਬਰਾਬਰ ਚੁੱਕਣਾ ਚਾਹੀਦਾ ਹੈ।ਇਸ ਦੌਰਾਨ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਆਰ.ਕੇ.ਸਿੰਘ ਕੋਲ ਰਾਜ ਦੇ ਕੋਟੇ ਵਿੱਚੋਂ ਬੀਬੀਐਮਬੀ ਵਿੱਚ ਮੈਂਬਰ ਪਾਵਰ ਨਿਯੁਕਤ ਕਰਨ ਦਾ ਮੁੱਦਾ ਵੀ ਉਠਾਇਆ। ਦੋਵੇਂ ਆਗੂ ਬੀਬੀਐਮਬੀ ਦੇ ਮਾਮਲਿਆਂ ਨੂੰ ਸੁਚਾਰੂ ਬਣਾਉਣ ਲਈ ਜਲਦੀ ਤੋਂ ਜਲਦੀ ਮੈਂਬਰ ਨਿਯੁਕਤ ਕਰਨ ਲਈ ਵੀ ਸਹਿਮਤ ਹੋਏ। ਉਨ੍ਹਾਂ ਇਸ ਗੱਲ ‘ਤੇ ਵੀ ਰਜ਼ਾਮੰਦੀ ਪ੍ਰਗਟਾਈ ਕਿ ਮੈਂਬਰ ਦੀ ਨਿਯੁਕਤੀ ਦੀ ਸਮੁੱਚੀ ਪ੍ਰਕਿਰਿਆ ਜਲਦੀ ਹੀ ਮੁਕੰਮਲ ਕਰ ਲਈ ਜਾਵੇਗੀ।ਇਕ ਹੋਰ ਮਸਲਾ ਚੁੱਕਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਅਲਾਟ ਹੋਈ ਪਛਵਾੜਾ ਕੇਂਦਰੀ ਖਾਣ ਤੋਂ ਕੋਲੇ ਦਾ ਉਤਪਾਦਨ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਖਾਣ ਕੋਲ ਸੂਬੇ ਦੇ ਤਾਪ ਬਿਜਲੀ ਘਰਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਟੀ.ਐਸ.ਪੀ.ਐਲ. ਨੂੰ ਦੇਣ ਲਈ ਢੁਕਵੀਂ ਮਾਤਰਾ ਵਿੱਚ ਕੋਲਾ ਮੌਜੂਦ ਹੈ, ਜਿਸ ਕਾਰਨ ਭਵਿੱਖ ਵਿੱਚ ਪੰਜਾਬ ਦੇ ਬਿਜਲੀ ਘਰਾਂ ਲਈ ਕੋਲੇ ਦੀ ਵਿਦੇਸ਼ਾਂ ਤੋਂ ਦਰਾਮਦ ਕਰਨ ਦੀ ਕੋਈ ਲੋੜ ਨਹੀਂ ਪਵੇਗੀ। ਭਗਵੰਤ ਮਾਨ ਨੇ ਕੇਂਦਰੀ ਮੰਤਰੀ ਨੂੰ ਕਿਹਾ ਕਿ ਪੰਜਾਬ ਨੂੰ ਆਪਣੀ ਨਿਰਧਾਰਤ ਪਛਵਾੜਾ ਖਾਣ ਦਾ ਕੋਲਾ 50 ਫੀਸਦੀ ਟਰਾਂਸਫਰ ਹੱਦ ਅਤੇ ਰਾਇਲਟੀ ਤੋਂ ਬਗੈਰ ਦੋਵਾਂ ਟੀ.ਐਸ.ਪੀ.ਐਲ. ਅਤੇ ਨਾਭਾ ਪਾਵਰ ਲਿਮਟਿਡ (ਐਨ.ਪੀ.ਐਲ.) ਲਈ ਵਰਤਣ ਦੀ ਪ੍ਰਵਾਨਗੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪਛਵਾੜਾ ਕੋਲਾ ਖਾਣ ਦਾ ਕੋਲਾ ਉੱਚ ਗੁਣਵੱਤਾ ਵਾਲਾ ਹੈ, ਜਿਹੜਾ 4300 ਕੇ.ਸੀ.ਏ.ਐਲ./ਕਿਲੋਗ੍ਰਾਮ ਦੀ ਉੱਚ ਜੀ.ਸੀ.ਵੀ. ਅਤੇ 29 ਫੀਸਦੀ ਦੇ ਐਸ਼ ਕੰਟੈਂਟ ਵਾਲਾ ਹੈ, ਜਦੋਂ ਕਿ ਐਮ.ਸੀ.ਐਲ. ਦਾ ਕੋਲਾ 3000 ਕੇ.ਸੀ.ਏ.ਐਲ./ਕਿਲੋਗ੍ਰਾਮ ਅਤੇ 41 ਫੀਸਦੀ ਐਸ਼ ਕੰਟੈਂਟ ਵਾਲਾ ਹੈ।
ਮਜ਼ਦੂਰ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣਾ ਸਰਕਾਰ ਦੀ ਤਰਜੀਹ: ਲਾਲ ਚੰਦ ਕਟਾਰੂਚੱਕ
ਸੂਬੇ ਭਰ ਦੀਆਂ ਮਜ਼ਦੂਰ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਨਾਲ ਕੀਤੀ ਮੁਲਾਕਾਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ,9 ਦਸੰਬਰ :ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਪੂਰਨ ਤੌਰ ਉੱਤੇ ਵਚਨਬੱਧ ਹੈ ਅਤੇ ਮਜ਼ਦੂਰ ਵਰਗ ਜੋ ਕਿ ਸੂਬੇ ਦੀ ਆਰਥਿਕਤਾ ਦਾ ਅਨਿੱਖੜਵਾਂ ਅੰਗ ਹੈ, ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਸਰਕਾਰ ਦੀਆਂ ਤਰਜੀਹਾਂ ਵਿੱਚੋਂ ਇੱਕ ਹੈ ਜਿਸ ਵਿੱਚ ਸਰਕਾਰ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ। ਸੂਬੇ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਇਹ ਵਿਚਾਰ ਅੱਜ ਇੱਥੇ ਸੈਕਟਰ-39, ਅਨਾਜ ਭਵਨ ਵਿਖੇ ਸੂਬੇ ਭਰ ਦੀਆਂ ਮਜ਼ਦੂਰ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਗਟ ਕੀਤੇ। ਇਸ ਮੌਕੇ ਉਹਨਾਂ ਇਹ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਮਜ਼ਦੂਰ ਵਰਗ ਦੀ ਲੁੱਟ-ਖਸੁੱਟ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।ਮੰਤਰੀ ਨੇ ਇਹ ਵੀ ਕਿਹਾ ਕਿ ਇਹ ਨਿਯਮ ਸਪੱਸ਼ਟ ਰੂਪ ਵਿੱਚ ਲਾਗੂ ਹੈ ਕਿ ਮਜ਼ਦੂਰਾਂ ਦੇ ਈ.ਪੀ.ਐੱਫ. ਅਤੇ ਈ.ਐੱਸ.ਆਈ. ਸਬੰਧੀ ਬਣਦੀਆਂ ਕਟੌਤੀਆਂ ਦੀ ਪ੍ਰਤੀਸ਼ਤਤਾ ਦਾ 50 ਫੀਸਦੀ ਹਿੱਸਾ ਮਜ਼ਦੂਰ ਵਲੋਂ ਅਤੇ ਬਾਕੀ ਦਾ 50 ਫੀਸਦੀ ਠੇਕੇਦਾਰ ਵੱਲੋਂ ਪਾਇਆ ਜਾਵੇਗਾ ਅਤੇ ਇਸ ਨਿਯਮ ਦੀ ਉਲੰਘਣਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਹੋਰਨਾਂ ਮੁੱਦਿਆਂ ਉੱਤੇ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੋਂ ਤੱਕ ਵਰਕਰ ਮੈਨੇਜਮੈਂਟ ਕਮੇਟੀਆਂ ਦਾ ਸਵਾਲ ਹੈ ਤਾਂ ਇਹਨਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਸਿਰਫ਼ ਉਹਨਾਂ ਪ੍ਰਤੀਨਿਧੀਆਂ ਨੂੰ ਹੀ ਸ਼ਾਮਿਲ ਕੀਤਾ ਜਾਵੇਗਾ ਜੋ ਕਿ ਸੰਯੁਕਤ ਐਕਸ਼ਨ ਕਮੇਟੀ ਦੁਆਰਾ ਨਾਮਜ਼ਦ ਅਤੇ ਮਜ਼ਦੂਰ ਵਰਗ ਦੀ ਸਹੀ ਪ੍ਰਤੀਨਿਧਤਾ ਕਰਦੇ ਹੋਣ। ਉਹਨਾਂ ਅੱਗੇ ਕਿਹਾ ਕਿ ਜਿੱਥੋਂ ਤੱਕ ਮਜ਼ਦੂਰਾਂ ਨੂੰ ਸਿੱਧੇ ਤੌਰ ਉੱਤੇ ਬਿਨਾ ਠੇਕੇਦਾਰ ਦੀ ਦਖਲਅੰਦਾਜ਼ੀ ਦੇ ਅਦਾਇਗੀਆਂ ਕਰਨ ਦੀ ਗੱਲ ਹੈ ਤਾਂ ਇਹ ਮੁੱਦਾ ਸਰਕਾਰ ਵੱਲੋਂ ਪੂਰੀ ਸਕਾਰਾਤਮਕ ਸੋਚ ਨਾਲ ਵਿਚਾਰਿਆ ਜਾਵੇਗਾ ਅਤੇ ਉਹਨਾਂ ਇਹ ਹਦਾਇਤਾਂ ਵੀ ਦਿੱਤੀਆਂ ਕਿ ਮਜ਼ਦੂਰਾਂ ਨੂੰ ਅਦਾਇਗੀਆਂ ਦੇਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਡਾਇਰੈਕਟਰ ਸ੍ਰੀ ਘਨਸ਼ਿਆਮ ਥੋਰੀ ਵੀ ਮੌਜੂਦ ਸਨ।





