ਸੁਖਜਿੰਦਰ ਮਾਨ
ਬਠਿੰਡਾ, 8 ਦਸੰਬਰ :ਜ਼ਿਲ੍ਹਾ ਸੈਨਿਕ ਬੋਰਡ ਬਠਿੰਡਾ ਵੱਲੋਂ ਹਥਿਆਰਬੰਦ ਸੈਨਾ ਝੰਡਾ ਦਿਵਸ 2022 ਦਾ ਉਦਘਾਟਨ ਕੀਤਾ ਗਿਆ। ਜਿਸ ਵਿੱਚ ਦੇਸ਼ ਦੀ ਰੱਖਿਆ ਲਈ ਸੂਬਾ ਵਾਸੀਆਂ ਅਤੇ ਸੁਰੱਖਿਆ ਬਲਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਪਰੰਪਰਾ ਅਨੁਸਾਰ ਬੋਰਡ ਵੱਲੋਂ ਫਲੈਗ ਫੰਡ ਇਕੱਠਾ ਕੀਤਾ ਗਿਆ। ਇਹ ਫੰਡ ਦੇਸ਼ ਲਈ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਅਤੇ ਅਪਾਹਜ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਹਾਇਤਾ ਦੇ ਰੂਪ ਵਿੱਚ ਦਿੱਤਾ ਜਾਵੇਗਾ। ਉਕਤ ਸਹਾਇਤਾ ਰਾਸ਼ੀ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਬਠਿੰਡਾ ਵੱਲੋਂ ਵੱਖ-ਵੱਖ ਸੰਸਥਾਵਾਂ ਦੀ ਤਰਫੋਂ ਇਕੱਠੀ ਕੀਤੀ ਗਈ ਹੈ। ਜਿਸ ਵਿੱਚ ਬਠਿੰਡਾ ਦੇ ਮਸ਼ਹੂਰ ਕੋਸਮੋ ਹਸਪਤਾਲ ਨੇ ਸ਼ਿਰਕਤ ਕੀਤੀ ਅਤੇ ਸਹਾਇਤਾ ਪ੍ਰਦਾਨ ਕੀਤੀ ਅਤੇ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਆਪਣੇ ਹਸਪਤਾਲ ਵਿੱਚ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ। ਇਸ ਮੌਕੇ ਕੋਸਮੋ ਹਸਪਤਾਲ ਦੇ ਐਮਡੀ ਡਾ: ਰਮਨ ਗੋਇਲ ਅਤੇ ਡਾ: ਰਮਨਦੀਪ ਗੋਇਲ ਨੇ ਡੀਸੀ ਬਠਿੰਡਾ ਸ਼ੌਕਤ ਅਹਿਮਦ ਪਰੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਵਿੱਖ ਵਿੱਚ ਵੀ ਅਸੀਂ ਅਜਿਹੇ ਲੋਕਾਂ ਵਿੱਚ ਯੋਗਦਾਨ ਪਾਉਣ ਲਈ ਹਮੇਸ਼ਾ ਤਿਆਰ ਰਹਾਂਗੇ। ਇਸ ਮੌਕੇ ਜ਼ਿਲ੍ਹਾ ਸੈਨਿਕ ਬੋਰਡ ਅਫ਼ਸਰ ਐਮ.ਐਸ. ਰੰਧਾਵਾ ਨੇ ਡਾਕਟਰ ਰਮਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਸੇਵਾਮੁਕਤ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਹਸਪਤਾਲ ਸਬੰਧੀ ਲੋੜ ਪੈਣ ‘ਤੇ ਉਹ ਉਨ੍ਹਾਂ ਦੀ ਮਦਦ ਜ਼ਰੂਰ ਲੈਣਗੇ। ਡਾ: ਰਮਨ ਨੇ ਦੱਸਿਆ ਕਿ ਇਸ ਦਿਨ ਕੋਸਮੋ ਹਸਪਤਾਲ ਦੇ ਸਮੁੱਚੇ ਸਟਾਫ਼ ਨੇ ਜ਼ਿਲ੍ਹਾ ਸੈਨਿਕ ਬੋਰਡ ਬਠਿੰਡਾ ਵੱਲੋਂ ਭੇਜਿਆ ਝੰਡਾ ਲਹਿਰਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ |
ਜ਼ਿਲ੍ਹਾ ਸੈਨਿਕ ਬੋਰਡ ਨੇ ਕੋਸਮੋ ਹਸਪਤਾਲ ਨੂੰ ਪ੍ਰਸ਼ੰਸਾ ਪੁਰਸਕਾਰ ਨਾਲ ਕੀਤਾ ਸਨਮਾਨਿਤ
ਜੌਗਰਫ਼ੀ ਟੀਚਰਜ਼ ਯੂਨੀਅਨ ਪੰਜਾਬ ਦੀ ਬੋਰਡ ਦੇ ਚੇਅਰਮੈਨ ਨਾਲ ਮੀਟਿੰਗ
ਸਕੂਲਾਂ ‘ਚ ਜੌਗਰਫ਼ੀ ਵਿਸ਼ੇ ਦੀਆਂ ਕਿਤਾਬਾਂ ਭੇਜਣ ਦੀ ਮੰਗ
ਪੰਜਾਬੀ ਖ਼ਬਰਸਾਰ ਬਿਉਰੋ
ਮੁਹਾਲੀ, 8 ਦਸੰਬਰ:ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਦੇ ਵਫ਼ਦ ਨੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਚੀਫ਼ ਮਨਿਸਟਰ ਐਵਾਰਡੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੇ ਚੇਅਰਮੈਨ ਪ੍ਰੋ. ਯੋਗਰਾਜ ਨਾਲ ਪੰਜਾਬ ਦੇ ਸੀਨੀ: ਸੈਕੰ: ਸਕੂਲਾਂ ਵਿੱਚ 11ਵੀਂ ਤੇ 12ਵੀਂ ਸ਼੍ਰੇਣੀ ਦੇ ਭੂਗੋਲ (ਜੌਗਰਫ਼ੀ) ਵਿਸ਼ਾ ਪੜ੍ਹ ਰਹੇ ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਪੁਸਤਕਾਂ ਨਾ ਪਹੁੰਚਣ ਬਾਰੇ ਦੱਸਿਆ। ਮੀਟਿੰਗ ਦੌਰਾਨ ਜੱਥੇਬੰਦੀਆਂ ਦੇ ਆਗੂਆਂ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ, ਸਕੱਤਰ ਸ਼ਮਸ਼ੇਰ ਸਿੰਘ ਸ਼ੈਰੀ, ਖਜਾਨਚੀ ਚਮਕੌਰ ਸਿੰਘ ਮੋਗਾ, ਤਲਵਿੰਦਰ ਸਿੰਘ ਪਟਿਆਲਾ, ਬਲਜੀਤ ਸਿੰਘ ਫਤਿਹਗੜ੍ਹ ਸਾਹਿਬ ਅਤੇ ਸੁਖਵਿੰਦਰ ਸਿੰਘ ਲੁਧਿਆਣਾ ਨੇ ਚੇਅਰਮੈਨ ਦੇ ਧਿਆਨ ਵਿੱਚ ਲਿਆਂਦਾ ਕਿ ਸ਼ੈਸ਼ਨ 2022-23 ਦੌਰਾਨ 11ਵੀਂ ਤੇ 12ਵੀਂ ਸ਼੍ਰੇਣੀਆਂ ਨੂੰ ਬਹੁਤ ਸਾਰੇ ਜਿਲ੍ਹਿਆਂ ਵਿੱਚ ਅਜੇ ਤੱਕ ਜੌਗਰਫ਼ੀ ਵਿਸ਼ੇ ਦੀਆਂ ਕਿਤਾਬਾਂ ਪ੍ਰਾਪਤ ਨਹੀਂ ਹੋਈਆਂ। ਜਦੋਂਕਿ ਸਾਲਾਨਾ ਪ੍ਰੀਖਿਆਵਾਂ ਵਿੱਚ ਬਹੁਤ ਘੱਟ ਸਮਾਂ ਬੱਚਦਾ ਹੈ। ਪਹਿਲਾਂ ਹੀ ਵਿਦਿਆਰਥੀਆਂ ਦਾ ਬਹੁਤ ਸਾਰਾ ਵਿੱਦਿਅਕ ਨੁਕਸਾਨ ਹੋ ਚੁੱਕਾ ਹੈ। ਇਸ ਨੁਕਸਾਨ ਦੀ ਪੂਰਤੀ ਲਈ ਤੇ ਇਮਤਿਹਾਨ ਵਿੱਚ ਵਿਦਿਆਰਥੀਆਂ ਦੇ ਕਾਮਯਾਬੀ ਹਾਸਲ ਕਰਨ ਲਈ ਫੀਲਡ (ਸਕੂਲਾਂ) ਵਿੱਚ ਦੋਹਾਂ ਸ਼੍ਰੇਣੀਆਂ ਦੀਆਂ ਭੂਗੋਲ (ਜੌਗਰਫੀ) ਵਿਸ਼ੇ ਦੀਆਂ ਪੰਜਬੀ ਮਾਧਿਅਮ ਅਤੇ ਕੁਝ ਅੰਗਰੇਜ਼ੀ ਮਾਧਿਅਮ ਦੀਆਂ ਪਾਠ-ਪੁਸਤਕਾਂ ਜਲਦੀ ਭੇਜੀਆਂ ਜਾਣ। ਮੁਲਾਕਾਤ ਦੌਰਾਨ ਚੇਅਰਮੈਨ ਪ੍ਰੋ. ਯੋਗਰਾਜ ਨੇ ਜੱਥੇਬੰਦੀ ਦੀ ਮੰਗ ਨਾਲ ਸਹਿਮਤ ਹੁੰਦਿਆਂ ਬੋਰਡ ਦੀ ਸੰਬੰਧਤ ਸ਼ਾਖਾ ਨੂੰ ਤੁਰੰਤ ਰਿਪੋਰਟ ਕਰਨ ਬਾਰੇ ਲਿਖਿਆ।
ਮੁੱਖ ਸਕੱਤਰ ਵੱਲੋਂ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਤੇ ਪ੍ਰਬੰਧਨ ਲਈ ਵਿਆਪਕ ਯੋਜਨਾ ਉਲੀਕਣ ਦੇ ਨਿਰਦੇਸ਼
ਅਵਾਰਾ ਪਸ਼ੂਆਂ ਨਾਲ ਹਾਦਸਾਗ੍ਰਸਤ ਪੀੜਤਾਂ ਨੂੰ ਮੁਆਵਜ਼ੇ ਦੀ ਇਕਸਾਰ ਨੀਤੀ ਬਣਾਉਣ ਲਈ ਕਮੇਟੀ ਬਣਾਉਣ ਲਈ ਕਿਹਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 8 ਦਸੰਬਰ: ਸੂਬੇ ਵਿੱਚ ਖੁੱਲ੍ਹੇ ਵਿੱਚ ਘੁੰਮਦੇ ਅਵਾਰਾ ਪਸ਼ੂਆਂ ਕਾਰਨ ਵਾਪਰਦੇ ਹਾਦਸਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਇਨ੍ਹਾਂ ਦੀ ਸਾਂਭ ਸੰਭਾਲ ਅਤੇ ਪ੍ਰਬੰਧਨ ਲਈ ਯੋਜਨਾ ਉਲੀਕਣ ਅਤੇ ਅਵਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਢੁੱਕਵਾ ਮੁਆਵਜ਼ਾ ਦੇਣ ਲਈ ਇਕਸਾਰ ਨੀਤੀ ਬਣਾਉਣ ਵਾਸਤੇ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਸਥਾਨਕ ਸਰਕਾਰਾਂ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪੋ-ਆਪਣੇ ਖੇਤਰਾਂ ਵਿੱਚ ਖੁੱਲ੍ਹੇਆਮ ਘੁੰਮਦੇ ਅਵਾਰਾ ਪਸ਼ੂਆਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਨੂੰ ਖਾਸ ਵਾਹਨ ਰਾਹੀਂ ਨੇੜਲੀਆਂ ਗਊਸ਼ਾਲਾਵਾਂ ਅੰਦਰ ਛੱਡਣ ਦੀ ਵਿਵਸਥਾ ਤਿਆਰ ਕਰਨ। ਉਨ੍ਹਾਂ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੂੰ ਕਿਹਾ ਕਿ ਕੋਈ ਅਜਿਹਾ ਟਰੈਕਿੰਗ ਸਿਸਟਮ ਬਣਾਇਆ ਜਾਵੇ ਜਿਸ ਰਾਹੀਂ ਜੀਓ ਮੈਪਿੰਗ ਪਤਾ ਲੱਗ ਸਕੇ ਕਿ ਅਵਾਰਾ ਪਸ਼ੂ ਕਿਸ ਜਗਾਂ ਘੁੰਮ ਰਿਹਾ ਹੈ। ਇਸ ਲਈ ਕੰਟਰੋਲ ਰੂਮ ਵੀ ਸਥਾਪਤ ਕੀਤਾ ਜਾ ਸਕਦਾ ਹੈ ਜਿੱਥੋਂ ਅਵਾਰਾ ਪਸ਼ੂ ਵਾਲੀ ਜਗਾਂ ਉਤੇ ਇਸ ਨੂੰ ਲਿਜਾਣ ਵਾਲੇ ਵਾਹਨ ਨੂੰ ਭੇਜਿਆ ਜਾਵੇ। ਮੁੱਖ ਸਕੱਤਰ ਨੇ ਕਿਹਾ ਕਿ ਸੂਬੇ ਵਿੱਚ ਅਵਾਰਾ ਪਸ਼ੂਆਂ ਨਾਲ ਵਾਪਰਦੇ ਹਾਦਸੇ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ, ਇਸ ਨਾਲ ਮਨੁੱਖੀ ਜਾਨਾਂ ਅਜਾਈ ਜਾਂਦੀਆਂ ਹਨ। ਅਵਾਰਾ ਪਸ਼ੂਆਂ ਦੇ ਰੋਕਥਾਮ ਲਈ ਸਬੰਧਤ ਮਹਿਕਮੇ ਮਿਲ ਕੇ ਕੰਮ ਕਰਨ। ਇਸ ਦੌਰਾਨ ਮੀਟਿੰਗ ਵਿੱਚ ਅਵਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਨਾਲ ਜਾਨ ਗਵਾਉਣ ਵਾਲੇ ਵਿਅਕਤੀ ਦੇ ਪਰਿਵਾਰ ਨੂੰ ਮੁਆਵਾਜ਼ਾ ਰਾਸ਼ੀ ਦੇਣ ਦੀ ਨੀਤੀ ਉਤੇ ਵੀ ਵਿਚਾਰ ਕੀਤਾ ਗਿਆ। ਇਸ ਸਬੰਧੀ ਮੁੱਖ ਸਕੱਤਰ ਵੱਲੋਂ ਵਿੱਤ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤਾਂ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ, ਪ੍ਰਮੁੱਖ ਸਕੱਤਰ ਪਸ਼ੂ ਪਾਲਣ, ਪ੍ਰਮੁੱਖ ਸਕੱਤਰ ਟਰਾਂਸਪੋਰਟ ਤੇ ਏ.ਡੀ.ਜੀ.ਪੀ. ਟਰੈਫਿਕ ਦੀ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਤਾਂ ਜੋ ਢੁੱਕਵਾਂ ਮੁਆਵਜ਼ਾ ਦੇਣ ਲਈ ਇਕਸਾਰ ਨੀਤੀ ਬਣਾਈ ਜਾ ਸਕੀ। ਮੀਟਿੰਗ ਵਿੱਚ ਵਿੱਤ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤਾਂ ਕੇ ਸਿਵਾ ਪ੍ਰਸਾਦ, ਪ੍ਰਮੁੱਖ ਸਕੱਤਰ ਪਸ਼ੂ ਪਾਲਣ ਵਿਕਾਸ ਪ੍ਰਤਾਪ, ਪ੍ਰਮੁੱਖ ਸਕੱਤਰ ਪ੍ਰਸ਼ਾਸਨਿਕ ਸੁਧਾਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਵੇਕ ਪ੍ਰਤਾਪ ਸਿੰਘ, ਪ੍ਰਮੁੱਖ ਸਕੱਤਰ ਵਿੱਤ ਅਜੋਏ ਕੁਮਾਰ ਸਿਨਹਾ ਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਵੈਟਰਨਰੀ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਹਾਜ਼ਰ ਸਨ।
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਨਾਮ ਨੂੰ ਸ਼ੋਰਮਣੀ ਕਮੇਟੀ ਦੀ ਰਾਏ ਮੁਤਾਬਿਕ ਤਬਦੀਲ ਕੀਤਾ ਜਾਵੇ- ਭਾਈ ਗਰੇਵਾਲ/ਖਾਲਸਾ
ਪੰਜਾਬੀ ਖ਼ਬਰਸਾਰ ਬਿਉਰੋ
ਤਲਵੰਡੀ ਸਾਬੋ, 8 ਦਸੰਬਰ: ਸਿੱਖ ਕੌਮ ਦੇ ਕਰੀਬ ਤਿੰਨ ਤਿੰਨ ਸਦੀਆਂ ਦੇ ਇਤਿਹਾਸ ਦੌਰਾਨ ਕੌਮ ਨੇ ਵੱਡੀਆਂ ਸ਼ਹਾਦਤਾਂ, ਜ਼ੁਲਮ ਦੇ ਖਿਲਾਫ਼ ਡਟਣਾਂ, ਗੁਰੂ ਸਿਧਾਂਤ ਦੇ ਪ੍ਰਚਾਰ ਪਸਾਰ ਨੂੰ ਦੁਨੀਆਂ ਤੱਕ ਲੈ ਕੇ ਜਾਣਾ, ਮਾਨਵਤਾ ਦੇ ਭਲੇ ਲਈ ਡਟ ਕੇ ਪਹਿਰਾ ਦੇਣਾ, ਮਨੁੱਖੀ ਹੱਕਾਂ ਲਈ ਸੰਘਰਸ਼ ਕਰਨ ਵਰਗੀਆਂ ਅਜਿਹੀਆਂ ਜਿੰਮੇਵਾਰੀਆਂ ਨਿਭਾਉਣ ਦਾ ਇਤਿਹਾਸ ਸੁਨਹਿਰੀ ਅੱਖਰਾਂ ’ਚ ਉਕਰਿਆ ਮਿਲਦਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ?ਰਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜ਼ੋਨ ਦੇ ਮੁੱਖ ਸੇਵਾਦਾਰ ਭਾਈ ਗੁਰਬਖਸ਼ ਸਿੰਘ ਖਾਲਸਾ ਮੈਂਬਰ ਸ਼ੋਰਮਣੀ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਜਾਰੀ ਇਕ ਬਿਆਨ ਰਾਹੀਂ ਪ੍ਰਗਟ ਕੀਤੇ। ਭਾਈ ਗਰੇਵਾਲ ਤੇ ਖਾਲਸਾ ਨੇ ਜ਼ਿਕਰ ਕਰਦਿਆਂ ਕਿਹਾ ਕਿ ਸਿੱਖਾਂ ਦੇ ਸੁਨਹਿਰੀ ਇਤਿਹਾਸ ਦਾ ਪੰਨਾ ਸਾਹਿਬਜ਼ਾਦਿਆਂ ਦੀ ਕੁਰਬਾਨੀ ਆਪਣੇ ਆਪ ’ਚ ਦੁਨੀਆਂ ਅੰਦਰ ਇਕ ਵਿਲੱਖਣ ਮਿਸਾਲ ਹੈ। 7 ਸਾਲ ਤੇ 9 ਸਾਲ ਦੇ ਸਾਹਿਬਜ਼ਾਦਿਆਂ ਵੱਲੋਂ ਕਿਸੇ ਵੀ ਜ਼ਬਰ ਜ਼ੁਲਮ ਜਾਂ ਦਬਾਅ ਨੂੰ ਨਾ ਝਲਦਿਆਂ ਕੌਮ ਦੀ ਚੜ੍ਹਦੀ ਕਲਾ ਲਈ ਆਪਣਾ ਆਪਾਂ ਸਮਰਪਣ ਕੀਤਾ। ਉਨ੍ਹਾਂ ਬਾਲ ਉਮਰੇ ਬਾਬਿਆਂ ਵਾਲਾ ਕਾਰਨਾਮਾ ਕੀਤਾ, ਜਿਸ ਕਰਕੇ ਉਨ੍ਹਾਂ ਨੂੰ ਕੌਮ ਦੇ ਬਾਬਿਆਂ ਦਾ ਖਿਤਾਬ ਦਿੱਤਾ ਗਿਆ ਹੈ। ਅੱਜ ਭਾਰਤ ਦੀ ਮੋਦੀ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹਾਦਤ ਨੂੰ ‘ਵੀਰ ਬਾਲ ਦਿਵਸ’ ਦੇ ਨਾਮ ਹੇਠਾਂ ਮਨਾਉਣ ਦਾ, ਜੋ ਫੈਸਲਾ ਕੀਤਾ ਗਿਆ ਹੈ, ਉਹ ਸ਼ਲਾਘਾਯੋਗ ਹੈ। ਪਰ ਉਸ ਦੇ ਨਾਮ ਨੂੰ ਲੈ ਕੇ ਸ਼ੋਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਿੱਖ ਕੌਮ ਦੀਆਂ ਭਾਵਨਾ ਨੂੰ ਪ੍ਰਗਟ ਕਰਦਾ ਇਕ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜਿਆ ਗਿਆ ਹੈ, ਜਿਸ ਨੂੰ ਕਿਸੇ ਟੀਕਾ ਟਿੱਪਣੀ ਦਾ ਨਾਮ ਨਾ ਦੇ ਕੇ ਸਾਹਿਬਜ਼ਾਦਿਆਂ ਵੱਲੋਂ ਵੱਡਾ ਇਤਿਹਾਸ ਸਿਰਜਣ ਤੇ ਉਨ੍ਹਾਂ ਨੂੰ ਕੌਮ ਦੇ ਬਾਲ ਨਾ ਕਹਿਕੇ ਬਾਬੇ ਦੇ ਨਾਮ ਨਾਲ ਸਤਿਕਾਰ ਦਿੱਤਾ ਗਿਆ ਹੈ। ਅਸੀਂ ਸ਼ੋਰਮਣੀ ਕਮੇਟੀ ਦੇ ਪ੍ਰਧਾਨ ਵਿਚਾਰਾਂ ਨਾਲ ਪੂਰਨ ਰੂਪ ’ਚ ਸਹਿਮਤੀ ਦਿੰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਸਬੰਧੀ ਸਿੱਧਾ ਦਖ਼ਲ ਦੇ ਕੇ ਸ਼ਹੀਦੀ ਦਿਹਾੜੇ ਦੇ ਨਾਮ ’ਚ ਤੁਰੰਤ ਤਬਦੀਲੀ ਕਰਵਾਉਣ। ਇਸ ਸਮੇਂ ਹਰਦੀਪ ਸਿੰਘ ਕੋਟਰਾਂਝਾ ਤੇ ਦਿਲਰਾਜ ਸਿੰਘ ਰਾਜਾ ਵੀ ਹਾਜ਼ਰ ਸਨ।
ਖੇਤ ਮਜ਼ਦੂਰਾਂ ਨੇ ਕੀਤੀ ਡੀਸੀ ਤੋਂ ਨਰਮੇ ਮੁਆਵਜੇ ਦੀ ਮੰਗ
ਭਗਵੰਤ ਮਾਨ ਦੇ ਬਦਲਾਅ ਵਿੱਚ ਬੇਇਨਸਾਫ਼ੀ ਜੋਰਾ ’ਤੇ
ਸੁਖਜਿੰਦਰ ਮਾਨ
ਬਠਿੰਡਾ, 8 ਦਸੰਬਰ: ਨਰਮੇ ਦੇ ਮੁਆਵਜੇ ਦੀ ਕੀਤੀ ਕਾਣੀ ਵੰਡ ਦੇ ਵਿਰੁਧ ਵਿਚ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਸੁਪਾਲ ਸਿੰਘ ਖਿਆਲੀ ਵਾਲਾ ਦੀ ਅਗਵਾਈ ਵਿੱਚ ਪਿੰਡ ਘੁੱਦਾ, ਕੋਟਗੁਰੂ , ਬਾਂਡੀ ਤੇ ਖਿਆਲੀ ਵਾਲਾ ਦੇ ਮਜ਼ਦੂਰਾਂ ਦਾ ਇੱਕ ਜਨਤਕ ਵਫਦ ਡੀਸੀ ਬਠਿੰਡਾ ਨੂੰ ਮਿਲਿਆ ਤੇ ਮੰਗ ਕੀਤੀ ਕਿ ਮੁਆਵਜੇ ਤੋਂ ਵਾਂਝੇ ਮਜ਼ਦੂਰਾਂ ਨੂੰ ਤੁਰੰਤ ਮੁਆਵਜਾ ਵੰਡਕੇ ਮਜ਼ਦੂਰਾਂ ਨੂੰ ਰਾਹਤ ਦਿੱਤੀ ਜਾਵੇ । ਵਫਦ ਵਿੱਚ ਸਾਮਲ ਲੋਕਾਂ ਨੂੰ ਸਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਮਜ਼ਦੂਰ ਆਗੂ ਸੁਖਪਾਲ ਸਿੰਘ ਖਿਆਲੀ ਤੇ ਤੀਰਥ ਸਿੰਘ ਕੋਠਾ ਗੁਰੂ ਨੇ ਆਮ ਆਦਮੀ ਪਾਰਟੀ ਉੱਤੇ ਦੋਸ਼ ਲਾਉਦਿਆਂ ਕਿਹਾ ਕਿ ਉਸਦੇ ਨਵੇਂ ਬਣੇ ਪਿੰਡਾਂ ਦੇ ਮਿੰਨੀ ਮੁੱਖ ਮੰਤਰੀ ਵੀ ਅਕਾਲੀ ਕਾਂਗਰਸੀ ਘੜੰਮ ਚੌਧਰੀਆਂ ਦੇ ਪੱਦ ਚਿੰਨ੍ਹਾਂ ’ਤੇ ਚਲਦੇ ਹੋਏ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਮਨਮਰਜੀਆਂ ਕਰਕੇ ਲੋਕਾਂ ਨਾਲ ਬੇਇਨਸਾਫ਼ੀ ਕਰ ਰਹੇ ਹਨ । ਜੱਥੇਬੰਦੀਆਂ ਨੇ ਮੁਆਵਜੇ ਤੋਂ ਵਾਝੇ ਪਿੰਡਾਂ ਦੇ ਮਜ਼ਦੂਰਾਂ ਦੀਆਂ ਲਿਸਟਾਂ ਡੀਸੀ ਨੂੰ ਦਿੱਤੀਆਂ ਗਈਆਂ । ਇਸ ਤੋਂ ਇਲਾਵਾ ਕੱਟੇ ਗਏ ਰਾਸ਼ਨ ਕਾਰਡ ਬਨਾਉਣ ਦੀ ਵੀ ਮੰਗ ਕੀਤੀ । ਉਨਾਂ ਐਲਾਨ ਕੀਤਾ ਕਿ ਜੇਕਰ ਮਜ਼ਦੂਰਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਜੱਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ । ਹੋਰਨਾਂ ਤੋ ਇਲਾਵਾ ਵਫਦ ਵਿੱਚ ਟੇਕ ਸਿੰਘ , ਸਿਮਰਨਜੀਤ ਕੌਰ ਤੇ ਕਰਮ ਸਿੰਘ ਖਿਆਲੀ ਵਾਲਾ , ਗੁਰਤੇਜ ਸਿੰਘ ਕੋਟਗੁਰੂ , ਰਿੰਕੂ ਸਿੰਘ ਘੁੱਦਾ ਤੇ ਮਹਿੰਗਾ ਸਿੰਘ ਬਾਂਡੀ ਆਦਿ ਆਗੂ ਵੀ ਸ਼ਾਮਲ ਸਨ । ਨੌਜਵਾਨ ਭਾਰਤ ਸਭਾ ਵੱਲੋਂ ਮਜ਼ਦੂਰਾਂ ਨੂੰ ਪਿੰਡਾਂ ਵਿੱਚ ਲਾਮਬੰਦ ਕਰਨ ਲਈ ਸਹਾਇਤਾ ਕੀਤਾ ।
ਕਾਮਿਆ ਵਲੋਂ ਕਿਰਤ ਮੰਤਰੀ ਦੇ ਦਫਤਰ ਅੱਗੇ 20 ਨੂੰ ਖਰੜ ’ਚ ਸੂਬਾ ਪੱਧਰੀ ਧਰਨਾ ਦੇਣ ਦਾ ਐਲਾਨ
ਵਰਕਰ ਦੇ ਰੂਪ ’ਚ ਭਰਤੀ ਕੀਤੇ ਇਨਲਿਸਟਮੈਂਟ/ਆਊਟਸੋਰਸ ਕਾਮਿਆਂ ਦੇ ਪੱਕੇ ਰੁਜਗਾਰ ਦਾ ਪ੍ਰਬੰਧ ਕਰਨ ਲਈ ਬਣੀ ਪ੍ਰਪੋਜਲ ਨੂੰ ਤੁਰੰਤ ਲਾਗੂ ਕੀਤਾ ਜਾਵੇ – ਵਰਿੰਦਰ ਮੋਮੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 9 ਦਸੰਬਰ : ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਅਤੇ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ ਨੇ ਕਿਹਾ ਕਿ ਆਮ ਲੋਕਾਂ ਦੀ ਹਿਤੈਸ਼ੀ ਹੋਣ ਦੇ ਦਾਅਵੇ ਕਰਨ ਵਾਲੀ ਪੰਜਾਬ ਸੂਬੇ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ ਵਾਲੀ ਆਪ ਸਰਕਾਰ ਵਲੋਂ ਕਿਰਤ ਕਾਨੂੰਨ ਤਹਿਤ ਕਿਰਤੀ ਕਾਮਿਆਂ ਦੀਆਂ ਉਜਰਤਾਂ ਵਿਚ ਹਾਲੀ ਹੀ ’ਚ 715 ਰੁਪਏ ਪ੍ਰਤੀ ਮਹੀਨਾ ਵਾਧਾ ਕਰਨ, ਬੇਰੁਜਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਅਤੇ ਠੇਕਾ ਮੁਲਾਜਮਾਂ ਨੂੰ ਪੱਕੇ ਕਰਨ ਦੇ ਲਈ, ਇਸ਼ਤਿਹਾਰ ਪ੍ਰਕਾਸ਼ਿਤ ਕਰਕੇ ਵਾਹਵਾਹੀ ਖੱਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ’ਚ ਪਿਛਲੇ 10-15 ਸਾਲਾਂ ਤੋਂ ਵੱਧ ਅਰਸ਼ੇ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਇਨਲਿਸਟਮੈਂਟ ਅਤੇ ਆਊਟਸੋਰਸ ਠੇਕਾ ਮੁਲਾਜਮਾਂ ਦਾ ਰੁਜਗਾਰ ਪੱਕਾ ਕਰਵਾਉਣ ਸਮੇਤ ਕਿਰਤ ਕਾਨੂੰਨ ਤਹਿਤ ਤਮਾਮ ਸਹੂਲਤਾਂ ਲਾਗੂ ਕਰਨ ਤੋਂ ਵਿਭਾਗ ਦੀ ਮਨੈਜਮੇਂਟ ਅਤੇ ਸਰਕਾਰ ਦੇ ਅਧਿਕਾਰੀਆਂ ਵਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ ਉਥੇ ਹੀ ਇਨ੍ਹਾਂ ਕਾਮਿਆਂ ਦਾ ਕੱਚਾ-ਪਿੱਲਾ ਰੁਜਗਾਰ ਵੀ ਖੋਹਣ ਲਈ ਵਰਕਰ ਵਿਰੋਧੀ ਫੈਸਲੇ ਲਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੇਂਡੂ ਜਲ ਸਪਲਾਈ ਸਕੀਮਾਂ ਨੂੰ ਚਾਲੂ ਰੱਖਣ ਅਤੇ ਲੋਕਾਂ ਤੱਕ ਪੀਣ ਵਾਲੇ ਪਾਣੀ ਦੀ ਸਹੂਲਤ ਪਹੁੰਚਾਉਣ ਲਈ ਵਿਭਾਗ ਦੇ ਅਧਿਕਾਰੀਆਂ ਵਲੋਂ ਇਕ ਵਰਕਰ ਦੇ ਰੂਪ ’ਚ ਆਉਟਸੋਰਸ ਅਧੀਨ ਸਾਨੂੰ ਭਰਤੀ ਕੀਤਾ ਗਿਆ ਸੀ ਪਰ ਜਦੋ ਅਸੀਂ ਪੱਕਾ ਰੁਜਗਾਰ ਕਰਨ ਦੀ ਮੰਗ ਕੀਤੀ ਗਈ ਤਾਂ ਵਿਭਾਗ ਦੇ ਅਧਿਕਾਰੀਆਂ ਵਲੋਂ ਬਿਨਾ ਸਰਕਾਰ ਦੀ ਮੰਜੂਰੀ ਤੋਂ ਆਪਣੇ ਪੱਧਰ ’ਤੇ ਧੱਕੇ ਨਾਲ ਇਨ੍ਹਾਂ ਵਰਕਰਾਂ ਨੂੰ 2008 ਤੋਂ ਬਾਅਦ ਇਨਲਿਸਟਮੈਂਟ ਠੇਕੇਦਾਰ ਬਣਾ ਦਿੱਤਾ ਗਿਆ ਸੀ ਪਰ ਇਨ੍ਹਾਂ ਵਰਕਰਾਂ ਵਲੋਂ ਆਪਣੇ ਪੱਕੇ ਰੁਜਗਾਰ ਦੀ ਮੰਗ ਦੇ ਨਾਲ ਨਾਲ ਆਪਣੀਆਂ ਸੇਵਾਵਾਂ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ ਹੈ ਅਤੇ ਇਕ-ਇਕ ਜਲ ਘਰ ’ਤੇ 5 ਤੋਂ 6 ਪੋਸਟਾਂ ਦਾ ਕੰਮ ਇਕੋ-ਇਕ ਵਰਕਰ ਕੋਲੋ ਕਰਵਾਇਆ ਜਾ ਰਿਹਾ ਹੈ, ਇਸਦੇ ਨਾਲ ਹੀ ਸਰਕਾਰੀ ਪ੍ਰੋਗਰਾਮਾਂ ’ਚ ਡਿਊਟੀ ਲਗਾਈ ਜਾਂਦੀ ਹੈ, ਪਿੰਡਾਂ ’ਚ ਬਿੱਲ ਵੰਡਾਉਣਾ ਅਤੇ ਇਕੱਠੇ ਕਰਵਾਉਣਾ, ਪਾਣੀ ਦੇ ਸੈਂਪਲ ਦਫਤਰਾਂ ’ਚ ਪਹੁੰਚਾਉਣਾ, ਲੀਕੇਜਾਂ ਠੀਕ ਕਰਨਾ, ਪਾਣੀ ਖਪਤਕਾਰਾਂ ਦਾ ਰਿਕਾਰਡ ਇਕੱਠਾ ਕਰਨਾ ਆਦਿ ਕਈ ਤਰ੍ਹਾਂ ਦੇ ਕੰਮ ਕਰਵਾਏ ਜਾ ਰਹੇ ਹਨ, ਇਹ ਸਾਰੇ ਕੰਮ ਇਨ੍ਹਾਂ ਇਨਲਿਸਟਮੈਂਟ/ਆਊਟਸੋਰਸ ਕਾਮਿਆਂ ਕੋਲੋ ਇਕ ਰੈਗੂਲਰ ਮੁਲਾਜਮਾਂ ਵਾਂਗ ਹੀ ਲਏ ਜਾਂਦੇ ਹਨ।
ਹਾਲਾਂਕਿ ਇਨ੍ਹਾਂ ਵਰਕਰਾਂ ਨੂੰ ਸਾਲ 2018 ਤੋਂ ਕਿਰਤ ਕਾਨੂੰਨ ਅਧੀਨ ਤਨਖਾਹ ਅਤੇ ਹਫਤਾਵਾਰੀ ਰੈਸਟਾਂ ਮਿਲ ਰਹੀਆਂ ਹਨ, ਜਦਕਿ ਈ.ਪੀ.ਐਫ. ਜਾਂ ਈ.ਐਸ.ਆਈ. ਵਰਗੀਆਂ ਸਹੂਲਤਾਂ ਲਾਗੂ ਕਰਨ ਤੋਂ ਵਾਂਝਾ ਰੱਖਿਆ ਹੋਇਆ ਹੈ ਪਰ ਹੁਣ ਕਿਰਤ ਵਿਭਾਗ ਵਲੋਂ ਪਿਛਲੇ ਸਮੇਂ ਦੌਰਾਨ ਉਜਰਤਾਂ ਵਿਚ ਕੀਤੇ ਵਾਧੇ ਨੂੰ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਲਾਗੂ ਨਹੀਂ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਮੰਗ ਅਨੁਸਾਰ ਪਿਛਲੇ ਸਮੇਂ ਦੌਰਾਨ ਇਨਲਿਸਟਮੈਂਟ ਅਤੇ ਆਉਟਸੋਰਸ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਲਈ ਜਸਸ ਵਿਭਾਗ ਦੇ ਅਧਿਕਾਰੀਆਂ ਵਲੋਂ ਸਰਕਾਰ ਦੀ ਵਿਊਤਬੰਦੀ ਅਨੁਸਾਰ ਪ੍ਰਪੋਜਲ ਵੀ ਤਿਆਰ ਕੀਤੀ ਗਈ ਸੀ, ਜੋ ਬਦਕਿਸਮਤੀ ਨਾਲ ਚੋਣਾਂ ਦਾ ਸਮਾਂ ਆਉਣ ’ਤੇ ਇਹ ਪ੍ਰਪੋਜਲ ਲਾਗੂ ਨਹੀਂ ਹੋ ਸਕੀ ਹੈ ਪਰ ਜਥੇਬੰਦੀ ਵਲੋਂ ਇਸ ਪ੍ਰਪੋਜਲ ਨੂੰ ਲਾਗੂ ਕਰਨ ਦੀ ਮੰਗ ਹੁਣ ਵੀ ਕੀਤੀ ਜਾ ਰਹੀ ਹੈ। ਉਪਰੋਕਤ ਜੱਥੇਬੰਦੀ ਵਲੋਂ ਮੰਗ ਕੀਤੀ ਗਈ ਕਿ ਇਕ ਵਰਕਰ ਦੇ ਰੂਪ ’ਚ ਸਾਲਾਬੱਧੀ ਅਰਸ਼ੇ ਤੋਂ ਸੇਵਾਵਾਂ ਦੇ ਰਹੇ ਜਸਸ ਵਿਭਾਗ ਦੇ ਇਨਲਿਸਟਮੈਂਟ/ਆਊਟਸੋਰਸ ਠੇਕਾ ਕਾਮਿਆਂ ਦੇ ਕੱਚੇ ਰੁਜਗਾਰ ਨੂੰ ਪੱਕਾ ਕਰਵਾਉਣ ਲਈ ਪਿਛਲੇ ਸਮੇਂ ਦੌਰਾਨ ਸਰਕਾਰ ਦੇ ਆਦੇਸ਼ਾਂ ਤਹਿਤ ਵਿਭਾਗੀ ਅਧਿਕਾਰੀਆਂ ਵਲੋਂ ਬਣਾਈ ਤਜਵੀਜ ਨੂੰ ਲਾਗੂ ਕੀਤਾ ਜਾਵੇ ਅਤੇ ਵਿਭਾਗ ’ਚ ਸ਼ਾਮਿਲ ਕਰਕੇ ਪੱਕੇ ਰੁਜਗਾਰ ਦਾ ਪ੍ਰਬੰਧ ਕੀਤਾ ਜਾਵੇ। ਪਿਛਲੇ ਦੋ ਸਾਲਾਂ ਦਾ ਏਰੀਅਰ ਦਿੱਤਾ ਜਾਵੇ ਅਤੇ ਹਾਲ ਹੀ ’ਚ ਕਿਰਤ ਵਿਭਾਗ ਅਧੀਨ ਵਧੇ 715 ਰੁਪਏ ਲਾਗੂ ਕੀਤੇ ਜਾਣ, ਹਰ ਮਹੀਨੇ ਤਨਖਾਹ 7 ਤਾਰੀਖ ਨੂੰ ਦੇਣਾ ਯਕੀਨੀ ਕੀਤਾ ਜਾਵੇ, ਈ.ਪੀ.ਐਫ. ਅਤੇ ਈ.ਐਸ.ਆਈ. ਲਾਗੂ ਕੀਤਾ ਜਾਵੇ ਆਦਿ ਮੰਗਾਂ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਜੱਥੇਬੰਦੀ ਵਲੋਂ ਮਿਤੀ 20 ਦਸੰਬਰ 2022 ਨੂੰ ਖਰੜ ’ਚ ਪੰਜਾਬ ਸਰਕਾਰ ਅਤੇ ਕਿਰਤ ਵਿਭਾਗ ਦੇ ਮੰਤਰੀ ਦੇ ਦਫਤਰ ਅੱਗੇ ਸੂਬਾ ਪੱਧਰੀ ਧਰਨਾ ਦੇਣ ਉਪਰੰਤ ਸ਼ਹਿਰ ਅਤੇ ਵੱਖ ਵੱਖ ਪਿੰਡਾਂ ’ਚ ਝੰਡਾ ਮਾਰਚ ਕੀਤਾ ਜਾਵੇਗਾ। ਜਿਸਦੀ ਸਾਰੀ ਜਿੰਮੇਵਾਰੀ ਜਸਸ ਵਿਭਾਗ, ਕਿਰਤ ਵਿਭਾਗ ਅਤੇ ਪੰਜਾਬ ਸਰਕਾਰ ਦੀ ਹੋਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਆਗੂ ਹਾਕਮ ਸਿੰਘ ਧਨੇਠਾ, ਭੁਪਿੰਦਰ ਸਿੰਘ ਕੁਤਬੇਵਾਲ, ਸੁਰੇਸ਼ ਕੁਮਾਰ ਮੋਹਾਲੀ, ਸੰਦੀਪ ਖਾਂ ਬਠਿੰਡਾ, ਰੁਪਿੰਦਰ ਸਿੰਘ ਫਿਰੋਜਪੁਰ, ਸੁਰਿੰਦਰ ਸਿੰਘ ਮਾਨਸਾ, ਉਂਕਾਰ ਸਿੰਘ ਹੁਸ਼ਿਆਰਪੁਰ,ਪ੍ਰਦੂਮਣ ਸਿੰਘ ਅੰਮਿ?ਰਤਸਰ, ਜਗਰੂਪ ਸਿੰਘ ਗੁਰਦਾਸਪੁਰ, ਮਨਪ੍ਰੀਤ ਸਿੰਘ ਮਲੇਰਕੋਟਲਾ, ਤਰਜਿੰਦਰ ਸਿੰਘ ਮਾਨ ਪਠਾਨਕੋਟ, ਗੁਰਵਿੰਦਰ ਸਿੰਘ ਬਾਠ ਤਰਨਤਾਰਨ, ਬਲਜੀਤ ਸਿੰਘ ਭੱਟੀ ਸ੍ਰੀ ਮੁਕਤਸਰ ਸਾਹਿਬ, ਜਸਵੀਰ ਸਿੰਘ ਜਿੰਦਬੜੀ ਆਦਿ ਹਾਜਰ ਸਨ।
ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੇ ਜਨਮ ਦਿਨ ’ਤੇ ਅਕਾਲੀ ਵਰਕਰਾਂ ਨੇ ਦਿੱਤੀਆਂ ਵਧਾਈਆਂ
ਪੰਜਾਬੀ ਖ਼ਬਰਸਾਰ ਬਿਉਰੋ
ਸ਼੍ਰੀ ਮੁਕਤਸਰ ਸਾਹਿਬ,8 ਦਸੰਬਰ: ਸ਼੍ਰੋਮਣੀ ਅਕਾਲੀ ਦਲ ਬਠਿੰਡਾ ਅਤੇ ਯੂਥ ਅਕਾਲੀ ਦਲ ਬਠਿੰਡਾ ਦੇ ਆਗੂ ਅਤੇ ਵੱਡੀ ਗਿਣਤੀ ਵਿਚ ਵਰਕਰ ਅੱਜ ਸਵੇਰੇ ਪਿੰਡ ਬਾਦਲ ਪਹੁੰਚੇ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਵੀ ਮੁਲਾਕਾਤ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਦੇ ਜਨਮ ਦਿਨ ਤੇ ਵਧਾਈ ਦਿੱਤੀ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਦੀ ਦੂਰ ਅੰਦੇਸ਼ੀ ਸੋਚ ਕਰਕੇ ਪੰਜਾਬ ਤਰੱਕੀ ਦੀਆਂ ਲੀਹਾਂ ਵੱਲ ਵਧਿਆ ਉਨ੍ਹਾਂ ਦਾ ਸਾਥ ਮਜ਼ਬੂਤੀ ਨਾਲ ਰਹੇ। ਉਨ੍ਹਾਂ ਕਿਹਾ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਬਣਨ ਵਾਲੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸੂਬੇ ਵਿੱਚ ਅੰਤਰ ਰਾਸ਼ਟਰੀ ਹਵਾਈ ਅਡੇ 4 ਅਤੇ 6 ਲੇਨ ਸੜਕਾਂ, ਲਿੰਕ ਸੜਕਾਂ ਦਾ ਨੈਟਵਰਕ, ਯੂਨੀਵਰਸਿਟੀਆਂ,ਸਪੋਰਟਸ ਸਕੂਲ, ਮਾਲਵਾ ਇਲਾਕੇ ਵਿੱਚ ਏਮਜ਼ ਵਰਗਾ ਵੱਡਾ ਹਸਪਤਾਲ ਸਥਾਪਤ ਹੋਇਆ ਜਿਸ ਕਰਕੇ ਅੱਜ ਪੰਜਾਬ ਦੁਨੀਆ ਦੇ ਨਕਸ਼ੇ ਉਭਰ ਕੇ ਸਾਹਮਣੇ ਆਇਆ ਹੈ । ਇਸ ਮੌਕੇ ਸੀਨੀਅਰ ਅਕਾਲੀ ਆਗੂ ਮੋਹਿਤ ਗੁਪਤਾ , ਸੀਨੀਅਰ ਅਕਾਲੀ ਆਗੂ ਇਕਬਾਲ ਸਿੰਘ ਬਬਲੀ ਢਿੱਲੋ, ਯੂਥ ਅਕਾਲੀ ਦਲ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ ਰਾਜਵਿੰਦਰ ਸਿੰਘ ਸਿੱਧੂ, ਬੀਬੀ ਜੋਗਿੰਦਰ ਕੌਰ ਐਸ ਜੀ ਪੀ ਸੀ ਮੈਂਬਰ ਸਮੇਤ ਵਰਕਰ ਮੌਜੂਦ ਸਨ।
ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜਮਾਂ ਨੇ ਅਗਲੇ ਸੰਘਰਸਾਂ ਦੀ ਤਿਆਰੀ ਸੰਬੰਧੀ ਕੀਤੀ ਕਨਵੈਨਸ਼ਨ
ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਵਿਭਾਗਾਂ ਵਿੱਚ ਪੱਕਾ ਕਰੇ ਸਰਕਾਰ:-ਮੋਰਚਾ ਆਗੂ
ਪੰਜਾਬੀ ਖ਼ਬਰਸਾਰ ਬਿਉਰੋ
ਬਰਨਾਲਾ, 8 ਦਸੰਬਰ: ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਵੱਲੋੰ ਅਗਲੇ ਸੰਘਰਸਾਂ ਦੀ ਤਿਆਰੀ ਸੰਬੰਧੀ ਸਮੁੱਚੇ ਪੰਜਾਬ ਵਿੱਚ ਕਨਵੈਨਸ਼ਨਾਂ ਕਰਨ ਦੇ ਉਲੀਕੇ ਸੰਘਰਸ਼ ਪ੍ਰੋ.ਤਹਿਤ ਤਰਕਸ਼ੀਲ ਭਵਨ ਵਿੱਚ ਬਰਨਾਲਾ,ਬਠਿੰਡਾ,ਮਾਨਸਾ,ਮਲੇਰਕੋਟਲਾ ਜਿਲਿਆਂ ਦੇ ਠੇਕਾ ਮੁਲਾਜ਼ਮਾਂ ਵੱਲੋੰ ਕੀਤੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ,ਰਮਨਪ੍ਰੀਤ ਕੌਰ ਮਾਨ,ਖੁਸ਼ਦੀਪ ਸਿੰਘ,ਚਰਨਜੀਤ ਸਿੰਘ ਖ਼ਿਆਲੀ,ਜਸਬੀਰ ਸਿੰਘ ਅਤੇ ਜਗਸੀਰ ਸਿੰਘ ਭੰਗੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੋਰਚੇ ਦੇ ਆਗੂਆਂ ਨਾਲ਼ ਮੀਟਿੰਗਾਂ ਕਰਨ ਦੇ ਲਿਖਤੀ ਭਰੋਸ਼ੇ ਦੇਕੇ ਮੀਟਿੰਗਾਂ ਕਰਨ ਤੋਂ ਲਗਾਤਾਰ ਭੱਜ ਰਹੇ ਹਨ,ਜਿਸ ਦੇ ਵਿਰੋਧ ਵਜੋਂ ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮ 17 ਦਸੰਬਰ ਨੂੰ ਰਾਤ ਸਮੇਂ ਸਮੁੱਚੇ ਕੈਬਨਿਟ ਮੰਤਰੀਆਂ ਦੇ ਦਫਤਰਾਂ ਅਤੇ ਕੋਠੀਆਂ ਅੱਗੇ ਜਾਗੋ-ਮਾਰਚ ਕਰਕੇ ਧਰਨੇ ਦੇਣਗੇ,ਆਗੂਆਂ ਨੇ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੋਣਾਂ ਤੋਂ ਪਹਿਲਾਂ ਅਕਸਰ ਕਹਿੰਦੇ ਸਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਸ਼ਾਰ ਹੀ ਸਮੂਹ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ ਅਤੇ ਕਿਸੇ ਵੀ ਵਰਗ ਨੂੰ ਟੈਂਕੀਆਂ ਤੇ ਚੜਨ,ਧਰਨੇ-ਮੁਜ਼ਾਹਰੇ ਕਰਨ ਦੀ ਜਰੂਰਤ ਨਹੀਂ ਪਵੇਗੀ,ਕਿਸੇ ਦੀ ਵੀ ਪੱਗ ਅਤੇ ਚੁੰਨੀ ਨਹੀਂ ਲੱਥੇਗੀ ਅਤੇ ਸਭਨਾਂ ਦੇ ਮਸਲੇ ਮੀਟਿੰਗਾਂ ਕਰਕੇ ਹੱਲ ਕੀਤੇ ਜਾਣਗੇ ਪਰ ਅੱਜ ਸਭ ਕੁੱਝ ਇਸਤੋਂ ਤੋਂ ਬਿੱਲਕੁੱਲ ਉਲਟ ਹੋ ਰਿਹਾ ਹੈ,ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਪਿਛਲੇ ਲੰਬੇ ਅਰਸ਼ੇ ਤੋਂ ਸੇਵਾਵਾਂ ਦੇ ਰਹੇ ਸਮੂਹ ਠੇਕਾ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਅਣ-ਵੇਖਿਆ ਕਰਕੇ ਵਿਭਾਗਾਂ ਵਿੱਚ ਬਾਹਰੋਂ ਨਵੀਂ ਸਿੱਧੀ ਭਰਤੀ ਕੀਤੀ ਜਾ ਰਹੀ ਅਤੇ ਪਹਿਲਾਂ ਤੋਂ ਸੇਵਾਵਾਂ ਦੇ ਠੇਕਾ ਮੁਲਾਜ਼ਮਾਂ ਦੀਆਂ ਛਾਂਟੀਆਂ ਕੀਤੀਆਂ ਜਾ ਰਹੀਆਂ ਹਨ,ਅਜਿਹੀ ਹਾਲਤ ਵਿੱਚ ਠੇਕਾ ਮੁਲਾਜ਼ਮਾਂ ਕੋਲ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ,ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਵਿੱਚ ਬਾਹਰੋਂ ਨਵੀਂ ਸਿੱਧੀ ਭਰਤੀ ਕਰਨ ਤੋਂ ਪਹਿਲਾਂ ਵਿਭਾਗਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਸਮੂਹ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ਤੇ ਵਿਭਾਗਾਂ ਵਿੱਚ ਪੱਕਾ ਕੀਤਾ ਜਾਵੇ,ਲੇਬਰ ਐਕਟ 1948 ਦੇ ਫਾਰਮੂਲੇ ਮੁਤਾਬਿਕ ਇੱਕ ਅਣ-ਸਿੱਖਿਅਤ ਠੇਕਾ ਮੁਲਾਜ਼ਮ ਦੀ ਤਨਖ਼ਾਹ ਘੱਟੋ-ਘੱਟ 25 ਹਜ਼ਾਰ ਰੁਪਏ ਨਿਸ਼ਚਿਤ ਕੀਤੀ ਜਾਵੇ,ਸਮੂਹ ਵਿਭਾਗਾਂ ਵਿੱਚੋਂ ਠੇਕਾ ਮੁਲਾਜ਼ਮਾਂ ਦੀਆਂ ਕੀਤੀਆਂ ਜਾ ਰਹੀਆਂ ਛਾਂਟੀਆਂ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਛਾਂਟੀ ਕੀਤੇ ਠੇਕਾ ਮੁਲਾਜ਼ਮਾਂ ਨੂੰ ਤੁਰੰਤ ਨੌਕਰੀ ਤੇ ਬਹਾਲ ਕੀਤਾ ਜਾਵੇ,ਡਿਉਟੀ ਦੌਰਾਨ ਆਪਣੀ ਜਾਨ ਗਵਾ ਚੁੱਕੇ ਠੇਕਾ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ,ਸਮੂਹ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ!
ਹਿਮਾਚਲ ਚੋਣਾਂ ’ਚ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਵਿਚ ਕਾਂਗਰਸ ਭਵਨ ਵਿਖੇ ਵੰਡੇ ਲੱਡੂ
ਸੁਖਜਿੰਦਰ ਮਾਨ
ਬਠਿੰਡਾ,8 ਦਸੰਬਰ :- ਹਿਮਾਚਲ ਵਿਚ ਵਿਧਾਨ ਸਭਾ ਚੋਣਾਂ ਵਿੱਚ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਵਿਚ ਕਾਂਗਰਸ ਭਵਨ ਵਿਖੇ ਵੰਡੇ ਲੱਡੂ ਚਲਾਏ ਪਟਾਕੇ ਦਿੱਤੀ ਵਧਾਈ । ਹਿਮਾਚਲ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਪੂਰਨ ਬਹੁਮਤ ਮਿਲਿਆ ਹੈ । ਇਸ ਖੁਸ਼ੀ ਵਿਚ ਅੱਜ ਕਾਂਗਰਸ ਭਵਨ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿਚ ਕਾਂਗਰਸ ਲੀਡਰਸ਼ਿਪ ਵੱਲੋਂ ਲੱਡੂ ਵੰਡੇ ਗਏ ,ਪਟਾਕੇ ਚਲਾਏ ਗਏ ਅਤੇ ਕਾਂਗਰਸ ਲੀਡਰਸ਼ਿਪ ਅਤੇ ਹਿਮਾਚਲ ਦੀ ਲੀਡਰਸ਼ਿਪ ਨੂੰ ਵਧਾਈ ਦਿੱਤੀ ਗਈ, ਖਾਸ ਕਰਕੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ, ਸੋਨੀਆ ਗਾਂਧੀ ,ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਵੋਟਰਾਂ ਨੇ ਕਾਂਗਰਸ ਪਾਰਟੀ ਦਾ ਸਾਥ ਦੇ ਕੇ ਇਤਿਹਾਸਕ ਫੈਸਲਾ ਕੀਤਾ ਹੈ ਕਿ ਉਹ ਕਾਂਗਰਸ ਦੀ ਅਗਵਾਈ ਵਿੱਚ ਹਿਮਾਚਲ ਪ੍ਰਦੇਸ਼ ਦਾ ਵਿਕਾਸ ਹੋਇਆ ਹੈ ਜਦੋਂ ਕਿ ਭਾਜਪਾ ਦੀ ਮਜੂਦਾ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਬੜ੍ਹਾਵਾ ਦਿਤਾ ਜਿਸ ਕਰ ਕੇ ਲੋਕਾਂ ਨੇ ਇਸ ਵਾਰ ਭਾਜਪਾ ਨੂੰ ਨਕਾਰਿਆ ਹੈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਕੇਕੇ ਅਗਰਵਾਲ, ਪਾਵਨ ਮਾਣੀ, ਰੁਪਿੰਦਰ ਬਿੰਦ੍ਰਾ ਨੇ ਕਿਹਾ ਕਿ ਹਿਮਾਚਲ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਜਿੱਤ ਨੇ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਮਜਬੂਤੀ ਸਥਿਤੀ ਦਾ ਮੁੱਢ ਬੰਨ੍ਹ ਦਿੱਤਾ ਹੈ। ਇਸ ਮੌਕੇ ਮਲਕੀਤ ਸਿੰਘ, ਵਿਪਨ ਕੁਮਾਰ , ਟਹਿਲ ਸਿੰਘ ਸੰਧੂ, ਸੁਖਦੇਵ ਸਿੰਘ ਸੁੱਖਾ, ਸਾਧੂ ਸਿੰਘ, ਉਮੇਸ਼ ਗੋਗੀ ,ਟਹਿਲ ਸਿੰਘ ਬੁੱਟਰ, ਮਨੋਜ ਕੁਮਾਰ ਹਰੀਓਮ ਕਪੂਰ, ਮਾਸਟਰ ਪ੍ਰਕਾਸ਼ ਚੰਦ ਯਸ ਪਾਲ ਬਾਂਸਲ ਰਾਧੇ ਸ਼ਾਮ, ਦੁਨੀ ਚੰਦ , ਸੁਖਦੇਵ ਭਾਈ ਰਵਿੰਦਰ ਬਿੱਟੂ ਆਦਿ ਹਾਜ਼ਰ ਸਨ।
ਬਾਬਾ ਫ਼ਰੀਦ ਕਾਲਜ ਨੂੰ ਸਰਵੋਤਮ ਪੇਪਰ ਪ੍ਰੈਜ਼ਨਟੇਸ਼ਨ ਐਵਾਰਡ ਮਿਲਿਆ
ਸੁਖਜਿੰਦਰ ਮਾਨ
ਬਠਿੰਡਾ , 8 ਦਸੰਬਰ : ਸਰਕਾਰੀ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਜੀ.ਸੀ.ਈ.ਟੀ.), ਜੰਮੂ ਦੁਆਰਾ ਯੂਨੀਵਰਸਿਟੀਆਂ ਦੇ ਵਿਸ਼ਵ ਕੰਸੋਰਟ ਦੇ ਤਹਿਤ ਆਈ.ਆਈ.ਟੀ. ਖੜਗਪੁਰ ਦੇ ਸਹਿਯੋਗ ਨਾਲ ’ਇੰਜੀਨੀਅਰਿੰਗ ਟੈਕਨਾਲੋਜੀ ਵਿੱਚ ਉੱਭਰਦੇ ਅਤੇ ਨਵੀਨਤਾਕਾਰੀ ਰੁਝਾਨ ਬਾਰੇ 8ਵੀਂ ਰਾਸ਼ਟਰੀ ਕਾਨਫ਼ਰੰਸ ਅਤੇ ਪ੍ਰਦਰਸ਼ਨੀ ਆਯੋਜਿਤ ਕੀਤੀ ਗਈ । ਇਸ ਮੌਕੇ ਬਾਬਾ ਫ਼ਰੀਦ ਕਾਲਜ ਦੀ ਫੈਕਲਟੀ ਆਫ਼ ਸਾਇੰਸਜ਼ ਦੇ ਕੈਮਿਸਟਰੀ ਵਿਭਾਗ ਦੇ ਵਿਦਿਆਰਥੀਆਂ ਨੇ ਵਿਭਾਗ ਮੁਖੀ ਡਾ. ਵਿਵੇਕ ਸ਼ਰਮਾ ਦੀ ਅਗਵਾਈ ਹੇਠ ’ਨਾਇਕੀ ਟੈਕਸਟਾਈਲ ਵੇਸਟ (ਪੀ.ਈ.ਟੀ.) ਦੇ ਨਿਘਾਰ ਦੁਆਰਾ ਮੋਨੋਹਾਈਡ?ਰੋਕਸੀ ਟੈਰੀਫਥਲੇਟ (ਐਮ.ਐਚ.ਟੀ.) ਪ੍ਰਾਪਤ ਕਰਨ ਦੇ ਟਿਕਾਊ ਢੰਗ’ ਬਾਰੇ ਇੱਕ ਨਵੀਨਤਾਕਾਰੀ ਵਿਚਾਰ ’ਤੇ ਇੱਕ ਪ੍ਰੋਜੈਕਟ ਮਾਡਲ ਪੇਸ਼ ਕੀਤਾ ਇਸ ਕਾਨਫ਼ਰੰਸ ਵਿੱਚ ਭਾਗੀਦਾਰ 15 ਕਾਲਜਾਂ ਅਤੇ ਰਾਸ਼ਟਰੀ ਸੰਸਥਾਵਾਂ ਵਿੱਚੋਂ ਬਾਬਾ ਫ਼ਰੀਦ ਕਾਲਜ, ਬਠਿੰਡਾ ਦੇ ਕੈਮਿਸਟਰੀ ਵਿਭਾਗ ਦੇ 6 ਵਿਦਿਆਰਥੀਆਂ ਚਾਹਤ, ਵਿਕਾਸ ਕੁਮਾਰ ਗਰਗ, ਅਭਿਸ਼ੇਕ, ਅਨਮੋਲ ਸੋਨੀ, ਹਰਸ਼ਦੀਪ ਕੌਰ ਅਤੇ ਕਾਜਲਪ੍ਰੀਤ ਕੌਰ ਨੇ ’ਨਾਇਕੀ ਟੈਕਸਟਾਈਲ ਵੇਸਟ (ਪੀ.ਈ.ਟੀ.) ਦੇ ਨਿਘਾਰ ਦੁਆਰਾ ਮੋਨੋਹਾਈਡ?ਰੋਕਸੀ ਟੈਰੀਫਥਲੇਟ (ਐਮ.ਐਚ.ਟੀ.) ਪ੍ਰਾਪਤ ਕਰਨ ਦੇ ਟਿਕਾਊ ਢੰਗ’ ਬਾਰੇ ਨਵੀਨਤਾਕਾਰੀ ਵਿਚਾਰ ਲਈ ਤੀਜਾ ਇਨਾਮ ਪ੍ਰਾਪਤ ਕੀਤਾ ਇਸ ਪ੍ਰੋਜੈਕਟ ਦਾ ਮਨੋਰਥ ਇੱਕ ਮੋਨੋਮਰ ਪ੍ਰਾਪਤ ਕਰਨ ਲਈ ਪੀ.ਈ.ਟੀ. ਵੇਸਟ ਨੂੰ ਡੀਗ੍ਰੇਡ ਕਰਨਾ ਹੈ ਇਸ ਲਈ ਜੋ ਉਤਪ੍ਰੇਰਕ ਵਰਤਿਆ ਗਿਆ ਸੀ ਉਹ ਕੁਦਰਤੀ ਸੀ ਜੋ ਕੋਈ ਨੁਕਸਾਨ ਨਹੀਂ ਕਰਦਾ ਇਸੇ ਈਵੈਂਟ ਵਿੱਚ ਕੈਮਿਸਟਰੀ ਵਿਭਾਗ ਦੇ ਮੁਖੀ ਡਾ. ਵਿਵੇਕ ਸ਼ਰਮਾ ਅਤੇ ਸਹਾਇਕ ਪ੍ਰੋਫੈਸਰ ਮਿਸ ਨਿਸ਼ਠਾ ਨੂੰ ’ਵੇਸਟ ਪੀ.ਈ.ਟੀ. ਤੋਂ ਡੀ.ਐਮ.ਟੀ. ਪ੍ਰਾਪਤ ਕਰਨ ਦੇ ਵਾਤਾਵਰਨ-ਅਨੁਕੂਲ ਢੰਗ’ ਲਈ ਬੈੱਸਟ ਪੇਪਰ ਪ੍ਰੈਜ਼ਨਟੇਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਬਾਬਾ ਫ਼ਰੀਦ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਮਨੀਸ਼ ਬਾਂਸਲ ਅਤੇ ਫੈਕਲਟੀ ਆਫ਼ ਸਾਇੰਸਜ਼ ਦੇ ਡੀਨ ਡਾ. ਜਾਵੇਦ ਅਹਿਮਦ ਖ਼ਾਨ ਨੇ ਕੈਮਿਸਟਰੀ ਵਿਭਾਗ ਦੇ ਮੁਖੀ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।






