Monday, May 18, 2026
Home Blog Page 2305

ਵਿਧਾਇਕ ਗਿੱਲ ਨੇ ਪਾਂਡੂਚੇਰੀ ਅੰਤਰਰਾਜੀ ਸੱਭਿਆਚਾਰਕ ਵਿਚਾਰ ਵਟਾਂਦਰਾ ਪ੍ਰੋਗਰਾਮ ਲਈ ਨੌਜਵਾਨਾਂ ਦਾ ਟੂਰ ਕੀਤਾ ਰਵਾਨਾ

0

ਕਿਹਾ ਇਸ ਤਰ੍ਹਾਂ ਦੇ ਟੂਰ ਪ੍ਰੋਗਰਾਮਾਂ ਨਾਲ ਨੌਜਵਾਨਾਂ ਵਿੱਚ ਪੈਦਾ ਹੁੰਦਾ ਹੈ ਉਤਸ਼ਾਹ
ਸੁਖਜਿੰਦਰ ਮਾਨ
ਬਠਿੰਡਾ, 1 ਦਸੰਬਰ : ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਅੰਤਰਰਾਜ਼ੀ ਸੱਭਿਆਚਾਰਕ ਵਿਚਾਰ ਵਟਾਂਦਰਾ ਪ੍ਰੋਗਰਾਮ ਦੇ ਤਹਿਤ ਨੌਜਵਾਨਾਂ ਅੰਦਰ ਸੱਭਿਆਚਾਰਕ ਅਤੇ ਸਮਾਜਿਕ ਕਦਰਾਂ ਕੀਮਤਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਬਠਿੰਡਾ, ਫਾਜ਼ਿਲਕਾ ਅਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੇ ਨੌਜਵਾਨਾਂ ਦਾ ਅੰਤਰਰਾਜ਼ੀ ਦੌਰਾ ਅੱਜ ਪਾਂਡੂਚੇਰੀ ਅਤੇ ਚੇੱਨਈ ਲਈ ਰਵਾਨਾ ਹੋਇਆ। ਇਸ ਦੀ ਰਵਾਨਗੀ ਸਥਾਨਕ ਰੇਲਵੇ ਸਟੇਸ਼ਨ ਤੋਂ ਵਿਧਾਇਕ ਬਠਿੰਡਾ ਸ਼ਹਿਰੀ ਸ. ਜਗਰੂਪ ਸਿੰਘ ਗਿੱਲ ਵੱਲੋਂ ਹਰੀ ਝੰਡੀ ਦੇ ਕੇ ਕੀਤੀ ਗਈ। ਇਸ ਮੌਕੇ ਵਿਧਾਇਕ ਸ. ਗਿੱਲ ਨੇ ਆਪਣੇ ਸੰਬੋਧਨ ਵਿਚ ਨੌਜਵਾਨਾਂ ਦੀ ਭਲਾਈ ਅਤੇ ਸਮਾਜਿਕ ਚੇਤਨਾ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੁਵਕ ਸੇਵਾਵਾਂ ਵਿਭਾਗ ਦੁਆਰਾ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਨੌਜਵਾਨਾਂ ਦੇ ਅਜਿਹੇ ਦੌਰੇ ਉਨ੍ਹਾਂ ਵਿੱਚੋਂ ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਦੇ ਖਿਲਾਫ਼ ਸਮਾਜਿਕ ਚੇਤਨਤਾ ਪੈਦਾ ਕਰਨ ਵਿਚ ਸਹਾਈ ਸਿੱਧ ਹੋਣਗੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਮਾਣ ਦੇਣ ਲਈ ਪਿਛਲੇ ਲੰਮੇ ਸਮੇਂ ਤੋਂ ਬੰਦ ਪਿਆ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਦੁਬਾਰਾ ਤੋਂ ਸ਼ੁਰੂ ਕੀਤਾ ਗਿਆ ਹੈ । ਇਹ ਪੁਰਸਕਾਰ ਪੰਜਾਬ ਸਰਕਾਰ ਵੱਲੋਂ ਸਮਾਜ ਸੇਵਾ ਅਤੇ ਯੁਵਕ ਗਤੀਵਿਧੀਆਂ ਦੇ ਖੇਤਰ ਵਿਚ ਚੰਗਾ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਦਿੱਤਾ ਜਾਂਦਾ ਹੈ l ਇਸ ਨਾਲ ਨੌਜਵਾਨਾਂ ਵਿਚ ਸਮਾਜ ਪ੍ਰਤੀ ਚੰਗੇ ਉੱਪਰਾਲੇ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਮੌਕੇ ਕੁਲਵਿੰਦਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ ਨੇ ਦੱਸਿਆ ਕਿ ਪਾਂਡੂਚੇਰੀ ਅਤੇ ਚੇੱਨਈ ਜਾ ਰਹੇ ਇਸ 10 ਰੋਜ਼ਾ ਸੱਭਿਆਚਾਰਕ ਵਿਚਾਰ ਵਟਾਂਦਰਾ ਪ੍ਰੋਗਰਾਮ ਦੌਰਾਨ ਤਿੰਨ ਜ਼ਿਲ੍ਹਿਆਂ ਦੇ ਨੌਜਵਾਨ ਵੱਖ-ਵੱਖ ਸਮਾਜਿਕ ਇਤਹਾਸਿਕ ਅਤੇ ਧਾਰਮਿਕ ਸਥਾਨਾਂ ਜਿਵੇਂ ਮਾਇਤਰੀ ਮੰਦਿਰ, ਔਰਵਿਲਾ, ਅਰਵਿੰਦੋ ਆਸ਼ਰਮ, ਫ਼?ਰੇਂਚ ਕਲੋਨੀ ਅਤੇ ਮਿਓਜ਼ੀਅਮ ਆਦਿ ਸਥਾਨਾਂ ਦਾ ਦੌਰਾ ਕਰਨਗੇ ਅਤੇ ਉਥੋਂ ਦੇ ਨੌਜਵਾਨਾਂ ਨਾਲ ਰਲ ਕੇ ਸੱਭਿਆਚਾਰਕ ਕਲਾਵਾਂ ਦੀ ਪੇਸ਼ਕਾਰੀ ਕਰਨਗੇ ।

ਲੋਕ ਭਲਾਈ ਸਕੀਮਾਂ ਸਬੰਧੀ ਲਗਾਏ ਜਾਣ ਵੱਧ ਤੋਂ ਵੱਧ ਜਾਗਰੂਕਤਾ ਕੈਂਪ : ਅੰਮ੍ਰਿਤ ਲਾਲ ਅਗਰਵਾਲ

0

ਸੁਖਜਿੰਦਰ ਮਾਨ
ਬਠਿੰਡਾ, 1 ਦਸੰਬਰ : ਚੈਅਰਮੇਨ ਜ਼ਿਲ੍ਹਾ ਯੋਜ਼ਨਾ ਕਮੇਟੀ ਸ੍ਰੀ ਅੰਮ੍ਰਿਤ ਲਾਲ ਅਗਰਵਾਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਉਨ੍ਹਾਂ ਦੇ ਦਫ਼ਤਰ ਵਿਖੇ ਮੀਟਿੰਗ ਹੋਈ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਚੈਅਰਮੇਨ ਸ੍ਰੀ ਅਗਰਵਾਲ ਵੱਲੋਂ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ। ਇਸ ਮੌਕੇ ਚੈਅਰਮੇਨ ਸ੍ਰੀ ਅੰਮ੍ਰਿਤ ਲਾਲ ਅਗਰਵਾਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਪ੍ਰਫ਼ੁੱਲਤ ਕਰਨ ਲਈ ਵਿਸ਼ੇਸ਼ ਉਪਰਾਲੇ ਆਰੰਭੇ ਗਏ ਹਨ। ਇਨ੍ਹਾਂ ਉਪਰਾਲਿਆਂ ਤਹਿਤ ਨਾਮ ਪਲੇਟ, ਬੋਰਡ ਅਤੇ ਦਫ਼ਤਰੀ ਕੰਮਕਾਜ ਆਦਿ ਪੰਜਾਬੀ ਭਾਸ਼ਾ ਵਿੱਚ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਮੌਜੂਦ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਚੱਲ ਰਹੀਆਂ ਲੋਕ ਭਲਾਈ ਸਕੀਮਾਂ ਦੇ ਪ੍ਰਤੀ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਲਿਆਉਣ ਲਈ ਪਿੰਡਾਂ/ਸ਼ਹਿਰਾਂ ਵਿੱਚ ਸਬੰਧਤ ਮਹਿਕਮਿਆਂ ਦੇ ਸਾਂਝੇ ਕੈਂਪ ਆਯੋਜਿਤ ਕੀਤੇ ਜਾਣ ਤਾਂ ਜੋ ਆਮ ਜਨਤਾ ਨੂੰ ਇਨ੍ਹਾਂ ਲੋਕ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ।ਇਸ ਦੌਰਾਨ ਸਹਾਇਕ ਕਿਰਤ ਕਮਿਸ਼ਨਰ ਬਠਿੰਡਾ ਦੇ ਇੰਸਪੈਕਟਰ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਵੱਖ-ਵੱਖ ਕਿੱਤਿਆਂ ਨਾਲ ਸਬੰਧਤ ਕਿਰਤੀਆਂ ਤੇ ਲੈਬਰਜ਼ ਦੀ ਭਲਾਈ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਸਕੀਮ ਤਹਿਤ ਉਹ ਆਪਣੇ ਕਿੱਤੇ ਅਨੁਸਾਰ ਰਜਿਸਟਰੇਸ਼ਨ ਕਰਵਾ ਸਕਦੇ ਹਨ ਅਤੇ ਕਾਰਡ ਜਾਰੀ ਹੋਣ ਉਪਰੰਤ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਕਿਸੇ ਵੀ ਜਾਤੀ ਨਾਲ ਸਬੰਧਤ ਕਿਰਤੀ ਆਪਣੇ ਬੱਚੇ ਦੇ ਵਿਆਹ ਤੇ ਸ਼ਗਨ ਸਕੀਮ ਦਾ ਲਾਹਾ ਵੀ ਲੈ ਸਕਦੇ ਹਨ।
ਇਸ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਅਧੀਨ ਕੋਈ ਵੀ ਗਰਭਵਤੀ ਮਹਿਲਾ ਆਂਗਣਵਾੜੀ ਸੈਂਟਰਾਂ ਵਿੱਚ ਜਾ ਕੇ ਰਜਿਸਟਰਡ ਕਰਵਾ ਸਕਦੀ ਹੈ ਅਤੇ ਉਸ ਨੂੰ ਪਹਿਲੇ ਬੱਚੇ ਦੇ ਜਨਮ ਤੇ 5000 ਰੁਪਏ ਦੀ ਵਿੱਤੀ ਸਹਾਇਤਾ ਸਰਕਾਰ ਪਾਸੋਂ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਨੇ ਦੱਸਿਆ ਕਿ ਸਥਾਨਕ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਵਿਖੇ 7 ਤੋਂ 9 ਦਸੰਬਰ 2022 ਨੂੰ ਰੁਜ਼ਗਾਰ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵੱਖ-ਵੱਖ ਖਿੱਤਿਆਂ ਦੇ ਮਾਹਿਰਾਂ ਵੱਲੋਂ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਚਲਾਉਣ ਲਈ ਜਾਣਕਾਰੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵੱਲੋਂ ਸਕੂਲਾਂ ਵਿੱਚ ਅਤਿ ਲੋੜੀਂਦੀਆਂ ਜ਼ਰੂਰਤਾਂ ਸਬੰਧੀ ਜਾਣੂੰ ਕਰਵਾਇਆ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਬਠਿੰਡਾ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਜ਼ਿਲ੍ਹੇ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਫ਼ੁੱਲਤ ਕਰਨ ਲਈ ਕਈ ਸੰਗੀਤਕ ਪੁਸਤਕ ਮੇਲੇ ਅਤੇ ਕਾਵਿ ਆਦਿ ਪ੍ਰੋਗਰਾਮ ਕਰਵਾਏ ਜਾ ਰਹੇ ਹਨ।ਮੀਟਿੰਗ ਮੌਕੇ ਸਹਾਇਕ ਖੋਜ਼ ਅਫ਼ਸਰ ਸ੍ਰੀ ਰਣਜੀਤ ਸਿੰਘ, ਇਨਵੈਸਟੀਗੇਟਰ ਸ੍ਰੀ ਸੰਦੀਪ ਕੁਮਾਰ, ਜ਼ਿਲ੍ਹਾ ਭਲਾਈ ਅਫ਼ਸਰ ਸ੍ਰੀ ਬਰਿੰਦਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਪ੍ਰਦੀਪ ਸਿੰਘ ਗਿੱਲ, ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀ ਕਿਰਪਾਲ ਸਿੰਘ, ਜ਼ਿਲ੍ਹਾ ਸਮਾਜਿਕ ਤੇ ਸੁਰੱਖਿਆ ਅਫ਼ਸਰ ਸ੍ਰੀ ਵਰਿੰਦਰ ਸਿੰਘ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮੈਡਮ ਅੰਕਿਤਾ ਅਗਰਵਾਲ, ਕਿਰਤ ਇਸਪੈਕਟਰ ਮੈਡਮ ਇੰਦਰਪ੍ਰੀਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਮੇਵਾ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਸ਼ਿਵਪਾਲ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।

ਕੇਂਦਰੀ ਯੂਨੀਵਰਸਿਟੀ ਦੇ ਕੰਟਰੋਲਰ ਪਰੀਖਿਆਵਾਂ ਪ੍ਰੋ. ਬੀ.ਪੀ. ਗਰਗ ਵੱਕਾਰੀ ਸਾਰਸਵਤ ਸਨਮਾਨ ਨਾਲ ਸਨਮਾਨਿਤ

0

ਸੁਖਜਿੰਦਰ ਮਾਨ
ਬਠਿੰਡਾ, 30 ਨਵੰਬਰ: ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਕੰਟਰੋਲਰ ਪਰੀਖਿਆਵਾਂ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ.ਪੀ. ਗਰਗ ਨੂੰ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਾਰਸਵਤ ਸਨਮਾਨ 2022 ਨਾਲ ਸਨਮਾਨਿਤ ਕੀਤਾ ਗਿਆ ਹੈ। ਅਖਿਲ ਭਾਰਤੀ ਸਾਰਸਵਤ ਪ੍ਰੀਸ਼ਦ (ਵਾਰਾਨਸੀ) ਵੱਲੋਂ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਦੇ ਆਡੀਟੋਰੀਅਮ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸੰਘ ਦੇ ਅਖਿਲ ਭਾਰਤੀ ਬੋਧਿਕ ਪ੍ਰਧਾਨ ਸ਼?ਰੀ ਸਵੰਤ ਰੰਜਨ ਜੀ ਅਤੇ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ,ਧਰਮਸ਼ਾਲਾ ਅਤੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ਦੇ ਵਾਈਸ ਚਾਂਸਲਰ ਪ੍ਰੋ. ਸਤ ਪ੍ਰਕਾਸ਼ ਬਾਂਸਲ ਨੇ ਪ੍ਰੋ ਗਰਗ ਨੂੰ ਸਾਰਸਵਤ ਸਨਮਾਨ 2022 ਨਾਲ ਸਨਮਾਨਿਤ ਕੀਤਾ।ਇਸ ਪ੍ਰੋਗਰਾਮ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਕੰਟਰੋਲਰ ਪਰੀਖਿਆਵਾਂ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ.ਪੀ. ਗਰਗ ਅਤੇ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ, ਧਰਮਸ਼ਾਲਾ ਤੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਦੇ ਵਾਈਸ ਚਾਂਸਲਰ ਪ੍ਰੋ. ਸਤ ਪ੍ਰਕਾਸ਼ ਬਾਂਸਲ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਵੱਖ-ਵੱਖ ਖੇਤਰਾਂ ਵਿਚ ਮੋਹਰੀ ਰਹੀਆਂ 19 ਹੋਰ ਸ਼ਖਸੀਅਤਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ।
ਸਨਮਾਨ ਮਿਲਣ ਦੀ ਖ਼ਬਰ ਨਾਲ ਯੂਨੀਵਰਸਿਟੀ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਵਾਈਸ ਚਾਂਸਲਰ ਪ੍ਰੋ ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਪ੍ਰੋ. ਬੀ.ਪੀ. ਗਰਗ ਨੂੰ ਇਸ ਸਨਮਾਨ ਲਈ ਵਧਾਈ ਦਿੱਤੀ।ਪ੍ਰੋ. ਬੀ.ਪੀ. ਗਰਗ ਨੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਤੋਂ ਗਣਿਤ ਵਿੱਚ ਮਾਸਟਰ ਅਤੇ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ, ਹਰਿਆਣਾ ਤੋਂ ਗਣਿਤ ਵਿੱਚ ਐਮ.ਫਿਲ. ਦੀ ਡਿਗਰੀ ਪ੍ਰਾਪਤ ਕੀਤੀ ਹੈ। ਪ੍ਰੋ. ਗਰਗ ਨੇ ਤਰਲ ਡਾਇਨਾਮਿਕਸ, ਹੀਟ ਮਾਸ ਟਰਾਂਸਫਰ, ਥਰਮੋ ਇਲਾਸਟਿਕਿਟੀ ਅਤੇ ਐਮਐਚਡੀ ਵਿੱਚ ਮੁਹਾਰਤ ਹਾਸਿਲ ਕੀਤੀ ਹੈ। ਉਨ੍ਹਾਂ ਨੇ 8 ਪੀਐੱਚ.ਡੀ. ਥੀਸਿਸ ਦੀ ਨਿਗਰਾਨੀ ਕੀਤੀ ਗਈ ਹੈ ਅਤੇ ਉਨ੍ਹਾਂ ਦੁਆਰਾ ਲਿਖੇ 57 ਖੋਜ ਪੱਤਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ।ਸੀਯੂਪੀਬੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪ੍ਰੋ. ਗਰਗ ਨੇ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਦੇ ਮਾਨਤਾ ਪ੍ਰਾਪਤ ਕਾਲਜਾਂ ਵਿੱਚ 8 ਸਾਲਾਂ ਤੋਂ ਵੱਧ ਸਮੇਂ ਤੱਕ ਪ੍ਰਿੰਸੀਪਲ ਵਜੋਂ ਸੇਵਾ ਨਿਭਾਈ। ਉਨ੍ਹਾਂਨੇ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਵਿਖੇ 3 ਸਾਲਾਂ ਲਈ ਰਜਿਸਟਰਾਰ ਵਜੋਂ ਵੀ ਸੇਵਾ ਕੀਤੀ। ਅਧਿਆਪਨ ਅਤੇ ਖੋਜ ਕਾਰਜ ਤੋਂ ਇਲਾਵਾ ਉਨ੍ਹਾਂ ਕੋਲ ਵਿਦਿਅਕ ਸੰਸਥਾਵਾਂ ਦਾ ਵਿਸ਼ਾਲ ਪ੍ਰਸ਼ਾਸਨਿਕ ਤਜਰਬਾ ਹੈ।

ਵੱਡਾ ਬਦਲਾਅ: ਜ਼ਿਲ੍ਹਾ ਬਣਨ ਤੋਂ ਬਾਅਦ ਪਹਿਲੀ ਵਾਰ ‘ਪੁਲਿਸ ਕਪਤਾਨਾਂ’ ਤੋਂ ਸੱਖਣਾ ਹੋਇਆ ਬਠਿੰਡਾ

0

ਪੰਜ ਸੈਕਸ਼ਨ ਪੋਸਟਾਂ, ਪਰ ਐਸ.ਪੀ ਕੋਈ ਵੀ ਨਹੀਂ, ਸਾਰਾ ਜ਼ਿਲ੍ਹਾ ਸੰਭਾਲ ਰਿਹਾ ਇੱਕ ਐਸ.ਪੀ ਵੀ ਹੋਇਆ ਸੇਵਾਮੁਕਤ
ਪੰਜਾਬ ਵਿਚ ਵੱਡੀ ਪੱਧਰ ’ਤੇ ਐਸ.ਪੀਜ਼ ਦੀਆਂ ਪੋਸਟਾਂ ਖ਼ਾਲੀ
ਸੀਨੀਅਰਤਾ ਸੂਚੀ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਨਹੀਂ ਹੋ ਰਹੀਆਂ ਡੀਐਸਪੀਜ਼ ਦੀਆਂ ਤਰੱਕੀਆਂ
ਸੁਖਜਿੰਦਰ ਮਾਨ
ਬਠਿੰਡਾ, 1 ਦਸੰਬਰ: ਬਠਿੰਡਾ ਜ਼ਿਲ੍ਹੇ ਵਿਚ ਹੁਣ ਕੋਈ ਵੀ ਪੁਲਿਸ ਕਪਤਾਨ ਨਹੀਂ ਹੈ। ਹਾਲਾਂਕਿ ਬਠਿੰਡਾ ਦੇ ਨਾਲ-ਨਾਲ ਪੂਰੇ ਪੰਜਾਬ ਵਿਚ ਹੀ ਅਪਰਾਧ ਦੀਆਂ ਘਟਨਾਵਾਂ ਵਧ ਰਹੀਆਂ ਹਨ ਪ੍ਰੰਤੂ ਗੁਜ਼ਰਾਤ ਚੋਣਾਂ ‘ਚ ਉਲਝੀ ਸਰਕਾਰ ਐਸ.ਪੀ ਤੈਨਾਤ ਕਰਨਾ ਹੀ ਭੁੱਲ ਗਈ ਹੈ। ਜ਼ਿਲ੍ਹਾ ਬਣਨ ਤੋਂ ਬਾਅਦ ਬਠਿੰਡਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਅੱਧੀ ਦਰਜ਼ਨ ਦੇ ਕਰੀਬ ਪੋਸਟਾਂ ਸੈਕਸ਼ਨ ਹੋਣ ਦੇ ਬਾਵਜੂਦ ਇੱਥੇ ਕੋਈ ਵੀ ਐਸ.ਪੀ ਪੋਸਟਡ ਨਹੀਂ ਹੈ। ਬਠਿੰਡਾ ਵਿਚ ਪਿਛਲੇ ਕਈ ਮਹੀਨਿਆਂ ਤੋਂ ਇੱਕ ਹੀ ਪੁਲਿਸ ਕਪਤਾਨ ਬਾਕੀ ਖ਼ਾਲੀ ਪਈਆਂ ਪੋਸਟਾਂ ਦਾ ਵੀ ਕੰਮ ਦੇਖ ਰਿਹਾ ਸੀ ਪ੍ਰੰਤੂ ਬੀਤੇ ਕੱਲ 30 ਨਵੰਬਰ ਨੂੰ ਉਹ ਵੀ ਸੇਵਾ ਮੁਕਤ ਹੋ ਗਏ ਹਨ। ਮੌਜੂਦਾ ਸਮੇਂ ਜ਼ਿਲ੍ਹੇ ਵਿਚ ਐਸ.ਪੀ ਦੀਆਂ ਪੰਜ ਪੋਸਟਾਂ ਸ਼ੈਕਸਨ ਹਨ ਪ੍ਰੰਤੂ ਇੰਨ੍ਹਾਂ ਵਿਚੋਂ ਕਿਸੇ ਇੱਕ ਉਪਰ ਵੀ ਕੋਈ ਪੁਲਿਸ ਅਫ਼ਸਰ ਤੈਨਾਤ ਨਹੀਂ ਹੈ। ਪੁਲਿਸ ਵਿਭਾਗ ਦੇ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਇਕੱਲੇ ਬਠਿੰਡਾ ਵਿਚ ਹੀ ਨਹੀਂ, ਬਲਕਿ ਪੂਰੇ ਪੰਜਾਬ ਵਿਚ ਹੀ ਪੰਜ ਦਰਜ਼ਨ ਤੋਂ ਵੱਧ ਥਾਵਾਂ ‘ਤੇ ਐਸ.ਪੀ ਦੀਆਂ ਪੋਸਟਾਂ ਖ਼ਾਲੀ ਪਈਆਂ ਹਨ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ 1988 ਬੈਚ ਦੇ ਡਾਇਰੈਕਟ ਥਾਣੇਦਾਰ ਭਰਤੀ ਹੋਏ ਲਗਭਗ ਸਾਰੇ ਅਫ਼ਸਰ ਐਸ.ਪੀ ਦੀਆਂ ਪੋਸਟਾਂ ਤੋਂ ਰਿਟਾਇਰ ਹੋ ਗਏ ਹਨ। ਪ੍ਰੰਤੂ ਉਨਾਂ ਦੀ ਖ਼ਾਲੀ ਥਾਂ ਭਰਨ ਲਈ ਦਸੰਬਰ 1989 ਅਤੇ 1990 ਬੈਚ ਦੇ ਡਾਇਰੈਕਟ ਥਾਣੇਦਾਰ ਅਤੇ 2012 ਅਤੇ 2014 ਵਿਚ ਭਰਤੀ ਹੋਏ ਸਿੱਧੇ ਡੀਐਸਪੀਜ਼ ਵਿਚੋਂ ਹਾਲੇ ਤੱਕ ਕਿਸੇ ਨੂੰ ਤਰੱਕੀ ਨਹੀਂ ਮਿਲੀ ਹੈ। ਜਿਸਦੇ ਚੱਲਦੇ ਆਉਣ ਵਾਲੇ ਕੁੱਝ ਸਮੇਂ ਤੱਕ ਸੀਨੀਅਰ ਪੁਲਿਸ ਕਪਤਾਨਾਂ ਨੂੰ ਬਿਨ੍ਹਾਂ ਐਸ.ਪੀਜ਼ ਤੋਂ ਹੀ ਕੰਮ ਚਲਾਉਣਾ ਪਏਗਾ। ਇਹ ਵੀ ਪਤਾ ਚੱਲਿਆ ਹੈ ਕਿ ਤਰੱਕੀ ਨਾ ਹੋਣ ਦਾ ਮੁੱਖ ਕਾਰਨ ਸੀਨੀਅਰਤਾ ਸੂਚੀ ਨੂੰ ਲੈ ਕੇ ਪਿਆ ਰੱਫ਼ੜ ਹੈ। ਜਿਸਦੇ ਚੱਲਦੇ ਇਹ ਮਾਮਲਾ ਅਦਾਲਤ ਵਿਚ ਵੀ ਪੁੱਜਿਆ ਸੀ।
ਬਾਕਸ
ਬਠਿੰਡਾ ’ਚ ਮੰਨਜੂਰ ਹਨ ਐਸ.ਪੀ ਦੀਆਂ ਪੰਜ ਪੋਸਟਾਂ, ਸਾਰੀਆਂ ਖ਼ਾਲੀ
ਪੁਲਿਸ ਸੂਤਰਾਂ ਮੁਤਾਬਕ ਜ਼ਿਲ੍ਹੇ ਵਿਚ ਐਸ.ਪੀ ਹੈਡਕੁਆਟਰ, ਐਸ.ਪੀ ਸਿਟੀ, ਐਸ.ਪੀ ਇਨਵੇਸਟੀਗੇਸ਼ਨ, ਐਸ.ਪੀ ਪੀਬੀਆਈ, ਐਸ.ਪੀ ਸਪੈਸ਼ਲ ਦੀਆਂ ਪੋਸਟਾਂ ਸੈਕਸ਼ਨ ਹਨ। ਇਸਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਇੱਥੇ ਐਸ.ਪੀ ਟਰੈਫ਼ਿਕ ਦੀ ਤੈਨਾਤ ਰਹੇ ਹਨ। ਸੂਚਨਾ ਮੁਤਾਬਕ ਐਸਪੀ ਹੈਡਕੁਆਟਰ ਭੁਪਿੰਦਰ ਸਿੰਘ ਸਿੱਧੂ 30 ਨਵੰਬਰ ਨੂੰ ਸੇਵਾਮੁੁਕਤ ਹੋ ਗਏ ਹਨ। ਇਸੇ ਤਰ੍ਹਾਂ ਐਸ.ਪੀ ਡੀ ਜਾਂ ਇਨਵਸਟੀਗੇਸ਼ਨ ਤੇਜਿੰਦਰ ਸਿੰਘ 31 ਅਕਤੂਬਰ ਨੂੰ ਸੇਵਾਮੁਕਤ ਹੋਏ ਸਨ। ਐਸ.ਪੀ ਸਿਟੀ ਜਸਪਾਲ ਸਿੰਘ ਦਸੰਬਰ 2021 ਵਿਚ ਤਰੱਕੀ ਪਾ ਕੇ ਐਸਐਸਪੀ ਵਿਜੀਲੈਂਸ ਬਣ ਗਏ ਸਨ ਪ੍ਰੰਤੂ ਉਨ੍ਹਾਂ ਦੀ ਥਾਂ ’ਤੇ ਵੀ ਅੱਜ ਤੱਕ ਸੂਬੇ ਦੇ ਪੰਜ ਵੱਡੇ ਮਹਾਂਨਗਰਾਂ ਵਿਚ ਗਿਣੇ ਜਾਂਦੇ ਬਠਿਡਾ ਸ਼ਹਿਰ ਵਿਚ ਹਾਲੇ ਤੱਕ ਕੋਈ ਐਸ.ਪੀ ਸਿਟੀ ਨਹੀਂ ਲਗਾਇਆ ਗਿਆ। ਇਸਤੋਂ ਇਲਾਵਾ ਐਸ.ਪੀ ਸਪੈਸ਼ਲ ਦੀ ਪੋਸਟ ’ਤੇ ਤੈਨਾਤ ਰਹੇ ਮੇਜ਼ਰ ਸਿੰਘ ਤੋਂ ਬਾਅਦ ਕੋਈ ਐਸ.ਪੀ ਨਹੀਂ ਲਗਾਇਆ ਗਿਆ।

ਬਾਕਸ
ਬਠਿੰਡਾ ਕਈ ਪੱਖਾਂ ਤੋਂ ਹੈ ਮਹੱਤਵਪੂਰਨ
ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਬਠਿੰਡਾ ਜ਼ਿਲ੍ਹਾ ਨਾ ਹੀ ਸਿਰਫ਼ ਸਿਆਸੀ ਪੱਖ ਤੋਂ ਮਹੱਤਵਪੂਰਨ ਹੈ, ਇਸ ਜ਼ਿਲ੍ਹੇ ਵਿਚ 6 ਵਿਧਾਨ ਸਭਾ ਹਲਕੇ ਪੈਂਦੇ ਹਨ। ਇਸੇ ਤਰ੍ਹਾਂ ਜ਼ਿਲ੍ਹੇ ਦੇ ਅਧੀਨ ਏਸ਼ੀਆ ਦੀ ਸਭ ਤੋਂ ਵੱਡੀ ਫ਼ੌਜੀ ਛਾਉਣੀ, ਤਿੰਨ ਥਰਮਲ ਪਲਾਂਟ, ਉੱਤਰੀ ਭਾਰਤ ਦਾ ਸਭ ਤੋਂ ਵੱਡਾ ਉਦਯੋਗ ਰਿਫ਼ਾਈਨਰੀ, ਕੌਮੀ ਖ਼ਾਦ ਕਾਰਖ਼ਾਨਾ, ਏਅਰ ਫ਼ੌਰਸ ਸਟੇਸ਼ਨ ਭੀਸੀਆਣਾ, ਏਮਜ਼ ਬਠਿੰਡਾ ਸਹਿਤ ਵੱਡੇ ਸੰਸਥਾਨ ਹਨ। ਇਸ ਜ਼ਿਲ੍ਹੇ ਦੀ ਆਬਾਦੀ ਵੀ ਕਰੀਬ 16 ਲੱਖ ਤੋਂ ਵੱਧ ਹੈ ਅਤੇ ਇੱਥੇ ਪੂਰੇ ਪੰਜਾਬ ਦੇ ਖ਼ਤਰਨਾਕ ਗੈਂਗਸਟਰਾਂ ਨੂੰ ਸੰਭਾਲਣ ਵਾਲੀ ਬਠਿੰਡਾ ਦੀ ਕੇਂਦਰੀ ਜੇਲ੍ਹ ਵੀ ਸਥਿਤੀ ਹੈ।

ਬਾਕਸ
ਮਾਲਵਾ ਪੱਟੀ ਦੇ ਅੱਧੀ ਦਰਜ਼ਨ ਜ਼ਿਲ੍ਹਿਆਂ ਵਿਚ ਵੀ ਖ਼ਾਲੀ ਹਨ ਐਸ.ਪੀ ਦੀਆਂ ਪੋਸਟਾਂ
ਉਧਰ ਪ੍ਰਾਪਤ ਅੰਕੜਿਆਂ ਮੁਤਾਬਕ ਇਕੱਲੇ ਬਠਿੰਡਾ ਵਿਚ ਹੀ ਨਹੀਂ, ਬਲਕਿ ਪੂਰੇ ਪੰਜਾਬ ਵਿਚ ਹੀ ਐਸ.ਪੀ ਦੀਆਂ ਪੋਸਟਾਂ ਖ਼ਾਲੀ ਹਨ। ਜੇਕਰ ਇਕੱਲੇ ਮਾਲਵਾ ਖੇਤਰ ਦੀ ਗਲ ਕੀਤੀ ਜਾਵੇ ਤਾਂ ਬਠਿੰਡਾ ਜ਼ਿਲ੍ਹੇ ਵਿਚ ਨਿਕਲੇ ਮਾਨਸਾ ਜ਼ਿਲ੍ਹੇ ਵਿਚ ਐਸ.ਪੀ ਦੀਆਂ ਤਿੰਨ ਪੋਸਟਾਂ (ਐਸ.ਪੀ ਡੀ, ਐਸ.ਪੀ ਐਚ ਅਤੇ ਐਸ.ਪੀ ਪੀਬੀਆਈ)ਹਨ ਪ੍ਰੰਤੂ ਮੌਜੂਦਾ ਸਮੇਂ ਸਿਰਫ਼ ਐਸ.ਪੀ ਪੀਬੀਆਈ ਹੀ ਤਿੰਨਾਂ ਦਾ ਕੰਮਾਂ ਸੰਭਾਲ ਰਿਹਾ ਹੈ। ਇਸੇ ਤਰ੍ਹਾਂ ਸ਼੍ਰੀ ਮੁਕਤਸਰ ਸਾਹਿਬ, ਮਲੋਟ, ਫ਼ਾਜਲਿਕਾ, ਫ਼ਿਰੋਜਪੁਰ, ਫ਼ਰੀਦਕੋਟ, ਮੋਗਾ, ਸੰਗਰੂਰ ਅਤੇ ਬਰਨਾਲਾ ਆਦਿ ਜ਼ਿਲ੍ਹਿਆਂ ਵਿਚ ਵੀ ਇੱਕ-ਇੱਕ, ਦੋ-ਦੋ ਐਸ.ਪੀਜ਼ ਦੀਆਂ ਪੋਸਟਾਂ ਖ਼ਾਲੀ ਪਈਆਂ ਹਨ। ਪ੍ਰੰਤੂ ਬਠਿੰਡਾ ਜ਼ਿਲ੍ਹੇ ਵਿਚ ਇੱਕ ਵੀ ਐਸ.ਪੀ ਤੈਨਾਤ ਨਾ ਹੋਣ ਕਾਰਨ ਸਾਰੇ ਰਿਕਾਰਡ ਟੁੱਟ ਗਏ ਹਨ। ਉਧਰ ਇਸ ਮਾਮਲੇ ’ਤੇ ਜਦ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਿਆਦਾਤਰ ਨੇ ਕੁੱਝ ਵੀ ਕਹਿਣ ਤੋਂ ਟਾਲਾ ਵੱਟਣ ਵਿਚ ਹੀ ਭਲਾਈ ਸਮਝੀ।

ਤਨਖਾਹਾਂ ਨਾ ਮਿਲਣ ਦੇ ਵਿਰੋਧ ‘ਚ ਪੰਚਾਇਤ ਸਕੱਤਰ/ਵੀ.ਡੀ.ਓ. ਯੂਨੀਅਨ ਨੇ ਖੋਲਿਆ ਸਰਕਾਰ ਵਿਰੁੱਧ ਮੋਰਚਾ

0
ਕਿਹਾ ਤਨਖਾਹ ਨਹੀਂ ਤੇ ਕੰਮ ਵੀ ਨਹੀਂ
ਕੀਤੀ ਮੰਗ: ਸਰਕਾਰੀ ਸਾਈਡ ਵਿੱਚ ਮਰਜ ਕਰਕੇ ਤਨਖਾਹ ਦੇਣ ਦਾ ਪ੍ਬੰਧ ਕੀਤਾ ਜਾਵੇ
ਸੁਖਜਿੰਦਰ ਮਾਨ
ਬਠਿੰਡਾ, 1 ਦਸੰਬਰ: ਪਿਛਲੇ ਕਰੀਬ ਪੰਜ-ਛੇ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਦੁਖੀ ਚੱਲ ਰਹੇ ਪੰਚਾਇਤ  ਸਕੱਤਰ/ਵੀ.ਡੀ.ਓਜ਼ ਨੇ ਯੂਨੀਅਨ ਦੇ ਝੰਡੇ ਹੇਠ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲ ਦਿੱਤਾ ਹੈ । ਯੂਨੀਅਨ ਦੇ ਆਗੂਆਂ ਨੇ ਐਲਾਨ ਕੀਤਾ ਕਿ ਜਿੰਨ੍ਹਾਂ ਚਿਰ ਤਨਖਾਹ ਜਾਰੀ ਨਹੀਂ ਕੀਤੀ ਜਾਂਦੀ ਉਹ ਕੰਮ ਵੀ ਨਹੀਂ ਕਰਨਗੇ। ਅੱਜ ਇੱਥੇ ਯੂਨੀਅਨ ਦੇ ਜਿਲ੍ਹਾ  ਪ੍ਰਧਾਨ ਮੋਹਨ ਸਿੰਘ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਅਤੇ ਡੀ.ਡੀ.ਪੀ.ਓ ਨੂੰ ਦਿੱਤੇ ਮੰਗ ਪੱਤਰ ਵਿੱਚ ਯੂਨੀਅਨ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਜਿਲੇ ਦੇ ਪੰਚਾਇਤ ਸਕੱਤਰਾਂ ਨੂੰ ਲਗਾਤਾਰ 5-6 ਮਹੀਿਨਆਂ ਤੋਂ ਤਨਖਾਹ ਨਹੀਂ ਮਿਲ ਰਹੀ। ਜੇਕਰ ਤਨਖਾਹ ਮਿਲਦੀ ਵੀ ਹੈ ਤਾਂ ਹਰ ਵਾਰ 5-6 ਮਹੀਨਿਆਂ ਬਾਅਦ  ਮਿਲਦੀ ਹੈ। ਇਸ ਲਈ ਜਦੋਂ ਤੱਕ ਪੰਚਾਇਤ ਸਕੱਤਰਾਂ/ਸੰਮਤੀ ਕਰਮਚਾਰੀਆਂ ਦੀਆਂ ਤਨਖਾਹਾਂ ਦਾ ਪੱਕਾ ਹੱਲ ਨਹੀਂ ਹੁੰਦਾ ਅਤੇ ਤਨਖਾਹ ਮਹੀਨੇ ਦੀ 10 ਤਰੀਕ ਤੱਕ ਦੇਣ ਦਾ ਪ੍ਬੰਧ  ਵਿਭਾਗ ਵੱਲੋਂ ਨਹੀਂ ਕੀਤਾ ਜਾਂਦਾ, ਉਸ ਸਮੇਂ ਤੱਕ ਪੰਚਾਇਤ  ਸਕੱਤਰ ਅਤੇ ਸੰਮਤੀ ਕਰਮਚਾਰੀਆਂ ਦੀ ਕਲਮ ਛੋੜ ਹੜਤਾਲ ਜਾਰੀ ਰਹੇਗੀ। ਉਨ੍ਹਾਂ ਮੰਗ ਕੀਤੀ ਕਿ ਪੰਚਾਇਤ ਸਕੱਤਰਾਂ ਨੂੰ ਸਰਕਾਰੀ ਸਾਈਡ ਵਿੱਚ ਮਰਜ ਕਰਕੇ  ਇੱਕ ਕਾਡਰ ਬਣਾ ਕੇ ਖਜਾਨੇ ਵਿੱਚੋਂ ਤਨਖਾਹ ਦੇਣ ਦਾ ਪ੍ਬੰਧ ਕੀਤਾ ਜਾਵੇ। ਇਸਤੋਂ ਇਲਾਵਾ ਵਿਭਾਗੀ ਕੰਮਾਂ ਤੋਂ ਇਲਾਵਾ ਜੋ ਵਾਧੂ ਕੰਮ ਪੰਚਾਇਤ ਸਕੱਤਰਾਂ/ਵੀ.ਡੀ.ਓ. ਉੱਪਰ ਥੋਪੇ ਜਾ ਰਹੇ ਹਨ, ਉਹ ਵਾਧੂ ਕੰਮ ਸਬੰਧੀ  ਵਿਭਾਗ ਵੱਲੋਂ ਚਿੱਠੀ ਜਾਰੀ ਕਰਕੇ ਵਾਪਿਸ ਲਏ ਜਾਣ ਅਤੇ ਅੱਗੇ ਤੋਂ ਪੰਚਾਇਤ ਸਕੱਤਰ/ਵੀ.ਡੀ.ਓ. ਦੀ ਡਿਊਟੀ ਚਾਰਟ ਤੋਂ ਬਾਹਰ ਜਾ ਕੇ ਵਿਭਾਗੀ ਕੰਮਾਂ ਤੋਂ ਬਿਨਾਂ ਵਾਧੂ ਕੰਮਾਂ ਲਈ ਡਿਊਟੀ ਨਾ  ਲਗਾਈ ਜਾਵੇ। ਇਸੇ ਤਰ੍ਹਾਂ ਜਿਨਾਂ ਪੰਚਾਇਤਾਂ ਦੇ ਆਡਿਟ ਲੋਕਲ ਆਡੀਟਰ ਜਾਂ ਏ.ਜੀ.  ਪੰਜਾਬ ਵੱਲੋਂ ਕੀਤੇ ਜਾ ਚੁੱਕੇ ਹਨ, ਉਨਾਂ ਪੰਚਾਇਤਾਂ ਦੇ ਆਡਿਟ ਵਿਭਾਗੀ ਕਮੇਟੀ ਵੱਲੋਂ ਨਾ ਕਰਵਾਏ ਜਾਣ। ਇੱਕ ਹੋਰ ਮੰਗ ਵਿੱਚ ਚੌਕਸੀ ਵਿਭਾਗ ਵੱਲੋਂ ਬਿਨਾਂ ਪੇਂਡੂ ਵਿਕਾਸ ਅਤੇ ਪੰਚਾਇਤ  ਵਿਭਾਗ ਦੀ ਮਨਜੂਰੀ ਤੋਂ ਕੀਤੀਆਂ ਜਾ ਰਹੀਆਂ ਬੰਦ ਕਰਵਾ ਕੇ ਪਹਿਲਾਂ ਵਿਭਾਗ ਕੋਲੋ ਪੜਤਾਲ ਕਰਵਾਉਣ ਲਈ ਕਿਹਾ ਗਿਆ। ਇਸ ਮੌਕੇ ਯੂਨੀਅਨ ਦੇ ਸਰਪ੍ਰਸਤ ਬਲਜਿੰਦਰ ਸਿੰਘ, ਉਪ ਪ੍ਰਧਾਨ ਗੁਰਦੀਪ ਸਿੰਘ, ਅਰਵਿੰਦ ਗਰਗ, ਗੁਰਮੀਤ ਸਿੰਘ, ਭੋਲਾ ਸਿੰਘ, ਰਣਦੀਪ ਕੌਰ ਆਦਿ ਵੀ ਹਾਜ਼ਰ ਸਨ।

ਸੰਗਰੂਰ ਵਿਖੇ ਮਜ਼ਦੂਰਾਂ ‘ਤੇ ਲਾਠੀਚਾਰਜ ਦੀ ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਸਖ਼ਤ ਨਿੰਦਾ

ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 30 ਨਵੰਬਰ:ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਮੂਹਰੇ ਸ਼ਾਂਤਮਈ ਧਰਨਾ ਸ਼ੁਰੂ ਕਰਨ ਮੌਕੇ ਪੰਜਾਬ ਦੇ ਪੇਂਡੂ/ਖੇਤ ਮਜ਼ਦੂਰਾਂ ਉੱਪਰ ਕੀਤੇ ਗਏ ਲਾਠੀਚਾਰਜ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ। ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈਸ ਬਿਆਨ ਰਾਹੀਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੋਸ਼ ਲਾਇਆ ਹੈ ਕਿ ਆਪ ਦੀ ਮਾਨ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਹਿਣੀ ਅਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਕਹਿਣ ਨੂੰ ਤਾਂ ਉਹ ਕਹਿੰਦੇ ਹਨ ਕਿ ਲੋਕਾਂ ਨੂੰ ਆਪਣੇ ਮਸਲੇ ਹੱਲ ਨਾ ਹੋਣ ਦੀ ਸੂਰਤ ਵਿੱਚ ਸੜਕਾਂ ਰੇਲਾਂ ਰੋਕ ਕੇ ਆਮ ਜਨਤਾ ਨੂੰ ਤੰਗ ਪ੍ਰੇਸਾਨ ਕਰਨ ਦੀ ਬਜਾਏ ਸਰਕਾਰ ਦੇ ਵਿਧਾਇਕਾਂ ਜਾਂ ਮੰਤਰੀਆਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰਨੇ ਚਾਹੀਦੇ ਹਨ, ਪ੍ਰੰਤੂ ਉੱਥੇ ਗਿਆਂ ਉੱਤੇ ਡਾਂਗਾਂ ਵਰ੍ਹਾਈਆਂ ਜਾਂਦੀਆਂ ਹਨ। ਕਿਸਾਨ ਆਗੂਆਂ ਨੇ ਪੁਲਿਸ ਜਬਰ ਦੇ ਬਾਵਜੂਦ ਧਰਨੇ ਵਿੱਚ ਡਟਣ ਵਾਲੇ ਹਜ਼ਾਰਾਂ ਮਜ਼ਦੂਰਾਂ ਦੇ ਸਿਦਕ ਦੀ ਸ਼ਲਾਘਾ ਕਰਦਿਆਂ ਐਲਾਨ ਕੀਤਾ ਹੈ ਕਿ ਕਿਸਾਨਾਂ ਵੱਲੋਂ ਇਸ ਹੱਕੀ ਧਰਨੇ ਦੀ ਡਟਵੀਂ ਹਮਾਇਤ ਕੀਤੀ ਜਾਵੇਗੀ।

ਪ੍ਰਕਾਸ਼ ਸਿੰਘ ਬਾਦਲ ਵੱਲੋਂ ’ਪੰਜ ਪੈਨਸ਼ਨਾਂ’ ਲੈਣ ਦੇ ਦਾਅਵੇ ਦੇ ਜਨਤਕ ਤੌਰ ’ਤੇ ਸਬੂਤ ਪੇਸ਼ ਕਰੋ ਜਾਂ ਫਿਰ ਕਾਨੂੰਨੀ ਕਾਰਵਾਈ ਲਈ ਤਿਆਰ ਰਹੋ : ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ

0

ਕਿਹਾ ਕਿ ਪੰਜ ਵਾਰ ਦੇ ਮੁੱਖ ਮੰਤਰੀ ਨੇ ਸਾਬਕਾ ਵਿਧਾਇਕ ਬਣਨ ’ਤੇ ਪੈਨਸ਼ਨ ਲੈਣ ਤੋਂ ਇਨਕਾਰ ਲਿਖਤੀ ਤੌਰ ’ਤੇ ਦਿੱਤਾ
ਭਗਵੰਤ ਮਾਨ ਵੱਲੋਂ ਪੰਜਾਬ ਵਿਚ ਮੈਡੀਕਲ ਕਾਲਜਾਂ ਦੀ ਉਸਾਰੀ ਬਾਰੇ ਬੋਲਿਆ ਝੂਠ ਬੇਨਕਾਬ ਕੀਤਾ ਤੇ ਦੱਸਿਆ ਕਿ ਕਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਚ ਸਿਹਤ ਖੇਤਰ ਵਿਚ ਬੁਨਿਆਦੀ ਢਾਂਚਾ ਵਿਕਸਤ ਕੀਤਾ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 30 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ’ਪੰਜ ਪੈਨਸ਼ਨਾਂ’ ਲੈਣਾ ਰਿਕਾਰਡ ਜਨਤਕ ਕਰਨ ਜਾਂ ਫਿਰ ਝੂਠ ਬੋਲਣ ਲਈ ਮਾਣਹਾਨੀ ਦੇ ਮੁਕੱਦਮੇ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਆਮ ਆਦਮੀ ਪਾਰਟੀ ਵੱਲੋਂ 7 ਸਾਲ ਪਹਿਲਾਂ ਸ਼ੁਰੂ ਕੀਤੀ ਬਦਨਾਮੀ ਦੀ ਮੁਹਿੰਮ ਚਲਾ ਰਹੇ ਹਨ ਅਤੇ ਹੁਣ ਉਹ ਝੂਠ ਤੇ ਝੂਠੇ ਵਾਅਦਿਆਂ ਨਾਲ ਗੁਜਰਾਤ ਦੇ ਵੋਟਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਸ਼ਾਇਦ ਇਹ ਸੋਚਦੇ ਹਨ ਕਿ ਉਹ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਸਕਦੇ ਹਨ ਪਰ ਅਸੀਂ ਉਹਨਾਂ ਵੱਲੋਂ ਦਿੱਤੇ ਬਿਆਨਾਂ ਲਈ ਉਹਨਾਂ ਦੀ ਜਵਾਬਦੇਹੀ ਤੈਅ ਕਰਾਂਗੇ। ਉਹਨਾਂ ਕਿਹਾ ਕਿ ਹੁਣ ਉਹਨਾਂ ਨੂੰ ਆਪਣੇ ਦਾਅਵਿਆਂ ਦੇ ਹੱਕ ਵਿਚ ਸਬੂਤ ਜਨਤਕ ਤੌਰ ’ਤੇ ਪੇਸ਼ ਕਰਨੇ ਪੈਣਗੇ ਨਹੀਂ ਤਾਂ ਆਪਣੇ ਬਿਆਨਾਂ ਲਈ ਮੁਆਫੀ ਮੰਗਣੀ ਪਵੇਗੀ। ਉਹਨਾਂ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਜਾਂ ਆਪਣੇ ਬਿਆਨ ਲਈ ਮੁਆਫੀ ਨਹੀਂ ਮੰਗਦੇ ਤਾਂ ਫਿਰ ਉਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।ਤੱਥ ਪੇਸ਼ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਤੋਂ ਤੁਰੰਤ ਬਾਅਦ ਪ੍ਰੋ ਟੈਮ ਸਪੀਕਰ ਨੁੰ ਪੱਤਰ ਲਿਖ ਕੇ ਕਿਹਾ ਸੀ ਕਿ ਉਹਨਾਂ ਦੇ 10 ਵਾਰ ਵਿਧਾਇਕ ਬਣਨ ਦੀ ਪੈਨਸ਼ਨ ਉਹਨਾਂ ਨੂੰ ਨਾ ਭੇਜੀ ਜਾਵੇ। ਸਰਦਾਰ ਬਾਦਲ ਨੇ ਇਹ ਬੇਨਤੀ ਕੀਤੀ ਸੀ ਕਿ ਇਹ ਪੈਸਾ ਲੋਕ ਭਲਾਈ ਵਾਸਤੇ ਖਾਸ ਤੌਰ ’ਤੇ ਲੜਕੀਆਂ ਨੂੰ ਸਿੱਖਿਆ ਦੇਣ ’ਤੇ ਖਰਚ ਕੀਤੀ ਜਾਵੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਚਿੱਠੀ ਵਿਧਾਨ ਸਭਾ ਦੇ ਰਿਕਾਰਡ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਆਪਣੇ ਪੱਤਰ ਵਿਚ ਇਹ ਵੀ ਸਪਸ਼ਟ ਕੀਤਾ ਹੈ ਕਿ ਉਹਨਾਂ ਨੇ ਆਪਣੇ ਜੀਵਨ ਵਿਚ ਕਦੇ ਵੀ ਸਾਬਕਾ ਵਿਧਾਇਕ ਵਜੋਂ ਪੈਨਸ਼ਨ ਨਹੀਂ ਪ੍ਰਾਪਤ ਕੀਤੀ। ਉਹਨਾਂ ਕਿਹਾ ਕਿ ਇਹਨਾਂ ਤੱਥਾਂ ਦੀ ਰੋਸ਼ਨੀ ਵਿਚ ਇਹ ਸਪਸ਼ਟ ਹੈ ਕਿ ਮੁੱਖ ਮੰਤਰੀ ਜਾਣ ਬੁੱਝ ਕੇ ਸ਼ਰਾਰਤੀ ਟਿੱਪਣੀਆਂ ਕਰ ਰਹੇ ਹਨ ਤਾਂ ਜੋ ਉਹ ਅਕਾਲੀ ਦਲ ਦੀ ਬਦਨਾਮੀ ਕਰ ਸਕਣ ਤੇ ਆਪਣੇ ਆਪ ਨੂੰ ਮਸੀਹਾ ਵਜੋਂ ਪੇਸ਼ ਕਰ ਸਕਣ ਜੋ ਹਰ ਮਹੀਨੇ ਟੈਕਸ ਦਾਤਿਆਂ ਦਾ 5 ਲੱਖ ਰੁਪਏ ਬਚਾਉਣ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਅਸਲ ਵਿਚ ਜੋ ਹੋ ਰਿਹਾ ਹੈ, ਉਹ ਇਸ ਤੋਂ ਉਲਟ ਹੈ। ਉਹਨਾਂ ਕਿਹਾ ਕਿ ਆਪ ਦੀ ਸਾਰੀ ਮੁਹਿੰਮ ਪ੍ਰਾਪਗੰਡੇ ’ਤੇ ਆਧਾਰਿਤ ਹੈ ਤੇ ਮੌਜੂਦਾ ਵਿੱਤ ਵਰ੍ਹੇ ਵਿਚ ਹੀ 700 ਕਰੋੜ ਰੁਪਏ ਇਸ਼ਤਿਹਾਰਬਾਜ਼ੀ ਵਾਸਤੇ ਰੱਖੇ ਗਏ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਦੇਸ਼ ਭਰ ਵਿਚ ਸੈਂਕੜੇ ਕਰੋੜ ਰੁਪਏ ਇਸ਼ਤਿਹਾਰਬਾਜ਼ੀ ’ਤੇ ਖਰਚ ਕੀਤੇ ਜਾ ਰਹੇ ਹਨ ਤੇ ਖਾਸ ਤੌਰ ’ਤੇ ਗੁਜਰਾਤ ਵਰਗੇ ਰਾਜਾਂ ਵਿਚ ਖਰਚ ਕੀਤੇ ਜਾ ਰਹੇ ਹਨ ਜਿਥੇ ਵਿਧਾਨ ਸਭਾ ਚੋਣਾਂ ਲਈ ਪ੍ਰਕਿਰਿਆ ਚਲ ਰਹੀ ਹੈ। ਉਹਨਾਂ ਕਿਹਾ ਕਿ ਟੈਕਸ ਦਾਤੇ ਪੰਜਾਬੀਆਂ ਦਾ ਪੈਸਾ ਜੋ ਵਿਕਾਸ ਲਈ ਖਰਚ ਹੋਣਾ ਚਾਹੀਦਾ ਹੈ, ਉਹ ਇਸ ਤਰੀਕੇ ਬਰਬਾਦ ਕੀਤਾ ਜਾ ਰਿਹਾਹੈ। ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਮੁੱਖ ਮੰਤਰੀ ਕਿਵੇਂ ਜਨਤਕ ਪੈਸਾ ਪੰਜਾਬੀਆਂ ਦੀ ਭਲਾਈ ਵਾਸਤੇ ਖਰਚ ਕਰ ਰਹੇ ਹਨ।ਸ: ਬਾਦਲ ਨੇ ਭਗਵੰਤ ਮਾਨ ਵੱਲੋਂ ਅੱਜ ਗੁਜਰਾਤ ਵਿਚ ਕੀਤੀ ਪ੍ਰੈਸ ਕਾਨਫਰੰਸ ਵਿਚ ਬੋਲੇ ਝੂਠ ਨੂੰ ਵੀ ਬੇਨਕਾਬ ਕੀਤਾ ਜਿਸ ਦੌਰਾਨ ਉਹਨਾਂ ਦਾਅਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਵਿਚ ਮੈਡੀਕਲ ਕਾਲਜਾਂ ਦਾ ਨਿਰਮਾਣ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਕੋਰਾ ਝੁਠ ਹੈ। ਪੰਜਾਬ ਵਿਚ ਸਾਰੇ ਮੈਡੀਕਲ ਕਾਲਜਾਂ ਲਈ ਪ੍ਰਵਾਨਗੀ ਕੇਂਦਰ ਸਰਕਾਰ ਨੇ ਕੋਰੋਨਾ ਤੋਂ ਬਾਅਦ ਦੇ ਹਾਲਾਤ ਵਿਚ ਦਿੱਤੀ ਹੈ ਜਿਸ ਵਿਚ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਬਰਾਬਰ ਦਾ ਯੋਗਦਾਨ ਪਾ ਕੇ ਇਹ ਕਾਲਜ ਸਥਾਪਿਤ ਕਰਨਗੀਆਂ।ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੁੰ ਇਹ ਵੀ ਕਿਹਾ ਕਿ ਉਹ ਪੰਜਾਬ ਵਿਚ ਸਿਹਤ ਖੇਤਰ ਵਿਚ ਬੁਨਿਆਦੀ ਢਾਚੇ ਦੇ ਵਿਕਾਸ ’ਤੇ ਧਿਆਨ ਕੇਂਦਰਤ ਕਰਨ ਵੱਲ ਧਿਆਨ ਦੇਣ ਕਿਉਂਕਿ ਉਹਨਾਂ ਆਪ ਇਸ ਮਾਮਲੇ ਵਿਚ ਕੱਖ ਨਹੀਂ ਕੀਤਾ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਨੇ ਤਾਂ ਸਿਰਫ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਬਣਾਏ ਸੁਵਿਧਾ ਕੇਂਦਰਾਂ ਦੀ ਲੀਪਾ ਪੋਥੀ ਕਰ ਕੇ ਉਹਨਾਂ ਨੂੰ ਮੁਹੱਲਾ ਕਲੀਨਿਕਾਂ ਵਿਚ ਤਬਦੀਲ ਕੀਤਾਹੈ ਜਦੋਂ ਕਿ ਇਹ ਦਿੱਲੀ ਦਾ ਫੇਲ੍ਹ ਮਾਡਲ ਹੈ। ਉਹਨਾਂ ਕਿਹਾ ਕਿ ਇਹ ਕਲੀਨਿਕ ਵੀ ਸਹੀ ਤਰੀਕੇ ਨਹੀਂ ਚਲ ਰਹੇ ਕਿਉਂਕਿ ਦਿਹਾਤੀ ਖੇਤਰਾਂ ਵਿਚ ਇਹਨਾਂ ਕਲੀਨਿਕਾਂ ਵਿਚ ਨਾ ਤਾਂ ਡਾਕਟਰ ਉਪਲਬਧ ਹੈ ਬਲਕਿ ਇਹਨਾਂ ਵਿਚ ਹੋਰ ਸਟਾਫ ਦੀ ਬਹੁਤ ਘਾਟਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਨੇ ਆਪ ਬਾਬਾ ਫਰੀਦ ਹੈਲਥ ਯੂਨੀਵਰਸਿਟੀ ਫਰੀਦਕੋਟ, ਏਮਜ਼ ਬਠਿੰਡਾ, ਪਿਮਸ ਜਲੰਧਰ, ਐਡਵਾਂਸਡ ਕੈਂਸਰ ਇੰਸਟੀ‌ਚਿਊਟ ਬਠਿੰਡਾ ਪੀ ਜੀ ਆਈ ਸੈਟੇਲਾਈਟ ਸੈਂਟਰ ਸੰਗਰੂਰ ਅਤੇ ਹੋਮੀ ਭਾਬਾ ਕੈਂਸਰ ਇੰਸਟੀਚਿਊਟ ਮੁਹਾਲੀ ਸਥਾਪਿਤ ਕੀਤੇ।ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕੈਂਸਰ ਮਰੀਜ਼ਾਂ ਨੂੰ 1.5 ਲੱਖ ਰੁਪਏ ਦੀ ਸਹਾਇਤਾ ਦੇਣ ਸਮੇਤ ਵਿਲੱਖਣ ਸਿਹਤ ਸੰਭਾਲ ਸਹੂਲਤਾਂ ਦੀਆਂ ਸਕੀਮਾਂ ਵੀ ਸ਼ੁਰੂ ਕੀਤੀਆਂ ਸਨ। ਉਹਨਾਂ ਕਿਹਾ ਕਿ ਉਹਨਾਂ ਨੇ 1933 ਮੁਫਤ ਮੈਡੀਕਲ ਦਵਾਈਆਂ ਦੀਆਂ ਦੁਕਾਨਾਂ ਬਣਵਾਈਆਂ ਤੇ 750 ਮੁਫਤ ਡਾਇਗਨੋਸਟਿਕ ਸੈਂਟਰ ਬਣਾਏ ਤੇ 108 ਐਂਬੂਲੈਂਸ ਸੇਵਾ ਵੀ ਸ਼ੁਰੂ ਕਰਵਾਈ।

ਭਾਰਤ ਜੋੜੋ ਯਾਤਰਾ ਦੀਆਂ ਤਿਆਰੀਆਂ ‘ਚ ਜੁਟੀ ਹਰਿਆਣਾ ਕਾਂਗਰਸ, ਦਿੱਲੀ ‘ਚ ਹੋਈ ਅਹਿਮ ਮੀਟਿੰਗ

0

ਹਰਿਆਣਾ ‘ਚ ਯਾਤਰਾ ਲਈ ਭਾਰੀ ਉਤਸ਼ਾਹ, ਲੱਖਾਂ ਲੋਕ ਹੋਣਗੇ ਯਾਤਰਾ ਦਾ ਹਿੱਸਾ- ਹੁੱਡਾ
ਹਰਿਆਣਾ ‘ਚ ਯਾਤਰਾ ਨੂੰ ਮਿਲੇਗਾ ਇਤਿਹਾਸਕ ਸਮਰਥਨ, ਲੋਕ ਬੇਸਬਰੀ ਨਾਲ ਉਡੀਕ ਰਹੇ ਹਨ- ਹੁੱਡਾ
ਤਿਆਰੀਆਂ ਨੂੰ ਲੈ ਕੇ 5 ਤਰੀਕ ਨੂੰ ਚੰਡੀਗੜ੍ਹ ‘ਚ ਮੁੜ ਹੋਵੇਗੀ ਹਰਿਆਣਾ ਕਾਂਗਰਸ ਦੀ ਮੀਟਿੰਗ- ਚੌਧਰੀ ਉਦੈਭਾਨ
ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਯਾਤਰਾ ਨੂੰ ਸਫਲ ਬਣਾਉਣ ਲਈ ਸਾਰਿਆਂ ਨੂੰ ਜ਼ਿੰਮੇਵਾਰੀ ਸੌਂਪੀ ਜਾਵੇਗੀ- ਚੌਧਰੀ ਉਦੈਭਾਨ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 30 ਨਵੰਬਰ:ਹਰਿਆਣਾ ਕਾਂਗਰਸ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧੀ ਅੱਜ ਦਿੱਲੀ ਵਿੱਚ ਪਾਰਟੀ ਆਗੂਆਂ ਦੀ ਅਹਿਮ ਮੀਟਿੰਗ ਸੱਦੀ ਗਈ ਹੈ। ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ, ਸੂਬਾ ਪ੍ਰਧਾਨ ਚੌਧਰੀ ਉਦੈਭਾਨ, ਸਾਰੇ ਕਾਰਜਕਾਰੀ ਪ੍ਰਧਾਨ, ਸਾਬਕਾ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ, ਰਾਜ ਸਭਾ ਮੈਂਬਰ ਦੀਪੇਂਦਰ ਸਿੰਘ ਹੁੱਡਾ, ਸਾਰੇ ਵਿਧਾਇਕ ਅਤੇ ਪਾਰਟੀ ਦੇ ਸੀਨੀਅਰ ਆਗੂ ਹਾਜ਼ਰ ਸਨ। ਮੀਟਿੰਗ ਵਿੱਚ ਯਾਤਰਾ ਦੇ ਸੁਆਗਤ ਅਤੇ ਇਸ ਨੂੰ ਸਫ਼ਲ ਬਣਾਉਣ ਦੀ ਰਣਨੀਤੀ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਦੌਰੇ ਨੂੰ ਲੈ ਕੇ ਹਰਿਆਣਾ ਵਿੱਚ ਪਹਿਲਾਂ ਹੀ ਭਾਰੀ ਉਤਸ਼ਾਹ ਹੈ। ਲੋਕ ਯਾਤਰਾ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਯਾਤਰਾ ਨੂੰ ਹਰਿਆਣਾ ਵਿੱਚ ਇਤਿਹਾਸਕ ਜਨ ਸਮਰਥਨ ਮਿਲੇਗਾ। ਹਰਿਆਣਾ ਦੇ ਰੂਟ ‘ਤੇ ਲੱਖਾਂ ਲੋਕ ਇਸ ਦਾ ਹਿੱਸਾ ਬਣਨਗੇ। ਭਾਰਤ ਜੋੜੋ ਯਾਤਰਾ ਨੂੰ ਸਫਲ ਬਣਾਉਣ ਲਈ ਸੂਬਾ ਪ੍ਰਧਾਨ ਵੱਲੋਂ 14 ਕਮੇਟੀਆਂ ਦਾ ਗਠਨ ਕੀਤਾ ਜਾਵੇਗਾ।ਇਸ ਦੇ ਨਾਲ ਹੀ ਸਾਰੇ ਜ਼ਿਲ੍ਹਿਆਂ ਵਿੱਚ ਕੋਆਰਡੀਨੇਟਰ ਨਿਯੁਕਤ ਕੀਤੇ ਜਾਣਗੇ। ਸਾਰੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਣਗੀਆਂ।ਚੌਧਰੀ ਉਦੈਭਾਨ ਨੇ ਦੱਸਿਆ ਕਿ ਭਾਰਤ ਜੋੜੋ ਯਾਤਰਾ 21 ਨੂੰ ਫ਼ਿਰੋਜ਼ਪੁਰ ਝਿਰਕਾ ਤੋਂ ਹਰਿਆਣਾ ਵਿੱਚ ਦਾਖ਼ਲ ਹੋਵੇਗੀ। ਇਸ ਦਾ ਸਵਾਗਤ ਕਰਨ ਲਈ ਪਾਰਟੀ ਦੇ ਸਾਰੇ ਆਗੂ ਮੌਜੂਦ ਰਹਿਣਗੇ। ਝਿਰਕਾ ਵਿੱਚ ਦਾਖਲ ਹੋਣ ਤੋਂ ਬਾਅਦ ਇਹ ਯਾਤਰਾ ਨੂਹ ਤੋਂ ਹੁੰਦੀ ਹੋਈ ਸੋਹਾਣਾ ਪਹੁੰਚੇਗੀ ਅਤੇ ਉਸ ਤੋਂ ਬਾਅਦ ਅੱਗੇ ਯਾਤਰਾ ਕਰੇਗੀ।ਚੌਧਰੀ ਉਦੈਭਾਨ ਨੇ ਪੱਤਰਕਾਰਾਂ ਨੂੰ ਯਾਤਰਾ ਦੇ ਰੂਟ ਅਤੇ ਸਮੇਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਲਈ ਪਾਰਟੀ ਦੀ ਇੱਕ ਹੋਰ ਮੀਟਿੰਗ 5 ਤਰੀਕ ਨੂੰ ਚੰਡੀਗੜ੍ਹ ਵਿੱਚ ਸੱਦੀ ਗਈ ਹੈ। ਇਸ ਸਬੰਧੀ ਕਮੇਟੀਆਂ ਦਾ ਗਠਨ ਕਰਕੇ ਸਾਰਿਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ।

ਸੂਬਾ ਸਰਕਾਰ ਦੀ ਬੰਦ ਪਏ ਅਰਾਮ ਘਰਾਂ ਨੂੰ ਮੁੜ ਸ਼ੁਰੂ ਕਰਨ ਦੀ ਕਵਾਇਦ

0

ਸੱਤ ਨਹਿਰੀ ਅਰਾਮ ਘਰਾਂ ਦਾ ਨਵੀਨੀਕਰਨ ਕਰਕੇ ਮੁੜ ਸ਼ੁਰੂ ਕੀਤੇ ਜਾਣਗੇ: ਵਿਜੈ ਕੁਮਾਰ ਜੰਜੂਆ
ਮੁੱਖ ਸਕੱਤਰ ਨੇ ਜਲ ਸ੍ਰੋਤ ਵਿਭਾਗ ਨੇ ਅਗਲੇ ਪੜਾਅ ਵਿੱਚ ਹੋਰਨਾਂ ਅਰਾਮ ਘਰਾਂ ਦੀ ਸ਼ਨਾਖਤ ਕਰਨ ਲਈ ਆਖਿਆ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 30 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਸਰਕਾਰੀ ਸਰਕਟ ਹਾਊਸ/ਅਰਾਮ ਘਰਾਂ ਅੰਦਰ ਹੀ ਠਹਿਰਨ ਨੂੰ ਤਰਜੀਹ ਦੇਣ ਅਤੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਵਰਤੋਂ ਵਿੱਚ ਲਿਆਉਣ ਦੇ ਨਿਰਦੇਸ਼ਾਂ ਤਹਿਤ ਸੂਬਾ ਸਰਕਾਰ ਵੱਲੋਂ ਬੰਦ ਪਏ ਸੱਤ ਨਹਿਰੀ ਅਰਾਮ ਘਰਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਦਾ ਨਵੀਨੀਕਰਨ ਕਰਕੇ ਮੁੜ ਚਾਲੂ ਕੀਤਾ ਜਾਵੇਗਾ।ਇਹ ਫੈਸਲਾ ਅੱਜ ਇਥੇ ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਵੱਲੋਂ ਨਹਿਰੀ ਅਰਾਮ ਘਰਾਂ ਨੂੰ ਮੁੜ ਕਾਰਜਸ਼ੀਲ ਕਰਨ ਲਈ ਜਲ ਸ੍ਰੋਤ ਵਿਭਾਗ ਤੇ ਪੰਜਾਬ ਰਾਜ ਬੁਨਿਆਦੀ ਢਾਂਚਾ (ਪੀ.ਆਈ.ਡੀ.ਬੀ.) ਦੇ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਕੀਤਾ ਗਿਆ।ਮੀਟਿੰਗ ਉਪਰੰਤ ਵੇਰਵੇ ਦਿੰਦਿਆਂ ਮੁੱਖ ਸਕੱਤਰ ਸ੍ਰੀ ਜੰਜੂਆ ਨੇ ਦੱਸਿਆ ਕਿ ਸੂਬੇ ਵਿੱਚ ਨਹਿਰਾਂ ਦੇ ਕੰਢੇ ਬਣੇ ਕਈ ਨਹਿਰੀ ਅਰਾਮ ਘਰ ਪਿਛਲੇ ਲੰਬੇ ਅਰਸੇ ਤੋਂ ਬੰਦ ਪਏ ਹਨ ਅਤੇ ਉਨ੍ਹਾਂ ਦੀ ਹਾਲਤ ਵੀ ਕਾਫੀ ਖਸਤਾ ਹੋ ਗਈ ਹੈ। ਸੂਬਾ ਸਰਕਾਰ ਵੱਲੋਂ ਪਹਿਲੇ ਪੜਾਅ ਵਿੱਚ ਸੱਤ ਅਰਾਮ ਘਰਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਨੂੰ ਪੀ.ਪੀ.ਪੀ. ਮੋਡ ਉਤੇ ਨਵੀਨੀਕਰਨ ਕਰਕੇ ਚਲਾਇਆ ਜਾ ਸਕਦਾ ਹੈ। ਇਹ ਅਰਾਮ ਘਰ ਢੋਲਬਾਹਾ (ਹੁਸ਼ਿਆਰਪੁਰ), ਖੰਨਾ, ਬਨੂੜ, ਕੱਥੂ ਨੰਗਰ (ਅੰਮ੍ਰਿਤਸਰ), ਸਿੱਧਵਾਂ ਬੇਟ (ਲੁਧਿਆਣਾ) ਤੇ ਚਮਕੌਰ ਸਾਹਿਬ ਸਥਿਤ ਹਨ।ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਦੇ ਨਵੀਨੀਕਰਨ ਦੌਰਾਨ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਇਨ੍ਹਾਂ ਅਰਾਮ ਘਰਾਂ ਦੀ ਵਿਰਾਸਤੀ ਦਿੱਖ ਨਾਲ ਕੋਈ ਖਿਲਵਾੜ ਨਾ ਕੀਤਾ ਜਾਵੇ ਅਤੇ ਪੁਰਾਤਨ ਰਵਾਇਤੀ ਦਿੱਖ ਨੂੰ ਕਾਇਮ ਰੱਖਦਿਆਂ ਮੌਜੂਦਾ ਲੋੜਾਂ ਅਨੁਸਾਰ ਅੰਦਰੋਂ ਤਿਆਰ ਕੀਤਾ ਜਾਵੇ। ਉਨ੍ਹਾਂ ਜਲ ਸ੍ਰੋਤ ਵਿਭਾਗ ਨੂੰ ਹੋਰਨਾਂ ਅਜਿਹੇ ਅਰਾਮ ਘਰਾਂ ਦੀ ਸ਼ਨਾਖਤ ਕਰਨ ਬਾਰੇ ਕਿਹਾ ਜਿਹੜੇ ਇਸ ਵੇਲੇ ਖਸਤਾ ਹਾਲ ਕਾਰਨ ਬੰਦ ਪਏ ਹਨ ਅਤੇ ਇਨ੍ਹਾਂ ਨੂੰ ਦੂਜੇ ਪੜਾਅ ਵਿੱਚ ਤਿਆਰ ਕੀਤਾ ਜਾਵੇ।ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਜਲ ਸ੍ਰੋਤ ਕ੍ਰਿਸ਼ਨ ਕੁਮਾਰ, ਪੀ.ਆਈ.ਡੀ.ਬੀ. ਦੇ ਐਮ.ਡੀ. ਮੁਹੰਮਦ ਤਈਅਬ ਤੇ ਐਡੀਸ਼ਨਲ ਐਮ.ਡੀ. ਯਸ਼ਨਜੀਤ ਸਿੰਘ ਵੀ ਹਾਜ਼ਰ ਸਨ।

ਵਿਧਾਨ ਸਭਾ ਸਪੀਕਰ ਵੱਲੋਂ ਆਰਗੈਨਿਕ ਖੇਤੀ ਵੱਲ ਕਦਮ ਪੁੱਟਣ ਵਾਸਤੇ ਕਿਸਾਨਾਂ ਨੂੰ ਲੋਕ ਲਹਿਰ ਉਸਾਰਨ ਦਾ ਸੱਦਾ

ਸਿਹਤਮੰਦ ਸਮਾਜ ਲਈ ਖਾਦਾਂ ਤੇ ਰਸਾਇਣਾਂ ਵਰਤੋਂ ਨੂੰ ਘਟਾਉਣਾ ਜ਼ਰੂਰੀ-ਸੰਧਵਾਂ
ਖੇਤੀਬਾੜੀ ਮੰਤਰੀ ਵੱਲੋਂ ਨਵੀਂ ਖੇਤੀ ਨੀਤੀ ਮਾਰਚ ਤੱਕ ਜਾਰੀ ਕਰਨ ਦਾ ਐਲਾਨ
ਆਰਗੈਨਿਕ ਖੇਤੀ ਨਾਲ ਜੁੜੇ ਤੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦਾ ਵਿਧਾਨ ਸਭਾ ’ਚ ਸਨਮਾਣ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 30 ਨਵੰਬਰ:ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਖਾਦਾਂ ਅਤੇ ਰਸਾਇਣਾਂ ਆਧਾਰਿਤ ਖੇਤੀ ਦੇ ਰੁਝਾਨ ਮੋੜਾ ਦੇਣ ਅਤੇ ਇਸ ਦੀ ਥਾਂ ਆਰਗੈਨਿਕ ਖੇਤੀ ਵੱਲ ਨੂੰ ਕਦਮ ਪੁੱਟਣ ਵਾਸਤੇ ਕਿਸਾਨਾਂ ਨੂੰ ਲੋਕ ਲਹਿਰ ਉਸਾਰਨ ਦਾ ਸੱਦ ਦਿੱਤਾ ਹੈ।ਅੱਜ ਪੰਜਾਬ ਵਿਧਾਨ ਸਭਾ ਵਿੱਚ ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗ ਨਾਲ ਆਰਗੈਨਿਕ ਖੇਤੀ ਦੇ ਖੇਤਰ ਵਿੱਚ ਨਵੀਂਆਂ ਪੈੜਾਂ ਪਾਉਣ ਅਤੇ ਪਰਾਲੀ ਨੂੰ ਨਾ ਸਾੜਨ ਵਾਲੇ ਕਿਸਾਨਾਂ ਦੇ ਸਨਮਾਣ ਲਈ ਕਰਾਏ ਗਏ ਸਮਰੋਹ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸ. ਸੰਧਵਾਂ ਨੇ ਕਿਹਾ ਕਿ ਅੰਮ੍ਰਿਤ ਵਾਰਗੇ ਪਾਣੀ, ਸ਼ੁੱਧ ਹਵਾ ਅਤੇ ਸਿਹਤਮੰਦ ਉਪਜਾਊ ਭੂਮੀ ਵਾਲੇ ਪੰਜਾਬ ਨੂੰ ਗਲਤ ਨੀਤੀਆਂ ਦੇ ਕਾਰਨ ਦੂਸ਼ਤ ਪਾਣੀ, ਜ਼ਹਿਰੀਲੀ ਹਵਾ ਅਤੇ ਗੈਰ-ਉਪਜਾਊ ਭੂਮੀ ਵਿੱਚ ਬਦਲ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤੀ ਵਿੱਚ ਖਾਦਾਂ, ਰਸਾਇਣਾਂ, ਨਦੀਨ ਨਾਸ਼ਕਾਂ ਅਤੇ ਕੀਟ ਨਾਸ਼ਕਾਂ ਦੀ ਹੱਦੋਂ ਵੱਧ ਵਰਤੋਂ ਕਾਰਨ ਲੋਕ ਬਿਮਾਰੀਆਂ ਵਿੱਚ ਘਿਰ ਗਏ ਹਨ ਅਤੇ ਕੈਂਸਰ ਨਾਲ ਰੋਜ਼ਾਨਾਂ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਹਿਲਾਂ ਵਾਲੀ ਸਥਿਤੀ ਵਿੱਚ ਲਿਆਉਣ ਲਈ ਆਰਗੈਨਿਕ ਖੇਤੀ ਵੱਲ ਵਧਣ ਦੀ ਲੋੜ ਹੈ।ਸ. ਸੰਧਵਾਂ ਨੇ ਕਿਹਾ ਕਿ ਖੇਤੀ ਇੱਕ ਜੀਵਨ ਜਾਂਚ ਹੈ ਅਤੇ ਵਪਾਰਕ ਤੇ ਬਜ਼ਾਰਵਾਦੀ ਰੁਝਾਨ ਨੇ ਇਸ ਨੂੰ ਖੇਤੀ ਵਪਾਰ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖੇਤੀ ਸਿਰਫ ਖੇਤੀ ਹੀ ਰਹਿਣੀ ਚਾਹੀਦੀ ਹੈ ਅਤੇ ਇਸ ਨੂੰ ਕੇਵਲ ਤੇ ਕੇਵਲ ਵਪਾਰ ਨਹੀਂ ਬਨਾਉਣਾ ਚਾਹੀਦਾ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਖੇਤੀ ਨੀਤੀ ਵਿੱਚ ਵੱਖਰੀ ਆਰਗੈਨਿਕ ਖੇਤੀ ਨੀਤੀ ਵੀ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਆਰਗੈਨਿਕ ਖੇਤੀ ਨੂੰ ਅਪਨਾਉਣ ਵਾਲੇ ਕਿਸਾਨਾਂ ਨੇ ਜਿੱਥੇ ਜ਼ੋਖਮ ਲਿਆ ਹੈ, ਉਥੇ ਗੁਰੂ ਨਾਨਕ ਦੇਵ ਜੀ ਦੀ ਬਾਣੀ ’ਤੇ ਪਹਿਰਾ ਦੇ ਕੇ ਪਾਣੀ, ਭੌਂ ਅਤੇ ਹਵਾ ਨੂੰ ਬਚਾਉਣ ਵੱਲ ਕਦਮ ਵੀ ਪੁੱਟੇ ਹਨ।ਇਸ ਤੋਂ ਪਹਿਲਾਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸਮੁੱਚੀ ਵਿਵਸਥਾ ਵਿੱਚ ਤਬਦੀਲੀ ਲਿਆਉਣ ਲਈ ਵਚਨਵੱਧ ਹੈ। ਉਨ੍ਹਾਂ ਦੱਸਿਆ ਕਿ ਇਸ ਪਰਿਵਰਤਨ ਦੇ ਹਿੱਸੇ ਵਜੋਂ ਪੰਜਾਬ ਸਰਕਾਰ ਇਸ ਸਾਲ ਮਾਰਚ ਤੱਕ ਆਪਣੀ ਖੇਤੀ ਨੀਤੀ ਲਿਆਵੇਗੀ ਅਤੇ ਇਸ ਵਿੱਚ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਵਾਸਤੇ ਵੱਖਰੀ ਰੂਪ ਰੇਖਾ ਉਲੀਕੀ ਜਾਵੇਗੀ। ਇਸ ਦਾ ਮਕਸਦ ਕੁਦਰਤੀ ਖੇਤੀ ਨੂੰ ਉਭਾਨਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨੀਤੀ ਬਣਨ ਤੋਂ ਬਾਅਦ ਬਜਟ ਵਿੱਚ ਫੰਡਾਂ ਦੀ ਵਿਵਸਥਾ ਕੀਤੀ ਜਾਵੇਗੀ।ਨਰੇਗਾਂ ਵਰਕਰਾਂ ਦੀਆਂ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਵੱਲੋਂ ਸੇਵਾਵਾਂ ਲੈਣ ਮੁੱਦੇ ਦੇ ਸਬੰਧ ਵਿੱਚ ਸ. ਧਾਲੀਵਾਲ ਨੇ ਕਿਹਾ ਕਿ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਕੰਮ ਕਰਨ ਲਈ ਮਿਹਨਤਾਨਾ ਦਿੱਤਾ ਜਾਂਦਾ ਜਿਸ ਕਰਕੇ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਜੌਬ ਕਾਰਡ ਬਨਾਉਣੇ ਚਾਹੀਦੇ ਹਨ। ਇਸੇ ਦੌਰਾਨ ਹੀ ਉਨ੍ਹਾਂ ਦੱਸਿਆ ਕਿ ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 30 ਫ਼ੀਸਦੀ ਘੱਟ ਪਰਾਲੀ ਸਾੜੀ ਗਈ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟ ਕੀਤਾ ਕਿ ਅਗਲੇ ਦੋ ਸਾਲਾਂ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਪੁਰੀ ਤਰ੍ਹਾਂ ਖਤਮ ਹੋ ਜਾਵੇਗੀ।ਇਸ ਦੌਰਾਨ ਖੇਤੀ ਵਿਰਾਸਤ ਮਿਸ਼ਨ ਦੇ ਉੁਮੇਂਦਰ ਦੱਤ ਸ਼ਰਮਾਂ ਨੇ ਸਟੇਜ ਸੰਚਾਲਨ ਕੀਤਾ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ ਸਿੰਘ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਅਦਰਸ਼ ਪਾਲ ਵਿੱਗ ਤੋਂ ਇਲਾਵਾ ਅਗਾਂਹਵਧੂ ਕਿਸਾਨ ਹਾਜ਼ਰ ਸਨ।

Our Visitor

1907352