ਯੂਥ ਕਲੱਬਾਂ ਨੁੰ ਆਪਣੀਆਂ ਗਤੀਵਿਧੀਆ ਦਿਖਾਉਣ ਦਾ ਵਧੀਆ ਮੌਕਾ:ਸਰਬਜੀਤ ਸਿੰਘ ਜਿਲਾ ਯੁਵਾ ਅਧਿਕਾਰੀ।
ਅਰਜੀ ਫਾਰਮ ਪ੍ਰਾਪਤ ਕਰਨ ਦੀ ਅੰਤਮ ਮਿਤੀ 10 ਦਸੰਬਰ: ਡਾ ਸੰਦੀਪ ਘੰਡ
ਪੰਜਾਬੀ ਖਬਰਸਾਰ ਬਿਉਰੋ
ਮਾਨਸਾ,30 ਨਵੰਬਰ: ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋ ਹਰ ਸਾਲ ਵਾਂਗ ਇਸ ਸਾਲ ਵੀ ਜਿਲੇ ਵਿੱਚ ਚੰਗਾ ਕੰਮ ਕਰਨ ਵਾਲੀਆਂ ਯੂਥ ਕਲੱਬਾਂ ਨੁੰ ਜਿਲਾ,ਰਾਜ ਅਤੇ ਕੋਮੀ ਪੱਧਰ ਦੇ ਅਵਾਰਡ ਦਿਤੇ ਜਾ ਰਹੇ ਹਨ।ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲਾ ਯੁਵਾ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਇਸ ਅਵਾਰਡ ਲਈ ਸਾਲ 2021-2022 ( 1 ਅਪ੍ਰੈਲ 2021 ਤੋਂ 31 ਮਾਰਚ 2022 ) ਤੱਕ ਦੀਆਂ ਗਤੀਵਿਧੀਆਂ ਗਿਣੀਆਂ ਜਾਣਗੀਆਂ। ਉਹਨਾਂ ਇਹ ਵੀ ਕਿਹਾ ਕਿ ਯੂਥ ਕਲੱਬ ਸੁਸਾਇਟੀ ਐਕਟ ਅਧੀਨ ਰਜਿਸਟਰਡ ਹੋਣਾ ਚਾਹੀਦੀ ਹੈ ਅਤੇ ਕਲੱਬ ਨੇ ਆਪਣਾ ਪਿਛਲੇ ਦੋ ਸਾਲ ਦਾ ਆਡਿਟ ਕਰਵਾਇਆ ਹੋਣਾ ਚਾਹੀਦਾ। ਜਿਸ ਯੂਥ ਕਲੱਬ ਨੁੰ ਪਿਛਲੇ ਦੋ ਸਾਲ ਵਿੱਚ ਅਵਾਰਡ ਮਿਲਿਆ ਹੈ ਉਹ ਇਹ ਅਵਾਰਡ ਅਪਲਾਈ ਲਈ ਯੋਗ ਨਹੀ। ਜਿਲਾ ਯੁਵਾ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਇਸ ਅਵਾਰਡ ਦੀ ਚੋਣ ਡਿਪਟੀ ਕਮਿਸ਼ਨਰ ਮਾਨਸਾ ਦੀ ਪ੍ਰਧਾਨਗੀ ਹੇਠ ਬਣੀ ਕਮੇਟੀ ਵੱਲੋ ਕੀਤੀ ਜਾਵੇਗੀ ਅਤੇ ਇਸ ਲਈ ਯੂਥ ਕਲੱਬ ਵੱਲੋਂ ਰਾਸ਼ਟਰ ਨਿਰਮਾਣ ਅਤੇ ਹੋਰ ਸਮਾਜਿਕ ਭਲਾਈ ਅਤੇ ਵਿਕਾਸ ਗਤੀਵਿਧੀਆਂ ਜਿਵੇਂ ਕਿ ਡਿਜੀਟਲ/ਵਿੱਤੀ ਸਾਖਰਤਾ, ਹੁਨਰ ਵਿਕਾਸ ਸਿਖਲਾਈ, ਸਿਹਤ ਜਾਗਰੂਕਤਾ, ਵਾਤਾਵਰਣ ਦੀ ਸੰਭਾਲ, ਰਾਸ਼ਟਰੀ ਏਕਤਾ, ਸਮਾਜਿਕ ਸਦਭਾਵਨਾ, ਖੇਡਾਂ,ਖੂਨਦਾਨ ਆਦਿ ਦੀ ਸਿਰਜਣਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜਿਲਾ ਯੂਥ ਅਫਸਰ ਨੇ ਕਿਹਾ ਕਿ ਇਸ ਸਕੀਮ ਤਹਿਤ ਵੱਧ ਤੋਂ ਵੱਧ ਯੂਥ ਕਲੱਬਾਂ ਨੂੰ ਸਮਾਜ ਭਲਾਈ ਅਤੇ ਰਾਸ਼ਟਰ ਨਿਰਮਾਣ ਦੀਆਂ ਗਤੀਵਿਧੀਆਂ ਲਈ ਅੱਗੇ ਆਉਣ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ।ਇਨਾਮ ਰਾਸ਼ੀ ਬਾਰੇ ਜਾਣਕਾਰੀ ਦਿੰਦਿਆਂ ਨਹਿਰੂ ਯੁਵਾ ਕੇਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜ਼ਰ ( ਆਫੀਸਰ ਆਨ ਸਪੈਸ਼ਲ ਡਿਉਟੀ ) ਡਾ ਸੰਦੀਪ ਘੰਡ ਨੇ ਦੱਸਿਆ ਕਿ ਜਿਲਾ ਪੱਧਰ ਤੇ ਅਵਾਰਡ ਲਈ ਪੰਚੀ ਹਜਾਰ ਨਗਦ ਅਤੇ ਪ੍ਰਸੰਸਾ ਪੱਤਰ ਸ਼ਾਮਲ ਹੈ।ਜਿਲਾ ਪੱਧਰ ਤੇ ਚੁਣੀ ਹੋਈ ਯੂਥ ਕਲੱਬ ਹੀ ਰਾਜ ਪੱਧਰ ਅਤੇ ਰਾਜ ਪੱਧਰ ਦੀ ਜੇਤੂ ਕਲੱਬ ਕੋਮੀ ਪੱਧਰ ਲਈ ਯੋਗ ਹੋਵੇਗੀ।ਰਾਜ ਪੱਧਰ ਦੀ ਅਵਾਰਡ ਰਾਸ਼ੀ ਵਿੱਚ ਪਹਿਲੇ ਨੰਬਰ ਵਾਲੀ ਕਲੱਬ ਨੁੰ 75000 ਦੂਸਰੇ ਸਥਾਨ ਵਾਲੀ ਕਲੱਬ ਨੁੰ ਪੰਜਾਹ ਹਜ਼ਾਰ ਰੁਪਏ ਅਤੇ ਤੀਸਰੇ ਸਥਾਨ ਵਾਲੇ ਨੁੰ ਪੰਚੀ ਹਜਾਰ ਦੀ ਦੀ ਰਾਸ਼ੀ ਦਿੱਤੀ ਜਾਵੇਗੀ। ਡਾ ਘੰਡ ਨੇ ਦੱਸਿਆ ਕਿ ਕੋਮੀ ਪੱਧਰ ਤੇ ਅਵਾਰਡ ਰਾਸ਼ੀ ਵਿੱਚ ਵਾਧਾ ਕੀਤਾ ਗਿਆ ਹੈ ਇਸ ਸਾਲ ਕੋਮੀ ਪੱਧਰ ਤੇ ਪਹਿਲੇ ਨੰਬਰ ਤੇ ਰਹਿਣ ਵਾਲੀ ਟੀਮ ਨੁੰ ਤਿੰਨ ਲੱਖ ਦੂਜੇ ਨੰਬਰ ਵਾਲੇ ਨੁੰ ਦੋ ਲੱਖ ਅਤੇ ਤੀਸਰੇ ਸਥਾਨ ਵਾਲੇ ਨੁੰ ਇਕ ਲੱਖ ਦੀ ਰਾਸ਼ੀ ਅਤੇ ਪ੍ਰਸੰਸਾ ਪੱਤਰ ਦਿੱਤਾ ਜਾਵੇਗਾ।ਜਿਲਾ ਯੂਥ ਕਲੱਬ ਐਵਾਰਡ ਲਈ ਦਰਖਾਸਤ ਫਾਰਮ ਨਹਿਰੂ ਯੁਵਾ ਕੇਦਰ ਰਮਨ ਸਿਨੇਮਾ ਰੋਡ ਮਾਨਸਾ ਦੇ ਦਫਤਰ ਜਾਂ ਨਹਿਰੂ ਯੁਵਾ ਕੇਦਰ ਸੰਗਠਨ ਦੀ ਸਾਈਟ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਡਾ ਘੰਡ ਨੇ ਦੱਸਿਆ ਕਿ ਫਾਰਮ ਪ੍ਰਾਪਤ ਕਰਨ ਦੀ ਅੰਤਮ ਮਿਤੀ 10 ਦਸੰਬਰ 2022 ਹੈੰ ਬਾਅਦ ਵਿਚ ਅਤੇ ਅਧੂਰੀਆਂ ਦਰਖਾਸਤਾਂ ਤੇ ਵਿਚਾਰ ਨਹੀ ਕੀਤਾ ਜਾਵੇਗਾ।
ਨਹਿਰੂ ਯੁਵਾ ਕੇਦਰ ਮਾਨਸਾ ਵੱਲੋ ਜਿਲਾ ਯੂਥ ਕਲੱਬ ਅਵਾਰਡ ਲਈ ਅਰਜੀਆਂ ਦੀ ਮੰਗ
ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਟੀ.ਪੀ.ਓ ਲਖਵਿੰਦਰ ਅੱਤਰੀ ਦਾ ਸੇਵਾ ਮੁਕਤੀ ਤੇ ਸਨਮਾਨ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 30 ਨਵੰਬਰ:ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਟੈਲੀਪ੍ਰਿੰਟਰ ਉਪਰੇਟਰ ਲਖਵਿੰਦਰ ਅੱਤਰੀ ਨੂੰ ਉਹਨਾਂ ਦੀ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ ਦਿੰਦਿਆਂ ਸਨਮਾਨ ਕੀਤਾ ਗਿਆ। ਉਹਨਾਂ ਨੇ ਵਿਭਾਗ ਵਿੱਚ ਤਕਰੀਬਨ 36 ਸਾਲ ਸੇਵਾਵਾਂ ਨਿਭਾਈਆਂ। ਪੰਜਾਬ ਸਿਵਲ ਸਕੱਤਰੇਤ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਸ੍ਰ. ਓਪਿੰਦਰ ਸਿੰਘ ਲਾਂਬਾ, ਜਾਇੰਟ ਡਾਇਰੈਕਟਰ ਸ੍ਰ. ਰਣਦੀਪ ਸਿੰਘ ਆਹਲੂਵਾਲੀਆ, ਪੀ.ਆਰ.ਓ ਸ੍ਰ. ਨਵਦੀਪ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਲਖਵਿੰਦਰ ਅੱਤਰੀ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੱਤਰੀ ਵੱਲੋਂ ਮਿਸਾਲੀ ਸਖ਼ਤ ਮਿਹਨਤ, ਸਮਰਪਣ ਅਤੇ ਲਗਨ ਹਮੇਸ਼ਾਂ ਉਹਨਾਂ ਦੇ ਸਾਥੀਆਂ ਨੂੰ ਪੂਰੇ ਜੋਸ਼ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕਰੇਗੀ ਅਤੇ ਉਨ੍ਹਾਂ ਵੱਲੋਂ ਨਿਭਾਈਆਂ ਮਿਸਾਲੀ ਸੇਵਾਵਾਂ ਨੂੰ ਵਿਭਾਗ ਸਦਾ ਯਾਦ ਰੱਖੇਗਾ।ਬੁਲਾਰਿਆਂ ਨੇ ਇਹ ਵੀ ਕਿਹਾ ਕਿ ਸੇਵਾਮੁਕਤ ਹੋਣ ਤੋਂ ਬਾਅਦ, ਉਹ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਤੋਂ ਇਲਾਵਾ ਆਪਣੇ ਪਰਿਵਾਰ ਨਾਲ ਵਧੇਰੇ ਸਮਾਂ ਬਿਤਾ ਸਕਣਗੇ। ਇਸ ਮੌਕੇ ਲਖਵਿੰਦਰ ਅੱਤਰੀ ਨੂੰ ਵਿਭਾਗ ਦੇ ਅਧਿਕਾਰੀਆਂ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਲਖਵਿੰਦਰ ਅੱਤਰੀ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਜਾਇੰਟ ਡਾਇਰੈਕਟਰ ਸ੍ਰ.ਹਰਜੀਤ ਸਿੰਘ ਗਰੇਵਾਲ, ਡਿਪਟੀ ਡਾਇਰੈਕਟਰ ਸ੍ਰ. ਇਸ਼ਵਿੰਦਰ ਸਿੰਘ ਗਰੇਵਾਲ, ਡਿਪਟੀ ਡਾਇਰੈਕਟਰ ਸ੍ਰੀਮਤੀ ਸ਼ਿਖਾ ਨਹਿਰਾ, ਆਈ.ਪੀ.ਆਰ.ਓਜ਼, ਏ.ਪੀ.ਆਰ.ਓਜ਼ ਅਤੇ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।
ਕੈਨੇਡਾ ਵੱਸਦੇ ਪੰਜਾਬੀ ਕਵੀ ਹਰੀ ਸਿੰਘ ਤਾਤਲਾ ਦਾ ਕਾਵਿ ਸੰਗ੍ਰਹਿ ਤੂੰ ਤੇ ਪਿਕਾਸੋ ਲਖਵਿੰਦਰ ਸਿੰਘ ਜੌਹਲ ਤੇ ਸਾਥੀਆਂ ਵੱਲੋਂ ਲੋਕ ਅਰਪਨ
ਪੰਜਾਬੀ ਖਬਰਸਾਰ ਬਿਉਰੋ
ਲੁਧਿਆਣਾ 30 ਨਵੰਬਰ:ਕੈਨੇਡਾ ਵੱਸਦੇ ਪੰਜਾਬੀ ਕਵੀ ਹਰੀ ਸਿੰਘ ਤਾਤਲਾ ਦੀ ਪੰਜਵੀਂ ਕਾਵਿ ਪੁਸਤਕ ਤੂੰ ਤੇ ਪਿਕਾਸੋ ਦਾ ਲੋਕ ਅਰਪਨ ਪੰਜਾਬੀ ਭਵਨ ਲੁਧਿਆਣਾ ਵਿੱਚ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਹੈ ਕਿ ਪਰਦੇਸ਼ਾਂ ਵਿੱਚ ਸਾਹਿੱਤ ਸਿਰਜਣਾ ਸੂਰਮਗਤੀ ਵਾਂਗ ਹੈ ਕਿਉਂਕਿ ਹਰ ਨਵੀਂ ਧਰਤੀ ਤੇ ਪੈਰ ਜਮਾਉਣ ਲਈ ਅਨੰਤ ਊਰਜਾ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤੂੰ ਤੇ ਪਿਕਾਸੋ ਪੁਸਤਕ ਦੀ ਸ਼ਾਇਰੀ ਸਾਨੂੰ ਉਸ ਦੇ ਮਨ ਦੀ ਤਰਲ ਸੂਖਮਤਾ ਤੇ ਤਰਲਤਾ ਨਾਲ ਜੋੜਦੀ ਹੈ। ਇਸ ਕਿਤਾਬ ਦੇ ਪ੍ਰਕਾਸ਼ਕ ਤੇ ਪੰਜਾਬੀ ਕਵੀ ਸਤੀਸ਼ ਗੁਲਾਟੀ ਨੇ ਦੱਸਿਆ ਕਿ ਇਲ ਤੋਂ ਪਹਿਲਾਂ ਹਰੀ ਸਿੰਘ ਤਾਤਲਾ 2003 ਤੋਂ ਲਗਾਤਾਰ ਚੁੱਪ ਦੇ ਹੰਝੂ, ਦਰਦਾਂ ਦੀ ਲੋਅ, ਪੌਣ ਨਾਲ ਵਗਦਿਆਂ ਤੇ ਦਰਵਾਜ਼ਾ ਖੁੱਲ੍ਹਾ ਹੈ ਨਾਮਕ ਕਾਵਿ ਸੰਗ੍ਰਹਿ ਪੰਜਾਬੀ ਵਿੱਚ ਅਤੇ ਵਿੰਡਜ਼ ਅੰਗਰੇਜ਼ੀ ਵਿੱਚ ਲਿਖ ਕੇ ਛਪਵਾ ਚੁਕਾ ਹੈ।ਇਸ ਮੌਕੇ ਆਪਣੀ ਆਵਾਜ਼ ਸਾਹਿੱਤਕ ਮੈਗਜ਼ੀਨ ਦੇ ਸੰਪਾਦਕ ਸੁਰਿੰਦਰ ਸਿੰਘ ਸੁੰਨੜ, ਅਕਾਡਮੀ ਦੇ ਜਨਰਲ ਸਕੱਤਰ ਗੁਰਇਕਬਾਲ ਸਿੰਘ,ਸਾਬਕਾ ਪ੍ਰਧਾਨ ਰਵਿੰਦਰ ਭੱਠਲ ਤੇ ਗੁਰਭਜਨ ਸਿੰਘ ਗਿੱਲ ਵੀ ਹਾਜ਼ਰ ਸਨ।ਗਿੱਲ ਨੇ ਕਿਹਾ ਕਿ 2016 ਵਿੱਚ ਛਪੀ ਹਰੀ ਸਿੰਘ ਤਾਤਲਾ ਦੀ ਕਾਵਿ ਪੁਸਤਕ ਦਰਵਾਜ਼ਾ ਖੁੱਲ੍ਹਾ ਹੈ ਪੰਜਾਬੀ ਸਾਹਿੱਤ ਸਭਾ ਐਬਟਸਫੋਰਡ ਵੱਲੋਂ ਪੰਜਾਬ ਭਵਨ ਸਰੀ ਵਿੱਚ ਲੋਕ ਅਰਪਨ ਵੇਲੇ ਮੈਂ ਵੀ ਹਾਜ਼ਰ ਸਾਂ। ਹਰੀ ਸਿੰਘ ਤਾਤਲਾ ਦੀ ਸ਼ਖ਼ਸੀਅਤ ਵੀ ਗਹਿਰ ਗੰਭੀਰੀ ਹੈ। ਉਨ੍ਹਾਂ ਦਾ ਇਹ ਸ਼ਿਅਰ ਹਰ ਸ਼ਖ਼ਸ ਨੂੰ ਸਲਾਮ ਨਾ ਕਰ। ਆਪਣੀ ਕਦਰ ਨੀਲਾਮ ਨਾ ਕਰ, ਉਨ੍ਹਾਂ ਦਾ ਜੀਵਨ ਉਪਦੇਸ਼ ਕਿਹਾ ਜਾ ਸਕਦਾ ਹੈ। ਇਸ ਪੁਸਤਕ ਬਾਰੇ ਮਹਿਮਾ ਸਿੰਘ ਤੂਰ ਦਾ ਇਹ ਲਿਖਣਾ ਬਹੁਤ ਸਹੀ ਹੈ ਕਿ ਦਰਿਆ ਫ਼ਰੇਜ਼ਰ ਕੰਢੇ ਮਿਸ਼ਨ ਚ ਵੱਸਣ ਕਾਰਨ ਉਸ ਦੀ ਸ਼ਾਇਰੀ ਵਿੱਚ ਵੀ ਦਰਿਆ ਦੀ ਮਾਨਸਿਕਤਾ ਘੁਲ਼ ਮਿਲ਼ ਗਈ ਜਾਪਦੀ ਹੈ। ਸੰਵੇਦਨਸ਼ੀਲ ਕੁਦਰਤ ਪ੍ਰੇਮੀ ਹੋਣ ਕਾਰਨ ਪਹਾੜਾਂ ਤੇ ਨਦੀ ਨਾਲਿਆਂ ਦਾ ਜ਼ਿਕਰ ਵੀ ਉਸ ਦੀਆਂ ਕਵਿਤਾਵਾਂ ਵਿੱਚ ਆਮ ਮਿਲਦਾ ਹੈ।
‘ਆਪ’ ਦੀ ਸਰਕਾਰ ਬਣਨ ‘ਤੇ ਮਾਰਚ 2023 ਤੋਂ ਗੁਜਰਾਤ ਦੇ ਲੋਕਾਂ ਨੂੰ ਵੀ ਮਿਲੇਗੀ ਮੁਫ਼ਤ ਬਿਜਲੀ: ਭਗਵੰਤ ਮਾਨ
ਗੁਜਰਾਤ ਦੇ 6.5 ਕਰੋੜ ਲੋਕ ਬਦਲਾਅ ਲਈ ਤਿਆਰ, ‘ਆਪ’ ਭਾਰੀ ਬਹੁਮਤ ਨਾਲ ਬਣਾਏਗੀ ਸਰਕਾਰ: ਮੁੱਖ ਮੰਤਰੀ ਮਾਨ
ਪੰਜਾਬ ਦੇ 75 ਲੱਖ ਪਰਿਵਾਰਾਂ ਵਿੱਚੋਂ 61 ਲੱਖ ਨੂੰ ਨਵੰਬਰ ਮਹੀਨੇ ‘ਜ਼ੀਰੋ ਬਿੱਲ’ ਆਇਆ, ਜਨਵਰੀ ‘ਚ 71 ਲੱਖ ਤੋਂ ਵੱਧ ਪਰਿਵਾਰਾਂ ਦੇ ਹੋਣਗੇ ਬਿੱਲ ਜ਼ੀਰੋ: ਮਾਨ
ਵਿਧਾਇਕਾਂ ਦੀਆਂ ਮਲਟੀ ਪੈਨਸ਼ਨਾਂ ਕੀਤੀਆਂ ਬੰਦ, ਟੈਕਸਦਾਤਾਵਾਂ ਦਾ ਪੈਸਾ ਸਿਰਫ਼ ਆਮ ਲੋਕਾਂ ਦੀ ਭਲਾਈ ਲਈ: ਮਾਨ
ਮੁੱਖ ਮੰਤਰੀ ਮਾਨ ਦਾ ਭਾਜਪਾ ‘ਤੇ ਹਮਲਾ, ਕਿਹਾ: ਲੋਕਾਂ ਦੇ ਟੈਕਸ ਦੇ ਪੈਸੇ ਲੋਕਾਂ ‘ਤੇ ਖਰਚਣਾ ‘ਮੁਫ਼ਤ ਰੇਵੜੀ’ ਦੇਣਾ ਨਹੀਂ
ਅਸੀਂ ਭਾਜਪਾ ਵਾਂਗ ਝੂਠੇ ਦਾਅਵੇ ਨਹੀਂ ਕਰਦੇ: ਅਸੀਂ ਜੋ ਕਹਿੰਦੇ ਹਾਂ, ਉਹ ਕਰਦੇ ਹਾਂ: ਭਗਵੰਤ ਮਾਨ
ਪੰਜਾਬੀ ਖਬਰਸਾਰ ਬਿਉਰੋ
ਗੁਜਰਾਤ, 30 ਨਵੰਬਰ: ਦਿੱਲੀ ਅਤੇ ਪੰਜਾਬ ਵਿੱਚ ਮੌਜੂਦਾ ਮਾਡਲ ਦੀ ਉਦਾਹਰਨ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਇੱਥੋਂ ਦੇ ਲੋਕਾਂ ਨੂੰ ਮਾਰਚ 2023 ਤੋਂ ਘਰੇਲੂ ਖਪਤਕਾਰਾਂ ਲਈ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦਿੱਤੀ ਜਾਵੇਗੀ ਅਤੇ ਸੂਬੇ ਭਰ ਵਿੱਚ 24 ਘੰਟੇ ਬਿਜਲੀ ਸਪਲਾਈ ਰਹੇਗੀ।ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ 25 ਹਜ਼ਾਰ ਖਪਤਕਾਰਾਂ ਦੇ ਬਿਜਲੀ ਦੇ ‘ਜ਼ੀਰੋ ਬਿੱਲ’ ਪੇਸ਼ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ‘ਆਪ’ ਝੂਠੇ ਵਾਅਦੇ ਨਹੀਂ ਕਰਦੀ ਸਗੋਂ ਉਹ ਜੋ ਕਹਿੰਦੇ ਹਨ ਉਹ ਕਰਦੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੇ ਉਲਟ ਭਾਜਪਾ 15 ਲੱਖ ਵਰਗੇ ਚੁਣਾਵੀ ਜੁਮਲਿਆਂ ਨਾਲ ਵੋਟਰਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਵੰਬਰ ਵਿੱਚ 75 ਲੱਖ ਪਰਿਵਾਰਾਂ ਵਿੱਚੋਂ 61 ਲੱਖ ਨੂੰ ‘ਜ਼ੀਰੋ ਬਿੱਲ’ ਆਇਆ ਹੈ ਅਤੇ 71 ਲੱਖ ਤੋਂ ਵੱਧ ਲੋਕ ਸਰਦੀਆਂ ਅਤੇ ਬਿਜਲੀ ਦੀ ਘੱਟ ਖਪਤ ਕਾਰਨ ਜਨਵਰੀ ਵਿੱਚ ਮੁਫਤ ਬਿਜਲੀ ਦਾ ਲਾਭ ਉਠਾਉਣਗੇ। ਇਸੇ ਤਰ੍ਹਾਂ ਦਿੱਲੀ ਦੇ ਲੋਕਾਂ ਨੂੰ ਮੁਫਤ ਬਿਜਲੀ ਮਿਲਦੀ ਹੈ ਅਤੇ ਗੁਜਰਾਤ ਦੇ ਲੋਕਾਂ ਨੂੰ ਵੀ ‘ਆਪ’ ਦੀ ਸਰਕਾਰ ਬਣਨ ‘ਤੇ ਇਹ ਲਾਭ ਮਾਰਚ, 2023 ਤੋਂ ਮਿਲਣਾ ਸ਼ੁਰੂ ਹੋ ਜਾਵੇਗਾ।’ਰੇਵੜੀ ਕਲਚਰ’ ਦੀਆਂ ਟਿੱਪਣੀਆਂ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਨਿਸ਼ਾਨਾ ਬਣਾਉਂਦੇ ਹੋਏ, ਮੁੱਖ ਮੰਤਰੀ ਮਾਨ ਨੇ ਕਿਹਾ ਕਿ ਟੈਕਸਦਾਤਾਵਾਂ ਦਾ ਪੈਸਾ ਉਨ੍ਹਾਂ ਨੂੰ ਵਾਪਸ ਦੇਣਾ ‘ਮੁਫ਼ਤ ਰੇਵੜੀ’ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਆਪ’ ਲੋਕ-ਪੱਖੀ ਪਾਰਟੀ ਹੈ ਅਤੇ ਆਮ ਜਨਤਾ ਦੀ ਭਲਾਈ ਲਈ ਕੰਮ ਕਰਦੀ ਹੈ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਿਰਫ਼ ‘ਆਪਣੇ ਪੂੰਜੀਵਾਦੀ ਦੋਸਤਾਂ ਦਾ ਕਰਜ਼ਾ ਮੁਆਫ਼’ ਕਰਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ‘ਆਪ’ ਨੇ ਭ੍ਰਿਸ਼ਟਾਚਾਰ ਨੂੰ ਨੱਥ ਪਾ ਕੇ ਪੰਜਾਬ ਅਤੇ ਦਿੱਲੀ ਵਿੱਚ ਮੁਫਤ ਬਿਜਲੀ ਦੇਣ ਅਤੇ ਮੁਹੱਲਾ ਕਲੀਨਿਕਾਂ ਦੀ ਉਸਾਰੀ ਲਈ ਫੰਡਾਂ ਦਾ ਪ੍ਰਬੰਧ ਕੀਤਾ ਹੈ, ਉਸੇ ਤਰ੍ਹਾਂ ਉਹ ਗੁਜਰਾਤ ਦੇ ਲੋਕਾਂ ਨੂੰ ਚੰਗੀਆਂ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣਗੇ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਬਕਾ ਵਿਧਾਇਕਾਂ ਨੂੰ ਮਿਲਦੀਆਂ ਮਲਟੀ ਪੈਨਸ਼ਨਾਂ ਬੰਦ ਕੀਤੀਆਂ ਅਤੇ ਹੁਣ ਟੈਕਸਦਾਤਾਵਾਂ ਦਾ ਇਹ ਪੈਸਾ ਲੋਕ ਭਲਾਈ ਲਈ ਵਰਤਿਆ ਜਾ ਰਿਹਾ ਹੈ। ਆਗਾਮੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਾ ਭਰੋਸਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਗੁਜਰਾਤ ਦੇ 6.5 ਕਰੋੜ ਲੋਕ ਬਦਲਾਅ ਲਈ ਤਿਆਰ ਹਨ ਅਤੇ ‘ਆਪ’ ਗੁਜਰਾਤ ਵਿੱਚ 27 ਸਾਲਾਂ ਦੇ ਕੁਸ਼ਾਸਨ ਨੂੰ ਖਤਮ ਕਰਕੇ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 27 ਸਾਲਾਂ ਤੋਂ ਭਾਜਪਾ ਦੇ ਰਾਜ ਕਾਰਨ ਗੁਜਰਾਤ ਦੇ ਲੋਕ ਚੰਗੀ ਸਿੱਖਿਆ ਅਤੇ ਸਿਹਤ ਸਹੂਲਤਾਂ ਸਮੇਤ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਸੂਬੇ ਵਿੱਚ ਨੌਜਵਾਨ ਬੇਰੁਜ਼ਗਾਰ ਹਨ ਅਤੇ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਪਰ ਭਾਜਪਾ ਨੇ ਹਾਲਾਤ ਸੁਧਾਰਨ ਲਈ ਕੁਝ ਨਹੀਂ ਕੀਤਾ ਅਤੇ ਉਨ੍ਹਾਂ ਦੇ ਆਗੂ ਸਿਰਫ਼ ਆਪਣੀਆਂ ਤਿਜੋਰੀਆਂ ਭਰਨ ’ਚ ਰਹੇ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਨੀਤੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਆਪਣੇ ਮੁਲਾਜ਼ਮਾਂ ਲਈ 2004 ਵਿੱਚ ਬੰਦ ਕੀਤੀ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕੀਤਾ ਅਤੇ ਨਾਲ ਹੀ ਛੇ ਫੀਸਦੀ ਮਹਿੰਗਾਈ ਭੱਤਾ (ਡੀ.ਏ.) ਵੀ ਦਿੱਤਾ ਹੈ ਤਾਂ ਜੋ ਕਰਮਚਾਰੀ ਵਰਗ ਨੂੰ ਲਗਾਤਾਰ ਵੱਧ ਰਹੀ ਮਹਿੰਗਾਈ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸੂਬਾ ਸਰਕਾਰ ਨੇ 20,000 ਤੋਂ ਵੱਧ ਸਰਕਾਰੀ ਨੌਕਰੀਆਂ ਸਿਰਫ਼ ‘ਤੇ ਸਿਰਫ਼ ਮੈਰਿਟ ਦੇ ਆਧਾਰ ‘ਤੇ ਦਿੱਤੀਆਂ ਅਤੇ ਸੂਬੇ ਦੇ 36,000 ਕੱਚੇ ਮੁਲਾਜ਼ਮਾਂ ਦੀਆਂ ਨੌਕਰੀਆਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਸਰਕਾਰ ਨੇ ਪੰਜਾਬ ਵਿੱਚ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਦਰਵਾਜ਼ੇ ‘ਤੇ ਚੰਗਾ ਅਤੇ ਮੁਫਤ ਇਲਾਜ ਦੇਣ ਲਈ 100 ਆਮ ਆਦਮੀ ਕਲੀਨਿਕਾਂ ਦਾ ਨਿਰਮਾਣ ਕੀਤਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਗਿਣਤੀ ਵਧਾ ਕੇ 500 ਕੀਤੀ ਜਾਵੇਗੀ।
ਰਾਸ਼ਟਰਪਤੀ ਨੇ ਹਰਿਆਣਾ ਦੀ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੇ ਸਫਲ ਲਾਗੂ ਕਰਨ ਲਈ ਮਨੋਹਰ ਸਰਕਾਰ ਨੂੰ ਸਲਾਹਿਆ
ਰਾਸ਼ਟਰਪਤੀ ਨੇ ਸਮਾਜ ਨੂੰ ਕੀਤੀ ਅਪੀਲ , ਬੇਟੀਆਂ ਸ਼ਕਤੀ ਸਵਰੂਪ, ਪਰਿਵਾਰ ਅਤੇ ਸਮਾਜ ਨੂੰ ਬੇਟੀਆਂ ਨੂੰ ਅੱਗੇ ਵਧਾਉਣ ਵਿਚ ਕਰਨਾ ਚਾਹੀਦਾ ਸਹਿਯੋਗ
ਅੱਜ ਹਰਿਆਣਾ ਵਿਚ ਲੋਕਾਂ ਦੀ ਮਾਨਸਿਕਤਾ ਬਦਲੀ ਹੈ, ਬੇਟੀਆਂ ਦੇ ਜਨਮ ‘ਤੇ ਵੀ ਹੁਣ ਮਨਾਈ ਜਾਂਦੀ ਹੈ ਖੁਸ਼ੀਆਂ – ਮੁੱਖ ਮੰਤਰੀ ਮਨੋਹਰ ਲਾਲ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 30 ਨਵੰਬਰ :- ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਬੇਟੀਆਂ ਸ਼ਕਤੀ ਦਾ ਸਵਰੂਪ ਹੈ। ਪਰਿਵਾਰ ਅਤੇ ਮਸਾਜ ਨੂੰ ਸਦਾ ਬੇਟੀਆਂ ਨੂੰ ਅੱਗੇ ਵਧਾਉਣ ਵਿਚ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀਆਂ ਬੇਟੀਆਂ ਦੀ ਉਰਜਾ ਅਤੇ ਦਮਖਮ ਨੂੰ ਅੱਜ ਖੇਡ ਰਾਹੀਂ ਪੂਰੀ ਦੁਨੀਆ ਨੇ ਦੇਖਿਆ ਹੈ। ਇਹੀ ਸੰਦੇਸ਼ ਸਮਾਜ ਵਿਚ ਦੇਣ ਲਈ ਸਾਨੂੰ ਸਾਰਿਆਂ ਨੂੰ ਬੇਟੀਆਂ ਨੂੰ ਮਜਬੂਤ ਬਨਾਉਣਾ ਚਾਹੀਦਾ ਹੈ। ਸ੍ਰੀਮਤੀ ਦਰੋਪਦੀ ਮੁਰਮੂ ਨੇ ਇਹ ਅਪੀਲ ਅੱਜ ਹਰਿਆਣਾ ਰਾਜਭਵਨ , ਚੰਡੀਗੜ੍ਹ ਵਿਚ ਆਸ਼ਾ ਵਰਕਰਸ, ਐਨਐਨਐਮ, ਡਾਕਟਰਾਂ ਅਤੇ ਖਿਡਾਰੀਆਂ ਨਾਲ ਸਿੱਧਾ ਸੰਵਾਦ ਕਰਦੇ ਹੋਏ ਕੀਤੀ। ਇਸ ਮੌਕੇ ‘ਤੇ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਅਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਮਾਣਯੋਗ ਮੌਜੂਦਗੀ ਰਹੀ।ਰਾਸ਼ਟਰਪਤੀ ਨੇ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਹਰਿਆਣਾ ਵਿਚ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੇ ਸਫਲ ਲਾਗੂ ਕਰਨ ਲਈ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਅੱਜ ਇੱਥੇ ਆਈ ਸਾਰੀ ਬੇਟੀਆਂ ਨਾਲ ਸੰਵਾਦ ਕਰ ਕੇ ਬੇਹੱਦ ਖੁਸ਼ੀ ਹੋਈ ਹੈ ਕਿ ਕਿਵੇਂ ਹਰਿਆਣਾ ਦੀ ਬੇਟੀਆਂ ਅੱਜ ਅੱਗੇ ਵੱਧ ਰਹੀਆਂ ਹਨ। ਭਵਿੱਖ ਵਿਚ ਵੀ ਸਰਕਾਰ ਇਸ ਤਰ੍ਹਾ ਦੇ ਯਤਨਾਂ ਨੂੰ ਲਗਾਤਾਰ ਜਾਰੀ ਰੱਖਣ। ਉਨ੍ਹਾਂ ਨੇ ਕਿਹਾ ਕਿ ਪੁਰਸ਼ ਅਤੇ ਮਹਿਲਾਵਾਂ ਨਾਲ ਚੱਲਣਗੇ ਤਾਂ ਪਵਿਰਾਰ, ਸਮਾਜ ਅਤੇ ਦੇਸ਼ ਅੱਗੇ ਵਧੇਗਾ। ਹਾਲਾਂਕਿ , ਮਹਿਲਾਵਾਂ ਨੂੰ ਆਪਣੇ ਜੀਵਨ ਵਿਚ ਪੁਰਸ਼ਾਂ ਦੇ ਮੁਕਾਬਲੇ ਵੱਧ ਚਨੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਪਰਿਵਾਰ, ਸਮਾਜ ਅਤੇ ਸਰਕਾਰ ਦੀ ਇਹ ਜਿਮੇਵਾਰੀ ਬਣਦੀ ਹੈ ਕਿ ਊਹ ਬੇਟੀਆਂ ਨੂੰ ਅੱਗੇ ਵਧਾਉਣ ਅਤੇ ਉਨ੍ਹਾਂ ਨੂੰ ਮਜਬੂਤ ਬਨਾਉਣ।
ਰਾਸ਼ਟਰਪਤੀ ਨੇ ਡਾਕਟਰਾਂ, ਆਸ਼ਾ ਵਰਕਰਸ ਨੇ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੇ ਤਜਰਬਿਆਂ ਨੂੰ ਜਾਣਿਆ
ਸ੍ਰੀਮਤੀ ਦਰੋਪਦੀ ਮੁਰਮੂ ਨੇ ਡਾਕਟਰਾਂ, ਆਸ਼ਾ ਵਰਕਰਸ ਅਤੇ ਏਐਨਐਮ ਨਾਲ ਸਿੱਧਾ ਸੰਵਾਦ ਕਰਦੇ ਹੋਏ ਉਨ੍ਹਾਂ ਤੋਂ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੇ ਲਾਗੂ ਕਰਨ ਅਤੇ ਇਸ ਦੌਰਾਨ ਆਈ ਮੁਸ਼ਕਲਾਂ ਨਾਲ ਜੁੜੇ ਤਜਰਬਿਆਂ ਨੂੰ ਜਾਣਿਆ। ਸੰਵਾਦ ਦੌਰਾਨ ਇਕ ਡਾਕਟਰ ਨੇ ਦਸਿਆ ਕਿ ਸਾਲ 2015 ਵਿਚ ਪਾਣੀਪਤ ਤੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਸ ਮੁਹਿੰਮ ਦੇ ਲਈ ਵੱਖ ਤੋਂ ਇਕ ਸੈਲ ਦਾ ਗਠਨ ਕੀਤਾ ਸੀ। ਮੁੱਖ ਮੰਤਰੀ ਨੇ ਸਖਤ ਕਾਰਵਾਈ ਕਰਨ ਅਤੇ ਵਿਆਪਕ ਜਾਗਰੁਕਤਾ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਸਨ। ਉਨ੍ਹਾਂ ਦੇ ਮਾਰਗਦਰਸ਼ਨ ਨਾਲ ਅਸੀਂ ਲਿੰਗ ਜਾਂਚ ਕਰਨ ਵਾਲਿਆਂ ‘ਤੇ ਸਖਤ ਕਾਰਵਾਈ ਯਕੀਨੀ ਕੀਤੀ ਅਤੇ ਅਜਿਹੇ ਲੋਕਾਂ ਨੂੰ ਜੇਲ ਦੇ ਪਿੱਛੇ ਭੇਜਿਆ। ਰਾਸ਼ਟਰਪਤੀ ਨੇ ਇੰਨ੍ਹਾਂ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਅਤੇ ਜਮੀਨੀ ਪੱਧਰ ‘ਤੇ ਕਾਰਜ ਕਰ ਰਹੇ ਸਾਰੇ ਲੋਕਾਂ ਨੂੰ ਆਪਣੇ ਇੰਨ੍ਹਾਂ ਯਤਨਾਂ ਨੁੰ ਲਗਾਤਾਰ ਜਾਰੀ ਰੱਖਣਾ ਹੈ। ਜਿਨ੍ਹਾਂ ਬੇਟੀਆਂ ਨੂੰ ਬਚਾਇਆ ਗਿਆ ਹੈ ਅਤੇ ਅੱਗ ਵੀ ਜੇਕਰ ਕੋਈ ਅਜਿਹੇ ਮਾਮਲੇ ਆਉਂਦੇ ਹਨ ਜਿੱਥੇ ਪਰਿਵਾਰ ਤੋਂ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਇੰਨ੍ਹਾਂ ਸਥਿਤੀਆਂ ਵਿਚ ਬੇਟੀਆਂ ਨੂੰ ਬਚਾਉਣ ਬਾਅਦ ਉਨ੍ਹਾਂ ਬੇਟੀਆਂ ਨੂੰ ਪਰਿਵਾਰ ਦਾ ਪਿਆਰ ਮਿਲੇ, ਇਸ ਪਾਸੇ ਵੀ ਯਤਨ ਕਰਨੇ ਹੋਣਗੇ।
ਮਹਿਲਾ ਖਿਡਾਰੀਆਂ ਨੂੰ ਵੀ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੇ ਤਹਿਤ ਲੋਕਾਂ ਨੂੰ ਕਰਨਾ ਚਾਹੀਦਾ ਜਾਗਰੁਕ
ਰਾਸ਼ਟਰਪਤੀ ਨੇ ਮਹਿਲਾ ਖਿਡਾਰੀਆਂ ਨਾਲ ਵੀ ਸਿੱਧਾ ਸੰਵਾਦ ਕੀਤਾ ਅਤੇ ਉਨ੍ਹਾਂ ਦੇ ਜੀਵਨ ਦੇ ਤਜਰਬਿਆਂ ਨੂੰ ਜਾਣਿਆ। ਇਸ ਦੌਰਾਨ 3 ਵਾਰ ਮਾਊਂਟ ਏਵਰੇਸਟ ਅਤੇ ਸੱਤਾਂ ਮਹਾਦੀਪਾਂ ਦੀ ਸੱਭ ਤੋਂ ਉੱਚੀ ਪਹਾੜੀਆਂ ‘ਤੇ ਤਿਰੰਗਾ ਲਹਿਰਾਉਣ ਵਾਲੀ ਹਿਸਾਰ ਜਿਲ੍ਹੇ ਦੀ ਪਰਵਤਰੋਹੀ ਅਨੀਤਾ ਕੁੰਡੂ ਨੇ ਆਪਣੇ ਜੀਵਨ ਦੇ ਤਜਰਬਿਆਂ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਦੇ ਪਿਤਾ ਦੇ ਨਿਧਨ ਬਾਅਦ ਉਨ੍ਹਾਂ ਦੀ ਮਾਂ ਨੇ ਕਿਸ ਤਰ੍ਹਾ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਹ ਅੱਜ ਇਸ ਮੁਕਾਮ ‘ਤੇ ਪਹੁੰਚੀ ਹੈ। ਉਨ੍ਹਾਂ ਦੀ ਇਸ ਯਾਤਰਾ ਵਿਚ ਹਰਿਆਣਾ ਸਰਕਾਰ ਦਾ ਵੀ ਭਰਪੂਰ ਸਹਿਯੋਗ ਮਿਲਿਆ। ਇਸੀ ਤਰ੍ਹਾ, ਪੂਜਾ ਸਿਹਾਗ ਅਤੇ ਸੂਚਿਕਾ ਨੇ ਵੀ ਆਪਣੀ ਵਿਰੋਧੀ ਸਥਿਤੀਆਂ ਤੋਂ ਲੰਘਦੇ ਹੋਏ ਅੱਜ ਇਕ ਖਿਡਾਰੀ ਵਜੋ ਆਪਣਾ ਮੁਕਾਮ ਹਾਸਲ ਕਰਨ ਦੀ ਕਹਾਣੀ ਨੂੰ ਸਾਂਝਾ ਕੀਤਾ।ਸ੍ਰੀਮਤੀ ਦਰੋਪਦੀ ਮੁਰਮੂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੇ ਤਹਿਤ ਜਦੋਂ ਵੀ ਕਿਸੀ ਪਰਿਵਾਰ ਨੂੰ ਜਾਗਰੁਕ ਕਰਨ ਜਾਂਦੇ ਹਨ ਤਾਂ ਅਜਿਹੇ ਵਿਸ਼ੇਸ਼ ਮਹਿਲਾ ਖਿਡਾਰੀਆਂ ਨਾਲ ਵੀ ਅਜਿਹੇ ਪਰਿਵਾਰਾਂ ਦੀ ਮੁਲਾਕਾਤ ਕਰਵਾਉਣੀ ਚਾਹੀਦੀ ਹੈ, ਤਾਂ ਜੋ ਉਹ ਲੋਕ ਸਮਝ ਸਕਣ ਕਿ ਬੇਟੀਆਂ ਜੀਵਨ ਵਿਚ ਕੀ-ਕੀ ਹਾਸਲ ਨਹੀਂ ਕਰ ਸਕਦੀ ਅਤੇ ਬੇਟੀਆਂ ਬੋਝ ਨਹੀਂ ਹੁੰਦੀਆਂ ਹਨ।
ਅੱਜ ਹਰਿਆਣਾ ਵਿਚ ਬੇਟੀਆਂ ਦੇ ਜਨਮ ‘ਤੇ ਵੀ ਮਨਾਈ ਜਾਂਦੀ ਹੈ ਖੁਸ਼ੀਆਂ – ਮੁੱਖ ਮੰਤਰੀ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਰਾਸ਼ਟਰਪਤੀ ਨੂੰ ਜਾਣੂੰ ਕਰਾਇਆ ਕਿ ਹਰਿਆਣਾ ਵਿਚ ਬੇਟਿਆਂ ਦੇ ਜਨਮ ਹੋਣ ‘ਤੇ ਖੁਹ ਪੂਜਨ ਕਰਨ ਦਾ ਰਿਵਾਜ ਹੈ। ਪਹਿਲਾਂ ਬੇਟੀਆਂ ਦੇ ਜਨਮ ਹੋਣ ‘ਤੇ ਇਹ ਰਿਤੀ- ਰਿਵਾਜ ਨਹੀਂ ਕੀਤੇ ਜਾਂਦੇ ਹਨ, ਪਰ ਅੱਜ ਸਰਕਾਰ ਦੇ ਯਤਨਾਂ ਨਾਲ ਪਰਿਵਾਰਾਂ ਦੀ ਮਾਨਸਿਕਤਾ ਵਿਚ ਬਦਲਾਅ ਆਇਆ ਹੈ ਅਤੇ ਹੁਣ ਬੇਟੀਆਂ ਦੇ ਜਨਮ ਹੋਣ ‘ਤੇ ਵੀ ਬੇਟਿਆਂ ਦੀ ਤਰ੍ਹਾ ਖੁਹ ਪੂਜਨ ਕੀਤਾ ਜਾਂਦਾ ਹੈ ਅਤੇ ਪੂਰੇ ਪਿੰਡ ਵਿਚ ਮਿਠਾਈਆਂ ਵੰਡੀਆਂ ਜਾਂਦੀਆਂ ਹਨ, ਉਤਸਵ ਦਾ ਮਾਹੌਲ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਪਰਿਵਾਰ ਬੇਟੀਆਂ ਨੂੰ ਪੜਾਉਣ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਵਿਚ ਪੂਰਾ ਸਹਿਯੋਗ ਕਰਦੇ ਹਨ। ਅੱਜ ਹਰਿਆਣਾ ਦੀ ਬੇਟੀਆਂ ਹਰ ਖੇਤਰ ਵਿਚ ਅੱਗੇ ਵੱਧ ਰਹੀਆਂ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਹਰਿਆਣਾ ਸਰਕਾਰ ਵੀ ਬੇਟੀਆਂ ਦੀ ਹਰ ਮਦਦ ਕਰ ਰਹੀ ਹੈ, ਤਾਂ ਜੋ ਉਹ ਆਪਣੇ ਜੀਵਨ ਵਿਚ ਰਿਕਾਰਡ ਸਥਾਪਿਤ ਕਰ ਆਪਣੇ ਪਰਿਵਾਰ, ਸੂਬੇ ਅਤੇ ਦੇਸ਼ ਦਾ ਨਾਂਅ ਰੋਸ਼ਨ ਕਰ ਸਕਣ।ਇਸ ਮੌਕੇ ‘ਤੇ ਮੁੱਖ ਸਕੱਤਰ ਸੰਜੀਵ ਕੌਸ਼ਲ ਅਤੇ ਹੋਰ ਪ੍ਰਸਾਸ਼ਨਿਕ ਅਧਿਕਾਰੀ ਮੌਜੂਦ ਰਹੇ।
ਪੁਲਿਸ ਪਬਲਿਕ ਬਠਿੰਡਾ ਦੇ ਵਿਦਿਆਰਥੀ ਵਿੱਚ ਜਿਮਨਾਸਟਿਕ ਵਿੱਚ ਛਾਏ
ਸੁਖਜਿੰਦਰ ਮਾਨ
ਬਠਿੰਡਾ, 30 ਨਵੰਬਰ:-ਪੁਲਿਸ ਪਬਲਿਕ ਸਕੂਲ ਬਠਿੰਡਾ ਦੇ ਵਿਦਿਆਰਥੀਆਂ ਨੇ ਜਿਮਨਾਸਟਿਕ ਵਿੱਚ ਵਧੀਆਂ ਪ੍ਰਦਰਸ਼ਨ ਕੀਤ। ਹਰਦੂਈ (ਯੂ.ਪੀ) ਵਿੱਚ 16 ਨਵੰਬਰ 2022 ਤੋਂ 18 ਨਵੰਬਰ 2022 ਤੱਕ ਪਹਿਲੀ ਰਾਸ਼ਟਰੀ ਯੁਵਾ ਖੇਡਾਂ ਦਾ ਆਯੋਜਨ ਕੀਤਾ ਗਿਆ, ਇਸ ਵਿੱਚ ਪੁਲਿਸ ਪਬਲਿਕ ਸਕੂਲ ਬਠਿੰਡਾ ਵਿੱਚ ਚੱਲ ਰਹੇ ਜਿਮਨਾਸਟਿਕ ਸਪੋਰਟਸ ਵਿੰਗ ਦੇ ਵਿਦਿਆਰਥੀਆਂ ਨੇ ਹਿੱਸਾ ਲੈ ਕੇ 38 ਗੋਲਡ ਮੈਂਡਲ ਹਾਸਿਲ ਕੀਤੇ, ਜਿਸ ਵਿੱਚ 5 ਚਾਂਦੀ ਦੇ ਤੇ 3 ਤਾਂਬੇ ਦੇ ਮੈਂਡਲ ਵੀ ਸ਼ਾਮਿਲ ਹਨ।ਪੁਲਿਸ ਪਬਲਿਕ ਸਕੂਲ ਦੇ 5 ਵਿਦਿਆਰਥੀਆਂ ਨੇ 5 ਗੋਲਡ ਮੈਂਡਲ, 1 ਚਾਂਦੀ ਦਾ ਮੈਂਡਲ ਅਤੇ 1 ਤਾਂਬੇ ਦਾ ਮੈਂਡਲ ਅੰਡਰ 17ਲੜਕੇ/ਲੜਕੀਆਂ ਅੰਡਰ 19 ਲੜਕੇ/ਲੜਕੀਆਂ ਦੀਆਂ ਟੀਮਾਂ ਨੇ 32 ਮੈਂਡਲ ਪ੍ਰਾਪਤ ਕੀਤੇ।ਇਸ ਤਰ੍ਹਾਂ ਪੁਲਿਸ ਪਬਲਿਕ ਸਕੂਲ ਦੇ 5 ਵਿਦਿਆਰਥੀ ਕਾਠਮਾਂਡੂ, ਨੇਪਾਲ ਵਿੱਚ ਹੋ ਰਹੇ ਅੰਤਰਰਾਸ਼ਟਰੀ ਪ੍ਰਤੀਯੋਗੀਤਾ (17 ਦਸਬੰਰ-19 ਦਸੰਬਰ) ਵਿੱਚ ਚੁਣੇ ਗਏ ਹਨ। ਜਿਮਨਾਸਟਿਕ ਕੋਚ ਸ੍ਰੀ ਸ਼ੇਰ ਸਿੰਘ ਦੀ ਦੇਖ-ਰੇਖ ਵਿੱਚ ਬੱਚਿਆਂ ਨੇ ਸ਼ਾਨਦਾਰ ਪ੍ਰਤਿਭਾ ਦਾ ਉਦਾਹਰਣ ਦਿੱਤਾ ਹੈ। ਸਕੂਲ ਦੇ ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਨੇ ਬੱਚਿਆਂ ਨੂੰ ਸ਼ਬਾਸ਼ੀ ਦਿੰਦੇ ਹੋਏ ਭਵਿੱਖ ਵਿੱਚ ਹੋਰ ਵੀ ਵਧੀਆਂ ਪ੍ਰਦਰਸ਼ਨ ਕਰਨ ਦੀ ਕਾਮਨਾ ਕੀਤੀ। ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ।
ਸਕੂਲ ਪੁੱਜਣ ਤੇ ਖਿਡਾਰੀਆਂ ਦਾ ਸਨਮਾਨ,ਪੁਸ਼ਪ ਸ਼ਰਮਾ ਬਣਿਆ ਪੰਜਾਬ ਦਾ “ਸਟਰੌਂਗ ਮੈਨ”
ਸੁਖਜਿੰਦਰ ਮਾਨ
ਬਠਿੰਡਾ, 30 ਨਵੰਬਰ:66ਵੀਂਆਂ ਅੰਤਰ-ਜਿਲ੍ਹਾ ਸਕੂਲ ਖੇਡਾਂ 2022ਵਿੱਚੋਂ ਮੈਡਲ ਪ੍ਰਾਪਤ ਕਰਨ ਵਾਲੇ ਖਿਡਾਰੀ ਵਿਦਿਆਰਥੀਆਂ ਦਾ ਸ਼ਹੀਦ ਸਿਪਾਹੀ ਸੰਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਪਰਸਰਾਮ ਨਗਰ ਬਠਿੰਡਾ, ਵਿਖੇ ਪੁੱਜਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਸਕੂਲ ਵਿਚ ਚੱਲ ਰਹੇ ਪਾਵਰ ਲਿਫਟਿੰਗ ਸੈਂਟਰ ਦੇ ਖਿਡਾਰੀਆਂ ਨੇ ਫਤਿਹਗੜ੍ਹ ਸਾਹਿਬ ਵਿਖੇ ਸਮਾਪਤਹੋਈਆਂ ਅੰਤਰ-ਜਿਲ੍ਹਾ ਸਕੂਲ ਖੇਡਾਂ 2022 ਵਿਚ ਪੁਜੀਸ਼ਨਾਂ ਹਾਸਲ ਕੀਤੀਆਂ ਹਨ । ਮਹੇਸ਼ ਕੁਮਾਰ ਨੇ ਪਾਵਰਲਿਫਟਿੰਗ ਵਿੱਚ ਅੰਡਰ-17 ਸਾਲ ਵਿੱਚ ਪਹਿਲਾ ਸਥਾਨ, ਤਨਵੀਰ ਸਿੰਘਨੇ ਅੰਡਰ 17 ਸਾਲ ਵਿੱਚਪਹਿਲਾਸਥਾਨ,ਵਿਸ਼ਵ ਮਹੇਸ਼ਵਰੀ ਨੇ ਅੰਡਰ-19 ਸਾਲ ਵਿੱਚ ਪਹਿਲਾ ਸਥਾਨ, ਮੁਹੰਮਦ ਅਸ਼ਰਫ ਨੇ ਅੰਡਰ-19 ਸਾਲਵਿੱਚ ਪਹਿਲਾ ਸਥਾਨ, ਪੁਸ਼ਪ ਸ਼ਰਮਾ ਨੇ ਅੰਡਰ-19 ਸਾਲ ਵਿੱਚ ਪਹਿਲਾ ਸਥਾਨ,ਦਿਲਜਾਨ ਨੇ ਅੰਡਰ-19 ਸਾਲ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਪਾਵਰ ਲਿਫਟਿੰਗ ਲੜਕੀਆਂ ਵਿੱਚ ਪਾਇਲ ਨੇ ਅੰਡਰ-17 ਸਾਲ ਵਿੱਚ ਤੀਸਰਾ ਸਥਾਨ, ਖੁਸ਼ੀ ਨੇਅੰਡਰ-17 ਤੀਸਰਾ ਸਥਾਨ ਪ੍ਰਾਪਤ ਕੀਤਾ। ਪੁਸ਼ਪ ਸ਼ਰਮਾ ਇਸ ਟੂਰਨਾਮੈਂਟ ਵਿੱਚ ਪੰਜਾਬ ਦਾ “ਸਟਰੌਂਗ ਮੈਨ” ਬਣਿਆ। ਗੁਰਿੰਦਰ ਸਿੰਘ ਬਰਾੜ ਡੀ. ਪੀ.ਈ. ਨੇ ਦੱਸਿਆ ਕਿ ਸਕੂਲ ਵਿੱਚ ਪਾਵਰਲਿਫਟਿੰਗ ਅਤੇ ਵੇਟਲਿਫਟਿੰਗ ਦਾ ਖੇਡ ਸੈਂਟਰ ਚੱਲ ਰਿਹਾ ਹੈ । ਜਿਸ ਵਿਚ ਖੇਡ ਵਿਭਾਗ ਦੇ ਪਾਵਰਲਿਫਟਿੰਗ ਕੋਚ ਪਰਮਿੰਦਰ ਸਿੰਘ ਇਨ੍ਹਾਂ ਖਿਡਾਰੀਆਂ ਨੂੰ ਕੋਚਿੰਗ ਦਿੰਦੇ ਹਨ । ਇਸ ਸੈਂਟਰ ਵਿਚ 40 ਤੋਂ 50 ਖਿਡਾਰੀ ਟ੍ਰੇਨਿੰਗ ਲੈ ਰਹੇ ਹਨ। ਸਕੂਲ ਦੇ ਖਿਡਾਰੀ ਅੰਤਰ-ਜਿਲ੍ਹਾ ਸਕੂਲ ਖੇਡਾਂ ਵਿੱਚ ਵੇਟਲਿਫਟਿੰਗ ਵਿੱਚ ਵੀ ਅਗਲੇ ਮਹੀਨੇ ਲੁਧਿਆਣਾ ਵਿਖੇ ਭਾਗ ਲੈਣਗੇ। ਇਸ ਤੋਂ ਇਲਾਵਾ ਜਿਮਨਾਸਟਿਕ ਆਰਟਿਸਟਕ ਵਿੱਚੋਂ ਸਕੂਲ ਦੇ ਖਿਡਾਰੀ ਸਰਬਜੋਤ ਸਿੰਘ ਜਲੰਧਰ ਵਿਖੇ ਸਮਾਪਤ ਹੋਈ ਜਿਮਨਾਸਟਿਕਵਿੱਚੋਂ ਦੋ ਇਵੇਂਟ ਵਿੱਚ ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ । ਬਾਕਸਿੰਗ ਅੰਡਰ-19 ਗੁਰਕਮਲ ਸਿੰਘ ਨੇ ਅੰਤਰ-ਜਿਲ੍ਹਾ ਸਕੂਲ ਖੇਡਾਂ 2022 ਵਿੱਚ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਈਆਂ ਖੇਡਾਂ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ । ਇਸ ਸਨਮਾਨ ਸਮਾਰੋਹ ਵਿੱਚ ਪ੍ਰਿੰਸੀਪਲ ਸ. ਗੁਰਮੇਲ ਸਿੰਘ ਸਿੱਧੂ ਨੇ ਖਿਡਾਰੀਆਂ ਨੂੰ ਸਕੂਲ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਉਹਨਾ ਖਿਡਾਰੀਆਂ ਦੀ ਇਸ ਪ੍ਰਾਪਤੀ ‘ਤੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ । ਇਸ ਮੌਕੇ ਲੈਕਚਰਾਰ ਗੁਰਪ੍ਰੀਤ ਸਿੰਘ, ਗੁਰਿੰਦਰ ਸਿੰਘ ਬਰਾੜ ਡੀ. ਪੀ. ਈ., ਰਾਮ ਸਿੰਘ ਐਸ ਐਸ ਮਾਸਟਰ, ਵਿਨੋਦ ਕੁਮਾਰ ਅੰਗਰੇਜ਼ੀ ਮਾਸਟਰ, ਹਰਜਿੰਦਰਪਾਲ ਕੌਰ ਪੀਟੀਆਈ, ਲੈਕਚਰਾਰ ਗੀਤਇੰਦਰ ਪਾਲ, ਲੈਕਚਰਾਰ ਸਤਿੰਦਰ ਕੌਰ, ਲੈਕਚਰਾਰ ਸੁਖਜੀਤ ਕੌਰ, ਲੈਕਚਰਾਰ ਨਵੀਂਨ ਚੋਪੜਾ, ਲੈਕਚਰਾਰ ਮੀਨੂ ਹਾਜਰ ਸਨ।
ਸਪੋਰਟਕਿਗ ਫੈਕਟਰੀ ਨੇ ਜਡਾਵਾਲਾ ਦੇ ਦੋ ਪ੍ਰਾਇਮਰੀ ਸਕੂਲ ਦੇ 300 ਬਚਿਆਂ ਨੂੰ ਗਰਮ ਕੋਟੀਆਂ ਵੰਡੀਆਂ
ਸੁਖਜਿੰਦਰ ਮਾਨ
ਬਠਿੰਡਾ, 30 ਨਵੰਬਰ: ਸਪੋਰਟਕਿਗ ਫੈਕਟਰੀ ਵਲੋਂ ਭਾਰਤ ਵਿਕਾਸ ਪ੍ਰੀਸ਼ਦ ਰਾਹੀਂ ਸਰਕਾਰੀ ਪ੍ਰਾਇਮਰੀ ਸਕੂਲ ਦੇ 170 ਅਤੇ ਸਰਕਾਰੀ ਪ੍ਰਾਇਮਰੀ ਸਕੂਲ ( ਬ੍ਰਾਚ) ਦੇ 130 ਵਿਦਿਆਰਥੀਆਂ ਨੂੰ ਗਰਮ ਕੋਟੀਆ ਦਿੱਤੀਆਂ ਗਈਆਂ । ਫੈਕਟਰੀ ਦੇ ਪ੍ਰਬੰਧਕ ਰਜਿੰਦਰ ਪਾਲ ਅਤੇ ਪਿਊਸ਼ ਬਾਸਲ ਨੇ ਜਾਣਕਾਰੀ ਦਿਦਿਆ ਦਸਿਆ ਕਿ ਫ਼ੈਕਟਰੀ ਦੀ ਮੈਨੇਜਮੈਟ ਵਲੋਂ ਭਾਰਤ ਵਿਕਾਸ ਪ੍ਰੀਸ਼ਦ ਦੀ ਟੀਮ ਦੇ ਮੈਬਰ ਵੀ ਕੇ ਕਾਸਲ ਸਟੇਟ ਪ੍ਰਧਾਨ , ਦੇਵਕੀ ਨਦਨ ਗੋਇਲ ਜਿਲ੍ਹਾ ਪ੍ਰਧਾਨ, ਰਮੇਸ਼ ਵਧਵਾ ਖਜਾਨਚੀ , ਮੈਂਬਰ ਮਮਤਾ ਜੈਨ ,ਮੋਹਨ ਲਾਲ ਪਸ਼ੀਜਾ , ਰਮੇਸ਼ ਕੁਮਾਰ ਗਰਗ ਅਤੇ ਪਰੇਮ ਕੁਮਾਰ ਮਹਿਤਾ ਦੀ ਟੀਮ ਦੇ ਸਹਿਯੋਗ ਨਾਲ਼ ਸਕੂਲਾਂ ਅਤੇ ਸਲਮ ਬਸਤੀਆਂ ਵਿਚ ਲੋੜਵਦ ਬਚਿਆ ਨੂੰ ਗਰਮ ਕੋਟੀਆ ਵਡੀਆਂ ਜਾ ਰਹੀਆਂ ਹਨ । ਸਰਕਾਰੀ ਸੀਨੀਅਰ ਸਕੈਡਰੀ ਸਕੂਲ ਦੀ ਪ੍ਰਿੰਸੀਪਲ ਰਜਿੰਦਰ ਕੌਰ , ਪ੍ਰਾਇਮਰੀ ਸਕੂਲ ਦੀ ਹੈਡ ਟੀਚਰ ਰੀਨਾ ਰਾਣੀ ਨੇ ਜਾਣਕਾਰੀ ਦਿਦਿਆ ਦਸਿਆ ਕਿ ਫੈਕਟਰੀ ਵਲੋਂ ਪਹਿਲਾਂ ਵੀ ਦੋਵੇਂ ਸਕੂਲਾਂ ਨੂੰ ਬੈਂਚ , ਕੁਰਸੀਆ , ਅਲਮਾਰੀਆ , ਲੈਕਚਰ ਸਟੈਂਡ , ਆਰ ਓ ਅਤੇ ਬਾਥਰੂਮ ਬਣਾ ਕੇ ਦਿੱਤੇ ਗਏ ਹਨ । ਵਰਣਨਯੋਗ ਹੈ ਕਿ ਪਿਛਲੇ ਦਿਨੀਂ ਤਰਕਸ਼ੀਲ ਸੋਸਾਇਟੀ ਦੇ ਸਾਬਕਾ ਆਗੂ ਉਤਮ ਸਿੰਘ ਨੇ ਪ੍ਰਾਇਮਰੀ ਸਕੂਲ ਇਕ ਪ੍ਰਿਟਰ ਵੀ ਦਿਤਾ । ਅਧਿਆਪਕ ਆਗੂ ਰੇਸ਼ਮ ਸਿੰਘ ਨੇ ਕਿਹਾ ਕਿ ਸਕੂਲਾਂ ਦੀ ਬੇਹਤਰੀ ਵਾਸਤੇ ਅਧਿਆਪਕ ਆਪਣੇ ਪਧਰ ਤੇ ਬੇਹੱਦ ਕੋਸ਼ਿਸ਼ਾਂ ਕਰ ਰਹੇ ਹਨ ਸਰਕਾਰਾਂ ਵੀ ਸਕੂਲਾਂ ਵਿਚ ਵਡੀ ਪਧਰ ਤੇ ਪੈਸਾ ਨਿਵੇਸ਼ ਕਰਨ ਤਾਂ ਜੋ ਸਰਕਾਰੀ ਸਕੂਲ ਵਿਚ ਬੁਨਿਆਦੀ ਸਹੂਲਤਾਂ ਦੀ ਘਾਟ ਪੂਰੀ ਹੋ ਸਕੇ । ਸਕੂਲ ਦੀ ਪ੍ਰਿੰਸੀਪਲ ਰਜਿੰਦਰ ਕੌਰ , ਪ੍ਰਾਇਮਰੀ ਸਕੂਲ ਦੀ ਹੈਡ ਟੀਚਰ ਰੀਨਾ ਰਾਣੀ , ਬ੍ਰਾਚ ਸਕੂਲ ਦੇ ਹੈਡ ਟੀਚਰ ਬੇਅੰਤ ਸਿੰਘ ਅਤੇ ਪਿੰਡ ਦੇ ਸਰਪੰਚ ਜਗਸੀਰ ਸਿੰਘ ਨੇ ਫੈਕਟਰੀ ਕਰਮਚਾਰੀਆਂ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਬਰਾਂ ਦਾ ਧਨਵਾਦ ਕੀਤਾ । ਇਸ ਸਮੇ ਅਧਿਆਪਕਾ ਰਜਨੀ ਗਰਗ , ਰੀਟਾ ਰਾਣੀ , ਜਸਵੀਰ ਕੌਰ , ਅਮਨਦੀਪ ਕੌਰ ਅਤੇ ਅਧਿਆਪਕ ਅਨਮੋਲ ਸਿੰਘ ਹਾਜ਼ਰ ਸਨ ।
ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ 30 ਦਸੰਬਰ ਤੋਂ ਚੰਡੀਗੜ੍ਹ ਵਿਖੇ ਲਗਾਉਣਗੀਆਂ ਪੱਕਾ ਮੋਰਚਾ
ਸੁਖਜਿੰਦਰ ਮਾਨ
ਬਠਿੰਡਾ, 30 ਨਵੰਬਰ :ਪੰਜਾਬ ਦੇ ਦਰਿਆਈ ਪਾਣੀਆਂ ਦੇ ਝਗੜੇ, ਰਾਜਾਂ ਦੇ ਸੰਘੀ ਢਾਂਚੇ ਨੂੰ ਬਚਾਉਣ ਅਤੇ ਪੰਜਾਬ ਦੇ ਵਾਤਾਵਰਨ ਦੇ ਪ੍ਰਦੂਸ਼ਣ ਦੇ ਮੁੱਦੇ ਤੇ 30 ਦਸੰਬਰ ਤੋਂ ਚੰਡੀਗੜ੍ਹ ਵਿਖੇ ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਵੱਲੋਂ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ। ਇਸ ਸਬੰਧੀ ਟੀਚਰਜ਼ ਹੋਮ ਬਠਿੰਡਾ ਵਿਖੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ ਸੈਮੀਨਾਰ ਵਿੱਚ ਇਕੱਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਾਹਨ ਸਿੰਘ ਪੰਨੂੰ ਰਿਟਾਇਰਡ ਆਈ ਏ ਐਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੈਂਟਰਲ ਗਰਾਊਂਡ ਵਾਟਰ ਕਮਿਸ਼ਨ 2017 ਦੀ ਰਿਪੋਰਟ ਅਨੁਸਾਰ ਪੰਜਾਬ ਦੀ ਧਰਤੀ ਹੇਠ 320 ਅਰਬ ਘਣ ਮੀਟਰ ਪਾਣੀ ਬਚਿਆ ਹੈ ਜੋ ਕਿ ਸਿਰਫ 22 ਸਾਲ ਚੱਲ ਸਕਦਾ ਹੈ। ਜੇਕਰ ਪਾਣੀ ਨਹੀਂ ਬਚੇਗਾ ਤਾਂ ਪੰਜਾਬ ਵੀ ਨਹੀਂ ਰਹੇਗਾ ਤੇ ਫਿਰ ਪੰਜਾਬੀ ਸੱਭਿਆਚਾਰ ਵੀ ਨਹੀਂ ਬਚੇਗਾ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਸਭ ਤੋਂ ਪਹਿਲਾ ਸਵਾਲ ਪਾਣੀਆਂ ਦੀ ਮਾਲਕੀ ਤਹਿ ਕਰਨ ਦਾ ਹੈ ਅਤੇ ਕਾਨੂੰਨ ਅਨੁਸਾਰ ਪਾਣੀ ਦਾ ਅਸਲ ਮਾਲਕ ਪੰਜਾਬ ਹੀ ਹੈ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਰਾਜਸਥਾਨ ਨੂੰ ਪਾਣੀ ਜੇਕਰ ਮੁਫਤ ਵਿਚ ਨਾ ਦਿੱਤਾ ਜਾਂਦਾ ਤਾਂ ਪੰਜਾਬ ਦਾ ਸਾਰਾ ਕਰਜਾ ਮਾਫ਼ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਕਨੂੰਨ ਦੀ ਰੂਹ ਮੁਤਾਬਕ ਪੰਜਾਬ ਤੋਂ ਬਿਨਾਂ ਹੋਰ ਕੋਈ ਵੀ ਸੂਬਾ ਪਾਣੀਆਂ ਦਾ ਮਾਲਕ ਨਹੀਂ ਬਣਦਾ। ਇਸ ਤੋਂ ਇਲਾਵਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਪੰਨੂ, ਅਤੇ ਭਾਰਤੀ ਕਿਸਾਨ ਯੂਨੀਅਨ,ਮਾਨਸਾ ਦੇ ਪ੍ਰਧਾਨ ਬੋਘ ਸਿੰਘ ਮਾਨਸਾ ਨੇ ਵੀ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ। ਸੈਮੀਨਾਰ ਵਿੱਚ ਪੰਜ ਕਿਸਾਨ ਜਥੇਬੰਦੀਆਂ ਦੇ ਫਿਰੋਜ਼ਪੁਰ, ਫਾਜ਼ਿਲਕਾ,ਸ੍ਰੀ ਮੁਕਤਸਰ ਸਾਹਿਬ, ਬਰਨਾਲਾ,ਮਾਨਸਾ ਬਠਿੰਡਾ ਤੇ ਫਰੀਦਕੋਟ ਦੇ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ।

ਸੁਖਬੀਰ ਬਾਦਲ ਵਲੋਂ ਅਕਾਲੀ ਦਲ ਦੇ ਐਲਾਨੇ ਢਾਂਚੇ ’ਚ ਜਗਮੀਤ ਬਰਾੜ ਤੇ ਮਨਪ੍ਰੀਤ ਇਆਲੀ ਗਾਇਬ!
ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਸਰਪ੍ਰਸਤ ਤੇ ਰਣਜੀਤ ਸਿੰਘ ਬ੍ਰਹਮਪੁਰਾ ਹੋਣਗੇ ਸਰਪ੍ਰਸਤ
ਅੱਠ ਮੈਂਬਰੀ ਅਡਵਾਈਜ਼ਰੀ ਬੋਰਡ ਦਾ ਐਲਾਨ, 24 ਮੈਂਬਰੀ ਕੋਰ ਕਮੇਟੀ ਬਣਾਈ
ਨਰੇਸ਼ ਗੁਜਰਾਲ ਤੇ ਪਰਮਜੀਤ ਸਿੰਘ ਸਰਨਾ ਨੂੰ ਬਣਾਇਆ ਸਪੈਸ਼ਲ ਇਨਵਾਇਟੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 30 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਜ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਢਾਂਚੇ ਦਾ ਐਲਾਨ ਕਰ ਦਿੱਤਾ ਗਿਆ। ਨਵੇਂ ਬਣਾਏ ਢਾਂਚੇ ਵਿਚ ਸੁਖਬੀਰ ਬਾਦਲ ਵਿਰੁਧ ਮੋਰਚਾ ਖੋਲਣ ਵਾਲੇ ਸਾਬਕਾ ਐਮ.ਪੀ ਜਗਮੀਤ ਸਿੰਘ ਬਰਾੜ ਨੂੰ ਥਾਂ ਨਹੀਂ ਦਿੱਤੀ ਗਈ ਤੇ ਨਾਂ ਹੀ ਪਾਰਟੀ ਹੁਕਮਾਂ ਦੇ ਉਲਟ ਭਾਜਪਾ ਦੀ ਰਾਸਟਰਪਤੀ ਅਹੁੱਦੇ ਲਈ ਉਮੀਦਵਾਰ ਰਹੀ ਸ਼੍ਰੀਮਤੀ ਦੁਰਮੂ ਮੋਰਮੂ ਨੂੰ ਵੋਟ ਨਾ ਪਾਉਣ ਵਾਲੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਨਾਮ ਕਿਤੇ ਸ਼ਾਮਲ ਕੀਤਾ ਗਿਆ ਹੈ। ਉਂਜ ਪਾਰਟੀ ਦੇ ਮੌਜੂਦਾ ਸਮੇਂ ਤਿੰਨ ਵਿਧਾਇਕ ਹਨ, ਜਿੰਨ੍ਹਾਂ ਵਿਚੋਂ ਸੁਖਵਿੰਦਰ ਸਿੰਘ ਸੁੱਖੀ ਨੂੰ ਕੋਰ ਕਮੇਟੀ ਮੈਂਬਰ ਤੇ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਮਜੀਠਿਆ ਦੇ ਪਤੀ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਨੂੰ ਵੀ ਇਸੇ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ। ਪਾਰਟੀ ਪ੍ਰਧਾਨ ਵਲੋਂ ਐਲਾਨੇ ਢਾਂਚੇ ਵਿਚ ਫ਼ਰਵਰੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਮਿਲੀ ਕਰਾਰੀ ਹਾਰ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਧਰਾਤਲ ਪੱਧਰ ’ਤੇ ਸੁਰਜੀਤ ਕਰਨ ਲਈ ਬਣਾਈ ਝੁੂੰਦਾ ਕਮੇਟੀ ਦੇ ਇਕਬਾਲ ਸਿੰਘ ਝੂੰਦਾ ਨੂੰ ਵੀ ਕੋਰ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ।
ਐਲਾਨੇ ਢਾਂਚੇ ਮੁਤਾਬਕ ਮੁੜ ਪ੍ਰਕਾਸ਼ ਸਿੰਘ ਬਾਦਲ ਨੂੰ ਪਾਰਟੀ ਦਾ ਮੁੱਖ ਸਰਪ੍ਰਸਤ ਬਣਾਇਆ ਗਿਆ ਹੈ। ਜਦੋਂਕਿ ਬਾਦਲਾਂ ਨਾਲੋਂ ਅਲੱਗ ਹੋ ਕੇ ਮੁੜ ਘਰ ਵਾਪਸੀ ਕਰਨ ਵਾਲੇ ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਸਰਪ੍ਰਸਤ ਬਣਾਉਣ ਤੋਂ ਇਲਾਵਾ ਅੱਠ ਮੈਂਬਰੀ ਸਲਾਹਕਾਰ ਬੋਰਡ ਬਣਾਇਆ ਗਿਆ ਹੈ। ਜਿਸ ਵਿਚ ਚਰਨਜੀਤ ਸਿੰਘ ਅਟਵਾਲ, ਕ੍ਰਿਪਾਲ ਸਿੰਘ ਬੰਡੂਗਰ, ਬੀਬੀ ਉਪਿੰਦਰਜੀਤ ਕੌਰ, ਬਲਦੇਵ ਸਿੰਘ ਮਾਨ, ਪ੍ਰਕਾਸ਼ ਚੰਦ ਗਰਗ, ਵੀਰ ਸਿੰਘ ਲੋਪੋਕੇ, ਵਰਿੰਦਰ ਸਿੰਘ ਬਾਜਵਾ ਤੇ ਜਰਨੈਲ ਸਿੰਘ ਵਾਹਦ ਨੂੰ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ 24 ਮੈਂਬਰੀ ਕੋਰ ਕਮੇਟੀ ਵਿਚ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੇਮ ਸਿੰਘ ਚੰਦੂਮਾਜ਼ਰਾ, ਗੁਲਜਾਰ ਸਿੰਘ ਰਣੀਕੇ, ਸਿਕੰਦਰ ਸਿੰਘ ਮਲੂਕਾ, ਅਨਿਲ ਜੋਸ਼ੀ, ਜਨਮੇਜ਼ਾ ਸਿੰਘ ਸੇਖੋ, ਦਲਜੀਤ ਸਿੰਘ ਚੀਮਾ, ਸਰਨਜੀਤ ਸਿੰਘ ਢਿੱਲੋਂ, ਬਿਕਰਮ ਸਿੰਘ ਮਜੀਠਿਆ, ਸੁਰਜੀਤ ਸਿੰਘ ਰੱਖੜਾ, ਹੀਰਾ ਸਿੰਘ ਗਾਬੜੀਆ, ਐਨ.ਕੇ.ਸ਼ਰਮਾ, ਇਕਬਾਲ ਸਿੰਘ ਝੂੰਦਾ, ਡਾ ਸੁਖਵਿੰਦਰ ਸਿੰਘ ਸੁੱਖੀ, ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਕੁਮਾਰ ਟੀਨੂੰ, ਵਿਰਸਾ ਸਿੰਘ ਵਲਟੋਹਾ, ਗੁਰਬਚਨ ਸਿੰਘ ਬੱਬੇਹਾਲੀ, ਲਖਵੀਰ ਸਿੰਘ ਲੋਧੀਨੰਗਲ ਅਤੇ ਸ਼੍ਰੀਮਤੀ ਸੁਨੀਤਾ ਚੌਧਰੀ ਦੇ ਨਾਮ ਸ਼ਾਮਲ ਹੈ। ਇਸਤੋਂ ਇਲਾਵਾ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸ਼ਰਨਾ ਤੇ ਸਾਬਕਾ ਐਮ.ਪੀ ਨਰੇਸ਼ ਗੁਜਰਾਲ ਨੂੰ ਸਪੈਸ਼ਲ ਇਨਵਾਈਟੀ ਬਣਾਇਆ ਗਿਆ ਹੈ।







