Monday, May 18, 2026
Home Blog Page 2307

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 3 ਅਤੇ 4 ਨੂੰ ਵਿਧਾਇਕਾਂ ਰਾਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਣਗੀਆਂ ਮੰਗ ਪੱਤਰ

0

ਸੁਖਜਿੰਦਰ ਮਾਨ
ਬਠਿੰਡਾ, 30 ਨਵੰਬਰ:ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸੂਬਾ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਪੰਜਾਬ ਸਰਕਾਰ ਕੋਲੋਂ ਮਨਵਾਉਣ ਲਈ ਅਤੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 3 ਅਤੇ 4 ਦਸੰਬਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਮਿਲਣਗੀਆਂ ਤੇ ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਮ ਮੰਗ ਪੱਤਰ ਦੇਣਗੀਆਂ । ਉਪਰੋਕਤ ਜਾਣਕਾਰੀ ਯੂਨੀਅਨ ਦੀ ਜ਼ਿਲਾ ਪ੍ਰਧਾਨ ਗੁਰਮੀਤ ਕੌਰ ਨੇ ਦਿੱਤੀ । ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਜਥੇਬੰਦੀ ਦੇ ਆਗੂਆਂ ਨੂੰ ਮੀਟਿੰਗ ਦਾ ਸਮਾਂ ਦੇਣ । ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਤੇ ਗੌਰ ਨਾ ਕੀਤੀ ਗਈ ਤਾਂ ਸੰਘਰਸ਼ ਵੱਡੇ ਪੱਧਰ ਤੇ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਦਿੱਤਾ ਜਾਵੇ , ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ , ਆਂਗਣਵਾੜੀ ਸੈਂਟਰਾਂ ਦੇ ਖੋਹੇ ਹੋਏ ਬੱਚੇ ਵਾਪਸ ਕੀਤੇ ਜਾਣ ਤੇ ਬਾਕੀ ਮੰਗਾਂ ਮੰਨੀਆਂ ਜਾਣ।

ਮੈਟੀਟੋਰੀਅਸ ਸਕੂਲ ਬਠਿੰਡਾ ਵਿਖੇ ਬਾਇਓਲੋਜੀ ਵਰਕਸ਼ਾਪ ਦਾ ਅਗਾਜ਼

0

ਸੁਖਜਿੰਦਰ ਮਾਨ
ਬਠਿੰਡਾ, 30 ਨਵੰਬਰ:ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਾਇੰਸ ਗਰੁੱਪ ਦੇ ਲੈਕਚਰਾਰਜ ਦੀਆਂ ਪ੍ਰੈਕਟੀਕਲ ਐਕਟੀਵਿਟੀ ਕਰਵਾਉਣ ਲਈ ਬਾਇਓਲੋਜੀ ਦੇ ਲੈਕਚਰਾਰ ਦੀ ਦੋ ਰੋਜ਼ਾ ਵਰਕਸ਼ਾਪ ਟਰੇਨਿੰਗ ਦਾ ਆਯੋਜਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੀ ਅਗਵਾਈ ਵਿੱਚ ਮੈਟੀਟੋਰੀਅਸ ਸਕੂਲ ਬਠਿੰਡਾ ਵਿਖੇ ਕੀਤਾ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਕਬਾਲ ਸਿੰਘ ਬੁੱਟਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਦੋ ਰੋਜ਼ਾ ਵਰਕਸ਼ਾਪ ਵਿੱਚ ਬਠਿੰਡੇ ਜਿਲ੍ਹੇ ਦੇ 30 ਦੇ ਲਗਭਗ ਲੈਕਚਰਾਰ ਭਾਗ ਲੈ ਰਹੇ ਹਨ। ਟ੍ਰੇਨਿੰਗ ਕੈਂਪ ਵਿੱਚ ਅਧਿਆਪਕ ਆਪਣੇ ਵਲੋਂ ਤਿਆਰ ਕੀਤੇ ਮਾਡਲਾਂ ਦਾ ਪ੍ਰਦਰਸ਼ਨ ਕਰਨਗੇ। ਇਸ ਮੋਕੇ ਹੋਰਨਾਂ ਤੋਂ ਇਲਾਵਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸਿੱਖਿਆ ਮਹਿੰਦਰਪਾਲ ਸਿੰਘ, ਰਿਸੋਰਸ ਪਰਸਨ ਪ੍ਰਿੰਸੀਪਲ ਮਨਿੰਦਰ ਕੌਰ ਬਾਲਿਆਂਵਾਲੀ, ਸੰਜੀਵ ਨਾਗਪਾਲ ਅਤੇ ਮੈਡਮ ਸੰਗੀਤਾ ਹਾਜ਼ਰ ਸਨ।

ਪਨਬੱਸ/ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਗੇਟ ਰੈਲੀਆਂ ਕਰਕੇ ਸਰਕਾਰ ਵਿਰੁਧ ਕੱਢੀ ਭੜਾਸ

0

ਮੰਗਾਂ ਦਾ 7 ਦਿਨਾਂ ਵਿੱਚ ਹੱਲ ਕਰਨ ਤੋਂ ਭੱਜੀ ਸਰਕਾਰ ਦੇ ਰਵੱਈਏ ਕਾਰਨ ਮੁਲਾਜਮ ਹੜਤਾਲ ਕਰਨ ਲਈ ਮਜਬੂਰ:ਕਮਲ ਕੁਮਾਰ/ਗੁਰਪ੍ਰੀਤ ਸਿੰਘ ਢਿੱਲੋਂ/ਕੁਲਵੰਤ ਸਿੰਘ ਮਨੇਸ
ਪ੍ਰਮੁੱਖ ਸਕੱਤਰ ਦੇ ਹੁਕਮਾਂ ਦੀ ਨਹੀਂ ਕਰਦੇ ਟਰਾਂਸਪੋਰਟ ਅਧਿਕਾਰੀਆਂ ਪ੍ਰਵਾਹ ਯੂਨੀਅਨ ਸੰਘਰਸ਼ ਲਈ ਮਜਬੂਰ-ਜਗਸੀਰ ਸਿੰਘ ਮਾਣਕ/ਸੰਦੀਪ ਸਿੰਘ ਗਰੇਵਾਲ/ਸਰਬਜੀਤ ਸਿੰਘ ਭੁੱਲਰ
ਪੰਜਾਬੀ ਖ਼ਬਰਸਾਰ ਬਿਉਰੋ
ਸ਼੍ਰੀ ਮੁਕਤਸਰ ਸਾਹਿਬ/ਬਠਿੰਡਾ, 30 ਨਵੰਬਰ: ਸਰਕਾਰ ਦੇ ਕਥਿਤ ਮੁਲਾਜਮ ਵਿਰੋਧੀ ਰਵੱਈਏ ਦੇ ਚੱਲਦਿਆਂ ਅੱਜ ਪੰਜਾਬ ਰੋਡਵੇਜ਼/ਪੱਨਬਸ/ਪੀ, ਆਰ, ਟੀ, ਸੀ, ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵਲੋਂ ਸੂਬੇ ਦੇ 27 ਡਿੱਪੂਆਂ ਦੇ ਗੇਟਾਂ ’ਤੇ ਗੇਟ ਰੈਲੀਆਂ ਕਰਕੇ ਸਰਕਾਰ ਉਨ੍ਹਾਂ ਦੀਆਂ ਬਕਾਇਆ ਮੰਗਾਂ ਮੰਨਣ ਲਈ ਕਿਹਾ। ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਡਿਪੂ ਅਤੇ ਬਠਿੰਡਾ ਡਿਪੂ ਦੇ ਗੇਟ ਹੋਈ ਰੈਲੀ ਵਿਚ ਬੋਲਦਿਆਂ ਸੂਬਾ ਸਰਪ੍ਰਸਤ ਕਮਲ ਕੁਮਾਰ ਅਤੇ ਸੂਬਾ ਆਗੂ ਗੁਰਪ੍ਰੀਤ ਸਿੰਘ ਢਿੱਲੋਂ ,ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ ਨੇ ਦੱਸਿਆ ਕਿ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਪਿਛਲੇ ਲੰਮੇ ਸਮੇਂ ਤੋਂ ਲਮਕਦੀਆਂ ਆ ਰਹੀਆਂ ਹਨ ਪਰ ਸਰਕਾਰ ਅਤੇ ਅਧਿਕਾਰੀਆਂ ਵਲੋਂ ਇੰਨ੍ਹਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਪਨਬੱਸ ਅਤੇ ਪੀਆਰਟੀਸੀ ਦੇ ਕੰਟਰੈਕਟ ਅਤੇ ਆਊਟਸੋਰਸਿੰਗ ਕੱਚੇ ਮੁਲਾਜ਼ਮਾਂ ਦਾ ਫ਼ੀਸਦੀ ਕਮਿਸ਼ਨ ਦੇ ਰੂਪ ਵਿੱਚ ਸਲਾਨਾ 20-25 ਕਰੋੜ ਰੁਪਏ ਠੇਕੇਦਾਰਾਂ ਦੀ ਜੇਬ ਵਿਚ ਜਾ ਰਹੀ ਹੈ। ਇਸਦੇ ਇਲਾਵਾ ਮੁੱਖ ਮੰਤਰੀ ਦੇ ਬਿਆਨਾਂ ਦੇ ਉਲਟ ਪੀ ਆਰ ਟੀ ਸੀ ਵਿੱਚ ਅਤੇ ਹੁਣ ਪਨਬੱਸ ਵਿੱਚ ਆਊਟਸੋਰਸਿੰਗ ’ਤੇ ਨਜਾਇਜ਼ ਭਰਤੀ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਪੀ ਆਰ ਟੀ ਸੀ ਵਿੱਚ ਪ੍ਰਾਈਵੇਟ ਮਾਲਕਾਂ ਦੀਆਂ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਵਿਭਾਗ ਵਲੋਂ ਪਿਛਲੀ ਸਰਕਾਰ ਸਮੇਂ ਹੋਈਆਂ ਤਨਖਾਹ ਵਾਧਾ ਰਿਪੋਰਟਾਂ ਵਾਲੇ ਅਤੇ ਨਵੇਂ ਭਰਤੀ ਅਤੇ ਬਹਾਲ ਹੋ ਕੇ ਆਏ ਮੁਲਾਜ਼ਮਾਂ ਤੇ ਲਾਗੂ ਨਹੀਂ ਕੀਤਾ ਗਿਆ ਅਤੇ ਇਸ ਸਾਲ 1-10-22 ਤੋਂ 5% ਤਨਖ਼ਾਹ ਵਾਧਾ ਇੰਕਰੀਮੈਂਟ ਵੀ ਨਹੀਂ ਲਗਾਈ ਜਾ ਰਹੀ। ਅਫ਼ਸਰਸ਼ਾਹੀ ਅਤੇ ਸਰਕਾਰ ਯੂਨੀਅਨ ਦੇ ਨੁਮਾਇੰਦਿਆਂ ਅਤੇ ਵਰਕਰਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ । ਇਸ ਮੌਕੇ ਤਰਸੇਮ ਸਿੰਘ ਚੇਅਰਮੈਨ,ਗੁਰਸੇਵਕ ਸਿੰਘ ਜਨਰਲ ਸਕੱਤਰ , ਗੁਰਬਾਜ ਸਿੰਘ ਮੀਤ ਪ੍ਰਧਾਨ , ਪ੍ਰਤਾਪ ਸਿੰਘ,ਗੁਰਪ੍ਰੀਤ ਕਮਾਲੂ ,ਗਗਨਦੀਪ ਖੋਖਰ ,ਬਲਕਾਰ ਸਿੰਘ ਨੇ ਕਿਹਾ ਕਿ ਵਧੀਕ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਸ਼੍ਰੀ ਹਿਮਾਂਸ਼ੂ ਜੈਨ ਨਾਲ 14 ਨਵੰਬਰ ਨੂੰ ਮੀਟਿੰਗ ਹੋਈ ਸੀ ਜਿਸ ਵਿੱਚ ਵਰਕਰਾਂ ਨਾਲ ਹੋਈਆਂ ਧੱਕੇਸ਼ਾਹੀਆ ਦਾ ਹੱਲ 7 ਦਿਨ ਅੰਦਰ ਅੰਦਰ ਕਰਨ ਦਾ ਲਿਖਤੀ ਭਰੋਸਾ ਦਿੱਤਾ ਗਿਆ ਸੀ ਅਤੇ ਨਾਲ ਹੀ ਰਹਿੰਦੀਆ ਮੰਗਾਂ ਸਬੰਧੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਅੱਜ 16 ਦਿਨ ਬੀਤ ਜਾਣ ਦੇ ਬਾਵਜੂਦ ਮਨੇਜਮੈਂਟ ਵੱਲੋਂ ਵਰਕਰਾਂ ਨਾਲ ਹੋਈਆਂ ਧੱਕੇਸ਼ਾਹੀਆ ਜਿਸ ਵਿੱਚ ਫਿਰੋਜ਼ਪੁਰ ਡਿਪੂ ਦੇ ਵਰਕਰਾਂ ਦੀਆਂ ਬਦਲੀਆਂ ਫਿਰੋਜ਼ਪੁਰ ਤੋਂ ਪੱਟੀ ਰੱਦ ਕਰਨ ਅਤੇ ਬਟਾਲੇ ਡਿਪੂ ਦੇ ਕੰਡਕਟਰ ਦੀ ਨਜਾਇਜ਼ ਰਿਪੋਰਟ ਦੀ ਇੰਕੁਆਰੀ 3 ਦਿਨ ਅੰਦਰ ਆਊਨ ਰੂਟ ਕਰਨਾ ਸੀ ਹੁਣ ਤੱਕ ਕੋਈ ਵੀ ਹੱਲ ਨਹੀਂ ਕੱਢਿਆ ਗਿਆ।

ਇੰਗਲੈਂਡ ’ਚ ਸਿੱਖਾਂ ਦੀ ਆਬਾਦੀ ਵਧੀ ਪਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਘਟੀ

ਦਸ ਸਾਲਾਂ ’ਚ ਪੰਜਾਬੀ ਇੰਗਲੈਂਡ ਦੀ ਦੂਜੀ ਤੋਂ ਤੀਜ਼ੀ ਵੱਧ ਬੋਲਣ ਵਾਲੀ ਭਾਸ਼ਾ ਬਣੀ
ਦੂਜੇ ਪਾਸੇ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਸਵਾ ਚਾਰ ਤੋਂ ਸਵਾ ਪੰਜ ਲੱਖ ਹੋਈ
20 ਸਾਲ ਪਹਿਲਾਂ ਅੰਗਰੇਜ਼ੀ ਤੋਂ ਬਾਅਦ ਪੰਜਾਬੀ ਸੀ ਇੰਗਲੈਂਡ ਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ
ਪੰਜਾਬੀ ਬੋਲਣ ਵਾਲੇ ਹਿੰਦੂ ਤੇ ਮੁਸਲਿਮ ਦੀ ਵੀ ਵੱਡੀ ਆਬਾਦੀ ਵਸਦੀ ਹੈ ਗੋਰਿਆ ਦੇ ਦੇਸ਼ ’ਚ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 30 ਨਵੰਬਰ: ਗੋਰਿਆ ਦੇ ਦੇਸ ਇੰਗਲੈਂਡ ’ਚ ਸਿੱਖਾਂ ਦੀ ਵਸੋਂ ਲਗਾਤਾਰ ਵਧ ਰਹੀ ਹੈ ਪ੍ਰੰਤੂ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਦਾ ਗ੍ਰਾਫ਼ ਡਿੱਗ ਰਿਹਾ ਹੈ। ਬੀਤੇ ਦਿਨੀਂ ਇੰਗਲੈਂਡ ਦੇ ਅੰਕੜਾ ਵਿਭਾਗ ਵਲੋਂ ਸਾਲ 2021 ਵਿਚ ਹੋਈ ਜਨਗਣਨਾ ਦੇ ਜਾਰੀ ਅੰਕੜਿਆਂ ਮੁਤਾਬਕ ਪੰਜਾਬੀ ਭਾਸ਼ਾ ਦਸ ਸਾਲਾਂ ਪਹਿਲਾਂ ਦੇ ਮੁਕਾਬਲੇ ਦੂਜੇ ਦਰਜ਼ੇ ਤੋਂ ਥੱਲੇ ਆ ਕੇ ਤੀਜ਼ੇ ’ਤੇ ਆ ਗਈ ਹੈ। ਅਜਿਹਾ ਨਹੀਂ ਹੈ ਕਿ ਇਸ ਦੇਸ ਵਿਚ ਇਕੱਲੇ ਸਿੱਖ ਹੀ ਪੰਜਾਬੀ ਭਾਸ਼ਾ ਬੋਲਦੇ ਹਨ, ਬਲਕਿ ਇੱਥੇ ਰਹਿਣ ਵਾਲੇ ਪੰਜਾਬੀ ਹਿੰਦੂਆਂ ਤੇ ਮੁਸਲਮਾਨਾਂ(ਚੜਦੇ ਤੇ ਲਹਿੰਦੇ ਪੰਜਾਬ ਨਾਲ ਸਬੰਧਤ) ਦੀ ਗਿਣਤੀ ਵੀ ਵੱਡੀ ਤਾਦਾਦ ਵਿਚ ਰਹਿੰਦੀ ਹੈ ਪ੍ਰੰਤੂ ਇੱਥੋਂ ਰਹਿਣ ਵਾਲੇ ਸਵਾ ਪੰਜ ਲੱਖ ਸਿੱਖਾਂ ਦੀ ਵਸੋਂ ਵਿਚੋਂ ਵੀ ਕਰੀਬ 2 ਲੱਖ 90 ਹਜ਼ਾਰ ਲੋਕਾਂ ਨੇ ਅਪਣੀ ਮਾਂ ਭਾਸ਼ਾ ਵਜੋਂ ਪੰਜਾਬੀ ਨੂੰ ਦਰਜ਼ਾ ਦਿੱਤਾ ਹੈ।
ਜਾਰੀ ਅੰਕੜਿਆਂ ਮੁਤਾਬਕ ਸਾਲ 2001 ਦੀ ਜਨਗਣਨਾ ਮੁਤਾਬਕ ਇੰਗਲੈਂਡ ਵਿਚ ਅੰਗਰੇਜ਼ੀ ਤੋਂ ਬਾਅਦ ਸਭ ਤੋਂ ਵੱਧ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਸੀ ਪ੍ਰੰਤੂ ਦਸ ਸਾਲ ਬਾਅਦ 2011 ਦੀ ਜਨਗਣਨਾ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਘਟ ਕੇ 2,73,231 ਰਹਿ ਗਈ ਤੇ ਇਸਦਾ ਦਰਜ਼ਾ ਵੀ ਦੂਜੇ ਦੀ ਥਾਂ ਤੀਜ਼ਾ ਹੋ ਗਿਆ। ਇਸੇ ਤਰ੍ਹਾਂ 2021 ਦੀ ਜਨਗਣਨਾ ਮੁਤਾਬਕ ਇੰਗਲੈਂਡ ਵਿਚ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਗਿਣਤੀ ਵਿਚ ਸਿਰਫ਼ 17 ਹਜ਼ਾਰ ਦਾ ਵਾਧਾ ਹੋ ਕੇ ਇਹ ਗਿਣਤੀ 2,90,514 ਹੋ ਗਈ ਹੈ। ਜੇਕਰ ਦੂਜੇ ਪਾਸੇ ਇਕੱਲੇ ਸਿੱਖਾਂ ਦੀ ਗੱਲ ਕੀਤੀ ਜਾਵੇ ਤਾਂ ਇੰਗਲੈਂਡ ਵਿਚ 2011 ਦੀ ਜਨਗਣਨਾ ਮੁਤਾਬਕ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ 4 ਲੱਖ 23 ਹਜ਼ਾਰ ਸੀ, ਜਿਹੜੀ 2021 ਵਿਚ ਵਧ ਕੇ 5 ਲੱਖ 24 ਹਜ਼ਾਰ ਹੋ ਗਈ। ਉਂਜ ਅੰਕੜਿਆਂ ਮੁਤਾਬਕ ਇੰਗਲੈਂਡ ਵਿਚ ਹਿੰਦੂਆਂ ਦੀ ਗਿਣਤੀ 8 ਲੱਖ 18 ਅਤੇ ਮੁਸਲਮਾਨਾਂ ਦੀ ਗਿਣਤੀ 39 ਲੱਖ ਤੱਕ ਪਹੁੰਚ ਗਈ ਹੈ, ਜਿੰਨ੍ਹਾਂ ਵਿਚੋਂ ਕਾਫ਼ੀ ਸਾਰੇ ਚੜਦੇ ਅਤੇ ਲਹਿੰਦੇ ਪੰਜਾਬ ਨਾਲ ਸਬੰਧਤ ਹਨ। ਇੰਨ੍ਹਾਂ ਵਿਚੋਂ ਕਰੀਬ ਪੰਜਵਾਂ ਹਿੱਸਾ ਆਬਾਦੀ ਅਪਣੇ ਘਰਾਂ ਵਿਚ ਅਕਸਰ ਹੀ ਪੰਜਾਬੀ ਬੋਲਦੇ ਦੱਸੇ ਜਾਂਦੇ ਹਨ ਪ੍ਰੰਤੂ ਇੰਨ੍ਹਾਂ ਦੋਨਾਂ ਭਾਈਚਾਰਿਆਂ ਦੇ ਨਾਲ-ਨਾਲ ਸਿੱਖਾਂ ਵਿਚ ਵੀ ਪੰਜਾਬੀ ਨੂੰ ਅਪਣੀ ਮਾਤ ਭਾਸ਼ਾ ਮੰਨਣ ਦਾ ਰਿਵਾਜ਼ ਘਟਦਾ ਜਾ ਰਿਹਾ ਹੈ।

ਬਹੁਤ ਸਾਰੇ ਪੰਜਾਬੀ ਅੰਗਰੇਜ਼ਾਂ ਦੇ ਰਾਜ਼ ਤੋਂ ਹੀ ਵਸੇ ਹਨ ਇੰਗਲੈਂਡ ਵਿਚ
ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਕੈਨੇਡਾ ਤੇ ਅਮਰੀਕਾ ਦੇ ਮੁਕਾਬਲੇ ਇੰਗਲੈਂਡ ਵਿਚ ਪੰਜਾਬੀਆਂ ਦੇ ਜਾਣ ਦੀ ਗਿਣਤੀ ਕਾਫ਼ੀ ਘੱਟ ਹੈ ਕਿਉਂਕਿ ਇੱਥੇ ਦੀ ਨਾਗਰਿਕਤਾ ਤੇ ਵਰਕ ਪਰਮਿਟ ਦੇ ਰੂਲ ਕਾਫ਼ੀ ਸਖ਼ਤ ਹੋਣ ਕਾਰਨ ਜਿਆਦਾਤਰ ਪੰਜਾਬੀ ਕੈਨੇਡਾ ਜਾਂ ਯੂਰਪੀ ਤੇ ਗਲਫ਼ ਦੇਸ਼ਾਂ ਵੱਲ ਜਾਣ ਨੂੰ ਤਰਜ਼ੀਹ ਦਿੰਦੇ ਹਨ। ਪ੍ਰੰਤੂ ਇੱਥੇ ਵਸਣ ਵਾਲੇ ਅਜਿਹੇ ਪੰਜਾਬੀਆਂ ਦੀ ਗਿਣਤੀ ਵੀ ਕਾਫ਼ੀ ਦੱਸੀ ਜਾ ਰਹੀਹੈ, ਜਿਹੜੇ ਅੰਗਰੇਜ਼ਾਂ ਦੇ ਰਾਜ਼ ਤੋਂ ਹੀ ਇੰਗਲੈਂਡ ਚਲੇ ਗਏ ਸਨ। ਬੇਸ਼ੱਕ ਗੋਰੇ ਉਨ੍ਹਾਂ ਨੂੰ ਅੰਗਰੇਜ਼ੀ ਫ਼ੌਜ ਵਿਚ ਭਰਤੀ ਕਰਕੇ ਲੈ ਕੇ ਗਏ ਸਨ ਜਾਂ ਫ਼ਿਰ ਮਜਦੂਰ ਦੇ ਤੌਰ ’ਤੇ, ਪ੍ਰੰਤੂ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜੀਆਂ ਵਿਚੋਂ ਕਾਫ਼ੀ ਸਾਰੇ ਹਾਲੇ ਤੱਕ ਅਪਣੇ ਪੰਜਾਬੀ ਸੱਭਿਆਚਾਰ ਨੂੰ ਬਚਾਅ ਕੇ ਰੱਖਣ ਦੀ ਕੋਸ਼ਿਸ਼ ਕਰਦੇ ਦੱਸੇ ਜਾ ਰਹੇ ਹਨ।

ਕੈਨੇਡਾ ਵਿਚ ਪੰਜਾਬੀ ਭਾਸ਼ਾ ਦੀ ਸਰਦਾਰੀ ਦਿਨੋਂ-ਦਿਨ ਵਧਣ ਲੱਗੀ
ਉਧਰ ਜੇਕਰ ਪੰਜਾਬੀਆਂ ਦੇ ਪ੍ਰਵਾਸ ਵਾਲੇ ਸਭ ਤੋਂ ਵੱਧ ਤਰਜੀਹੀ ਮੁਲਕ ਕੈਨੇਡਾ ਦੀ ਗਲ ਕੀਤੀ ਜਾਵੇ ਤਾਂ ਇੱਥੇ ਲਗਾਤਾਰ ਪੰਜਾਬੀਆਂ ਦੀ ਗਿਣਤੀ ਵਧ ਰਹੀ ਹੈ। ਇਸ ਦੇਸ ਵਿਚ ਵੀ 2021 ਵਿਚ ਹੋਈ ਜਨਗਣਨਾ ਵਿਚ ਪੰਜਾਬੀ ਕੈਨੇਡਾ ਵਿਚ ਬੋਲੀ ਜਾਣ ਵਾਲੀ ਤੀਜ਼ੀ ਸਭ ਤੋਂ ਵੱਡੀ ਬੋਲੀ ਕਰਾਰ ਦਿੱਤੀ ਗਈ ਸੀ। ਕੈਨੇਡਾ ਦੇ ਵੱਡੇ ਸ਼ਹਿਰ ਵੈਨਕੁਵਰ ਵਿਚ ਕਰੀਬ 19 ਫ਼ੀਸਦੀ ਅਤੇ ਟਰਾਂਟੋ ਵਿਚ 10 ਫ਼ੀਸਦੀ ਲੋਕਾਂ ਦੀ ਆਮ ਬੋਲ-ਚਾਲ ਭਾਸ਼ਾ ਪੰਜਾਬੀ ਹੀ ਹੈ। ਕੈਨੇਡਾ ਵਿਚ ਪਹਿਲੇ ਨੰਬਰ ’ਤੇ ਅੰਗਰੇਜ਼ੀ ਅਤੇ ਦੂਜੇ ਨੰਬਰ ਉਪਰ ਫਰਂੈਚ ਭਾਸ਼ਾ ਹੈ। ਵੱਡੀ ਗੱਲ ਇਹ ਵੀ ਹੈ ਕਿ ਇੱਥੇ 2016 ਵਿਚ ਹੋਈ ਜਨਗਣਨਾ ਦੇ ਮੁਕਾਬਲੇ 2021 ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵਿਚ ਸਾਰੀਆਂ ਭਾਸ਼ਾਵਾਂ ਦੇ ਮੁਕਾਬਲੇ ਰਿਕਾਰਡ ਤੋੜ 49 ਫ਼ੀਸਦੀ ਦਾ ਵਾਧਾ ਦਰਜ਼ ਕੀਤਾ ਗਿਆ ਸੀ।

ਬੇਲੋੜੀਂਦੇ ਕੇਸਾਂ ਨੂੰ ਜਾਵੇ ਘਟਾਇਆ : ਡਿਪਟੀ ਕਮਿਸ਼ਨਰ

0

ਕਿਹਾ ਜਵਾਬ ਦਾਅਵਾ ਪੇਸ਼ ਕਰਨ ਵਿੱਚ ਨਾ ਕੀਤੀ ਜਾਵੇ ਦੇਰੀ
ਜ਼ਿਲ੍ਹਾ ਪੱਧਰੀ ਕਮੇਟੀ ਦੀ ਹੋਈ ਬੈਠਕ
ਸੁਖਜਿੰਦਰ ਮਾਨ
ਬਠਿੰਡਾ, 30 ਨਵੰਬਰ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕਮੇਟੀ ਦੀ ਬੈਠਕ ਹੋਈ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਲਿਟੀਗੇਸ਼ਨ ਪਾਲਿਸੀ 2020 ਤਹਿਤ ਬੇਲੋੜੀਂਦੇ ਕੇਸਾਂ ਦੇ ਨਿਪਟਾਰੇ ਸਬੰਧੀ ਵਿਚਾਰ-ਚਰਚਾ ਕਰਦਿਆਂ ਅਜਿਹੇ ਕੇਸਾਂ ਨੂੰ ਆਪਣੇ ਪੱਧਰ ਤੇ ਨਿਪਟਾਉਣ ਤੇ ਘਟਾਉਣ ਸਬੰਧੀ ਦਿਸ਼ਾ ਨਿਰਦੇਸ਼ ਵੀ ਦਿੱਤੇ।ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਮਾਨਯੋਗ ਕੋਰਟ ਵੱਲੋਂ ਮਿਲਣ ਵਾਲੇ ਹੁਕਮਾਂ ਦਾ ਸਮੇਂ-ਸਿਰ ਜਵਾਬ ਦਾਅਵਾ ਪੇਸ਼ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੇ ਹਿੱਤਾਂ ਨੂੰ ਦੇਖਦੇ ਹੋਏ ਬੇਲੋੜੀਂਦੇ ਕੇਸਾਂ ਨੂੰ ਘਟਾਇਆ ਜਾਵੇ ਅਤੇ ਆਪਣੇ ਪੱਧਰ ਤੇ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਕਿ ਕੋਰਟ ਕੇਸਾਂ ਸਬੰਧੀ ਜਵਾਬ ਦਾਅਵਾ ਪੇਸ਼ ਕਰਨ ਵਿੱਚ ਕਿਸੇ ਵੀ ਤਰ੍ਹਾ ਦੀ ਦੇਰੀ ਅਤੇ ਅਣਗਹਿਲੀ ਨਾ ਵਰਤੀ ਜਾਵੇ। ਬੈਠਕ ਦੌਰਾਨ ਸਿੱਖਿਆ ਵਿਭਾਗ, ਪੁਲਿਸ ਵਿਭਾਗ, ਸਿਹਤ ਵਿਭਾਗ, ਕੋਪਰੇਟਿਵ ਬੈਂਕ, ਸਹਿਕਾਰੀ ਸਭਾਵਾਂ, ਭੂਮੀ ਰੱਖਿਆ, ਨਹਿਰੀ ਮੰਡਲ, ਖ਼ੁਰਾਕ ਤੇ ਸਪਲਾਈ ਵਿਭਾਗ, ਖੇਤੀਬਾੜੀ ਵਿਭਾਗ ਆਦਿ ਵਿਭਾਗਾਂ ਨਾਲ ਸਬੰਧਤ ਕੇਸਾਂ ਬਾਰੇ ਵਿਚਾਰ-ਚਰਚਾ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਜ਼ਿਲ੍ਹਾ ਅਟਾਰਨੀ ਸ੍ਰੀ ਸੁਖਪਾਲ ਸਿੰਘ ਗਿੱਲ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਬਲਕਰਨ ਸਿੰਘ ਮਾਹਲ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਮੇਵਾ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਸ਼ਿਵਪਾਲ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।

ਅੰਬੇਡਕਰ ਵੈੱਲਫੇਅਰ ਐਸੋਸੀਏਸ਼ਨ ਵਲੋਂ ਸੰਵਿਧਾਨ ਦਿਵਸ ਮੌਕੇ ਸੈਮੀਨਾਰ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 30 ਨਵੰਬਰ: ਡਾ.ਬੀ.ਆਰ.ਅੰਬੇਡਕਰ ਵੈੱਲਫੇਅਰ ਐਸੋਸੀਏਸ਼ਨ ਬਾਬਾ ਫ਼ਰੀਦ ਨਗਰ ਬਠਿੰਡਾ ਅਤੇ ਰਾਸ਼ਟਰੀ ਮੂਲ ਭਾਰਤੀ ਚਿੰਤਨ ਸੰਘ ਵੱਲੋਂ ਭਾਰਤੀਯ ਸੰਵਿਧਾਨ ਦੇ ਸੰਪੂਰਨਤਾ (26ਨਵੰਬਰ 1949) ਨੂੰ ਸਮਰਪਿਤ ਸੰਵਿਧਾਨ ਦਿਵਸ ਮੌਕੇ ਸਥਾਨਕ ਟੀਚਰਜ਼ ਹੋਮ ਵਿਖੇ ਸੈਮੀਨਾਰ ਕਰਵਾਇਆ ਗਿਆ। ਮੁੱਖ ਬੁਲਾਰੇ ਲਛਮਣ ਸਿੰਘ ਮਲੂਕਾ ਨੇ ਕਿਹਾ ਕਿ ਡਾ.ਅੰਬੇਡਕਰ ਦੇ ਚੇਅਰਮੈਨ ਹੁੰਦੇ 166ਮੀਟਿੰਗਾ ਵਿੱਚ ਹਰ ਇੱਕ ਧਾਰਾ ਤੇ ਡਿਵੇਟਾਂ ਹੋਈਆਂ। ਰਾਜਨੀਤਕ ਲੋਕਤੰਤਰ ਨੂੰ ਸਮਾਜਿਕ ਲੋਕਤੰਤਰ,ਜੀਵਨ ਜਾਂਚ,ਦੋ ਸੁਤੰਤਰਤਾ ਅਤੇ ਭਾਈਚਾਰੇ ਨੂੰ ਜ਼ਿੰਦਗੀ ਦੇ ਸਿਧਾਂਤ ਮੰਨਦੀ ਹੈ। 32 ਧਾਰਾ ਸੰਵਿਧਾਨ ਦਾ ਦਿਲ ਹੈ। ਜੁਗਿੰਦਰ ਸਿੰਘ ਨੇ ਕਿਹਾ ਸੰਵਿਧਾਨ ਚਾਹੇ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ ਦੇ ਇਸ ਨੂੰ ਲਾਗੂ ਕਰਨ ਵਾਲੇ ਮਾੜੇ ਹੋਣ ਤਾਂ ਇਹ ਮਾੜਾ ਸਾਬਤ ਹੋਵੇਗਾ। ਪ੍ਰੋ.ਅਰੁਣ ਕੁਮਾਰ ਰੋਸਟਰ ਨੇ 15,23,29ਧਾਰਾ ਅਤੇ ਹਾਈਕੋਰਟ ਦੇ ਜੱਜ ਸਾਹਿਬਾਨ ਦੀ ਦ੍ਰਿਸ਼ਟੀ ਕੋਣ ਬਾਰੇ ਜਾਣਕਾਰੀ ਦਿੱਤੀ।ਕੈਪਟਨ ਬਾਬੂ ਰਾਮ ਨੇ ਸੰਵਿਧਾਨ ਦੀ ਧਾਰਾ,ਐਸੀ,ਬੀ ਸੀ, ਇਤਿਹਾਸ ਸਬੰਧੀ ਜਾਣਕਾਰੀ ਦਿੱਤੀ। ਇਸ ਦੌਰਾਨ ਸੁਖਦੇਵ ਸਿੰਘ, ਰਜਿੰਦਰ ਸਿੰਘ ਐਡਵੋਕੇਟ ਨੇ ਸਮਾਜ ਸੁਧਾਰਕ ਵਿਸ਼ੇ ਤੇ ਵਿਚਾਰ ਕੀਤਾ। ਫਲੇਲ ਸਿੰਘ ਖਿਓਵਾਲੇ,ਰਾਮ ਸਿੰਘ ਮੀਤ ਪ੍ਰਧਾਨ ਨੇ ਸਾਰਿਆਂ ਜੀ ਆਇਆਂ ਨੂੰ ਕਿਹਾ ਅਤੇ ਬਲਵੀਰ ਸਿੰਘ ਮੰਡੀਕਲਾਂ ਨੇ ਧੰਨਵਾਦ ਕੀਤਾ। ਇਸਤੋਂ ਇਲਾਵਾ ਡਾ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਬਾਬਾ ਫ਼ਰੀਦ ਬਠਿੰਡਾ ਜਗਦੀਸ਼ ਕਾਲੜਾ ਨੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਕੁਲਵੰਤ ਸਿੰਘ,ਜਲੰਧਰ ਸਿੰਘ, ਹਰਦੇਵ ਸਿੰਘ, ਗੁਰਬਚਨ ਸਿੰਘ, ਕਾਕਾ ਸਿੰਘ, ਹੰਸਾਂ ਸਿੰਘ , ਸੁਰਿੰਦਰ ਕੌਰ, ਕਮਲਜੀਤ ਕੌਰ, ਪਰਮਜੀਤ ਕੌਰ, ਬਖ਼ਸ਼ੋ ਬਿਰਦੀ, ਬਿਮਲਾ ਦੇਵੀ,ਮਾਸਟਰ ਜਗਨ ਨਾਥ ਜ ਸਕੱਤਰ ਮੰਚ ਸੰਚਾਲਨ ਨੂੰ ਬਾਖੂਬੀ ਨਾਲ ਨਿਭਾਈ।

ਵਿਜੀਲੈਂਸ ਬਿਊਰੋ ਵੱਲੋਂ ਅਦਾਲਤ ਵਿੱਚ ਚਲਾਣ ਪੇਸ਼ ਕਰਨ ਲਈ 5,000 ਰੁਪਏ ਦੀ ਰਿਸ਼ਵਤ ਲੈਂਦਾ ਥਾਣੇਦਾਰ ਕਾਬੂ

0

ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 29 ਨਵੰਬਰ: ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਇੱਕ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਕੁਲਵਿੰਦਰ ਸਿੰਘ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰ. 6, ਲੁਧਿਆਣਾ ਸ਼ਹਿਰ ਵਿਖੇ ਤਾਇਨਾਤ ਮੁਲਜ਼ਮ ਏ.ਐਸ.ਆਈ. ਕੁਲਵਿੰਦਰ ਸਿੰਘ (ਨੰ. 2788/ਲੁਧਿਆਣਾ) ਨੂੰ ਗੁਰਪ੍ਰੀਤ ਸਿੰਘ ਵਾਸੀ ਸਤਜੋਤ ਨਗਰ, ਧਾਂਦਰਾ, ਜ਼ਿਲ੍ਹਾ ਲੁਧਿਆਣਾ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚਕੇ ਦੋਸ਼ ਲਾਇਆ ਹੈ ਕਿ ਉਕਤ ਪੁਲਿਸ ਮੁਲਾਜ਼ਮ ਉਸ ਦੀ ਭਾਣਜੀ ਵਿਰੁੱਧ ਦਰਜ ਪੁਲਿਸ ਕੇਸ ਸਬੰਧੀ ਅਦਾਲਤ ਵਿੱਚ ਚਲਾਣ ਪੇਸ਼ ਕਰਨ ਬਦਲੇ 5,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਪੁਲਿਸ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਉਕਤ ਏ.ਐਸ.ਆਈ. ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਥਾਣਾ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ਭਗਵੰਤ ਮਾਨ ਸਰਕਾਰ ਦਾ ਵੱਡਾ ਐਲਾਨ, ਹੁਣ ਪਿੰਡਾਂ ’ਚ ਮਗਨਰੇਗਾ ਸਕੀਮ ਤਹਿਤ ਮੁਫ਼ਤ ਲਗਾਏ ਜਾ ਸਕਣਗੇ ਬਾਇਓ ਗੈਸ ਪਲਾਂਟ

0

ਮੁੱਖ ਸਕੱਤਰ ਨੇ ਵਿੱਤ ਕਮਿਸ਼ਨਰ ਪੇਂਡੂ ਵਿਕਾਸ ਨਾਲ ਨਿਵੇਕਲੀ ਸਕੀਮ ਸ਼ੁਰੂ ਕਰਨ ਬਾਰੇ ਕੀਤੀ ਚਰਚਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 29 ਨਵੰਬਰ: ਪੰਜਾਬ ਸਰਕਾਰ ਨੇ ਅੱਜ ਇੱਕ ਵੱਡਾ ਐਲਾਨ ਕਰਦਿਆਂ ਸੂਬੇ ਦੇ ਪਿੰਡਾਂ ’ਚ ਵਸਣ ਵਾਲੇ ਲੋਕਾਂ ਲਈ ਲੱਕੜ ਦੇ ਬਾਲਣ ’ਤੇ ਨਿਰਭਰਤਾ ਘੱਟ ਕਰਨ ਅਤੇ ਉਨ੍ਹਾਂ ਦੇ ਰਸੋਈ ਦੇ ਗੈਸ ਖਰਚੇ ਘਟਾਉਣ ਲਈ ਮਨਰੇਗਾ ਸਕੀਮ ਤਹਿਤ ਮੁਫ਼ਤ ਬਾਇਓ ਗੈਸ ਪਲਾਂਟ ਲਗਾਉਣ ਦਾ ਫੈਸਲਾ ਲਿਆ ਹੈ। ਇਸ ਸਕੀਮ ਅਧੀਨ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਅਤੇ ਪਿੰਡ ਵਾਸੀਆਂ ਨੂੰ ਵਿਅਕਤੀਗਤ ਲਾਭ ਮੁਹੱਈਆ ਕਰਵਾਉਣ ਦੀਆਂ ਕੋਸ਼ਿਸ਼ਾਂ ਤਹਿਤ ਸੂਬਾ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਹੁਣ ਮਗਨਰੇਗਾ ਸਕੀਮ ਤਹਿਤ ਪਿੰਡ ਵਾਸੀ ਆਪਣੇ ਘਰਾਂ ਵਿੱਚ ਮੁਫਤ ਬਾਇਓ ਗੈਸ ਪਲਾਂਟ ਦਾ ਨਿਰਮਾਣ ਵੀ ਕਰਵਾ ਸਕਦੇ ਹਨ।ਇਸ ਨਿਵੇਕਲੇ ਉਪਰਾਲੇ ਸੰਬੰਧੀ ਅੱਜ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਵੱਲੋਂ ਵਿੱਤ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ ਕੇ ਸਿਵਾ ਪ੍ਰਸਾਦ ਨਾਲ ਮੀਟਿੰਗ ਕੀਤੀ ਜਿਸ ਵਿੱਚ ਇਹ ਗੱਲ ਉੱਤੇ ਵਿਚਾਰ ਚਰਚਾ ਹੋਈ ਕਿ ਮਗਨਰੇਗਾ ਲਾਭਪਾਤਰੀਆਂ ਨੂੰ ਜਿਥੇ ਇਸ ਸਕੀਮ ਤਹਿਤ ਬਾਇਓ ਗੈਸ ਪਲਾਂਟ ਦੇ ਨਿਰਮਾਣ ਲਈ ਦਿਹਾੜੀ ਦਿੱਤੀ ਜਾਵੇਗੀ ਉੱਥੇ ਹੀ ਬਾਇਓ ਗੈਸ ਪਲਾਂਟ ਦੇ ਨਿਰਮਾਣ ਲਈ ਰਾਸ਼ੀ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਸਕੀਮ ਨਾਲ ਜਾਬਧਾਰਕਾਂ ਨੂੰ ਆਪਣੇ ਘਰ ਵਿੱਚ ਦਿਹਾੜੀਆਂ ਦੀ ਰਾਸ਼ੀ ਸਮੇਤ ਕੁੱਲ 38500 ਰੁਪਏ ਦੀ ਲਾਗਤ ਨਾਲ 1 ਕਿਊਬਕ ਮੀਟਰ ਦਾ ਬਾਇਓ ਗੈਸ ਪਲਾਂਟ ਬਣਾਕੇ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਲਾਭਪਾਤਰੀ ਬਾਇਓ ਗੈਸ ਨੂੰ ਖਾਣਾ ਬਣਾਉਣ ਲਈ ਵਰਤ ਸਕੇਗਾ।
ਮੁੱਖ ਸਕੱਤਰ ਸ੍ਰੀ ਜੰਜੂਆ ਨੇ ਕਿਹਾ ਕਿ ਇਸ ਬਾਇਉ ਗੈਸ ਇੱਕ ਸਾਫ, ਪ੍ਰਦੂਸ਼ਨ ਰਹਿਤ ਅਤੇ ਸਸਤਾ ਬਾਲਣ ਹੈ। ਇਹ ਨਵਿਉਣਯੋਗ ਊਰਜਾ ਦਾ ਸੋਮਾ ਹੈ ਜੋ ਕਿ ਪਸ਼ੂਆਂ ਦੇ ਗੋਹੇ, ਫਸਲਾ ਦੇ ਰਹਿੰਦ ਖੂੰਹਦ, ਸਬਜ਼ੀਆਂ ਦੇ ਛਿਲੜ, ਵਾਧੂ ਬਣੀਆਂ/ਖਰਾਬ ਹੋਈਆਂ ਸਬਜ਼ੀਆਂ ‘ਤੇ ਕਿਸੇ ਵੀ ਤਰ੍ਹਾਂ ਦੇ ਮਲ ਮੂਤਰ ਤੋਂ ਤਿਆਰ ਹੋ ਜਾਂਦੀ ਹੈ ਜਿਸ ਨਾਲ ਮਗਨਰੇਗਾ ਲਾਭਪਾਤਰੀਆਂ ਨੂੰ ਬਿਨਾਂ ਕਿਸੇ ਖਰਚੇ ਦੇ ਮੁਫਤ ਵਿੱਚ ਰਸੋਈ ਲਈ ਖਾਣਾ ਬਣਾਉਣ ਲਈ ਬਾਇਓ ਗੈਸ ਮਿਲ ਸਕੇਗੀ ਜੋ ਕਿ ਪ੍ਰਦੂਸ਼ਣ ਰਹਿਤ ਵੀ ਹੁੰਦੀ ਹੈ, ਇਸਦੇ ਨਾਲ ਹੀ ਬਾਇਓ ਗੈਸ ਪਲਾਂਟ ਦੀ ਰਹਿੰਦ ਖੂੰਹਦ ਨੂੰ ਖੇਤੀ ਲਈ ਖਾਦ ਵਜੋਂ ਵੀ ਵਰਤਿਆ ਜਾ ਸਕਦਾ ਹੈ ਜਿਸ ਵਿੱਚ ਕਿ ਰੂੜੀ ਦੀ ਖਾਦ ਦੇ ਮੁਕਾਬਲੇ ਵਧੇਰੇ ਗੁਣ ਹੁੰਦੇ ਹਨ। ਬਾਇਓ ਗੈਸ ਤਕਨੀਕ ਆਮ ਵਰਤੋਂ ਵਿੱਚ ਆਉਣ ਵਾਲੇ ਬਾਲਣ ਜਿਵੇਂ ਕਿ ਲੱਕੜ, ਮਿਟੀ ਦਾ ਤੇਲ ਅਤੇ ਐਲ.ਪੀ.ਜੀ. ਗੈਸ ਦੇ ਖਰਚੇ ਨੂੰ ਬਚਾਉਂਦੀ ਹੈ, ਇਸਦੇ ਨਾਲ ਹੀ ਲੱਕੜ, ਮਿੱਟੀ ਦੇ ਤੇਲ ਤੋਂ ਪੈਦਾ ਹੋਣ ਵਾਲੀਆਂ ਨੁਕਾਸਦਾਇਕ ਗੈਸਾਂ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਤੋਂ ਵੀ ਇਸਦੀ ਵਰਤੋਂ ਨਾਲ ਛੁਟਕਾਰਾ ਮਿਲਦਾ ਹੈ।ਮੁੱਖ ਸਕੱਤਰ ਨੇ ਦੱਸਿਆ ਕਿ ਪੇਂਡੂ ਵਿਕਾਸ ਵਿਭਾਗ ਵੱਲੋਂ ਹਰ ਲੋੜਵੰਦ ਪਰਿਵਾਰ ਲਈ ਜਿਸਦਾ ਮਗਨੇਰਗਾ ਸਕੀਮ ਤਹਿਤ ਜੌਬ ਕਾਰਡ ਬਣਿਆ ਹੋਵੇ, ਨੂੰ ਸਕੀਮ ਤਹਿਤ ਰੋਜ਼ਗਾਰ ਦਿੰਦੇ ਹੋਏ ਬਾਇਓ ਗੈਸ ਪਲਾਂਟ ਦਾ ਨਿਰਮਾਣ ਮੁਫਤ ਕਰਵਾਕੇ ਦਿੱਤਾ ਜਾਵੇਗਾ। ਇਸ ਲਈ ਵਿਭਾਗ ਵੱਲੋਂ ਲੋਕਾਂ ਨੂੰ ਇਸ ਸਬੰਧੀ ਜਾਗਰੂਕਤਾ ਪ੍ਰਦਾਨ ਕਰਨ ਲਈ ਇੱਕ ਮੁਹਿੰਮ ਵੀ ਚਲਾਈ ਜਾਵੇਗੀ ਤਾਂ ਜੋ ਕਿ ਵੱਧ ਤੋਂ ਵੱਧ ਪੇਂਡੂ ਪਰਿਵਾਰ ਆਪਣੇ ਘਰਾਂ ਵਿੱਚ ਬਾਇਓ ਗੈਸ ਪਲਾਂਟ ਦਾ ਨਿਰਮਾਣ ਕਰਵਾ ਸਕਣ।

ਮਾਨ ਸਰਕਾਰ ਐਨ.ਆਰ.ਆਈ. ਪੰਜਾਬੀਆਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਵਚਨਵਧ: ਕੁਲਦੀਪ ਸਿੰਘ ਧਾਲੀਵਾਲ

0

ਜਲੰਧਰ, ਐਸ.ਏ.ਐਸ ਨਗਰ, ਲੁਧਿਆਣਾ, ਮੋਗਾ ਅਤੇ ਅੰਮ੍ਰਿਤਸਰ ਵਿਖੇ ਕ੍ਰਮਵਾਰ 16, 19, 23, 26 ਅਤੇ 30 ਦਸਬੰਰ ਨੂੰ ਹੋਵੇਗਾ ‘ਐਨ.ਆਰ.ਆਈ. ਪੰਜਾਬੀਆਂ ਨਾਲ ਮਿਲਣੀ’ ਪ੍ਰੋਗਰਾਮ
15 ਐਨ.ਆਰ.ਆਈ. ਪੁਲੀਸ ਥਾਣਿਆਂ ਨੂੰ ਕੀਤਾ ਜਾਵੇਗਾ ਅਪਗਰੇਡ, 30 ਲੱਖ ਰੁਪਏ ਛੇਤੀ ਹੀ ਜਾਰੀ ਹੋਣਗੇ
ਜ਼ਿਲ੍ਹਿਆਂ ‘ਚ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪੀ.ਸੀ.ਐਸ. ਲੈਵਲ ਦੇ ਅਧਿਕਾਰੀ ਨੋਡਲ ਅਫ਼ਸਰ ਵਜੋਂ ਤਾਇਨਾਤ ਹੋਣਗੇ
ਐਨ.ਆਰ.ਆਈ. ਪੰਜਾਬੀਆਂ ਨੂੰ ਪੰਜਾਬ ਵਿੱਚ ਖੇਤੀ ਜ਼ਮੀਨਾਂ ਖਰੀਦਣ ਦਾ ਅਧਿਕਾਰ ਦੇਣ ਲਈ ਕੇਂਦਰ ਕੋਲ ਮੁੱਦਾ ਚੁੱਕਿਆ ਜਾਵੇਗਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 29 ਨਵੰਬਰ: ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਅਤੇ ਸ਼ਿਕਾਇਤਾਂ ਨੂੰ ਛੇਤੀ ਅਤੇ ਤਸੱਲੀਬਖ਼ਸ਼ ਢੰਗ ਨਾਲ ਨਜਿੱਠਣ ਲਈ ‘ਐਨ.ਆਰ.ਆਈ. ਪੰਜਾਬੀਆਂ ਨਾਲ ਮਿਲਣੀ’ ਨਾਮਕ 5 ਪ੍ਰੋਗਰਾਮਾਂ ਦਾ ਆਯੋਜਨ ਕਰੇਗੀ।ਇਹ ਮਿਲਣੀ ਪ੍ਰੋਗਰਾਮ ਜਲੰਧਰ, ਐਸ.ਏ.ਐਸ ਨਗਰ (ਮੁਹਾਲੀ), ਲੁਧਿਆਣਾ, ਮੋਗਾ ਅਤੇ ਅੰਮ੍ਰਿਤਸਰ ਵਿਖੇ ਕ੍ਰਮਵਾਰ 16, 19, 23, 26 ਅਤੇ 30 ਦਸੰਬਰ ਨੂੰ ਕਰਵਾਏ ਜਾਣਗੇ।ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਨਾਲ ਸਬੰਧਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਥੇ ਐਨ.ਆਰ.ਆਈ. ਮਾਮਲੇ ਵਿਭਾਗ ਪੰਜਾਬ, ਐਨ.ਆਰ.ਆਈ. ਕਮਿਸ਼ਨ, ਐਨ.ਆਰ.ਆਈ. ਸਭਾ ਨਾਲ ਸਬੰਧਤ ਸੀਨੀਅਰ ਅਧਿਕਾਰੀਆਂ ਅਤੇ ਮੈਂਬਰਾਂ ਨਾਲ ਰੀਵਿਊ ਮੀਟਿੰਗ ਮਗਰੋਂ ਇਹ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ 16 ਦਸੰਬਰ ਨੂੰ ਜਲੰਧਰ ਵਿਖੇ ਹੋਣ ਵਾਲੀ ਮਿਲਣੀ ਵਿੱਚ ਜਲੰਧਰ, ਹੁਸ਼ਿਆਰਪੁਰ, ਐਸ.ਬੀ.ਐਸ. ਨਗਰ, ਕਪੂਰਥਲਾ ਆਦਿ ਜ਼ਿਲ੍ਹਿਆਂ ਨਾਲ ਸਬੰਧਤ ਪ੍ਰਵਾਸੀ ਪੰਜਾਬੀਆਂ ਦੇ ਮਸਲੇ ਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸੇ ਤਰ੍ਹਾਂ 19 ਦਸਬੰਰ ਨੂੰ ਐਸ.ਏ.ਐਸ ਨਗਰ ਵਿਖੇ ਐਸ.ਏ.ਐਸ ਨਗਰ, ਰੂਪਨਗਰ, ਫਤਿਹਗੜ੍ਹ ਸਾਹਿਬ ਤੇ ਪਟਿਆਲਾ, 23 ਦਸੰਬਰ ਨੂੰ ਲੁਧਿਆਣਾ ਵਿਖੇ ਲੁਧਿਆਣਾ, ਸੰਗਰੂਰ, ਬਰਨਾਲਾ ਤੇ ਮਲੇਰਕੋਟਲਾ ਵਿਖੇ ਮਿਲਣੀ ਪ੍ਰੋਗਰਾਮ ਹੋਵੇਗਾ। ਉਨ੍ਹਾਂ ਦੱਸਿਆ ਕਿ 26 ਦਸੰਬਰ ਨੂੰ ਮੋਗਾ ਵਿਖੇ ਮੋਗਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ ਤੇ ਮਾਨਸਾ ਜਦਕਿ 30 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨ ਤਾਰਨ ਜ਼ਿਲ੍ਹਿਆਂ ਨੂੰ ਕਵਰ ਕੀਤਾ ਜਾਵੇਗਾ। ਸ. ਧਾਲੀਵਾਲ ਨੇ ਦੱਸਿਆ ਕਿ 15 ਐਨ.ਆਰ.ਆਈ. ਪੁਲੀਸ ਥਾਣਿਆਂ ਵਿਖੇ ਬੁਨਿਆਦੀ ਸਹੂਲਤਾਂ ‘ਚ ਸੁਧਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰੇਕ ਐਨ.ਆਰ.ਆਈ. ਪੁਲੀਸ ਥਾਣੇ ਨੂੰ ਪ੍ਰਤੀ ਥਾਣਾ 2 ਲੱਖ ਰੁਪਏ ਅਤੇ ਕੁੱਲ 30 ਲੱਖ ਰੁਪਏ ਛੇਤੀ ਹੀ ਜਾਰੀ ਕਰ ਦਿੱਤੇ ਜਾਣਗੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਿਆਂ ‘ਚ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪੀ.ਸੀ.ਐਸ. ਲੈਵਲ ਦੇ ਅਧਿਕਾਰੀ ਨੋਡਲ ਅਫ਼ਸਰ ਵਜੋਂ ਤਾਇਨਾਤ ਕੀਤੇ ਜਾਣਗੇ ਜੋ ਸਬੰਧਤਾਂ ਦੇ ਮਸਲਿਆਂ ਤੇ ਸ਼ਿਕਾਇਤਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪ੍ਰਵਾਸੀਆਂ ਪੰਜਾਬੀਆਂ ਦੇ ਸੂਬੇ ਵਿਚਲੇ ਮਸਲਿਆਂ ਨੂੰ ਨਜਿੱਠਣ ਲਈ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਇਨ੍ਹਾਂ ਨਾਲ ਸਬੰਧਤ ਕੋਈ ਵੀ ਵਿਸ਼ੇਸ਼ ਕੇਸ ਸਾਹਮਣੇ ਆਉਣ ‘ਤੇ ਸਬੰਧਤ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨਾਲ ਤਾਲਮੇਲ ਕੀਤਾ ਜਾਵੇਗਾ ਅਤੇ ਇਸ ਸਬੰਧੀ ਤੁਰੰਤ ਸਬੰਧਤ ਵਿਭਾਗ ਨੂੰ ਹਦਾਇਤਾਂ ਦਿੱਤੀਆਂ ਜਾਣਗੀਆਂ। ਸ. ਧਾਲੀਵਾਲ ਨੇ ਅੱਗੇ ਦੱਸਿਆ ਕਿ ਐਨ.ਆਰ.ਆਈ. ਪੰਜਾਬੀ, ਜੋ ਬਾਹਰਲੇ ਮੁਲਕਾਂ ਦੇ ਨਾਗਰਿਕ ਬਣ ਚੁੱਕੇ ਹਨ, ਨੂੰ ਪੰਜਾਬ ਵਿੱਚ ਖੇਤੀ ਜ਼ਮੀਨਾਂ ਖਰੀਦਣ ਦਾ ਅਧਿਕਾਰ ਦੇਣ ਲਈ ਕੇਂਦਰ ਕੋਲ ਮੁੱਦਾ ਚੁੱਕਿਆ ਜਾਵੇਗਾ।ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਇੱਕ ਪ੍ਰਵਾਸੀ ਪੰਜਾਬੀ ਆਪਣੀ ਪੰਜਾਬ ਵਿਚਲੀ ਜ਼ਮੀਨ ਵੇਚ ਸਕਦਾ ਹੈ ਤਾਂ ਉਹ ਜ਼ਮੀਨ ਖਰੀਦ ਕਿਉਂ ਨਹੀਂ ਸਕਦਾ।ਉਨ੍ਹਾਂ ਕਿਹਾ ਕਿ ਐਨ.ਆਰ.ਆਈਜ਼ ਦੇ 50 ਫੀਸਦੀ ਮਾਮਲੇ ਵਿਆਹਾਂ ਨਾਲ ਜਦਕਿ 20 ਫੀਸਦੀ ਮਾਮਲੇ ਜ਼ਮੀਨਾਂ ਨਾਲ ਸਬੰਧਤ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੀ ਆਰਥਿਕਤਾ ‘ਚ ਸੁਧਾਰ ਕਰਨ ਲਈ ਐਨ.ਆਰ.ਆਈਜ਼ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਉਨ੍ਹਾਂ ਦੇ ਅਧਿਕਾਰਾਂ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਸੁਹਿਰਦ ਹੈ।ਉਨ੍ਹਾਂ ਕਿਹਾ ਆਪਣੇ ਮੂਲ ਨਾਲ ਜੁੜਿਆ ਵਿਅਕਤੀ ਆਪਣੇ ਮੂਲ ਸੂਬੇ ਤੇ ਦੇਸ਼ ਦੀ ਤਰੱਕੀ ‘ਚ ਯੋਗਦਾਨ ਪਾ ਸਕਦਾ ਹੈ। ਇਸ ਮੌਕੇ ਪ੍ਰਮੁੱਖ ਸਕੱਤਰ ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਸ੍ਰੀ ਬਾਲਾਮੁਰਗਨ, ਕਮਿਸ਼ਨਰ ਜਲੰਧਰ ਡਵੀਜ਼ਨ ਕਮ ਚੇਅਰਮੈਨ ਐਨ.ਆਰ.ਆਈ. ਸਭਾ ਪੰਜਾਬ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਏ.ਡੀ.ਜੀ.ਪੀ. ਐਨ.ਆਰ.ਆਈ. ਵਿੰਗ ਸ੍ਰੀ ਪ੍ਰਵੀਨ ਕੁਮਾਰ ਸਿਨਹਾ, ਪੰਜਾਬ ਰਾਜ ਐਨ.ਆਰ.ਆਈ. ਕਮਿਸ਼ਨ ਦੇ ਮੈਂਬਰਾਂ ਸ੍ਰੀ ਜੀ.ਐਸ. ਲਹਿਲ, ਸ੍ਰੀ ਐਮ.ਪੀ ਸਿੰਘ, ਸ੍ਰੀ ਹਰਦੀਪ ਸਿੰਘ ਢਿੱਲੋਂ ਆਦਿ ਤੋਂ ਇਲਾਵਾ ਐਨ.ਆਰ.ਆਈ. ਮਾਮਲੇ ਵਿਭਾਗ ਨਾਲ ਸਬੰਧਤ ਸੀਨੀਅਰ ਅਧਿਕਾਰੀ ਸ਼ਾਮਲ ਸਨ।

ਪੰਜਾਬ ਭਗਵੰਤ ਮਾਨ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਦ੍ਰਿੜ-ਸੰਧਵਾਂ

0

ਵਿਧਾਨ ਸਭਾ ਸਪੀਕਰ ਵੱਲੋਂ ਵੇਟ ਲਿਫਟਰ ਹਰਜਿੰਦਰ ਕੌਰ ਨੂੰ ਉੱਚ ਪੱਧਰ ਦੀ ਟਰੇਨਿੰਗ ਲਈ 5 ਲੱਖ ਰੁਪਏ ਦਾ ਚੈਕ ਭੇਟ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 29 ਨਵੰਬਰ: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕੋਮਨਵੈਲਥ ਖੇਡਾਂ ਦੌਰਾਨ ਵੇਟ ਲਿਫਟਿੰਗ ਵਿੱਚੋਂ ਕਾਂਸੀ ਦਾ ਤਮਗਾ ਜਿੱਤਣ ਵਾਲੀ ਹਰਜਿੰਦਰ ਕੌਰ ਨੂੰ ਉਚ ਟਰੇਨਿੰਗ ਵਾਸਤੇ ਪੰਜ ਲੱਖ ਦੀ ਰਾਸ਼ੀ ਦਾ ਚੈਕ ਭੇਟ ਕੀਤਾ ਹੈ।ਹਰਜਿੰਦਰ ਕੌਰ ਨੂੰ ਖੇਡਾਂ ਲਈ ਉਤਸ਼ਾਹ ਕਰਨ ਲਈ ਵਿਧਾਨ ਸਭਾ ਵਿੱਚ ਆਪਣੇ ਦਫਤਰ ਵਿਖੇ ਇਹ ਚੈਕ ਪਦਾਨ ਕਰਦੇ ਹੋਏ ਸ. ਸੰਧਵਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਬੜ੍ਹਾਵਾ ਦੇਣ ਵਾਸਤੇ ਦ੍ਰਿੜ ਹੈ ਅਤੇ ਇਹ ਖਿਡਾਰੀਆਂ ਦੀ ਹਰ ਹਾਲਤ ਵਿੱਚ ਮਦਦ ਕਰਦੀ ਰਹੇਗੀ। ਹਰਜਿੰਦਰ ਕੌਰ ਨੇ ਕੋਮਨਵੈਲਥ ਖੇਡਾਂ-2022 ਵਿੱਚ 71 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ ਸੀ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਜੈ ਕਿਰਸ਼ਨ ਸਿੰਘ ਰੋੜੀ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਵਿਧਾਇਕ ਗੁਰਲਾਲ ਘਨੌਰ, ਵਿਧਾਇਕ ਇੰਦਰਜੀਤ ਕੌਰ ਮਾਨ, ਵਿਧਾਇਕ ਜਗਰੂਪ ਸਿੰਘ ਗਿੱਲ, ਵਿਧਾਇਕ ਨਛੱਤਰ ਪਾਲ, ਵਿਧਾਇਕ ਸੰਦੀਪ ਜਾਖੜ, ਵਿਧਾਇਕ ਸੁਖਵਿੰਦਰ ਕੁਮਾਰ ਕੋਟਲੀ ਅਤੇ ਡਾਇਰੈਕਟਰ ਸਪੋਰਟਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਪ੍ਰੋਫੈਸਰ ਅਜੀਤਾ ਵੀ ਹਾਜ਼ਰ ਸਨ।

Our Visitor

1907329