Monday, May 18, 2026
Home Blog Page 2308

ਕਾਨੂੰਨੀ ਹਥਿਆਰਾਂ ’ਤੇ ਸਰਕਾਰ ਵਲੋਂ ਲਗਾਈਆਂ ਪਾਬੰਦੀਆਂ ਗੈਰ-ਕਾਨੂੰਨੀ: ਦਲ ਖਾਲਸਾ

0

ਡੀਜੀਪੀ ਨੂੰ ਕੀਤਾ ਸਵਾਲ, ਕਾਨੂੰਨੀ ਹਥਿਆਰ ਨਾਲ ਸੋਸ਼ਲ ਮੀਡੀਆ ’ਤੇ ਫੋਟੋ ਪੋਸਟ ਕਰਨ ਨਾਲ ਰਾਜ ਦੀ ਕਾਨੂੰਨ ਵਿਵਸਥਾ ਕਿਵੇਂ ਵਿਗਾੜ ਸਕਦੀ ਹੈ?
ਪੰਜਾਬ ਅੰਦਰ ਬੰਦੂਕ ਸਭਿਆਚਾਰ ਨਾਮ ਦਾ ਕੋਈ ਵਰਤਾਰਾ ਨਹੀਂ, ਮੁੱਖ ਮੰਤਰੀ ਤੇ ਡੀ.ਜੀ.ਪੀ ਪੰਜਾਬੀਆਂ ਦੇ ਅਕਸ ਨੂੰ ਢਾਹ ਲਾ ਰਹੇ ਹਨ : ਐਡਵੋਕੇਟ ਖਾਰਾ
ਸ਼ਸਤਰ, ਪੰਜਾਬੀਆਂ ਲਈ ਗਹਿਣਾ ਅਤੇ ਰੱਖਿਆ ਦਾ ਜ਼ਾਮਨ ਹਨ: ਪਰਮਜੀਤ ਸਿੰਘ ਮੰਡ
ਸੁਖਜਿੰਦਰ ਮਾਨ
ਬਠਿੰਡਾ: 29 ਨਵੰਬਰ: 72 ਘੰਟਿਆਂ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਕਾਨੂੰਨੀ ਹਥਿਆਰਾਂ ਨੂੰ ਜਨਤਕ ਤੌਰ ’ਤੇ ਦਿਖਾਉਣ ਜਾਂ ਲੈ ਕੇ ਜਾਣ ’ਤੇ ਪਾਬੰਦੀ ਲਗਾਉਣ ਦੇ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਗੈਰ-ਕਾਨੂੰਨੀ ਦੱਸਦਿਆਂ ਦਲ ਖ਼ਾਲਸਾ ਨੇ ਭਗਵੰਤ ਮਾਨ ਸਰਕਾਰ ਦੇ ਹੁਕਮਾਂ ਨੂੰ ਰੱਦ ਕਰਦਿਆਂ ਲੋਕਾਂ ਨੂੰ ਇਨ੍ਹਾਂ ਹੁਕਮਾਂ ਨੂੰ ਨਜ਼ਰ-ਅੰਦਾਜ਼ ਕਰਨ ਲਈ ਕਿਹਾ ਹੈ। ਪਾਰਟੀ ਦੇ ਮਨੁੱਖੀ ਅਧਿਕਾਰ ਮਾਮਿਲਆਂ ਦੇ ਸੱਕਤਰ ਐਡਵੋਕੇਟ ਈਮਾਨ ਸਿੰਘ ਖਾਰਾ ਨੇ ਕਿਹਾ ਕਿ ਪੰਜਾਬ ਵਿੱਚ ਕੋਈ ‘ਗੰਨ ਕਲਚਰ’ ਨਹੀਂ ਹੈ। ਇਹ ਤ੍ਰਾਸਦੀ ਹੈ ਕਿ ਮੁੱਖ ਮੰਤਰੀ ਅਤੇ ਡੀਜੀਪੀ ਇਹਨਾਂ ਸ਼ਬਦਾਂ ਨੂੰ ਬਾਰ-ਬਾਰ ਦੁਹਰਾਅ ਕੇ ਜਾਣੇ-ਅਣਜਾਣ ਦੁਨੀਆਂ ਦੀਆਂ ਨਜ਼ਰਾਂ ਵਿੱਚ ਪੰਜਾਬ ਦੇ ਲੋਕਾਂ ਦੇ ਅਕਸ ਨੂੰ ਢਾਹ ਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਭਗਵੰਤ ਮਾਨ ਦੇ ਗੈਰ-ਕਾਨੂੰਨੀ ਹੁਕਮਾਂ ਦਾ ਵਿਰੋਧ ਕਰਦੇ ਹੋਏ ਰੱਦ ਕਰਦੇ ਹਾਂ। ਉਨ੍ਹਾਂ ਕੋਹਾ ਕਿ ਸ਼ਿਵ ਸੈਨਿਕ ਨੇਤਾ ਸੁਧੀਰ ਸੂਰੀ ਦਾ ਸੰਦੀਪ ਸਿੰਘ ਨਾਂ ਦੇ ਸਿੱਖ ਨੌਜਵਾਨ ਹੱਥੋ ਲਾਇਸੈਂਸੀ ਹਥਿਆਰ ਨਾਲ ਕਤਲ ਦੀ ਇੱਕ ਕਥਿਤ ਘਟਨਾ ਦੀ ਆੜ ਹੇਠ ਸਮੁੱਚਾ ਸੂਬਾ ਪ੍ਰਸ਼ਾਸਨ ਸਿੱਖ ਨੌਜਵਾਨਾਂ ਨੂੰ ਨਿਹੱਥੇ ਕਰਨ ਲਈ ਜੁੱਟ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਪਿੱਛੇ ਇੱਕ ਸੋਚੀ ਸਮਝੀ ਪਲੈਨਿੰਗ ਦਿਖਾਈ ਦੇ ਰਹੀ ਹੈ। ਉਂਨਾਂ ਕਿਹਾ ਕਿ ਦੂਜੇ ਪਾਸੇ ਸ਼ਿਵ ਸੈਨਿਕਾਂ ਨੂੰ ਹਥਿਆਰਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਦਲ ਖਾਲਸਾ ਆਗੂ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਲਾਇਸੈਂਸਸ਼ੁਦਾ ਹਥਿਆਰ ਲੈ ਕੇ ਪਬਲਿਕ ਵਿੱਚ ਜਾਣਾ ਨਾ ਤਾਂ ਅਖੌਤੀ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਨਾ ਹੀ ਇਹ ਗੈਰ-ਕਾਨੂੰਨੀ ਹੈ। ਉਂਨਾਂ ਕਿਹਾ ਕਿ ਪੰਜਾਬ ਅੰਦਰ ਕੋਈ ਬੰਦੂਕ ਸਭਿਆਚਾਰ ਨਾਮ ਦਾ ਵਰਤਾਰਾ ਨਹੀਂ ਹੈ। ਉਹਨਾਂ ਕਿਹਾ ਕਿ ਸ਼ਸਤਰ ਪੰਜਾਬੀਆਂ ਲਈ ਗਹਿਣਾ ਰੱਖਿਆ ਦਾ ਜ਼ਾਮਨ ਹਨ।
ਉਹਨਾਂ ਵਿਅੰਗ ਕਸਦਿਆਂ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਸਭ ਤੋਂ ਪਹਿਲਾਂ ਆਧੁਨਿਕ ਹਥਿਆਰਾਂ ਨਾਲ ਲੈਸ ਸੈਂਕੜੇ ਵਰਦੀਧਾਰੀ ਅਤੇ ਸਾਦੇ ਕੱਪੜੇ ਪੁਲਿਸ ਮੁਲਾਜ਼ਮਾਂ ਨੂੰ ਪਬਲਿਕ ਵਿੱਚ ਜਾਣ ਤੋ ਹਟਾਓ ਜੋ ਰਾਜਨੀਤਿਕ ਲੋਕਾਂ, ਸ਼ਿਵ ਸੈਨਿਕਾਂ ਅਤੇ ਡੇਰਾ ਮੁਖੀਆਂ ਵਰਗੇ ਸਰਕਾਰੀ ਮਹਿਮਾਨਾਂ ਨਾਲ ਸੜਕਾਂ ’ਤੇ ਘੁੰਮ ਰਹੇ ਹਨ।
ਪਾਰਟੀ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਹਥਿਆਰਾਂ ਨੂੰ ਡਰਾਇੰਗ ਰੂਮਾਂ ਵਿਚ ਸ਼ੋਅ ਪੀਸ ਵਜੋਂ ਰੱਖਣ ਲਈ ਨਹੀਂ ਲਿਆ ਜਾਂਦਾ ਬਲਕਿ ਇਨ੍ਹਾਂ ਨੂੰ ਹਿਫਾਜ਼ਤ ਲਈ ਸਦਾ ਅੰਗ-ਸੰਗ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਲੋਕ ਸਵੈ-ਰੱਖਿਆ ਦੇ ਉਦੇਸ਼ ਨਾਲ ਲਾਇਸੰਸਸ਼ੁਦਾ ਹਥਿਆਰ ਰੱਖਦੇ ਹਨ। ਇਸ ਤੋਂ ਇਲਾਵਾ ਮੰਡ ਨੇ ਟਿੱਪਣੀ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਇੱਕ ਵਿਅਕਤੀ ਨੂੰ ਪੂਰੀ ਜਾਂਚ ਤੋਂ ਬਾਅਦ ਹੀ ਲਾਇਸੈਂਸ ਜਾਰੀ ਕਰਦਾ ਹੈ ।ਉਹਨਾਂ ਪੁਲਿਸ ਦੀ ਸੋਚ ‘ਤੇ ਤਨਜ ਕੱਸਦਿਆਂ ਕਿਹਾ ਹੈ ਕਿ ਪੁਲਿਸ ਮੁਲਾਜ਼ਮ ਉਨ੍ਹਾਂ ਵਿਅਕਤੀਆਂ ’ਤੇ ਐਫਆਈਆਰ ਦਰਜ ਕਰ ਰਹੇ ਸਨ, ਜਿਨ੍ਹਾਂ ਨੇ ਲਾਇਸੈਂਸੀ ਹਥਿਆਰਾਂ ਨਾਲ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਪਾਰਟੀ ਆਗੂਆਂ ਨੇ ਸਵਾਲ ਕੀਤਾ ਕਿ ਸੋਸ਼ਲ ਮੀਡੀਆ ’ਤੇ ਫੋਟੋ ਪੋਸਟ ਕਰਨ ਨਾਲ ਆਖਿਰਕਾਰ ਰਾਜ ਦੀ ਕਾਨੂੰਨ ਵਿਵਸਥਾ ਕਿਵੇਂ ਵਿਗਾੜ ਸਕਦੀ ਹੈ?ਦਲ ਖਾਲਸਾ ਆਗੂਆਂ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੂੰ ਆਪਣੇ ਗੈਰ-ਕਾਨੂੰਨੀ ਹੁਕਮਾਂ ਨੂੰ ਵਾਪਸ ਲੈਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਨੌਂ ਮਹੀਨੇ ਦੀ ਸਰਕਾਰ ਹਰ ਫਰੰਟ ’ਤੇ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ।

ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਪੇਂਡੂ ਸਾਹਿਤ ਸਭਾ ਵੱਲੋਂ ਬਠਿੰਡਾ ਵਿਖੇ ਕਵੀ ਦਰਬਾਰ ਆਯੋਜਿਤ

ਸੁਖਜਿੰਦਰ ਮਾਨ
ਬਠਿੰਡਾ, 29 ਨਵੰਬਰ: ਪੇਂਡੂ ਸਾਹਿਤ ਸਭਾ (ਰਜਿ.)ਬਾਲਿਆਂ ਵਾਲੀ ਵੱਲੋਂ ਪੰਜਾਬੀ ਮਾਹ ਲੜੀ ਅਧੀਨ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਇਕ ਕਵੀ ਦਰਬਾਰ ਬਠਿੰਡਾ ਵਿਖੇ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕ੍ਰਿਪਾਲ ਤੇ ਸਭਾ ਦੇ ਜਨਰਲ ਸਕੱਤਰ ਸੁਖਦਰਸ਼ਨ ਗਰਗ ਵੱਲੋਂ ਕੀਤੀ ਗਈ।ਪ੍ਰਧਾਨਗੀ ਮੰਡਲ ਅਤੇ ਸਤਿਕਾਰਿਤ ਸਖਸ਼ੀਅਤਾਂ ਵੱਲੋਂ ਸ਼ਮਾ ਰੋਸ਼ਨ ਕੀਤੀ ਗਈ। ਦਿਲਜੀਤ ਬੰਗੀ ਨੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦੁਰ ਜੀ ਜੀਵਨੀ ਨਾਲ ਸਬੰਧਤ ਗੀਤ ਪੇਸ਼ ਕਰਕੇ ਸ਼ੁਰੂਆਤ ਕੀਤੀ।ਉਪਰੰਤ ਹਾਜ਼ਰ ਕਵੀਆਂ-ਕਵਿੱਤਰੀਆਂ ਅਮਰਜੀਤ ਕੌਰ ਹਰੜ, ਵੀਰਪਾਲ ਕੌਰ ਮੋਹਲ, ਦਵੀ ਸਿਧੂ,ਗੁਰਸੇਵਕ ਬੀੜ, ਰਮੇਸ਼ ਗਰਗ, ਪੋਰਿੰਦਰ ਸਿੰਗਲਾ, ਅਮਰਜੀਤ ਪੇਂਟਰ, ਪੱਤਰਕਾਰ ਗੁਰਨੈਬ ਸਾਜਨ,ਗੁਰਸੇਵਕ ਚੁੱਘੇ ਖੁਰਦ,ਸੁਖਦਰਸ਼ਨ ਗਰਗ, ਸੁਰਿੰਦਰ ਪ੍ਰੀਤ ਘਣੀਆ, ਜਗਨ ਨਾਥ, ਮੰਗਤ ਕੁਲਜਿੰਦ ਆਦਿ ਨੇ ਸਮਾਜ ਦੇ ਵੱਖ ਵੱਖ ਸਰੋਕਾਰਾਂ ਨੂੰ ਆਪਣੇ ਗੀਤਾਂ, ਕਵਿਤਾਵਾਂ ਦਾ ਵਿਸ਼ਾ ਬਣਾਕੇ ਸਰੋਤਿਆਂ ਦਿਆਂ ਜ਼ਜਬਾਤਾਂ ’ਚ ਹਿਲਚੁੱਲ ਪੈਦਾ ਕੀਤੀ।ਲਾਲ ਚੰਦ ਸਿੰਘ ਨੇ ਵੀ ਆਪਣੇ ਵਿਚਾਰ ਖੂਬਸੂਰਤ ਸ਼ਬਦਾਂ ਵਿੱਚ ਪੇਸ਼ ਕੀਤ।ਚਿੱਟੇ ਨਾਲ ਹੋ ਰਹੇ ਜਵਾਨੀ ਦੇ ਘਾਣ, ਐਤਵਾਰ ਦੀ ਮਹੱਤਤਾ, ਵਿਅੰਗ ਫੁੱਫੜ ਗੁਆਚ ਗਿਆ, ਕਿਸਾਨੀ ਸੰਘਰਸ਼ ਨਾਲ ਸਬੰਧਤ ਰੁਬਾਈਆਂ, ਮਾਂ ਪਿਉ ਦੀ ਜ਼ਿੰਦਗੀ ਚ ਮਹੱਤਤਾ, ਆਮ ਲੋਕਾਂ ਨੂੰ ਦਰਪੇਸ਼ ਮਸਲੇ, ਸਮਾਜ ਵਿੱਚ ਆ ਰਹੀਆਂ ਦਿਨੋ ਦਿਨ ਤਬਦੀਲੀਆ ਆਦਿ ਦਾ ਜ਼ਿਕਰ ਤਾਂ ਸੀ ਨਾਲ ਦੀ ਨਾਲ ਅੱਜ ਦੇ ਕਾਵਿ ਵਿੱਚ ਦਾਰਸ਼ਨਿਕਤਾ ਵੀ ਝਲਕ ਰਹੀ ਸੀ।ਕਾਵਿ ਦੇ ਵੱਖ ਵੱਖ ਰੂਪਾਂ ਕਵਿਤਾਵਾਂ, ਗੀਤ, ਗ਼ਜ਼ਲ, ਰੁਬਾਈ, ਹਾਸ ਵਿਅੰਗ, ਖੁਲੀ ਕਵਿਤਾ ਦਾ ਰੰਗ ਵੇਖਣ ਨੂੰ ਮਿਲਿਆ।ਕਵੀ ਦਰਬਾਰ ਵਿੱਚ ਤਰੰਨਮ ਵੀ ਸੀ ਅਤੇ ਕਵਿਤਾ ਉਚਾਰਣ ਵੀ। ਪ੍ਰੋਗਰਾਮ ਨੂੰ ਚਾਰ ਚੰਨ ਲੱਗ ਗਏ ਜਦ ਇਸ ਵਿੱਚ ਲੈਅ ਤੇ ਸੁਰ ਵੀ ਆ ਸ਼ਾਮਿਲ ਹੋਇਆ, ਬਠਿੰਡਾ ਦੀ ਉਘੀ ਗਾਇਕਾ ਰੋਜ਼ੀ ਬਾਵਾ ਨੇ ਕੁਲਜਿੰਦ ਦੇ ਲਿਖੇ ਗੀਤ ਆਪਣੀ ਸੁਰੀਲੀ ਆਵਾਜ਼ ਵਿੱਚ ਪੇਸ਼ ਕੀਤੇ।ਕੀਰਤੀ ਕ੍ਰਿਪਾਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਸਭਾ ਇਸ ਲਈ ਵਧਾਈ ਦੀ ਪਾਤਰ ਹੈ ਅਤੇ ਕਵੀ ਦਰਬਾਰ ਬਹੁਤ ਸਫ਼ਲ ਰਿਹਾ। ਉਹਨਾਂ ਵਿਭਾਗ ਵੱਲੋਂ ਕਰਵਾਏ ਜਾ ਪ੍ਰੋਗਰਾਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਪ੍ਰੋਗਰਾਮ ਵਿੱਚ ਲਖਵਿੰਦਰ ਸਿੱਧੂ,ਪੰਜਾਬ ਕੇਸਰੀ ਅਖਬਾਰ ਦੇ ਪੱਤਰਕਾਰ ਤਿਲਕ ਨਾਗਪਾਲ ਅਤੇ ਦੋ ਬੱਚੀਆਂ ਵੀ ਸ਼ਾਮਲ ਸਨ।ਅੰਤ ਵਿੱਚ ਅਮਰਜੀਤ ਸਿੰਘ ਪੇਂਟਰ ਨੇ ਪ੍ਰੋਗਰਾਮ ਵਿੱਚ ਸ਼ਾਮਲ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ।ਸਟੇਜ ਦਾ ਸੰਚਾਲਨ ਮੰਗਤ ਕੁਲਜਿੰਦ ਵੱਲ਼ੋਂ ਬਾਖ਼ੂਬੀ ਨਿਭਾਇਆ ਗਿਆ।

ਖਸਰਾ ਤੇ ਰੁਬੇਲਾ ਦੇ ਖਾਤਮੇ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾਵੇ : ਡਿਪਟੀ ਕਮਿਸ਼ਨਰ

0

ਡਿਪਟੀ ਕਮਿਸ਼ਨਰ ਨੇ ਟੀਕਾਕਰਨ ਸਬੰਧੀ 0 ਤੋਂ 5 ਸਾਲ ਤੱਕ ਦੇ ਬੱਚਿਆਂ ਦਾ ਸਰਵੇ ਕਰਨ ਦੀ ਕੀਤੀ ਹਦਾਇਤ
ਸੁਖਜਿੰਦਰ ਮਾਨ
ਬਠਿੰਡਾ 29 ਨਵੰਬਰ : ਖਸਰਾ ਅਤੇ ਰੁਬੇਲਾ ਦੇ ਦਸੰਬਰ 2023 ਤੱਕ ਖਾਤਮੇ ਦੇ ਟੀਚੇ ਨੂੰ ਲੈ ਕੇ ਨਿਯਮਿਤ ਟੀਕਾਕਰਣ ਅਤੇ ਨਿਗਰਾਨੀ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਭਾਰਤ ਸਰਕਾਰ 2023 ਤੱਕ ਖਸਰਾ ਅਤੇ ਰੁਬੇਲਾ (ਐਮ.ਆਰ) ਦੇ ਖਾਤਮੇ ਲਈ ਵਚਨਬੱਧ ਹੈ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਲੱਮ ਏਰੀਆ, ਇੱਟਾਂ ਦੇ ਭੱਠੇ, ਸੀਜ਼ਨਲ ਲੇਬਰ ਅਤੇ ਮਾਇਗਰੇਟਰੀ ਲੇਬਰ ਦਾ ਸਰਵੇ ਕਰਕੇ 5 ਸਾਲ ਤੱਕ ਦੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੋਈ ਵੀ ਯੋਗ ਬੱਚਾ ਟੀਕਾਕਰਨ ਤੋ ਬਾਂਝਾ ਨਾ ਰਹੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਐਮ.ਆਰ ਦੇ ਨਾਲ-ਨਾਲ ਰੁਟੀਨ ਟੀਕਾਕਰਨ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਸਬੰਧੀ ਯੋਗ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ 0 ਤੋ 5 ਸਾਲ ਤੱਕ ਦੇ ਬੱਚਿਆਂ ਦਾ ਸਰਵੇ ਜਲਦੀ ਤੋਂ ਜਲਦੀ ਕਰਵਾਉਣ ਦੀ ਹਦਾਇਤ ਕੀਤੀ।ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਟੀਕਾਕਰਨ ਦੀ ਸੁਪਰਵਿਜ਼ਨ ਅਤੇ ਨਿਗਰਾਨੀ ਵਧਾਉਣ ਲਈ ਵੀ ਕਿਹਾ।ਇਸ ਮੌਕੇ ਡਾ. ਅਨੂਪਮਾ ਸ਼ਰਮਾ ਸਹਾਇਕ ਸਿਵਲ ਸਰਜਨ, ਡਾ. ਮੀਨਾਕਸ਼ੀ ਸਿੰਗਲਾ ਜ਼ਿਲ੍ਹਾ ਟੀਕਕਰਣ ਅਫ਼ਸਰ, ਡਾ. ਮੇਘਾ ਪ੍ਰਕਾਸ਼ ਸੁਰਵੈਲਾਂਸ ਮੈਡੀਕਲ ਅਫ਼ਸਰ, ਸਾਰੇ ਪ੍ਰੋਗਰਾਮ ਅਫ਼ਸਰ, ਸਾਰੇ ਸੀਨੀਅਰ ਮੈਡੀਕਲ ਅਫ਼ਸਰ, ਸਾਰੇ ਬਲਾਕ ਐਕਸਟੈਨਸ਼ਨ ਐਜੂਕੇਟਰ, ਪ੍ਰੋਗਰਾਮ ਅਫ਼ਸਰ, ਤੋਂ ਇਲਾਵਾ ਸਿੱਖਿਆ ਵਿਭਾਗ ਆਦਿ ਅਧਿਕਾਰੀਆਂ ਨੇ ਭਾਗ ਲਿਆ।

ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜਗਾਰ ਦੇਣ ਲਈ ਕੀਤੇ ਜਾ ਰਹੇ ਹਨ ਉਪਰਾਲੇ : ਡਿਪਟੀ ਕਮਿਸ਼ਨਰ

0

7 ਤੋਂ 9 ਦਸੰਬਰ ਤੱਕ ਸਥਾਨਕ ਐਮ.ਆਰ.ਐਸ.ਪੀ.ਟੀ.ਯੂ ਵਿਖੇ ਕਰਵਾਇਆ ਜਾ ਰਿਹੈ ਸਵੈ ਰੋਜ਼ਗਾਰ ਸੰਮੇਲਨ
ਕਿਹਾ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਲਿਆ ਜਾਵੇ ਵੱਧ ਤੋਂ ਵੱਧ ਲਾਹਾ
ਸੁਖਜਿੰਦਰ ਮਾਨ
ਬਠਿੰਡਾ, 29 ਨਵੰਬਰ : ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ-ਕਮ-ਚੇਅਰਮੈਨ ਡੀ.ਬੀ.ਈ.ਈ. ਨੇ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਕਰਵਾਏ ਜਾ ਰਹੇ ਸਵੈ ਰੋਜਗਾਰ ਸੰਮੇਲਨ ਸਬੰਧੀ ਵੱਖ-ਵੱਖ ਅਦਾਰਿਆਂ, ਸਕੂਲਾਂ, ਕਾਲਜਾਂ ਦੇ ਪ੍ਰਿੰਸੀਪਲਾਂ ਆਦਿ ਨਾਲ ਸੰਮੇਲਨ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਮੀਟਿੰਗ ਦੌਰਾਨ ਦੱਸਿਆ ਕਿ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵੱਲੋਂ ਵੱਖ-ਵੱਖ ਅਦਾਰਿਆਂ ਦੇ ਸਹਿਯੋਗ ਨਾਲ 7 ਤੋਂ 9 ਦਸੰਬਰ 2022 ਤੱਕ ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਇਹ ਸਵੈ ਰੋਜਗਾਰ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਵਿੱਚ ਵੱਖੋ-ਵੱਖਰੇ ਖੇਤਰਾਂ ਤੋਂ ਉਘੇ ਉਦਯੋਗਪਤੀ ਪਹੁੰਚ ਰਹੇ ਹਨ। ਜਿਨ੍ਹਾਂ ਵੱਲੋਂ ਆਪਣੀ ਸਵੈ ਜੀਵਨੀ ਰਾਹੀਂ ਵਿਦਿਆਰਥੀਆਂ ਨੂੰ ਸਵੈ ਰੋਜ਼ਗਾਰ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਦੌਰਾਨ ਉਨ੍ਹਾਂ ਹਾਜ਼ਰੀਨ ਸਕੂਲਾਂ/ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਸੈਮੀਨਾਰ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਵਾਈ ਜਾਵੇ ਤਾਂ ਜੋ ਵਿਦਿਆਰਥੀਆਂ ਵੱਲੋਂ ਇਸ ਸੈਮੀਨਾਰ ਦਾ ਲਾਹਾ ਲੈ ਸਕਣ । ਉਨ੍ਹਾਂ ਕਿਹਾ ਕਿ ਇਸ ਸੈਮੀਨਾਰ ਰਾਹੀਂ ਨੌਜਵਾਨਾਂ ਵਿੱਚ ਆਪਣਾ ਕੰਮ ਸ਼ੁਰੂ ਕਰਨ ਲਈ ਨਵੇਂ ਬਿਜਨਸ ਆਈਡੀਆ ਖੋਜਣ ਲਈ “ਓਦੀਅਮ: ਸੌਰ ਟੂ ਸ਼ਾਇਨ” ਨਾਮ ਅਧੀਨ ਪ੍ਰੋਗਰਾਮ ਲਾਂਚ ਕੀਤਾ ਜਾ ਰਿਹਾ ਹੈ, ਜਿਸ ਵਿੱਚ ਬਠਿੰਡਾ ਸ਼ਹਿਰ ਦੇ ਨੌਜਵਾਨਾਂ ਦੁਆਰਾ ਵੱਖੋ-ਵੱਖਰੇ ਬਿਜਨਸ਼ ਆਇਡੀਆ ਪੇਸ਼ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਸਟਾਰਟ ਅੱਪ ਚੈਲਿੰਜ ਇਵੈਂਟ ਵਿੱਚ ਕਾਲਜ ਵਿੱਚ ਪੜ੍ਹ ਰਹੇ ਵਿਦਿਆਰਥੀ, ਅੱਠਵੀਂ ਤੋਂ ਬਾਰਵੀਂ ਅਤੇ ਓਪਨ ਕੈਟਾਗਰੀ ਤਹਿਤ ਕੋਈ ਵੀ ਵਿਦਿਆਰਥੀ ਵੱਖੋ-ਵੱਖਰੇ ਸੈਕਟਰ ਜਿਵੇਂ ਕਿ ਸਿਹਤ, ਪੜ੍ਹਾਈ, ਖੇਤੀਬਾੜੀ, ਵਾਤਾਵਰਣ, ਆਈ.ਟੀ. ਸੈਕਟਰ, ਬਾਇਓਟੈਕਨੋਲੋਜੀ, ਐਨਰਜੀ, ਫੂਡ ਪ੍ਰੋਸੈਸਿੰਗ ਆਦਿ ਖੇਤਰਾਂ ਵਿੱਚ ਆਪਣੇ ਬਿਜਨਸ ਆਈਡੀਆ ਪੇਸ਼ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੀਆ ਆਈਡਿਆ ਪੇਸ਼ ਕਰਨ ਵਾਲੇ ਅਤੇ ਵਧੀਆ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।ਮੀਟਿੰਗ ਵਿੱਚ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਜ਼ਿਲ੍ਹਾ ਲੀਡ ਬੈਂਕ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਪੀ.ਐਸ.ਡੀ.ਐਮ., ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਡੀ.ਏ.ਵੀ.ਕਾਲਜ, ਰਜਿੰਦਰਾ ਕਾਲਜ, ਆਈ.ਟੀ.ਆਈ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਪ੍ਰਿੰਸੀਪਲ ਵੱਲੋਂ ਸ਼ਿਰਕਤ ਕੀਤੀ ਗਈ।

ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ; ਗੁਜਰਾਤ ’ਚ ਭਾਰੀ ਬਹੁਮਤ ਨਾਲ ਬਣੇਗੀ ’ਆਪ’ ਦੀ ਸਰਕਾਰ

ਕਿਹਾ, ਦਿੱਲੀ ਅਤੇ ਪੰਜਾਬ ਨੇ ਚੁਣੀ ’ਆਪ’ ਦੀ ਇਮਾਨਦਾਰ ਸਰਕਾਰ, ਹੁਣ ਗੁਜਰਾਤ ਬਦਲਾਅ ਲਈ ਤਿਆਰ-ਬਰ-ਤਿਆਰ
ਗੁਜਰਾਤ ’ਚ ਬਦਲਾਅ ਦੀ ਲਹਿਰ, ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਨਹੀਂ ਸਗੋਂ ਆਪਣਾ ਭਵਿੱਖ ਤੈਅ ਕਰਨਗੇ ਵੋਟਰ: ਭਗਵੰਤ ਮਾਨ
ਦਿੱਲੀ ਅਤੇ ਪੰਜਾਬ ਵਾਂਗ ਸੱਤਾ ’ਚ ਆਉਣ ’ਤੇ ’ਆਪ’ ਬਣਾਵੇਗੀ ਗੁਜਰਾਤ ’ਚ ਨਵੇਂ ਸਕੂਲ ਅਤੇ ਹਸਪਤਾਲ: ਮਾਨ
ਪੰਜਾਬੀ ਖ਼ਬਰਸਾਰ ਬਿਉਰੋ
ਗੁਜਰਾਤ, 29 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੇ ਗੇੜ ਦੀਆਂ ਗੁਜਰਾਤ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਦਾਅਵਾ ਕੀਤਾ ਕਿ 8 ਦਸੰਬਰ ਨੂੰ ਐਲਾਨੇ ਜਾਣ ਵਾਲੇ ਨਤੀਜਿਆਂ ’ਚ ਆਮ ਆਦਮੀ ਪਾਰਟੀ (ਆਪ) ਭਾਰੀ ਬਹੁਮਤ ਨਾਲ ਗੁਜਰਾਤ ਵਿੱਚ ਸਰਕਾਰ ਬਣਾਏਗੀ।ਮੰਗਲਵਾਰ ਨੂੰ ਲਿੰਬੜੀ, ਬੋਟਾਦ, ਸੁਰੇਂਦਰ ਨਗਰ, ਦਸਾਦਾ ਅਤੇ ਵੀਰਾਮਗਾਮ ਸਮੇਤ ਵੱਖ-ਵੱਖ ਰੋਡ ਸ਼ੋਆਂ ਵਿੱਚ ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਵਾਰ ਗੁਜਰਾਤ ਦੇ ਲੋਕ ਸਿਸਟਮ ਵਿੱਚ ਬਦਲਾਅ ਲਿਆਉਣ ਲਈ ਵੋਟ ਦੇਣਗੇ। ਉਹ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਨਹੀਂ ਸਗੋਂ ਆਪਣੀ ਕਿਸਮਤ ਲਿਖਣਗੇ ਅਤੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਵੋਟ ਦੇਣਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਅਤੇ ਪੰਜਾਬ ਦੇ ਲੋਕਾਂ ਨੇ ਬਦਲਾਅ ਲਈ ਵੋਟਾਂ ਪਾਈਆਂ ਅਤੇ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਚੁਣੀ, ਉਸੇ ਤਰ੍ਹਾਂ ਗੁਜਰਾਤ ਦੇ ਲੋਕ ਭਾਜਪਾ ਦੇ 27 ਸਾਲਾਂ ਦੇ ਕੁਸ਼ਾਸਨ ਨੂੰ ਖਤਮ ਕਰਕੇ ਸੂਬੇ ’ਚ ਬਦਲਾਅ ਲਿਆਉਣ ਅਤੇ ਨਵੇਂ ਰਾਜਨੀਤਿਕ ਦੌਰ ਦੀ ਸ਼ੁਰੂਆਤ ਕਰਨ ਲਈ ਉਤਾਵਲੇ ਹਨ। ਪੰਜਾਬ ਦੀ ਸੱਤਾਧਾਰੀ ਭਾਜਪਾ ਸਰਕਾਰ ’ਤੇ ਵਰ੍ਹਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਛਲੇ 27 ਸਾਲਾਂ ਤੋਂ ਸੂਬੇ ’ਚ ਭਾਜਪਾ ਦਾ ਰਾਜ ਹੋਣ ਕਾਰਨ ਗੁਜਰਾਤ ਦੇ ਲੋਕ ਚੰਗੀ ਸਿੱਖਿਆ, ਸਿਹਤ ਸਹੂਲਤਾਂ ਸਮੇਤ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਤੋਂ ਵਾਂਝੇ ਹਨ। ਸੂਬੇ ਵਿੱਚ ਨੌਜਵਾਨ ਬੇਰੁਜ਼ਗਾਰ ਹਨ ਅਤੇ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਪਰ ਭਾਜਪਾ ਨੇ ਹਾਲਾਤ ਸੁਧਾਰਨ ਲਈ ਕੁਝ ਨਹੀਂ ਕੀਤਾ ਅਤੇ ਉਨ੍ਹਾਂ ਦੇ ਆਗੂ ਸਿਰਫ਼ ਆਪਣੀਆਂ ਤਿਜੋਰੀਆਂ ਭਰਨ ’ਚ ਲੱਗੇ ਰਹੇ। ਸਮਾਂ ਆ ਗਿਆ ਹੈ ਅਤੇ ਗੁਜਰਾਤ ਦੇ ਲੋਕ ਹੁਣ ਇਨ੍ਹਾਂ ਭ੍ਰਿਸ਼ਟ ਸਿਆਸਤਦਾਨਾਂ ਨੂੰ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਕਿ ਕਿਸੇ ਬਦਲ ਦੀ ਘਾਟ ਕਾਰਨ ਭਾਜਪਾ ਦਹਾਕਿਆਂ ਤੋਂ ਗੁਜਰਾਤ ਵਿੱਚ ਸਰਕਾਰ ਚਲਾ ਰਹੀ ਸੀ। ਪਰ ਹੁਣ ਲੋਕਾਂ ਕੋਲ ’ਆਪ’ ਦੀ ਇਮਾਨਦਾਰ ਸਰਕਾਰ ਚੁਣਨ ਦਾ ਵਿਕਲਪ ਹੈ, ਜੋ ਨਾ ਸਿਰਫ ਵਿਕਾਸ, ਨਵੇਂ ਸਕੂਲ ਅਤੇ ਉੱਚ ਪੱਧਰੀ ਸਿਹਤ ਸਹੂਲਤਾਂ ਲੋਕਾਂ ਤੱਕ ਪਹੁੰਚਾਏਗੀ ਬਲਕਿ ਇਹ ਵੀ ਯਕੀਨੀ ਬਣਾਏਗੀ ਕਿ ਇਨ੍ਹਾਂ ਭ੍ਰਿਸ਼ਟ ਨੇਤਾਵਾਂ ਨੂੰ ਉਨ੍ਹਾਂ ਦੇ ਕੰਮਾਂ ਅਤੇ ਘਪਲਿਆਂ ਦਾ ਹਿਸਾਬ ਦੇਣਾ ਪਵੇ।ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਆਗੂਆਂ ਨੇ ਦੇਸ਼ ਦਾ ਪੈਸਾ ਅੰਗਰੇਜ਼ਾਂ ਨਾਲੋਂ ਕਿਤੇ ਵੱਧ ਬੇਰਹਿਮੀ ਨਾਲ ਲੁੱਟਿਆ, ਪਰ ਸੂਬੇ ’ਚ ’ਆਪ’ ਦੀ ਸਰਕਾਰ ਬਣਨ ਤੋਂ ਬਾਅਦ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ’ਚ ਗੁਜਰਾਤ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ। ਉਨ੍ਹਾਂ ਦੁਹਰਾਇਆ ਕਿ ‘ਆਪ’ ਗੁਜਰਾਤ ਸਮੇਤ ਦੇਸ਼ ਭਰ ਵਿੱਚ ਸਿਆਸੀ ਖੇਤਰ ਵਿੱਚ ਫੈਲੀ ਗੰਦਗੀ ਨੂੰ ਝਾੜੂ ਨਾਲ ਸਾਫ਼ ਕਰੇਗੀ। ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਮੁਕਾਬਲਾ ਕਾਂਗਰਸ ਜਾਂ ਭਾਜਪਾ ਨਾਲ ਨਹੀਂ, ਸਗੋਂ ’ਆਪ’ ਦੀ ਲੜਾਈ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਵਧਦੀ ਮਹਿੰਗਾਈ, ਪੇਪਰ ਲੀਕ ਅਤੇ ਸੂਬੇ ਦੇ ਲੋਕਾਂ ਲਈ ਬੁਨਿਆਦੀ ਸਹੂਲਤਾਂ ਦੀ ਘਾਟ ਖ਼?ਲਾਫ਼ ਹੈ।

ਦਿਹਾਤੀ ਮਜ਼ਦੂਰ ਸਭਾ ਨੇ ਮੁਆਵਜ਼ੇ ਦੀ ਕਾਣੀ ਵੰਡ ਖਿਲਾਫ਼ ਦਿੱਤਾ ਰੋਸ ਧਰਨਾ

ਭਲਕੇ, 30 ਨਵੰਬਰ ਨੂੰ ਗੱਜ-ਵੱਜ ਕੇ ਮੁੱਖ ਮੰਤਰੀ ਦੀ ਕੋਠੀ ਮੂਹਰੇ ਸੰਗਰੂਰ ਪੁੱਜਣ ਦਾ ਕੀਤਾ ਐਲਾਨ
3 ਦਸੰਬਰ ਨੂੰ ਬਠਿੰਡਾ ਪੁੱਜ ਰਹੇ ਸੂਬਾਈ ਜੱਥਾ ਮਾਰਚ ਦਾ ਭਰਵੇਂ ਇਕੱਠਾਂ ਰਾਹੀਂ ਕੀਤਾ ਜਾਵੇਗਾ ਸ਼ਾਨਦਾਰ ਸਵਾਗਤ
ਸੁਖਜਿੰਦਰ ਮਾਨ
ਬਠਿੰਡਾ, 29 ਨਵੰਬਰ: ਦਿਹਾਤੀ ਮਜ਼ਦੂਰ ਸਭਾ ਦੀ ਬਠਿੰਡਾ ਜਿਲ੍ਹਾ ਕਮੇਟੀ ਦੇ ਸੱਦੇ ’ਤੇ ਜਿਲ੍ਹੇ ਦੇ ਦਰਜਨਾਂ ਪਿੰਡਾਂ ਚੋਂ ਪੁੱਜੇ ਸੈਂਕੜੇ ਬੇਜ਼ਮੀਨੇ-ਸਾਧਨਹੀਨ ਪੇਂਡੂ ਕਿਰਤੀਆਂ, ਜਿਨ੍ਹਾਂ ਵਿੱਚ ਭਾਰੀ ਗਿਣਤੀ ’ਚ ਇਸਤਰੀਆਂ ਵੀ ਸ਼ਾਮਲ ਸਨ, ਨੇ ਅੱਜ ਸਥਾਨਕ ਪ੍ਰਬੰਧਕੀ ਕੰਪਲੈਕਸ ਵਿਖੇ ਜਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ ਅਤੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਨੰਦਗੜ੍ਹ ਦੀ ਅਗਵਾਈ ਹੇਠ ਕੇਂਦਰੀ ਅਤੇ ਸੂਬਾ ਸਰਕਾਰਾਂ ਦੀਆਂ ਕਿਰਤੀ ਦੋਖੀ ਨੀਤੀਆਂ ਖਿਲਾਫ਼ ਜ਼ੋਰਦਾਰ ਰੋਸ ਧਰਨਾ ਮਾਰਿਆ। ਅਧਿਕਾਰੀਆਂ ਰਾਹੀਂ ਸੂਬਾ ਸਰਕਾਰ ਨੂੰ ਮੰਗ ਪੱਤਰ ਭੇਜਿਆ ਜ਼ਰੀਏ ਧਰਨਾਕਾਰੀਆਂ ਨੇ ਮੰਗ ਕੀਤੀ ਕਿ ਲੰਘੇ ਸਾਲ ’ਚ ਹੋਏ ਨਰਮਾ-ਕਪਾਹ ਦੀ ਫਸਲ ਦੇ ਖਰਾਬੇ ਦੇ ਮੁਆਵਜ਼ੇ ਤੋਂ ਵਾਂਝੇ ਰਹਿ ਗਏ ਕਿਰਤੀ ਪਰਿਵਾਰਾਂ ਨੂੰ ਵੀ ਫੌਰੀ ਮੁਆਵਜ਼ਾ ਦਿੱਤਾ ਜਾਵੇ ਅਤੇ ਮੌਜੂਦਾ ਸਾਲ ਚਿੱਟੇ ਮੱਛਰ ਨਾਲ ਖਰਾਬ ਹੋਈ ਫਸਲ ਦਾ ਮੁਆਵਜ਼ਾ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰ ਪਰਿਵਾਰਾਂ ਨੂੰ ਵੀ ਦਿੱਤਾ ਜਾਵੇ।ਧਰਨਾਕਾਰੀਆਂ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ ਸੂਬਾਈ ਵਿੱਤ ਸਕੱਤਰ ਸਾਥੀ ਮਹੀਪਾਲ ਨੇ ਹਾਜ਼ਰ ਕਿਰਤੀਆਂ ਨੂੰ ਮਜ਼ਦੂਰ ਆਗੂਆਂ ਨਾਲ ਮੀਟਿੰਗ ਕਰ ਕੇ ਕਿਰਤੀ ਮੰਗਾਂ ਦਾ ਯੋਗ ਨਬੇੜਾ ਕਰਨ ਤੋਂ ਮੁੱਕਰੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਕੁੰਡਾ ਖੜਕਾਉਣ ਲਈ ’ਪੇਂਡੂ ’ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ’ ਦੇ ਸੱਦੇ ’ਤੇ ਭਲਕੇ 30 ਨਵੰਬਰ ਨੂੰ ਪਰਿਵਾਰਾਂ ਸਮੇਤ ਸੰਗਰੂਰ ਪੁੱਜਣ ਦੀ ਅਪੀਲ ਕੀਤੀ।ਸੂਬਾਈ ਆਗੂ ਨੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜੱਥਾ ਮਾਰਚ ਦੇ 3 ਦਸੰਬਰ ਨੂੰ ਬਠਿੰਡਾ ਪਹੁੰਚਣ ’ਤੇ ਵੱਖੋ-ਵੱਖ ਪਿੰਡਾਂ ਵਿੱਚ ਕੀਤੇ ਜਾਣ ਵਾਲੇ ਕਿਰਤੀ ਇਕੱਠਾਂ ਵਿੱਚ ਭਾਰੀ ਗਿਣਤੀ ਵਿੱਚ ਪਹੁੰਚਣ ਦਾ ਵੀ ਸੱਦਾ ਦਿੱਤਾ। ਸਾਥੀ ਮਹੀਪਾਲ ਨੇ 30 ਦਸੰਬਰ ਨੂੰ ਬਠਿੰਡਾ ਵਿਖੇ ਕੀਤੀ ਜਾਣ ਵਾਲੀ ਮਾਲਵਾ ਜ਼ੋਨ ਦੀ ਮਜ਼ਦੂਰ ਅਧਿਕਾਰ ਰੈਲੀ ਦੀ ਲਾਮਿਸਾਲ ਕਾਮਯਾਬੀ ਲਈ ਤਨ ਮਨ ਧਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।ਭਰਾਤਰੀ ਜੱਥੇਬੰਦੀ ਔਰਤ ਮੁਕਤੀ ਮੋਰਚਾ ਦੀ ਸੂਬਾਈ ਆਗੂ ਦਰਸ਼ਨਾ ਜੋਸ਼ੀ ਨੇ ਵੀ ਸੰਬੋਧਨ ਕੀਤਾ। ਮੱਖਣ ਸਿੰਘ ਤਲਵੰਡੀ ਸਾਬੋ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਕੂਕਾ ਸਿੰਘ ਨਥਾਣਾ, ਦਰਸ਼ਨ ਸਿੰਘ ਬਾਜਕ, ਮੱਖਣ ਸਿੰਘ ਪੂਹਲੀ, ਉਮਰਦੀਨ ਜੱਸੀ ਬਾਗ਼ ਵਾਲੀ, ਮੇਜਰ ਸਿੰਘ ਤੁੰਗਵਾਲੀ, ਜੋਗਿੰਦਰ ਸਿੰਘ ਕਲਿਆਣ, ਸੁਖਦੇਵ ਸਿੰਘ ਰਾਜਗੜ੍ਹ ਕੁੱਬੇ ਅਤੇ ਹੋਰਨਾਂ ਨੇ ਵੀ ਵਿਚਾਰ ਰੱਖੇ।

ਮੁੱਖ ਮੰਤਰੀ ਕਾਨੂੰਨ ਵਿਵਸਥਾ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਵਿਚ ਫੇਲ੍ਹ ਹੋਣ ਦੀ ਜ਼ਿੰਮੇਵਾਰੀ ਲੈਂਦਿਆਂ ਅਸਤੀਫਾ ਦੇਣ : ਸੁਖਬੀਰ ਸਿੰਘ ਬਾਦਲ

0

ਮੁੱਖ ਮੰਤਰੀ ਤੇ ਉਹਨਾਂ ਦੀ ਕੈਬਨਿਟ ਦੇ ਆਪ ਦੇ ਪ੍ਰਚਾਰ ਵਾਸਤੇ ਗੁਜਰਾਤ ਜਾਣ ਕਾਰਨ ਸਾਰਾ ਪ੍ਰਸ਼ਾਸਨਿਕ ਢਾਂਚਾ ਢਹਿ ਢੇਰੀ ਹੋਇਆ
ਕਿਹਾ ਕਿ ਕੋਈ ਵੀ ਸੁਰੱਖਿਅਤ ਨਹੀਂ, ਮਿੱਥ ਕੇ ਕਤਲ ਤੇ ਫਿਰੌਤੀਆਂ ਨਿੱਤ ਦਾ ਕੰਮ ਬਣਿਆ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 29 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਸੂਬੇ ਵਿਚ ਕਾਨੂੰਨ ਵਿਵਸਥਾ ਕਾਇਮ ਰੱਖਣ ਅਤੇ ਸੂਬੇ ਵਿਚ ਫਿਰਕੂ ਸਦਭਾਵਨਾ ਬਣਾਈ ਰੱਖਣ ਵਿਚ ਵੀ ਫੇਲ੍ਹ ਹੋਣ ਦੀ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਜਾਏ ਢੁਕਵੇਂ ਕਦਮ ਚੁੱਕ ਕੇ ਪੰਜਾਬੀਆਂ ਵਿਚ ਵਿਸ਼ਵਾਸ ਬਹਾਲ ਕਰਨ ਦੇ, ਮੁੱਖ ਮੰਤਰੀ ਆਪਣੀ ਵਜ਼ਾਰਤ ਸਮੇਤ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਵਾਸਤੇ ਗੁਜਰਾਤ ਭੱਜ ਗਏ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬੀਆਂ ਨੇ ਹਾਂ ਪੱਖੀ ਤਬਦੀਲੀ ਵਾਸਤੇ ਆਪ ਨੂੰ ਵੱਡਾ ਫਤਵਾ ਦਿੱਤਾ ਸੀ ਨਾ ਕਿ ਸੂਬੇ ਦੇ ਸਰੋਤ ਦੇਸ਼ ਭਰ ਵਿਚ ਆਪ ਦੇ ਪ੍ਰਭਾਵ ਦਾ ਵਿਸਥਾਰ ਕਰਨ ਵਾਸਤੇ ਸੂਬੇ ਦੇ ਸਰੋਤਾਂ ਨੂੰ ਬਰਬਾਦ ਕਰਨ ਲਈ ਤੇ ਪੰਜਾਬ ਵਿਚ ਕੁਪ੍ਰਸ਼ਾਸਨ ਲਈ ਦਿੱਤਾ ਸੀ। ਉਹਨਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਅਜਿਹੇ ਹਾਲਾਤ ਕਦੇ ਨਹੀਂ ਬਣੇ ਕਿ ਚੁਣੀ ਹੋਈ ਸਰਕਾਰ ਆਪਣੇ ਲੋਕਾਂ ਨੂੰ ਭੁੱਲ ਗਈ ਤੇ ਸੂਬੇ ਨੂੰ ਅਰਾਜਕਤਾ ਵਿਚ ਧੱਕ ਦਿੱਤਾ। ਸ: ਬਾਦਲ ਨੇ ਕਿਹਾ ਕਿ ਪੰਜਾਬ ਵਿਚ ਅੱਜ ਕੋਈ ਵੀ ਸੁਰੱਖਿਅਤ ਨਹੀਂ ਹੈ। ਉਹਨਾਂ ਕਿਹਾ ਕਿ ਮਿੱਥ ਕੇ ਕਤਲ ਕਰਨਾ ਨਿੱਤ ਦਾ ਕੰਮ ਹੋ ਗਿਆ ਹੈ ਤੇ ਅੱਜ ਬਟਾਲਾ ਨੇੜੇ ਇਕ ਅਕਾਲੀ ਵਰਕਰ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਅਸੀਂ ਵੇਖਿਆ ਸੀ ਕਿ ਕਿਵੇਂ ਨੌਜਵਾਨਾਂ ਦੀ ਪਸੰਦ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ, ਪੰਜਾਬ ਪੁਲਿਸ ਇੰਟਰੈਲੀਜੈਂਸ ਦਫਤਰ ’ਤੇ ਆਰ ਪੀ ਜੀ ਹਮਲਾ ਹੋਇਆ, ਹਿੰਦੂ ਤੇ ਸਿੱਖ ਟਕਰਾਅ ਹੋਏ ਤੇ ਗੈਂਗਸਟਰ ਦੀਪਕ ਟੀਨੂੰ ਪੁਲਿਸ ਦੀ ਹਿਰਾਸਤ ਵਿਚੋਂ ਫਰਾਰ ਹੋ ਗਿਆ। ਉਹਨਾਂ ਕਿਹਾ ਕਿ ਆਪ ਸਰਕਾਰ ਨੂੰ ਸੱਤਾ ਵਿਚ ਆਏ ਨੂੰ 8 ਮਹੀਨੇ ਹੋਏ ਹਨ ਪਰ ਉਸਨੇ ਸੂਬੇ ਨੂੰ 20 ਸਾਲ ਪਛਾੜ ਦਿੱਤਾ ਹੈ ਤੇ ਲੋਕਾਂ ਨੂੰ 1980ਵਿਆਂ ਦਾ ਕਾਲਾ ਦੌਰ ਚੇਤੇ ਆਉਣ ਲੱਗ ਪਿਆਹੈ ਜੋ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਕਾਰਨ ਤੇ ਫਿਰਕੂ ਟਕਰਾਅ ਦੇ ਨਤੀਜੇ ਵਜੋਂ ਆਇਆਸੀ। ਉਨਾਂ ਜ਼ੋਰ ਦੇ ਕੇ ਕਿਹਾ ਕਿ ਫਿਰੌਤੀਆਂ ਦੇ ਸਭਿਆਚਾਰ ਦੀ ਸੂਬੇ ਦੀਆਂ ਜੇਲ੍ਹਾਂ ਵਿਚ ਪੁਸ਼ਤ ਪਨਾਹੀ ਕੀਤੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਦੇ ਮਨਾਂ ਵਿਚ ਖੌਫ ਤੇ ਦਹਿਸ਼ਤ ਦਾ ਮਾਹੌਲ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਹਾਲ ਹੀ ਵਿਚ ਕਈ ਨਿਵੇਸ਼ਕ ਮਿਲੇ ਹਨ ਜਿਹਨਾਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਪੰਜਾਬ ਵਿਚ ਮੌਜੂਦਾ ਸਮਾਂ ਨਿਵੇਸ਼ ਲਈ ਢੁਕਵਾਂ ਨਹੀਂ ਹੈ। ਉਹਨਾਂ ਕਿਹਾ ਕਿ ਇਥੇ ਦੇ ਸਥਾਨਕ ਵਪਾਰੀ ਵੀ ਹੁਣ ਸੂਬੇ ਤੋਂ ਬਾਹਰ ਜਾਣ ਨੂੰ ਤਰਜੀਹ ਦੇਣ ਲੱਗ ਪਏ ਹਨ। ਉਹਨਾਂ ਕਿਹਾ ਕਿ ਇਸ ਕਾਰਨ ਨੌਕਰੀਆਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਬੇਰੋਜ਼ਗਾਰੀ ਵੱਘ ਰਹੀ ਹੈ, ਜਿਸ ਬਾਰੇ ਨੌਜਵਾਨਾਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਕਿਵੇਂ ਉਹਨਾਂ ਨੇ ਸੂਬੇ ਵਿਚ ਖਰਾਬ ਹੋਏ ਮਾਹੌਲ ਕਾਰਨ ਉਦਯੋਗ ਬੰਦ ਹੋਣ ਨਾਲ ਆਪਣੇ ਰੋਜ਼ਗਾਰ ਗੁਆਏ ਹਨ। ਉਹਨਾਂ ਕਿਹਾ ਕਿ ਸੂਬੇ ਦੇ ਮਾੜੇ ਹਾਲਾਤਾਂ ਦਾ ਸਭ ਤੋਂ ਵੱਡਾ ਅਸਰ ਦੋ ਪ੍ਰਮੁੱਖ ਭਾਈਚਾਰਿਆਂ ਦੀ ਆਪਸੀ ਸਾਂਝ ’ਤੇ ਪਿਆ ਹੈ ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਹੁਤ ਮਿਹਨਤ ਨਾਲ ਕਾਇਮ ਕੀਤੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਹੁਣ ਬੀਤੇ ਦੀ ਗੱਲ ਦਿਸਦੀ ਹੈ। ਸ: ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਬਜਾਏ ਦਰੁੱਸਤੀ ਵਾਲੇ ਕਦਮ ਚੁੱਕਣ ਦੇ ਆਮ ਆਦਮੀ ਪਾਰਟੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਸਸਤੀ ਸ਼ੋਹਰਤ ਖੱਟਣ ਵਾਸਤੇ ਪ੍ਰਾਪੇਗੰਡੇ ’ਤੇ ਉਤਰ ਆਈ ਹੈ। ਉਹਨਾਂ ਕਿਹਾ ਕਿ ਐਂਟੀ ਗੈਂਗਸਟਰ ਫੋਰਸ ਜਿਸਦਾ ਕਰੋੜਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਪ੍ਰਚਾਰ ਕੀਤਾ ਗਿਆ, ਪੂਰੀ ਤਰ੍ਹਾਂ ਫਲਾਪ ਸਾਬਤਹੋਈ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸੂਬੇ ਵਿਚ ਗੈਂਗਸਟਰਾਂ ਦੀ ਸਰਗਰਮੀ ਵਿਚ ਵਾਧਾ ਹੋਇਆ ਹੈ ਤੇ ਇਸੇ ਕਾਰਨ ਕਤਲਾਂ ਤੇ ਫਿਰੌਤੀ ਦੀਆਂ ਘਟਨਾਵਾਂ ਵਧੀਆਂ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਲੁੱਟ ਖੋਹ ਤੇ ਡਾਕੇ ਵੀ ਵੱਧ ਗਏ ਹਨ ਜਿਸ ਕਾਰਨ ਆਮ ਆਦਮੀ ਪ੍ਰੇਸ਼ਾਨ ਹੈ।

ਗੰਨ ਕਲਚਰ ਲਈ ਮੰਤਰੀ ਅਨਮੋਲ ਗਗਨ ਮਾਨ ਖਿਲਾਫ ਕੇਸ ਦਰਜ ਕੀਤਾ ਜਾਵੇ : ਬਿਕਰਮ ਸਿੰਘ ਮਜੀਠੀਆ

0

ਕਿਹਾ ਕਿ ਪੰਜਾਬ ’ਚ ਆਮ ਆਦਮੀ ਤੇ ਇੱਕ ਮੰਤਰੀ ਲਈ ਵੱਖ ਵੱਖ ਕਾਨੂੰਨ ਨਹੀਂ ਹੋ ਸਕਦੇ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 29 ਨਵੰਬਰ : ਸੂਬੇ ਦੀ ਭਗਵੰਤ ਮਾਨ ਸਰਕਾਰ ਵਲੋਂ ਗੰਨ ਕਲਚਰ ਵਿਰੁਧ ਵਿੱਢੀ ਮੁਹਿੰਮ ਤਹਿਤ ਸੋਸਲ ਮੀਡੀਆ ਉਪਰ ਹਥਿਆਰਾਂ ਨਾਲ ਫ਼ੋਟੋਆਂ ਪਾਉਣ ਵਾਲਿਆਂ ਵਿਰੁਧ ਕੀਤੀ ਜਾ ਰਹੀ ਕਾਰਵਾਈ ਦੌਰਬਾਨ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਇਕ ਮੰਤਰੀ ਤੇ ਆਮ ਆਦਮੀ ਵਾਸਤੇ ਕਾਨੂੰਨ ਵੱਖੋ-ਵੱਖ ਨਹੀਂ ਹੋ ਸਕਦਾ ਤੇ ਉਹਨਾਂ ਮੰਗ ਕੀਤੀ ਕਿ ਗੰਨ ਕਲਚਰ ਦੀ ਪ੍ਰੋਮੋਸ਼ਨ ਲਈ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ। ਇੱਥੇ ਜਾਰੀ ਇੱਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਆਪੋ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੋਂ ਗੰਨ ਕਲਚਰ ਦੀਆਂ ਸਾਰੀਆਂ ਤਸਵੀਰਾਂ ਹਟਾਉਣ ਲਈ 72 ਘੰਟੇ ਦਾ ਸਮਾਂ ਦਿੱਤਾ ਸੀ ਪਰ ਅਨਮੋਲ ਗਗਨ ਮਾਨ ਨੇ ਇਸ ਚੇਤਾਵਨੀ ਦੀ ਪਰਵਾਹ ਨਹੀਂ ਕੀਤੀ, ਜਿਸ ਕਾਰਨ ਉਹਨਾਂ ਦੇ ਖਿਲਾਫ ਫੌਰੀ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨਾ ਇਸ ਵਾਸਤੇ ਵੀ ਲਾਜ਼ਮੀ ਹੈ ਕਿਉਂਕਿ ਇਹ ਸਪਸ਼ਟ ਸੁਨੇਹਾ ਮਿਲਣਾ ਚਾਹੀਦਾ ਹੈ ਕਿ ’ਖਾਸ ਆਦਮੀ’ ਲਈ ਕਾਨੂੰਨ ਵੱਖ ਹਨ। ਸ: ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦੀਆਂ ਤਰਜੀਹਾਂ ਬੇਤਰਤਬੀਆਂ ਹਨ। ਬਜਾਏ ਕਾਨੂੰਨ ਤੇ ਵਿਵਸਥਾ ਨੂੰ ਦਰੁੱਸਤ ਕਰਨ ਵਾਸਤੇ ਕਦਮ ਚੁੱਕਣ ਦੇ ਗੰਨ ਕਲਚਰ ਦੇ ਖਿਲਾਫ ਚਲਾਈ ਮੁਹਿੰਮ ਵਰਗੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਜਿਸ ਕਾਰਨ ਨਾਬਾਲਗਾਂ ’ਤੇ ਪਰਚੇ ਦਰਜ ਹੋ ਰਹੇ ਹਨ। ਉਹਨਾਂ ਦੱਸਿਆ ਕਿ ਕਿਵੇਂ ਉਹਨਾਂ ਦੇ ਹਲਕੇ ਮਜੀਠਾ ਦੇ ਇਕ 10 ਸਾਲਾਂ ਦੇ ਨੌਜਵਾਨ ਵੱਲੋਂ 2015 ਵਿਚ ਪਾਈ ਤਸਵੀਰ ਲਈ ਉਸਦੇ ਖਿਲਾਫ ਕੇਸ ਦਰਜ ਕੀਤਾ ਗਿਆ। ਉਹਨਾਂ ਕਿਹਾ ਕਿ ਅਜਿਹੀਆਂ ਹੀ ਕਈ ਉਦਾਹਰਣਾਂ ਹਨ ਜਿਹਨਾਂ ਵਿਚ ਬਦਲਾਖੋਰੀ ਦੇ ਵਰਤਾਅ ਕਾਰਨ ਕੇਸ ਦਰਜ ਕੀਤੇ ਗਏ ਹਨ। ਅਕਾਲੀ ਆਗੂ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਇਕ ਪਾਸੇ ਆਮ ਆਦਮੀ ਸਰਕਾਰ ਗੰਨ ਕਲਚਰ ਦੇ ਖਿਲਾਫ ਕਦਮ ਚੁੱਕ ਰਹੀ ਹੈ ਜਦੋਂ ਕਿ ਦੂਜੇ ਪਾਸੇ ਇਹ ਲੋਕਾਂ ਨੂੰ ਬੰਦੂਕਾਂ ਦੇ ਲਾਇਸੰਸ ਲੈਣ ਲਈ ਜ਼ਿਲ੍ਹਾ ਰੈਡ ਕਰਾਸ ਸੁਸਾਇਟੀਆਂ ਨੂੰ 20 ਤੋਂ 30 ਹਜ਼ਾਰ ਰੁਪਏ ਦੇਣ ਲਈ ਮਜਬੂਰ ਕਰ ਰਹੇ ਹਨ। ਉਹਨਾਂ ਕਿਹਾ ਕਿ ਕਈ ਲਾਇਸੰਸ ਇਕਪਾਸੜ ਹੀ ਰੱਦ ਕਰ ਦਿੱਤੇ ਗਏ ਹਨ ਜਿਸ ਕਾਰਨ ਭ੍ਰਿਸ਼ਟਾਚਾਰ ਵਿਚ ਵਾਧਾ ਹੋਵੇਗਾ। ਉਨ੍ਹਾਂ ਸੂਬੇ ਦੇ ਡੀ ਜੀ ਪੀ ਨੂੰ ਆਖਿਆ ਕਿ ਉਹ ਮਸਲੇ ਦੀ ਜੜ੍ਹ ’ਤੇ ਕਾਰਵਾਈ ਕਰਨ ਅਤੇ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਵਿਚ ਗਿਰਾਵਟ ਨੁੰ ਰੋਕਣ ਲਈ ਤੁਰੰਤ ਦਰੁੱਸਤੀ ਵਾਲੇ ਅਸਲ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਹਨਾਂ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਸੂਬਾ ਪੁਲਿਸ ਨੂੰ ਗੈਂਗਸਟਰਾਂ ਅਤੇ ਹੋਰ ਗੈਰ ਸਮਾਜੀ ਤੱਤਾਂ ਤੇ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਨੂੰ ਖਤਮ ਕਰਨ ਵਾਸਤੇ ਖੁੱਲ੍ਹਾ ਹੱਥ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਆਮ ਆਦਮੀ ਨੂੰ ਸਹੀ ਤਰੀਕੇ ਨਿਆਂ ਮਿਲ ਸਕੇ।

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਐਨ.ਸੀ.ਸੀ ਦਿਵਸ ਸ਼ਾਨੋ-ਸ਼ੋਕਤ ਨਾਲ ਮਨਾਇਆ

0

ਸੁਖਜਿੰਦਰ ਮਾਨ
ਬਠਿੰਡਾ, 29 ਨਵੰਬਰ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਕੈਂਪਸ ਵਿਖੇ ਨੈਸ਼ਨਲ ਕੈਡਿਟ ਕੋਰ (ਐਨ.ਸੀ.ਸੀ.) ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। 20 ਪੰਜਾਬ ਬਟਾਲੀਅਨ ਐਨ.ਸੀ.ਸੀ. ਯੂਨਿਟ ਅਤੇ 2 ਪੰਜਾਬ ਰੀਮਾਉਂਟ ਅਤੇ ਵੈਟਰਨਰੀ ਸਕੁਐਡਰਨ ਦੇ ਕੈਡਿਟਾਂ ਵੱਲੋਂ ਯੂਨੀਵਰਸਿਟੀ ਦੇ ਪਰੇਡ ਗਰਾਊਂਡ ਵਿੱਚ ਰਸਮੀ ਅਭਿਆਸ ਦਾ ਆਯੋਜਨ ਕੀਤਾ ਗਿਆ।ਸਮਾਗਮ ਦੀ ਪ੍ਰਧਾਨਗੀ ਕਰਨਲ ਜਗਬੀਰ ਰਾਣਾ, 2 ਆਰ ਐਂਡ ਵੀ ਸਕੁਐਡਰਨ ਐਨ.ਸੀ.ਸੀ. ਘੁੱਦਾ ਦੇ ਕਮਾਂਡਿੰਗ ਅਫਸਰ ਨੇ ਕੀਤੀ। ਆਪਣੇ ਸੰਬੋਧਨ ਦੋਰਾਨ ਕਰਨਲ ਰਾਣਾ ਨੇ ਕੈਡਿਟਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀ ਜੀਵਨ ਵਿੱਚ ਅਨੁਸ਼ਾਸਨ ਅਤੇ ਸਕਾਰਾਤਮਕ ਰਵੱਈਏ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਜੋ ਉਨ੍ਹਾਂ ਦੇ ਜੀਵਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਯੋਗ ਬਣਾਉਂਦਾ ਹੈ। ਉਨ੍ਹਾਂ ਇਸ ਮੌਕੇ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਕੈਡਿਟਾਂ ਦੀ ਸ਼ਲਾਘਾ ਕੀਤੀ। 2 ਪੀ.ਬੀ.ਆਰ.ਐਂਡ.ਵੀ ਸਕਾਡਰਨ ਦੇ ਕੈਡਿਟਾਂ ਵੱਲੋਂ ਘੋੜਸਵਾਰੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ, ਜਿਸ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਐਨ.ਸੀ.ਸੀ ਕੈਡਿਟਾਂ ਵੱਲੋਂ ਘੋੜਿਆਂ ਦੀ ਨਿਪੁੰਨਤਾ ਨਾਲ ਦੇਖ-ਰੇਖ ਦੇਖ ਕੇ ਸਾਰੇ ਹੈਰਾਨ ਰਹਿ ਗਏ। ਕੈਡਿਟਾਂ ਨੂੰ ਐਨ.ਸੀ.ਸੀ. ਵਿੱਚ ਉਨ੍ਹਾਂ ਦੀ ਲੰਮੀ ਸੇਵਾ ਦੇ ਆਧਾਰ ’ਤੇ ਰੈਂਕ ਪ੍ਰਦਾਨ ਕੀਤੇ ਗਏ। ਕੈਡਿਟ ਯਸ਼ਦੀਪ ਮੌਰੀਆ ਨੂੰ ਜੂਨੀਅਰ ਅੰਡਰ ਅਫਸਰ ਅਤੇ ਕੈਡਿਟ ਪ੍ਰਾਚਿਕਾ ਨੂੰ ਸਾਰਜੈਂਟ ਦੇ ਰੈਂਕ ਨਾਲ ਸਨਮਾਨਿਤ ਕੀਤਾ ਗਿਆ। ਕੈਡਿਟ ਮਨਦੀਪ ਸਿੰਘ, ਕੈਡਿਟ ਲਵਦੀਪ ਸਿੰਘ ਅਤੇ ਕੈਡਿਟ ਸੁਰਜੀਤ ਕੌਰ ਨੂੰ ਕਾਰਪੋਰਲ ਦਾ ਦਰਜਾ ਦਿੱਤਾ ਗਿਆ। ਕੈਡਿਟ ਸੁਸ਼ੀਲ, ਕੈਡਿਟ ਨਿਖਿਲ, ਕੈਡਿਟ ਸਾਹਿਲਦੀਪ, ਕੈਡਿਟ ਗੁਰਲਾਜ, ਕੈਡਿਟ ਸੁਮਨਦੀਪ ਅਤੇ ਕੈਡਿਟ ਸਿਮਰਨਦੀਪ ਲਾਂਸ ਕਾਰਪੋਰਲ ਦੇ ਰੈਂਕ ਲਈ ਚੁਣੇ ਗਏ। ਇਸ ਪ੍ਰੋਗਰਾਮ ਵਿੱਚ ਹੋਰਨਾਂ ਸਕੂਲਾਂ ਅਤੇ ਕਾਲਜਾਂ ਦੇ ਕੈਡਿਟਾਂ ਅਤੇ ਅਧਿਕਾਰੀਆਂ ਨੇ ਵੀ ਭਾਗ ਲਿਆ। ਵਿਸ਼ੇਸ਼ ਤੌਰ ’ਤੇ, ਐਸ.ਐਸ.ਡੀ. ਸਕੂਲ (ਲੜਕੇ) ਦੇ ਫਸਟ ਅਫਸਰ ਪਰਵੀਨ ਪੁਰੀ ਨੇ ਆਪਣੇ 25 ਜੂਨੀਅਰ ਕੈਡਿਟਾਂ ਦੇ ਨਾਲ ਜਸ਼ਨਾਂ ਵਿੱਚ ਹਿੱਸਾ ਲਿਆ। ਵੱਖ-ਵੱਖ ਸਕੂਲਾਂ ਦੇ ਕੈਡਿਟਾਂ ਨੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਐਨ.ਸੀ.ਸੀ ਦਿਵਸ ਦਾ ਇਕ ਤਿਉਹਾਰ ਵਾਂਗ ਆਨੰਦ ਮਾਣਿਆ ਹੈ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਰੰਗੇ ਗਏ ਹਨ।
ਇਹਨਾਂ ਗਤੀਵਿਧੀਆਂ ਦਾ ਉਦੇਸ਼ ਐਨ.ਸੀ.ਸੀ. ਦੇ ਏਕਤਾ ਅਤੇ ਅਨੁਸ਼ਾਸਨ ਦੇ ਆਦਰਸ਼ ਨੂੰ ਉਤਸ਼ਾਹਿਤ ਕਰਨਾ ਸੀ। ਦੇਸ਼ ਭਗਤੀ ਦੇ ਗੀਤ, ਪ੍ਰਸਿੱਧ ਪੰਜਾਬੀ ਨਾਟਕਕਾਰ ਕੀਰਤੀ ਕ੍ਰਿਪਾਲ ਵੱਲੋਂ ਨੁੱਕੜ ਨਾਟਕ, ਸਵੱਛਤਾ ਮਿਸ਼ਨ , ਸਵੈ-ਰਚਿਤ ਕਵਿਤਾਵਾਂ ਅਤੇ ਭਾਸ਼ਣ ਇਸ ਪ੍ਰੋਗਰਾਮ ਦਾ ਹਿੱਸਾ ਸਨ। ਐਮਆਰਐਸ-ਪੀਟੀਯੂ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਵਿਦਿਆਰਥੀਆਂ ਨੂੰ ਐਨ.ਸੀ.ਸੀ. ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿਚ ਲਾਗੂ ਕਰਨਾ ਚਾਹੀਦਾ ਹੈ ਜੋ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। ਪ੍ਰੋਗਰਾਮ ਦੌਰਾਨ ਉਨ੍ਹਾਂ ਦਾ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ। ਰਜਿਸਟਰਾਰ ਡਾ: ਗੁਰਿੰਦਰਪਾਲ ਸਿੰਘ ਬਰਾੜ ਅਤੇ ਕੈਂਪਸ ਡਾਇਰੈਕਟਰ ਜੀ.ਜ਼ੈਡ.ਐਸ.ਸੀ.ਈ.ਟੀ. ਪ੍ਰੋ. ਸੰਜੀਵ ਅਗਰਵਾਲ ਨੇ ਯੂਨੀਵਰਸਿਟੀ ਦੇ ਐਨ.ਸੀ.ਸੀ ਵਿੰਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਪ੍ਰੋਗਰਾਮ ਦੇ ਮੁੱਖ ਕੋਆਰਡੀਨੇਟਰ ਕੈਪਟਨ ਰਾਜੀਵ ਕੁਮਾਰ ਵਾਰਸ਼ਨੀ ਨੇ ਯੂਨੀਵਰਸਿਟੀ ਵਿੱਚ ਐਨ.ਸੀ.ਸੀ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਪੀ.ਆਈ.ਟੀ ਨੰਦਗੜ੍ਹ, ਡਾਇਰੈਕਟਰ, ਪ੍ਰੋ. ਆਰ.ਕੇ.ਬਾਂਸਲ, ਡੀਨ ਵਿਦਿਆਰਥੀ ਭਲਾਈ, ਪ੍ਰੋ.ਪਰਮਜੀਤ ਸਿੰਘ, ਪ੍ਰੋ.ਅਨੁਪਮ ਅਤੇ ਪ੍ਰੋ.ਸ਼ਵੇਤਾ ਨੇ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਸ਼ਿਰਕਤ ਕੀਤੀ। ਸਮਾਗਮ ਦੀ ਸਮਾਪਤੀ ਲੈਫਟੀਨੈਂਟ ਵਿਵੇਕ ਵੱਲੋਂ ਧੰਨਵਾਦੀ ਮਤੇ ਨਾਲ ਹੋਈ।

ਹੁਣ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਨਾਮ ਬਦਲਣ ਦੇ ਮੁੱਦੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹੋਏ ਆਹਮੋ-ਸਾਹਮਣੇ

0

ਹਰਿਆਣਾ ਦੇ ਮੁੱਖ ਮੰਤਰੀ ਨੇ ਕੇਂਦਰੀ ਰੇਲ ਮੰਤਰੀ ਨੂੰ ਪੱਤਰ ਲਿਖਕੇ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਨਾਂ ਚੰਡੀਗੜ੍ਹ-ਪੰਚਕੂਲਾ ਰੇਲਵੇ ਸਟੇਸ਼ਨ ਰੱਖਣ ਦੀ ਕੀਤੀ ਮੰਗ
ਪ੍ਰਤਾਪ ਬਾਜਵਾ ਨੇ ਹਰਿਆਣਾ ਦੀ ਇਸ ਮੰਗ ਨੂੰ ਦੱਸੀ ਚੰਡੀਗੜ੍ਹ ਹਥਿਆਉਣ ਦੀ ਸੋਝੀ ਸਮਝੀ ਸਾਜ਼ਸ
ਚੰਡੀਗੜ੍ਹ ’ਤੇ ਪੰਜਾਬ ਦੇ ਹੱਕ ਨੂੰ ਹੋਰ ਕਮਜ਼ੋਰ ਕਰ ਦੇਵੇਗਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 29 ਨਵੰਬਰ: ਪਹਿਲਾਂ ਹੀ ਚੰਡੀਗੜ੍ਹ ’ਚ ਵੱਖਰੀ ਹਰਿਆਣਾ ਵਿਧਾਨ ਸਭਾ ਬਣਾਉਣ ਲਈ ਜਮੀਨ ਲੈਣ ਦੇ ਮੁੱਦੇ ’ਤੇ ਇੱਕ ਦੂਜੇ ਵਿਰੁਧ ਮੈਦਾਨ ’ਚ ਹਰਿਆਣਾ ਤੇ ਪੰਜਾਬ ਹੁਣ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਨਾਮ ਬਦਲਣ ਦੀ ਮੰਗ ਨੂੰ ਲੈ ਕੇ ਮੁੜ ਆਹਮੋ-ਸਾਹਮਣੇ ਆ ਗਏ ਹਨ। ਹਰਿਆਣਾ ਦੀ ਇਸ ਕੋਸ਼ਿਸ਼ ਨੂੰ ਚੰਡੀਗੜ੍ਹ ਹਥਿਆਉਣ ਦੀ ਸੋਚੀ ਸਮਝੀ ਸਾਜਸ਼ ਕਰਾਰ ਦਿੰਦਿਆਂ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਮਾਮਲੇ ਵਿਚ ਜਿੱਥੇ ਹਰਿਆਣਾ ਦਾ ਵਿਰੋਧ ਕੀਤਾ ਹੈ, ਉਥੇ ਇਸ ਗੰਭੀਰ ਮੁੱਦੇ’ਤੇ ਚੁੱਪ ਰਹਿਣ ਦੇ ਦੋਸ਼ ਲਗਾਉਂਦਿਆਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਆਲੋਚਨਾ ਕੀਤੀ ਹੈ। ਜਿਕਰਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਨਾਂ ਚੰਡੀਗੜ੍ਹ-ਪੰਚਕੂਲਾ ਰੇਲਵੇ ਸਟੇਸ਼ਨ ਰੱਖਣ ਦੀ ਮੰਗ ਕੀਤੀ ਹੈ। ਬਾਜਵਾ ਨੇ ਕਿਹਾ ਕਿ ਉਹ ਇਸ ਗੱਲ ਤੋਂ ਨਿਰਾਸ਼ ਹਨ ਕਿ ਭਗਵੰਤ ਮਾਨ ਸਰਕਾਰ ਨੇ ਅਜੇ ਤੱਕ ਉਕਤ ਘਟਨਾਕ੍ਰਮ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਜੋਕਿ ਸੱਚਮੁੱਚ ਨਿਰਾਸ਼ਾਜਨਕ ਹੈ। ਬਾਜਵਾ ਨੇ ਕਿਹਾ ਹਰਿਆਣਾ ਦੇ ਮੁੱਖ ਮੰਤਰੀ ਅਤੇ ਸਪੀਕਰ ਗਿਆਨ ਚੰਦ ਗੁਪਤਾ ਹਰ ਰੋਜ਼ ਚੰਡੀਗੜ੍ਹ ਬਾਰੇ ਕੋਈ ਨਾ ਕੋਈ ਇਤਰਾਜ਼ਯੋਗ ਜਾਂ ਅਪਮਾਨਜਨਕ ਬਿਆਨ ਦਿੰਦੇ ਹਨ ਅਤੇ ਪੰਜਾਬ ਦੀ ’ਆਪ’ ਸਰਕਾਰ ਜਵਾਬ ਦੇਣਾ ਵੀ ਠੀਕ ਨਹੀਂ ਸਮਝਦੀ। ਉਨ੍ਹਾਂ ਕਿਹਾ ਕੁਝ ਦਿਨ ਪਹਿਲਾਂ ਹੀ ਖੱਟਰ ਨੇ ਚੰਡੀਗੜ੍ਹ ਵਿਚ ਹਰਿਆਣਾ ਵਿਧਾਨ ਸਭਾ ਲਈ ਜ਼ਮੀਨ ਦੀ ਮੰਗ ਕੀਤੀ ਸੀ ਤੇ ਹੁਣ ਜਦੋਂ ਗੁਆਂਢੀ ਸੂਬਾ ਰੇਲਵੇ ਸਟੇਸ਼ਨ ਦਾ ਨਾਂ ਬਦਲਣ ਦੀ ਮੰਗ ਕਰ ਰਿਹਾ ਹੈ ਤਾਂ ਭਗਵੰਤ ਮਾਨ ਫਿਰ ਸੌਂ ਗਏ ਜਾਪਦੇ ਹਨ। ਇਸ ਤੋਂ ਪਹਿਲਾਂ ਭਗਵੰਤ ਮਾਨ ਨੇ 9 ਜੁਲਾਈ ਨੂੰ ਇੱਕ ਟਵੀਟ ਕਰਕੇ ਹਰਿਆਣਾ ਦੀ ਤਰਜ਼ ’ਤੇ ਹਾਈਕੋਰਟ ਅਤੇ ਵਿਧਾਨ ਸਭਾ ਲਈ ਕੇਂਦਰ ਸਰਕਾਰ ਤੋਂ ਜ਼ਮੀਨ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਜਾਂ ਤਾਂ ਭਗਵੰਤ ਮਾਨ ਨੂੰ ਪੰਜਾਬ ਦੇ ਇਤਿਹਾਸ ਅਤੇ ਚੰਡੀਗੜ੍ਹ ਨਾਲ ਇਸ ਦੀ ਸਾਂਝ ਬਾਰੇ ਕੋਈ ਜਾਣਕਾਰੀ ਜਾਂ ਸਮਝ ਨਹੀਂ ਹੈ ਜਾਂ ਉਹ ਜਾਣਬੁੱਝ ਕੇ ਅਜਿਹੇ ਮੁੱਦਿਆਂ ’ਤੇ ਚੁੱਪ ਧਾਰੀ ਬੈਠੇ ਹਨ, ਜਿਵੇਂ ਕਿ ’ਆਪ’ ਹਰਿਆਣਾ ਵਿਚ ਚੋਣਾਂ ਲੜਨ ਦਾ ਇਰਾਦਾ ਰੱਖਦੀ ਹੈ। ਇਸ ਲਈ ’ਆਪ’ ਹਰਿਆਣਾ ਦੇ ਵੋਟਰਾਂ ਨੂੰ ਪੰਜਾਬ ਨਾਲ ਕਰਕੇ ਲੁਭਾਉਣਾ ਚਾਹੁੰਦੀ। ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਅਜਿਹਾ ਰਵੱਈਆ ਚੰਡੀਗੜ੍ਹ ’ਤੇ ਪੰਜਾਬ ਦੇ ਦਾਅਵੇ ਅਤੇ ਇਸ ਨਾਲ ਜੁੜੇ ਹੋਰ ਵਿਵਾਦਪੂਰਨ ਮੁੱਦਿਆਂ ਨੂੰ ਬਹੁਤ ਕਮਜ਼ੋਰ ਕਰ ਰਿਹਾ ਹੈ।

Our Visitor

1907319