Monday, May 18, 2026
Home Blog Page 2313

ਗੈਂਗਸਟਰ ਰਾਜਨ ਭੱਟੀ ਦੇ ਦੋ ਸਾਥੀ ਬਠਿੰਡਾ ਤੋਂ ਗ੍ਰਿਫ਼ਤਾਰ; ਦੋ ਨਜਾਇਜ਼ ਹਥਿਆਰ ਬਰਾਮਦ

0
ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਚਨਬੱਧ
ਗੈਂਗਸਟਰ ਰਾਜਨ ਭੱਟੀ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ: ਏ.ਆਈ.ਜੀ. ਅਸ਼ਵਨੀ ਕਪੂਰ
ਸੁਖਜਿੰਦਰ ਮਾਨ
ਬਠਿੰਡਾ , 24 ਨਵੰਬਰ:ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਬਠਿੰਡਾ ਦੀ ਸੁਸ਼ਾਂਤ ਸਿਟੀ ਵਿਖੇ ਛਾਪੇਮਾਰੀ ਦੌਰਾਨ ਗੈਂਗਸਟਰ ਰਾਜਨ ਭੱਟੀ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਰਾਜਨ ਭੱਟੀ ਗੁਰਦਾਸਪੁਰ ਦੇ ਪਿੰਡ ਮੁਸਤਫਾਬਾਦ ਜੱਟਾਂ ਦਾ ਰਹਿਣ ਵਾਲਾ ਹੈ ਅਤੇ ਕੈਨੇਡਾ ਅਧਾਰਿਤ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਦਾ ਕਰੀਬੀ ਸਾਥੀ ਹੈ।
ਗ੍ਰਿਫ਼ਤਾਰ ਗਏ ਵਿਅਕਤੀਆਂ ਦੀ ਪਛਾਣ ਹਰਜਸਨੀਤ ਸਿੰਘ (32) ਵਾਸੀ ਪਿੰਡ ਕੋਟ ਸ਼ਮੀਰ, ਬਠਿੰਡਾ ਅਤੇ ਕਮਲਜੀਤ ਸਿੰਘ (26) ਵਾਸੀ ਪਿੰਡ ਗੁਲਾਬਗੜ੍ਹ, ਬਠਿੰਡਾ ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ .315 ਬੋਰ ਦੀ ਰਾਈਫਲ ਅਤੇ .30 ਬੋਰ ਦੀ ਸਟਾਰ ਮੇਕ ਪਿਸਤੌਲ ਸਮੇਤ ਗੋਲੀ ਸਿੱਕਾ ਵੀ ਬਰਾਮਦ ਕੀਤਾ।
ਵੇਰਵੇ ਦਿੰਦਿਆਂ ਏ.ਆਈ.ਜੀ. ਐਸ.ਐਸ.ਓ.ਸੀ. ਐਸ.ਏ.ਐਸ. ਅਸ਼ਵਨੀ ਕਪੂਰ ਨੇ ਦੱਸਿਆ ਕਿ ਸੂਬੇ ਵਿੱਚ ਅਮਨ-ਸ਼ਾਂਤੀ ਨੂੰ ਭੰਗ ਕਰਨ ਦੇ ਦੋਸ਼ ਵਿੱਚ ਲਖਬੀਰ ਲੰਡਾ ਖ਼ਿਲਾਫ਼ ਦਰਜ ਕੀਤੇ ਕੇਸ ਦੀ ਜਾਂਚ ਦੌਰਾਨ ਇੱਕ ਮੁਲਜ਼ਮ ਰਾਜਨ ਭੱਟੀ ਬਾਰੇ ਪਤਾ ਲੱਗਾ ਜੋ ਲਖਬੀਰ ਲੰਡਾ ਦੇ ਸਿੱਧੇ ਸੰਪਰਕ ਵਿੱਚ ਸੀ ਅਤੇ ਉਸ ਦੇ ਇਸ਼ਾਰੇ ’ਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ।
ਇਸ ਸਬੰਧੀ 23/08/2022 ਨੂੰ ਐਫ.ਆਈ.ਆਰ. ਨੰਬਰ 06 ਤਹਿਤ ਭਾਰਤੀ ਦੰਡਾਵਲੀ  ਦੀ ਧਾਰਾ 153, 153-ਏ, 120-ਬੀ ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਲਖਬੀਰ ਸਿੰਘ ਲੰਡਾ ਅਤੇ ਉਸਦੇ ਹੋਰ ਸਾਥੀਆਂ ਵਿਰੁੱਧ ਪੁਲਿਸ ਥਾਣਾ ਐਸ.ਐਸ.ਓ.ਸੀ. ਐਸ.ਏ.ਐਸ. ਨਗਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।
ਏ.ਆਈ.ਜੀ. ਅਸ਼ਵਨੀ ਕਪੂਰ ਨੇ ਦੱਸਿਆ ਕਿ ਮੁਲਜ਼ਮ ਰਾਜਨ ਭੱਟੀ, ਜਿਸ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਵਿਰੁੱਧ ਚੰਡੀਗੜ੍ਹ ਤੇ ਪੰਜਾਬ ਵਿੱਚ ਐਨ.ਡੀ.ਪੀ.ਐਸ. ਐਕਟ ਅਤੇ ਅਸਲਾ ਐਕਟ ਤਹਿਤ ਇਰਾਦਾ ਕਤਲ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਹਨ, ਦੀ ਐਸ.ਐਸ.ਓ.ਸੀ. ਪੁਲੀਸ ਦੀਆਂ ਟੀਮਾਂ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਉਸ ਦੇ ਟਿਕਾਣਿਆਂ ’ਤੇ ਵਾਰ-ਵਾਰ ਛਾਪੇਮਾਰੀ ਕੀਤੀ ਜਾ ਰਹੀ ਸੀ।  ਉਨ੍ਹਾਂ ਦੱਸਿਆ ਕਿ ਭੱਟੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹਥਿਆਰਾਂ ਦੀ ਸਪਲਾਈ ਵਿੱਚ ਲੰਡਾ ਦੀ ਮਦਦ ਕਰਦਾ ਹੈ।ਏ.ਆਈ.ਜੀ. ਨੇ ਦੱਸਿਆ ਕਿ ਬੁੱਧਵਾਰ ਨੂੰ ਪੁਲਿਸ ਪਾਰਟੀ ਨੇ ਸੁਸ਼ਾਂਤ ਸਿਟੀ ਬਠਿੰਡਾ ਵਿਖੇ ਛਾਪੇਮਾਰੀ ਕੀਤੀ ਜਿੱਥੋਂ ਰਾਜਨ ਭੱਟੀ ਦੇ ਦੋ ਸਾਥੀਆਂ ਨੂੰ ਦੋ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਰਾਜਨ ਭੱਟੀ ਨੂੰ ਪਨਾਹ ਦੇਣ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਏ.ਆਈ.ਜੀ. ਅਸ਼ਵਨੀ ਕਪੂਰ ਨੇ ਦੱਸਿਆ ਕਿ ਰਾਜਨ ਭੱਟੀ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਅਤੇ ਜਲਦ ਹੀ ਉਹ ਸਲਾਖਾਂ ਪਿੱਛੇ ਹੋਵੇਗਾ।

‘ਆਪ’ ਪੰਜਾਬ ‘ਚ ਨਸ਼ਾਖੋਰੀ ਨਾਲ ਨਜਿੱਠਣ ‘ਚ ਅਸਫਲ- ਬਲਬੀਰ ਸਿੱਧੂ

0

ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ, 23 ਨਵੰਬਰ – ਭਾਜਪਾ ਆਗੂ ਅਤੇ ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਵਿੱਚ ਨਸ਼ਿਆਂ ਦੀ ਅਲਾਮਤ ਨੂੰ ਨੱਥ ਪਾਉਣ ਵਿੱਚ ਨਾਕਾਮ ਹੋਣ ਉੱਤੇ ‘ਆਪ’ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਿਛਲੇ 8 ਮਹੀਨਿਆਂ ਵਿੱਚ ਨਸ਼ਿਆਂ ਦੇ ਮਾਮਲਿਆਂ ਵਿੱਚ ਬੇਮਿਸਾਲ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹਰ ਥਾਂ ‘ਚਿੱਟਾ’ ਆਸਾਨੀ ਨਾਲ ਮਿਲਣਾ ਚਿੰਤਾ ਦਾ ਵਿਸ਼ਾ ਹੈ। ਹਾਲ ਹੀ ਵਿੱਚ ਸਿਰਫ ਇੱਕ ਜ਼ਿਲ੍ਹੇ ਜਲੰਧਰ ਵਿੱਚ 27 ਡਰੱਗ ਹੌਟ ਸਪੋਟ ਦੀ ਪਛਾਣ ਕੀਤੀ ਗਈ ਹੈ, ਜੋ ਕਿ ਪੰਜਾਬ ਵਿੱਚ ਚਿੰਤਾਜਨਕ ਸਥਿਤੀ ਵੱਲ ਇਸ਼ਾਰਾ ਕਰਦਾ ਹੈ।ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਆਲ ਕਰਦੇ ਹੋਏ ਕਿਹਾ ਤੁਸੀਂ ਅਤੇ ਤੁਹਾਡੇ ਸਿਆਸੀ ਆਗੂ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਾਸੀਆਂ ਨਾਲ ਜੋ ਵਾਅਦੇ ਅਤੇ ਐਲਾਨ ਕੀਤੇ ਸਨ ਕਿ ਤੁਸੀਂ ਸੱਤਾ ਵਿੱਚ ਆਉਣ ਤੋਂ ਬਾਅਦ ਸੂਬੇ ਵਿੱਚੋਂ ਨਸ਼ਾਖੋਰੀ ਨੂੰ ਜੜ੍ਹੋ ਖ਼ਤਮ ਕਰ ਦੇਵੋਗੇ, ਉਸ ਦਾ ਕੀ ਹੋਇਆ? ਉਨ੍ਹਾਂ ਦੋਸ਼ ਲਾਇਆ ਕਿ ਅਜਿਹੀਆਂ ਸਾਰੀਆਂ ਗਤੀਵਿਧੀਆਂ ‘ਆਪ’ ਸਰਕਾਰ ਦੇ ਨੱਕ ਹੇਠ ਹੋ ਰਹੀਆਂ ਹਨ।ਪੰਜਾਬ ਦੇ ਲੋਕ ਰੋਜ਼ਾਨਾ ਸੋਸ਼ਲ ਮੀਡੀਆ ਅਤੇ ਖ਼ਬਰਾਂ ਵਿੱਚ ਦੁਖਦਾਈ ਤਸਵੀਰਾਂ ਅਤੇ ਵੀਡੀਓ ਦੇਖਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਤੇ ਕੈਬਨਿਟ ਮੰਤਰੀਆਂ ਗੁਜਰਾਤ ਦੇ ਵੋਟਰਾਂ ਨੂੰ ਲੁਭਾਉਣ ਲਈ ਪੰਜਾਬ ਨੂੰ ਰੱਬ ਦੇ ਭਰੋਸੇ ‘ਤੇ ਛੱਡ ਦਿੱਤਾ ਹੈ। ਇੱਥੇ ਹਰ ਮੋਰਚੇ ‘ਤੇ ਪੰਜਾਬ ਸਰਕਾਰ ਦੀ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ।
‘ਆਪ’ ਦਾ ਪੰਜਾਬ ‘ਚੋਂ ਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਦੇ ਦਾਅਵਾ ਦੀ ਅਸਲੀਅਤ ਸਾਹਮਣੇ ਆ ਰਹੀ ਹੈ। ਉਨ੍ਹਾਂ ਦੇ ਕੀਤੇ ਗਏ ਖੋਖਲੇ ਵਾਅਦਿਆਂ ਦਾ ਇਕ ਤੋਂ ਬਾਅਦ ਇਕ ਪਰਦਾਫਾਸ਼ ਹੋ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਤੇ ਕੈਬਨਿਟ ਮੰਤਰੀ ਜਲਦ ਤੋਂ ਜਲਦ ਗੁਜਰਾਤ ਤੋਂ ਵਾਪਸ ਪਰਤਣ ਅਤੇ ਸੂਬੇ ਵਿੱਚ ਨਸ਼ਿਆਂ ਦੇ ਸੰਵੇਦਨਸ਼ੀਲ ਮੁੱਦਿਆਂ ਨੂੰ ਹੱਲ ਕਰਨ ਲਈ ਸਖ਼ਤ ਕਦਮ ਚੁੱਕਣ।ਇੰਜ ਜਾਪਦਾ ਹੈ ਕਿ ‘ਆਪ’ ਸਰਕਾਰ ਕੋਲ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਖ਼ਤਰੇ ਤੋਂ ਬਚਾਉਣ ਲਈ ਇੱਛਾ ਸ਼ਕਤੀ ਅਤੇ ਰਣਨੀਤੀ ਦੋਵਾਂ ਦੀ ਹੀ ਘਾਟ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਡਰੱਗ ਮਾਫੀਆ ਨੂੰ ਨੱਥ ਪਾਉਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ ਅਤੇ ਸਰਹੱਦੀ ਖੇਤਰਾਂ ਵਿੱਚ ਸਖ਼ਤ ਨਜ਼ਰ ਨਾ ਰੱਖਣ ਕਾਰਣ ਨਸ਼ੇ ਦੀ ਤਸੱਕਰੀ ਪੂਰੇ ਜ਼ੋਰਾਂ ’ਤੇ ਚੱਲ ਰਹੀ ਹੈ।

ਨਾਜਾਇਜ਼ ਸ਼ਰਾਬ ਦੇ ਕਾਰੋਬਾਰ ‘ਤੇ ਸੁਪਰੀਮ ਕੋਰਟ ਦੀ ਟਿੱਪਣੀ: “ਮੈਂ ਉਸ ਵੇਲੇ ਸੀ. ਬੀ. ਆਈ. ਤੇ ਈ. ਡੀ. ਤੋਂ ਜਾਂਚ ਦੀ ਮੰਗ ਕੀਤੀ” ਬਾਜਵਾ

0

ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਅਜਿਹੇ ਮਾਮਲਿਆਂ ਵਿੱਚ ਢਿੱਲ ਵਰਤੀ। ਕੇਜਰੀਵਾਲ ਨਸ਼ੇ ‘ਤੇ ਲਗਾਮ ਲਗਾਉਣ ਲਈ ਵਚਨਬੱਧ ਹਨ, ਫਿਰ ਵੀ ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਮਰ ਰਹੇ ਹਨ।
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 22 ਨਵੰਬਰ:ਪੰਜਾਬ ਵਿੱਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਦੇ ਕੁੱਝ ਮਾਮਲਿਆਂ ਦੀ ਜਾਂਚ ਵਿੱਚ ਢਿੱਲ ਵਰਤਣ ਬਾਰੇ ਭਾਰਤ ਦੀ ਸੁਪਰੀਮ ਕੋਰਟ ਦੀ ਟਿੱਪਣੀ ਦਾ ਸਮਰਥਨ ਕਰਦੇ ਹੋਏ, ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ, ਪ੍ਰਤਾਪ ਸਿੰਘ ਬਾਜਵਾ ਨੇ ਅੱਜ ਕਿਹਾ ਕਿ ਅੰਮ੍ਰਿਤਸਰ, ਤਰਨਤਾਰਨ ਅਤੇ ਬਟਾਲਾ ਵਿੱਚ ਜੁਲਾਈ 2020 ਵਿੱਚ ਨਕਲੀ ਸ਼ਰਾਬ ਪੀ ਕੇ ਸੈਂਕੜੇ ਤੋਂ ਵੱਧ ਲੋਕਾਂ ਮੌਤ ਤੋਂ ਬਾਅਦ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਅਤੇ ਸੀ. ਬੀ. ਆਈ. ਅਤੇ ਈ. ਡੀ. ਤੋਂ ਜਾਂਚ ਦੀ ਮੰਗ ਕੀਤੀ ਸੀ।ਬਾਜਵਾ ਨੇ ਕਿਹਾ ਕਿ ਉਸ ਸਮੇਂ ਉਨ੍ਹਾਂ ਨੇ ਪੰਜਾਬ ਦੇ ਤਤਕਾਲੀ ਰਾਜਪਾਲ ਵੀ ਪੀ ਸਿੰਘ ਬਦਨੌਰ ਕੋਲ ਪਹੁੰਚ ਕੀਤੀ ਸੀ ਅਤੇ ਸੀ. ਬੀ. ਆਈ. ਅਤੇ ਈ. ਡੀ. ਤੋਂ ਸੂਬੇ ਵਿੱਚ ਨੌਕਰਸ਼ਾਹੀ-ਪੁਲਿਸ-ਸ਼ਰਾਬ ਮਾਫ਼ੀਆ ਗੱਠਜੋੜ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ। “ਮੈਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਸ਼ਰਾਬ ਮਾਫ਼ੀਆ ਦੀ ਜਾਂਚ ਲਈ ਇੱਕ ਮੌਜੂਦਾ ਜੱਜ ਨਿਯੁਕਤ ਕਰਨ ਦੀ ਬੇਨਤੀ ਵੀ ਕੀਤੀ ਸੀ”, ਉਨ੍ਹਾਂ ਨੇ ਅੱਗੇ ਕਿਹਾ।
ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਅਜਿਹੇ ਮਾਮਲਿਆਂ ਵਿੱਚ ਢਿੱਲ ਵਰਤੀ ਹੈ। ਇਹ ਬਹੁਤ ਮੰਦਭਾਗੀ ਗੱਲ ਹੈ ਕਿ ‘ਆਪ’ ਨੇ ਬਦਲਾਅ ਲਿਆਉਣ ਦੇ ਝੂਠੇ ਦਾਅਵੇ ਨਾਲ ਸੂਬੇ ਦੀ ਸੱਤਾ ਹਥਿਆ ਲਈ, ਫਿਰ ਵੀ ਜ਼ਮੀਨੀ ਪੱਧਰ ‘ਤੇ ਕੁੱਝ ਨਹੀਂ ਬਦਲਿਆ।”ਫਰਵਰੀ 2022 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ, ਅਰਵਿੰਦ ਕੇਜਰੀਵਾਲ ਨੇ ਸਰਕਾਰ ਬਣਾਉਣ ਦੇ ਚਾਰ ਮਹੀਨਿਆਂ ਦੇ ਅੰਦਰ ਪੰਜਾਬ ਵਿੱਚ ਨਸ਼ਿਆਂ ‘ਤੇ ਲਗਾਮ ਕੱਸਣ ਦਾ ਭਰੋਸਾ ਦਿੱਤਾ ਸੀ। ਪਰ ਹੁਣ, ਪੰਜਾਬ ਵਿੱਚ ਔਰਤਾਂ ਸਮੇਤ ਨੌਜਵਾਨ ਅਜੇ ਵੀ ਨਸ਼ੇ ਦੀ ਓਵਰ ਡੋਜ਼ ਕਾਰਨ ਮਰ ਰਹੇ ਹਨ, ਭਾਵੇਂ ‘ਆਪ’ ਨੂੰ ਸੱਤਾ ‘ਚ ਆਏ ਅੱਠ ਮਹੀਨੇ ਹੋ ਗਏ ਹਨ,’ ਬਾਜਵਾ ਨੇ ਕਿਹਾ।ਬਾਜਵਾ ਨੇ ਮਾਮਲੇ ਦੀ ਸੀ. ਬੀ. ਆਈ. ਅਤੇ ਈ. ਡੀ. ਜਾਂਚ ਦੀ ਮੰਗ ਨੂੰ ਦੁਹਰਾਇਆ। “ਅਜਿਹੇ ਗੱਠਜੋੜ (ਨੌਕਰਸ਼ਾਹੀ-ਪੁਲਿਸ-ਸ਼ਰਾਬ ਮਾਫ਼ੀਆ ਦਾ ਗੱਠਜੋੜ) ਅਜੇ ਵੀ ਸੂਬੇ ਵਿੱਚ ਪ੍ਰਚਲਿਤ ਹੈ। ਭਵਿੱਖ ਵਿੱਚ ਅੰਮ੍ਰਿਤਸਰ ਤਰਾਸਦੀ ਵਰਗੀਆਂ ਭਿਆਨਕ ਤਰਾਸਦੀਆਂ ਨੂੰ ਵਾਪਰਨ ਤੋਂ ਰੋਕਣ ਲਈ, ਸੀ. ਬੀ. ਆਈ. ਅਤੇ ਈ. ਡੀ. ਦੀ ਜਾਂਚ ਜ਼ਰੂਰੀ ਹੈ,” ਬਾਜਵਾ ਨੇ ਅੱਗੇ ਕਿਹਾ।
ਉਨ੍ਹਾਂ ਕਿਹਾ ਕਿ ਉਪਰੋਕਤ ਗੱਠਜੋੜ ਨੂੰ ਤੋੜਨ ਲਈ, ਪਟਿਆਲਾ (ਪੰਜਾਬ) ਤੋਂ ਗੁਜਰਾਤ ਅਤੇ ਬਿਹਾਰ ਨੂੰ ਕਥਿਤ ਸ਼ਰਾਬ ਦੀ ਤਸਕਰੀ ਦੀ ਨਿਆਇਕ ਜਾਂਚ ਦੇ ਹੁਕਮ ਦਿੱਤੇ ਜਾਣੇ ਚਾਹੀਦੇ ਹਨ। ਇਹ ਮਾਮਲਾ ਅਕਤੂਬਰ ਵਿੱਚ ਸਾਹਮਣੇ ਆਇਆ ਸੀ, ਜਿਸ ਵਿੱਚ ਜਿਹੜੀ ਸ਼ਰਾਬ ਪੰਜਾਬ ਦੇ ਠੇਕਿਆਂ ‘ਤੇ ਵਿੱਕਰੀ ਲਈ ਸੀ, ਉਸ ਸ਼ਰਾਬ ਦੀ ਕਥਿਤ ਤੌਰ ‘ਤੇ ਚੋਣਾਂ ਵਾਲੇ ਸੂਬੇ ਗੁਜਰਾਤ ਵਿੱਚ ਤਸਕਰੀ ਕੀਤੀ ਜਾ ਰਹੀ ਸੀ।ਉਨ੍ਹਾਂ ਕਿਹਾ ਕਿ ਉਸ ਸਮੇਂ ਰਾਜ ਸਭਾ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਨਿਯਮ ਬਣਾਉਣ ਦੀ ਬੇਨਤੀ ਕੀਤੀ ਸੀ ਤਾਂ ਜੋ ਭਵਿੱਖ ਵਿੱਚ ਵਾਪਰਨ ਵਾਲੀਆਂ ਦੁਰਘਟਨਾਵਾਂ ਵਿੱਚ, ਜਿਨ੍ਹਾਂ ਅਧਿਕਾਰੀਆਂ ਦੇ ਅਧਿਕਾਰ ਖੇਤਰ ਵਿੱਚ ਮਾਸੂਮ ਜਾਨਾਂ ਚਲੀਆਂ ਗਈਆਂ ਸਨ, ਨੂੰ ਡਿਊਟੀ ਵਿੱਚ ਅਣਗਹਿਲੀ ਲਈ ਜਵਾਬਦੇਹ ਠਹਿਰਾਇਆ ਜਾ ਸਕੇ। ਬਾਜਵਾ ਨੇ ਅੱਗੇ ਕਿਹਾ, “ਮੇਰਾ ਅਜੇ ਵੀ ਇਹ ਵਿਚਾਰ ਹੈ ਕਿ ਪ੍ਰਸ਼ਾਸਨ ਨੂੰ ਸਮਰੱਥ ਤੇ ਜਵਾਬਦੇਹ ਬਣਾਉਣ ਲਈ ਅਜਿਹੇ ਕਾਨੂੰਨ ਦੀ ਬਹੁਤ ਜ਼ਿਆਦਾ ਲੋੜ ਹੈ।”

ਸਕੂਲਾਂ ਦੀ ਬਜ਼ਾਏ ਹੋਰਨਾਂ ਵਿਭਾਗਾਂ ਵਿੱਚ ਬੈਠੇ ਅਧਿਆਪਕਾਂ ਦੀ ਆਈ ਸ਼ਾਮਤ, ਮੰਤਰੀ ਨੇ ਮੰਗੀ ਜਾਣਕਾਰੀ

0

ਸਕੂਲ ਸਿੱਖਿਆ ਨੂੰ ਮਜਬੂਤ ਅਤੇ ਤਰਕਸੰਗਤ ਬਣਾਉਣ ਵਾਸਤੇ ਲਿਆ ਫੈਸਲਾ -: ਹਰਜੋਤ ਸਿੰਘ ਬੈਂਸ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ , 23 ਨਵੰਬਰ : ਬੱਚਿਆਂ ਨੂੰ ਪੜਾਉਣ ਦੀ ਬਜਾਏ ਹੋਰਨਾਂ ਵਿਭਾਗਾਂ ’ਚ ਡੈਪੂਟੇਸ਼ਨ ’ਤੇ ਬੈਠੇ ਸਕੂਲ ਅਧਿਆਪਕਾਂ ਨੂੰ ਹੁਣ ਵਾਪਸ ਬੁਲਾਇਆ ਜਾਵੇਗਾ। ਇਹ ਫੈਸਲਾ ਲੈਂਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅਜਿਹੇ ਅਧਿਆਪਕਾਂ ਦੀ ਸੂਚਨਾ ਮੰਗ ਲਈ ਹੈ। ਸ. ਬੈਂਸ ਨੇ ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਫੀਲਡ ਵਿੱਚੋਂ ਇਹ ਰਿਪੋਰਟਾਂ ਮਿਲੀਆਂ ਹਨ ਕਿ ਸਕੂਲ ਸਿੱਖਿਆ ਵਿਭਾਗ ਦੇ ਕੁਝ ਕਰਮਾਚਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੜਾਉਣ ਦੀ ਥਾਂ ਵੱਖ- ਵੱਖ ਦਫਤਰਾਂ ਵਿੱਚ ਬੈਠੇ ਹਨ ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ ।
ਸ. ਬੈਂਸ ਨੇ ਦੱਸਿਆ ਕਿ ਇਸ ਸਬੰਧੀ ਅੱਜ ਹੀ ਸ਼ਾਮ ਤੱਕ ਜਿਲਾ ਸਿੱਖਿਆ ਦਫਤਰਾਂ ਤੋਂ ਮੁਕੰਮਲ ਡਾਟਾ ਮੰਗ ਲਿਆ ਗਿਆ ਹੈ ਜਿਸ ਵਿੱਚ ਸਕੂਲ ਤੋਂ ਬਾਹਰ ਗਏ ਕਰਮਚਾਰੀ ਦਾ ਨਾਮ ਤੇ ਅਹੁਦਾ , ਸਕੂਲ ਤੋਂ ਕਿੰਨੇ ਸਮੇਂ ਤੋਂ ਬਾਹਰ ਡਿਊਟੀ ਕਰ ਰਿਹਾ ਹੈ ਅਤੇ ਕਿਸਦੇ ਹੁਕਮਾਂ ਨਾਲ ਇਹ ਨਿਯੁਕਤੀ ਕੀਤੀ ਗਈ ਸੀ ਆਦਿ ਸਭ ਦੀ ਜਾਣਕਾਰੀ ਇਕੱਠੀ ਕਰਕੇ ਇਹਨਾਂ ਨੂੰ ਤੁਰੰਤ ਪ੍ਰਭਾਵ ਤੋਂ ਸਕੂਲ ਵਿੱਚ ਹਾਜਰ ਕਰਵਾਇਆ ਜਾਵੇਗਾ । ਸਿੱਖਿਆ ਮੰਤਰੀ ਸ. ਬੈਂਸ ਨੇ ਇਹ ਵੀ ਦੱਸਿਆ ਕਿ ਜੇਕਰ ਇਸ ਸਬੰਧੀ ਕਿਸੇ ਸਕੂਲ ਮੁਖੀ ਜਾਂ ਜ਼ਿਲ੍ਹਾ ਅਧਿਕਾਰੀ ਨੇ ਕਿਸੇ ਮੁਲਾਜਮ ਦਾ ਡਾਟਾ ਛੁਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਰੁੱਧ ਵੀ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ । ਸ. ਬੈਂਸ ਨੇ ਪੰਜਾਬ ਦੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਦੇਸ਼ ਵਿੱਚੋਂ ਨਮੂਨੇ ਦਾ ਸਿਸਟਮ ਵਿਕਸਿਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ ਉਹ ਵਿਭਾਗ ਵਿੱਚ ਸੁਧਾਰ ਲਿਅਉਣ ਅਤੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਵਾਸਤੇ ਯਤਨਸ਼ੀਲ ਹਨ , ਜਿਸਦੇ ਆਉਣ ਵਾਲੇ ਸਮੇਂ ਵਿੱਚ ਵਧੀਆ ਨਤੀਜੇ ਵੀ ਸਾਹਮਣੇ ਆਉਣਗੇ ।

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਰਨਗੇ ਨਾਮੀ ਉਚੇਰੀ ਸਿੱਖਿਆ ਸੰਸਥਾਵਾਂ ਦਾ ਦੌਰਾ

0

ਲੱਖਾਂ ਖ਼ਰਚ ਕਰਕੇ ਸਰਕਾਰੀ ਸਕੂਲਾਂ ਦੇ 75000 ਵਿਦਿਆਰਥੀਆਂ ਨੂੰ ਕਰਵਾਇਆ ਜਾਵੇਗਾ ਇਹ ਦੌਰਾ: ਸਿੱਖਿਆ ਮੰਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ 23 ਨਵੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮਨ ਵਿਚ ਨਾਮੀ ਉਚੇਰੀ ਸਿੱਖਿਆ ਸੰਸਥਾਵਾਂ ਵਿੱਚ ਸਿੱਖਿਆ ਹਾਸਲ ਕਰਨ ਦੀ ਚੇਟਕ ਲਾਉਣ ਅਤੇ ਇਨ੍ਹਾਂ ਸੰਸਥਾਵਾਂ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਨਾਮੀਂ ਉਚੇਰੀ ਸਿੱਖਿਆ ਸੰਸਥਾਵਾਂ ਦਾ ਦੌਰਾ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇਥੇ ਦਿੱਤੀ।ਉਨ੍ਹਾਂ ਦੱਸਿਆ ਕਿ ਇਸ ਫ਼ੈਸਲੇ ਨਾਲ 3661 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ 9ਵੀਂ ਤੋਂ 12 ਵੀਂ ਤੱਕ 20 ਵਿਦਿਆਰਥੀਆਂ ( 5 ਵਿਦਿਆਰਥੀ ਪ੍ਰਤੀ ਜਮਾਤ ) ਨੂੰ ਇਨ੍ਹਾਂ ਸਿੱਖਿਆ ਸੰਸਥਾਵਾਂ ਦਾ ਦੌਰਾ ਕਰਵਾਉਣ ਲਈ 1 ਕਰੋੜ 46 ਲੱਖ 44 ਹਜ਼ਾਰ ਖਰਚ ਕਰੇਗੀ। ਸਿੱਖਿਆ ਮੰਤਰੀ ਨੇ ਦੱਸਿਆ ਕਿ ਪ੍ਰਤੀ ਵਿਦਿਆਰਥੀ ਸਿੱਖਿਆ ਵਿਭਾਗ , ਪੰਜਾਬ ਵੱਲੋਂ ਪ੍ਰਤੀ ਵਿਦਿਆਰਥੀ ਲਈ ਕੁੱਲ 200/- ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ਅਤੇ ਕੁੱਲ 75000 ਵਿਦਿਆਰਥੀ ਸਾਇੰਸ ਸਿਟੀ, ਆਈ.ਆਈ.ਟੀ. ਜਾਂ ਉਚੇਰੀ ਸਿੱਖਿਆ ਸੰਸਥਾਨ ਦਾ ਦੌਰਾ ਕਰਨਗੇ।ਸ. ਬੈਂਸ ਨੇ ਦੱਸਿਆ ਕਿ ਇਸ ਕਾਰਜ਼ ਲਈ ਜ਼ਿਲ੍ਹਾ ਅੰਮ੍ਰਿਤਸਰ ਨੂੰ 9.12 ਲੱਖ, ਬਰਨਾਲਾ ਨੂੰ 3.68 ਲੱਖ, ਬਠਿੰਡਾ ਨੂੰ 8 ਲੱਖ, ਫਰੀਦਕੋਟ ਨੂੰ 3.48 ਲੱਖ, ਫਤਿਹਗੜ੍ਹ ਸਾਹਿਬ ਨੂੰ 3.20 ਲੱਖ, ਫਜਿਲਕਾ ਨੂੰ 6 ਲੱਖ, ਫ਼ਿਰੋਜ਼ਪੁਰ ਨੂੰ 4.88 ਲੱਖ, ਗੁਰਦਾਸਪੁਰ ਨੂੰ 8.08 ਲੱਖ, ਹੁਸ਼ਿਆਰਪੁਰ ਨੂੰ 10.60 ਲੱਖ, ਜਲੰਧਰ ਨੂੰ 11.20 ਲੱਖ, ਕਪੂਰਥਲਾ ਨੂੰ 5.32 ਲੱਖ, ਲੁਧਿਆਣਾ ਨੂੰ 14 ਲੱਖ, ਮਲੇਰਕੋਟਲਾ ਨੂੰ 2.20 ਲੱਖ, ਮਾਨਸਾ ਨੂੰ 5.20 ਲੱਖ, ਮੋਗਾ ਨੂੰ 6.56 ਲੱਖ, ਮੋਹਾਲੀ ਨੂੰ 4.40 ਲੱਖ, ਮੁਕਤਸਰ ਨੂੰ 6.16 ਲੱਖ , ਨਵਾਂ ਸ਼ਹਿਰ ਨੂੰ 4.12 ਲੱਖ, ਪਠਾਨਕੋਟ ਨੂੰ 3.20 ਲੱਖ, ਪਟਿਆਲਾ ਨੂੰ 8.32 ਲੱਖ, ਰੋਪੜ ਨੂੰ 4.64 ਲੱਖ, ਸੰਗਰੂਰ ਨੂੰ 7.04 ਲੱਖ, ਤਰਨਤਾਰਨ ਨੂੰ 7.04 ਲੱਖ ਰੁਪਏ ਦੀ ਜ਼ਿਲ੍ਹਾ ਅਨੁਸਾਰ ਰਾਸ਼ੀ ਜਾਰੀ ਕੀਤੀ ਗਈ ਹੈ ।

ਪਰਿਵਾਰ ਨਿਯੋਜਨ ਵਿਚ ਮਰਦਾਂ ਦੀ ਭਾਗੀਦਾਰੀ ਨਿਭਾ ਸਕਦੀ ਹੈ ਅਹਿਮ ਰੋਲ: ਡਾ ਤੇਜਵੰਤ ਸਿੰਘ ਢਿੱਲੋਂ

0

21 ਨਵੰਬਰ ਤੋਂ 4 ਦਸੰਬਰ ਤੱਕ ਮਨਾਇਆ ਜਾ ਰਹਿਾ ਹੈ ਚੀਰਾ ਰਹਿਤ ਨਸ਼ਬੰਦੀ ਪੰਦਰਵਾੜਾ
ਸਿਹਤ ਵਿਭਾਗ ਵੱਲੋਂ ਇਸ ਪੰਦਰਵਾੜੇ ਦੌਰਾਨ ਲਗਾਏ ਜਾ ਰਹੇ ਹਨ ਜਾਗਰੂਕਤਾ ਅਤੇ ਸਪੈਸ਼ਲ ਅਪ੍ਰੇਸ਼ਨ ਕੈਪ
ਸੁਖਜਿੰਦਰ ਮਾਨ
ਬਠਿੰਡਾ, 23 ਨਵੰਬਰ: ਸਿਹਤ ਵਿਭਾਗ ਵਲੋਂ ਜ਼ਿਲ੍ਹੇ ਵਿਚ ਚੀਰਾ ਰਹਿਤ ਨਸਬੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਨੇ ਦੱਸਿਆ ਕਿ ਹਰੇਕ ਮਨੁੱਖ ਨੂੰ ਦੇਸ ਦੇ ਵਿਕਾਸ ’ਚ ਆਪਣਾ ਯੋਗਦਾਨ ਪਾਉਣ ਲਈ ਪਰਿਵਾਰ ਛੋਟਾ ਰੱਖਣਾ ਚਾਹੀਦਾ ਤਾਂ ਜੋ ਮਹਿੰਗਾਈ ਦੇ ਜਮਾਨੇ ’ਚ ਆਪਣੇ ਬੱਚਿਆਂ ਦੀ ਵਧੀਆ ਪ੍ਰਵਰਿਸ਼ ਦੇ ਨਾਲ ਨਾਲ ਉਹਨਾਂ ਨੂੰ ਮਿਆਰੀ ਪੱਧਰ ਦੀਆਂ ਸਾਰੀਆਂ ਸਹੂਲਤਾਂ ਦਿੱਤੀ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਧੀਨ ਪਰਿਵਾਰ ਨਿਯੋਜਨ ਦੀਆਂ ਸਹੂਲਤਾਂ ਸਰਕਾਰੀ ਸਿਹਤ ਕੇਂਦਰਾਂ ਤੇ ਮੁਫ਼ਤ ਉਪਲਬਧ ਕਰਵਾਉਣ ਤੋਂ ਇਲਾਵਾ ਆਸ਼ਾ ਵਰਕਰਾਂ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ। ਡਾ ਢਿੱਲੋਂ ਨੇ ਆਬਾਦੀ ’ਤੇ ਕਾਬੂ ਪਾਉਣ ਲਈ ਮਰਦਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਮਿਤੀ 21 ਨਵੰਬਰ ਤੋਂ 4 ਦਸੰਬਰ ਤੱਕ ਚੀਰਾ ਰਹਿਤ ਨਸਬੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿਚ ਮਰਦ ਵੀ ਅਪਣਾ ਯੋਗਦਾਨ ਪਾ ਸਕਦੇ ਹਨ। ਡਾ ਸੁਖਜਿੰਦਰ ਸਿੰਘ ਗਿੱਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਕਿ ਸਿਹਤ ਵਿਭਾਗ ਯੋਗ ਜੋੜਿਆਂ ਨੂੰ ਮਿਤੀ 21 ਨਵੰਬਰ ਤੋਂ 27 ਨਵੰਬਰ ਤੱਕ ਪਰਿਵਾਰ ਨਿਯੋਜਨ ਦੇ ਪੱਕੇ ਅਤੇ ਕੱਚੇ ਸਾਧਨਾਂ ਬਾਰੇ, ਖਾਸ ਕਰਕੇ ਚੀਰਾ ਰਹਿਤ ਨਸਬੰਦੀ ਸਬੰਧੀ ਜਾਗਰੂਕ ਕਰ ਰਿਹਾ ਹੈ ਅਤੇ 28 ਨਵੰਬਰ ਤੋਂ 4 ਦਸੰਬਰ ਤੱਕ ਜਿਲ੍ਹੇ ਦੀ ਵੱਖ ਵੱਖ ਸਿਹਤ ਸੰਸਥਾਵਾਂ ਵਿੰਚ ਚੀਰਾ ਰਹਿਤ ਨਸਬੰਦੀ ਦੇ ਸਪੈਸ਼ਲ ਕੈਂਪ ਲਗਾਏ ਜਾਣਗੇ। ਪਰਿਵਾਰ ਨਿਯੋਜਨ ਦੇ ਸਾਧਨ ਅੰਤਰਾ ਟੀਕਾ ਅਤੇ ਛਾਇਆ ਗਰਭ ਨਿਰੋਧਕ ਗੋਲੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਤਰਾ ਟੀਕਾ ਗਰਭ ਨਿਰੋਧਕ ਦਾ ਵਧੀਆ ਸਾਧਨ ਹੈ, ਇੱਕ ਅੰਤਰਾ ਟੀਕਾ ਲਗਵਾਉਣ ਤੇ ਤਿੰਨ ਮਹੀਨੇ ਗਰਭ ਧਾਰਨ ਦੀ ਚਿੰਤਾ ਖਤਮ ਹੋ ਜਾਂਦੀ ਹੈ ਅਤੇ ਤਿੰਨ ਮਹੀਨੇ ਬਾਅਦ ਇਹ ਟੀਕਾ ਦੁਬਾਰਾ ਲਗਾਉਣਾ ਪੈਂਦਾ ਹੈ।ਇਹ ਟੀਕਾ ਜਿਲ੍ਹੇ ਦੇ ਸਾਰੇ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਲਗਦਾ ਹੈ। ਉਹਨਾਂ ਬੱਚਿਆਂ ਵਿੱਚ ਵਿੱਥ ਪਾਉਣ ਲਈ ਕਾਪਰਟੀ, ਪੀ.ਪੀ.ਆਈ.ਯੂ.ਸੀ.ਡੀ., ਮਾਲਾ^ਐਨ, ਸੀ.ਸੀ. ਵਰਤਣ ਦੀ ਵੀ ਸਲਾਹ ਦਿੱਤੀ। ਉਹਨਾਂ ਸਮਾਜ ਸੇਵੀ ਸੰਸਥਾਵਾਂ ਅਤੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਇਸ ਪੰਦਰਵਾੜੇ ਦੌਰਾਨ ਸਿਹਤ ਵਿਭਾਗ ਦਾ ਸਹਿਯੋਗ ਦੇਣ ਅਤੇ ਪਰਿਵਾਰ ਨਿਯੋਜਨ ਦੇ ਤਰੀਕਿਆਂ ਸਬੰਧੀ ਜਾਗਰੂਕ ਕਰਨ ਵਿਚ ਅਪਣਾ ਵਧ ਚੜ ਕੇ ਯੋਗਦਾਨ ਪਾਉਣ।

ਐਸ.ਟੀ.ਐਫ਼ ਵਲੋਂ ਅਡੀਸ਼ਨਲ ਐਸ.ਐਚ.ਓ ਹੈਰੋਇਨ ਤੇ ਡਰੱਗ ਮਨੀ ਸਹਿਤ ਕਾਬੂ

0

ਐਸ.ਟੀ.ਐਫ਼ ਵਲੋਂ ਕੀਤੀ ਕਾਰਵਾਈ ਦੌਰਾਨ ਆਇਆ ਅੜਿੱਕੇ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 23 ਨਵੰਬਰ: ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਸਥਾਨਕ ਸ਼ਹਿਰ ’ਚ ਤੈਨਾਤ ਇੱਕ ਵਧੀਕ ਐਸ.ਐਚ.ਓ ਨੂੰ ਐਸ.ਟੀ.ਐਫ਼ ਵਲੋਂ ਹੈਰੋਇਨ ਅਤੇ ਡਰੱਗ ਮਨੀ ਸਹਿਤ ਕਾਬੂ ਕਰਨ ਦੀ ਸੂਚਨਾ ਮਿਲੀ ਹੈ। ਇਸ ਸਬੰਧ ਵਿਚ ਥਾਣਾ ਡਿਵੀਜ਼ਨ ਨੰਬਰ 5 ਵਿਖੇ ਅਡੀਸ਼ਨਲ ਐਸ.ਐਚ.ਓ ਵਜੋਂ ਤੈਨਾਤ ਸਬ ਇੰਸਪੈਕਟਰ ਹਰਵਿੰਦਰ ਸਿੰਘ ਵਿਰੁਧ ਸਪੈਸ਼ਲ ਟਾਸਕ ਫ਼ੋਰਸ ਵਲੋਂ ਪਰਚਾ ਦਰਜ਼ ਕੀਤਾ ਗਿਆ ਹੈ। ਪਤਾ ਲੱਗਿਆ ਹੈ ਕਿ ਐਸ.ਟੀ.ਐਫ਼ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਪੁਲਿਸ ਅਧਿਕਾਰੀ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰਦਾ ਹੈ, ਜਿਸਦੇ ਚੱਲਦੇ ਇਸ ਸੂਚਨਾ ਦੇ ਆਧਾਰ ’ਤੇ ਕੀਤੀ ਛਾਪੇਮਾਰੀ ਦੌਰਾਨ ਕਰੀਬ 846 ਗ੍ਰਾਂਮ ਹੈਰੋਇਨ ਅਤੇ ਭਾਰੀ ਮਾਤਰਾ ਵਿਚ ਡਰੱਗ ਮਨੀ ਬਰਾਮਦ ਹੋਈ ਹੈ। ਐਸ.ਟੀ.ਐਫ਼ ਦੇ ਅਧਿਕਾਰੀਆਂ ਮੁਤਾਬਕ ਐਸ.ਐਚ.ਓ ਕੋਲੋ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਕਿ ਇਸ ਮਾਮਲੇ ਵਿਚ ਉਨ੍ਹਾਂ ਦੇ ਨਾਲ ਹੋਰ ਕਿਸ ਕਿਸ ਦੀ ਸਮੂਲੀਅਤ ਸੀ।

ਨਸ਼ੇ ਦੇ ਕਾਰੋਬਾਰੀ ਐਸਟੀਐਫ ਦੇ ਅੜਿੱਕੇ ਚੜੇ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 23 ਨਵੰਬਰ : ਸਹਾਇਕ ਇੰਸਪੈਕਟਰ ਜਰਨਲ ਆਫ ਪੁਲਿਸ ਸਪੈਸਲ ਟਾਸਕ ਫੋਰਸ ਬਠਿੰਡਾ ਰੇਂਜ ਸ੍ਰੀ ਅਜੇ ਮਲੂਜਾ ਦੇ ਦਿਸ਼ਾ-ਨਿਰਦੇਸ਼ ਅਤੇ ਰਹਿਨੁਮਾਈ ਹੇਠ ਨਸ਼ਿਆ ਦੀ ਰੋਕਥਾਮ ਲਈ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸਪੈਸਲ ਟਾਸਕ ਫੋਰਸ ਰੇਂਜ ਬਠਿੰਡਾ ਦੀ ਟੀਮ ਨੇ ਸਿਟੀ ਫਿਰੋਜ਼ਪੁਰ ਵਿਖੇ ਸੰਜੂ ਉਰਫ ਸੰਜੀਵ ਵਾਸੀ ਵਧਵਾ ਹਸਪਤਾਲ ਵਾਲੀ ਗਲੀ ਮਮਦੋਟ ਹਾਲ ਆਵਾ ਬਸਤੀ ਫਿਰੋਜਪੁਰ ਤੋਂ 270 ਗ੍ਰਾਮ ਹੈਰਇਨ ਬ੍ਰਾਮਦ ਕਰਕੇ ਮੁਕੱਦਮਾ ਨੰਬਰ 296 ਮਿਤੀ 20-11-2022 ਅ/ਧ 21 ਥਾਣਾ ਸਪੈਸ਼ਲ ਟਾਸਕ ਫੋਰਸ ਵਿਖੇ ਦਰਜ ਕੀਤਾ ਹੈ। ਇਸੇ ਤਰ੍ਹਾਂ 22 ਨਵੰਬਰ ਨੂੰ ਪਿੰਡ ਔਲਖ ਥਾਣਾ ਸਦਰ ਮਲੋਟ ਜਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਤਪਾਲ ਸਿੰਘ ਉਰਫ ਸੱਤਾ ਪੁੱਤਰ ਜੋਗਿੰਦਰ ਸਿੰਘ ਵਾਸੀ ਹੁਸਨਰ ਥਾਣਾ ਗਿੱਦੜਬਾਹਾ ਜਿਲਾ ਸ੍ਰੀ ਮੁਕਤਸਰ ਸਾਹਿਬ ਤੋਂ 01 ਕਿਲੋ 800 ਗ੍ਰਾਮ ਅਫੀਮ ਸਮੇਤ ਕਾਰ ਹੌਂਡਾ ਸਿਟੀ ਬਾਮਦ ਕਰਕੇ ਮੁਕੱਦਮਾ ਨੰਬਰ 299 ਥਾਣਾ ਸਪੈਸਲ ਟਾਸਕ ਫੋਰਸ ਵਿਖੇ ਦਰਜ ਕੀਤਾ ਗਿਆ । ਜਦੋਂਕਿ ਇੱਕ ਹੋਰ ਮਾਮਲੇ ਵਿਚ ਬਠਿੰਡਾ ਸ਼ਹਿਰ ਵਿਖੇ ਅਰਸਦੀਪ ਸਿੰਘ ਉਰਫ ਅਜੇ ਵਾਸੀ ਗਲੀ ਨੰਬਰ 26 ਪਰਸਰਾਮ ਨਗਰ ਬਠਿੰਡਾ ਅਤੇ ਸੌਰਵ ਕੁਮਾਰ ਵਾਸੀ ਗਲੀ ਨੰਬਰ 5/3 ਜੋਗੀ ਨਗਰ ਬਠਿੰਡਾ ਹਾਲ ਗਲੀ ਨੰਬਰ 29 ਸੁਰਖਪੁਰ ਰੋਡ ਬਠਿੰਡਾ ਪਾਸੋਂ 45 ਗ੍ਰਾਮ ਹੈਰੋਇਨ ਸਮੇਤ ਐਕਟਿਵਾ ਸਕੂਟਰੀ ਬ੍ਰਾਮਦ ਕਰਕੇ ਮੁਕੱਦਮਾ ਨੰਬਰ 300 ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਸਾਰੇ ਕਥਿਤ ਦੋਸੀਆਨ ਦੀ ਗਿ੍ਰਫਤਾਰੀ ਹੋ ਚੁੱਕੀ ਹੈ ਅਤੇ ਉਨ੍ਹਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।

ਗੁਜਰਾਤ ਚੋਣਾਂ: ਅਰਵਿੰਦ ਕੇਜਰੀਵਾਲ ਦਾ ਜਨਮ ਮਹਿੰਗਾਈ ਅਤੇ ਭਿ੍ਰਸ਼ਟਾਚਾਰ ਨੂੰ ਖਤਮ ਕਰਨ ਲਈ ਹੋਇਆ ਹੈ: ਰਾਘਵ ਚੱਢਾ

ਪੰਜਾਬੀ ਖ਼ਬਰਸਾਰ ਬਿਉਰੋ
ਅਹਿਮਦਾਬਾਦ, 23 ਨਵੰਬਰ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਦੇ ਹੋਏ ਬਾਲੀਵੁੱਡ ਦੀ ਮਸ਼ਹੂਰ ਫਿਲਮ ਸ਼ੋਲੇ ਦੇ ਇੱਕ ਡਾਇਲਾਗ ਦਾ ਹਵਾਲਾ ਦਿੰਦੇ ਹੋਏ ਕਿਹਾ, ਅਬ ਕੋਈ ਭਿ੍ਰਸ਼ਟਾਚਾਰੀ ਰੋਤਾ ਹੈ ਤੋ ਉਸਕੀ ਮਾਂ ਕਹਤੀ ਹੈ…. ਸੋ ਜਾ ਬੇਟਾ ਵਰਨਾ ਕੇਜਰੀਵਾਲ ਆ ਜਾਏਗਾ। ਆਪ ਉਮੀਦਵਾਰ ਦੇ ਪ੍ਰਚਾਰ ਲਈ ਬੁੱਧਵਾਰ ਨੂੰ ਕਾਂਕਰੇਜ ਵਿਧਾਨ ਸਭਾ ਪਹੁੰਚੇ ਰਾਘਵ ਚੱਢਾ ਨੇ ਕਿਹਾ ਕਿ ਭਿ੍ਰਸ਼ਟ ਲੋਕ ਅਰਵਿੰਦ ਕੇਜਰੀਵਾਲ ਤੋਂ ਬੇਹੱਦ ਡਰੇ ਹੋਏ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਜਨਮ ਹੀ ਮਹਿੰਗਾਈ ਅਤੇ ਭਿ੍ਰਸ਼ਟਾਚਾਰ ਨੂੰ ਖਤਮ ਕਰਨ ਲਈ ਹੋਇਆ ਹੈ। ਸਿਰਫ਼ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਹੀ ਆਮ ਲੋਕਾਂ ਨੂੰ ਮਹਿੰਗਾਈ ਤੋਂ ਛੁਟਕਾਰਾ ਦਿਵਾਉਣ ਦੀ ਕਾਬਲੀਅਤ ਰੱਖਦੇ ਹਨ। ਰਾਜ ਸਭਾ ਮੈਂਬਰ ਅਤੇ ਗੁਜਰਾਤ ਸੂਬੇ ਦੇ ਸਹਿ-ਇੰਚਾਰਜ ਰਾਘਵ ਚੱਢਾ ਪਿਛਲੇ ਕਈ ਹਫ਼ਤਿਆਂ ਤੋਂ ਗੁਜਰਾਤ ਦੇ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਜਨਤਕ ਮੀਟਿੰਗਾਂ ਅਤੇ ਰੈਲੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਨਤਾ ਦੇ ਭਰਪੂਰ ਸਮਰਥਨ ਤੋਂ ਸਾਫ਼ ਹੈ ਕਿ ਗੁਜਰਾਤ ਵਿੱਚ ਬਦਲਾਅ ਆ ਰਿਹਾ ਹੈ।

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਜ਼ਿਲ੍ਹਾ ਬਠਿੰਡਾ ਦੀ ਜੱਥੇਬੰਦਕ ਕਾਨਫ਼ਰੰਸ ਆਯੋਜਿਤ

0

ਮੁਲਾਜ਼ਮ ਆਗੂ ਸੰਜੀਵ ਕੁਮਾਰ ਪ੍ਰਧਾਨ ਅਤੇ ਹੰਸ ਰਾਜ ਬੀਜਵਾ ਜਨਰਲ ਸਕੱਤਰ ਚੁਣੇ ਗਏ
ਸੁਖਜਿੰਦਰ ਮਾਨ
ਬਠਿੰਡਾ, 23 ਨਵੰਬਰ: ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਚੰਡੀਗੜ੍ਹ ਦੀ ਜ਼ਿਲ੍ਹਾ ਇਕਾਈ ਬਠਿੰਡਾ ਦੀ ਜੱਥੇਬੰਦਕ ਕਾਨਫ਼ਰੰਸ ਅੱਜ ਸਥਾਨਕ ਟੀਚਰਜ਼ ਹੋਮ ਵਿਖੇ ਮੁਲਾਜ਼ਮ ਆਗੂ ਸਾਥੀ ਪ੍ਰੇਮ ਚਾਵਲਾ , ਜਸਕਰਨ ਸਿੰਘ ਗਹਿਰੀ ਬੁੱਟਰ , ਲਛਮਣ ਸਿੰਘ ਮਲੂਕਾ , ਮਨਜੀਤ ਸਿੰਘ ਬਠਿੰਡਾ ਤੇ ਸੌਦਾਨ ਸਿੰਘ ਯਾਦਵ ਦੀ ਪ੍ਰਧਾਨਗੀ ਹੇਠ ਹੋਈ । ਵੱਖ ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਇਤਿਹਾਸ ਬਾਰੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਫੈਡਰੇਸ਼ਨ ਵੱਲੋਂ ਲਗਾਤਾਰ ਸੰਘਰਸ਼ ਕਰਕੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕਾਂ ਦੀ ਰਾਖੀ ਕਰਦਿਆਂ ਤਿੱਖੇ ਸੰਘਰਸ਼ ਲੜੇ ਹਨ, ਜਿਸ ਸੰਘਰਸ਼ ਸਦਕਾ ਪੰਜਾਬ ਦੇ ਮੁਲਾਜ਼ਮਾਂ ਨੂੰ ਪੱਕਾ ਰੁਜ਼ਗਾਰ, ਪੈਨਸ਼ਨ ਦਾ ਹੱਕ, ਮਹਿੰਗਾਈ ਭੱਤਾ , ਤਨਖਾਹ ਕਮਿਸ਼ਨਾਂ ਦੀਆਂ ਰਿਪੋਰਟਾਂ ਲਾਗੂ ਕਰਵਾਉਣਾ , ਨਿੱਜੀਕਰਨ- ਵਪਾਰੀਕਰਨ ਦੀਆਂ ਨੀਤੀਆਂ ਨੂੰ ਨੱਥ ਪਾਉਣ ਲਈ ਲਗਾਤਾਰ ਸੰਘਰਸ਼ ਕਰਨਾ ਅਤੇ ਮੁਲਾਜ਼ਮਾਂ ਦੇ ਵੱਖ-ਵੱਖ ਤਰ੍ਹਾਂ ਦੇ ਭੱਤੇ ਬਹਾਲ ਕਰਵਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ ਪਰ ਪਿਛਲੇ ਸਮੇਂ ਤੋਂ ਸਰਕਾਰ ਮੁਲਾਜ਼ਮਾਂ ਦੀਆਂ ਸਹੂਲਤਾਂ ਤੇ ਲਗਾਤਾਰ ਕੱਟ ਲਗਾਏ ਜਾ ਰਹੇ ਹਨ। ਇਸ ਮੌਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮਾਣ ਭੱਤੇ ’ਤੇ ਕੰਮ ਕਰਦੀਆਂ ਆਸ਼ਾ ਵਰਕਰਾਂ ,ਆਸ਼ਾ ਫੈਸੀਲੇਟਰਾਂ , ਮਿਡ ਡੇ ਮੀਲ ਵਰਕਰਾਂ , ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆਂਦਾ ਜਾਵੇ , ਪੰਜਾਬ ਦੇ ਸਮੂਹ ਵਿਭਾਗਾਂ , ਬੋਰਡਾਂ ਅਤੇ ਨਿਗਮਾਂ ਵਿੱਚ ਕੰਮ ਕਰਦੇ ਸਮੂਹ ਕੱਚੇ , ਵਰਕ ਚਾਰਜ , ਡੇਲਵੇਜਿਜ਼ ਤੇ ਆਊਟਸੋਰਸਿੰਗ ਕਾਮਿਆਂ ਨੂੰ ਬਿਨਾਂ ਸ਼ਰਤ ਰੈਗੂਲਰ ਕਰਕੇ ਪੂਰੀਆਂ ਤਨਖਾਹਾਂ ਤੇ ਸਹੂਲਤਾਂ ਦਿੱਤੀਆਂ ਜਾਣ ,ਮੁਲਾਜ਼ਮਾਂ ਅਤੇ ਪੈਨਸ਼ਨਰਾਂ ਤੇ ਤਨਖਾਹ / ਪੈਨਸ਼ਨਰ ਸੋਧ ਗੁਣਾਂਕ 3.8 ਲਾਗੂ ਕੀਤਾ ਜਾਵੇ ਅਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਪੱਖੀ ਸੋਧਾਂ ਕੀਤੀਆਂ ਜਾਣ , ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਸਬੰਧੀ ਵਿਸਤਾਰ ਸਹਿਤ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤੀ ਜਾਵੇ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਦੀਆਂ ਬਕਾਇਆ ਪਈ ਕਿਸ਼ਤ ਅਨੁਸਾਰ 38 ਫੀਸਦੀ ਡੀ ਏ ਤੁਰੰਤ ਜਾਰੀ ਕੀਤਾ ਜਾਵੇ ਅਤੇ ਮਹਿੰਗਾਈ ਭੱਤੇ ਦੀਆਂ ਪਿਛਲੀਆਂ ਕਿਸ਼ਤਾਂ ਦਾ ਬਕਾਇਆ ਅਤੇ ਤਨਖਾਹ ਕਮਿਸ਼ਨ ਦਾ ਰਹਿੰਦਾ ਬਕਾਇਆ ਦਿੱਤਾ ਜਾਵੇ, 15 ਜਨਵਰੀ 2015 ਤੇ 17 ਜੁਲਾਈ 2020 ਦੇ ਮੁਲਾਜ਼ਮ ਵਿਰੋਧੀ ਪੱਤਰ ਰੱਦ ਕੀਤੇ ਜਾਣ, ਪੇਂਡੂ ਭੱਤੇ ਸਮੇਤ ਬੰਦ ਕੀਤੇ ਗਏ 37 ਭੱਤੇ ਬਹਾਲ ਕੀਤੇ ਜਾਣ ਆਦਿ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ।
ਆਗੂਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਨੂੰ ਪੂਰੇ ਕਰਨ ਤੋਂ ਟਾਲਾ ਵੱਟ ਰਹੀ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਭਗਵੰਤ ਸਿੰਘ ਮਾਨ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਮਕ ਅਵਸਥਾ ਵਿੱਚ ਪਏ ਮਸਲੇ ਹੱਲ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ਾਂ ਦੀ ਰੂਪ ਰੇਖਾ ਹੋਰ ਤਿੱਖਾ ਹੋਵੇਗੀ । ਫੈਡਰੇਸ਼ਨ ਦੇ ਸੂਬਾਈ ਆਗੂ ਪ੍ਰੇਮ ਚਾਵਲਾ ਵੱਲੋਂ ਪੈਨਲ ਪੇਸ਼ ਕੀਤਾ ਗਿਆ ਜਿਸ ਦੀ ਵੱਖ ਵੱਖ ਆਗੂਆਂ ਵੱਲੋਂ ਤਾਈਦ ਕੀਤੀ ਗਈ ਤੇ ਜ਼ਿਲ੍ਹਾ ਬਠਿੰਡਾ ਦੀ ਕਮੇਟੀ ਦੀ ਹੋਈ ਚੋਣ ਵਿੱਚ ਚੇਅਰਮੈਨ ਮਨਜੀਤ ਸਿੰਘ ਬਠਿੰਡਾ ,
ਪ੍ਰਧਾਨ ਸੰਜੀਵ ਕੁਮਾਰ , ਜਰਨਲ ਸਕੱਤਰ ਹੰਸ ਰਾਜ ਬੀਜਵਾ , ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸ਼ਰਮਾ ਪਟਵਾਰੀ ਤੇ ਓਮ ਪ੍ਰਕਾਸ਼ ਪਨਗਰੇਨ , ਰਵੀ ਕੁਮਾਰ ਤੇ ਕ੍ਰਿਸ਼ਨ ਸਿੰਘ ਮੀਤ ਪ੍ਰਧਾਨ, ਵਿੱਤ ਸਕੱਤਰ ,ਬਲਵਿੰਦਰ ਸਿੰਘ , ਪ੍ਰੈੱਸ ਸਕੱਤਰ ਨਵਨੀਤ ਸਿੰਘ , ਸਕੱਤਰ ਅਰੁਣ ਕੁਮਾਰ ਤਿਰਪਾਠੀ , ਜੱਥੇਬੰਦਕ ਸਕੱਤਰ ਪਰਮਜੀਤ ਸਿੰਘ ਰਾਮਾਂ , ਮੁੱਖ ਸਲਾਹਕਾਰ ਲਛਮਣ ਸਿੰਘ ਮਲੂਕਾ , ਸਲਾਹਕਾਰ ਸੌਦਾਨ ਸਿੰਘ ਯਾਦਵ ਤੇ ਅਮਰਜੀਤ ਸਿੰਘ ਸੀਨੀਅਰ ਸਹਾਇਕ ਡੀ.ਸੀ.ਦਫਤਰ ਚੁਣੇ ਗਏ । ਇਸ ਤੋਂ ਇਲਾਵਾ ਜਸਕਰਨ ਸਿੰਘ ਗਹਿਰੀ ਬੁੱਟਰ ਸੂਬਾ ਪ੍ਰਧਾਨ ਨਹਿਰੀ ਪਟਵਾਰ ਯੂਨੀਅਨ ਰਜਿ ਜਲ ਸਰੋਤ ਵਿਭਾਗ ਪੰਜਾਬ ਅਤੇ ਸੂਬਾ ਮੀਤ ਪ੍ਰਧਾਨ ਪੰਜਾਬ ਸੁਬਾਡੀਨੇਟ ਸਰਵਿਸਿਜ਼ ਫਡਰੇਸ਼ਨ ਨੂੰ ਜਿਲ੍ਹਾ ਬਠਿੰਡਾ ਦੀ ਚੁਣੀ ਗਈ ਸਮੂਹ ਟੀਮ ਦਾ ਜ਼ਿਲ੍ਹਾ ਬਠਿੰਡਾ ਦਾ ਓਵਰਆਲ ਇੰਚਾਰਜ ਨਾਮਜ਼ਦ ਕੀਤਾ ਗਿਆ।ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਭਗਵੰਤ ਮਾਨ ਸਰਕਾਰ ਵੱਲੋਂ ਸਕੀਮ ਵਰਕਰਾਂ , ਆਊਟ ਸੋਰਸ ਮੁਲਾਜ਼ਮਾਂ ਤੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਪਾਸਾ ਵੱਟਣ ਦੇ ਰੋਸ ਵਜੋਂ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਵੱਲੋਂ 25 ਨਵੰਬਰ ਨੂੰ ਜ਼ਿਲ੍ਹਾ ਪੱਧਰ ਤੇ ਰੈਲੀਆਂ ਕੀਤੀਆਂ ਜਾਣਗੀਆਂ ਅਤੇ 7 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਸੰਗਰੂਰ ਵਿਖੇ ਰਾਜ ਪੱਧਰੀ ਰੈਲੀ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਨਾਮ ਸਿੰਘ , ਬਲਜਿੰਦਰ ਕੁਮਾਰ , ਰਜਿੰਦਰ ਸਿੰਘ ਸਮਾਘ , ਜੰਗ ਸਿੰਘ , ਗੁਰਤੇਜ ਸਿੰਘ , ਅਜੇ ਕੁਮਾਰ , ਚਰਨਜੀਤ ਸਿੰਘ , ਬਲਕਰਨ ਸਿੰਘ , ਅਰਵਿੰਦ ਸਿੰਘ ਪਟਵਾਰੀ , ਮਨੋਜ ਕੁਮਾਰ ਪਟਵਾਰੀ , ਜਿਤੇਸ਼ ਗਰਗ ਪਟਵਾਰੀ ਤੇ ਕੁਲਦੀਪ ਸਿੰਘ ਢਿੱਲੋਂ ਪਟਵਾਰੀ ਆਦਿ ਸ਼ਾਮਲ ਸਨ ।

 

Our Visitor

1907237