ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਨਾਲ 18 ਨੂੰ ਮੀਟਿੰਗ ਨਾ ਕੀਤੀ ਗਈ ਤਾਂ 21 ਨੂੰ ਪੂਰੇ ਪੰਜਾਬ ਵਿੱਚ ਮੰਤਰੀ ਤੇ ਐਮ ਐਲ ਏ ਦੀ ਰਿਹਾਇਸ਼ ਅੱਗੇ ਪੁਤਲੇ ਫੂਕੇ ਜਾਣਗੇ :- ਬਲਜਿੰਦਰ ਸਿੰਘ ਲੋਪੋਂ
ਸੁਖਜਿੰਦਰ ਮਾਨ
ਬਠਿੰਡਾ, 16 ਨਵੰਬਰ :ਅੱਜ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਤੇ ਵੱਖ – ਵੱਖ ਵਿਭਾਗਾਂ ਬਿਜਲੀ, ਜਲ ਸਪਲਾਈ, ਪੀ ਡਬਲਯੂ ਡੀ ਇਲੈਕਟਰੀਕਲ, ਸਹਿਤ ਵਿਭਾਗ, ਡੀ.ਸੀ.ਦਫਤਰਾਂ ਦੇ ਕਲਰਕਾਂ, ਹਾਈਡਲ ਪ੍ਰੋਜੈਕਟਾਂ, ਥਰਮਲ ਪਲਾਂਟਾਂ, ਜਲ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ ਦੂਜੇ ਦਿਨ ਵੀ ਕੰਮ ਜਾਮ ਕੀਤਾ ਹੋਇਆ ਹੈ ਤੇ ਕੰਮ ਜਾਮ ਦਾ ਸੱਦਾ ਸ਼ਾਮ 6 ਵਜੇ ਤੱਕ ਜਾਰੀ ਰਿਹਾ ਤੇ ਸ਼ਹਿਰ ਵਿੱਚ ਮਾਰਚ ਕਰਕੇ ਆਉਟਸੋਰਸਡ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਨੇ ਸ਼ਹਿਰ ਵਾਸੀਆਂ ਨੂੰ ਲੋਕਵਿਰੋਧੀ ਨੀਤੀਆ ਵਾਰੇ ਜਾਣੂ ਕਰਵਾਇਆ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਗਏ।ਇਸ ਸਮੇ ਕਨਵੀਨਰ ਗੁਰਵਿੰਦਰ ਸਿੰਘ ਪੰਨੂੰ ਹਰਜੀਤ ਸਿੰਘ, ਖੁਸ਼ਦੀਪ ਸਿੰਘ, ਬਲਜਿੰਦਰ ਸਿੰਘ ਲੋਪੋਂ, ਜਸਵਿੰਦਰ ਸਿੰਘ ਸੈਂਟਰਲ ਸਟੋਰ ਨੇ ਬੋਲਦਿਆਂ ਕਿਹਾ ਕਿ ਇਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਚੋਣਾਂ ਵਾਲੇ ਸੂਬਿਆਂ ਵਿੱਚ ਰੈਲੀ ਕਰਕੇ ਆਉਟਸੋਰਸਡ ਮੁਲਾਜ਼ਮਾਂ ਨੂੰ ਰੈਗੂਲਰ ਕਰਕੇ ਠੇਕੇਦਾਰ ਕੰਪਨੀਆਂ ਦੁਆਰਾ ਹੋ ਰਹੀ ਲੁੱਟ ਨੂੰ ਖਤਮ ਕਰਨ ਤੇ ਸਰਕਾਰੀ ਮਹਿਕਮਿਆਂ ਵਿਚੋਂ ਬਾਹਰ ਕਰਨ ਦੀਆਂ ਗੱਲਾਂ ਕਰਕੇ ਆਮ ਆਦਮੀ ਪਾਰਟੀ ਫੋਕੀ ਵਾਹ ਵਾਹ ਖੱਟ ਰਹੀ ਹੈ ਦੂਜੇ ਪਾਸੇ ਪੰਜਾਬ ਵਿਚ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਆਊਟਸੋਰਸ਼ਡ ਮੁਲਾਜ਼ਮਾਂ ਨੂੰ ਬਾਹਰੋਂ ਪੱਕੀ ਭਰਤੀ ਕਰਕੇ ਖਾਲੀ ਅਸਾਮੀਆਂ ਅਧੀਨ ਕੰਮ ਕਰਦੇ ਆਉਟਸੋਰਸਡ ਮੁਲਾਜ਼ਮਾਂ ਦੀ ਛਾਟੀ ਕੀਤੀ ਜਾ ਰਹੀ ਹੈ। ਜਿਸ ਦੀਆਂ ਤਾਜੀਆ ਉਦਾਹਰਣਾਂ ਪੰਜਾਬ ਸਰਕਾਰ ਵਲੋਂ ਡੀ.ਸੀ.ਦਫਤਰ ਬਰਨਾਲਾ 24 ਕਲਰਕਾਂ ਦੀ ਬਾਹਰੋਂ ਭਰਤੀ ਕਰਕੇ ਆਉਟਸੋਰਸਡ ਮੁਲਾਜ਼ਮਾਂ ਦੀ ਛਾਟੀ ਕੀਤੀ ਬਿਜਲੀ ਬੋਰਡ ਵਿੱਚ ਐਲ ਡੀ ਸੀ ਦੀ ਭਰਤੀ ਕੀਤੀ ਗਈ ਤੇ ਕੰਪਿਊਟਰ ਆਪ੍ਰੇਟਰਾਂ ਦੀ ਛਾਂਟੀ ਕਰ ਦਿੱਤੀ ਤੇ ਹੁਣ 2000 ਸਹਾਇਕ ਲਾਇਨਮੈਨਾਂ ਦੀ ਬਾਹਰੋਂ ਪੱਕੀ ਭਰਤੀ ਕਰਕੇ ਆਉਟਸੋਰਸਡ ਮੁਲਾਜ਼ਮਾਂ ਨੂੰ ਘਰੇ ਤੋਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜਦਕਿ ਮਹਿਕਮੇ ਵਿੱਚ ਪਹਿਲਾ ਸਹਾਇਕ ਲਾਇਨਮੈਨਾਂ ਦੀ ਬਾਹਰੋਂ ਭਰਤੀ ਨਹੀਂ ਕੀਤੀ ਜਾਂਦੀ ਸੀ। ਡੇਲੀਵੇਜ, ਵਰਕਚਾਰਜ ਨੂੰ ਕੁਝ ਸਮਾਂ ਹੋਣ ਤੋਂ ਬਾਅਦ ਸਹਾਇਕ ਲਾਇਨਮੈਨ ਪ੍ਰਮੋਟ ਕੀਤਾ ਜਾਦਾ ਸੀ। ਸਹਾਇਕ ਲਾਈਨਮੈਨ ਦੀ ਪੋਸਟ ਵਾਸਤੇ ਯੋਗਤਾ ਦੀ ਕੋਈ ਕੰਡੀਸ਼ਨ ਨਹੀਂ ਸੀ ਹੁੰਦੀ ਇਕ ਅਣਪੜ੍ਹ ਵਿਅਕਤੀ ਨੂੰ ਵੀ ਭਰਤੀ ਕੀਤਾ ਜਾਦਾ ਸੀ। ਪੰਜਾਬ ਸਰਕਾਰ ਆਊਟਸੋਰਸਡ ਮੁਲਾਜ਼ਮਾਂ ਯੋਗਤਾ ਪੂਰੀ ਨਾ ਕਰਨ ਦਾ ਬਹਾਨਾ ਤਰਕਹੀਨ ਹੈ ਤੇ ਆਉਟਸੋਰਸਡ ਮੁਲਾਜ਼ਮਾਂ ਨਾਲ ਇਹ ਸਰਾਸਰ ਧੋਖਾ ਕੀਤਾ ਜਾ ਰਿਹਾ ਹੈ ਤੇ ਬਾਹਰੋਂ ਭਰਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਨੂੰ 18-11-2022 ਨੂੰ ਦਿੱਤੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਨਾ ਕੀਤੀ ਗਈ ਤਾਂ 21 ਨਵੰਬਰ 2022 ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਪੂਰੇ ਪੰਜਾਬ ਵਿੱਚ ਮੰਤਰੀਆਂ ਤੇ ਐਮ.ਐਲ.ਏ ਦੀ ਰਿਹਾਇਸ਼ ਅੱਗੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ।
ਆਉਟਸੋਰਸਡ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਵੱਲੋਂ ਦੂਜੇ ਦਿਨ ਵੀ ਕੰਮ ਜਾਮ ਰਿਹਾ :- ਗੁਰਵਿੰਦਰ ਸਿੰਘ ਪੰਨੂ
ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਹੋਰ ਸ਼ਹੀਦਾਂ ਨੂੰ ਦਿੱਤਾ ਜਾਵੇ ਭਾਰਤ ਰਤਨ : ਮੁੱਖ ਮੰਤਰੀ
ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਣ ਦੀ ਮੰਗ
ਹਲਵਾਰਾ ਵਿੱਚ ਸਿਵਲ ਏਅਰ ਟਰਮੀਨਲ ਦਾ ਨਿਰਮਾਣ ਕਾਰਜ ਛੇਤੀ ਮੁਕੰਮਲ ਕਰਨ ਦਾ ਐਲਾਨ
ਪੰਜਾਬੀ ਖਬਰਸਾਰ ਬਿਉਰੋ
ਸਰਾਭਾ (ਲੁਧਿਆਣਾ), 16 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਤੰਤਰਤਾ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਹੋਰ ਮਹਾਨ ਸ਼ਹੀਦਾਂ ਨੂੰ ਭਾਰਤ ਰਤਨ ਐਵਾਰਡ ਦੇਣ ਦੀ ਮੰਗ ਕੀਤੀ।ਇੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਮੌਕੇ ਸ਼ਹੀਦ ਦੇ ਜੱਦੀ ਪਿੰਡ ਵਿਖੇ ਕਰਵਾਏ ਸੂਬਾ ਪੱਧਰੀ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ, ਲਾਲਾ ਲਾਜਪਤ ਰਾਏ ਤੇ ਹੋਰਾਂ ਨੂੰ ਭਾਰਤ ਰਤਨ ਐਵਾਰਡ ਦੇਣ ਨਾਲ ਇਸ ਐਵਾਰਡ ਦੀ ਸੋਭਾ ਹੋਰ ਵਧੇਗੀ। ਉਨ੍ਹਾਂ ਕਿਹਾ ਕਿ ਇਹ ਮਹਾਨ ਸ਼ਹੀਦ ਇਸ ਐਵਾਰਡ ਦੇ ਅਸਲ ਹੱਕਦਾਰ ਹਨ ਕਿਉਂਕਿ ਉਨ੍ਹਾਂ ਦੇਸ਼ ਨੂੰ ਵਿਦੇਸ਼ੀ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਮੁਕਤ ਕਰਵਾਉਣ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਇਹ ਐਵਾਰਡ ਦਿੱਤਾ ਜਾਵੇ। ਭਗਵੰਤ ਮਾਨ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕਰਦਿਆਂ ਆਖਿਆ ਕਿ ਸੂਬਾ ਸਰਕਾਰ ਇਸ ਮਸਲੇ ਨੂੰ ਕੇਂਦਰ ਸਰਕਾਰ ਕੋਲ ਚੁੱਕੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਮੋਹਾਲੀ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਮ ਉਤੇ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਸਬੰਧੀ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਹਵਾਈ ਅੱਡਿਆਂ, ਯੂਨੀਵਰਸਿਟੀਆਂ ਤੇ ਹੋਰ ਸੰਸਥਾਵਾਂ ਦੇ ਨਾਂ ਇਨ੍ਹਾਂ ਸ਼ਹੀਦਾਂ ਦੇ ਨਾਮ ਉਤੇ ਰੱਖਣਾ ਸ਼ਹੀਦਾਂ ਦੀ ਵਿਰਾਸਤ ਨੂੰ ਲੰਮੇ ਸਮੇਂ ਤੱਕ ਕਾਇਮ ਰੱਖਣ ਲਈ ਕਾਫ਼ੀ ਅਹਿਮ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਹਲਵਾਰਾ ਹਵਾਈ ਅੱਡੇ ਦੇ ਸਿਵਲ ਏਅਰ ਟਰਮੀਨਲ ਦਾ ਨਿਰਮਾਣ ਕਾਰਜ ਜਲਦੀ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਤਕਰੀਬਨ 161 ਏਕੜ ਰਕਬੇ ਵਿੱਚ ਕਰੀਬ 50 ਕਰੋੜ ਰੁਪਏ ਦੀ ਲਾਗਤ ਨਾਲ ਇਸ ਕਾਰਜ ਨੂੰ ਮੁਕੰਮਲ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਪੰਜਾਬ ਦੀ ਏਅਰ ਕੁਨੈਕਟੀਵਿਟੀ ਹੋਰ ਮਜ਼ਬੂਤ ਹੋਵੇਗੀ ਅਤੇ ਇਸ ਨਾਲ ਸਮਾਂ ਤੇ ਪੈਸਾ ਬਚੇਗਾ ਤੇ ਯਾਤਰੀਆਂ ਦੀ ਖੱਜਲ-ਖੁਆਰੀ ਖ਼ਤਮ ਹੋਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸ਼ਹੀਦਾਂ ਵੱਲੋਂ ਦੇਖੇ ਸੁਪਨਿਆਂ ਮੁਤਾਬਕ ਸਮਾਜ ਦੇ ਹਰੇਕ ਵਰਗ ਦੀ ਭਲਾਈ ਤੇ ਪੰਜਾਬ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਵਚਨਬੱਧ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਸਿਵਲ ਏਅਰ ਟਰਮੀਨਲ ਨਾਲ ਸੂਬੇ ਖ਼ਾਸ ਕਰ ਕੇ ਲੁਧਿਆਣਾ ਜ਼ਿਲ੍ਹੇ ਦੀ ਆਰਥਿਕ ਤਰੱਕੀ ਨੂੰ ਵੱਡਾ ਹੁਲਾਰਾ ਮਿਲੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਜਿੱਥੇ ਤਰੱਕੀ ਦੇ ਨਵੇਂ ਰਾਹ ਖੁੱਲ੍ਹਣਗੇ, ਉਥੇ ਸੂਬੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਮੁੱਖ ਮੰਤਰੀ ਨੇ ਪਿੰਡ ਸਰਾਭਾ ਵਿਖੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ‘ਸਕੂਲ ਆਫ਼ ਐਮੀਨੈਂਸ’ ਵਜੋਂ ਵਿਕਸਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸਹੀ ਮਾਅਨਿਆਂ ਵਿਚ ਇਸ ਨੌਜਵਾਨ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ, ਜਿਸ ਨੇ ਜਵਾਨ ਉਮਰ ਵਿਚ ਆਪਣੀ ਮਾਤ ਭੂਮੀ ਦੀ ਖਾਤਰ ਜਾਨ ਨਿਛਾਵਰ ਕਰ ਦਿੱਤੀ। ਭਗਵੰਤ ਮਾਨ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰਨ ਤੌਰ ਉਤੇ ਵਚਨਬੱਧ ਹੈ, ਜਿਨ੍ਹਾਂ ਨੇ ਬਰਤਾਨਵੀ ਹਕੂਮਤ ਖਿਲਾਫ਼ ਲੜਦਿਆਂ ਵਤਨ ਦੀ ਆਜ਼ਾਦੀ ਲਈ ਮਹਾਨ ਕੁਰਬਾਨੀ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਤਾਂ ਕਿ ਨੌਜਵਾਨਾਂ ਦੀ ਬੇਮਿਸਾਲ ਊਰਜਾ ਨੂੰ ਸਾਕਾਰਤਮਕ ਪਾਸੇ ਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਇਸ ਦਿਸ਼ਾ ਵਿਚ ਸਾਰਥਕ ਉਪਰਾਲਾ ਹੈ ਅਤੇ ਇਹ ਖੇਡਾਂ ਵੀਰਵਾਰ ਨੂੰ ਲੁਧਿਆਣਾ ਵਿਖੇ ਖ਼ਤਮ ਹੋ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਖੇਡਾਂ ਨੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਾ ਮੁਜ਼ਾਹਰਾ ਕਰਨ ਲਈ ਢੁਕਵਾਂ ਮੰਚ ਪ੍ਰਦਾਨ ਕੀਤਾ ਹੈ।
ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਇਨ੍ਹਾਂ ਖੇਡਾਂ ਦੇ ਸਮਾਪਤੀ ਸਮਾਰੋਹ ਵਿਚ ਲੋਕਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਹੀ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਕਿਉਂ ਜੋ ਸੂਬੇ ਦੀ ਤਰੱਕੀ ਵਿਚ ਖੇਡਾਂ ਅਹਿਮ ਭੂਮਿਕਾ ਅਦਾ ਕਰ ਸਕਦੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਉਭਰਦੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਅਜਿਹੀਆਂ ਗਤੀਵਿਧੀਆਂ ਉਲੀਕਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਦੇ ਉਲੰਪਿਕ ਖੇਡਾਂ ਵਿਚ ਹਿੱਸਾ ਲੈਣ ਅਤੇ ਭਾਰਤ ਲਈ ਉਲੰਪਿਕ ਮੈਡਲ ਜਿੱਤਣ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਘਰ ਜਾ ਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਬੱਚਿਆਂ ਦੀ ਭਲਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਹਨ ਅਹਿਮ ਉਪਰਾਲੇ : ਰਾਹੁਲ
ਬਾਲ ਸੁਰੱਖਿਆ ਕੌਂਸਲ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਵਚਨਵੱਧ : ਪ੍ਰਾਜਕਤਾ
ਜੇਤੂ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ
ਸੁਖਜਿੰਦਰ ਮਾਨ
ਬਠਿੰਡਾ, 16 ਨਵੰਬਰ : ਬਾਲ ਭਲਾਈ ਕੌਂਸਲ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਲ ਭਲਾਈ ਕੌਂਸਲ ਬਠਿੰਡਾ ਵਲੋਂ ਬਾਲ ਦਿਵਸ ਨੂੰ ਸਮਰਪਿਤ ਸਲਾਨਾ ਰਾਜ ਪੱਧਰੀ ਬਾਲ ਮੇਲਾ ਕਰਵਾਇਆ ਗਿਆ। ਇੱਥੇ ਹਾਂਡੀ ਹੋਟਲ ਵਿਖੇ ਕਰਵਾਏ ਗਏ ਇਸ ਬਾਲ ਮੇਲੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਵਿਦਿਆਰਥੀਆਂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਸਮਾਗਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਹੁਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਇਸ ਮੌਕੇ ਬਾਲ ਭਲਾਈ ਕੌਂਸਲ ਪੰਜਾਬ ਦੇ ਚੇਅਰਪ੍ਰਸਨ ਮੈਡਮ ਪ੍ਰਾਜਕਤਾ ਅਵਧ ਨੀਲ ਕੰਠ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਹੁਲ ਨੇ ਬਾਲ ਭਲਾਈ ਕੌਂਸਲ ਵਲੋਂ ਇੱਥੇ ਕਰਵਾਏ ਗਏ ਰਾਜ ਪੱਧਰੀ ਬਾਲ ਮੇਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੇਲਾ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਅੱਗੇ ਵਧਣ ਲਈ ਅਹਿਮ ਮੌਕੇ ਪ੍ਰਦਾਨ ਕਰੇਗਾ। ਉਨ੍ਹਾਂ ਜ਼ਿਲ੍ਹੇ ਅੰਦਰ ਬੱਚਿਆਂ ਦੀ ਭਲਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਅਹਿਮ ਉਪਰਾਲਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਲੋੜਵੰਦ ਬੱਚਿਆਂ ਨੂੰ ਸਿੱਖਿਆ ਨਾਲ ਜੋੜ ਕੇ ਅੱਗੇ ਵੱਧਣ ਲਈ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮੌਕੇ ਪ੍ਰਦਾਨ ਕਰਨ ਲਈ ਸਪੈਸ਼ਲ ਅਤੇ ਈਵਨਿੰਗ ਸਕੂਲ ਚਲਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਅਹਿਮ ਉਪਰਾਲਾ ਤੇ ਯਤਨ ਹੈ ਕੋਈ ਵੀ ਲੋੜਵੰਦ, ਗਰੀਬ ਜਾਂ ਸਲੱਮ ਏਰੀਏ ਦੇ ਸਕੂਲ ਛੱਡ ਚੁੱਕੇ ਬੱਚਿਆ ਨੂੰ ਮੁੜ ਸਿੱਖਿਆ ਦੇ ਖੇਤਰ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਇੱਥੇ ਸਥਿਤ ਵੂਮੈਨ ਜੇਲ੍ਹ ਵਿਖੇ ਆਪਣੇ ਮਾਪਿਆਂ ਨਾਲ ਰਹਿ ਰਹੇ ਬੱਚਿਆਂ ਦੀ ਸਿੱਖਿਆ ਤੇ ਮੰਨੋਰੰਜ਼ਨ ਲਈ ਸਮਾਰਟ ਸਕੂਲ ਤੇ ਕਰੈਚ ਸੈਂਟਰ ਚਲਾਏ ਜਾ ਰਹੇ ਹਨ। ਇਨ੍ਹਾਂ ਚ ਬੱਚਿਆਂ ਦੇ ਖੇਡਣ ਲਈ ਖਿਡੌਣੇ ਆਦਿ ਵੀ ਮੁਹੱਈਆ ਕਰਵਾਏ ਗਏ ਹਨ। ਇਸ ਤੋਂ ਪਹਿਲਾਂ ਚੇਅਰਪਰਸਨ ਮੈਡਮ ਪ੍ਰਾਜਕਤਾ ਅਵਧ ਨੀਲ ਕੰਠ ਨੇ ਬਾਲ ਭਲਾਈ ਕੌਂਸਲ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਬਾਲ ਭਲਾਈ ਕੌਂਸਲ ਦਾ ਮੁੱਖ ਕਾਰਜ ਬੱਚਿਆਂ ਦੀ ਭਲਾਈ ਲਈ ਵਿਸ਼ੇਸ਼ ਯਤਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਬਾਲ ਭਲਾਈ ਕੌਂਸਲ ਵਲੋਂ ਕਰੋਨਾ ਕਾਲ ਦੌਰਾਨ ਮਾਤਾ-ਪਿਤਾ ਤੋਂ ਵਾਂਝੇ ਹੋਏ ਬੱਚਿਆਂ ਨੂੰ 12ਵੀਂ ਤੱਕ ਦੀ ਮੁਫ਼ਤ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ ਅਤੇ ਇਨ੍ਹਾਂ ਬੱਚਿਆਂ ਨੂੰ ਆਪਣੇ ਪੈਰਾ ਸਿਰ ਖੜ੍ਹੇ ਕਰਨ ਲਈ ਕਿੱਤਾ ਮੁਖੀ ਕੋਰਸ ਵੀ ਕਰਵਾਏ ਜਾਣਗੇ। ਬਾਲ ਮੇਲੇ ਮੌਕੇ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ (6ਵੀਂ ਤੋਂ 12ਵੀਂ ਜਮਾਤ ਤੱਕ ਦੇ) ਵਿਦਿਆਰਥੀਆਂ ਦੇ ਕਵਿਤਾ, ਭਾਸ਼ਣ ਤੇ ਗਰੁੱਪ ਡਾਂਸ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੌਰਾਨ ਜੇਤੂ ਰਹੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਕਵਿਤਾ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੂਕਾ (ਲੜਕੀਆਂ) ਬਠਿੰਡਾ ਦੀ ਵਿਦਿਆਰਥਣ ਮਨਜੋਤ ਕੌਰ ਨੇ ਪਹਿਲਾ, ਸੇਕਰਡ ਹਾਰਟ ਸਕੂਲ ਮੋਗਾ ਦੀ ਵਿਦਿਆਰਥਣ ਅਵਲੀਨ ਕੌਰ ਗਿੱਲ ਨੇ ਦੂਜਾ ਅਤੇ ਡੀਏਵੀ ਪਬਲਿਕ ਸਕੂਲ ਜਲੰਧਰ ਦੀ ਵਿਦਿਆਰਥਣ ਮਨਕਿਰਨ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਭਾਸ਼ਣ ਮੁਕਾਬਲੇ ਵਿੱਚ ਸਰਕਾਰੀ ਕੰਨਿਆ ਸਕੂਲ ਫ਼ਰੀਦਕੋਟ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਪਹਿਲਾ, ਭਾਰਤੀ ਵਿਦਿਆ ਭਵਨ ਐਸਐਲ ਪਬਲਿਕ ਸਕੂਲ ਅੰਮ੍ਰਿਤਸਰ ਦੀ ਵਿਦਿਆਰਥਣ ਹਿਮਾਨਿਆ ਕੂਪਰ ਨੇ ਦੂਜਾ ਅਤੇ ਜੀਐਮਐਸਐਸ ਕਮੈਂਟਰੀ ਰੋਡ ਸਿਵਲ ਲਾਇਨ ਲੁਧਿਆਣਾ ਦੀ ਵਿਦਿਆਰਥਣ ਗੁਰਨੂਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਗਰੁੱਪ ਡਾਂਸ ਵਿੱਚ ਜਲੰਧਰ ਨੇ ਪਹਿਲਾ, ਲੁਧਿਆਣਾ ਨੇ ਦੂਸਰਾ ਅਤੇ ਫ਼ਰੀਦਕੋਟ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਦੌਰਾਨ ਮਹੰਤ ਗੁਰਬੰਤਾ ਦਾਸ ਸਕੂਲ ਦੇ ਵਿਦਿਆਰਥੀਆਂ ਵਲੋਂ ਵੈਲਕਮ ਗੀਤ ਅਤੇ ਅਖ਼ੀਰ ਵਿੱਚ ਕੌਮੀ ਗੀਤ ਪੇਸ਼ ਕੀਤਾ ਗਿਆ।ਇਸ ਮੌਕੇ ਸੈਕਟਰੀ ਰੈਡ ਕਰਾਸ ਸ਼੍ਰੀ ਦਰਸ਼ਨ ਕੁਮਾਰ, ਬਾਲ ਭਲਾਈ ਕੌਂਸਲ ਦੇ ਖਜ਼ਾਨਚੀ ਡਾ. ਰਤਿੰਦਰ ਕੌਰ ਬਰਾੜ ਤੋਂ ਇਲਾਵਾ ਬਾਲ ਕੌਂਸਲ ਨਾਲ ਸਬੰਧਤ ਅਧਿਕਾਰੀ ਅਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦਾ ਸਟਾਫ਼ ਆਦਿ ਹਾਜ਼ਰ ਸਨ।
ਸੜ੍ਹਕਾਂ ਦੇ ਨੀਵੇਂ ਸੀਵਰੇਜ ਢੱਕਣਾਂ ਨੂੰ ਸਹੀ ਕਰਨਾ ਬਣਾਇਆ ਜਾਵੇ ਯਕੀਨੀ : ਅੰਮ੍ਰਿਤ ਲਾਲ ਅਗਰਵਾਲ
ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ-ਸਿਰ ਕੀਤਾ ਮੁਕੰਮਲ
ਸੁਖਜਿੰਦਰ ਮਾਨ
ਬਠਿੰਡਾ, 16 ਨਵੰਬਰ : ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਅੰਮ੍ਰਿਤ ਲਾਲ ਅਗਰਵਾਲ ਵਲੋਂ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਦਫਤਰ ਕਮਿਸ਼ਨਰ, ਨਗਰ ਨਿਗਮ ਬਠਿੰਡਾ, ਕਾਰਜਕਾਰੀ ਇੰਜੀਨੀਅਰ, ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਬਠਿੰਡਾ ਡਿਵੀਜ਼ਨ ਨੰਬਰ 1 ਅਤੇ 2 ਆਦਿ ਦੇ ਅਧਿਕਾਰੀ ਸ਼ਾਮਿਲ ਹੋਏ। ਇਸ ਦੌਰਾਨ ਉਨ੍ਹਾਂ ਵੱਖ-ਵੱਖ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਅੰਮ੍ਰਿਤ ਲਾਲ ਅਗਰਵਾਲ ਨੇ ਚੱਲ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਦੀ ਸਮੀਖਿਆਂ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਜਿੰਨਾ ਸੜ੍ਹਕਾਂ ਦੇ ਸੀਵਰੇਜ ਦੇ ਢੱਕਣ ਨੀਵੇਂ ਹੋ ਗਏ ਹਨ, ਉਨ੍ਹਾਂ ਨੂੰ ਜਲਦ ਸਹੀ ਕਰਵਾਇਆ ਜਾਵੇ ਕਿਉਂਕਿ ਨੀਵੇਂ ਹੋ ਚੁੱਕੇ ਸੀਵਰੇਜ਼ ਢੱਕਣਾ ਕਾਰਨ ਐਕਸੀਡੈਂਟ ਹੋਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ, ਇਸ ਸਮਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਯਕੀਨੀ ਬਣਾਇਆ ਜਾਵੇ।
ਇਸ ਤੋਂ ਇਲਾਵਾ ਸ਼ਹਿਰ ਵਿਚ ਬਣੇ ਪਬਲਿਕ ਟੁਆਇਲੈਟ ਨੂੰ ਸਹੀ ਤੌਰ ਤੇ ਮੇਨਟੇਨ ਰੱਖਿਆ ਜਾਵੇ ਤਾਂ ਜੋ ਆਮ ਜਨਤਾ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸ਼ਹਿਰ ਵਿਚ ਸਾਫ਼-ਸਫਾਈ ਦਾ ਪੂਰਨ ਸਹੀ ਪ੍ਰਬੰਧਨ ਕਰਨ ਲਈ ਫੀਲਡ ਵਿਚ ਜਾ ਕੇ ਜਾਇਜਾ ਲਿਆ ਜਾਵੇ ਅਤੇ ਪਬਲਿਕ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦਿਆਂ ਪੂਰਾ ਖਿਆਲ ਰੱਖਿਆ ਜਾਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਚਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ ਤਾਂ ਜੋ ਇਸਦਾ ਸਮੁੱਚਾ ਲਾਭ ਆਮ ਲੋਕਾਂ ਨੂੰ ਮਿਲ ਸਕੇ।ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।
‘ਐਗਰੀਕਲਚਰ ਸੈਕਟਰ ਵਿੱਚ ਪ੍ਰਭਾਵੀ ਦਾਅਵੇ ਨਾਲ ਪੇਟੈਂਟ ਡਰਾਫ਼ਟ ਕਰਨ’ ਬਾਰੇ ਮਾਹਿਰ ਗੱਲਬਾਤ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 16 ਨਵੰਬਰ : ਬਾਬਾ ਫ਼ਰੀਦ ਕਾਲਜ ਦੀ ਫੈਕਲਟੀ ਆਫ਼ ਐਗਰੀਕਲਚਰ ਦੇ ਖੇਤੀਬਾੜੀ ਵਿਭਾਗ ਵੱਲੋਂ ‘ਐਗਰੀਕਲਚਰ ਸੈਕਟਰ ਵਿੱਚ ਪ੍ਰਭਾਵੀ ਦਾਅਵੇ ਨਾਲ ਪੇਟੈਂਟ ਡਰਾਫ਼ਟ ਕਰਨ’ ਬਾਰੇ ਇੱਕ ਮਾਹਿਰ ਗੱਲਬਾਤ ਆਯੋਜਿਤ ਕੀਤੀ ਗਈ । ਇਸ ਸੈਸ਼ਨ ਵਿੱਚ ਬੀ.ਐਸ.ਸੀ. ਆਨਰਜ਼ (ਐਗਰੀਕਲਚਰ) ਤੀਜਾ, ਪੰਜਵਾਂ ਅਤੇ ਸੱਤਵਾਂ ਸਮੈਸਟਰ ਦੇ 127 ਵਿਦਿਆਰਥੀਆਂ ਸਮੇਤ ਵਿਭਾਗ ਦੇ ਸਮੂਹ ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਸੈਸ਼ਨ ਦੀ ਸ਼ੁਰੂਆਤ ਸਹਾਇਕ ਪ੍ਰੋਫੈਸਰ ਡਾ. ਅੰਕਿਤ ਸ਼ਰਮਾ ਦੁਆਰਾ ਸਰੋਤ ਵਿਅਕਤੀ ਸ਼੍ਰੀਮਤੀ ਨੇਹਾ ਗੋਇਲ, ਰਜਿਸਟਰਡ ਪੇਟੈਂਟ ਏਜੰਟ ਅਤੇ ਮੈਨੇਜਿੰਗ ਡਾਇਰੈਕਟਰ, ਯੂਨੀਪੈਟਰਡ ਕੰਸਲਟੈਂਟਸ ਐਲ. ਐਲ. ਪੀ., ਨੋਇਡਾ (ਯੂ.ਪੀ.) ਦੇ ਨਿੱਘੇ ਸੁਆਗਤ ਨਾਲ ਕੀਤੀ ਗਈ। ਸ਼੍ਰੀਮਤੀ ਨੇਹਾ ਗੋਇਲ ਆਈ.ਪੀ.ਆਰ. ਭਰਨ ਵਿੱਚ 14 ਸਾਲਾਂ ਦੇ ਤਜਰਬੇ ਦੇ ਨਾਲ ਆਪਣੀ ਉੱਤਮਤਾ ਲਈ ਜਾਣੀ ਜਾਂਦੀ ਹੈ । ਉਨ੍ਹਾਂ ਨੇ ਵੱਖ-ਵੱਖ ਕਿਸਮਾਂ ਦੇ ਬੌਧਿਕ ਸੰਪਤੀ ਅਧਿਕਾਰਾਂ ਨੂੰ ਜਾਣਨ ਤੇ ਜ਼ੋਰ ਦਿੰਦਿਆਂ ਇਹ ਸਮਝਾਇਆ ਕਿ ਇੱਕ ਨਵਾਂ ਵਿਚਾਰ ਕਿਵੇਂ ਪੈਦਾ ਹੁੰਦਾ ਹੈ ਅਤੇ ਅਸੀਂ ਉਸ ਵਿਚਾਰ ਨੂੰ ਲਗਾਤਾਰ ਕੋਸ਼ਿਸ਼ਾਂ ਨਾਲ ਕਿਵੇਂ ਪੇਟੈਂਟ ਕਰਵਾ ਸਕਦੇ ਹਨ। ਉਨ੍ਹਾਂ ਨੇ ਪੇਟੈਂਟ ਦਾਖ਼ਲ ਕਰਨ ਲਈ ਸਾਰੀ ਪ੍ਰਕਿਰਿਆ ਵੀ ਸਮਝਾਈ। ਉਨ੍ਹਾਂ ਕਿਹਾ ਕਿ ਛੋਟੀਆਂ ਪਰ ਉਪਯੋਗੀ ਕਾਢਾਂ ਬਾਰੇ ਸੋਚਣ ਦੀ ਲੋੜ ਹੈ। ਉਨ੍ਹਾਂ ਨੇ ਬਾਬਾ ਫ਼ਰੀਦ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਦੋ ਗਰਾਂਟ ਕੀਤੇ ਪੇਟੈਂਟ ਦੀ ਜਾਣਕਾਰੀ ਵੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਸੈਸ਼ਨ ਦੇ ਅੰਤ ਵਿੱਚ ਵਿਦਿਆਰਥੀਆਂ ਨੇ ਸਰੋਤ ਵਿਅਕਤੀ ਤੋਂ ਪੇਟੈਂਟ ਫਾਈਲ ਕਰਨ ਦੀ ਪ੍ਰਕਿਰਿਆ, ਨਵੀਨਤਾ ਜਾਂਚ ਅਤੇ ਪੇਟੈਂਟ ਕਰਨ ਦੀਆਂ ਹੋਰ ਜ਼ਰੂਰਤਾਂ ਬਾਰੇ ਬਹੁਤ ਸਾਰੇ ਸਵਾਲ ਵੀ ਪੁੱਛੇ। ਸੈਸ਼ਨ ਦੀ ਸਮਾਪਤੀ ਮੌਕੇ ਐਗਰੀਕਲਚਰ ਵਿਭਾਗ ਦੇ ਐਸੋਸੀਏਟ ਡੀਨ ਡਾ. ਵਿਨੀਤ ਚਾਵਲਾ ਨੇ ਸਰੋਤ ਵਿਅਕਤੀ ਦਾ ਧੰਨਵਾਦ ਕੀਤਾ ਅਤੇ ਸਾਰੇ ਵਿਦਿਆਰਥੀਆਂ ਦੀ ਸ਼ਮੂਲੀਅਤ ਦੀ ਸ਼ਲਾਘਾ ਕੀਤੀ। ਕੁੱਲ ਮਿਲਾ ਕੇ ਇਹ ਇੱਕ ਪ੍ਰੇਰਨਾਦਾਇਕ, ਉਤਸ਼ਾਹਜਨਕ ਅਤੇ ਬਹੁਤ ਹੀ ਜਾਣਕਾਰੀ ਭਰਪੂਰ ਸੈਸ਼ਨ ਸੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੀ ਫੈਕਲਟੀ ਆਫ਼ ਐਗਰੀਕਲਚਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਚੰਡੀਗੜ੍ਹ ਵਿੱਚ ਉੱਤਰੀ ਰੇਲਵੇ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਹੋਈ
ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਤਰਫੋਂ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਹਲਕਾ ਵਾਸੀਆਂ ਦੀਆਂ ਸਮੱਸਿਆਵਾਂ ਰੱਖੀਆਂ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 16 ਨਵੰਬਰ : ਉੱਤਰੀ ਰੇਲਵੇ ਦੀ ਤਰਫੋਂ ਅੰਬਾਲਾ ਅਤੇ ਫਿਰੋਜ਼ਪੁਰ ਡਵੀਜ਼ਨਾਂ ਨਾਲ ਸਬੰਧਤ ਸੂਬਿਆਂ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਚੰਡੀਗੜ੍ਹ ਦੇ ਇਕ ਨਿੱਜੀ ਹੋਟਲ ਵਿਚ ਹੋਈ, ਜਿਸ ਵਿਚ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਪੰਜਾਬ ਲਾਰਜ ਉਦਯੋਗਿਕ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਸ਼ਿਰਕਤ ਕੀਤੀ ਅਤੇ ਲੋਕ ਸਭਾ ਹਲਕੇ ਨਾਲ ਸਬੰਧਤ ਵੱਖ-ਵੱਖ ਸਮੱਸਿਆਵਾਂ ਰੇਲਵੇ ਅਧਿਕਾਰੀਆਂ ਦੇ ਸਾਹਮਣੇ ਰੱਖੀਆਂ।ਜ਼ਿਕਰਯੋਗ ਹੈ ਕਿ ਮੀਟਿੰਗ ਵਿੱਚ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਆਸ਼ੂਤੋਸ਼ ਗੰਗਵਾਲ, ਡਾ. ਸੀਮਾ ਸ਼ਰਮਾ ਡੀਆਰਐਮ ਫਿਰੋਜ਼ਪੁਰ ਰੇਲਵੇ ਡਵੀਜ਼ਨ, ਮਨਦੀਪ ਸਿੰਘ ਭਾਟੀਆ ਡੀਆਰਐਮ ਅੰਬਾਲਾ ਰੇਲਵੇ ਡਵੀਜ਼ਨ ਸਣੇ ਰੇਲਵੇ ਦੇ ਸੀਨੀਅਰ ਅਫਸਰ ਹਾਜ਼ਰ ਸਨ, ਜਿਸ ਵਿੱਚ ਪੰਜਾਬ ਤੋਂ ਇਲਾਵਾ, ਜੰਮੂ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਐਮ.ਪੀ. ਤੇ ਉਨ੍ਹਾਂ ਦੇ ਨੁਮਾਇੰਦੇ ਸ਼ਾਮਲ ਹੋਏ।
ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ, ਪਵਨ ਦੀਵਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਨਾਲ ਸਬੰਧਤ ਕਈ ਅਹਿਮ ਮੁੱਦੇ ਰੇਲਵੇ ਅਧਿਕਾਰੀਆਂ ਅੱਗੇ ਉਠਾਏ ਗਏ ਹਨ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਸ੍ਰੀ ਆਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਦੇ ਆਧੁਨਿਕੀਕਰਨ ਦਾ ਮੁੱਦਾ ਹੈ, ਤਾਂ ਜੋ ਇੱਥੇ ਯਾਤਰੀਆਂ ਲਈ ਵਿਸ਼ਵ ਪੱਧਰੀ ਰੈਸਟੋਰੈਂਟ ਅਤੇ ਹੋਰ ਸਹੂਲਤਾਂ ਉਪਲਬਧ ਕਰਵਾਈਆਂ ਜਾ ਸਕਣ। ਪ੍ਰਸਿੱਧ ਤੀਰਥ ਅਸਥਾਨਾਂ ਸ਼੍ਰੀ ਆਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਵਿਖੇ ਮੱਥਾ ਟੇਕਣ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਪਹੁੰਚਦੇ ਹਨ ਅਤੇ ਵੰਦੇ ਭਾਰਤ ਰੇਲ ਗੱਡੀ ਵੀ ਇੱਥੇ ਰੁਕਦੀ ਹੈ। ਨਵਾਂਸ਼ਹਿਰ ਅਤੇ ਰੋਪੜ ਰੇਲਵੇ ਸਟੇਸ਼ਨਾਂ ਦੇ ਆਧੁਨਿਕੀਕਰਨ ਦੀ ਲੋੜ ਵੀ ਰੇਲਵੇ ਅਧਿਕਾਰੀਆਂ ਦੇ ਸਾਹਮਣੇ ਰੱਖੀ ਗਈ, ਜਿੱਥੋਂ ਵੱਡੀ ਗਿਣਤੀ ਵਿੱਚ ਯਾਤਰੀ ਸਫ਼ਰ ਕਰਦੇ ਹਨ।ਇਸੇ ਤਰ੍ਹਾਂ, ਮੋਰਿੰਡਾ ਰੇਲਵੇ ਅੰਡਰ ਬ੍ਰਿਜ (ਆਰ.ਯੂ.ਬੀ.) ਨੂੰ ਲੈ ਕੇ ਵੀ ਇਲਾਕੇ ਦੇ ਦੁਕਾਨਦਾਰਾਂ ਦੀ ਸਮੱਸਿਆ ਰੱਖੀਆਂ ਗਈਆਂ, ਜਿੱਥੇ ਸਰਵਿਸ ਲੇਨ ਨਾ ਬਣਨ ਕਾਰਨ ਦੁਕਾਨਾਂ ਨੂੰ ਜਾਣ ਵਾਲੀ ਪੱਕੀ ਸੜਕ ਨਹੀਂ ਹੈ। ਬਲਾਚੌਰ ਨੂੰ ਰੇਲ ਨੈੱਟਵਰਕ ਨਾਲ ਜੋੜਨ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਅਤੇ ਇਹ ਵਿਸ਼ਾ ਇੱਕ ਵਾਰ ਫਿਰ ਰੇਲਵੇ ਅਧਿਕਾਰੀਆਂ ਦੇ ਸਾਹਮਣੇ ਰੱਖਿਆ ਗਿਆ ਹੈ। ਇਸੇ ਤਰ੍ਹਾਂ ਕੋਰੋਨਾ ਮਹਾਂਮਾਰੀ ਤੋਂ ਬਾਅਦ ਮੋਰਿੰਡਾ ਅਤੇ ਕੁਰਾਲੀ ਰੇਲਵੇ ਸਟੇਸ਼ਨਾਂ ‘ਤੇ ਰੇਲ ਗੱਡੀਆਂ ਨਾ ਰੁਕਣ ਕਾਰਨ ਯਾਤਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਆਦਮਪੁਰ ਦੇ ਨਵੇਂ ਚੁਣ ਵਿਧਾਇਥ ਸ੍ਰੀ ਭਵਯ ਬਿਸ਼ਨੋਈ ਨੂੰ ਵਿਧਾਨਸਭਾ ਵਿਚ ਸਹੁੰ ਦਿਵਾਈ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 16 ਨਵੰਬਰ – ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਨੇ ਆਦਮਪੁਰ ਦੇ ਨਵੇਂ ਚੁਣ ਵਿਧਾਇਥ ਸ੍ਰੀ ਭਵਯ ਬਿਸ਼ਨੋਈ ਨੂੰ ਵਿਧਾਨਸਭਾ ਵਿਚ ਵਿਧੀਵਤ ਰੂਪ ਨਾਲ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਦਿਵਾਈ। ਵਿਧਾਨਸਭਾ ਵਿਚ ਭਵਯ ਬਿਸ਼ਨੋਈ ਸੱਭ ਤੋਂ ਯੁਵਾ (29 ਸਾਲ) ਵਿਧਾਇਕ ਬਣ ਗਏ ਹਨ। ਸਹੁੰ ਚੁੱਕਣ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਨੇ ਭਵਯ ਬਿਸ਼ਨੋਈ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਸ ਕਰਦਾ ਹਾਂ ਕਿ ਜੋ ਜਿਮੇਵਾਰੀ ਆਦਮਪੁਰ ਦੀ ਜਨਤਾ ਨੇ ਉਨ੍ਹਾਂ ਨੂੰ ਦਿੱਤੀ ਹੈ ਉਸ ਜਿਮੇਵਾਰੀ ਨੂੰ ਨਿਭ; ਆਪਣੀ ਯੋਗਤ ਤੇ ਸਮਰੱਥਾ ਅਨੁਸਾਰ ਜਨਹਿਤ ਵਿਚ ਪੂਰਾ ਕਰਣਗੇ ਅਤੇ ਸਦਨ ਦੀ ਗਰਿਮਾ ਅਤੇ ਮਰਿਯਾਦਾ ਨੂੰ ਬਣਾਏ ਰੱਖਣ ਵਿਚ ਆਪਣਾ ਪੂਰਾ ਸਹਿਯੋਗ ਦੇਣਗੇ। ਸ੍ਰੀ ਗਿਆਨ ਚੰਗ ਗੁਪਤਾ ਨੇ ਕਿਹਾ ਕਿ ਭਵਯ ਬਿਸ਼ਨੋਈ ਦੇ ਸੁੰਹ ਲੈਣ ਬਾਅਦ ਵਿਧਾਨ ਸਭਾ ਵਿਚ ਭਾਜਪਾ ਦੇ ਵਿਧਾਇਕਾਂ ਦੀ ਗਿਣਤੀ 41 ਹੋ ਗਈ ਹੈ। ਇਸੀ ਤਰ੍ਹਾ ਕਾਂਗਰਸ ਦੇ 30 ਮੈਂਬਰ, ਜੇਜੇਪੀ ਦੇ 10 ਮੈਂਬਰ , ਇਨੋਲੋ ਦਾ 1 ਮੈਂਬਰ, ਹਰਿਆਣਾ ਲੋਕਹਿਤ ਪਾਰਟੀ ਦਾ 1 ਮੈਂਬਰ ਅਤੇ 7 ਆਜਾਦ ਮੈਂਬਰਾਂ ਦੇ ਨਾਲ ਵਿਧਾਨਸਭਾ ਦੀ ਮੈਂਬਰਾਂ ਦੀ ਗਿਣਤੀ 90 ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿਧਾਨਸਭਾ ਵਿਚ 45 ਮੈਂਬਰ ਪਹਿਲੀ ਵਾਰ ਚੁਣ ਕੇ ਆਏ ਹਨ।
ਆਦਮਪੁਰ ਦੇ ਵਿਧਾਇਕ ਸ੍ਰੀ ਭਵਯ ਬਿਸ਼ਨੋਈ ਨੇ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਆਦਮਪੁਰ ਦੀ ਜਨਤਾ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਉਨ੍ਹਾਂ ਦੀ ਹਰ ਉਮੀਦ ‘ਤੇ ਖਰਾ ਉਤਰਣ ਦਾ ਯਤਨ ਕਰਾਂਗਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ‘ਤੇ ਪੂਰਾ ਭਰੋਸਾ ਹੈ ਕਿ ਜਿਸ ਤਰ੍ਹਾ 90 ਵਿਧਾਨਸਭਾ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਕੰਮ ਕਰ ਰਹੇ ਹਨ ਉਸੀ ਤਰ੍ਹਾ ਉਹ ਅੱਗੇ ਵੀ ਕਰਦੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਮੈਂ ਪੂਰੀ ਜਿਮੇਵਾਰੀ ਨਾਲ ਕੰਮ ਕਰੂੰਗਾਂ ਤਾਂ ਜੋ ਆਦਮਪੁਰ ਨੂੰ ਵਿਕਾਸ ਦੇ ਨਾਤੇ ਲਾਭ ਮਿਲ ਸਕੇ। ਆਦਮਪੁਰ ਵਿਚ ਵੱਧ ਤੋਂ ਵੱਧ ਵਿਕਾਸ ਕਰਵਾਉਣ ਲਈ ਯਤਨਸ਼ੀਲ ਰਹੂੰਗਾਂ। ਇਸ ਮੌਕੇ ‘ਤੇ ਵਿਧਾਨਸਭਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ, ਵਿਧਾਇਕ ਦੂੜਾ ਰਾਮ, ਭਵਯ ਬਿਸ਼ਨੋਈ ਦੇ ਪਰਿਵਾਰ ਮੈਂਬਰ ਮੌਜੂਦ ਰਹੇ।
ਅਕਾਲੀ ਦਲ ਨੇ ਬਹੁ ਕਰੋੜੀ ਨਾਇਬ ਤਹਿਸੀਲਦਾਰ ਭਰਤੀ ਘੁਟਾਲੇ ਦੀ ਸੀ ਬੀ ਆਈ ਜਾਂ ਨਿਆਂਇਕ ਜਾਂਚ ਮੰਗੀ
ਸਿਰਫ ਤੈਅਸ਼ੁਦਾ ਉਮੀਦਵਾਰਾਂ ਦੀ ਚੋਣ ਵਾਸਤੇ ਰਚੀ ਸਿਆਸੀ ਸਾਜ਼ਿਸ਼ ਦੀ ਜਾਂਚ ਵਾਸਤੇ ਵਿਜੀਲੈਂਸ ਜਾਂਚ ਕਾਫੀ ਨਹੀਂ : ਬਿਕਰਮ ਸਿੰਘ ਮਜੀਠੀਆ
ਮੰਗ ਕੀਤੀ ਕਿ ਸਾਰੀ ਭਰਤੀ ਪ੍ਰਕਿਰਿਆ ਰੱਦ ਕੀਤੀ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 16 ਨਵੰਬਰ : ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ ਪੀ ਐਸ ਸੀ) ਵੱਲੋਂ ਕੀਤੀ ਗਈ ਨਾਇਬ ਤਹਿਸੀਲਦਾਰ ਦੀ ਭਰਤੀ ਵਿਚ ਬਹੁ ਕਰੋੜੀ ਘੁਟਾਲੇ ਦੀ ਜਾਂਚ ਸੀ ਬੀ ਆਈ ਤੋਂ ਕਰਵਾਈ ਜਾਵੇ ਜਾਂ ਫਿਰ ਇਸਦੀ ਨਿਆਂਇਕ ਜਾਂਚ ਕਰਵਾਈ ਜਾਵੇ ਕਿਉਂਕਿ ਇਸ ਮਾਮਲੇ ਵਿਚ ਪ੍ਰੀਖਿਆ ਪ੍ਰਕਿਰਿਆ ਵਿਚ ਗਲਤ ਕੰਮ ਕਰਨ ਦਾ ਖੁਲ੍ਹਾਸਾ ਕੁਝ ਹੇਠਲੇ ਪੱਧਰ ਦੇ ਮੁਲਜ਼ਮਾਂ ਦੀ ਗ੍ਰਿਫਤਾਰੀ ਨਾਲ ਹੋਇਆ ਹੈ। ਸਰਦਾਰ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਜਾਂ ਫਿਰ ਹਾਈ ਕੋਰਟ ਦੇ ਮੌਜੂਦਾ ਜੱਜ ਹਵਾਲੇ ਕਰਨ। ਉਹਨਾਂ ਕਿਹਾ ਕਿ 70 ਹਜ਼ਾਰ ਉਮੀਦਵਾਰ ਜੋ ਇਸ ਪ੍ਰੀਖਿਆ ਵਿਚ ਬੈਠੇ ਉਹ ਚਾਹੁੰਦੇ ਹਨ ਕਿ ਸਾਰੀ ਜਾਂਚ ਪਾਰਦਰਸ਼ੀ ਹੋਵੇ ਅਤੇ ਉਹਨਾਂ ਦੀ ਹੇਠਲੇ ਪੱਧਰ ਦੇ ਮੁਲਜ਼ਮਾਂ ਨੂੰ ਫੜ ਕੇ ਅੱਖਾਂ ਪੂੰਝਣ ਨਾਲ ਤਸੱਲੀ ਨਹੀਂ ਹੋਵੇਗੀ।
ਅਕਾਲੀ ਆਗੂ ਨੇ ਇਹ ਵੀ ਮੰਗ ਕੀਤੀ ਕਿ ਨਾਇਬ ਤਹਿਸੀਲ ਪ੍ਰੀਖਿਆ ਦੀ ਸਾਰੀ ਭਰਤੀ ਪ੍ਰਕਿਰਿਆ ਰੱਦ ਕੀਤੀ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਕਿ ਜਿਸ ਸਟਾਫ ਨੇ ਇਹ ਪ੍ਰੀਖਿਆ ਕਰਵਾਈ ਉਹਨਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇ ਤਾਂ ਜੋ ਉਹਨਾਂ ਦੇ ਸਿਆਸੀ ਆਕਾਵਾਂ ਦਾ ਪਤਾ ਲੱਗ ਸਕੇ ਜਿਹਨਾਂ ਨੇ ਗਲਤ ਕੰਮ ਕਰਵਾਏ ਤਾਂ ਜੋ ਇਹਨਾਂ ਨੂੰ ਢੁਕਵੀਂ ਸਜ਼ਾ ਮਿਲ ਸਕੇ।ਉਹਨਾਂ ਇਹ ਵੀ ਮੰਗ ਕੀਤੀ ਕਿ ਹੋਰ ਸਾਰੀਆਂ ਪ੍ਰੀਖਿਆਵਾਂ ਜਿਹਨਾਂ ਵਿਚ ਵੈਟਨਰੀ ਅਫਸਰਾਂ ਤੇ ਸਹਿਕਾਰੀ ਸਭਾਵਾਂ ਦੇ ਇੰਸਪੈਕਟਰਾਂ ਦੀ ਭਰਤੀ ਵੀ ਸ਼ਾਮਲ ਹਨ ਅਤੇ ਸ਼ੱਕ ਦੇ ਘੇਰੇ ਵਿਚ ਹਨ, ਉਹ ਵੀ ਨਵੇਂ ਸਿਰੇ ਤੋਂ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।
ਸਰਦਾਰ ਮਜੀਠੀਆ ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਦੱਸਣ ਕਿ ਉਹ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਚ ਕਿਹੜੇ ਬਦਲਾਅ ਦਾ ਪ੍ਰਚਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਕੇਜਰੀਵਾਲ ਗੁਜਰਾਤ ਵਿਚ ਪ੍ਰਚਾਰਕਰ ਰਹੇ ਹਨ ਕਿ ਸੂਬੇ ਵਿਚ ਭਰਤੀ ਪ੍ਰੀਖਿਆ ਦੇ ਪੇਪਰ ਲੀਕ ਕੀਤੇ ਗਏ ਹਨ ਜਦੋਂ ਕਿ ਪੰਜਾਬ ਤਾਂ ਪ੍ਰੀਖਿਆ ਪ੍ਰਣਾਲੀ ਹੀ ਢਹਿ ਢੇਰੀ ਹੋ ਗਈ ਹੈ ਤੇ ਜੀ ਐਸ ਐਮ ਯੰਤਰਾਂ ਦੇ ਨਾਲ ਸਿਮ ਕਾਰਡ ਤੇ ਬਲੂਟੁੱਥ ਦੀ ਵਰਤੋਂ ਕਰ ਕੇ ਮਾਹਿਰਾਂ ਤੋਂ ਉਹਨਾਂ ਉਮੀਦਵਾਰਾਂ ਨੂੰ ਜਵਾਬ ਉਪਲਬਧ ਕਰਵਾਏ ਗਏ ਜਿਹਨਾਂ ਦੀ ਚੋਣ ਕੀਤੀ ਜਾਣੀ ਸੀ। ਉਹਨਾਂ ਕਿਹਾਕਿ ਇਸ ਕਾਰਨ ਪਟਵਾਰੀ ਤੇ ਸਵੀਪਰਾਂ ਦੀ ਪ੍ਰੀਖਿਆ ਵਿਚ ਫੇਲ੍ਹਹੋਏ ਉਮੀਦਵਾਰ ਵੀ ਚੁਣੇ ਗਏ।ਅਕਾਲੀ ਆਗੂ ਨੇ ਵਿਦਿਆਰਥੀਆਂ ਨੂੰ ਭਰੋਸਾ ਦੁਆਇਆ ਕਿ ਪਾਰਟੀ ਸਰਕਾਰ ਨੂੰ ਇਸ ਘੁਟਾਲੇ ’ਤੇ ਪਰਦਾ ਪਾਉਣ ਦੀ ਇਜਾਜ਼ਤ ਨਹੀਂ ਦੇਵੇਗੀ। ਉਹਨਾਂਕਿਹਾ ਕਿ ਅਕਾਲੀ ਦਲ ਨੇ ਸਭ ਤੋਂ ਪਹਿਲਾਂ 10 ਅਕਤੂਬਰ ਨੁੰ ਪ੍ਰਭਾਵਤ ਉਮੀਦਵਾਰਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਸੀ ਤੇ ਇਕਜੁੱਟਤਾ ਪ੍ਰਗਟਾਈ ਸੀ ਤੇ ਹੁਣ ਵੀ ਉਹ ਕੇਸ ਵਿਚ ਨਿਆਂ ਹਾਸਲ ਕਰਨ ਵਾਸਤੇ ਉਹਨਾਂ ਦੀ ਮਦਦ ਕਰਦਾ ਰਹੇਗਾ।
ਇਕ ਹੋਰ ਥਾਣਾ ਮੁਖੀ ਵਿਜੀਲੈਂਸ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਜਾਲ ਚ ਫਸਿਆ
ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ ਸਾਬਕਾ ਐੱਸਐੱਚਓ, ਥਾਣੇਦਾਰ ਤੇ ਪ੍ਰਾਈਵੇਟ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 14 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਹਦਾਇਤਾਂ ‘ਤੇ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜਾਰੀ ਮੁਹਿੰਮ ਦੌਰਾਨ ਥਾਣਾ ਸਦਰ ਨਕੋਦਰ, ਜਿਲਾ ਜਲੰਧਰ ਦੇ ਐਸਐਚਓ ਵਜੋਂ ਤਾਇਨਾਤ ਰਹੇ ਸਬ-ਇੰਸਪੈਕਟਰ ਬਿਸਮਨ ਸਿੰਘ, ਸੀ.ਆਈ.ਏ.ਜਲੰਧਰ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਰੇਸ਼ਮ ਸਿੰਘ ਅਤੇ ਇੱਕ ਪ੍ਰਾਈਵੇਟ ਵਿਅਕਤੀ ਸੁਰਜੀਤ ਸਿੰਘ ਨੂੰ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸਾਰੇ ਮੁਲਜ਼ਮਾਂ ਨੂੰ ਹਰਜਿੰਦਰ ਕੁਮਾਰ ਵਾਸੀ ਪਿੰਡ ਰਾਮਪੁਰ ਠੋਡਾ, ਜ਼ਿਲ੍ਹਾ ਰੂਪਨਗਰ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਸਬ-ਇੰਸਪੈਕਟਰ ਬਿਸਮਨ ਸਿੰਘ ਨੇ ਐਸਐਚਓ ਹੁੰਦਿਆਂ ਉਸ ਦੇ ਭਰਾ ਨੂੰ ਹੁਸ਼ਿਆਰਪੁਰ ਤੋਂ ਉਸ ਦੇ ਟਰੱਕ ਸਮੇਤ ਗੱਡੀ ਵਿੱਚ ਭੁੱਕੀ ਦੀ ਬਰਾਮਦਗੀ ਦਿਖਾ ਕੇ ਝੂਠੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਸਬੰਧਤ ਐਸਐਚਓ ਬਿਸਮਨ ਸਿੰਘ ਨੇ ਉਸ ਵੇਲੇ ਏਐਸਆਈ ਰੇਸ਼ਮ ਸਿੰਘ ਅਤੇ ਇੱਕ ਪ੍ਰਾਈਵੇਟ ਵਿਅਕਤੀ ਸੁਰਜੀਤ ਸਿੰਘ ਰਾਹੀਂ ਉਸਦੇ ਭਰਾ ਅਤੇ ਸ੍ਰੀਨਗਰ ਤੋਂ ਲੱਦਿਆ ਹੋਇਆ ਉਸਦਾ ਟਰੱਕ ਛੁਡਾਉਣ ਲਈ 11,00,000 ਰੁਪਏ ਪਹਿਲਾਂ ਹੀ ਕਿਸ਼ਤਾਂ ਵਿੱਚ ਹਾਸਲ ਕਰ ਲਏ ਹਨ। ਉਸਨੇ ਦੋਸ਼ ਲਾਇਆ ਕਿ ਮੁਲਜ਼ਮ ਸਬ-ਇੰਸਪੈਕਟਰ ਬੇਸ਼ੱਕ ਪੁਲਿਸ ਲਾਈਨ ਜਲੰਧਰ ਵਿਖੇ ਬਦਲ ਚੁੱਕਾ ਹੈ ਪਰ ਉਹ ਆਪਣੇ ਉਪਰੋਕਤ ਦੋ ਵਿਚੋਲਿਆਂ ਰਾਹੀਂ ਇਸ ਪੁਲੀਸ ਕੇਸ ਵਿੱਚ ਉਸ ਦੀ ਮੱਦਦ ਕਰਨ ਲਈ ਉਸ ਤੋਂ ਹੋਰ ਪੈਸਿਆਂ ਦੀ ਮੰਗ ਕਰ ਰਿਹਾ ਹੈ।
ਇਸ ਸ਼ਿਕਾਇਤ ਦੇ ਤੱਥਾਂ ਅਤੇ ਪ੍ਰਾਪਤ ਸਬੂਤਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਪਰੋਕਤ ਸਬ-ਇੰਸਪੈਕਟਰ ਬਿਸਮਾਨ ਸਿੰਘ, ਏ.ਐਸ.ਆਈ ਰੇਸ਼ਮ ਸਿੰਘ ਅਤੇ ਪ੍ਰਾਈਵੇਟ ਵਿਅਕਤੀ ਸੁਰਜੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਸਾਰੇ ਦੋਸ਼ੀਆਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈ.ਪੀ.ਸੀ. ਦੀ 120-ਬੀ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ, ਉਡਣ ਦਸਤਾ-1, ਐਸ.ਏ.ਐਸ.ਨਗਰ, ਪੰਜਾਬ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸ ਕੇਸ ਦੀ ਹੋਰ ਅੱਗੇ ਜਾਂਚ ਚੱਲ ਰਹੀ ਹੈ।
ਕਾਂਗਰਸ ਭਵਨ ਵਿਖੇ ਮਨਾਈ ਸਵ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ 133ਵੀਂ ਜੈਅੰਤੀ
ਸੁਖਜਿੰਦਰ ਮਾਨ
ਬਠਿੰਡਾ, 14 ਨਵੰਬਰ:ਸਵਰਗੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ 133ਵੀਂ ਜਯੰਤੀ ਕਾਂਗਰਸ ਭਵਨ ਵਿਖੇ ਸ਼ਰਧਾ ਪੂਰਵਕ ਮਨਾਈ ਗਈ। ਇਸ ਮੌਕੇ ਕਾਂਗਰਸ ਭਵਨ ਵਿਖੇ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ ਦੀ ਅਗਵਾਈ ਵਿੱਚ ਸਵਰਗੀ ਪ੍ਰਧਾਨਮੰਤਰੀ ਜੀ ਦੀ ਜੈਅੰਤੀ ਦਾ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ,ਜਿਸ ਵਿੱਚ ਸਵਰਗੀ ਪ੍ਰਧਾਨ ਮੰਤਰੀ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ।ਇਸ ਮੌਕੇ ਕੇ ਕੇ ਅਗਰਵਾਲ ਸਾਬਕਾ ਚੇਅਰਮੈਨ ,ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ,ਮੋਹਨ ਲਾਲ ਝੂੰਬਾ ਅਤੇ ਰਾਜਨ ਗਰਗ ਨੇ ਸ਼ਰਧਾ ਦੇ ਫੁਲ ਭੇਟ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਮਾਡਰਨ ਖੇਤਰ ਵਿੱਚ ਮਜ਼ਬੂਤ ਬਣਾਉਣ ਦੀ ਨੀਮ ਸਵ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਰੱਖੀ ਗਈ ਜਿਸ ਕਰਕੇ ਅੱਜ ਭਾਰਤ ਦਾ ਨਾਮ ਪੂਰੀ ਦੁਨੀਆਂ ਵਿੱਚ ਮਜ਼ਬੂਤ ਦੇਸ਼ਾਂ ਵਿੱਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਸਵਰਗੀ ਪ੍ਰਧਾਨ ਮੰਤਰੀ ਦੀ ਬਦੌਲਤ ਵਿਗਿਆਨਕ ਖੇਤਰ ਵਿੱਚ ਭਾਰਤ ਨੇ ਅਗਾਂਹ ਵਧੂ ਕਦਮ ਪੁੱਟੇ।ਇਸ ਮੌਕੇ ਹਰਵਿੰਦਰ ਸਿੰਘ ਲੱਡੂ, ਬਲਜਿੰਦਰ ਸਿੰਘ ਠੇਕੇਦਾਰ ਅਤੇ ਰੁਪਿੰਦਰ ਬਿੰਦਰਾ ਨੇ ਸ਼ਰਧਾ ਫੁੱਲ ਭੇਂਟ ਕਰਦੇ ਹੋਏ ਕਿਹਾ ਕਿ ਅੱਜ ਦੇਸ਼ ਵਿੱਚ ਕਾਂਗਰਸ ਦੇ ਪਹਿਲੇ ਪ੍ਰਧਾਨ ਮੰਤਰੀ ਤੋਂ ਲੈ ਕੇ ਹੁਣ ਤਕ ਰਹੇ ਪ੍ਰਧਾਨ ਮੰਤਰੀਆਂ ਦੀ ਬਦੌਲਤ ਭਾਰਤ ਹਰ ਖੇਤਰ ਵਿੱਚ ਅੱਗੇ ਵਧਿਆ ਹੈ ਜਿਸ ਕਰਕੇ ਅੱਜ ਵੱਖ ਵੱਖ ਤਰ੍ਹਾਂ ਦੀ ਵਿਗਿਆਨਕ ਤਕਨੀਕ ਤਹਿਤ ਕੰਮ ਹੋ ਰਹੇ ਹਨ । ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਵਰਗੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜਿਨ੍ਹਾਂ ਨੂੰ ਬਾਲ ਦਿਵਸ ਦੇ ਤੌਰ ਤੇ ਵੀ ਇਹ ਦਿਨ ਮਨਾਇਆ ਜਾਂਦਾ ਹੈ ਨੌਜਵਾਨ ਖੁਸ਼ਹਾਲ ਦੇਸ਼ ਦੀ ਸਿਰਜਣਾ ਲਈ ਅੱਗੇ ਆਉਣ । ਇਸ ਮੌਕੇ ਸੰਜੇ ਵਿਸਵਾਲ, ਸਾਧੂ ਸਿੰਘ, ਵਿਪਨ ਮਿੱਤੂ, ਪ੍ਰੀਤ ਮੋਹਨ ਸ਼ਰਮਾ ,ਜਗਰਾਜ ਸਿੰਘ , ਮਲਕੀਤ ਸਿੰਘ ਐਮ ਸੀ, ਬਲਜੀਤ ਸਿੰਘ ਯੂਥ ਆਗੂ, ਕਰਨਲ ਦਿਆਲ ਸਿੰਘ, ਯਸ਼ਪਾਲ ਬਾਂਸਲ ,ਸੁਖਦੇਵ ਸਿੰਘ ਬਾਹੀਆ ,ਓਮ ਪ੍ਰਕਾਸ਼ , ਕ੍ਰਿਸ਼ਨ ਕੁਮਾਰ, ਸੁਨੀਲ ਕੁਮਾਰ, ਅਸ਼ੀਸ਼ ਕਪੂਰ ਆਦਿ ਹਾਜ਼ਰ ਸਨ ਜਿਨ੍ਹਾਂ ਨੇ ਸਵਰਗੀ ਪ੍ਰਧਾਨ ਮੰਤਰੀ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਇੱਥੇ ਕਾਂਗਰਸ ਭਵਨ ਦੇ ਗੇਟ ਅੱਗੇ ਲੱਡੂ ਵੀ ਵੰਡੇ ਗਏ ।





