Monday, May 18, 2026
Home Blog Page 2320

ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਠੇਕੇਦਾਰ ਤੇ ਆੜ੍ਹਤੀਏ ਵਿਰੁੱਧ ਚਲਾਨ ਪੇਸ਼

0

ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 14 ਨਵੰਬਰ :ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਠੇਕੇਦਾਰ ਤੇਲੂ ਰਾਮ ਅਤੇ ਆੜ੍ਹਤੀਏ ਕ੍ਰਿਸ਼ਨ ਲਾਲ ਵਿਰੁੱਧ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਲੁਧਿਆਣਾ ਡਾ. ਅਜੀਤ ਅਤਰੀ ਦੀ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸਾਬਕਾ ਮੰਤਰੀ ਨੂੰ 22 ਅਗਸਤ, 2022 ਨੂੰ ਆਈ.ਪੀ.ਸੀ. ਦੀ ਧਾਰਾ 420, 409, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 8, 12, 13 (2) ਅਧੀਨ ਠੇਕੇਦਾਰ ਤੇਲੂ ਰਾਮ ਅਤੇ ਹੋਰਨਾਂ ਸਣੇ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ/ਭਾਈਵਾਲਾਂ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਲੁਧਿਆਣਾ ਵਿਖੇ ਦਰਜ ਐਫ.ਆਈ.ਆਰ. ਨੰਬਰ 11 ਮਿਤੀ 16-08-2022 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।ਉਪਰੋਕਤ ਦੋਸ਼ੀਆਂ ਵਿਰੁੱਧ ਵਿਜੀਲੈਂਸ ਨੇ ਸੀ.ਆਰ.ਪੀ.ਸੀ. ਦੀ ਧਾਰਾ 173 ਅਧੀਨ ਚਲਾਨ ਪੇਸ਼ ਕੀਤਾ ਹੈ। ਇਸ ਚਲਾਨ ਦੇ 91 ਪੰਨੇ ਹਨ ਅਤੇ ਪੂਰੀ ਚਲਾਨ ਫਾਈਲ ਵਿੱਚ ਕੁੱਲ ਦਸਤਾਵੇਜ਼/ਨੱਥੀ ਕਾਗਜਾਤ 1556 ਪੰਨੇ ਸ਼ਾਮਲ ਹਨ।ਉਹਨਾਂ ਦੱਸਿਆ ਕਿ ਇਸ ਕੇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ ਅਤੇ ਇਸ ਮਾਮਲੇ ਦੇ ਬਾਕੀ ਦੋਸ਼ੀਆਂ ਖਿਲਾਫ ਵੀ ਸਪਲੀਮੈਂਟਰੀ ਚਲਾਨ ਜਲਦ ਪੇਸ਼ ਕੀਤਾ ਜਾਵੇਗਾ।

ਸੂਬਾ ਸਰਕਾਰ ਨੇ ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ

0

ਮੁਅੱਤਲ ਕੰਡਕਟਰ ਮਾਮਲੇ ਦੀ ਜਾਂਚ ਤਿੰਨ ਦਿਨਾਂ ‘ਚ ਮੁਕੰਮਲ ਕਰਨ ਤੇ ਆਨ ਡਿਊਟੀ ਜਾਂਚ ‘ਤੇ ਬਣੀ ਸਹਿਮਤੀ
ਫਿਰੋਜ਼ਪੁਰ ਤੋਂ ਪੱਟੀ ਟਰਾਂਸਫਰ ਹੋਏ ਮੁਲਾਜ਼ਮਾਂ ਦੇ ਮਾਮਲੇ ‘ਚ ਵੀ ਸੱਤ ਦਿਨਾਂ ਅੰਦਰ ਸਮੀਖਿਆ ‘ਤੇ ਸਹਿਮਤੀ
ਬਾਕੀ ਮੰਗਾਂ ਲਈ 12 ਦਸੰਬਰ ਨੂੰ ਰੱਖੀ ਅਗਲੀ ਮੀਟਿੰਗ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 14 ਨਵੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ‘ਤੇ ਟਰਾਂਸਪੋਰਟ ਵਿਭਾਗ ਨੇ ਸੂਬੇ ਦੀ ਪੰਜਾਬ ਰੋਡਵੇਜ਼, ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀਆਂ ਪ੍ਰਮੁੱਖ ਮੰਗਾਂ ਨੂੰ ਪ੍ਰਵਾਨ ਕਰ ਲਿਆ ਹੈ।ਇਸ ਸਬੰਧੀ ਫੈਸਲਾ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਲਿਆ ਗਿਆ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਹਿਮਾਂਸ਼ੂ ਜੈਨ ਅਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਅਮਨਦੀਪ ਕੌਰ ਨੇ ਯੂਨੀਅਨ ਦੇ ਵਫ਼ਦ, ਜਿਸ ਵਿੱਚ ਸੂਬਾ ਪ੍ਰਧਾਨ ਰੇਸ਼ਮ ਸਿੰਘ, ਸ਼ਮਸ਼ੇਰ ਸਿੰਘ ਢਿੱਲੋਂ, ਹਰਕੇਸ਼ ਕੁਮਾਰ, ਜਗਤਾਰ ਸਿੰਘ ਅਤੇ ਦਲਜੀਤ ਸਿੰਘ ਮੌਜੂਦ ਸਨ, ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ।ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਮੁਅੱਤਲ ਕੀਤੇ ਕੰਡਕਟਰ ਪ੍ਰਿਤਪਾਲ ਸਿੰਘ ਵਿਰੁੱਧ ਜਾਂਚ ਸਮਾਂਬੱਧ ਢੰਗ ਨਾਲ ਕੀਤੀ ਜਾਵੇਗੀ ਅਤੇ ਤਿੰਨ ਦਿਨਾਂ ਵਿੱਚ ਮੁਕੰਮਲ ਕੀਤੀ ਜਾਵੇਗੀ। ਯੂਨੀਅਨ ਵੱਲੋਂ ਇਸ ਮਾਮਲੇ ਦੀ ਸਮਾਂਬੱਧ ਜਾਂਚ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਸੂਬਾ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ।ਇਸੇ ਤਰ੍ਹਾਂ ਡਾਇਰੈਕਟਰ ਸਟੇਟ ਟਰਾਂਸਪੋਰਟ ਨੇ ਵਿਭਾਗ ਦੇ ਨਿਯਮਾਂ ਅਨੁਸਾਰ ਸੱਤ ਦਿਨਾਂ ਦੇ ਅੰਦਰ-ਅੰਦਰ ਫਿਰੋਜ਼ਪੁਰ ਤੋਂ ਪੱਟੀ ਟਰਾਂਸਫਰ ਹੋਏ ਮੁਲਾਜ਼ਮਾਂ ਦੀਆਂ ਬਦਲੀਆਂ ਦਾ ਜਾਇਜ਼ਾ ਲੈਣ ਲਈ ਵੀ ਸਹਿਮਤੀ ਦੇ ਦਿੱਤੀ ਹੈ। ਮੀਟਿੰਗ ਦੌਰਾਨ ਸੂਬੇ ਦੇ ਮੁਲਾਜ਼ਮਾਂ ਦੀਆਂ ਹੋਰ ਲੰਬਿਤ ਮੰਗਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਅਗਲੇਰੀ ਕਾਰਵਾਈ ਲਈ ਅਧਿਕਾਰੀਆਂ ਵੱਲੋਂ ਨੋਟ ਕੀਤਾ ਗਿਆ। ਅਧਿਕਾਰੀਆਂ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਯੂਨੀਅਨ ਦੀਆਂ ਜਾਇਜ਼ ਮੰਗਾਂ ਬਾਰੇ ਸੂਬਾ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ, ਜਿਸ ਸਬੰਧੀ 12 ਦਸੰਬਰ 2022 ਨੂੰ ਮੁੜ ਮੀਟਿੰਗ ਕੀਤੀ ਜਾਵੇਗੀ।

ਰਾਸ਼ਟਰਪਤੀ 29 ਨਵੰਬਰ ਨੂੰ ਬ੍ਰਹਮ ਸਰੋਵਰ ਵਿਚ ਕੌਮਾਂਤਰੀ ਗੀਤਾ ਮਹੋਤਸਵ ਦਾ ਕਰਣਗੇ ਉਦਘਾਟਨ:ਮਨੋਹਰ ਲਾਲ

0

19 ਨਵੰਬਰ ਤੋਂ 6 ਦਸੰਬਰ ਤਕ ਕੁਰੂਕਸ਼ੇਤਰ ਵਿਚ ਹੋਵੇਗਾ ਕੌਮਾਂਤਰੀ ਗੀਤਾ ਮਹੋਤਸਵ – 2022
ਜੋਤੀਸਰ ਵਿਚ ਸ੍ਰੀ ਕ੍ਰਿਸ਼ਣ ਦੇ ਵਿਰਾਟ ਸਵਰੂਪ ‘ਤੇ 3ਡੀ ਮੈਪਿੰਗ ਤਕਨੀਕੀ ਰਾਹੀਂ ਗੀਤਾ ‘ਤੇ ਅਧਾਰਿਕ ਮਲਟੀਮੀਡੀਆ ਸ਼ੌ ਦਾ ਵੀ ਹੋਵੇਗਾ ਉਦਘਾਟਨ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 14 ਨਵੰਬਰ – ਹਰਿਆਣਾ ਵਿਚ 19 ਨਵੰਬਰ ਤੋਂ 6 ਦਸੰਬਰ ਤਕ ਕੁਰੂਕਸ਼ੇਤਰ ਵਿਚ ਸਰਸ ਅਤੇ ਕ੍ਰਾਫਟ ਮੇਲੇ ਦੇ ਨਾਲ ਕੌਮਾਂਤਰੀ ਗੀਤਾ ਮਹੋਤਸਵ-2022 ਦਾ ਪ੍ਰਬੰਧ ਕੀਤਾ ਜਾਵੇਗਾ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਹਰਿਆਣਾ ਆਗਮਨ ਵੀ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ‘ਤੇ ਹੋਵੇਗਾ ਅਤੇ ਉਨ੍ਹਾਂ ਦੇ ਵੱਲੋਂ 29 ਨਵੰਬਰ, 2022 ਨੂੰ ਬ੍ਰਹਮ ਸਰੋਵਰ ‘ਤੇ ਗੀਤਾ ਯੱਗ ਅਤੇ ਪੂਜਨ ਤੋਂ ਮੁੱਖ ਪ੍ਰੋਗ੍ਰਾਮ ਦਾ ਵਿਧੀਵਤ ਸ਼ੁਰੂਆਤ ਕੀਤੀ ਜਾਵੇਗੀ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਇੱਥੇ ਪ੍ਰਬੰਧਿਤ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਇੲ ਜਾਣਕਾਰੀ ਦਿੱਤੀ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ 29 ਨਵੰਬਰ ਨੂੰ ਹੀ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਤਿੰਨ ਦਿਨਾਂ ਦੇ ਕੌਮਾਂਤਰੀ ਗੀਤਾ ਸੈਮੀਨਾਰ ਦੀ ਵੀ ਸ਼ੁਰੂਆਤ ਕਰੇਗੀ। ਸ੍ਰੀਮਦਭਗਵਦਗੀਤਾ ਦੀ ਪ੍ਰੇਰਣਾ ਨਾਲ ਵਿਸ਼ਵ ਸ਼ਾਂਤੀ ਅਤੇ ਭਾਈਚਾਰਾ ਵਿਸ਼ਾ ਇਸ ਸੈਮੀਨਾਰ ਵਿਚ ਦੇਸ਼-ਵਿਦੇਸ਼ ਦੇ ਗੀਤਾ ਗਿਆਨੀ, ਵਿਦਵਾਨ ਅਤੇ ਖੋਜਕਾਰ ਆਪਣੇ ਖੋਜਪੱਤਰ ਪੇਸ਼ ਕਰਣਗੇ। ਯਕੀਨੀ ਹੀ ਇਸ ਸੈਮੀਨਾਰ ਨਾਲ ਗੀਤਾ ਦੇ ਸੰਦੇ ਨੂੰ ਮਹਤੱਤਾ ਵਿਸ਼ਵ ਵਿਚ ਮਿਲੇਗੀ। ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਅਤੇ ਦੇਸ਼ਵਾਸੀਆਂ ਨੂੰ ਇਸ ਪਵਿੱਤਰ ਮਹੋਤਸਵ ਵਿਚ ਹਿੱਸਾ ਲੈਣ ਅਤੇ ਪੂਰੇ ਜੀਵਨ ਦੀ ਯਾਦਗਾਰ ਮਨ ਵਿਚ ਰੱਖਣ ਲਈ ਕੁਰੂਕਸ਼ੇਤਰ ਵਿਚ ਸੱਦਾ ਦਿੱਤਾ।ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਵਿਕਾਸ ਦੇ ਮਾਨਦੰਡ ਸਿਰਫ ਬੁਨਿਆਦੀ ਢਾਂਚੇ ਜਿਵੇਂ ਸੜਕਾਂ, ਭਵਨ ਆਦਿ ਤਕ ਹੀ ਸੀਮਤ ਨਹੀਂ ਹਨ, ਸਗੋ ਅਧਿਆਤਮਕ ਤੇ ਸਭਿਆਚਾਰਕ ਵਿਕਾਸ ਦੇ ਨਾਲ ਹੀ ਸਮੂਚਾ ਵਿਕਾਸ ਯਕੀਨੀ ਕਰਨਾ ਹਮੇਸ਼ਾ ਸਾਡੀ ਸਰਬੋਤਮ ਪ੍ਰਾਥਮਿਕਤਾ ਰਹੀ ਹੈ।
ਸ੍ਰੀ ਮਨੋਹਰ ਲਾਲ ਨੇ ਮਹੋਤਸਵ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੂਰੇ ਦੇਸ਼ ਤੋਂ ਆਏ ਮੂਰਤੀਕਾਰ ਵੱਲੋਂ ਮਹਾਭਾਰਤ ਅਤੇ ਗੀਤਾ ਵਿਸ਼ਾ ‘ਤੇ ਅਧਾਰਿਤ 21 ਮੂਰਤੀਆਂ ਦਾ ਨਿਰਮਾਣ ਕੀਤਾ ਗਿਆ ਹੈ। ਇਸ ਮਹੋਤਸਵ ਦੌਰਾਨ ਦੇਸ਼-ਵਿਦੇਸ਼ ਤੋਂ ਆਏ ਕ੍ਰਾਫਟਕਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਸੁਨਹਿਰਾ ਮੌਕਾ ਮਿਲੇਗਾ।ਉਨ੍ਹਾਂ ਨੇ ਦਸਿਆ ਕਿ ਕੌਮਾਂਤਰੀ ਗੀਤਾ ਮਹੋਤਸਵ -2022 ਵਿਚ 19 ਨਵੰਬਰ ਤੋਂ 27 ਨਵੰਬਰ ਤਕ ਸੰਤ ਮੁਰਾਰੀ ਬਾਪੂ ਜੀ ਵੱਲੋਂ ਬ੍ਰਹਮ ਸਰੋਵਰ ‘ਤੇ ਸ੍ਰੀ ਰਾਮ ਕਥਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਵਿਚ ਦੇ ਪੂਰੇ ਦੇਸ਼ ਤੋਂ ਹਜਾਰਾਂ ਸ਼ਰਧਾਲੂ ਆਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਡੇ ਲਈ ਖੁਸ਼ੀ ਦਾ ਵਿਸ਼ਾ ਹੈ ਕਿ ਇਸ ਵਾਰ ਕੌਮਾਂਤਰੀ ਗੀਤਾ ਮਹੋਤਸਵ ਅਜਿਹੇ ਸਮੇਂ ਵਿਚ ਪ੍ਰਬੰਧਿਤ ਕੀਤਾ ਜਾ ਰਿਹਾ ਹੈ, ਜਦੋਂ ਪੂਰਾ ਦੇਸ਼ ਆਜਾਦੀ ਦਾ ਅਮ੍ਰਿਤ ਮਹੋਸਤਵ ਮਨਾ ਰਿਹਾ ਹੈ। ਕੁਰੂਕਸ਼ੇਤਰ ਵਿਚ ਪਵਿੱਤਰ ਬ੍ਰਹਮ ਸਰੋਵਰ ਦੇ ਕਿਨਾਰੇ ‘ਤੇ ਪ੍ਰਬੰਧਿਤ ਕੀਤੇ ਜਾ ਰਹੇ ਗੀਤਾ ਦੇ ਇਸ ਪਵਿੱਤਰ ਉਤਸਵ ਵਿਚ ਲੋਕਾਂ ਨੂੰ ਇਥ ਵਾਰ ਫਿਰ ਤੋਂ ਕੌਮੀ ਉਪਲਬਧੀ ਪ੍ਰਾਪਤ ਕਲਾਕਾਰਾਂ ਅਤੇ ਕ੍ਰਾਫਟਕਾਰਾਂ ਦਾ ਸੰਗਮ ਦੇਖਣ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਦਸਿਆ ਕਿ ਸਾਲ 2019 ਵਿਚ ਕੌਮਾਂਤਰੀ ਗੀਤਾ ਮਹੋਤਸਵ ਦੇਸ਼ ਤੋਂ ਬਾਹਰ ਮਾਰੀਸ਼ਸ ਅਤੇ ਲੰਦਨ ਵਿਚ ਵੀ ਮਨਾਇਆ ਗਿਆ। ਇਸ ਸਾਲ ਸਤੰਬਰ ਮਹੀਨੇ ਵਿਚ ਕੈਨੇਡਾ ਵਿਚ ਵੀ ਇਹ ਮਹਾਉਤਸਵ ਪ੍ਰਬੰਧਿਤ ਕੀਤਾ ਗਿਆ। ਸ੍ਰੀ ਮਨੋਹਰ ਲਾਲ ਨੇ ਦਸਿਆ ਕਿ ਗੀਤਾ ਜਨਮਸਥਾਨ ਜੋਤੀਸਰ ਵਿਚ ਸ੍ਰੀਕ੍ਰਿਸ਼ਣ ਦੇ ਵਿਰਾਟ ਸਵਰੂਪ ਦੀ 50 ਫੁੱਟ ਉੱਚੀ ਪ੍ਰਤਿਮਾ ਦਾ ਨਿਰਮਾਣ ਕੀਤਾ ਅਿਗਾ ਹੈ, ਜਿਸ ‘ਤੇ 3ਡੀ ਮੈਪਿੰਗ ਤਕਨਾਲੋਜੀ ਰਾਹੀਂ ਗੀਤਾ ‘ਤੇ ਅਧਾਰਿਤ ਮਲਟੀਮੀਡੀਆ ਸੌ ਦਾ ਉਦਘਾਟਨ ਕੀਤਾ ਜਾਵੇਗਾ। ਸ੍ਰੀ ਮਨੋਹਰ ਲਾਲ ਨੇ ਦਸਿਆ ਕਿ ਕੌਮਾਂਤਰੀ ਗੀਤਾ ਮਹੋਤਸਵ ਵਿਚ ਹਰਿਆਣਾ ਦੇ ਲੋਕਨਾਚ, ਕ੍ਰਾਫਟ, ਮਿਨੀ ਉਦਯੋਗ, ਖਾਨ-ਪੀਣ ਆਦਿ ਨਾਲ ਸਬੰਧਿਤ ਹਰਿਆਣਾ ਪੈਵੇਲਿਅਨ ਲੱਗੇਗਾ, ਜਿਸ ਨਾਲ ਮਹੋਤਸਵ ਵਿਚ ਆਉਣ ਵਾਲੇ ਸੈਨਾਨੀ ਅਤੇ ਤੀਰਥਯਾਤਰੀ ਹਰਿਆਣਾ ਦੇ ਸਭਿਆਚਾਰ ਨਾਲ ਰੁਬਰੂ ਹੋ ਸਕਣਗੇ। ਉਨ੍ਹਾਂ ਨੇ ਦਸਿਆ ਕਿ ਵੱਖ-ਵੱਖ ਵਿਭਾਗਾਂ ਵੱਲੋਂ ਹਰਿਆਣਾ ਦੇ ਵਿਕਾਸ ਅਤੇ ਉੱਨਤੀ ਵਿਸ਼ਾ ਪ੍ਰਦਰਸ਼ਨੀਆਂ ਵੀ ਲਗਾਈ ਜਾ ਰਹੀਆਂ ਹਨ, ਜਿਸ ਤੋਂ ਲੋਕਾਂ ਨੂੰ ਸਰਕਾਰ ਵੱਲੋਂ ਚਲਾਈ ਜਾ ਰਹੀ ਜਨਭਲਾਈਕਾਰੀ ਯੋਜਨਾਵਾਂ ਅਤੇ ਸੂਬੇ ਵਿਚ ਹੋ ਰਹੇ ਵਿਕਾਸ ਕੰਮਾਂ ਦੀ ਜਾਣਕਾਰੀ ਮਿਲੇਗੀ।ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਤਿਆਰ ਕੌਮਾਂਤਰੀ ਗੀਤਾ ਮਹਾਉਤਸਵ 2022 ‘ਤੇ ਪ੍ਰਚਾਰ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਅਤੇ ਇਕ ਟੈਲੀ ਫਿਲਮ ਵੀ ਦਿਖਾਈ ਗਈ।ਇਸ ਮੌਕੇ ‘ਤੇ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮੈਂਬਰ ਸਕੱਤਰ ਵਿਜੈ ਦਹਿਆ ਅਤੇ ਹੋਰ ਅਧਿਕਾਰੀ ਮੌਜੂਦ ਰਹੇ।

ਅਲੂਮਨੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਬਿਜ਼ਨਸ ਸਟੱਡੀਜ਼ ਵਿਭਾਗ ਨੇ ਅਲੂਮਨੀ ਗੱਲਬਾਤ ਕਰਵਾਈ

0

ਸੁਖਜਿੰਦਰ ਮਾਨ
ਬਠਿੰਡਾ , 14 ਨਵੰਬਰ : ਬੀ.ਐਫ.ਜੀ.ਆਈ. ਦੀ ਅਲੂਮਨੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਬਿਜ਼ਨਸ ਸਟੱਡੀਜ਼ ਵਿਭਾਗ ਨੇ ਕੈਰੀਅਰ ਦੇ ਵਿਕਾਸ ਵਿੱਚ ਸਮਰਪਣ ਅਤੇ ਸਵੈ-ਵਿਸ਼ਵਾਸ ਦੀ ਭੂਮਿਕਾ ਬਾਰੇ ਮਾਹਿਰ ਗੱਲਬਾਤ ਕਰਵਾਈ। ਇਹ ਮਾਹਿਰ ਗੱਲਬਾਤ ਦੇ ਸੈਸ਼ਨ ਵਿੱਚ ਬੀ.ਕਾਮ. ਅਤੇ ਐਮ.ਕਾਮ. ਦੇ ਮੌਜੂਦਾ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸੈਸ਼ਨ ਵਿੱਚ ਕਾਲਜ ਦੇ ਅਲੂਮਨੀ ਸੰਦੀਪ ਸਿੰਘ ਮਾਨ ਨੇ ਸ਼ਿਰਕਤ ਕੀਤੀ ਜੋ ਅਨਲੌਕ ਯੂਅਰ ਡਰੀਮ, ਆਈਲੈਟਸ ਐਂਡ ਇਮੀਗ੍ਰੇਸ਼ਨ ਕੰਪਨੀ ਦਾ ਮੈਨੇਜਿੰਗ ਡਾਇਰੈਕਟਰ ਹੈ। ਇਸ ਸੈਸ਼ਨ ਦੀ ਸ਼ੁਰੂਆਤ ਅਲੂਮਨੀ ਸੰਦੀਪ ਸਿੰਘ ਮਾਨ ਵੱਲੋਂ ਉਦਮਤਾ ਦੇ ਵਿਸ਼ੇ ਨਾਲ ਕੀਤੀ ਗਈ ਕਿਉਂਕਿ ਉਸ ਨੂੰ ਆਪਣੀ ਉੱਤਮਤਾ ਅਤੇ ਉਦਮਤਾ ਦੇ ਗਿਆਨ ਲਈ ਜਾਣਿਆ ਜਾਂਦਾ ਹੈ। ਉਸ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਦਮਤਾ ਦੀਆਂ ਬੁਨਿਆਦੀ ਗੱਲਾਂ ਨਾਲ ਵਿਦਿਆਰਥੀ ਕਿਵੇਂ ਆਪਣਾ ਕੈਰੀਅਰ ਵਧਾ ਸਕਦੇ ਹਨ। ਉਸ ਨੇ ਕਾਰੋਬਾਰੀ ਖੇਤਰ ਦੀਆਂ ਗੱਲਾਂ ਜਿਵੇਂ ਜੋਖ਼ਮ ਪ੍ਰਬੰਧਨ, ਸਵੈ-ਪ੍ਰੇਰਨਾ ਅਤੇ ਸੰਚਾਰ ਆਦਿ ਬਾਰੇ ਵਿਸਥਾਰ ਨਾਲ ਦੱਸਿਆ। ਉਸ ਨੇ ਇਹ ਵੀ ਦੱਸਿਆ ਕਿ ਕਿਵੇਂ ਵਿਦਿਆਰਥੀਆਂ ਦਾ ਸਵੈ-ਸਮਰਪਣ ਉਨ੍ਹਾਂ ਨੂੰ ਇੱਕ ਸਫਲ ਜੀਵਨ ਵੱਲ ਲਿਜਾ ਸਕਦਾ ਹੈ। ਉਸ ਨੇ ਵਿਸਥਾਰ ਨਾਲ ਦੱਸਿਆ ਕਿ ਕਿਸੇ ਵੀ ਆਰਥਿਕਤਾ ਵਿੱਚ ਉੱਦਮੀ ਮੁੱਖ ਭੂਮਿਕਾ ਨਿਭਾਉਂਦੇ ਹਨ। ਉਹ ਅਜਿਹੇ ਹੁਨਰਾਂ ਅਤੇ ਪਹਿਲਕਦਮੀਆਂ ਦੀ ਵਰਤੋਂ ਕਰਦੇ ਹਨ ਜੋ ਲੋੜਾਂ ਦਾ ਅੰਦਾਜ਼ਾ ਲਗਾਉਣ ਅਤੇ ਮਾਰਕੀਟ ਵਿੱਚ ਚੰਗੇ ਨਵੇਂ ਵਿਚਾਰ ਲਿਆਉਣ ਲਈ ਜ਼ਰੂਰੀ ਹਨ। ਆਪਣੇ ਨਿੱਜੀ ਜੀਵਨ ਦੀ ਇੱਕ ਉਦਾਹਰਨ ਨਾਲ ਉਸ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਸਭਿਆਚਾਰਕ ਗਤੀਵਿਧੀਆਂ ਅਤੇ ਮੁਕਾਬਲਿਆਂ ਵਿੱਚ ਪਹਿਲਕਦਮੀ ਕਰਨ ਜਿਸ ਸਦਕਾ ਉਨ੍ਹਾਂ ਦੇ ਹੁਨਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ ਅਤੇ ਉਨ੍ਹਾਂ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਹੋਵੇਗਾ। ਸਮੁੱਚੇ ਤੌਰ ‘ਤੇ ਇਹ ਸੈਸ਼ਨ ਪ੍ਰੇਰਣਾਦਾਇਕ, ਜਾਣਕਾਰੀ ਭਰਪੂਰ ਅਤੇ ਦਿਲਚਸਪ ਸੀ । ਅੰਤ ਵਿੱਚ ਪਲੇਸਮੈਂਟ ਕੋਆਰਡੀਨੇਟਰ ਪ੍ਰੋ. ਨਵਨੀਤ ਕੌਰ ਨੇ ਅਜਿਹੇ ਜਾਣਕਾਰੀ ਭਰਪੂਰ ਭਾਸ਼ਣ ਲਈ ਅਲੂਮਨੀ ਸੰਦੀਪ ਸਿੰਘ ਮਾਨ ਦਾ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਅਲੂਮਨੀ ਐਸੋਸੀਏਸ਼ਨ ਅਤੇ ਬਿਜ਼ਨਸ ਸਟੱਡੀਜ਼ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

ਰੱਬ ਆਸਰੇ ਪੰਜਾਬ, ਭਗਵੰਤ ਮਾਨ ਦੀ ਅੱਧੀ ਕੈਬਨਿਟ ਨੇ ਗੁਜਰਾਤ ਚੋਣਾਂ ਲਈ ਪੰਜਾਬ ਛੱਡ ਦਿੱਤਾ – ਬਾਜਵਾ

0

ਜਦੋਂ ਬਿੱਲੀ ਦੂਰ ਹੁੰਦੀ ਹੈ ਤਾਂ ਚੂਹੇ ਖੇਡਣਗੇ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ 14 ਨਵੰਬਰ :ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਸਰਕਾਰ ਦੇ ਰਵੱਈਏ ਨੂੰ ਪੂਰੀ ਤਰ੍ਹਾਂ ਗੈਰ-ਜ਼ਿੰਮੇਵਾਰਾਨਾ ਅਤੇ ਬੇਪਰਵਾਹ ਕਰਾਰ ਦਿੱਤਾ ਹੈ ਕਿਉਂਕਿ ਉਨ੍ਹਾਂ ਦੇ ਜ਼ਿਆਦਾਤਰ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਪੰਜਾਬ ਛੱਡ ਕੇ ਗੁਜਰਾਤ ਵਿੱਚ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ, ਇਸ ਤਰ੍ਹਾਂ ਮੁੱਖ ਮੰਤਰੀ ਮਾਨ ਨੇ ਪੰਜਾਬ ਨੂੰ ਰੱਬ ਦੀ ਦਇਆ ਤੇ ਛੱਡ ਦਿੱਤਾ ਹੈ।
ਬਾਜਵਾ ਨੇ ਕਿਹਾ ਕਿ ਹਰ ਵੀਕੈਂਡ ‘ਤੇ ਭਗਵੰਤ ਮਾਨ ਗੁਜਰਾਤ ‘ਚ ਚੋਣ ਪ੍ਰਚਾਰ ਕਰਦੇ ਨਜ਼ਰ ਆਉਂਦੇ ਹਨ ਅਤੇ ਹੁਣ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਨੂੰ ਵੀ ਪਾਰਟੀ ਲਈ ਲੋੜੀਂਦੇ ਕੰਮ ਕਰਨ ਲਈ ਪੱਛਮੀ ਸੂਬੇ ‘ਚ ਬੁਲਾਇਆ ਗਿਆ ਹੈ। ਇਧਰ ਪੰਜਾਬ ਉਥਲ-ਪੁਥਲ ਵਿੱਚ ਹੈ ਅਤੇ ਔਖੇ ਦੌਰ ਵਿੱਚੋਂ ਲੰਘ ਰਿਹਾ ਹੈ। ਦੂਜੇ ਸ਼ਬਦਾਂ ਚ ਕਿਹਾ ਜਾਵੇ ਤਾਂ ਅਸਲ ਵਿੱਚ ਗੈਂਗਸਟਰ ਹੀ ਰਾਜ ਕਰ ਰਹੇ ਹਨ। ਅਜਿਹੀ ਸਥਿਤੀ ਚ ਆਮ ਆਦਮੀ ਰਾਜ ਵਿੱਚ ਖਾਸ ਕਰਕੇ ਦਿਨ ਦਿਹਾੜੇ ਹੋਏ ਕਤਲਾਂ ਤੋਂ ਬਾਅਦ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ। ਬਾਜਵਾ ਨੇ ਕਿਹਾ ਕਿ ਗੁਜਰਾਤ ਚੋਣਾਂ ਦੇ ਪ੍ਰਚਾਰ ਇਸ ਨਾਜ਼ੁਕ ਸਮੇਂ ਪੰਜਾਬ ਨੂੰ ਛੱਡਣਾ ਸੂਬੇ ਲਈ ਚੰਗਾ ਨਹੀਂ ਹੈ। ਦੋਵੇਂ ਮਹਿਲਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਅਨਮੋਲ ਗਗਨ ਮਾਨ ਪਹਿਲਾਂ ਹੀ ਗੁਜਰਾਤ ਵਿਚ ਪਾਰਟੀ ਦੇ ਪ੍ਰਚਾਰ ਵਿਚ ਰੁੱਝੇ ਹੋਏ ਹਨ। ਕੁਲਦੀਪ ਸਿੰਘ ਧਾਲੀਵਾਲ ਅੱਜ ਰਵਾਨਾ ਹੋਣਗੇ ਜਦੋਂਕਿ ਡਾ: ਇੰਦਰਬੀਰ ਸਿੰਘ ਨਿੱਝਰ ਅਤੇ ਲਾਲ ਚੰਦ ਕਟਾਰੂਚੱਕ ਪਹਿਲਾਂ ਹੀ ਗੁਜਰਾਤ ਵਿੱਚ ਡੇਰੇ ਲਾਈ ਬੈਠੇ ਹਨ। ਇਸੇ ਤਰ੍ਹਾਂ ‘ਆਪ’ ਦੇ ਵੱਡੀ ਗਿਣਤੀ ਵਿਧਾਇਕ ਗੁਜਰਾਤ ਵੱਲ ਰਵਾਨਾ ਹੋ ਰਹੇ ਹਨ।
ਇਧਰ ਹਰੇਕ ‘ਆਪ’ ਵਿਧਾਇਕ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਧਿਆਨ ਖਿੱਚਣ ਦੇ ਨਾਲ-ਨਾਲ ਪੰਜਾਬ ‘ਚ ਮੰਤਰੀ ਮੰਡਲ ‘ਚ ਸ਼ਾਮਲ ਹੋਣ ਨੂੰ ਯਕੀਨੀ ਬਣਾਉਣ ਲਈ ਇਕ-ਦੂਜੇ ਨੂੰ ਪਛਾੜਨ ਦੀ ਕੋਸ਼ਿਸ਼ ਕਰ ਰਿਹਾ ਸੀ। ‘ਆਪ’ ਵਿਧਾਇਕਾਂ ਨੂੰ ਕਿਹਾ ਗਿਆ ਹੈ ਕਿ ਪੰਜਾਬ ‘ਚ ਮੰਤਰੀ ਮੰਡਲ ਦਾ ਵਿਸਥਾਰ ਕਰਨ ਤੋਂ ਪਹਿਲਾਂ ਪ੍ਰਚਾਰ ਦੌਰਾਨ ਗੁਜਰਾਤ ‘ਚ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਜਾਵੇਗਾ। ਬਾਜਵਾ ਨੇ ਕਿਹਾ ਇਹ ਕਿ ਪੰਜਾਬ ਲਈ ਇਹ ਕਿੱਡੀ ਮੰਦਭਾਗੀ ਗੱਲ ਹੈ ਕਿ ਹਾਲਾਂਕਿ ਪੰਜਾਬ ਵਾਸੀਆਂ ਨੂੰ ਗੈਰ-ਜ਼ਿੰਮੇਵਾਰ ਅਫਸਰਸ਼ਾਹੀ ਦੇ ਰਹਿਮੋ-ਕਰਮ ‘ਤੇ ਛੱਡ ਦਿੱਤਾ ਗਿਆ ਹੈ। ਗੁਜਰਾਤ ਚੋਣਾਂ ਵਿੱਚ ਅਜੇ 15 ਦਿਨ ਤੋਂ ਵੱਧ ਦਾ ਸਮਾਂ ਬਾਕੀ ਹੈ ਅਤੇ ਇਸ ਸਭ ਦੌਰਾਨ ਪੰਜਾਬ ਦਾ ਨੁਕਸਾਨ ਹੁੰਦਾ ਰਹੇਗਾ ਕਿਉਂਕਿ ਪੰਜਾਬ ਵਾਸੀਆਂ ਦੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਨੂੰ ਹੱਲ ਕਰਨ ਵਾਲਾ ਕੋਈ ਨਹੀਂ ਹੋਵੇਗਾ।

ਜਿਉਣ ਦੇ ਢੰਗ ਤੇ ਖਾਣ-ਪੀਣ ਦੀਆਂ ਵਸਤਾਂ ਨੂੰ ਸੁਧਾਰਣਾ ਸਮੇਂ ਦੀ ਮੁੱਖ ਲੋੜ : ਡਿਪਟੀ ਕਮਿਸ਼ਨਰ

0

ਮੈਕਸ ਵਿਖੇ ਮਨਾਇਆ ਵਿਸ਼ਵ ਡਾਇਬਟੀਜ ਹੈਲਥ ਮੇਲਾ
30 ਬੱਚਿਆਂ ਨੂੰ ਮੁਫ਼ਤ ਇਲਾਜ਼ ਲਈ ਕੀਤੀ ਸਿਹਤ ਕਾਰਡਾਂ ਦੀ ਵੰਡ
ਸੁਖਜਿੰਦਰ ਮਾਨ
ਬਠਿੰਡਾ, 14 ਨਵੰਬਰ : ਦੇਸ਼ ਭਾਵੇਂ ਵਿਗਿਆਨ ਦੇ ਖੇਤਰ ਵਿੱਚ ਅੱਗੇ ਵੱਧ ਚੁੱਕਾ ਹੈ, ਪਰ ਫ਼ਿਰ ਵੀ ਮੌਜੂਦਾ ਸਮੇਂ ਹਰ ਥਾਂ ਜਾਂ ਹਰ ਘਰ ਕੋਈ ਨਾ ਕੋਈ ਬਿਮਾਰ ਵਿਅਕਤੀ ਜ਼ਰੂਰ ਮਿਲਦਾ ਹੈ। ਜਿਸ ਵਿੱਚ ਸੁਧਾਰ ਲਈ ਸਾਨੂੰ ਆਪਣੇ ਜਿਉਣ ਦੇ ਢੰਗ ਤੇ ਖਾਣ-ਪੀਣ ਦੀਆਂ ਵਸਤਾਂ ਨੂੰ ਸੁਧਾਰਣਾ ਸਮੇਂ ਦੀ ਮੁੱਖ ਲੋੜ ਤੇ ਲਾਜ਼ਮੀ ਹੈ, ਜੇਕਰ ਅਸੀਂ ਚੰਗੀ ਸੰਤੁਲਿਤ ਖੁਰਾਕ ਖਾਵਾਂਗੇ ਤਾਂ ਹੀ ਤੁੰਦਰੁਸਤ ਜੀਵਤ ਬਤੀਤ ਕਰਾਂਗੇ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਥਾਨਕ ਮੈਕਸ ਹਸਪਤਾਲ ਵਿਖੇ ਮਨਾਏ ਗਏ ਵਿਸ਼ਵ ਡਾਇਬਟੀਜ਼ ਹੈਲਥ ਮੇਲੇ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ 14 ਨਵੰਬਰ ਦਾ ਦਿਹਾੜਾ ਹਰ ਸਾਲ ਵਿਸ਼ਵ ਡਾਈਬੀਟੀਜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਾਨੂੰ ਸਭ ਨੂੰ ਇਸ ਦਿਹਾੜੇ ਮੌਕੇ ਪ੍ਰਣ ਕਰਨਾ ਚਾਹੀਦਾ ਹੈ ਅਤੇ ਖ਼ਾਸ ਤੌਰ ਤੇ ਆਪਣੀਆਂ ਖਾਣ-ਪੀਣ ਦੀਆਂ ਵਸਤਾਂ ਤੇ ਲਾਇਫ਼ ਸਟਾਇਲ ਨੂੰ ਜ਼ਰੂਰ ਸੁਧਾਰਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਬਿਮਾਰੀ ਦੇ ਮੁੱਢਲੇ ਸਮੇਂ ਸਾਨੂੰ ਮਾਹਰ ਡਾਕਟਰਾਂ ਤੋਂ ਆਪਣਾ ਚੈੱਕਅੱਪ ਤੇ ਉਨ੍ਹਾਂ ਸਲਾਹ ਨਾਲ ਹੀ ਇਸ ਦਾ ਇਲਾਜ਼ ਕਰਵਾਉਣਾ ਚਾਹੀਦਾ ਹੈ। ਡਾਕਟਰਾਂ ਦੀ ਸਲਾਹ ਅਨੁਸਾਰ ਹੀ ਆਪਣੇ ਖਾਣ-ਪੀਣ ਦੀਆਂ ਵਸਤਾਂ ਦਾ ਇਸਤੇਮਾਲ ਕਰਨਾ ਅਤੇ ਜਿਨ੍ਹਾਂ ਖਾਣ-ਪੀਣ ਦੀ ਵਸਤਾਂ ਤੋਂ ਡਾਕਟਰਾਂ ਵਲੋਂ ਰੋਕਿਆਂ ਜਾਂਦਾ ਹੈ ਉਸ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਦੇ ਬਚਾਅ ਦੇ ਬਾਰੇ ਵੀ ਜਾਗਰੂਕ ਕੀਤਾ ਜਿਵੇ ਕਿ ਘਿਓ, ਤੇਲ ਤੇ ਚੀਨੀ ਦਾ ਘੱਟ ਇਸਤੇਮਾਲ ਕਰਨਾ, ਫਲ ਤੇ ਸਬਜ਼ੀ ਦਾ ਜਿਆਦਾ ਇਸਤੇਮਾਲ ਕਰਨਾ, ਰੋਜਾਨਾ ਅੰਧਾ ਘੰਟਾ ਸੈਰ ਸ਼ਾਮਿਲ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਦੇ ਲੱਛਣ ਜਿਵੇ ਕਿ ਵਾਰ-ਵਾਰ ਪੇਸ਼ਾਬ ਆਉਣਾ, ਪਿਆਸ ਲੱਗਣਾ, ਥਕਾਵਟ ਤੇ ਕਮਜੋਰੀ, ਜਿਆਦਾ ਭੁੱਖ ਲੱਗਣਾ, ਜਖਮ ਦਾ ਦੇਰੀ ਨਾਲ ਠੀਕ ਹੋਣਾ ਆਦਿ ਸਬੰਧੀ ਜਾਣੂ ਕਰਵਾਇਆ। ਇਸ ਦੌਰਾਨ ਮੈਕਸ ਹਸਪਤਾਲ ਵਲੋਂ 18 ਸਾਲ ਤੋਂ ਘੱਟ ਉਮਰ ਦੇ ਡਾਇਬਟੀਜ਼ ਤੋਂ ਪੀੜ੍ਹਤ 30 ਬੱਚਿਆਂ ਨੂੰ 25 ਸਾਲ ਦੀ ਉਮਰ ਤੱਕ ਉਨ੍ਹਾਂ ਦਾ ਮੁਫ਼ਤ ਇਲਾਜ਼ ਕਰਨ ਸਬੰਧੀ ਸਿਹਤ ਕਾਰਡਾਂ ਦੀ ਵੰਡ ਕੀਤੀ ਗਈ। ਇਸ ਮੌਕੇ ਪੀੜ੍ਹਤ ਬੱਚਿਆਂ ਵਲੋਂ ਸੱਭਿਆਚਾਰਕ ਗੀਤ, ਸਕਿੱਟਾਂ ਅਤੇ ਨੁੱਕੜ ਨਾਟਕ, ਭੰਗੜਾ ਤੇ ਥੀਏਟਰ ਦੀ ਵਿਦਿਆਰਥਣ ਇਬਾਦਤ ਨੇ ਤੇਜ਼ਾਬੀ ਹਮਲੇ ਤੇ ਹੋਰ ਔਰਤਾਂ ਤੇ ਹੋਣ ਵਾਲੇ ਅੱਤਿਆਚਾਰ ਸਮੇਂ ਦਲੇਰੀ ਨਾਲ ਟਾਕਰਾ ਕਰਨ ਨੂੰ ਦਰਸਾਉਂਦਾ ਹੋਇਆ ਇੱਕ ਨੁਕੜ ਨਾਟਕ ਵੀ ਪੇਸ਼ ਕੀਤਾ ਗਿਆ। ਇਸ ਦੌਰਾਨ ਮੈਕਸ ਦੇ ਜੀਐਮ ਡਾ. ਸੰਦੀਪ ਸਿੰਘ, ਡਾ. ਸੁਸ਼ੀਲ ਕੋਟਰੂ ਤੋਂ ਇਲਾਵਾ ਸਮੁੱਚਾ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਸਨ।

ਡੇਰਾ ਪ੍ਰੇਮੀ ਕਤਲ ਕਾਂਡ: ਬਠਿੰਡਾ ਦੇ ਥਾਣੇਦਾਰ ਦਾ ਪੁੱਤ ਹਿਰਾਸਤ ‘ਚ !

0
ਸੁਖਜਿੰਦਰ ਮਾਨ
ਬਠਿੰਡਾ, 14 ਨਵੰਬਰ: ਲੰਘੀ 10 ਨਵੰਬਰ ਦੀ ਸਵੇਰ ਨੂੰ ਕੋਟਕਪੂਰਾ ਸ਼ਹਿਰ ਚ ਇਕ ਡੇਰਾ ਪ੍ਰੇਮੀ ਦੇ ਹੋਏ ਦਿਨ ਦਿਹਾੜੇ ਕਤਲ ਦੇ ਮਾਮਲੇ ਵਿਚ ਬੀਤੀ ਰਾਤ ਪੁਲੀਸ ਨੇ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਇਕ ਥਾਣੇਦਾਰ ਦੇ ਪੁੱਤਰ ਨੂੰ ਹਿਰਾਸਤ ਵਿੱਚ ਲਿਆ ਹੈ। ਪਤਾ ਲੱਗਿਆ ਹੈ ਕਿ ਉਕਤ ਨੌਜਵਾਨ ਜੋ ਕਿ ਇੱਕ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਨੂੰ ਪਟਿਆਲਾ ਸ਼ਹਿਰ ਵਿੱਚੋਂ ਪੁਲਿਸ ਵੱਲੋਂ ਚੁੱਕਿਆ ਗਿਆ ਹੈ। ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਉਕਤ ਨੌਜਵਾਨ ਦੇ ਫੋਨ ਉੱਪਰ ਗੈਂਗਸਟਰਾਂ ਦੀ ਕਾਲ ਆਈ ਹੋਈ ਸੀ,ਜਿਸਦੇ ਚੱਲਦੇ ਉਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਉਕਤ ਨੌਜਵਾਨ ਨੂੰ ਹਿਰਾਸਤ ਵਿੱਚ ਲੈਣ ਦੀ ਪੁਸ਼ਟੀ ਕਿਸੇ ਉੱਚ ਅਧਿਕਾਰੀ ਵੱਲੋਂ ਨਹੀਂ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ  ਉਕਤ ਨੌਜਵਾਨ ਦਾ ਪਿਤਾ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਇਲਾਕੇ ਵਿੱਚ ਬਤੌਰ ਸਬ ਇੰਸਪੈਕਟਰ ਵਜੋਂ ਤਾਇਨਾਤ ਹੈ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਡੇਰਾ ਪ੍ਰੇਮੀ ਪ੍ਰਦੀਪ ਇੰਸਾ ਦੇ ਹੋਏ ਕਤਲ ਵਿੱਚ ਕੋਟਕਪੂਰਾ ਸਿਟੀ ਪੁਲੀਸ ਵੱਲੋਂ ਹੁਣ ਤੱਕ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਨੂੰ ਨਾਮਜ਼ਦ ਕੀਤਾ ਜਾ ਚੁੱਕਿਆ ਹੈ।ਜਿਸ ਦੇ ਵਿੱਚ ਫ਼ਰੀਦਕੋਟ ਤੇ ਭੁਪਿੰਦਰ ਸਿੰਘ ਗੋਲਡੀ ਅਤੇ ਮਨਪ੍ਰੀਤ ਸਿੰਘ ਮਨੀ ਤੋਂ ਇਲਾਵਾ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਦੋਸ਼ੀ ਮੰਨਿਆ ਜਾ ਰਿਹਾ ਕੈਨੇਡਾ ਬੇਸਡ ਗੈਂਗਸਟਰ ਗੋਲਡੀ ਬਰਾੜ ਵੀ ਸ਼ਾਮਲ ਹੈ। ਇਸ ਤੋਂ ਇਲਾਵਾ 10 ਅਤੇ 11 ਨਵੰਬਰ ਦੀ ਰਾਤ ਨੂੰ ਹੀ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਵੱਲੋਂ ਪ੍ਰਦੀਪ ਇੰਸਾ ਦੇ ਕਤਲ ਵਿੱਚ ਸ਼ਾਮਲ ਅੱਧੀ ਦਰਜਨ ਨੌਜਵਾਨਾਂ ਵਿੱਚੋਂ ਤਿੰਨ ਨੂੰ ਪਟਿਆਲਾ ਜ਼ਿਲ੍ਹੇ ਦੇ ਥਾਣਾ ਬਖਸ਼ੀਵਾਲ ਅਧੀਨ ਪੈਂਦੇ ਇਕ ਪਿੰਡ ਵਿਚੋਂ ਗ੍ਰਿਫਤਾਰ ਕਰ ਲਿਆ ਗਿਆ ਸੀ।ਦਿੱਲੀ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਇਨ੍ਹਾਂ ਤਿੰਨ ਨੌਜਵਾਨਾਂ ਵਿਚੋਂ ਦੋ ਨਾਬਾਲਗ ਹਨ ਅਤੇ ਇਕ ਦੀ ਪਹਿਚਾਣ ਮਸ਼ਹੂਰ ਗੈਂਗਸਟਰ ਜਤਿੰਦਰ ਜੀਤੂ ਵਜੋਂ ਹੋਈ ਹੈ ਜਿਹੜਾ ਅੰਬਾਲਾ ਦੇ ਦੂਹਰੇ ਕਤਲ ਕਾਂਡ ਵਿੱਚ ਦਿੱਲੀ ਪੁਲੀਸ ਨੂੰ ਪਿਛਲੇ ਅੱਠ ਨੌਂ ਮਹੀਨਿਆਂ ਤੋਂ ਲੋੜੀਂਦਾ ਸੀ।ਪੁਲਸ ਵਿਭਾਗ ਦੇ ਉੱਚ ਸੂਤਰਾਂ ਮੁਤਾਬਕ ਜਤਿੰਦਰ ਜੀਤੂ ਵੱਲੋਂ ਹੀ ਉਕਤ ਸਬ ਇੰਸਪੈਕਟਰ ਦੇ ਪੁੱਤਰ ਬਾਰੇ ਪੁਲੀਸ ਕੋਲ ਕੁਝ ਖੁਲਾਸਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੀ ਪੁਲਸ ਨੇ ਉਕਤ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲੀਸ ਅਧਿਕਾਰੀਆਂ ਮੁਤਾਬਕ ਇਸ ਕਤਲ ਕਾਂਡ ਵਿੱਚ ਸ਼ਾਮਲ ਚਾਰ ਨੌਜਵਾਨ ਹਰਿਅਾਣਾ ਅਤੇ ਦੋ ਪੰਜਾਬ ਨਾਲ ਸਬੰਧਤ ਹਨ ਗ੍ਰਿਫਤਾਰ ਕੀਤੇ ਗਏ ਤਿੰਨੇ ਨੌਜਵਾਨ ਹਰਿਆਣਾ ਦੇ ਹਨ। ਜਿਸ ਦੇ ਚੱਲਦੇ ਪੰਜਾਬ ਪੁਲਸ ਵੱਲੋਂ ਇਸ ਮਾਮਲੇ ਵਿਚ ਹਾਲੇ ਤੱਕ ਛਾਪੇਮਾਰੀਆਂ ਹੀ ਕੀਤੀਆਂ ਜਾ ਰਹੀਆਂ ਹਨ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਘਟਨਾ ਵਾਲੇ ਦਿਨ ਸਵੇਰੇ ਕਰੀਬ ਸਵਾ ਸੱਤ ਵਜੇ ਤਿੰਨ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ ਛੇ ਨੌਜਵਾਨਾਂ ਨੇ ਆਪਣੀ ਡੇਅਰੀ ਖੋਲ੍ਹ ਰਹੇ ਡੇਰਾ ਪ੍ਰੇਮੀ ਪ੍ਰਦੀਪ ਇੰਸਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਇਸ ਘਟਨਾ ਵਿਚ ਪ੍ਰਦੀਪ ਦਾ ਗੰਨਮੈਨ ਅਤੇ ਇਕ ਉਸ ਦਾ ਗੁਆਂਢੀ ਦੁਕਾਨਦਾਰ ਵੀ ਜ਼ਖ਼ਮੀ ਹੋ ਗਿਆ ਸੀ। ਘਟਨਾ ਤੋਂ ਬਾਅਦ ਉਕਤ ਨੌਜਵਾਨ ਆਪਣਾ ਇੱਕ ਮੋਟਰਸਾਈਕਲ ਉੱਥੇ ਹੀ ਛੱਡ ਕੇ ਦੋ ਮੋਟਰਸਾਈਕਲਾਂ ‘ਤੇ ਫ਼ਰਾਰ ਹੋ ਗਏ ਸਨ। ਉਨ੍ਹਾਂ ਦੇ ਮੋਟਰਸਾਈਕਲ ਕਰੀਬ ਪੰਦਰਾਂ ਕਿਲੋਮੀਟਰ ਦੂਰ ਬਾਜਾਖਾਨਾ ਕੋਲੋਂ ਲਾਵਾਰਸ ਹਾਲਤ ਵਿੱਚ ਮਿਲੇ ਸਨ। ਪੁਲਸ ਅਧਿਕਾਰੀਆਂ ਮੁਤਾਬਕ ਇੱਥੋਂ ਇਹ ਸਾਰੇ ਕਥਿਤ ਕਾਤਲ ਦੋ ਕਾਰਾਂ ਵਿੱਚ ਸਵਾਰ ਹੋ ਕੇ ਵੱਖ ਵੱਖ ਥਾਵਾਂ ਉਪਰ ਨਿਕਲ ਗਏ ਸਨ ਜਿਨ੍ਹਾਂ ਵਿੱਚੋਂ ਤਿੱਨ ਨੂੰ ਦਿੱਲੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਗੌਰਤਲਬ ਹੈ ਕਿ ਪ੍ਰਦੀਪ ਉੱਪਰ ਸਾਲ 2015 ਵਿੱਚ ਬਰਗਾੜੀ ਵਿਖੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਵਿਚ ਸ਼ਾਮਲ ਹੋਣ ਦੇ ਦੋਸ਼ ਹਨ ਅਤੇ ਇਸ ਮਾਮਲੇ ਵਿਚ ਪੁਲਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ ਅਤੇ ਮੌਜੂਦਾ ਸਮੇਂ ਜ਼ਮਾਨਤ ਉਪਰ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਵੀ ਬੇਅਦਬੀ ਕਾਂਡ ਚ ਸ਼ਾਮਲ ਰਹੇ ਕਈ ਡੇਰਾ ਪ੍ਰੇਮੀਆਂ ਦੇ ਕਤਲ ਹੋਣ ਕਾਰਨ ਪੰਜਾਬ ਪੁਲੀਸ ਵੱਲੋਂ ਪ੍ਰਦੀਪ ਇੰਸਾ ਨੂੰ ਪੁਲਸ ਸੁਰੱਖਿਆ ਮੁਹੱਈਆ ਕਰਾਈ ਹੋਈ ਸੀ।

ਪੰਜਾਬ ‘ਚ ਨਵੇਂ ਅਸਲਾ ਲਾਇਸੰਸ ਬਣਾਉਣ ‘ਤੇ ਲੱਗੀ ਰੋਕ 

0
ਪਹਿਲਾਂ ਬਣੇ ਲਾਈਸੰਸਾਂ ਦੀ ਹੋਵੇਗੀ ਜਾਂਚ 
ਸ਼ੱਕ ਪੈਣ ‘ਤੇ ਹੋਣਗੇ ਲਾਈਸੰਸ ਰੱਦ  
ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਬੰਦੂਕ ਸੱਭਿਆਚਾਰ ਨੂੰ ਸਖ਼ਤੀ ਨਾਲ ਨੱਥ ਪਾਉਣ  ਦੇ ਨਿਰਦੇਸ਼
ਸੋਸ਼ਲ ਮੀਡੀਆ ਅਤੇ  ਜਨਤਕ ਥਾਵਾਂ ‘ਤੇ ਹਥਿਆਰਾਂ ਦੀ ਪ੍ਰਦਰਸ਼ਨੀ ‘ਤੇ ਪਾਬੰਦੀ
 ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ‘ਤੇ ਵੀ ਲਗਾਈ ਪਾਬੰਦੀ
ਨਫਰਤੀ ਭਾਸ਼ਣਾਂ ਦੇਣ ਵਾਲੇ ਉਪਰ ਤੁਰੰਤ ਹੋਵੇਗਾ ਪਰਚਾ ਦਰਜ 
ਸੁਖਜਿੰਦਰ ਮਾਨ
ਚੰਡੀਗੜ੍ਹ, 13 ਨਵੰਬਰ: ਪੰਜਾਬ ਚ ਧੜਾ ਧੜ ਹੋ ਰਹੇ ਕਤਲਾਂ ਦੌਰਾਨ ਲਾਇਸੈਂਸੀ ਹਥਿਆਰਾਂ ਦੀ ਵਰਤੋਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਅਗਲੇ ਤਿੰਨ ਮਹੀਨਿਆਂ ਲਈ ਨਵੇਂ ਅਸਲਾ ਲਾਇਸੰਸ ਬਣਾਉਣ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ।ਇਸ ਤੋਂ ਇਲਾਵਾ ਸੂਬੇ ਦੇ ਸਾਰੇ ਅਸਲਾ ਲਾਇਸੰਸਾਂ ਦੀ ਸਮੀਖਿਆ ਕਰਨ ਦੇ ਹੁਕਮ ਦਿੱਤੇ ਹਨ।
ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਹਥਿਆਰਾਂ ਦੀ ਵਰਤੋਂ ‘ਤੇ ਰੋਕ ਲਗਾਉਣ ਸਬੰਧੀ ਦਿੱਤੇ ਗਏ ਸਖ਼ਤ ਨਿਰਦੇਸ਼ਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ  ਪ੍ਰਮੁੱਖ ਸਕੱਤਰ ਗ੍ਰਹਿ ਵੱਲੋਂ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੁਲਿਸ ਕਮਿਸ਼ਨਰਾਂ, ਜ਼ਿਲ੍ਹਾ ਮੈਜਿਸਟਰੇਟਾਂ ਅਤੇ ਸੀਨੀਅਰ ਸੁਪਰਡੈਂਟਸ ਆਫ਼ ਪੁਲਿਸ ਨੂੰ ਇੱਕ ਵਿਸਥਾਰਤ ਪੱਤਰ ਜਾਰੀ ਕਰਕੇ ਸੂਬੇ ਵਿੱਚ ਮੌਜੂਦ ਸਾਰੇ ਅਸਲਾ ਲਾਇਸੰਸਾਂ ਦੀ ਸਮੀਖਿਆ ਕਰਨ ਲਈ ਕਿਹਾ ਹੈ। ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜੇਕਰ ਪਿਛਲੇ ਸਮੇਂ ਦੌਰਾਨ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਲਾਇਸੰਸਾਂ ਜਾਰੀ ਕੀਤਾ ਗਿਆ ਸੀ, ਤਾਂ ਉਸ ਨੂੰ ਤੁਰੰਤ ਰੱਦ ਕੀਤਾ ਜਾਵੇ।ਇਸੇ ਤਰ੍ਹਾਂ ਇਹ ਵੀ ਹੁਕਮ ਦਿੱਤਾ ਗਿਆ ਹੈ ਕਿ ਆਉਣ ਵਾਲੇ ਤਿੰਨ ਮਹੀਨਿਆਂ ਦੌਰਾਨ ਆਮ ਤੌਰ ‘ਤੇ ਕੋਈ ਨਵਾਂ ਲਾਇਸੈਂਸ ਜਾਰੀ ਨਾ ਕੀਤਾ ਜਾਵੇ ਅਤੇ ਕਿਹਾ ਗਿਆ ਹੈ ਕਿ ਲਾਇਸੰਸ ਸਿਰਫ਼ ਉਸ ਮਾਮਲੇ ਵਿੱਚ ਹੀ ਜਾਰੀ ਕੀਤਾ ਜਾਵੇ, ਜਿੱਥੇ ਇਸ ਦੀ ਅਸਲ ਵਿੱਚ ਬਹੁਤ ਜ਼ਿਆਦਾ ਲੋੜ ਹੋਵੇ ਬਸ਼ਰਤੇ ਅਜਿਹੇ ਮਾਮਲੇ ਵਿੱਚ ਬਿਨੈਕਾਰ ਦੁਆਰਾ ਦਿੱਤੇ ਗਏ ਤਰਕ ਤੋਂ ਅਸਲਾ ਲਾਇਸੰਸ ਜਾਰੀ ਕਰਨ ਵਾਲੀ ਅਥਾਰਟੀ ਪੂਰੀ ਤਰ੍ਹਾਂ ਸੰਤੁਸ਼ਟ ਹੋਵੇ। ਇਸ ਦੇ ਨਾਲ ਹੀ ਹਥਿਆਰਾਂ ਅਤੇ ਗੋਲੀ-ਸਿੱਕੇ ਦੀ ਜਨਤਕ ਪ੍ਰਦਰਸ਼ਨੀ ‘ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਦਿੱਤੇ ਗਏ ਹਨ। ਇਹ ਪਾਬੰਦੀ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੀ ਲਾਗੂ ਹੋਵੇਗੀ।
ਇਸ ਤੋ ਇਲਾਵਾ ਬੰਦੂਕ ਸੱਭਿਆਚਾਰ ਨੂੰ ਦਰਸਾਉਂਦੇ ਗੀਤਾਂ ‘ਤੇ ਮੁਕੰਮਲ ਪਾਬੰਦੀ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਇਸੇ ਤਰ੍ਹਾਂ ਜਨਤਕ ਇਕੱਠਾਂ, ਧਾਰਮਿਕ ਸਥਾਨਾਂ, ਵਿਆਹਾਂ, ਪਾਰਟੀਆਂ ਅਤੇ ਹੋਰ ਥਾਵਾਂ ‘ਤੇ ਹਥਿਆਰ ਲੈ ਕੇ ਜਾਣ ਅਤੇ ਇਨ੍ਹਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ ਲਗਾਈ ਗਈ ਹੈ।ਅਧਿਕਾਰੀਆਂ ਨੂੰ ਆਪੋ-ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਖੇਤਰਾਂ ਵਿੱਚ ਵਿਸ਼ੇਸ਼ ਅਤੇ ਅਚਨਚੇਤ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਅਮਨ-ਸ਼ਾਂਤੀ ਨੂੰ ਭੰਗ ਕਰਨ ਦੇ ਉਦੇਸ਼ ਨਾਲ ਨਫ਼ਰਤੀ ਭਾਸ਼ਣ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਾ ਜਾਵੇ ਤੇ ਉਸਦੇ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਬਰਨ ਅਤੇ ਪਲਾਸਟਿਕ ਸਰਜਰੀ ਵਿਭਾਗ ਏਮਜ਼ ਵਿਖੇ ਵਾਊਡਕਾਨ 2022 ਦਾ ਆਯੋਜਨ

0

ਇੰਡੀਅਨ ਸੋਸਾਇਟੀ ਆਫ਼ ਵਾਊਂਡ ਮੈਨੇਜਮੈਂਟ ਦੀ 24ਵੀਂ ਸਲਾਨਾ ਰਾਸ਼ਟਰੀ ਕਾਨਫਰੰਸ
“ਜ਼ਖਮ ਦੀ ਦੇਖਭਾਲ ਵਿੱਚ ਕਰੰਟ ਸਨੈਵੀਗੇਟ ਕਰਨਾ” ਥੀਮ’ ਤੇ ਅਧਾਰਤ ਕਰਵਾਈ ਗਈ ਇਹ ਕਾਨਫਰੰਸ
ਸੁਖਜਿੰਦਰ ਮਾਨ
ਬਠਿੰਡਾ, 12 ਨਵੰਬਰ : ਇੰਡੀਅਨ ਸੋਸਾਇਟੀ ਆਫ਼ ਵਾਊਂਡ ਮੈਨੇਜਮੈਂਟ ਦੀ 24ਵੀਂ ਸਲਾਨਾ ਰਾਸ਼ਟਰੀ ਕਾਨਫਰੰਸ ਕਾਨਫ਼ਰੰਸ ਜੋ ਕਿ “ਜ਼ਖਮ ਦੀ ਦੇਖਭਾਲ ਵਿੱਚ ਕਰੰਟ ਸਨੈਵੀਗੇਟ ਕਰਨਾ” ਥੀਮ’ ਤੇ ਅਧਾਰਤ ਦਾ ਆਯੋਜਨ ਪ੍ਰੋ. ਵੀ.ਕੇ. ਸ਼ੁਕਲਾ (ਬੀ.ਐਚ.ਯੂ.,ਵਾਰਾਣਸੀ) ਦੇ ਮਹਿਮਾਨ ਵਜੋਂ, ਪ੍ਰੋ. ਸੋਮ ਪ੍ਰਕਾਸ ਬਾਸੂ (ਪ੍ਰਧਾਨ, ਆਈ.ਐਸ.ਡਬਲਯੂ.ਐਮ. ਅਤੇ ਵਿਭਾਗ ਜਨਰਲ ਸਰਜਰੀ, ਏਮਜ਼ ਰਿਸ਼ੀਕੇਸ਼ ਦੇ ਮੁਖੀ), ਪ੍ਰੋ. ਵਿਵੇਕ ਸ੍ਰੀਵਾਸਤਵ ਅਤੇ ਡਾ. ਫਰਹਾਨੁਲ ਹੁਡਾ ਦੀ ਮੌਜੂਦਗੀ ਚ ਕੀਤਾ ਗਿਆ। ਇਸ ਦੌਰਾਨ, ਪ੍ਰਸਿੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਡਾਕਟਰਾਂ ਨੂੰ ਡਾਕਟਰਾਂ ਦੀ ਉਭਰਦੀ ਪੀੜ੍ਹੀ ਨਾਲ ਜ਼ਖ਼ਮ ਦੀ ਦੇਖਭਾਲ ਬਾਰੇ ਆਪਣੇ ਗਿਆਨ ਦਾ ਪ੍ਰਸਾਰ ਕਰਨ ਲਈ ਸੱਦਾ ਦਿੱਤਾ ਗਿਆ ਸੀ। ਪਹਿਲੇ ਦਿਨ ਉੱਘੇ ਪ੍ਰੋਫੈਸਰਾਂ/ਡਾਕਟਰਾਂ ਦੀ ਪ੍ਰਧਾਨਗੀ ਹੇਠ ਛੇ ਸੈਸ਼ਨ ਹੋਏ ਅਤੇ ਇਸ ਤੋਂ ਬਾਅਦ ਸਨਮਾਨਤ ਡਾਇਰੈਕਟਰ ਪ੍ਰੋ.ਡੀ.ਕੇ.ਸਿੰਘ, ਡੀਨ ਪ੍ਰੋ. ਸਤੀਸ਼ ਗੁਪਤਾ, ਮਹਿਮਾਨ ਪ੍ਰੋ.ਵੀ.ਕੇ. ਸ਼ੁਕਲਾ ਅਤੇ ਪ੍ਰਬੰਧ ਦੀ ਚੇਅਰਪਰਸਨ ਦੁਆਰਾ ਦਿੱਤੇ ਭਾਸ਼ਣਾਂ ਨਾਲ ਅਧਿਕਾਰਤ ਉਦਘਾਟਨ ਕੀਤਾ ਗਿਆ। ਵਾਊਡਕਾਨ ਡਾ. ਅਲਤਾਫ਼ਮੀਰ। ਮਹਿਮਾਨਾਂ ਅਤੇ ਵਿਦਿਆਰਥੀਆਂ ਦੇ ਮਨੋਰੰਜਨ ਲਈ ਸੱਭਿਆਚਾਰਕ ਰਾਤ ਦੁਆਰਾ ਇਸ ਨੂੰ ਸਫਲ ਬਣਾਇਆ ਗਿਆ। ਦੂਜੇ ਦਿਨ ਮੁਫ਼ਤ ਪੇਪਰ ਅਤੇ ਅਵਾਰਡ ਪੇਪਰ ਪੇਸ਼ਕਾਰੀਆਂ ਅਤੇ ਫੋਟੋ ਪਰਖ ਮੁਕਾਬਲੇ ਦੇ ਨਾਲ ਦੁਬਾਰਾ ਛੇ ਸੈਸ਼ਨ ਦੇਖੇ ਗਏ। ਅਵਾਰਡ ਪੇਪਰ ਪੇਸ਼ਕਾਰੀ ਵਿੱਚ, ਏਮਜ਼ ਰਿਸ਼ੀਕੇਸ਼ ਤੋਂਡਾ ਆਕਾਂਸ਼ ਗੋਸਵਾਮੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਦੇ ਬਾਅਦ ਏ. ਦੱਤ ਸਾਈਸੁਬਰਾਮਨੀਅਮ ਅਤੇ ਡਾ. ਪ੍ਰੀਤੀ ਅਚਾਰੀਆ ਨੇ ਸਥਾਨ ਪ੍ਰਾਪਤ ਕੀਤਾ। ਦੁਰਲੱਭ ਕੇਸ ਦੀ ਪੇਸ਼ਕਾਰੀ ਏਮਜ਼ ਬਠਿੰਡਾ ਦੀ ਏਕਤਾਪਾਰੀਕ ਨੇ ਜਿੱਤੀ ਅਤੇ ਉਸ ਤੋਂ ਬਾਅਦ ਡਾ. ਅਸ਼ੀਸ਼ ਦਾਸ ਅਤੇ ਡਾ. ਸ੍ਰੀ ਨਾਧ ਨੇ ਜਿੱਤ ਪ੍ਰਾਪਤ ਕੀਤੀ। ਪੋਸਟਰ ਮੁਕਾਬਲਾ ਏਮਜ਼ ਬਠਿੰਡਾ ਦੇ ਵਿਦਿਆਰਥੀਆਂ ਨੇ ਜਿੱਤਿਆ। ਜਯਾਜੈਨ, ਪੰਖੀਤਾ ਘਈ ਅਤੇ ਸਾਕਸ਼ੀਤਾਪਾਲ। ਇਸ ਤਰ੍ਹਾਂ ਮੇਜ਼ਬਾਨ ਕਾਲਜ ਨੇ ਕੁੱਲ ਚਾਰ ਪੁਜ਼ੀਸ਼ਨਾਂ ਹਾਸਲ ਕੀਤੀਆਂ।ਤੀਜੇ ਦਿਨ ਦੀ ਸ਼ੁਰੂਆਤ ਸਕਿਨਗ੍ਰਾਫਟ ਹਾਰਵੈਸਟਿੰਗ, ਵੀ.ਏ.ਸੀ ਐਪਲੀਕੇਸ਼ਨ, ਵਰਸਾਜੇਟ ਹਾਈਡ੍ਰੋਸਰਜਰੀ ਸਿਸਟਮ, ਪ੍ਰੈਸ਼ਰ ਬੈਂਡੇਜ ਅਤੇ ਫੋਰਲੇ ਅਰਡਰੈਸਿੰਗ ਦੇ ਤਜ਼ਰਬੇ ਦੇਣ ਵਾਲੀ ਵਰਕਸ਼ਾਪ ਨਾਲ ਹੋਈ। ਦਿਨ ਦੀ ਸਮਾਪਤੀ ਸਾਰੇ ਹਾਜ਼ਰੀਨ ਦੀ ਸਹੂਲਤ ਲਈ ਇੱਕ ਸਮਾਪਤੀ ਸਮਾਰੋਹ ਨਾਲ ਹੋਈ। ISWM ਨੇ ਇਸ ਕਾਨਫਰੰਸ ਦਾ ਆਯੋਜਨ ਜ਼ਖ਼ਮ ਦੇ ਇਲਾਜ ਦੇ ਸਰੀਰ ਵਿਗਿਆਨ ਦੀ ਬਿਹਤਰ ਸਮਝ ਪੈਦਾ ਕਰਨ ਲਈ ਕੀਤਾ, ਜੋ ਕਿ ਉਪਲਬਧ ਡਰੈਸਿੰਗ ਉਤਪਾਦਾਂ ਦੀਆਂ ਕਾਰਵਾਈਆਂ ਦੇ ਗਿਆਨ ਦੇ ਨਾਲ ਜੋੜਿਆ ਗਿਆ ਹੈ ਤਾਂ ਜੋ ਸਾਡੇ ਆਉਣ ਵਾਲੇ ਡਾਕਟਰ ਜ਼ਖ਼ਮ ਪ੍ਰਬੰਧਨ ਵਿੱਚ ਨਿਪੁੰਨ ਹੋ ਸਕਣ।

ਵਿਜੀਲੈਂਸ ਵੱਲੋਂ ਚਾਰ ਦਿਨਾ ‘ਚ ਤੀਜਾ ਥਾਣਾ ਮੁਖੀ ਰਿਸ਼ਵਤ ਲੈਂਦਾ ਗ੍ਰਿਫ਼ਤਾਰ

0

ਥਾਣਾ ਕੁਲਗੜ੍ਹੀ ਜਿਲਾ ਫਿਰੋਜਪੁਰ ਦਾ ਐਸ.ਐਚ.ਓ ਰੁਪਿੰਦਰਪਾਲ ਸਿੰਘ ਮੰਗ ਰਿਹਾ ਸੀ 80,000 ਰੁਪਏ ਦੀ ਰਿਸ਼ਵਤ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ, 12 ਨਵੰਬਰ:ਵਿਜੀਲੈਂਸ ਬਿਉਰੋ ਵਲੋਂ ਪਿਛਲੇ ਕੁੱਝ ਸਮੇਂ ਤੋਂ ਦਿਖਾਈ ਜਾ ਰਹੀ ਗਤੀਸ਼ੀਲਤਾ ਪੰਜਾਬ ਪੁਲਿਸ ‘ਤੇ ਭਾਰੀ ਪੈਂਦੀ ਜਾਪ ਰਹੀ ਹੈ। ਪਿਛਲੇ ਚਾਰ ਦਿਨਾਂ ਵਿੱਚ ਕੀਤੀ ਕਾਰਵਾਈ ਤਹਿਤ ਵਿਜੀਲੈੰਸ ਟੀਮ ਵਲੋਂ ਅੱਜ ਤੀਜੇ ਥਾਣਾ ਮੁਖੀ ਨੂੰ ਰਿਸਵਤ ਲੈਂਦਿਆਂ ਗਿ੍ਫ਼ਤਾਰ ਕੀਤਾ ਗਿਆ ਹੈ। ਅੱਜ ਗਿ੍ਫ਼ਤਾਰ ਕੀਤਾ ਗਿਆ ਥਾਣਾ ਮੁਖੀ ਫਿਰੋਜ਼ਪੁਰ ਜਿਲ੍ਹੇ ਅਧੀਨ ਆਉਂਦੇ ਥਾਣਾ ਕੁਲਗੁੜੀ ਵਿਖੇ ਤੈਨਾਤ ਸੀ, ਜਿਸਦੀ ਪਹਿਚਾਣ ਇੰਸਪੈਕਟਰ ਰੁਪਿੰਦਰਪਾਲ ਸਿੰਘ ਦੇ ਤੌਰ ‘ਤੇ ਹੋਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਲੰਘੇ ਬੁੱਧਵਾਰ ਨੂੰ ਵਿਜੀਲੈਸ ਬਿਉਰੋ ਬਠਿੰਡਾ ਦੀ ਟੀਮ ਵਲੋਂ ਨਹਿਆ ਵਾਲਾ ਦੇ ਥਾਣਾ ਮੁਖੀ ਬਲਕੌਰ ਸਿੰਘ ਅਤੇ ਉਸਦੇ ਨਾਲ ਥਾਣੇਦਾਰ ਪਰਮਜੀਤ ਸਿੰਘ ਨੂੰ 50 ਹਜਾਰ ਰੁਪਏ ਦੀ ਰਿਸਵਤ ਲੈਂਦਿਆਂ ਕਾਬੂ ਕੀਤਾ ਸੀ, ਜਦੋਂਕਿ ਉਸਤੋਂ ਦੂਜੇ ਦਿਨ ਫਾਜਲਿਕਾ ਮਹਿਲਾ ਥਾਣਾ ਦੀ ਮੁਖੀ ਬਖਸੀਸ ਕੌਰ ਦਸ ਹਜਾਰ ਲੈਂਦਿਆਂ ਫੜੀ ਗਈ ਸੀ। ਉਧਰ ਅੱਜ ਵਾਲੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਗਗਨਦੀਪ ਸਿੰਘ ਵਾਸੀ ਪਿੰਡ ਕਾਸੂ ਬੇਗ, ਜਿਲਾ ਫਿਰੋਜਪੁਰ ਨੇ ਬਿਉਰੋ ਨੂੰ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉਤੇ ਉਕਤ ਥਾਣੇਦਾਰ ਰੁਪਿੰਦਰਪਾਲ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੀ ਪੜਤਾਲ ਦੇ ਆਧਾਰ ਤੇ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਇਸ ਸ਼ਿਕਾਇਤ ਤੇ ਸਬੂਤਾਂ ਦੀ ਪੜਤਾਲ ਦੌਰਾਨ ਪਾਇਆ ਗਿਆ ਕਿ ਉਕਤ ਪਿੰਡ ਦੇ ਵਾਸੀ ਮੇਜਰ ਸਿੰਘ ਅਤੇ ਉਸਦੇ ਬੇਟੇ ਖ਼ਿਲਾਫ਼ ਥਾਣਾ ਗੁਲਗੜ੍ਹੀ ਵਿੱਚ ਦਰਜ ਇੱਕ ਮੁਕੱਦਮੇ ਦੀ ਤਫਤੀਸ਼ ਉਕਤ ਮੁਲਜ਼ਮ ਐਸ.ਐਚ.ਓ ਵੱਲੋਂ ਕੀਤੀ ਜਾ ਰਹੀ ਸੀ ਤੇ ਉਸ ਨੇ ਇਸ ਮੁਕੱਦਮੇ ਵਿਚ ਉਨ੍ਹਾਂ ਦੀ ਮੱਦਦ ਕਰਨ ਤੇ ਪੁਲਿਸ ਕੇਸ ਨਾ ਦਰਜ ਕਰਨ ਬਦਲੇ 80,000 ਰੁਪਏ ਦੀ ਮੰਗ ਕੀਤੀ ਹੈ ਜਦਕਿ ਉਕਤ ਪੁਲਿਸ ਅਧਿਕਾਰੀ ਸ਼ਿਕਾਇਤਕਰਤਾ ਤੋਂ 70,000 ਰੁਪਏ ਰਿਸ਼ਵਤ ਵਜੋਂ ਪਹਿਲਾਂ ਹੀ ਲੈ ਚੁੱਕਾ ਹੈ। ਜਾਂਚ ਦੌਰਾਨ ਇਹ ਦੋਸ਼ ਸਹੀ ਪਾਏ ਜਾਣ ਉਤੇ ਉਕਤ ਪੁਲਿਸ ਮੁਲਾਜ਼ਮ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਬਾਕਸ

ਬਠਿੰਡਾ ਜਿਲੇ ਚ ਤੈਨਾਤ ਦੋ ਵੱਡੇ ਥਾਣੇਦਾਰ ਵੀ ਵਿਜੀਲੈਂਸ ਦੀ ਰਾਡਾਰ ‘ਤੇ
ਉਧਰ ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਬਠਿੰਡਾ ਜਿਲੇ ਵਿੱਚ ਤੈਨਾਤ ਦੋ ਵੱਡੇ ਥਾਣੇਦਾਰ ਵੀ ਵਿਜੀਲੈਂਸ ਦੀ ਰਾਡਾਰ ‘ਤੇ ਹਨ, ਜਿੰਨ੍ਹਾਂ ਵਿਚੋਂ ਇੱਕ ਜਿਲੇ ਦੇ ਮਾਲਦਾਰ ਮੰਨੇ ਜਾਂਦੇ ਇੱਕ ਥਾਣੇ ਦਾ ਮੁਖੀ ਦਸਿਆ ਜਾ ਰਿਹਾ। ਸੂਤਰਾਂ ਮੁਤਾਬਕ ਕਾਫੀ ਹੰਢੇ-ਵਰਤੇ ਥਾਣਾ ਮੁਖੀ ਦੇ ਤੌਰ ‘ਤੇ ਚਰਚਿਤ ਇਸ ਥਾਣਾ ਮੁਖੀ ਦੀ ‘ਪੈਸਿਆ’ ਨਾਲ ਮੁਹੱਬਤ ਦੇ ਕਾਫ਼ੀ ਕਿੱਸੇ ਸਾਹਮਣੇ ਆ ਰਹੇ ਹਨ। ਇਸਤੋਂ ਇਲਾਵਾ ਵਿਜੀਲੈਂਸ ਕੋਲ ਇੱਕ ਵਿੰਗ ਦੇ ਵੱਡੇ ਥਾਣੇਦਾਰ ਦੇ ਵੀ ਕਰੋਡ਼ਪਤੀ ਥਾਣੇਦਾਰਾਂ ਦੇ ਕਲੱਬ ਵਿੱਚ ਸਾਮਲ ਹੋਣ ਦੀਆਂ ਕੰਨਸੋਆਂ ਪੁੱਜਣ ਲੱਗੀਆਂ ਹਨ।ਇੱਥੇ ਦੱਸਣਾ ਬਣਦਾ ਹੈ ਕਿ ਲੰਘੇ ਬੁੱਧਵਾਰ ਨੂੰ ਵਿਜੀਲੈਸ ਬਿਉਰੋ ਬਠਿੰਡਾ ਦੀ ਟੀਮ ਵਲੋਂ ਨਹਿਆ ਵਾਲਾ ਦੇ ਥਾਣਾ ਮੁਖੀ ਬਲਕੌਰ ਸਿੰਘ ਅਤੇ ਉਸਦੇ ਨਾਲ ਥਾਣੇਦਾਰ ਪਰਮਜੀਤ ਸਿੰਘ ਨੂੰ 50 ਹਜਾਰ ਰੁਪਏ ਦੀ ਰਿਸਵਤ ਲੈਂਦਿਆਂ ਕਾਬੂ ਕੀਤਾ ਸੀ, ਜਦੋਂਕਿ ਉਸਤੋਂ ਦੂਜੇ ਦਿਨ ਫਾਜਲਿਕਾ ਮਹਿਲਾ ਥਾਣਾ ਦੀ ਮੁਖੀ ਬਖਸੀਸ ਕੌਰ ਦਸ ਹਜਾਰ ਲੈਂਦਿਆਂ ਫੜੀ ਗਈ ਸੀ

Our Visitor

1906906