ਪੰਜਾਬ ਦੀ ਤਰਜ਼ ‘ਤੇ ਪਸ਼ੂਆਂ ਲਈ ਪੌਸ਼ਟਿਕ ਖ਼ੁਰਾਕ ਮਿਸ਼ਰਣ ਤਿਆਰ ਕਰਨ ਵਾਸਤੇ ਕਾਨੂੰਨ ਬਣਾਏਗਾ ਕੇਰਲਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਨਵੰਬਰ:ਕੇਰਲਾ ਦੀ ਪਸ਼ੂ ਪਾਲਣ ਮੰਤਰੀ ਸ੍ਰੀਮਤੀ ਜੇ. ਚਿਨਚੁਰਾਨੀ ਨੇ ਅੱਜ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਪਸ਼ੂਆਂ ਦੇ ਚਾਰਾ ਪ੍ਰਬੰਧਨ ਲਈ ‘ਪੰਜਾਬ ਮਾਡਲ’ ਅਪਣਾਉਣ ਵਿੱਚ ਦਿਲਚਸਪੀ ਦਿਖਾਈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੇਰਲਾ ਨੂੰ ਪਸ਼ੂਆਂ ਦੇ ਚਾਰੇ ਵਾਸਤੇ ਪਰਾਲੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ ਜਿਸ ਨਾਲ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਨੂੰ ਠੱਲ੍ਹ ਪਾਉਣ ਸਣੇ ਵੱਡੀ ਮਾਤਰਾ ਵਿੱਚ ਬਣਦੀ ਪਰਾਲੀ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ।ਪੰਜਾਬ ਦੀ ਤਰਜ਼ ‘ਤੇ ਪਸ਼ੂ-ਧੰਨ ਲਈ ਖ਼ੁਰਾਕ, ਬੁਨਿਆਦੀ ਢਾਂਚਾ ਅਤੇ ਢੁਕਵਾਂ ਮਾਹੌਲ ਸਿਰਜਣ ਹਿੱਤ ਕਾਨੂੰਨ ਬਣਾਉਣ ਵਾਸਤੇ ਕੇਰਲਾ ਸਰਕਾਰ ਦੇ 21 ਮੈਂਬਰੀ ਵਫ਼ਦ ਦੀ ਅਗਵਾਈ ਕਰ ਰਹੀ ਪਸ਼ੂ ਪਾਲਣ ਮੰਤਰੀ ਸ੍ਰੀਮਤੀ ਜੇ. ਚਿਨਚੁਰਾਨੀ ਨੇ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਪੱਤਰ ਸੌਂਪਿਆ। ਇਸ ਉਦਮ ਨੂੰ ਕੈਬਨਿਟ ਮੰਤਰੀ ਨੇ ਦੋਹਾਂ ਸੂਬਿਆਂ ਲਈ ਮੁਨਾਫ਼ੇ ਵਾਲਾ ਦੱਸਦਿਆਂ ਕਿਹਾ ਕਿ ਮਾਨ ਸਰਕਾਰ ਇਸ ਦਿਸ਼ਾ ਵਿੱਚ ਹਰ ਸੰਭਵ ਸਹਿਯੋਗ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਦੌਰਾਨ ਇਸ ਪ੍ਰਸਤਾਵਤ ਪ੍ਰਾਜੈਕਟ ਨੂੰ ਸਿਰੇ ਚਾੜ੍ਹਨ ਲਈ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ।ਆਪਣੇ ਦੋ ਦਿਨਾ ਪੰਜਾਬ ਦੌਰੇ ਲਈ ਅੱਜ ਚੰਡੀਗੜ੍ਹ ਪੁੱਜੇ ਕੇਰਲਾ ਸਰਕਾਰ ਦੇ ਵਫ਼ਦ ਦਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਨਿੱਘਾ ਸਵਾਗਤ ਕੀਤਾ।ਇਸ ਪਿੱਛੋਂ ਮੀਟਿੰਗ ਦੌਰਾਨ ਸ੍ਰੀਮਤੀ ਚਿਨਚੁਰਾਨੀ ਨੇ ਕਿਹਾ ਕਿ ਕੇਰਲਾ ਵਿੱਚ ਲੋਕਾਂ ਲਈ ਡੇਅਰੀ ਫ਼ਾਰਮਿੰਗ ਰੋਜ਼ੀ-ਰੋਟੀ ਦਾ ਅਹਿਮ ਕਿੱਤਾ ਹੈ ਅਤੇ ਲੱਖਾਂ ਕਿਸਾਨਾਂ ਲਈ ਡੇਅਰੀ ਕਿੱਤਾ ਆਮਦਨ ਦਾ ਮੁੱਖ ਸਾਧਨ ਹੈ। ਪੰਜਾਬ ਤੋਂ ਬਾਅਦ ਕੇਰਲਾ ਦੁੱਧ ਉਤਪਾਦਕਤਾ ਵਿੱਚ ਦੇਸ਼ ਵਿੱਚ ਦੂਜੇ ਨੰਬਰ ‘ਤੇ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਪਸ਼ੂ ਚਾਰੇ ਦੀਆਂ ਕੀਮਤਾਂ ਵਧਣ ਕਾਰਨ ਡੇਅਰੀ ਨਾਲ ਜੁੜੇ ਕਿਸਾਨਾਂ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਤੱਟੀ ਰਾਜ ਕੇਰਲਾ ਵਿੱਚ ਖੇਤੀਯੋਗ ਜ਼ਮੀਨ ਘੱਟ ਹੋਣ ਕਰਕੇ ਪਸ਼ੂਆਂ ਲਈ ਲੋੜੀਂਦਾ ਚਾਰਾ ਪੈਦਾ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਵੱਲੋਂ ਐਲਾਨੇ ਕਿਸਾਨ ਰੇਲ ਪ੍ਰਾਜੈਕਟ ਰਾਹੀਂ ਪਰਾਲੀ ਕੇਰਲਾ ਰਾਜ ਵਿੱਚ ਭੇਜੀ ਜਾਂਦੀ ਹੈ ਤਾਂ ਇਸ ਨਾਲ ਕੇਰਲਾ ਦੇ ਵੱਡੀ ਗਿਣਤੀ ਡੇਅਰੀ ਕਿਸਾਨਾਂ ਨੂੰ ਲਾਭ ਹੋਵੇਗਾ।”ਕੇਰਲਾ ਪਸ਼ੂ ਧਨ ਅਤੇ ਪੋਲਟਰੀ ਫ਼ੀਡ ਤੇ ਮਿਨਰਲ ਮਿਕਸਚਰ (ਨਿਰਮਾਣ ਤੇ ਵਿਕਰੀ ਨਿਯਮ) ਬਿਲ, 2022″ ਬਣਾਉਣ ਲਈ ਅਧਿਐਨ ਕਰਨ ਵਾਸਤੇ ਪੰਜਾਬ ਦੌਰੇ ‘ਤੇ ਪੁੱਜੀ ਕੇਰਲਾ ਵਿਧਾਨ ਸਭਾ ਦੀ ਸਲੈਕਟ ਕਮੇਟੀ ਨੂੰ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ, ਪਸ਼ੂਆਂ ਦੀ ਕੌਮੀ ਆਬਾਦੀ ਵਿੱਚ 1.31 ਫ਼ੀਸਦੀ ਦਾ ਯੋਗਦਾਨ ਪਾਉਂਦਾ ਹੈ ਜਦਕਿ ਸੂਬੇ ਵਿੱਚ ਦੁੱਧ ਦਾ ਉਤਪਾਦਨ ਕੌਮੀ ਉਤਪਾਦਨ ਦਾ 6.70 ਫ਼ੀਸਦੀ ਹੁੰਦਾ ਹੈ। ਪੰਜਾਬ ਵਿੱਚ ਪ੍ਰਤੀ ਵਿਅਕਤੀ ਦੁੱਧ ਤੇ ਅੰਡੇ ਦੀ ਉਪਲੱਬਧਤਾ ਦੇਸ਼ ਵਿੱਚ ਸਭ ਤੋਂ ਵੱਧ ਹੈ ਅਤੇ ਪਸ਼ੂ ਪਾਲਣ ਖੇਤਰ ਦਾ ਸੂਬੇ ਦੀ ਖੇਤੀਬਾੜੀ ਦੀ ਜੀ.ਡੀ.ਪੀ. ਵਿੱਚ ਵੱਡਾ ਯੋਗਦਾਨ ਹੈ।ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਸੂਬੇ ਵਿੱਚ ਪਸ਼ੂ ਰੋਗ ਅਤੇ ਵੈਕਸੀਨ ਸੰਸਥਾਵਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਸ ਵੇਲੇ ਲਗਭਗ 3000 ਪਸ਼ੂ ਸੰਸਥਾਵਾ ਹਨ, ਜੋ ਸੂਬੇ ਵਿੱਚ ਔਸਤਨ 2400 ਪਸ਼ੂ ਪ੍ਰਤੀ ਸੰਸਥਾ ਅਤੇ ਲਗਭਗ 4.5 ਕਿਲੋਮੀਟਰ ਦੇ ਘੇਰੇ ਨੂੰ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ।
ਕੇਰਲਾ ਅਪਣਾਏਗਾ ਪੰਜਾਬ ਮਾਡਲ: ਕੇਰਲਾ ਦੇ 21 ਮੈਂਬਰੀ ਵਫ਼ਦ ਵੱਲੋਂ ਪੰਜਾਬ ਦਾ ਦੌਰਾ
ਜ਼ਿਲ੍ਹਾ ਪੱਧਰੀ ਬਾਲ ਦਿਵਸ ਮੁਕਾਬਲੇ ਕਰਵਾਏ ਗਏ
ਸੁਖਜਿੰਦਰ ਮਾਨ
ਬਠਿੰਡਾ, 10 ਨਵੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮੇਵਾ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਭੁਪਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾਰਤੀ ਰੈੱਡ ਕਰਾਸ ਸੋਸਾਇਟੀ ਬਠਿੰਡਾ ਅਤੇ ਸੈਂਟ ਜੋਹਨ ਐਂਬੂਲੈਂਸ ਦੇ ਸਹਿਯੋਗ ਨਾਲ ਬਾਲ ਦਿਵਸ ਦਿਹਾੜੇ ਨੂੰ ਸਮਰਪਿਤ ਸਥਾਨਕ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ (ਮਹੰਤ ਗੁਰਬੰਤਾ ਦਾਸ) ਸਕੂਲ ਬਠਿੰਡਾ ਵਿਖੇ ਡੈਕਲਾਮੇਸ਼ਨ, ਕਵਿਤਾ ਉਚਾਰਨ ਅਤੇ ਭੰਗੜੇ ਦੇ ਸਹਿ ਵਿੱਦਿਅਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਬਠਿੰਡਾ ਦੇ ਇੰਚਾਰਜ ਪ੍ਰਿੰਸੀਪਲ ਜਸਪਾਲ ਸਿੰਘ ਰੋਮਾਣਾ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।ਡੈਕਲਾਮੇਸ਼ਨ ਮੁਕਾਬਲੇ ਵਿੱਚੋਂ ਸਰਕਾਰੀ ਹਾਈ ਸਕੂਲ ਚੁੱਘੇ ਖ਼ੁਰਦ ਦੀ ਵਿਦਿਆਰਥਣ ਗੁਰਜੋਤ ਕੌਰ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਸਸਸ ਭੁੱਚੋ ਕਲਾਂ ਦੀ ਵਿਦਿਆਰਥਣ ਅਕਾਸ਼ਦੀਪ ਕੌਰ ਦੂਜਾ ਅਤੇ ਸਰਕਾਰੀ ਹਾਈ ਸਕੂਲ ਬੁਰਜ ਮਾਨਸਾ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਤੀਜਾ ਸਥਾਨ ਨੇ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਸਬੰਧੀ ਜੱਜਮੈਂਟ ਦੀ ਭੂਮਿਕਾ ਮੈਡਮ ਬਲਵਿੰਦਰ ਕੌਰ, ਵਿਕਾਸ ਗਰਗ ਤੇ ਅਮਨਦੀਪ ਕੌਰ ਵਲੋਂ ਨਿਭਾਈ ਗਈ।
ਇਸੇ ਤਰ੍ਹਾਂ ਕਵਿਤਾ ਮੁਕਾਬਲਿਆਂ ਵਿੱਚ ਸਸਸਸ ਮਲੂਕਾ ਦੀ ਵਿਦਿਆਰਥਣ ਮਨਜੋਤ ਕੌਰ ਸੋਪਾਲ ਨੇ ਪਹਿਲਾ, ਹਾਈ ਸਕੂਲ ਨੇਹੀਆਂਵਾਲਾ ਦੀ ਵਿਦਿਆਰਥਣ ਨਵਜੋਤ ਕੌਰ ਨੇ ਦੂਜਾ, ਹਾਈ ਸਕੂਲ ਲਹਿਰਾ ਬੇਗਾ ਦੀ ਵਿਦਿਆਰਥਣ ਰਾਜਵੀਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਮੁਕਾਬਲਿਆਂ ਚ ਜੱਜਮੈਂਟ ਦੀ ਭੂਮਿਕਾ ਰਵਿੰਦਰ ਸ਼ਰਮਾ, ਮੈਡਮ ਪਰਵੀਨ ਕੌਰ ਟਿਵਾਣਾ, ਪਵਨ ਕੁਮਾਰ ਵਲੋਂ ਨਿਭਾਈ ਗਈ। ਗੈਸਟ ਆਇਟਮ ਵਜੋਂ ਪੰਜਾਬੀ ਲੋਕ-ਨਾਚ ਭੰਗੜੇ ਦੀ ਪੇਸ਼ਕਾਰੀ ਐਮ.ਐਚ.ਆਰ. ਸਕੂਲ ਦੇ ਵਿਦਿਆਰਥੀਆਂ ਵਲੋਂ ਕੀਤੀ ਗਈ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਭੁਪਿੰਦਰ ਕੌਰ ਅਤੇ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਬਠਿੰਡਾ ਦੇ ਇੰਚਾਰਜ ਪ੍ਰਿੰਸੀਪਲ ਜਸਪਾਲ ਸਿੰਘ ਰੋਮਾਣਾ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਤੇ ਗਾਈਡ ਅਧਿਆਪਕਾਂ ਦੀ ਹੌਸਲਾ-ਅਫ਼ਜਾਈ ਕਰਦਿਆਂ ਮੁਬਾਰਕਬਾਦ ਦਿੱਤੀ ਤੇ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਹੋਰ ਤਿਆਰੀ ਨਾਲ ਭਾਗ ਲੈਣ ਲਈ ਪ੍ਰੇਰਿਤ ਵੀ ਕੀਤਾ।ਇਸ ਦੌਰਾਨ ਸੈਕਟਰੀ ਰੈੱਡ ਕਰਾਸ ਦਰਸ਼ਨ ਕੁਮਾਰ, ਪ੍ਰਿੰਸੀਪਲ ਮੈਡਮ ਸਵਿਤਾ, ਪ੍ਰਿੰਸੀਪਲ ਸ੍ਰੀਮਤੀ ਮਨਿੰਦਰ ਕੌਰ ਭੱਲਾ, ਹੈੱਡਮਾਸਟਰ ਕੁਲਵਿੰਦਰ ਕਟਾਰੀਆ, ਸੀਨੀਅਰ ਰਿਸੋਰਸ ਪਰਸਨ ਜਗਨਨਾਥ, ਅਨੰਦ ਸਿੰਘ ਬਾਲਿਆਂਵਾਲੀ ਅਤੇ ਮੈਡਮ ਸੰਦੀਪ ਕੌਰ ਆਦਿ ਹਾਜ਼ਰ ਸਨ।
ਖੇਤ ਮਜਦੂਰ ਪਰਿਵਾਰਾਂ ਸਮੇਤ ਖੜ੍ਹਕਾਉਣਗੇ ਮੁੱਖ ਮੰਤਰੀ ਦੀ ਕੋਠੀ ਦਾ ਕੁੰਡਾ
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 30 ਨਵੰਬਰ ਦੇ ਪ੍ਰੋਗਰਾਮ ਦੀ ਸਫਲਤਾ ਲਈ ਪਿੰਡਾਂ ਵਿੱਚ ਤਿਆਰੀ ਕਰਨ ਦਾ ਕੀਤਾ ਫੈਸਲਾ
ਸੁਖਜਿੰਦਰ ਮਾਨ
ਬਠਿੰਡਾ, 10 ਨਵੰਬਰ: ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ 30 ਨਵੰਬਰ ਨੂੰ ਮੁਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਕੁੰਡਾ ਖੜਕਾਉਣ ਦੇ ਐਲਾਨੇ ਪ੍ਰੋਗਰਾਮ ਵਿਚ , ਵੱਧ ਤੋਂ ਵੱਧ ਮਜਦੂਰਾਂ ਨੂੰ ਪਰਿਵਾਰਾਂ ਸਮੇਤ ਸ਼ਾਮਿਲ ਕਰਾਉਣ ਲਈ ਪਿੰਡ ਪੱਧਰ ਤੋਂ ਲਾਮਬੰਦੀ ਕਰਨ ਦਾ ਫੈਸਲਾ ਅੱਜ ਇਥੋਂ ਦੇ ਸਥਾਨਕ ਟੀਚਰਜ਼ ਹੋਮ ਵਿਖੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ ।ਮੀਟਿੰਗ ਦੇ ਫੈਸਲੇ ਸਬੰਧੀ ਦੱਸਦਿਆਂ ਜਥੇਬੰਦੀ ਦੇ ਸੂਬਾ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਪਹਿਲੀਆਂ ਸਰਕਾਰਾਂ ਨਾਲੋਂ ਕਿਸੇ ਤਰ੍ਹਾਂ ਵੀ ਵੱਖਰੀ ਨਹੀਂ ,ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਲਾਰੇ ਲੱਪੇ ਲਾਕੇ ਅਤੇ ਵੋਟਾਂ ਲੈਣ ਲਈ ਝੂਠੇ ਸਬਜਬਾਗ ਦਿਖਾਉਂਦੀਆਂ ਸਨ ਇਹੋ ਕੁਝ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ।ਉਨ੍ਹਾਂ ਕਿਹਾ ਕਿ ਸਮਾਜ ਦਾ ਸਭ ਤੋਂ ਦਰੜਿਆ ਹਿੱਸਾ , ਬੇਜੀਨੇ ਮਜਦੂਰਾਂ ਦੀਆਂ ਮੰਗਾਂ ਪ੍ਰਤੀ ਮੌਜੂਦਾ ਸਰਕਾਰ ਦਾ ਰਵੱਈਆ ਅਤੀ ਨਿੰਦਣਯੋਗ ਹੈ ।ਉਨ੍ਹਾਂ ਕਿਹਾ ਕਿ ਰੁਜਗਾਰ ਦੀ ਤੋਟ ਕਾਰਨ ਕਰਜੇ ਦੇ ਤੰਦੂਆ ਜਾਲ ਫਸੇ ਮਜਦੂਰ ਖੁਦਕਸੀਆਂ ਕਰਨ ਲਈ ਮਜਬੂਰ ਹਨ । ਮਜ਼ਦੂਰ ਸਾਂਝੇ ਮੋਰਚੇ ਦੇ ਝੰਡੇ ਹੇਠ ਵੱਧਦੀ ਮਹਿੰਗਾਈ ਦੇ ਹਿਸਾਬ 700/- ਦਿਹਾੜੀ ਦੀ ਮੰਗ ਕਰਦੇ ਹਨ ,ਜਿਹੜੇ ਸਿਰ ਲੁਕੋਣ ਲਈ ਪੰਚਾਇਤੀ ਜਮੀਨਾਂ ‘ਚੋਂ ਪਲਾਟ ਤੇ ਤੀਜੇ ਹਿਸੇ ਦੀ ਜਮੀਨ ਮੰਗਦੇ ਹਨ , ਜਿਹੜੇ ਕਰਜਾ ਮਾਫ ਕਰਨ ਦੀ ਮੰਗ ਕਰਦੇ ਹਨ ਅਤੇ ਉਹ ਸਾਰੀਆਂ ਮੰਗਾਂ ਮੰਨਦੇ ਹਨ ਜੋ ਵੋਟਾਂ ਤੋਂ ਪਹਿਲਾਂ ਸਰਕਾਰ ” ਗਰੰਟੀਆਂ” ਦਿੰਦੀ ਸੀ । ਮਜਦੂਰ ਆਗੂ ਨੇ ਹੁਣ ਧਰਨੇ ,ਮੁਜਾਹਰੇ ਅਤੇ ਮੋਰਚੇ ਲਾਉਣ’ਤੇ ਵੀ ਸਰਕਾਰ ਮਜਦੂਰਾਂ ਦੀ ਗੱਲ ਨਹੀਂ ਸੁਣ ਰਹੀ । ਉਨ੍ਹਾਂ ਕਿਹਾ ਕਿ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਸਤੰਬਰ ਮਹੀਨੇ ‘ਚ ਮੁਖ ਮੰਤਰੀ ਦੀ ਕੋਠੀ ਅੱਗੇ ਤਿੰਨ ਰੋਜਾ ਧਰਨਾ ਲਾਇਆ ਗਿਆ ਸੀ ,ਉਨ੍ਹਾਂ ਕਿਹਾ ਕਿ ਮਜਦੂਰਾਂ ਦੀਆਂ ਮੰਗਾਂ ਮੰਨਣਾ ਤਾਂ ਦੂਰ ਮੁਖ ਮੰਤਰੀ ਮੀਟਿੰਗ ਦਾ ਸਮਾਂ ਦੇਕੇ ਵੀ ਮੁਕਰ ਗਿਆ । ਉਨ੍ਹਾਂ ਕਿਹਾ ਕਿ ਗੁਜਰਾਤ ਅਤੇ ਹਿਮਾਚਲ ਦੀਆਂ ਚੋਣਾਂ ਜਿੱਤਣ ਲਈ ਰੋਜਾਨਾ ਕਰੋੜਾਂ ਰੁਪਏ ਦੇ ਇਸ਼ਤਿਹਾਰ ਦਿੱਤੇ ਜਾ ਰਹੇ ਹਨ ਪਰ ਮਜਦੂਰਾਂ ਨੂੰ ਦੇਣ ਲਈ ਸਰਕਾਰ ਦਾ ਖਜਾਨਾ ਖਾਲੀ ਹੈ ।ਮਜਦੂਰ ਆਗੂ ਨੇ ਕਿਹਾ ਕਿ ਉਨ੍ਹਾਂ ਜਥੇਬੰਦੀ ਪਿੰਡ ਪੱਧਰ ਤੇ ਜਾਕੇ ਸਰਕਾਰ ਦੇ ਦੰਭ ਦਾ ਪਰਦਾ ਚਾਕ ਕਰੇਗੀ ਅਤੇ 30ਨਵੰਬਰ ਨੂੰ ਵੱਡੀ ਗਿਣਤੀ ਵਿੱਚ ਮਜਦੂਰ ਪਰਿਵਾਰਾਂ ਸਮੇਤ ਸੰਗਰੂਰ ਵੱਲ ਚਾਲੇ ਪਾਉਣਗੇ।ਸੂਬਾ ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ,ਸੂਬਾ ਕਮੇਟੀ ਮੈਂਬਰ ਗੁਰਪਾਲ ਨੰਗਲ ,ਬਲਵੰਤ ਸਿੰਘ ਬਾਘਾਪੁਰਾਣਾ ਅਤੇ ਹਰਭਗਵਾਨ ਮੂਣਕ ਸ਼ਾਮਲ ਸਨ।।
ਬੇਅਦਬੀ ਅਤੇ ਗੋਲ਼ੀ ਕਾਂਡ ਦਾ ਇਨਸਾਫ਼ ਨਾ ਦੇਣ ਲਈ ਮੁੱਖ ਮੰਤਰੀ ਅਤੇ ਸਪੀਕਰ ਅਸਤੀਫ਼ਾ ਦੇਣ: ਗੁਰਦੀਪ ਸਿੰਘ ਬਠਿੰਡਾ
ਸੁਖਜਿੰਦਰ ਮਾਨ
ਬਠਿੰਡਾ, 10 ਨਵੰਬਰ: ਯੂਨਾਈਟਿਡ ਅਕਾਲੀ ਦਲ ਦੇ ਚੇਅਰਮੈਨ ਗੁਰਦੀਪ ਸਿੰਘ ਬਠਿੰਡਾ, ਸਕੱਤਰ ਜਰਨਲ ਜਤਿੰਦਰ ਸਿੰਘ ਈਸੜੂ, ਸੀਨੀਅਰ ਆਗੂ ਬਾਬਾ ਚਮਕੌਰ ਸਿੰਘ ਅਤੇ ਜਵਿੰਦਰ ਸਿੰਘ ਘੋਲੀਆ ਨੇ ਇਕ ਸਾਂਝੇ ਬਿਆਨ ਵਿੱਚ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸ ਘਾਤ ਕਰਨ ਲਈ ਜਿੰਮੇਵਾਰ ਦਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਤੋ ਅਸਤੀਫ਼ੇ ਦੀ ਮੰਗ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ, ਕੋਟਕਪੂਰਾ ਗੋਲੀ ਕਾਂਡ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀਆ ਦੀਆ ਰਿਹਾਈਆਂ ਲਈ ਚਲੇ ਸੰਘਰਸ਼ ਵਿੱਚ ਇਹ ਦੋਵੇ ਸਮੁੱਚੀ ਪਾਰਟੀ ਸਮੇਤ ਸਾਮਿਲ ਹੁੰਦੇ ਰਹੇ ਹਨ। ਸਰਕਾਰ ਬਣਨ ਤੇ 24 ਘੰਟਿਆ ਵਿੱਚ ਇਨਸਾਫ਼ ਦੇਣ ਲਈ ਵਾਅਦਾ ਕਰਦੇ ਰਹੇ ਹਨ। ਬੇਅਦਬੀ ਦਾ ਇਨਸਾਫ਼ ਨਾ ਦੇਣ ਕਾਰਨ ਸਿੱਖਾਂ ਨੂੰ ਖੁਦ ਇਨਸਾਫ਼ ਲਈ ਕੋਟਕਪੂਰਾ ਅਤੇ ਜੇਲ੍ਹ ਵਿਚ ਬੰਦ ਬਿੱਟੂ ਵਰਗੇਆ ਨੂੰ ਸੋਧਾ ਲਾਉਣਾ ਪੇ ਰਿਹਾ ਹੈ। ਯੂਨਾਈਟਿਡ ਅਕਾਲੀ ਦਲ ਏਨਾ ਸੂਰਮਿਆ ਨਾਲ ਡਟ ਕੇ ਖੜਾ ਹੈ। ਪਾਰਟੀ 15 ਨਵੰਬਰ ਤੋਂ ਸੰਤ ਜਰਨੈਲ਼ ਸਿੰਘ ਦੇ ਜਨਮ ਅਸਥਾਨ ਰੋਡਿਆ ਤੋ ਕੇਸਰੀ ਮੁਕਤੀ ਮਾਰਚ ਉਪਰੋਕਤ ਮੁੱਦਿਆ ਤੇ ਲੋਕ ਰਾਇ ਬਣਾਉਣ ਲਈ ਸੁਰੂ ਕੀਤਾ ਜਾਵੇਗਾ।
ਕੁਲਵੰਤ ਸਿੰਘ ਨੂੰ ਤਰੱਕੀ ਦੇ ਬਨਾਇਆ ਜਿਲ੍ਹਾ ਮਾਸ ਮੀਡੀਆ ਅਫ਼ਸਰ
ਸੁਖਜਿੰਦਰ ਮਾਨ
ਬਠਿੰਡਾ, 10 ਨਵੰਬਰ :ਦਫ਼ਤਰ ਸਿਵਲ ਸਰਜਨ ਬਠਿੰਡਾ ਵਿਖੇ ਲੰਬੇ ਸਮੇਂ ਤੋਂ ਡਿਪਟੀ ਮਾਸ ਮੀਡੀਆ ਦੀਆਂ ਸੇਵਾਵਾਂ ਨਿਭਾਅ ਰਹੇ ਕੁਲਵੰਤ ਸਿੰਘ ਨੂੰ ਸਿਹਤ ਵਿਭਾਗ ਵੱਲੋਂ ਤਰੱਕੀ ਦੇ ਕੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਬਨਾਇਆ ਗਿਆ ਹੈ। ਉਹਨਾਂ ਆਪਣੀਆਂ ਸੇਵਾਵਾਂ ਇਮਾਨਦਾਰੀ, ਦ੍ਰਿੜਤਾ ਅਤੇ ਲਗਨ ਨਾਲ ਨਿਭਾਈਆਂ ਗਈਆਂ। ਕੋਵਿਡ—19 ਮਹਾਂਮਾਰੀ ਦੌਰਾਨ ਉਹਨਾਂ ਆਪਣੀ ਡਿਊਟੀ ਬਾਖੂਬੀ ਨਿਭਾਈ। ਉਹਨਾਂ ਮਹਿਕਮੇ ਦੇ ਟੀਚੇ ਪੂਰੇ ਕਰਨ, ਵੱਖ ਵੱਖ ਬਿਮਾਰੀਆਂ ਅਤੇ ਸਿਹਤ ਸਕੀਮਾਂ ਸਬੰਧੀ ਆਮ ਲੋਕਾਂ ਵਿੱਚ ਜਾਗਰੂਕਤਾ ਦੇਣ ਲਈ ਸਖਤ ਮਿਹਨਤ ਕੀਤੀ। ਵਧੀਆਂ ਸੇਵਾਵਾਂ ਬਦਲੇ ਸਿਹਤ ਵਿਭਾਗ ਵੱਲੋਂ ਉਹਨਾਂ ਨੂੰ ਤਰੱਕੀ ਦੇ ਕੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਦਫ਼ਤਰ ਸਿਵਲ ਸਰਜਨ ਕਪੂਰਥਲਾ ਲਗਾਇਆ ਗਿਆ ਹੈ। ਦਫ਼ਤਰ ਸਿਵਲ ਸਰਜਨ ਦੇ ਸਟਾਫ਼ ਨੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ।
ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਤੇ ਵਿਰਾਸਤ ਨਾਲ ਜੋੜਨ ਲਈ ਜਸ਼ਨ-ਏ-ਵਿਰਾਸਤ ਪ੍ਰੋਗਰਾਮ 11 ਨੂੰ
ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ
ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਕਰਨਗੇ ਸੱਭਿਆਚਾਰਕ ਪ੍ਰੋਗਰਾਮ ਪੇਸ਼
ਸੁਖਜਿੰਦਰ ਮਾਨ
ਬਠਿੰਡਾ, 10 ਨਵੰਬਰ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਲਗਾਤਾਰ ਹੰਭਲੇ ਮਾਰੇ ਜਾ ਰਹੇ ਹਨ। ਇਸੇ ਲੜੀ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਤੇ ਵਿਰਾਸਤ ਨਾਲ ਜੋੜਨ ਦੇ ਮੱਦੇਨਜ਼ਰ ਸਥਾਨਕ ਬਹੁ ਮੰਤਵੀਂ ਖੇਡ ਸਟੇਡੀਅਮ ਵਿਖੇ 11 ਨਵੰਬਰ 2022 ਦੀ ਸ਼ਾਮ 6 ਵਜੇ ਜਸ਼ਨ-ਏ-ਵਿਰਾਸਤ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਸ਼ਨ-ਏ-ਵਿਰਾਸਤ ਪ੍ਰੋਗਰਾਮ ਦੇ ਮੁੱਖੀ ਤੇ ਉੱਘੇ ਸਮਾਜ ਸੇਵੀ ਅਮਰਜੀਤ ਮਹਿਤਾ ਨੇ ਦੱਸਿਆ ਕਿ ਸਮਾਗਮ ਦੌਰਾਨ ਕੈਬਨਿਟ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਿਰਕਤ ਕਰਨਗੇ ਤੇ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕਰਨਗੇ। ਸ਼੍ਰੀ ਮਹਿਤਾ ਨੇ ਇਹ ਵੀ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਪ੍ਰਸਿੱਧ ਕਮੇਡੀਅਨ ਸੰਜੀਵ ਅੱਤਰੀ ਦਰਸ਼ਕਾਂ ਨੂੰ ਲੋਟ-ਪੋਟ ਕਰਨਗੇ ਤੇ ਪ੍ਰਸਿੱਧ ਐਂਕਰ, ਕਲਰਸ ਟੀਵੀ ਦੀ ਨਿੰਮੋ (ਅਮਨ) ਤੇ ਪਰਮ ਵੀ ਵਿਸ਼ੇਸ਼ ਤੌਰ ਤੇ ਆਪਣੀ ਕਲਾ ਦੇ ਜੌਹਰ ਦਿਖਾਉਣਗੇ।
ਬਠਿੰਡਾ ਜ਼ਿਲ੍ਹੇ ਦੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦੇ ਦੂਜੇ ਦਿਨ ਨੰਨ੍ਹੇ ਉਸਤਾਦਾਂ ਨੇ ਕੀਤੀਆਂ ਕਮਾਲਾਂ
ਖੇਡਾਂ ਦਾ ਬੱਚਿਆਂ ਦੇ ਸਰਬਪੱਖੀ ਵਿਕਾਸ ਵਿੱਚ ਵਿਸ਼ੇਸ਼ ਯੋਗਦਾਨ- ਡੀਈਓ
ਸੁਖਜਿੰਦਰ ਮਾਨ
ਬਠਿੰਡਾ, 10 ਨਵੰਬਰ: ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਿਵ ਪਾਲ ਗੋਇਲ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਦੀ ਰਹਿਨੁਮਾਈ ਹੇਠ ਬਠਿੰਡਾ ਜ਼ਿਲ੍ਹੇ ਦੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਸਪੋਰਟਸ ਸਟੇਡੀਅਮ ਮੌੜ ਕਲਾਂ ਦੇ ਖੇਡ ਮੈਦਾਨ ਸ਼ਾਨੋ ਸ਼ੌਕਤ ਨਾਲ ਚੱਲ ਰਹੀਆਂ ਹਨ। ਇਸ ਜਿਲ੍ਹਾ ਪੱਧਰੀ ਟੂਰਨਾਮੈਂਟ ਦੇ ਦੂਜੇ ਦਿਨ ਬੱਚਿਆਂ ਨੂੰ ਆਸ਼ੀਰਵਾਦ ਦੇਣ ਅਤੇ ਹੌਂਸਲਾ ਅਫਜ਼ਾਈ ਕਰਨ ਲਈ ਸ਼ਿਵ ਪਾਲ ਗੋਇਲ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਿਸ਼ੇਸ਼ ਤੌਰ ਤੇ ਪੁੱਜੇ। ਉਨ੍ਹਾਂ ਵੱਲੋਂ ਵੱਖ-ਵੱਖ ਟੀਮਾਂ ਦੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਗਈ ਅਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ। ਉਨ੍ਹਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਦਾ ਵਿਦਿਆਰਥੀ ਜੀਵਨ ਵਿੱਚ ਬਹੁਤ ਹੀ ਮਹੱਤਵ ਹੈ ਅਤੇ ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਵਿਸ਼ੇਸ਼ ਯੋਗਦਾਨ ਪਾਉਂਦੀਆਂ ਹਨ। ਇਸ ਮੌਕੇ ਰਣਜੀਤ ਸਿੰਘ ਮਾਨ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਗੁਰਚਰਨ ਸਿੰਘ ਗਿੱਲ ਡੀ.ਐਮ.ਖੇਡਾਂ, ਦਰਸ਼ਨ ਸਿੰਘ ਜੀਦਾ ਬੀਪੀਈਓ, ਲਖਵਿੰਦਰ ਸਿੰਘ ਬੀਪੀਈਓ, ਗੁਰਪ੍ਰੀਤ ਸਿੰਘ ਬਰਾੜ ਜਿਲ੍ਹਾ ਖੇਡ ਅਫਸਰ, ਮਨਦੀਪ ਸਿੰਘ ਨੋਡਲ ਇੰਚਾਰਜ, ਨਿਰਭੈ ਸਿੰਘ ਭੁੱਲਰ ਸਹਾਇਕ ਕੋਆਰਡੀਨੇਟਰ, ਪ੍ਰਿਤਪਾਲ ਸਿੰਘ ਬਲਾਕ ਖੇਡ ਅਫਸਰ, ਗੁਰਜੀਤ ਸਿੰਘ ਬਰਾੜ ਬਲਾਕ ਖੇਡ ਅਫਸਰ ਵੱਲੋਂ ਵੱਖ-ਵੱਖ ਟੀਮਾਂ ਨਾਲ ਜਾਣ ਪਹਿਚਾਣ ਕੀਤੀ ਅਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ। ਸਕੂਲ ਸਿੱਖਿਆ ਵਿਭਾਗ ਦੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਕਮਾਂਡੋ ਅਤੇ ਸੁਖਪਾਲ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦੌਰਾਨ ਦੂਜੇ ਦਿਨ ਮੌੜ ਕਲਾਂ ਵਿਖੇ ਕਬੱਡੀ ਨੈਸ਼ਨਲ, ਕਬੱਡੀ ਸਰਕਲ, ਖੋ-ਖੋ, ਰੱਸਾਕਸੀ, ਐਥਲੈਟਿਕਸ, ਕੁਸ਼ਤੀ, ਸੰਤ ਫਤਹਿ ਸਿੰਘ ਕਾਨਵੈਂਟ ਸਕੂਲ ਵਿਖੇ ਫੁੱਟਬਾਲ, ਸ਼ਤਰੰਜ, ਬੈਡਮਿੰਟਨ, ਯੋਗਾ, ਸਰਕਾਰੀ ਸਕੂਲ ਭਾਈ ਬਖਤੌਰ ਵਿਖੇ ਕਰਾਟੇ, ਬਠਿੰਡਾ ਵਿਖੇ ਸਕੇਟਿੰਗ ਅਤੇ ਦਿੱਲੀ ਪਬਲਿਕ ਸਕੂਲ ਵਿਖੇ ਤੈਰਾਕੀ ਆਦਿ ਦੇ ਮੁੰਡਿਆਂ ਅਤੇ ਕੁੜੀਆਂ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਜਸਵਿੰਦਰ ਸਿੰਘ ਚਾਹਲ ਅਤੇ ਪਰਮਿੰਦਰ ਕੌਰ ਪੈਮ ਵੱਲੋਂ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ ਗਈ। ਦੂਸਰੇ ਦਿਨ ਹੋਏ ਮੁਕਾਬਲਿਆਂ ਦੌਰਾਨ ਜੇਤੂ ਖਿਡਾਰੀਆਂ ਨੂੰ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਵੱਲੋਂ ਵੰਡੇ ਗਏ ਅਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ। ਇਸ ਟੂਰਨਾਮੈਂਟ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਸੈਂਟਰ ਹੈੱਡ ਟੀਚਰ ਨਵਦੀਪ ਸਿੰਘ, ਪਰਮਜੀਤ ਸਿੰਘ, ਪੂਜਾ ਗੋਇਲ, ਗੁਰਬਖਸ਼ ਸਿੰਘ, ਅਮਨਦੀਪ ਸਿੰਘ ਦਾਤੇਵਾਸੀਆ ਸੀ ਐਚ ਟੀ , ਗੁਰਜਿੰਦਰ ਕੁਮਾਰ, ਰਘਬੀਰ ਸਿੰਘ, ਰੰਜੂ ਬਾਲਾ ਦੇਸ ਰਾਜ, ਬੇਅੰਤ ਕੌਰ,ਸੀ ਐਚ ਟੀ ਬਠਿੰਡਾ ਰਾਜਿੰਦਰਪਾਲ ਕੌਰ, ਮਨਜੀਤ ਸਿੰਘ, ਹਰਜਿੰਦਰ ਸਿੰਘ, ਰਮਨਪ੍ਰੀਤ ਸਿੰਘ ਸਕੇਟਿੰਗ ਕਨਵੀਨਰ, ਜਗਮੋਹਣ ਸਿੰਘ ਤੈਰਾਕੀ ਕਨਵੀਨਰ, ਹੈੱਡ ਟੀਚਰ ਸੱਤਪਾਲ ਕੌਰ, ਵਿਜੈ ਕੁਮਾਰ, ਹਰਸ਼ਰਨ ਕੌਰ, ਅਮਨਦੀਪ ਸਿੰਘ ਝੱਬਰ, ਮਨਪ੍ਰੀਤ ਕੌਰ, ਮੀਨੂੰ ਸਿੰਗਲਾ, ਰਾਜੇਸ਼ ਕੁਮਾਰ, ਸੁਖਵਿੰਦਰ ਸਿੰਘ, ਸੁਨੀਲ ਕੁਮਾਰ, ਜੁਗਰਾਜ ਸਿੰਘ, ਅਮਨਦੀਪ ਸਿੰਘ, ਚਰਨਜੀਤ ਸਿੰਘ, ਭੁਪਿੰਦਰ ਸਿੰਘ ਪੀਟੀਆਈ, ਅਮਰਦੀਪ ਸਿੰਘ ਪੀਟੀਆਈ, ਰਾਜਵੀਰ ਸਿੰਘ ਮਾਨ, ਜਸਕਰਨ ਸਿੰਘ, ਅਰਵਿੰਦਰ ਸਿੰਘ, ਹਰਸਿਮਰਨ ਦੀਪ ਸਿੰਘ ਬਰਾੜ, ਗੁਰਜੀਤ ਸਿੰਘ ਜੱਸੀ, ਗੁਰਪ੍ਰੀਤ ਸਿੰਘ ਗਰੇਵਾਲ, ਸੁਰਜੀਤ ਸਿੰਘ ਬੱਜੋਆਣਾ, ਪ੍ਰਦੀਪ ਕੁਮਾਰ ਅਤੇ ਬਲਾਕ ਮੀਡੀਆ ਕੋਆਰਡੀਨੇਟਰ ਰੁਪਿੰਦਰ ਸਿੰਘ ਮੌੜ, ਮਨਦੀਪ ਸਿੰਘ ਕੋਟਫੱਤਾ, ਗੁਰਦੀਪ ਸਿੰਘ ਵਿਜੇ ਕੁਮਾਰ ਹੈਂਡ ਟੀਚਰ ਘੁੱਮਣ , ਚਰਨਜੀਤ ਸਿੰਘ , ਜਗਸੀਰ ਸਿੰਘ ਹੈਂਡ ਟੀਚਰ ਆਦਿ ਅਨੇਕਾਂ ਅਧਿਆਪਕਾਂ ਵੱਲੋਂ ਖੇਡਾਂ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ।

ਛੋਟੀ ਸਰਕਾਰ ਦੀ ਹੋਵੇਗੀ ਗ੍ਰਾਮੀਣ ਵਿਕਾਸ ਵਿਚ ਅਹਿਮ ਭੁਮਿਕਾ – ਦੁਸ਼ਯੰਤ ਚੌਟਾਲਾ
ਪੇਂਡੂ ਵਿਕਾਸ ਵਿਭਾਗ ਦੀ ਯੋਜਨਾਵਾਂ ਜਿਲ੍ਹਾ ਪਰਿਸ਼ਦਾਂ ਨੂੰ ਟ੍ਰਾਂਸਫਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਨਵੰਬਰ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਪੰਚਾਇਤ, ਪੰਚਾਇਤ ਕਮੇਟੀ ਅਤੇ ਜਿਲ੍ਹਾ ਪਰਿਸ਼ਦ ਪੇਂਡੂ ਖੇਤਰ ਵਿਚ ਇਕ ਛੋਟੀ ਸਰਕਾਰ ਦੀ ਤਰ੍ਹਾ ਹੁੰਦੀ ਹੈ ਅਤੇ ਭਵਿੱਖ ਵਿਚ ਪੇਂਡੂ ਵਿਕਾਸ ਵਿਚ ਇਸ ਦੀ ਅਹਿਮ ਭੁਮਿਕਾ ਰਹੇਗੀ। ਡਿਪਟੀ ਸੀਐਮ ਅੱਜ ਨਵੀਂ ਦਿੱਲੀ ਵਿਚ ਰਾਜ ਦੇ ਵੱਖ-ਵੱਖ ਨਵੇਂ ਚੁਣੇ ਪੰਚ ਤੇ ਸਰਪੰਚ ਨਾਲ ਗਲਬਾਤ ਕਰ ਰਹੇ ਸਨ। ਅੱਜ ਪੂਰੇ ਸੂਬੇ ਤੋਂ ਅਨੇਕ ਨਵੇਂ ਚੁਣੇ ਪੰਚ ਤੇ ਸਰਪੰਚ ਉਨ੍ਹਾਂ ਨਾਲ ਮਿਲਣ ਪਹੁੰਚੇ ਹੋਏ ਸਨ।ਸ੍ਰੀ ਦੁਸ਼ਯੰਤ ਚੌਟਾਲਾ ਨੇ ਚੁਣੇ ਗਏ ਨੁਮਾਇੰਦਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਖੁਸ਼ੀ ਦੀ ਗਲ ਹੈ ਕਿ ਪੰਚਾਇਤੀਰਾਜ ਸੰਸਥਾਵਾਂ ਵਿਚ ਪੜੀ-ਲਿਖੀ ਯੁਵਾ ਚੁਣੇ ਜਾ ਰਹੇ ਹਨ, ਇਸ ਨਾਲ ਜਿੱਥੇ ਕਾਰਜ ਵਿਚ ਪਾਰਦਰਸ਼ਿਤਾ ਆਵੇਗੀ ਉੱਥੇ ਨਵੀਂ ਤਕਨੀਕ ਦਾ ਊਹ ਬਿਤਹਰ ਢੰਗ ਨਾਲ ਵਰਤੋ ਕਰਨ ਵਿਚ ਸਮਰੱਥ ਹੋ ਪਾਉਣਗੇ। ਉਨ੍ਹਾਂ ਨੇ ਨੌਜੁਆਨ ਪ੍ਰਤੀਨਿਧੀਆਂ ਦੇ ਨਾਲ ਆਏ ਬਜੁਰਗਾਂ ਦੇ ਵੱਲ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਤੁਸੀਂ ਲੋਕਾਂ ਦਾ ਮਾਰਗਦਰਸ਼ਨ ਇੰਨ੍ਹਾਂ ਨੌਜੁਆਨਾਂ ਨੂੰ ਪਿੰਡ ਦੇ ਵਿਕਾਸ ਵਿਚ ਬਖੂਬੀ ਕੰਮ ਆਵੇਗਾ। ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਸੂਬਾ ਸਰਕਾਰ ਵੱਲੋਂ ਪੇਂਡੂ ਵਿਕਾਸ ਵਿਭਾਗ ਦੀ ਯੋਜਨਾਵਾਂ ਜਿਲ੍ਹਾ ਪਰਿਸ਼ਦਾਂ ਨੂੰ ਟ੍ਰਾਂਸਫਰ ਕੀਤੀ ਜਾ ਰਹੀ ਹੈ। ਰਾਜ ਅਤੇ ਕੇਂਦਰੀ ਵਿੱਤ ਕਮਿਸ਼ਨ ਦਾ ਪੈਸਾ ਸਿੱਧਾ ਪੰਚਾਇਤੀਰਾਜ ਸੰਸਥਾਵਾਂ ਦੇ ਖਾਤਿਆਂ ਵਿਚ ਦਿੱਤਾ ਜਾ ਰਿਹਾ ਹੈ। ਇਸ ਨਾਲ ਪੰਚਾਇਤ, ਪੰਚਾਇਤ ਕਮੇਟੀ ਅਤੇ ਜਿਲ੍ਹਾ ਪਰਿਸ਼ਦ ਦੇ ਨੁਮਾਇੰਦੇ ਸਥਾਨਕ ਲੋਕਾਂ ਦੀ ਭਾਵਨਾਵਾਂ ਤੇ ਜਰੂਰਤਾਂ ਦੇ ਅਨੁਸਾਰ ਕੰਮ ਕਰਵਾ ਸਕਣਗੇ। ਉਨ੍ਹਾਂ ਨੇ ਦਸਿਆ ਕਿ ਇੰਟਰਸਟੇਟ ਪਰਿਸ਼ਦ ਦੀ ਤਰਜ ‘ਤੇ ਅੰਤਰ ਜਿਲ੍ਹਾ ਪਰਿਸ਼ਦ ਦਾ ਗਠਨ ਕਰਨਵਾਲੇ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।
ਇੰਡੀਆ ਏਗਰੀਬਿਜਨੈਸ ਬੇਸਟ ਸਟੇਟ ਅਵਾਰਡ ਮਿਲਣ ‘ਤੇ ਮੁੱਖ ਮੰਤਰੀ ਨੇ ਪ੍ਰਗਟਾਇਆ ਕੇਂਦਰ ਸਰਕਾਰ ਦਾ ਧੰਨਵਾਦ
ਖੇਤੀਬਾੜੀ ਖੇਤਰ ਵਿਚ ਵਧੀਆ ਯੋਗਦਾਨ ਲਈੇ ਹਰਿਆਣਾ ਨੂੰ ਮਿਲਿਆ ਹੈ ਇੰਡੀਆ ਏਗਰੀਬਿਜਨੈਸ ਬੇਸਟ ਸਟੇਟ ਅਵਾਰਡ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਨਵੰਬਰ -ਖੇਤੀਬਾੜੀ ਪ੍ਰਧਾਨ ਰਾਜ ਨੂੰ ਕ੍ਰਿਸ਼ਕ ਪ੍ਰਧਾਨ ਸੂਬਾ ਬਨਣ ਦੇ ਹਰਿਆਣਾ ਸਰਕਾਰ ਦੇ ਯਤਨਾਂ ਨੂੰ ਮੁੜ ਗਤੀ ਮਿਲੀ ਹੈ, ਜਦੋਂ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਖੇਤਰ ਵਿਚ ਵਧੀਆ ਯੋਗਦਾਨ ਲਈ ਹਰਿਆਣਾ ਨੂੰ ਇੰਡੀਆ ਏਗਰੀਬਿਜਨੈਸ ਬੇਸਟ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਭਾਰਤੀ ਖੇਤੀਬਾੜੀ ਅਤੇ ਖਾਦ ਪਰਿਸ਼ਦ ਵੱਲੋਂ ਜਾਰੀ ਇੰਡੀਆ ਏਗਰੀਬਿਜਨੈਸ ਅਵਾਰਡ-2022 ਵਿਚ ਹਰਿਆਣਾ ਨੂੰ ਬੇਸਟ ਸੂਬਾ ਦੀ ਸ਼੍ਰੇਣੀ ਵਿਚ ਪੁਰਸਕਾਰ ਮਿਲਿਆ ਹੈ। ਹਰਿਆਣਾ ਨੂੰ ਇਹ ਪੁਰਸਕਾਰ ਰਾਜ ਵਿਚ ਖੇਤੀਬਾੜੀ ਅਨੁਕੂਲ ਨੀਤੀਆਂ, ਪ੍ਰੋਗ੍ਰਾਮਾਂ, ਉਤਪਾਦਨ, ਇਨਪੁੱਟ, ਤਕਨਾਲੋਜੀਆਂ, ਮਾਰਕਟਿੰਗ, ਮੁੱਲਵਰਧਨ, ਬੁਨਿਆਦੀ ਢਾਂਚੇ ਅਤੇ ਨਿਰਯਾਤ ਦੇ ਖੇਤਰਾਂ ਵਿਚ ਵਧੀਆ ਯੋਗਦਾਨ ਕਰਨ ਲਈ ਮਿਲਿਆ ਹੈ। ਹਰਿਆਣਾ ਦੀ ਇਸ ਉਪਲਬਧੀ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੇਂਦਰ ਸਰਕਾਰ ਦਾ ਧੰਨਵਾਦ ਪ੍ਰਗਟਾਇਆ ਅਤੇ ਨਾਲ ਹੀ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਸਾਰੀ ਸੂਬਾਵਾਸੀਆਂ ਨੂੰ ਵਧਾਈ ਦਿੱਤੀ।ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਉਨ੍ਹਾਂ ਦਾ ਯਤਨ ਹਰਿਆਣਾ ਨੂੰ ਹੁਣ ਖੇਤੀਬਾੜੀ ਪ੍ਰਧਾਨ ਤੋਂ ਕਿਸਾਨ ਪ੍ਰਧਾਨ ਸੂਬਾ ਬਨਾਉਣਾ ਹੈ। ਇਸ ਦੇ ਲਈ ਖੇਤੀ ਵਿਚ ਆਧੁਨਿਕਤਾ ਦੇ ਨਾਲ-ਨਾਲ ਕਿਸਾਨਾਂ ਦੀ ਆਮਦਨੀ ਵਿਚ ਵਾਧਾ ਕਰਨਾ ਵੱਡਾ ਟੀਚਾ ਹੈ। ਸੂਬਾ ਸਰਕਾਰ ਜਿੱਥੇ 14 ਤੋਂ ਵੱਧ ਫਸਲਾਂ ਨੂੰ ਐਮਐਸਪੀ ‘ਤੇ ਖਰੀਦ ਰਹੀ ਹੈ, ਉੱਥੇ ਕਿਸਾਨਾਂ ਨੂੰ ਆਧੁਨਿਕ ਖੇਤੀ ਅਪਨਾਉਣ ਲਈ ਪ੍ਰੋਤਸਾਹਿਤ ਵੀ ਕਰ ਰਹੀ ਹੈ। ਘੱਟ ਲਾਗਤ ਵਿਚ ਵੱਧ ਉਪਜ ਲਈ ਕਿਸਾਨ ਫਸਲ ਵਿਵਿਧੀਕਰਣ ਨੂੰ ਅਪਨਾਉਣ ਅਤੇ ਕੁਦਰਤੀ ਖੇਤੀ ਦੇ ਵੱਲ ਵੱਧਣ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਖੇਤੀਬਾੜੀ ਅਤੇ ਬਾਗਬਾਨੀ ਦੇ ਖੇਤਰ ਵਿਚ ਸੁਧਾਰ ਦੇ ਮੁੱਦੇਨਜਰ ਸਿੰਚਾਈ ਲਈ ਪਾਣੀ ਦਾ ਸਹੀ ਵਰਤੋ, ਕਿਸਾਨਾਂ ਵੱਲੋਂ ਘੱਟ ਪਾਣੀ ਦੀ ਖਪਤ ਵਾਲੀ ਫਸਲਾਂ ਨੂੰ ਅਪਨਾਉਣ ਸਮੇਤ ਅਨੇਕ ਕਦਮ ਚੁੱਕੇ ਗਏ ਹਨ। ਵਰਨਣਯੋਗ ਹੈ ਕਿ ਮੌਜੂਦਾ ਰਾਜ ਸਰਕਾਰ ਵੱਲੋਂ ਖੇਤੀਬਾੜੀ ਕਾਰੋਬਾਰ ਨੂੰ ਪ੍ਰੋਤਸਾਹਨ ਦੇਣ ਅਤੇ ਕਿਸਾਨਾਂ ਨੂੰ ਆਤਮਨਿਰਭਰ ਬਨਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਦੇ ਲਈ ਖੇਤੀਬਾੜੀ ਖੇਤਰ ਦੀਆਂ ਕੰਪਨੀਆਂ, ਕਿਸਾਨ ਉਤਪਾਦਕ ਸੰਗਠਨਾਂ ਨੂੰ ਚੋਣ ਕੀਤਾ ਗਿਆ ਹੈ। ਤਾਂ ਜੋ ਕਿਸਾਨਾਂ ਨੂੰ ਸੰਗਠਤ ਕਰ ਸਮੂਹਿਕ ਰੂਪ ਨਾਲ ਉਨ੍ਹਾਂ ਦੇ ਉਤਪਾਦਨ ਅਤੇ ਮਾਰਕਟਿੰਗ ਦੀ ਵਿਵਸਥਾ ਨੂੰ ਯਕੀਨੀ ਕੀਤਾ ਜਾ ਸਕੇ। ਇਸ ਕਾਰਜ ਵਿਚ ਨਿਵੇਸ਼, ਤਕਨਾਲੋਜੀ ਅਤੇ ਨਵੇਂ ਸਮੱਗਰੀ ਉਪਲਬਧ ਕਰਵਾ ਕੇ ਖੇਤੀਬਾੜੀ ਅਤੇ ਬਾਗਬਾਨੀ ਲਾਗਤ ਨੂੰ ਘੱਟ ਕਰਨ ‘ਤੇ ਵਿਸ਼ੇਸ਼ ਜੋਰ ਦਿੱਤਾ ਜਾ ਰਿਹਾ ਹੈ। ਇੰਨ੍ਹੀ ਯਤਨਾਂ ਦੇ ਮੱਦੇਨਜਰ ਕੇਂਦਰ ਸਰਕਾਰ ਵੱਲੋਂ ਹਰਿਆਣਾ ਨੂੰ ਇੰਡੀਆ ਏਗਰੀਬਿਜਨੈਸ ਬੇਸਟ ਸਟੇਟ ਅਵਾਰਡ ਪ੍ਰਦਾਨ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਹਰਿਆਣਾ ਵਿਧਾਨ ਸਭਾ ਵਿਚ ਕਾਫੀ ਟੇਬਲ ਬੁੱਕ ਹਰੀ ਸਦਨ ਦੀ ਕੀਤੀ ਘੁੰਡ ਚੁਕਾਈ
ਹਰਿਆਣਾ ਵਿਧਾਨਸਭਾ ਦੀ ਨਵੀਂ ਪਰੰਪਰਾਵਾਂ ਅਤੇ ਅਭਿਨਵ ਪ੍ਰਯੋਗਾਂ ‘ਤੇ ਅਧਾਰਿਤ ਹੈ ਕਾਫੀ ਟੇਬਲ ਬੁੱਕ
ਹਰਿਆਣਾ ਵਿਧਾਨਸਭਾ ਬਣੀ ਈ-ਵਿਧਾਨਸਭਾ – ਮਨੋਹਰ ਲਾਲ
ਹਰਿਆਣਾ ਵਿਧਾਨਸਭਾ ਦਾ ਨਵਾਂ ਭਵਨ ਬਨਾਉਣ ਦੀ ਦਿਸ਼ਾ ਵਿਚ ਵਧੇ ਕਦਮ – ਮੁੱਖ ਮੰਤਰੀ
ਵਿਧਾਨਸਭਾ ਦੀ ਗਰਿਮਾ, ਮਰਿਯਾਦਾ ਬਣੀ ਰਹੇ ਇਸ ਲਈ ਨਵੇਂ ਪ੍ਰਯੋਗ ਕੀਤੇ ਗਏ – ਵਿਧਾਨਸਭਾ ਸਪੀਕਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਨਵੰਬਰ – ਹਰਿਆਣਾ ਦੀ 14ਵੀਂ ਵਿਧਾਨਸਭਾ ਦੀ ਨਵੀਂ ਪਰੰਪਰਾਵਾਂ ਅਤੇ ਅਭਿਨਵ ਪ੍ਰਯੋਗਾਂ ਦੇ 3 ਗੌਰਵਸ਼ਾਲੀ ਸਾਲਾਂ ‘ਤੇ ਪ੍ਰਕਾਸ਼ਿਤ ਕਾਫੀ ਟੇਬਲ ਬੁੱਕ ਹਰੀ ਸਦਨ ਦੀ ਅੱਜ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਘੁੰਡ ਚੁਕਾਈ ਕੀਤੀ। ਹਰਿਆਣਾ ਵਿਧਾਨਸਭਾ ਵਿਚ ਪ੍ਰਬੰਧਿਤ ਘੁੰਡ ਚੁਕਾਈ ਸਮਾਰੋਹ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇੰਨ੍ਹਾਂ 3 ਗੌਰਵਸ਼ਾਲੀਹ ਸਾਲਾਂ ਦੌਰਾਨ ਹਰਿਆਣਾ ਵਿਧਾਨਸਭਾ ਸਪੀਕਰ ਨੇ ਜਿਸ ਤਰ੍ਹਾ ਸਦਨ ਦੀ ਕਾਰਵਾਈ ਦਾ ਸੰਚਾਲਨ ਕੀਤਾ, ਉਹ ਸ਼ਲਾਘਾਯੋਗ ਹੈ।ਉਨ੍ਹਾਂ ਨੇ ਕਿਹਾ ਕਿ ਵਿਧਾਨਸਭਾ ਵਿਚ ਸੱਤਾ ਪੱਖ ਅਤੇ ਵਿਰੋਧੀ ਪੱਖ ਦੇ ਵਿਚ ਸੰਤੁਲਨ ਬਣਾਏ ਰੱਖਨਾ ਬਹੁਤ ਹੀ ਮੁਸ਼ਕਲ ਕੰਮ ਹੁੰਦਾ ਹੈ। ਇਸ ਲਈ ਜਦੋਂ ਕੋਈ ਵਿਧਾਨਸਭਾ ਦਾ ਸਪੀਕਰ ਬਣਦਾ ਹੈ ਤਾਂ ਸੱਭ ਤੋਂ ਪਹਿਲਾਂ ਉਸ ਨੂੰ ਆਪਣੀ ਮਨੋਸਥਿਤੀ ਬਦਲਣੀ ਹੁੰਦੀ ਹੈ ਕਿ ਹੁਣ ਉਨ੍ਹਾਂ ਨੂੰ ਪਾਰਟੀ ਤੋਂ ਉੱਪਰ ਉੱਠ ਕੇ ਕਾਰਜ ਕਰਨਾ ਹੈ, ਜਿਸ ਨੂੰ ਸਮੀ ਗਿਆਨ ਚੰਦ ਗੁਪਤਾ ਨੇ ਬਹੁਤ ਬਖੂਬੀ ਨਿਭਾਇਆ ਹੈ। ਵਿਧਾਨਸਭਾ ਸਪੀਕਰ ਨੇ ਵਿਧਾਨਸਭਾ ਦਾ ਸੰਚਾਲਨ ਪੂਰੀ ਮਰਿਯਾਦਾ ਅਤੇ ਸੰਵੈਧਾਨਿਕ ਢੰਗ ਨਾਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੋਰ ਸੂਬਿਆਂ ਦੀ ਵਿਧਾਨਸਭਾ ਦੇ ਮੁਕਾਬਲੇ ਹਰਿਆਣਾ ਵਿਧਾਨਸਭਾ ਦਾ ਸੰਚਾਲਨ ਬਹੁਤ ਹੀ ਵਿਵਸਥਿਤ ਢੰਗ ਨਾਲ ਹੋਇਆ ਹੈ।
ਹਰਿਆਣਾ ਵਿਧਾਨਸਭਾ ਬਣੀ ਈ-ਵਿਧਾਨਸਭਾ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸ੍ਰੀ ਗਿਆਨਚੰਦ ਗੁਪਤਾ ਵਿਧਾਨਸਭਾ ਵਿਚ ਕਈ ਕ੍ਰਾਂਤੀਕਾਰੀ ਬਦਲਾਅ ਲੈ ਕੇ ਆਏ ਹਨ। ਨਵੀਂ ਪਹਿਲ ਕਰਦੇ ਹੋਏ ਹਰਿਆਣਾ ਵਿਧਾਨਸਭਾ ਨੂੰ ਈ-ਵਿਧਾਨਸਭਾ ਬਣਾਇਆ ਹੈ। ਸਾਰੇ ਫਿਲਹਾਲ ਪਹਿਲੇ ਸਾਲ ਵਿਚ ਦੋਵਾਂ ਢੰਗਾਂ ਨਾਲ ਵਿਧਾਨਸਭਾ ਦੀ ਕਾਰਵਾਈ ਚੱਲੇਗੀ, ਪਰ ਅਗਾਮੀ ਸਾਲਾਂ ਵਿਚ ਹਰਿਆਣਾ ਵਿਧਾਨਸਭਾ ਪੂਰੀ ਤਰ੍ਹਾ ਪੇਪਰਲੈਸ ਹੋ ਜਾਵੇਗੀ। ਪੇਪਰਲੈਸ ਵਿਧਾਨਸਭਾ ਦਾ ਇਹ ਕਦਮ ਆਪਣੇ ਆਪ ਵਿਚ ਵੱਡਾ ਬਦਲਾਅ ਹੈ।
ਵਿਧਾਨਸਭਾ ਵਿਚ ਕਈ ਕ੍ਰਾਂਤੀਕਾਰੀ ਬਦਲਾਅ ਲਿਆਏ ਗਏ
ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨਸਭਾ ਵਿਚ ਵਿਧਾਇਕਾਂ ਦੇ ਲਈ ਭੋਜਨ ਦੀ ਵਿਵਸਥਾ ਵਿਚ ਵੀ ਬਦਲਾਅ ਕੀਤਾ ਗਿਆ ਹੈ। 100 ਰੁਪਏ ਦੀ ਨਵੀਂ ਵਿਵਸਥਾ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ, ਸਦਨ ਦੀ ਕਾਰਵਾਈ ਦੇ ਸਮੇਂ ਵਿਚ ਵੀ ਬਦਲਾਅ ਕੀਤਾ ਗਿਆ ਹੈ। ਹੁਣ ਸਵੇਰੇ 11:00 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੀ ਹੈ ਅਤੇ ਸ਼ਾਮ ਤਕ ਵਿਧਾਈ ਕੰਮ ਪੂਰੇ ਹੋਣ ਤਕ ਚਲਦੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਧਾਨਸਭਾ ਵਿਚ ਇਕ ਹੋਰ ਨਵਾਂ ਪ੍ਰਯੋਗ ਸ਼ੁਰੂ ਕਰਦੇ ਹੋਏ ਵਿਧਾਇਕਾਂ ਨੂੰ ਵਿਧਾਈ ਕੰਮਾਂ ਦੇ ਲਈ ਸਿਖਲਾਈ ਪ੍ਰਦਾਨ ਕੀਤੀ ਗਈ। ਇਸ ਦੇ ਲਈ ਲੋਕਸਭਾ ਸਪੀਕਰ ਨੂੰ ਵੀ ਵਿਸ਼ੇਸ਼ ਰੂਪ ਨਾਲ ਸਿਖਲਾਈ ਦੇਣ ਲਈ ਇੱਥੇ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ 3 ਸਾਲਾਂ ਵਿਚ ਇਕ ਹੋਰ ਨਵੀਂ ਪਰੰਪਰਾ ਸ਼ੁਰੂ ਕੀਤੀ ਗਈ। ਬਜਟ ਸੈਸ਼ਨ ਦੌਰਾਨ ਸਦਨ ਵਿਚ 4 ਦਿਨ ਦੀ ਛੁੱਟੀ ਰੱਖੀ ਗਈ ਤਾਂ ਜੋ ਵਿਧਾਇਕ ਬਜਟ ਨੂੰ ਚੰਗੇ ਤਰ੍ਹਾ ਨਾਲ ਪੜ ਸਕਣ ਅਤੇ ਇੰਨ੍ਹਾਂ 4 ਦਿਨਾਂ ਦੌਰਾਨ ਸੱਤਾਪੱਖ ਅਤੇ ਵਿਰੋਧੀ ਪੱਖ ਦੋਨੋਂ ਵਿਧਾਇਕਾਂ ਤੋਂ ਸੁਝਾਅ ਵੀ ਲਏ ਗਏ।
ਹਰਿਆਣਾ ਵਿਧਾਨਸਭਾ ਦਾ ਨਵਾਂ ਭਵਨ ਬਨਾਉਣ ਦੀ ਦਿਸ਼ਾ ਵਿਚ ਵਧੇ ਕਦਮ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਧਾਨਸਭਾ ਦਾ ਨਵਾਂ ਭਵਨ ਬਨਾਉਣ ਲਈ ਵੀ ਵਿਧਾਨਸਭਾ ਸਪੀਕਰ ਨੇ ਯਤਨ ਕੀਤੇ ਹਨ। ਭਵਨ ਲਈ ਥਾਂ ਚੋਣ ਕਰ ਲਈ ਗਈ ਹੈ ਅਤੇ ਇਸ ਦੇ ਲਈ ਸਹਿਮਤੀ ਬਣ ਗਈ ਹੈ। ਜਰੂਰੀ ਪ੍ਰਕ੍ਰਿਆਵਾਂ ਨੂੰ ਜਲਦੀ ਪੂਰਾ ਕਰ ਨਵਾਂ ਭਵਨ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬੇਸਟ ਐਮਐਲਏ ਆਫ ਦਾ ਇਅਰ ਦਾ ਚੋਣ ਕਰਨ ਦੀ ਅਨੋਖੀ ਸ਼ੁਰੂਆਤ ਇੰਨ੍ਹਾਂ 3 ਸਾਲਾਂ ਦੇ ਕਾਰਜਕਾਲ ਦੌਰਾਨ ਕੀਤੀ ਗਈ।
ਵਿਧਾਨਸਭਾ ਵਿਚ ਨਵੇਂ ਪ੍ਰਯੋਗ ਕੀਤੇ ਗਏ – ਵਿਧਾਨਸਭਾ ਸਪੀਕਰ
ਇਸ ਮੌਕੇ ‘ਤੇ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗਪੁਤਾ ਨੇ ਮੁੱਖ ਮੰਤਰੀ ਦਾ ਕਾਫੀ ਟੇਬਲ ਬੁੱਕ ਦੀ ਘੁੰਡ ਚੁਕਾਈ ਕਰਨ ਲਈ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ 3 ਸਾਲਾਂ ਵਿਚ ਸੱਤਾ ਪੱਖ ਅਤੇ ਵਿਰੋਧੀ ਪੱਖ ਦੋਵਾਂ ਦੇ ਵਿਧਾਇਕਾਂ ਨੇ ਸਦਨ ਦੀ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ, ਵਿਧਾਨਸਭਾ ਦੀ ਬਿਹਤਰੀ ਲਈ ਨਵੇਂ ਪ੍ਰਯੋਗਾਂ ਨੂੰ ਲਾਗੂ ਕਰਨ ਵਿਚ ਸਹਿਯੋਗ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਨਸਭਾ ਦੀ ਗਰਿਮਾ, ਮਰਿਯਾਦਾ ਅਤੇ ਗੌਰਵ ਬਣਾ ਰਹੇ, ਇਸ ਦੇ ਲਈ ਨਵੇਂ ਪ੍ਰਯੋਗ ਕੀਤੇ ਗਏ। ਸੁਆਲਸਮੇਂ ਵਿਚ ਪੁੱਛੇ ਜਾਣ ਵਾਲੇ ਸੁਆਲਾਂ ਦਾ ਚੋਣ ਡਰਾਅ ਆਫ ਲਾਟਸ ਰਾਹੀਂ ਕੀਤਾ ਗਿਆ, ਤਾਂ ਜੋ ਵਿਧਾਇਕਾਂ ਨੂੰ ਪੂਰਾ ਸਮੇਂ ਦਿੱਤਾ ਜਾ ਸਕੇ। ਇਸੀ ਤਰ੍ਹਾ, ਪੰਜਾਬ ਵਿਧਾਨਸਭਾ ਦੇ ਨਿਯਮਾਂ ਨੂੰ ਬਦਲ ਕੇ ਹਰਿਆਣਾ ਵਿਧਾਨਸਭਾ ਦੇ ਨਵੇਂ ਨਿਯਮ ਬਣਾਏ ਗਏ। ਇਸ ਤੋਂ ਇਲਾਵਾ, ਭੀਮਰਾਓ ਅੰਬੇਦਕਰ ਦੀ ਪ੍ਰਤਿਮਾ ਦਾ ਵੀ ਵਿਧਾਨਸਭਾ ਵਿਚ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਵਿਧਾਇਕਾਂ ਨੂੰ ਸੁਆਲ ਅਤੇ ਬਿੱਲ ਸਮੇਂ ‘ਤੇ ਮਿਲੇ, ਇਸ ਦੇ ਲਈ ਵੀ ਪ੍ਰਾਵਧਾਨ ਕੀਤਾ ਗਿਆ ਹੈ। ਹੁਣ 5 ਦਿਨ ਪਹਿਲਾਂ ਸੁਆਲ ਅਤੇ ਬਿੱਲ ਸਦਨ ਵਿਚ ਪੇਸ਼ ਕੀਤੇ ਜਾਂਦੇ ਹਨ, ਤਾਂ ਜੋ ਇੰਨ੍ਹਾਂ 5 ਦਿਨਾਂ ਦੌਰਾਨ ਵਿਧਾਇਕ ਇੰਨ੍ਹਾਂ ਨੁੰ ਚੰਗੀ ਤਰ੍ਹਾ ਪੜ ਸਕਣ। ਇੰਨ੍ਹਾਂ ਹੀ ਨਹੀਂ ਵਿਧਾਨਸਭਾ ਦੇ ਦਫਤਰ ਵਿਚ ਵੀ ਨਵੇਂ ਪ੍ਰਯੋਗ ਕੀਤੇ ਗਏ ਅਤੇ ਬਾਇਓਮੈਟ੍ਰਿਕ ਹਾਜਰੀ ਨੂੰ ਸ਼ੁਰੂ ਕੀਤਾ ਗਿਆ। ਇਸ ਤੋਂ ਇਲਾਵਾ, ਸੇਵਾ ਦਾ ਅਧਿਕਾਰ ਐਕਟ ਦੇ ਤਹਿਤ ਫਾਇਲਾਂ ਦਾ ਸਮੇਂ ‘ਤੇ ਨਿਸ਼ਪਾਦਨ ਯਕੀਨੀ ਕਰਨ ‘ਤੇ ਵੀ ਜੋਰ ਦਿੱਤਾ ਗਿਆ। ਇਸ ਮੌਕੇ ‘ਤੇ ਟ੍ਹਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ, ਵਿਧਾਨਸਭਾ ਡਿਪਟੀ ਸਪੀਕਰ ਰਣਬੀਰ ਗੰਗਵਾ, ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਓਪੀ ਯਾਦਵ ਅਤੇ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਸਮੇਤ ਵਿਧਾਇਕ ਅਤੇ ਹੋਰ ਅਧਿਕਾਰੀ ਮੌਜੂਦ ਰਹੇ।






