Monday, May 18, 2026
Home Blog Page 2333

ਅਮਨ ਅਰੋੜਾ ਵੱਲੋਂ ਡੀ.ਏ.ਵੀ. ਕਾਲਜ ਵਿਖੇ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ ਦੀ ਪ੍ਰਧਾਨਗੀ

0

ਸੂਚਨਾ ਤੇ ਲੋਕ ਸੰਪਰਕ ਮੰਤਰੀ ਨੇ ਜੇਤੂ ਭੰਗੜਾ ਟੀਮਾਂ ਨੂੰ ਇਨਾਮ ਵੰਡੇ
ਡੀ.ਏ.ਵੀ. ਕਾਲਜ ਵਿੱਚ ਪੜ੍ਹਾਈ ਸਮੇਂ ਦੀਆਂ ਯਾਦਾਂ ਕੀਤੀਆਂ ਤਾਜ਼ਾ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 2 ਨਵੰਬਰ:
ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ੍ਰੀ ਅਮਨ ਅਰੋੜਾ ਨੇ ਇਥੇ ਡੀ.ਏ.ਵੀ. ਕਾਲਜ ਵਿਖੇ ਕਰਵਾਏ ਗਏ 63ਵੇਂ ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ ਦੇ ਭੰਗੜਾ ਮੁਕਾਬਲਿਆਂ ਦੀ ਪ੍ਰਧਾਨਗੀ ਕੀਤੀ।ਸ੍ਰੀ ਅਰੋੜਾ ਨੇ  ਕਿਹਾ, “ਕਾਲਜ ਵਿੱਚ ਵਿਦਿਆਰਥੀ ਜੀਵਨ ਜ਼ਿੰਦਗੀ ਦਾ ਸਭ ਤੋਂ ਹੁਸੀਨ ਅਤੇ ਬਿਹਤਰੀਨ ਪੜਾਅ ਹੁੰਦਾ ਹੈ ਅਤੇ ਸਾਰੇ ਵਿਦਿਆਰਥੀਆਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਜੀਵਨ ਦਾ ਇਹ ਖੂਬਸੂਰਤ ਤੇ ਖ਼ੁਸ਼ਗ਼ਵਾਰ ਸਮਾਂ ਮੁੜ ਵਾਪਸ ਨਹੀਂ ਆਵੇਗਾ।’’ ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਜ਼ਿੰਦਗੀ ਵਿੱਚ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ।ਸਮਾਗਮ ਦੌਰਾਨ ਨੌਜਵਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਦੇਸ਼ ਵਿੱਚ ਬਿਹਤਰ ਬਦਲਾਅ ਅਤੇ ਸੁਧਾਰ ਲਿਆਉਣ ਲਈ ਨੌਜਵਾਨਾਂ ਦੀ ਸਮੂਹਿਕ ਸ਼ਕਤੀ ਬਹੁਤ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਬੇਸ਼ੁਮਾਰ ਸਮਰੱਥਾ ਅਤੇ ਸ਼ਕਤੀ ਹੁੰਦੀ ਹੈ ਅਤੇ ਕਿਸੇ ਵੀ ਖੇਤਰ ਵਿੱਚ ਕਾਮਯਾਬੀ ਦਾ ਸਿਖ਼ਰ ਛੋਹਣ ਲਈ ਉਨ੍ਹਾਂ ਦੀ ਇਸ ਅਪਾਰ ਸ਼ਕਤੀ ਨੂੰ ਸਹੀ ਸੇਧ ਦੇਣ ਦੀ ਲੋੜ ਹੁੰਦੀ ਹੈ।ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਡੀ.ਏ.ਵੀ.  ਕਾਲਜ ਸੈਕਟਰ-10, ਚੰਡੀਗੜ੍ਹ ਤੋਂ ਪੜ੍ਹਾਈ ਕੀਤੀ ਹੈ ਅਤੇ ਅੱਜ ਕਾਲਜ ਪੁੱਜਣ ਉਤੇ ਪ੍ਰਿੰਸੀਪਲ ਡਾ. ਪਵਨ ਸ਼ਰਮਾ ਅਤੇ ਸਟਾਫ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।ਇਨ੍ਹਾਂ ਭੰਗੜਾ ਮੁਕਾਬਲਿਆਂ ਵਿੱਚ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ-11 ਦੀ ਟੀਮ ਨੇ ਪਹਿਲਾ ਇਨਾਮ ਹਾਸਲ ਕੀਤਾ। ਖਾਲਸਾ ਕਾਲਜ ਸੈਕਟਰ-26 ਦੀ ਟੀਮ ਦੂਜੇ ਅਤੇ ਡੀ.ਏ.ਵੀ. ਕਾਲਜ ਸੈਕਟਰ-10 ਦੀ ਟੀਮ ਤੀਜੇ ਸਥਾਨ ’ਤੇ ਰਹੀ। ਮੁਕਾਬਲੇ ਵਿੱਚ ਕੁੱਲ ਅੱਠ ਟੀਮਾਂ ਨੇ ਭਾਗ ਲਿਆ ਸੀ। ਸ੍ਰੀ ਅਮਨ ਅਰੋੜਾ ਨੇ ਜੇਤੂਆਂ ਨੂੰ ਇਨਾਮ ਵੰਡੇ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਸ੍ਰੀ ਅਮਨ ਅਰੋੜਾ ਨੂੰ ਨਵੀਆਂ ਬੁਲੰਦੀਆਂ ਛੋਂਹਦਿਆਂ ਦੇਖਣਾ ਸਾਡੇ ਲਈ ਬੇਹੱਦ ਮਾਣ ਵਾਲੀ ਗੱਲ ਹੈ। ਸ੍ਰੀ ਅਮਨ ਅਰੋੜਾ ਨੇ ਇਸ ਸਮਾਗਮ ਵਿੱਚ ਬੁਲਾ ਕੇ ਉਨ੍ਹਾਂ ਦੀਆਂ ਕਾਲਜ ਦੇ ਦਿਨਾਂ ਦੀਆਂ ਯਾਦਾਂ ਤਾਜ਼ਾ ਕਰਨ ਲਈ ਕਾਲਜ ਪਿ੍ੰਸੀਪਲ ਅਤੇ ਸਟਾਫ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਵਿਰਾਸਤ ਨਾਲ ਜੋੜਨ ਲਈ ਜਸ਼ਨ-ਏ-ਵਿਰਾਸਤ ਦਾ ਪ੍ਰੋਗ੍ਰਾਮ 11 ਨਵੰਬਰ ਨੂੰ

0
ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਹੋਣਗੇ ਸ਼ਾਮਲ, ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਕਰਨਗੇ ਸੱਭਿਆਚਾਰਕ ਪ੍ਰੋਗ੍ਰਾਮ ਪੇਸ਼
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਕੀਤੇ ਜਾ ਰਹੇ ਹਨ ਸ਼ਲਾਘਾਯੋਗ ਉਪਰਾਲੇ: ਅਮਰਜੀਤ ਮਹਿਤਾ
ਸੁਖਜਿੰਦਰ ਮਾਨ
ਬਠਿੰਡਾ, 2 ਨਵੰਬਰ: ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਦੀ ਮਾਨ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਵਿੱਚ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਵਿਰਾਸਤ ਨਾਲ ਜੋੜਨ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ, ਜਿਸਦੇ ਤਹਿਤ 11 ਨਵੰਬਰ 2022 ਦੀ ਸ਼ਾਮ 6 ਵਜੇ ਬਠਿੰਡਾ ਦੇ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ ਮਾਨ ਸਰਕਾਰ ਅਤੇ ਜਸ਼ਨ-ਏ-ਵਿਰਾਸਤ ਵੱਲੋਂ ਨਸ਼ਿਆਂ ਦੇ ਖਿਲਾਫ਼ ਜਾਗਰੂਕਤਾ ਵਧਾਉਣ ਲਈ ਵੱਡੇ ਪੱਧਰ ਤੇ ਪ੍ਰੋਗ੍ਰਾਮ ਕਰਵਾਇਆ ਜਾ ਰਿਹਾ ਹੈ। ਪ੍ਰੈੱਸ ਨੂੰ ਉਪਰੋਕਤ ਜਾਣਕਾਰੀ ਦਿੰਦਿਆਂ ਉਕਤ ਪ੍ਰੋਗ੍ਰਾਮ ਦੇ ਮੁੱਖੀ ਅਤੇ ਉੱਘੇ ਸਮਾਜ ਸੇਵੀ ਅਮਰਜੀਤ ਮਹਿਤਾ ਨੇ ਦੱਸਿਆ ਕਿ ਉਕਤ ਪ੍ਰੋਗ੍ਰਾਮ ਵਿੱਚ ਖੇਡ ਤੇ ਯੁਵਕ ਭਲਾਈ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਜਿਨ੍ਹਾਂ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾਵੇਗਾ। ਅਮਰਜੀਤ ਮਹਿਤਾ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਨਸ਼ੇ ਵਰਗੀ ਘਾਤਕ ਬੀਮਾਰੀ ਨੇ ਸਮਾਜ ਨੂੰ ਖੋਖਲਾ ਕਰਕੇ ਰੱਖ ਦਿੱਤਾ ਹੈ ਅਤੇ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਸ਼ਿਕਾਰ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਨਸ਼ਿਆਂ ਦੀ ਆਮਦ ਅਤੇ ਵਰਤੋਂ ਦਾ ਕਾਰਨ ਨੌਜਵਾਨ ਪੀੜ੍ਹੀ ਦਾ ਆਪਣੀ ਵਿਰਾਸਤ ਤੋਂ ਦੂਰ ਹੋਣਾ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਪੰਜਾਬੀ ਵਿਰਾਸਤ ਨਾਲ ਜੋੜਨ ਅਤੇ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਜਸ਼ਨ ਏ ਵਿਰਾਸਤ ਟੀਮ ਵੱਲੋਂ ਪ੍ਰੋਗ੍ਰਾਮ ਦਾ ਆਗਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਪ੍ਰੋਗ੍ਰਾਮ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ, ਉਥੇ ਹੀ ਪ੍ਰਸਿੱਧ ਕਮੇਡੀਅਨ ਸੰਜੀਵ ਅੱਤਰੀ ਦਰਸ਼ਕਾਂ ਨੂੰ ਲੋਟਪੋਟ ਕਰਨਗੇ। ਅਮਰਜੀਤ ਮਹਿਤਾ ਨੇ ਦੱਸਿਆ ਕਿ ਇਸ ਪ੍ਰੋਗ੍ਰਾਮ ਵਿੱਚ ਪ੍ਰਸਿੱਧ ਐਂਕਰ, ਕਲਰਸ ਟੀਵੀ ਦੀ ਨਿੰਮੋ (ਅਮਨ) ਅਤੇ ਪਰਮ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਉਪਰੋਕਤ ਉਪਰਾਲਿਆਂ ਨਾਲ ਜਿੱਥੇ ਸਮਾਜ ਵਿੱਚ ਜਾਗਰੂਕਤਾ ਪੈਦਾ ਹੋਵੇਗੀ, ਉਥੇ ਹੀ ਨੌਜਵਾਨ ਆਪਣੀ ਵਿਰਾਸਤ ਨਾਲ ਜੁੜਕੇ ਨਸ਼ਿਆਂ ਖ਼ਿਲਾਫ਼ ਇੱਕਜੁੱਟ ਹੋਣਗੇ। ਉਨ੍ਹਾਂ ਆਮ ਜਨਤਾ ਨੂੰ ਨਸ਼ਾ ਵਿਰੋਧੀ ਮੁਹਿੰਮ ਵਿੱਚ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਆਪ ਦੇ ਸਪੋਕਸਮੈਨ ਪੰਜਾਬ ਨੀਲ ਗਰਗ, ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਗੁਰਜੰਟ ਸੀਵੀਆਂ ਪ੍ਰਧਾਨ, ਐਡਵੋਕੇਟ ਨਵਦੀਪ ਸਿੰਘ ਜੀਦਾ ਚੈਅਰਮੈਨ ਸ਼ੂਗਰ ਫੈਡ, ਅਨਿਲ ਠਾਕੁਰ ਚੈਅਰਮੈਨ ਟ੍ਰੇਡ ਬੋਰਡ ਅਤੇ ਰਕੇਸ਼ ਪੁਰੀ ਚੇਅਰਮੈਨ ਵਨ ਵਿਭਾਗ ਹਾਜ਼ਰ ਸਨ।

ਬੀਬੀ ਜੰਗੀਰ ਕੌਰ ਅਕਾਲੀ ਦਲ ਵਿਚੋਂ ਮੁਅੱਤਲ, ਅਨੁਸਾਸਨੀ ਕਮੇਟੀ ਨੇ ਲਿਆ ਫੈਸਲਾ

0

ਪੰਜਾਬੀ ਖਬਰਸਾਰ ਬਿਉਰੋ 

ਚੰਡੀਗੜ੍ਹ, 2 ਨਵੰਬਰ: ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਚੋਣ ਲੜਨ ਲਈ ਤਿਆਰੀਆਂ ਵਿੱਚ ਜੁਟੀ ਹੋਈ ਸਾਬਕਾ ਮੰਤਰੀ ਤੇ ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ ਵਿਰੁੱਧ ਅੱਜ ਸ੍ਰੋਮਣੀ ਅਕਾਲੀ ਦਲ ਨੇ ਵੱਡੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਫੈਸਲਾ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੀ ਅੱਜ ਹੋਈ ਮੀਟਿੰਗ ਵਿੱਚ ਲਿਆ ਗਿਆ। ਫੈਸਲੇ ਮੁਤਾਬਕ ਬੀਬੀ ਨੂੰ 48 ਘੰਟਿਆਂ ਵਿੱਚ ਜਵਾਬ ਦੇਣ ਲਈ ਕਿਹਾ ਗਿਆ ਹੈ ਅਜਿਹਾ ਕਰਨ ਵਿੱਚ ਅਸਫਲ ਰਹਿਣ ‘ਤੇ ਉਨ੍ਹਾਂ ਨੂੰ ਪਾਰਟੀ ਵਿਚੋਂ ਬਾਹਰ ਦਾ ਰਾਸਤਾ ਦਿਖਾਇਆ ਜਾ ਸਕਦਾ ਹੈ। ਇਸਦੇ ਇਲਾਵਾ ਮੀਟਿੰਗ ਵਿੱਚ ਸਾਬਕਾ ਐਮ ਪੀ ਜਗਮੀਤ ਸਿੰਘ ਬਰਾੜ ਵਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਅਤੇ ਉਨ੍ਹਾਂ ਵਲੋਂ ਦਿੱਤੇ ਜਵਾਬ ‘ਤੇ ਚਰਚਾ ਕੀਤੀ ਗਈ। ਇੱਥੇ ਦੱਸਣਾ ਬਣਦਾ ਹੈ ਕਿ ਅਸਿੱਧੇ ਢੰਗ ਨਾਲ “ਲਿਫਾਫਾ” ਕਲਚਰ ਨੂੰ ਲੈ ਕੇ ਬਾਦਲ ਪ੍ਰਵਾਰ ‘ਤੇ ਸਿਆਸੀ ਹਮਲੇ ਕਰ ਰਹੀ ਬੀਬੀ ਜੰਗੀਰ ਕੌਰ ਨੂੰ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਨਾ ਲੜਨ ਲਈ ਮਨਾਉਣ ਵਾਸਤੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਅਤੇ ਸੁਰਜੀਤ ਰੱਖੜਾ ਵੀ ਗਏ ਸਨ ਪਰੰਤੂ ਬੀਬੀ ਨੇ ਦੋਨਾਂ ਆਗੂਆਂ ਨੂੰ ਬੇਰੰਗ ਮੋੜ ਦਿੱਤਾ ਸੀ। ਜਿਸਤੋਂ ਬਾਅਦ ਬੀਬੀ ਵਿਰੁੱਧ ਕਾਰਵਾਈ ਦੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਸੀ। ਚਰਚਾ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਜਗਮੀਤ ਸਿੰਘ ਬਰਾੜ ਵਿਰੁੱਧ ਵੀ ਕਾਰਵਾਈ ਕੀਤੀ ਜਾ ਸਕਦੀ ਹੈ।

ਸਿਵਲ ਸਰਜਨ ਡਾ ਢਿੱਲੋਂ ਨੇ ਕੀਤਾ ਸਿਵਲ ਹਸਪਤਾਲ ਦੇ ਡੇਂਗੂ ਵਾਰਡ ਦਾ ਦੌਰਾ

0

ਸਿਹਤ ਵਿਭਾਗ ਵੱਲੋਂ ਡੇਂਗੂ ਪੋਜੇਟਿਵ ਅਤੇ ਸ਼ੱਕੀ ਮਰੀਜ਼ਾਂ ਦੇ ਘਰਾਂ ਅਤੇ ਆਲੇ ਦੁਆਲੇ ਕੀਤਾ ਜਾ ਰਿਹਾ ਸਰਵੇ ਅਤੇ ਫੋਗਿੰਗ
ਸੁਖਜਿੰਦਰ ਮਾਨ
ਬਠਿੰਡਾ, 01 ਨਵੰਬਰ: ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਵੱਲੋਂ ਅੱਜ ਸਿਵਲ ਹਸਪਤਾਲ ਵਿੱਚ ਬਣੇ ਡੇਂਗੂ ਵਾਰਡ ਦਾ ਦੌਰਾ ਕੀਤਾ ਅਤੇ ਵਾਰਡ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜ਼ਾਇਜਾ ਲਿਆ ਅਤੇ ਮਰੀਜਾਂ ਦਾ ਹਾਲ ਚਾਲ ਪੁੱਛਿਆ। ਉਹਨਾਂ ਸਿਵਲ ਹਸਪਤਾਲ ਦੇ ਸਟਾਫ਼ ਨੂੰ ਹਦਾਇਤ ਕੀਤੀ ਕਿ ਮਰੀਜਾਂ ਨਾਲ ਨਰਮੀ ਵਾਲਾ ਵਰਤਾਓ ਕੀਤਾ ਜਾਵੇ ਅਤੇ ਪਹਿਲ ਕੇ ਆਧਾਰ ਤੇ ਡੇਂਗੂ ਮਰੀਜ਼ਾਂ ਦਾ ਇਲਾਜ ਕੀਤਾ ਜਾਵੇ। ਉਹਨਾਂ ਦੱਸਿਆ ਕਿ ਬਠਿੰਡਾ ਜਿਲ੍ਹੇ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਡੇਂਗੁੂ ਦੇ ਮਰੀਜ਼ਾਂ ਲਈ ਪੂਰਨ ਪ੍ਰਬੰਧ ਹੈ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦਾ ਇਲਾਜ ਅਤੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਇਸ ਸਮੇਂ ਡਾ ਤੇਜਵੰਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਿਹਤ ਸੰਸਥਾਵਾਂ, ਪਬਲਿਕ ਥਾਵਾਂ, ਸਕੂਲਾਂ ਅਤੇ ਹੋਰ ਖਾਸ ਜਗ੍ਹਾਵਾਂ ਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਪਾਜੇਟਿਵ ਘਰਾਂ ਅਤੇ ਆਲੇ ਦੁਆਲੇ ਸਰਵੇ ਕਰਕੇ ਅਤੇ ਲਾਰਵੇ ਦੀ ਭਾਲ ਕਰਕੇ ਲਾਰਵਾ ਨਸ਼ਟ ਕਰਵਾਇਆ ਜਾ ਰਿਹਾ ਹੈ ਅਤੇ ਲਾਰਵੀਸਾਈਡਲ ਦਾ ਸਪਰੇਅ ਕਰਵਾਈ ਜਾ ਰਹੀ ਹੈ। ਇਸ ਮੌਕੇ ਡਾ ਮਨਿੰਦਰਪਾਲ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਤੇ ਡਾ ਮੁਨੀਸ਼ ਹਾਜਰ ਸਨ।
ਬਾਕਸ
ਸਿਵਲ ਸਰਜ਼ਨ ਨੇ ਆਈ.ਐਮ.ਏ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ  
ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਵੱਲੋਂ ਅੱਜ ਬਠਿੰਡਾ ਦੀ ਆਈ.ਐਮ.ਏ. ਅਤੇ ਫਿਜ਼ੀਸ਼ੀਅਨਾਂ ਫੋਰਮ ਦੇ ਮੈਂਬਰਾਂ ਨਾਲ ਡੇਂਗੂ ਸਬੰਧੀ ਮੀਟਿੰਗ ਕੀਤੀ । ਨਵੰਬਰ ਮਹੀਨੇ ਵਿੱਚ ਡੇਂਗੂ ਦੇ ਕੇਸਾਂ ਵਿੱਚ ਵਾਧੇ ਦੇ ਖਦਸ਼ੇ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਨੇ ਸਮੂਹ ਹਾਜਰੀਨ ਨੂੰ ਸਿਹਤ ਵਿਭਾਗ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਲੈਬ ਕਾਰਡ ਟੈਸਟ ਰਾਹੀਂ ਡੇਂਗੂ ਪਾਜ਼ੇਟਿਵ ਕੇਸਾਂ ਦਾ ਅਲੀਜਾ ਟੈਸਟ ਕਰਵਾਉਣ ਤੇ ਪਾਜ਼ੇਟਿਵ ਆਉਣ ਤੇ ਹੀ ਡੇਂਗੂ ਪਾਜ਼ੇਟਿਵ ਘੋਸ਼ਿਤ ਕੀਤਾ ਜਾਵੇ। ਅਲੀਜਾ ਟੈਸਟ ਸਿਵਲ ਹਸਪਤਾਲ ਵਿਖੇ ਮੁਫ਼ਤ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਡੇਂਗੂ ਦੇ ਪਾਜ਼ੇਟਿਵ ਅਤੇ ਨੈਗੇਟਿਵ ਮਰੀਜਾਂ ਦੀਆਂ ਰਿਪੋਰਟ ਹਰ ਰੋਜ਼ ਦਫ਼ਤਰ ਸਿਵਲ ਸਰਜਨ ਨੂੰ ਭੇਜੀਆਂ ਜਾਣ। ਇਸ ਮੀਟਿੰਗ ਵਿੱਚ ਬਠਿੰਡਾ ਤੋਂ ਮਾਈਕ੍ਰੋਬਾਇਲੋਜਿਸਟ ਅਤੇ ਪੈਥੋਲੋਜਿਸਟਾਂ ਐਸ਼ੋਸ਼ੀਏਸ਼ਨ ਦੇ ਮੈਂਬਰਾਂ ਨੇ ਵੀ ਭਾਗ ਲਿਆ।

ਗਿਆਨੀ ਜੈਲ ਸਿੰਘ ਸਕੂਲ ਆਫ ਆਰਕੀਟੈਕਚਰ ਵਿਖੇ ਮਾਹਿਰ ਭਾਸਣ ਦਾ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ, 01 ਨਵੰਬਰ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਗਿਆਨੀ ਜੈਲ ਸਿੰਘ ਸਕੂਲ ਆਫ ਆਰਕੀਟੈਕਚਰ ਵੱਲੋਂ ਨਾਮਵਾਰ ਆਰਕੀਟੈਕਟ ਸੰਗੀਤ ਸਰਮਾ ਵੱਲੋਂ ਵਿਭਾਗ ਦੇ ਵਿਦਿਆਰਥੀਆਂ ਲਈ “ਕੈਂਪਸ ਅਤੇ ਹਸਪਤਾਲ ਡਿਜਾਈਨ“ ਵਿਸੇ ‘ਤੇ ਇੱਕ ਮਾਹਿਰ ਭਾਸਣ ਦਾ ਆਯੋਜਨ ਕੀਤਾ ਗਿਆ। ਮੁੱਖ ਬੁਲਾਰੇ, ਆਰਕੀਟੈਕਟ ਸੰਗੀਤ ਸਰਮਾ ਨੇ ਆਪਣੇ ਲੈਕਚਰ ਦੀ ਸੁਰੂਆਤ ਵਿਦਿਆਰਥੀਆਂ ਨਾਲ ਆਰਕੀਟੈਕਚਰ ਬਾਰੇ ਪ੍ਰਚੱਲਿਤ ਕਹਾਣੀਆਂ ਸਾਂਝੀਆਂ ਕਰਕੇ ਸ਼ੁਰੂ ਕੀਤੀ। ਉਹਨਾਂ ਕਿਹਾ ਕਿ ਆਰਕੀਟੈਕਚਰ ਜੀਵਨ ਭਰ ਸਿੱਖਣ ਦੀ ਅਟੁੱਟ ਪ੍ਰਕਿਰਿਆ ਹੈ। ਉਹਨਾਂ ਵਿਦਿਆਰਥੀਆਂ ਨੂੰ ਇਸ ਬਾਰੇ ਜਾਗਰੂਕ ਕੀਤਾ ਕਿ ਕਿਵੇਂ ਆਧੁਨਿਕ ਆਰਕੀਟੈਕਚਰ ਨੇ ਭਾਰਤ ਵਿੱਚ ਲੀ ਕੋਰਬੁਜੀਅਰ, ਲੂਈ ਆਈ ਕਾਹਨ, ਲੌਰੀ ਬੇਕਰ, ਐਡਵਿਨ ਲੁਟੀਅਨ ਵਰਗੇ ਮਾਸਟਰਾਂ ਨੇ ਭਾਰਤੀ ਧਰਤੀ ‘ਤੇ ਕੰਮ ਕੀਤਾ ਹੈ। ਉਹਨਾਂ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਦੱਸਿਆ ਕਿ ਕਿਵੇਂ ਚੰਡੀਗੜ੍ਹ ਸਹਿਰ ਦੀ ਆਰਕੀਟੈਕਚਰ ਅਤੇ ਯੋਜਨਾਬੰਦੀ ਅਜਾਦੀ ਤੋਂ ਬਾਅਦ ਭਾਰਤ ਵਿੱਚ ਆਧੁਨਿਕ ਆਰਕੀਟੈਕਚਰ ਦੀ ਮਸਾਲ ਧਾਰਕ ਸੀ ਅਤੇ ਕੋਰਬੁਜੀਅਰਜ ਅਜੇ ਵੀ ਬਹੁਤ ਸਾਰੇ ਆਰਕੀਟੈਕਟਾਂ ਅਤੇ ਡਿਜਾਈਨਰਾਂ ਨੂੰ ਪ੍ਰੇਰਿਤ ਕਰਦਾ ਹੈ। ਜਿਕਰਯੋਗ ਹੈ ਕਿ ਆਰਕੀਟੈਕਟ ਸੰਗੀਤ ਸਰਮਾ ਚੰਡੀਗੜ੍ਹ ਦੇ ਮਸਹੂਰ ਪ੍ਰੈਕਟਿਸ ਕਰਦੇ ਆਰਕੀਟੈਕਟ ਹਨ। ਉਹਨਾਂ ਕੋਲ 35 ਸਾਲਾਂ ਤੋਂ ਵੱਧ ਦਾ ਤਜਰਬਾ ਹੈ ਅਤੇ ਉਹ ਆਪਣੀ ਟਿਕਾਊ ਅਤੇ ਸਮਕਾਲੀ ਆਧੁਨਿਕ ਆਰਕੀਟੈਕਚਰ ਲਈ ਵਿਆਪਕ ਤੌਰ ‘ਤੇ ਪ੍ਰਕਾਸਿਤ ਅਤੇ ਸਨਮਾਨਿਤ ਹਨ ।
ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਆਰਕੀਟੈਕਟ ਸੰਗੀਤ ਨੇ ਕੈਂਪਸ ਡਿਜਾਈਨ ‘ਤੇ ਆਪਣੀ ਚਰਚਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਿੱਥੇ ਇੰਟਰਨੈਟ ਹਰ ਚੀਜ ‘ਤੇ ਰਾਜ ਕਰਦਾ ਹੈ, ਤਸਵੀਰਾਂ ਤੁਹਾਡੀ ਸਿੱਖਿਆ ਨੂੰ ਜਾਇਜ ਨਹੀਂ ਠਹਿਰਾਉਂਦੀਆਂ। ਤੁਹਾਡੀ ਸਿੱਖਣ ਪ੍ਰਕਿਰਿਆ ਉਦੋਂ ਸੁਰੂ ਹੁੰਦੀ ਹੈ ਜਦੋਂ ਤੁਸੀਂ ਆਪਣੇ ਨਾਲ ਮੁਕਾਬਲਾ ਕਰਨਾ ਸੁਰੂ ਕਰਦੇ ਹੋ। ਉਹਨਾਂ ਵਿਦਿਆਰਥੀਆਂ ਨਾਲ ਐਨ.ਆਈ.ਪੀ.ਜੀ.ਆਰ, ਦਿੱਲੀ, ਇੰਸਟੀਚਿਊਟ ਆਫ ਮਾਈਕ੍ਰੋਬਾਇਲ ਟੈਕਨਾਲੋਜੀ, ਚੰਡੀਗੜ੍ਹ, ਪੀ.ਜੀ.ਐਸ ਇੰਸਟੀਚਿਊਟ ਆਫ ਆਰਕੀਟੈਕਚਰ ਐਂਡ ਪਲੈਨਿੰਗ, ਕੋਇੰਬਟੂਰ, ਐਨ.ਆਈ.ਪੀ.ਈ.ਆਰ., ਮੋਹਾਲੀ ਅਤੇ ਆਪਣੇ ਨਵੇਂ ਮੁਕੰਮਲ ਹੋਏ ਕੰਮ ਦੇ ਕੁਝ ਅੰਸਾਂ ਸਮੇਤ ਆਪਣੇ ਕੈਂਪਸ ਪ੍ਰੋਜੈਕਟਾਂ ਦੀ ਡਿਜਾਈਨ ਯਾਤਰਾ ਅਤੇ ਯੋਜਨਾ ਪ੍ਰਕਿਰਿਆਵਾਂ ਸਾਂਝੀਆਂ ਕੀਤੀਆਂ। ਉਹਨਾਂ ਕਿਹਾ ਕਿ ਕੈਂਪਸ ਡਿਜਾਈਨ ਨਾਲ ਨਜਿੱਠਣ ਵੇਲੇ ਸੰਦਰਭ, ਟੌਪੋਗ੍ਰਾਫੀ, ਸੈਰ ਕਰਨ ਦੀ ਯੋਗਤਾ, ਜਲਵਾਯੂ ਅਤੇ ਸੂਰਜ ਮਾਰਗ ਬਹੁਤ ਮਹੱਤਵਪੂਰਨ ਸਥਾਨ ਰੱਖਦੇ ਹਨ। ਆਰਕੀਟੈਕਟ ਸੰਗੀਤ ਨੇ ਫਿਰ ਵਿਦਿਆਰਥੀਆਂ ਦੇ ਨਾਲ ਹਸਪਤਾਲ ਦੇ ਡਿਜਾਈਨ ਦੇ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕਰਦਿਆਂ ਕਿਹਾ ਕਿ ਹਸਪਤਾਲ ਦੀ ਇਮਾਰਤ ਇੱਕ ਕੰਮ ਕਰਨ ਵਾਲੀ ਮਸੀਨ ਹੈ, ਜੋ 247 ਚੱਲਦੀ ਹੈ ਜਿੱਥੇ ਸੇਵਾਵਾਂ ਉਸ ਇਮਾਰਤ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰਦੀਆਂ ਹਨ। ਉਹਨਾਂ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਕਿ ਹਰ ਹਸਪਤਾਲ ਦੀ ਇਮਾਰਤ ਨੂੰ ਕੁਸਲ, ਕਾਰਜਸੀਲ ਅਤੇ ਕਿਫਾਇਤੀ ਤਰੀਕੇ ਨਾਲ ਤਿਆਰ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਪੀ.ਜੀ.ਆਈ.ਐਮ.ਈ.ਆਰ., ਚੰਡੀਗੜ੍ਹ, ਪੀ.ਐਸ.ਜੀ. ਹਸਪਤਾਲ, ਕੋਇੰਬਟੂਰ ਅਤੇ ਰੇਨਬੋ ਹਸਪਤਾਲ, ਆਗਰਾ ਸਮੇਤ ਆਪਣੇ ਕੁਝ ਮੁਕੰਮਲ ਪ੍ਰੋਜੈਕਟਾਂ ਦੇ ਤਜ਼ਰਬੇ ਸਾਂਝੇ ਕੀਤੇ। ਆਖ਼ਿਰ ਵਿਚ ਉਨ੍ਹਾਂ ਡਿਜਾਈਨ ਸਟੂਡੀਓ ਵਿੱਚ ਵਿਦਿਆਰਥੀਆਂ ਨਾਲ ਇੱਕ ਇੰਟਰਐਕਟਿਵ ਸੈਸਨ ਕੀਤਾ । ਇਸ ਸਮਾਗਮ ਦਾ ਆਯੋਜਨ ਵਿਭਾਗ ਦੇ ਮੁਖੀ ਪ੍ਰੋ.(ਡਾ.) ਭੁਪਿੰਦਰਪਾਲ ਸਿੰਘ ਢੋਟ ਦੀ ਅਗਵਾਈ ਹੇਠ ਆਰਕੀਟੈਕਟ ਸੁਖਮਨ ਚਾਵਲਾ, ਆਰਕੀਟੈਕਟ ਮੀਨੂੰ ਚੌਧਰੀ ਅਤੇ ਆਰਕੀਟੈਕਟ ਮਿਤਾਕਸੀ ਸਰਮਾ ਵੱਲੋਂ ਕੀਤਾ ਗਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਅਤੇ ਰਜਿਸਟਰਾਰ ਡਾ: ਗੁਰਿੰਦਰਪਾਲ ਸਿੰਘ ਬਰਾੜ ਨੇ ਗਿਆਨੀ ਜੈਲ ਸਿੰਘ ਸਕੂਲ ਆਫ ਆਰਕੀਟੈਕਚਰ ਦੇ ਉੱਦਮ ਦੀ ਭਰਪੂਰ ਸਲਾਘਾ ਕੀਤੀ।

ਖੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਮੰਡੀਆਂ ਵਿਚ ਝੋਨੇ ਦੇ ਖਰੀਦ ਕਾਰਜਾਂ ਦਾ ਜਾਇਜ਼ਾ

ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਈ
ਮਲੇਰਕੋਟਲਾ ਵਿਖੇ ਸੇਵਾ ਕੇਂਦਰਾਂ ਅਤੇ ਆਮ ਆਦਮੀ ਕਲੀਨਿਕਾਂ ਦੇ ਕੰਮਕਾਜ ਦੀ ਸਮੀਖਿਆ
ਪੰਜਾਬੀ ਖ਼ਬਰਸਾਰ ਬਿਉਰੋ
ਪਟਿਆਲਾ/ਸੰਗਰੂਰ /ਮਲੇਰਕੋਟਲਾ, 1 ਨਵੰਬਰ: ਸੂਬੇ ਦੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸੂਬਾ ਸਰਕਾਰ ਚਾਲੂ ਸੀਜ਼ਨ ਦੌਰਾਨ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਤਾਂ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰਮੁੱਖ ਸਕੱਤਰ ਨੇ ਅੱਜ ਮਲੇਰਕੋਟਲਾ, ਧੂਰੀ ਤੇ ਰਾਜਪੁਰਾ ਦੀਆਂ ਦਾਣਾ ਮੰਡੀਆਂ ਦਾ ਦੌਰਾ ਕਰਕੇ ਝੋਨੇ ਦੀ ਚੱਲ ਰਹੀ ਖਰੀਦ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸੁਚਾਰੂ ਢੰਗ ਨਾਲ ਝੋਨੇ ਦਾ ਇਕ-ਇਕ ਦਾਣਾ ਖਰੀਦੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਦਾਣਾ ਮੰਡੀਆਂ ਤੋਂ ਫਸਲ ਨੂੰ ਬਿਨਾਂ ਕਿਸੇ ਦਿੱਕਤ ਤੋਂ ਚੁੱਕਣ ਲਈ ਪੁਖਤਾ ਇੰਤਜ਼ਾਮ ਕੀਤੇ ਹਨ। ਸ੍ਰੀ ਭੰਡਾਰੀ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਫਸਲ ਵੇਚਣ ਲਈ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਪ੍ਰਮੁੱਖ ਸਕੱਤਰ ਨੇ ਕਿਹਾ ਕਿ ਝੋਨੇ ਦੀ ਖਰੀਦ ਤੇ ਲਿਫਟਿੰਗ ਦੀ ਸਮੁੱਚੀ ਪ੍ਰਕਿਰਿਆ ਨੂੰ ਇਕ ਹਫਤੇ ਵਿਚ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 31 ਅਕਤੂਬਰ ਤੱਕ 118.83 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ ਜਿਸ ਵਿੱਚੋਂ 116.12 ਲੱਖ ਮੀਟਰਕ ਟਨ ਫਸਲ ਖਰੀਦੀ ਜਾ ਚੁੱਕੀ ਹੈ ਅਤੇ ਇਸ ਵਿੱਚੋਂ 93.54 ਲੱਖ ਮੀਟਰਕ ਟਨ ਫਸਲ ਨੂੰ ਮੰਡੀਆਂ ਵਿੱਚੋਂ ਚੁੱਕਿਆ ਵੀ ਜਾ ਚੁੱਕਾ ਹੈ। ਸ੍ਰੀ ਭੰਡਾਰੀ ਨੇ ਕਿਹਾ ਕਿ ਹੁਣ ਤੱਕ ਫਸਲ ਵੇਚ ਚੁੱਕੇ ਕਿਸਾਨਾਂ ਦੇ ਖਾਤਿਆਂ ਵਿਚ 20,085 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਪ੍ਰਮੁੱਖ ਸਕੱਤਰ ਨੇ ਕਿਹਾ ਕਿ ਖਰੀਦ ਕਾਰਜਾਂ ਤੋਂ ਇਲਾਵਾ ਫਸਲ ਦੀ ਢੋਆ-ਢੋਆਈ ਅਤੇ ਭੰਡਾਰਨ ਲਈ ਢੁਕਵੇਂ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਖਰੀਦ ਸੀਜ਼ਨ ਦੌਰਾਨ 1806 ਅਨਾਜ ਮੰਡੀਆਂ ਨੋਟੀਫਾਈ ਕਰਨ ਦੇ ਨਾਲ-ਨਾਲ 579 ਕੱਚੇ ਫੜ੍ਹ ਵੀ ਨੋਟੀਫਾਈ ਕੀਤੇ ਗਏ ਹਨ। ਸ੍ਰੀ ਭੰਡਾਰੀ ਨੇ ਕਿਹਾ ਕਿ ਸਾਰੀਆਂ ਖ਼ਰੀਦ ਏਜੰਸੀਆਂ ਦੇ ਮੁਖੀਆਂ ਨੂੰ ਉਨ੍ਹਾਂ ਦੀਆਂ ਏਜੰਸੀਆਂ ਨੂੰ ਅਲਾਟ ਹੋਏ ਖ਼ਰੀਦ ਕੋਟੇ ਮੁਤਾਬਕ ਝੋਨੇ ਦੀ ਤੁਰੰਤ ਚੁਕਾਈ ਯਕੀਨੀ ਬਣਾਉਣ ਲਈ ਸਮੁੱਚੀ ਖ਼ਰੀਦ ਪ੍ਰਕਿਰਿਆ ਦੀ ਨਿਗਰਾਨੀ ਨਿੱਜੀ ਤੌਰ ਉਤੇ ਕਰਨ ਲਈ ਕਿਹਾ ਗਿਆ ਹੈ।
ਝੋਨੇ ਦਾ ਇਕ-ਇਕ ਦਾਣਾ ਖਰੀਦਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਪ੍ਰਮੁੱਖ ਸਕੱਤਰ ਨੇ ਕਿਹਾ ਕਿ ਮੌਜੂਦਾ ਖ਼ਰੀਦ ਸੀਜ਼ਨ ਦੌਰਾਨ ਸੂਬੇ ਭਰ ਵਿੱਚੋਂ ਕਿਸਾਨਾਂ ਦੀ ਇਕ ਵੀ ਸ਼ਿਕਾਇਤ ਨਹੀਂ ਆਈ। ਉਨ੍ਹਾਂ ਕਿਹਾ ਕਿ ਜਿਣਸ ਦੀ ਬਰਬਾਦੀ ਰੋਕਣ ਲਈ ਮੰਡੀਆਂ ਵਿੱਚ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਸ੍ਰੀ ਭੰਡਾਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਗੱਲ ਯਕੀਨੀ ਬਣਾਉਣ ਕਿ ਮੰਡੀਆਂ ਵਿੱਚ ਆਪਣੀ ਉਪਜ ਵੇਚਣ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਪ੍ਰਮੁੱਖ ਸਕੱਤਰ ਨੇ ਮਾਲੇਰਕੋਟਲਾ ਵਿੱਚ ਸੇਵਾ ਕੇਂਦਰ ਤੇ ਆਮ ਆਦਮੀ ਕਲੀਨਿਕ ਦਾ ਵੀ ਜਾਇਜ਼ਾ ਲਿਆ। ਸੇਵਾ ਕੇਂਦਰਾਂ ਤੇ ਆਮ ਆਦਮੀ ਕਲੀਨਿਕਾਂ ਦੀ ਕਾਰਜਪ੍ਰਣਾਲੀ ਦੀ ਸਮੀਖਿਆ ਕਰਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹਾਂ ਥਾਵਾਂ ਤੋਂ ਲੋਕਾਂ ਨੂੰ ਬਿਹਤਰੀਨ ਸੇਵਾਵਾਂ ਯਕੀਨੀ ਬਣਾਈਆਂ ਜਾਣ। ਸ੍ਰੀ ਭੰਡਾਰੀ ਨੇ ਕਿਹਾ ਕਿ ਇਸ ਲੋਕ ਭਲਾਈ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪ੍ਰਮੁੱਖ ਸਕੱਤਰ ਨੇ ਸੇਵਾ ਕੇਂਦਰ ਤੇ ਆਮ ਆਦਮੀ ਕਲੀਨਿਕ ਵਿੱਚ ਹਾਜ਼ਰ ਲੋਕਾਂ ਨਾਲ ਵਿਸਤਾਰ ਵਿੱਚ ਗੱਲਬਾਤ ਵੀ ਕੀਤੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਆਮ ਆਦਮੀ ਕਲੀਨਿਕਾਂ ਨੂੰ ਲੋਕਾਂ ਵੱਲੋਂ ਵਿਆਪਕ ਹੁੰਗਾਰਾ ਮਿਲਿਆ ਹੈ ਅਤੇ ਇਸ ਕਲੀਨਿਕ ਵਿੱਚ ਰੋਜ਼ਾਨਾ 125 ਤੋਂ ਵੱਧ ਮਰੀਜ਼ ਇਲਾਜ ਲਈ ਪੁੱਜ ਰਹੇ ਹਨ। ਲੋਕਾਂ ਨੇ ਸ੍ਰੀ ਭੰਡਾਰੀ ਨੂੰ ਅਪੀਲ ਕੀਤੀ ਕਿ ਮਾਲੇਰਕੋਟਲਾ ਵਿੱਚ ਅਜਿਹੇ ਚਾਰ ਹੋਰ ਕਲੀਨਿਕ ਖੋਲ੍ਹੇ ਜਾਣ। ਸ੍ਰੀ ਭੰਡਾਰੀ ਨੇ ਕਲੀਨਿਕ ਤੇ ਸੇਵਾ ਕੇਂਦਰ ਦੀ ਕਾਰਗੁਜ਼ਾਰੀ ਉਤੇ ਤਸੱਲੀ ਜ਼ਾਹਰ ਕੀਤੀ ਅਤੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਜਨਤਾ ਦੀ ਭਲਾਈ ਲਈ ਹਰੇਕ ਸੰਭਵ ਕਦਮ ਚੁੱਕਿਆ ਜਾਵੇਗਾ।

ਮਾਮਲਾ ਐਨ.ਆਈ.ਏ ਦੇ ਛਾਪੇ ਦਾ: ਵਕੀਲਾਂ ਵਲੋਂ ਅਣਮਿਥੇ ਸਮੇਂ ਲਈ ਕੰਮਛੋੜ ਹੜਤਾਲ

0

ਸੁਖਜਿੰਦਰ ਮਾਨ
ਬਠਿੰਡਾ, 1 ਨਵੰਬਰ: ਪਿਛਲੇ ਦਿਨੀਂ ਸਥਾਨਕ ਸ਼ਹਿਰ ਦੇ ਇੱਕ ਵਕੀਲ ਗੁਰਪ੍ਰੀਤ ਸਿੰਘ ਸਿੱਧੂ ਦੇ ਘਰ ਐਨ.ਆਈ.ਏ ਦੀ ਟੀਮ ਵਲੋਂ ਕੀਤੀ ਛਾਪੇਮਾਰੀ ਦੇ ਵਿਰੋਧ ’ਚ ਚਲ ਰਹੇ ਸੰਘਰਸ਼ ਤਹਿਤ ਅੱਜ ਬਠਿੰਡਾ ਬਾਰ ਐਸੋੋਸੀਏਸ਼ਨ ਦੇ ਜਨਰਲ ਹਾਊਸ ਦੀ ਹੋਈ ਮੀਟਿੰਗ ਵਿਚ ਅਣਮਿਥੇ ਸਮੇਂ ਲਈ ਕੰਮਛੋੜ ਹੜਤਾਲ ਦਾ ਫੈਸਲਾ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਹੋਏ ਜਨਰਲ ਹਾਊਸ ਵਿੱਚ ਵੱਡੀ ਗਿਣਤੀ ਵਿਚ ਸਮੂਹ ਵਕੀਲਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਐੱਨ ਆਈ ਏ ਏਜੰਸੀ ਵੱਲੋਂ ਐਡਵੋਕੇਟ ਗੁਰਪ੍ਰੀਤ ਸਿੰਘ ਦੇ ਘਰ ਕੀਤੀ ਛਾਪੇਮਾਰੀ ਦੀ ਨਿਖੇਧੀ  ਕਰਨ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਅਣ ਮਿੱਥੇ ਸਮੇਂ ਲਈ ਬਠਿੰਡਾ ਦੇ ਵਕੀਲ ਜਿਲ੍ਹਾ ਅਦਾਲਤ ਵਿੱਚ  ਹਾਜ਼ਰ ਨਹੀਂ ਹੋਣਗੇ ਤੇ ਰੋਜਾਨਾ 11 ਤੋਂ 1 ਵਜੇ ਤਕ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਐਨ ਆਈ ਏ ਐਡਵੋਕੇਟ ਗੁਰਪ੍ਰੀਤ ਸਿੰਘ ਬਾਰੇ ਆਪਣਾ ਰੁਖ ਸਪੱਸ਼ਟ ਕਰੇ ਤੇ ਜੋ ਮੋਬਾਈਲ ਜਬਤ ਕੀਤਾ ਹੈ ਉਸ ਨੂੰ ਵਾਪਸ ਕਰੇ ।ਉਨ੍ਹਾਂ ਕਿਹਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ ਤੇ ਆਉਣ ਵਾਲੇ ਸਮੇਂ ਵਿਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸਦੇ ਨਾਲ ਹੀ ਕੰਮ ਬੰਦ ਕਰ ਕੇ ਸੂਬਾ ਪੱਧਰੀ ਕਾਲ ਦੇਣ ਬਾਰੇ ਫੈਸਲਾ ਕੀਤਾ ਹੈ।ਇਸ ਮੌਕੇ ਪ੍ਰਧਾਨ ਵਰਿੰਦਰ ਕੁਮਾਰ ਸ਼ਰਮਾ, ਸੁਨੀਲ ਕੁਮਾਰ ਤਿ੍ਰਪਾਠੀ ਸਕੱਤਰ, ਸੂਰੀਆ ਕਾਂਤ ਸਿੰਗਲਾ ਉਪ ਪ੍ਰਧਾਨ,  ਗੁਰਪ੍ਰੀਤ ਸਿੰਘ ਮੌੜ ਜੁਆਇੰਟ ਸਕੱਤਰ, ਸਤਵੀਰ ਕੌਰ ਖਜਾਨਚੀ,ਗੁਰਪ੍ਰੀਤ ਸਿੰਘ  ਅਤੇ ਵੱਡੀ ਗਿਣਤੀ ਵਿੱਚ ਵਕੀਲ ਹਾਜ਼ਰ ਸਨ ।

ਪੰਜਵਾਂ ਜ਼ੋਨਲ ਬਾਸਕਟਵਾਲ ਤਿੰਨ ਰੋਜ਼ਾ ਟੂਰਨਾਮੈਂਟ ਹੋਇਆ ਸਮਾਪਤ

0

ਸੁਖਜਿੰਦਰ ਮਾਨ
ਬਠਿੰਡਾ, 1 ਨਵੰਬਰ: ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਵਿੱਚ ਚੱਲ ਰਿਹਾ ਪੰਜਵਾਂ ਜ਼ੋਨਲ ਬਾਸਕਟਵਾਲ ਤਿੰਨ ਰੋਜ਼ਾ ਟੂਰਨਾਮੈਂਟ ਅੱਜ ਸਮਾਪਤ ਹੋਇਆ । ਇਸ ਜ਼ੋਨ ਟੂਰਨਾਮੈਂਟ ਵਿੱਚ ਛੇ ਜਿਲ੍ਹੀਆਂ ਨੇ ਕ੍ਰਮਵਾਰ 14 ਤੇ 17 ਸਾਲ ਦੇ ਲੜਕੇ ਤੇ ਲੜਕਿਆਂ ਨੇ ਭਾਗ ਲਿਆ। ਪਹਿਲੇ ਦਿਨ ਮਿਤੀ 30/10/2022 ਨੂੰ ਉਦਘਾਟਨ ਸਮਾਰੋਹ ਵਿੱਚ ਜੀਵਨ ਜਿੰਦਲ ਸੰਗਤ ਮੰਡੀ ਤੇ ਇੰਜੀਨੀਅਰ ਐਚ.ਆਰ ਸਿੰਗਲਾ ਵਿਸ਼ੇਸ ਤੌਰ ਤੇ ਹਾਜ਼ਰ ਹੋਏ । ਅਗਲੇ ਦਿਨ ਹੋਏ ਮੈਚਾਂ ਵਿੱਚ ਬਲਜਿੰਦਰ ਸਿੰਘ ਬਰਾੜ (ਆਮ ਆਦਮੀ ਪਾਰਟੀ ਦੇ ਦਫਤਰੀ ਇੰਚਾਰਜ) ਨੇ ਮੁੱਖ ਮਹਿਮਾਨ ਵੱਜੋਂ ਸ਼ਮੂਲੀਅਤ ਕੀਤੀ । ਅੱਜ ਮਨਪ੍ਰੀਤ ਸਿੰਘ ਵਿਰਕ ਅਤੇ ਪ੍ਰੋ. ਇਕਬਾਲ ਸਿੰਘ ਰੋਮਾਣਾ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਤੇ ਉਨ੍ਹਾਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਖੇਡਾਂ ਵੱਲ ਉਤਸਾਹਿਤ ਕੀਤਾ ਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ । ਉਨ੍ਹਾਂ ਦੇ ਨਾਲ ਬਾਸਕਟਵਾਲ ਦੇ ਕਨਵੀਨਰ ਤੇ ਜ਼ਿਲ੍ਹਾ ਸੈਕੰਡਰੀ ਸ੍ਰ. ਗੁਰਜੰਟ ਸਿੰਘ ਬਰਾੜ ਤੇ ਇੰਟਰ ਨੈਸ਼ਨਲ ਖਿਡਾਰੀ ਅੰਮਿ੍ਰਤਪਾਲ ਸਿੰਘ ਪਾਲੀ, ਇੰਟਰਨੈਸ਼ਨਲ ਖਿਡਾਰੀ ਸੁਭਾਸ਼ ਸ਼ਰਮਾ, ਸ਼ੁਦਰਸਨ ਸ਼ਰਮਾ (ਕੈਸ਼ੀਅਰ), ਰਾਜਿੰਦਰ ਸਿੰਘ ਕੋਚ ਤੇ ਰਾਜਿੰਦਰ ਸਿੰਘ ਗਿੱਲ (ਡੀ.ਪੀ.ਈ.) ਅਤੇ ਕੁਲਵਿੰਦਰ ਸਿੰਘ (ਡੀ.ਪੀ.ਈ) ਖਾਲਸਾ ਸਕੂਲ, ਰਾਜਪਾਲ (ਖਾਲਸਾ ਸਕੂਲ) ਪ੍ਰੋ. ਕੁਲਵੀਰ ਸਿੰਘ ਬਰਾੜ ਮਾਲਵਾ ਫਿਜ਼ੀਕਲ ਐਜੂਕੇਸ਼ਨ ਕਾਲਜ ਬਠਿੰਡਾ ਹਾਜ਼ਰ ਸਨ । ਸਕੂਲ ਦੇ ਪਿ੍ਰੰਸੀਪਲ ਸ੍ਰ. ਜਗਤਾਰ ਸਿੰਘ ਬਰਾੜ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਸ੍ਰ. ਬਲਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਰੇਲਵੇ ਨੇ ਇਨ੍ਹਾਂ ਮੈਚਾਂ ਵਿੱਚ ਆਪਣੀ ਉੱਘੀ ਭੂਮਿਕਾ ਨਿਭਾਈ । ਇਨ੍ਹਾਂ ਮੈਚਾਂ ਦੇ ਨਤੀਜੇ ਕ੍ਰਮਵਾਰ ਇਸ ਪ੍ਰਕਾਰ ਰਹੇ ਲੜਕੇ 17 ਸਾਲ ਪਹਿਲਾ ਸਥਾਨ ਮੁਕਤਸਰ, ਦੂਜਾ ਸਥਾਨ ਬਠਿੰਡਾ । ਲੜਕੀਆਂ 17 ਸਾਲ ਪਹਿਲਾ ਸਥਾਨ ਮਾਨਸਾ ਤੇ ਬਠਿੰਡਾ ਦੂਜਾ । 14 ਸਾਲ (ਲੜਕੇ) ਮੁਕਤਸਰ ਨੇ ਪਹਿਲਾ ਤੇ ਦੂਜਾ ਸਥਾਨ ਬਠਿੰਡਾ । 14 ਸਾਲ (ਲੜਕੀਆਂ) ਫਰੀਦਕੋਟ ਨੇ ਪਹਿਲਾ ਤੇ ਮਾਨਸਾ ਦੂਜਾ ਸਥਾਨ ਤੇ ਰਿਹਾਂ ।

ਪਾਵਰਕਾਮ ਵਿੱਚ ਬਾਹਰੋਂ ਸਿੱਧੀ ਭਰਤੀ ਕਰਨ ਦੇ ਵਿਰੋਧ ਵਜੋਂ ਆਉਟਸੋਰਸਡ ਮੁਲਾਜਮਾਂ ਨੇ ਦਿੱਤਾ ਧਰਨਾ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 1 ਨਵੰਬਰ: ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ. ਐਲ.ਕੰਟਰੈਕਚੂਅਲ ਵਰਕਰਜ ਯੂਨੀਅਨ ਪੰਜਾਬ ਦੇ ਬੈਨਰ ਹੇਠ ਅੱਜ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਪਾਵਰਕਾਮ ਵਿੱਚ ਦੋ ਹਜ਼ਾਰ ਸਹਾਇਕ ਲਾਈਨਮੈਨਾਂ ਦੀ ਬਾਹਰੋਂ ਨਵੀਂ ਸਿੱਧੀ ਭਰਤੀ ਕਰਨ ਦੇ ਵਿਰੋਧ ਵਜੋਂ ਚੀਫ ਦਫਤਰ ਦੇ ਮੁੱਖ ਗੇਟ ਨੂੰ ਜਾਮ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਨਵੀਨਰ ਗੁਰਵਿੰਦਰ ਸਿੰਘ ਪੰਨੂੰ ,ਜਰਨਲ ਸਕੱਤਰ ਖੁਸ਼ਦੀਪ ਸਿੰਘ ਤੇ ਜਸਵਿੰਦਰ ਸਿੰਘ ਸੈਂਟਰਲ ਸਟੋਰ ਨੇ ਕਿਹਾ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਆਊਟਸੋਰਸ਼ਡ ਠੇਕਾ ਮੁਲਾਜਮਾਂ ਨੂੰ ਪੱਕਾ ਕਰਨ ਦੇ ਵਾਅਦੇ ਨਾਲ਼ ਸੱਤਾ ਦੀ ਕੁਰਸੀ ’ਤੇ ਬਿਰਾਜਮਾਨ ਹੋਈ ਆਪ ਸਰਕਾਰ ਅੱਜ ਪੀ.ਐੱਸ.ਪੀ.ਸੀ.ਐੱਲ.ਵਿੱਚ 2000 ਸਹਾਇਕ ਲਾਇਨਮੈਨਾਂ ਦੀ ਬਾਹਰੋਂ ਨਵੀਂ ਸਿੱਧੀ ਭਰਤੀ ਕਰਕੇ ਪਾਵਰਕਾਮ ਦੇ ਸਮੁੱਚੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨਾਲ ਨੰਗਾ-ਚਿੱਟਾ ਧੋਖਾ ਕਰ ਰਹੀ ਹੈ,ਜਦੋਂ ਕਿ ਇਸ ਸਮੇਂ ਸਰਕਾਰੀ ਥਰਮਲ ਪਲਾਂਟਾਂ,ਹਾਈਡਲ ਪ੍ਰੋਜੈਕਟਾਂ ਸਮੇਤ ਸਮੁੱਚੇ ਪਾਵਰਕਾਮ ਵਿੱਚ ਖਾਲੀ ਪਈਆਂ ਸਮੂਹ ਰੈਗੂਲਰ ਆਸਾਮੀਆਂ ਦੇ ਵਿਰੁੱਧ ਪਿਛਲੇ ਲੰਬੇ ਅਰਸ਼ੇ ਤੋਂ ਲਗਾਤਾਰ ਸੇਵਾਵਾਂ ਦੇ ਹਜ਼ਾਰਾਂ ਅਨ-ਸਕਿਲਡ,ਸੈਮੀ ਸਕਿਲਡ,ਸਕਿਲਡ,ਹਾਇਲੀ ਸਕਿਲਡ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ। ਜਿੰਨ੍ਹਾਂ ਕੋਲ ਯੋਗਤਾ ਦੇ ਰੂਪ ਵਿੱਚ ਪੜਾਈ ਦੇ ਨਾਲ-ਨਾਲ ਪਾਵਰਕਾਮ ਵਿੱਚ ਸਾਲਾਂ-ਬੱਧੀ ਕੰਮ ਦਾ ਤਜਰਬਾ ਵੀ ਹੈ ਅਤੇ ਪਾਵਰਕਾਮ ਮੈਨੇਜਮੈਂਟ ਦੀਆਂ ਹਦਾਇਤਾਂ ਮੁਤਾਬਿਕ ਸਮੁੱਚੇ ਠੇਕਾ ਮੁਲਾਜ਼ਮਾਂ ਦਾ ਮੈਡੀਕਲ ਅਤੇ ਪੁਲਿਸ ਵੈਰੀਫਿਕੇਸਨ ਵੀ ਹੋਈ ਹੈ ਤਾਂ ਫਿਰ ਇਸ ਹਾਲਤ ਵਿੱਚ ਬਾਹਰੋਂ ਨਵੀਂ ਸਿੱਧੀ ਭਰਤੀ ਕਰਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਪਾਵਰਕਾਮ ਦੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨਾਲ ਧ੍ਰੋਹ ਕਮਾ ਰਹੀ ਹੈ। ਇਸ ਸਮੇਂ ਹਾਜ਼ਿਰ ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੂੰ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਇਸ ਵਿਤਕਰੇ ਭਰਪੂਰ ਨਵੀਂ ਬਾਹਰੋਂ ਸਿੱਧੀ ਭਰਤੀ ਨੂੰ ਰੱਦ ਕਰਕੇ ਆਊਟਸੋਰਸ਼ਡ ਠੇਕਾ ਮੁਲਾਜਮਾਂ ਨੂੰ ਰੈਗੂਲਰ ਨਾ ਕੀਤਾ ਤਾਂ ਠੇਕਾ ਮੁਲਾਜ਼ਮਾਂ ਵੱਲੋੰ ਸੰਘਰਸ ਨੂੰ ਹੋਰ ਤਿੱਖਾ ਅਤੇ ਤੇਜ਼ ਕੀਤਾ ਜਾਵੇਗਾ,ਜਿਸ ਦੀ ਸਾਰੀ ਜੁੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਹੋਵੇਗੀ। ਇਸ ਸਮੇਂ ਭਰਾਤਰੀ ਜਥੇਬੰਦੀਆਂ ਤੋਂ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਦੀਨਾ ਸਿੰਘ ਤੇ ਗੁਰਜੰਟ ਸਿੰਘ ਅਤੇ ਭੰਗਲ ਤੋਂ ਮਲਕੀਤ ਸਿੰਘ ਡਵੀਜਨ ਪ੍ਰਧਾਨ ਕੋਟਕਪੂਰਾ ਤੇ ਚੰਦਰ ਸ਼ਰਮਾ ਸਰਕਲ ਪ੍ਰਧਾਨ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਇਸ ਸਮੇਂ ਕਮੇਟੀ ਮੈਂਬਰ ਕਰਮਜੀਤ ਸਿੰਘ ਦਿਉਣ, ਇਕਬਾਲ ਸਿੰਘ ਪੂਹਲਾ,ਰਾਮਵਰਨ, ਜਗਜੀਤ ਸਿੰਘ, ਗਗਨਦੀਪ ਸਿੰਘ, ਗੁਰਜੀਤ ਸਿੰਘ, ਰਤਨ ਲਾਲ, ਅਰੁਣ ਕੁਮਾਰ, ਕੁਲਦੀਪ ਸਿੰਘ, ਅਨਿਲ ਕੁਮਾਰ, ਦਨੇਸ਼ ਕੁਮਾਰ, ਸੰਦੀਪ ਕੁਮਾਰ, ਅਨਿਲ ਭੁੱਚੋ, ਗੋਰਾ ਭੁੱਚੋ, ਸੂਰਜ ਕੁਮਾਰ, ਦਰਵੇਸ ਸਿੰਘ, ਸਤਵੀਰ ਸਿੰਘ, ਗੁਰਦਿੱਤ ਸਿੰਘ ਗੋਰਾ ਆਦਿ ਹਾਜ਼ਰ ਸਨ।

ਬਲਵੰਤ ਸਿੰਘ ਭੁੱਲਰ ਨੇ ਜ਼ਿਲ੍ਹਾ ਖਜ਼ਾਨਾ ਅਫ਼ਸਰ ਵਜੋਂ ਸੰਭਾਲਿਆ ਚਾਰਜ

0

ਖਜ਼ਾਨੇ ਦਾ ਹਰ ਕੰਮ ਇਮਾਨਦਾਰੀ ਤੇ ਪਾਰਦਰਸ਼ੀ ਢੰਗ ਨਾਲ ਜਾਵੇਗਾ ਕੀਤਾ
ਸੁਖਜਿੰਦਰ ਮਾਨ
ਬਠਿੰਡਾ, 1 ਨਵੰਬਰ : ਸ. ਬਲਵੰਤ ਸਿੰਘ ਭੁੱਲਰ ਨੇ ਜ਼ਿਲ੍ਹਾ ਖਜ਼ਾਨਾ ਅਫ਼ਸਰ ਬਠਿੰਡਾ ਵਜੋਂ ਵਾਧੂ ਚਾਰਜ ਸੰਭਾਲ ਲਿਆ। ਇਸ ਦੇ ਨਾਲ ਹੀ ਉਹ ਜ਼ਿਲ੍ਹਾ ਖਜ਼ਾਨਾ ਅਫ਼ਸਰ ਬਰਨਾਲਾ ਵਿਖੇ ਵੀ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਇਸ ਸਮੇਂ ਮਨਿਸਟਰੀਅਲ ਸਰਵਿਸ ਯੂਨੀਅਨ ਜ਼ਿਲ੍ਹਾ ਬਠਿੰਡਾ ਤੇ ਖਜਾਨਾ ਦਫ਼ਤਰ ਐਸੋਸੀਏਸ਼ਨ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਆਪਣਾ ਕਾਰਜਭਾਗ ਸੰਭਾਲਣ ਉਪਰੰਤ ਜ਼ਿਲ੍ਹਾ ਖਜ਼ਾਨਾ ਅਫ਼ਸਰ ਸ. ਬਲਵੰਤ ਸਿੰਘ ਭੁੱਲਰ ਨੇ ਵਿਸ਼ਵਾਸ਼ ਦਿਵਾਇਆ ਕਿ ਖਜ਼ਾਨੇ ਦਾ ਹਰ ਕੰਮ ਇਮਾਨਦਾਰੀ ਤੇ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇੱਥੇ ਸ਼ਾਨਦਾਰ ਸੇਵਾਵਾਂ ਨਿਭਾਅ ਚੁੱਕੇ ਜ਼ਿਲ੍ਹਾ ਖਜ਼ਾਨਾ ਅਫ਼ਸਰ ਬਠਿੰਡਾ ਸ. ਦਲਜੀਤ ਸਿੰਘ ਸੰਧੂ ਨੂੰ ਪਦ ਉਨਤੀ ਉਪਰੰਤ ਡਿਪਟੀ ਕੰਟਰੋਲਰ ਵਿੱਤ ਤੇ ਲੇਖਾ ਬਨਣ ਤੇ ਸਮੂਹ ਖਜ਼ਾਨਾ ਵਿਭਾਗ ਦੇ ਸਟਾਫ਼ ਵਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ. ਮੇਘ ਸਿੰਘ ਸਿੱਧੂ, ਰਾਜਵੀਰ ਸਿੰਘ ਮਾਨ, ਬਲਦੇਵ ਸਿੰਘ ਅਤੇ ਖਜਾਨਾ ਵਿਭਾਗ ਦਾ ਸਮੁੱਚ ਸਟਾਫ਼ ਮੌਜੂਦ ਰਿਹਾ।

Our Visitor

1906777