ਨਾਈਜੀਰੀਆ ਦੇ ਹਾਈ ਕਮਿਸ਼ਨਰ ਨੇ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ
ਮੁੱਖ ਮੰਤਰੀ ਨੇ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਦੀ ਵਚਨਬੱਧਤਾ ਦੁਹਰਾਈ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 20 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾਈਜੀਰੀਆ ਅਤੇ ਪੰਜਾਬ ਦਰਮਿਆਨ ਵੱਖ-ਵੱਖ ਖੇਤਰਾਂ ਵਿੱਚ ਮਜ਼ਬੂਤ ਸਹਿਯੋਗ ਉਤੇ ਜ਼ੋਰ ਦਿੱਤਾ।ਮੁੱਖ ਮੰਤਰੀ ਨੇ ਭਾਰਤ ਵਿੱਚ ਨਾਈਜੀਰੀਆ ਦੇ ਹਾਈ ਕਮਿਸ਼ਨਰ ਅਹਿਮਦ ਸੁਲੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾਈਜੀਰੀਆ ਅਤੇ ਪੰਜਾਬ ਦੋਵਾਂ ਲਈ ਦੁਵੱਲੇ ਲਾਭ ਦੀ ਵੱਡੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਨਾਈਜੀਰੀਆ ਅਤੇ ਪੰਜਾਬ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੋਵੇਂ ਸਫਲਤਾ ਦੀ ਇੱਕ ਨਵੀਂ ਕਹਾਣੀ ਲਿਖ ਸਕਣ। ਭਗਵੰਤ ਮਾਨ ਨੇ ਕਿਹਾ ਕਿ ਨਾਈਜੀਰੀਆ ਅਤੇ ਪੰਜਾਬ ਨੂੰ ਆਪਸੀ ਸਹਿਯੋਗ ਦੇ ਨਵੇਂ ਦਿਸਹੱਦੇ ਸਿਰਜਣ ਲਈ ਹੋਰ ਸੰਭਾਵਨਾਵਾਂ ਦਾ ਪਤਾ ਲਗਾਉਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਉਨ੍ਹਾਂ ਦਾ ਇਕੋ-ਇਕ ਏਜੰਡਾ ਖੇਤੀ ਲਾਗਤਾਂ ਨੂੰ ਘਟਾ ਕੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਪਹਿਲਾਂ ਹੀ ਸਖ਼ਤ ਉਪਰਾਲੇ ਕਰ ਰਹੀ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਖੇਤੀ ਦੀਆਂ ਲਗਾਤਾਰ ਵਧ ਰਹੀਆਂ ਲਾਗਤਾਂ ਨੂੰ ਘਟਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਸੰਕਟ ਵਿੱਚੋਂ ਕੱਢਿਆ ਜਾ ਸਕੇ।ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਸੰਦਾਂ ਦੀ ਦਰਾਮਦ-ਬਰਾਮਦ ਦੇ ਖੇਤਰ ਵਿੱਚ ਆਪਸੀ ਸਹਿਯੋਗ ਵਧਾਉਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਫਸਲਾਂ ਅਤੇ ਖਾਦਾਂ ‘ਤੇ ਆਧਾਰਤ ਵਪਾਰ ਵਧਾਉਣ ਦੀ ਸੰਭਾਵਨਾ ਵੀ ਤਲਾਸ਼ੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਨਾਈਜੀਰੀਆ ਅਤੇ ਪੰਜਾਬ ਦੇ ਆਪਸੀ ਸਹਿਯੋਗ ਰਾਹੀਂ ਸੂਬੇ ਦੇ ਕਿਸਾਨਾਂ ਨੂੰ ਲਾਭ ਪਹੁੰਚਾਉਣਾ ਸਮੇਂ ਦੀ ਲੋੜ ਹੈ।
ਮੁੱਖ ਮੰਤਰੀ ਨੇ ਪੰਜਾਬ ਅਤੇ ਨਾਈਜੀਰੀਆ ਦਰਮਿਆਨ ਮਜ਼ਬੂਤ ਸਬੰਧਾਂ ਉਤੇ ਦਿੱਤਾ ਜ਼ੋਰ
1300 ਬੱਸਾਂ ਦੀ ਖਰੀਦ ਕਰਨ ‘ਤੇ ਰੋਡਵੇਜ ਕਰਮਚਾਰੀ ਯੂਨੀਅਨ ਨੇ ਪ੍ਰਗਟਾਇਆ ਧੰਨਵਾਦ
ਟ੍ਰਾਂਸੋਪਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਨੇ ਰੋਡਵੇਜ ਦੀਆਂ ਵੱਖ-ਵੱਖ ਕਰਮਚਾਰੀ ਯੂਨੀਅਨਾਂ ਨਾਲ ਕੀਤੀ ਮੁਲਾਕਾਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 20 ਅਕਤੂਬਰ :- ਹਰਿਆਣਾ ਰੋਡਵੇਜ ਦੀ 1300 ਨਵੀਂ ਬੱਸਾਂ ਦੀ ਖਰੀਦ ਕਰਨ ‘ਤੇ ਸੂਬੇ ਦੀ ਰੋਡਵੇਜ ਯੂਨਿਅਨ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਦਾ ਧੰਨਵਾਦ ਪ੍ਰਗਟਾਇਆ ਹੈ। ਵੀਰਵਾਰ ਨੂੰ ਹਰਿਆਣਾ ਰੋਡਵੇਜ ਦੀ ਸਾਰੇ ਕਰਮਚਾਰੀ ਯੂਨੀਅਨ ਦੇ ਅਿਧਕਾਰੀ ਟ੍ਰਾਂਸਪੋਰਟ ਮੰਤਰੀ ਦੇ ਰਿਹਾਇਸ਼ ‘ਤੇ ਪਹੁੰਚੇ ਅਤੇ ਹਰਿਆਣਾ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ। ਇਸ ਦੌਰਾਨ ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਸੂਬਾ ਸਰਕਾਰ ਲਗਾਤਾਰ ਰੋਡਵੇਜ ਦੇ ਬੇੜੇ ਨੂੰ ਵਧਾ ਰਹੀ ਹੈ, ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲਣ। ਇਸ ਮੁਲਾਕਾਤ ਦੌਰਾਨ ਰੋਡਵੇਜ ਯੂਨੀਅਨ ਦੇ ਅਧਿਕਾਰੀਆਂ ਨੇ ਨਵੀਂ ਭਰਤੀ, 2016-17 ਦੇ ਲੰਬਿਤ ਬੋਨਸ ਤੇ ਹੋਰ ਮੰਗਾਂ ਟ੍ਰਾਂਸਪੋਰਅ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਦੇ ਸਾਹਮਣੇ ਰੱਖੀਆਂ। ਟ੍ਰਾਂਸਪੋਰਟ ਮੰਤਰੀ ਨੇ ਇੰਨ੍ਹਾਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਇੰਨ੍ਹਾਂ ‘ਤੇ ਵਿਚਾਰ ਕੀਤਾ ਜਾਵੇਗਾ। ਕਰਮਚਾਰੀ ਯੂਨੀਅਨ ਹਰਿਆਣਾ ਸਰਕਾਰ ਵੱਲੋਂ ਨਵੀਂ ਬੱਸਾਂ ਦੀ ਖਰੀਦ ‘ਤੇ ਉਤਸਾਹਿਤ ਨਜਰ ਆਈ ਅਤੇ ਕਿਹਾ ਕਿ ਪਿਛਲੇ 20 ਸਾਲ ਵਿਚ ਇੰਨ੍ਹੀ ਬੱਸਾਂ ਦੀ ਇਹ ਸੱਭ ਤੋਂ ਵੱਡੀ ਖਰੀਦ ਹੈ। ਟ੍ਰਾਂਸਪੋਰਟ ਮੰਤਰੀ ਨੇ ਕਰਮਚਾਰੀ ਯੂਨੀਨਅਨ ਦੇ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸੂਬਾਰ ਸਰਕਾਰ ਆਮ ਜਨਤਾ ਤੇ ਰੋਡਵੇਜ ਕਰਮਚਾਰੀਆਂ ਦੇ ਹਿੱਤ ਵਿਚ ਲਗਾਤਾਰ ਯਤਨਸ਼ੀਨ ਹੈ। ਹਰਿਆਣਾ ਰੋਡਵੇਜ ਗਰੀਬ ਆਦਮੀ ਦਾ ਜਹਾਜ ਹੈ। ਅੱਜ ਪੂਰੇ ਦੇਸ਼ ਦੀ ਜਨਤਕ ਟ੍ਰਾਂਸਪੋਰਟ ਵਿਵਸਥਾ ਵਿਚ ਹਰਿਆਣਾ ਰੋਡਵੇਜ ਦੀ ਧਾਕ ਹੈ। ਹਰਿਆਣਾ ਰੋਡਵੇਜ ਵਿਚ ਆਏ ਦਿਨ ਵੱਡੀ ਗਿਣਤੀ ਵਿਚ ਯਾਤਰੀ ਸਫਰ ਕਰਦੇ ਹਨ। ਯਾਤਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ 1300 ਬੱਸਾਂ ਦੀ ਖਰੀਦ ਦਾ ਫੇਸਲਾ ਕੀਤਾ ਹੈ। ਇਸ ਵਿਚ 1 ਹਜਾਰ ਆਮ ਬੱਸਾਂ, 125 ਮਿਨੀ ਬੱਸਾਂ ਅਤੇ 150 ਏਸੀ ਬੱਸਾਂ ਸ਼ਾਮਿਲ ਹਨ।
ਸੂਬੇ ਵਿਚ ਹੋਵੇਗਾ ਕੁੱਲ 5 ਹਜਾਰ ਰੋਡਵੇਜ ਬੱਸਾਂ ਦਾ ਬੇੜਾ
ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਨੈ ਕਿਹਾ ਕਿ ਹਰਿਆਣਾ ਰੋਡਵੇਜ ਦੀ 100 ਬੱਸਾਂ ਦੀ ਬਾਡੀ ਤਿਆਰ ਹੋ ਚੁੱਕੀ ਹੈ, ਜੋ ਵੱਖ-ਵੱਖ ਡਿਪੋ ਵਿਚ ਜਾ ਚੁੱਕੀ ਹੈ। 700 ਬੱਸਾਂ ਦੀ ਬਾਡੀ ਵੀ ਜਲਦੀ ਤਿਆਰ ਹੋ ਜਾਵੇਗੀ ਅਤੇ ਇੰਨ੍ਹਾਂ ਦੀ ਡਿਲੀਵਰੀ ਵੀ ਜਲਦੀ ਮਿਲੇਗੀ। ਇਸ ਦੇ ਬਾਅਦ ਸੂਬੇ ਵਿਚ ਕੁੱਲ 5 ਹਜਾਰ ਬੱਸਾਂ ਦਾ ਬੇੜਾ ਹੋ ਜਾਵੇਗਾ। ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਹਰਿਆਣਾ ਰੋਡਵੇਜ ਦੇ ਬੇਡੇ ਵਿਚ ਜਲਦੀ ਹੀ ਇਲੈਕਟ੍ਰੋਨਿਕ ਬੱਸਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਟ੍ਰਾਂਸਪੋਰਟ ਵਿਭਾਗ ਅਗਲੇ ਮਹੀਨੈ 550 ਇਲੌਕਟ੍ਰੋਨਿਕ ਬੱਸਾਂ ਦਾ ਟੈਂਡਰ ਕਰਨ ਜਾ ਰਿਹਾ ਹੈ। ਉਸ ਦੇ ਬਾਅਦ ਜਲਦੀ ਹੀ ਇੰਨ੍ਹਾਂ ਇਲੈਕਟ੍ਰੋਨਿਕ ਬੱਸਾਂ ਦੀ ਖਰੀਦ ਕੀਤੀ ਜਾਵੇਗੀ।
ਪੰਜਾਬ ਯੂ ਟੀ ਮੁਲਾਜਮ ਅਤੇ ਪੈਨਸਨਰਜ ਸਾਂਝਾ ਫਰੰਟ ਵੱਲੋਂ ਡਿਪਟੀ ਕਮਿਸਨਰ ਦਫਤਰ ਅੱਗੇ ਰੋਸ ਪ੍ਰਦਰਸਨ
ਸੁਖਜਿੰਦਰ ਮਾਨ
ਬਠਿੰਡਾ, 20 ਅਕਤੂਬਰ: ਪੰਜਾਬ ਯੂ.ਟੀ. ਮੁਲਾਜਮ ਅਤੇ ਪੈਨਸਨਰਜ ਸਾਂਝਾ ਫਰੰਟ ਦੀ ਸੂਬਾ ਕਮੇਟੀ ਵੱਲੋਂ ਦਿੱਤੇ ਗਏ ਸੱਦੇ ਅਨੁਸਾਰ ਪੰਜਾਬ ਸਰਕਾਰ ਦੇ ਮੁਲਾਜਮ ਅਤੇ ਪੈਨਸਨਰ ਵਿਰੋਧੀ ਰਵੱਈਏ ਖਿਲਾਫ ਅੱਜ ਅੰਬੇਦਕਰ ਪਾਰਕ ਵਿਖੇ ਇਕੱਠੇ ਹੋਣ ਉਪਰੰਤ ਮਾਰਚ ਕਰਦੇ ਹੋਏ ਡਿਪਟੀ ਕਮਿਸਨਰ ਦਫਤਰ ਅੱਗੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਜਿਲ੍ਹਾ ਕਨਵੀਨਰ ਦਰਸਨ ਸਿੰਘ ਮੌੜ, ਮੱਖਣ ਸਿੰਘ ਕੰਗਣਵਾਲ, ਗਗਨਦੀਪ ਸਿੰਘ, ਮਨਜੀਤ ਸਿੰਘ ਧੰਜਲ,ਸਿਕੰਦਰ ਸਿੰਘ ਧਾਲੀਵਾਲ ਅਤੇ ਮਨਜੀਤ ਸਿੰਘ ਦੀ ਅਗਵਾਈ ਅੰਬੇਦਕਰ ਪਾਰਕ ਵਿਖੇ ਇਕੱਤਰ ਹੋਏ ਮੁਲਾਜਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ। ਕੱਚੇ ਮੁਲਾਜਮਾਂ ਨੂੰ ਪੱਕੇ ਕਰ ਦੇਣ ਦੇ ਵੱਡੇ ਵੱਡੇ ਇਸਤਿਹਾਰ ਲਾਉਣ ਦੇ ਬਾਵਜੂਦ ਹਾਲੇ ਤੱਕ ਅਸਲੀਅਤ ਵਿੱਚ ਕੱਚੇ ਕਾਮਿਆਂ ਨੂੰ ਪੱਕੇ ਨਹੀਂ ਕੀਤਾ ਗਿਆ ਹੈ ਨਾ ਹੀ ਮਾਣ ਭੱਤਾ ਮੁਲਾਜਮਾਂ ਤੇ ਘੱਟੋ-ਘੱਟ ਉਜਰਤ ਕਾਨੂੰਨ ਲਾਗੂ ਕਰਨ ਬਾਰੇ ਕੁਝ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪੁਰਾਣੀ ਪੈਨਸਨ ਸਕੀਮ ਬਹਾਲ ਕਰਨ ਬਾਰੇ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਤਨਖਾਹ ਕਮਿਸਨ ਦੀਆਂ ਤਰੁੱਟੀਆਂ ਦੂਰ ਕਰਨ ਬਾਰੇ ਸਰਕਾਰ ਦਾ ਰਵੱਈਆ ਢਿੱਲ ਮੱਠ ਵਾਲਾ ਹੀ ਹੈ।ਪੰਜਾਬ ਦੇ ਮੁਲਾਜਮ ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਤਿੰਨ ਕਿਸਤਾਂ, ਮੁਲਾਜਮਾਂ ਦੇ ਕੱਟੇ 38 ਕਿਸਮ ਦੇ ਭੱਤੇ, ਤਨਖਾਹ ਕਮਿਸਨ ਦੇ ਬਕਾਏ ਦੇ ਨਾਲ ਨਾਲ ਮੁਲਾਜਮ ਤਨਖਾਹ ਕਮਿਸਨ ਦੀ ਰਿਪੋਰਟ ਦਾ ਦੂਜਾ ਹਿੱਸਾ ਉਡੀਕ ਰਹੇ ਹਨ। ਪਰ ਸਰਕਾਰ ਵੱਲੋਂ ਇਸ ਸਬੰਧੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ।ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਪਹਿਲਾਂ ਮੁਲਾਜਮਾਂ ਅਤੇ ਪੈਨਸਨਰਾਂ ਦੀਆਂ ਮੰਗਾਂ ਪ੍ਰਤੀ ਕੋਈ ਸੁਹਿਰਦਤਾ ਨਾ ਦਿਖਾਈ ਤਾਂ 25 ਅਕਤੂਬਰ ਨੂੰ ਪੈਨਸਨਰ ਭਵਨ ਲੁਧਿਆਣਾ ਵਿਖੇ ਹੋਣ ਵਾਲੀ ਸਾਂਝਾ ਫਰੰਟ ਦੀ ਮੀਟਿੰਗ ਵਿੱਚ ਅਗਲੇ ਦਿਨਾਂ ਵਿੱਚ ਤਿੱਖੇ ਸੰਘਰਸਾਂ ਦਾ ਐਲਾਨ ਕੀਤਾ ਜਾਵੇਗਾ।ਅੱਜ ਦੇ ਇਕੱਠ ਨੇ ਮੰਗ ਕੀਤੀ ਕਿ ਦਰਜਾ ਚਾਰ ਕਰਮਚਾਰੀਆਂ ਨੂੰ ਫੈਸਟੀਵਲ ਅਲਾਊਂਸ ਦਾ ਪੱਤਰ ਜਾਰੀ ਹੋਇਆ ਹੈ ਪਰ ਪੀ ਐਸ ਐਮ ਯੂ ਦੀ ਹੜਤਾਲ ਕਾਰਨ ਇਸ ਦੀ ਤਾਰੀਖ ਵਧਾਈ ਜਾਵੇ ਤਾਂ ਜੋ ਦਰਜਾ ਚਾਰ ਕਰਮਚਾਰੀਆਂ ਨੂੰ ਇਹਦਾ ਲਾਭ ਮਿਲ ਸਕੇ।ਇਸ ਮੌਕੇ ਨਜਾਇਜ ਉਸਾਰੀਆਂ ਦੇ ਮਾਮਲੇ ਵਿੱਚ ਬਠਿੰਡਾ ਪ੍ਰਸਾਸਨ ਵੱਲੋਂ ਆਪਣਾਏ ਦੂਹਰੇ ਮਾਪਦੰਡਾਂ ਦੀ ਨਿਖੇਧੀ ਕੀਤੀ ਗਈ।ਅੱਜ ਦੇ ਇਸ ਅਰਥੀ ਫੂਕ ਮੁਜਾਹਰੇ ਵਿੱਚ ਸਵਰਨਜੀਤ ਕੌਰ ਪ੍ਰਧਾਨ ਨਰਸਿੰਗ ਐਸੋਸੀਏਸਨ, ਬਲਵੀਰ ਸਿੰਘ ਮਲੂਕਾ, ਜਸਕਰਨ ਸਿੰਘ ਪ੍ਰਧਾਨ ਨਹਿਰੀ ਪਟਵਾਰ ਯੂਨੀਅਨ,ਧੰਨਾ ਸਿੰਘ,ਹੰਸ ਰਾਜ ਬੀਜਵਾ,ਆਤਮਤੇਜ ਸਰਮਾ ਭਗਤਾ ਭਾਈ ਕਾ, ਜਗਪਾਲ ਸਿੰਘ ਬੰਗੀ, ਅਮਿ੍ਰਤਪਾਲ ਸਿੰਘ ਮਾੜੀ,ਅਰੁਣ ਕੁਮਾਰ,ਭੁਪਿੰਦਰ ਸਿੰਘ ਸੰਧੂ,ਨੈਬ ਸਿੰਘ ਕਿਸਾਨ ਯੂਨੀਅਨ,ਲਛਮਣ ਸਿੰਘ ਮਲੂਕਾ, ਅਮਰਜੀਤ ਸਿੰਘ ਹਨੀ ਕਿਰਤੀ ਕਿਸਾਨ ਯੂਨੀਅਨ ਆਦਿ ਆਗੂ ਹਾਜਰ ਸਨ।
ਐਸ.ਐਸ.ਡੀ ਕਾਲਜ਼ ਦੀਆਂ ਵਿਦਿਆਰਥਣਾਂ ਨੇ ਪਰਾਲੀ ਨਾ ਸਾੜਨ ਬਾਰੇ ਕਿਸਾਨਾਂ ਨੂੰ ਕੀਤਾ ਜਾਗਰੁਕ
ਸੁਖਜਿੰਦਰ ਮਾਨ
ਬਠਿੰਡਾ, 20 ਅਕਤੁੂਬਰ: ਐਸ. ਐਸ. ਡੀ. ਗਰਲਜ਼ ਕਾਲਜ ਬਠਿੰਡਾ ਦੇ ਐਨ. ਐਸ. ਐਸ. ਯੂਨਿਟਾਂ ਅਤੇ ਰੈੱਡ ਰਿੱਬਨ ਕਲੱਬ ਵੱਲੋਂ ਪ੍ਰੋਗਰਾਮ ਅਫ਼ਸਰ ਐਨ. ਐਸ. ਐਸ. ਡਾ. ਊਸ਼ਾ ਸ਼ਰਮਾ ਅਤੇ ਡਾ. ਸਿਮਰਜੀਤ ਕੌਰ ਦੀ ਅਗਵਾਈ ਹੇਠ ਬਠਿੰਡਾ ਦੇ ਪਿੰਡ ਨਰੂਆਣਾ ਵਿਖੇ ਰੈਲੀ ਕੱਢੀ ਗਈ। ਇਸ ਰੈਲੀ ਨੂੰ ਹਰੀ ਝੰਡੀ ਦੇ ਕੇ ਕਾਲਜ ਪਿ੍ਰੰਸੀਪਲ ਡਾ. ਨੀਰੂ ਗਰਗ ਵੱਲੋਂ ਰਵਾਨਾ ਕੀਤਾ ਗਿਆ ਅਤੇ ਵਲੰਟੀਅਰਾਂ ਨੂੰ ਕਿਹਾ ਕਿ ਸਾਨੂੰ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਧੂੰਏ ਨਾਲ ਹੋਣ ਵਾਲੀਆਂ ਫੇਫੜਿਆਂ ਅਤੇ ਚਮੜੀ ਦੀਆਂ ਬੀਮਾਰੀਆਂ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ । ਪ੍ਰੋਗਰਾਮ ਅਫ਼ਸਰ ਐਨ. ਐਸ. ਐਸ.ਡਾ. ਊਸ਼ਾ ਸ਼ਰਮਾ ਵੱਲੋਂ ਕਿਸਾਨਾਂ ਨੂੰ ਦੱਸਿਆ ਗਿਆ ਕਿ ਪਰਾਲੀ ਸਾੜਨ ਨਾਲ ਸਾਡੇ ਬਹੁਤੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਜੋ ਅਗਲੀ ਫਸਲ ਲਈ ਕਾਰਗਰ ਸਾਬਤ ਹੁੰਦੇ ਹਨ। ਪ੍ਰੋਗਰਾਮ ਅਫ਼ਸਰ ਐਨ. ਐਸ. ਐਸ. ਡਾ. ਸਿਮਰਜੀਤ ਕੌਰ ਨੇ ਕਿਸਾਨਾਂ ਨੂੰ ਦੱਸਿਆ ਕਿ ਸਾਨੂੰ ਕੁਦਰਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ । ਪਰਾਲੀ ਨੂੰ ਅੱਗ ਲਗਾਉਣਾ ਜਿੱਥੇ ਗੈਰ ਕੁਦਰਤੀ ਉੱਥੇ ਗੈਰ ਕਾਨੂੰਨੀ ਵੀ ਹੈ । ਐਨ. ਐਸ. ਐਸ. ਵਲੰਟੀਅਰਾਂ ਵੱਲੋਂ ਕਿਸਾਨਾਂ ਨੂੰ ਕਵਿਤਾ ਦੇ ਰੂਪ ਵਿਚ ਅਪੀਲ ਕਰਦੇ ਹੋਏ ਪਰਾਲੀ ਨਾ ਸਾੜਨ ਬਾਰੇ ਜਾਗਰੁਕ ਕੀਤਾ ਅਤੇ ਪਰਾਲੀ ਨਾ ਸਾੜਨ ਸਬੰਧੀ ਪੈਂਫਲੈਟ ਵੀ ਵੰਡੇ । ਇਸ ਰੈਲੀ ਵਿਚ 50 ਵਲੰਟੀਅਰਾਂ ਨੇ ਹਿੱਸਾ ਲਿਆ । ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਅਤੇ ਕਾਲਜ ਦੇ ਪਿ੍ਰੰਸੀਪਲ ਡਾ. ਨੀਰੂ ਗਰਗ ਨੇ ਐਨ. ਐਸ. ਐਸ. ਯੂਨਿਟਾਂ ਦੀ ਸ਼ਲਾਘਾ ਕਰਦੇ ਹੋਏ ਅਜਿਹੀਆਂ ਜਾਗਰੂਕ ਰੈਲੀਆਂ ਕਰਦੇ ਰਹਿਣ ਲਈ ਕਿਹਾ।
ਸਿਵਲ ਸਰਜਨ ਨੇ ਜਿਲ੍ਹੇ ਦੇ ਸਮੂਹ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਨਾਲ ਕੀਤੀ ਮੀਟਿੰਗ
ਸਿਹਤ ਵਿਭਾਗਾਂ ਦੀ ਸਕੀਮਾਂ ਅਤੇ ਸੇਵਾਵਾਂ ਬਾਰੇ ਜਨਤਾ ਨੂੰ ਕੀਤਾ ਜਾਵੇ ਜਾਗਰੂਕ: ਡਾ ਤੇਜਵੰਤ ਸਿੰਘ ਢਿੱਲੋਂ
ਸੁਖਜਿੰਦਰ ਮਾਨ
ਬਠਿੰਡਾ, 20 ਅਕਤੂਬਰ: ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਵਿੱਚ ਅੱਜ ਜਿਲ੍ਹੇ ਦੇ ਸਮੂਹ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਦੀ ਮਹੀਨਾਵਾਰ ਮੀਟਿੰਗ ਦਫਤਰ ਵਿਖੇ ਹੋਈ। ਮੀਟਿੰਗ ਵਿਚ ਵਿਨੋਦ ਕੁਮਾਰ, ਕੁਲਵੰਤ ਸਿੰਘ, ਕਿ੍ਰਸ਼ਨ ਕੁਮਾਰ, ਜਗਤਾਰ ਸਿੰਘ, ਮਾਲਵਿੰਦਰ ਸਿੰਘ, ਸਾਹਿਲ ਪੁਰੀ, ਪਵਨਦੀਪ ਕੌਰ, ਰੋਹਿਤ ਕੁਮਾਰ ਨੇ ਭਾਗ ਲਿਆ। ਇਸ ਸਮੇਂ ਡਾ ਢਿੱਲੋਂ ਨੇ ਕਿਹਾ ਕਿ ਸਿਹਤ ਵਿਭਾਗ ਦੁਆਰਾ ਦਿੱਤੀਆਂ ਜਾਂਦੀਆ ਸਾਰੀਆਂ ਸਕੀਮਾਂ ਅਤੇ ਸੇਵਾਵਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਇਨ੍ਹਾਂ ਸਕੀਮਾ ਦਾ ਲੋਕ ਵੱਧ ਤੋਂ ਵੱਧ ਲਾਭ ਉਠਾ ਸਕਣ। ਉਹਨਾਂ ਕਿਹਾ ਕਿ ਜਨਤਾ ਨੂੰ ਸਿਹਤ ਸੰਭਾਲ ਅਤੇ ਬਿਮਾਰੀਆਂ ਸਬੰਧੀ ਵੀ ਜਾਗਰੂਕ ਕੀਤਾ ਜਾਵੇ। ਸਿਹਤ ਸਕੀਮਾਂ ਸਬੰਧੀ ਪਿ੍ਰੰਟਿਗ ਮੈਟੀਰੀਅਲ ਵੀ ਵੰਡਿਆਂ ਜਾਵੇ। ਡੇੱਗੂ ਬਿਮਾਰੀ ਅਤੇ ਡਰਾਈ ਡੇ ਬਾਰੇ ਵੀ ਜਾਗਰੂਕ ਕੀਤਾ ਜਾਵੇ। ਇਸ ਸਮੇਂ ਪਿਛਲੇ ਮਹੀਨੇ ਕੀਤੀਆਂ ਆਈ.ਈ.ਸੀ. ਗਤੀਵਿਧੀਆਂ ਸਬੰਧੀ ਅਤੇ ਅਕਤੂਬਰ ਅਤੇ ਨਵੰਬਰ ਮਹੀਨੇ ਦੌਰਾਨ ਕਰਨ ਵਾਲੀਆਂ ਗਤੀਵਿਧੀਆਂ ਤੇ ਵਿਚਾਰ ਚਰਚਾ ਕੀਤੀ ਗਈ।ਉਹਨਾਂ ਕਿਹਾ ਕਿ ਆਪਣੇ ਅਧੀਨ ਏਰੀਏ ਦੀਆਂ ਗਰਭਵਤੀ ਮਾਵਾਂ ਅਤੇ 5 ਸਾਲ ਤੱਕ ਦੇ ਬੱਚਿਆਂ ਦਾ ਸੰਪੂਰਨ ਟੀਕਾਕਰਣ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਕਿ੍ਸ਼ੀ ਵਿਗਿਆਨ ਕੇਂਦਰ ਦੁਆਰਾ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਮੇਲਾ ਆਯੋਜਿਤ
ਪਾਣੀ, ਧਰਤੀ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਬਾਰੇ ਕਰਵਾਇਆ ਜਾਣੂ
20 ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਕੀਤਾ ਸਨਮਾਨਿਤ
ਕਿਸਾਨ ਮੇਲੇ ਵਿੱਚ ਭਾਗ ਲੈਣ ਵਾਲੇ ਕਿਸਾਨਾਂ ਨੂੰ ਫਲਦਾਰ ਬੂਟਿਆਂ ਕੀਤੀ ਵੰਡ
ਸੁਖਜਿੰਦਰ ਮਾਨ
ਬਠਿੰਡਾ, 20 ਅਕਤੂਬਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਿ੍ਰਸ਼ੀ ਵਿਗਿਆਨ ਕੇਂਦਰ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਬਠਿੰਡਾ ਵੱਲੋਂ ਪਰਾਲੀ ਦੀ ਰਹਿੰਦ-ਖੂੰਹਦ ਦੀ ਸੰਭਾਲ ਲਈ ਕਿਸਾਨ ਮੇਲਾ ਲਗਾਇਆ ਗਿਆ। “ਆਓ ਧਰਤੀ ਮਾਂ ਬਚਾਈਏ, ਪਰਾਲੀ ਨੂੰ ਅੱਗ ਨਾ ਲਗਾਈਏ” ਉਦੇਸ਼ ਤਹਿਤ ਲਗਾਏ ਗਏ ਕਿਸਾਨ ਮੇਲੇ ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸਹਿਯੋਗੀ ਨਿਰਦੇਸ਼ਕ ਡਾ. ਜੀ. ਐੱਸ. ਬੁੱਟਰ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਵੱਲੋਂ ਯੂਨੀਵਰਸਿਟੀ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਉਂਦਿਆਂ ਕਿਸਾਨਾਂ ਨੂੰ ਪਰਾਲੀ ਸੰਭਾਲਣ ਦੇ ਵੱਖ ਵੱਖ ਤਰੀਕਿਆਂ ਅਤੇ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ ਤੇ ਖੇਤੀ ਦੇ ਸੁਨਿਹਰੇ ਭਵਿੱਖ ਲਈ ਵੀ ਕਾਮਨਾ ਕੀਤੀ। ਡਿਪਟੀ ਡਇਰੈਕਟਰ ਕਿ੍ਰਸ਼ੀ ਵਿਗਿਆਨ ਕੇਂਦਰ ਬਠਿੰਡਾ ਡਾ. ਗੁਰਦੀਪ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਪਰਾਲੀ ਸਾਂਭ ਸੰਭਾਲ ਸਬੰਧੀ ਕਿ੍ਰਸ਼ੀ ਵਿਗਿਆਨ ਕੇਂਦਰ ਦੀਆਂ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਨਿਰਦੇਸ਼ਕ, ਖੇਤਰੀ ਖੋਜ ਕੇਂਦਰ, ਬਠਿੰਡਾ ਡਾ. ਪਰਮਜੀਤ ਸਿੰਘ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫਾਰਿਸ਼ ਕਿਸਮਾਂ ਦੀ ਹੀ ਕਾਸ਼ਤ ਕਰਨ। ਇਸ ਕਿਸਾਨ ਮੇਲੇ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਵੱਖ-ਵੱਖ ਅਦਾਰਿਆਂ ਦੇ ਨੁਮਾਇੰਦਿਆਂ ਨੇ ਆਪਣੇ ਤਕਨੀਕੀ ਭਾਸ਼ਣਾਂ ਰਾਹੀਂ ਕਿਸਾਨ ਵੀਰਾਂ ਅਤੇ ਬੀਬੀਆਂ ਨੂੰ ਪਾਣੀ, ਧਰਤੀ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਖੇਤੀਬਾੜੀ ਅਤੇ ਪਰਾਲੀ ਪ੍ਰਬੰਧ ਕਰਨ ਵਾਲੇ ਵੱਖ-ਵੱਖ ਸਹਾਇਕ ਕਿੱਤਿਆਂ ਵਿੱਚ ਮੁਹਾਰਤ ਹਾਸਲ ਕਰ ਚੁੱਕੇ 20 ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੇਲੇ ਦੌਰਾਨ ਅਗਾਂਹਵਧੂ ਕਿਸਾਨਾਂ/ਕਿਸਾਨ ਬੀਬੀਆਂ ਅਤੇ ਖੇਤੀਬਾੜੀ ਨਾਲ ਸੰਬੰਧਿਤ ਵੱਖ-ਵੱਖ ਅਦਾਰਿਆ ਵੱਲੋਂ ਸਟਾਲਾਂ ਵੀ ਲਗਾਈਆਂ ਗਈਆਂ। ਮੇਲੇ ਵਿੱਚ 500 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ। ਕਿਸਾਨ ਮੇਲੇ ਵਿੱਚ ਭਾਗ ਲੈਣ ਵਾਲੇ ਕਿਸਾਨਾਂ ਨੂੰ ਫਲਦਾਰ ਬੂਟੇ ਵੀ ਮੁੱਹਈਆ ਕਰਵਾਏ ਗਏ।
ਇੰਡੀਅਨ ਆਇਲ ਅਤੇ ਹਿੰਦੁਸਤਾਨ ਪੈਟਰੋਲੀਅਮ ਨੇ ਸਾਂਝੀ ਮੌਕ ਡਰਿੱਲ ਕਰਵਾਈ
ਸੁਖਜਿੰਦਰ ਮਾਨ
ਬਠਿੰਡਾ, 20 ਅਕਤੂਬਰ : ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਵੱਲੋਂ ਸਾਂਝੇ ਤੌਰ ਤੇ ਉੱਤਰੀ ਖੇਤਰ ਦੀ ਤੇਲ ਪਾਈਪਲਾਈਨ ਦੇ ਸਬੰਧ ਵਿੱਚ ਜਿਲਾ ਪ੍ਰਸ਼ਾਸਨ ਨਾਲ ਮਿਲਕੇ ਐਮਰਜੈਂਸੀ ਹਾਲਾਤ ਨਾਲ ਨਿਜਠਣ ਲਈ ਤਹਿਸੀਲਦਾਰ ਤਲਵੰਡੀ ਸਾਬੋ ਸ਼੍ਰੀਮਤੀ ਤਨਵੀਰ ਸੰਧੂ ਦੀ ਅਗਵਾਈ ਵਿੱਚ ਲੈਵਲ-3 ਮੌਕ ਡਰਿੱਲ ਪਿੰਡ ਗਹਿਰੀ ਭਾਗੀ ਵਿਖੇ ਕਰਵਾਈ ਗਈ । ਇਸ ਮੌਕ ਡਰਿੱਲ ਵਿੱਚ ਐਨ.ਡੀ.ਆਰ.ਐਫ. ਵੱਲੋਂ ਵੀ ਸਹਿਯੋਗ ਕੀਤਾ ਗਿਆ । ਤਹਿਸੀਲਦਾਰ ਤਲਵੰਡੀ ਸਾਬੋ ਸ਼੍ਰੀਮਤੀ ਤਨਵੀਰ ਸੰਧੂ ਦੁਆਰਾ ਮੌਕ ਡਰਿੱਲ ਦਾ ਉਦਘਾਟਨ ਕੀਤਾ ਗਿਆ ਅਤੇ ਆਈ.ੳ.ਸੀ.ਐਲ. ਅਤੇ ਐਚ.ਪੀ. ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਕੀਤੀ । ਉਹਨਾਂ ਵਿਸ਼ਵਾਸ ਦੁਆਇਆ ਕਿ ਤੇਲ ਪਾਈਪਲਾਈਨ ਦੀ ਸੁਰੱਖਿਆ ਲਈ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ ।ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਬਠਿੰਡਾ ਦੇ ਮੁੱਖ ਸੰਚਾਲਕ ਸ਼੍ਰੀ ਅੰਕਿਤ ਗਰਗ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਦੇ ਮੁੱਖ ਸੰਚਾਲਕ ਅਜੈ ਸਰੋਆ ਨੇ ਦੱਸਿਆ ਕਿ ਇਹ ਪਾਈਪਲਾਈਨ ਇੱਕ ਰਾਸ਼ਟਰੀ ਸੰਪਤੀ ਹੈ । ਇਸਦੀ ਰੱਖਿਆ ਲਈ ਜਿਲਾ ਪੱਧਰ ਤੇ ਇਸ ਤਰਾਂ ਦੀਆਂ ਮੌਕ ਡਰਿੱਲ ਭਵਿੱਖ ਵਿੱਚ ਕਰਵਾਈਆਂ ਜਾਣਗੀਆਂ । ਉਹਨਾਂ ਦੱਸਿਆ ਕਿ ਇਹ ਤੇਲ ਪਾਈਪਲਾਈਨ ਅਤਿਅੰਤ ਜਲਨਸ਼ੀਲ ਪੈਟਰੋਲੀਅਮ ਪਦਾਰਥ ਦਾ ਸੁਰੱਖਿਅਤ ਰੂਪ ਵਿੱਚ ਸਪਲਾਈ ਕਰਦੀ ਹੈ । ਉਹਨਾਂ ਕਿਹਾ ਕਿ ਅਸਮਾਜਿਕ ਤੱਤਾਂ ਦੁਆਰਾ ਤੇਲ ਪਾਈਪਲਾਈਨ ਨਾਲ ਕੀਤੀ ਛੇੜਛਾੜ ਭਾਰੀ ਮਾਤਰਾ ਵਿੱਚ ਜਾਨ ਮਾਲ ਦਾ ਨੁਕਸਾਨ ਕਰ ਸਕਦੀ ਹੈ । ਇਸ ਤਰਾਂ ਦੀ ਘਟਨਾ ਮੌਕੇ ਆਫਤ ਪ੍ਰਬੰਧਨ ਅਭਿਆਸ ਨਾਲ ਘੱਟ ਤੋਂ ਘੱਟ ਨੁਕਸਾਨ ਹੁੰਦਾ ਹੈ । ਪੀ ਐਂਡ ਐਮਪੀ ਐਕਟ ਤਹਿਤ ਇਸ ਤਰਾਂ ਪਾਈਪਲਾਈਨ ਨੂੰ ਨੁਕਸਾਨ ਪਹੁੰਚਾਉਣ ਤੇ ਉਮਰਕੈਦ ਜਾਂ ਮੌਤ ਦੀ ਸਜਾ ਦਾ ਕਾਨੂੰਨ ਹੈ । ਪੁਲਿਸ ਦੁਆਰਾ ਕਿਸੇ ਵੀ ਅਪਰਾਧੀ ਨੂੰ ਗੈਰ ਜਮਾਨਤੀ ਗਿ੍ਰਫਤਾਰੀ ਦਾ ਪ੍ਰਬੰਧ ਹੈ । ਉਹਨਾਂ ਮੌਕੇ ਤੇ ਮੌਜੂਦ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੇਲ ਪਾਈਪਲਾਈਨ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਕਿਸੇ ਸਰਾਰਤੀ ਅਨਸਰ ਦਾ ਪਤਾ ਲੱਗਦਾ ਹੈ ਤਾਂ ਇਸ ਦੀ ਸੂਚਨਾ ਹਿੰਦੁਸਤਾਨ ਪੈਟਰੋਲੀਅਮ ਦੇ ਟੋਲ ਫਰੀ ਨੰਬਰ 1800-180-1340 ਤੇ ਦੇ ਸਕਦੇ ਹਨ ।
ਬਾਬਾ ਫ਼ਰੀਦ ਕਾਲਜ ਵਿਖੇ “ਗਣਿਤ ਵਿੱਚ ਉੱਚ ਅਧਿਐਨ ਦੀ ਮਹੱਤਤਾ‘‘ ਬਾਰੇ ਅਲੂਮਨੀ ਗੱਲਬਾਤ ਹੋਈ
ਸੁਖਜਿੰਦਰ ਮਾਨ
ਬਠਿੰਡਾ , 20 ਅਕਤੂਬਰ : ਬਾਬਾ ਫ਼ਰੀਦ ਕਾਲਜ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਕਸਰ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਆਯੋਜਨ ਕਰਦਾ ਹੈ। ਇਸੇ ਤਰ੍ਹਾਂ ਬਾਬਾ ਫ਼ਰੀਦ ਕਾਲਜ ਦੇ ਗਣਿਤ ਵਿਭਾਗ ਨੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ‘ਤੇ ਅਲੂਮਨੀ ਗੱਲਬਾਤ ਦਾ ਆਯੋਜਨ ਕੀਤਾ। ਇਹ ਗੱਲਬਾਤ ਕਰਨ ਲਈ ਬਾਬਾ ਫ਼ਰੀਦ ਕਾਲਜ ਦੀ ਐਮ.ਐਸ.ਸੀ. ਮੈਥੇਮੈਟਿਕਸ (ਬੈਚ 2015-17) ਤੋਂ ਸਾਬਕਾ ਵਿਦਿਆਰਥਣ (ਅਲੂਮਨੀ) ਸ਼੍ਰੀਮਤੀ ਅਮਨਦੀਪ ਕੌਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਜੋ ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਮੈਥ ਮਿਸਟਰੈਸ ਵਜੋਂ ਕੰਮ ਕਰ ਰਹੀ ਹੈ। ਇਸ ਇੰਟਰਐਕਟਿਵ ਸੈਸ਼ਨ ਵਿੱਚ ਬੀ.ਐਸ.ਸੀ. ਆਨਰਜ਼ (ਮੈਥੇਮੈਟਿਕਸ) ਸਮੈਸਟਰ ਪੰਜਵਾਂ ਦੇ ਵਿਦਿਆਰਥੀ ਸ਼ਾਮਲ ਹੋਏ। ਇਸ ਭਾਸ਼ਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਬੀ.ਐਸ.ਸੀ. ਤੋਂ ਬਾਅਦ ਕੈਰੀਅਰ ਦੇ ਵਿਕਲਪਾਂ ਬਾਰੇ ਮਾਰਗ ਦਰਸ਼ਨ ਕਰਨਾ ਅਤੇ ਉਨ੍ਹਾਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਦੀ ਮਹੱਤਤਾ ਬਾਰੇ ਦੱਸਣਾ ਸੀ । ਇਸ ਗੱਲਬਾਤ ਦਾ ਇੱਕ ਉਦੇਸ਼ ਪ੍ਰਤੀਯੋਗੀ ਪ੍ਰੀਖਿਆਵਾਂ ਨਾਲ ਸਬੰਧਿਤ ਕੈਰੀਅਰ ਦੇ ਮੌਕਿਆਂ ਬਾਰੇ ਗਿਆਨ ਸਾਂਝਾ ਕਰਨਾ ਵੀ ਸੀ। ਅਲੂਮਨੀ ਵਿਦਿਆਰਥੀਆਂ ਦੇ ਭਾਸ਼ਣ ਪ੍ਰੋਗਰਾਮ ਦਾ ਵਿਚਾਰ ਸੱਚਮੁੱਚ ਸ਼ਲਾਘਾਯੋਗ ਹੈ। ਇਹ ਮੌਜੂਦਾ ਵਿਦਿਆਰਥੀਆਂ ਅਤੇ ਪਾਸ ਆਊਟ ਹੋ ਚੁੱਕੇ ਵਿਦਿਆਰਥੀਆਂ ਵਿਚਕਾਰ ਇੱਕ ਵਿਸ਼ੇਸ਼ ਬੰਧਨ ਬਣਾਉਂਦਾ ਹੈ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਅਨੁਭਵ ਬਾਰੇ ਜਾਣਨ ਦਾ ਮੌਕਾ ਵੀ ਦਿੰਦਾ ਹੈ।ਸ਼੍ਰੀਮਤੀ ਅਮਨਦੀਪ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਅਤੇ ਆਪਣੀ ਗੱਲ ਦੀ ਸ਼ੁਰੂਆਤ ਸਵੈ-ਪਛਾਣ ਨਾਲ ਕੀਤੀ ਅਤੇ ਬਾਬਾ ਫ਼ਰੀਦ ਕਾਲਜ ਵਿੱਚ ਐਮ.ਐਸ.ਸੀ. (ਮੈਥੇਮੈਟਿਕਸ) ਦੀ ਸਾਬਕਾ ਵਿਦਿਆਰਥੀ ਵਜੋਂ ਆਪਣੇ ਅਨੁਭਵ ਬਾਰੇ ਦੱਸਿਆ। ਸ਼੍ਰੀਮਤੀ ਅਮਨਦੀਪ ਕੌਰ ਨੇ ਪੇਸ਼ੇਵਰ ਹੁਨਰ ਦੇ ਨਾਲ ਸਰਕਾਰੀ ਖੇਤਰ ਵਿੱਚ ਦਾਖਲ ਹੋਣ ਲਈ ਲੋੜੀਂਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਬਾਰੇ ਵੀ ਪੂਰੀ ਜਾਣਕਾਰੀ ਪ੍ਰਦਾਨ ਕੀਤੀ। ਅੰਤ ਵਿੱਚ ਫੈਕਲਟੀ ਆਫ਼ ਕੰਪਿਊਟੇਸ਼ਨਲ ਐਂਡ ਮੈਥੇਮੈਟੀਕਲ ਸਾਇੰਸਜ਼ ਤੋਂ ਗਣਿਤ ਵਿਭਾਗ ਦੇ ਮੁਖੀ ਸ਼੍ਰੀ ਨਵਨੀਤ ਗਰਗ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਸ਼੍ਰੀਮਤੀ ਅਮਨਦੀਪ ਕੌਰ ਨੂੰ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਦੇ ਪਿ੍ਰੰਸੀਪਲ ਡਾ. ਮਨੀਸ਼ ਬਾਂਸਲ ਨੇ ਗਣਿਤ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਡੀ ਟੀ ਐਫ ਬਠਿੰਡਾ ਦੀ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਲਈ ਹੋਈ ਮੀਟਿੰਗ
ਪੰਜਾਬ ਸਰਕਾਰ ਤੋਂ ਡੀ ਏ ਤੁਰੰਤ ਜਾਰੀ ਕਰਨ ਦੀ ਕੀਤੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 20 ਅਕਤੂਬਰ: ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲਾ ਇਕਾਈ ਦੀ ਮੀਟਿੰਗ ਜ਼ਿਲਾ ਪ੍ਰਧਾਨ ਰੇਸ਼ਮ ਸਿੰਘ ਦੀ ਅਗਵਾਈ ਵਿੱਚ ਟੀਚਰਜ਼ ਹੋਮ ਬਠਿੰਡਾ ਵਿਖੇ ਹੋਈ ।ਜ਼ਿਲ੍ਹਾ ਸਕੱਤਰ ਬਲਜਿੰਦਰ ਸਿੰਘ ਨੇ ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਡੈਮੋਕਰੈਟਿਕ ਟੀਚਰਜ ਪੰਜਾਬ ਦੀਆਂ ਪੰਜਾਬ ਪੱਧਰ ਉੱਪਰ ਜਥੇਬੰਦਕ ਚੋਣਾਂ ਚੱਲ ਰਹੀਆਂ ਹਨ ।ਜਿਲ੍ਹਾ ਬਠਿੰਡਾ ਦੇ ਸੱਤਾਂ ਬਲਾਕਾਂ ਦੀਆਂ ਚੋਣਾਂ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ।ਜ਼ਿਲ੍ਹਾ ਕਮੇਟੀ ਦੀ ਮੀਟਿੰਗ ਵਿੱਚ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਕਰਨ ਲਈ ਜ਼ਿਲ੍ਹਾ ਪ੍ਰਤੀਨਿਧ ਕੌਂਸਲ ਦਾ ਚੋਣ ਇਜਲਾਸ ਮਿਤੀ 08 ਨਵੰਬਰ 22 ਨੂੰ 12:30 ਵਜੇ ਟੀਚਰਜ਼ ਹੋਮ ਬਠਿੰਡਾ ਦੇ ਈਸੜੂ ਹਾਲ ਵਿਚ ਕਰਨ ਦਾ ਫੈਸਲਾ ਲਿਆ ਹੈ।ਇਸ ਇਜਲਾਸ ਵਿਚ ਸਾਰੀਆਂ ਬਲਾਕ ਕਮੇਟੀਆਂ ਦੇ ਬਲਾਕ ਕਮੇਟੀ ਮੈਂਬਰ ਹਾਜ਼ਰ ਹੋਣਗੇ ਜੋ ਆਪਣੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਸਕੱਤਰ ਸਮੇਤ ਸੱਤ ਜਿਲ੍ਹਾ ਅਹੁਦੇਦਾਰਾਂ ਦੀ ਚੋਣ ਕਰਨਗੇ ।ਜ਼ਿਲ੍ਹਾ ਕਮੇਟੀ ਦੇ ਮੀਤ ਪ੍ਰਧਾਨ ਪਰਵਿੰਦਰ ਸਿੰਘ,ਸੂਬਾ ਵਿੱਤ ਸਕੱਤਰ ਜਸਵਿੰਦਰ ਬਠਿੰਡਾ ਅਤੇ ਵਿੱਤ ਸਕੱਤਰ ਅਨਿਲ ਭੱਟ ਨੇ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਤੁਰੰਤ ਮੁਲਾਜ਼ਮਾਂ ਦੀਆਂ ਮਹਿੰਗਾਈ ਭੱਤੇ ਦੀਆਂ ਰਹਿੰਦੀਆਂ 6%ਅਤੇ ਜੁਲਾਈ 2022 ਦੀ ਪੈਡਿੰਗ 4% ਮਹਿੰਗਾਈ ਭੱਤੇ ਸਮੇਤ ਕੁੱਲ 10 ਫੀਸਦੀ ਮਹਿੰਗਾਈ ਭੱਤਾ ਤੁਰੰਤ ਜਾਰੀ ਕਰਕੇ ਅੰਤਾਂ ਦੀ ਮਹਿੰਗਾਈ ਤੋਂ ਮੁਲਾਜਮਾਂ ਨੂੰ ਰਾਹਤ ਦੇਵੇ। ਜਥੇਬੰਦੀ ਵੱਲੋਂ ਪੰਜਾਬ ਸਰਕਾਰ ਤੋਂ ਪੁਰਾਣੀ ਪੈਨਸ਼ਨ ਬਹਾਲ ਕਰਕੇ ਆਪਣਾ ਚੋਣ ਵਾਅਦਾ ਪੂਰਾ ਕਰਨ ਲਈ ਕਿਹਾ ਗਿਆ । ਬਲਾਕ ਪ੍ਰਧਾਨ ਵਿਕਾਸ ਗਰਗ ਕੁਲਵਿੰਦਰ ਵਿਰਕ, ਅਸ਼ਵਨੀ ਭੁੱਚੋ ਮੰਡੀ, ਭੋਲਾ ਰਾਮ ਤਲਵੰਡੀ, ਭੁਪਿੰਦਰ ਮਾਇਸਰਖਾਨਾ ਨੇ ਕਿਹਾ ਕਿ ਕੰਪਿਊਟਰ ਅਧਿਆਪਕਾਂ ਨੂੰ ਬਿਨਾਂ ਸ਼ਰਤ ਸਾਰੀ ਨਿਭਾਈ ਗਈ ਸੇਵਾ ਦਾ ਲਾਭ ਦਿੰਦਿਆਂ ਸਿੱਖਿਆ ਵਿਭਾਗ ਵਿੱਚ ਪੰਜਾਬ ਸਰਕਾਰ ਰੈਗੂਲਰ ਕਰੇ । ਓ. ਐੱਲ. ਡੀ. ਯੂਨੀਵਰਸਿਟੀ ਵਾਲੇ ਅਧਿਆਪਕਾਂ ਨੂੰ ਰੈਗੂਲਰ ਕਰੇ।ਈ ਟੀ ਟੀ ਦੇ ਰਹਿੰਦੇ 180ਅਧਿਆਪਕਾਂ ਤੋਂ ਕੇਂਦਰ ਦੇ ਸੱਤਵੇਂ ਪੇ ਕਮਿਸ਼ਨ ਦੀ ਸ਼ਰਤ ਹਟਾ ਕੇ ਬਾਕੀ ਅਧਿਆਪਕਾਂ ਵਾਂਗ ਇਕਸਾਰ ਤਨਖਾਹ ਨਿਯਮ ਲਾਗੂ ਕਰਨ ਦੀ ਮੰਗ ਪੂਰੇ ਜ਼ੋਰ ਸਰਕਾਰ ਨੂੰ ਪੂਰਾ ਕਰਨ ਦੀ ਮੰਗ ਕੀਤੀ ।ਮੀਟਿੰਗ ਵਿੱਚ ਸੰਗਰੂਰ ਵਿਖੇ ਚੱਲ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਅਤੇ ਮਨਿਸਟਰੀਅਲ ਕਾਮਿਆਂ ਦੀ ਕਲਮ ਛੋੜ ਅਤੇ ਕੰਪਿਊਟਰ ਬੰਦ ਰੱਖਣ ਦੀ ਹਡਤਾਲ ਦੀ ਪੂਰਨ ਹਮਾਇਤ ਦਾ ਮਤਾ ਪਾਸ ਕੀਤਾ ਗਿਆ।ਮੀਟਿੰਗ ਵਿਚ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਗੁਰਜਿੰਦਰ ਸਿੰਘ ਅਸ਼ਵਨੀ ਕੁਮਾਰ ਕੋਟਲੀ,ਜਗਦੀਪ ਸਿੰਘ ਮਾਨ, ਰਤਨਜੋਤ ਸ਼ਰਮਾ ਅਤੇ ਸ਼ਹਿਬਵੀਰ ਸਿੰਘ ਹਾਜ਼ਰ ਸਨ ।
ਮੇਅਰ ਬੀੜਬਹਿਮਣ ਨੂੰ ਬਠਿੰਡਾ ਸ਼ਹਿਰੀ ਹਲਕੇ ਦਾ ਬਣਾਇਆ ਆਬਜਰਬਰ, ਆਗੂਆਂ ਨੇ ਦਿੱਤੀ ਵਧਾਈ
ਸੁਖਜਿੰਦਰ ਮਾਨ
ਬਠਿੰਡਾ, 20 ਅਕਤੂਬਰ :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਠਿੰਡਾ ਸ਼ਹਿਰੀ ਹਲਕੇ ਤੋਂ ਟਕਸਾਲੀ ਅਕਾਲੀ ਆਗੂ ਅਤੇ ਸਾਬਕਾ ਮੇਅਰ ਨਗਰ ਨਿਗਮ ਬਠਿੰਡਾ ਸ ਬਲਜੀਤ ਸਿੰਘ ਬੀੜ ਬਹਿਮਣ ਨੂੰ ਬਤੌਰ ਅਬਜਰਬਰ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਦੀ ਜਿੰਮੇਵਾਰੀ ਸੌਂਪੀ ਗਈ ਹੈ। ਅੱਜ ਬਠਿੰਡਾ ਸ਼ਹਿਰੀ ਹਲਕੇ ਨਾਲ ਸਬੰਧਤ ਸੀਨੀਅਰ ਅਕਾਲੀ ਆਗੂਆਂ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਨੂੰ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ ।ਇਸ ਮੌਕੇ ਲੀਡਰਸਿਪ ਨੇ ਕਿਹਾ ਕਿ ਇੱਕ ਪੁਰਾਣੇ ਤੇ ਟਕਸਾਲੀ ਅਕਾਲੀ ਆਗੂ ਨੂੰ ਅਹਿਮ ਜਿੰਮੇਵਾਰੀ ਦਿੱਤੀ ਹੈ ।ਉਨ੍ਹਾਂ ਉਮੀਦ ਜਾਹਰ ਕੀਤੀ ਕਿ ਉਨ੍ਹਾਂ ਦੀ ਨਿਯੁਕਤੀ ਨਾਲ ਆਉਣ ਵਾਲੀਆਂ ਚੋਣਾਂ ਵਿਚ ਪਾਰਟੀ ਨੂੰ ਵੱਡਾ ਫਾਇਦਾ ਮਿਲੇਗਾ ।ਇਸ ਮੌਕੇ ਬਲਜੀਤ ਸਿੰਘ ਬੀੜ ਬਹਿਮਣ ਨੇ ਪਾਰਟੀ ਹਾਈ ਕਮਾਂਡ ਅਤੇ ਬਠਿੰਡਾ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਿੱਤੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਮੋਹਿਤ ਗੁਪਤਾ, ਦਲਜੀਤ ਸਿੰਘ ਬਰਾੜ, ਚਮਕੌਰ ਸਿੰਘ ਮਾਨ ,ਬੀਬੀ ਜੋਗਿੰਦਰ ਕੌਰ ਖਾਲਸਾ, ਰਾਜਵਿੰਦਰ ਸਿੰਘ ਸਿੱਧੂ, ਨਿਰਮਲ ਸਿੰਘ ਸੰਧੂ, ਡਾ ਓਮ ਪ੍ਰਕਾਸ਼ ਸ਼ਰਮਾ, ਹਰਪਾਲ ਸਿੰਘ ਢਿੱਲੋਂ, ਮਨਮੋਹਨ ਕੂਕੂ, ਹਰਵਿੰਦਰ ਗੰਜੂ ,ਗੁਰਸੇਵਕ ਸਿੰਘ ਮਾਨ ,ਰਣਦੀਪ ਰਾਣਾ ਐਮ ਸੀ ,ਲਾਭ ਸਿੰਘ ਬੀ ਸੀ ਵਿੰਗ , ਗੁਰਬਚਨ ਸਿੰਘ ਖੁੱਬਣ, ਰਾਜਿੰਦਰ ਸਿੰਘ ਰਾਜੂ ਪਰਿੰਦਾ, ਦਰਸ਼ਨ ਸਿੰਘ ਰੁਮਾਣਾ ,ਸੁਖਦੇਵ ਸਿੰਘ ਗੁਰਥੜੀ, ਬਲਵਿੰਦਰ ਸਿੰਘ ਬੱਲੀ ,ਗੁਰਪ੍ਰੀਤ ਸਿੰਘ ਸੰਧੂ, ਰਵਿੰਦਰ ਸਿੰਘ ਚੀਮਾ, ਗੁਰਜੀਤ ਸਿੰਘ ਅਤੇ ਇਕਬਾਲ ਸਿੰਘ ਮਿਠੜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਤੇ ਵਰਕਰ ਹਾਜਰ ਸਨ । ਵਰਨਣਯੋਗ ਹੈ ਕਿ ਬਠਿੰਡਾ ਸ਼ਹਿਰੀ ਹਲਕੇ ਨਾਲ ਸਬੰਧਿਤ ਸੀਨੀਅਰ ਆਗੂਆਂ ਜਿਨ੍ਹਾਂ ਵਿਚ ਸ੍ਰੀ ਮੋਹਿਤ ਗੁਪਤਾ ਅਤੇ ਹਰਪਾਲ ਸਿੰਘ ਢਿੱਲੋਂ ਨੂੰ ਵਿਧਾਨ ਸਭਾ ਹਲਕਾ ਮਾਨਸਾ ,ਇਕਬਾਲ ਸਿੰਘ ਬਬਲੀ ਢਿੱਲੋਂ ਨੂੰ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਅਤੇ ਬਲਜੀਤ ਸਿੰਘ ਬੀੜ ਬਹਿਮਣ ਨੂੰ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦਾ ਅਬਜ਼ਰਵਰ ਨਿਯੁਕਤ ਕੀਤਾ ਹੈ । ਪ੍ਰੈੱਸ ਨੂੰ ਇਹ ਜਾਣਕਾਰੀ ਪਾਰਟੀ ਦੇ ਬੁਲਾਰੇ ਚਮਕੌਰ ਸਿੰਘ ਮਾਨ ਅਤੇ ਜਿਲ੍ਹਾ ਪ੍ਰੈਸ ਸਕੱਤਰ ਡਾ ਓਮ ਪ੍ਰਕਾਸ਼ ਸ਼ਰਮਾ ਵੱਲੋਂ ਦਿੱਤੀ ਗਈ।





