Sunday, May 17, 2026
Home Blog Page 2360

ਗੁਜਰਾਤ ਵਿੱਚ ਬਦਲਾਅ ਦੀਆਂ ਹਵਾਵਾਂ ਚੱਲ ਰਹੀਆਂ ਹਨ ਤੇ ਲੋਕ ਸਫ਼ਲਤਾ ਦੀ ਨਵੀਂ ਇਬਾਰਤ ਲਿਖਣ ਲਈ ਕਾਹਲੇ: ਮੁੱਖ ਮੰਤਰੀ

ਕਾਂਗਰਸ ਤੇ ਭਾਜਪਾ ਨੂੰ ਇੱਕੋ ਸਿੱਕੇ ਦੇ ਦੋ ਪਾਸੇ ਦੱਸਿਆ
ਪੰਜਾਬ ਵਿੱਚ ਕਰੀਬ 50 ਲੱਖ ਘਰਾਂ ਨੂੰ ਸਤੰਬਰ ਮਹੀਨੇ ਦਾ ਜ਼ੀਰੋ ਬਿਜਲੀ ਬਿੱਲ ਆਇਆ: ਭਗਵੰਤ ਮਾਨ
ਪੰਜਾਬੀ ਖਬਰਸਾਰ ਬਿਉਰੋ
ਰਾਜਕੋਟ (ਗੁਜਰਾਤ), 2 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਗੁਜਰਾਤ ਵਿੱਚ ਬਦਲਾਅ ਦੀਆਂ ਹਵਾਵਾਂ ਚੱਲ ਰਹੀਆਂ ਹਨ ਅਤੇ ਸੂਬੇ ਦੇ ਲੋਕ ਚੋਣਾਂ ਮਗਰੋਂ ਸਫ਼ਲਤਾ ਦੀਆਂ ਨਵੀਆਂ ਕਹਾਣੀਆਂ ਲਿਖਣਗੇ। ਗਊਆਂ ਦੀ ਸੰਭਾਲ ਦੀ ਗਰੰਟੀ ਦਿੰਦਿਆਂ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ ਦੇ ਲੋਕ ਵੀ ਉਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਜਿਹੜੀਆਂ 2022 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕ ਵੀ ਭੁਗਤ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗੁਜਰਾਤ ਬੇਹੱਦ ਗੰਭੀਰ ਖੇਤੀਬਾੜੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਸਕੂਲਾਂ ਤੇ ਹਸਪਤਾਲਾਂ ਦੀ ਹਾਲਤ ਖ਼ਰਾਬ ਹੈ ਅਤੇ ਸੜਕਾਂ ਬਦਤਰ ਹਾਲਤ ਵਿੱਚ ਹਨ। 2022 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਵੀ ਇਹੋ ਹਾਲਾਤ ਸਨ। ਭਗਵੰਤ ਮਾਨ ਨੇ ਕਿਹਾ ਕਿ ਹਾਲਾਤ ਤਾਂ ਹੀ ਬਦਲ ਸਕਦੇ ਹਨ, ਜੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਸੱਤਾ ਵਿੱਚ ਆਏਗੀ। ਕਾਂਗਰਸ ਤੇ ਭਾਜਪਾ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਉਨ੍ਹਾਂ ਕਿਹਾ ਕਿ ‘ਅਪਰੇਸ਼ਨ ਲੋਟਸ’ ਦੀ ਸਭ ਤੋਂ ਵੱਡੀ ਪੀੜਤ ਹੋਣ ਦੇ ਬਾਵਜੂਦ ਕਾਂਗਰਸ ਸੂਬਾਈ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਭਾਜਪਾ ਦੇ ਇਸ ਜਮਹੂਰੀਅਤ ਵਿਰੋਧੀ ਸਟੈਂਡ ਦੀ ਹਮਾਇਤ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਕਾਂਗਰਸ (ਆਈ) ਸੀ ਪਰ ਹੁਣ ਇਹ ਕਾਂਗਰਸ (ਭਾਜਪਾ) ਬਣ ਚੁੱਕੀ ਹੈ ਕਿਉਂਕਿ ਦੋਵਾਂ ਪਾਰਟੀਆਂ ਨੇ ਲੋਕਾਂ ਨੂੰ ਅਤੇ ਸੂਬੇ ਦੇ ਅਸਾਸਿਆਂ ਨੂੰ ਲੁੱਟਣ ਲਈ ਹੱਥ ਮਿਲਾ ਲਿਆ ਹੈ।
ਪੰਜਾਬ ਵਿੱਚ ਆਮ ਆਦਮੀ ਸਰਕਾਰ ਦੀਆਂ ਮਿਸਾਲੀ ਪਹਿਲਕਦਮੀਆਂ ਗਿਣਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਜੁਲਾਈ ਤੋਂ ਪੰਜਾਬ ਸਰਕਾਰ ਹਰੇਕ ਬਿੱਲ ਉਤੇ ਲੋਕਾਂ ਨੂੰ 600 ਯੂਨਿਟ ਬਿਜਲੀ ਮੁਫ਼ਤ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਵਜੋਂ ਕੁੱਲ 72.66 ਲੱਖ ਵਿੱਚੋਂ ਲਗਭਗ 50 ਲੱਖ ਘਰਾਂ ਨੂੰ ਸਤੰਬਰ ਮਹੀਨੇ ਦਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਹੈ, ਜੋ ਕੁੱਲ ਗਿਣਤੀ ਦਾ 68.81 ਫੀਸਦੀ ਬਣਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਪਿਛਲੇ ਛੇ ਮਹੀਨਿਆਂ ਵਿੱਚ ਹੁਣ ਤੱਕ 17 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮੁਹੱਈਆਂ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ, ਨੌਕਰੀਆਂ ਵਿੱਚ ਦਮਨਕਾਰੀ ਠੇਕੇਦਾਰੀ ਪ੍ਰਣਾਲੀ ਵਿਰੁੱਧ ਹੈ, ਜਿਸ ਕਾਰਨ ਸੂਬੇ ਵਿੱਚ 30 ਹਜ਼ਾਰ ਤੋਂ ਵੱਧ ਠੇਕੇ ਉਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਭਿ੍ਰਸ਼ਟਾਚਾਰ ਵਿਰੋਧੀ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਹੈ, ਜਿਸ ਦੀ ਮਦਦ ਨਾਲ ਭਿ੍ਰਸ਼ਟ ਤੱਤਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਇਮਾਨਦਾਰ ਸਰਕਾਰ ਹੀ ਅਜਿਹੀਆਂ ਮਿਸਾਲੀ ਤੇ ਲੋਕ ਪੱਖੀ ਪਹਿਲਕਦਮੀਆਂ ਕਰ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨਾਲ ਵਧੀਆ ਤਰੀਕੇ ਨਾਲ ਸਿੱਝਣ ਲਈ ਸੂਬਾ ਸਰਕਾਰ ਨੇ ਗਊ ਸੇਵਾ ਕਮਿਸ਼ਨ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਜਿੱਥੇ ਇਕ ਪਾਸੇ ਬੇਸਹਾਰਾ ਪਸ਼ੂਆਂ ਦੀ ਹਾਦਸਿਆਂ ਵਿੱਚ ਜਾਂਦੀ ਜਾਨ ਬਚਾਉਣਾ ਹੈ, ਉਥੇ ਦੂਜੇ ਪਾਸੇ ਗਊਆਂ ਦੀ ਸਾਂਭ-ਸੰਭਾਲ ਯਕੀਨੀ ਬਣਾਉਣਾ ਹੈ। ਭਗਵੰਤ ਮਾਨ ਨੇ ਕਿਹਾ ਕਿ ਗਊਆਂ ਦੀ ਭਲਾਈ ਲਈ ਗਊ ਸੈੱਸ ਦੀ ਤਰਕਸੰਗਤ ਵਰਤੋਂ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ।

ਜੌੜਾਮਾਜਰਾ ਨੇ ਜਾਂਚ ਕਮੇਟੀ ਨੂੰ ਪਠਾਨਕੋਟ ਘਟਨਾ ਦੀ ਰਿਪੋਰਟ ਮੰਗਲਵਾਰ ਤੱਕ ਸੌਂਪਣ ਦੇ ਹੁਕਮ ਦਿੱਤੇ

0

ਕਿਹਾ: ਹਸਪਤਾਲ ਸਟਾਫ ਦੀ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸਤ ਨਹੀਂ ਕੀਤੀ ਜਾਵੇਗੀ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 2 ਅਕਤੂਬਰ: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਚਾਰ ਮੈਂਬਰੀ ਜਾਂਚ ਕਮੇਟੀ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਵਾਪਰੀ ਦਰਦਨਾਕ ਘਟਨਾ ਦੀ ਰਿਪੋਰਟ ਮੰਗਲਵਾਰ ਤੱਕ ਸੌਂਪਣ ਦੇ ਹੁਕਮ ਦਿੱਤੇ ਹਨ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ. ਚੇਤਨ ਸਿੰਘ ਜੌੜਾਮਾਜਰਾ ਨੇ ਡਾ. ਰਾਜ ਕੁਮਾਰ- ਜ਼ਿਲ੍ਹਾ ਪਰਿਵਾਰ ਭਲਾਈ ਅਫਸਰ, ਡਾ. ਵੰਦਨਾ ਕੁੰਡਲ- ਡਿਪਟੀ ਮੈਡੀਕਲ ਕਮਿਸਨਰ, ਡਾ. ਹਰਨਵਨੀਤ- ਗਾਇਨੀਕੋਲੋਜਿਸਟ, ਡਾ. ਬਿੰਦੂ ਗੁਪਤਾ- ਸੀਨੀਅਰ ਮੈਡੀਕਲ ਅਫਸਰ ਆਦਿ ਚਾਰ ਮੈਂਬਰੀ ਕਮੇਟੀ ਮਾਮਲੇ ਦੀ ਜਾਂਚ ਲਈ ਗਠਿਤ ਕੀਤੀ ਸੀ। ਇਸ ਕਮੇਟੀ ਨੂੰ 4 ਅਕਤੂਬਰ ਤੱਕ ਆਪਣੀ ਜਾਂਚ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਗਏ ਹਨ। ਸਿਹਤ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਸਟਾਫ ਵੱਲੋਂ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ. ਜੌੜਾਮਾਜਰਾ ਨੇ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਨੇ ਸਿਹਤ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ, ਉਨ੍ਹਾਂ ਵੱਲੋਂ ਸਟਾਫ ਨੂੰ ਮਰੀਜ਼ਾਂ ਨਾਲ ਨਿਮਰਤਾ ਨਾਲ ਪੇਸ ਆਉਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਰਕਾਰੀ ਹਸਪਤਾਲਾਂ ਵਿੱਚ ਸੇਵਾਵਾਂ ਲੈਣ ਸਮੇਂ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੁਹਰਾਇਆ ਕਿ ਜੇਕਰ ਇਸ ਜਾਂਚ ਵਿੱਚ ਲਾਪ੍ਰਵਾਹੀ ਵਰਤਣ ਵਾਲੇ ਕਰਮਚਾਰੀ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਖ਼ਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸ. ਜੌੜਾਮਾਜਰਾ ਨੇ ਕਿਹਾ ਕਿ ਜਿਹੜੇ ਸਰਕਾਰੀ ਕਰਮਚਾਰੀ ਸੇਵਾ ਕਰਦੇ ਸਮੇਂ ਲਾਪਰਵਾਹੀ ਜਾਂ ਅਣਗਹਿਲੀ ਕਰਦੇ ਹਨ, ਉਨ੍ਹਾਂ ਲਈ ਸੇਵਾ ਨਿਯਮਾਂ ਅਨੁਸਾਰ ਸਜ਼ਾ ਦੀ ਵਿਵਸਥਾ ਪਹਿਲਾਂ ਹੀ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖ਼ਿਲਾਫ ਬਣਦੀ ਅਨੁਸਾਸਨੀ ਕਾਰਵਾਈ ਕੀਤੀ ਜਾਵੇਗੀ।

ਐਸ.ਏ.ਐਸ. ਨਗਰ ਵਿੱਚ ਉਸਾਰੀ ਜਾਵੇਗੀ ਉੱਤਰੀ ਭਾਰਤ ’ਚ ਆਪਣੇ ਕਿਸਮ ਦੀ ਪਹਿਲੀ ਸੁਪਰ ਈ.ਸੀ.ਬੀ.ਸੀ. ਅਨੁਕੂਲ ਇਮਾਰਤ: ਅਮਨ ਅਰੋੜਾ

0

ਅਗਲੇ 2 ਸਾਲਾਂ ਅੰਦਰ ਤਿਆਰ ਹੋ ਜਾਵੇਗੀ ਇਮਾਰਤ: ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਪੇਡਾ ਨੂੰ 1500 ਵਰਗ ਮੀਟਰ ਜ਼ਮੀਨ ਅਲਾਟ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ: 2 ਅਕਤੂਬਰ: ਊਰਜਾ ਦੀ ਸੁਚੱਜੀ ਸੰਭਾਲ ਨੂੰ ਉਤਸ਼ਾਹਿਤ ਕਰਨ ਅਤੇ ਇਮਾਰਤਾਂ ਵਿੱਚ ਊਰਜਾ ਕੁਸ਼ਲਤਾ ਨੂੰ ਦਰਸਾਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਸ.ਏ.ਐਸ ਨਗਰ (ਮੋਹਾਲੀ) ਵਿਖੇ ਸੁਪਰ ਐਨਰਜੀ ਕੰਜ਼ਰਵੇਸਨ ਬਿਲਡਿੰਗ ਕੋਡ (ਈ.ਸੀ.ਬੀ.ਸੀ.) ਅਨੁਕੂਲ ਇਮਾਰਤ ਉਸਾਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਮਾਰਤਾਂ ਵਿੱਚ ਊਰਜਾ ਕੁਸ਼ਲਤਾ ਨੂੰ ਦਰਸਾਉਣ ਲਈ ਸੈਕਟਰ-65, ਐਸ.ਏ.ਐਸ. ਨਗਰ ਵਿਖੇ ਸੁਪਰ ਈ.ਸੀ.ਬੀ.ਸੀ. ਇਮਾਰਤ ਦੀ ਉਸਾਰੀ ਲਈ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਪੇਡਾ ਨੂੰ 1500 ਵਰਗ ਮੀਟਰ ਜ਼ਮੀਨ ਅਲਾਟ ਕੀਤੀ ਗਈ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਇਮਾਰਤ ਨੂੰ ਅਗਲੇ 2 ਸਾਲਾਂ ਦੇ ਅੰਦਰ ਵਰਤੋਂ ਲਈ ਤਿਆਰ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੈਸਿਵ ਡਿਜ਼ਾਈਨ ਵਿਸ਼ੇਸ਼ਤਾਵਾਂ ਨਾਲ ਲੈਸ ਸੁਪਰ ਐਫੀਸ਼ੀਐਂਟ ਤਕਨਾਲੋਜੀਆਂ ਨੂੰ ਪ੍ਰਦਰਸ਼ਿਤ ਕਰਦੀ ਉੱਤਰੀ ਭਾਰਤ ਵਿੱਚ ਆਪਣੀ ਕਿਸਮ ਦੀ ਇਹ ਪਹਿਲੀ ਇਮਾਰਤ ਮਾਡਲ ਵਜੋਂ ਕੰਮ ਕਰੇਗੀ। ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਏ. ਵੇਣੂ ਪ੍ਰਸਾਦ ਨੇ ਦੱਸਿਆ ਕਿ ਸੁਪਰ ਈ.ਸੀ.ਬੀ.ਸੀ. ਅਨੁਕੂਲ ਇਮਾਰਤ ਦੀ ਪੇਸ਼ਕਾਰੀ ਵਿੱਚ ਸਾਰੀਆਂ ਅਤਿ-ਆਧੁਨਿਕ ਤਕਨੀਕਾਂ ਸ਼ਾਮਲ ਹੋਣਗੀਆਂ ਅਤੇ ਇਹ ਇਮਾਰਤ ਸੂਬੇ ਵਿੱਚ ਜਾਗਰੂਕਤਾ ਲਈ ਸਾਰੇ ਹਿੱਸੇਦਾਰਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਇੱਕ ਮਾਡਲ ਬਿਲਡਿੰਗ ਵਜੋਂ ਕੰਮ ਕਰੇਗੀ। ਪ੍ਰਸਤਾਵਿਤ ਸੁਪਰ ਐਨਰਜੀ ਐਫੀਸ਼ੀਐਂਟ ਬਿਲਡਿੰਗ ਦੇ ਡਿਜ਼ਾਈਨ ਅਤੇ ਨਿਰਮਾਣ ਦਾ ਖ਼ਰਚ ਬਿਊਰੋ ਆਫ ਐਨਰਜੀ ਐਫੀਸ਼ੈਂਸੀ (ਬੀ.ਈ.ਈ.) ਵੱਲੋਂ ਚੁੱਕਿਆ ਜਾਵੇਗਾ। ਪੇਡਾ ਦੇ ਮੁੱਖ ਕਾਰਜਕਾਰੀ ਡਾ. ਸੁਮੀਤ ਜਾਰੰਗਲ ਨੇ ਦੱਸਿਆ ਕਿ ਪੰਜਾਬ ਵਿੱਚ ਊਰਜਾ ਕੁਸ਼ਲਤਾ ਦੇ ਪ੍ਰਦਰਸ਼ਨ ਅਤੇ ਹੋਰ ਸਰਕਾਰੀ ਇਮਾਰਤਾਂ ਵਿੱਚ ਅਜਿਹੇ ਅਭਿਆਸ ਨੂੰ ਉਤਸ਼ਾਹਿਤ ਕਰਨ ਲਈ ਇਸ ਇਮਾਰਤ ਨੂੰ ਇੱਕ ਰੋਲ ਮਾਡਲ ਵਜੋਂ ਪੇਸ ਕਰਨ ਵਾਸਤੇ ਮਕਾਨ ਉਸਾਰੀ ਤੇ ਸਹਿਰੀ ਵਿਕਾਸ ਵਿਭਾਗ ਨੇ ਜਨਤਕ ਸੰਸਥਾਗਤ ਬੁਨਿਆਦੀ ਢਾਂਚੇ ਅਧੀਨ ਸੈਕਟਰ-65, ਐੱਸ.ਏ.ਐੱਸ. ਨਗਰ (ਮੋਹਾਲੀ) ਵਿੱਚ ਪੰਜਾਬ ਮੰਡੀ ਭਵਨ ਨੇੜੇ ਤਕਰੀਬਨ 1500 ਵਰਗ ਮੀਟਰ ਜ਼ਮੀਨ ਅਲਾਟ ਕੀਤੀ ਹੈ।ਜ਼ਿਕਰਯੋਗ ਹੈ ਕਿ ਬੀ.ਈ.ਈ. ਦੇ ਦਿਸਾ ਨਿਰਦੇਸਾਂ ਤਹਿਤ ਐਨਰਜੀ ਕੰਜਰਵੇਸਨ ਐਕਟ-2001 ਨੂੰ ਲਾਗੂ ਕਰਨ ਅਤੇ ਤਾਲਮੇਲ ਵਾਸਤੇ ਪੇਡਾ ਪੰਜਾਬ ਸਰਕਾਰ ਦੀ ਇੱਕ ਪ੍ਰਵਾਨਿਤ ਏਜੰਸੀ ਹੈ।

ਸਿਹਤ ਵਿਭਾਗ ਵੱਲੋਂ ਰੈਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਪ੍ਰਧਾਨ ਮੰਤਰੀ ਟੀ.ਬੀ. ਮੁਕਤ ਭਾਰਤ ਅਭਿਆਨ

0

2025 ਤੱਕ ਪੰਜਾਬ ਅਤੇ ਜਿਲ੍ਹਾ ਬਠਿੰਡਾ ਨੂੰ ਟੀ.ਬੀ. ਮੁਕਤ ਕਰਨ ਦਾ ਟੀਚਾ: ਡਾ. ਤੇਜਵੰਤ
ਸੁਖਜਿੰਦਰ ਮਾਨ
ਬਠਿੰਡਾ, 2 ਅਕਤੂਬਰ:ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਵੱਧ ਹੈ ਅਤੇ ਬੀਮਾਰੀਆਂ ਨੂੰ ਕੰਟਰੋਲ ਅਤੇ ਖਤਮ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧ ਵਿਚ ਟੀ.ਬੀ. ਨੂੰ ਸਮਾਜ ਵਿੱਚੋਂ 2025 ਤੱਕ ਖਤਮ ਕਰਨ ਦੇ ਟੀਚੇ ਨਾਲ ਭਾਰਤ ਦੇ ਰਾਸ਼ਟਰਪਤੀ ਵੱਲੋਂ ਪ੍ਰਧਾਨ ਮੰਤਰੀ ਟੀ.ਬੀ. ਮੁਕਤ ਭਾਰਤ ਅਭਿਆਨ ਸ਼ੁਰੂ ਕੀਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਅੱਜ ਗਾਂਧੀ ਜੈਯੰਤੀ ਦੇ ਮੌਕੇ ਤੇ ਰੈਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਜਿਲ੍ਹਾ ਬਠਿੰਡਾ ਵਿੱਚ ਵੀ ਪ੍ਰਧਾਨ ਮੰਤਰੀ ਟੀ.ਬੀ. ਮੁਕਤ ਭਾਰਤ ਅਭਿਆਨ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਅੱਜ ਜੀ.ਐਨ.ਐਮ. ਟ੍ਰੇਨਿੰਗ ਸਕੂਲ ਵਿੱਚ ਸਮਾਗਮ ਕੀਤਾ ਗਿਆ। ਇਸ ਸਮੇਂ ਡਾ ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਸ਼ ਦੇ ਰਾਸ਼ਟਰਪਤੀ ਵੱਲੋਂ ਰਾਜਾਂ ਦੇ ਗਵਰਨਰਾਂ ਦੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਦੇਸ਼ ਦੀਆਂ ਸਮਾਜ ਸੇਵੀ ਸੰਸਥਾਵਾਂ, ਨਿੱਜੀ ਲੋਕ, ਦੇਸ਼ ਦੇ ਚੁਣੇ ਹੋਏ ਨੁਮਾਇੰਦੇ, ਕਾਰਪੋਰੇਟ ਘਾਰਾਣੇ, ਦਾਨੀ ਸੱਜਣਾਂ ਅਤੇ ਹੋਰ ਸੰਸਥਾਵਾਂ ਵੱਲੋਂ ਟੀ.ਬੀ. ਦੀ ਦਵਾਈ ਲੈ ਰਹੇ ਸਾਰੇ ਮਰੀਜਾਂ ਲਈ ਹਰ ਮਹੀਨੇ ਮੁਫ਼ਤ ਖੁਰਾਕ ਦੇਣ ਲਈ ਨਿਕਸ਼ੇ ਮਿੱਤਰਾ ਬਨਾਏ ਜਾਣੇ ਹਨ ਅਤੇ ਜਿਹੜਾ ਵਿਅਕਤੀ ਕਿਸੇ ਮਰੀਜ਼ ਨੂੰ ਖੁਰਾਕ ਦੇਣ ਦੀ ਜਿੰਮੇਵਾਰੀ ਲਵੇਗਾ ਉਹ ਹਰ ਮਹੀਨੇ ਟੀ.ਬੀ. ਦੇ ਮਰੀਜ਼ ਨੂੰ ਇਹ ਖੁਰਾਕ ਘੱਟੋ ਘੱਟ ਛੇ ਮਹੀਨੇ ਤੱਕ ਦੇਵੇਗਾ, ਜਿਸ ਨਾਲ ਨੈਸ਼ਨਨ ਟੀ.ਬੀ. ਇਲੈਮੀਨੇਸ਼ਨ ਪ੍ਰੌਗਰਾਮ ਨੂੰ ਕਾਮਯਾਬ ਕਰਨ ਅਤੇ ਦੇਸ਼ ਨੂੰ ਟੀ.ਬੀ. ਮੁਕਤ ਕਰਨ ਵਿਚ ਮਦਦ ਮਿਲੇਗੀ। ਉਹਨਾਂ ਦੱਸਿਆ ਕਿ ਪਹਿਲਾਂ ਵੀ ਸਰਕਾਰ ਟੀ.ਬੀ. ਦੇ ਮਰੀਜਾਂ ਨੂੰ 500 ਰੁਪਏ ਪ੍ਰਤੀ ਮਹੀਨਾ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਖੁਰਾਕ ਖਾਣ ਲਈ ਦੇ ਰਹੀ ਹੈ। ਇਹ 500 ਰੁਪਏ ਪ੍ਰਤੀ ਮਹੀਨੇ ਦੀ ਮੱਦਦ ਵੀ ਜ਼ਾਰੀ ਰਹੇਗੀ। ਡਾ ਤੇਜਵੰਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਵਿੱਚ ਅੱਜ ਪ੍ਰਧਾਨ ਮੰਤਰੀ ਟੀ.ਬੀ. ਮੁਕਤ ਭਾਰਤ ਅਭਿਆਨ ਦੇ ਤਹਿਤ ਸ੍ਰੀ ਦਰਸ਼ਨ ਲਾਲ ਸੈਕਟਰੀ ਰੈਡ ਕਰਾਸ ਅਤੇ ਰੈਡ ਕਰਾਸ ਸੋਸਾਇਟੀ ਦੀ ਸਮੁੱਚੀ ਟੀਮ ਵੱਲੋਂ ਜਿਲ੍ਹਾ ਬਠਿੰਡਾ ਦੇ ਟੀ.ਬੀ. ਦੇ 110 ਮਰੀਜਾਂ ਨੂੰ ਖੁਰਾਕ ਕਿੱਟਾਂ ਵੰਡੀਆਂ ਗਈਆ। ਡਾ ਢਿੱਲੋਂ ਨੇ ਦੱਸਿਆ ਕਿ ਜਿਲ੍ਹਾ ਬਠਿੰਡਾ ਵਿੱਚ ਟੀ.ਬੀ. ਦੇ 1968 ਮਰੀਜ਼ ਹਨ। ਬਾਕੀ ਰਹਿੰਦੇ ਮਰੀਜਾਂ ਨੂੰ ਜਲਦੀ ਹੀ ਵੱਖ ਵੱਖ ਸੰਸਥਾਵਾਂ ਜਾਂ ਨਿੱਜੀ ਲੋਕਾਂ ਵੱਲੋਂ ਨਿਕਸ਼ੇ ਮਿੱਤਰਾ ਪ੍ਰੋਗ੍ਰਾਮ ਅਧੀਨ ਸਵੀਕਾਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਜੋ ਮਰੀਜ ਟੀ.ਬੀ. ਦੀ ਦਵਾਈ ਖਾ ਰਹੇ ਹਨ ਉਨ੍ਹਾ ਵਿਚ ਅਕਸਰ ਕਮਜ਼ੋਰੀ ਆ ਜਾਂਦੀ ਹੈ ਜਿਸ ਕਾਰਨ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੇ। ਜੇਕਰ ਟੀ.ਬੀ. ਦੇ ਮਰੀਜ਼ ਨੂੰ ਦਵਾਈ ਦੇ ਨਾਲ ਨਾਲ ਪੂਰੀ ਅਤੇ ਸੰਤੁਲਤ ਖੁਰਾਕ ਮਿਲ ਜਾਵੇ ਤਾਂ ਉਹ ਜਲਦੀ ਅਤੇ ਪੱਕੇ ਤੌਰ ਤੇ ਠੀਕ ਹੋ ਜਾਂਦਾ ਹੈ। ਇਸ ਨੂੰ ਦੇਖਦੇ ਹੋਏ ਇਹ ਅਭਿਆਨ ਸ਼ੁਰੂ ਕੀਤਾ ਗਿਆ ਹੇੈ।ਇਸ ਸਮੇਂ ਸ੍ਰੀ ਦਰਸ਼ਨ ਲਾਲ ਸੈਕਟਰੀ ਰੈਡ ਕਰਾਸ ਅਤੇ ਸਮੁੱਚੀ ਟੀਮ, ਸ੍ਰੀ ਹਰੀਸ਼ ਜਿੰਦਲ, ਵਿਨੋਦ ਖੁਰਾਣਾ, ਬਲਦੇਵ ਸਿੰਘ, ਟੀ.ਬੀ. ਵਿਭਾਗ ਦੀ ਸਮੁੱਚੀ ਟੀਮ ਹਾਜ਼ਰ ਸੀ।

ਲੇਖਕ ਬਲਦੇਵ ਸਿੰਘ ਸੜਕਨਾਮਾ ਦੇ ਨਵੇਂ ਨਾਵਲ ‘ ਜਿਊਣਾ ਮੋੜ’ ਤੇ ਸੰਵਾਦ ਰਚਾਇਆ

ਸੁਖਜਿੰਦਰ ਮਾਨ
ਬਠਿੰਡਾ, 2 ਅਕਤੂਬਰ: ਪੰਜਾਬੀ ਸਾਹਿਤ ਸਭਾ ਰਜਿ )ਬਠਿੰਡਾ ਵੱਲੋਂ ” ਕਿਛੁ ਕਹੀਏ, ਕਿਛ ਸੁਣੀਐ ਦੀ ਸੰਵਾਦ ਲੜੀ ਤਹਿਤ ਸਥਾਨਕ ਟੀਚਰਜ ਹੋਮ ਵਿਖੇ ਉੱਘੇ ਇਤਿਹਾਸਕਾਰ ਲੇਖਕ ਬਲਦੇਵ ਸਿੰਘ ਸੜਕਨਾਮਾ ਦੇ ਨਵੇਂ ਨਾਵਲ ‘ ਜਿਊਣਾ ਮੋੜ’ ਤੇ ਸੰਵਾਦ ਰਚਾਇਆ ਗਿਆ ਜਿਸ ਦੀ ਪ੍ਰਧਾਨਗੀ ਰਾਜਪਾਲ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਗੋਪਾਲ ਸਿੰਘ ਅਸ ਡੀ ਐਮ ਬਰਨਾਲਾ ਨੇ ਸ਼ਿਰਕਤ ਕੀਤੀ। ਆਰੰਭ ਵਿੱਚ ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਵੱਲੋਂ ਸਮੂਹ ਹ‍ਾਜਰੀਨ ਨੂੰ ਜੀ ਆਇਆ ਕਿਹਾ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਚਾਰ ਸਕੱਤਰ ਅਮਨ ਦ‍ਾਤੇਵਾਸੀਆ ਨੇ ਦੱਸਿਆ ਕਿ ਇਸ ਉਪਰੰਤ ਜਸਵੀਰ ਕਲਸੀ ਨੇ ਪੇਪਰ ਪੜ੍ਹਦਿਆਂ ਕਿਹਾ ਕਿ ਇਤਿਹਾਸ ਦੂਰ ਅਤੀਤ ਦਾ ਅੰਗ ਹੁੰਦਾ ਹੈ ਜਿਸਨੂੰ ਰੌਚਕਤਾ ਤੇ ਉਤਸਕਤਾ ਨਾਲ ਪੇਸ਼ ਕੀਤਾ ਗਿਆ ਹੈ। ਡਾ ਅਰਵਿੰਦਰ ਕੌਰ ਕਾਲੜਾ ਨੇ ਆਪਣੇ ਪੇਪਰ ਵਿੱਚ ਕਿਹਾ ਕਿ ਨਾਵਲ ਦਾ ਮੁੱਖ ਪਾਤਰ ਰਜਵਾੜਾਸ਼ਾਹੀ, ਜਾਗੀਰਦਾਰੀ, ਰਿਆਸਤੀ ਸਮੇਂ ਦਾ ਪ੍ਰਤੀਕਰਮ ਹੀ ਸੀ। ਉਹ ਅਣਖ, ਬਗਾਵਤ ਦ‍ਾ ਪ੍ਰਤੀਕ ਬਣਕੇ ਉੱਭਰਦਾ, ਡਾਕੂ ਨਹੀ। ਬਹਿਸ ਦਾ ਆਗਾਜ਼ ਕਰਦਿਆਂ ਸ੍ਰੀ ਅਤਰਜੀਤ ਨੇ ਕਿਹਾ ਕਿ ਜੋ ਸਕੂਲਾਂ, ਕਾਲਜਾਂ ਵਿੱਚ ਪੜ੍ਹਾਇਆ ਜਾਂਦਾ ਹੈ ਉਹ ਸਾਡਾ ਇਤਿਹਾਸ ਨਹੀਂ ਕਿਉਂਕਿ ਰਾਜਸੱਤਾ ਤੇ ਕਾਬਜ਼ ਜਮਾਤ ਆਪਣੇ ਵੱਲੋਂ ਅਜਿਹਾ ਇਤਿਹਾਸ ਸਿਰਜਦੀ ਹੈ। ਅਸਲ ਇਤਿਹਾਸ ਸਿਲੇਬਸ ਤੋਂ ਬਾਹਰ ਗਲਪ ਚੋਂ ਜਾਣਿਆ ਜਾ ਸਕਦਾ ਹੈ। ਬਹਿਸ ਵਿੱਚ ਭਾਗ ਲੈਂਦਿਆਂ ਡਾ ਸੁਰਜੀਤ ਬਰਾੜ ਨੇ ਕਿਹਾ ਕਿ ਕਿ ਪਾਤਰ ਵੱਲੋਂ ਮਾਰੀ ਸੱਟ ਮੁਜਾਹਰਾ ਲਹਿਰ ਤੀਕ ਆਉਂਦੀ ਹੈ। ਜੇ ਸੀ ਪਰਿੰਦਾ ਨੇ ਕਿਹਾ ਕਿ ਨਾਵਲ ਰੌਚਕਤਾ ਦਾ ਕਥਾ ਰਸ ਹੈ। ਇਸ ਬਹਿਸ ਵਿੱਚ ਪ੍ਰੋ ਪਰਗਟ ਬਰਾੜ, ਅਗਾਜਵੀਰ, ਜਸਵਿੰਦਰ ਜਸ ਅਤੇ ਦਰਸ਼ਨ ਜੋਗਾ ਨੇ ਭਾਗ ਲਿਆ।
ਸਵਾਲਾਂ ਦਾ ਜਵਾਬ ਦਿੰਦਿਆਂ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਲੇਖਕ ਦੀ ਇੱਕ ਸੀਮਾ ਹੁੰਦੀ ਹੈ ਖਾਸ ਕਰ ਇਤਿਹਾਸਕ ਨਾਵਲ ਵਿਚ। ਉਨ੍ਹਾਂ ਮੰਨਿਆ ਕਿ ਜਿੱਥੇ ਲੋੜ ਸੀ ਮਿੱਥਾਂ ਤੋੜਨ ਦਾ ਯਤਨ ਕੀਤਾ ਗਿਆ। ਉਹਨਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾਦਾਇਕ ਰਚਨਾਵਾਂ ਰਚਣ ਦੀ ਲੋੜ ਹੈ। ਪ੍ਰਧਾਨਗੀ ਭਾਸ਼ਣ ਕਰਦਿਆਂ ਰਾਜਪਾਲ ਨੇ ਕਿਹਾ ਨੇ ਕਿਹਾ ਕਿ ਚਰਚਾ ਚੋਂ ਵੀ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਪਾਤਰ ਮਾਲਵੇ ਦੇ ਖਿੱਤੇ ਦਾ ਇੱਕ ਲੋਕਧਾਰਾਈ ਨਾਇਕ ਹੈ। ਉਹਨਾਂ ਕਿਹਾ ਕਿ ਸਮੇਂ ਦੇ ਹਾਕਮਾਂ ਵੱਲੋਂ ਪੈਦਾ ਕੀਤੇ ਜਾਣ ਵਾਲੇ ਅਖੌਤੀ ਨਾਇਕਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਇਸ ਦੌਰਾਨ ਕਾਰਜਕਾਰੀ ਮੈਂਬਰ ਬਲਵਿੰਦਰ ਸਿੰਘ ਭੁੱਲਰ ਨੇ ਮਤਾ ਪੇਸ਼ ਕੀਤਾ ਕਿ ਆਡੀਟੋਰੀਅਮ ਦੀ ਇਮਾਰਤ ਵਿੱਚ ਸਭਾ ਦੇ ਦਫ਼ਤਰ ਲਈ ਇੱਕ ਕਮਰਾ ਦਿੱਤਾ ਜਾਵੇ ਅਤੇ ਆਡੀਟੋਰੀਅਮ ਕਮੇਟੀ ਵਿੱਚ ਲੇਖਕਾਂ ਨੂੰ ਸ਼ਾਮਲ ਕੀਤਾ ਜਾਵੇ। ਸਮੂਹ ਹਾਜ਼ਰੀਨ ਨੇ ਉਕਤ ਮਤੇ ਨੂੰ ਸਰਭ ਸੰਮਤੀ ਨਾਲ ਪ੍ਰਵਾਨ ਕੀਤਾ। ਇਸ ਮੌਕੇ ਰਮੇਸ਼ ਸੇਠੀ ਬਾਦਲ, ਜਗਮੇਲ ਲੋਕ ਮੋਰਚਾ, ਬਲਕਰਨ ਸਿੰਘ ਬਰਾੜ, ਹਰਮਿੰਦਰ ਢਿੱਲੋਂ, ਸੁਰਿੰਦਰਪ੍ਰੀਤ ਘਣੀਆਂ, ਅਮਰਜੀਤ ਪੇੰਟਰ, ਭੁਪਿੰਦਰ ਮਾਨ, ਸੁਖਵਿੰਦਰ ਕੌਰ, ਅਮਨਦੀਪ ਕੌਰ ਮਾਨ, ਪ੍ਰਿਤਪਾਲ ਸਿੰਘ, ਡਾ ਅਜੀਤਪਾਲ, ਸੁਖਦਰਸ਼ਨ ਗਰਗ, ਦਿਨੇਸ਼ ਨੰਦੀ,ਪਰਮਜੀਤ ਮਾਨ, ਭੁਪਿੰਦਰ ਮਾਨ, ਭੁਪਿੰਦਰ ਸੰਧੂ ਅਤੇ ਕੁਲਦੀਪ ਬੰਗੀ ਹਾਜ਼ਰ ਸਨ। ਸਭਾ ਦੇ ਜਨਰਲ ਸਕੱਤਰ ਰਣਜੀਤ ਗੌਰਵ ਨੇ ਸਟੇਜ ਸੰਚਾਲਨ ਦੀ ਕਾਰਵਾਈ ਬਾਖੂਬੀ ਨਿਭਾਈ।ਆਖਿਰ ਵਿੱਚ ਸਭਾ ਦੇ ਮੀਤ ਪ੍ਰਧਾਨ ਦਿਲਬਾਗ ਸਿੰਘ ਨੇ ਸਮੂਹ ਹ‍ਾਜਰੀਨ ਦਾ ਸਮਾਗਮ ਵਿੱਚ ਹਾਜ਼ਰ ਹੋਣ ਤੇ ਧੰਨਵਾਦ ਕੀਤਾ।

ਨੋਜਵਾਨਾਂ ਦੇ ਭਾਰੀ ਉਤਸ਼ਾਹ ਦੇ ਨਾਲ ਨਾਟਿਅਮ ਦਾ 11ਵਾਂ ਨਾਟਕ ਮੇਲਾ ਹੋਇਆ ਸ਼ੁਰੂ

0

ਨਾਟਕ ਮਰਜਾਣੀਆਂ ਨੇ ਝੰਜੋੜੇ ਦਰਸ਼ਕ
ਬਲਾਤਕਾਰ ਦੀਆਂ ਪੀੜਤ ਮਹਿਲਾਵਾਂ ਦੇ ਦਰਦ ਨੂੰ ਕੀਤਾ ਪੇਸ਼
ਸੁਖਜਿੰਦਰ ਮਾਨ
ਬਠਿੰਡਾ, 2 ਅਕਤੂਬਰ – ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸਪੀਟੀਯੂ) ਦੇ ਆਡੀਟੋਰੀਅਮ ਵਿੱਚ 11ਵੇਂ ਨਾਟਿਅਮ ਨਾਟਕ ਮੇਲੇ ਦਾ ਸ਼ਾਨਦਾਰ ਆਗਾਜ਼ ਨੌਜਵਾਨਾਂ ਦੇ ਭਰਪੂਰ ਉਤਸ਼ਾਹ ‘ਤੇ ਦਰਸ਼ਕਾਂ ਦੀ ਵੱਡੀ ਗਿਣਤੀ ਨਾਲ ਹੋਇਆ। ਇਸ ਮੌਕੇ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਬਲਾਤਕਾਰ ਦੀਆਂ ਪੀੜਤ ਮਹਿਲਾਵਾਂ ਦੇ ਦਰਦ ਨੂੰ ਪੇਸ਼ ਕਰਦਾ ਡਾ. ਰਵੇਲ ਸਿੰਘ ਦੇ ਲਿਖੇ ਨਾਟਕ ਮਰਜਾਣੀਆਂ ਦਾ ਸਫਲ ਮੰਚਨ ਕੀਤਾ ਗਿਆ, ਜਿਸਨੇ ਇੱਕ-ਸੁੱਧ ਹੋਕੇ ਦਰਸ਼ਕਾਂ ਨੂੰ ਸੋਚਾਂ ਵਿਚ ਪਾ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਬਠਿੰਡਾ ਸ਼ਹਿਰੀ ਤੋਂ ਐਮਐਲਏ ਜਗਰੂਪ ਸਿੰਘ ਗਿੱਲ ਨੇ ਥੇਟਰ ਕਲਾ ਨਾਲ ਬਠਿੰਡਾਵਾਸੀਆਂ ਨੂੰ ਜੋੜੀ ਰੱਖਣ ਲਈ ਕੀਰਤੀ ਕਿਰਪਾਲ ਹੁਣਾਂ ਦੀ ਪੂਰੀ ਟੀਮ ਦੀ ਸ਼ਲਾਂਘਾ ਕੀਤੀ। ਉਨ੍ਹਾਂ ਨਾਲ ਹਾਜ਼ਿਰ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਨੀਲ ਗਰਗ ਵੱਲੋਂ ਅਜਿਹੀ ਜਾਨਦਾਰ ਪੇਸ਼ਕਾਰੀ ਦੇਖਣ ਲਈ ਪਹੁੰਚਣ ‘ਤੇ ਸਾਰੇ ਦਰਸ਼ਕਾਂ ਨੂੰ ਵੀ ਵਧਾਈ ਦਿੱਤੀ ਗਈ। ਇਸ ਦੌਰਾਨ ਮੌਜੂਦ ਐਮਆਰਐਸਪੀਟੀਯੂ ਦੇ ਵਾਈਸ ਚਾਂਸਲਰ ਡਾ. ਬੂਟਾ ਸਿੰਘ ਸਿੱਧੂ ਵੱਲੋਂ ਵੀ ਨਾਟਕ ਮੇਲੇ ਦੇ ਆਯੋਜਨ ਲਈ ਯੂਨੀਵਰਸਿਟੀ ਦੀ ਚੋਣ ਕਰਨ ਲਈ ਨਾਟਿਅਮ ਟੀਮ ਦਾ ਸਵਾਗਤ ਕੀਤਾ ਅਤੇ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸਵਾਮੀ ਉਮੇਸ਼ਾਨੰਦ, ਡਾ. ਵਿਤੁਲ ਗੁਪਤਾ, ਡਾ. ਕਸ਼ਿਸ਼ ਗੁਪਤਾ ਅਤੇ ਸ਼ਹਿਰ ਦੀਆਂ ਹੋਰ ਜਾਣੀਆਂ ਮਾਣੀਆਂ ਹਸਤੀਆਂ ਮੌਜੂਦ ਸਨ।

ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ.ਯੂਨਿਟ ਵੱਲੋਂ ਸੈਮੀਨਾਰ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 2 ਅਕਤੂਬਰ : ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ. ਯੂਨਿਟ ਵੱਲੋਂ ‘ਅੰਤਰਰਾਸ਼ਟਰੀ ਸ਼ਾਂਤੀ ਦਿਵਸ’ ਸੰਬੰਧੀ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਦਾ ਮੁੱਖ ਥੀਮ ‘ਨਸਲਵਾਦ ਨੂੰ ਖ਼ਤਮ ਕਰੋ ਅਤੇ ਸ਼ਾਂਤੀ ਬਣਾਓ’ ਸੀ। ਇਸ ਸੈਮੀਨਾਰ ਵਿੱਚ ਐਨ.ਐਸ.ਐਸ. ਦੇ 50 ਵਲੰਟੀਅਰਾਂ ਅਤੇ ਸਟਾਫ਼ ਮੈਂਬਰਾਂ ਨੇ ਹਿੱਸਾ ਲਿਆ। ਇਸ ਸੈਮੀਨਾਰ ਦਾ ਉਦੇਸ਼ ਸ਼ਾਂਤੀ ਅਤੇ ਭਾਈਚਾਰਾ ਕਾਇਮ ਰੱਖਣ ਅਤੇ ਨਸਲਵਾਦ ਨੂੰ ਖ਼ਤਮ ਕਰਨ ਲਈ ਪ੍ਰੇਰਿਤ ਕਰਨਾ ਸੀ । ਐਮ.ਐਸ.ਸੀ. (ਆਈ.ਟੀ.) ਦੀ ਵਿਦਿਆਰਥਣ ਨਵਨੀਤ ਕੌਰ ਨੇ ਮੰਚ ਸੰਚਾਲਨ ਕਰਦਿਆਂ ਸਾਰੇ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸੁਆਗਤ ਕੀਤਾ। ਇਸ ਸੈਮੀਨਾਰ ਵਿੱਚ ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਸ੍ਰੀ ਬੀ.ਡੀ. ਸ਼ਰਮਾ ਨੇ ਮਹਿਮਾਨ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ‘ਅੰਤਰਰਾਸ਼ਟਰੀ ਸ਼ਾਂਤੀ ਦਿਵਸ’ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਹ ਸਮਾਗਮ 1954 ਵਿੱਚ ਜਾਪਾਨ ਵਿੱਚ ਸ਼ੁਰੂ ਹੋਇਆ ਸੀ ਅਤੇ 2001 ਵਿੱਚ ਸ਼ਾਂਤੀ ਦਾ ਮਤਾ ਪਾਸ ਕੀਤਾ ਗਿਆ ਸੀ। ਉਨ੍ਹਾਂ ਨੇ ਚੰਗੀ ਅਤੇ ਮਾੜੀ ਸ਼ਾਂਤੀ ਦੋਵਾਂ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਨੇ ਸਭਿਆਚਾਰਕ ਅਤੇ ਢਾਂਚਾਗਤ ਸ਼ਾਂਤੀ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਇੱਕ ਦੂਜੇ ਤੋਂ ਕਿਵੇਂ ਵਿਭਿੰਨ ਹਨ। ਉਨ੍ਹਾਂ ਨੇ ਅਸ਼ਾਂਤੀ ਦੇ ਸਮਾਜਿਕ ਅਤੇ ਸਭਿਆਚਾਰਕ ਰੂਪਾਂ ਬਾਰੇ ਵੀ ਗੱਲ ਕੀਤੀ । ਉਨ੍ਹਾਂ ਨੇ ਕਿਹਾ ਕਿ ਅਸ਼ਾਂਤੀ ਦਾ ਹੱਲ ਏਕਤਾ ਹੈ। । ਉਨ੍ਹਾਂ ਨੇ ਅਜਿਹੇ ਬੱਚੇ ਦੀ ਉਦਾਹਰਨ ਦਿੱਤੀ ਜਿਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਕਿਸ ਸਮਾਜ ਨਾਲ ਸਬੰਧ ਰੱਖਦਾ ਹੈ। ਉਨ੍ਹਾਂ ਨੇ “ਅੱਵਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਬ ਬੰਦੇ’ ਦਾ ਬਹੁਤ ਹੀ ਵਧੀਆ ਵਰਣਨ ਵੀ ਕੀਤਾ । ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ, ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੀ ਦੁਰਵਰਤੋਂ ਨਾ ਕਰੀਏ ਅਤੇ ਦੂਜਿਆਂ ਦੇ ਅਧਿਕਾਰਾਂ ਨੂੰ ਧਿਆਨ ਵਿੱਚ ਰੱਖੀਏ। ਸਾਨੂੰ ਕਿਸੇ ਨੂੰ ਠੇਸ ਪਹੁੰਚਾਉਣ ਦਾ ਅਧਿਕਾਰ ਨਹੀਂ ਹੈ।
ਐਨ.ਐਸ.ਐਸ. ਕੋਆਰਡੀਨੇਟਰ ਮੈਡਮ ਸੁਖਜਿੰਦਰ ਕੌਰ ਨੇ ‘ਅੰਤਰਰਾਸ਼ਟਰੀ ਸ਼ਾਂਤੀ ਦਿਵਸ’ ਦੀ ਮਹੱਤਤਾ ਨੂੰ ਵਿਦਿਆਰਥੀਆਂ ਨਾਲ ਵਿਸਥਾਰਪੂਰਵਕ ਸਾਂਝਾ ਕੀਤਾ ਅਤੇ ਕੌਮੀ ਸੇਵਾ ਯੋਜਨਾ (ਐਨ.ਐਸ.ਐਸ.) ਦੀ ਅਹਿਮੀਅਤ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਸਲਾਹ ਦਿੱਤੀ ਕਿ ਸਾਨੂੰ ਸ਼ਾਂਤੀਪੂਰਨ ਮਾਹੌਲ ਨੂੰ ਉਤਸ਼ਾਹਿਤ ਕਰਨ ਦੀ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ। ਅੰਤ ਵਿੱਚ ਉਨ੍ਹਾਂ ਨੇ ਐਨ.ਐਸ.ਐਸ. ਯੂਨਿਟ ਦੀ ਸਮੁੱਚੀ ਟੀਮ ਦੀ ਤਰਫ਼ੋਂ ਮਹਿਮਾਨ ਬੁਲਾਰੇ ਸ੍ਰੀ ਬੀ.ਡੀ. ਸ਼ਰਮਾ ਦਾ ਧੰਨਵਾਦ ਕੀਤਾ। ਇਹ ਸੈਮੀਨਾਰ ਬਹੁਤ ਹੀ ਦਿਲਚਸਪ ਅਤੇ ਗਿਆਨ ਵਰਧਕ ਸੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ. ਯੂਨਿਟ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਆਲ ੳਵਰ ਟਰਾਫੀ ਤੇ ਸੈਂਟਰ ਚੱਕ ਅਤਰ ਸਿੰਘ ਵਾਲਾ ਦਾ ਕਬਜ਼ਾ

0

ਸੁਖਜਿੰਦਰ ਮਾਨ
ਬਠਿੰਡਾ, 2 ਅਕਤੂਬਰ : ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਕਰਵਾਈਆਂ ਗਈਆਂ। ਬਠਿੰਡਾ ਦੇ ਸੰਗਤ ਬਲਾਕ ਵਿੱਚ , ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼ਿਵ ਪਾਲ ਗੋਇਲ ਅਤੇ ਮਹਿੰਦਰ ਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦੇਖ ਰੇਖ ਹੇਠ ਬਲਾਕ ਪੱਧਰੀ ਖੇਡਾਂ ਕਰਵਾਈਆਂ ਗਈਆਂ। ਇਹਨਾਂ ਤਿੰਨਾਂ ਰੋਜ਼ਾ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਹਿੰਦਰ ਪਾਲ ਸਿੰਘ , ਸਾਬਕਾ ਬਲਾਕ ਅਫ਼ਸਰ ਹਰਮੰਦਰ ਸਿੰਘ ਬਰਾੜ , ਜਗਜੀਤ ਸਿੰਘ ਚੀਮਾ ਸਾਬਕਾ ਬਲਾਕ ਸਿੱਖਿਆ ਅਫ਼ਸਰ ਨੇ ਕੀਤਾ ਗਿਆ । ਸੰਗਤ ਬਲਾਕ ਪ੍ਰਾਇਮਰੀ ਸਕੂਲ ਖੇਡਾਂ ਦੀ ਜਾਣਕਾਰੀ ਬਲਾਕ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਸੰਗਤ ਨੇ ਦੱਸਿਆ ਕਿ ਬਲਾਕ ਪ੍ਰਾਇਮਰੀ ਖੇਡਾਂ ਸੁਚੱਜੇ ਢੰਗ ਨਾਲ ਸੰਪੰਨ ਹੋ ਗਈਆਂ । ਇਨ੍ਹਾਂ ਖੇਡਾਂ ਵਿੱਚ ਆਲ ੳਵਰ ਟਰਾਫੀ ਸੈਂਟਰ ਚੱਕ ਅਤਰ ਸਿੰਘ ਵਾਲਾ ਨੇ ਵੱਧ ਅੰਕ ਪ੍ਰਾਪਤ ਕਰਕੇ ਆਲ ੳਵਰ ਟਰਾਫੀ ਤੇ ਕਬਜ਼ਾ ਕੀਤਾ ਗਿਆ । ਇਸ ਮੌਕੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੱਧੂ ਬਠਿੰਡਾ ਨੇ ਦੱਸਿਆ । ਇਨ੍ਹਾਂ ਖੇਡਾਂ ਨੂੰ ਕਰਾਉਣ ਲਈ ਸਮੂਹ ਸੈਂਟਰ ਹੈਡ ਟੀਚਰਾਂ ਦੀ ਨਿਗਰਾਨੀ ਹੇਠ ਮੁਕਾਬਲੇ ਕਰਵਾਏ ਗਏੇ ।ਇਸ ਮੌਕੇ ਬਲਾਕ ਖੇਡ ਅਫ਼ਸਰ ਪ੍ਰਵੀਨ ਕੌਰ , ਜ਼ਿਲ੍ਹਾ ਨੋਡਲ ਅਫ਼ਸਰ ਮਨਦੀਪ ਸਿੰਘ ਤਿਉਣਾ ਸੰਦੀਪ ਕੁਮਾਰ, ਤਰਸੇਮ ਸਿੰਘ ਬੀ ਐਮ ਟੀ, ਸਰਜੀਤ ਕੌਰ ਚੱਕ ਅਤਰ ਸਿੰਘ ਵਾਲਾ , ਹੈਡ ਟੀਚਰ ਜਸਵਿੰਦਰ ਸਿੰਘ ਬਾਜਕ ਅਤੇ ਸਮੂਹ ਖੇਡਾਂ ਪ੍ਰਬੰਧਕੀ ਕਮੇਟੀ ਹਾਜਰ ਸਨ । ਇਨ੍ਹਾਂ ਖੇਡਾਂ ਵਿੱਚ ਜੰਗੀਰਾਣਾ ਪ੍ਰਾਇਮਰੀ ਸਕੂਲ ਦੇ ਖਿਡਾਰੀਆ ਨੇ ਖੋ ਖੋ ਲੜਕੇ ਲੜਕੀਆਂ ਨੇ ਪਹਿਲਾਂ ਸਥਾਨ ਹਾਸਲ ਕੀਤਾ।ਲੰਬੀ ਛਾਲ ਵਿੱਚ ਦੂਜਾ ਸਥਾਨ ਹਾਸਲ ਕੀਤਾ। ਜਦੋਂ ਕਿ 100 ਅਤੇ 400 ਮੀਟਰ ਰੇਸ ਰੀਤ ਕੌਰ ਜੰਗੀਰਾਣਾ ਨੇ ਪਹਿਲਾਂ ਸਥਾਨ ਹਾਸਲ ਕੀਤਾ । 600 ਮੀਟਰ ਰੇਸ ਵਿਚ ਏਕਮਦੀਪ ਕੌਰ ਦੂਜਾ ਸਥਾਨ ਹਾਸਲ ਕੀਤਾ ਗਿਆ । ਰਿਲੇਅ ਰੇਸ ਲੜਕੀਆਂ ਵਿੱਚ ਦੂਜ਼ਾ ਸਥਾਨ ਹਾਸਲ ਕੀਤਾ । ਫੁੱਟਬਾਲ ਟੀਮ ਲੜਕੀਆਂ ਕਾਲਝਰਾਣੀ ਨੇ ਪਹਿਲਾਂ ਸਥਾਨ ਹਾਸਲ ਕੀਤਾ। ਯੋਗਾ ਲੜਕੇ ਲੜਕੀਆਂ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ ਗਿਆ। ਬੈਡਮਿੰਟਨ ਲੜਕੇ ਲੜਕੀਆਂ ਡਬਲ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ ਗਿਆ । ਬੈਡਮਿੰਟਨ ਸਿੰਗਲ ਲੜਕੀਆਂ ਵਿੱਚ ਦੂਜਾ ਸਥਾਨ ਹਾਸਲ ਕੀਤਾ। ਕਰਾਟੇ ਲੜਕੇ ਲੜਕੀਆਂ ਪਹਿਲਾਂ ਸਥਾਨ ਹਾਸਲ ਕੀਤਾ। ਜਿਮਨਾਸਟਿਕ ਲੜਕੀਆਂ ਵਿੱਚ ਸ ਪ੍ਰ ਸ ਬਾਜਕ ਨੇਂ ਪਹਿਲਾਂ ਸਥਾਨ ਹਾਸਲ ਕੀਤਾ ਗਿਆ । ਇਨ੍ਹਾਂ ਤੋਂ ਹੋਰ ਵੀ ਕਈ ਪੁਜੀਸ਼ਨਾਂ ਹਾਸਲ ਕੀਤੀਆਂ ਗਈਆਂ ਹਨ । ਇਨ੍ਹਾਂ ਖੇਡਾਂ ਵਿੱਚ ਬਲਾਕ ਜੇਤੂ ਪਹਿਲੇ ਅਤੇ ਦੂਜੇ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਖੇਡਾਂ ਵਿੱਚ ਜੇਤੂਆਂ ਨੂੰ ਸਾਬਕਾ ਬਲਾਕ ਸਿੱਖਿਆ ਅਫ਼ਸਰ ਸੰਗਤ ਹਰਮੰਦਰ ਸਿੰਘ ਬਰਾੜ ਅਤੇ ਅਮਰਜੀਤ ਕੌਰ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਪਾ ਕਿ ਸਨਮਾਨਿਤ ਕੀਤਾ ਗਿਆ । ਇਨ੍ਹਾਂ ਬਲਾਕ ਪੱਧਰੀ ਖੇਡਾਂ ਲਈ ਆਪਣੀ ਜੇਬ ਵਿੱਚੋਂ ਹਰਮੰਦਰ ਸਿੰਘ ਨੇ 5100 ਰੁਪਏ ਅਤੇ ਜਗਜੀਤ ਸਿੰਘ ਚੀਮਾ ਨੇ 1100/ ਰੁਪਏ ਦਿੱਤੇ ਗਏ, ਮੈਡਮ ਅਮਰਜੀਤ ਕੌਰ ਨੇ 2100 ਰੁਪਏ ਬੱਚਿਆਂ ਦੀ ਹੌਸਲਾ ਅਫਜ਼ਾਈ ਨਕਦ ਇਨਾਮ ਦਿੱਤਾ ਗਿਆ ।ਇਸ ਮੌਕੇ ਇਨ੍ਹਾਂ ਖੇਡਾਂ ਬੱਚਿਆਂ ਨੂੰ ਤਿਆਰੀ ਕਰਾਉਣ ਵਾਲੇ ਟੀਚਰ ਜਗਪ੍ਰੀਤ ਸਿੰਘ, ਅਸ਼ਵਨੀ ਕੁਮਾਰ ਕੋਟਲੀ , ਸੱਤਪਾਲ ਸਿੰਘ , ਦਵਿੰਦਰ ਸਿੰਘ ਧੁੰਨੀ ਕੇ , ਬਲਜਿੰਦਰ ਸਿੰਘ , ਮੋਨਿਕਾ ਵਿਰਕ ਆਦਿ ਮੌਜੂਦ ਸਨ।

ਗੁਜਰਾਤ ‘ਚ ਭਗਵੰਤ ਮਾਨ ਨੇ ਕਾਂਗਰਸ-ਭਾਜਪਾ ‘ਤੇ ਬੋਲਿਆ ਹਮਲਾ, ਕਿਹਾ- ਭਾਜਪਾ ਸਰਕਾਰੀ ਅਦਾਰੇ ਅਤੇ ਕਾਂਗਰਸ ਆਪਣੇ ਵਿਧਾਇਕ ਵੇਚ ਰਹੀ ਹੈ

ਕਾਂਗਰਸ ਭਾਜਪਾ ਦੇ ਨਾਲ ਹੈ, ਇਸ ਲਈ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਗੁਜਰਾਤ ਨਹੀਂ ਆ ਰਹੀ – ਭਗਵੰਤ ਮਾਨ
ਜੇ ਭਾਜਪਾ ਨੇ ਗੁਜਰਾਤ ਵਿਚ ਕੰਮ ਕੀਤਾ ਹੁੰਦਾ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੌਰੇ ਸਮੇਂ ਝੁੱਗੀਆਂ-ਝੌਂਪੜੀਆਂ ਨੂੰ ਲੁਕਾਉਣਾ ਨਾ ਪੈਂਦਾ – ਮਾਨ*
ਕਿਹਾ, ਸਾਡੀ ਸਰਕਾਰ ਨੇ ਪੰਜਾਬ ‘ਚੋਂ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ, ਹੁਣ ਪੰਜਾਬ ਦੇ ਅਫਸਰ ਰਿਸ਼ਵਤ ਮੰਗਣ ਤੋਂ ਡਰਦੇ ਹਨ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 02 ਅਕਤੂਬਰ: ਗੁਜਰਾਤ ਦੌਰੇ ‘ਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਅਤੇ ਕਾਂਗਰਸ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰੀ ਅਦਾਰੇ ਵੇਚ ਰਹੀ ਹੈ ਅਤੇ ਉੱਧਰ ਕਾਂਗਰਸ ਨੇ ਆਪਣੇ ਵਿਧਾਇਕਾਂ ਨੂੰ ਸੇਲ ‘ਤੇ ਲਾਇਆ ਹੈ। ਭਾਜਪਾ ਆਪਣੀ ਸਰਕਾਰ ਬਣਾਉਣ ਲਈ ਦੇਸ਼ ਵੇਚ ਕੇ ਕਾਂਗਰਸੀ ਵਿਧਾਇਕਾਂ ਨੂੰ ਖਰੀਦ ਰਹੀ ਹੈ। ਮਾਨ ਨੇ ਗੁਜਰਾਤ ਦੇ ਸੁਰਿੰਦਰ ਨਗਰ ‘ਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਾਂਗਰਸ ‘ਤੇ ਭਾਜਪਾ ਨਾਲ ਮਿਲੀ ਭੁਗਤ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਚਾਹੁੰਦੀ ਹੈ ਕਿ ਗੁਜਰਾਤ ‘ਚ ਭਾਜਪਾ ਦੀ ਸਰਕਾਰ ਬਣੇ, ਇਸੇ ਲਈ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਗੁਜਰਾਤ ਨਹੀਂ ਪਹੁੰਚ ਰਹੀ |ਮਾਨ ਨੇ ਭਾਜਪਾ ਨੂੰ ਵੀ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜੇਕਰ ਭਾਜਪਾ ਸਰਕਾਰ ਨੇ ਗੁਜਰਾਤ ‘ਚ ਕੰਮ ਕੀਤਾ ਹੁੰਦਾ ਤਾਂ ਉਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗੁਜਰਾਤ ਫੇਰੀ ਦੌਰਾਨ ਝੁੱਗੀਆਂ ਛੁਪਾਉਣ ਦੀ ਲੋੜ ਹੀ ਨਾ ਪੈਂਦੀ।
ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੇ ਗੁਜਰਾਤ ਵਾਂਗ ਦਿੱਲੀ ਦੀ ਐਮ.ਸੀ.ਡੀ ਨੂੰ ਤਬਾਹ ਕਰ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਦੇ ਅਧੀਨ ਆਉਂਦੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਇਆ, ਜਦਕਿ ਭਾਜਪਾ ਨੇ ਐਮ.ਸੀ.ਡੀ. ਦੇ ਸਰਕਾਰੀ ਸਕੂਲਾਂ ਦੀ ਹਾਲਤ ਖਸਤਾ ਹੈ। ਜਦੋਂ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਦਿੱਲੀ ਦੇ ਸਰਕਾਰੀ ਸਕੂਲ ਦੇਖਣ ਦੀ ਇੱਛਾ ਜ਼ਾਹਰ ਕੀਤੀ ਤਾਂ ਭਾਜਪਾ ਨੂੰ ਉਨ੍ਹਾਂ ਨੂੰ ਦਿੱਲੀ ਸਰਕਾਰ ਦੇ ਸਕੂਲ ਦਿਖਾਉਣ ਲਈ ਮਜ਼ਬੂਰ ਹੋਣਾ ਪਿਆ।ਮਾਨ ਨੇ ਗੁਜਰਾਤ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ, “ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਵਿੱਚੋਂ ਉਭਰੀ ਇਮਾਨਦਾਰ ਪਾਰਟੀ ਹੈ। ਅਸੀਂ ਸੱਚ ਦੀ ਰਾਜਨੀਤੀ ਕਰਦੇ ਹਾਂ, ਇਸੇ ਲਈ 10 ਸਾਲਾਂ ਵਿੱਚ ਦੋ ਰਾਜਾਂ ਵਿੱਚ ਸਾਡੀ ਸਰਕਾਰ ਹੈ।” ਉਨ੍ਹਾਂ ਕਿਹਾ ਕਿ ਭਾਜਪਾ ਕੋਲ ਪੈਸਾ ਹੈ, ਇਸ ਲਈ ਜੇਕਰ ਉਹ ਪਹਿਲਾਂ ਵੋਟਾਂ ਲਈ ਪੈਸਾ ਦਿੰਦੇ ਹਨ ਤਾਂ ਲੈ ਲਓ ਕਿਉਂਕਿ ਇਹ ਤੁਹਾਡਾ ਤੋਂ ਹੀ ਲੁੱਟਿਆ ਹੋਇਆ ਪੈਸਾ ਹੈ। ਪਰ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਸਿਰਫ਼ ਆਮ ਆਦਮੀ ਪਾਰਟੀ ਨੂੰ ਵੋਟ ਦਿਓ।
ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਸਰਕਾਰ ਬਣਦੇ ਹੀ ਅਸੀਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਜਾਰੀ ਕੀਤਾ। ਉਸ ਨੰਬਰ ‘ਤੇ ਮਿਲੀਆਂ ਸ਼ਿਕਾਇਤਾਂ ਦੇ ਆਧਾਰ ‘ਤੇ 200 ਤੋਂ ਵੱਧ ਭ੍ਰਿਸ਼ਟ ਸਰਕਾਰੀ ਮੁਲਾਜ਼ਮਾਂ-ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ। ਹੁਣ ਪੰਜਾਬ ਦੇ ਅਧਿਕਾਰੀ ਰਿਸ਼ਵਤ ਮੰਗਣ ਤੋਂ ਡਰਦੇ ਹਨ ਅਤੇ ਸਿਸਟਮ ਵਿੱਚ ਚੰਗੇ ਸੁਧਾਰ ਕੀਤੇ ਜਾ ਰਹੇ ਹਨ।ਮਾਨ ਨੇ ਸੁਰਿੰਦਰ ਨਗਰ ਦੇ ਕਪਾਹ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੇ ਕਿਸਾਨਾਂ ਦੀ ਹਾਲਤ ਵੀ ਤਰਸਯੋਗ ਬਣਾ ਦਿੱਤੀ ਸੀ। ਉਨ੍ਹਾਂ ਕਿਹਾ, “ਅਸੀਂ ਇਸਨੂੰ ਬਿਹਤਰ ਕਰ ਰਹੇ ਹਾਂ। ਜੇਕਰ ਗੁਜਰਾਤ ਵਿੱਚ ਸਾਡੀ ਸਰਕਾਰ ਬਣੀ ਤਾਂ ਇੱਥੇ ਵੀ ਕਿਸਾਨਾਂ ਦੇ ਹਾਲਾਤ ਚੰਗੇ ਕਰਨ ਲਈ ਕੰਮ ਕਰਾਂਗੇ।”

ਬਾਜਵਾ ਨੇ ਲਾਈਵ ਪੰਜਾਬ ਵਿਧਾਨ ਸਭਾ ਸੈਸ਼ਨ ਦੀ ਫੁਟੇਜ ਵਿੱਚ ਛੇੜਛਾੜ ਕਰਨ ਲਈ ਵਿਰੋਧੀ ਧਿਰ ਦੇ ਏਜੰਡੇ ਨੂੰ ਨੀਵਾਂ ਦਿਖਾਉਣ ਲਈ ‘ਆਪ’ ਦੀ ਕੀਤੀ ਆਲੋਚਨਾ

0

ਵਿਧਾਨ ਸਭਾ ਸੈਸ਼ਨ ਦੇ ਸਿਫ਼ਰ ਕਾਲ ਦੌਰਾਨ ਚੁੱਕੇ ਸਵਾਲਾਂ ਦੇ ਜਵਾਬ ਦੇਣ ਲਈ ਔਖੇ ਸਮੇਂ ਦਾ ਸਾਹਮਣਾ ਕਰ ਰਹੇ ‘ਆਪ’ ਆਗੂ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 2 ਅਕਤੂਬਰ – ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਲਾਈਵ ਟੈਲੀਕਾਸਟ ਦੌਰਾਨ ਆਮ ਆਦਮੀ ਪਾਰਟੀ ਨੂੰ ਫੁਟੇਜ ਨਾਲ ਛੇੜਛਾੜ ਕਰਕੇ ਵਿਰੁੱਧ ਧਿਰ ਨੂੰ ਨੀਵਾਂ ਦਿਖਾਉਣ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂਆਂ ਦੇ ਸੰਬੋਧਨ ਦੌਰਾਨ ਕੈਮਰੇ ਜਾਣਬੁੱਝ ਕੇ ਜ਼ੂਮ ਆਊਟ ਕਰ ਦਿੱਤੇ ਜਾਂਦੇ ਹਨ, ਜਦੋਂ ਕਿ ਸੱਤਾਧਾਰੀ ਧਿਰ ਦੇ ਮੈਂਬਰਾਂ ਦੀ ਖੁਸ਼ਾਮਦ ਕੀਤੀ ਜਾਂਦੀ ਹੈ। ਵਿਰੋਧੀ ਧਿਰ ਦੇ ਸੰਬੋਧਨਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨਾ ‘ਆਪ’ ਦੁਆਰਾ ਜਮਹੂਰੀਅਤ ਲਈ ਖਤਰੇ ਨੂੰ ਦਰਸਾਉਂਦਾ ਹੈ। ‘ਆਪ’ ਆਗੂਆਂ ਨੂੰ ਵਿਰੋਧੀ ਧਿਰਾਂ ਦੇ ਸਵਾਲਾਂ ਦੇ ਜਵਾਬ ਦੇਣ ‘ਚ ਖਾਸ ਤੌਰ ‘ਤੇ ਸਿਫਰ ਕਾਲ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਜੁਰਬਾ ਨਾ ਰੱਖਣ ਵਾਲੇ ਅਤੇ ਅਯੋਗ ਮੈਂਬਰ ਅਜੇ ਵੀ ਸੈਸ਼ਨ ਦੀ ਕਾਰਵਾਈ ਅਤੇ ਪ੍ਰਬੰਧਕੀ ਕੰਮਕਾਜ ਤੋਂ ਜਾਣੂੰ ਨਹੀਂ ਹਨ, ਜੋ ਕਿ ਸੈਸ਼ਨਾਂ ਦੌਰਾਨ ਸਾਫ਼ ਨਜ਼ਰ ਆਉਂਦਾ ਹੈ। ਮੈਨੂੰ ਉਮੀਦ ਹੈ ਕਿ ਦਿੱਲੀ ਦੇ ਆਕਾ ਇਹ ਦੇਖਣਗੇ ਕਿ ਇਸ ਨਾ ਤਜੁਰਬੇਕਾਰ ਟੀਮ ਨੂੰ ਆਪਣੇ ਰੋਜ਼ਾਨਾ ਦੇ ਕੰਮਕਾਜ ਦਾ ਪ੍ਰਬੰਧਨ ਕਰਨ ਲਈ ਸਖ਼ਤ ਸਿਖਲਾਈ ਅਤੇ ਦਿਸ਼ਾ ਦੀ ਲੋੜ ਹੈ। ਲੋਕਾਂ ਨੇ ਸੱਤਾ ਵਿੱਚ ਇੰਨ੍ਹਾ ਦਾ ਅਸਲੀ ਰੰਗ ਅਤੇ ਭ੍ਰਿਸ਼ਟ ਦਾ ਮੰਤਵ ਵੇਖ ਲਿਆ ਹੈ, ਜੋ “ਆਮ ਆਦਮੀ” ਨੂੰ ਲਾਭ ਪਹੁੰਚਾਉਣ ਦੇ ਟੀਚੇ ਤੋਂ ਬਹੁਤ ਦੂਰ ਕਰਦਾ ਹੈ, ਇਸ ਲਈ ਲਾਈਵ ਸੈਸ਼ਨਾਂ ਦੌਰਾਨ ਸਾਡੀ ਆਵਾਜ਼ ਨੂੰ ਬੰਦ ਕਰਨ ਨਾਲ ਉਨ੍ਹਾਂ ਦੇ ਝੂਠੇ ਦਾਅਵਿਆਂ ਅਤੇ ਗਲਤ ਨੀਤੀਆਂ ਨੂੰ ਦਬਾਉਣ ਵਿੱਚ ਮਦਦ ਨਹੀਂ ਮਿਲੇਗੀ। ਇੱਕ ਸਿਹਤਮੰਦ ਵਿਰੋਧੀ ਧਿਰ ਸੱਤਾਧਾਰੀ ਪਾਰਟੀ ਦੇ ਗਲਤ ਕੰਮਾਂ ਨੂੰ ਰੋਕਣ ਦਾ ਕੰਮ ਕਰਦਾ ਹੈ ਅਤੇ ਬਰਾਬਰੀ, ਪਾਰਦਰਸ਼ਤਾ ਅਤੇ ਭਾਈਚਾਰੇ ਨੂੰ ਕਾਇਮ ਰੱਖਣ ਲਈ ਲੋਕਾਂ ਦੀ ਆਵਾਜ਼ ਵਜੋਂ ਕੰਮ ਕਰਦੀ ਹੈ ਜੋ ਸਪੱਸ਼ਟ ਤੌਰ ‘ਤੇ ਇੱਕ ਸਿਹਤਮੰਦ ਜਮਹੂਰੀ ਵਿਵਸਥਾ ਨੂੰ ਦਰਸਾਉਂਦੀ ਹੈ ਪਰ ‘ਆਪ’ ਦੀ ਇਹ ਨਾਪਾਕ ਹਰਕਤ ਬੇਹੱਦ ਨਿੰਦਣਯੋਗ ਹੈ ਅਤੇ ਪੰਜਾਬ ਵਿੱਚ ਇਹ ਗੰਦੀ ਸਿਆਸਤ ਦੀ ਨਿਸ਼ਾਨੀ ਹੈ। ਉਨ੍ਹਾਂ ਨੂੰ ਬੇਨਕਾਬ ਹੋਣ ਦਾ ਡਰ ਹੈ ਪਰ ਉਨ੍ਹਾਂ ਦੀ ਇਸ ਪੱਖਪਾਤੀ ਖੇਡ ਨੂੰ ਜਾਣਦੇ ਹੋਏ ਵੀ ਅਸੀਂ ਪੰਜਾਬ ਦੇ ਹਿੱਤ ਵਿੱਚ ਆਪਣੀ ਆਵਾਜ਼ ਬੁਲੰਦ ਕਰਦੇ ਰਹਾਂਗੇ।

Our Visitor

1906335