ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 07 ਸਤੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਭਲਾਈ ਲਈ ਵਚਨਬੱਧ ਹੈ। ਇਸੇ ਲੜੀ ਤਹਿਤ ਅੱਜ ਇਥੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਬਾਰੇ ਮੰਤਰੀ ਡਾ.ਬਲਜੀਤ ਕੌਰ ਵੱਲੋਂ ਵੱਖ-ਵੱਖ ਆਂਗਨਵਾੜੀ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ। ਇਹ ਮੀਟਿੰਗ ਬੜੇ ਹੀ ਸੁਖਾਵੇਂ ਮਾਹੌਲ ਵਿੱਚ ਹੋਈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਬਾਰੇ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਹੈ ਕਿ ਆਂਗਨਵਾੜੀ ਮੁਲਾਜ਼ਮ ਯੂਨੀਅਨ (ਰਜਿ:), ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ), ਆਲ ਇੰਡੀਆ ਆਂਗਨਵਾੜੀ ਵਰਕਰਜ਼/ਹੈਲਪਰਜ਼ ਯੂਨੀਅਨ, (ਏਟਕ) ਅਤੇ ਪੰਜਾਬ ਨੈਸ਼ਨਲ ਕਰੈੱਚ ਯੂਨੀਅਨ (ਸੀਟੂ) ਨਾਲ ਮੰਗਾਂ ਬਾਰੇ ਹੋਈ ਮੀਟਿੰਗ ਵਿੱਚ ਆਂਗਨਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਡਾ.ਬਲਜੀਤ ਕੌਰ ਨੇ ਦੱਸਿਆ ਕਿ ਆਂਗਨਵਾੜੀ ਯੂਨੀਅਨ ਵਰਕਰਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਪ੍ਰਵਾਨ ਕਰ ਲਿਆ ਜਾਵੇਗਾ।ਇਸ ਮੌਕੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਕੱਤਰ ਸ੍ਰੀ ਸੁਮੇਰ ਸਿੰਘ ਗੁਰਜ਼ਰ, ਡਾਇਰੈਕਟਰ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਆਂਗਨਵਾੜੀ ਜਥੇਬੰਦੀਆਂ ਵੱਲੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨਾਲ ਮੰਗਾਂ ਸਬੰਧੀ ਮੀਟਿੰਗ
ਮੁੱਖ ਮੰਤਰੀ ਵੱਲੋਂ ਫਰਵਰੀ 2023 ਵਿੱਚ ਪੰਜਾਬ ਨਿਵੇਸ਼ ਸੰਮੇਲਨ ਕਰਵਾਉਣ ਦੀ ਪ੍ਰਵਾਨਗੀ
ਸੰਮੇਲਨ ਦੇਸ਼-ਵਿਦੇਸ਼ ਤੋਂ ਨਿਵੇਸ਼ ਆਕਰਸ਼ਿਤ ਕਰਕੇ ਪੰਜਾਬ ਨੂੰ ਉਦਯੋਗਿਕ ਹੱਬ ਵਜੋਂ ਉਭਰਨ ਵਿੱਚ ਕਰੇਗਾ ਸਹਾਇਤਾ
90 ਹਜ਼ਾਰ ਤੋਂ ਵੱਧ ਨੌਜਵਾਨਾਂ ਲਈ ਰੋਜ਼ਗਾਰ ਯਕੀਨੀ ਬਣਾਉਣ ਲਈ ਪੰਜਾਬ ਵਿੱਚ ਪੰਜ ਮਹੀਨਿਆਂ ਵਿੱਚ 21000 ਕਰੋੜ ਰੁਪਏ ਦਾ ਹੋਇਆ ਨਿਵੇਸ਼
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 7 ਸਤੰਬਰ : ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਸੂਬੇ ਵਿੱਚ ਹੋਰ ਨਿਵੇਸ਼ ਆਕਰਸ਼ਿਤ ਕਰਨ ਹਿੱਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਰਵਰੀ 2023 ਵਿੱਚ ਪੰਜਾਬ ਨਿਵੇਸ਼ ਸੰਮੇਲਨ ਕਰਵਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।ਇਨਵੈਸਟ ਪੰਜਾਬ-ਸੂਬਾ ਸਰਕਾਰ ਦੀ ਨਿਵੇਸ਼ ਪ੍ਰੋਮੋਸ਼ਨ ਏਜੰਸੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੰਮੇਲਨ ਸੂਬੇ ਦੇ ਵਿਆਪਕ ਉਦਯੋਗਿਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਸ ਨੂੰ ਨਵੀਆਂ ਲੀਹਾਂ ‘ਤੇ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਇਨਵੈਸਟ ਪੰਜਾਬ ਨੂੰ ਇਸ ਅਹਿਮ ਪਲੇਟਫਾਰਮ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਕਿਹਾ ਤਾਂ ਜੋ ਪੰਜਾਬ ਨੂੰ ਭਾਰਤ ਅਤੇ ਵਿਸ਼ਵ ਭਰ ਦੇ ਨਿਵੇਸ਼ਕਾਂ ਲਈ ਪਸੰਦੀਦਾ ਸਥਾਨ ਬਣਾਇਆ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਇਸ ਮੈਗਾ ਈਵੈਂਟ ਨੂੰ ਸਫ਼ਲ ਬਣਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ।ਮੁੱਖ ਮੰਤਰੀ ਨੇ ਸੂਬੇ ਨੂੰ ਭਾਰਤ ਅਤੇ ਵਿਸ਼ਵ ਭਰ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉਤਸ਼ਾਹਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਹ ਸੰਮੇਲਨ ਸੂਬੇ ਨੂੰ ਉਦਯੋਗ ਦੇ ਧੁਰੇ ਵਜੋਂ ਉਭਰਨ ਲਈ ਪ੍ਰੇਰਕ ਵਜੋਂ ਕੰਮ ਕਰੇਗਾ। ਭਗਵੰਤ ਮਾਨ ਨੇ ਇਨਵੈਸਟ ਪੰਜਾਬ ਨੂੰ ਭਾਰਤ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਅਤੇ ਵਿਸ਼ਵ ਪੱਧਰ ‘ਤੇ ਰੋਡ ਸ਼ੋਅ ਸਮੇਤ ਪ੍ਰਮੋਸ਼ਨ ਆਊਟਰੀਚ ਪ੍ਰੋਗਰਾਮ ਕਰਨ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਸੰਭਾਵੀ ਨਿਵੇਸ਼ਕਾਂ ਨੂੰ ਸੰਮੇਲਨ ਲਈ ਸੱਦਾ ਦਿੱਤਾ ਜਾ ਸਕੇ ਅਤੇ ਸੰਮੇਲਨ ਦੌਰਾਨ ਸੂਬੇ ਦੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਇਆ ਜਾ ਸਕੇ।ਮੁੱਖ ਮੰਤਰੀ ਨੇ ਨਿਵੇਸ਼ਕਾਂ ਦੀ ਸਹੂਲਤ ਲਈ ਪੰਜਾਬ ਦੇ ਯੂਨੀਫਾਈਡ ਰੈਗੂਲੇਟਰ ਅਤੇ ਸਿੰਗਲ ਵਿੰਡੋ ਸਿਸਟਮ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਨੇ ਪਿਛਲੇ ਪੰਜ ਮਹੀਨਿਆਂ ਦੌਰਾਨ 21,000 ਕਰੋੜ ਰੁਪਏ ਦਾ ਨਿਵੇਸ਼ ਪ੍ਰਾਪਤ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਨਿਵੇਸ਼ ਨਾਲ ਸੂਬੇ ਭਰ ਦੇ ਲਗਭਗ 93,000 ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਨਿਵੇਸ਼ ਪ੍ਰਾਪਤ ਕਰਨ ਦੀ ਇਸ ਗਤੀ ਨੂੰ ਟੁੱਟਣਾ ਨਹੀਂ ਚਾਹੀਦਾ ਅਤੇ ਸੂਬੇ ਵਿੱਚ ਵੱਧ ਤੋਂ ਵੱਧ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।ਇਸ ਮੌਕੇ ਇਨਵੈਸਟ ਪੰਜਾਬ ਦੇ ਮੁੱਖ ਕਾਰਜਕਾਰੀ ਅਫਸਰ (ਸੀ.ਈ.ਓ.) ਕਮਲ ਕਿਸ਼ੋਰ ਯਾਦਵ ਨੇ ਇਨਵੈਸਟ ਪੰਜਾਬ ਦੀਆਂ ਸਮਰੱਥਾਵਾਂ ਅਤੇ ਇਨਵੈਸਟ ਪੰਜਾਬ ਟੀਮ ਵੱਲੋਂ ਜਪਾਨ, ਅਮਰੀਕਾ, ਯੂਰਪ ਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ ਪ੍ਰਾਪਤ ਕੀਤੇ ਨਿਵੇਸ਼ਾਂ ਬਾਰੇ ਵਿਸਥਾਰ ਨਾਲ ਪੇਸ਼ਕਾਰੀ ਦਿੱਤੀ।
ਪੰਜਾਬ ਪੁਲਿਸ ਨੇ ਮੱਧ ਪ੍ਰਦੇਸ਼ ਵਿੱਚ ਚੱਲ ਰਹੇ ਆਪਰੇਸ਼ਨ ਦੌਰਾਨ 25 ਹੋਰ ਹਥਿਆਰ ਕੀਤੇ ਬਰਾਮਦ
ਇੱਕ ਹਥਿਆਰ ਬਣਾਉਣ ਵਾਲਾ ਗਿ੍ਰਫਤਾਰ
ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਅਧਾਰਿਤ ਦੋ ਆਰਮ ਸਪਲਾਇਰ 55 ਪਿਸਤੌਲਾਂ ਨਾਲ ਕੀਤੇ ਸਨ ਕਾਬੂ ; ਹਥਿਆਰਾਂ ਦੀ ਬਰਾਮਦਗੀ ਦੀ ਕੁੱਲ ਗਿਣਤੀ 80 ਤੱਕ ਅੱਪੜੀ
ਪੁਖ਼ਤਾ ਜਾਣਕਾਰੀ ਦੇ ਬਾਅਦ, 15 ਮੈਂਬਰੀ ਪੰਜਾਬ ਪੁਲਿਸ ਟੀਮ ਨੂੰ ਹਥਿਆਰਾਂ ਦੇ ਇਸ ਗੈਰ-ਕਾਨੂੰਨੀ ਕਾਰੋਬਾਰ ਦਾ ਪਰਦਾਫਾਸ਼ ਕਰਨ ਲਈ ਭੇਜਿਆ ਗਿਆ ਸੀ ਮੱਧ ਪ੍ਰਦੇਸ਼
ਪੰਜਾਬ ਪੁਲਿਸ ਨੇ ਨਜਾਇਜ਼ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕਾਂ ਨੂੰ ਮੁੱਢੋਂ ਤਬਾਹ ਕਰਨ ਲਈ ਅਪਣਾਈ ਸਰਗਰਮ ਪਹੁੰਚ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 7 ਸਤੰਬਰ:ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਮੱਧ ਪ੍ਰਦੇਸ਼ (ਐਮ.ਪੀ) ਤੋਂ ਹਥਿਆਰਾਂ ਦੇ ਦੋ ਸਪਲਾਇਰਾਂ ਦੀ ਗਿ੍ਰਫਤਾਰੀ ਨਾਲ ਅੰਤਰ-ਰਾਜੀ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਨ ਤੋਂ ਕੁਝ ਦਿਨ ਉਪਰੰਤ, ਪੰਜਾਬ ਪੁਲਿਸ ਨੇ ਮੱਧ ਪ੍ਰਦੇਸ਼ ਦੇ ਕਜ਼ਾਲਪੁਰਾ ਤੋਂ ਹਥਿਆਰ ਬਣਾਉਣ ਵਾਲੇ ਇੱਕ ਵਿਅਕਤੀ ਨੂੰ ਵੀ ਗਿ੍ਰਫਤਾਰ ਕੀਤਾ ਹੈ।.ਗਿ੍ਰਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਸੋਨੂੰ ਸਿੰਘ ਵਾਸੀ ਪਿੰਡ ਸਿਗਨੂਰ ਜਿਲਾ ਖਰਗੋਨ ਵਜੋਂ ਹੋਈ ਹੈ, ਜੋ ਐਮ.ਪੀ ਵਿੱਚ ਹਥਿਆਰਾਂ ਦਾ ਇੱਕ ਛੋਟਾ ਨਿਰਮਾਣ ਯੂਨਿਟ ਚਲਾ ਰਿਹਾ ਸੀ ਅਤੇ ਐਮ.ਪੀ ਸਣੇ ਉੱਤਰੀ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਹਥਿਆਰ ਸਪਲਾਈ ਕਰਦਾ ਸੀ। ਪੁਲਸ ਨੇ ਉਕਤ ਕੋਲੋਂ 24 ਪਿਸਤੌਲਾਂ ਅਤੇ ਇਕ ਰਿਵਾਲਵਰ ਸਮੇਤ 25 ਹੋਰ ਹਥਿਆਰ ਵੀ ਬਰਾਮਦ ਕੀਤੇ ਹਨ, ਜਿਸ ਨਾਲ ਇਸ ਗਿਰੋਹ ਤੋਂ ਹਥਿਆਰਾਂ ਦੀ ਬਰਾਮਦਗੀ ਦੀ ਕੁੱਲ ਗਿਣਤੀ 80 ਹੋ ਗਈ ਹੈ।ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਦੇ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਸੀ, ਜਿਨਾਂ ਦੀ ਪਛਾਣ ਭੌਰੇਲਾਲ ਉਰਫ ਮਨੀਸ਼ ਬਡੇ ਅਤੇ ਕੈਲਾਸ਼ ਮੱਲ ਸਿੰਘ ਵਜੋਂ ਹੋਈ ਸੀ, ਜੋ ਵੱਡੇ ਪੱਧਰ ‘ਤੇ ਗੈਰ-ਕਾਨੂੰਨੀ ਹਥਿਆਰ ਨਿਰਮਾਣ ਅਤੇ ਐਮ.ਪੀ ਤੋਂ ਪੰਜਾਬ ਸਮੇਤ ਦੂਜੇ ਰਾਜਾਂ ਵਿੱਚ ਹਥਿਆਰਾਂ ਦੀ ਸਪਲਾਈ ਕਰਨ ਵਿੱਚ ਸ਼ਾਮਲ ਸਨ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਭੋਰੇਲਾਲ ਅਤੇ ਕੈਲਾਸ਼ ਮੱਲ ਦੀ ਮੁੱਢਲੀ ਜਾਂਚ ਦੇ ਆਧਾਰ ‘ਤੇ ਪੁਲਿਸ ਟੀਮਾਂ ਨੇ ਕਜ਼ਾਲਪੁਰਾ ਤੋਂ ਹਥਿਆਰ ਬਣਾਉਣ ਵਾਲੇ ਨੂੰ ਕਾਬੂ ਕਰਕੇ ਉਸ ਦੇ ਕਬਜੇ ‘ਚੋਂ 8 ਪਿਸਤੌਲ ਬਰਾਮਦ ਕੀਤੇ ਸਨ। ਉਨਾਂ ਦੱਸਿਆ ਕਿ ਸੋਨੂੰ ਸਿੰਘ ਦੇ ਖੁਲਾਸੇ ‘ਤੇ, ਪੁਲਿਸ ਟੀਮਾਂ ਨੇ ਮੱਧ ਪ੍ਰਦੇਸ਼ ਦੇ ਬਡਵਾਨੀ ਦੇ ਪਿੰਡ ਉਮਾਰਤੀ ਨੇੜੇ ਡਰੇਨ ਦੇ ਕਿਨਾਰੇ ਤੋਂ ਉਸ ਵੱਲੋਂ ਦੱਸੇ ਗਏ ਟਿਕਾਣੇ ਤੋਂ ਹੋਰ 16 ਪਿਸਤੌਲ ਅਤੇ ਇੱਕ ਰਿਵਾਲਵਰ ਵੀ ਬਰਾਮਦ ਕੀਤਾ।
ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ 20 ਹਜਾਰ ਰੁਪਏ ਤੋਂ 30 ਹਜ਼ਾਰ ਰੁਪਏ ਵਿੱਚ ਨਾਜਾਇਜ਼ ਹਥਿਆਰ ਵੇਚਦੇ ਸਨ ਅਤੇ ਖਰੀਦਦਾਰ ਲੱਭਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਦੇ ਸਨ।ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਫੈਸਲਾਕੁੰਨ ਜੰਗ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਦੀ ਅੰਮਿ੍ਰਤਸਰ ਕਾਊਂਟਰ ਇੰਟੈਲੀਜੈਂਸ ਯੂਨਿਟ ਵੱਲੋਂ ਮੱਧ ਪ੍ਰਦੇਸ਼ ਵਿੱਚ ਪੰਜ ਦਿਨਾਂ ਲਈ ਚਲਾਈ ਇੰਟੈਲੀਜੈਂਸ ਅਧਾਰਿਤ ਮੁਹਿੰਮ ਦੌਰਾਨ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਇਹ ਕਾਰਵਾਈ ਮੱਧ ਪ੍ਰਦੇਸ਼ ਪੁਲਿਸ ਦੀ ਮਦਦ ਨਾਲ ਕੀਤੀ ਗਈ ਹੈ।ਇਸ ਸਬੰਧੀ ਅਸਲਾ ਐਕਟ ਦੀ ਧਾਰਾ 25/54/59 ਅਤੇ ਆਈ.ਪੀ.ਸੀ. ਦੀ ਧਾਰਾ 120-ਬੀ ਤਹਿਤਐਫ.ਆਈ.ਆਰ. ਨੰਬਰ 24 ਮਿਤੀ 10.08.2022 ਅਧੀਨ ਪੁਲਿਸ ਥਾਣਾ ਐਸ.ਐਸ.ਓ.ਸੀ., ਅੰਮਿ੍ਰਤਸਰ ਵਿਖੇ ਮਾਮਲਾ ਦਰਜ ਹੈ।ਜ਼ਿਕਰਯੋਗ ਹੈ ਕਿ ਸੂਬੇ ਵਿੱਚੋਂ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਤੋਂ ਬਾਅਦ, ਹੁਣ ਪੰਜਾਬ ਪੁਲਿਸ ਨੇ ਪੰਜਾਬ ਨੂੰ ਅਪਰਾਧ ਅਤੇ ਨਸ਼ਾ ਮੁਕਤ ਬਣਾਉਣ ਲਈ ਨਾਜਾਇਜ਼ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਨੈਟਵਰਕ ਦਾ ਮੁੱਢੋਂ ਪਰਦਾਫਾਸ਼ ਕਰਨ ਲਈ ਸਰਗਰਮ ਪਹੁੰਚ ਅਪਣਾਈ ਹੈ।
ਮੁੱਖ ਮੰਤਰੀ ਵੱਲੋਂ ‘ਪ੍ਰਧਾਨ ਮੰਤਰੀ ਮਿੱਤਰਾ ਸਕੀਮ’ਤਹਿਤ ਟੈਕਸਟਾਈਲ ਪਾਰਕ ਸਥਾਪਤ ਕਰਨ ਲਈ ਫਤਹਿਗੜ੍ਹ ਸਾਹਿਬ ਵਿਖੇ 1000 ਏਕੜ ਜ਼ਮੀਨ ਦੇਣ ਦੀ ਪੇਸ਼ਕਸ਼
ਪ੍ਰੋਜੈਕਟ ਨਾਲ ਦੇਸ਼ ਭਰ ’ਚ ਟੈਕਸਟਾਈਲ ਧੁਰੇ ਵਜੋਂ ਉਭਰੇਗਾ ਪੰਜਾਬ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 7 ਸਤੰਬਰ-ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਪ੍ਰਧਾਨ ਮੰਤਰੀ ਮੈਗਾ ਇੰਟੈਗ੍ਰੇਟਿਡ ਟੈਕਸਟਾਈਲ ਰੀਜਨ ਤੇ ਐਪੇਰਲ ਪਾਰਕਜ਼ (ਪੀ.ਐਮ. ਮਿੱਤਰਾ) ਸਕੀਮ’ ਅਧੀਨ ਟੈਕਸਟਾਈਲ ਪਾਰਕ ਸਥਾਪਤ ਕਰਨ ਲਈ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ 1000 ਏਕੜ ਜ਼ਮੀਨ ਭਾਰਤ ਸਰਕਾਰ ਨੂੰ ਦੇਣ ਦੀ ਪੇਸ਼ਕਸ਼ ਕੀਤੀ ਹੈ। ਕੇਂਦਰੀ ਕੱਪੜਾ ਮੰਤਰੀ ਪਿਊਸ਼ ਗੋਇਲ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ’ਤੇ ਇਸ ਵੱਕਾਰੀ ਪ੍ਰਾਜੈਕਟ ਨੂੰ ਸਥਾਪਤ ਕਰਨ ਦੀ ਇੱਛਾ ਪ੍ਰਗਟਾਈ ਹੈ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਪੰਜਾਬ, ਦੇਸ਼ ਦੀ ‘ਟੈਕਸਟਾਇਲ ਹੱਬ’ ਵਜੋਂ ਉਭਰੇਗਾ। ਭਗਵੰਤ ਮਾਨ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਇਹ ਪ੍ਰੋਜੈਕਟ ਸੂਬੇ ਨੂੰ ਉਦਯੋਗਿਕ ਵਿਕਾਸ ਦੇ ਨਕਸ਼ੇ ਉਤੇ ਉਭਾਰੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੀਮ ਜਿੱਥੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਵਿੱਚ ਸਹਾਈ ਹੋਵੇਗੀ, ਉਥੇ ਹੀ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹੇਗੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਇਸ ਪ੍ਰਾਜੈਕਟ ਦੀਆਂ ਚਾਹਵਾਨ ਸੂਬਾ ਸਰਕਾਰਾਂ ਦੀ ਭਾਈਵਾਲੀ ਨਾਲ ਦੇਸ਼ ਭਰ ਵਿੱਚ ਸੱਤ ‘ਪ੍ਰਧਾਨ ਮੰਤਰੀ ਮੈਗਾ ਇੰਟੈਗਰੇਟਿਡ ਟੈਕਸਟਾਈਲ ਖੇਤਰ ਅਤੇ ਐਪੇਰਲ ਪਾਰਕ’ (ਪੀ.ਐਮ. ਮਿੱਤਰਾ) ਸਥਾਪਤ ਕਰਨ ਦੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਹੈ। ਭਗਵੰਤ ਮਾਨ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਇਸ ਸਕੀਮ ਤਹਿਤ ਸੂਬਾ ਸਰਕਾਰ ਫਤਹਿਗੜ੍ਹ ਸਾਹਿਬ ਵਿਖੇ ਟੈਕਸਟਾਈਲ ਪਾਰਕ ਸਥਾਪਤ ਕਰਨ ਲਈ ਤਿਆਰ ਹੈ।ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਮੈਗਾ ਪਾਰਕ ਦੀ ਸਥਾਪਨਾ ਕਰਦੇ ਸਮੇਂ ਕੇਂਦਰ ਅਤੇ ਸੂਬੇ ਦੇ ਪ੍ਰਦੂਸ਼ਣ ਕੰਟਰੋਲ ਬੋਰਡਾਂ ਦੁਆਰਾ ਨਿਰਧਾਰਤ ਸਾਰੀਆਂ ਵਾਤਾਵਰਣ ਪ੍ਰਵਾਨਗੀਆਂ ਅਤੇ ਮਾਪਦੰਡਾਂ ਦਾ ਪਾਲਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਲਈ ਬੁਨਿਆਦੀ ਲੋੜਾਂ ਵਿੱਚੋਂ ਇੱਕ ਇਹ ਹੈ ਕਿ ਇਸ ਪ੍ਰਾਜੈਕਟ ਲਈ ਇਛੁੱਕ ਸੂਬਾ ਸਰਕਾਰ ਕੋਲ 1000 ਏਕੜ ਜ਼ਮੀਨ ਦਾ ਰਕਬਾ ਇਕ ਥਾਂ ਮੌਜੂਦਾ ਹੋਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਪ੍ਰਾਜੈਕਟ ਲਈ ਫਤਿਹਗੜ੍ਹ ਸਾਹਿਬ ਵਿੱਚ ਪਹਿਲਾਂ ਹੀ ਜ਼ਮੀਨ ਦੇ ਲੋੜੀਂਦੇ ਰਕਬੇ ਦੀ ਇਕ ਥਾਂ ਸ਼ਨਾਖਤ ਕਰ ਲਈ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਸਥਾਪਤ ਕਰਨ ਲਈ ਸਾਰੀਆਂ ਲੋੜੀਂਦੀਆਂ ਜ਼ਰੂਰਤਾਂ ਨੂੰ ਛੇਤੀ ਪੂਰਾ ਕੀਤਾ ਜਾਵੇਗਾ।
ਜ਼ੇਕਰ ਤਨਖਾਹ ਦਾ ਬਜਟ ਨਾ ਜਾਰੀ ਕੀਤਾ ਤਾਂ ਹੋਵੇਗਾ ਤਿੱਖਾ ਸੰਘਰਸ਼ :- ਗੁਰਪ੍ਰੀਤ ਢਿੱਲੋਂ, ਜਗਸੀਰ ਸਿੰਘ ਮਾਣਕ
ਪੰਜਾਬੀ ਖ਼ਬਰਸਾਰ ਬਿਉਰੋ
ਸ੍ਰੀ ਮੁਕਤਸਰ ਸਾਹਿਬ, 7 ਸਤੰਬਰ : ਅੱਜ ਪੰਜਾਬ ਰੋਡਵੇਜ਼ /ਪਨਬਸ ਅਤੇ ਪੀ ਆਰ ਟੀ ਸੀ ਕੰਟਰਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੁਬਾ ਜੋਇੰਟ ਸਕੱਤਰ ਗੁਰਪ੍ਰੀਤ ਸਿੰਘ ਢਿਲੋਂ ਅਤੇ ਡੀਪੂ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਜਗਸੀਰ ਸਿੰਘ ਮਾਣਕ ਵਲੋਂ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜ਼ੇਕਰ ਕੱਲ ਤੱਕ ਤਨਖਾਹ ਲਈ ਸਰਕਾਰ ਬੱਜਟ ਰਲੀਜ ਨਹੀਂ ਕਰਦੀ ਤਾਂ 9 ਤਰੀਕ ਪੰਜਾਬ ਭਰ ਦੇ ਪੰਜਾਬ ਰੋਡਵੇਜ਼ /ਪਨਬਸ ਅਤੇ ਪੀ ਆਰ ਟੀ ਸੀ ਦੇ ਸਮੂਹ ਡੀਪੂਆਂ ਦੇ ਗੇਟ ਤੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ l ਜਨਰਲ ਸਕੱਤਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਪੰਜਾਬ ਭਰ ਦੇ ਸਾਰੇ ਹੀ 27 ਡੀਪੂਆਂ ਦੇ ਕਾਮੇ ਇਕੱਠੇ ਹੋ ਕੇ 13 ਤਰੀਕ ਨੂੰ ਪੰਜਾਬ ਸਟੇਟ ਟਰਾਂਸਪੋਰਟ ਵਿਭਾਗ ਦੇ ਮੁੱਖ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਹੋਰ ਤਿੱਖੇ ਸੰਘਰਸ਼ਾ ਦਾ ਐਲਾਨ ਕੀਤਾ ਜਾਵੇਗਾ ਅਤੇ ਨਾਲ ਹੀ ਉਹਨਾਂ ਨੇ ਹੇਂਠ ਲਿਖੀਆਂ ਮੰਗਾ ਵੀ ਸਰਕਾਰ ਨੂੰ ਮਨਣ ਦੀ ਅਪੀਲ ਕੀਤੀ ਜਿਸ ਵਿੱਚ ਮੁੱਖ ਮੰਗ :-1)ਕੱਚੇ ਮੁਲਜਮਾਂ ਨੂੰ ਪੱਕਾ ਕੀਤਾ ਜਾਵੇ (2) ਨਜਾਇਜ਼ ਕੰਡੀਸ਼ਨਾ ਲਾ ਕੇ ਨੌਕਰੀ ਤੋਂ ਕੱਢੇ ਕਾਮਿਆਂ ਨੂੰ ਬਹਾਲ ਕੀਤਾ ਜਾਵੇ (3) ਸਰਕਾਰ ਆਪਣੇ ਵਾਹਦੇ ਦੇ ਅਨੁਸਾਰ ਆਉਟਸੋਰਸ ਦੀ ਭਰਤੀ ਰੱਦ ਕਰੇ ਅਤੇ ਪੱਕੀ ਭਰਤੀ ਕਰੇl (4)ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਰੱਦ ਕੀਤਾ ਜਾਵੇl (5)ਟਰਾਂਸਪੋਰਟ ਮਾਫੀਆ ਨੂੰ ਖਤਮ ਕਰਨ ਲਈ ਸਰਕਾਰੀ ਟਰਾਂਸਪੋਰਟ ਵਿੱਚ ਦੱਸ ਹਜ਼ਾਰ ਨਵੀਆਂ ਬੱਸਾਂ ਪਾਇਆ ਜਾਣ l
ਟਰਾਂਸਪੋਰਟ ਮੰਤਰੀ ਭੁੱਲਰ ਵੱਲੋਂ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਜਾਇਜ਼ ਮੰਗਾਂ ਦੇ ਹੱਲ ਦਾ ਭਰੋਸਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 7 ਸਤੰਬਰ:ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਸੂਬੇ ਦੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕੱਢਣ ਲਈ ਸੰਜੀਦਾ ਹੈ।ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਬੱਸ ਆਪ੍ਰੇਟਰਾਂ ਨਾਲ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਬੱਸ ਆਪ੍ਰੇਟਰਾਂ ਦੀਆਂ ਮੰਗਾਂ ਨੂੰ ਗਹੁ ਨਾਲ ਸੁਣਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਹਰ ਵਰਗ ਦੀਆਂ ਮੰਗਾਂ ਦਾ ਸਾਰਥਕ ਹੱਲ ਕੱਢ ਰਹੀ ਹੈ।ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੋਲ ਬੱਸ ਆਪ੍ਰੇਟਰਾਂ ਦੀਆਂ ਮੰਗਾਂ ਸਬੰਧੀ ਮੁੱਦਾ ਚੁਕਣਗੇ ਅਤੇ ਜਾਇਜ਼ ਮੰਗਾਂ ਨੂੰ ਹੱਲ ਕਰਾਉਣ ਲਈ ਪੂਰਾ ਜ਼ੋਰ ਲਾਉਣਗੇ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਬੱਸ ਆਪ੍ਰੇਟਰ ਸਨਅਤ ਨਾਲ ਵੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਅਤੇ ਇਸ ਸਨਅਤ ਨੂੰ ਹੋਰ ਉੱਨਤ ਕੀਤਾ ਜਾਵੇਗਾ।
3400 ਕਰੋੜ ਰੁਪਏ ਤੋਂ ਵੱਧ ਦੇ ਭੁਗਤਾਨ ਜਾਰੀ, ਸੂਬੇ ਦੀ ਵਿੱਤੀ ਸਿਹਤ ਬਿਲਕੁਲ ਠੀਕ : ਵਿੱਤ ਮੰਤਰੀ ਚੀਮਾ
ਤਨਖਾਹ ਤੇ ਜੀਪੀਐਫ ਲਈ 2719 ਕਰੋੜ, ਬਿਜਲੀ ਸਬਸਿਡੀ ਲਈ 600 ਕਰੋੜ ਤੇ ਸ਼ੂਗਰਫੈੱਡ ਨੂੰ 75 ਕਰੋੜ ਰੁਪਏ ਜਾਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 07 ਸਤੰਬਰ: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੀ ਵਿੱਤੀ ਸਿਹਤ ਬਿਲਕੁਲ ਠੀਕ ਹੈ ਅਤੇ ਖਜ਼ਾਨੇ ਵੱਲੋਂ ਅੱਜ 3,400 ਕਰੋੜ ਰੁਪਏ ਤੋਂ ਵੱਧ ਦੇ ਭੁਗਤਾਨ ਜਾਰੀ ਕੀਤੇ ਗਏ ਹਨ। ਇੱਥੇ ਜਾਰੀ ਇੱਕ ਬਿਆਨ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਦੇ ਸੀ.ਐਸ.ਐਫ/ਜੀ.ਆਰ.ਐਫ. ਬਾਰੇ ਦਿਸ਼ਾ-ਨਿਰਦੇਸ਼ਾਂ ਅਤੇ ਮਾਪਦੰਡਾਂ ਅਨੁਸਾਰ ਵਿਸ਼ੇਸ਼ ਡਰਾਇੰਗ ਸਹੂਲਤ (ਸਪੈਸ਼ਲ ਡਰਾਇੰਗ ਫੈਸੀਲਿਟੀ) ਨੂੰ ਮੁੜ ਸੁਰਜੀਤ ਕਰਨ ਦੀ ਪ੍ਰਕ੍ਰਿਆ ਕਾਰਨ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਤ ਹੋਰ ਅਦਾਇਗੀਆਂ ਵਿੱਚ ਦੇਰੀ ਹੋਈ।ਸ. ਹਰਪਾਲ ਸਿੰਘ ਚੀਮਾ ਨੇ ਇਸ ਦੌਰਾਨ ਰਾਜ ਸਰਕਾਰ ਦਾ ਸਾਥ ਦੇਣ ਲਈ ਸਰਕਾਰੀ ਕਰਮਚਾਰੀਆਂ ਅਤੇ ਹੋਰ ਭਾਈਵਾਲਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਖਜ਼ਾਨੇ ਵੱਲੋਂ ਤਨਖਾਹਾਂ ਅਤੇ ਜੀਪੀਐਫ ਆਦਿ ਲਈ 2719 ਕਰੋੜ ਰੁਪਏ, ਬਿਜਲੀ ਦੀ ਸਬਸਿਡੀ ਵਜੋਂ ਪੀ.ਐਸ.ਪੀ.ਸੀ.ਐਲ ਨੂੰ ਅਦਾਇਗੀ ਲਈ 600 ਕਰੋੜ ਰੁਪਏ ਅਤੇ ਸ਼ੂਗਰਫੈੱਡ ਨੂੰ 75 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ।ਸੂਬੇ ਦੇ ਸਿਰ ‘ਤੇ ਕਿਸੇ ਵੀ ਵਿੱਤੀ ਸੰਕਟ ਜਾਂ ਔਕੜ ਬਾਰੇ ਅਫਵਾਹਾਂ ਨੂੰ ਰੱਦ ਕਰਦਿਆਂ ਸ. ਚੀਮਾ ਨੇ ਕਿਹਾ ਕਿ ਖਜ਼ਾਨੇ ਵੱਲੋਂ ਅੱਜ ਜ਼ਿਆਦਾਤਰ ਬਕਾਇਆਂ ਦੀਆਂ ਅਦਾਇਗੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਬਾਕੀ ਅਦਾਇਗੀਆਂ ਕੁਝ ਦਿਨਾਂ ਵਿੱਚ ਜਾਰੀ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਦੌਰਾਨ ਸੂਬੇ ਦੀ ਵਿੱਤੀ ਭਲਾਈ ਨੂੰ ਲਈ ਯਕੀਨੀ ਬਣਾਉਣ ਲਈ ਕੀਤੇ ਗਏ ਵਿੱਤੀ ਹੱਲ ਕਾਰਨ ਇਸ ਵਾਰ ਅਦਾਇਗੀਆਂ ਵਿੱਚ ਦੇਰੀ ਹੋਈ।ਸੂਬੇ ਨੂੰ ਤੇਜ਼ੀ ਨਾਲ ਵਿਕਾਸ ਦੀ ਲੀਹ ‘ਤੇ ਲਿਆਉਣ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਭੇਤ ਕਿਸੇ ਤੋਂ ਗੁੱਝਾ ਨਹੀਂ ਕਿ ਮਾਰਚ 2022 ‘ਚ ਲੋਕਾਂ ਵੱਲੋਂ ਉਨ੍ਹਾਂ ਦੇ ਹੱਕ ਵਿੱਚ ਦਿੱਤੇ ਫਤਵੇ ਦੇ ਨਤੀਜੇ ਆਉਣ ਮੌਕੇ ਪੰਜਾਬ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਸੀ। ਵਿਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੀ ਵਿੱਤੀ ਸਿਹਤ ਨੂੰ ਮੁੜ ਸੁਰਜੀਤ ਕਰਨ ਲਈ ਸਾਰੇ ਯਤਨ ਕਰਨ ਦੇ ਨਾਲ-ਨਾਲ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਨੂੰ ਵੀ ਪੂਰਾ ਕਰ ਰਹੀ ਹੈ।
ਬਿਜਲੀ ਪ੍ਰਾਈਵੇਟੇਸ਼ਨ ਵਿਰੋਧੀ ਸਾਂਝੇ ਫਰੰਟ ਵੱਲੋਂ ਚੀਫ਼ ਇੰਜੀਨੀਅਰ ਨੂੰ ਦਿੱਤਾ ਮੰਗ ਪੱਤਰ
ਜਾਰੀ ਪੱਤਰ ਰੱਦ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ 7 ਸਤੰਬਰ : ਪਿਛਲੇ ਦਿਨੀਂ ਵੱਖ ਵੱਖ ਜਥੇਬੰਦੀਆਂ ਦੀ ਪੈਨਸ਼ਨਰ ਭਵਨ ਭਵਨ ਵਿਖੇ ਹੋਈ ਸਾਂਝੀ ਮੀਟਿੰਗ ਦੌਰਾਨ ਬਿਜਲੀ ਪ੍ਰਾਈਵੇਟੇਸ਼ਨ ਵਿਰੋਧੀ ਸਾਂਝਾ ਫਰੰਟ ਬਠਿੰਡਾ ਦਾ ਗਠਨ ਕੀਤਾ ਗਿਆ ਸੀ।ਅੱਜ ਸਾਂਝੇ ਫਰੰਟ ਵੱਲੋਂ ਪਹਿਲਾਂ ਤੋਂ ਉਲੀਕੇ ਪ੍ਰੋਗਰਾਮ ਦੇ ਅਨੁਸਾਰ ਸੀਨੀਅਰ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਬਠਿੰਡਾ ਨੂੰ ਮੰਗ ਪੱਤਰ ਦੇਣਾ ਦਾ ਪ੍ਰੋਗਰਾਮ ਤਹਿ ਸੀ।ਪਰ ਇਸ ਅਫ਼ਸਰ ਦੇ ਦਫਤਰ ਜਦੋਂ ਸਾਂਝਾ ਫਰੰਟ ਦਾ ਵਫ਼ਦ ਪਹੁੰਚਿਆ ਤਾਂ ਪਤਾ ਲੱਗਿਆ ਕਿ ਸੀਨੀਅਰ ਕਾਰਜਕਾਰੀ ਇੰਜੀਨੀਅਰ ਕੋਰਟ ਕੇਸ ਦੇ ਸਿਲਸਿਲੇ ਵਿਚ ਬਾਹਰ ਗਏ ਹੋਏ ਹਨ।ਸਾਂਝੇ ਫਰੰਟ ਦੇ ਆਗੂਆਂ ਨੇ ਫੈਸਲਾ ਕੀਤਾ ਕਿ ਇਸ ਸਬੰਧੀ ਚੀਫ ਇੰਜੀਨੀਅਰ ਨੂੰ ਮੰਗ ਪੱਤਰ ਦਿੱਤਾ ਜਾਵੇ।ਸਾਂਝੇ ਫਰੰਟ ਦਾ ਵਫ਼ਦ ਜਦ ਚੀਫ ਇੰਜੀਨੀਅਰ ਨੂੰ ਮਿਲਣ ਥਰਮਲ ਪਲਾਂਟ ਬਠਿੰਡਾ ਬਠਿੰਡਾ ਸਥਿਤ ਦਫਤਰ ਪਹੁੰਚਿਆ ਤਾਂ ਇਸ ਅਧਿਕਾਰੀ ਵੱਲੋਂ ਵਫ਼ਦ ਨਾਲ ਕੋਪਰੇਟ ਕਰਨ ਦੀ ਦਫ਼ਤਰ ਛੱਡ ਕੇ ਜਾਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਸਾਂਝੇ ਫਰੰਟ ਦੇ ਆਗੂਆਂ ਵੱਲੋਂ ਜ਼ਬਰਦਸਤ ਨਾਅਰੇਬਾਜ਼ੀ ਕਰਨ ਉਪਰੰਤ ਇਹ ਅਧਿਕਾਰੀ ਮੰਗ ਪੱਤਰ ਲੈਣ ਲਈ ਰਾਜੀ ਹੋਇਆ।ਜਦ ਵਫਦ ਨੇ ਇਸ ਅਧਿਕਾਰੀ ਨੂੰ ਸਵਾਲ ਕੀਤਾ ਕਿ ਕਿਸਾਨ ਅੰਦੋਲਨ ਦੌਰਾਨ ਇਹ ਸਹਿਮਤੀ ਬਣੀ ਸੀ ਕਿ ਬਿਜਲੀ ਐਕਟ ਲਾਗੂ ਨਹੀਂ ਹੋਵੇਗਾ ਤਾਂ ਤੁਸੀਂ ਉਸ ਐਕਟ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਇਹ ਮੀਟਰ ਕਿਵੇਂ ਲਗਾ ਰਹੇ ਹੋ ਤਾਂ ਇਸ ਅਧਿਕਾਰੀ ਨੇ ਕਿਹਾ ਕਿ ਇਹ ਮੀਟਰ ਉਸ ਐਕਟ ਅਧੀਨ ਨਹੀਂ ਲੱਗ ਰਹੇ ਤਾਂ ਵਫਦ ਨੇ ਸਵਾਲ ਕੀਤਾ ਕਿ ਇਹ ਮੀਟਰ ਪੰਜਾਬ ਸਰਕਾਰ ਦੀ ਕਿਸੇ ਹੋਰ ਸਕੀਮ ਅਧੀਨ ਲਗਾਏ ਜਾ ਰਹੇ ਹਨ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸੀਨੀਅਰ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਬਠਿੰਡਾ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਜਿਸ ਤਹਿਤ ਸਰਕਾਰੀ ਦਫ਼ਤਰਾਂ, ਸਰਕਾਰੀ ਕੁਆਰਟਰਾਂ ਅਤੇ ਸਰਕਾਰੀ ਮੁਲਾਜ਼ਮਾਂ ਦੇ ਘਰਾਂ ਵਿੱਚ ਸਮਾਰਟ ਮੀਟਰ ਲਗਾਏ ਜਾਣ ਦੀ ਹਦਾਇਤ ਕੀਤੀ ਗਈ ਸੀ। ਬਿਜਲੀ ਪ੍ਰਾਈਵੇਟੇਸ਼ਨ ਵਿਰੋਧੀ ਸਾਂਝਾ ਫਰੰਟ ਬਠਿੰਡਾ ਲਗਾਤਾਰ ਇਸ ਇਸ ਪੱਤਰ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਦੇ ਰਾਹ ਤੇ ਹੈ।ਸਾਂਝੇ ਫਰੰਟ ਵੱਲੋਂ ਜਨਤਕ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਕਿ ਇਹ ਫੈਸਲਾ ਭਾਵੇਂ ਹਾਲ ਦੀ ਘੜੀ ਸਿਰਫ ਸਰਕਾਰੀ ਮੁਲਾਜ਼ਮਾਂ ਤੇ ਲਾਗੂ ਕੀਤਾ ਗਿਆ ਹੈ ਪ੍ਰੰਤੂ ਆਉਣ ਵਾਲੇ ਦਿਨਾਂ ਵਿਚ ਇਹ ਫੈਸਲਾ ਪੰਜਾਬ ਦੇ ਹਰ ਘਰ ਤੇ ਲਾਗੂ ਹੋਣਾ ਹੈ ਸੋ ਇਸ ਕਰਕੇ ਅਪੀਲ ਹੈ ਕਿ ਆਓ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕਰੀਏ।ਅੱਜ ਦੇ ਇਸ ਵਫਦ ਵਿੱਚ ਪੰਜਾਬ ਗੌਰਮਿੰਟ ਪੈਨਸ਼ਨਰਜ਼ ਫਰੰਟ ਵੱਲੋਂ ਦਰਸ਼ਨ ਸਿੰਘ ਮੌੜ,ਪ.ਸ.ਸ.ਫ(ਵਿਗਿਆਨਕ) ਵੱਲੋਂ ਗਗਨਦੀਪ ਸਿੰਘ,ਡੀ ਐਮ ਐਫ ਵੱਲੋਂ ਸਿਕੰਦਰ ਸਿੰਘ ਧਾਲੀਵਾਲ,ਪ.ਸ.ਸ.ਫ. (ਰਾਣਾ) ਦਰਸ਼ਨ ਰਾਮ,ਯੂ ਟੀ ਤੇ ਪੈਨਸ਼ਨਰ ਥਰਮਲ ਐਸੋਸੀਏਸ਼ਨ ਵੱਲੋਂ ਨੈਬ ਸਿੰਘ,ਕਲਾਸ ਫੌਰ ਗੌਰਮਿੰਟ ਇੰਪਲਾਈਜ ਵੱਲੋਂ ਸੰਜੀਵ ਕੁਮਾਰ ਅਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਸੁਖਦੇਵ ਸਿੰਘ ਆਦਿ ਆਗੂ ਹਾਜ਼ਰ ਸਨ।
ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਬਰਨਾਲਾ ਵਿਖੇ ਮਨਾਉਣ ਦਾ ਫੈਸਲਾ
ਪੰਜਾਬੀ ਖ਼ਬਰਸਾਰ ਬਿਉਰੋ
ਬਰਨਾਲਾ 6 ਸਤੰਬਰ : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਅੱਜ ਇੱਥੋਂ ਥੋੜ੍ਹੀ ਦੂਰ ਪਿੰਡ ਚੀਮਾ ਵਿਖੇ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ ਵਿਸ਼ਾਲ ਸਿੱਖਿਆ ਮੀਟਿੰਗ ਵਿੱਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ 28 ਸਤੰਬਰ ਨੂੰ ਬਰਨਾਲਾ ਵਿਖੇ ਵਿਸ਼ਾਲ ਪੱਧਰ ‘ਤੇ ਮਨਾਉਣ ਦਾ ਫੈਸਲਾ ਕੀਤਾ ਗਿਆ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਸੂਬਾ ਅਹੁਦੇਦਾਰਾਂ/ਸਲਾਹਕਾਰਾਂ ਤੋਂ ਇਲਾਵਾ ਜ਼ਿਲ੍ਹਾ/ਬਲਾਕ ਅਹੁਦੇਦਾਰਾਂ/ਸਲਾਹਕਾਰਾਂ ਤੇ ਸੌ ਤੋਂ ਵੱਧ ਸਰਗਰਮ ਔਰਤਾਂ ਸਮੇਤ 800 ਤੋਂ ਵੱਧ ਗਿਣਤੀ ਵਿੱਚ ਕਿਸਾਨ ਕਾਰਕੁਨ ਸ਼ਾਮਲ ਹੋਏ। ਸ੍ਰੀ ਉਗਰਾਹਾਂ ਨੇ ਸਿਮਰਨਜੀਤ ਮਾਨ ਵਰਗੇ ਮੌਕਾਪ੍ਰਸਤ ਰਾਜਨੀਤਕ ਆਗੂਆਂ, ਸਾਮਰਾਜੀ ਕਾਰਪੋਰੇਟਾਂ ਦੇ ਝੋਲੀਚੁੱਕ ਬੁੱਧੀਜੀਵੀਆਂ ਅਤੇ ਹਕੂਮਤਾਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਵਿਚਾਰਧਾਰਾ ਨੂੰ ਫ਼ਿਰਕੂ ਤੇ ਜ਼ਾਤਪਾਤੀ ਨਫ਼ਰਤਾਂ ਦੀ ਭੇਂਟ ਚਾੜ੍ਹਨ ਦੇ ਕੋਝੇ ਯਤਨਾਂ ਨੂੰ ਨਾਕਾਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਕਤ ਲੁਟੇਰਿਆਂ ਪੱਖੀ ਤਾਕਤਾਂ ਦੇ ਸਾਰੇ ਪਾਟਕ ਪਾਊ ਮਨਸੂਬਿਆਂ ਨੂੰ ਜਨਤਕ ਏਕਤਾ ਤੇ ਸੰਘਰਸ਼ ਦੇ ਜ਼ੋਰ ਪੈਰਾਂ ਹੇਠਾਂ ਰੋਲਦਿਆਂ ਸ਼ਾਨ ਨਾਲ ਜਿੱਤੇ ਗਏ ਕਿਸਾਨ ਘੋਲ਼ ਦੀ ਬਦੌਲਤ ਨੌਜਵਾਨਾਂ ਸਮੇਤ ਆਮ ਲੋਕਾਂ ਅੰਦਰ ਪੈਦਾ ਹੋਈ ਬਦਲਵੇਂ ਲੁੱਟ-ਰਹਿਤ ਰਾਜ ਪ੍ਰਬੰਧ ਦੀ ਤਾਂਘ ਨੂੰ ਸ਼ਹੀਦ ਭਗਤ ਸਿੰਘ ਦੀ ਸਾਮਰਾਜ-ਵਿਰੋਧੀ ਸੋਚ ਦੀ ਪਾਣ ਚਾੜ੍ਹ ਕੇ ਹੀ ਖਰੀ ਇਨਕਲਾਬੀ ਲੋਕ-ਲਹਿਰ ਉਸਾਰੀ ਜਾ ਸਕਦੀ ਹੈ। ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਖਾਸ ਕਰਕੇ ਨੌਜਵਾਨਾਂ ਨੂੰ ਸ਼ਹੀਦ ਦੇ ਜਨਮ ਦਿਹਾੜੇ ਤੇ ਵਹੀਰਾਂ ਘੱਤ ਕੇ 28 ਸਤੰਬਰ ਨੂੰ ਦਾਣਾ ਮੰਡੀ ਬਰਨਾਲਾ ਪੁੱਜਣ ਦਾ ਸੱਦਾ ਦਿੱਤਾ ਤਾਂ ਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਮੁਕੰਮਲ ਖਾਤਮਾ ਕਰਨ ਦਾ ਸ਼ਹੀਦ ਦਾ ਸੁਪਨਾ ਪੂਰਾ ਕੀਤਾ ਜਾ ਸਕੇ। ਪੂਰੇ ਇਕੱਠ ਵੱਲੋਂ ਪਾਸ ਕੀਤੇ ਗਏ ਮਤੇ ਰਾਹੀਂ ਪੰਜਾਬ ਦੀਆਂ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ 12, 13, 14 ਸਤੰਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਅੱਗੇ ਦਿਨੇ ਰਾਤ ਲਾਏ ਜਾ ਰਹੇ ਧਰਨੇ ਦੀ ਹਮਾਇਤ ਵਿੱਚ ਪੇਂਡੂ ਖੇਤ ਮਜ਼ਦੂਰਾਂ ਨੂੰ ਵੱਡੀ ਪੱਧਰ ‘ਤੇ ਲਾਮਬੰਦ ਕਰਨ ਦੇ ਨਾਲ਼ ਹੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ 13 ਸਤੰਬਰ ਨੂੰ ਹਾਈਵੇ-ਜਾਮ ਦੀ ਸਰਗਰਮ ਹਮਾਇਤ ਦਾ ਐਲਾਨ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਨਿਭਾਈ। ਇਸ ਮੌਕੇ ਹਾਜ਼ਰ ਪ੍ਰਮੁੱਖ ਆਗੂਆਂ ਵਿੱਚ ਹਰਿੰਦਰ ਕੌਰ ਬਿੰਦੂ,ਜਨਕ ਸਿੰਘ ਭੁਟਾਲ, ਰੂਪ ਸਿੰਘ ਛੰਨਾਂ ਅਤੇ ਜਗਤਾਰ ਸਿੰਘ ਕਾਲਾਝਾੜ ਸ਼ਾਮਲ ਸਨ।
ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਮੀਟਿੰਗ ਹੋਈ
ਸੁਖਜਿੰਦਰ ਮਾਨ
ਬਠਿੰਡਾ, 7 ਸਤੰਬਰ : ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਸਰਕਲ ਬਠਿੰਡਾ ਦੀ ਮੀਟਿੰਗ ਬਲਜਿੰਦਰ ਕੁਮਾਰ ਸ਼ਰਮਾ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਏ ਆਰ ਸਰਕਲ ਬਠਿੰਡਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ।ਜਿਸ ਵਿਚ ਕਰਮਜੀਤ ਸਿੰਘ ਸਕੱਤਰ ਗੰਗਾ ਪ੍ਰਧਾਨ, ਅਮਨਦੀਪ ਸਿੰਘ ਬੀੜ ਮੀਤ ਪ੍ਰਧਾਨ, ਸੁਖਦੇਵ ਸਿੰਘ ਲਹਿਰਾ ਬੇਗਾ ਜਰਨਲ ਸਕੱਤਰ, ਰਘਵੀਰ ਸਿੰਘ ਜੈ ਸਿੰਘ ਵਾਲਾ ਖਜਾਨਚੀ, ਹਰਮਨਦੀਪ ਸਿੰਘ ਮਹਿਮਾ ਪ੍ਰੈਸ ਸਕੱਤਰ ਰਾਜਾ ਸਿੰਘ ਹਰਰੰਗਪੁਰਾ, ਅੰਮ੍ਰਿਤ ਸਿੰਘ ਗੋਨਿਆਣਾ.ਹਰਵਿੰਦਰ ਸਿੰਘ ਕਲਿਆਣ,ਹਰਪ੍ਰੀਤ ਗੋਇਲ ਪਥਰਾਲਾ, ਲਖਵੀਰ ਸਿੰਘ ਮੁਲਤਾਨੀਆ, ਦਲਜੀਤ ਸਿੰਘ ਰਾਏਕੇ ਸਾਰੇ ਕਮੇਟੀ ਮੈਂਬਰ ਚੁਣੇ ਗਏ। ਅੱਜ ਦੀ ਮੀਟਿੰਗ ਵਿਚ ਗੁਰਪਾਲ ਸਿੰਘ ਗਹਿਰੀ ਸਾਬਕਾ ਜਿਲ੍ਹਾ ਪ੍ਰਧਾਨ, ਹਰਪ੍ਰੀਤ ਸਿੰਘ ਮਹਿਤਾ, ਜਗਜੀਤ ਸਿੰਘ ਸਕੱਤਰ ਬਹਿਮਨ, ਸੁਖਮੰਦਰ ਸਿੰਘ ਸਕੱਤਰ ਸਿਵੀਆਂ, ਗੁਰਜੰਟ ਸਿੰਘ ਨਾਥਪੂਰਾ, ਜਗਜੀਤ ਸਿੰਘ ਦਿਉਣ, ਸਵਰਨ ਸਿੰਘ ਝੁੰਬਾ,ਕੁਲਦੀਪ ਸਿੰਘ ਬੁਰਜ ਕਾਹਨ ਸਿੰਘ,ਕੁਲਦੀਪ ਸਿੰਘ ਵਿਰਕ,ਮੇਜਰ ਸਿੰਘ ਪੂਹਲੀ,ਵਿਕੀ ਵਿਰਕ ਸਮੇਤ ਬਹੁਤ ਸਾਰੇ ਕਰਮਚਾਰੀ ਹਾਜਰ ਹੋਏ ।





