ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਵੱਲੋਂ ਪੀਡੀਏ ਦੇ ਕੰਮਕਾਜ ਅਤੇ ਵੱਖ-ਵੱਖ ਪ੍ਰਾਜੈਕਟਾਂ ਦੀ ਸਮੀਖਿਆ
ਪੰਜਾਬੀ ਖ਼ਬਰਸਾਰ ਬਿਉਰੋ
ਪਟਿਆਲਾ, 26 ਜੁਲਾਈ:ਸੂਬੇ ਦੇ ਸ਼ਹਿਰੀ ਇਲਾਕਿਆਂ ਵਿਚ ਨਾਗਰਿਕਾਂ ਨੂੰ ਸਾਰੀਆਂ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀਆਂ ਅਧਿਕਾਰਤ ਕਲੋਨੀਆਂ ਦੇ ਵਸਨੀਕਾਂ ਨੂੰ ਆਹਲਾ ਦਰਜੇ ਦੀਆਂ ਸਹੂਲਤਾਂ ਯਕੀਨੀ ਬਣਾਏਗੀ।
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਸੇ ਵਚਨਬੱਧਤਾ ਤਹਿਤ ਸੂਬਾ ਸਰਕਾਰ ਸ਼ਹਿਰੀ ਖੇਤਰਾਂ ਵਿੱਚ ਇਸ ਸੁਤੰਤਰਤਾ ਦਿਵਸ ਮੌਕੇ ਪਟਿਆਲਾ ਵਿਕਾਸ ਅਥਾਰਟੀ ਅਧੀਨ ਆਉਂਦੀਆਂ ਵੱਖ-ਵੱਖ ਥਾਵਾਂ ਦੀ ਨਿਲਾਮੀ ਤੋਂ ਇਲਾਵਾ ਨਵੀਂ ਸਕੀਮ ਲਾਂਚ ਕਰਨ ਜਾ ਰਹੀ ਹੈ।ਅੱਜ ਪਟਿਆਲਾ ਵਿਕਾਸ ਅਥਾਰਟੀ ਦੇ ਕੰਮ ਕਾਜ ਦਾ ਜਾਇਜ਼ਾ ਲੈਂਦਿਆਂ ਸ੍ਰੀ ਅਮਨ ਅਰੋੜਾ ਨੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ 34.64 ਏਕੜ ਵਾਲੇ ਪ੍ਰਾਜੈਕਟ ‘ਪੀਡੀਏ ਇਨਕਲੇਵ ਧੂਰੀ’ ਦੀ ਅਸਲ ਸਥਿਤੀ ਦਾ ਮੁਲਾਂਕਣ ਵੀ ਕੀਤਾ। ਇਸ ਮੌਕੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਦੇ ਪ੍ਰਮੁੱਖ ਸਕੱਤਰ ਸ੍ਰੀ ਅਜੋਏ ਕੁਮਾਰ ਸਿਨਹਾ ਅਤੇ ਪਟਿਆਲਾ ਵਿਕਾਸ ਅਥਾਰਟੀ ਦੇ ਡਿਪਟੀ ਕਮਿਸ਼ਨਰ-ਕਮ-ਮੁੱਖ ਪ੍ਰਸ਼ਾਸਕ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਉਨ੍ਹਾਂ ਨੂੰ ਦੱਸਿਆ ਕਿ ਪੀਡੀਏ ਆਜ਼ਾਦੀ ਦਿਵਸ ਦੀ 75ਵੀਂ ਵਰ੍ਹੇਗੰਢ ‘ਤੇ ਇਸ ਦੀਆਂ ਵੱਖ-ਵੱਖ ਸਾਈਟਾਂ ਦੀ ਨਿਲਾਮੀ ਕਰੇਗੀ।
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਨਵੀਂ ਯੋਜਨਾਬੱਧ ਟਾਊਨਸ਼ਿਪ ਲਿਆਉਣ ਪ੍ਰਤੀ ਪਿਛਲੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਹੀ ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਗੈਰ-ਕਾਨੂੰਨੀ ਕਲੋਨੀਆਂ ਅਤੇ ਬੇਤਰਤੀਬੇ ਵਿਕਾਸ ਦਾ ਮੁੱਖ ਕਾਰਨ ਹਨ, ਜੋ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਰੁਕਾਵਟ ਬਣ ਰਹੀਆਂ ਹਨ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਰਹਿਣਾ ਪੈ ਰਿਹਾ ਹੈ।
ਮੰਤਰੀ ਨੇ ਅਣਅਧਿਕਾਰਤ ਕਲੋਨੀਆਂ ਵਿੱਚ ਸਥਿਤ ਪਲਾਟਾਂ ਅਤੇ ਇਮਾਰਤਾਂ ਨੂੰ ਐਨਓਸੀ ਜਾਰੀ ਕਰਨ ਲਈ ਢੁਕਵੀਂ ਵਿਧੀ ਬਣਾਉਣ ਲਈ ਪੀ.ਡੀ.ਏ. ਦੀ ਸ਼ਲਾਘਾ ਕੀਤੀ। ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਪੀ.ਡੀ.ਏ. ਨੇ ਲੋਕਾਂ ਦੀ ਸਹੂਲਤ ਲਈ ਇਸ ਸਬੰਧ ਵਿੱਚ ਇੱਕ ਹੈਲਪਲਾਈਨ ਨੰਬਰ 0175-5020555 ਸ਼ੁਰੂ ਕਰਨ ਤੋਂ ਇਲਾਵਾ ਸਿੰਗਲ ਵਿੰਡੋ ਸਿਸਟਮ ਸ਼ੁਰੂ ਕੀਤਾ ਹੈ। ਉਨ੍ਹਾਂ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਕਿ ਪੀਡੀਏ ਦੇ ਆਨਲਾਈਨ ਪੋਰਟਲ ‘ਤੇ ਕੋਈ ਵੀ ਕੇਸ ਬਕਾਇਆ ਨਹੀਂ ਹੈ।
ਕੈਬਨਿਟ ਮੰਤਰੀ ਨੇ 208 ਕਰੋੜ ਰੁਪਏ ਦੀ ਲਾਗਤ ਵਾਲੇ ‘ਵੱਡੀ ਨਦੀ ਅਤੇ ਛੋਟੀ ਨਦੀ ਦੀ ਮੁੜ ਸੁਰਜੀਤੀ ਪ੍ਰਾਜੈਕਟ, ਕਿਲ੍ਹਾ ਮੁਬਾਰਕ ਦੇ ਆਲੇ-ਦੁਆਲੇ ਹੈਰੀਟੇਜ ਸਟਰੀਟ ਦੀ ਉਸਾਰੀ ਅਤੇ ਪਟਿਆਲਾ ਸ਼ਹਿਰੀ ਵਿਕਾਸ ਅਥਾਰਟੀ ਦੇ ਹੋਰ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦਾ ਵੀ ਜਾਇਜ਼ਾ ਲਿਆ।
ਇਸ ਉਪਰੰਤ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਅਤੇ ਕਲੋਨਾਈਜ਼ਰਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਗੌਰ ਨਾਲ ਸੁਣਦਿਆਂ ਮੰਤਰੀ ਨੇ ਕਿਹਾ ਕਿ ਮਾਨ ਸਰਕਾਰ ਅਧਿਕਾਰਤ ਕਾਲੋਨੀਆਂ ਦੇ ਵਸਨੀਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਓਮੈਕਸ ਪੀਡੀਏ ਪਟਿਆਲਾ ਅਤੇ ਪੁੱਡਾ ਪ੍ਰਵਾਨਿਤ ਕਲੋਨੀਆਂ ਦੇ ਵਸਨੀਕਾਂ ਵੱਲੋਂ ਉਠਾਏ ਮੁੱਦਿਆਂ ਬਾਬਤ ਭਰੋਸਾ ਦਿੰਦਿਆਂ ਕਿਹਾ ਕਿ ਇਨ੍ਹਾਂ ਕਲੋਨੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਅਗਲੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਵਿਕਾਸ ਕਾਰਜ ਮੁਕੰਮਲ ਕਰਵਾਏ ਜਾਣਗੇ ਅਤੇ ਉਹ ਖ਼ੁਦ ਮੁੜ ਪਟਿਆਲਾ ਦਾ ਦੌਰਾ ਕਰਨਗੇ।
ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਯੋਜਨਾਬੱਧ ਸ਼ਹਿਰੀ ਵਿਕਾਸ ਪੰਜਾਬ ਸਰਕਾਰ ਦੀਆਂ ਤਰਜੀਹਾਂ ਵਿੱਚੋਂ ਇੱਕ ਹੈ।ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸ਼ਹਿਰੀ ਵਿਕਾਸ ਨੂੰ ਤਰਜੀਹ ਦੇਣ ਦੀ ਬਜਾਏ ਪਿਛਲੀਆਂ ਸਰਕਾਰਾਂ ਦੇ ਕਈ ਆਗੂ ਖੁਦ ਡਿਵੈਲਪਰ ਬਣ ਗਏ ਅਤੇ ਸੂਬੇ ਵਿੱਚ 14,000 ਤੋਂ ਵੱਧ ਅਣ-ਅਧਿਕਾਰਤ ਕਲੋਨੀਆਂ ਹੋਂਦ ਵਿੱਚ ਆ ਗਈਆਂ। ਇਹ ਮੁੱਖ ਕਾਰਨ ਸੀ ਕਿ ਯੋਜਨਾਬੱਧ ਕਲੋਨੀਆਂ ਦਾ ਵਿਕਾਸ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਐਨ.ਓ.ਸੀਜ਼ ਦਾ ਮੁੱਦਾ ਅਗਲੇ ਕੁਝ ਦਿਨਾਂ ਵਿੱਚ ਹੱਲ ਕਰ ਲਿਆ ਜਾਵੇਗਾ।
ਮੀਡੀਆ ਦੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸ੍ਰੀ ਅਰੋੜਾ ਨੇ ਕਿਹਾ ਕਿ ਲੋਕਾਂ ਤੋਂ ਫੀਡਬੈਕ ਲੈਣ ਅਤੇ ਵਿਭਾਗ ਦੇ ਕੰਮਕਾਜ ਵਿੱਚ ਹੋਰ ਸੁਧਾਰ ਲਿਆਉਣ ਲਈ ਉਨ੍ਹਾਂ ਨੇ ਅੱਜ ਪਟਿਆਲਾ ਤੋਂ ਪੰਜਾਬ ਦੌਰੇ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਬਹੁਤ ਜਲਦ ਹੀ ਲੋਕ ਸੂਬੇ ਦੇ ਸ਼ਹਿਰਾਂ ਦੀ ਹਾਲਤ ਵਿੱਚ ਜ਼ਬਰਦਸਤ ਸੁਧਾਰ ਦੇਖਣਗੇ।ਪੱਤਰਕਾਰਾਂ ਦੀ ਭਲਾਈ ਬਾਰੇ ਪੁੱਛੇ ਸਵਾਲ ‘ਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰੀ ਅਰੋੜਾ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਪੰਜਾਬ ਸਰਕਾਰ ਮੀਡੀਆ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੀਡੀਆ ਵਾਲਿਆਂ ਲਈ ਉਨ੍ਹਾਂ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।
ਨਵੀਂ ਅਤੇ ਨਵਿਆਉਣਯੋਗ ਊਰਜਾ ਵਿਭਾਗ ਦੇ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਪੰਜਾਬ ਵਿੱਚ ਬਹੁਤ ਸੰਭਾਵਨਾਵਾਂ ਹਨ ਅਤੇ ਕੇਂਦਰ ਸਰਕਾਰ ਵੱਲੋਂ ਸੰਯੁਕਤ ਰਾਸ਼ਟਰ ਨਾਲ ਕੀਤੀ ਵਚਨਬੱਧਤਾ ਨੂੰ ਪੂਰਾ ਕਰਨ ਦੇ ਨਾਲ ਸੂਬਾ ਜਲਦ ਹੀ ਨਵਿਆਉਣਯੋਗ ਊਰਜਾ ਵਿੱਚ ਨੰਬਰ ਇੱਕ ਬਣ ਜਾਵੇਗਾ।ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਡਾ: ਬਲਬੀਰ ਸਿੰਘ, ਹਰਮੀਤ ਸਿੰਘ ਪਠਾਣਮਾਜਰਾ, ਕੁਲਵੰਤ ਸਿੰਘ ਬਾਜ਼ੀਗਰ ਤੇ ਗੁਰਲਾਲ ਘਨੌਰ ਨੇ ਵੀ ਆਪਣੇ ਹਲਕਿਆਂ ਨਾਲ ਸਬੰਧਤ ਕਲੋਨੀਆਂ ਦੇ ਵਸਨੀਕਾਂ ਨੂੰ ਦਰਪੇਸ਼ ਸਮੱਸਿਆਵਾਂ ਮੰਤਰੀ ਅੱਗੇ ਰੱਖੀਆਂ, ਜਿਸ ‘ਤੇ ਸ੍ਰੀ ਅਰੋੜਾ ਨੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ।
ਭਗਵੰਤ ਮਾਨ ਸਰਕਾਰ ਅਧਿਕਾਰਤ ਕਲੋਨੀਆਂ ਵਿੱਚ ਆਹਲਾ ਦਰਜੇ ਦੀਆਂ ਸਹੂਲਤਾਂ ਯਕੀਨੀ ਬਣਾਏਗੀ-ਅਮਨ ਅਰੋੜਾ
ਨੌਜਵਾਨ ਯਾਦਵਿੰਦਰ ਸਿੰਘ ਬਹਿਣੀਵਾਲ ਨੇ ਵਿਲੱਖਣ ਤਰੀਕੇ ਨਾਲ ਮਨਾਇਆ ਅਪਣਾ ਜਨਮ
ਸਕੂਲ ਦੇ ਵਿਦਿਆਰਥੀਆਂ ਨੂੰ ਵੰਡੀਆਂ ਵਰਦੀਆਂ,ਸਟੇਸ਼ਨਰੀ, ਸਿਹਤ ਜਾਗਿ੍ਰਤੀ ਕੈਂਪ ਅਤੇ ਪੌਦੇ ਲਗਾਏ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 25 ਜੁਲਾਈ: ਪਿੰਡ ਬਹਿਣੀਵਾਲ ਦੇ ਯਾਦਵਿੰਦਰ ਸਿੰਘ ਨੇ ਆਪਣੇ ਜਨਮ ਦਿਨ ਨੂੰ ਨਿਵੇਕਲੇ ਢੰਗ ਨਾਲ ਮਨਾਕੇ ਸਮਾਜ ਨੂੰ ਇਕ ਚੰਗਾ ਸਨੇਹਾ ਦਿੱਤਾ ਹੈ। ਉਨ੍ਹਾਂ ਵੱਲ੍ਹੋਂ ਅਪਣਾ ਜਨਮ ਦਿਨ ਵੱਖ ਵੱਖ ਸਰਕਾਰੀ ਸਕੂਲਾਂ ਦੇ ਲੋੜਵੰਦਾਂ ਵਿਦਿਆਰਥੀਆਂ ਨੂੰ ਵਰਦੀਆਂ,ਸਟੇਸ਼ਨਰੀ, ਰਿਫਰੈਂਸਮੈਂਟ,ਤਿ੍ਰਵੈਣੀ ਲਗਾਉਣ ਅਤੇ ਸਿਹਤ ਜਾਗਿ੍ਰਤੀ ਕੈਂਪ ਲਗਾ ਕੇ ਮਨਾਇਆ।ਜਿਸ ਦੀ ਇਲਾਕੇ ਭਰ ਚ ਖੂਬ ਚਰਚਾ ਹੈ। ਨੌਜਵਾਨ ਯਾਦਵਿੰਦਰ ਸਿੰਘ ਦੇ ਸਮਾਜ ਸੇਵੀ ਪਿਤਾ ਹਰਪ੍ਰੀਤ ਸਿੰਘ ਨੇ ਮਾਣ ਮਹਿਸੂਸ ਕੀਤਾ ਕਿ ਹੁਣ ਨੌਜਵਾਨਾਂ ਦੀ ਸੋਚ ਬਦਲਣ ਲੱਗੀ ਹੈ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦੇ ਪੁੱਤਰ ਵੱਲ੍ਹੋਂ ਸਰਕਾਰੀ ਪ੍ਰਾਇਮਰੀ ਸਕੂਲ ਬਹਿਣੀਵਾਲ, ਪੇਂਰੋ, ਚਹਿਲਾਂਵਾਲੀ,ਮਿਡਲ ਸਕੂਲ ਪੇਂਰੋ, ਹਾਈ ਸਕੂਲ ਬਹਿਣੀਵਾਲ, ਸੈਕੰਡਰੀ ਸਕੂਲ ਚਹਿਲਾਂਵਾਲੀ ਵਿਖੇ ਵਿਦਿਆਰਥੀਆਂ ਨੂੰ ਵਰਦੀਆਂ, ਸਟੇਸ਼ਨਰੀ,ਤਿ੍ਰਵੈਣੀ ਲਗਾਉਣ ਅਤੇ ਸਿਹਤ ਜਾਗਿ੍ਰਤੀ ਕੈਂਪ ਲਗਾਏ ਗਏ।ਇਸ ਤੋਂ ਇਲਾਵਾ ਸਰਕਾਰੀ ਹਸਪਤਾਲ ਬਹਿਣੀਵਾਲ ਵਿਖੇ ਪਾਣੀ ਵਾਲੀ ਮੋਟਰ ਵੀ ਲਗਾਈ ਗਈ।
ਹਰਜੀਤ ਸਿੰਘ ਮੋੜ ਵਣ ਰੇਂਜ ਅਫਸਰ ਮਾਨਸਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਅੁਨਸਾਰ ਮਾਨਸਾ ਜਿਲ੍ਹੇ ਵਿੱਚ ਲਾਈਆਂ ਜਾ ਰਹੀਆਂ 115 ਤਿ੍ਰਵੈਣੀਆਂ ਵਿੱਚੋਂ ਸਾਰੇ ਪਿੰਡਾਂ ਦੇ ਸਕੂਲ,ਫੋਕਲ ਪੁਆਂਇਟ ਅਤੇ ਹੋਰ ਸਾਂਝੀ ਥਾਂ ‘ਤੇ 6 ਤਿ੍ਰਵੈਣੀਆਂ ਲਗਾਈਆਂ ਗਈਆਂ ਅਤੇ ਪਿੰਡ ਵਾਸੀਆਂ ਨੂੰ ਘਰਾਂ ਅਤੇ ਹੋਰ ਸਾਝੀਆਂ ਥਾਵਾਂ ਤੇ ਲਾੳਣ ਲਈ ਪੋਦੇ ਵੀ ਵੰਡੇ ਗਏ। ਉਨ੍ਹਾਂ ਦੱਸਿਆ ਕਿ ਵੱਖ ਵੱਖ ਸਕੀਮਾਂ ਅਧੀਨ ਦੋ ਲੱਖ ਦੇ ਕਰੀਬ ਪੋਦੇ ਲਾਏ ਜਾ ਰਹੇ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਹਿਲਾਂਵਾਲੀ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬੇਅੰਤ ਕੌਰ ਇੰਸਪੈਕਟਰ ਮੁੱਖ ਥਾਣਾ ਅਫਸਰ ਮਾਨਸਾ ਸਦਰ ਨੇ ਕਿਹਾ ਕਿ ਬੱਚਿਆਂ ਨੂੰ ਖੇਡਾ ਨਾਲ ਜੁੜਣਾ ਚਾਹੀਦਾ ਹੈ ਉਹਨਾਂ ਇਸ ਮੋਕੇ ਬੱਚਿਆਂ ਨੂੰ ਨਸ਼ਿਆਂ ਸਬੰਧੀ ਜਾਗਰੂਕ ਕਰਨ ਹਿੱਤ ਸਹੁੰ ਵੀ ਚੁਕਾਈ ਗਈ।
ਵੱਖ ਵੱਖ ਸਕੂਲਾਂ ਵਿੱਚ ਕੀਤੇ ਗਏ ਪ੍ਰੋਗਰਾਮਾਂ ਨੂੰ ਸੰਬੋਧਨ ਕਰਦਿਆਂ ਯੁਵਕ ਸੇਵਾਵਾ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਨੇ ਕਿਹਾ ਕਿ ਬੱਚਿਆਂ ਦੇ ਜਨਮ ਦਿਨ ਨੂੰ ਇਸ ਢੰਗ ਨਾਲ ਮਾਨਇਆ ਜਾਵੇ ਜਿਸ ਨਾਲ ਉਸ ਦਾ ਸਮਾਜ ਤੇ ਵਧੀਆਂ ਪ੍ਰਭਾਵ ਪਵੇ। ਉਨ੍ਹਾਂ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦੀ ਅਪੀਲ ਵੀ ਕੀਤੀ।ਨਹਿਰੂ ਯੁਵਾ ਕੇਂਦਰ ਮਾਨਸਾ ਦੇ ਡਾ.ਸੰਦੀਪ ਘੰਡ ਲੇਖਾ ਅਤੇ ਪ੍ਰੋਗਰਾਮ ਅਫਸਰ ਅਤੇ ਆਫੀਸਰ ਆਨ ਸਪੈਸ਼ਲ ਡਿਊਟੀ ਨੇ ਦੱਸਿਆ ਕਿ ਤਿ੍ਰਵੈਣੀ ਰੁੱਖ ਲਾਉਣ ਨਾਲ ਨਾ ਕੇਵਲ ਵਾਤਾਵਰਣ ਵਿੱਣ ਸੁਧਾਰ ਹੁੰਦਾ ਹੈ ਬਲਕਿ ਇਹਨਾਂ ਦੇ ਪੱਤੇ,ਫੁੱਲ ਅਤੇ ਫਲ ਦਵਾਈਆਂ ਵਜੋ ਵੀ ਵਰਤਿਆ ਜਾਂਦਾ ਹੈ ਅਤੇ ਇਹ ਬਾਕੀ ਦਰੱਖਤਾਂ ਨਾਲੋਂ ਆਕਸੀਜਨ ਵੀ ਦੁੱਗਣੀ ਮਾਤਰਾ ਵਿੱਚ ਦਿੰਦਾ ਹੈ ਇਸ ਲਈ ਹੀ ਇਸ ਨੂੰ ਧਰਮ ਨਾਲ ਜੋੜਿਆ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਹਨਾਂ ਨੂੰ ਲਾਉਣ।ਇਸ ਮੋਕੇ ਰਵਿੰਦਰ ਸਿੰਘ ਇੰਚਾਰਜ ਪਿ੍ਰੰਸੀਪਲ ਚਹਿਲਾਂਵਾਲੀ, ਮੈਡਮ ਸਰੋਜ ਗੋਇਲ ਮੁਖੀ ਸਰਕਾਰੀ ਹਾਈ ਸਕੂਲ਼ ਬਹਿਣੀਵਾਲ ਵੀ ਹਾਜ਼ਰ ਸਨ।
ਬੇਰੁਜ਼ਗਾਰ 646 ਪੀ.ਟੀ.ਆਈ ਅਧਿਆਪਕਾਂ ’ਤੇ ਸੰਗਰੂਰ ਵਿਖੇ ਹੋਏ ਲਾਠੀਚਾਰਜ ਦੀ ਕੀਤੀ ਨਿੰਦਾ
646ਪੀ.ਟੀ.ਆਈ. ਅਧਿਆਪਕਾਂ ਦਾ ਇਸ਼ਤਿਹਾਰ ਰੱਦ ਨਾ ਕਰੇ ਆਪ ਸਰਕਾਰ-ਜੱਗੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 26 ਜੁਲਾਈ: ਪਿਛਲੇ 11ਸਾਲਾਂ ਤੋਂ ਰੁਜ਼ਗਾਰ ਦੀ ਮੰਗ ਕਰ ਰਹੇ ਬੇਰੁਜ਼ਗਾਰਾਂ ਤੇ ਸੰਗਰੂਰ ਵਿਖੇ ਹੋਏ ਲਾਠੀਚਾਰਜ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ। ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਗਦੀਸ਼ ਕੁਮਾਰ ਜੱਗੀ ਅਤੇ ਸੂਬਾ ਪ੍ਰਧਾਨ ਇੰਦਰਪਾਲ ਸਿੰਘ ਢਿੱਲੋਂ ਵੱਲੋਂ ਸਾਂਝਾ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਆਪ ਸਰਕਾਰ ਆਪਣੇ ਰੁਜਗਾਰ ਦੇ ਵਾਅਦੇ ਨੂੰ ਪੂਰਾ ਕਰਦਿਆਂ ਬੇਰੁਜਗਾਰਾਂ ਨੂੰ ਰੁਜਗਾਰ ਮੁਹੱਇਆ ਕਰਵਾਏ।ਸੂਬਾ ਪ੍ਰਧਾਨ ਨੇ ਦੱਸਿਆ ਕਿ ਇਹਨਾਂ 646 ਪੀਟੀਆਈ ਦੀਆਂ ਅਸਾਮੀਆਂ ਦਾ ਇਸ਼ਤਿਹਾਰ 2011 ਵਿੱਚ ਅਕਾਲੀ ਭਾਜਪਾ ਸਰਕਾਰ ਸਮੇਂ ਦਿੱਤਾ ਗਿਆ ਸੀ। 5 ਸਾਲ ਅਕਾਲੀ ਭਾਜਪਾ ਸਰਕਾਰ ਦੇ ਰਾਜ ਕਰਨ ਤੋਂ ਬਾਅਦ ਕਾਂਗਰਸ ਸਰਕਾਰ ਨੇ ਵੀਂ 5 ਸਾਲ ਰਾਜ ਕੀਤਾ ਪਰ ਇਨ੍ਹਾਂ ਬੇਰੁਜਗਾਰਾਂ ਨੂੰ ਰੁਜ਼ਗਾਰ ਪ੍ਰਾਪਤ ਨਾ ਹੋਇਆ।ਚੋਣਾਂ ਤੋਂ ਪਹਿਲਾਂ ਇਹਨਾਂ ਬੇਰੁਜਗਾਰਾਂ ਵੱਲੋਂ ਮੋਹਾਲੀ ਵਿਖੇ ਸੋਹਣਾ ਗੁਰਦੁਆਰਾ ਕੋਲ ਪਾਣੀ ਵਾਲੀ ਟੈਂਕੀ ਤੇ ਚੜ੍ਹ ਕੇ ਤਿੰਨ ਮਹੀਨਿਆਂ ਦੇ ਕਰੀਬ ਸੰਘਰਸ਼ ਕੀਤਾ ਸੀ।ਉਸ ਸਮੇਂ ਆਪ ਸਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਸ ਸਮੇਂ ਦੇ ਆਪ ਦੇ ਪੰਜਾਬ ਪ੍ਰਧਾਨ ਅਤੇ ਮੌਜੂਦਾ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਵੱਲੋਂ ਪਾਣੀ ਵਾਲੀ ਟੈਂਕੀ ਤੇ ਰੁਜਗਾਰ ਦੀ ਮੰਗ ਕਰ ਰਹੇ ਬੇਰੁਜ਼ਗਾਰ ਪੀ.ਟੀ.ਆਈ ਅਧਿਆਪਕਾਂ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਆਪ ਸਰਕਾਰ ਆਉਣ ਤੋਂ ਤੁਰੰਤ ਬਾਅਦ ਤੁਹਾਨੂੰ ਰੁਜਗਾਰ ਦਿੱਤਾ ਜਾਵੇਗਾ। ਪਰ ਹੁਣ 12ਵੇਂ ਸਾਲ ਵਿੱਚ ਆਕੇ ਸਿੱਖਿਆ ਵਿਭਾਗ ਪੰਜਾਬ ਵੱਲੋਂ 646 ਪੀ.ਟੀ.ਆਈ ਅਧਿਆਪਕਾਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਰੱਦ ਕਰਨ ਲਈ ਮਾਣਯੋਗ ਹਾਈ ਕੋਰਟ ਦਾ ਰੁੱਖ ਕੀਤਾ ਗਿਆ ਹੈ ਜੋ ਕਿ ਮੰਦਭਾਗਾ ਹੈ।ਸਰਕਾਰਾਂ ਬਦਲਣ ਦੇ ਬਾਅਦ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ।ਇਹਨਾਂ ਬੇਰੁਜ਼ਗਾਰਾਂ ਨੂੰ ਜੋ ਪਿਛਲੀਆਂ ਦੋ ਸਰਕਾਰਾਂ ਨੇ ਦਿੱਤਾ ।ਅੱਜ ਉਹੀ ਆਪ ਸਰਕਾਰ ਦੇ ਰਹੀ ਹੈ ਕੇਵਲ ਤੇ ਕੇਵਲ ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾੜਾਂ।ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰਜ਼ ਐਸੋਸੀਏਸ਼ਨ ਪੰਜਾਬ ਮੌਜੂਦਾ ਆਪ ਦੀ ਮਾਨ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਰਕਾਰ ਬੇਰੁਜ਼ਗਾਰਾਂ ਲਈ ਰੁਜ਼ਗਾਰ ਦੇਣ ਦਾ ਆਪਣਾ ਵਾਅਦਾ ਪੂਰਾ ਕਰਦਿਆਂ ਪੀ.ਟੀ.ਆਈ ਅਧਿਆਪਕਾਂ ਦੀ ਜਲਦ ਤੋਂ ਜਲਦ ਭਰਤੀ ਕਰੇ।
ਅੰਗਹੀਣ ਯੂਨੀਅਨ ਦੀ ਮੀਟਿੰਗ ਹੋਈ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 26 ਜੁਲਾਈ: ਅੱਜ ਬਠਿੰਡਾ ਸਹਿਰ ਦੇ ਵੱਖ ਵੱਖ ਮੁਹੱਲਾ ਬਸਤੀਆਂ ਵਿੱਚੋਂ ਅੰਗਹੀਣਾਂ ਦੀ ਇਕੱਤਰਤਾ ਕੀਤੀ ਗਈ। ਜਿਸ ਨੂੰ ਸੰਬੋਧਨ ਕਰਨ ਲਈ ਜਿਲਾ ਇਕਾਈ ਬਠਿੰਡਾ ਦੇ ਪ੍ਰਧਾਨ ਗੁਲਾਬ ਸਿੰਘ ਗੁਰੂਸਰ ਨੇ ਅੰਗਹੀਣਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਨੂੰ ਲੈ ਕੇ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ। ਜਿਸ ਦੇ ਵਿੱਚ ਬਲਕਰਨ ਸਿੰਘ ਝੁਬਾ,ਸੀਨੀਅਰ ਮੀਤ ਪ੍ਰਧਾਨ ਲਾਭ ਸਿੰਘ ਬਬੀਹਾਂ,ਸਤਨਾਮ ਸਿੰਘ, ਗੁਰਚੇਤ ਸਿੰਘ, ਤੇ ਲੱਖਾਂ ਸਿੰੰਘ ਨੇ ਸੰਬੋਧਨ ਕੀਤਾ । ਇਸ ਤੋਂ ਬਾਅਦ ਬਠਿੰਡਾ ਸਹਿਰ ਇਕਾਈ ਦੀ ਚੋਣ ਕੀਤੀ ਗਈ । ਇਸ ਵਿੱਚ ਹੇਠ ਲਿਖੇ ਅਹੁਦੇਦਾਰ ਚੁਣੇ ਗਏ । .ਮੇਜਰ ਸਿੰਘ ਮਰਾੜ (ਪ੍ਰਧਾਨ ),ਲੱਖਾਂ ਸਿੰਘ ..(ਸੀਨੀਅਰ ਮੀਤ ਪ੍ਰਧਾਨ ), .ਸੁਖਦੇਵ ਸਿੰਘ ਸੋਨੂੰ (ਮੀਤ ਪ੍ਰਧਾਨ), ਬਲਜਿੰਦਰ ਸਿੰਘ (ਜਨਰਲ ਸਕੱਤਰ) ਅਤੇ .ਜਸਵਿੰਦਰ ਸਿੰਘ. ਗੁਰਪ੍ਰੀਤ ਸਿੰਘ (ਮੀਤ ਸਕੱਤਰ) ਚੁਣਿਆ ਗਿਆ
ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਦੇ ਸੱਦੇ ’ਤੇ ਕੀਤੀਆਂ ਗੇਟ ਰੈਲੀਆਂ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 26 ਜੁਲਾਈ: ਅੱਜ ਪੰਜਾਬ ਰੋਡਵੇਜ ਪੱਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਸੱਦੇ ਤੇ ਪੰਜਾਬ ਰੋਡਵੇਜ,ਪੱਨਬੱਸ ਅਤੇ ਪੀ ਆਰ ਟੀ ਸੀ ਦੇ ਸਾਰੇ ਡੀਪੂਆ ਤੇ ਗੇਟ ਰੈਲੀਆਂ ਕੀਤੀਆਂ ਗਈਆਂ ਬਠਿੰਡਾ ਡੀਪੂ ਵਿਖੇ ਗੇਟ ਰੈਲੀ ਦੌਰਾਨ ਬੋਲਦਿਆਂ ਸੂਬਾ ਆਗੂ ਕੁਲਵੰਤ ਸਿੰਘ ਮਨੇਸ ਅਤੇ ਡੀਪੂ ਪ੍ਰਧਾਨ ਸੰਦੀਪ ਗਰੇਵਾਲ ਨੇ ਦੱਸਿਆ ਕਿ ਅਸੀਂ ਪੰਜਾਬ ਰੋਡਵੇਜ ਪਨਬੱਸ ਅਤੇ ਪੀ ਆਰ ਟੀ ਸੀ ਵਿੱਚ ਪਿਛਲੇ ਲੰਬੇ ਸਮੇ ਤੋ ਆਉਟਸੋਰਸ ਅਤੇ ਕੰਟਰੈਕਟ ਤੇ ਬਕਾਇਦਾਂ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਪੰਜਾਬ ਰੋਡਵੇਜ ਅਤੇ ਪੀ ਆਰ ਟੀ ਸੀ ਦੇ ਅਧਿਕਾਰੀਆਂ ਦੀ ਬਣੀ ਕਮੇਟੀ ਦੁਆਰਾ ਭਰਤੀ ਹੋ ਕੇ ਪੰਜਾਬ ਦੀ ਆਮ ਜਨਤਾ ਨੂੰ ਅਤੇ ਕੁਦਰਤੀ ਆਫਤਾ ਸਮੇ ਸਰਕਾਰੀ ਟਰਾਸਪੋਰਟ ਦੀ ਸੇਵਾ ਪ੍ਰਦਾਨ ਕਰ ਰਹੇ ਹਾਂ। ਅਸੀ ਸਮੇਂ ਸਮੇਂ ਤੇ ਆਪਣੀਆਂ ਹੱਕੀ ਤੇ ਜਾਇਜ ਮੰਗਾਂ ਨੂੰ ਪੂਰਾ ਕਰਵਾਉਣ ਲਈ ਉੱਚ ਅਧਿਕਾਰੀਆਂ ਤੇ ਟਰਾਸਪੋਰਟ ਮੰਤਰੀ ਸਾਹਿਬ ਨੂੰ ਪਿਛਲੇ ਸਮੇ ਤੋ ਜਦੋ ਤੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਸਮੇ ਤੋੰ ਮੰਗ ਪੱਤਰ ਦਿੰਦੇ ਆ ਰਹੇ ਹਾਂ ਪਰ ਸਾਡੀਆਂ ਮੰਗਾਂ ਤੇ ਕੋਈ ਧਿਆਨ ਨਹੀ ਦਿੱਤਾ ਜਾਂ ਰਿਹਾ। ਅਤੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਕੇ ਮਸਲਾ ਹੱਲ ਕਰਾਉਣ ਦਾ ਲਾਰਾ ਲਾਕੇ ਮਿਤੀ 8-9-10 ਜੂਨ ਦੀ ਹੜਤਾਲ ਨੂੰ ਪੋਸਟਪੋਨ ਕਰਵਾਕੇ ਵੀ ਮੀਟਿੰਗ ਨਾ ਕਰਾਉਣ ਅਤੇ ਪਨਬੱਸ ਪੀ ਆਰ ਟੀ ਸੀ ਵਿੱਚ ਆਊਟਸੋਰਸ ਦੀ ਭਰਤੀ ਕਰਨ ਅਤੇ ਪੀ ਆਰ ਟੀ ਸੀ ਵਿੱਚ ਕਿਲੋਮੀਟਰ ਸਕੀਮ ਬੱਸਾਂ ਰਾਹੀਂ ਕਰੋੜਾਂ ਦਾ ਨੁਕਸਾਨ ਕਰਨ ਦੀ ਮੈਨਿਜਮੈਟ ਵਲੋਂ ਧੱਕੇਸਾਹੀ ਦੇ ਖਿਲਾਫ ਮਜਬੂਰਨ ਜਥੇਬੰਦੀ ਨੂੰ ਮੀਟਿੰਗ ਕਰਕੇ ਪਿਛਲੇ ਨੋਟਿਸ ਦੀ ਨਿਰੰਤਰਤਾ ਵਿੱਚ ਸ਼ਘੰਰਸ਼ ਦੇ ਰਾਹ ਤੁਰਨਾ ਪੈ ਰਿਹਾ ਹੈ। ਸੋ ਹੁਣ ਜਥੇਬੰਦੀ ਨੇ 19/07/2022 ਨੂੰ ਜਲੰਧਰ ਦੇਸ਼ ਭਗਤ ਹਾਲ ਵਿਖੇ ਸੂਬਾ ਪੱਧਰੀ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਸੀ ਕਿ 26 ਜੁਲਾਈ ਨੂੰ ਗੇਟ ਰੈਲੀਆਂ ਅਤੇ 1 ਅਗੱਸਤ ਨੂੰ ਸੰਕੇਤਕ ਰੂਪ ਵਿੱਚ ਮੇਨ ਹਾਈਵੇ ਜਾਮ ਕੀਤੇ ਜਾਣਗੇ, 2 ਅਗਸਤ 2022 ਤੋ ਪੀ ਆਰ ਟੀ ਸੀ ਹੈਡ ਆਫਿਸ ਤੇ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ,
ਇਸ ਮੌਕੇ ਤੇ ਹਾਜਰ ਸਰਬਜੀਤ ਸਿੰਘ ਭੁੱਲਰ, ਕੁਲਦੀਪ ਸਿੰਘ ਬਾਦਲ,ਰਵਿੰਦਰ ਬਰਾੜ, ਹਰਤਰ ਸਰਮਾ, ਮਨਪ੍ਰੀਤ ਹਾਕੂਵਾਲਾ , ਗੁਰਦੀਪ ਝੁਨੀਰ ਅਤੇ ਅਜਾਦ ਜਥੇਬੰਦੀ ਦੇ ਪ੍ਰਧਾਨ ਹਰਬੰਸ ਸਿੰਘ ਭੋਲਾ ਨੇ ਇਹ ਵੀ ਦੱਸਿਆ ਕਿ ਆਉਣ ਵਾਲੀ ,11 ਅਗੱਸਤ ਨੂੰ ਫਿਰ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਅਤੇ 14-15-16 ਅਗਸਤ ਨੂੰ ਪਨਬੱਸ ਤੇ ਪੀ ਆਰ ਟੀ ਸੀ ਦੀ ਮੁਕੰਮਲ ਹੜਤਾਲ ਕਰਕੇ ਪਨਬਸ ਤੇ ਪੀ ਆਰ ਟੀ ਸੀ ਨੂੰ ਮੁਕੰਮਲ ਬੰਦ ਕੀਤਾ ਜਾਵੇਗਾ ਅਤੇ ਹੜਤਾਲ ਦੋਰਾਨ ਮੁੱਖ ਮੰਤਰੀ ਪੰਜਾਬ ਤੇ ਟਰਾਸਪੋਰਟ ਮੰਤਰੀ ਦੀ ਜਿਸ ਸਥਾਨ ਤੇ ਝੰਡਾ ਲਹਿਰਾਉਣਗੇ ਉਸ ਸਥਾਨ ਤੇ ਰੋਸ ਪ੍ਰਦਰਸਨ ਕੀਤਾ ਜਾਵੇਗਾ ਅਤੇ ਉਹਨਾਂ ਤੋ ਸਵਾਲ ਪੁੱਛੇ ਜਾਣਗੇ ਕਿ ਕੱਚੇ ਮੁਲਾਜਮਾਂ ਨੂੰ ਠੇਕੇਦਾਰੀ ਸਿਸਟਮ ਦੀ ਗੁਲਾਮੀ ਵਿੱਚੋ ਕਦੋਂ ਕੱਢੋਗੇ ਇਸ ਦੌਰਾਨ ਪੰਜਾਬ ਦੀ ਜਨਤਾਂ ਨੂੰ ਆਈ ਮੁਸ਼ਕਿਲ ਸਮੇਤ ਹੋਏ ਜਾਨੀ ਮਾਲੀ ਨੁਕਸਾਨ ਦੀ ਜਿੰਮੇਵਾਰੀ ਸਰਕਾਰ ਤੇ ਮਹਿਕਮੇ ਦੀ ਮੈਨਿਜਮੈੰਟ ਦੀ ਹੋਵੇਗੀ।
ਪੰਜਾਬ ਨੂੰ ਨਿਸ਼ਾਨੇਬਾਜ਼ੀ ਖੇਡ ਦਾ ਧੁਰਾ ਬਣਾਇਆ ਜਾਵੇਗਾ: ਮੀਤ ਹੇਅਰ
ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਸੂਬੇ ਦੀਆਂ ਸ਼ੂਟਿੰਗ ਰੇਂਜਾਂ ਦੀ ਕਾਇਆ ਕਲਪ ਲਈ 6 ਕਰੋੜ ਰੁਪਏ ਜਾਰੀ
ਖੇਡ ਮੰਤਰੀ ਵੱਲੋਂ ਕੌਮਾਂਤਰੀ ਨਿਸ਼ਾਨੇਬਾਜ਼ਾਂ ਨੂੰ ਨਾਲ ਲੈ ਕੇ ਮੁਹਾਲੀ ਦੀ ਫੇਜ਼ 6 ਸ਼ੂਟਿੰਗ ਰੇਂਜ ਦਾ ਦੌਰਾ
ਪੰਜਾਬੀ ਖ਼ਬਰਸਾਰ ਬਿਉਰੋ
ਐਸ.ਏ.ਐਸ.ਨਗਰ, 26 ਜੁਲਾਈ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਨਿਸ਼ਾਨੇਬਾਜ਼ੀ ਖੇਡ ਵਿੱਚ ਪੰਜਾਬ ਦੇ ਨਿਸ਼ਾਨੇਬਾਜ਼ਾਂ ਨੇ ਕੌਮਾਂਤਰੀ ਪੱਧਰ ਉਤੇ ਵੱਡਾ ਨਾਮਣਾ ਖੱਟਿਆ ਹੈ। ਇਸ ਖੇਡ ਵਿੱਚ ਅੱਗੇ ਵਧਣ ਦੀ ਪੰਜਾਬੀਆਂ ਵਿੱਚ ਅਥਾਹ ਸਮਰੱਥਾ ਹੈ ਜਿਸ ਨੂੰ ਪਛਾਣਦਿਆਂ ਇਸ ਖੇਡ ਉਤੇ ਹੋਰ ਵੀ ਧਿਆਨ ਕੇਂਦਰਿਤ ਕਰਦਿਆਂ ਪੰਜਾਬ ਨੂੰ ਨਿਸ਼ਾਨੇਬਾਜ਼ੀ ਦਾ ਧੁਰਾ ਬਣਾਇਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉਤੇ ਸੂਬੇ ਦੀਆਂ ਸ਼ੂਟਿੰਗ ਰੇਂਜਾਂ ਦੀ ਕਾਇਆ ਕਲਪ ਕਰਨ ਲਈ 6 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਖੇਡ ਮੰਤਰੀ ਮੁਹਾਲੀ ਦੀ ਫੇਜ਼ 6 ਸਰਕਾਰੀ ਸ਼ੂਟਿੰਗ ਰੇਂਜ ਦਾ ਜਾਇਜ਼ਾ ਲੈਣ ਆਏ ਹੋਏ ਸਨ। ਇਸ ਮੌਕੇ ਉਨਾਂ ਦੇ ਨਾਲ ਵਿਸ਼ਵ ਕੱਪ ਵਿੱਚ ਤਮਗੇ ਜਿੱਤਣ ਵਾਲੇ ਪੰਜਾਬ ਦੇ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਤੇ ਅਰਜੁਨ ਬਬੂਟਾ ਅਤੇ ਖੇਡ ਵਿਭਾਗ ਦੇ ਡਾਇਰੈਕਟਰ ਰਾਜੇਸ਼ ਧੀਮਾਨ ਵੀ ਨਾਲ ਸਨ। ਉਨਾਂ 10 ਮੀਟਰ ਦੀ ਇੰਡੋਰ ਏਅਰ ਕੰਡੀਸ਼ਨਡ ਰੇਂਜ ਅਤੇ 25 ਤੇ 50 ਮੀਟਰ ਦੀ ਰੇਂਜ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸ੍ਰੀ ਮੀਤ ਹੇਅਰ ਨੇ ਰੇਂਜ ਨੂੰ ਸਮੇਂ ਦਾ ਹਾਣੀ ਬਣਾਉਣ ਅਤੇ ਲੋੜੀਂਦਾ ਬੁਨਿਆਦੀ ਢਾਂਚਾ ਵਧੀਆ ਬਣਾਉਣ ਲਈ ਆਖਿਆ।
ਖੇਡ ਮੰਤਰੀ ਨੇ ਨਿਸ਼ਾਨੇਬਾਜ਼ਾਂ ਤੋਂ ਇਹ ਵੀ ਜਾਣਕਾਰੀ ਲਈ ਕਿ ਰੇਂਜ ਅੰਦਰ ਕਿਹੋ ਜਿਹੀਆਂ ਸਹੂਲਤਾਂ ਚਾਹੀਦੀਆਂ ਹਨ ਅਤੇ ਉਨਾਂ ਦੀਆਂ ਜ਼ਰੂਰਤਾਂ ਬਾਰੇ ਵੀ ਪੁੱਛਿਆ। ਨਿਸ਼ਾਨੇਬਾਜ਼ਾਂ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਖੇਡ ਮੰਤਰੀ ਨੂੰ ਹਰ ਪੱਖ ਤੋਂ ਜਾਣੂੰ ਕਰਵਾਇਆ। ਸ੍ਰੀ ਮੀਤ ਹੇਅਰ ਨੇ ਦੱਸਿਆ ਕਿ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਨਿੱਜੀ ਤੌਰ ਉਤੇ ਨਿਸ਼ਾਨੇਬਾਜ਼ਾਂ ਨੂੰ ਮਿਲੇ ਸਨ ਅਤੇ ਉਨਾਂ ਦੇ ਨਿਰਦੇਸ਼ਾਂ ਉਤੇ ਸੂਬੇ ਦੀਆਂ ਸ਼ੂਟਿੰਗ ਰੇਂਜਾਂ ਨੂੰ ਬਿਹਤਰ ਬਣਾਉਣ ਲਈ 6 ਕਰੋੜ ਰੁਪਏ ਵੀ ਜਾਰੀ ਕੀਤੇ ਗਏ ਹਨ।ਸ੍ਰੀ ਮੀਤ ਹੇਅਰ ਨੇ ਖੇਡ ਅਧਿਕਾਰੀਆਂ ਨੂੰ ਇਹ ਵੀ ਆਖਿਆ ਕਿ ਰੇਂਜ ਅੰਦਰ ਪੰਜਾਬ ਦੇ ਚੋਟੀ ਦੇ ਨਿਸ਼ਾਨੇਬਾਜ਼ਾਂ ਦੀਆਂ ਤਸਵੀਰਾਂ ਵੀ ਲਗਾਈਆਂ ਜਾਣ ਤਾਂ ਜੋ ਨਵੀਂ ਉਮਰ ਦੇ ਨਿਸ਼ਾਨੇਬਾਜ਼ ਇਨਾਂ ਖਿਡਾਰੀਆਂ ਤੋਂ ਪ੍ਰੇਰਨਾ ਲੈ ਸਕਣ। ਇਸ ਮੌਕੇ ਜ਼ਿਲਾ ਖੇਡ ਅਫਸਰ ਗੁਰਦੀਪ ਕੌਰ, ਨਿਸ਼ਾਨੇਬਾਜ਼ੀ ਕੋਚ ਸੁਪ੍ਰੀਤ ਧਾਲੀਵਾਲ ਤੇ ਅੰਕੁਸ਼ ਭਾਰਦਵਾਜ ਵੀ ਹਾਜ਼ਰ ਸਨ।
ਕਾਰਗਿਲ ਜੰਗ ਵਿਚ ਸੈਨਿਕਾਂ ਦੀ ਮਹਾਨ ਕੁਰਬਾਨੀ ਨੌਜਵਾਨਾਂ ਨੂੰ ਫੌਜ ਦੀ ਸੇਵਾ ਲਈ ਪ੍ਰੇਰਿਤ ਕਰਦੀ ਰਹੇਗੀ-ਮੁੱਖ ਮੰਤਰੀ
ਜੰਗੀ ਯਾਦਗਾਰ ਵਿਖੇ ਕਾਰਗਿਲ ਜੰਗ ਦੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ
ਸੁਖਜਿੰਦਰ ਮਾਨ
ਚੰਡੀਗੜ੍ਹ, 26 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਕਾਰਗਿਲ ਜੰਗ ਦੌਰਾਨ ਫੌਜ ਦੇ ਜਾਂਬਾਜ਼ ਯੋਧਿਆਂ ਦੀ ਮਹਾਨ ਕੁਰਬਾਨੀ ਸਾਡੇ ਨੌਜਵਾਨਾਂ ਨੂੰ ਮਿਸ਼ਨਰੀ ਭਾਵਨਾ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਨਿਰਸਵਾਰਥ ਹੋ ਕੇ ਮੁਲਕ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ।ਇੱਥੇ ਜੰਗੀ ਯਾਦਗਾਰ ਵਿਖੇ ਕਾਰਗਿਲ ਵਿਜੇ ਦਿਵਸ ਦੀ ਯਾਦ ਵਿਚ ਕਰਵਾਏ ਸਮਾਗਮ ਦੌਰਾਨ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਾਰਗਿਲ ਵਿਜੇ ਦਿਵਸ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਦੀ ਅਸਧਾਰਨ ਸੂਰਮਗਤੀ ਦਾ ਪ੍ਰਤੀਕ ਹੈ ਕਿਉਂ ਜੋ ਇਸ ਜੰਗ ਦੌਰਾਨ ਸਾਡੇ ਫੌਜੀ ਜਵਾਨਾਂ ਨੇ ਕੁਰਬਾਨੀ, ਸੂਰਬੀਰਤਾ ਤੇ ਬਹਾਦਰੀ ਦੀ ਬੇਮਿਸਾਲ ਗਾਥਾ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਫੌਜ ਨੇ ਤਮਾਮ ਔਕੜਾਂ ਦੇ ਬਾਵਜੂਦ ਜੁਲਾਈ, 1999 ਵਿਚ ਕਾਰਗਿਲ, ਦਰਾਸ ਤੇ ਬਟਾਲਿਕ ਦੇ ਇਲਾਕਿਆਂ ਵਿਚ ਘੁਸਪੈਠ ਕਰਨ ਵਾਲੀ ਪਾਕਿਸਤਾਨੀ ਸੈਨਾ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਭਾਰਤੀ ਸੈਨਿਕਾਂ ਵੱਲੋਂ ਦਿਖਾਈ ਅਦੁੱਤੀ ਬਹਾਦਰੀ ਦੀ ਅਜਿਹੀ ਮਿਸਾਲ ਵਿਸ਼ਵ ਦੇ ਇਤਿਹਾਸ ਵਿਚ ਨਹੀਂ ਮਿਲਦੀ ਜੋ ਸਾਡੇ ਨੌਜਵਾਨਾਂ ਨੂੰ ਭਾਰਤੀ ਫੌਜ ਵਿਚ ਸ਼ਾਮਲ ਹੋ ਕੇ ਆਪਣੀ ਮਾਤ ਭੂਮੀ ਦੀ ਸੇਵਾ ਲਈ ਪ੍ਰੇਰਿਤ ਕਰਦੀ ਰਹੇਗੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਇੱਥੇ ਬੋਗਨਵਿਲੀਆ ਗਾਰਡਨ ’ਚ ਸਥਿਤ ਜੰਗੀ ਯਾਦਗਾਰ ਵਿਖੇ ਫੁੱਲ-ਮਾਲਾ ਭੇਟ ਕੀਤੀ ਅਤੇ ਕਾਰਗਿਲ ਜੰਗ ਦੌਰਾਨ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਪੰਜਾਬ ਦੇ ਬਹਾਦਰ ਜਵਾਨਾਂ ਨੂੰ ਨਮਨ ਕਰਦਿਆਂ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਮੁਲਕ ਆਪਣੇ ਜਾਂਬਾਜ਼ ਸਪੂਤਾਂ ਦਾ ਹਮੇਸ਼ਾ ਕਰਜ਼ਦਾਰ ਰਹੇਗਾ ਜੋ ਸਖਤ ਗਰਮੀ ਅਤੇ ਠੰਢ ਵਿਚ ਵੀ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸੈਨਿਕਾਂ ਦੇ ਮਿਸਾਲੀ ਯੋਗਦਾਨ ਦੇ ਸਤਿਕਾਰ ਵਜੋਂ ਸੂਬਾ ਸਰਕਾਰ ਨੇ ਡਿਊਟੀ ਦੌਰਾਨ ਸ਼ਹਾਦਤ ਪ੍ਰਾਪਤ ਕਰਨ ਵਾਲੇ ਸੈਨਿਕ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਉਪਰਾਲਾ ਸਾਡੇ ਸੈਨਿਕਾਂ ਵੱਲੋਂ ਕੀਤੀ ਜਾ ਰਹੀ ਦੇਸ਼ ਸੇਵਾ ਪ੍ਰਤੀ ਨਿਮਾਣੀ ਜਿਹੀ ਕੋਸ਼ਿਸ਼ ਹੈ।ਸਾਲ 1999 ਦੀ ਕਾਰਗਿਲ ਜੰਗ ਨੂੰ ਚੇਤੇ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਇਸ ਜੰਗ ਦੌਰਾਨ ਸਮੁੱਚਾ ਦੇਸ਼ ਨੇ ਭਗਤੀ ਦੇ ਜਜ਼ਬੇ ਨਾਲ ਇਕਜੁਟਤਾ ਦਾ ਪ੍ਰਗਟਾਵਾ ਕੀਤਾ ਸੀ। ਭਗਵੰਤ ਮਾਨ ਨੇ ਦੱਸਿਆ ਕਿ ਇਕ ਕਲਾਕਾਰ ਹੋਣ ਦੇ ਨਾਤੇ ਉਸ ਵੇਲੇ ਉਨ੍ਹਾਂ ਨੇ ਆਪਣੇ ਬਾਕੀ ਸਾਥੀਆਂ ਨਾਲ ਭਾਰਤੀ ਫੌਜ ਲਈ ਫੰਡ ਇਕੱਠਾ ਕਰਨ ਲਈ ਵਿਸ਼ੇਸ਼ ਸ਼ੋਅ ਵੀ ਕੀਤਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸ਼ੋਅ ਤੋਂ ਇਕੱਤਰ ਹੋਈ ਸਮੁੱਚੀ ਰਕਮ ਸਤਿਕਾਰ ਦੇ ਤੌਰ ਉਤੇ ਪਟਿਆਲਾ ਛਾਉਣੀ ਵਿਖੇ ਭਾਰਤੀ ਫੌਜ ਨੂੰ ਸੌਂਪ ਦਿੱਤੀ ਸੀ।
ਇਸ ਮੌਕੇ ਐਨ.ਸੀ.ਸੀ. ਕੈਡਿਟਾਂ ਅਤੇ ਮਾਈ ਭਾਗੋ ਆਰਮਿਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੁਹਾਲੀ ਦੀਆਂ ਮਹਿਲਾ ਕੈਡਿਟਾਂ ਨਾਲ ਸੰਖੇਪ ਵਿਚ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਹਥਿਆਰਬੰਦ ਸੈਨਾਵਾਂ ਵਿਚ ਸ਼ਾਮਲ ਹੋਣ ਲਈ ਉਤਸ਼ਾਹਤ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਉਹ ਬਾਕੀ ਨੌਜਵਾਨਾਂ ਦੇ ਅੰਦਰ ਵੀ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦਾ ਜਜ਼ਬਾ ਪੈਦਾ ਕਰਨ ਲਈ ਰੋਲ ਮਾਡਲ ਬਣ ਸਕਦੇ ਹਨ। ਪੀ.ਏ.ਪੀ. ਬੈਂਡ ਦੇ ਨਾਲ ਪੀ.ਏ.ਪੀ. ਗਰੁੱਪ ਦੇ ਕਮਾਂਡਰ ਡੀ.ਐਸ.ਪੀ. ਦਵਿੰਦਰ ਸਿੰਘ ਦੀ ਅਗਵਾਈ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਗਾਰਡ ਆਫ ਆਨਰ ਰਾਹੀਂ ਸਲਾਮੀ ਦਿੱਤੀ ਗਈ। ਸਮਾਗਮ ਵਿਚ ਕਈ ਸੀਨੀਅਰ ਅਤੇ ਸੇਵਾ-ਮੁਕਤ ਰੱਖਿਆ ਅਫਸਰ ਵੀ ਸ਼ਾਮਲ ਹੋਏ। ਇਸ ਮੌਕੇ ਰੱਖਿਆ ਸੇਵਾਵਾਂ ਮੰਤਰੀ ਫੌਜ ਸਿੰਘ ਸਰਾਰੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ ਤੇ ਵਧੀਕ ਵਿਸ਼ੇਸ਼ ਪ੍ਰਮੁੱਖ ਸਕੱਤਰ ਹਿਮਾਂਸ਼ੂ ਜੈਨ, ਡਾਇਰੈਕਟਰ ਰੱਖਿਆ ਸੇਵਾਵਾਂ ਬਿ੍ਰਗੇਡੀਅਰ (ਸੇਵਾ-ਮੁਕਤ) ਸਤਿੰਦਰ ਸਿੰਘ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਅਮਨ ਅਰੋੜਾ ਵੱਲੋਂ ਸੰਗਰੂਰ ਜ਼ਿਲ੍ਹੇ ਵਿੱਚ 600 ਏਕੜ ਪੰਚਾਇਤੀ ਜ਼ਮੀਨ ’ਤੇ ਜੰਗਲ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ
‘ਅੰਮਿ੍ਰਤ ਵਣ’ ਮੁਹਿੰਮ ਤਹਿਤ ਹਰਿਆਲੀ ਲਈ ਸੰਘਣੇ ਬੂਟੇ ਲਾਉਣ ਦੇ ਨਾਲ-ਨਾਲ ਮਗਨਰੇਗਾ ਰਾਹੀਂ ਮਜਦੂਰਾਂ ਨੂੰ ਪਹਿਲੇ ਸਾਲ ਹੀ 6,60,000 ਦਿਹਾੜੀਆਂ ਦਾ ਮਿਲੇਗਾ ਰੋਜ਼ਗਾਰ: ਕੈਬਨਿਟ ਮੰਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਸੰਗਰੂਰ, 25 ਜੁਲਾਈ: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਸੰਗਰੂਰ ਜ਼ਿਲ੍ਹੇ ’ਚ 600 ਏਕੜ ਜ਼ਮੀਨ ’ਤੇ ਜੰਗਲ ਤਿਆਰ ਕਰਨ ਲਈ ਉਲੀਕੀ ‘ਅੰਮਿ੍ਰਤ ਵਣ’ ਨਾਂ ਦੀ ਮੁਹਿੰਮ ਦੀ ਪਿੰਡ ਬਡਰੁੱਖਾਂ ਵਿਖੇ ਬੂਟਾ ਲਾ ਕੇ ਸ਼ੁਰੂਆਤ ਕੀਤੀ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ‘ਅੰਮਿ੍ਰਤ ਵਣ’ ਨਾਂ ਦੀ ਇਸ ਮੁਹਿੰਮ ਤਹਿਤ ਜ?ਿਲ੍ਹਾ ਪ੍ਰਸਾਸਨ ਵੱਲੋਂ ਰਾਊਂਡ ਗਲਾਸ ਫਾਊਂਡੇਸਨ ਦੇ ਸਹਿਯੋਗ ਨਾਲ ਸੰਗਰੂਰ ਜ਼ਿਲੇ ’ਚ ਜੰਗਲ ਹੇਠਲੇ ਰਕਬੇ ਨੂੰ ਵਧਾਉਣ ਦੀ ਇੱਕ ਨਵੇਕਲੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਵਾਤਾਵਰਨ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਆਧੁਨਿਕਤਾ ਦੇ ਪ੍ਰਭਾਵ ਹੇਠ ਪਿੰਡਾਂ ਵਿੱਚੋਂ ਜੰਗਲ ਅਲੋਪ ਹੁੰਦੇ ਗਏ ਜਿਸ ਦਾ ਨੁਕਸਾਨ ਅੱਜ ਹਰ ਕੋਈ ਭੁਗਤ ਰਿਹਾ ਹੈ ਅਤੇ ਜ?ਿਲ੍ਹਾ ਪ੍ਰਸਾਸਨ ਦੇ ਇਸ ਉਪਰਾਲੇ ਨਾਲ ਜਿੱਥੇ ਵਣਾਂ ਨੂੰ ਵਿਕਸਤ ਕੀਤਾ ਜਾ ਸਕੇਗਾ ਉਥੇ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇਹ ਵਣ ਕੁਦਰਤ ਨਾਲ ਨੇੜਿਓਂ ਸਾਂਝ ਪਾਉਣ ਦੇ ਸਮਰੱਥ ਬਣਨਗੇ।
ਸ਼੍ਰੀ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦੇ ਤਹਿਤ ਪਹਿਲਾਂ ਤਾਂ ਨਾਜਾਇਜ਼ ਤੌਰ ’ਤੇ ਦੱਬੀਆਂ ਪੰਚਾਇਤੀ ਜ਼ਮੀਨਾਂ ਛੁਡਵਾਉਣ ਲਈ ਮੁਹਿੰਮ ਸਫ਼ਲਤਾ ਪੂਰਵਕ ਚਲਾਈ ਗਈ ਸੀ ਅਤੇ ਹੁਣ ਸੰਘਣੇ ਜੰਗਲ ਲਾਉਣ ਲਈ ਸ਼ੁਰੂ ਕੀਤੀ ਗਈ ਇਹ ਮੁਹਿੰਮ ਪੰਜਾਬ ਨੂੰ ਮੁੜ ਹਰਿਆ-ਭਰਿਆ ਬਣਾਉਣ ’ਚ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਾਂਗ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਸਰਬਪੱਖੀ ਵਿਕਾਸ ਦਾ ਨਕਸਾ ਤਿਆਰ ਕਰ ਲਿਆ ਗਿਆ ਹੈ ਜਿਸ ਤਹਿਤ ਜਲਦ ਹੀ ਜਮੀਨੀ ਪੱਧਰ ‘ਤੇ ਅਸਲ ਵਿਕਾਸ ਨਜਰ ਆਵੇਗਾ।
ਸ਼੍ਰੀ ਅਮਨ ਅਰੋੜਾ ਨੇ ਦੱਸਿਆ ਕਿ ਪੂਰੇ ਸੰਗਰੂਰ ਜ਼ਿਲੇ ’ਚ 8 ਬਲਾਕ ਹਨ ਅਤੇ ਇਸ ਮੁਹਿੰਮ ਤਹਿਤ ਹਰ ਬਲਾਕ ’ਚ 75 ਏਕੜ ਜ਼ਮੀਨ ਦੀ ਪਛਾਣ ਕੀਤੀ ਜਾ ਰਹੀ ਹੈ ਜਿੱਥੇ ਹਰਿਆਲੀ ਲਈ ਸੰਘਣੇ ਵਣ ਲਾਏ ਜਾਣੇ ਹਨ। ਉਨਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਨਵੀਂ ਪੀੜੀ ਦੀ ਜੰਗਲਾਂ ਨਾਲ ਸਾਂਝ ਪਵਾਉਣਾ ਹੈ ਅਤੇ ਇਸ ਨਾਲ ਨਾ ਸਿਰਫ਼ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ’ਚ ਮਦਦ ਮਿਲੇਗੀ ਸਗੋਂ ਅਨੇਕਾਂ ਪਸ਼ੂ-ਪੰਛੀਆਂ ਤੇ ਜੀਵ-ਜੰਤੂਆਂ ਨੂੰ ਰਹਿਣ ਲਈ ਵਸੇਬਾ ਮਿਲੇਗਾ। ਉਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਘੱਟ ਤੋਂ ਘੱਟ 1 ਕਨਾਲ ਤੋਂ ਲੈ ਕੇ 10 ਏਕੜ ਰਕਬੇ ’ਤੇ ਪੰਜਾਬ ਦੇ ਰਿਵਾਇਤੀ ਕਿਸਮਾਂ ਦੇ ਬੂਟੇ ਹੀ ਲਾਏ ਜਾਣਗੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਜੰਗਲਾਂ ਹੇਠ ਰਕਬਾ ਵਧਾਉਣ ਦੇ ਨਾਲ-ਨਾਲ ਇਸ ਮੁਹਿੰਮ ਤਹਿਤ ਲੋਕਾਂ ਤੇ ਪੰਚਾਇਤਾਂ ਦੀ ਆਮਦਨ ’ਚ ਵਾਧਾ ਕਰਨ ਦਾ ਵੀ ਟੀਚਾ ਰੱਖਿਆ ਗਿਆ ਹੈ ਜਿਸ ਤਹਿਤ ਪਿੰਡਾਂ ’ਚ ਬਾਗ਼ ਵੀ ਲਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਲਾਏ ਜਾਣ ਵਾਲੇ ਬੂਟਿਆਂ ਅਤੇ ਇਨਾਂ ਦੀ ਸਾਂਭ-ਸੰਭਾਲ ਮਗਨਰੇਗਾ ਸਕੀਮ ਤਹਿਤ ਕੀਤੀ ਜਾਵੇਗੀ ਜਿਸ ਤਹਿਤ ਪਹਿਲੇ ਸਾਲ ਹੀ 6,60,000 ਦਿਹਾੜੀਆਂ ਦਾ ਰੋਜ਼ਗਾਰ ਪੈਦਾ ਹੋਵੇਗਾ। ਉਨਾਂ ਕਿਹਾ ਕਿ ਇਸੇ ਤਰਾਂ ਬੂਟਿਆਂ ਦੀ ਸੰਭਾਲ ਲਈ ਦੂਜੇ ਸਾਲ ਵਣ ਮਿੱਤਰਾਂ ਨੂੰ ਤਕਰੀਬਨ 3 ਲੱਖ ਦਿਹਾੜੀਆਂ ਦਾ ਰੋਜ਼ਗਾਰ ਦਿੱਤਾ ਜਾਵੇਗਾ।
ਸ਼੍ਰੀ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ’ਚ ਬਦਲਾਅ ਲਿਆਉਣ ਲਈ ਲਗਾਤਾਰ ਸਕਾਰਾਤਮਕ ਕਦਮ ਚੁੱਕੇ ਜਾ ਰਹੇ ਹਨ ਤੇ ਇਹ ਮੁਹਿੰਮ ਵੀ ਪੰਜਾਬ ਨੂੰ ਮੁੜ ਹਰਿਆ-ਭਰਿਆ ਬਣਾਉਣ ਵੱਲ ਵੱਡਾ ਕਦਮ ਹੈ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਜੰਗਲ ਹੇਠਲੇ ਰਕਬੇ ਨੂੰ ਵਧਾਉਣ ‘ਚ ਉਹ ਸੂਬਾ ਸਰਕਾਰ ਦਾ ਡੱਟ ਕੇ ਸਾਥ ਦੇਣ ਤੇ ਵੱਧ ਤੋਂ ਵੱਧ ਰਕਬੇ ‘ਤੇ ਜੰਗਲ ਉਗਾਉਣ ਦੀ ਕੋਸਿਸ ਕਰਨ ਜਿਸ ਲਈ ਬੂਟੇ ਮੁਫਤ ਮੁਹੱਈਆ ਕਰਵਾਏ ਜਾ ਰਹੇ ਹਨ।ਇਸ ਮੌਕੇ ਹੋਰਨਾ ਤੋਂ ਇਲਾਵਾ ਵਧੀਕ ਡਿਪਟੀ ਕਮਿਸਨਰ (ਵਿਕਾਸ) ਵਰਜੀਤ ਵਾਲੀਆ, ਡੀ.ਐਫ.ਓ. ਮੋਨਿਕਾ ਯਾਦਵ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸਵਿੰਦਰ ਸਿੰਘ, ਡੀ.ਐਸ.ਪੀ. ਭਰਪੂਰ ਸਿੰਘ, ਰਾਉਂਡ ਗਲਾਸ ਫਾਊਂਡੇਸਨ ਦੇ ਸੀਈਓ ਵਿਸਾਲ ਚਾਵਲਾ, ਸਰਪੰਚ ਬਡਰੁੱਖਾਂ ਕੁਲਜੀਤ ਸਿੰਘ ਤੇ ਵੱਡੀ ਗਿਣਤੀ ‘ਚ ਪਿੰਡ ਵਾਸੀ ਹਾਜਰ ਸਨ।
ਆਮ ਆਦਮੀ ਕਲੀਨਿਕ ‘ਚ ਆਮ ਲੋਕਾਂ ਨੂੰ ਮਿਲੇਗਾ ਚੰਗਾ ਅਤੇ ਮੁਫ਼ਤ ਇਲਾਜ: ਸਿਹਤ ਮੰਤਰੀ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 75ਵੇਂ ਆਜ਼ਾਦੀ ਦਿਵਸ ‘ਤੇ 75 ‘ਆਮ ਆਦਮੀ ਕਲੀਨਿਕ‘ ਕਰੇਗੀ ਚਾਲੂ: ਚੇਤਨ ਸਿੰਘ ਜੌੜਾਮਾਜਰਾ
ਆਮ ਆਦਮੀ ਪਾਰਟੀ ਦੀ ਗਾਰੰਟੀ ਅਨੁਸਾਰ ਪੰਜਾਬ ਦੀ ਸਿਹਤ ਪ੍ਰਣਾਲੀ ਵਿੱਚ ਵੱਡੇ ਸੁਧਾਰਾਂ ਦਾ ਅਧਾਰ ਬਣਨਗੇ ‘ਆਮ ਆਦਮੀ ਕਲੀਨਿਕ‘: ਸਿਹਤ ਮੰਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 26 ਜੁਲਾਈ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ, ਸਿਹਤ ਪ੍ਰਣਾਲੀ ਵਿੱਚ ਫ਼ੈਲੀਆਂ ਅਸਮਾਨਤਾਵਾਂ ਨੂੰ ਦੂਰ ਕਰਨ ਲਈ ਅਤੇ ਪੰਜਾਬ ਦੇ ਪ੍ਰਾਇਮਰੀ ਹੈਲਥ ਕੇਅਰ ਸਿਸਟਮ ਨੂੰ ਮਜ਼ਬੂਤ ਕਰਨ ਲਈ, ਸੂਬੇ ਭਰ ਵਿੱਚ 15 ਅਗਸਤ ਨੂੰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਜੋ ਹਰ ਕਿਸੇ ਨੂੰ ਮੁਫ਼ਤ ਅਤੇ ਚੰਗਾ ਇਲਾਜ ਮੁਹਈਆ ਕਰਵਾਇਆ ਜਾ ਸਕੇ। ਮੰਗਲਵਾਰ ਨੂੰ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇੱਕ ਹੋਰ ਵੱਡੀ ਚੋਣ ਗਾਰੰਟੀ ਨੂੰ ਪੂਰਾ ਕਰਦਿਆਂ ਅਤੇ ਪੰਜਾਬ ਦੀ ਖਰਾਬ ਸਿਹਤ ਪ੍ਰਣਾਲੀ ਨੂੰ ਸੁਧਾਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 15 ਅਗਸਤ ਨੂੰ ਆਜਾਦੀ ਦੀ 75ਵੀਂ ਵਰ੍ਹੇਗੰਢ ਮੌਕੇ 75 ‘ਆਮ ਆਦਮੀ ਕਲੀਨਿਕ‘ ਪੰਜਾਬ ਦੀ ਜਨਤਾ ਨੂੰ ਸੁਪੁਰਦ ਕਰੇਗੀ।
ਉਨ੍ਹਾਂ ਕਿਹਾ ਕਿ ਇਸ ਵਿੱਤੀ ਸਾਲ ਦੇ ਅੰਤ ਤੱਕ ਸੂਬੇ ਵਿੱਚ 109 ਮੁਹੱਲਾ ਕਲੀਨਿਕ ਸਥਾਪਿਤ ਕੀਤੇ ਜਾਣਗੇ ਤਾਂ ਜੋ ਸੂਬੇ ਵਿੱਚ ਆਮ ਲੋਕ ਕਿਸੇ ਵੀ ਕਾਰਨਾਂ ਕਰਕੇ ਮੁੱਢਲੀਆਂ ਸਿਹਤ ਸਹੂਲਤਾਂ ਤੋਂ ਵਾਂਝਾ ਨਾ ਰਹਿਣ। ਸਿਹਤ ਮੰਤਰੀ ਅਨੁਸਾਰ, “ਆਮ ਆਦਮੀ ਕਲੀਨਿਕਾਂ ਦੇ ਖੁੱਲਣ ਨਾਲ ਲੋਕਾਂ ਨੂੰ ਹਰ ਤਰ੍ਹਾਂ ਦਾ ਐਮਰਜੈਂਸੀ ਇਲਾਜ ਉਨ੍ਹਾਂ ਦੇ ਘਰਾਂ ਦੇ ਨੇੜੇ ਮਿਲ ਜਾਵੇਗਾ ਅਤੇ ਉਨ੍ਹਾਂ ਨੂੰ ਦੂਰ ਵੱਡੇ ਹਸਪਤਾਲਾਂ ਵਿੱਚ ਸਿਰਫ ਉਦੋਂ ਹੀ ਜਾਣਾ ਪਵੇਗਾ ਜਦੋਂ ਕੋਈ ਵੱਡੀ ਸਰਜਰੀ ਹੋਵੇਗੀ। ਸਿੱਟੇ ਵਜੋਂ ਇਹ ਕਲੀਨਿਕਾਂ ਨਾਲ ਵੱਡੇ ਸਰਕਾਰੀ ਹਸਪਤਾਲਾਂ ‘ਤੇ ਬੋਝ ਘਟੇਗਾ।“
ਵਿਰੋਧੀ ਧਿਰ ਦੇ ਹਮਲਿਆਂ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਉਹ ਆਪਣੇ ਬੇਬੁਨਿਆਦ ਦੋਸਾਂ ਨਾਲ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ?ਿਸ ਕਰ ਰਹੇ ਹਨ ਅਤੇ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ‘ਆਪ‘ ਸਰਕਾਰ ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਸਿਹਤ ਪ੍ਰਣਾਲੀ ਦੀ ਕਾਇਆ ਕਲਪ ਕਰਨ ਅਤੇ ਭਿ੍ਰਸਟ ਨੀਤੀਆਂ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਵਿਰੋਧੀ ਧਿਰ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਨੂੰ ਸਿਰਫ਼ ਸਫੇਦੀ ਨਹੀਂ ਕੀਤੀ ਜਾ ਰਹੀ, ਸਗੋਂ ‘ਆਪ‘ ਸਰਕਾਰ ਵੱਲੋਂ ਆਮ ਬਿਮਾਰੀਆਂ ਦੇ ਇਲਾਜ, ਸੱਟਾਂ ਲਈ ਮੁਢਲੀ ਸਹਾਇਤਾ ਅਤੇ ਮਾਮੂਲੀ ਜਖਮਾਂ ਦੀ ਡ੍ਰੈਸਿੰਗ ਲਈ ਦੇਖਭਾਲ ਆਦਿ ਮਾਹਰ ਡਾਕਟਰ ਵੱਲੋਂ ਲੋਕਾਂ ਦੇ ਦਰਵਾਜੇ ‘ਤੇ ਮੁਹੱਈਆ ਕਰਵਾਈ ਜਾਵੇਗੀ। ਜਿੱਥੇ ਪਹਿਲਾਂ ਲੋਕਾਂ ਨੂੰ ਮੁੱਢਲਾ ਇਲਾਜ ਕਰਵਾਉਣ ਲਈ ਵੀ ਮੀਲਾਂ ਦਾ ਸਫਰ ਤੈਅ ਕਰਨਾ ਪੈਂਦਾ ਸੀ।ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਕਲੀਨਿਕਾਂ ਰਾਹੀਂ ਵਿਸੇਸ ਦੇਖਭਾਲ ਲਈ ਰੈਫਰਲ ਅਤੇ ਫਾਲੋ-ਅੱਪ ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਇਨ੍ਹਾਂ ਕਲੀਨਿਕਾਂ ਵਿੱਚ ਜਰੂਰੀ ਦਵਾਈਆਂ ਅਤੇ ਟੈਸਟ ਵੀ ਮੁਫਤ ਉਪਲਬਧ ਕਰਵਾਏ ਜਾਣਗੇ।
ਬਾਬਾ ਫਰੀਦ ਦੇ ਬੀ.ਐਸ.ਸੀ. ਆਨਰਜ਼ (ਮੈਥੇਮੈਟਿਕਸ) ਚੌਥਾ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ
ਸੁਖਜਿੰਦਰ ਮਾਨ
ਬਠਿੰਡਾ, 25 ਜੁਲਾਈ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ.ਐਸ.ਸੀ. ਆਨਰਜ਼ (ਮੈਥੇਮੈਟਿਕਸ) ਚੌਥਾ ਸਮੈਸਟਰ ਦੇ ਨਤੀਜਿਆਂ ਵਿਚ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਹਾਸਲ ਕਰ ਕੇ ਕਾਲਜ ਦਾ ਮਾਣ ਵਧਾਇਆ ਹੈ। ਬੀ.ਐਸ.ਸੀ. ਆਨਰਜ਼ (ਮੈਥੇਮੈਟਿਕਸ) ਚੌਥਾ ਸਮੈਸਟਰ ਦੇ ਨਤੀਜੇ ਅਨੁਸਾਰ ਬਾਬਾ ਫ਼ਰੀਦ ਕਾਲਜ ਦੇ ਸੌਰਵ ਗਰਗ ਨੇ 96.8 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਕਾਲਜ ਵਿੱਚੋਂ ਪਹਿਲਾ ਸਥਾਨ ਅਤੇ ਜਾਨਵੀ ਨੇ 95.8 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਦੂਸਰਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਨਾਜ਼ੀਆ, ਸ਼ਾਇਨਾ ਰਾਣੀ ਅਤੇ ਮਹਿਕਦੀਪ ਸਿੰਘ ਨੇ 95.4 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਹਾਸਲ ਕੀਤਾ ਹੈ ਜਦੋਂ ਕਿ ਜਿਆ ਕੁਕੜ, ਪਵਨਦੀਪ ਕੌਰ ਅਤੇ ਪੁਸ਼ਪਿੰਦਰ ਸਿੰਘ ਨੇ 95.2 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਕਾਲਜ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਸੰਦੀਪ ਕੌਰ , ਟਿਪਸੀ , ਪਰਮਜੀਤ ਸਿੰਘ ਅਤੇ ਰਮਨਪ੍ਰੀਤ ਸਿੰਘ ਨੇ 95 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਕਾਲਜ ਵਿੱਚੋਂ ਪੰਜਵਾਂ ਸਥਾਨ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਨਤੀਜੇ ਅਨੁਸਾਰ 12 ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਵਧੇਰੇ, 38 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵਧੇਰੇ ਅਤੇ 42 ਵਿਦਿਆਰਥੀਆਂ ਨੇ 85 ਫ਼ੀਸਦੀ ਤੋਂ ਵਧੇਰੇ ਅੰਕ ਪ੍ਰਾਪਤ ਕੀਤੇ ਹਨ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਦੇ ਵਾਈਸ ਪਿ੍ਰੰਸੀਪਲ ਡਾ. ਮਨੀਸ਼ ਬਾਂਸਲ ਨੇ ਇਹਨਾਂ ਸ਼ਾਨਦਾਰ ਨਤੀਜਿਆਂ ਲਈ ਗਣਿਤ ਵਿਭਾਗ ਦੇ ਮੁਖੀ, ਸਟਾਫ਼ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਕਿਹਾ ਕਿ ਤਜਰਬੇਕਾਰ ਅਧਿਆਪਕਾਂ ਦੀ ਯੋਗ ਅਗਵਾਈ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਕਰ ਕੇ ਅਜਿਹੇ ਚੰਗੇ ਨਤੀਜੇ ਪ੍ਰਾਪਤ ਹੋਏ ਹਨ। ਉਨ੍ਹਾਂ ਨੇ ਬੀ.ਐਸ.ਸੀ. (ਮੈਥੇਮੈਟਿਕਸ) ਚੌਥਾ ਸਮੈਸਟਰ ਦੇ ਹੋਣਹਾਰ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਆਪਣੀਆਂ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ।




