Friday, May 15, 2026
Home Blog Page 2433

ਬਠਿੰਡਾ ’ਚ ਕਰੋਨਾ ਨੇ ਮੁੜ ਪੈਰ ਪਸਾਰੇ, ਇੱਕ ਦਿਨ ’ਚ 46 ਕੇਸ ਮਿਲੇ, ਇੱਕ ਬਜ਼ੁਰਗ ਦੀ ਹੋਈ ਮੌਤ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 19 ਜੁਲਾਈ : ਪਿਛਲੇ ਦੋ ਸਾਲਾਂ ’ਚ ਭਾਰੀ ਤਬਾਹੀ ਮਚਾਉਣ ਵਾਲੇ ਕਰੋਨਾ ਨੇ ਮੁੜ ਇਲਾਕੇ ’ਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜ਼ਿਲ੍ਹੇ ਵਿਚ ਪਿਛਲੇ 24 ਘੰਟਿਆਂ ਦੌਰਾਨ 46 ਕੇਸ ਨਵੇਂ ਮਿਲੇ ਹਨ, ਜਿੰਨ੍ਹਾਂ ਦੇ ਨਾਲ ਕੁੱਲ ਕੇਸਾਂ ਦੀ ਗਿਣਤੀ 182 ਹੋ ਗਈ ਹੈ। ਇਸਤੋਂ ਇਲਾਵਾ ਬੀਤੇ ਕੱਲ ਕਰੀਬ ਪੰਜ ਮਹੀਨਿਆਂ ਬਾਅਦ ਜ਼ਿਲ੍ਹੇ ਵਿਚ ਪਹਿਲੀ ਵਾਰ ਕਰੋਨਾ ਕਾਰਨ ਇੱਕ ਬਜ਼ੁਰਗ ਦੀ ਮੌਤ ਵੀ ਹੋ ਗਈ ਸੀ। ਉਧਰ ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਹੁਣ ਤੱਕ ਇਸ ਸਾਲ ਵਿਚ ਜ਼ਿਲ੍ਹੇ ਚ 714229 ਕਰੋਨਾ ਪ੍ਰਭਾਵਿਤ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚੋਂ 51378 ਵਿਅਕਤੀ ਪਾਜੀਟਿਵ ਪਾਏ ਗਏ ਤੇ 50107 ਵਿਅਕਤੀ ਕਰੋਨਾ ਨੂੰ ਮਾਤ ਦੇ ਕੇ ਆਪੋਂ-ਆਪਣੇ ਘਰ ਵਾਪਸ ਪਰਤ ਗਏ ਹਨ। ਹੁਣ ਤੱਕ ਜ਼ਿਲ੍ਹੇ ਚ 1089 ਕਰੋਨਾ ਨਾਲ ਮੌਤਾਂ ਹੋਈਆਂ ਹਨ।

ਪੰਜਾਬ ਵਿੱਚ 1 ਅਗਸਤ ਤੋਂ ਸਾਰੇ ਯਾਤਰੀ ਸੇਵਾ ਵਾਹਨਾਂ ‘ਚ ਲੱਗੇਗਾ ਵਹੀਕਲ ਲੋਕੇਸ਼ਨ ਟਰੈਕਿੰਗ ਡਿਵਾਈਸ ਸਿਸਟਮ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਜੁਲਾਈ: ਜਨਤਕ ਟਰਾਂਸਪੋਰਟ ਪ੍ਰਣਾਲੀ ਦੀ ਕਾਰਜਕੁਸ਼ਲਤਾ ਵਧਾਉਣਾ ਯਕੀਨੀ ਬਣਾਉਣ ਅਤੇ ਸੂਬੇ ਵਿੱਚ ਸਾਰੇ ਵਾਹਨਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ 1 ਅਗਸਤ, 2022 ਤੋਂ ਸਾਰੇ ਯਾਤਰੀ ਸੇਵਾ ਵਾਹਨਾਂ ਜਿਵੇਂ ਬੱਸਾਂ, ਮਿੰਨੀ ਬੱਸਾਂ ਅਤੇ ਟੈਕਸੀਆਂ ਵਿੱਚ ਵਹੀਕਲ ਲੋਕੇਸ਼ਨ ਟ੍ਰੈਕਿੰਗ ਡਿਵਾਈਸ (ਵੀ.ਐਲ.ਟੀ.ਡੀ.) ਸਿਸਟਮ ਸ਼ੁਰੂ ਕੀਤਾ ਜਾਵੇਗਾ।ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ‘ਇੱਕ ਬੱਸ ਇੱਕ ਪਰਮਿਟ’ ਨੂੰ ਵਾਹਨ ਪੋਰਟਲ ਨਾਲ ਜੋੜਨ ਦਾ ਫੈਸਲਾ ਵੀ ਲਿਆ ਹੈ।ਰਿਜਨਲ ਟਰਾਂਸਪੋਰਟ ਅਥਾਰਟੀਆਂ ਦੇ ਦਫਤਰਾਂ ਦੇ ਕੰਮਕਾਜ ਦੀ ਸਮੀਖਿਆ ਕਰਨ ਸਬੰਧੀ ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਾਰੇ ਪਰਮਿਟ ਧਾਰਕਾਂ ਨੂੰ ਵਾਹਨ ਪੋਰਟਲ ‘ਤੇ ਮੋਟਰ ਵਾਹਨ ਟੈਕਸ ਕਰਾਉਣ ਦੀ ਅਪੀਲ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਾਹਨ ਪੋਰਟਲ ‘ਤੇ ‘ਇੱਕ ਬੱਸ ਇੱਕ ਪਰਮਿਟ’ ਲਾਗੂ ਹੋਣ ਪਿੱਛੋਂ ਓ.ਟੀ.ਪੀ. ਸਿਸਟਮ ਨੂੰ ਬੰਦ ਕਰ ਦਿੱਤਾ ਜਾਵੇ ਕਿਉਂ ਜੋ ਸਾਰੇ ਪਰਮਿਟ ਧਾਰਕਾਂ ਲਈ ਵਾਹਨ ਪੋਰਟਲ ‘ਤੇ ਇੱਕ ਕਲਿੱਕ ਨਾਲ ਮੋਟਰ ਵਾਹਨ ਟੈਕਸ ਜਮ੍ਹਾਂ ਕਰਨ ਦੀ ਸਹੂਲਤ ਉਪਲਬਧ ਹੈ। ਉਨ੍ਹਾਂ ਕਿਹਾ ਕਿ ਡਿਫਾਲਟਰਾਂ ਤੋਂ ਟੈਕਸ ਵਸੂਲੀ ਦਾ ਅਮਲ ਹੋਰ ਤੇਜ ਕੀਤਾ ਜਾਣਾ ਚਾਹੀਦਾ ਹੈ।
ਮੀਟਿੰਗ ਦੌਰਾਨ ਵੈੱਬ ਪੋਰਟਲ ‘ਤੇ ਸੰਯੁਕਤ ਸਮਾਂ ਸਾਰਣੀ ਅਪਲੋਡ ਕਰਨ ਦਾ ਵੀ ਫੈਸਲਾ ਕੀਤਾ ਗਿਆ ਤਾਂ ਜੋ ਸੂਬੇ ਦੀ ਜਨਤਕ ਟਰਾਂਸਪੋਰਟ ਪ੍ਰਣਾਲੀ ਵਿੱਚ ਹੋਰ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾ ਸਕੇ।ਸੜਕ ਹਾਦਸਿਆਂ ਵਿੱਚ ਮੌਤਾਂ ‘ਤੇ ਡੂੰਘੀ ਚਿੰਤਾ ਪ੍ਰਗਟਾੳਂਦਿਆਂ ਮੰਤਰੀ ਨੇ ਹਦਾਇਤ ਕੀਤੀ ਕਿ ਟਿੱਪਰ ਟਰੱਕ ਅਤੇ ਹੋਰ ਭਾਰੀ ਵਾਹਨਾਂ ਦੇ ਪਿਛਲੇ ਪਾਸੇ ਲੋਹੇ ਦੀ ਰਾਡ ਫਿੱਟ ਕਰਨੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਵੀ ਵਾਹਨ ਨੂੰ ਐਮ.ਵੀ.ਆਈ. ਵੱਲੋਂ ਪਾਸ ਨਾ ਕੀਤਾ ਜਾਵੇਗਾ ਜਿਸ ’ਤੇ ਲੋਹੇ ਦੀ ਰਾਡ ਫਿੱਟ ਨਾ ਹੋਵੇ। ਉਨ੍ਹਾਂ ਸਬੰਧਤ ਆਰ.ਟੀ.ਏ. ਸਕੱਤਰ ਵੱਲੋਂ ਸਾਰੇ ਅੰਤਰਰਾਜੀ ਨਾਕਿਆਂ ਦਾ ਨਿਯਮਤ ਰੂਪ ਨਾਲ ਨਿਰੀਖਣ ਕਰਨ ਦੇ ਵੀ ਆਦੇਸ਼ ਦਿੱਤੇ।ਮੀਟਿੰਗ ਦੌਰਾਨ ਸਕੱਤਰ ਟਰਾਂਸਪੋਰਟ ਵਿਕਾਸ ਗਰਗ, ਸਟੇਟ ਟਰਾਂਸਪੋਰਟ ਕਮਿਸ਼ਨਰ ਵਿਮਲ ਕੁਮਾਰ ਸੇਤੀਆ, ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਅਮਰਬੀਰ ਸਿੰਘ ਸਿੱਧੂ ਅਤੇ ਸਮੂਹ ਸਕੱਤਰ ਆਰ.ਟੀ.ਏ. ਸ਼ਾਮਲ ਸਨ।

ਕਾਉਂਟਰ ਇੰਟੇਲੀਜੈਂਸ ਦੇ ਮੁਲਾਜਮ ਨੇ ਕੀਤੀ ਆਤਮਹੱਤਿਆ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 19 ਜੁਲਾਈ: ਸਥਾਨਕ ਸ਼ਹਿਰ ਦੇ ਰਾਜੀਵ ਗਾਂਧੀ ਨਗਰ ’ਚ ਰਹਿਣ ਵਾਲੇ ਪੰਜਾਬ ਪੁਲਿਸ ਦੇ ਕਾਉਂਟਰ ਇੰਟੈਲੀਜੈਂਸ ਵਿੰਗ ਦੇ ਸਿਪਾਹੀ ਵਲੋਂ ਘਰ ਵਿਚ ਫਾਹਾ ਲਗਾ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਲੱਗਦੇ ਹੀ ਸਿਟੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਢਲੀ ਜਾਣਕਾਰੀ ਮੁਤਾਬਕ ਇਹ ਕਦਮ ਲੈਣ ਦੇਣ ਦੇ ਵਿਵਾਦ ਨੂੰ ਲੈ ਕੇ ਚੁੱਕਿਆ ਹੈ। ਮਿ੍ਰਤਕ ਦੀ ਪਹਿਚਾਣ ਸੁਰਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਰਾਜੀਵ ਗਾਂਧੀਨਗਰ ਬਠਿੰਡਾ ਵਜੋਂ ਹੋਈ ਹੈ। ਘਟਨਾ ਦਾ ਪਤਾ ਚੱਲਦੇ ਹੀ ਸਮਾਜ ਸੇਵੀ ਸੰਸਥਾ ਦੇ ਵਰਕਰ ਮੌਕੇ ’ਤੇ ਪੁੱਜੇ ਤੇ ਮੁਲਾਜਮ ਦੀ ਲਾਸ਼ ਨੂੰ ਛੱਤ ਨਾਲੋਂ ਉਤਾਰਿਆ। ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮਿ੍ਰਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਮਿ੍ਰਤਕ ਸਿਪਾਹੀ ਕੋਲੋਂ ਇਕ ਖੁਦਕੁਸ਼ੀ ਨੋਟ ਵੀ ਮਿਲਿਆ ਦਸਿਆ ਜਾ ਰਿਹਾ ਹੈ ਜਿਸ ਵਿਚ ਉਸ ਨੇ ਆਪਣੀ ਖੁਦਕੁਸ਼ੀ ਲਈ ਸ਼ਹਿਰ ਦੇ ਹੀ ਸੀਮਿੰਟ ਸਟੋਰ ਦੇ ਮਾਲਕ ਨੂੰ ਜਿੰਮੇਵਾਰ ਠਹਿਰਾਉਂਦਿਆਂ ਉਸਦੇ ਉਪਰ ਲੱਖਾਂ ਰੁਪਏ ਮੁਕਰਨ ਦੇ ਦੋਸ਼ ਲਗਾਏ ਹਨ।

ਡਿਪਟੀ ਕਮਿਸ਼ਨਰ ਨੇ ਬਾਲ ਭਲਾਈ ਕਮੇਟੀ ਦੇ ਕੰਮਾਂ ਦਾ ਕੀਤਾ ਮੁਲਾਂਕਣ

0

ਸਾਮ ਨੂੰ ਬੱਚਿਆਂ ਦੀਆਂ ਲਗਾਈਆਂ ਜਾਣ ਕੰਪਿਊਟਰ ਕਲਾਸਾਂ : ਡਿਪਟੀ ਕਮਿਸ਼ਨਰ

ਵਿਦਿਆਰਥੀ ਦਲਜੀਤ ਨੂੰ ਦਸਵੀਂ ਜਮਾਤ ਚੋਂ ਪਹਿਲਾਂ ਸਥਾਨ ਪ੍ਰਾਪਤ ਕਰਨ ਤੇ ਦਿੱਤਾ ਪ੍ਰਸੰਸਾ ਪੱਤਰ

ਸੁਖਜਿੰਦਰ ਮਾਨ

ਬਠਿੰਡਾ, 19 ਜੁਲਾਈ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਚਿਲਡਰਨ ਹੋਮ ਅਤੇ ਆਨੰਤ ਅਨਾਥ ਆਸ਼ਰਮ ਨਥਾਣਾ ਨਾਲ ਸਬੰਧਤ ਬਾਲ ਭਲਾਈ ਕੰਮਾਂ ਸਬੰਧੀ ਤਿਮਾਹੀ ਰੀਵਿਊ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਜਿੱਥੇ ਬੱਚਿਆਂ ਦੀ ਪੜ੍ਹਾਈ ਤੇ ਹੋਰ ਭਲਾਈ ਲਈ ਕੀਤੇ ਜਾਣ ਵਾਲੇ ਬੇਹਤਰ ਕਾਰਜਾਂ ਸਬੰਧੀ ਲੋੜੀਂਦੇ ਸੁਝਾਅ ਪ੍ਰਾਪਤ ਕੀਤੇ ਉੱਥੇ ਉਨ੍ਹਾਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰਵਨੀਤ ਕੌਰ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਬੱਚਿਆਂ ਨਾਲ ਸਬੰਧਤ ਕੋਈ ਵੀ ਕੇਸ ਬਕਾਇਆ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸ਼ਾਮ ਨੂੰ ਬੱਚਿਆਂ ਦੀਆਂ ਕੰਪਿਊਟਰ ਕਲਾਸਾਂ ਵੀ ਲਗਾਈਆਂ ਜਾਣ ਤਾਂ ਜੋ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਹੋ ਸਕੇ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਤੇ ਉਨ੍ਹਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸ਼੍ਰੀ ਆਨੰਤ ਆਸ਼ਰਮ ਨਥਾਣਾ ਚ ਰਹਿ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਦਲਜੀਤ ਸਿੰਘ ਨੂੰ ਦਸਵੀਂ ਜਮਾਤ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕਰਨ ਤੇ ਪ੍ਰਸੰਸਾ ਪੱਤਰ ਤੇ ਮੁਬਾਰਕਬਾਦ ਦਿੰਦਿਆਂ ਉਸ ਦੇ ਸੁਨਿਹਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਪੜ੍ਹਾਈ ਪ੍ਰਤੀ ਪ੍ਰੇਰਿਤ ਕਰਦਿਆਂ ਹੌਂਸਲਾ-ਅਫ਼ਜਾਈ ਵੀ ਕੀਤੀ।

ਟੀਐਸਯੂ ਵੱਲੋਂ ਪੰਜਾਬ ਸਰਕਾਰ ਦੀ ਕੱਚੇ ਕਾਮੇ ਪੱਕੇ ਕਰਨ ਲਈ ਜਾਰੀ ਵਿਤਕਰੇ ਭਰਪੂਰ ਪਾਲਸੀ ਦੀ ਨਿਖੇਧੀ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 18 ਜੁਲਾਈ: ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ.) ਪੰਜਾਬ ਰਾਜ ਬਿਜਲੀ ਬੋਰਡ ਸਰਕਲ ਬਠਿੰਡਾ ਦੇ ਸਕੱਤਰ ਸਤਵਿੰਦਰ ਸਿੰਘ , ਸਰਕਲ ਪ੍ਰਧਾਨ ਚੰਦਰ ਪ੍ਰਸਾਦ ਨੇ ਪੈਨਸਨਰ ਭਵਨ ਬਠਿੰਡਾ ਵਿਖੇ ਕੀਤੀ ਸਰਕਲ ਵਰਕਿੰਗ ਦੀ ਮੀਟਿੰਗ ਉਪਰੰਤ ਸਾਂਝੇ ਪ੍ਰੈਸ ਬਿਆਨ ਰਾਹੀਂ ਪੰਜਾਬ ਸਰਕਾਰ ਵੱਲੋਂ ਕੱਚੇ ਕਾਮੇ ਪੱਕੇ ਕਰਨ ਲਈ ਜਾਰੀ ਵਿਤਕਰੇ ਭਰਪੂਰ ਪਾਲਸੀ ਦੀ ਸਖਤ ਸਬਦਾਂ ਵਿਚ ਨਿਖੇਧੀ ਕੀਤੀ ਹੈ।ਉਨਾਂ ਦਸਿਆ ਹੈ ਕਿ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਵੱਲੋਂ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਕੱਚੇ ਕਾਮਿਆਂ ਦੇ ਵੇਰਵੇ ਮੰਗੇ ਗਏ ਹਨ ਪਰ ਨਾਲ ਬੋਲਡ ਅਖਰਾਂ ਵਿਚ ਸਾਫ ਲਿਖਿਆ ਗਿਆ ਹੈ ਕਿ ਆਉਟਸੋਰਸਡ ਕਾਮਿਆਂ ਦੇ ਵੇਰਵੇ ਨਾ ਭੇਜੇ ਜਾਨ।ਜਿਸ ਤੋਂ ਸਾਫ ਹੁੰਦਾ ਹੈ ਕਿ ਪੰਜਾਬ ਦੀ ਆਪ ਪਾਰਟੀ ਦੀ ਸਰਕਾਰ ਪਹਿਲੀਆਂ ਸਰਕਾਰਾਂ ਵਾਂਗ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਆਉਟਸੋਰਸਡ ਕਾਮਿਆਂ ਨੂੰ ਪੱਕੇ ਕਰਨ ਤੋਂ ਭੱਜ ਰਹੀ ਹੈ।
ਮੁਲਾਜਮ ਆਗੂਆਂ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਆਉਟਸੋਰਸਡ ਕਾਮੇ ਜਿਨਾਂ ਦੀ ਗਿਣਤੀ ਲੱਖਾਂ ਵਿਚ ਹੈ ਉਹ ਸਰਕਾਰ ਦੇ ਕਿਸੇ ਨਾ ਕਿਸੇ ਫੈਂਸਲੇ ਜਾ ਪਾਲਸੀ ਅਧੀਨ ਹੀ ਭਰਤੀ ਕੀਤੇ ਗਏ ਹਨ।ਇਸ ਤੋਂ ਇਲਾਵਾ ਉਹ ਸਰਕਾਰੀ ਵਿਭਾਗਾਂ ਵਿਚ ਖਾਲੀ ਅਸਾਮੀਆਂ ਵਿਰੁੱਧ ਵਰਿਆਂ ਤੋਂ ਬਹੁਤ ਤੋਂ ਬਹੁਤ ਹੀ ਨਿਗੁਣੀਆਂ ਤਨਖਾਹਾਂ ਤੇ ਪੱਕੇ ਹੋਣ ਦੀ ਆਸ ਵਿਚ ਕੰਮ ਕਰਦੇ ਆ ਰਹੇ ਹਨ।ਉਹ ਪੱਕੇ ਹੋਣ ਦੀ ਪੂਰੀ ਯੋਗਤਾ ਰਖਦੇ ਹਨ।ਇਸ ਵਿਤਕਰੇ ਭਰਪੂਰ ਪਾਲਸੀ ਰਾਹੀਂ ਸਰਕਾਰ ਇਨਾਂ ਆਉਟਸੋਰਸਡ ਕਾਮਿਆਂ ਦੀਆਂ ਅਸਾਵਾਂ ਤੇ ਪਾਣੀ ਫੇਰ ਰਹੀ ਹੈ।ਉਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਇਸ ਵਿਤਕਰੇ ਭਰਪੂਰ ਪਾਲਸੀ ਨੂੰ ਪ੍ਰਵਾਨ ਨਹੀ ਕੀਤਾ ਜਾਵੇਗਾ ਅਤੇ ਸਮੂਹ ਕੱਚੇ ਕਾਮਿਆਂ ਨੂੰ ਪੱਕੇ ਕਰਾਉਣ ਲਈ ਜੱਥੇਬੰਦੀ ਵੱਲੋਂ ਤਿੱਖਾ ਸੰਘਰਸ ਕੀਤਾ ਜਾਵੇਗਾ।

ਪਾਵਰ ਕਾਰਪੋਰੇਸਨ ਦੀ ਪੱਕੀ ਭਰਤੀ ਲਈ ਵਿਤਕਰੇ ਭਰਭੂਰ ਨੀਤੀ ਵਿਰੁੱਧ ਸੰਘਰਸ਼ ਦਾ ਦਿੱਤਾ ਸੱਦਾ

0

ਪੰਜਾਬੀ ਖ਼ਬਰਸਾਰ ਬਿਉਰੋ
ਪਟਿਆਲਾ, 18 ਜੁਲਾਈ: ਅੱਜ ਇੱਥੇ ਜਾਰੀ ਬਿਆਨ ਵਿਚ ਪੀ ਐਸ ਪੀ ਸੀ ਐਲ ਅਤੇ ਪੀ ਐਸ ਟੀ ਸੀ ਐਲ ਕੰਟਰੈਕਚੂਅਲ ਵਰਕਰ ਯੂਨੀਅਨ ਪੰਜਾਬ ਕਨਵੀਨਰ :-ਗੁਰਵਿੰਦਰ ਸਿੰਘ ਪੰਨੂ, ਹਰਜੀਤ ਸਿੰਘ, ਕਾਰਜਕਾਰੀ ਸਕੱਤਰ ਬਲਜਿੰਦਰ ਸਿੰਘ ਲੋਪੋਂ ਅਤੇ ਖੁਸਦੀਪ ਸਿੰਘ ਕਾਰਜਕਾਰੀ ਮੈਂਬਰ ਨੇ ਕਿਹਾ ਕਿ ਪੰਜਾਬ ਕਾਰਪੋਰੇਸ਼ਨ ਵੱਲੋਂ -299 /22 ਮੁਤਾਬਕ ਵੱਖ ਵੱਖ ਕੈਟਾਗਰੀਆਂ ਅਧੀਨ 1690 ਸਹਾਇਕ ਲਾਇਨਮੈਨਾਂ ਦੀ ਪੱਕੀ ਭਰਤੀ ਦਾ ਇਕ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਜਿਸ ਮੁਤਾਬਕ ਇਕ ਸਹਾਇਕ ਲਾਈਨਮੈਨ ਦੀ ਭਰਤੀ ਲਈ ਘੱਟੋ ਘੱਟ ਮੈਟਿ੍ਰਕ ਜਾਂ ਇਸਦੇ ਬਰਾਬਰ ਅਤੇ ਲਾਈਨਮੈਨ ਟਰੇਂਡ ਵਿਚ ਆਈ. ਟੀ. ਆਈ. ਦੇ ਨਾਲ ਨੈਸ਼ਨਲ ਅਪਰੈਂਟਿਸ ਸ਼ਿਪ ਅਤੇ ਮੈਟਿ੍ਰਕ ਪੱਧਰ ਤਕ ਪੰਜਾਬੀ ਭਾਸ਼ਾ ਦੀ ਲਾਜਮੀ ਸ਼ਰਤ ਰੱਖੀ ਗਈ ਹੈ।
ਜਿਸ ਸਮੇਂ ਪਾਵਰਕੌਮ ਵੱਲੋਂ1690 ਸਹਾਇਕ ਲਾਇਨ ਮੈਨਾਂ ਦੀ ਨਵੀਂ ਅਤੇ ਪੱਕੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਉਸ ਸਮੇਂ ਪਾਵਰ ਕਾਰਪੋਰੇਸ਼ਨਾਂ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਸਹਾਇਕ ਲਾਇਨ ਮੈਨ ਅਤੇ ਐਸ ਐਸ ਏ ਦੇ ਅਹੁਦਿਆਂ ਤੇ ਕਾਮੇ ਤੈਨਾਤ ਹਨ, ਜਿਹੜੇ ਪਾਵਰ ਕਾਰਪੋਰੇਸ਼ਨ ਦੀ ਮੰਗ ਤੇ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ (ਇੱਕ ਆਊਟਸੋਰਸ ਸਰਕਾਰੀ ਕੰਪਨੀ) ਵੱਲੋਂ ਉਪਲੱਬਧ ਕਰਵਾਏ ਗਏ ਹਨ। ਜਿਨ੍ਹਾਂ ਦੀ ਭਰਤੀ ਪੈਸਕੋ ਵੱਲੋਂ ਇਸ਼ਤਿਹਾਰ ਦੇ ਕੇ ਪਾਵਰ ਕਾਰਪੋਰੇਸਨ ਵੱਲੋਂ ਤਹਿ ਸ਼ਰਤਾਂ ਦੇ ਆਧਾਰ ਤੇ ਕੀਤੀ ਗਈ ਹੈ। ਇਹ ਸਾਰੇ ਹੀ ਦਸਵੀਂ ਪਾਸ ਜਾਂ ਇਸਦੇ ਬਰਾਬਰ ਦੀ ਯੋਗਤਾ ਆਈ. ਟੀ. ਆਈ. ਪਾਸ ਹਨ ।ਨੈਸ਼ਨਲ ਅਪਰੈਂਟਿਸ ਸ਼ਿਪ ਵੀ ਓੁਨਾਂ ਵੱਲੋ ਕੀਤੀ ਗਈ ਹੈ।ਇਸ ਤੋਂ ਵੀ ਅੱਗੇ ਉਹਨਾਂ ਕੋਲ ਵਿਭਾਗਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਕੰਮ ਦਾ ਤਜਰਬਾ ਵੀ ਹੈ, ਜਿਸ ਦੀ ਨੈਸਨਲ ਅਪਰੈਂਟਿਸ ਸ਼ਿਪ ਨਾਲੋਂ ਵੀ ਵੱਧ ਕੀਮਤ ਹੈ, ਕਿਉਂਕਿ ਨੈਸ਼ਨਲ ਅਪਰੈਂਟਿਸ ਸ਼ਿਪ ਵੀ ਤਾਂ ਕੰਮ ਨਾਲ ਸੰਬੰਧਤ ਤਜਰਬਾ ਹਾਸਿਲ ਕਰਨ ਦੀ ਲੋੜ ਚੋਂ ਹੀ ਜਰੂਰੀ ਸਮਝੀ ਜਾਦੀ ਹੈ। ਇਸ ਹਾਲਤ ਵਿਚ ਸਮੂਹ ਆਊਟਸੋਰਸ ਤੋਂ ਇਲਾਵਾ ਰੈਗੂਲਰ ਮੁਲਾਜਮਾਂ,ਅਤੇ ਹੋਰ ਇਨਸਾਫ਼ ਪਸੰਦ ਲੋਕਾਂ ਦੇ ਸਮਝਣ ਦਾ ਸਵਾਲ ਹੈ,ਕਿ ਜਿੰਨਾ ਸ਼ਰਤਾਂ ਤੇ ਹੁਣ ਸਹਾਇਕ ਲਾਈਨਮੈਨਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਹੈ ਇਸ ਯੋਗਤਾ ਵਾਲੇ ਹਜ਼ਾਰਾਂ ਕਾਮੇ ਪਾਵਰ ਕਾਰਪੋਰੇਸ਼ਨ ਦੀ ਮੰਗ ਤੇ ਪਹਿਲਾਂ ਹੀ ਇਸ਼ਤਿਹਾਰ ਬਾਜ਼ੀ ਰਾਹੀਂ ਯੋਗਤਾ ਦੀਆਂ ਸ਼ਰਤਾਂ ਪੂਰੀਆਂ ਕਰਦੇ ਡਾਕਟਰੀ ਤੌਰ ਤੇ ਫਿੱਟ ਪੁਲਸ ਵੈਰੀਫਿਕੇਸ਼ਨ ਵਾਲੇ ਕਾਮੇ ਕੰਮ ਤੇ ਆਊਟਸੋਰਸ ਦੇ ਰੂਪ ਚ ਤੈਨਾਤ ਹਨ। ਫਿਰ ਇਨ੍ਹਾਂ ਮੁਲਾਜਮਾਂ ਨੂੰ ਨਜ਼ਰਅੰਦਾਜ਼ ਕਰਕੇ ਬਾਹਰੋ ਨਵੀਂ ਪੱਕੀ ਭਰਤੀ ਕਿਸ ਲੋੜ ਚੋਂ ਕੀਤੀ ਜਾ ਰਹੀ ਹੈ? ਕੀ ਇਹ ਆਊਟਸੋਰਸ ਮੁਲਾਜ਼ਮਾਂ ਨਾਲ ਸਰਾਸਰ ਧੋਖਾ ਅਤੇ ਬੇਇਨਸਾਫ਼ੀ ਨਹੀਂ ਹੈ? ਸਹਾਇਕ ਲਾਇਨ ਮੈਨ ਅਤੇ ਸਹਾਇਕ ਐਸ ਐਸ ਏ ਦੀ ਭਰਤੀ ਦੀ ਤਾਂ ਅਸੀਂ ਆਪ ਜੀ ਅੱਗੇ ਸਰਕਾਰ ਦੇ ਧੋਖੇ ਨੂੰ ਸਮਝਣ ਲਈ ਇਕ ਉਦਾਹਰਣ ਪੇਸ ਕੀਤੀ ਹੈ । ਇਸ ਲਈ ਸਰਕਾਰ ਵੱਲੋਂ ਲਾਗੂ ਇਸ ਨੀਤੀ ਵਿਰੁੱਧ ਸੰਘਰਸ਼ ਕਰਨਾ ਸਮੇਂ ਦੀ ਅਹਿਮ ਲੋੜ ਹੈ।ਸੰਘਰਸ਼ ਤਾਕਤ ਦੇ ਜ਼ੋਰ ਹੀ ਆਊਟ ਸੋਰਸਡ ਕਾਮੇ ਸੰਬੰਧਤ ਵਿਭਾਗਾਂ ਵਿਚ ਰੈਗੂਲਰ ਹੋਣ ਦਾ ਹੱਕ ਪ੍ਰਾਪਤ ਕਰ ਸਕਣਗੇ।ਇਸ ਲਈ ਆਓ ਮਿਤੀ 19-7-2022 ਨੂੰ ਸਬ ਡਵੀਜਨ ਪੱਧਰ ਤੇ ਵਿਸਾਲ ਇਕੱਠ ਕਰਕੇ ਸਰਕਾਰ ਵਲੋਂ ਬਾਹਰੋਂ ਨਵੀਂ ਭਰਤੀ ਕਰਨ ਦੇ ਇਸਤਿਹਾਰ ਦੀਆਂ ਕਾਪੀਆਂ ਨੂੰ ਅਗਨ ਭੇਂਟ ਕਰਕੇ ਆਊਟਸੋਰਸ ਮੁਲਾਜਮਾਂ ਨੂੰ ਨਜਰਅੰਦਾਜ ਕਰਨ ਦੇ ਹੁਕਮਾਂ ਨੂੰ ਚੁਣੌਤੀ ਦੇ ਕੇ ਆਊਟਸੋਰਸਡ ਦੇ ਰੂਪ ਵਿੱਚ ਭਰਤੀ ਕਾਮਿਆਂ ਲਈ ਪਹਿਲ ਦੇ ਆਧਾਰ ਤੇ ਰੈਗੂਲਰ ਹੋਣ ਦੇ ਹੱਕ ਦੀ ਪ੍ਰਾਪਤੀ ਲਈ ਸੰਘਰਸ ਦੇ ਰਾਹ ਤੁਰੀਏ ,ਕਿਉਂਕਿ ਵਿਸਾਲ ਏਕਤਾ ਅਤੇ ਤਿੱਖਾ ਸੰਘਰਸ ਹੀ ਸਾਡੇ ਸਾਂਝੇ ਹਕਾਂ ਹਿਤਾਂ ਦੀ ਰਾਖੀ ਅਤੇ ਪ੍ਰਾਪਤੀ ਦਾ ਇਕੋ ਇਕ ਦਰੁਸਤ ਰਾਹ ਹੈ।

ਨੈਸਨਲ ਵਿੱਚੋਂ ਕਾਂਸੀ ਦਾ ਤਗਮਾ ਜਿੱਤਣ ਵਾਲੇ ਖਿਡਾਰੀ ਦਾ ਸਕੂਲ ਪੁੱਜਣ ’ਤੇ ਕੀਤਾ ਸਨਮਾਨ

0

ਸੁਖਜਿੰਦਰ ਮਾਨ
ਬਠਿੰਡਾ, 18 ਜੁਲਾਈ: ਨੈਸਨਲ ਸਬ ਜੂਨੀਅਰ ਅਤੇ ਮਾਸਟਰ ਮੁੰਡੇ ਅਤੇ ਕੁੜੀਆਂ ਚੈਂਪੀਅਨਸਿਪ ਜੋ ਕਿ 5 ਜੁਲਾਈ ਤੋਂ 10 ਜੁਲਾਈ ਤੱਕ ਯੂਸੁਫ ਵਿਖੇ ਹੋਇਆ , ਵਿਚ ਸਹੀਦ ਸਿਪਾਈ ਸੰਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਪੁਸਪ ਸਰਮਾ ਨੇ ਪਾਵਰ ਲਿਫਟਿੰਗ ਵਿਚ ਕਾਂਸੀ ਦਾ ਤਮਗਾ ਜਿੱਤ ਕੇ ਪੰਜਾਬ ਅਤੇ
ਇਸ ਸਕੂਲ ਦਾ ਨਾਮ ਰੌਸਨ ਕੀਤਾ ਹੈ।ਇਸ ਸਕੂਲ ਦੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਪਾਵਰ ਲਿਫਟਿੰਗ ਵਿਚ 522 ਕਿਲੋਗ੍ਰਾਮ ਭਾਰ ਚੁੱਕ ਕੇ ਇਹ ਜਿੱਤ ਦਰਜ ਕੀਤੀ ਹੈ।ਇਸ ਵਿਦਿਆਰਥੀ ਦੇ ਸਕੂਲ ਪੁੱਜਣ ਤੇ ਪਿ੍ਰੰਸੀਪਲ ਗੁਰਮੇਲ ਸਿੰਘ ਸਿੱਧੂ ਅਤੇ ਗੁਰਿੰਦਰ ਸਿੰਘ ਬਰਾੜ ਡੀ ਪੀ ਅਤੇ ਸਮੂਹ ਸਕੂਲ ਸਟਾਫ ਵੱਲੋਂ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਸਹੀਦ ਸੰਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਪਰਸ ਰਾਮ ਨਗਰ ਵਿਖੇ ਸਵੇਰੇ ਦੇ ਸਮੇਂ ਪਾਵਰ ਲਿਫਟਿੰਗ ਦਾ ਕੈਂਪ ਚਲਾਇਆ ਜਾ ਰਿਹਾ ਹੈ। ਖੇਡ ਵਿਭਾਗ ਦੇ ਸਹਿਯੋਗ ਨਾਲ ਇਸ ਸਕੂਲ ਵਿੱਚ ਵੇਟਲਿਫਟਿੰਗ ਅਤੇ ਪਾਵਰ ਲਿਫਟਿੰਗ ਕੋਚ ਪਰਵਿੰਦਰ ਸਿੰਘ ਜੀ ਨੇ ਵਿਸੇਸ ਤੌਰ ਤੇ ਖਿਡਾਰੀਆਂ ਦੀ ਤਿਆਰੀ ਕਰਵਾਈ ਹੈ ਜਿਸ ਦੇ ਫਲਸਰੂਪ ਇਹ ਪ੍ਰਾਪਤੀ ਹੋਈ ਹੈ। ਇਹ ਸੈਂਟਰ ਵਿੱਚ 40 ਖਿਡਾਰੀ ਪਾਵਰ ਲਿਫਟਿੰਗ ਅਤੇ ਵੇਟ ਲਿਫਟਿੰਗ ਦੀ ਤਿਆਰੀ ਕਰ ਰਹੇ ਹਨ ਇਸ ਮੌਕੇ ਵਿਸੇਸ ਤੌਰ ਤੇ ਹਾਜਰ ਰਹੇ।

ਪਾਣੀ ਬਚਾਓ ਮੁਹਿੰਮ ਤਹਿਤ ਕਿਸਾਨ ਜਥੇਬੰਦੀ ਦੇਵੇਗੀ ਪੰਜ ਰੋਜ਼ਾ ਧਰਨੇ: ਕਿਸਾਨ ਆਗੂ

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 18 ਜੁਲਾਈ: ਸਰਕਾਰਾਂ ਵਲੋਂ ਪਾਣੀਆਂ ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਾਉਣ ਵਿਰੁੱਧ ਸੰਸਾਰ ਬੈਂਕ ਤੋਂ ਪਾਣੀ ਬਚਾਓ ਖੇਤੀ ਬਚਾਓ ਮੁਹਿੰਮ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ 21 ਤੋਂ 25 ਜੁਲਾਈ ਤਕ ਪਾਣੀ ਨੂੰ ਪ੍ਰਦੂਸ਼ਤ ਕਰਨ ਵਾਲੀਆਂ ਫੈਕਟਰੀਆਂ , ਡੀਸੀ ਦਫ਼ਤਰਾਂ ਅਤੇ ਪੀਣ ਵਾਲਾ ਪਾਣੀ ਨੂੰ ਘਰਾਂ ਚ ਸਪਲਾਈ ਕਰਨ ਦਾ ਮੋਟੇ ਮੁਨਾਫ਼ੇ ਕਮਾਉਣ ਲਈ ਠੇਕਾ ਲੈਣ ਵਾਲੀਆਂ ਸਾਮਰਾਜੀ ਕੰਪਨੀਆਂ ਦੇ ਪ੍ਰੋਜੈਕਟਾਂ ਅੱਗੇ ਪੰਜ ਰੋਜ਼ਾ ਦਿਨ ਰਾਤ ਦੇ ਧਰਨੇ ਲਾਏ ਜਾ ਰਹੇ ਹਨ। ਅੱਜ ਇਸ ਦੀ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਬਠਿੰਡਾ ਤੇ ਮਾਨਸਾ ਵੱਲੋਂ ਮਾਈਸਰਖਾਨਾ ਵਿਖੇ ਵਧਵੀਂ ਸਿਖਿਆ ਮੀਟਿੰਗ ਕੀਤੀ ਗਈ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ । ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲਾ ਵਿਖੇ ਟਰਾਈਡੈਂਟ ਫੈਕਟਰੀ ਅੱਗੇ ਧਰਨਾ ਲਾਇਆ ਜਾਵੇਗਾ
ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਸਾਮਰਾਜੀ ਕੰਪਨੀਆਂ ਵੱਲੋਂ ਆਪਣੇ ਮੁਨਾਫ਼ਿਆਂ ਲਈ ਵੱਖ ਵੱਖ ਫੈਕਟਰੀਆਂ ਵਿੱਚ ਮਾਲ ਤਿਆਰ ਕਰਨ ਲਈ ਰੋਜਾਨਾ ਲੱਖਾਂ ਕਰੋੜਾਂ ਲਿਟਰ ਪਾਣੀ ਦੀ ਬੇਦਰੇਗ ਵਰਤੋਂ ਕੀਤੀ ਜਾ ਰਹੀ ਹੈ ਜਿਸ ਨਾਲ ਧਰਤੀ ਹੇਠਲਾ ਦਰਿਆਵਾਂ ਅਤੇ ਨਹਿਰਾਂ ਦਾ ਪਾਣੀ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਅਤੇ ਧਰਤੀ ਹੇਠਲੇ ਪਾਣੀ ਦੀ ਸਤ੍ਹਾ ਹੋਰ ਡੂੰਘੀ ਹੋ ਰਹੀ ਹੈ ।ਉਨ੍ਹਾਂ ਕਿਹਾ ਕਿ ਲੁਧਿਆਣਾ ,ਜਲੰਧਰ ,ਅੰਮਿ੍ਰਤਸਰ ਵਰਗੇ ਵੱਡੇ ਸ਼ਹਿਰਾਂ ਵਿੱਚ ਫੈਕਟਰੀਆਂ ਵੱਲੋਂ ਪਾਣੀ ਜ਼ਹਿਰੀਲਾ ਕਰਕੇ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਹੈ । ਟਰਾਈਡੈਂਟ ਫੈਕਟਰੀ ਵੱਲੋਂ ਰੋਜ਼ਾਨਾ ਕਰੋੜਾਂ ਲੀਟਰ ਪਾਣੀ ਧਰਤੀ ਚੋਂ ਕੱਢਿਆ ਜਾਂਦਾ ਹੈ ਅਤੇ ਨਹਿਰੀ ਪਾਣੀ ਵੀ ਵਰਤਿਆ ਜਾ ਰਿਹਾ ਹੈਇਸ ਦਾ 90 % ਪਾਣੀ ਜ਼ਹਿਰੀਲਾ ਕਰਕੇ ਮੁੜ ਧਰਤੀ ਹੇਠਾਂ ਪਾ ਦਿੱਤਾ ਜਾਂਦਾ ਹੈ । ਇਸ ਨਾਲ ਕਈ ਕਿਲੋਮੀਟਰ ਤਕ ਕਿਸਾਨਾਂ ਦੇ ਟਿਊਬਵੈੱਲਾਂ ਰਾਹੀਂ ਜ਼ਹਿਰੀਲਾ ਪਾਣੀ ਆਉਣ ਲੱਗ ਜਾਂਦਾ ਹੈ ਜੋ ਕਿ ਫਸਲਾਂ ਮਾਰ ਦਿੰਦਾ ਹੈ । ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਡੂੰਘਾ ਅਤੇ ਜ਼ਹਿਰੀਲਾ ਕਰਨ ਦਾ ਸਾਰਾ ਦੋਸ਼ ਕਿਸਾਨਾਂ ਸਿਰ ਹੀ ਮੜ੍ਹ ਦਿੱਤਾ ਜਾਂਦਾ ਹੈ ਕਿ ਕਿਸਾਨ ਝੋਨੇ ਦੀ ਖੇਤੀ ਕਰਦੇ ਹਨ ਅਤੇ ਧਰਤੀ ਹੇਠੋਂ ਵੱਧ ਪਾਣੀ ਕੱਢਦੇ ਹਨ ।
ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਕਿਸਾਨ ਮਜਬੂਰੀ ਵੱਸ ਝੋਨੇ ਤੇ ਕਣਕ ਦੀ ਖੇਤੀ ਕਰਦੇ ਹਨ ਕਿਉਂਕਿ ਇਨ੍ਹਾਂ ਫ਼ਸਲਾਂ ਦੀ ਐੱਮਐੱਸਪੀ ਤੇ ਖਰੀਦ ਕੀਤੀ ਜਾਂਦੀ ਹੈ ਜੇਕਰ ਸਰਕਾਰ ਦੂਜੀਆਂ ਸਾਰੀਆਂ ਫਸਲਾਂ ,ਸਬਜ਼ੀਆਂ ਅਤੇ ਫਲਾਂ ਦਾ ਲਾਹੇਵੰਦ ਭਾਅ ਮਿਥ ਕੇ ਉਸ ਦੀ ਸਰਕਾਰੀ ਖਰੀਦ ਦੀ ਗਾਰੰਟੀ ਕਰਦੀ ਹੈ ਤਾਂ ਕਿਸਾਨ ਕਣਕ ਝੋਨੇ ਦੀ ਖੇਤੀ ਛੱਡਣ ਲਈ ਤਿਆਰ ਹਨ । ਉਨ੍ਹਾਂ ਕਿਹਾ ਕਿ ਸਰਕਾਰ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਅਤੇ ਵਿਗਿਆਨੀਆਂ ਰਾਹੀਂ ਘੱਟ ਪਾਣੀ ਨਾਲ ਵੱਧ ਝਾੜ ਦੇਣ ਵਾਲੇ ਬੀਜ ਤਿਆਰ ਕਰਵਾਵੇ। ਅਸਲ ਵਿਚ ਸਰਕਾਰ ਸੰਸਾਰ ਬੈਂਕ ਦੇ ਨਿਰਦੇਸ਼ਾਂ ਹੇਠ ਸਾਮਰਾਜੀ ਕੰਪਨੀਆਂ ਦੇ ਹਿੱਤਾਂ ਨੂੰ ਧਿਆਨ ਚ ਰੱਖ ਤੇ ਉਨ੍ਹਾਂ ਦੀ ਮਸ਼ੀਨਰੀ, ਡੀਜ਼ਲ, ਰੇਹ ਸਪਰੇਅ , ਬੀਜ ਵੇਚਣ ਦੀਆਂ ਨੀਤੀਆਂ ਲਾਗੂ ਕਰ ਰਹੀ ਹੈ । ਸਰਕਾਰ ਵੱਲੋਂ ਸਾਮਰਾਜੀ ਕੰਪਨੀਆਂ ਨੂੰ ਅੰਨ੍ਹੇ ਮੁਨਾਫ਼ੇ ਕਮਾਉਣ ਲਈ ਪੀਣ ਵਾਲੇ ਅਤੇ ਖੇਤੀ ਲਈ ਪਾਣੀ ਸਪਲਾਈ ਕਰਨ ਦੇ ਠੇਕੇ ਦਿੱਤੇ ਜਾ ਰਹੇ ।ਪੰਜਾਬ ਵਿੱਚ ਅੰਮਿ੍ਰਤਸਰ ਅਤੇ ਲੁਧਿਆਣਾ ਵਿੱਚ ਪੀਣ ਵਾਲੇ ਪਾਣੀ ਨੂੰ ਠੇਕਾ ਦਿੱਤਾ ਜਾ ਚੁੱਕਾ ਹੈ ਜਿਸ ਲਈ ਕੰਪਨੀਆਂ ਵੱਲੋਂ ਨਹਿਰਾਂ ਅਤੇ ਧਰਤੀ ਹੇਠੋਂ ਪਾਣੀ ਕੱਢ ਕੇ ਸੋਧਣ ਲਈ ਵੱਡੇ ਪ੍ਰੋਜੈਕਟ ਲਾਏ ਜਾ ਰਹੇ ਹਨ । ਉਨ੍ਹਾਂ ਕਿਹਾ ਇਹ ਅਸਲ ਵਿੱਚ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਸਾਮਰਾਜੀ ਕੰਪਨੀਆਂ ਨੂੰ ਦੇਣ ਦੀਆ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ।
ਅੱਜ ਦੇ ਇਕੱਠ ਵੱਲੋਂ ਆਦਿਵਾਸੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਜਮਹੂਰੀ ਹੱਕਾਂ ਦੇ ਕਾਰਕੁੰਨ ਅਤੇ ਗਾਂਧੀ ਵਾਦੀ ਹਿਮਾਂਸੂ ਕੁਮਾਰ ਨੂੰ ਅਦਾਲਤ ਵੱਲੋਂ ਭਾਰੀ ਜੁਰਮਾਨਾ ਕਰਨ ਖ਼ਿਲਾਫ਼ ਨਿਖੇਧੀ ਦਾ ਮਤਾ ਪਾਸ ਕੀਤਾ ਅਤੇ ਮੰਗ ਕੀਤੀ ਗਈ ਕਿ ਕੋਰਟ ਵਲੋਂ ਕੀਤਾ ਭਾਰੀ ਜੁਰਮਾਨਾ ਰੱਦ ਕੀਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ 20 ਜੁਲਾਈ ਨੂੰ ਜੁਰਮਾਨਾ ਰੱਦ ਕਰਾਉਣ ਲਈ ਡੀਸੀ ਦਫ਼ਤਰਾਂ ਅੱਗੇ ਜਨਤਕ ਵਫਦ ਵਲੋਂ ਰਾਸਟਰਪਤੀ ਦੇ ਨਾ ਮੰਗ ਪੱਤਰ ਦਿੱਤੇ ਜਾਣਗੇ । ਸਟੇਜ ਸਕੱਤਰ ਦੀ ਭੂਮਿਕਾ ਮਾਨਸਾ ਜਿਲ੍ਹੇ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਨਿਭਾਈ ।

ਤਿੰਨ ਮਹੀਨਿਆਂ ਦੀਆਂ ਬਕਾਇਆ ਤਨਖ਼ਾਹਾਂ ਲੈਣ ਲਈ ਜਲ ਸਪਲਾਈ ਵਰਕਰ ਚੜ੍ਹੇ ਟੈਂਕੀਆਂ ’ਤੇ

ਪੰਜਾਬੀ ਖ਼ਬਰਸਾਰ ਬਿਉਰੋ
ਫ਼ਿਰੋਜਪੁਰ, 18 ਜੁਲਾਈ: ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਜਾਰੀ ਨਾ ਕਰਨ ’ਤੇ ਅੱਜ ਮਜਬੂਰ ਹੋ ਕੇ ਜਲ ਸਲਪਾਈ ਕਾਮੇ ਮਜਬੂਰ ਹੋ ਕੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਜਲ ਸਪਲਾਈ ਕੰਟਰੈਕਟ ਵਰਕਰਜ ਯੂਨੀਅਨ ਰਜਿ ਨੰ 31 ਦੇ ਝੰਡੇ ਹੇਠ ਜਲ ਸਪਲਾਈ ਦੇ ਦਫਤਰ ਦੇ ਸਾਹਮਣੇ ਧਰਨਾ ਦੇ ਰਹੇ ਆਗੂਆਂ ਸੂਬਾ ਆਗੂ ਰੁਪਿੰਦਰ ਸਿੰਘ, ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਪਿਆਰੇਆਨਾ ਨੇ ਕਿਹਾ ਕਿ ਕਾਰਜਕਾਰੀ ਇੰਜੀਨੀਅਰ ਵੱਲੋਂ ਜਿਲ੍ਹਾ ਫਿਰੋਜਪੁਰ ਦੇ ਬਲਾਕ ਘੱਲ ਖੁਰਦ ਤੇ ਹੋਰ ਬਲਾਕਾਂ ਦੀਆਂ ਤਨਖਾਹਾਂ ਪਿਛਲੇ ਤਿੰਨ ਮਹੀਨਿਆਂ ਤੋਂ ਜਾਰੀ ਨਹੀਂ ਕੀਤੀਆਂ ਗਈਆਂ ।ਜਦਕਿ ਇਸ ਸੰਬੰਧ ਵਿੱਚ ਕਾਰਜਕਾਰੀ ਇੰਜੀਨੀਅਰ ਦੇ ਨਾਲ ਮੋਰਚੇ ਦੇ ਆਗੂਆਂ ਵੱਲੋਂ ਕਈ ਮੀਟਿੰਗਾਂ ਕੀਤੀਆਂ ਪਰ ਲਾਰੇ ਤੋਂ ਸਿਵਾਏ ਕੁਝ ਵੀ ਪ੍ਰਾਪਤ ਨਹੀਂ ਹੋਇਆ। ਰੁਕੀਆਂ ਤਨਖਾਹਾਂ ਦੇ ਕਾਰਨ ਜਲ ਸਪਲਾਈ ਵਰਕਰਾਂ ਨੂੰ ਆਪਣਾ ਪਰਿਵਾਰ ਪਾਲਣ ਵਿਚ ਕਈ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਤੋਂ ਤੰਗ ਆ ਕੇ ਵਰਕਰ ਮਜਬੂਰ ਹੋ ਕੇ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਏ ਹਨ ਤੇ ਟੈਂਕੀ ਤੇ ਚੜ੍ਹੇ ਹੋਏ ਵਰਕਰਾਂ ਦਾ ਕਹਿਣਾ ਹੈ ਕਿ ਜਿੰਨਾਂ ਚਿਰ ਵਰਕਰਾਂ ਦੀਆਂ ਮੁਸਕਿਲਾਂ ਦਾ ਹੱਲ ਨਹੀਂ ਕੀਤਾ ਜਾਂਦਾ ਰੁਕੀਆਂ ਤਨਖਾਹਾਂ ਬਿਨਾਂ ਸਰਤ ਤੋਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਉਨਾ ਚਿਰ ਇਹ ਧਰਨਾ ਅਣਮਿੱਥੇ ਸਮੇਂ ਲਈ ਲਗਾਤਾਰ ਨਿਰਵਿਘਨ ਜਾਰੀ ਰੱਖਿਆ ਜਾਵੇਗਾ ਅਤੇ ਇਸ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਜੁੰਮੇਵਾਰੀ ਸੰਬਧਿਤ ਵਿਭਾਗ ਦੀ ਕਾਰਜਕਾਰੀ ਇੰਜੀਨੀਅਰ ਜੋਨੀ ਖੰਨਾ ਦੀ ਹੋਵੇਗੀ।ਇਸ ਦੌਰਾਨ ਆਗੂਆਂ ਵਿੱਚ ਸੂਬਾ ਆਗੂ ਰੁਪਿੰਦਰ ਸਿੰਘ, ਜਿਲ੍ਹਾ ਫਿਰੋਜਪੁਰ ਦੇ ਪ੍ਰਧਾਨ ਬਲਕਾਰ ਸਿੰਘ ਪਿਆਰੇ ਆਨਾ, ਬਲਾਕ ਪ੍ਰਧਾਨ ਸੁਖਦੇਵ ਸਿੰਘ, ਸੁਰਜੀਤ ਸਿੰਘ, ਬਲਜਿੰਦਰ ਸਿੰਘ, ਬਲਜੀਤ ਸਿੰਘ ਸਰਕਲ ਪ੍ਰਧਾਨ, ਹਰਜਿੰਦਰ ਸਿੰਘ ਮੋਮੀ ਜਰਨਲ ਸਕੱਤਰ, ਸੀਵਰੇਜ ਬੋਰਡ ਤੋ ਗਗਨਦੀਪ ਸਿੰਘ ਸੰਦੀਪ ਅਟਵਾਲ ਆਦਿ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ।

ਫਾਰਮੇਸੀ ਅਫਸਰਜ ਐਸੋਸੀਏਸਨ ਦੀ ਨਵੀਂ ਸੂਬਾ ਕਾਰਜਕਾਰੀ ਕਮੇਟੀ ਦੀ ਹੋਈ ਚੋਣ

0

ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 18 ਜੁਲਾਈ: ਪੰਜਾਬ ਰਾਜ ਫਾਰਮੇਸੀ ਅਫਸਰਜ ਐਸੋਸੀਏਸਨ ਦੀ ਨਵੀਂ ਸੂਬਾ ਕਾਰਜਕਾਰੀ ਕਮੇਟੀ ਦੀ ਚੋਣ ਲਈ ਸੂਬਾ ਅਬਜਰਵਰ ਸੁਖਵਿੰਦਰਪਾਲ ਸਰਮਾ ਅਤੇ ਕਲਭੂਸਨ ਸਿੰਗਲਾ ਦੀ ਨਿਗਰਾਨੀ ਹੇਠ ਲੁਧਿਆਣਾ ਕਲੱਬ ਵਿਖੇ ਮੀਟਿੰਗ ਹੋਈ। ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਸੁਖਮੰਦਰ ਸਿੰਘ ਸਿੱਧੂ ਸੂਬਾ ਮੁੱਖ ਸਲਾਹਕਾਰ ਅਤੇ ਕਰਮਜੀਤ ਸਿੰਘ ਮਾਨ ਸੂਬਾ ਪ੍ਰੈਸ ਸਕੱਤਰ ਨੇ ਦਸਿਆ ਕਿ ਨਿਯਮਾਂ ਅਨੁਸਾਰ ਮੌਜੂਦਾ ਸੂਬਾ ਪ੍ਰਧਾਨ ਨਰਿੰਦਰ ਮੋਹਨ ਸਰਮਾ ਵੱਲੋਂ ਸੂਬਾ ਕਾਰਜਕਾਰਨੀ ਨੂੰ ਭੰਗ ਕੀਤਾ ਗਿਆ ਅਤੇ ਅਗਲੀ ਕਾਰਵਾਈ ਲਈ ਸਟੇਜ ਸੂਬਾ ਅਬਜਰਵਰਾਂ ਨੂੰ ਸੌਂਪ ਦਿੱਤੀ। ਸੂਬਾ ਅਬਜਰਵਰਾਂ ਵੱਲੋਂ ਚੋਣ ਪ੍ਰਕਿਰਿਆ ਸਬੰਧੀ ਸਮੁੱਚੀ ਜਾਣਕਾਰੀ ਹਾਜਰ ਡੈਲੀਗੇਟਾਂ ਨਾਲ ਸਾਝੀ ਕੀਤੀ ਗਈ। ਇਸ ਚੋਣ ਵਿੱਚ ਨਰਿੰਦਰ ਮੋਹਣ ਸਰਮਾ ਅਤੇ ਮੈਡਮ ਮੀਨਾਕਸੀ ਧੀਰ ਵੱਲੋਂ ਕੁੱਲ 11 ਆਹੁਦਿਆਂ ਲਈ ਆਪਣੇ ਆਪਣੇ ਪੈਨਲ ਸੂਬਾ ਅਬਜਰਵਰਾਂ ਨੂੰ ਪੇਸ ਕੀਤੇ।ਮੈਡਮ ਮੀਨਾਕਸੀ ਧੀਰ ਦੇ ਪੈਨਲ ਵਿੱਚੋਂ ਜਗਸੀਰ ਸਿੰਘ ਜੋ ਕਿ ਜੁਆਇੰਟ ਸਕੱਤਰ ਦੇ ਆਹੁਦੇ ਲਈ ਨਾਮਜਦਗੀ ਪੇਪਰ ਦਿੱਤੇ ਸਨ, ਸੂਬਾ ਅਬਜਰਵਰ ਵੱਲੋਂ ਇਸ ਉਮੀਦਵਾਰ ਦੇ ਪੇਪਰ ਜਿਲ੍ਹਾ ਮੋਗਾ ਦੀ ਹੋਈ ਚੋਣ ਅਨੁਸਾਰ ਵੈਲਿਡ ਡੇਲੀਗੇਟ ਨਾ ਹੋਣ ਕਾਰਨ ਇਹ ਪੇਪਰ ਰੱਦ ਕਰ ਦਿੱਤੇ ਗਏ ਅਤੇ ਇਸੇ ਹੀ ਪੈਨਲ ਵਿੱਚ ਕਮਲ ਰਾਠੌਰ ਨੇ ਪ੍ਰਚਾਰ ਸਕੱਤਰ ਦੇ ਆਹੁਦੇ ਲਈ ਦਿਤੇ ਨਾਮਜਦਗੀ ਪੇਪਰ ਵਾਪਸ ਲੈ ਲਏ।ਇਸ ਤਰ੍ਹਾਂ ਨਰਿੰਦਰ ਮੋਹਨ ਸਰਮਾਂ ਦੇ ਪੈਨਲ ਵਿੱਚੋਂ ਕ੍ਰਮਵਾਰ ਜੁਆਇੰਟ ਸਕੱਤਰ ਅਤੇ ਪ੍ਰੈਸ ਸਕੱਤਰ ਲਈ ਚੰਦਰ ਕਾਂਤ ਮਾਨਸਾ ਅਤੇ ਸੁਖਦੀਪ ਸਰਮਾ ਫਰੀਦਕੋਟ ਬਿਨਾਂ ਮੁਕਾਬਲਾ ਜੁਆਇੰਟ ਸਕੱਤਰ ਅਤੇ ਪ੍ਰਚਾਰ ਸਕੱਤਰ ਚੁਣੇ ਗਏ।ਨਰਿੰਦਰ ਮੋਹਨ ਸਰਮਾ ਦੇ ਪੈਨਲ ਵੱਲੋਂ ਖੁਦ ਨਰਿੰਦਰ ਮੋਹਨ ਸਰਮਾ ਪਟਿਆਲਾ ਪ੍ਰਧਾਨ ਦੇ ਆਹੁਦੇ ਲਈ,ਸੁਨੀਲ ਦੱਤ ਰੋਪੜ ਜਨਰਲ ਸਕੱਤਰ ਦੇ ਆਹੁਦੇ ਲਈ,ਗੁਰਦੀਪ ਸਿੰਘ ਲੁਧਿਆਣਾ ਵਿੱਤ ਸਕੱਤਰ ਅਨਿਲ ਕੁਮਾਰ ਸੰਗਰੂਰ ਸੀਨੀਅਰ ਮੀਤ ਪ੍ਰਧਾਨ, ਰਾਜ ਕੁਮਾਰ ਕੁਕੜ ਫਿਰੋਜਪੁਰ ਮੀਤ ਪ੍ਰਧਾਨ,ਬਲਰਾਜ ਸਿੰਘ ਹੁਸਿਆਰਪੁਰ ਐਡੀਟਰ ਲਈ ਸੁਖਮੰਦਰ ਸਿੰਘ ਸਿੱਧੂ ਬਠਿੰਡਾ ਮੁੱਖ ਸਲਾਹਕਾਰ ਅਹੁਦੇ ਲਈ ਮਿਸ ਜਤਿੰਦਰ ਕੌਰ ਲੁਧਿਆਣਾ ਜਥੇਬੰਦਕ ਸਕੱਤਰ, ਕਰਮਜੀਤ ਸਿੰਘ ਬਠਿੰਡਾ ਵੱਲੋਂ ਪ੍ਰੈਸ ਸਕੱਤਰ ਦੇ ਆਹੁਦੇ ਲਈ ਨਾਮਜਦਗੀ ਪੇਪਰ ਪੇਸ ਕੀਤੇ ਗਏ। ਮੈਡਮ ਮੀਨਾਕਸੀ ਧੀਰ ਜਲੰਧਰ ਦੇ ਪੈਨਲ ਵੱਲੋਂ ਖੁਦ ਮੀਨਾਕਸੀ ਧੀਰ ਪ੍ਰਧਾਨ ਦੇ ਆਹੁਦੇ ਲਈ,ਅਮਰਿੰਦਰਜੀਤ ਸਿੰਘ ਕਪੂਰਥਲਾ ਜਰਨਲ ਸਕੱਤਰ ਦੇ ਆਹੁਦੇ ਲਈ, ਸਰਬਰਿੰਦਰ ਸਿੰਘ ਗੁਰਦਾਸਪੁਰ ਵਿੱਤ ਸਕੱਤਰ ਦੇ ਆਹੁਦੇ ਲਈ,ਭੁਪਿੰਦਰ ਸਿੰਘ ਸੰਧੂ ਤਰਨਤਾਰਨ ਸੀਨੀਅਰ ਮੀਤ ਪ੍ਰਧਾਨ ਦੇ ਲਈ,ਜਸਮੇਲ ਸਿੰਘ ਬਲਾ ਸ੍ਰੀ ਅੰਮਿ੍ਰਤਸਰ ਸਾਹਿਬ ਮੀਤ ਪ੍ਰਧਾਨ,ਸਤਨਾਮ ਸਿੰਘ ਸੰਧੂ ਗੁਰਦਾਸਪੁਰ ਆਡੀਟਰ,ਅਸੋਕ ਸਰਮਾ ਸ੍ਰੀ ਅੰਮਿ੍ਰਤਸਰ ਸਾਹਿਬ ਮੁੱਖ ਸਲਾਹਕਾਰ ਦੇ ਲਈ,ਮਨਜੀਤ ਸਿੰਘ ਜਲੰਧਰ ਜਥੇਬੰਧਕ ਸਕੱਤਰ ਸਭ ਕੁਮਾਰ ਕਪੂਰਥਲਾ ਪ੍ਰੈਸ ਸਕੱਤਰ ਦੇ ਆਹੁਦੇ ਲਈ ਨਾਮਜਦਗੀ ਪੇਪਰ ਪੇਸ ਕੀਤੇ ਗਏ।ਮਿਥੇ ਸਮੇਂ ਅਨੁਸਾਰ ਸਰਬ ਸੰਮਤੀ ਨਾ ਹੋਣ ਕਾਰਨ ਕੁਲ 170 ਚੁਣੇ ਗਏ ਡੈਲੀਗੇਟਾਂ ਵਿਚੋਂ ਸੂਬਾ ਕਮੇਟੀ ਦੇ ਬਾਕੀ ਬਚਦੇ 9 ਆਹੁਦਿਆਂ ਲਈ ਕੁੱਲ 125 ਵੋਟਾਂ ਪੋਲ ਹੋਈਆਂ।123 ਵੋਟਾਂ ਨਰਿੰਦਰ ਮੋਹਨ ਸਰਮਾ ਦੇ ਪੈਨਲ ਨੂੰ ਅਤੇ 5 ਵੋਟਾਂ ਮੈਡਮ ਮੀਨਾਕਸੀ ਧੀਰ ਦੇ ਪੈਨਲ ਨੂੰ ਪਈਆਂ।ਇਸ ਤਰਾਂ ਕ੍ਰਮਵਾਰ ਨਰਿੰਦਰ ਮੋਹਨ ਸਰਮਾ ਸੂਬਾ ਪ੍ਰਧਾਨ ਸੁਨੀਲ ਦੱਤ ਸਰਮਾ ਸੂਬਾ ਜਨਰਲ ਸਕੱਤਰ ਗੁਰਦੀਪ ਸਿੰਘ ਵਿੱਤ ਸਕੱਤਰ, ਅਨਿਲ ਕੁਮਾਰ ਮਿੱਤਲ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਕੁੱਕੜ ਮੀਤ ਪ੍ਰਧਾਨ ਬਲਰਾਜ ਸਿੰਘ ਆਡੀਟਰ, ਸੁਖਮੰਦਰ ਸਿੰਘ ਸਿਧੂ ਮੁੱਖ ਸਲਾਹਕਾਰ, ਮਿਸ ਜਤਿੰਦਰ ਕੌਰ ਜਥੇਬੰਦਕ ਸਕੱਤਰ ਕਰਮਜੀਤ ਸਿੰਘ ਪ੍ਰੈਸ ਸਕੱਤਰ ਚੰਦਰ ਕਾਂਤ ਜੁਆਇੰਟ ਸਕੱਤਰ ਅਤੇ ਸੁਖਦੀਪ ਸਰਮਾ, ਪ੍ਰਚਾਰ ਸਕੱਤਰ ਚੁਣੇ ਗਏ। ਇਸ ਮੌਕੇ ਚੋਣ ਦੀ ਕਾਰਵਾਈ ਨਿਰਪੱਖ ਅਤੇ ਜਥੇਬੰਦੀ ਦੇ ਸੰਵਿਧਾਨਿਕ ਨਿਯਮਾਂ ਅਨੁਸਾਰ ਪੂਰੀ ਕੀਤੀ ਗਈ।ਸੁਖਮੰਦਰ ਸਿੰਘ ਸਿੱਧੂ ਵੱਲੋਂ ਦੋ ਮਤੇ ਜਨਰਲ ਹਾਊਸ ਵਿੱਚ ਪੇਸ ਕੀਤੇ ਗਏ। ਪਹਿਲੇ ਅਤੇ ਦੋ ਆਨੁਸਾਰ ਸੂਬਾ ਕਾਰਜਕਾਰਨੀ ਕਮੇਟੀ ਵਿੱਚ ਰਹਿ ਗਏ ਜਿਲਿਆਂ ਵਿੱਚੋਂ ਸਪੈਸਲ ਇਨਵਾਇਟੀ ਮੈਂਬਰ ਲੈਣ ਦਾ ਮਤਾ ਪੇਸ ਕੀਤਾ ਗਿਆ ਤਾਂ ਜੋ ਵੱਧ ਤੋਂ ਵੱਧ ਜਿਲ੍ਹਿਆਂ ਨੂੰ ਨੁਮਾਇੰਦਗੀ ਪ੍ਰਾਪਤ ਹੋ ਸਕੇ।ਹਾਜਰ ਜਨਰਲ ਕੌਂਸਲ ਦੇ ਸਮੂਹ ਮੈਂਬਰਾਂ ਵੱਲੋਂ ਦੋਨੋਂ ਹੱਥ ਖੜੇ ਕਰਕੇ ਪ੍ਰਵਾਨਗੀ ਦਿਤੀ ਗਈ।ਭਵਿਖ ਵਿਚ ਹੋਣ ਵਾਲੀਆਂ ਚੋਣਾਂ ਲਈ ਡੈਲੀਗੇਟਾਂ ਦੀ ਗਿਣਤੀ ਨੂੰ ਪਹਿਲਾਂ ਹੀ ਤੈਅ ਨਿਯਮਾਂ ਅਨੁਸਾਰ ਹੀ ਯਕੀਨਨ ਕਰਨ ਦਾ ਮਤਾ ਪੇਸ ਕੀਤਾ ਗਿਆ।ਇਸ ਚੋਣ ਵਿਚ ਵੱਡੀ ਗਿਣਤੀ ਵਿਚ ਰਿਟਾਇਰਡ ਸਾਥੀ ਸਾਮਲ ਹੋਏ। ਜਥੇਬੰਦੀ ਦੇ ਸਿਰਮੌਰ ਆਗੂ ਸਾਥੀ ਰਵਿੰਦਰ ਲੂਥਰਾ,ਸਾਮ ਲਾਲ ਗੋਇਲ ਸਿਉ ਲਾਲ,ਚਮਕੌਰ ਸਿੰਘ ਪਟਿਆਲਾ ਅਤੇ ਹੋਰ ਵੱਡੀ ਗਿਣਤੀ ਵਿੱਚ ਸਾਥੀ ਸਾਮਲ ਹੋਏ।ਨਵੇਂ ਚੁਣੇ ਗਏ ਪ੍ਰਧਾਨ ਨਰਿੰਦਰ ਮੋਹਨ ਸਰਮਾ ਵੱਲੋਂ ਸਾਰੇ ਆਏ ਹੋਏ ਡੈਲੀਗੇਟ ਸਾਥੀਆਂ ਦਾ ਵੱਡੀ ਗਿਣਤੀ ਵਿੱਚ ਵੋਟ ਕਰਨ ਲਈ ਧੰਨਵਾਦ ਕੀਤਾ ਗਿਆ ਅਤੇ ਯਕੀਨ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਕੇਡਰ ਦੀਆਂ ਹੱਕੀ ਅਤੇ ਜਾਇਜ ਮੰਗਾਂ ਜਿੰਨਾਂ ਵਿਚ ਨਵਨਿਯੁਕਤ ਸਾਥੀਆਂ ਲਈ ਪੇ ਤਰੁਟੀ ਦੂਰ ਕਰਨੀ, ਜਿਲ੍ਹਾ ਪ੍ਰੀਸਦ ਅਤੇ ਐਨ.ਐਚ.ਐਮ ਵਿੱਚ ਕੰਮ ਕਰਦੇ ਸਾਥੀਆਂ ਨੂੰ ਪੱਕਾ ਕਰਾਉਣ ਲਈ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਪੇਸ ਕੀਤਾ ਜਾਵੇਗਾ। ਸਿਵਲ ਹਸਪਤਾਲਾਂ ਵਿੱਚ ਐਮਰਜੈਂਸੀ ਇਨਡੋਰ ਅਤੇ ਓ.ਪੀ.ਡੀ. ਵਿੱਚ ਲੋੜੀਂਦੀਆਂ ਜਰੂਰੀ ਦਵਾਈਆਂ ਮੁਹੱਈਆ ਕਰਵਾਉਣ ਅਤੇ ਦਵਾਈਆਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ।

Our Visitor

1903318