Thursday, May 14, 2026
Home Blog Page 2458

ਆਪ ਨੂੰ ਸਖ਼ਤ ਮੁਕਾਬਲੇ ’ਚ ਹਰਾ ਕੇ ਸਿਮਰਨਜੀਤ ਸਿੰਘ ਮਾਨ ਨੇ ਜਿੱਤੀ ਜਿਮਨੀ ਚੋਣ

0

ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਹੋਈ ਜਮਾਨਤ ਜਬਤ
ਸੁਖਜਿੰਦਰ ਮਾਨ
ਸੰਗਰੂਰ , 26 ਜੂਨ:-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਖ਼ਾਲੀ ਕੀਤੀ ਸੰਗਰੂਰ ਲੋਕ ਸਭਾ ਸੀਟ ਲਈ ਲੰਘੀ 23 ਜੂਨ ਨੂੰ ਹੋਈ ਜਿਮਨੀ ਚੋਣ ਦੇ ਅੱਜ ਆਏ ਨਤੀਜਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਖ਼ਤ ਮੁਕਾਬਲੇ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋ ਨੂੰ 5822 ਵੋਟਾਂ ਨਾਲ ਹਰਾ ਕੇ ਇਹ ਸੀਟ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਕਰੀਬ ਤਿੰਨ ਮਹੀਨੇ ਪਹਿਲਾਂ 92 ਸੀਟਾਂ ਜਿੱਤ ਕੇ ਸਮੂਹ ਵਿਰੋਧੀ ਪਾਰਟੀਆਂ ਨੂੰ ਚਿੱਤ ਕਰਨ ਵਾਲੀ ਆਪ ਨੂੰ ਉਸਦੇ ਘਰ ਵਿਚੋਂ ਮਿਲੀ ਇਸ ਹਾਰ ਨਾਲ ਵੱਡਾ ਝਟਕਾ ਲੱਗਿਆ ਹੈ। ਹਾਲਾਂਕਿ ਚੋਣ ਮੈਦਾਨ ਵਿਚ ਨਿੱਤਰੀ ਕਾਂਗਰਸ, ਭਾਜਪਾ ਤੇ ਅਕਾਲੀ ਦਲ ਸਹਿਤ ਸਮੂਹ ਵਿਰੋਧੀ ਉਮੀਦਵਾਰਾਂ ਦੀ ਜਮਾਨਤ ਜਬਤ ਹੋ ਗਈ ਹੈ ਪ੍ਰੰਤੂ ਸ: ਮਾਨ ਦੀ ਇਸ ਜਿੱਤ ਨਾਲ ਸਭ ਤੋਂ ਵੱਡਾ ਸਿਆਸੀ ਨੁਕਸਾਨ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਹੋਇਆ ਹੈ। ਜ਼ਿਲਾ ਚੋਣ ਅਧਿਕਾਰੀ ਦੁਆਰਾ ਜਾਰੀ ਕੀਤੇ ਅੰਕੜਿਆਂ ਮੁਤਾਬਕ ਸਿਮਰਨਜੀਤ ਸਿੰਘ ਮਾਨ ਨੂੰ ਕੁੱਲ 2,53,154 ਵੋਟਾਂ ਮਿਲੀਆਂ ਜਦੋਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ 2,47,332 ਵੋਟਾਂ ਹਾਸਲ ਹੋਈਆਂ। ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਗੋਲਡੀ 79,668 ਵੋਟਾਂ ਨਾਲ ਤੀਜੇ ਨੰਬਰ ‘ਤੇ ਰਹੇ। ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ 66,298 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਕਮਲਦੀਪ ਕੌਰ 44,428 ਵੋਟਾਂ ਪ੍ਰਾਪਤ ਹੋਈਆਂ ਤੇ ਉਹ ਪੰਜਵੇਂ ਨੰਬਰ ‘ਤੇ ਰਹੇ। ਅਕਾਲੀ ਦਲ ਲਈ ਵੀ ਭਾਜਪਾ ਤੋਂ ਪਿੱਛੇ ਰਹਿਣ ਨੂੰ ਵੱਡੀ ਸਿਆਸੀ ਨਮੋਸ਼ੀ ਮੰਨੀ ਜਾ ਰਹੀ ਹੈ। ਗੌਰਤਲਬ ਹੈ ਕਿ ਇੰਨਾਂ ਚੋਣਾਂ ਲਈ ਸ਼ੁਰੂ ਤੋਂ ਹੀ ਗੁਰਮੇਲ ਸਿੰਘ ਘਰਾਚੋ ਤੇ ਸਿਮਰਨਜੀਤ ਸਿੰਘ ਮਾਨ ਵਿਚਕਾਰ ਮੁਕਾਬਲਾ ਲੱਗ ਰਿਹਾ ਸੀ ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੀ ਜੱਦੀ ਸੀਟ ਤੋਂ ਪਾਰਟੀ ਉਮੀਦਵਾਰ ਚੋਣ ਹਾਰ ਜਾਣਗੇ, ਇਹ ਸ਼ਾਇਦ ਆਪ ਆਗੂਆਂ ਦੇ ਚਿੱਤ ਚੇਤੇ ਵੀ ਨਹੀਂ ਸੀ। ਹਾਲਾਂਕਿ ਉਨ੍ਹਾਂ ਵਲੋਂ ਇਸ ਸੀਟ ’ਤੇ ਹੈਟਰਿਕ ਮਾਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਸਹਿਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਵਲੋਂ ਰੋਡ ਸੋਅ ਕੀਤੇ ਗਏ ਸਨ ਤੇ ਨਾਲ ਹੀ ਸਮੂਹ ਮੰਤਰੀਆਂ ਸਹਿਤ ਸਾਰੇ ਵਿਧਾਇਕਾਂ ਦੀ ਡਿਊਟੀ ਲਗਾਈ ਗਈ ਸੀ ਪ੍ਰੰਤੂ ਅੱਜ ਚੋਣ ਨਤੀਜਿਆਂ ਦੀ ਸ਼ੁਰੂਆਤ ਤੋਂ ਸਿਮਰਨਜੀਤ ਸਿੰਘ ਮਾਨ ਦੀ ਬਣੀ ਲੀਡ ਅਖ਼ੀਰ ਵਿਚ ਜਿੱਤ ’ਚ ਬਦਲ ਗਈ।

ਬਾਕਸ
ਮਲੇਰਕੋਟਲਾ, ਭਦੋੜ ਤੇ ਦਿੜਬਾ ਨੇ ਮਾਨ ਦੀ ਬੇੜੀ ਪਾਰ ਲਾਈ
ਸੰਗਰੂਰ: 1999 ਵਿਚ ਇਸੇ ਹਲਕੇ ਤੋਂ ਚੋਣ ਜਿੱਤਣ ਵਾਲੇ ਸਿਮਰਨਜੀਤ ਸਿੰਘ ਮਾਨ ਦੀ ਕਰੀਬ 23 ਸਾਲਾਂ ਬਾਅਦ ਲੋਕ ਸਭਾ ਹਲਕੇ ਵਿਚ ਪੈਂਦੇ ਮਲੇਰਕੋਟਲਾ, ਭਦੋੜ ਤੇ ਦਿੜਬਾ ਹਲਕੇ ਦੇ ਵੋਟਰਾਂ ਨੇ ਬੇੜੀ ਪਾਰ ਲਾਈ ਹੈ। ਮਲੇਰਕੋਟਲਾ ਵਿਚ ਆਸ ਮੁਤਾਬਕ ਸ: ਮਾਨ ਨੂੰ 8101 ਵੋਟਾਂ ਦੀ ਲੀਡ ਮਿਲੀ, ਜਦੋਂਕਿ ਭਦੋੜ ਤੋਂ 7125 ਅਤੇ ਦਿੜਬਾ ਹਲਕੇ ਤੋਂ 7553 ਵੋਟਾਂ ਨਾਲ ਆਪ ਉਮੀਦਵਾਰ ਤੋਂ ਅੱਗੇ ਰਹੇ। ਆਪ ਉਮੀਦਵਾਰ ਗੁਰਮੇਲ ਸਿੰਘ ਨੂੰ ਸ: ਮਾਨ ਦੇ ਮੁਕਾਬਲੇ ਸਭ ਤੋਂ ਵੱਡੀ ਲੀਡ ਧੂਰੀ ਵਿਧਾਨ ਸਭਾ ਹਲਕੇ ਤੋਂ 12036 , ਸੰਗਰੂਰ ਵਿਧਾਨ ਸਭਾ ਹਲਕੇ ਤੋਂ 2492, ਲਹਿਰਗਾਗਾ ਤੋਂ 2790, ਸੁਨਾਮ ਤੋਂ 1483 ਅਤੇ ਮਹਿਲ ਕਲਾਂ ਤੋਂ ਮਹਿਜ਼ 203 ਵੋਟਾਂ ਨਾਲ ਅਕਾਲੀ ਉਮੀਦਵਾਰ ਤੋਂ ਅੱਗੇ ਰਹੇ।

ਬਾਕਸ
ਵੜਿੰਗ, ਬਾਦਲ ਤੇ ਮਾਨ ਨੇ ਦਿੱਤੀ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ
ਸੰਗਰੂਰ: ਉਧਰ ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਇਤਿਹਾਸਕ ਜਿੱਤ ਲਈ ਵਿਰੋਧੀ ਧਿਰਾਂ ਦੇ ਆਗੂਆਂ ਵਲੋਂ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸੋਸਲ ਮੀਡੀਆ ਰਾਹੀਂ ਵਧਾਈ ਦਿੱਤੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਭਗਵੰਤ ਮਾਨ ਸਹਿਤ ਪੰਜਾਬ ਦੇ ਸਮੂਹ ਵੱਡੇ ਆਗੂਆਂ ਵਲੋਂ ਸ: ਮਾਨ ਨੂੰ ਜਿੱਤ ਦੀ ਵਧਾਈ ਭੇਜੀ ਗਈ।

ਬਾਕਸ
ਸੰਸਦ ਵਿਚ ਪੰਜਾਬ ਦੀ ਅਵਾਜ਼ ਬਣਾਂਗਾ: ਸਿਮਰਨਜੀਤ ਸਿੰਘ ਮਾਨ
ਸੰਗਰੂਰ: ਅਪਣੀ ਜਿੱਤ ਤੋਂ ਬਾਅਦ ਪਲੇਠੀ ਪੱਤਰਕਾਰ ਵਾਰਤਾ ਵਿਚ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਉਹ ਲੋਕ ਸਭਾ ਵਿਚ ਪੰਜਾਬ ਦੀ ਅਵਾਜ਼ ਬਣਨਗੇ। ਉਨ੍ਹਾਂ ਕਿਹਾ ਕਿ ਉਹ ਸਿੱਖ ਕੌਮ ਦੇ ਨਾਲ-ਨਾਲ ਹਰ ਵਰਗ ਦੇ ਲੋਕਾਂ ਦੀ ਤਰੱਕੀ ਲਈ ਕੰਮ ਕਰਨਗੇ। ਸ: ਮਾਨ ਨੇ ਕਿਹਾ ਕਿ ਉਨ੍ਹਾਂ ਦੀ ਜਿੱਤ ਵਿਚ ਸਮੂਹ ਵਰਗਾਂ ਨੇ ਭਰਪੂਰ ਸਾਥ ਦਿੱਤਾ ਹੈ, ਜਿਸਦੇ ਲਈ ਉਹ ਧੰਨਵਾਦ ਕਰਦੇ ਹਨ।

ਟੈਕਨੀਕਲ ਸਰਵਿਸਜ ਯੂਨੀਅਨ ਵੱਲੋਂ ਕਿਸਾਨਾਂ ‘ਤੇ ਕੀਤੇ ਜਬਰ ਦੀ ਸਖ਼ਤ ਨਿਖੇਧੀ

ਪੰਜਾਬੀ ਖਬਰਸਾਰ ਬਿਉਰੋ1
ਬਾਘਾਪੁਰਾਣਾ, 26ਜੂਨ :ਟੈਕਨੀਕਲ ਸਰਵਿਸਜ ਯੂਨੀਅਨ (ਭੰਗਲ) ਵੱਲੋਂ ਛੇ ਮਾਰਗੀ ਸੜਕਾਂ ਲਈ ਜ਼ਮੀਨਾਂ ਧੱਕੇ ਨਾਲ ਖੋਹਣ ਦਾ ਜਨਤਕ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਵਹਿਸ਼ੀ ਹੱਲਾ ਬੋਲ ਕੇ ਸੰਗਤ ਕੈਂਚੀਆਂ (ਬਠਿੰਡਾ) ਵਿਖੇ ਇੱਕ ਕਿਸਾਨ ਦਾ ਚੂਲਾ ਹਿਲਾਉਣ ਅਤੇ ਇੱਕ ਹੋਰ ਨੂੰ ਜ਼ਖ਼ਮੀ ਕਰਨ ਤੋਂ ਇਲਾਵਾ ਪਿੰਡ ਕਾਲਖ (ਲੁਧਿਆਣਾ) ਵਿਖੇ ਤਿੰਨ ਔਰਤਾਂ ਸਮੇਤ ਦਰਜਨ ਤੋਂ ਵੱਧ ਕਿਸਾਨਾਂ ਨੂੰ ਥਾਣੇ ਅੰਦਰ ਡੱਕਣ ਦੀ ਸਖ਼ਤ ਨਿੰਦਾ ਕੀਤੀ ਗਈ ਹੈ। ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਰਛਪਾਲ ਸਿੰਘ ਡੇਮਰੂ ਅਤੇ ਸਰਕਲ ਸਕੱਤਰ ਤੀਰਥ ਸਿੰਘ ਬੱਧਨੀ, ਸਰਕਲ ਪ੍ਰਧਾਨ ਸਵਰਨ ਸਿੰਘ, ਸਰਕਲ ਦੇ ਸਹਾਇਕ ਸਕੱਤਰ ਕਮਲੇਸ਼ ਕੁਮਾਰ, ਵੱਲੋਂ ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈੱਸ ਬਿਆਨ ਰਾਹੀਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਦੇਸ਼ ਦੇ ਕਾਨੂੰਨ ਅਨੁਸਾਰ ਕਿਸਾਨਾਂ ਦੀ ਸਹਿਮਤੀ ਨਾਲ ਜ਼ਮੀਨਾਂ ਦੇ ਪੂਰੇ ਰੇਟ ਦੇਣ ਤੋਂ ਬਗ਼ੈਰ ਹੀ ਜ਼ਮੀਨਾਂ ਹਥਿਆਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਤੇ ਪੁਲੀਸ ਜਬਰ ਕਰ ਰਹੀ ਪੰਜਾਬ ਦੀ ਮਾਨ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਆਗੂਆਂ ਨੇ ਮੰਗ ਕੀਤੀ ਹੈ ਕਿ ਜ਼ਖ਼ਮੀ ਕਿਸਾਨਾਂ ਦਾ ਪੂਰਾ ਇਲਾਜ ਮੁਫ਼ਤ ਕਰਵਾਇਆ ਜਾਵੇ ਅਤੇ ਥਾਣੇ ਅੰਦਰ ਡੱਕੇ ਕਿਸਾਨ ਤੁਰੰਤ ਰਿਹਾਅ ਕੀਤੇ ਜਾਣ। ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸੜਕਾਂ ਬਣਾਉਣ ਦੇ ਠੇਕੇਦਾਰ ਕਾਰਪੋਰੇਟ ਘਰਾਣਿਆਂ ਦਾ ਇੱਕਤਰਫਾ ਪੱਖ ਲੈਣ ਦੇ ਜੁਰਮ ਦੀ ਭਾਗੀਦਾਰ ਬਣ ਰਹੀ ਹੈ। ਅਤੇ ਪੰਜਾਬ ਅੰਦਰ ਰਾਜ ਕਰ ਚੁੱਕੀਆਂ ਪਹਿਲੀਆਂ ਸਰਕਾਰਾਂ ਦੇ ਵਾਂਗ ਹੀ ਮਾਨ ਸਰਕਾਰ ਤੁਰ ਰਹੀ ਹੈ ਜਿਸ ਨੂੰ ਪੰਜਾਬ ਦੇ ਲੋਕ ਕਦੋਂ ਵੀ ਬਰਦਾਸ਼ਤ ਨਹੀਂ ਕਰਨਗੇ। ਪ੍ਰੈੱਸ ਨੂੰ ਇਹ ਜਾਣਕਾਰੀ ਸਰਕਲ ਦੇ ਮੀਤ ਪ੍ਰਧਾਨ ਜੋਗਿੰਦਰ ਸਿੰਘ ਰਾਵਤ ਨੇ ਦਿੱਤੀ।

ਬਠਿੰਡਾ ‘ ਚ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਆਯੋਜਿਤ

0

ਨਸ਼ਿਆਂ ਦੇ ਖਾਤਮੇ ਲਈ ਸਭ ਨੂੰ ਰਲ ਕੇ ਹੰਭਲਾ ਮਾਰਨ ਦੀ ਲੋੜ : ਡਿਪਟੀ ਕਮਿਸ਼ਨਰ
ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਸਮਝਣਾ ਤੇ ਅੱਗੇ ਸਮਾਜ ਨੂੰ ਜਾਗਰੂਕ ਕਰਨ ਜ਼ਰੂਰੀ : ਐਸ.ਐਸ.ਪੀ
ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਚਾਨਣਾ ਪਾਉਣ ਹਿੱਤ ਪ੍ਰਚਾਰ ਵੈਨ ਕੀਤੀ ਰਵਾਨਾ
ਸੁਖਜਿੰਦਰ ਮਾਨ
ਤਲਵੰਡੀ ਸਾਬੋ (ਬਠਿੰਡਾ), 26 ਜੂਨ : ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸਾਨੂੰ ਸਭ ਨੂੰ ਰਲ ਮਿਲ ਕੇ ਹੰਭਲਾ ਮਾਰਨ ਦੀ ਸਖ਼ਤ ਜ਼ਰੂਰਤ ਹੈ ਅਤੇ ਇਹ ਵੀ ਸਮਝਣਾ ਤੇ ਸਮਝਾਉਣਾ ਜ਼ਰੂਰੀ ਹੈ ਕਿ ਨਸ਼ੇ ਬਹੁਤ ਹੀ ਮਾੜੀ ਤੇ ਬੁਰੀ ਚੀਜ਼ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਆਡੀਟੋਰੀਅਮ ਵਿੱਚ ਮਨਾਏ ਗਏ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕੀਤਾ।
ਜ਼ਿਲ੍ਹਾ ਪੱਧਰੀ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਮਾਪਿਆਂ, ਅਧਿਆਪਕਾਂ, ਸਕੂਲਾਂ, ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਨੂੰ ਇਕੱਠੇ ਹੋ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਗਈ ਇਸ ਮੁਹਿੰਮ ਵਿੱਚ ਸਮੂਹ ਵਿਭਾਗਾਂ ਨੂੰ ਸਾਂਝੇ ਤੌਰ ਤੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਦੀ ਵੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਜ਼ਿਲ੍ਹਾ ਪੁਲਿਸ ਸ੍ਰੀ ਜੇ.ਇਲਨਚੇਲੀਅਨ ਨੇ ਪੁਲਿਸ ਵਿਭਾਗ ਵੱਲੋਂ ਨਸ਼ਿਆਂ ਖਿਲਾਫ਼ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡਾਂ, ਸ਼ਹਿਰਾਂ ਆਦਿ ਵਿਖੇ ਨਸ਼ਿਆਂ ਖਿਲਾਫ਼ ਕੈਂਪ ਲਗਾਕੇ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਨਸ਼ਿਆਂ ਦੀ ਲਤ ਤੋਂ ਦੂਰ ਹੋ ਕੇ ਇੱਕ ਸਿਹਤਮੰਦ ਪੰਜਾਬ ਉਸਰ ਸਕੇ। ਉਨ੍ਹਾਂ ਲੋਕਾਂ ਨੂੰ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਵਿੱਚ ਸਾਰਿਆਂ ਨੂੰ ਰਲ ਮਿਲਕੇ ਸਾਥ ਦੇਣ ਦੀ ਵੀ ਅਪੀਲ ਕੀਤੀ।
ਸਮਾਗਮ ਮੌਕੇ ਸਮਾਜਸੇਵੀ ਜਥੇਬੰਦੀਆਂ ਵੱਲੋਂ ਸ. ਜਸਕਰਨ ਸਿੰਘ ਸਿਵੀਆਂ ਅਤੇ ਖਾਲਸਾ ਏਡ ਤੇ ਸ਼ਹੀਦ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਆਗੂ ਰੁਪਿੰਦਰਜੀਤ ਸਿੰਘ ਵੱਲੋਂ ਵੀ ਨਸ਼ੇ ਖਿਲਾਫ਼ ਵਿੱਢੀ ਮੁਹਿੰਮ ਤਹਿਤ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਸੂਬਾ ਸਰਕਾਰ, ਜ਼ਿਲ੍ਹਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਦੇ ਯਤਨਾਂ ਸਦਕਾ ਨਸ਼ਿਆਂ ਦੇ ਕਾਲੇ ਦੌਰ ਵਿੱਚੋਂ ਬਾਹਰ ਨਿਕਲ ਕੇ ਖੁਸ਼ਹਾਲ ਜ਼ਿੰਦਗੀ ਜੀਅ ਰਹਿ ਬਹਿਮਣ ਦੀਵਾਨਾ ਦੇ ਨੌਜਵਾਨ ਹਰਜਿੰਦਰ ਸਿੰਘ ਅਤੇ ਵਰਿੰਦਰ ਸਿੰਘ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਗਰੇਜ ਕਰਨ ਦੀ ਅਪੀਲ ਕੀਤੀ ਗਈ । ਇਸ ਦੌਰਾਨ ਡੀ-ਅਡਿਕਸ਼ਨ ਸੈਂਟਰ ਦੇ ਜ਼ਿਲ੍ਹਾ ਮੈਨੇਜ਼ਰ ਸ਼੍ਰੀ ਰੂਪ ਸਿੰਘ ਮਾਨ ਵੱਲੋਂ ਵੀ ਨਸ਼ਿਆਂ ਤੋਂ ਮੁਕਤੀ ਪਾਉਣ ਲਈ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਸਿੱਖਿਆ ਵਿਭਾਗ ਵੱਲੋਂ ਮੈਡਮ ਤ੍ਰਿਪਤੀ ਸੇਠੀ ਨੇ ਪ੍ਰਭਾਵਸ਼ਾਲੀ ਭਾਸ਼ਨ, ਅਧਿਆਪਕ ਨਿਰਮਲ ਸਿੰਘ ਨੇ ਨਸ਼ਿਆਂ ਦੇ ਖਿਲਾਫ਼ ਗੀਤ, ਹੋਣਹਾਰ ਵਿਦਿਆਰਥਣ ਹਰਲੀਨ ਕੌਰ ਨੇ ਕਵਿਤਾ ਅਤੇ ਵਿਦਿਆਰਥੀ ਗੁਰਪਿਆਰ ਸਿੰਘ ਨੇ ਗੀਤ ਗਾ ਕੇ ਨਸ਼ਿਆਂ ਦੇ ਦੁਰਪ੍ਰਭਾਵਾਂ ਤੋਂ ਬਚਣ ਦਾ ਸੁਨੇਹਾ ਦਿੱਤਾ।ਇਸ ਮੌਕੇ ਪੰਜਾਬ ਪੁਲਿਸ ਵੱਲੋਂ ਏ.ਐਸ.ਆਈ. ਕ੍ਰਿਸ਼ਨ ਕੁਮਾਰ ਨੇ ਵਿਭਾਗ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ਵਿੱਚ ਪਾਏ ਜਾ ਰਹੇ ਯੋਗਦਾਨ ਸਬੰਧੀ ਆਪਣੇ ਵਿਚਾਰ ਰੱਖੇ।
ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਰਾਮਾ ਵਿਭਾਗ ਦੇ ਕਲਾਕਾਰਾਂ ਅਵਤਾਰ ਸਿੰਘ, ਇਕਬਾਲ ਚੜਿੱਕ ਅਤੇ ਗੁਰਤੇਜ ਸਫ਼ਰ ਵੱਲੋਂ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਦੇ ਸਮਾਜ ਤੇ ਪੈਣ ਵਾਲੇ ਅਸਰ ਨੂੰ ਦਰਸਾਉਂਦਾ ਹੋਇਆ ”ਸੁਲਘਦੀ ਧਰਤੀ ” ਨਾਮੀ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ।ਅੰਤ ਵਿੱਚ ਸਮਾਗਮ ਵਿੱਚ ਭਾਗ ਲੈਣ ਵਾਲੇ ਬੁਲਾਰਿਆਂ, ਕਲਾਕਾਰਾਂ, ਵਿਦਿਆਰਥੀਆਂ ਆਦਿ ਨੂੰ ਦੇਸ਼ ਭਗਤੀ ਨਾਲ ਸਬੰਧਤ ਪੁਸਤਕਾਂ ਅਤੇ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਹੁਲ, ਉਪ ਮੰਡਲ ਮੈਜਿਸਟ੍ਰੇਟ ਸ੍ਰੀ ਆਕਾਸ਼ ਬਾਂਸਲ, ਉਪ ਮੰਡਲ ਮੈਜਿਸਟ੍ਰੇਟ ਮੌੜ ਸ੍ਰੀ ਵਰਿੰਦਰ ਸਿੰਘ, ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਸ੍ਰੀ ਓਮ ਪ੍ਰਕਾਸ਼, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਨਵੀਨ ਗਡਵਾਲ, ਡੀ.ਐਸ.ਪੀ. ਤਲਵੰਡੀ ਸਾਬੋ ਸ੍ਰੀ ਜਸਮੀਤ ਸਿੰਘ, ਜ਼ਿਲ੍ਹਾ ਮੈਡੀਕਲ ਕਮਿਸ਼ਨਰ ਡਾ. ਰਮਨ ਸਿੰਗਲਾ, ਐਸ.ਐਮ.ਓ. ਤਲਵੰਡੀ ਸਾਬੋ ਡਾ. ਦਰਸ਼ਨ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੇਵਾ ਸਿੰਘ, ਜ਼ਿਲ੍ਹਾ ਭਲਾਈ ਅਫ਼ਸਰ ਸ੍ਰੀ ਵਰਿੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਭੁਪਿੰਦਰ ਕੌਰ ਸਮੇਤ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।

ਬਿਨਾਂ ਮੁਆਵਜ਼ਾ ਦਿੱਤੇ ਧੱਕੇ ਨਾਲ ਚੌੜੀ ਕਰਨ ਵਿਰੁੱਧ ਕਿਸਾਨਾਂ ਵੱਲੋਂ ਡੱਬਵਾਲੀ ਸੜਕ ਜਾਮ

ਬਠਿੰਡਾ ਸ਼ਹਿਰ ਵਿੱਚ ਕੀਤਾ ਰੋਸ ਮਾਰਚ
ਸੁਖਜਿੰਦਰ ਮਾਨ
ਬਠਿੰਡਾ, 26 ਜੂਨ: ਬਠਿੰਡਾ ਡੱਬਵਾਲੀ ਸੜਕ ਨੂੰ ਭਾਰਤ ਮਾਲਾ ਦੇ ਨਾਮ ਹੇਠ ਕਿਸਾਨਾਂ ਨੂੰ ਬਿਨਾਂ ਮੁਆਵਜ਼ਾ ਦਿੱਤੇ ਧੱਕੇ ਨਾਲ ਚੌੜੀ ਕਰਨ ਵਿਰੁੱਧ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ ਤੇ ਪੁਲਿਸ ਵਲੋਂ ਲਾਠੀਚਾਰਜ ਕਰਨ ਦੇ ਵਿਰੋਧ ਵਿਚ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਵਿਚ ਅੱਜ ਵੱਡੀ ਪੱਧਰ ਤੇ ਕਿਸਾਨ ਸਮੇਤ ਔਰਤਾਂ ਇਕੱਠੇ ਹੋ ਗਏ ਤੇ ਡੱਬਵਾਲੀ ਸੜਕ ਤੇ ਪਿੰਡ ਗੁਰੂਸਰ ਸੈਣੇਵਾਲਾ ਕੋਲ ਸੜਕ ਜਾਮ ਕਰ ਦਿੱਤੀ ਅਤੇ ਬਾਅਦ ਦੁਪਹਿਰ 3-30 ਵਜੇ ਚਲਕੇ ਬਠਿੰਡਾ ਸ਼ਹਿਰ ਵਿੱਚ ਰੋਸ ਮਾਰਚ ਕਰਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਐਲਾਨ ਕੀਤਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਤੇ ਧੱਕੇ ਨਾਲ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ ਭਾਵੇਂ ਇਸ ਲਈ ਕਿੰਨੀਆਂ ਹੀ ਕੁਰਬਾਨੀਆਂ ਦੇਣੀਆਂ ਪੈਣ ।
ਧਰਨੇ ਦੌਰਾਨ ਸੰਬੋਧਨ ਕਰਦਿਆਂ ਸੂਬਾ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ,ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਜ਼ਿਲ੍ਹਾ ਮੁਕਤਸਰ ਦੇ ਜ਼ਿਲ੍ਹਾ ਆਗੂ ਗੁਰਭਗਤ ਸਿੰਘ ਭਲਾਈਆਣਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਸਾਮਰਾਜੀ ਤੇ ਸਰਮਾਏਦਾਰ ਕੰਪਨੀਆਂ ਦੇ ਹਿੱਤਾਂ ਵਿੱਚ ਭੁਗਤਦਿਆਂ ਕਿਸਾਨਾਂ ਦੀਆਂ ਜ਼ਮੀਨਾਂ ਦਾ ਉਜਾੜਾ ਕਰ ਰਹੀਆਂ ਹਨ । ਉਨ੍ਹਾਂ ਕਿਹਾ ਕਿ ਕੰਪਨੀਆਂ ਦੇ ਮੁਨਾਫ਼ਿਆਂ ਵਿੱਚ ਵਾਧਾ ਕਰਨ ਲਈ ਉਨ੍ਹਾਂ ਦਾ ਮਾਲ ਦੀ ਢੋਆ ਢੁਆਈ ਲਈ ਕਿਸਾਨਾਂ ਨੂੰ ਜ਼ਮੀਨਾਂ ਤੋਂ ਉਜਾੜ ਕੇ ਧੱਕੇ ਨਾਲ ਚੌੜੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਮੁਆਵਜ਼ਾ ਵੀ ਬਿਲਕੁਲ ਨਿਗੂਣਾ ਦਿੱਤਾ ਜਾ ਰਿਹਾ ਹੈ ਇਨ੍ਹਾਂ ਚੌੜੀਆਂ ਸੜਕਾਂ ਦੇ ਦੋਵੇਂ ਪਾਸੇ ਵਾਲੇ ਕਿਸਾਨਾਂ ਨੂੰ ਖੇਤਾਂ ਚ ਪਾਣੀ ਲਾਉਣ ਅਤੇ ਖੇਤੀ ਕਰਨ ਲਈ ਰਾਹ ਪਹੀਆਂ ਬੰਦ ਕੀਤੀਆਂ ਜਾ ਰਹੀਆਂ ਹਨ ਜਿਸ ਕਾਰਨ ਕਿਸਾਨਾਂ ਨੂੰ ਸੜਕਾਂ ਦੇ ਇਕ ਤੋਂ ਦੂਜੇ ਪਾਸੇ ਖੇਤਾਂ ਚ ਜਾਣ ਲਈ ਲੰਮਾ ਸਫ਼ਰ ਤੈਅ ਕਰਨਾ ਪਵੇਗਾ। ਇਸੇ ਤਰ੍ਹਾਂ ਹੀ ਦਿੱਲੀ ਕਟੜਾ ਸੜਕ ਚੌੜੀ ਸੜਕ ਲਈ ਕੱਲ ਲੁਧਿਆਣਾ ਜ਼ਿਲ੍ਹੇ ਚ ਵੀ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ ।
ਕਿਸਾਨ ਆਗੂਆਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਰਾਮਾਂ ਮੰਡੀ ਦੇ ਨੇੜੇ 2010 ਵਿੱਚ ਪੈਟਰੋਕੈਮੀਕਲਜ਼ ਦੇ ਨਾਂ ਹੇਠ ਪਲਾਨ ਕੀਤਾ ਗਿਆ ਸੀ ਕਿ 41 ਪਿੰਡਾਂ ਦੀ 1,37,500 ਏਕੜ ਜ਼ਮੀਨ ਵਿੱਚ ਪੈਟਰੋ ਕੈਮੀਕਲ ਤੇ ਹੋਰ ਵੱਖ ਵੱਖ ਤਰ੍ਹਾਂ ਦੀਆਂ ਫੈਕਟਰੀਆਂ ਲਾਈਆਂ ਜਾਣਗੀਆਂ ਜਿਹਨਾਂ ਵਿੱਚ ਕਾਰਪੋਰੇਟ ਕੰਪਨੀਆਂ ਦਾ ਮਾਲ ਦੀ ਢੋਆ ਢੁਆਈ ਲਈ ਇਹ ਸੜਕ ਬਣਾਈ ਜਾ ਰਹੀ ਹੈ ਇਸ ਲਈ ਇਹ ਮਸਲਾ 12-15ਪਿੰਡਾ ਦਾ ਨਾ ਹੋਕੇ ਪੂਰੇ ਕਿਰਤੀ ਲੋਕਾਂ ਦਾ ਹੈ।
ਔਰਤ ਆਗੂ ਕਰਮਜੀਤ ਕੌਰ ਲਹਿਰਾਖਾਨਾ ਨੇ ਕਿਹਾ ਕਿ ਧੱਕੇ ਨਾਲ ਜ਼ਮੀਨਾਂ ਰੋਕਣ ਵਿਰੁੱਧ ਔਰਤਾਂ ਦੀ ਵੱਡੀ ਪੱਧਰ ਤੇ ਸ਼ਮੂਲੀਅਤ ਕਰਵਾਈ ਜਾਵੇ । ਉਨ੍ਹਾਂ ਕਿਹਾ ਕਿ ਮਰਦਾਂ ਦੇ ਝੋਨੇ ਦਾ ਸੀਜ਼ਨ ਕਾਰਨ ਖੇਤਾਂ ਵਿੱਚ ਉਲਝੇ ਹੋਣ ਕਾਰਨ ਸੰਘਰਸ਼ ਵਿੱਚ ਔਰਤਾਂ ਬਰਾਬਰ ਦਾ ਯੋਗਦਾਨ ਪਾਉਣਗੀਆਂ । ਉਨ੍ਹਾਂ ਔਰਤਾਂ ਨੂੰ ਅਪੀਲ ਵੀ ਕੀਤੀ ਕਿ ਉਹ ਜ਼ਮੀਨਾਂ ਅਤੇ ਬਚਿਆਂ ਦਾ ਭਵਿੱਖ ਬਚਾਉਣ ਲਈ ਵੱਧ ਤੋਂ ਵੱਧ ਸੰਘਰਸ਼ ਵਿਚ ਆਉਣ।
ਉਪਰੋਕਤ ਬੁਲਾਰਿਆਂ ਤੋਂ ਇਲਾਵਾ ਬਠਿੰਡਾ ਜਿਲ੍ਹੇ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਮਾਨਸਾ ਜ਼ਿਲੇ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ ਅਤੇ ਮੁਕਤਸਰ ਜ਼ਿਲ੍ਹੇ ਦੇ ਆਗੂ ਹਰਬੰਸ ਸਿੰਘ ਕੋਟਲੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਇਸ ਹਮਲੇ ਨੂੰ ਰੋਕਣ ਲਈ ਤੱਤਪਰ ਤਿਆਰ ਰਹਿਣ । ਆਗੂਆਂ ਨੇ ਲਾਠੀਚਾਰਜ ਦੌਰਾਨ ਜਿਸ ਕਿਸਾਨ ਦਾ ਚੂਲਾ ਤੋੜ ਦਿੱਤਾ ਸੀ ਉਸ ਦਾ ਸਾਰਾ ਇਲਾਜ ਹੱਡੀਆਂ ਦੇ ਮਾਹਰ ਡਾਕਟਰ ਤੋਂ ਸਰਕਾਰੀ ਖਰਚੇ ਤੇ ਕਰਾਉਣ ਦੀ ਮੰਗ ਕੀਤੀ ।

ਆਰ.ਐਮ.ਪੀ.ਆਈ.ਵੱਲੋਂ ਮੋਦੀ ਸਰਕਾਰ ਦੀਆਂ ਲੋਕ ਮਾਰੂ-ਦੇਸ਼ ਵਿਰੋਧੀ ਨੀਤੀਆਂ ਖਿਲਾਫ਼ ਰੋਸ ਰੈਲੀ ਅਤੇ ਮੁਜ਼ਾਹਰਾ

0

ਪੰਜਾਬੀ ਖਬਰਸਾਰ ਬਿਉਰੋ
ਸੰਗਤ ਮੰਡੀ ; 26 ਜੂਨ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਸੱਦੇ ‘ਤੇ ਪੁੱਜੇ ਕਿਰਤੀ-ਕਿਸਾਨਾਂ ਅਤੇ ਔਰਤਾਂ ਵੱਲੋਂ ਅੱਜ ਇੱਥੇ ਮੋਦੀ ਸਰਕਾਰ ਦੀਆਂ ਲੋਕ ਮਾਰੂ-ਦੇਸ਼ ਵਿਰੋਧੀ ਨੀਤੀਆਂ ਅਤੇ ਆਰ ਐਸ ਐਸ ਦੇ ਫਿਰਕੂ-ਫਾਸਿਸਟ, ਵੱਖਵਾਦੀ ਏਜੰਡੇ ਖਿਲਾਫ਼ ਮਿੱਠੂ ਸਿੰਘ ਘੁੱਦਾ, ਦਰਸ਼ਨ ਸਿੰਘ ਫੁੱਲੋ ਮਿੱਠੀ, ਗੁਰਪ੍ਰੀਤ ਸਿੰਘ ਬੱਬਾ ਅਤੇ ਗੁਰਮੀਤ ਸਿੰਘ ਜੈ ਸਿੰਘ ਵਾਲਾ ਦੀ ਅਗਵਾਈ ਵਿੱਚ ਰੋਸ ਰੈਲੀ ਅਤੇ ਮੁਜ਼ਾਹਰਾ ਕੀਤਾ ਗਿਆ।ਜਿਕਰਯੋਗ ਹੈ ਕਿ ਅੱਜ ਦੇ ਦਿਨ ਸੰਨ 1975 ਵਿੱਚ ਵੇਲੇ ਦੇ ਇੰਦਰਾ ਗਾਂਧੀ ਸਰਕਾਰ ਵੱਲੋਂ ਥੋਪੀ ਗਈ ਐਮਰਜੈਂਸੀ ਦੌਰਾਨ ਲੋਕਾਈ ‘ਤੇ ਢਾਹੇ ਗਏ ਜ਼ੁਲਮਾਂ ਨੂੰ ਯਾਦ ਕਰਦਿਆਂ, ਮੋਦੀ ਵੱਲੋਂ ਥੋਪੀ ਗਈ ਅਣ ਐਲਾਨੀ ਐਮਰਜੈਂਸੀ ਖਿਲਾਫ਼ ਜਨ ਸੰਘਰਸ਼ ਵਿੱਢਣ ਦਾ ਸੱਦਾ ਦੇਣ ਲਈ ਫਰੰਟ ਦੇ ਸੱਦੇ ਤਹਿਤ ਅੱਜ ਉਕਤ ਤਰਜ਼ ਦੇ ਰੋਸ ਵਿਖਾਵੇ ਪੰਜਾਬ ਭਰ ‘ਚ ਕੀਤੇ ਜਾ ਰਹੇ ਹਨ।ਬੀਤੇ ਕਲ੍ਹ ਡੱਬਵਾਲੀ ਰੋਡ ‘ਤੇ ਹੋਏ ਕਿਸਾਨ ਮੁਜ਼ਾਹਰੇ ਵਿੱਚ ਜਖ਼ਮੀ ਹੋਏ ਪਿੰਡ ਜੈ ਸਿੰਘ ਵਾਲਾ ਦੇ ਕਿਸਾਨ ਪੂਰਨ ਸਿੰਘ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਗਈ।

ਆਪ ਨੇ ਕਿਹਾ, “ਅਸੀਂ ਸਿਰ ਝੁਕਾ ਕੇ ਲੋਕਾਂ ਦੇ ਫਤਵੇ ਨੂੰ ਮੰਨਦੇ ਹਾਂ ਅਤੇ ਇਸਦਾ ਸਤਿਕਾਰ ਕਰਦੇ ਹਾਂ।”

0

ਬਹੁਤ ਸਖ਼ਤ ਮੁਕਾਬਲੇ ਵਿੱਚ ਹੋਈ ਸਾਡੀ ਹਾਰ, ਪਰ ਕਾਂਗਰਸ-ਅਕਾਲੀ-ਭਾਜਪਾ ਦੀ ਤਾਂ ਜ਼ਮਾਨਤ ਹੀ ਜ਼ਬਤ ਹੋ ਗਈ: ਮਲਵਿੰਦਰ ਕੰਗ
ਆਪ ਸਰਕਾਰ ਨੇ ਕੰਮ ਹਲੇ ਸ਼ੁਰੂ ਹੀ ਕੀਤਾ ਹੈ, ਆਉਣ ਵਾਲੇ ਦਿਨਾਂ ‘ਚ ਲੋਕਾਂ ‘ਤੇ ਦੇਖਣ ਨੂੰ ਮਿਲੇਗਾ ਕੰਮ ਦਾ ਅਸਰ: ਮਾਲਵਿੰਦਰ ਕੰਗ
‘ਆਪ’ ਹਾਰ ਤੋਂ ਡਰਨ ਵਾਲੀ ਪਾਰਟੀ ਨਹੀਂ, ਅਸੀਂ ਪਿਛਲੇ ਸਮੇਂ ‘ਚ ਬਹੁਤ ਸਾਰੀਆਂ ਹਾਰਾਂ-ਜਿੱਤਾਂ ਦੇਖੀਆਂ ਹਨ: ਮਲਵਿੰਦਰ ਕੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 26 ਜੂਨ: ਸੰਗਰੂਰ ਉਪ ਚੋਣ ਦੇ ਨਤੀਜੇ ‘ਤੇ ਆਮ ਆਦਮੀ ਪਾਰਟੀ (ਆਪ) ਨੇ ਕਿਹਾ, “ਅਸੀਂ ਸਿਰ ਝੁਕਾ ਕੇ ਲੋਕਾਂ ਦੇ ਫਤਵੇ ਨੂੰ ਮੰਨਦੇ ਹਾਂ ਅਤੇ ਇਸਦਾ ਸਤਿਕਾਰ ਕਰਦੇ ਹਾਂ।” ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਕਿਹਾ ਕਿ ‘ਆਪ’ ਉਮੀਦਵਾਰ ਗੁਰਮੇਲ ਸਿੰਘ ਇੱਕ ਬਹੁਤ ਹੀ ਸਖ਼ਤ ਮੁਕਾਬਲੇ ਵਿੱਚ ਹਾਰ ਗਏ।ਕੰਗ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਸਿਰਫ਼ 2% ਘਟਿਆ ਹੈ। ਜਦਕਿ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੀਆਂ ਜਮਾਨਤਾਂ ਜ਼ਬਤ ਹੋ ਗਈਆਂ।
ਇਸ ਵਾਰ ਆਮ ਆਦਮੀ ਪਾਰਟੀ ਨੂੰ 34.65 ਫੀਸਦੀ ਵੋਟਾਂ ਮਿਲੀਆਂ ਹਨ, ਜਦਕਿ ਭਾਜਪਾ ਨੂੰ 9 ਫੀਸਦੀ, ਕਾਂਗਰਸ ਨੂੰ 11 ਅਤੇ ਅਕਾਲੀ ਨੂੰ 6 ਫੀਸਦੀ ਵੋਟਾਂ ਮਿਲੀਆਂ ਹਨ। 2019 ਲੋਕ ਸਭਾ ਵਿੱਚ ਕਾਂਗਰਸ ਦੀ ਵੋਟ ਪ੍ਰਤੀਸ਼ਤਤਾ 27% ਸੀ, ਜੋ ਇਸ ਚੋਣ ਵਿੱਚ ਘਟ ਕੇ ਸਿਰਫ 11% ਰਹਿ ਗਈ ਹੈ। 2019 ਵਿੱਚ ਅਕਾਲੀ ਦਲ ਨੂੰ 24% ਵੋਟਾਂ ਮਿਲੀਆਂ ਸਨ ਜੋ ਹੁਣ ਘਟ ਕੇ ਸਿਰਫ਼ 6% ਰਹਿ ਗਈਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੀ ਜਨਤਾ ਨੇ ਰਵਾਇਤੀ ਪਾਰਟੀਆਂ ਤੋਂ ਬਿਲਕੁਲ ਹੀ ਮੂੰਹ ਮੋੜ ਲਿਆ ਹੈ।
ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿੱਤ-ਹਾਰ ਤੋਂ ਘਬਰਾਉਣ ਵਾਲੀ ਪਾਰਟੀ ਨਹੀਂ ਹੈ। ਅਸੀਂ ਆਮ ਲੋਕਾਂ ‘ਚੋਂ ਹਾਂ ਅਤੇ ਲੋਕਾਂ ਵਿਚ ਰਹਾਂਗੇ। ਪਾਰਟੀ ਨੇ ਪਹਿਲਾਂ ਵੀ ਅਜਿਹੀਆਂ ਕਈ ਹਾਰਾਂ ਅਤੇ ਜਿੱਤਾਂ ਦੇਖੀਆਂ ਹਨ। 2014 ਦੀਆਂ ਲੋਕ ਸਭਾ ਚੋਣਾਂ ‘ਚ ਦਿੱਲੀ ਵਿੱਚ ਇੱਕ ਵੀ ਸੀਟ ਨਹੀਂ ਮਿਲੀ ਸੀ, ਪਰ ਪਾਰਟੀ ਨੇ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ 70 ਵਿੱਚੋਂ 67 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਨੇ ਸੰਗਰੂਰ ਦੇ ਰੂਪ ‘ਚ ਇੱਕੋ ਸੰਸਦ ਦੀ ਸੀਟ ਜਿੱਤੀ ਸੀ, ਪਰ 2020 ਵਿੱਚ ਮੁੜ ਦਿੱਲੀ ਵਿਧਾਨ ਸਭਾ ਚੋਣਾਂ ਅਤੇ 2022 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੇ ਇਤਿਹਾਸਿਕ ਅਤੇ ਭਾਰੀ ਬਹੁਮਤ ਨਾਲ ਸਰਕਾਰ ਬਣਾਈ।
ਕੰਗ ਨੇ ਕਿਹਾ ਕਿ ਪਾਰਟੀ ਸੰਗਰੂਰ ਉਪ ਚੋਣ ਦੇ ਨਤੀਜੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਅਸੀਂ ਇਸ ਦੀ ਸਮੀਖਿਆ ਕਰਾਂਗੇ ਅਤੇ ਇਸ ‘ਤੇ ਵਿਚਾਰ ਕਰਾਂਗੇ।‘ਆਪ’ ਆਗੂ ਨੇ ਜ਼ਿਮਨੀ ਚੋਣਾਂ ਵਿੱਚ ਘੱਟ ਵੋਟਿੰਗ ਨੂੰ ਹਾਰ ਦਾ ਵੱਡਾ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਝੋਨੇ ਦੀ ਬਿਜਾਈ ਅਤੇ ਅੱਤ ਦੀ ਗਰਮੀ ਕਾਰਨ ਲੱਖਾਂ ਲੋਕਾਂ ਨੇ ਵੋਟ ਨਹੀਂ ਪਾਈ। ਉਨ੍ਹਾਂ ਕਿਹਾ ਕਿ ਅਸੀਂ ਇਸ ਚੋਣ ਤੋਂ ਸਬਕ ਸਿੱਖਾਂਗੇ ਅਤੇ ਭਵਿੱਖ ਵਿੱਚ ਪੰਜਾਬ ਦੇ ਲੋਕਾਂ ਲਈ ਹੋਰ ਮਿਹਨਤ ਨਾਲ ਕੰਮ ਕਰਾਂਗੇ।

ਜੁਗਾੜੂ ਰੇਹੜੀ ਚਾਲਕਾਂ ਦੇ ਵਿਰੁਧ ਇਕਜੁਟ ਹੋਈ ਛੋਟੇ ਹਾਥੀ ਤੇ ਪਿੱਕਅੱਪ ਡਾਲਾ ਯੂਨੀਅਨ

0

ਜੁਗਾੜੂ ਵਾਹਨਾਂ ਨੂੰ ਬੰਦ ਕਰਵਾਉਣ ਲਈ ਬਣਾਈ ਸੂਬਾ ਪੱਧਰੀ ਜਥੇਬੰਦੀ
ਸੁਖਜਿੰਦਰ ਮਾਨ
ਬਠਿੰਡਾ, 25 ਜੂਨ: ਪਿਛਲੇ ਲੰਮੇ ਸਮੇਂ ਤੋਂ ਪੰਜਾਬ ’ਚ ਮੋਟਰਸਾਈਕਲ ਤੇ ਹੋਰ ਦੁਪਹਿਆ ਵਾਹਨਾਂ ਨੂੰ ਕੱਟ ਕੇ ਬਣਾਏ ਜੁਗਾੜੂ ਵਾਹਨਾਂ ਨੂੰ ਬੰਦ ਕਰਵਾਉਣ ਲਈ ਛੋਟਾ ਹਾਥੀ ਤੇ ਪਿੱਕਅੱਪ ਗੱਡੀਆਂ ਦੇ ਮਾਲਕਾਂ ਨੇ ਇਕਜੁਟ ਹੁੰਦਿਆਂ ਪੰਜਾਬ ਸਰਕਾਰ ਵਿਰੁਧ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਅੱਜ ਸੂਬੇ ਪੱਧਰ ਤੋਂ ਬਠਿੰਡਾ ਵਿਚ ਇਕੱਠੇ ਹੋਏ ਛੋਟੇ ਵਪਾਰਕ ਵਾਹਨਾਂ ਦੇ ਮਾਲਕਾਂ ਨੇ ਅਪਣੀ ਅਵਾਜ਼ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਉਠਾਉਣ ਲਈ ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟਰ ਯੂਨੀਅਨ ਪੰਜਾਬ ਦੇ ਗਠਨ ਦਾ ਵੀ ਐਲਾਨ ਕੀਤਾ ਗਿਆ। ਇਸ ਜਥੇਬੰਦੀ ਦੇ ਪ੍ਰਧਾਨ ਬਲਜੀਤ ਸਿੰਘ, ਬਠਿੰਡਾ ਦੇ ਜਿਲ੍ਹਾ ਪ੍ਰਧਾਨ ਭਜਨ ਸਿੰਘ, ਬੁਢਲਾਡਾ ਦੇ ਨਰਿੰਦਰ ਸਿੰਘ, ਫ਼ਾਜਲਿਕਾ ਦੇ ਜਗਰਾਜ ਸਿੰਘ ਆਦਿ ਨੇ ਸਥਾਨਕ ਪ੍ਰੈਸ ਕਲੱਬ ’ਚ ਸੰਬੋਧਨ ਕਰਦਿਆਂ ਸੂਬੇ ਦੀ ਆਪ ਸਰਕਾਰ ਨੂੰ 30 ਜੂਨ ਤੱਕ ਅਲਟੀਮੇਟਮ ਦਿੰਦਿਆਂ ਇੰਨ੍ਹਾਂ ਜੁਗਾੜੂ ਵਾਹਨਾਂ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ । ਉਨ੍ਹਾਂ ਸੰਬੋਧਨ ਕਰਦਿਆਂ ਇਹ ਕਿਹਾ ਕਿ ਪੰਜਾਬ ਅੰਦਰ ਜੁਗਾੜੂ ਵਾਹਨ ਰਿਕਸ਼ਾ ਰੇਹੜੀ ਅਤੇ ਪੀਟਰ ਰੇਹੜੇ ਚੱਲ ਰਹੇ ਹਨ ਜੋ ਸੜਕਾਂ ਤੇ ਹਾਦਸਿਆਂ ਨੂੰ ਸੱਦਾ ਦਿੰਦੇ ਹਨ।ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਇਨ੍ਹਾਂ ਨੂੰ ਬੰਦ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਜਿੰਨ੍ਹਾਂ ਨੂੰ ਲਾਗੂ ਕਰਨ ਲਈ ਪੰਜਾਬ ਪੁਲਿਸ ਨੇ ਮੁਹਿੰਮ ਵੀ ਵਿੱਢੀ ਸੀ ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ’ਤੇ ਇਹ ਮੁਹਿੰਮ ਬੰਦ ਕਰ ਦਿੱਤੀ ਗਈ ਹੈ, ਜਿਸਦੇ ਚੱਲਦੇ ਇਹ ਰਿਕਸ਼ਾ ਰੇਹੜੀ ਚਾਲਕ ਕੋਰਟ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਦੇ ਹੋਏ ਸ਼ਰ੍ਹੇਆਮ ਸੜਕਾਂ ’ਤੇ ਘੁੰਮ ਰਹੇ ਹਨ। ਇੰਨਾਂ ਆਗੂਆਂ ਨੇ ਕਿਹਾ ਕਿ ਉਹ ਕਰਜ਼ ਚੁੱਕ ਕੇ ਵਪਾਰਕ ਵਾਹਨ ਲੈਂਦੇ ਹਨ, ਜਿੰਨ੍ਹਾਂ ਦਾ ਹਰ ਤਿਮਾਹੀ ਟੈਕਸ ਭਰਨ ਤੋਂ ਇਲਾਵਾ ਪ੍ਰਦੂਸਣ ਸਰਟੀਫਿਕੇਟ ਤੇ ਬੀਮਾ ਆਦਿ ਵੀ ਕਰਵਾਉਂਦੇ ਹਨ ਪ੍ਰੰਤੂ ਇਹ ਜੁਗਾੜੂ ਵਾਹਨਾਂ ਤੋਂ ਪੰਜਾਬ ਸਰਕਾਰ ਨੂੰ ਇੱਕ ਰੁਪਏ ਦਾ ਟੈਕਸ ਵੀ ਨਹੀਂ ਆਉਂਦਾ ਹੈ। ਇਸ ਮੌਕੇ ਦਰਸ਼ਨ ਸਿੰਘ ਸੂਬਾ ਮੀਤ ਪ੍ਰਧਾਨ ਤੇ ਨਿਰਮਲ ਸਿੰਘ ਜਨਰਲ ਸਕੱਤਰ ਆਦਿ ਮੌਜੂਦ ਸਨ।

ਸੰਯੁਕਤ ਮੋਰਚੇ ਦੀ ਮਜ਼ਬੂਤੀ ਲਈ ਬਠਿੰਡਾ ’ਚ ਗੈਰ ਸਿਆਸੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ

ਸੁਖਜਿੰਦਰ ਮਾਨ
ਬਠਿੰਡਾ, 25 ਜੂਨ: ਸੰਯੁਕਤ ਕਿਸਾਨ ਮੋਰਚੇ ਦੀ ਮਜ਼ਬੂਤੀ ਲਈ ਅੱਜ ਪੰਜਾਬ ਹਰਿਆਣਾ ਰਾਜਸਥਾਨ ਦੀਆਂ ਗ਼ੈਰ ਸਿਆਸੀ ਕਿਸਾਨ ਜਥੇਬੰਦੀਆਂ ਦੀ ਇਕ ਵਿਸ਼ੇਸ਼ ਮੀਟਿੰਗ ਸਥਾਨਕ ਟੀਚਰ ਹੋਮ ਵਿਖੇ ਸੁਰਜੀਤ ਸਿੰਘ ਫੂਲ,ਮਨਿੰਦਰ ਸਿੰਘ ਮਾਨ ਰਾਜਸਥਾਨ ਅਤੇ ਚੌਧਰੀ ਯੋਗਿੰਦਰ ਨੈਨ ਹਰਿਆਣਾ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਗਨੀਪਥ ਯੋਜਨਾ ਦੇ ਵਿਰੁੱਧ ਕੀਤੇ ਗਏ ਪ੍ਰਦਰਸ਼ਨਾਂ ਦੀ ਸਮੀਖਿਆ ਕੀਤੀ ਗਈ ਅਤੇ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਬਿਹਤਰੀ ਲਈ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੀਆਂ ਜਥੇਬੰਦੀਆਂ ਨੇ 19 ਜੂਨ ਨੂੰ ਇਕ ਚਿਠੀ ਕੋਆਰਡੀਨੇਸ਼ਨ ਕਮੇਟੀ ਨੂੰ ਲਿਖੀ ਸੀ।ਜਿਸ ਦਾ ਕੋਈ ਜਵਾਬ ਨਾ ਮਿਲਣ ਉਪਰੰਤ ਅੱਜ ਫੇਰ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੀਆਂ ਗੈਰ ਸਿਆਸੀ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਵਿਚ ਦੁਬਾਰਾ ਇਕ ਚਿੱਠੀ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਕੋਆਰਡੀਨੇਸ਼ਨ ਕਮੇਟੀ ਨੂੰ ਲਿਖੀ ਗਈ। ਇਸਤੋਂ ਇਲਾਵਾ ਇਸ ਮੌਕੇ ਇਕ ਮਤਾ ਪਾਸ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਲਖੀਮਪੁਰ ਖੀਰੀ ਮਾਮਲੇ ਤੇ ਕੋਈ ਮਜਬੂਤ ਐਕਸ਼ਨ ਪ੍ਰੋਗਰਾਮ ਦਿੱਤਾ ਜਾਵੇਗਾ।ਇਸ ਲਈ ਐੱਸਕੇਐੱਮ ਭਾਰਤ ਦੀ ਮੀਟਿੰਗ ਵਿੱਚ ਜ਼ੋਰਦਾਰ ਢੰਗ ਨਾਲ ਏਜੰਡਾ ਰੱਖ ਕੇ ਦਬਾਅ ਬਣਾਇਆ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ 2 ਜੁਲਾਈ ਨੂੰ ਪੂਰੇ ਭਾਰਤ ਦੀਆਂ ਗ਼ੈਰ ਰਾਜਨੀਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਮਜਬੂਤੀ ਲਈ ਦਿੱਲੀ ਵਿਖੇ ਕੀਤੀ ਜਾਵੇਗੀ।

ਬਠਿੰਡਾ ਭਾਜਪਾ ਸ਼ਹਿਰੀ ਨੇ ਮਨਾਇਆ ਕਾਲਾ ਦਿਵਸ

0

ਸੁਖਜਿੰਦਰ ਮਾਨ
ਬਠਿੰਡਾ, 25 ਜੂਨ: ਭਾਜਪਾ ਵੱਲੋਂ 47 ਸਾਲ ਪਹਿਲਾਂ ਲਾਗੂ ਕੀਤੀ ਐਮਰਜੈਂਸੀ ਨੂੰ ਅੱਜ ਕਾਲੇ ਦਿਵਸ ਵਜੋਂ ਮਨਾਇਆ ਗਿਆ। ਭਾਜਪਾ ਜਿਲ੍ਹਾ ਬਠਿੰਡਾ (ਸਹਿਰੀ) ਜਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਦੀ ਅਗਵਾਈ ਹੇਠ ਕਾਲਾ ਦਿਵਸ ਮਨਾਉਣ ਦਾ ਵਿਸੇਸ ਪ੍ਰੋਗਰਾਮ ਕੀਤਾ ਗਿਆ। ਇਸ ਮੌਕੇ ਉਮੇਸ ਸਰਮਾ ਨੇ ਦੱਸਿਆ ਕਿ ਕਿਵੇਂ 1975 ਵਿੱਚ ਅੱਜ ਦੇ ਦਿਨ ਇੰਦਰਾ ਗਾਂਧੀ ਦੀ ਸਰਕਾਰ ਨੇ ਲੋਕਤੰਤਰ ਦਾ ਗਲਾ ਘੁੱਟਿਆ, ਕਿਸ ਤਰ੍ਹਾਂ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਅੱਤਿਆਚਾਰ ਅਤੇ ਜਬਰ ਕੀਤਾ ਗਿਆ ਅਤੇ ਕਾਂਗਰਸ ਸਰਕਾਰ ਨੇ ਐਮਰਜੈਂਸੀ ਦਾ ਐਲਾਨ ਕਰਕੇ ਸੰਵਿਧਾਨਕ ਨਾਗਰਿਕ ਅਧਿਕਾਰਾਂ ਨੂੰ ਮੁਅੱਤਲ ਕਰਕੇ ਲੱਖਾਂ ਲੋਕਾਂ ਨੂੰ ਇਸ ਵਿੱਚ ਪਾ ਦਿੱਤਾ। ਜੇਲ੍ਹ ਅਤੇ ਪੂਰੇ ਦੇਸ ਨੂੰ ਜੇਲ੍ਹ ਵਿੱਚ ਬਦਲ ਦਿੱਤਾ। ਲੋਕਤੰਤਰ ਦਾ ਕਤਲ ਹੋਇਆ। ਇਸ ਮੌਕੇ ਦੀਪਕ ਕਲੋਈ, ਪ੍ਰਦੀਪ ਕਲੋਈ, ਬਲਵੰਤ ਰਾਏ, ਜੱਗਾ ਸਿੰਘ ਪੁੱਲ੍ਹਾ, ਮੁਨੀਸ ਸਰਮਾ, ਰਾਜੇਸ ਬਾਂਸਲ, ਰਾਜੀਵ ਸਰਮਾ, ਦੀਪਕ ਆਹੂਜਾ, ਬਲਵੰਤ ਸਿੰਘ ਗਿੱਲ, ਮੋਹਨ ਵਰਮਾ, ਅਸੋਕ ਚੌਹਾਨ ਅਤੇ ਹੋਰ ਕਾਰਕੁਨ ਹਾਜ਼ਰ ਸਨ।

ਮੁੱਖ ਮੰਤਰੀ ਵੱਲੋਂ ਸੂਬੇ ਵਿਚ ਅਮਨ-ਕਾਨੂੰਨ ਦੀ ਦਿਸ਼ਾ ਵਿਚ ਵਿਆਪਕ ਸੁਧਾਰ ਲਿਆਉਣ ਦਾ ਐਲਾਨ

0

ਗੈਂਗਸਟਰਵਾਦ ਦੇ ਖਾਤਮੇ ਲਈ ਦਿ੍ਰੜ੍ਹ ਵਚਨਬੱਧਤਾ ਦੁਹਰਾਈ
ਸਰਕਾਰੀ ਸਕੂਲਾਂ ਨੂੰ ਆਲ੍ਹਾ ਦਰਜੇ ਦੇ ਸਕੂਲਾਂ ਵਿਚ ਤਬਦੀਲ ਕਰਨ ਦਾ ਸੰਕਲਪ
ਚੰਗੀ ਸਿਹਤ ਲਈ ‘ਤੰਦਰੁਸਤ ਮਨ ਤੇ ਤੰਦਰੁਸਤ ਵਿਚਾਰ’ ਦਾ ਦਿੱਤਾ ਨਾਅਰਾ
ਸੁਖਜਿੰਦਰ ਮਾਨ
ਚੰਡੀਗੜ੍ਹ, 25 ਜੂਨ: ਪੰਜਾਬ ਵਿੱਚੋਂ ਗੈਂਗਸਟਰਵਾਦ ਨੂੰ ਜੜ੍ਹੋਂ ਖਤਮ ਕਰਨ ਲਈ ਆਪਣੀ ਸਰਕਾਰ ਦੀ ਦਿ੍ਰੜ੍ਹ ਵਚਨਬੱਧਤਾ ਦੁਹਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਵਿਆਪਕ ਸੁਧਾਰ ਲਿਆਉਣ ਦਾ ਐਲਾਨ ਕੀਤਾ। ਵਿਧਾਨ ਸਭਾ ਵਿਚ ਅੱਜ ਰਾਜਪਾਲ ਦੇ ਭਾਸ਼ਣ ਉਤੇ ਬਹਿਸ ਨੂੰ ਸਮੇਟਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਨੱਥ ਪਾਉਣਾ ਸੂਬਾ ਸਰਕਾਰ ਦਾ ਫਰਜ਼ ਬਣਦਾ ਹੈ। ਇਸ ਦਿਸ਼ਾ ਵਿਚ ਅਮਨ ਕਾਨੂੰਨ ਨਾਲ ਸਬੰਧਤ ਵਿਆਪਕ ਪੱਧਰ ਉਤੇ ਸੁਧਾਰ ਲਿਆਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਛੇਤੀ ਹੀ ਵਿਟਨੈੱਸ ਪ੍ਰੋਟੈਕਸ਼ਨ ਬਿੱਲ (ਗਵਾਹ ਸੁਰੱਖਿਆ ਬਿੱਲ) ਲਿਆਏਗੀ ਅਤੇ ਜੇਲ੍ਹਾਂ ਨੂੰ ਅਤਿ ਸੁਰੱਖਿਅਤ ਜੇਲ੍ਹਾਂ ਵਜੋਂ ਅੱਪਗ੍ਰੇਡ ਕਰੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਮੰਤਵ ਲਈ ਪਹਿਲਾਂ ਹੀ ਏ.ਡੀ.ਜੀ.ਪੀ. ਰੈਂਕ ਦੇ ਅਫਸਰ ਦੀ ਅਗਵਾਈ ਹੇਠ ਗੈਂਗਸਟਰ ਵਿਰੋਧੀ ਟਾਸਕ ਫੋਰਸ ਦਾ ਗਠਨ ਕੀਤਾ ਹੈ। ਇਸ ਟਾਸਕ ਫੋਰਸ ਨੂੰ ਬਿਨਾਂ ਕਿਸੇ ਡਰ ਅਤੇ ਭੇਦਭਾਵ ਦੇ ਗੈਂਗਸਟਰਾਂ ਨਾਲ ਕਿਸੇ ਤਰ੍ਹਾਂ ਦਾ ਲਿਹਾਜ਼ ਨਾ ਵਰਤਣ ਦੇ ਸਖਤ ਹੁਕਮ ਦਿੱਤੇ ਗਏ ਹਨ। ਇਸ ਫੋਰਸ ਨੂੰ ਆਧੁਨਿਕ ਸਹੂਲਤਾਂ ਅਤੇ ਸਾਧਨ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਰੋਕਣ ਲਈ ਐਸ.ਟੀ.ਐਫ. ਨੇ ਤਕਨੀਕੀ ਸਹਿਯੋਗ ਵਾਸਤੇ ਜ਼ਿਲ੍ਹਾ ਪੁਲੀਸ, ਖੁਫੀਆ ਵਿੰਗ, ਬੀ.ਐਸ.ਐਫ., ਐਨ.ਸੀ.ਬੀ ਅਤੇ ਹੋਰ ਏਜੰਸੀਆਂ ਨਾਲ ਤਾਲਮੇਲ ਕਰਕੇ ਵੱਡੀ ਕਾਰਵਾਈ ਵਿੱਢੀ ਹੈ।
ਆਪਣੀ ਸਰਕਾਰ ਦੀਆਂ ਵੱਖ-ਵੱਖ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਅਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਕੰਮਾਂ ਦਾ ਖਾਕਾ ਪੇਸ਼ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਇਸ ਸੁਪਨੇ ਨੂੰ ਸਾਕਾਰ ਕਰਨ ਦਾ ਪੈਂਡਾ ਸੌਖਾ ਨਹੀਂ ਹੈ। ਕਦਮ-ਦਰ-ਕਦਮ ਚੁਣੌਤੀਆਂ ਹੋਣਗੀਆਂ। ਸਾਡੇ ਲਈ ਇਮਤਿਹਾਨ ਦੀ ਘੜੀ ਹੋਵੇਗੀ ਪਰ ਮੇਰਾ ਵਿਸ਼ਵਾਸ ਹੈ ਕਿ ਅਸੀਂ ਹਰ ਇਮਤਿਹਾਨ ਵਿੱਚੋਂ ਸ਼ਾਨ ਨਾਲ ਜੇਤੂ ਹੋ ਕੇ ਨਿਕਲਾਂਗੇ। ਮੈਂ ਪਾਰਟੀ ਪੱਧਰ ਤੋਂ ਉਪਰ ਉਠ ਕੇ ਇਸ ਸਦਨ ਦੇ ਸਾਰੇ ਮੈਂਬਰਾਂ ਤੋਂ ਸਹਿਯੋਗ ਦੀ ਉਮੀਦ ਕਰਦਾ ਹਾਂ ਤਾਂ ਕਿ ਅਸੀਂ ਇਕਜੁਟ ਹੋ ਕੇ ਆਪਣੇ ਸੁਪਨਿਆਂ ਦੇ ਪੰਜਾਬ ਦੇ ਮੁੜ ਨਿਰਮਾਣ ਲਈ ਅਣਥੱਕ ਮਿਹਨਤ ਕਰਕੇ ਅੱਗੇ ਵਧ ਸਕੀਏ।”
ਭਗਵੰਤ ਮਾਨ ਨੇ ਸਦਨ ਵਿਚ ਕਿਹਾ, “ਪੰਜਾਬ ਦੀ ਤਵਾਰੀਖ ਵਿਚ ਇਹ ਇਤਿਹਾਸਕ ਸਮਾਂ ਹੈ ਅਤੇ ਇਸ ਇਤਿਹਾਸਕ ਸਮੇਂ ਵਿਚ ਪਰਮਾਤਮਾ ਨੇ ਸਾਨੂੰ ਸੂਬੇ ਦੀ ਸੇਵਾ ਕਰਨ ਦਾ ਸੁਭਾਗ ਬਖਸ਼ਿਆ ਹੈ। ਆਓ, ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਆਦਰਸ਼ਾਂ ਤੋਂ ਸੇਧ ਲੈ ਕੇ ਅੱਗੇ ਵਧੀਏ, ਜਿਨ੍ਹਾਂ ਦੀਆਂ ਮਹਾਨ ਕੁਰਬਾਨੀਆਂ ਨੇ ਸਾਨੂੰ ਇਹ ਮੌਕਾ ਦਿੱਤਾ ਹੈ। ਆਓ, ਇਹ ਯਕੀਨੀ ਬਣਾਈਏ ਕਿ ਚੰਗੇ ਤੇ ਸਾਫ-ਸੁਥਰੇ ਸ਼ਾਸਨ ਅਤੇ ਬਦਲਾਅ ਦੀ ਕ੍ਰਾਂਤੀ ਦੀ ਗੂੰਜ ਪੰਜਾਬ ਦੇ ਹਰੇਕ ਘਰ ਅਤੇ ਹਰੇਕ ਵਿਅਕਤੀ ਤੱਕ ਪਹੁੰਚੇ।”
ਸੂਬੇ ਨਾਲ ਸਬੰਧਤ ਹੋਰ ਮਸਲਿਆਂ ਨੂੰ ਛੂੰਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਹਰ ਹੀਲੇ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਸੂਬੇ ਦੀ ਅਮਨ-ਸ਼ਾਂਤੀ ਵਿਚ ਖਲਲ ਪਾਉਣ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਸੂਬੇ ਵਿੱਚ ਸ਼ਾਂਤਮਈ ਮਾਹੌਲ ਕਾਇਮ ਰਹੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸ਼ਾਂਤੀ ਅਤੇ ਖੁਸ਼ਹਾਲੀ ਬਰਕਰਾਰ ਰੱਖਣਾ ਸਰਕਾਰ ਲਈ ਪਹਿਲੀ ਤਰਜੀਹ ਹੈ।
ਨਸ਼ਿਆਂ ਖਿਲਾਫ ਜੰਗ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੁਲੀਸ ਨੂੰ ਨਸ਼ੇ ਦੇ ਤਸਕਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਹੈ ਕਿ ਨਸ਼ਾ ਤਸਕਰਾਂ ਨਾਲ ਸਾਂਝ ਪਾਉਣ ਵਾਲਾ ਕੋਈ ਵੀ ਵਿਅਕਤੀ ਕਿਸੇ ਵੀ ਸੂਰਤ ਵਿਚ ਬਖਸ਼ਿਆ ਨਾ ਜਾਵੇ। ਇਸੇ ਤਰ੍ਹਾਂ ਐਸ.ਐਸ.ਪੀਜ./ਪੁਲੀਸ ਕਮਿਸ਼ਨਰਾਂ ਨੂੰ ਵੀ ਸਖਤ ਹੁਕਮ ਦਿੱਤੇ ਗਏ ਹਨ ਕਿ ਉਹ ਐਸ.ਟੀ.ਐਫ ਨਾਲ ਮਿਲ ਕੇ ਕੰਮ ਕਰਨ ਅਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਫੜਨ। ਪੁਲਿਸ ਅਫਸਰਾਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਉਨ੍ਹਾਂ ਦੇ ਕਾਰਜ ਖੇਤਰ ਅੰਦਰ ਨਸ਼ੇ ਦੀ ਲਾਹਨਤ ਨਾਲ ਨਜਿੱਠਣ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲਮੱਠ ਲਈ ਉਨ੍ਹਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਵੇਗਾ।
ਮੁੱਖ ਮੰਤਰੀ ਨੇ ਦੱਸਿਆ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਮੌਜੂਦਾ ਸਰਕਾਰ ਨੇ ’ਓਟ’ ਸੈਂਟਰਾਂ ਦੀ ਗਿਣਤੀ 280 ਤੋਂ ਵਧਾ ਕੇ 500 ਕਰ ਦਿੱਤੀ ਹੈ। ਇਸ ਦਾ ਮੁੱਖ ਮੰਤਵ ਨਸ਼ੇ ਦਾ ਕੋਹੜ ਵੱਢਣਾ ਅਤੇ ਮਰੀਜ਼ਾਂ ਨੂੰ ਮਿਆਰੀ ਇਲਾਜ ਸਹੂਲਤਾਂ ਆਸਾਨੀ ਨਾਲ ਮੁਹੱਈਆ ਕਰਵਾਉਣਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਸ ਪਵਿੱਤਰ ਸਦਨ ਦੇ ਮੈਂਬਰਾਂ ਦੇ ਮੋਢਿਆਂ ਉਤੇ ਵਿਆਪਕ ਪੱਧਰ ਉਤੇ ਸੁਧਾਰ ਲਿਆਉਣ ਦਾ ਮੋਢੀ ਬਣਨ ਦੀ ਵੱਡੀ ਜ਼ਿੰਮੇਵਾਰੀ ਹੈ, ਜਿਸ ਲਈ ਸਾਬਕਾ ਵਿਧਾਇਕਾਂ ਲਈ ਹਰ ਕਾਰਜਕਾਲ ਲਈ ਇਕ ਪੈਨਸ਼ਨ ਦੀ ਥਾਂ ‘ਇਕ ਵਿਧਾਇਕ ਲਈ ਇਕ ਪੈਨਸ਼ਨ’ ਵਰਗਾ ਮਿਸਾਲੀ ਕਦਮ ਚੁੱਕਿਆ ਗਿਆ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਿ੍ਰਸ਼ਟਾਚਾਰ ਮੁਕਤ ਪ੍ਰਸ਼ਾਸਨ ਪੰਜਾਬ ਸਰਕਾਰ ਦੀ ਵਿਚਾਰਧਾਰਾ ਦਾ ਕੇਂਦਰ ਬਿੰਦੂ ਹੈ ਅਤੇ ਇਸ ਗੱਲ ਨੂੰ ਪਿਛਲੇ 100 ਦਿਨਾਂ ਦੇ ਆਪਣੇ ਕਾਰਜਕਾਲ ਦੌਰਾਨ ਸਾਬਤ ਵੀ ਕੀਤਾ ਗਿਆ ਹੈ। ਸਰਕਾਰ ਬਣਨ ਦੇ ਨਾਲ ਹੀ ਉਨ੍ਹਾਂ ਨੇ ਭਿ੍ਰਸ਼ਟਾਚਾਰ ਵਿਰੋਧੀ ਹੈਲਪਲਾਈਨ ਜਾਰੀ ਕੀਤੀ ਸੀ ਅਤੇ ਇਸ ਥੋੜ੍ਹੇ ਜਿਹੇ ਸਮੇਂ ਦੌਰਾਨ ਭਿ੍ਰਸ਼ਟਾਚਾਰ ਵਿਰੁੱਧ 29 ਕੇਸ ਦਰਜ ਕੀਤੇ ਗਏ ਹਨ ਅਤੇ 47 ਗਿ੍ਰਫਤਾਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਨੇ ਭਿ੍ਰਸ਼ਟਾਚਾਰ ਨੂੰ ਹਰਗਿਜ਼ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਉਂਦੇ ਹੋਏ ਆਪਣੇ ਹੀ ਕੈਬਨਿਟ ਮੰਤਰੀ ਖਿਲਾਫ਼ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ, “ਇਸ ਪਵਿੱਤਰ ਸਦਨ ਦੀਆਂ ਕੰਧਾਂ ਨੇ ਕਈ ਸਰਕਾਰਾਂ ਦੇਖੀਆਂ ਹਨ ਪਰ ਭਿ੍ਰਸ਼ਟਾਚਾਰ ਵਿਰੁੱਧ ਅਜਿਹੀ ਕਾਰਵਾਈ ਪਹਿਲਾਂ ਕਦੇ ਹੁੰਦੀ ਨਹੀਂ ਦੇਖੀ।”
ਨਵੇਂ ਸਮਾਜ ਦੇ ਨਿਰਮਾਣ ਵਿਚ ਸਿੱਖਿਆ ਨੂੰ ਮੁੱਖ ਧੁਰਾ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਬਹੁਪੱਖੀ ਸੁਧਾਰ ਲਿਆਉਣ ਲਈ ਵਚਨਬੱਧ ਹੈ ਜਿਸ ਦੇ ਤਹਿਤ ਸਾਡੇ ਸਰਕਾਰੀ ਸਕੂਲ ਛੇਤੀ ਹੀ ਆਹਲਾ ਮਿਆਰੀ ਬਣਨਗੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਨਾ ਸਿਰਫ ਸਰਕਾਰੀ ਸਕੂਲਾਂ ਦਾ ਕਾਇਆ-ਕਲਪ ਕੀਤਾ ਜਾ ਰਿਹਾ ਹੈ, ਸਗੋਂ ਪ੍ਰਾਈਵੇਟ ਸਕੂਲਾਂ ਵੱਲੋਂ ਲਈ ਜਾਂਦੀ ਫੀਸ ਨੂੰ ਵੀ ਨਿਯਮਬੱਧ ਕੀਤਾ ਗਿਆ ਹੈ, ਜਿਸ ਨਾਲ ਉਹ ਚਾਲੂ ਅਕਾਦਮਿਕ ਵਰ੍ਹੇ ਦੌਰਾਨ ਫੀਸ ਵਿੱਚ ਆਪਹੁਦਰੇ ਢੰਗ ਨਾਲ ਵਾਧਾ ਨਹੀਂ ਕਰ ਸਕਦੇ। ਜਿਹੜੇ ਸਕੂਲ ਫੀਸ ਐਕਟ-2016 ਦਾ ਉਲੰਘਣ ਕਰਦੇ ਫੜੇ ਗਏ, ਉਨ੍ਹਾਂ ਦੀ ਐਨ.ਓ.ਸੀ. ਰੱਦ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਇਕ ਲੱਖ ਰੁਪਏ ਦਾ ਵੀ ਜੁਰਮਾਨਾ ਲਾਇਆ ਜਾਵੇਗਾ। ਸਕੂਲਾਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਬੱਚਿਆਂ ਦੇ ਮਾਤਾ-ਪਿਤਾ ਨੂੰ ਕਿਸੇ ਵਿਸ਼ੇਸ਼ ਦੁਕਾਨ ਤੋਂ ਕਿਤਾਬਾਂ ਅਤੇ ਵਰਦੀਆਂ ਖਰੀਦਣ ਲਈ ਮਜਬੂਰ ਨਾ ਕਰਨ।
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅਧਿਆਪਕ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦਾ ਮੁੱਖ ਆਧਾਰ ਹਨ ਪਰ ਇਹ ਵੇਖਿਆ ਗਿਆ ਹੈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਦੀ ਭਲਾਈ ਨੂੰ ਅਣਗੌਲਿਆ ਕੀਤਾ ਹੈ। ਸੂਬਾ ਸਰਕਾਰ ਸਾਰੀਆਂ ਖਾਲੀ ਪੋਸਟਾਂ ਭਰੇਗੀ ਅਤੇ 5994 ਈ.ਟੀ.ਟੀ. ਅਧਿਆਪਕਾਂ ਅਤੇ 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਦੀ ਪ੍ਰਕਿਰਿਆ ਜਾਰੀ ਹੈ। ਅਧਿਆਪਕਾਂ ਨੂੰ ਕੇਵਲ ਸਿੱਖਿਆ ਕਾਰਜਾਂ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਅਤੇ ਗੈਰ-ਅਧਿਆਪਨ ਕਾਰਜਾਂ ਲਈ ਇਕ ਵੱਖਰਾ ਕਾਡਰ ਸਥਾਪਤ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਅਧਿਆਪਕਾਂ ਦੀ ਟ੍ਰੇਨਿੰਗ ਨੂੰ ਮੁੜ ਵਿਉਂਤਣ ਦੀ ਲੋੜ ਹੈ। ਇਸ ਮੰਤਵ ਲਈ ਦੇਸ਼ ਭਰ ਅਤੇ ਵਿਸ਼ਵ ਵਿੱਚ ਬਿਹਤਰੀਨ ਸਿੱਖਿਆ ਤਕਨੀਕਾਂ ਹਾਸਲ ਕੀਤੀਆਂ ਜਾਣਗੀਆਂ। ਨਵੀਂ ਦਿੱਲੀ ਵਿੱਚ ਅਮਰੀਕਨ ਐਬੰਸੀ ਦੇ ਖੇਤਰੀ ਅੰਗਰੇਜ਼ੀ ਭਾਸ਼ਾ ਦਫਤਰ ਨਾਲ ਰਲ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਅਧਿਆਪਕਾਂ ਦੇ ਇਕ ਸਮੂਹ (50 ਦੇ ਲਗਪਗ) ਨੂੰ ਸਿਖਲਾਈ ਦੇਣ ਜਾ ਰਿਹਾ ਹੈ।
ਉਚੇਰੀ ਸਿੱਖਿਆ ਵਿੱਚ ਸਾਡੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਤੇ ਧਿਆਨ ਦਿੱਤਾ ਜਾਵੇਗਾ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਨੂੰ ਛੇਤੀ ਹੀ ਯੂ.ਜੀ.ਸੀ. ਦੇ ਪੇਅ ਸਕੇਲ ਦਿੱਤੇ ਜਾਣਗੇ। ਕਾਬਲ ਤੇ ਹੁਨਰਮੰਦ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਜਾਣ ਦੇ ਰੁਝਾਨ ਉਤੇ ਚਿੰਤਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਰੁਝਾਨ ਨੂੰ ਰੋਕਣ ਲਈ ਤਕਨੀਕੀ ਸਿੱਖਿਆ ਅਹਿਮ ਯੋਗਦਾਨ ਪਾ ਸਕਦੀ ਹੈ। ਇਸ ਮੰਤਵ ਨਾਲ ਨੌਜਵਾਨਾਂ ਨੂੰ ਮਿਆਰੀ ਤਕਨੀਕੀ ਸਿੱਖਿਆ ਮੁਹੱਈਆ ਕਰਵਾਉਣ ਲਈ 19 ਨਵੀਆਂ ਸਰਕਾਰੀ ਆਈ.ਟੀ.ਆਈਜ਼. ਖੋਲ੍ਹੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਸਨਅਤੀ ਅਦਾਰਿਆਂ ਦੀ ਮੰਗ ਅਨੁਸਾਰ ਆਈ.ਟੀ.ਆਈਜ. ਵਿੱਚ 44 ਨਵੇਂ ਕੋਰਸ ਸ਼ੁਰੂ ਕਰਨ ਦਾ ਮਾਮਲਾ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਸਿੱਖਿਆ ਅਤੇ ਸਨਅਤੀ ਟ੍ਰੇਨਿੰਗ ਵਿਭਾਗ ਛੇਤੀ ਹੀ ਸੂਬੇ ਵਿੱਚ ਬਾਇਲਰ ਅਟੈਂਡਰ ਕੋਰਸ ਨੂੰ ਅਪ੍ਰੈਂਟਿਸਸ਼ਿਪ ਟਰੇਡ ਵਜੋਂ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਨਾਲ ਇਸ ਅਪ੍ਰੈਂਟਿਸਸ਼ਿਪ ਸਕੀਮ ਅਧੀਨ 15000 ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ।
ਸੂਬੇ ਦੇ ਲੋਕਾਂ ਨੂੰ ‘ਤੰਦਰੁਸਤ ਮਨ ਤੇ ਤੰਦਰੁਸਤ ਵਿਚਾਰ’ ਦੀ ਸੋਚ ਅਧੀਨ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਪ੍ਰਣ ਲੈਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਇਸ ਦਾ ਮੁੱਖ ਮੰਤਵ ਜ਼ਮੀਨੀ ਪੱਧਰ ਉਤੇ ਹਰੇਕ ਘਰ ਨੂੰ 2 ਤੋਂ 3 ਕਿਲੋਮੀਟਰ ਦੇ ਘੇਰੇ ਵਿੱਚ ਹੀ ਚੰਗੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸ਼ਹਿਰਾਂ ਵਿੱਚ ਮੁਹੱਲਾ ਕਲੀਨਿਕ ਅਤੇ ਪੇਂਡੂ ਖੇਤਰਾਂ ਵਿੱਚ ਪਿੰਡ ਕਲੀਨਿਕ ਖੋਲ੍ਹਣ ਜਾ ਰਹੇ ਹਾਂ ਤਾਂ ਜੋ ਲੋਕਾਂ ਨੂੰ ਮਿਆਰੀ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਇਹ ਕਲੀਨਿਕ ਸੂਬੇ ਦੇ ਸਿਹਤ ਢਾਂਚੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੀਲ ਦਾ ਪੱਥਰ ਸਾਬਤ ਹੋਣਗੇ। ਪਹਿਲੇ ਪੜਾਅ ਵਿੱਚ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦੇ ਹੋਏ 75 ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ। ਇਹ ਕਲੀਨਿਕ ਸੂਬੇ ਦੇ ਅਜਿਹੇ ਦੂਰ-ਦੁਰਾਡੇ ਇਲਾਕਿਆਂ ਵਿੱਚ ਸਥਾਪਤ ਹੋਣਗੇ, ਜਿਹੜੇ ਲੋਕਾਂ ਦੀ ਪਹੁੰਚ ਤੋਂ ਦੂਰ ਹਨ ਤਾਂ ਜੋ ਉਥੋਂ ਦੇ ਲੋਕਾਂ ਨੂੰ ਮੁਫਤ ਦਵਾਈਆਂ ਅਤੇ ਇਲਾਜ ਮੁਹੱਈਆ ਕਰਵਾਇਆ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਜੱਚਾ ਤੇ ਬੱਚਾ, ਦੋਵਾਂ ਦੀ ਦੇਖਭਾਲ ਕਰਨ ਲਈ ਵਚਨਬੱਧ ਹੈ, ਜਿਸ ਲਈ 7 ਨਵੇਂ ਜੱਚਾ-ਬੱਚਾ ਸਿਹਤ ਕੇਂਦਰਾਂ ਦੀ ਗੁਰਦਾਸਪੁਰ, ਨਾਭਾ, ਪੱਟੀ, ਰਾਏਕੋਟ, ਮੁਕਤਸਰ, ਤਲਵੰਡੀ ਸਾਬੋ ਅਤੇ ਡੇਰਾਬੱਸੀ ਵਿੱਚ ਉਸਾਰੀ ਨੂੰ ਪ੍ਰਵਾਨਗੀ ਦਿੱਤੀ ਹੈ। ਇਸੇ ਤਰ੍ਹਾਂ ਸੂਬਾ ਸਰਕਾਰ ਨੇ ਵੱਡਾ ਉਪਰਾਲਾ ਕਰਦਿਆਂ ਆਪਣੇ 2950 ਸਬ-ਸੈਂਟਰਾਂ ਨੂੰ ‘ਤੰਦਰੁਸਤ ਪੰਜਾਬ ਸਿਹਤ ਕੇਂਦਰਾਂ’ ਵਜੋਂ ਅਪਗ੍ਰੇਡ ਕਰਨ ਦਾ ਫੈਸਲਾ ਲਿਆ ਹੈ। ਇਨ੍ਹਾਂ ਉਪਰਾਲਿਆਂ ਦੇ ਤਹਿਤ ਸੀ.ਐਚ.ਸੀ. ਅਤੇ ਪੀ.ਐਚ.ਸੀ. ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਫਾਈਵ ਸਟਾਰ ਰੇਟਿੰਗ ਉਤੇ ਅਪਗ੍ਰੇਡ ਕੀਤਾ ਜਾਵੇਗਾ।
ਸੂਬੇ ਦੇ ਆਰਥਿਕ ਤੌਰ ਉਤੇ ਕਮਜ਼ੋਰ ਵਰਗਾਂ (ਈ.ਡਬਲਯੂ.ਐਸ.) ਨੂੰ ਮਕਾਨ ਮੁਹੱਈਆ ਕਰਵਾਉਣ ਲਈ ਸਰਕਾਰ ਦੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਪੜਾਵਾਂ ਅਧੀਨ ਇਨ੍ਹਾਂ ਵਰਗਾਂ ਲਈ 25,000 ਮਕਾਨ ਬਣਾਉਣ ਦੀ ਤਜਵੀਜ਼ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਣ-ਅਧਿਕਾਰਤ ਕਲੋਨੀਆਂ ਦੀ ਚੈਕਿੰਗ ਲਈ ਸਖਤ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਸਾਰੀਆਂ ਅਥਾਰਟੀਆਂ ਵਿੱਚ ਜਨਤਕ ਸ਼ਿਕਾਇਤ ਨਿਵਾਰਨ ਪ੍ਰਣਾਲੀ (ਪੀ.ਜੀ.ਆਰ.ਐਸ.) ਸਬੰਧੀ ਪੋਰਟਲ ਲਾਗੂ ਕੀਤਾ ਗਿਆ ਹੈ, ਜਿਸ ਉਤੇ ਆਈਆਂ ਸ਼ਿਕਾਇਤਾਂ ਦਾ ਨਿਬੇੜਾ ਆਨਲਾਈਨ ਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀ ਯੋਜਨਾਬੰਦੀ ਸੂਬੇ ਦੇ ਵਿਕਾਸ ਲਈ ਅਹਿਮ ਲੋੜ ਹੈ। ਪੰਜਾਬ ਦੇ ਬਾਕੀ ਰਹਿੰਦੇ ਸ਼ਹਿਰਾਂ ਲਈ ਮਾਸਟਰ ਪਲਾਨ 2-3 ਸਾਲਾਂ ਵਿੱਚ ਮੁਕੰਮਲ ਕਰ ਲਏ ਜਾਣਗੇ।
ਖੇਤੀਬਾੜੀ ਅਤੇ ਸਹਾਇਕ ਧੰਦਿਆਂ ਦੀ ਗੱਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਕ ਸਾਲ ਵਿੱਚ ਤੀਜੀ ਫਸਲ ਵਜੋਂ ਮੂੰਗੀ ਨੂੰ ਉਤਸ਼ਾਹਤ ਕੀਤਾ ਹੈ, ਜੋ ਇਸ ਵਰ੍ਹੇ 7275 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ ਉਤੇ ਖਰੀਦੀ ਜਾ ਰਹੀ ਹੈ। ਇਸ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ 30,000 ਰੁਪਏ ਦੀ ਵਾਧੂ ਆਮਦਨ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਸ ਵਰ੍ਹੇ ਮੂੰਗੀ ਦੀ ਕਾਸ਼ਤ 54363 ਏਕੜ ਰਕਬੇ ਤੋਂ ਵਧ ਕੇ 1,28,495 ਏਕੜ ਵਿੱਚ ਹੋਈ ਹੈ। ਇਸੇ ਤਰ੍ਹਾਂ ਫਸਲੀ ਵਿਭਿੰਨਤਾ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਦਾਲਾਂ, ਮੱਕੀ, ਨਰਮਾ ਅਤੇ ਤੇਲ ਬੀਜਾਂ ਅਧੀਨ ਰਕਬੇ ਨੂੰ ਵਧਾਇਆ ਜਾਵੇਗਾ। ਇਸ ਨਾਲ ਜਿੱਥੇ ਧਰਤੀ ਹੇਠਲਾ ਕੀਮਤੀ ਪਾਣੀ ਬਚੇਗਾ, ਉਥੇ ਨਾਲ-ਨਾਲ ਮਿੱਟੀ ਦੀ ਗੁਣਵੱਤਾ ਸੁਧਰੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਵੀ 1500 ਰੁਪਏ ਪ੍ਰਤੀ ਏਕੜ ਦੀ ਸਬਸਿਡੀ ਇਕ ਹੋਰ ਇਤਿਹਾਸਕ ਕਦਮ ਹੈ ਅਤੇ ਸੂਬੇ ਦੇ ਲੋਕ ਮੋਢੇ ਨਾਲ ਮੋਢਾ ਜੋੜ ਕੇ ਪਾਣੀ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ ਅਤੇ ਇਸ ਸਾਲ 25985 ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਛੋਟੇ ਤੇ ਸੀਮਾਂਤ ਕਿਸਾਨਾਂ ਦੀ ਗਿਣਤੀ ਆਉਣ ਵਾਲੇ ਸਮੇਂ ਵਿਚ ਵਧਣ ਦੀ ਉਮੀਦ ਹੈ ਕਿਉਂਕਿ ਜ਼ਮੀਨਾਂ ਘਟ ਰਹੀਆਂ ਹਨ ਜਿਸ ਕਰਕੇ ਭਵਿੱਖ ਵਿਚ ਕਿਸਾਨਾਂ ਲਈ ਖੇਤੀਬਾੜੀ ਲਾਹੇਵੰਦ ਨਹੀਂ ਰਹੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀ ਸਥਿਤੀ ਵਿਚ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ (ਐਫ.ਪੀ.ਓ.) ਬਿਹਤਰ ਆਮਦਨ ਦੇ ਕੇ ਕਿਸਾਨਾਂ ਨੂੰ ਇਕ ਵਧੀਆ ਬਦਲ ਦੇ ਸਕਦੀ ਹੈ। ਇਹ ਪ੍ਰੋਡਿਊਸਰ ਇਕੱਠੇ ਹੋ ਕੇ ਵਧੀਆ ਮੁਨਾਫਾ ਕਮਾ ਸਕਦੇ ਹਨ। ਖੇਤੀਬਾੜੀ ਨੂੰ ਆਧੁਨਿਕ ਅਤੇ ਡਿਜੀਟਾਈਜ਼ਡ ਬਣਾਉਣ ਦੀ ਲੋੜ ਹੈ। ਇਸ ਮੰਤਵ ਲਈ ਕਿਸਾਨਾਂ ਦੇ ਡੇਟਾਬੇਸ ਦਾ ਜ਼ਮੀਨ ਦੇ ਰਿਕਾਰਡ ਨਾਲ ਮਿਲਾਨ ਕੀਤਾ ਜਾ ਰਿਹਾ ਹੈ ਤਾਂ ਜੋ ਸਬਸਿਡੀਆਂ ਅਤੇ ਹੋਰ ਫਾਇਦੇ ਪਾਰਦਰਸ਼ੀ ਢੰਗ ਨਾਲ ਕਿਸਾਨ ਤੱਕ ਪਹੁੰਚ ਸਕਣ। ਬੀਜ, ਖਾਦ, ਕੀਟਨਾਸ਼ਕਾਂ ਦੇ ਉਤਪਾਦਨ ਤੋਂ ਲੈ ਕੇ ਕਿਸਾਨਾਂ ਤੱਕ ਪਹੁੰਚ ਉਤੇ ਨਿਗ੍ਹਾ ਰੱਖਣ ਲਈ ਇਕ ਪੋਰਟਲ ਵਿਕਸਤ ਕੀਤਾ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡੀ ਸਹਾਇਤਾ ਮਿਲੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ 2 ਸਾਲਾਂ ਵਿੱਚ 7000 ਨਵੇਂ ਡੇਅਰੀ ਯੂਨਿਟ ਸਥਾਪਿਤ ਕੀਤੇ ਜਾਣਗੇ ਅਤੇ ਡੇਅਰੀ ਸੈਕਟਰ ਦੀ ਉੱਨਤੀ ਨਾਲ ਨੌਜਵਾਨਾਂ ਨੂੰ ਸੂਬੇ ਵਿੱਚ ਸਵੈ-ਰੋਜ਼ਗਾਰ ਦੇ ਨਵੇਂ ਮੌਕੇ ਮਿਲਣਗੇ।ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਖੇਤੀਬਾੜੀ ਲਾਗਤਾਂ ਘਟਾਉਣ ਲਈ ਮੁੱਢਲੀਆਂ ਸਹਿਕਾਰੀ ਸੁਸਾਇਟੀਆਂ ਦੇ ਪੱਧਰ ਉਤੇ, ਸਬਸਿਡੀ ਵਾਲੇ ਰੇਟਾਂ ਉਤੇ, ਵੱਡੀ ਪੂੰਜੀ ਲਾਗਤ ਵਾਲਾ ਬੁਨਿਆਦੀ ਢਾਂਚਾ ਕਾਇਮ ਕੀਤਾ ਜਾਵੇਗਾ। ਖੇਤੀਬਾੜੀ ਸੰਦਾਂ ਦੀ ਸੁਚੱਜੀ ਵਰਤੋਂ ਲਈ ਸਹਿਕਾਰਤਾ ਵਿਭਾਗ ਵੱਲੋਂ ‘ਕੋਆਪ੍ਰੇਟਿਵ ਮਸ਼ੀਨਰੀ ਟਰੈਕਰ ਐਪਲੀਕੇਸ਼ਨ’ ਵਿਕਸਤ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਣਕ ਦੀ ਪਿਸਾਈ ਤੋਂ ਲੈ ਕੇ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਜਨਤਕ ਵੰਡ ਪ੍ਰਣਾਲੀ ਦੇ ਲਾਭਪਾਤਰੀਆਂ ਦੇ ਘਰ ਤੱਕ ਆਟੇ ਦੀ ਵੰਡ ਯਕੀਨੀ ਬਣਾਉਣ ਲਈ ਮਾਰਕਫੈੱਡ ਨੂੰ ਨੋਡਲ ਏਜੰਸੀ ਬਣਾਇਆ ਗਿਆ।ਉਨ੍ਹਾਂ ਦੱਸਿਆ ਕਿ ਆਉਣ ਵਾਲੇ ਵਿੱਤੀ ਸਾਲ ਦੌਰਾਨ ਗਿੱਦੜਬਾਹਾ ਵਿੱਚ 150 ਟੀ.ਪੀ.ਡੀ. ਦੀ ਸਮਰੱਥਾ ਵਾਲਾ ਨਵਾਂ ਕੈਟਲ ਫੀਡ ਪਲਾਂਟ ਵੀ ਬਣ ਕੇ ਤਿਆਰ ਹੋ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਆਪਣੇ ਦੁੱਧ ਉਤਪਾਦਕਾਂ ਦੀ ਮਦਦ ਲਈ ਮਿਲਕਫੈੱਡ ਨੇ ਦੁੱਧ ਖਰੀਦਣ ਦਾ ਮੁੱਲ 20 ਰੁਪਏ ਪ੍ਰਤੀ ਕਿਲੋ ਮਿਲਕ ਫੈਟ ਦੇ ਹਿਸਾਬ ਨਾਲ ਵਧਾ ਦਿੱਤਾ ਹੈ। ਫਿਰੋਜ਼ਪੁਰ, ਜਲੰਧਰ, ਲੁਧਿਆਣਾ ਅਤੇ ਗਡਵਾਸੂ, ਲੁਧਿਆਣਾ ਵਿਖੇ ਨਵੇਂ ਦੁੱਧ ਪ੍ਰਾਸੈਸਿੰਗ ਪਲਾਂਟ ਲਾਏ ਜਾ ਰਹੇ ਹਨ। ਇਸੇ ਤਰ੍ਹਾਂ 50 ਐਮ.ਟੀ.ਪੀ.ਡੀ. ਸਮਰੱਥਾ ਵਾਲੇ ਵੇਰਕਾ ਕੈਟਲ ਫੀਡ ਪਲਾਂਟ ਦੀ ਉਸਾਰੀ ਘਣੀਆ ਕੇ ਬਾਂਗਰ (ਗੁਰਦਾਸਪੁਰ) ਵਿਖੇ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕੌਮੀ ਖੁਰਾਕ ਸੁਰੱਖਿਆ ਐਕਟ (ਐਨ.ਐਫ.ਐਸ.ਏ.) ਅਧੀਨ ਦਰਜ ਹਰੇਕ ਲਾਭਪਾਤਰੀ ਨੂੰ ਆਟਾ ਉਸ ਦੇ ਘਰੇ ਪਹੁੰਚਾਉਣ ਦਾ ਵਿਕਲਪ ਦੇਵੇਗੀ। ਜਿਹੜੇ ਲਾਭਪਾਤਰੀ ਐਫ.ਪੀ.ਐਸ. ਤੋਂ ਆਪਣੀ ਬਣਦੀ ਕਣਕ ਦਸਤੀ ਤੌਰ ਉਤੇ ਲੈਣ ਦੇ ਇੱਛੁਕ ਹਨ, ਉਹ ਆਸਾਨੀ ਨਾਲ ਉਪਲਬਧ ਆਈ.ਟੀ. ਤਕਨੀਕ ਰਾਹੀਂ ਇਸ ਵਿਕਲਪ ਨੂੰ ਛੱਡ ਸਕਣਗੇ। ਇਸ ਸਕੀਮ ਰਾਹੀਂ 1,57,75,569 ਲਾਭਪਾਤਰੀਆਂ ਦੇ ਘਰਾਂ ਤੱਕ ਪਹੁੰਚ ਕਰੇਗੀ ਅਤੇ ਉਨ੍ਹਾਂ ਨੂੰ ਚੰਗੀ ਗੁਣਵੱਤਾ ਵਾਲਾ ਆਟਾ ਮੁਹੱਈਆ ਕਰਵਾਏਗੀ।ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਅਤੇ ਅਮਨ-ਕਾਨੂੰਨ ਕਾਇਮ ਰੱਖਣ ਲਈ ਜਾਨਾਂ ਵਾਰਨ ਵਾਲੇ ਬਹਾਦਰ ਸੈਨਿਕਾਂ ਦੇ ਸਤਿਕਾਰ ਵਿਚ ਨਿਮਾਣਾ ਜਿਹੇ ਉਪਰਾਲੇ ਵਜੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦਾ ਮਾਣ-ਭੱਤਾ ਵਧਾ ਕੇ ਇਕ ਕਰੋੜ ਰੁਪਏ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਪਾਸੇ ਲਾਉਣ ਲਈ ਸੂਬਾ ਭਰ ਵਿਚ ਅਤਿ ਆਧੁਨਿਕ ਸਹੂਲਤਾਂ ਵਾਲੇ ਸਟੇਡੀਅਮ ਬਣਾਏ ਜਾਣਗੇ ਤਾਂ ਕਿ ਨੌਜਵਾਨ ਕੌਮੀ ਅਤੇ ਕੌਮਾਂਤਰੀ ਪੱਧਰ ਉਤੇ ਨਾਮਣਾ ਖੱਟ ਸਕਣ।ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਵੱਖ-ਵੱਖ ਮਹਿਕਮਿਆਂ/ਬੋਰਡਾਂ/ਕਾਰਪੋਰੇਸ਼ਨਾਂ/ਏਜੰਸੀਆਂ ਵਿੱਚ ਖ਼ਾਲੀ ਪਈਆਂ 25 ਹਜ਼ਾਰ ਆਸਾਮੀਆਂ ਦਾ ਇਸ਼ਤਿਹਾਰ ਦੇਣ ਦਾ ਇਤਿਹਾਸਕ ਫੈਸਲਾ ਲਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੇ ਪਹਿਲੇ 100 ਦਿਨਾਂ ਵਿੱਚ ਹੀ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਸਿੱਧੀਆਂ ਬੱਸਾਂ ਚਲਾ ਦਿੱਤੀਆਂ ਅਤੇ ਇਨ੍ਹਾਂ ਆਧੁਨਿਕ ਸਹੂਲਤਾਂ ਵਾਲੀਆਂ ਲਗਜ਼ਰੀ ਬੱਸਾਂ ਦਾ ਕਿਰਾਇਆ ਪ੍ਰਾਈਵੇਟ ਬੱਸਾਂ ਨਾਲੋਂ 50 ਫੀਸਦੀ ਘੱਟ ਹੈ, ਜਦੋਂ ਕਿ ਇਨ੍ਹਾਂ ਬੱਸਾਂ ਵਿੱਚ ਸਹੂਲਤਾਂ ਵੱਧ ਹਨ।
ਭਗਵੰਤ ਮਾਨ ਨੇ ਕਿਹਾ ਕਿ ਈ-ਗਵਰਨੈਂਸ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦਿਆਂ ਸਰਕਾਰ ਨੇ ਪੰਜਾਬ ਦੇ ਨਾਗਰਿਕਾਂ ਲਈ ਲੋੜੀਂਦੀ ਮਨਜ਼ੂਰੀ ਵਾਲਾ ਆਧਾਰ ਨੰਬਰ ਆਧਾਰਤ ਈ-ਲਰਨਰ ਲਾਇਸੈਂਸ ਸ਼ੁਰੂ ਕੀਤਾ ਹੈ, ਜੋ ਮੋਬਾਈਲ ਵਿੱਚ ਡਾਊਨਲੋਡ ਹੋਵੇਗਾ। ਇਸ ਨਾਲ ਪੰਜਾਬ ਦੇ ਲੋਕਾਂ ਨੂੰ ਆਰ.ਟੀ.ਓ. ਦਫ਼ਤਰ ਜਾਣ ਦੀ ਲੋੜ ਨਹੀਂ ਰਹੇਗੀ ਅਤੇ ਇਸ ਨਾਲ ਸਾਲਾਨਾ 5 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਮਿਲੇਗਾ।
ਸੂਬੇ ਦੀ ਸ਼ਾਨ ਨੂੰ ਬਹਾਲ ਕਰਨ ਲਈ ਪਰਵਾਸੀ ਭਾਰਤੀਆਂ ਦੇ ਸਹਿਯੋਗ ਦੀ ਮੰਗ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਰਵਾਸੀ ਭਾਰਤੀ ਉਦਯੋਗਿਕ ਹੱਬ ਸਥਾਪਤ ਕਰਨ ਲਈ ਅੱਗੇ ਆਉਣ ਅਤੇ ਆਪਣੇ ਪਿੰਡਾਂ ਵਿੱਚ ਮਾਡਲ ਸਕੂਲਾਂ ਅਤੇ ਹਸਪਤਾਲਾਂ ਦੇ ਵਿਕਾਸ ਵਿੱਚ ਭਾਈਵਾਲ ਬਣਨ। ਉਨ੍ਹਾਂ ਕਿਹਾ ਕਿ ਸਕੂਲੀ ਇਮਾਰਤਾਂ, ਸਮਾਜ ਸੇਵਾਵਾਂ, ਹਸਪਤਾਲ, ਪੀਣ ਵਾਲਾ ਪਾਣੀ, ਸੀਵਰੇਜ, ਪਖਾਨੇ, ਸਟਰੀਟ ਲਾਈਟਾਂ, ਸਟੇਡੀਅਮ ਅਤੇ ਹੋਰ ਪ੍ਰੋਜੈਕਟਾਂ ਵਰਗੇ ਬੁਨਿਆਦੀ ਨਿਰਮਾਣ ਕਾਰਜਾਂ ਵਿੱਚ ਪਰਵਾਸੀ ਭਾਰਤੀ 50 ਫੀਸਦੀ ਤੱਕ ਯੋਗਦਾਨ ਪਾ ਸਕਦੇ ਹਨ ਅਤੇ ਬਾਕੀ 50 ਫੀਸਦੀ ਖ਼ਰਚ ਰਾਜ ਸਰਕਾਰ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਪਰਵਾਸੀ ਭਾਰਤੀਆਂ ਦੀ ਵਧੇਰੇ ਮਦਦ ਕਰਨ ਲਈ ਵੀ ਵਚਨਬੱਧ ਹੈ। ਆਨਲਾਈਨ ਸ਼ਿਕਾਇਤ ਨਿਵਾਰਨ ਪ੍ਰਣਾਲੀ ਅਤੇ ਵਿਸ਼ੇਸ਼ ਸ਼ਿਕਾਇਤ ਨਿਵਾਰਨ ਅਫਸਰਾਂ ਦੀ ਨਿਯੁਕਤੀ ਵੀ ਪਰਵਾਸੀ ਭਾਰਤੀਆਂ ਦੀਆਂ ਸ਼ਿਕਾਇਤਾਂ ਦਾ ਨਿਬੇੜਾ ਕਰਨ ਵਿੱਚ ਸਹਾਇਕ ਹੋਵੇਗੀ।
ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 100 ਫੀਸਦੀ ਆਬਾਦੀ ਨੂੰ ਪੀਣ ਵਾਲੇ ਸਾਫ਼ ਪਾਣੀ ਅਤੇ ਸੀਵਰੇਜ ਸਹੂਲਤ ਨਾਲ ਜੋੜਨ ਲਈ ਸ਼ਿੱਦਤ ਨਾਲ ਯਤਨ ਕਰ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਵਿੱਚ ਸਮਾਜਿਕ ਤੇ ਆਰਥਿਕ ਸਥਿਤੀ ਸੁਧਾਰਨ ਦੀ ਸਰਕਾਰ ਦੀ ਦੂਰਅੰਦੇਸ਼ੀ ਤਹਿਤ ਪੰਚਾਇਤੀ ਜ਼ਮੀਨਾਂ ਛੁਡਾਉਣ ਅਤੇ ਗ੍ਰਾਮ ਸਭਾ ਦੀ ਸੁਰਜੀਤੀ ਲਈ ਦੋ ਮਿਸ਼ਨਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਤਹਿਤ 6100 ਏਕੜ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ੇ ਤੋਂ ਛੁਡਵਾਇਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਵਿੱਚ ਸਮਾਜਿਕ-ਆਰਥਿਕ ਤਬਦੀਲੀ ਲਿਆਉਣ ਲਈ ਗ੍ਰਾਮ ਸਭਾਵਾਂ ਨੂੰ ਸੁਰਜੀਤ ਕਰਨ ਉਤੇ ਜ਼ੋਰ ਦੇ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੇਂਡੂ ਵਿਕਾਸ ਵਿਭਾਗ ਵੱਲੋਂ ਪਿੰਡਾਂ ਦੇ ਛੱਪੜਾਂ ਦੀ ਕਾਇਆ-ਕਲਪ ਕਰਨ ਅਤੇ ਪਾਣੀ ਨੂੰ ਖੇਤੀ ਲਈ ਵਰਤੋਂ ਯੋਗ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਸਰਕਾਰ ਨੇ ਪਿੰਡਾਂ ਦੇ ਛੱਪੜਾਂ ਦੀ ਸੁਰਜੀਤੀ/ਬਹਾਲੀ ਲਈ 10 ਸਾਲਾਂ ਦੀ ਕਾਰਜ ਯੋਜਨਾ ਤਿਆਰ ਕੀਤੀ ਹੈ ਅਤੇ ਇਸ ਮਹਾਨ ਕਾਰਜ ਲ਼ਈ ਉੱਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਸਹਿਯੋਗ ਲਿਆ ਜਾ ਰਿਹਾ ਹੈ।
ਈਕੋ-ਸੈਰ-ਸਪਾਟੇ ਨੂੰ ਹੁਲਾਰਾ ਦੇਣ ਦੇ ਯਤਨਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਰਣਜੀਤ ਸਾਗਰ ਡੈਮ ਦੇ ਭੰਡਾਰਾਂ ਨੂੰ ਅੰਤਰਰਾਸਟਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਦੀਆਂ ਯੋਜਨਾਵਾਂ ਪਹਿਲਾਂ ਹੀ ਚੱਲ ਰਹੀਆਂ ਹਨ। ਵਿਭਾਗ ਵੱਖ-ਵੱਖ ਯਾਦਗਾਰਾਂ ਅਤੇ ਅਜਾਇਬ ਘਰ ਦੇ ਪ੍ਰਾਜੈਕਟਾਂ ਨੂੰ ਮੁਕੰਮਲ ਕਰੇਗਾ, ਖਟਕੜ ਕਲਾਂ ਵਿਖੇ ਸਹੀਦ ਭਗਤ ਸਿੰਘ ਅਜਾਇਬ ਘਰ ਅਤੇ ਐਂਗਲੋ-ਸਿੱਖ ਜੰਗੀ ਯਾਦਗਾਰਾਂ ਅਤੇ ਅਜਾਇਬ ਘਰ ਦੇ ਨਵੀਨੀਕਰਨ ਦੇ ਨਾਲ-ਨਾਲ ਖਰੜ ਵਿਖੇ ਅਜ ਸਰੋਵਰ, ਘੜੂੰਆਂ ਵਿਖੇ ਪਾਂਡਵ ਸਰੋਵਰ ਅਤੇ ਪਟਿਆਲਾ ਵਿਖੇ ਕਲਾ ਤੇ ਸੱਭਿਆਚਾਰ ਕੇਂਦਰ ਦਾ ਵਿਕਾਸ ਕਰੇਗਾ।ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਸਾਲ 2022-23 ਲਈ ਵੱਖ-ਵੱਖ ਸਕੀਮਾਂ ਅਧੀਨ 1.2 ਕਰੋੜ ਤੋਂ ਵੱਧ ਪੌਦੇ ਲਾ ਕੇ ਜੰਗਲਾਂ ਅਤੇ ਰੁੱਖਾਂ ਹੇਠ ਰਕਬੇ ਨੂੰ ਵਧਾਉਣ ਲਈ ਇੱਕ ਵਿਆਪਕ ਜੰਗਲਾਤ ਅਤੇ ਹਰਿਆਲੀ ਮੁਹਿੰਮ ਸੁਰੂ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਕਾਗਜੀ ਰੂਪ ਵਿੱਚ ਸਟੈਂਪ ਪੇਪਰਾਂ ਨੂੰ ਖਤਮ ਕਰਨ ਦਾ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ ਅਤੇ ਇਸਦੀ ਥਾਂ ’ਤੇ ਹਰੇਕ ਕੀਮਤ ਦੇ ਸਟੈਂਪ ਪੇਪਰ ਜਾਰੀ ਕਰਨ ਲਈ ਇਲੈਕਟ੍ਰਾਨਿਕ ਸਟੈਂਪ ਪ੍ਰਣਾਲੀ ਲਾਗੂ ਕੀਤੀ ਗਈ ਹੈ, ਜੋ ਕਿ ਪੰਜਾਬ ਸਰਕਾਰ ਦੁਆਰਾ ਅਧਿਕਾਰਤ ਕਿਸੇ ਵੀ ਸਟੈਂਪ ਵਿਕਰੇਤਾ ਜਾਂ ਬੈਂਕ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਨਾਲ ਆਮ ਲੋਕਾਂ ਨੂੰ ਹਰ ਕੀਮਤ ਦੇ ਸਟੈਂਪ ਪੇਪਰ ਪ੍ਰਾਪਤ ਕਰਨੇ ਆਸਾਨ ਹੋ ਜਾਣਗੇ1 ਅਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਕਰੋੜਾਂ ਰੁਪਏ ਦੀ ਬਚਤ ਹੋਵੇਗੀ, ਜੋ ਸਟੈਂਪ ਪੇਪਰਾਂ ਦੀ ਛਪਾਈ ’ਤੇ ਖਰਚ ਕੀਤੇ ਜਾਂਦੇ ਹਨ। ਇਸ ਸੀਜਨ ਤੋਂ ਮੋਬਾਈਲ ਐਪਲੀਕੇਸਨ ਰਾਹੀਂ ਈ-ਗਿਰਦਾਵਰੀ ਦੀ ਡਾਟਾ ਐਂਟਰੀ ਦੀ ਪ੍ਰਕਿਰਿਆ ਸੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਮਾਂਬੰਦੀਆਂ ਨਾਲ ਜਮੀਨ ਦੇ ਮਾਲਕਾਂ ਦੇ ਫੋਨ ਅਤੇ ਈਮੇਲ ਨੂੰ ਜੋੜਨ ਲਈ ਇੱਕ ਅਹਿਮ ਪਹਿਲ ਕਰਨ ਜਾ ਰਹੀ ਹੈ। ਤਸਦੀਕ ਕਰਨ ਤੋਂ ਬਾਅਦ, ਮੋਬਾਈਲ ਨੰਬਰ ਅਤੇ ਈਮੇਲ ਨੂੰ ਬਿਨੈਕਾਰ ਦੇ ਜਮੀਨੀ ਰਿਕਾਰਡ ਨਾਲ ਜੋੜਿਆ ਜਾਵੇਗਾ ਅਤੇ ਬਾਅਦ ਵਿੱਚ ਲੋੜ ਪੈਣ ’ਤੇ ਮਾਲਕਾਂ/ਸਹਿ ਭਾਈਵਾਲਾਂ ਨੂੰ ਐਸਐਮਐਸ/ਅਲਰਟ ਭੇਜੇ ਜਾਣਗੇ। ਤਹਿਸੀਲ/ਸਬ ਤਹਿਸੀਲ ਦੇ ਸਾਰੇ ਪਿੰਡਾਂ ਦੇ ਮਾਲ ਰਿਕਾਰਡ ਜਿਵੇਂ ਕਿ ਜਮ੍ਹਾਂਬੰਦੀ, ਇੰਤਕਾਲ, ਰਪਟ/ਰੋਜਨਾਮਚਾ ਆਦਿ ਦਾ ਕੰਪਿਊਟਰੀਕਰਨ ਕੀਤਾ ਗਿਆ ਹੈ। 172 ਫਰਦ ਕੇਂਦਰ ਚਾਲੂ ਕੀਤੇ ਗਏ ਹਨ ਅਤੇ ਲਗਭਗ 13098 ਮਾਲ ਅਸਟੇਟ ਦਾ ਰਿਕਾਰਡ ਕੰਪਿਊਟਰਾਈਜਡ ਕੀਤਾ ਗਿਆ ਹੈ।
ਆਪਣੀ ਸਰਕਾਰ ਨੂੰ ਮਿਲੇ ਸ਼ਾਨਦਾਰ ਫਤਵੇ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਮੈਂ ਲੋਕਾਂ ਦੇ ਇਸ ਫਤਵੇ ਅੱਗੇ ਸਿਰ ਝੁਕਾਉਂਦਾ ਹਾਂ, ਜਿਸ ਰਾਹੀਂ ਉਨ੍ਹਾਂ ਨੇ ਇਨ੍ਹਾਂ ਇਤਿਹਾਸਕ ਚੋਣਾਂ ਵਿੱਚ ਭਿ੍ਰਸ਼ਟਾਚਾਰ ਮੁਕਤ ਅਤੇ ਇਮਾਨਦਾਰ ਸਰਕਾਰ ਬਣਾਉਣ ਲਈ ਵੋਟ ਪਾਈ। ਲੋਕਾਂ ਨੇ ਜਾਤ, ਧਰਮ ਅਤੇ ਵਰਗ ਦੀਆਂ ਸੌੜੀਆਂ ਵਲਗਣਾਂ ਤੋਂ ਉੱਪਰ ਉੱਠ ਕੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਇਕ ਮਾਲਾ ਵਿਚ ਪ੍ਰੋਇਆ ਹੋਇਆ ਸੂਬਾ ਹੈ। ਮੈਂ ਲੋਕਾਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਉਨ੍ਹਾਂ ਦੀ ਸਰਕਾਰ ਹਰ ਉਸ ਉਮੀਦ ਉਤੇ ਖਰਾ ਉਤਰੇਗੀ, ਜਿਹੜੀਆਂ ਉਮੀਦਾਂ ਆਮ ਆਦਮੀ ਨੇ ਸਾਡੇ ਪਾਸੋਂ ਰੱਖੀਆਂ ਹੋਈਆਂ ਹਨ। ਸੂਬੇ ਨੂੰ ਮੁੜ ਤੋਂ ‘ਰੰਗਲਾ ਪੰਜਾਬ’ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਅਸੀਂ ਕੋਈ ਕਸਰ ਬਾਕੀ ਨਹੀਂ ਛੱਡਾਂਗੇ।”

Our Visitor

1902579