ਹਮਲਾਵਰਾਂ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਲਈ 6 ਵਿਅਕਤੀ ਕੀਤੇ ਗ੍ਰਿਫਤਾਰ; ਦੋ ਕਾਰਾਂ, ਆਰਪੀਜੀ ਸਲੀਵ ਵੀ ਕੀਤੀ ਬਰਾਮਦ
– ਮੁੱਖ ਹਮਲਾਵਰ ਚੜ੍ਹਤ ਸਿੰਘ ਅਤੇ ਉਸਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ: ਡੀਜੀਪੀ ਵੀ.ਕੇ. ਭਾਵਰਾ
ਸੁਖਜਿੰਦਰ ਮਾਨ
ਚੰਡੀਗੜ੍ਹ, 13 ਮਈ:ਪੰਜਾਬ ਪੁਲਿਸ ਨੇ ਅੱਜ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਹਮਲੇ ਦੇ ਮਾਮਲੇ ਨੂੰ ਸੁਲਝਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜਿਸ ਵਿੱਚ ਕੈਨੇਡਾ ਅਧਾਰਤ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਮਾਸਟਰਮਾਈਂਡ ਵਜੋਂ ਸਾਹਮਣੇ ਆਇਆ ਹੈ, ਜਿਸ ਨੇ ਸੋਮਵਾਰ ਸ਼ਾਮ ਨੂੰ ਮੋਹਾਲੀ ‘ਚ ਪੰਜਾਬ ਪੁਲਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਅੱਤਵਾਦੀ ਹਮਲਾ ਕਰਵਾਉਣ ਲਈ ਆਰਪੀਜੀ, ਏਕੇ-47 ਅਤੇ ਲੌਜਿਸਟਿਕ ਸਹਾਇਤਾ ਲਈ ਅਪਰਾਧੀਆਂ ਦਾ ਸਥਾਨਕ ਨੈੱਟਵਰਕ ਪ੍ਰਦਾਨ ਕੀਤਾ ਸੀ। ਲੰਡਾ (33), ਜੋ ਕਿ ਤਰਨਤਾਰਨ ਦਾ ਵਸਨੀਕ ਹੈ ਅਤੇ 2017 ਵਿੱਚ ਕੈਨੇਡਾ ਭੱਜ ਗਿਆ ਸੀ, ਪਾਕਿਸਤਾਨ ਅਧਾਰਤ ਲੋੜੀਂਦੇ ਗੈਂਗਸਟਰ ਹਰਵਿੰਦਰ ਸਿੰਘ ਉਰਫ਼ ਰਿੰਦਾ ਦਾ ਨਜ਼ਦੀਕੀ ਸਾਥੀ ਹੈ। ਦੱਸਣਯੋਗ ਹੈ ਕਿ ਰਿੰਦਾ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਵਿੱਚ ਸ਼ਾਮਲ ਹੋ ਗਿਆ ਸੀ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਵੀ.ਕੇ. ਭਾਵਰਾ ਨੇ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਨੇ ਹਮਲੇ ਦੀ ਯੋਜਨਾ ਬਣਾਉਣ ਅਤੇ ਹਮਲਾਵਰਾਂ ਨੂੰ ਸਥਾਨਕ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਾਲੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਿਸ਼ਾਨ ਸਿੰਘ ਵਾਸੀ ਪਿੰਡ ਕੁੱਲਾ, ਭਿੱਖੀਵਿੰਡ, ਤਰਨਤਾਰਨ; ਐਸਏਐਸ ਨਗਰ ਦੇ ਸੈਕਟਰ 85 ਸਥਿਤ ਵੇਵ ਅਸਟੇਟ ਦੇ ਰਹਿਣ ਵਾਲੇ ਜਗਦੀਪ ਸਿੰਘ ਕੰਗ; ਅੰਮ੍ਰਿਤਸਰ ਦੇ ਗੁਮਟਾਲਾ ਦੇ ਕੰਵਰਜੀਤ ਸਿੰਘ ਉਰਫ ਕੰਵਰ ਬਾਠ (40); ਬਲਜਿੰਦਰ ਸਿੰਘ ਉਰਫ਼ ਰੈਂਬੋ (41) ਵਾਸੀ ਪੱਟੀ, ਤਰਨਤਾਰਨ; ਬਲਜੀਤ ਕੌਰ ਉਰਫ ਸੁੱਖੀ (50) ਵਾਸੀ ਕੋਟ ਖਾਲਸਾ, ਅੰਮ੍ਰਿਤਸਰ ਅਤੇ ਅਨੰਤ ਦੀਪ ਸਿੰਘ ਉਰਫ ਸੋਨੂੰ (32) ਵਾਸੀ ਗੁਰੂ ਨਾਨਕ ਕਲੋਨੀ, ਅੰਮ੍ਰਿਤਸਰ ਵਜੋਂ ਹੋਈ ਹੈ। ਉਹਨਾਂ ਅੱਗੇ ਦੱਸਿਆ ਕਿ ਇਨ੍ਹਾਂ ਕੋਲੋਂ ਦੋ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ ਜਿਹਨਾਂ ਵਿੱਚ ਐਸ.ਯੂ.ਵੀ ਟੋਆਇਟਾ ਫਾਰਚੂਨਰ ਅਤੇ ਹੈਚਬੈਕ ਮਾਰੂਤੀ ਸਵਿਫਟ ਸ਼ਾਮਲ ਹੈ। ਪੁਲਿਸ ਨੇ ਹਾਲ ਹੀ ਵਿੱਚ ਆਰਪੀਜੀ ਦੀ ਸਲੀਵ ਵੀ ਬਰਾਮਦ ਕੀਤੀ ਸੀ।ਜ਼ਿਕਰਯੋਗ ਹੈ ਕਿ ਨਿਸ਼ਾਨ ਨੂੰ ਫਰੀਦਕੋਟ ਪੁਲਿਸ ਨੇ 11 ਮਈ, 2022 ਨੂੰ ਆਰਮਜ਼ ਐਕਟ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਉਹ 16 ਮਈ, 2022 ਤੱਕ ਪੁਲਿਸ ਰਿਮਾਂਡ ‘ਤੇ ਹੈ।
ਡੀਜੀਪੀ, ਜਿਹਨਾਂ ਨਾਲ ਏਡੀਜੀਪੀ ਅੰਦਰੂਨੀ ਸੁਰੱਖਿਆ ਆਰ.ਐਨ. ਢੋਕੇ ਅਤੇ ਮੁਹਾਲੀ ਦੇ ਐਸਐਸਪੀ ਵਿਵੇਕ ਸ਼ੀਲ ਸੋਨੀ ਵੀ ਸਨ, ਨੇ ਦੱਸਿਆ ਕਿ ਲੰਡਾ ਨੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਆਰਪੀਜੀ ਹਮਲਾ ਕਰਨ ਲਈ ਨਿਸ਼ਾਨ ਅਤੇ ਉਸ ਦੇ ਇੱਕ ਹੋਰ ਸਾਥੀ ਜਿਸ ਦੀ ਪਛਾਣ ਚੜਤ ਸਿੰਘ ਵਾਸੀ ਖੇਮਕਰਨ ਵਜੋਂ ਹੋਈ ਹੈ, ਦੀ ਮਦਦ ਲਈ ਅਤੇ ਸਥਾਨਕ ਨਿਵਾਸੀ ਹੋਣ ਦੇ ਨਾਤੇ ਜਗਦੀਪ ਨੇ ਸੋਮਵਾਰ ਸਵੇਰੇ ਇੰਟੈਲੀਜੈਂਸ ਦਫਤਰ ਦੀ ਰੇਕੀ ਕਰਨ ਵਿੱਚ ਚੜਤ ਸਿੰਘ ਦੀ ਮਦਦ ਕੀਤੀ ਸੀ। ਉਹਨਾਂ ਅੱਗੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ, ਚੜਤ ਅਤੇ ਉਸ ਦੇ ਦੋ ਸਹਿਯੋਗੀਆਂ, ਜਿਨ੍ਹਾਂ ਦੀ ਅਜੇ ਪਛਾਣ ਨਹੀਂ ਹੋ ਸਕੀ, ਨੇ ਲਗਭਗ ਸ਼ਾਮ 7.42 ਵਜੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਆਰਪੀਜੀ ਹਮਲਾ ਕੀਤਾ ਸੀ। ਡੀਜੀਪੀ ਭਾਵਰਾ ਨੇ ਦੱਸਿਆ ਕਿ ਪਹਿਲਾਂ ਚੜਤ ਸਿੰਘ ਨੇ ਦੋ ਹਮਲਾਵਰਾਂ ਨੂੰ ਛੁਪਣਗਾਹਾਂ ਮੁਹੱਈਆ ਕਰਵਾਈਆਂ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਨਿਸ਼ਾਨ ਦੇ ਹਵਾਲੇ ਕਰ ਦਿੱਤਾ ਸੀ, ਜਿਸ ਨੇ 27 ਅਪ੍ਰੈਲ, 2022 ਤੋਂ 7 ਮਈ, 2022 ਤੱਕ ਅੰਮ੍ਰਿਤਸਰ ਵਿੱਚ ਕੰਵਰਜੀਤ ਬਾਠ ਅਤੇ ਬਲਜੀਤ ਕੌਰ ਦੀ ਰਿਹਾਇਸ਼ ‘ਤੇ ਉਨ੍ਹਾਂ ਦੇ ਛੁਪਣ ਦਾ ਪ੍ਰਬੰਧ ਕੀਤਾ ਸੀ। ਉਹਨਾਂ ਅੱਗੇ ਦੱਸਿਆ ਕਿ ਨਿਸ਼ਾਨ ਨੇ ਲੰਡਾ ਦੇ ਨਿਰਦੇਸ਼ਾਂ ‘ਤੇ ਕੁੱਲਾ-ਪੱਟੀ ਰੋਡ ‘ਤੇ ਨਿਰਧਾਰਤ ਸਥਾਨ ਤੋਂ ਆਰਪੀਜੀ ਵੀ ਪ੍ਰਾਪਤ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਬਲਜਿੰਦਰ ਰੈਂਬੋ, ਜੋ ਕਿ ਐਨ.ਡੀ.ਪੀ.ਐਸ. ਕੇਸਾਂ ਵਿੱਚ ਫੜਿਆ ਗਿਆ ਸੀ ਅਤੇ ਨਸ਼ੇ ਦਾ ਆਦੀ ਹੈ, ਨੇ ਨਿਸ਼ਾਨ ਦੇ ਨਿਰਦੇਸ਼ਾਂ ‘ਤੇ ਚੜਤ ਅਤੇ ਉਸਦੇ ਦੋ ਸਾਥੀਆਂ ਨੂੰ ਏ.ਕੇ.-47 ਦੀ ਖੇਪ ਪਹੁੰਚਾਈ ਸੀ। ਉਹਨਾਂ ਅੱਗੇ ਦੱਸਿਆ ਕਿ ਅਨੰਤ ਦੀਪ, ਜੋ ਕਿ ਨਿਸ਼ਾਨ ਦਾ ਜੀਜਾ ਹੈ, ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਸੀ।ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਚੜਤ ਸਿੰਘ, ਜੋ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਤੇ ਇਸ ਸਮੇਂ ਪੈਰੋਲ ‘ਤੇ ਹੈ, ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਜਲਦ ਹੀ ਤਿੰਨਾਂ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਬਿਹਾਰ ਦੇ ਜ਼ਿਲ੍ਹਾ ਉੜੀਆ ਦੇ ਰਹਿਣ ਵਾਲੇ ਮੁਹੰਮਦ ਨਸੀਮ ਆਲਮ ਅਤੇ ਮੁਹੰਮਦ ਸ਼ਰਾਫ ਰਾਜ ਨੂੰ ਨੋਇਡਾ ਤੋਂ ਪੁੱਛਗਿੱਛ ਲਈ ਲਿਆਂਦਾ ਹੈ ਕਿਉਂਕਿ ਉਹ ਦੋਵੇਂ ਅਣਪਛਾਤੇ ਹਮਲਾਵਰਾਂ ਦੇ ਸੰਪਰਕ ਵਿੱਚ ਪਾਏ ਗਏ ਹਨ।
ਦੱਸਣਯੋਗ ਹੈ ਕਿ ਐਫਆਈਆਰ ਨੰਬਰ 236 ਮਿਤੀ 09.05.2022 ਨੂੰ ਆਈਪੀਸੀ ਦੀ ਧਾਰਾ 307 ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐਸ.ਏ.ਐਸ.ਨਗਰ ਦੇ ਥਾਣਾ ਸੋਹਾਣਾ ਵਿਖੇ ਪਹਿਲਾਂ ਹੀ ਮਾਮਲਾ ਦਰਜ ਕੀਤਾ ਗਿਆ ਹੈ।
ਪੰਜਾਬ ਪੁਲਿਸ ਨੇ ਮੋਹਾਲੀ ‘ਚ ਹਮਲੇ ਦੀ ਗੁੱਥੀ ਸੁਲਝਾਈ, ਕੈਨੇਡਾ ਅਧਾਰਤ ਗੈਂਗਸਟਰ ਲਖਬੀਰ ਲੰਡਾ ਸੀ ਮਾਸਟਰਮਾਈਂਡ
ਬਲਾਤਕਾਰ ਪੀੜ੍ਹਤ ਔਰਤ ਨੇ ਕੁੱਟਿਆ ਸਿਮਰਜੀਤ ਬੈਂਸ ਦਾ ਸਮਰਥਕ
ਸੁਖਜਿੰਦਰ ਮਾਨ
ਲੁਧਿਆਣਾ, 13 ਮਈ: ਲੋਕ ਇਨਸਾਫ਼ ਪਾਰਟੀ ਦੇ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੁਧ ਬਲਾਤਾਰ ਦਾ ਪਰਚਾ ਦਰਜ਼ ਕਰਵਾਉਣ ਵਾਲੀ ਪੀੜ੍ਹਤ ਔਰਤ ਵਲੋਂ ਅੱਜ ਉਸਦੇ ਸਮਰਥਕ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਨ ਦੀ ਸੂਚਨਾ ਮਿਲੀ ਹੈ। ਉਕਤ ਔਰਤ ਪਿਛਲੇ ਦਿਨਾਂ ਤੋਂ ਬੈਂਸ ਦੀ ਗਿ੍ਰਫਤਾਰੀ ਦੀ ਮੰਗ ਨੂੰ ਲੈ ਕੇ ਸਥਾਨਕ ਪੁਲਿਸ ਕਮਿਸ਼ਨਰ ਦਫਤਰ ਸਾਹਮਣੇ ਧਰਨੇ ’ਤੇ ਬੈਠੀ ਹੋਈ ਹੈ। ਇਹ ਘਟਨਾ ਸ਼ੁੱਕਰਵਾਰ ਦੁਪਿਹਰ ਸਮੇਂ ਵਾਪਰੀ ਜਦ ਸਾਬਕਾ ਵਿਧਾਇਕ ਬੈਂਸ ਦਾ ਇੱਕ ਸਮਰਥਕ ਉਕਤ ਦਫ਼ਤਰ ਆਇਆ ਸੀ। ਹੰਗਾਮੇ ਦੀ ਸ਼ੁਰੂਆਤਾ ਔਰਤ ਵਲੋਂ ਉਕਤ ਵਿਅਕਤੀ ਵਿਰੁਧ ਇਹ ਦੋਸ਼ ਲਗਾਉਣ ਨਾਲ ਸ਼ੁਰੂ ਹੋਈ ਜਦੋਂ ਉਸਨੇ ਦਾਅਵਾ ਕੀਤਾ ਕਿ ਉਕਤ ਵਿਅਕਤੀ ਉਸਨੂੰ ਬਦਨਾਮ ਕਰਨ ਲਈ ਸੋਸਲ ਮੀਡੀਆ ’ਤੇ ਝੂਠੀਆਂ ਵੀਡੀਓ ਪਾ ਰਿਹਾ ਹੈ। ਉਸਨੇ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਪਰਚਾ ਦਰਜ਼ ਕਰਨ ਦੇ ਬਾਵਜੂਦ ਬੈਂਸ ਨੂੰ ਗਿ੍ਰਫਤਾਰ ਨਹੀਂ ਕਰ ਰਹੀ ਤੇ ਉਸਦੇ ਸਮਰਥਕ ਉਸਨੂੰ ਬਦਨਾਮ ਕਰਨ ‘ਤੇ ਲੱਗੇ ਹੋਏ ਹਨ। ਇਸ ਮੌਕੇ ਗੱਲ ਇੱਥੋਂ ਤੱਕ ਵਧ ਗਈ ਕਿ ਔਰਤ ਡਾਂਗ ਚੁੱਕ ਕੇ ਉਕਤ ਵਿਅਕਤੀ ਦੇ ਮਗਰ ਪੈ ਗਈ। ਇਸ ਮਾਮਲੇ ਵਿਚ ਬੈਂਸ ਦੇ ਉਕਤ ਸਮਰਥਕ ਨੇ ਵੀ ਮੌਕਾ ਸੰਭਾਲਦਿਆਂ ਨਾ ਸਿਰਫ ਅਪਣੀ ਬੱਚਤ ਕੀਤੀ ਬਲਕਿ ਉਕਤ ਔਰਤ ਵਿਰੁਧ ਪੁਲਿਸ ਕਮਿਸਨਰ ਕੋਲ ਸਿਕਾਇਤ ਵੀ ਕਰ ਦਿੱਤੀ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਬੇਅਦਬੀ ਕਾਂਡ ’ਚ ਡੇਰਾ ਮੁਖੀ ਨੂੰ ਮਿਲੀ ਜਮਾਨਤ
ਸੁਖਜਿੰਦਰ ਮਾਨ
ਫ਼ਰੀਦਕੋਟ, 13 ਮਈ : ਕਰੀਬ ਸੱਤ ਸਾਲ ਪਹਿਲਾਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜ੍ਹੀ ’ਚ ਵਾਪਰੇ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਬੇਅਦਬੀ ਕਾਂਡ ਵਿਚ ਪੰਜਾਬ ਪੁਲਿਸ ਵਲੋਂ ਕਥਿਤ ਦੋਸ਼ੀ ਬਣਾਏ ਗਏ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰਅਦਾਲਤ ਨੇ ਅੱਜ ਜਮਾਨਤ ਦੇ ਦਿੱਤੀ ਹੈ। ਕਤਲ ਤੇ ਬਲਾਤਾਰ ਦੇ ਦੋਸ਼ਾਂ ਹੇਠ ਹਰਿਆਣਾ ਦੀ ਸੁਨਾਰੀਆ ਜੇਲ੍ਹ ’ਚ ਉਮਰ ਕੈਦ ਦੀ ਸਜ਼ਾ ਭੋਗ ਰਹੇ ਡੇਰਾ ਮੁਖੀ ਨੇ ਬੇਅਦਬੀ ਕਾਂਡ ’ਚ ਪਿਛਲੇ ਦਿਨੀਂ ਫ਼ਰੀਦਕੋਟ ਦੀ ਅਦਾਲਤ ਵਿਚ ਜਮਾਨਤ ਦੀ ਅਰਜੀ ਦਾਈਰ ਕੀਤੀ ਸੀ, ਜਿਸਨੂੰ ਜੱਜ ਨੇ ਸਵੀਕਾਰ ਕਰ ਲਿਆ ਹੈ। ਮਹੱਤਵਪੂਰਨ ਗੱਲ ਇਹ ਵੀ ਦਸਣੀ ਬਣਦੀ ਹੈ ਕਿ ਇਸ ਮਾਮਲੇ ਨਾਲ ਹੀ ਸਬੰਧਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰਨ ਦੇ ਮਾਮਲੇ ਵਿੱਚ ਸਹਿ ਦੋਸ਼ੀ ਬਣਾਏ ਗਏ ਡੇਰਾ ਮੁਖੀ ਨੂੰ ਪਹਿਲਾਂ ਹੀ ਜਮਾਨਤ ਮਿਲ ਚੁੱਕੀ ਹੈ। ਜਿਸਦੇ ਚੱਲਦੇ ਹੁਣ ਉਨ੍ਹਾਂ ਨੂੰ ਦੋਨਾਂ ਕੇਸਾਂ ਵਿਚ ਜਮਾਨਤ ਮਿਲ ਚੁੱਕੀ ਹੈ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਤੇ ਮੌਜੂਦਾ ਸਰਕਾਰ ਵਲੋਂ ਵੀ ਡੇਰਾ ਮੁਖੀ ਸੁਨਾਰੀਆ ਜੇਲ੍ਹ ਵਿਚੋਂ ਪੁਛਗਿਛ ਲਈ ਪੰਜਾਬ ਲਿਆਉਣ ਵਾਸਤੇ ਕਾਫ਼ੀ ਯਤਨ ਕੀਤੇ ਸਨ ਪ੍ਰੰਤੂ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲ ਸਕੀ। ਜਿਸਦੇ ਚੱਲਦੇ ਪੰਜਾਬ ਪੁਲਿਸ ਦੀਆਂ ਟੀਮਾਂ ਕਈ ਵਾਰ ਜੇਲ੍ਹ ਅੰਦਰ ਹੀ ਡੇਰਾ ਮੁਖੀ ਤੋਂ ਪੁਛਗਿਛ ਕਰਕੇ ਵਾਪਸ ਪਰਤ ਆਈਆਂ ਹਨ।
ਬਠਿੰਡਾ ਚ 20 ਨਵੇਂ ਓਟ ਸੈਂਟਰ ਕੀਤੇ ਜਾਣਗੇ ਸਥਾਪਤ : ਡਿਪਟੀ ਕਮਿਸ਼ਨਰ
ਕਿਹਾ, 1 ਓਟ ਸੈਂਟਰ ਔਰਤਾਂ ਲਈ ਹੋਵੇਗਾ ਸਥਾਪਤ
ਰੀਹੈਬਲੀਟੇਸ਼ਨ, ਡਰੱਗ ਡੀ-ਐਡਿਕਸ਼ਨ ਅਤੇ ਓਟ ਸੈਂਟਰਾਂ ਦੇ ਕੰਮ ਦੀ ਕੀਤੀ ਸਮੀਖਿਆ
ਜ਼ਿਲ੍ਹਾ ਰੀਹੈਬਲੀਟੇਸ਼ਨ ਅਤੇ ਡੀ-ਐਡਿਕਸ਼ਨ ਸੁਸਾਇਟੀ ਦੀ ਹੋਈ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 13 ਮਈ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਸੂਬਾ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਗਈ ਨਸ਼ਾ ਮੁਕਤ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਰੀਹੈਬਲੀਟੇਸ਼ਨ, ਓਟ ਸੈਂਟਰਾਂ ਅਤੇ ਡਰੱਗ ਡੀ-ਐਡਿਕਸ਼ਨ ਸੁਸਾਇਟੀ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਜਿੱਥੇ ਜ਼ਿਲ੍ਹੇ ਅੰਦਰ ਚੱਲ ਰਹੇ ਰੀਹੈਬਲੀਟੇਸ਼ਨ, ਡਰੱਗ ਡੀ-ਐਡਿਕਸ਼ਨ ਅਤੇ ਓਟ ਸੈਂਟਰਾਂ ਚ ਇਲਾਜ਼ ਲਈ ਆਉਣ ਵਾਲੇ ਪੀੜ੍ਹਤ ਵਿਅਕਤੀਆਂ ਸਬੰਧੀ ਜਾਣਕਾਰੀ ਹਾਸਲ ਕੀਤੀ ਉੱਥੇ ਉਨ੍ਹਾਂ ਇੱਥੇ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਦਿੱਤੇ।
ਬੈਠਕ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਪ੍ਰਭਾਵਿਤ ਵਿਅਕਤੀਆਂ ਦੇ ਇਲਾਜ਼ ਲਈ ਜ਼ਿਲ੍ਹੇ ਅੰਦਰ ਚੱਲ ਰਹੇ ਓਟ ਸੈਂਟਰਾਂ ਦੀ ਗਿਣਤੀ ਅਤੇ ਸਮਰੱਥਾ ਵਧਾਉਣ ਲਈ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਰਿਫ਼ਾਇਨਰੀ ਵਿਖੇ ਬਣਾਏ ਗਏ ਕੋਵਿਡ ਮੇਕ ਸਿਫ਼ਟ ਹਸਪਤਾਲ ਨੂੰ ਨਸ਼ਾ ਛੁਡਾਓ ਕੇਂਦਰ ਅਤੇ ਰੀਹੈਬਲੀਟੇਸ਼ਨ ਸੈਂਟਰ ਵਜੋਂ ਵਰਤਣ ਲਈ ਫ਼ੈਸਲਾ ਲਿਆ ਗਿਆ। ਉਨ੍ਹਾਂ ਇੱਥੇ 25-25 ਬਿਸਤਰਿਆਂ ਦੇ ਬਣੇ 4 ਬਲਾਕਾਂ ਚੋ 2 ਯੂਨਿਟਾਂ ਨੂੰ 25 ਬਿਸਤਰਿਆਂ ਦਾ ਨਸ਼ਾ ਛੁਡਾਓ ਕੇਂਦਰ ਬਣਾਉਣ ਅਤੇ ਦੂਸਰੀ ਯੂਨਿਟ ਨੂੰ 25 ਬਿਸਤਰਿਆਂ ਦਾ ਰੀਹੈਬਲੀਟੇਸ਼ਨ ਬਣਾਉਣ ਅਤੇ ਤੀਸਰੇ ਯੂਨਿਟ ਵਿੱਚੋਂ ਅੱਧਾ ਹਿੱਸਾ ਸਟਾਫ਼ ਦੇ ਰਹਿਣ ਅਤੇ ਅੱਧੇ ਹਿੱਸੇ ਨੂੰ ਦਵਾਈਆਂ ਦੇ ਸਟੋਰ ਵਜੋਂ ਵਰਤਣ ਅਤੇ ਚੌਥੇ ਯੂਨਿਟ ਨੂੰ ਵੱਖ-ਵੱਖ ਗਤੀਵਿਧੀਆਂ ਲਈ ਜਮਨੇਜ਼ੀਅਮ, ਯੋਗਾ ਅਤੇ ਲਾਇਬ੍ਰੇਰੀ ਲਈ ਵਰਤਣ ਲਈ ਕਿਹਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਅੰਦਰ ਕੁੱਲ 6 ਓਟ ਸੈਂਟਰ ਪਹਿਲਾ ਹੀ ਚੱਲ ਰਹੇ ਹਨ ਜਦਕਿ ਕਿ ਸਰਕਾਰ ਵਲੋਂ 20 ਹੋਰ ਨਵੇਂ ਓਟ ਸੈਂਟਰ ਸਥਾਪਤ ਕੀਤੇ ਜਾ ਰਹੇ ਹਨ ਜਿੰਨਾਂ ਵਿਚੋਂ 1 ਸੈਂਟਰ ਸਪੈਸ਼ਲ ਔਰਤਾਂ ਲਈ ਬਠਿੰਡਾ ਸ਼ਹਿਰ ਵਿਖੇ ਬਣਾਇਆ ਜਾਵੇਗਾ। ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਓਟ ਸੈਂਟਰਾਂ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਸੈਂਟਰਾਂ ਵਿੱਚ ਪੀੜ੍ਹਤ ਵਿਅਕਤੀਆਂ ਦੇ ਮੰਨੋਰੰਜ਼ਨ ਲਈ ਸਮਾਰਟ ਟੀਵੀ ਤੇ ਸੀਸੀਟੀਵੀ ਕੈਮਰੇ ਲਗਾਉਣ ਦੀ ਵੀ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਹਫ਼ਤੇ ਵਿੱਚ 2 ਦਿਨ ਇਨ੍ਹਾਂ ਸੈਂਟਰਾਂ ਵਿੱਚ ਪੀੜ੍ਹਤ ਵਿਅਕਤੀਆਂ ਨੂੰ ਮਿਲਣ ਆਉਣ ਵਾਲੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਸਮਾਂ ਸ਼ਾਮ 3 ਤੋਂ 5 ਵਜੇ ਤੱਕ ਦਾ ਕੀਤਾ ਜਾਵੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਮਿਲਣ ਵਾਲੇ ਪਰਿਵਾਰਕ ਮੈਂਬਰਾਂ ਦੀ ਅਤੇ ਉਨ੍ਹਾਂ ਵਲੋਂ ਲਿਆਂਦੀਆਂ ਜਾਣ ਵਾਲੀਆਂ ਖ਼ਾਣ-ਪੀਣ ਦੀ ਵਸਤਾਂ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾਵੇ।ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਨਵੀਨ ਗਡਵਾਲ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਮਨ ਸਿੰਗਲਾ, ਨੋਡਲ ਅਫ਼ਸਰ ਡਾ. ਅਰੁਣ ਬਾਂਸਲ, ਰੀਹੈਬਲੀਟੇਸ਼ਨ ਦੇ ਮੈਨੇਜ਼ਰ ਰੂਪ ਸਿੰਘ ਮਾਨ ਅਤੇ ਪੁਲਿਸ ਵਿਭਾਗ ਦੇ ਨੁਮਾਇੰਦੇ ਹਾਜ਼ਰ ਸਨ।
ਕੁਲਤਾਰ ਸਿੰਘ ਸੰਧਵਾਂ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ
ਸੁਖਜਿੰਦਰ ਮਾਨ
ਚੰਡੀਗੜ੍ਹ, 13 ਮਈ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੀਤੀ ਸ਼ਾਮ ਨਵੀਂ ਦਿੱਲੀ ਵਿਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਸਪੀਕਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਹ ਪਹਿਲੀ ਵਾਰ ਰਾਸ਼ਟਰਪਤੀ ਨੂੰ ਮਿਲੇ ਹਨ। ਇਥੋਂ ਜਾਰੀ ਇਕ ਬਿਆਨ ਵਿਚ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਨਵੀਂ ਦਿੱਲੀ ਦੇ ਦੌਰੇ ਦੌਰਾਨ ਉਹਨਾਂ ਸਿਸ਼ਟਾਚਾਰ ਦੇ ਨਾਤੇ ਦੇਸ਼ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਸੰਧਵਾਂ ਦੇ ਪਰਿਵਾਰਕ ਮੈਂਬਰ ਵੀ ਨਾਲ ਸਨ। ਉਹਨਾਂ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਉਹਨਾਂ ਨੂੰ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੇ ਲੰਬੇ ਸਿਆਸੀ ਅਤੇ ਦੇਸ਼ ਦੇ ਸਰਵਉੱਚ ਅਹੁਦਿਆਂ ‘ਤੇ ਰਹਿਣ ਦੇ ਤਜ਼ੁਰਬੇ ਦੀਆਂ ਗੱਲਾਂ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈ।
ਸਰਹਿੰਦ ਫੀਡਰ ਦਾ ਤਕਰੀਬਨ 250 ਫੁੱਟ ਪਾੜ ਮੁਰੰਮਤ ਕਰ ਇਕ ਹਫਤੇ ਵਿਚ ਪਾਣੀ ਕੀਤਾ ਜਾਵੇਗਾ ਚਾਲੂ – ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ
ਹੋਰ ਥਾਵਾਂ ਤੇ ਲੋੜ ਮੁਤਾਬਿਕ ਮੁਰੰਮਤ ਅਤੇ ਗੇਟ ਨਵੇਂ ਲਗਵਾਏ ਜਾਣਗੇ
ਸੁਖਜਿੰਦਰ ਮਾਨ
ਸ੍ਰੀ ਮੁਕਤਸਰ ਸਾਹਿਬ, 13 ਮਈ:ਸ੍ਰੀ ਬ੍ਰਮ ਸ਼ੰਕਰ (ਜਿੰਪਾ), ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ, ਜਲ ਸ੍ਰੋਤ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ, ਪੰਜਾਬ ਨੇ ਅੱਜ ਪਿੰਡ ਥਾਂਦੇਵਾਲਾ, ਸ੍ਰੀ ਮੁਕਤਸਰ ਸਾਹਿਬ ਵਿਖੇ ਸਰਹਿੰਦ/ਰਾਜਸਥਾਨ ਫੀਡਰ ਨਹਿਰ ਵਿਖੇ ਹੋਏ ਨੁਕਸਾਨ ਅਤੇ ਚੱਲ ਰਹੇ ਕੰਮ ਦਾ ਜਾਇਜਾ ਲੈਣ ਲਈ ਉਚੇਚੇ ਤੋਰ ਤੇ ਪਹੁੰਚੇ।
ਉਥੇ ਪਹੁੰਚ ਕੇ ਉਨ੍ਹਾਂ ਪਿੰਡ ਵਾਸੀਆਂ ਨਾਲ ਗੱਲ ਬਾਤ ਕਰਦਿਆਂ ਦੱਸਿਆ ਕਿ ਨਹਿਰ ਵਿਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਣ ਪਾੜ ਪੈ ਗਿਆ ਹੈ ਅਤੇ ਇਸ ਨਹਿਰ ਦੀ ਇਕ ਹਫਤੇ ਵਿਚ ਮੁਰੰਮਤ ਕਰਕੇ ਪਾਣੀ ਛੱਡ ਦਿਤਾ ਜਾਵੇਗਾ। ਉਹਨਾ ਇਹ ਵੀ ਦੱਸਿਆ ਕਿ ਇਸ ਦੇ ਨਾਲ ਨਾਲ ਅਗਾਂਹ ਤੋਂ ਇਹ ਸਮੱਸਿਆ ਨਾ ਆਵੇ ਇਸ ਦਾ ਵੀ ਉਚੇਚੇ ਤੋਰ ਤੇ ਖਿਆਲ ਰੱਖਿਆ ਜਾਵੇਗਾ ਇਸ ਦੇ ਨਾਲ ਹੀ ਉਹਨਾ ਕਿਹਾ ਕਿ ਹੈਡ ਦੇ ਗੇਟਾਂ ਦਾ ਪ੍ਰੋਜੈਕਟ ਵੀ ਪਾਸ ਹੋ ਗਿਆ ਹੈ ਅਤੇ ਇਨ੍ਹਾਂ ਗੇਟਾਂ ਨੂੰ ਦਰੁਸਤ ਕੀਤਾ ਜਾਵੇਗਾ।
ਇਸ ਮੌਕੇ ਉਹਨਾਂ ਆਸ ਪਾਸ ਦੇ ਪਿੰਡਾਂ ਵਿਚ ਜੋ ਸਮੱਸਿਆਵਾਂ ਦਰਪੇਸ਼ ਆ ਰਹੀਆਂ ਹਨ ਉਸ ਬਾਰੇ ਵੀ ਲੋਕਾਂ ਨਾਲ ਗੱਲ ਬਾਤ ਕੀਤੀ ਅਤੇ ਉਹਨਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿਤਾ।ਸ੍ਰੀ ਕ੍ਰਿਸ਼ਨ ਕੁਮਾਰ ਪ੍ਰਿੰਸੀਪਲ ਸਕੱਤਰ ਜਲ ਸਰੋਤ ਵਿਭਾਗ ਨੇ ਇਹ ਗੱਲ ਕਹੀ ਕਿ ਜੇਕਰ ਕੋਈ ਵੀ ਮਾੜਾ ਜਾਂ ਗੈਰ ਮਿਆਰੀ ਮਟੀਰੀਅਲ ਦੀ ਵਰਤੋਂ ਕਰੇਗਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਐਮ ਐਲ ਏ ਜਗਦੀਪ ਸਿੰਘ (ਕਾਕਾ ਬਰਾੜ), ਐਮ ਐਲ ਏ ਗੁਰਮੀਤ ਸਿੰਘ ਖੁੱਡੀਆਂ ਅਤੇ ਐਮ ਐਲ ਏ ਗੋਲਡੀ ਕੰਬੋਜ, ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵੀ ਹਾਜ਼ਰ ਸਨ।
ਭ੍ਰਿਸ਼ਟਾਚਾਰ ਦੇ ਦੋਸ਼ `ਚ ਲੋਕ ਨਿਰਮਾਣ ਵਿਭਾਗ ਦਾ ਨਿਗਰਾਨ ਇੰਜੀਨੀਅਰ ਮੁਅੱਤਲ
ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ: ਹਰਭਜਨ ਸਿੰਘ ਈ.ਟੀ.ਓ.
ਸੁਖਜਿੰਦਰ ਮਾਨ
ਚੰਡੀਗੜ੍ਹ, 13 ਮਈ:ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਦੇ ਆਦੇਸ਼ਾਂ ਤੇ ਅੱਜ ਲੋਕ ਨਿਰਮਾਣ ਵਿਭਾਗ ਦੇ ਸ੍ਰੀ ਵਰਿੰਦਰ ਕੁਮਾਰ, ਨਿਗਰਾਨ ਇੰਜੀਨੀਅਰ ਉਸਾਰੀ ਹਲਕਾ, ਹੁਸਿ਼ਆਰਪੁਰ ਨੂੰ ਪ੍ਰੀਵੈਨਸ਼ਨ ਆਫ਼ ਕੁਰੱਪਸ਼ਨ ਐਕਟ ਅਧੀਨ ਪੰਜਾਬ ਸਿਵਲ ਸੇਵਾਵਾਂ (ਸਜ਼ਾ ਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ4 ਤਹਿਤ ਤੁਰੰਤ ਪ੍ਰਭਾਵ ਤੋਂ ਸਰਕਾਰੀ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਖਤ ਕਦਮ ਚੁੱਕੇਗੀ ਅਤੇ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਮੁਅੱਤਲੀ ਦੌਰਾਨ ਅਧਿਕਾਰੀ ਦਾ ਹੈੱਡਕੁਆਟਰ ਮੁੱਖ ਇੰਜੀਨੀਅਰ (ਹੈੱਡਕੁਆਟਰ) ਦਫ਼ਤਰ ਪਟਿਲਾਲਾ ਹੋਵੇਗਾ ਅਤੇ ਸਬੰਧਤ ਅਧਿਕਾਰੀ ਮੁੱਖ ਇੰਜੀਨੀਅਰ (ਹੈੱਡਕੁਆਟਰ) ਦੀ ਪ੍ਰਵਾਨਗੀ ਤੋਂ ਬਿਨਾਂ ਹੈੱਡਕੁਆਟਰ ਨਹੀਂ ਛੱਡੇਗਾ।
ਲੋਕ ਨਿਰਮਾਣ ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬੰਧਤ ਅਧਿਕਾਰੀ ਦੀ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ ਉਹ ਠੇਕੇਦਾਰ ਤੋਂ ਪੈਸੇ ਵਸੂਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਉਪਰੰਤ ਐਫ.ਆਈ.ਆਰ. ਦਰਜ ਕੀਤੀ ਗਈ ਸੀ ਅਤੇ ਜਿਸ ਮਗਰੋਂ ਸਬੰਧਤ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਦੱਸਿਆ ਕਿ ਵਿਭਾਗ ਵਿੱਚ ਭ੍ਰਿਸ਼ਟਾਚਾਰ ਕਿਸੇ ਕੀਮਤ `ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਵਿਭਾਗ ਦਾ ਜੋ ਵੀ ਪ੍ਰਾਜੈਕਟ ਪ੍ਰਗਤੀ ਅਧੀਨ ਹੈ, ਦਾ ਸਾਰਾ ਪੈਸਾ ਸਬੰਧਤ ਪ੍ਰਾਜੈਕਟ ‘ਤੇ ਹੀ ਲੱਗੇ। ਉਨ੍ਹਾਂ ਕਿਹਾ ਕਿ ਵਿਭਾਗ ਦੇ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਦੀ ਭਿਸ਼ਟਾਚਾਰ ਜਾਂ ਕਿਸੇ ਕਿਸਮ ਦੀ ਕਮਿਸ਼ਨ ਵਸੂਲੀ ਦੇ ਮਾਮਲੇ ਵਿੱਚ ਸ਼ਮੂਲੀਅਤ ਪਾਏ ਜਾਣ `ਤੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਿੱਪੂ ਹੋਲਡਰਾਂ ਨੂੰ ਪ੍ਰਧਾਨ ਮੰਤਰੀ ਅੰਨ ਕਲਿਆਣ ਯੋਜਨਾ ਤਹਿਤ ਵੰਡੀ ਕਣਕ ਦੇ ਕਮਿਸ਼ਨ ਵਜੋਂ 42 ਕਰੋੜ ਰੁਪਏ ਜਾਰੀ
ਡਿੱਪੂ ਹੋਲਡਰਾਂ ਨੂੰ ਆਮਦਨ ਵਧਾਉਣ ਲਈ ਮਾਰਕਫੈੱਡ ਦੇ ਕੁਝ ਉਤਪਾਦ ਵੇਚਣ ਦੀ ਇਜਾਜ਼ਤ ਦੇਣ ‘ਤੇ ਵਿਚਾਰ : ਲਾਲ ਚੰਦ ਕਟਾਰੂਚੱਕ
ਮੰਤਰੀ ਵੱਲੋਂ ਪਾਰਦਰਸ਼ਿਤਾ ‘ਤੇ ਜ਼ੋਰ, ਕਿਹਾ – ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ
ਸੁਖਜਿੰਦਰ ਮਾਨ
ਚੰਡੀਗੜ੍ਹ, 13 ਮਈ:ਪੰਜਾਬ ਦੇ ਸਮੂਹ ਡਿੱਪੂ ਹੋਲਡਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ, ਸੂਬੇ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅੱਜ ਵਿਭਾਗ ਵੱਲੋਂ ਡਿੱਪੂ ਹੋਲਡਰਾਂ ਨੂੰ ਪ੍ਰਧਾਨ ਮੰਤਰੀ ਅੰਨ ਕਲਿਆਣ ਯੋਜਨਾ ਤਹਿਤ ਵੰਡੀ ਕਣਕ ਦੇ ਕਮਿਸ਼ਨ ਵਜੋਂ 42 ਕਰੋੜ ਰੁਪਏ ਜਾਰੀ ਕੀਤੇ ਗਏ। ਸੂਬੇ ਭਰ ਦੇ ਡਿੱਪੂ ਹੋਲਡਰਾਂ ਨਾਲ ਇੱਥੇ ਸੈਕਟਰ-39 ਸਥਿਤ ਅਨਾਜ ਭਵਨ ਵਿਖੇ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸੂਬਾ ਸਰਕਾਰ ਡਿੱਪੂ ਹੋਲਡਰਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂੰ ਹੈ ਅਤੇ ਉਹਨਾਂ ਨੂੰ ਦੂਰ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਹਨਾਂ ਇਸ ਮੌਕੇ ਇਹ ਵੀ ਕਿਹਾ ਕਿ ਇਸੇ ਦੇ ਹਿੱਸੇ ਵਜੋਂ ਸਰਕਾਰ ਦੀ ਇਹ ਵੀ ਭਰਪੂਰ ਕੋਸ਼ਿਸ਼ ਹੈ ਕਿ ਡਿੱਪੂ ਹੋਲਡਰਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਉਹਨਾਂ ਨੂੰ ਆਪਣੇ ਡਿੱਪੂਆਂ ਉੱਤੇ ਮਾਰਕਫੈੱਡ ਦੇ ਕੁਝ ਉਤਪਾਦ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ। ਮਾਰਕਫੈੱਡ ਦੇ ਇੱਕ ਮਸ਼ਹੂਰ ਅਦਾਰਾ ਹੋਣ ਕਾਰਣ ਇਸ ਦੇ ਉਤਪਾਦਾਂ ਦੀ ਬਾਜ਼ਾਰ ਵਿੱਚ ਬਹੁਤ ਮੰਗ ਹੈ ਜਿਸ ਨਾਲ ਇਹਨਾਂ ਉਤਪਾਦਾਂ ਨੂੰ ਵੇਚ ਕੇ ਡਿੱਪੂ ਹੋਲਡਰ ਵੀ ਆਪਣੀ ਆਮਦਨ ਵਿੱਚ ਚੋਖਾ ਵਾਧਾ ਕਰ ਸਕਦੇ ਹਨ। ਇਸ ਮੌਕੇ ਮੰਤਰੀ ਨੇ ਇਹ ਵੀ ਕਿਹਾ ਕਿ ਡਿੱਪੂ ਹੋਲਡਰਾਂ ਵੱਲੋਂ ਆਪਣਾ ਕਮਿਸ਼ਨ ਵਧਾਏ ਜਾਣ ਅਤੇ ਕਿਸੇ ਵੀ ਕਾਰਣ ਕਰਕੇ ਯੋਗ ਲਾਭਪਾਤਰੀਆਂ ਦੇ ਕੱਟੇ ਗਏ ਰਾਸ਼ਨ ਕਾਰਡ ਆਦਿ ਮੁੱਦੇ ਉਹਨਾਂ ਦੇ ਧਿਆਨ ਵਿੱਚ ਹਨ, ਜਿਹਨਾਂ ਨੂੰ ਹੱਲ ਕਰਨ ਲਈ ਭਰਪੂਰ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੌਕੇ ਮੰਤਰੀ ਨੇ ਸਪਸ਼ੱਟ ਕੀਤਾ ਕਿ ਵਿਭਾਗ ਦੇ ਕੰਮਕਾਜ ਵਿੱਚ ਪੂਰੀ ਤਰ੍ਹਾਂ ਪਾਰਦਰਸ਼ਤਾ ਵਰਤੀ ਜਾ ਰਹੀ ਹੈ ਅਤੇ ਭ੍ਰਿਸ਼ਟਾਚਾਰ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ ‘ਤੇ ਅਮਲ ਕੀਤਾ ਜਾ ਰਿਹਾ ਹੈ। ਉਹਨਾਂ ਸਭਨਾਂ ਨੂੰ ਅਪੀਲ ਕੀਤੀ ਕਿ ਆਓ, ਅਸੀਂ ਸਾਰੇ ਰਲ-ਮਿਲ ਕੇ ਇੱਕ ਨਵਾਂ, ਤਰੱਕੀਸ਼ੁਦਾ ਅਤੇ ਖੁਸ਼ਹਾਲ ਪੰਜਾਬ ਸਿਰਜੀਏ। ਇਸ ਮੌਕੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਵਿਭਾਗ ਦੇ ਸਕੱਤਰ ਸ੍ਰੀ ਗੁਰਕਿਰਤ ਕ੍ਰਿਪਾਲ ਸਿੰਘ, ਡਾਇਰੈਕਟਰ ਸ੍ਰੀ ਅਭਿਨਵ ਤ੍ਰਿਖਾ ਅਤੇ ਪੰਜਾਬ ਰਾਜ ਡਿੱਪੂ ਹੋਲਡਰ ਯੂਨੀਅਨ (ਸਿੱਧੂ) ਦੇ ਸੂਬਾ ਪ੍ਰਧਾਨ ਅਤੇ ਆਲ ਇੰਡੀਆ ਫੇਅਰ ਪ੍ਰਾਈਜ਼ ਸ਼ਾਪ ਫੈਡਰੇਸ਼ਨ ਦੇ ਵਾਈਸ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਵੀ ਮੌਜੂਦ ਸਨ।
ਬਿਜਲੀ ਮੰਤਰੀ ਨੇ ਆਗਾਮੀ ਝੋਨਾ ਸੀਜਨ ਲਈ ਲੋੜੀਂਦੇ ਕੋਲੇ ਅਤੇ ਬਿਜਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ
ਕਿਹਾ: ਸਾਰੇ ਵਸੀਲਿਆਂ ਤੋਂ ਵੱਧ ਤੋਂ ਵੱਧ ਬਿਜਲੀ ਉਤਪਾਦਨ ਕਰਨ ਅਤੇ ਝੋਨੇ ਦੀ ਸਿੱਧੀ ਬਿਜਾਈ ਲਈ ਬਿਜਲੀ ਦੀ ਨਿਯਮਤ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ
ਪੀ.ਐਸ.ਪੀ.ਸੀ.ਐਲ. ਦੀ ਸ਼ਿਕਾਇਤ ਨਿਵਾਰਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਹਦਾਇਤ
ਸੁਖਜਿੰਦਰ ਮਾਨ
ਚੰਡੀਗੜ, 13 ਮਈ :ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਅੱਜ ਆਗਾਮੀ ਝੋਨੇ ਦੇ ਸੀਜਨ ਦੌਰਾਨ ਲੋੜੀਂਦੇ ਕੋਲੇ ਅਤੇ ਬਿਜਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਪੀ.ਐਸ.ਪੀ.ਸੀ.ਐਲ. ਦੇ ਸਾਰੇ ਵਸੀਲਿਆਂ ਤੋਂ ਵੱਧ ਤੋਂ ਵੱਧ ਬਿਜਲੀ ਉਤਪਾਦਨ ਕਰਨ ਅਤੇ ਝੋਨੇ ਦੀ ਸਿੱਧੀ ਬਿਜਾਈ ਲਈ ਬਿਜਲੀ ਦੀ ਨਿਯਮਤ ਸਪਲਾਈ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਹਨ। ਉਨਾਂ ਝੋਨੇ ਦੇ ਸੀਜਨ ਦੌਰਾਨ ਨਿਰਧਾਰਤ ਬਿਜਲੀ ਸਪਲਾਈ ਦੇਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਕਿ ਸੀਜਨ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਨੂੰ ਦੇਣ ਲਈ ਲੋੜੀਂਦੇ ਠੋਸ ਪ੍ਰਬੰਧ ਮੁਕੰਮਲ ਕਰ ਲਏ ਜਾਣ ਤਾਂ ਜੋ ਕਿਸਾਨਾਂ ਨੂੰ ਨਿਰਧਾਰਤ ਸਮਾਂ ਸੀਮਾ ਅਨੁਸਾਰ ਬਿਜਲੀ ਸਪਲਾਈ ਦਿੱਤੀ ਜਾ ਸਕੇ।
ਬਿਜਲੀ ਮੰਤਰੀ ਨੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ, ਸੀ.ਐਮ.ਡੀ., ਪੀ.ਐਸ.ਪੀ.ਸੀ.ਐਲ. ਸ. ਬਲਦੇਵ ਸਿੰਘ ਸਰਾਂ, ਡਾਇਰੈਕਟਰ ਵੰਡ ਸ. ਡੀ.ਪੀ.ਐਸ. ਗਰੇਵਾਲ ਅਤੇ ਹੋਰਨਾਂ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਆਗਾਮੀ ਝੋਨੇ ਦੇ ਸੀਜਨ ਲਈ ਲੋੜੀਂਦੇ ਕੋਲੇ ਅਤੇ ਬਿਜਲੀ ਦੇ ਪ੍ਰਬੰਧਾਂ ਸੰਬੰਧੀ ਜਾਣਕਾਰੀ ਲਈ ਅਤੇ ਵਿਚਾਰ ਵਟਾਂਦਰਾ ਕੀਤਾ। ਉਨਾਂ ਨੇ ਪੀ.ਐਸ.ਪੀ.ਸੀ.ਐਲ. ਨੂੰ ਸ਼ਿਕਾਇਤ ਨਿਵਾਰਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਮੈਨਪਾਵਰ ਨੂੰ ਵਧਾਉਣ ਅਤੇ ਓਵਰਲੋਡ ਗਰਿੱਡਾਂ, ਲਾਈਨਾਂ ਅਤੇ ਟਰਾਂਸਫਾਰਮਰਾਂ ਨੂੰ ਡੀਲੋਡ ਕਰਨ ਦੇ ਨਿਰਦੇਸ਼ ਦਿੱਤੇ।
ਮੰਤਰੀ ਨੇ ਪੀ.ਐਸ.ਪੀ.ਸੀ.ਐਲ. ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਦੁਆਰਾ ਨੋਟੀਫਾਈ ਕੀਤੇ ਗਏ ਕਾਰਜਕ੍ਰਮ ਅਨੁਸਾਰ ਝੋਨੇ ਦੀ ਸਿੱਧੀ ਬਿਜਾਈ ਲਈ ਖੇਤੀਬਾੜੀ ਸੈਕਟਰ ਨੂੰ ਬਿਜਲੀ ਦੀ ਨਿਯਮਤ ਸਪਲਾਈ ਯਕੀਨੀ ਬਣਾਉਣ। ਉਨਾਂ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਇਹ ਪ੍ਰਣਾਲੀ ਨੂੰ ਅਪਣਾ ਕੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਸਹਿਯੋਗ ਕਰਨ ਅਤੇ ਸੂਬਾ ਸਰਕਾਰ ਵੱਲੋਂ ਦਿੱਤੀ ਜਾ ਰਹੀ 1500 ਰੁਪਏ ਪ੍ਰਤੀ ਏਕੜ ਦੀ ਸਬਸਿਡੀ ਦਾ ਲਾਭ ਲੈਣ।ਬਿਜਲੀ ਮੰਤਰੀ ਨੇ ਸੂਬੇ ਵਿੱਚ ਬਿਜਲੀ ਚੋਰੀ ਦੀ ਸਮੱਸਿਆ ਨੂੰ ਕਾਬੂ ਕਰਨ ਲਈ ਹਦਾਇਤਾਂ ਦਿੱਤੀਆਂ। ਉਨਾਂ ਨੇ ਅਧਿਕਾਰੀਆਂ ਨੂੰ ਸੂਬੇ ਵਿੱਚ ਖਪਤਕਾਰਾਂ ਦੀਆਂ ਸਾਰੀਆਂ ਸ੍ਰੇਣੀਆਂ ਨੂੰ ਨਿਯਮਤ ਅਤੇ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਆਪਣੇ ਯਤਨਾਂ ਵਿੱਚ ਸਹਿਯੋਗ ਕਰਨ ਦਾ ਸੱਦਾ ਦਿੱਤਾ।
ਡੀਟੀਐਫ਼ ਆਗੂਆਂ ਨੇ ਅਧਿਆਪਕ ਮੰਗਾਂ ਦੀ ਪੂਰਤੀ ਲਈ ਡੀਸੀ ਨੂੰ ਦਿੱਤਾ ਮੰਗ ਪੱਤਰ
ਨਵੀਆਂ ਭਰਤੀਆਂ ਮੁਕੰਮਲ ਕਰਨ, ਕੱਚੇ ਅਧਿਆਪਕ ਪੱਕੇ ਕਰਨ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਕੀਤੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 13 ਮਈ: ਡੀ.ਟੀ.ਐੱਫ. ਦੀ ਸਲਾਨਾ ਜਨਰਲ ਕੌਂਸਲ ਦੇ ਫੈਸਲੇ ਅਨੁਸਾਰ ਅਧਿਆਪਕਾਂ ਦੀਆਂ ਤਿੰਨ ਅਹਿਮ ਮੰਗਾਂ ਪੁਰਾਣੀਆਂ ਭਰਤੀਆਂ ਪੂਰੀਆਂ ਕਰਨ ਤੇ ਨਵੀਆਂ ਦੇ ਇਸ਼ਤਿਹਾਰ ਜਾਰੀ ਕਰਨ, ਕੱਚੇ ਅਧਿਆਪਕਾਂ, ਨਾਨ ਟੀਚਿੰਗ ਤੇ ਕੰਪਿਊਟਰ ਫੈਕਲਟੀ ਨੂੰ ਪੂਰੇ ਤਨਖਾਹ ਸਕੇਲਾਂ ‘ਤੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਅਤੇ ਨਵੀਂ ਪੈਨਸ਼ਨ ਸਕੀਮ ਅਧੀਨ ਮੁਲਾਜ਼ਮਾਂ ‘ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਡੀ.ਟੀ.ਐਫ. ਦੀ ਜ਼ਿਲ੍ਹਾ ਇਕਾਈ ਵੱਲੋਂ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਇਨ੍ਹਾਂ ਵਰਗਾਂ ਦੇ ਸੰਘਰਸ਼ਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ, ਸੰਘਰਸ਼ ਦੀ ਹਰ ਪੱਖੋਂ ਹਮਾਇਤ ਕਰਨ ਦਾ ਐਲਾਨ ਵੀ ਕੀਤਾ ਗਿਆ।
ਇਸ ਮੌਕੇ ਡੀ.ਟੀ.ਐਫ. ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ ਜਨਰਲ ਸਕੱਤਰ ਰਾਜੇਸ਼ ਮੌਂਗਾ ਸੂਬਾ ਮੀਤ ਪ੍ਰਧਾਨ ਬੇਅੰਤ ਸਿੰਘ ਫੂਲੇਵਾਲਾ ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਰੋਮਾਣਾ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਪਹਿਲਾਂ ਤੋਂ ਹੀ ਪ੍ਰਕਿਰਿਆ ਅਧੀਨ 35 ਹਜਾਰ ਤੋਂ ਵਧੇਰੇ ਅਸਾਮੀਆਂ, ਜਿਨ੍ਹਾਂ ਵਿੱਚ ਪ੍ਰੀ-ਪ੍ਰਾਇਮਰੀ ਦੀ 8393, ਈ.ਟੀ.ਟੀ. ਦੀ 2364, 6635 + 22 ਅਤੇ 5994 ਭਰਤੀ, ਮਾਸਟਰ ਕਾਡਰ ਦੀ 4161, ਪੀ.ਟੀ.ਆਈ. ਦੀ 643, ਆਰਟ ਐਂਡ ਕਰਾਫਟ, ਲੈਕਚਰਾਰ ਦੀ 343 ਭਰਤੀ, ਕਲਰਕਾਂ ਦੀ ਭਰਤੀ ਅਤੇ 25% ਸਿੱਧੀ ਭਰਤੀ ਕੋਟੇ ਅਨੁਸਾਰ ਸਕੂਲ ਮੁੱਖੀਆਂ ਦੀ ਭਰਤੀ ਸ਼ਾਮਿਲ ਹੈ, ਦੀ ਪ੍ਰਕਿਰਿਆ ਮੁਕੰਮਲ ਕਰਕੇ ਫੌਰੀ ਨਿਯੁਕਤੀ ਪੱਤਰ ਜਾਰੀ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਖਤਮ ਕੀਤੀਆਂ ਪੋਸਟਾਂ ਬਹਾਲ ਕਰਕੇ, ਦਰਜ਼ਾ ਚਾਰ ਤੋਂ ਲੈ ਕੇ ਪਿ੍ਰੰਸੀਪਲਜ਼ ਤੱਕ ਦੀਆਂ ਸਾਰੀਆਂ ਖਾਲੀ ਅਸਾਮੀਆਂ ਦੇ ਨਵੇਂ ਇਸ਼ਤਿਹਾਰ ਜਾਰੀ ਕੀਤੇ ਜਾਣ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਤੇ ਹੋਰ ਅਮਲੇ ਦੀ ਘਾਟ ਪੂਰੀ ਹੋ ਸਕੇ ਅਤੇ ਇਸੇ ਤਰ੍ਹਾਂ ਓਵਰ-ਏਜ ਹੋ ਚੁੱਕੇ ਬੇਰੁਜ਼ਗਾਰਾਂ ਨੂੰ ਉੱਪਰਲੀ ਉਮਰ ਹੱਦ ਵਿੱਚ ਬਣਦੀ ਛੋਟ ਦਿੱਤੀ ਜਾਵੇ। ਡੀਟੀਐਫ ਆਗੂਆਂ ਨੇ ਮੰਗ ਕੀਤੀ ਗਈ ਸਾਰੇ ਕੱਚੇ ਅਧਿਆਪਕਾਂ ਸਮੇਤ ਸਿੱਖਿਆ ਵਲੰਟੀਅਰ, ਪ੍ਰੋਵਾਇਡਰ, ਐੱਨ.ਐੱਸ.ਕਿਊ.ਐੱਫ., ਆਈ.ਈ.ਆਰ.ਟੀ ਅਤੇ ਨਾਨ ਟੀਚਿੰਗ ਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ। ਪੰਜਾਬ ਸਰਕਾਰ ਦੀ 100 ਫੀਸਦੀ ਫੰਡਿੰਗ ਵਾਲੀ ਪਿਕਟਸ ਸੁਸਾਇਟੀ ਅਧੀਨ ਰੈਗੂਲਰ ਤੇ ਕਨਫਰਮਡ ਕੰਪਿਊਟਰ ਫੈਕਲਟੀ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ ਅਤੇ ਇਹਨਾਂ ‘ਤੇ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੇ ਲਾਭ ਲਾਗੂ ਕੀਤੇ ਜਾਣ। ਆਦਰਸ਼ ਸਕੂਲ ਅਤੇ ਮੈਰੀਟੋਰੀਅਸ ਸਕੂਲ ਸਟਾਫ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ। ਪਿਛਲੇ ਇਕ ਦਹਾਕੇ ਤੋਂ ਰੈਗੂਲਰ ਹੋਣ ਦੀ ਉਡੀਕ ਕਰ ਰਹੇ ਓ.ਡੀ.ਐੱਲ. ਅਧਿਆਪਕਾਂ ਦੀ ਪੈਡਿੰਗ ਰੈਗੂਲਰਾਈਜੇਸ਼ਨ ਪੂਰੀ ਕੀਤੀ ਜਾਵੇ। ਇੱਕ ਹੀ ਭਰਤੀ ਇਸ਼ਤਿਹਾਰ ‘ਤੇ ਲਾਗੂ ਕੀਤੇ ਦੋ ਤਰ੍ਹਾਂ ਦੇ ਤਨਖਾਹ ਸਕੇਲ ਰੱਦ ਕਰਕੇ ਮੁੱਢਲੇ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਬਹਾਲ ਕੀਤੀਆਂ ਜਾਣ। ਮਿਤੀ 17-7-20 ਤੋਂ ਬਾਅਦ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ।
ਡੀਟੀਐਫ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਐੱਨ.ਪੀ.ਐੱਸ. ਮੁਲਾਜ਼ਮਾਂ ਦੀ ਸਮੂਹਿਕ ਅਵਾਜ਼ ਤੇ ਹੱਕੀ ਮੰਗ ਨੂੰ ਪਹਿਲ ਅਧਾਰਿਤ ਵਿਚਾਰਦੇ ਹੋਏ, ਮਿਤੀ 01-01-2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ‘ਤੇ ਲਾਗੂ ਬਜ਼ਾਰੂ ਜੋਖਮਾਂ ਅਧਾਰਿਤ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਸਮਾਜਿਕ, ਆਰਥਿਕ ਅਤੇ ਬੁਢਾਪਾ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਲੀ, ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਮੁੜ ਬਹਾਲ ਕੀਤਾ ਜਾਵੇ।ਇਸੇ ਮੰਗ ਨੂੰ ਲੈ ਕੇ 9 ਜੁਲਾਈ ਨੂੰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀ ਅਗਵਾਈ ਵਿਚ ਸੰਗਰੂਰ ਵਿਖੇ ਹੋਣ ਜਾ ਰਹੀ ਸੂਬਾਈ ਕਨਵੈਨਸ਼ਨ ਅਤੇ ਵਿੱਤ ਮੰਤਰੀ ਦੀ ਰਿਹਾਇਸ ਵੱਲ ਮਾਰਚ ਦਾ ਵੀ ਹਿੱਸਾ ਬਣਨ ਦਾ ਫੈਸਲਾ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਧਾਲੀਵਾਲ ਡੀਟੀਐਫ ਦੇ ਜ਼ਿਲ੍ਹਾ ਕਮੇਟੀ ਮੈਂਬਰ ਗੁਰਪਾਲ ਸਿੰਘ ,ਨਰਿੰਦਰ ਬੱਲੂਆਣਾ , ਸੁਨੀਲ ਕੁਮਾਰ ,ਅੰਮਿ੍ਰਤਪਾਲ ਸੈਣੇਵਾਲਾ,ਅਮਨਦੀਪ ਸਿੰਘ ,ਅਮੋਲਕ ਸਿੰਘ , ਪੀਐਸਯੂ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਆਦਿ ਹਾਜਰ ਸਨ ।






