ਸੁਖਜਿੰਦਰ ਮਾਨ
ਬਠਿੰਡਾ, 13 ਮਈ: ਇੱਕ ਵਿਸੇਸ ਪਲੇਸਮੈਂਟ ਡਰਾਈਵ ਦੇ ਤਹਿਤ ਗਿਆਨੀ ਜੈਲ ਸਿੰਘ ਕੈਂਪਸ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਬੀ.ਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਭਾਗ ਦੇ 5 ਵਿਦਿਆਰਥੀਆਂ ਦੀ ਟਰਾਈਡੈਂਟ ਗਰੁੱਪ ਇੰਡੀਆ ਵਿੱਚ ਨੌਕਰੀ ਲਈ ਚੋਣ ਕੀਤੀ ਗਈ। ਕੰਪਨੀ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਸੀ.ਟੀ.ਸੀ. ‘ਤੇ 9 ਲੱਖ ਰੁਪਏ ਸਾਲਾਨਾ ਦੇ ਆਕਰਸਕ ਪੈਕੇਜ ਦੀ ਪੇਸਕਸ ਕੀਤੀ ਹੈ। ਚੁਣੇ ਗਏ ਵਿਦਿਆਰਥੀਆਂ ਦੇ ਨਾਂ ਮਹਿਕ ਜਟਾਣਾ, ਸੰਧਿਆ, ਚਰਨਜੀਤ ਸਿੰਘ, ਮੋਨੀਜਾ, ਜਸਮੀਨ ਹਨ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ.(ਡਾ.) ਬੂਟਾ ਸਿੰਘ ਸਿੱਧੂ, ਰਜਿਸਟਰਾਰ ਡਾ.ਗੁਰਿੰਦਰਪਾਲ ਬਰਾੜ, ਕੈਂਪਸ ਡਾਇਰੈਕਟਰ ਡਾ. ਸੰਜੀਵ ਅਗਰਵਾਲ, ਐਸੋਸੀਏਟ ਡੀਨ ਅਕਾਦਮਿਕ ਡਾ.ਕਵਲਜੀਤ ਸੰਧੂ ਅਤੇ ਡਾਇਰੈਕਟਰ (ਟਰੇਨਿੰਗ ਅਤੇ ਪਲੇਸਮੈਂਟ) ਹਰਜੋਤ ਸਿੰਘ ਸਿੱਧੂ ਨੇ ਇਸ ਕੈਂਪਸ ਦੇ ਵਿਦਿਆਰਥੀਆਂ ਦੀ ਪ੍ਰਮੁੱਖ ਕੰਪਨੀ, ਟ੍ਰਾਈਡੈਂਟ ਗਰੁੱਪ ਦੁਆਰਾ ਮਾਨਤਾ ਪ੍ਰਾਪਤ ਹੋਣ ‘ਤੇ ਬਹੁਤ ਖੁਸੀ ਅਤੇ ਸੰਤੁਸਟੀ ਪ੍ਰਗਟ ਕੀਤੀ। ਪ੍ਰੋ. ਬੂਟਾ ਸਿੰਘ ਸਿੱਧੂ ਨੇ ਟਰਾਈਡੈਂਟ ਦੇ ਚੇਅਰਮੈਨ ਸ੍ਰੀ ਰਜਿੰਦਰ ਗੁਪਤਾ ਦਾ ਐਮ.ਆਰ.ਐਸ.ਪੀ.ਟੀ.ਯੂ. ਦੇ ਵਿਦਿਆਰਥੀਆਂ ਨੂੰ ਗਰੁੱਪ ਨਾਲ ਕੰਮ ਕਰਨ ਦਾ ਮੌਕਾ ਦੇਣ ਲਈ ਧੰਨਵਾਦ ਕੀਤਾ।ਡਾਇਰੈਕਟਰ ਟ੍ਰੇਨਿੰਗ ਅਤੇ ਪਲੇਸਮੈਂਟ ਹਰਜੋਤ ਸਿੰਘ ਸਿੱਧੂ ਨੇ ਕਿਹਾ ਕਿ ਐਮ.ਆਰ.ਐਸ.ਪੀ.ਟੀ.ਯੂ., ਟ੍ਰਾਈਡੈਂਟ ਨਾਲ ਨੇੜਿਓਂ ਜੁੜਿਆ ਹੋਇਆ ਹੈ ਅਤੇ ਭਵਿੱਖ ਵਿੱਚ ਕੰਪਨੀ ਟੈਕਸਟਾਈਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਅਤੇ ਹੋਰਾਂ ਲਈ ਕੈਂਪਸ ਪਲੇਸਮੈਂਟ ਡਰਾਈਵ ਵੀ ਕਰਵਾਏਗੀ।ਕੰਪਿਊਟਰ ਸਾਇੰਸ ਵਿਭਾਗ ਦੀ ਮੁਖੀ ਡਾ: ਜੋਤੀ ਰਾਣੀ ਨੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਪ੍ਰੇਰਿਤ ਕਰਦਿਆਂ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਡਾਇਰੈਕਟਰ-ਟ੍ਰੇਨਿੰਗ ਅਤੇ ਪਲੇਸਮੈਂਟ ਨੇ ਪਲੇਸਮੈਂਟ ਸਲਾਹਕਾਰ ਹਰਅੰਮਿ੍ਰਤਪਾਲ ਸਿੰਘ ਅਤੇ ਮਨਪ੍ਰੀਤ ਕੌਰ ਦੁਆਰਾ ਵਿਦਿਆਰਥੀਆਂ ਦੇ ਤਾਲਮੇਲ ਲਈ ਨਿਭਾਈ ਗਈ ਅਹਿਮ ਭੂਮਿਕਾ ਦੀ ਵੀ ਸਲਾਘਾ ਕੀਤੀ।
ਟ੍ਰਾਈਡੈਂਟ ਗਰੁੱਪ ਇੰਡੀਆ ਵਿੱਚ 9 ਲੱਖ ਦੇ ਪੈਕੇਜ ਨਾਲ 5 ਵਿਦਿਆਰਥੀਆਂ ਦੀ ਕੀਤੀ ਚੋਣ
21 ਮਈ ਨੂੰ ਬਠਿੰਡਾ ’ਚ ਹੋਵੇਗੀ ਜੋਨ ਪੱਧਰੀ ਕਨਵੈਨਸ਼ਨ: ਮਹੀਪਾਲ
ਸੁਖਜਿੰਦਰ ਮਾਨ
ਬਠਿੰਡਾ, 13 ਮਈ :‘ਫਾਸ਼ੀ ਹਮਲਿਆਂ ਵਿਰੋਧੀ ਫਰੰਟ‘ ਦੇ ਸੱਦੇ ‘ਤੇ ਆਉਣ ਵਾਲੀ 21 ਮਈ ਨੂੰ ਬਠਿੰਡਾ ਦੇ ਟੀਚਰਜ ਹੋਮ ਵਿਖੇ ਜੋਨ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ। ਉਕਤ ਜਾਣਕਾਰੀ ਫਰੰਟ ਦੀ ਬਠਿੰਡਾ ਜਿਲ੍ਹਾ ਇਕਾਈ ਦੀ ਮੁਖਤਿਆਰ ਸਿੰਘ ਪੂਹਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸਾਥੀ ਮਹੀਪਾਲ ਨੇ ਦਿੱਤੀ।
ਮੀਟਿੰਗ ਵਿੱਚ ਉਕਤ ਆਗੂਆਂ ਤੋਂ ਬਿਨਾਂ ਫਰੰਟ ਦੀਆਂ ਭਾਈਵਾਲ ਵੱਖੋ-ਵੱਖ ਧਿਰਾਂ ਦੇ ਆਗੂ ਸਰਵ ਸਾਥੀ ਹਰਵਿੰਦਰ ਸਿੰਘ ਸੇਮਾ, ਅਮਰਜੀਤ ਸਿੰਘ ਹਨੀ, ਜਗਜੀਤ ਸਿੰਘ ਲਹਿਰਾ ਮੁਹੱਬਤ ਅਤੇ ਮਿੱਠੂ ਸਿੰਘ ਘੁੱਦਾ ਸ਼ਾਮਲ ਹੋਏ।ਸਾਥੀ ਮਹੀਪਾਲ ਨੇ ਅੱਗੇ ਦੱਸਿਆ ਕਿ ਸੰਘ-ਭਾਜਪਾ ਅਤੇ ਮੋਦੀ ਸਰਕਾਰ ਦੇ ਫਿਰਕੂ-ਫਾਸ਼ੀਵਾਦੀ ਹਮਲਿਆਂ ਖਿਲਾਫ ਅਤੇ ਸੰਘਾਤਮਕ ਢਾਂਚੇ ਤੇ ਮਨੁੱਖੀ ਅਤੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਵਿੱਢਣ ਦਾ ਹੋਕਾ ਦੇਣ ਲਈ ਕੀਤੀ ਜਾ ਰਹੀ ਉਕਤ ਕਨਵੈਨਸ਼ਨ ਨੂੰ ਸੰਬੋਧਨ ਕਰਨ ਲਈ ਫਰੰਟ ਦੇ ਸੂਬਾਈ ਆਗੂ ਪੁੱਜਣਗੇ। ਮੀਟਿੰਗ ਵਿੱਚ ਸ਼ਾਮਲ ਆਗੂਆਂ ਵੱਲੋਂ ਸਮੂਹ ਇਨਸਾਫ ਪਸੰਦ ਤੇ ਪ੍ਰਗਤੀਸ਼ੀਲ ਧਿਰਾਂ ਨੂੰ ਉਕਤ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।
ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਬਿਜਲੀ ਦੀ ਕਿੱਲਤ ਅਤੇ ਧਰਤੀ ਹੇਠਲੇ ਪਾਣੀ ਦੀ ਡਿੱਗਦੀ ਸਤਹ ਦੇ ਤਸੱਲੀਬਖ਼ਸ਼ ਹੱਲ ਲੱਭਣ ਦੀ ਲੋੜ ਉੱਤੇ ਜ਼ੋਰ
ਸੁਖਜਿੰਦਰ ਮਾਨ
ਚੰਡੀਗੜ੍ਹ 12 ਮਈ: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਅੱਜ ਇੱਥੇ ਪ੍ਰੈੱਸ ਕਲੱਬ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਝੋਨੇ ਦੀ ਬਿਜਾਈ ਬਾਰੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇੱਕਤਰਫਾ ਫੈਸਲਿਆਂ ਦੇ ਐਲਾਨ ਨਾਲ ਕਿਸਾਨਾਂ ਅੰਦਰ ਜਾਗੇ ਰੋਸ ਦੇ ਨਿਵਾਰਨ ਲਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮਿਲ਼ ਬੈਠ ਕੇ ਤਸੱਲੀਬਖ਼ਸ਼ ਹੱਲ ਲੱਭਣ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ। ਇਸੇ ਮੌਕੇ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ ਅਤੇ ਰੂਪ ਸਿੰਘ ਛੰਨਾਂ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਬਿਜਲੀ ਦੀ ਕਿੱਲਤ ਬਾਰੇ ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ ਮਿਲ ਬੈਠ ਕੇ ਤਸੱਲੀਬਖ਼ਸ਼ ਹੱਲ ਕੱਢਣ ਦੀ ਥਾਂ ਇੱਕਤਰਫਾ ਫੈਸਲੇ ਲਾਗੂ ਕਰਨੇ ਸ਼ੁਰੂ ਕਰ ਦਿੱਤੇ ਹਨ।ਸਿੱਟੇ ਵਜੋਂ ਸਮੱਸਿਆ ਉਲਝ ਗਈ ਹੈ। ਜਿਵੇਂ ਕਿ ਸਿੱਧੀ ਬਿਜਾਈ ਲਈ 1500 ਰੁਪਏ ਰਿਸਕ ਭੱਤਾ ਕਾਫੀ ਨਹੀਂ ਹੈ, ਜੇਕਰ ਇਹ 10000 ਰੁਪਏ ਪ੍ਰਤੀ ਏਕੜ ਹੁੰਦਾ ਤਾਂ ਕਿਸਾਨਾਂ ਦੇ ਕਾਫ਼ੀ ਵੱਡੇ ਹਿੱਸੇ ਨੇ ਸਿੱਧੀ ਬਿਜਾਈ ਲਈ ਰਾਜ਼ੀ ਹੋ ਜਾਣਾ ਸੀ। ਦੂਜੇ ਨੰਬਰ’ਤੇ ਸਰਕਾਰ ਨੇ ਮੂੰਗੀ, ਬਾਸਮਤੀ ਤੇ ਮੱਕੀ ਦੀ ਸਰਕਾਰੀ ਖਰੀਦ ਦੀ ਗਰੰਟੀ ਨਹੀਂ ਦਿੱਤੀ ਤੀਜੇ ਨੰਬਰ’ਤੇ ਪਛੇਤੇ ਜੋ਼ਨਾਂ ਵਾਲੇ ਕਿਸਾਨਾਂ ਨੂੰ ਬਣਦਾ ਉਤਸ਼ਾਹੀ ਭੱਤਾ ਨਹੀਂ ਦਿੱਤਾ ਗਿਆ। ਜਦੋਂ ਕਿ ਪਛੇਤੇ ਝੋਨੇ ਦਾ ਝਾੜ ਵੀ ਘਟਦਾ ਹੈ; ਵੇਚਣ ਵੇਲੇ ਸਿੱਲ੍ਹ ਦੀ ਸਮੱਸਿਆ ਆਉਂਦੀ ਹੈ; ਕਣਕ ਬੀਜਣ ‘ਚ ਪਛੇਤ ਦਾ ਹਰਜਾ ਹੁੰਦਾ ਹੈ ਅਤੇ ਲੇਟ ਹੋਣ ਕਰਕੇ ਪਰਾਲੀ ਦੇ ਸੰਘਣੇ ਧੂੰਏਂ ਦੀ ਸਮੱਸਿਆ ਵੀ ਵਧ ਜਾਂਦੀ ਹੈ। ਸਾਡਾ ਅਜੇ ਵੀ ਸੁਝਾਅ ਹੈ ਕਿ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਮਿਲ ਬੈਠ ਕੇ ਸਮੱਸਿਆ ਦਾ ਤਸੱਲੀਬਖ਼ਸ਼ ਹੱਲ ਕੱਢੇ।
ਸਮੱਸਿਆ ਦੇ ਲੰਮੇ ਦਾਅ ਦੇ ਹੱਲ ਲਈ ਕਿਸਾਨ ਆਗੂਆਂ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਲਗਾਤਾਰ ਡਿੱਗ ਰਹੀ ਸਤਹ ਦੀ ਅਤੀ ਗੰਭੀਰ ਸਮੱਸਿਆ ਦਾ ਸਾਰਾ ਦੋਸ਼ ਕਿਸਾਨਾਂ ਸਿਰ ਮੜ੍ਹਨਾ ਸਰਾਸਰ ਬੇਇਨਸਾਫ਼ੀ ਹੈ। ਫ਼ਸਲੀ ਵਿਭਿੰਨਤਾ ਦੀ ਕੁਦਰਤੀ ਪ੍ਰਣਾਲੀ ਨੂੰ ਤਹਿਸ ਨਹਿਸ ਕਰ ਕੇ ਪੰਜਾਬ ਵਾਸੀਆਂ ਲਈ ਸਾੜ੍ਹਸਤੀ ਵਰਗੀ ਹਾਲਤ ਪੈਦਾ ਕਰਨ ਵਾਲਾ ਕਣਕ ਝੋਨੇ ਦਾ ਦੋ ਫ਼ਸਲੀ ਚੱਕਰ ਪੰਜਾਬ ਦੇ ਕਿਸਾਨਾਂ ਸਿਰ ਮੜ੍ਹਿਆ ਗਿਆ। ਇਸ ਨਹਿਸ਼ ਫ਼ਸਲੀ ਚੱਕਰ ਨੂੰ ਬਦਲਣ ਲਈ ਅਸੀਂ ਘੱਟ ਪਾਣੀ ਦੀ ਖਪਤ ਵਾਲ਼ੀਆਂ ਫ਼ਸਲਾਂ ਜਿਵੇਂ ਹਰ ਕਿਸਮ ਦੀਆਂ ਦਾਲਾਂ,ਮੱਕੀ,ਬਾਜਰਾ,ਤੇਲ-ਬੀਜ,ਨਰਮਾ, ਫ਼ਲ, ਸਬਜ਼ੀਆਂ ਆਦਿ ਦੀ ਬਿਜਾਈ ਵੱਲ ਮੋੜਾ ਕੱਟਣ ਦੀ ਮੰਗ ਕਰਦੇ ਹਾਂ। ਪ੍ਰੰਤੂ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਸਰਕਾਰ ਵੱਲੋਂ ਇਨ੍ਹਾਂ ਸਾਰੀਆਂ ਫ਼ਸਲਾਂ ਦੇ ਲਾਭਕਾਰੀ ਮੁੱਲ (ਸੀ-2+50% ਅਨੁਸਾਰ) ਤਹਿ ਕਰ ਕੇ ਮੁਕੰਮਲ ਖ੍ਰੀਦ ਦੀ ਗਰੰਟੀ ਕੀਤੀ ਜਾਵੇ।
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਭੂ-ਜਲ-ਭੰਡਾਰ ਦੀ ਮੁੜ ਭਲਾਈ ਲਈ ਬਰਸਾਤੀ ਪਾਣੀ ਅਤੇ ਸਮੁੰਦਰ ਵੱਲ ਜਾ ਰਹੇ ਅਣਵਰਤੇ ਦਰਿਆਈ ਪਾਣੀਆਂ ਨੂੰ ਵਰਤੋਂ ਵਿੱਚ ਲਿਆਉਣ ਅਤੇ ਹੋਰ ਵਿਗਿਆਨਕ ਢੰਗ ਤਰੀਕੇ ਅਪਣਾਉਣ ਲਈ ਪੰਜਾਬ ਸਰਕਾਰ ਵੱਲੋਂ ਢਾਂਚਾ ਉਸਾਰੀ ਕੀਤੀ ਜਾਵੇ ਅਤੇ ਇਸ ਖਾਤਰ ਲੋੜੀਂਦੇ ਬਜਟ ਲਈ ਧਨ-ਜੁਟਾਈ ਕੀਤੀ ਜਾਵੇ ਇਸ ਨਾਲੋਂ ਵੀ ਵੱਡੀ ਗੱਲ ਸੂਬੇ ਦੀਆਂ ਕੁੱਲ ਸਨਅਤੀ ਇਕਾਈਆਂ (ਖਾਸ ਕਰ ਸ਼ਰਾਬ ਫੈਕਟਰੀਆਂ) ਅਤੇ ਸ਼ਹਿਰੀ ਮਲਮੂਤਰ ਦਰਿਆਵਾਂ ਨਹਿਰਾਂ ‘ਚ ਸੁੱਟ ਰਹੀਆਂ ਸੰਸਥਾਵਾਂ ਦੁਆਰਾ ਝੋਨੇ ਦੀ ਫ਼ਸਲ ਨਾਲੋਂ ਕਿਤੇ ਜ਼ਿਆਦਾ ਮਾਤਰਾ ਵਿੱਚ ਪਾਣੀ ਨੂੰ ਪ੍ਰਦੂਸ਼ਿਤ ਕਰ ਕੇ ਸਾਰਾ ਸਾਲ ਬਰਬਾਦ ਕੀਤਾ ਜਾਂਦਾ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਇਸ ਸਿਲਸਿਲੇ ਨੂੰ ਸਮਾਜ ਪ੍ਰਤੀ ਅਪਰਾਧ ਗਰਦਾਨ ਕੇ ਇਸ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦਾ ਕਾਨੂੰਨ ਬਣਾਇਆ ਜਾਵੇ ਅਤੇ ਲਾਗੂ ਕੀਤਾ ਜਾਵੇ। ਇਹ ਗੱਲ ਪ੍ਰਵਾਨ ਕੀਤੀ ਜਾਵੇ ਕਿ ਭੂ-ਜਲ-ਭੰਡਾਰ ਦੀ ਸਤਹ ਡਿੱਗਣ ਦੇ ਦੋਸ਼ੀ ਕਿਸਾਨ ਨਹੀਂ ਸਗੋ ਹਰੇ ਇਨਕਲਾਬ ਦਾ ਮਾਡਲ ਮੜ੍ਹਨ ਵਾਲ਼ੀਆਂ ਤਾਕਤਾਂ ਹਨ।
ਨਿਸਵਾਰਥ ਸੇਵਾ ਭਾਵ ਨਾਲ ਕੰਮ ਕਰਨ ਲਈ ਸਮਰਪਣ ਪੋਰਟਲ ਨਾਲ ਜੁੜੇ ਲੋਕ – ਮਨੋਹਰ ਲਾਲ
ਸਮਰਪਣ ਪੋਰਟਲ ‘ਤੇ ਰਜਿਸਟਰਡ 3500 ਲੋਕਾਂ ਨੂੰ ਜਲਦੀ ਦਿੱਤਾ ਜਾਵੇਗਾ ਸਮਾਜਿਕ ਕੰਮ ਕਰਨ ਦਾ ਮੌਕਾ – ਮੁੱਖ ਮੰਤਰੀ
ਮੁੱਖ ਮੰਤਰੀ ਨੇ ਸਮਰਪਣ ਪੋਰਟਲ ‘ਤੇ ਰਜਿਸਟਰਡ ਕੁੱਝ ਵਾਲੰਟਿਅਰਸ ਦੇ ਨਾਲ ਕੀਤੀ ਮੀਟਿੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 12 ਮਈ :ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਨਿਸਵਾਰਥ ਭਾਵ ਨਾਲ ਕੰਮ ਕਰਨ ਦੇ ਲਈ ਵੱਧ ਤੋਂ ਵੱਧ ਵਾਲੰਟਿਅਰ ਨੂੰ ਸਮਰਪਣ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰ ਜੁੜਨਾ ਚਾਹੀਦਾ ਹੈ। ਹੁਣ ਤਕ ਇਸ ਪੋਰਟਲ ‘ਤੇ ਕਰੀਬ 3500 ਵਾਲੰਟਿਅਰਸ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ ਪਰ ਜਿਵੇਂ ਇਹ ਵਾਲੰਟਿਅਰਸ ਸਮਾਜਿਕ ਕੰਮ ਸ਼ੁਰੂ ਕਰਣਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਇੰਨ੍ਹਾਂ ਦੀ ਗਿਣਤੀ ਸਾਢੇ ਤਿੰਨ ਲੱਖ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਰਜਿਸਟਰਡ ਵਾਲੰਟਿਅਰਸ ਨੂੰ ਸਮਾਜਿਕ ਕੰਮ ਸੌਂਪੇ ਜਾਣਗੇ। ਮੁੱਖ ਮੰਤਰੀ ਅੱਜ ਆਪਣੇ ਨਿਵਾਸ ਸਥਾਨ ‘ਤੇ ਸਮਰਪਣ ਪੋਰਟਲ ‘ਤੇ ਰਜਿਸਟਰਡ ਕੁੱਝ ਵਾਲੰਟਿਅਰਸ ਦੇ ਨਾਲ ਮੀਟਿੰਗ ਦੌਰਾਨ ਬੋਲ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਿਸਟਮ ਦੇ ਤਹਿਤ ਬਹੁਤ ਸਾਰੇ ਕੰਮ ਕੀਤੇ ਜਾਂਦੇ ਹਨ। ਇਸ ਸਿਸਟਮ ਨੂੰ ਸੰਭਾਲਣ ਲਈ ਆਈਏਐਸ ਅਧਿਕਾਰੀ ਤੋਂ ਲੈ ਕੇ ਕਰਮਚਾਰੀ ਤਕ ਕੰਮ ਕਰਦੇ ਹਨ। ਇਸ ਲਗਾਤਾਰ ਜਾਰੀ ਪ੍ਰਕ੍ਰਿਆ ਦੌਰਾਨ ਉਨ੍ਹਾਂ ਨੂੰ ਧਿਆਨ ਵਿਚ ਆਇਆ ਕਿ ਕੁੱਝ ਅਜਿਹੇ ਲੋਕਾਂ ਨੂੰ ਵੀ ਇਸ ਸਿਸਟਮ ਨਾਲ ਜੋੜਨਾ ਚਾਹੀਦਾ ਹੈ ਜੋ ਸਰਕਾਰ ਦੇ ਕੰਮਾਂ ਵਿਚ ਸੇਵਾ ਭਾਵ ਨਾਲ ਆਪਣਾ ਯੋਗਦਾਨ ਦੇਣ। ਇਸੀ ਸੋਚ ਨੂੰ ਧਿਆਨ ਵਿਚ ਰੱਖ ਕੇ ਸਮਰਪਣ ਪੋਰਟਲ ਦੀ ਸ਼ੁਰੂਆਤ ਕੀਤੀ ਗਈ। ਅੱਜ ਸੇਵਾਮੁਕਤ ਕਰਮਚਾਰੀਆਂ ਦਾ ਇਕ ਬਹੁਤ ਵੱਡਾ ਵਰਗ ਹੈ, ਜੋ ਸਮਾਜ ਦੇ ਹਿੱਤ ਵਿਚ ਆਪਣਾ ਬਚਿਆ ਹੋਈ ਸਮੇਂ ਲਗਾਉਣਾ ਚਾਹੁੰਦਾ ਹੈ। ਅਜਿਹੇ ਲੋਕ ਵੱਧ ਤੋਂ ਵੱਧ ਗਿਣਤੀ ਵਿਚ ਇਸ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾ ਕੇ ਇਸ ਸੇਵਾ ਭਾਵ ਦੇ ਯੱਗ ਵਿਚ ਸ਼ਾਮਿਲ ਹੋ ਸਕਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਸਮੇਂ ਵਿਚ ਵਾਲੰਟਿਅਰਸ ਦੇ ਲਈ ਇਕ ਪੋਰਟਲ ਬਣਾਇਆ ਸੀ। ਇਸ ਪੋਰਟਲ 70 ਹਜਾਰ ਵਾਲੰਟਿਅਰਸ ਨੇ ਰਜਿਸਟ੍ਰੇਸ਼ਨ ਕੀਤਾ ਸੀ। ਸਰਕਾਰ ਨੇ ਇੰਨ੍ਹਾਂ ਸਾਰਿਆਂ ਦੀ ਸੂਚੀ ਜਿਲ੍ਹਿਆਂ ਵਿਚ ਭੇਜੀ ਅਤੇ ਜਿਲ੍ਹਾ ਡਿਪਟੀ ਕਮਿਸ਼ਨਰ ਨੇ ਇੰਨ੍ਹਾਂ ਨੂੰ ਕੰਮ ਸੌਂਪੇ। ਲੋਕਾਂ ਨੇ ਸੇਵਾਭਾਵ ਨਾਲ ਇਸ ਵਿਚ ਵੱਧ-ਚੜ ਕੇ ਹਿੱਸਾ ਲਿਆ। ਇਸੀ ਤਰ੍ਹਾ ਹੁਣ ਸਮਰਪਣ ਪੋਰਟਲ ‘ਤੇ ਵੱਡੀ ਗਿਣਤੀ ਵਿਚ ਜੁੜ ਕੇ ਸਮਾਜਿਕ ਕੰਮਾਂ ਵਿਚ ਯੋਗਦਾਨ ਦੇਣ ਦੀ ਜਰੂਰਤ ਹੈ। ਇਸ ਦੇ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ।
ਜਲਦੀ ਦਿੱਤੀ ਜਾਵੇਗੀ ਸਾਰੇ ਵਾਲੰਟਿਅਰ ਨੂੰ ਜਿਮੇਵਾਰੀ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਮਰਪਣ ਪੋਰਟਲ ‘ਤੇ ਹੁਣ ਤਕ ਰਜਿਸਟਰਡ 3500 ਵਾਲੰਟਿਅਰਸ ਨੂੰ ਜਲਦੀ ਜਿਮੇਵਾਰੀ ਦਿੱਤੀ ਜਾਵੇਗੀ। ਸਰਕਾਰ ਲਾਇਨ ਵਿਚ ਖੜੇ ਆਖੀਰੀ ਵਿਅਕਤੀ ਤਕ ਲਾਭ ਪਹੁੰਚਾਉਣ ਲਈ ਪ੍ਰਤੀਬੱਧ ਹੈ। ਇਸੀ ਦੇ ਚਲਦੇ ਪਰਿਵਾਰ ਪਹਿਚਾਣ ਪੱਤਰ (ਪੀਪੀਪੀ) ਦਾ ਕੰਮ ਲਗਾਤਾਰ ਚੱਲ ਰਿਹਾ ਹੈ। ਪੀਪੀਪੀ ਦੇ ਤਹਿਤ ਤਸਦੀਕ ਦਾ ਸਰਵੇ ਵੀ ਜਾਰੀ ਹੈ। ਇਸ ਸਰਵੇ ਨੂੰ ਹੋਰ ਵੱਧ ਮਜਬੂਤ ਕਰਨ ਲਈ ਸਮਰਪਣ ਪੋਰਟਲ ‘ਤੇ ਰਜਿਸਟਰਡ ਕੁੱਝ ਵਾਲੰਟਿਅਰਸ ਦੀ ਮਦਦ ਲਈ ਜਾਵੇਗੀ। ਇਸੀ ਤਰ੍ਹਾ ਭਵਿੱਖ ਵਿਚ ਵੱਖ-ਵੱਖ ਕੰਮਾਂ ਵਿਚ ਜਿੱਥੇ ਇੰਨ੍ਹਾਂ ਦੀ ਜਰੂਰਤ ਮਹਿਸੂਸ ਹੋਵੇਗੀ, ਉੱਥੇ ਕੰਮਾਂ ਦੀ ਜਿਮੇਵਾਰੀ ਵੀ ਯੌਂਪਿਆ ਜਾਵੇਗਾ। ਹੌਲੀ-ਹੌਲੀ ਇਹ ਟੀਮ ਕਾਰਜ ਕਰੇਗੀ ਤਾਂ ਪ੍ਰੇਰਣਾਭਾਵ ਨਾਲ ਅਤੇ ਵਾਲੰਟਿਅਰਸ ਵੀ ਇਸ ਪੋਰਟਲ ਨਾਲ ਜੁੜਨ ਲਈ ਅੱਗੇ ਆਉਣਗੇ।
ਇਸ ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਪ੍ਰਿੰਸੀਪਲ ਓਐਸਡੀ ਨੀਰਜ ਦਫਤੁਆਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਵਿਦੇਸ਼ ਸਹਿਯੋਗ ਵਿਭਾਗ ਦੇ ਪ੍ਰਧਾਨ ਸਕੱਤਰ ਯੋਗੇਂਦਰ ਚੌਧਰੀ, ਸਕੱਤਰ ਵਿੱਤ-ਕਮ-ਸਲਾਹਕਾਰ ਸੋਫਿਅਆ ਦਹਿਆ ਅਤੇ ਪੂਰੇ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਤੋਂ ਆਏ ਸਮਰਪਣ ਪੋਰਟਲ ਦੇ ਵਾਲੰਟਿਅਰਸ ਮੌਜੂਦ ਰਹੇ।
ਗ੍ਰਹਿ ਮੰਤਰੀ ਅਨਿਲ ਵਿਜ ਨੂ ਬ੍ਰਾਹਮਣ ਸੰਗਠਨ, ਅੰਬਾਲਾ ਦੇ ਅਧਿਕਾਰੀਆਂ ਨੇ ਕੀਤਾ ਸਨਮਾਨਿਤ
ਸੁਖਜਿੰਦਰ ਮਾਨ
ਚੰਡੀਗੜ੍ਹ, 12 ਮਈ : ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੂੰ ਅੱਜ ਬ੍ਰਾਹਮਣ ਸੰਗਠਨ, ਅੰਬਾਲਾ ਦੇ ਅਧਿਕਾਰੀਆਂ ਨੇ ਸ਼ਾਲ ਦੇ ਕੇ ਤੇ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸ੍ਰੀ ਵਿਜ ਨੂੰ ਅੱਜ ਸੰਗਠਨ ਦੇ ਅਧਿਕਾਰੀਆਂ ਨੇ ਪਰਸ਼ੂਰਾਮ ਜਨਮ ਉਤਸਵ ਦੇ ਮੌਕੇ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਦੇ ਤਹਿਤ ਸਨਮਾਨਿਤ ਕੀਤਾ।
ਸੰਗਠਨ ਦੀ ਚੇਅਰਮੈਨ ਸ੍ਰੀਮਤੀ ਨੀਲਮ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਰਸ਼ੂਰਾਮ ਜਨਮਉਤਸਵ ਹਰ ਸਾਲ ਪ੍ਰਬੰਧਿਤ ਕੀਤਾ ਜਾਂਦਾ ਹੈ ਅਤੇ ਇਸ ਪ੍ਰੋਗ੍ਰਾਮ ਵਿਚ ਵੱਖ-ਵੱਖ ਖੇਤਰਾਂ ਵਿਚ ਵਧੀਆ ਕੰਮ ਕਰਨ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਮੌਕੇ ‘ਤੇ ਸੰਗਠਨ ਦੇ ਚੇਅਰਮੈਨ ਰਮੇਸ਼ ਸ਼ਰਮਾ, ਸੀਨੀਅਰ ਵਾਇਸ ਪ੍ਰੈਸੀਡੈਂਟ ਦੀਪਕ ਸ਼ਰਮਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਨੇ ਕੀਤੀ ਖੇਡੋ ਇੰਡੀਆ ਯੂਥ ਗੇਮਸ-2021 ਦੀ ਤਿਆਰੀਆਂ ਦੇ ਸਬੰਧ ਵਿਚ ਮੀਟਿੰਗ
ਅਗਾਮੀ ਦਿਨਾਂ ਵਿਚ ਵੱਖ-ਵੱਖ ਇਵੇਂਟ ਕੀਤੇ ਜਾਣਗੇ ਪ੍ਰਬੰਧਿਤ
ਖੇਡੋ ਇੰਡੀਆ ਯੂਥ ਗੇਮਸ-2021 ਦੇ ਤਹਿਤ ਕੀਤੇ ਜਾ ਰਹੇ ਰਾਹਗਿਰੀ ਪ੍ਰੋਗ੍ਰਾਮਾਂ ਵਿਚ ਲੋਕ ਬਹੁਤ ਉਤਸਾਹ ਦੇ ਨਾਲ ਲੈ ਰਹੇ ਹਿੱਸਾ
ਸੁਖਜਿੰਦਰ ਮਾਨ
ਚੰਡੀਗੜ੍ਹ, 12 ਮਈ: ਹਰਿਆਣਾ ਵਿਚ ਹੋਣ ਜਾ ਰਹੇ ਖੇਡੋ ਇੰਡੀਆ ਯੁਥ ਗੇਮਸ-2021 ਦਾ ਖੁਮਾਰ ਜਨ-ਜਨ ਤਕ ਪਹੁੰਚ ਰਿਹਾ ਹੈ। ਹਰਿਆਣਾ ਦੇ ਨਾਲ-ਨਾਲ ਹੋਰ ਸੂਬਿਆਂ ਵਿਚ ਵੀ ਇੰਨ੍ਹਾਂ ਖੇਡਾਂ ਦੀ ਖੂਬ ਚਰਚਾ ਹੋ ਰਹੀ ਹੈ। ਇਸੀ ਲੜੀ ਵਿਚ ਇੰਨ੍ਹਾਂ ਖੇਡਾਂ ਨੂੰ ਹੋਰ ਮਨਰੰਜਕ ਬਨਾਉਣ ਲਈ ਮੁੱਖ ਸਥਾਨਾਂ ‘ਤੇ ਸੇਲਫੀ ਪੁਆਇੰਟ ਤੇ ਗ੍ਰਾਫਿਟੀ ਵਾਲ ਵੀ ਬਣਾਈ ਜਾਵੇਗੀ। ਨਾਲ ਹੀ, ਮਾਲਸ ਆਦਿ ਵਿਚ ਫਲੈਸ਼ ਮਾਬ ਰਾਹੀਂ ਲੋਕਾਂ ਦੀ ਭਾਗੀਦਾਰੀ ਯਕੀਨੀ ਕੀਤੀ ਜਾਵੇਗੀ।
ਹਰਿਆਣਾ ਦੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਨੇ ਅੱਜ ਇੱਥੇ ਖੇਡੋ ਇੰਡੀਆ ਯੂਥ ਗੇਮਸ-2021 ਦੀ ਤਿਆਰੀਆਂ ਦੇ ਸਬੰਧ ਵਿਚ ਵੱਖ-ਵੱਖ ਹਿੱਤਧਾਰਕਾਂ ਅਤੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਇੰੰਨ੍ਹਾਂ ਖੇਡਾਂ ਵਿਚ ਪ੍ਰਤੀਭਾਗੀਆਂ ਅਤੇ ਦਰਸ਼ਕਾਂ ਦੋਵਾਂ ਦੇ ਲਈ ਸਾਰੇ ਜਰੂਰੀ ਸਹੂਲਤਾਂ ਦੀ ਵਿਵਸਥਾ ਯਕੀਨੀ ਕੀਤੀ ਜਾਵੇ, ਤਾਂ ਜੋ ਕਿਸੇ ਨੂੰ ਵੀ ਕੋਈ ਸਮਸਿਆ ਨਾ ਆਵੇ।
ਸੈਲਫੀ ਪੁਆਇੰਟ, ਗ੍ਰਾਫਿਟੀ ਵਾਲ ਅਤੇ ਫਲੈਸ਼ ਮਾਬ ਰਾਹੀਂ ਲੋਕਾਂ ਦੀ ਭਾਗੀਦਾਰੀ ਹੋਵੇਗੀ ਯਕੀਨੀ
ਡਾ. ਅਮਿਤ ਅਗਰਵਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਇਸ ਸ਼ਾਨਦਾਰ ਪ੍ਰਬੰਧ ਨੂੰ ਪ੍ਰਤੀਭਾਗੀਆਂ ਅਤੇ ਦਰਸ਼ਕਾਂ ਦੋਵਾਂ ਦੇ ਲਈ ਯਾਦਗਾਰ ਬਣਾਉਣਾ ਹੈ। ਇਸੀ ਉਦੇਸ਼ ਨਾਲ ਖੇਡੋ ਇੰਡੀਆਂ ਯੂਥ ਗੇਮਸ-2021 ਦੇ ਤਹਿਤ ਸਾਰੇ ਜਿਲ੍ਹਿਆਂ ਵਿਚ ਰਾਹਗਿਰੀ ਪ੍ਰੋਗ੍ਰਾਮ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਲੋਕ ਬਹੁਤ ਉਮੰਗ ਤੇ ਉਤਸਾਹ ਨਾਲ ਇੰਨ੍ਹਾਂ ਪ੍ਰੋਗ੍ਰਾਮਾਂ ਵਿਚ ਹਿੱਸਾ ਲੈ ਰਹੇ ਹਨ। ਨਾਲ ਹੀ, ਧਾਕੜ ਆਨ ਵਹੀਲ ਇਕ ਵਾਹਨ ਜਿਸ ‘ਤੇ ਮਸ਼ਾਲ ਤੇ ਮਸਕਟ ਲਗਿਆ ਹੈ, ਪੂਰੇ ਸੂਬੇ ਦਾ ਦੌਰਾ ਵੀ ਕਰ ਰਿਹਾ ਹੈ। ਇਸ ਤੋਂ ਇਲਾਵਾ, ਆਗਾਮੀ ਦਿਨਾਂ ਵਿਚ ਵੱਖ-ਵੱਖ ਖੇਡ ਇਵੇਂਟ ਵੀ ਪ੍ਰਬੰਧਿਤ ਕੀਤੇ ਜਾਣਗੇ।ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਤੇ ਖੇਡ ਪਰਿਸਰਾਂ, ਜਿੱਥੇ ਇਹ ਖੇਡ ਪ੍ਰਬੰਧਿਤ ਕੀਤੇ ਜਾਣਗੇ, ਉੱਥੇ ਮਸਕਟ ਜਾਂ ਹੋਰ ਖਿੱਚਣ ਵਾਲੇ ਪ੍ਰਤੀਕ ਚਿੰਨ੍ਹਾਂ ਦੇ ਨਾਲ ਸੈਲਫੀ ਪੁਆਇੰਟ ਬਣਾਏ ਜਾਣਗੇ, ਤਾਂ ਜੋ ਦਰਸ਼ਕ ਇਸ ਪ੍ਰਬੰਧ ਦੀ ਵਿਲੱਖਣ ਯਾਦਾਂ ਆਪਣੇ ਨਾਲ ਵਾਪਸ ਲੈ ਜਾ ਸਕਣ। ਇਸ ਤੋਂ ਇਲਾਵਾ, ਪੇਂਡੂ ਖੇਤਰ ਦੇ ਖੇਡ ਸਟੇਡੀਅਮਾਂ ਅਤੇ ਸਕੂਲ ਤੇ ਕਾਲਜ ਦੀ ਦੀਵਾਰਾਂ ‘ਤੇ ਗ੍ਰਾਡਿਟੀ ਵਾਲ ਵੀ ਸਥਾਪਿਤ ਕੀਤੀ ਜਾਵੇਗੀ।
ਗ੍ਰਾਫਿਟੀ ਆਰਟ ਯਾਨੀ ਦੀਵਾਰਾਂ ਵਿਚ ਕੀਤੀ ਜਾਣ ਵਾਲੀ ਜਾਣਕਾਰੀਪਰਕ ਪੇਟਿੰਗ
ਗ੍ਰਾਫਿਟੀ ਆਰਟ ਰਾਹੀਂ ਖੇਡੋ ਇੰਡੀਆ ਯੂਥ ਗੇਮਸ-2021 ਨੂੰ ਹੋਰ ਵੱਧ ਮਨੋਰੰਜਕ ਬਣਾਇਆ ਜਾਵੇਗਾ। ਦੀਵਾਰਾਂ ‘ਤੇ ਵੱਖ-ਵੱਖ ਰੰਗਾਂ ਰਾਹੀਂ ਪੇਂਟਿੰਗ ਬਣਾਈ ਜਾਵੇਗੀ, ਜਿਸ ਨੂੰ ਦੇਖ ਕੇ ਲੋਕਾਂ ਨੂੰ ਇੰਨ੍ਹਾਂ ਖੇਡਾਂ ਦੇ ਬਾਰੇ ਵਿਚ ਜਾਣਕਾਰੀ ਮਿਲੇਗੀ।
ਫਲੈਸ਼ ਮਾਬ
ਇੰਨ੍ਹਾਂ ਖੇਡਾ ਦਾ ਪ੍ਰਚਾਰ -ਪ੍ਰਸਾਰ ਕਰਨ ਤੇ ਲੋਕਾਂ, ਵਿਸ਼ੇਸ਼ਕਰ ਨੌਜੁਆਨਾਂ ਨੂੰ ਖੇਡਾਂ ਨਾਲ ਜੋੜਨ ਦੇ ਲਈ ਮਾਲਸ ਆਦਿ ਸਥਾਨਾਂ ਵਿਚ ਫਲੈਸ਼ਮਾਬ ਰਾਹੀਂ ਵੱਢ-ਵੱਖ ਗਤੀਵਿਧੀਆਂ ਪ੍ਰਬੰਧਿਤ ਕੀਤੀਆਂ ਜਾਣਗੀਆਂ। ਫਲੈਸ਼ ਮਾਬ ਅਜਿਹੇ ਲੋਕਾਂ ਦਾ ਇਕ ਸਮੂਹ ਹੁੰਦਾ ਹੈ ਜੋ ਜਨਤਕ ਸਥਾਨ ‘ਤੇ ਇਕੱਠਾ ਹੁੰਦੇ ਹਨ ਅਤੇ ਮਨੋਰੰਜਨ, ਵਿਅੰਗ ਅਤੇ ਕਲਾ ਨਾਲ ਅਭੀਵਿਅਕੀਤ ਦੇ ਉਦੇਸ਼ਾਂ ਨਾਲ ਵੱਖ-ਵੱਖ ਗਤੀਵਿਧੀਆਂ ਕਰਦੇ ਹਨ। ਇੰਨ੍ਹਾਂ ਗਤੀਵਿਧੀਆਂ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਜੋੜਿਆ ਜਾਵੇਗਾ।
4 ਜੂਨ ਤੋਂ 13 ਜੂਨ, 2022 ਤਕ ਚੱਲਣਗੇ ਖੇਡ
ਖੇਡੋ ਇੰਡੀਆ ਯੂਥ ਗੇਮਸ-2021 ਦਾ ਪ੍ਰਬੰਧ 4 ਜੂਨ ਤੋਂ 13 ਜੂਨ, 2022 ਤਕ ਰਾਜ ਸਰਕਾਰ ਅਤੇ ਭਾਰਤੀ ਖੇਡ ਅਥਾਰਿਟੀ (ਸਾਈ), ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋ ਸੰਯੁਕਤ ਰੂਪ ਨਾਲ ਕੀਤਾ ਜਾ ਰਿਹਾ ਹੈ। ਇਸ ਸ਼ਾਨਦਾਰ ਪ੍ਰਬੰਧ ਵਿਚ 25 ਤਰ੍ਹਾ ਦੇ ਖੇਡ ਪ੍ਰਬੰਧਿਤ ਹੋਣਗੇ, ਜਿਨ੍ਹਾਂ ਵਿਚ ਪੰਜ ਪਰੰਪਰਾਗਤ ਖੇਡ ਜਿਵੇਂ ਗਤਕਾ, ਕਲਾਰੀਪੱਟੂ, ਥਾਂਗ-ਤਾ, ਮਲਖੰਭ ਅਤੇ ਯੋਗਾਸਨ ਸ਼ਾਮਿਲ ਹਨ। ਇਹ ਖੇਡ ਪੰਜ ਸਥਾਨਾਂ ਪੰਚਕੂਲਾ, ਅੰਬਾਲਾ, ਸ਼ਾਹਬਾਦ, ਚੰਡੀਗੜ੍ਹ ਅਤੇ ਦਿੱਲੀ ਵਿਚ ਪ੍ਰਬੰਧਿਤ ਹੋਣਗੇ। ਖੇਡੋਂ ਇੰਡੀਆ ਯੂਥ ਗੇਮਸ-2021 ਵਿਚ 8500 ਤੋਂ ਵੱਧ ਏਥਲੀਟਸ ਹਿੱਸਾ ਲੈਣਗੇ। ਇਸ ਤੋਂ ਇਲਾਵਾ ਲੱਖਾਂ ਦਰਸ਼ਕ ਇੰਨ੍ਹਾਂ ਖੇਡਾਂ ਦੇ ਗਵਾਹ ਬਨਣਗੇ।
ਮੀਟਿੰਗ ਵਿਚ ਖੇਡ ਵਿਭਾਗ ਦੇ ਨਿਦੇਸ਼ਕ ਪੰਕਜ ਨੈਨ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੀ ਵਧੀਕ ਨਿਦੇਸ਼ਕ (ਪ੍ਰਸਾਸ਼ਨ) ਸ੍ਰੀਮਤੀ ਵਰਸ਼ਾ ਖੰਗਵਾਲ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਸ੍ਰੀ ਅਮਨ ਕੁਮਾਰ ਸਮੇਤ ਖੇਡ ਤੇ ਜਨਸੰਪਰਕ ਵਿਭਾਗ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ।
ਪੰਜਾਬ ‘ਚ ਪਹਿਲੀ ਵਾਰ “ਜਨਤਾ ਦਾ ਬਜਟ ਜਨਤਾ ਲਈ” ਪੇਸ਼ ਕਰਾਂਗੇ: ਹਰਪਾਲ ਸਿੰਘ ਚੀਮਾ
• ਕਿਹਾ, ‘ਜਨਤਾ ਬਜਟ’ ‘ਤੇ 20,000 ਤੋਂ ਵੱਧ ਸੁਝਾਅ ਪ੍ਰਾਪਤ ਹੋਏ
• ਉਦਯੋਗਪਤੀਆਂ ਵੱਲੋਂ 500 ਤੋਂ ਵੱਧ ਮੈਮੋਰੰਡਮ ਦਿੱਤੇ ਗਏ
• ਤਕਰੀਬਨ ਦੋ ਤਿਹਾਈ ਸੁਝਾਅ ਨੌਜਵਾਨਾਂ ਤੋਂ ਅਤੇ ਪੰਜ ਵਿੱਚੋਂ ਇੱਕ ਸੁਝਾਅ ਮਹਿਲਾਵਾਂ ਤੋਂ ਹੋਇਆ ਪ੍ਰਾਪਤ
ਸੁਖਜਿੰਦਰ ਮਾਨ
ਚੰਡੀਗੜ੍ਹ, 12 ਮਈ:ਪੰਜਾਬ ਦੇ ਵਿੱਤ ਅਤੇ ਯੋਜਨਾਬੰਦੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਣ ਵਾਲਾ ਪੰਜਾਬ ਦਾ ਬਜਟ ਲੋਕਾਂ ਦੇ ਸੁਝਾਵਾਂ ਅਤੇ ਮਸ਼ਵਰਿਆਂ ਦੇ ਆਧਾਰ ‘ਤੇ ਤਿਆਰ ਕੀਤਾ ਜਾਵੇਗਾ ਜੋ ਸਾਰੇ ਪੰਜਾਬੀਆਂ ਦੀਆਂ ਭਾਵਨਾਵਾਂ ਅਤੇ ਵਿਚਾਰਾਂ ਦਾ ਸਹੀ ਪ੍ਰਗਟਾਵਾ ਹੋਵੇਗਾ।ਇੱਥੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਬਜਟ ਤਿਆਰ ਕਰਨ ਲਈ ਜਨਤਾ ਦੀ ਸਲਾਹ ਲੈਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਨੂੰ ਕਿ ਜਨਤਾ ਦਾ ਭਾਰੀ ਸਮਰਥਨ ਮਿਲਿਆ ਹੈ। ਉਹਨਾਂ ਕਿਹਾ ਕਿ ਲੋਕਾਂ ਨੇ ਬਹੁਤ ਖੁੱਲ੍ਹ ਕੇ ਸੁਝਾਅ ਦਿੱਤੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਬਜਟ ਪੇਸ਼ ਕਰਨ ਵੇਲੇ ਸਭਨਾਂ ਲੋਕਾਂ, ਉਦਯੋਗਪਤੀਆਂ, ਵਪਾਰਕ ਸੰਗਠਨਾਂ, ਨੌਜਵਾਨਾਂ, ਔਰਤਾਂ ਅਤੇ ਬਾਕੀ ਹਰ ਖੇਤਰ ਦੇ ਨੁਮਾਇੰਦਿਆਂ ਵਲੋਂ ਪੇਸ਼ ਕੀਤੇ ਸੁਝਾਅ ਅਤੇ ਮਸ਼ਵਰਿਆਂ ‘ਤੇ ਗੌਰ ਕੀਤਾ ਜਾਵੇਗਾ।
ਵਿੱਤ ਮੰਤਰੀ ਨੇ ਕਿਹਾ ਕਿ ਪੋਰਟਲ ਅਤੇ ਈਮੇਲਾਂ ‘ਤੇ ਮਿਲੇ 20,000 ਤੋਂ ਵੱਧ ਸੁਝਾਵਾਂ ‘ਚੋਂ ਦੋ ਤਿਹਾਈ ਸੁਝਾਅ ਨੌਜਵਾਨਾਂ ਤੋਂ ਮਿਲੇ ਹਨ, ਜਿਨ੍ਹਾਂ ਨੇ ਅਤਿ-ਆਧੁਨਿਕ ਅਕਾਦਮਿਕ ਸਹੂਲਤਾਂ ਨਾਲ ਬਿਹਤਰ ਸਿੱਖਿਆ, ਰੁਜ਼ਗਾਰ ਦੇ ਵਧੇਰੇ ਮੌਕੇ, ਈ-ਗਵਰਨੈਂਸ ਪਹਿਲਕਦਮੀਆਂ ਦੀ ਮੰਗ ਉਠਾਈ ਹੈ। ਜਨਤਾ ਬਜਟ ਦੀ ਪ੍ਰਕਿਰਿਆ ਵਿੱਚੋਂ ਸਾਹਮਣੇ ਆਏ ਮੁੱਖ ਮੁੱਦਿਆਂ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ, ਸਿੱਖਿਆ ਅਤੇ ਸਿਹਤ ਦੇ ਬੁਨਿਆਦੀ ਢਾਂਚੇ ‘ਤੇ ਵੱਧ ਖਰਚ ਕਰਨਾ, ਸੂਬੇ ਦੇ ਸਰਵਪੱਖੀ ਵਿਕਾਸ ਲਈ ਬਿਜਲੀ ਅਤੇ ਉਦਯੋਗ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਾ ਸ਼ਾਮਲ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਉਦਯੋਗਪਤੀਆਂ ਤੋਂ 500 ਤੋਂ ਵੱਧ ਲਿਖਤੀ ਮੈਮੋਰੰਡਮ ਵੀ ਪ੍ਰਾਪਤ ਹੋਏ ਹਨ, ਜਿਨ੍ਹਾਂ ਨੇ ਵਪਾਰ ਪੱਖੀ ਮਾਹੌਲ, ਅਤਿ-ਆਧੁਨਿਕ ਬੁਨਿਆਦੀ ਢਾਂਚਾ, ਇੰਸਪੈਕਟਰ ਰਾਜ ਦੇ ਖਾਤਮੇ, ਨਿਯਮਾਂ ਦੇ ਸਰਲੀਕਰਨ ਦੇ ਨਾਲ ਕਾਰੋਬਾਰ ਕਰਨ ਵਿੱਚ ਅਸਾਨੀ ਅਤੇ ਗੈਰ ਕਾਨੂੰਨੀ ਅਭਿਆਸਾਂ ਨੂੰ ਰੋਕਣ ਲਈ ਬਿਹਤਰ ਲਾਗੂਕਰਨ ਦੀ ਮੰਗ ਕੀਤੀ ਹੈ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਹਰ ਪੰਜ ਵਿੱਚੋਂ ਇੱਕ ਸੁਝਾਅ ਮਹਿਲਾਵਾਂ ਵੱਲੋਂ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਲੜਕੀਆਂ ਲਈ ਬਰਾਬਰ ਮੌਕੇ ਅਤੇ ਬਿਹਤਰ ਸਿਹਤ ਅਤੇ ਸਿੱਖਿਆ ਸਹੂਲਤਾਂ ਦੀ ਮੰਗ ਕੀਤੀ ਹੈ।ਸੁਝਾਵਾਂ ਬਾਰੇ ਸਪੱਸ਼ਟ ਰੂਪ ਵਿੱਚ ਦੱਸਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਕੁੱਲ 20,384 ਸੁਝਾਵਾਂ ਵਿੱਚੋਂ ਜਨਤਾ ਪੋਰਟਲ ‘ਤੇ 14,859 ਸੁਝਾਅ ਆਏ ਹਨ ਜਦਕਿ ਈਮੇਲਾਂ ‘ਤੇ 5025 ਅਤੇ 500 ਪੱਤਰ ਅਤੇ ਮੈਮੋਰੰਡਮ ਦਸਤੀ ਪ੍ਰਾਪਤ ਹੋਏ ਹਨ।
ਜਨਸੰਖਿਆ ਦੇ ਅੰਕੜਿਆਂ ਦਾ ਖੁਲਾਸਾ ਕਰਦਿਆਂ ਉਹਨਾਂ ਕਿਹਾ ਕਿ 72.70 ਫ਼ੀਸਦ ਸੁਝਾਅ ਪੁਰਸ਼ ਵਰਗ ਤੋਂ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚ ਸਭ ਤੋਂ ਵੱਧ 31 ਤੋਂ 40 ਉਮਰ ਵਰਗ ਤੋਂ (45.42 ਫ਼ੀਸਦ) ਪ੍ਰਾਪਤ ਹੋਏ ਹਨ। ਇਸੇ ਤਰ੍ਹਾਂ ਮਹਿਲਾਵਾਂ ਵੱਲੋਂ 19.89 ਫ਼ੀਸਦ ਸੁਝਾਅ ਦਿੱਤੇ ਗਏ ਹਨ ਜਿਹਨਾਂ ਵਿੱਚੋਂ ਸਭ ਤੋਂ ਵੱਧ 31 ਤੋਂ 40 ਉਮਰ ਸਮੂਹ ਵੱਲੋਂ 48.75 ਫ਼ੀਸਦ ਸੁਝਾਅ ਪ੍ਰਾਪਤ ਹੋਏ ਹਨ।
ਸ. ਚੀਮਾ ਨੇ ਕਿਹਾ ਕਿ ਜਨਤਾ ਬਜਟ ਪੋਰਟਲ ‘ਤੇ ਪ੍ਰਾਪਤ ਹੋਏ ਸੁਝਾਵਾਂ, ਜਿਨ੍ਹਾਂ ‘ਤੇ ਭਵਿੱਖ ਵਿੱਚ ਵਿਚਾਰ ਕੀਤਾ ਜਾ ਸਕਦਾ ਹੈ, ਵਿੱਚ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨਾ, ਮੌਜੂਦਾ 3 ਸਾਲਾਂ ਤੋਂ ਪਰਖ ਕਾਲ ਸਮੇਂ ਨੂੰ ਘਟਾਉਣਾ, ਬਰਾਬਰ ਕੰਮ-ਬਰਾਬਰ ਤਨਖਾਹ, ਬਿਜਲੀ ਅਤੇ ਟਰਾਂਸਪੋਰਟ ਸਬਸਿਡੀਆਂ, ਸਿੱਖਿਆ ਵਿੱਚ ਪਰਿਵਾਰ ਦੀ ਇਕਲੌਤੀ ਲੜਕੀ ਲਈ ਲਾਭ, ਉਚੇਰੀ ਸਿੱਖਿਆ ਲਈ ਬਜਟ ਵਿੱਚ ਵਾਧਾ, ਸੂਚਨਾ ਤਕਨਾਲੋਜੀ ਨਾਲ ਸਬੰਧਤ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ, ਸਰਹੱਦੀ ਸ਼ਹਿਰਾਂ ਵਿੱਚ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਇਹਨਾਂ ਖੇਤਰਾਂ ਦੇ ਨੇੜੇ ਟੈਕਸ ਮੁਕਤ ਜ਼ੋਨ ਜਾਂ ਵਿਸ਼ੇਸ਼ ਆਰਥਿਕ ਜ਼ੋਨ ਬਣਾਉਣੇ, ਸ਼ਰਾਬ ਨਿਗਮ ਦੀ ਸਥਾਪਨਾ ਅਤੇ ਰੇਤ ਤੇ ਮਾਈਨਿੰਗ ਕਾਰਪੋਰੇਸ਼ਨ ਦਾ ਗਠਨ ਅਤੇ ਪੰਜਾਬ ਦੇ ਵਸਨੀਕਾਂ ਲਈ ਸਾਰੀਆਂ ਨੌਕਰੀਆਂ ਵਿੱਚ ਰਾਖਵਾਂਕਰਨ/ਤਰਜੀਹ ਦੇਣਾ ਸ਼ਾਮਲ ਹੈ।
ਵਿੱਤ ਮੰਤਰੀ ਨੇ ਜ਼ਿਲ੍ਹਿਆਂ ਵਿੱਚ ਫੀਲਡ ਮੀਟਿੰਗਾਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਹਫ਼ਤੇ ਭਰ ਦੇ ਦੌਰੇ ਦੌਰਾਨ ਸਾਰੇ 23 ਜ਼ਿਲ੍ਹਿਆਂ ਨੂੰ ਕਵਰ ਕੀਤਾ ਹੈ ਅਤੇ ਸਭ ਤੋਂ ਵੱਧ ਸੁਝਾਅ ਲੁਧਿਆਣਾ (10.61 ਫ਼ੀਸਦ), ਪਟਿਆਲਾ (10.12 ਫ਼ੀਸਦ), ਫਾਜ਼ਿਲਕਾ (8.14 ਫ਼ੀਸਦ), ਬਠਿੰਡਾ (6.03 ਫ਼ੀਸਦ) ਅਤੇ ਅੰਮ੍ਰਿਤਸਰ (5.81 ਫ਼ੀਸਦ) ਤੋਂ ਪ੍ਰਾਪਤ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਦੁਨੀਆ ਭਰ ਖਾਸ ਤੌਰ ‘ਤੇ ਗੁਆਂਢੀ ਰਾਜਾਂ ਹਰਿਆਣਾ, ਦਿੱਲੀ ਅਤੇ ਰਾਜਸਥਾਨ ਵਿੱਚ ਵੱਸਦੇ ਪੰਜਾਬੀਆਂ ਤੋਂ ਵੀ ਵੱਡੀ ਗਿਣਤੀ ਵਿੱਚ ਸੁਝਾਅ ਮਿਲੇ ਹਨ।
ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਵਲੋਂ ਈਵੈਂਟ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ , 12 ਮਈ: ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ (ਇੱਕ ਇਨਕਿਊਬੇਟਰ) ਵੱਲੋਂ ਇੱਕ ਈਵੈਂਟ ‘ਕੋਡਵਿਸਟਾ- ਡਿਵੈਲਪਰ ਤੋਂ ਉੱਦਮੀ‘ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਕੁੱਲ 35 ਟੀਮਾਂ ਨੇ ਸ਼ੁਰੂਆਤੀ ਤੌਰ ‘ਤੇ ਰਜਿਸਟਰ ਕੀਤਾ। ਇਨ੍ਹਾਂ ਸਾਰੀਆਂ ਟੀਮਾਂ ਵਿੱਚੋਂ ਸ਼ੁਰੂਆਤੀ ਸਕਰੀਨਿੰਗ ਤੋਂ ਬਾਅਦ ਸਰਵੋਤਮ 13 ਟੀਮਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ। ਸਾਰੀਆਂ ਟੀਮਾਂ ਮੁਕਾਬਲੇ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਸਨ। ਟੀਮਾਂ ਨੇ ਵਿਅਕਤੀਗਤ ਪੱਧਰ ‘ਤੇ ਜੱਜਾਂ ਦੇ ਸਾਹਮਣੇ 5 ਤੋਂ 10 ਮਿੰਟ ਵਿੱਚ ਆਪਣੇ ਪ੍ਰੋਜੈਕਟ ਅਤੇ ਵਿਚਾਰਾਂ ਦੀ ਵਿਆਖਿਆ ਕੀਤੀ। ਤਕਨੀਕੀ ਅਤੇ ਵਪਾਰਕ ਬਿੰਦੂਆਂ ਦੇ ਮਾਪਦੰਡ ਦੇ ਆਧਾਰ ‘ਤੇ 13 ਟੀਮਾਂ ਵਿੱਚੋਂ ਚੋਟੀ ਦੀਆਂ 3 ਟੀਮਾਂ ਵੂਫ, ਜਾਰਵਿਸ ਅਤੇ ਯੂ.ਆਈ. ਚੈਲੰਜ ਚੁਣੀਆਂ ਗਈਆਂ। ਇਨ੍ਹਾਂ ਟੀਮਾਂ ਨੂੰ ਕ੍ਰਮਵਾਰ 3100/-, 2100/- ਅਤੇ 1100/- ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਆਪਣੀ ਪੂਰੀ ਇਨਕਿਊਬੇਸ਼ਨ ਸਹਾਇਤਾ ਦੇ ਨਾਲ ਉਨ੍ਹਾਂ ਦੇ ਪ੍ਰੋਜੈਕਟਾਂ ਨੂੰ ਇੱਕ ਸਟਾਰਟਅੱਪ ਵਿੱਚ ਬਦਲਣ ਵਿੱਚ ਮਦਦ ਕਰੇਗਾ। ਇਨਕਿਊਬੇਸ਼ਨ ਸਹਾਇਤਾ ਵਿੱਚ ਵਪਾਰ/ਤਕਨੀਕੀ ਸਲਾਹ, ਗਾਹਕ ਵਿਵਹਾਰ ਦੀ ਪਛਾਣ ਕਰਨਾ ਅਤੇ ਆਈ.ਪੀ.ਆਰ. ਸਹਾਇਤਾ ਆਦਿ ਸ਼ਾਮਲ ਹਨ। ਟੀਮਾਂ ਦੇ ਵਿਚਾਰ ਸੁਣ ਕੇ ਉੱਥੇ ਮੌਜੂਦ ਸਾਰੇ ਜੱਜ ਅਤੇ ਸਮਾਗਮ ਦੇ ਪ੍ਰਬੰਧਕ ਮੈਂਬਰ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਵਿਚਾਰਾਂ ਦੀ ਸ਼ਲਾਘਾ ਕਰਦਿਆਂ ਸਾਰੀਆਂ ਟੀਮਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਡਾ. ਮਨੀਸ਼ ਗੁਪਤਾ, ਡੀਨ ਰਿਸਰਚ ਐਂਡ ਇਨੋਵੇਸ਼ਨ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ: ਗੁਰਮੀਤ ਸਿੰਘ ਧਾਲੀਵਾਲ ਦਾ ਵੀ ਸਹਿਯੋਗ ਅਤੇ ਮਾਰਗ ਦਰਸ਼ਨ ਲਈ ਵਿਸ਼ੇਸ਼ ਧੰਨਵਾਦ ਕੀਤਾ।
ਪੰਜਾਬ ’ਚ ਦੋ ਰਾਜ ਸਭਾ ਸੀਟਾਂ ਲਈ ਚੋਣ 10 ਨੂੰ ਹੋਵੇਗੀ
ਇੱਕ ਸੀਟ ’ਤੇ ਅਕਾਲੀ ਤੇ ਇੱਕ ਸੀਟ ’ਤੇ ਕਾਗਰਸ ਕਾਬਜ਼
ਵਿਧਾਨ ਸਭਾ ਦੇ ਅੰਕੜੇ ਮੁਤਾਬਕ ਦੋ ਸੀਟਾਂ ਵੀ ਆਪ ਨੂੰ ਜਾਣਗੀਆਂ
ਸੁਖਜਿੰਦਰ ਮਾਨ
ਚੰਡੀਗੜ੍ਹ, 12 ਮਈ: ਪੰਜਾਬ ਵਿਚ ਦੋ ਰਾਜ ਸਭਾ ਸੀਟਾਂ ਲਈ ਚੋਣਾਂ 10 ਜੂਨ ਹੋਣਗੀਆਂ। ਚੋਣ ਕਮਿਸ਼ਨ ਵਲੋਂ ਇੰਨ੍ਹਾਂ ਸੀਟਾਂ ਲਈ ਚੋਣਾਂ ਦਾ ਐਲਾਨ ਕਰਦਿਆਂ ਦਸਿਆ ਕਿ ਦੋ ਸੀਟਾਂ ਲਈ ਨਾਮਜ਼ਦਗੀਆਂ ਭਰਨ ਦੀ ਤਰੀਕ 24 ਮਈ ਤੋਂ 31 ਮਈ ਹੈ। ਜਦੋਂਕਿ ਕਾਗਜ਼ਾਂ ਦੀ ਪੜਤਾਲ 1 ਜੂਨ ਨੂੰ ਹੋਵੇਗੀ ਤੇ ਅਪਣੀ ਉਮੀਦਵਾਰੀ ਵਾਪਸ ਲੈਣ ਦੀ ਮਿਤੀ 3 ਜੂਨ ਹੈ। ਇਸ ਤੋਂ ਬਾਅਦ ਜੇਕਰ ਜਰੂਰਤ ਪਈ ਤਾਂ 10 ਜੂਨ ਨੂੰ ਵੋਟਿੰਗ ਕਰਵਾਈ ਜਾਵੇਗੀ। ਉਜ ਸਿਆਸੀ ਮਾਹਰਾਂ ਮੁਤਾਬਕ ਵੋਟਿੰਗ ਦੀ ਲੋੜ ਨਹੀਂ ਪਏਗੀ ਕਿਉਂਕਿ ਆਪ ਕੋਲ ਸੂਬੇ ਦੀ ਵਿਧਾਨ ਸਭਾ ਵਿਚ 92 ਸੀਟਾਂ ਦਾ ਵੱਡਾ ਅੰਕੜਾ ਹੈ, ਜਿਸਦੇ ਚੱਲਦੇ ਇਹ ਸੀਟਾਂ ਵੀ ਆਪ ਦੇ ਖਾਤੇ ਵਿਚ ਹੀ ਜਾਣਗੀਆਂ। ਮੌਜੂਦਾ ਸਮੇਂ ਇੰਨ੍ਹਾਂ ਸੀਟਾਂ ਉਪਰ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ ਤੇ ਕਾਂਗਰਸ ਵਲੋਂ ਅੰਬਿਕਾ ਸੋਨੀ ਮੈਂਬਰ ਹਨ, ਜਿੰਨ੍ਹਾਂ ਦੀ ਮਿਆਦ 4 ਜੁਲਾਈ ਨੂੰ ਖ਼ਤਮ ਹੋ ਰਹੀ ਹੈ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਪਿਛਲੇ ਮਹੀਨੇ ਵਿਚ ਪੰਜ ਸੀਟਾਂ ਲਈ ਵੀ ਆਮ ਆਦਮੀ ਪਾਰਟੀ ਦੇ ਸਮਰਥਕ ਚੁਣੇ ਗਏ ਸਨ। ਹਾਲਾਂਕਿ ਇੰਨ੍ਹਾਂ ਮੈਂਬਰਾਂ ਦੀ ਚੋਣ ’ਤੇ ਆਪ ਵਿਰੁਧ ਪੰਜਾਬ ’ਚ ਵੱਡੀਆਂ ਉਗਲਾਂ ਉੱਠੀਆਂ ਸਨ।
ਪਹਿਲੀ ਵਾਰ ਜਿੱਤੇ ਵਿਧਾਇਕਾਂ ਨੂੰ ਕੰਮਕਾਜ਼ ਬਾਰੇ ਸਿਖਲਾਈ ਦੇਣ ਲਈ ਲੱਗੇਗੀ ਟਰੈਨਿੰਗ
117 ਵਿਚੋਂ 86 ਵਿਧਾਇਕ ਜਿੱਤੇ ਹਨ ਪਹਿਲੀ ਵਾਰ ਚੋਣ
ਸੁਖਜਿੰਦਰ ਮਾਨ
ਚੰਡੀਗੜ੍ਹ, 12 ਮਈ: ਪਹਿਲੀ ਵਾਰ ਪੰਜਾਬ ਵਿਧਾਨ ਸਭਾ ਚੋਣਾਂ ’ਚ ਜਿੱਤ ਹਾਸਲ ਕਰਨ ਵਾਲੇ ਵਿਧਾਇਕਾਂ ਨੂੰ ਵਿਧਾਨ ਸਭਾ ਦੇ ਕੰਮਕਾਜ਼ ਦੀ ਜਾਣਕਾਰੀ ਦੇਣ ਲਈ ਟਰੇਨਿੰਗ ਦਿੱਤੀ ਜਾਵੇਗੀ। ਇਹ ਖ਼ੁਲਾਸਾ ਕਰਦਿਆਂ ਵਿਧਾਨ ਸਭਾ ਦੇ ਸੂਤਰਾਂ ਨੇ ਦਸਿਆ ਕਿ ਇਸਦੇ ਲਈ ਟਰੈਨਿੰਗ ਕੈਂਪ 31 ਮਈ ਅਤੇ 1 ਜੂਨ ਨੂੰ ਲਗਾਇਆ ਜਾਵੇਗਾ। ਇਸ ਕੈਂਪ ਵਿੱਚ ਪਾਰਲੀਮੈਂਟਰੀ ਰਿਸਰਚ ਅਤੇ ਟਰੇਨਿੰਗ ਇੰਸਟੀਚਿਊਟ ਫਾਰ ਡੈਮੋਕਰੇਸੀ ਦੇ ਮਾਹਿਰ ਪਹਿਲੀ ਵਾਰ ਚੋਣ ਜਿੱਤੇ ਵਿਧਾਇਕਾਂ ਨੂੰ ਵਿਧਾਨ ਸਭਾ ਦੇ ਕੰਮਕਾਜ਼ ਦੀ ਜਾਣਕਾਰੀ ਦੇਣਗੇ। ਦਸਣਾ ਬਣਦਾ ਹੈ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਦੇ 117 ਮੈਂਬਰਾਂ ਵਿੱਚੋਂ 86 ਵਿਧਾਇਕ ਪਹਿਲੀ ਵਾਰ ਵਿਧਾਨ ਸਭਾ ਦੀ ਪੌੜੀ ਚੜ੍ਹੇ ਹਨ ਤੇ ਜਿਆਦਾਤਰ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਹੀ ਸਬੰਧਤ ਹਨ।




