-ਮੰਗਾਂ ਦਾ ਹੱਲ ਨਾ ਹੋਣ ’ਤੇ 10 ਮਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਅੱਗੇ ਦਿੱਤਾ ਜਾਵੇਗਾ ਸੂਬਾ ਪੱਧਰੀ ਧਰਨਾ – ਵਰਿੰਦਰ ਸਿੰਘ ਮੋਮੀ
ਸੁਖਜਿੰਦਰ ਮਾਨ
ਬਠਿੰਡਾ, 2 ਮਈ: ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਬਤੌਰ ਇੰਨਲਿਸਟਮੈਂਟ, ਆਉਟਸੋਰਸ, ਠੇਕੇਦਾਰਾਂ, ਕੰਪਨੀਆਂ ਅਧੀਨ ਪੇਂਡੂ ਜਲ ਘਰਾਂ ਅਤੇ ਦਫਤਰਾਂ ਵਿਚ ਪਿਛਲੇ 15 ਸਾਲਾਂ ਦੇ ਅਰਸੇ ਤੋਂ ਕੰਮ ਕਰਦੇ ਵਰਕਰਾਂ ਦਾ ਰਿਕਾਰਡ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ਹੋਏ ਆਈ.ਐਚ.ਆਰ.ਐਮ.ਐਸ. ਪੋਰਟਲ ’ਤੇ ਕੰਟਰੈਕਚੁਅਲ ਅਧੀਨ ਡਾਟੇ ਦੀਆਂ ਐਟਰੀਆਂ ਦਰਜ ਕੀਤੀਆਂ ਗਈਆਂ ਹਨ ਪਰੰਤੂ ਹੁਣ ਜਦੋ ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨ ਦੇ ਲਈ ਆਈ.ਐਚ.ਆਰ.ਐਮ.ਐਸ. ਪੋਰਟਲ ਦੇ ਮੁਤਾਬਿਕ ਵੱਖ ਵੱਖ ਵਿਭਾਗਾਂ ਦੇ ਠੇਕਾ ਮੁਲਾਜਮਾਂ ਦਾ ਡਾਟਾ ਇਕੱਠਾ ਕਰਕੇ ਪਾਲਸੀ ਤਿਆਰ ਕਰਨ ਦੀ ਗੱਲ ਚੱਲੀ ਹੈ ਤਾਂ ਪੰਜਾਬ ਸਰਕਾਰ ਨੇ ਜਸਸ ਵਿਭਾਗ ਵਿਚ ਕੰਮ ਕਰਦੇ ਉਕਤ ਕਾਮਿਆਂ ਦੇ ਇਸਦੇ ਨਾਲ ਪਹਿਲਾਂ ਤੋਂ ਆਈ.ਐਚ.ਆਰ.ਐਮ.ਐਸ. ਪੋਰਟਲ ’ਤੇ ਚੱੜੇ ਡਾਟੇ ਨੂੰ ਡਲੀਟ ਕਰਕੇ ਰਿਕਾਰਡ ਨੂੰ ਖਤਮ ਕੀਤਾ ਜਾ ਰਿਹਾ ਹੈ। ਇਹ ਦਾਅਵਾ ਕਰਦਿਆਂ ਅੱਜ ਇਥੇ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨਨ ਪੰਜਾਬ (ਰਜਿ.31) ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ, ਸੀਨੀਅਰ ਮੀਤ ਪ੍ਰਧਾਨ ਹਾਕਮ ਸਿੰਘ ਧਨੇਠਾ ਅਤੇ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਜਾਪਦਾ ਹੈ ਕਿ ਪੰਜਾਬ ਸਰਕਾਰ ਵਲੋਂ ਇਕ ਸੋਚੀ ਸਮਝੀ ਸਾਜਿਸ਼ ਤਹਿਤ ਜਸਸ ਵਿਭਾਗ ਦੇ ਵਰਕਰਾਂ ਦਾ ਰਿਕਾਰਡ ਮੁਕੰਮਲ ਖਤਮ ਕੀਤਾ ਜਾ ਜਾ ਰਿਹਾ ਹੈ ਤਾਂ ਜੋ ਸਰਕਾਰ ਕੋਲ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਵਾਲਿਆਂ ਦੀ ਗਿਣਤੀ ਘੱਟ ਪਹੁੰਚ ਸਕੇ ਉਥੇ ਸਰਕਾਰੀ ਵਿਭਾਗਾਂ ਦਾ ਨਿੱਜੀਕਰਣ ਤੇਜੀ ਨਾਲ ਲਾਗੂ ਕੀਤਾ ਜਾ ਸਕੇ। ਜਿਸਦੀ ਪਹਿਲਕਦਮੀ ਵਿਭਾਗੀ ਮੁੱਖੀ, ਜਸਸ ਵਿਭਾਗ ਵਲੋਂ ਆਪਣਾ ਅਹੁਦਾ ਸੰਭਾਲਣ ਉਪਰੰਤ ਆਈ.ਐਚ.ਆਰ.ਐਮ.ਐਸ. ਪੋਰਟਲ ਤੇ ਕੰਟਰੈਕਚੁਆਲ ਅਧੀਨ ਵਰਕਰਾਂ ਦੇ ਦਰਜ ਡਾਟੇ ਨੂੰ ਡਲੀਟ ਕਰਨ ਦੀ ਚਿੱਠੀ ਜਾਰੀ ਕੀਤੀ ਗਈ ਹੈ। ਪੰਜਾਬ ਸਰਕਾਰ ਦੇ ਅਧਿਕਾਰੀਆਂ ਵਲੋਂ ਜਲ ਸਪਲਾਈ ਵਰਕਰਾਂ ਦੇ ਡਾਟੇ ਨੂੰ ਡਲੀਟ ਕਰਕੇ ਰਿਕਾਰਡ ਖਤਮ ਕਰਨ ਦੇ ਨਾਦਰਸ਼ਾਹੀ ਫੁਰਮਾਨ ਜਾਰੀ ਕਰਨ ਦਾ ਪੂਰਜੋਰ ਵਿਰੋਧ ਕਰਦੇ ਹੋਏ ਪਹਿਲਾਂ ਦੀ ਤਰ੍ਹਾਂ ਇਸੇ ਆਈ.ਐਚ.ਆਰ.ਐਮ.ਐਸ. ਪੋਰਟਲ ’ਤੇ ਕੰਟਰੈਕਚੁਅਲ ਅਧੀਨ ਡਾਟੇ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਲਈ ਮਿਤੀ 29 ਅਪ੍ਰੈਲ 2022 ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਵਲੋਂ ਵਿਭਾਗ ਦੇ ਹੈਡ ਆਫਿਸ ਪਟਿਆਲਾ ਅੱਗੇ ਸੂਬਾ ਪੱਧਰੀ ਧਰਨਾ ਦਿੱਤਾ ਗਿਆ, ਇਸ ਦੌਰਾਨ ਵਿਭਾਗੀ ਮੁਖੀ, ਜਸਸ ਵਿਭਾਗ ਮੋਹਾਲੀ ਨਾਲ ਉਕਤ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਹੋਈ, ਜਿਸ ’ਚ ਮਾਨਯੋਗ ਵਿਭਾਗੀ ਮੁਖੀ ਵਲੋਂ ਇਸ ਮਸਲੇ ਦਾ ਹੱਲ ਕਰਨ ਲਈ 5 ਦਿਨ ਦਾ ਸਮਾਂ ਮੰਗਿਆ ਗਿਆ।
ਜਿਸਦੇ ਬਾਅਦ ਯੂਨੀਅਨ ਵਲੋਂ ਫੈਸਲਾ ਲਿਆ ਗਿਆ ਹੈ ਕਿ ਜਸਸ ਵਿਭਾਗ ਦੇ ਕੈਬਨਿਟ ਮੰਤਰੀ, ਬ੍ਰਹਮ ਸ਼ੰਕਰ ਜਿੰਪਾ ਨੂੰ ਵਰਕਰਾਂ ਵਲੋਂ ਮਿਤੀ 3 ਮਈ 2022 ਨੂੰ ਹੁਸ਼ਿਆਰਪੁਰ ਵਿਖੇ ਰੋਸ ਮਾਰਚ ਕਰਨ ਉਪਰੰਤ ਯੂਨੀਅਨ ਦਾ ਡੈਪੂਟੇਸ਼ਨ ਮਿਲੇਗਾ ਅਤੇ ਮੰਤਰੀ ਜੀ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ ਜਾਵੇਗਾ ਕਿ ਪੇਂਡੂ ਜਲ ਘਰਾਂ ਤੇ ਦਫਤਰਾਂ ਵਿਚ ਇਨਲਿਸਟਮੈਂਟ, ਆਉਟਸੋਰਸ, ਠੇਕੇਦਾਰਾਂ ਅਤੇ ਕੰਪਨੀਆਂ ਅਧੀਨ ਵਰਕਰ ਕੰਮ ਕਰਦੇ ਹਨ, ਜਿਨ੍ਹਾਂ ਦੇ ਰਿਕਾਰਡ ਦੀਆਂ ਐਟਰੀਆਂ ਆਈ.ਐਚ.ਆਰ.ਐਮ.ਐਸ. ਪੋਰਟਲ ’ਤੇ ਕੰਟਰੈਚੁਆਲ ਅਧੀਨ ਦਰਜ ਸਨ ਅਤੇ ਇਹ ਵਰਕਰ ਵਿਭਾਗ ਦੇ ਪੱਕੇ ਕੰਮ ਕਰਕੇ ਆਪਣੀ ਜਵਾਨੀ ਬਿਤਾ ਚੁੱਕੇ ਹਨ, ਜਿਨ੍ਹਾਂ ਨੂੰ ਵਿਭਾਗ ਦੇ ਉਚ ਅਧਿਕਾਰੀ ਬੇਰੁਜਗਾਰੀ ਵੱਲ ਧੱਕਣ ਵਾਲੀਆਂ ਸਾਜਸ਼ਾਂ ਰਚ ਰਹੀ ਹੈ, ਜੋ ਬਿਲਕੁੱਲ ਹੀ ਸਹਿਣਯੋਗ ਨਹੀਂ ਹਨ।
ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਜਾਰੀ ਪੱਤਰ ਨੰਬਰ 9345 ਮਿਤੀ 23-10-2019 ਦੇ ਮੁਤਾਬਿਕ ਵਿਭਾਗੀ ਮੁਖੀ, ਜਸਸ ਵਿਭਾਗ ਮੁਹਾਲੀ ਵਲੋਂ ਪੱਤਰ ਨੰਬਰ ਜਸਸ/ਐਮ.ਆਈ.ਐਸ./8022 ਮਿਤੀ 20-11-2019 ਜਾਰੀ ਕਰਕੇ ਸਮੂਹ ਕਾਰਜਕਾਰੀ ਇੰਜੀਨੀਅਰਜ ਰਾਹੀ ਇੰਨਲਿਸਟਮੈਂਟ, ਆਉਟਸੋਰਸ, ਠੇਕੇਦਾਰਾਂ, ਕੰਪਨੀਆਂ ਅਧੀਨ ਕੰਮ ਕਰਦੇ ਵਰਕਰਾਂ ਦੇ ਰਿਕਾਰਡ ਦੀ ਐਟਰੀ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਹੋਈ ਸਾਈਡ ਆਈ ਐਚ.ਆਰ.ਐਮ.ਐਸ.ਪੋਰਟਲ ’ਤੇ ਕੰਟਰੈਕਚੁਆਲ ਅਧੀਨ ਕੀਤੀ ਗਈ ਸੀ ਅਤੇ ਉਸ ਵੇਲੇ ਵਿਭਾਗ ਦੇ ਉਚ ਅਧਿਕਾਰੀਆਂ ਵਲੋਂ ਉਕਤ ਵਰਕਰਾਂ ਨੂੰ ਕੰਟਰੈਕਚੁਆਲ ਅਧੀਨ ਮੰਨ ਵੀ ਲਿਆ ਗਿਆ ਸੀ ਅਤੇ ਆਈ.ਐਚ.ਆਰ.ਐਮ.ਐਸ. ’ਤੇ ਵਰਕਰਾਂ ਦੀ ਆਈਡੀ ਕਈ ਸਾਲ ਚੱਲਣ ਦੇ ਬਾਅਦ ਇਸ ’ਤੇ ਹੁਣ ਕਿਸੇ ਪ੍ਰਕਾਰ ਦਾ ਇਤਰਾਜ ਨਹੀਂ ਹੋਣਾ ਚਾਹੀਦਾ ਸੀ ਉਥੇ ਹੀ ਇਸ ਪ੍ਰਤੀ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ ਸੀ। ਜਦੋਕਿ ਹੁਣ ਪੰਜਾਬ ਸਰਕਾਰ ਦੇ ਅਧਿਕਾਰੀਆਂ ਵਲੋਂ ਵਰਕਰਾਂ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ, ਜੋ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਕਰਨ ਯੋਗ ਨਹੀਂ ਹੈ ਕਿਉਕਿ ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨ ਲਈ ਜੋ ਵੀ ਪੰਜਾਬ ਸਰਕਾਰ ਪਾਲਸੀ ਬਣਾ ਰਹੀ ਹੈ, ਉਸਤੋਂ ਵਰਕਰਾਂ ਨੂੰ ਬਾਹਰ ਕੱਢਣ ਦੀਆਂ ਚਾਲਾਂ ਹਨ।
ਯੂਨੀਅਨ ਵਲੋਂ ਚੇਤਾਵਨੀ ਦਿੱਤੀ ਗਈ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਜਸਸ ਵਿਭਾਗ ਦੇ ਉਪਰੋਕਤ ਕਾਮਿਆਂ ਨੂੰ ਰੈਗੂਲਰ ਕਰਨ ਲਈ ਵਿਭਾਗ ਵਲੋਂ ਹੀ ਤਿਆਰ ਪ੍ਰਪੋਜਲ ਨੂੰ ਲਾਗੂ ਕੀਤਾ ਜਾਵੇ, ਵਿਭਾਗ ਵਲੋਂ ਆਈ.ਐਚ.ਆਰ.ਐਮ.ਐਸ. ਪੋਰਟਲ ਤੋਂ ਕੰਟਰੈਕਚੁਆਲ ਅਧੀਨ ਵਰਕਰਾਂ ਦੇ ਰਿਕਾਰਡ ਦੀਆਂ ਡਲੀਟ ਕੀਤੀਆਂ ਐਟਰੀਆਂ ਨੂੰ ਪਹਿਲਾਂ ਦੀ ਤਰ੍ਹਾਂ ਬਹਾਲ ਕੀਤਾ ਜਾਵੇ, ਪਹਿਲਾਂ ਵਾਲੇ ਹੀ ਵਰਕਰਾਂ ਦੇ ਆਈਡੀ ਨੰਬਰ ਜਾਰੀ ਕੀਤੇ ਜਾਣ। ਜੇਕਰ ਪੰਜਾਬ ਸਰਕਾਰ ਅਤੇ ਜਸਸ ਵਿਭਾਗ ਦੇ ਉਚ ਅਧਿਕਾਰੀਆਂ ਵਲੋਂ 9 ਮਈ 2022 ਤੱਕ ਇਨਲਿਸਟਮੈਂਟ, ਆਉਟਸੋਰਸ, ਠੇਕੇਦਾਰਾਂ, ਕੰਪਨੀਆਂ ਅਧੀਨ ਕੰਮ ਕਰਦੇ ਕਾਮਿਆਂ ਦੇ ਆਈ.ਐਚ.ਆਰ.ਐਮ.ਐਸ. ਪੋਰਟਲ ਤੇ ਕੰਟਰੈਚੁਆਲ ਤੋਂ ਡਲੀਟ ਕੀਤੇ ਰਿਕਾਰਡ ਨੂੰ ਪਹਿਲਾਂ ਦੀ ਤਰ੍ਹਾਂ ਬਹਾਲ ਨਾ ਕੀਤਾ ਗਿਆ ਅਤੇ ਯੂਨੀਅਨ ਦੇ ਮੰਗ ਪੱਤਰ ਵਿਚ ਦਰਜ ਮੰਗਾਂ ਦਾ ਪਰੋਪਰ ਹੱਲ ਕਰਨ ਲਈ ਕੋਈ ਫੈਸਲਾ ਨਾ ਲਿਆ ਗਿਆ ਤਾਂ ਮਜਬੂਰ ਹੋ ਕੇ ਮਿਤੀ 10 ਮਈ 2022 ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਸਾਹਮਣੇ ਜਲ ਸਪਲਾਈ ਵਰਕਰਾਂ ਵਲੋਂ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਸਿੱਧੇ ਰੂਪ ਵਿਚ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ। ਇਸ ਧਰਨੇ ਦੀ ਤਿਆਰੀ ਸਬੰਧੀ ਯੂਨੀਅਨ ਵਲੋਂ ਸਾਰੇ ਪੰਜਾਬ ਵਿਚ ਜਿਲ੍ਹਾ ਪੱਧਰੀ ਮੀਟਿੰਗ ਕਰਨ ਉਪਰੰਤ ਜਲ ਸਪਲਾਈ ਵਰਕਰਾਂ ਨੂੰ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਸ਼ਾਮਿਲ ਹੋਣ ਲਈ ਲਾਮਬੰਦ ਕੀਤਾ ਜਾਵੇਗਾ।ਹੈਡ ਆਫਿਸ ਪਟਿਆਲਾ ਵਿਖੇ ਯੂਨੀਅਨ ਦੀ ਆਯੋਜਿਤ ਮੀਟਿੰਗ ਵਿਚ ਸੂਬਾ ਆਗੂਆਂ ਭੁਪਿੰਦਰ ਸਿੰਘ ਕੁਤਬੇਵਾਲ, ਰੁਪਿੰਦਰ ਸਿੰਘ ਫਿਰੋਜਪੁਰ, ਮਨਪ੍ਰੀਤ ਸਿੰਘ ਸੰਗਰੂਰ, ਪ੍ਰਦੂਮਣ ਸਿੰਘ, ਜਗਰੂਪ ਸਿੰਘ, ਓਮਕਾਰ ਸਿੰਘ, ਸੰਦੀਪ ਖਾਨ, ਸੁਰੇਸ਼ ਕੁਮਾਰ ਮੋਹਾਲੀ, ਗੁਰਵਿੰਦਰ ਬਾਠ, ਸੁਰਿੰਦਰ ਕੁਮਾਰ, ਤਰਜਿੰਦਰ ਸਿੰਘ ਮਾਨ, ਸੋਰਵ ਕਿੰਗਰ ਤੋਂ ਇਲਾਵਾ ਵੱਖ ਵੱਖ ਜਿਲ੍ਹਿਆ ਦੇ ਪ੍ਰਧਾਨ, ਜਨਰਲ ਸਕੱਤਰ ਵੀ ਆਦਿ ਹਾਜਰ ਸਨ।
ਆਈ.ਐਚ.ਆਰ.ਐਮ.ਐਸ. ਪੋਰਟਲ ’ਤੇ ਕੰਟਰੈਕਚੁਆਲ ’ਚ ਦਰਜ ਜਲ ਸਪਲਾਈ ਵਰਕਰਾਂ ਦੇ ਡਾਟੇ ਦੀਆਂ ਡਲੀਟ ਕੀਤੀ ਐੰਟਰੀਆਂ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਲਈ ਅੱਜ ਕੈਬਨਿਟ ਮੰਤਰੀ ਨੂੰ ਮਿਲੇਗਾ ਡੈਪੁਟੇਸ਼ਨ
ਸੀਵਰੇਜ ਬੋਰਡ ਯੂਨੀਅਨ ਵਲੋ ਮੁੱਖ ਮੰਤਰੀ ਦੇ ਘਰ ਅੱਗੇ ਧਰਨੇ ਵਿਚ ਸ਼ਾਮਲ ਹੋਣ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 2 ਮਈ : ਅੱਜ ਇਥੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ ਤੇ ਲੇਬਰ ਯੂਨੀਅਨ (ਰਜਿ.23) ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ,ਚੇਅਰਮੈਨ ਗੁਰਜੰਟ ਸਿੰਘ ਧੂਰੀ ਅਤੇ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਵਲੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਬਤੌਰ ਇੰਨਲਿਸਟਮੈਂਟ, ਆਉਟਸੋਰਸ,ਸੁਸਾਇਟੀਆਂ, ਠੇਕੇਦਾਰਾਂ, ਕੰਪਨੀਆਂ ਅਧੀਨ ਪੇਂਡੂ ਜਲ ਘਰਾਂ ਅਤੇ ਦਫਤਰਾਂ ਵਿਚ ਕੰਮ ਕਰਦੇ ਵਰਕਰਾਂ ਦੇ ਰਿਕਾਰਡ ਲਈ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ਹੋਏ ਆਈ. ਐਚ.ਆਰ.ਐਮ.ਐਸ. ਪੋਰਟਲ ’ਤੇ ਕੰਟਰੈਕਚੁਅਲ ਅਧੀਨ ਚੱੜੇ ਡਾਟੇ ਦੀਆਂ ਐਟਰੀਆਂ ਨੂੰ ਵਿਭਾਗੀ ਮੁੱਖੀ ਵਲੋਂ ਚਿੱਠੀ ਜਾਰੀ ਕਰਕੇ ਡਲੀਟ ਕਰਨ ਦੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਨਾਦਰਸ਼ਾਹੀ ਫੁਰਮਾਨ ਦੀ ਨਿਖੇਧੀ ਕਰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (ਰਜਿ.31) ਦੇ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਵਲੋਂ ਜਿੱਥੇ ਇਕ ਪਾਸੇ ਵੱਖ ਵੱਖ ਸਰਕਾਰੀ ਵਿਭਾਗਾਂ ਵਿਚ ਕੰਮ ਕਰਦੇ ਕੱਚੇ ਮੁਲਾਜਮਾਂ ਪੱਕੇ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਇਨ੍ਹਾਂ ਕੱਚੇ ਮੁਲਾਜਮਾਂ ਦੇ ਕੱਚੇ ਰੁਜਗਾਰ ਨੂੰ ਵੀ ਖੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਪੰਜਾਬ ਸਰਕਾਰ ਵਲੋਂ ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨ ਲਈ ਐਚ.ਆਰ.ਐਮ.ਐਸ. ਅਧੀਨ ਕੱਚੇ ਮੁਲਾਜਮਾਂ ਦੇ ਮੰਗੀ ਗਈ ਹੈ ਤਾਂ ਇਸ ਦੌਰਾਨ ਜਸਸ ਵਿਭਾਗ ਦੇ ਇੰਨਲਿਸਟਮੈਂਟ, ਆਉਟਰੋਸਰ, ਠੇਕੇਦਾਰਾਂ, ਕੰਪਨੀਆਂ ਅਧੀਨ ਕੰਮ ਕਰਦੇ ਕਾਮਿਆਂ ਦੇ ਪੰਜਾਬ ਸਰਕਾਰ ਦੀ ਆਈ.ਐਚ.ਆਰ.ਐਸ.ਐਮ. ਸਾਇਡ ’ਤੇ ਕੰਟਰੈਕਚੁਆਲ ਅਧੀਨ ਪੱਤਰ ਨੰਬਰ। ਖਜਾਨਾ ਲੇਖਾ ਸਾਖਾ ਦਾ ਪੱਤਰ ਨੰਬਰ 9345 ਮਿੱਤੀ 23/10/2019 ਨੂੰ ਚੜੇ ਹੋਏ ਰਿਕਾਰਡ ਨੂੰ ਪੰਜਾਬ ਸਰਕਾਰ ਦੇ ਅਧਿਕਾਰੀਆਂ ਵਲੋਂ ਡਲੀਟ ਕਰ ਦਿੱਤਾ ਗਿਆ ਹੈ, ਜਿਸ ਨਾਲ ਇਨ੍ਹਾਂ ਵਰਕਰਾਂ ਨੂੰ ਬੇਰੁਜਗਾਰੀ ਵੱਲ ਧੱਕ ਦਿੱਤਾ ਗਿਆ ਹੈ ਉਥੇ ਹੀ ਪੰਜਾਬ ਸਰਕਾਰ ਲੋਕ ਸੇਵੀ ਲਈ ਬਣੇ ਵਿਭਾਗਾਂ ਨੂੰ ਕਾਰਪੋਰੇਟਰਾਂ ਦੇ ਹੱਥ ਲੋਕਾਂ ਦੀ ਲੁੱਟ ਕਰਵਾਉਣ ਲਈ ਨਿੱਜੀਕਰਣ ਦਾ ਹੱਲਾ ਤੇਜ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਜਲ ਸਪਲਾਈ ਵਿਭਾਗ ਦੇ ਕਾਮਿਆਂ ਦੇ ਆਈ.ਐਚ.ਆਰ.ਐਮ.ਐਸ. ਪੋਰਟਲ ’ਤੇ ਕੰਟਰੈਕਟਚੁਆਲ ਅਧੀਨ ਪਹਿਲਾਂ ਵਾਂਗ ਚੱੜੇ ਰਿਕਾਰਡ ਦੀਆਂ ਐੰਟਰੀਆਂ ਨੂੰ ਬਹਾਲ ਕੀਤਾ ਜਾਵੇ ਅਤੇ ਪਹਿਲਾਂ ਦੀ ਵਰਕਰਾਂ ਦੇ ਆਈਡੀ ਨੰਬਰ ਜਾਰੀ ਕੀਤੇ ਜਾਣ, ਵਿਭਾਗ ਵਲੋਂ ਤਿਆਰ ਕੀਤੀ ਪ੍ਰਪੋਜਲ ਨੂੰ ਲਾਗੂ ਕੀਤਾ ਜਾਵੇ ਅਤੇ ਕਾਮਿਆਂ ਨੂੰ ਵਿਭਾਗ ਵਿਚ ਸ਼ਾਮਲ ਕਰਕੇ ਰੈਗੂਲਰ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਪਹਿਲੇ ਦੀ ਤਰ੍ਹਾਂ ਆਈ.ਐਚ.ਆਰ.ਐਮ.ਐਸ. ਪੋਰਟਲ ’ਤੇ ਕੰਟਰੈਕਚੁਅਲ ਅਧੀਨ ਜਲ ਸਪਲਾਈ ਵਰਕਰਾਂ ਦੇ ਰਿਕਾਰਡ ਨੂੰ ਮੁੜ ਤੋਂ ਡਾਟੇ ਨੂੰ ਤੁਰੰਤ ਬਹਾਲ ਕਰਨ ਅਤੇ ਜਸਸ ਵਿਭਾਗ ਦੇ ਵਰਕਰਾਂ ਨੂੰ ਸਬੰਧਤ ਵਿਭਾਗ ਵਿਚ ਸ਼ਾਮਲ ਕਰਕੇ ਰੈਗੂਲਰ ਕਰਨ ਸਮੇਤ ‘ਮੰਗ ਪੱਤਰ’ ਵਿਚ ਦਰਜ ਤਮਾਮ ਮੰਗਾਂ ਦਾ ਹੱਲ ਕਰਨ ਦੀ ਮੰਗ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (ਰਜਿ.31) ਵਲੋਂ ਮਿਤੀ 10 ਮਈ 2022 ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਸਰਕਾਰ ਦੀ ਰਿਹਾਇਸ਼ ਦੇ ਸਾਹਮਣੇ ਦਿੱਤੇ ਜਾ ਰਹੇ ਸੂਬਾ ਪੱਧਰੀ ਪੂਰਅਮਨ ਧਰਨੇ ਵਿਚ ਵਰਕਰ ਸ਼ਾਮਲ ਹੋਣਗੇ।
ਸੁਪਰੀਮ ਕੋਰਟ ਨੇ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ’ਚ ਕੇਂਦਰ ਨੂੰ ਦੋ ਮਹੀਨਿਆਂ ਵਿਚ ਫੈਸਲਾ ਲੈਣ ਲਈ ਕਿਹਾ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 2 ਮਈ: ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ’ਚ ਸਜ਼ਾ ਭੁਗਤ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਦਾਈਰ ਪਿਟੀਸ਼ਨ ’ਚ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਪਟੀਸਨਰ ਦੇ ਮਾਮਲੇ ’ਚ ਦੋ ਮਹੀਨਿਆਂ ਦੇ ਅੰਦਰ ਫੈਸਲਾ ਲਵੇ। ਫਾਂਸੀ ਦੀ ਸਜਾ ਯਾਫ਼ਤਾ ਭਾਈ ਰਾਜੋਆਣਾ ਪਿਛਲੇ 26 ਸਾਲ ਤੋਂ ਜੇਲ੍ਹ ਵਿਚ ਬੰਦ ਹੈ। ਵਿਸੇਸ ਅਦਾਲਤ ਨੇ ਉਸਨੂੰ ਜੁਲਾਈ 2007 ਵਿੱਚ ਮਹਰੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਫਾਂਸੀ ਦੀ ਸਜਾ ਸੁਣਾਈ ਸੀ। ਮੌਜੂਦਾ ਸਮੇਂ ਪਿਟੀਸ਼ਨਰ ਨੇ ਅਪਣੀ ਪਿਟੀਸ਼ਨ ’ਚ ਦਾਅਵਾ ਕੀਤਾ ਹੈ ਕਿ ਉਹ ਪਿਛਲੇ ਕਰੀਬ 26 ਸਾਲ ਤੋਂ ਜੇਲ੍ਹ ਵਿਚ ਬੰਦ ਹੈ ਤੇ ਉਸਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰ ਦੇਣਾ ਚਾਹੀਦਾ ਹੈ। ਗੌਰਤਲਬ ਹੈ ਕਿ 31 ਅਗਸਤ 1995 ਨੂੰ ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ ਦੇ ਬਾਹਰ ਕਾਰ ਵਿਚ ਹੋਏ ਬੰਬ ਧਮਾਕੇ ਵਿੱਚ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਸਹਿਤ 16 ਲੋਕ ਮਾਰੇ ਗਏ ਸਨ। ਇਸ ਬੰਬ ਕਾਂਡ ਹੋਰਨਾਂ ਤਂੋ ਇਲਾਵਾ ਪੁਲਿਸ ਕਾਂਸਟੇਬਲ ਦੇ ਤੌਰ ’ਤੇ ਕੰਮ ਕਰਦੇ ਬਲਵੰਤ ਸਿੰਘ ਰਾਜੋਆਣਾ ਨੂੰ ਵੀ ਮੁਜ਼ਰਮ ਠਹਿਰਾਇਆ ਸੀ।
ਪੰਜਾਬ ਦੀ ਖੇਤੀ ਨੂੰ ਤਬਾਹ ਕਰਨ ਦੀ ਸਾਜਿਸ਼ : ਮਾਲਵਿੰਦਰ ਸਿੰਘ ਕੰਗ
ਖਾਦ ਅਤੇ ਪੋਟਾਸ਼ ਦੀਆਂ ਵੱਧੀਆਂ ਹੋਈਆਂ ਕੀਮਤਾਂ ਨੂੰ ਵਾਪਸ ਲੈਣ ਦੀ ਕੀਤੀ ਮੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 2 ਮਈ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੋਟਾਸ਼ ਖਾਦ ਦੀ ਕੀਮਤ ਵਿੱਚ ਵਾਧੇ ਦੀ ਸਖ਼ਤ ਨਿੰਦਾ ਕਰਦਿਆਂ ਮੋਦੀ ਸਰਕਾਰ ’ਤੇ ਜਾਣਬੁੱਝ ਕੇ ਖਾਦਾਂ ਦੀਆਂ ਕੀਮਤਾਂ ਵਧਾ ਕੇ ਕਿਸਾਨਾਂ ਨੂੰ ਤਬਾਹ ਕਰਨ ਦਾ ਦੋਸ਼ ਲਾਇਆ ਹੈ। ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਇੱਕ ਬਿਆਨ ’ਚ ਕਿਹਾ ਕਿ ਕੇਂਦਰ ਵਿਚਲੀ ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਖਾਦ ਅਤੇ ਹੋਰ ਖੇਤੀਬਾੜੀ ਸਾਧਨਾਂ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਕਰਕੇ ਪਹਿਲਾਂ ਤੋਂ ਹੀ ਕਰਜੇ ਵਿੱਚ ਫਸੇ ਕਿਸਾਨਾਂ ’ਤੇ ਹੋਰ ਆਰਥਿਕ ਬੋਝ ਪਾ ਰਹੀ ਹੈ। ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ ਡੀ.ਏ.ਪੀ. ਦੇ ਮੁੱਲ ’ਚ ਵਾਧਾ ਕੀਤਾ ਅਤੇ ਹੁਣ ਪੋਟਾਸ਼ ਖਾਦ ਦੀ ਕੀਮਤ ਵਧਾ ਕੇ ਕਿਸਾਨਾਂ ’ਤੇ ਹੋਰ ਵਿੱਤੀ ਬੋਝ ਪਾਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਇਹ ਫ਼ੈਸਲਾ ਸਿੱਧੇ ਤੌਰ ’ਤੇ ਕਿਸਾਨ ਵਿਰੋਧੀ ਨੀਤੀ ਨੂੰ ਪ੍ਰਗਟ ਕਰਦਾ ਹੈ। ਕੰਗ ਨੇ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਅਤੇ ਕਿਸਾਨਾਂ ਦੇ ਵਿਕਾਸ ਲਈ ਅੱਜ ਤੱਕ ਕੋਈ ਠੋਸ ਨੀਤੀ ਨਹੀਂ ਬਣਾਈ। ਪਰ ਬੇਸ਼ਰਮਾ ਦੀ ਤਰ੍ਹਾਂ ਖੇਤੀ ਖੇਤਰ ਦੀਆਂ ਸਬਸਿਡੀਆਂ ਵਿੱਚ ਲਗਾਤਾਰ ਕਟੌਤੀ ਕਰ ਰਹੀ ਹੈ। ਨਤੀਜੇ ਵਜੋਂ ਖੇਤੀ ਦੀ ਲਾਗਤ ਤੇਜੀ ਨਾਲ ਵੱਧੀ ਹੈ ਅਤੇ ਮੁਨਾਫ਼ਾ ਘੱਟ ਹੋ ਰਿਹਾ ਹੈ। ਖੇਤੀ ਹੁਣ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ। ਇਸ ਲਈ ਕਿਸਾਨਾਂ ਦੀ ਆਰਥਿਕ ਸਥਿਤੀ ਦਿਨ ਪ੍ਰਤੀ ਦਿਨ ਖ਼ਰਾਬ ਹੋ ਰਹੀ ਹੈ। ਕੇਂਦਰ ਸਰਕਾਰ ਵੱਲੋਂ ਲਗਾਤਾਰ ਖਾਦਾਂ ਦੀਆਂ ਕੀਮਤਾਂ ਵਧਾਉਣ ਨਾਲ ਖ਼ਰੀਫ਼ ਫ਼ਸਲਾਂ ਦੇ ਸਮੇਂ ਕਿਸਾਨਾਂ ’ਤੇ ਆਰਥਿਕ ਭਾਰ ਵੱਧ ਰਿਹਾ ਹੈ। ਇਸ ਨਾਲ ਕਿਸਾਨ ਅਤੇ ਕਿਸਾਨੀ ਦੋਵੇਂ ’ਤੇ ਭੈੜਾ ਪ੍ਰਭਾਵ ਪਵੇਗਾ। ‘ਆਪ’ ਆਗੂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਕਿਸਾਨ ਹੁਣ ਕਿਸੇ ਵੀ ਤਰ੍ਹਾਂ ਦਾ ਵਾਧੂ ਵਿੱਤੀ ਬੋਝ ਨਹੀਂ ਚੁੱਕ ਸਕਦੇ, ਇਸ ਲਈ ਕੇਂਦਰ ਸਰਕਾਰ ਖਾਦਾਂ ਦੇ ਮੁੱਲ ’ਚ ਕੀਤਾ ਵਾਧਾ ਤੁਰੰਤ ਵਾਪਸ ਲਵੇ।
ਐਮ. ਆਰ. ਐਸ. ਪੀ. ਟੀ. ਯੂ. ਦੇ ਵਿਦਿਆਰਥੀਆਂ ਨੇ ਪ੍ਰਮੁੱਖ ਉਦਯੋਗਾਂ ਦਾ ਕੀਤਾ ਦੌਰਾ
ਸੁਖਜਿੰਦਰ ਮਾਨ
ਬਠਿੰਡਾ, 2 ਮਈ : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਵਿਭਾਗ ਨੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਲਈ ਮਹੀਨਾਵਾਰ ਉਦਯੋਗਿਕ ਦੌਰੇ ਸੁਰੂ ਕੀਤੇ ਹਨ। ਟੀ ਟ੍ਰੇਨਿੰਗ ਅਤੇ ਪਲੇਸਮੈਂਟ ਵਿਭਾਗ ਨੇ ਅਪ੍ਰੈਲ ਦੇ ਮਹੀਨੇ ਨੂੰ ਉਦਯੋਗਿਕ ਦੌਰੇ ਦੇ ਮਹੀਨੇ ਵਜੋਂ ਮਨਾਇਆ ਜਿਸ ਵਿੱਚ ਪ੍ਰਮੁੱਖ ਉਦਯੋਗਾਂ ਵਿੱਚ ਵਿਦਿਆਰਥੀਆਂ ਲਈ ਨਿਯਮਤ ਉਦਯੋਗਿਕ ਦੌਰੇ ਕਰਵਾਏ ਗਏ। ਜਾਣਕਾਰੀ ਸਾਂਝੀ ਕਰਦਿਆਂ ਐਮ.ਆਰ.ਐਸ.ਪੀ.ਟੀ.ਯੂ. ਦੇ ਵਾਈਸ ਚਾਂਸਲਰ ਡਾ. ਬੂਟਾ ਸਿੰਘ ਸਿੱਧੂ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਅਪ੍ਰੈਲ ਦਾ ਮਹੀਨਾ ਉਦਯੋਗਿਕ ਦੌਰਿਆਂ ਲਈ ਮਨਾਇਆ ਗਿਆ ਹੈ ਅਤੇ ਅੱਗੇ ਵੀ ਇਹ ਸਿਲਸਿਲਾ ਜਾਰੀ ਰਹੇਗਾ। ਐਮ.ਆਰ.ਐਸ.ਪੀ.ਟੀ.ਯੂ. ਅਤੇ ਜੀ. ਜੈਡ. ਐਸ. ਸੀ. ਸੀ. ਈ. ਟੀ. ਦੇ ਕੁੱਲ 314 ਵਿਦਿਆਰਥੀਆਂ ਨੇ ਜਿਹਨਾਂ ਵਿੱਚ ਐਮ.ਐਸ.ਸੀ. ਫੂਡ ਸਾਇੰਸ ਐਂਡ ਟੈਕਨਾਲੋਜੀ, ਬੀ.ਐਸ.ਸੀ. ਫੂਡ ਸਾਇੰਸ ਐਂਡ ਟੈਕਨਾਲੋਜੀ, ਬੀ.ਐਸ.ਸੀ. ਅਤੇ ਐਮ.ਐਸ.ਸੀ.- ਕੈਮਿਸਟਰੀ, ਬੀ.ਟੈਕ- ਇਲੈਕਟ੍ਰੀਕਲ ਇੰਜੀਨੀਅਰਿੰਗ, ਬੀ.ਟੈਕ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸਨ ਇੰਜੀਨੀਅਰਿੰਗ, ਬੀ.ਟੈਕ-ਟੈਕਸਟਾਇਲ ਇੰਜੀਨੀਅਰਿੰਗ ਨੇ ਵੇਰਕਾ ਮਿਲਕ ਪਲਾਂਟ, ਬਠਿੰਡਾ ਕੈਮੀਕਲਜ ਲਿਮਟਿਡ ਡਿਸਟਿਲਰੀ, ਗੁਰੂ ਹਰਗੋਬਿੰਦ ਥਰਮਲ ਪਲਾਂਟ- ਲਹਿਰਾ ਮੁਹੱਬਤ, ਟ੍ਰਾਈਡੈਂਟ ਗਰੁੱਪ ਪਲਾਂਟ ਬਰਨਾਲਾ, ਸਪੋਰਟਕਿੰਗ ਇੰਡੀਆ ਲਿਮਟਿਡ, ਬਠਿੰਡਾ ਦਾ ਦੌਰਾ ਕੀਤਾ। ਉਹਨ੍ਹਾਂ ਕਿਹਾ ਕਿ ‘ਇੰਡਸਟ੍ਰੀਅਲ ਵਿਜਿਟ ਕਲਾਸਰੂਮ ਸਿਧਾਂਤਕ ਸਿਖਲਾਈ ਅਤੇ ਅਸਲ-ਜੀਵਨ ਦੇ ਮਾਹੌਲ ਵਿੱਚ ਵਿਹਾਰਕ ਸਿਖਲਾਈ ਦੇ ਵਿਚਕਾਰ ਦੇ ਪਾੜੇ ਨੂੰ ਪੂਰਾ ਕਰਦਾ ਹੈ ਅਤੇ ਵਿਦਿਆਰਥੀਆਂ ਨੂੰ ਉਦਯੋਗ ਦੇ ਕੰਮਕਾਜ ਨੂੰ ਸਮਝਣ ਵਿੱਚ ਮਦਦ ਕਰਦਾ ਹੈ । ਟਰੇਨਿੰਗ ਅਤੇ ਪਲੇਸਮੈਂਟ ਡਾਇਰੈਕਟਰ ਹਰਜੋਤ ਸਿੰਘ ਸਿੱਧੂ ਨੇ ਕਿਹਾ, ‘ਉਦਯੋਗਿਕ ਦੌਰਾ ਵਿਦਿਆਰਥੀਆਂ ਦੇ ਮਹੱਤਵਪੂਰਨ ਪ੍ਰਬੰਧਨ ਸੰਕਲਪਾਂ ਵਿੱਚ ਸਪੱਸਟਤਾ ਲਿਆਉਂਦਾ ਹੈ, ਕਿਉਂਕਿ ਵਿਦਿਆਰਥੀ ਦਾ ਵਿਹਾਰਕ ਅਨੁਭਵ ਸਭ ਤੋਂ ਪਹਿਲਾਂ ਇਹ ਸਮਝਣਾ ਚਾਹੁੰਦਾ ਹੈ ਕਿ ਇਹਨਾਂ ਸੰਕਲਪਾਂ ਨੂੰ ਅਮਲ ਵਿੱਚ ਕਿਵੇਂ ਲਿਆਂਦਾ ਜਾਵੇ । ਇਹ ਦੌਰਾ ਅਸਲ ਕੰਮ ਕਰਨ ਵਾਲੇ ਵਾਤਾਵਰਣ ਦੀ ਇੱਕ ਸਮਝ ਪ੍ਰਦਾਨ ਕਰਦਾ ਹੈ। ਉਦਯੋਗਿਕ ਦੌਰਾ ਵਿਦਿਆਰਥੀਆਂ ਨੂੰ ਕੰਮ ਦੌਰਾਨ ਯੋਜਨਾ ਅਤੇ ਸੰਗਠਨ ਬਨਾਉਣ ਅਤੇ ਕਿਸੇ ਚੀਜ ਨੂੰ ਲਾਗੂ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਇਹ ਦੌਰਾ ਵਿਦਿਆਰਥੀਆਂ ਨੂੰ ਮਾਹਿਰਾਂ ਨਾਲ ਗੱਲਬਾਤ ਕਰਨ ਦਾ ਵਧੀਆ ਮੌਕਾ ਪ੍ਰਦਾਨ ਕਰਦਾ ਹੈ। ਨਿਯਮਤ ਉਦਯੋਗਿਕ ਦੌਰਿਆਂ ਨਾਲ, ਵਿਦਿਆਰਥੀ ਆਪਣੇ ਕੰਮ ਦੇ ਸੰਭਾਵੀ ਖੇਤਰ ਜਿਵੇਂ ਕਿ ਮਾਰਕੀਟਿੰਗ, ਵਿੱਤ, ਲੌਜਿਸਟਿਕਸ, ਨਿਰਮਾਣ, ਆਦਿ ਦੀ ਪਛਾਣ ਕਰਨ ਦੇ ਯੋਗ ਬਣ ਜਾਂਦੇ ਹਨ।ਹਰੇਕ ਉਦਯੋਗ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੇ ਵਿਦਿਆਰਥੀਆਂ ਨੂੰ ਆਪੋ-ਆਪਣੇ ਉਦਯੋਗਾਂ ਵਿੱਚ ਚਲ ਰਹੀ ਪ੍ਰਕਿਰਿਆ ਨੂੰ ਚੰਗੀ ਤਰ੍ਹਾਂ ਸਮਝਾਇਆ। ਡਾਇਰੈਕਟਰ, ਹਰਜੋਤ ਸਿੰਘ ਸਿੱਧੂ ਨੇ ਕਿਹਾ ਕਿ ਭਵਿੱਖ ਵਿੱਚ ਸਾਡੇ ਵਿਭਾਗ ਨੇ ਨੈਸਲੇ ਮੋਗਾ, ਹਿੰਦੁਸਤਾਨ ਯੂਨੀਲੀਵਰ ਲਿਮਟਿਡ ਰਾਜਪੁਰਾ, ਪੈਪਸੀਕੋ ਹੋਲਡਿੰਗਜ ਇੰਡੀਆ ਲਿਮਟਿਡ, ਪ੍ਰੀਤ ਟਰੈਕਟਰਜ, ਸੋਨਾਲੀਕਾ ਟਰੈਕਟਰਜ ਵਰਗੇ ਪ੍ਰਮੁੱਖ ਉਦਯੋਗਾਂ ਵਿੱਚ ਉਦਯੋਗਿਕ ਦੌਰੇ ਦੀ ਯੋਜਨਾ ਬਣਾਈ ਹੈ ਅਤੇ ਜਲਦ ਹੀ ਯੂਨੀਵਰਸਿਟੀ ਦੇ ਵਿਦਿਆਰਥੀ ਇਹਨਾਂ ਉਦਯੋਗਾਂ ਦਾ ਵੀ ਦੌਰਾ ਕਰਨਗੇ । ਯੂਨੀਵਰਸਿਟੀ ਦੇ ਰਜਿਸਟਰਾਰ, ਗੁਰਿੰਦਰਪਾਲ ਸਿੰਘ ਬਰਾੜ ਨੇ ਕਿਹਾ, ‘ਵਿਦਿਆਰਥੀ ਲਈ ਉਦਯੋਗਿਕ ਦੌਰਾ ਸਿੱਖਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਸਾਡੀ ਯੂਨੀਵਰਸਿਟੀ ਦਾ ਉਦੇਸ ਇਸ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਲਾਗੂ ਕਰਨਾ ਹੈ।‘ਸੀ.ਆਰ.ਸੀ. ਇੰਚਾਰਜ ਡਾ. ਰਾਜੇਸ ਗੁਪਤਾ ਨੇ ਕਿਹਾ ਕਿ ਭਵਿੱਖ ਵਿੱਚ ਯੂਨੀਵਰਸਿਟੀ ਚੋਟੀ ਦੇ ਉਦਯੋਗਾਂ ਨਾਲ ਸਮਝੌਤਾ ਕਰ ਰਹੀ ਹੈ। ਉਹਨਾਂ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾ ਦੇ ਮੁਖਿਆਂ ਨੇ ਉਦਯੋਗਿਕ ਦੌਰਿਆਂ ਨੂੰ ਸਲਾਘਾਯੋਗ ਕਦਮ ਦਸਿਆ।
ਸੰਯੁਕਤ ਕਿਸਾਨ ਮੋਰਚੇ ਨੇ ਰੋਸ਼ ਵਿਖਾਵਾ ਕਰਦਿਆਂ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 2 ਮਈ : ਪੰਜਾਬ ਦੀਆਂ 16 ਕਿਸਾਨ ਜੱਥੇਬੰਦੀਆਂ ‘ਤੇ ਆਧਾਰਿਤ ‘ਸੰਯੁਕਤ ਕਿਸਾਨ ਮੋਰਚਾ‘ ਦੇ ਫੈਸਲੇ ਨੂੰ ਲਾਗੂ ਕਰਦਿਆਂ ਅੱਜ ਬੀਕੇਯੂ ਏਕਤਾ ਡਕੌਂਦਾ, ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਕਾਰਕੁੰਨਾਂ ਨੇ ਬਲਦੇਵ ਸਿੰਘ ਭਾਈ ਰੂਪਾ, ਦਰਸ਼ਨ ਸਿੰਘ ਫੁੱਲੋ ਮਿੱਠੀ, ਅਮਰਜੀਤ ਸਿੰਘ ਹਨੀ ਅਤੇ ਬਲਕਰਨ ਸਿੰਘ ਬਰਾੜ ਦੀ ਅਗਵਾਈ ਵਿੱਚ ਰੋਸ ਵਿਖਾਵਾ ਕਰ ਕੇ ਐਸ ਡੀ ਓ (ਨਹਿਰੀ) ਸ਼੍ਰੀ ਮਨਦੀਪ ਸਿੰਘ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ।ਭੇਜੇ ਗਏ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਪੰਜਾਬ ਦੀਆਂ ਫਸਲਾਂ ਦੀ ਨਹਿਰੀ ਪਾਣੀ ਰਾਹੀਂ ਸਿੰਚਾਈ ਯਕੀਨੀ ਬਣਾਉਣ ਲਈ ਪੰਜਾਬ ਦਾ ਤਹਿਸ-ਨਹਿਸ ਹੋ ਚੁੱਕਿਆ ਨਹਿਰੀ ਸਿਸਟਮ ਬਹਾਲ ਕੀਤਾ ਜਾਵੇ ਅਤੇ ਨਹਿਰਾਂ ਆਦਿ ਦੀ ਨਵੇਂ ਸਿਰੇ ਤੋਂ ਉਸਾਰੀ ਕੀਤੀ ਜਾਵੇ ਤਾਂਕਿ ਧਰਤੀ ਹੇਠਲੇ ਪਾਣੀ ‘ਤੇ ਨਿਰਭਰਤਾ ਖਤਮ ਕੀਤੀ ਜਾ ਸਕੇ।ਇਸ ਮੌਕੇ ਬਿੰਦਰ ਸਿੰਘ ਕੋਟਲੀ, ਤਾਰਾ ਸਿੰਘ ਨੰਦਗੜ੍ਹ ਕੋਟੜਾ, ਬਖਸ਼ੀਸ਼ ਸਿੰਘ ਖਾਲਸਾ, ਗੁਲਜ਼ਾਰ ਸਿੰਘ ਬਦਿਆਲਾ, ਅਜੈਬ ਸਿੰਘ ਹਰਰੰਗਪੁਰਾ, ਬੂਟਾ ਸਿੰਘ ਤੁੰਗਵਾਲੀ ਅਤੇ ਭਰਾਤਰੀ ਜੱਥੇਬੰਦੀ ਦਿਹਾਤੀ ਮਜ਼ਦੂਰ ਸਭਾ ਵੱਲੋਂ ਸੂਬਾ ਵਿੱਤ ਸਕੱਤਰ ਮਹੀਪਾਲ ਵੀ ਹਾਜ਼ਰ ਸਨ।
ਸਰਕਾਰੀ ਜ਼ਮੀਨ ਤੋਂ ਕਬਜ਼ਾ ਛੱਡਣ ਵਾਲੇ ਪਰਿਵਾਰ ਦਾ ਮੰਤਰੀ ਕੁਲਦੀਪ ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਧੰਨਵਾਦ ਕੀਤਾ
-ਕੁਲਦੀਪ ਧਾਲੀਵਾਲ ਨੇ ਮਾਤਾ ਦੀ ਝੋਲੀ ਕਣਕ ਦੇ ਦਾਣੇ ਪਾ ਕੇ ਪਰਿਵਾਰ ਦੇ ਰਿਜਕ ‘ਚ ਵਾਧੇ ਦੀ ਅਰਦਾਸ ਕੀਤੀ
-ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਉਣ ਲਈ ਕਬਜ਼ੇ ਛੱਡਣ ਲਈ ਖ਼ੁਦ ਹੀ ਅੱਗੇ ਆਉਣ ਨਜਾਇਜ਼ ਕਾਬਜ਼ਕਾਰ-ਕੁਲਦੀਪ ਧਾਲੀਵਾਲ
ਸੁਖਜਿੰਦਰ ਮਾਨ
ਨੈਣ ਖੁਰਦ/ਪਟਿਆਲਾ, 2 ਮਈ:ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਭੁੱਨਰਹੇੜੀ ਬਲਾਕ ਦੇ ਪਿੰਡ ਨੈਣ ਖੁਰਦ ਵਿਖੇ ਪੁੱਜਕੇ, ਪਿਛਲੇ ਦਿਨੀਂ ਆਪਣੀ ਸਹਿਮਤੀ ਨਾਲ ਜੰਗਲਾਤ ਵਿਭਾਗ ਦੀ ਕਰੀਬ 43 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੱਡਣ ਵਾਲੇ ਪਰਿਵਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫ਼ੋਂ ਮਾਤਾ ਪਰਮਿੰਦਰ ਕੌਰ ਦੀ ਝੋਲੀ ਕਣਕ ਦੇ ਦਾਣੇ ਪਾ ਕੇ ਰਵਾਇਤੀ ਢੰਗ ਨਾਲ ਧੰਨਵਾਦ ਕੀਤਾ।ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਰਵਾਇਤੀ ਢੰਗ ਨਾਲ ਪਰਿਵਾਰ ਦੀ ਬਜ਼ੁਰਗ ਔਰਤ ਦੀ ਝੋਲੀ ‘ਚ ਕਣਕ ਪਾ ਕੇ ਪਰਮਾਤਮਾ ਕੋਲ ਪਰਿਵਾਰ ਦੇ ਰਿਜਕ ‘ਚ ਵਾਧੇ ਦੀ ਅਰਦਾਸ ਵੀ ਕੀਤੀ। ਇਸ ਮੌਕੇ ਜ਼ਮੀਨ ਤੋਂ ਕਬਜ਼ਾ ਛੱਡਣ ਵਾਲੇ ਮਹਿਕ ਰਣਜੀਤ ਸਿੰਘ ਗਰੇਵਾਲ ਅਤੇ ਮੰਤਰੀ ਦੇ ਨਾਲ ਵਿਸ਼ੇਸ਼ ਤੌਰ ‘ਤੇ ਪੁੱਜੇ ਬਲਤੇਜ ਪੰਨੂ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ, ”ਇਸ ਪਰਿਵਾਰ ਨੇ ਸਰਕਾਰ ਦੇ ਰਿਜਕ ‘ਚ ਵਾਧੇ ਲਈ ਇਸ ਜ਼ਮੀਨ ਨੂੰ ਛੱਡਿਆ ਹੈ ਇਸ ਲਈ ਪੰਜਾਬ ਸਰਕਾਰ ਵੱਲੋਂ ਉਹ ਪਰਿਵਾਰ ਦੇ ਰਿਜਕ ‘ਚ ਵਾਧੇ ਦੀ ਅਰਦਾਸ ਕਰਦੇ ਹੋਏ ਕਣਕ ਦੇ ਦਾਣੇ ਲੈ ਕੇ ਆਏ ਹਨ।”
ਇਸ ਤੋਂ ਮਗਰੋਂ ਕੁਲਦੀਪ ਧਾਲੀਵਾਲ ਨੇ ਉਜ ਜ਼ਮੀਨ ਦਾ ਵੀ ਦੌਰਾ ਕੀਤਾ, ਜਿਥੋਂ ਦਹਾਕਿਆਂ ਪੁਰਾਣਾ ਨਜਾਇਜ਼ ਕਬਜ਼ਾ ਵੀ ਛੁਡਵਾਇਆ ਗਿਆ ਹੈ, ਇੱਥੇ ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਤੇ ਛੱਪੜਾਂ ਤੋਂ ਕਬਜ਼ੇ ਛੁਡਵਾਉਣ ਦੀ ਮੁਹਿੰਮ ਨੂੰ ਰਾਜ ਭਰ ‘ਚ ਵੱਡਾ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਜ਼ਮੀਨਾਂ ‘ਤੇ ਕੁਝ ਕਬਜ਼ੇ ਅਧਿਕਾਰੀਆਂ ਦੀ ਅਣਗਹਿਲੀ ਕਰਕੇ ਹੋਏ, ਕੁਝ ਵੋਟਾਂ ਦੀ ਗੰਧਲੀ ਸਿਆਸਤ ਕਰਕੇ ਅਤੇ ਬਾਕੀ ਸੀਨਾਜ਼ੋਰੀ ਨਾਲ ਪਰੰਤੂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਮਜ਼ਬੂਤ ਇੱਛਾ ਸ਼ਕਤੀ ਕਰਕੇ ਸਾਰੇ ਨਜਾਇਜ਼ ਕਬਜ਼ੇ ਛੁਡਵਾ ਲਏ ਜਾਣਗੇ।
ਇੱਕ ਸਵਾਲ ਦੇ ਜਵਾਬ ‘ਚ ਪੰਚਾਇਤ ਮੰਤਰੀ ਨੇ ਕਿਹਾ ਕਿ ਬਹੁਤੀਆਂ ਜ਼ਮੀਨਾਂ ਖੇਤੀਬਾੜੀ ਵਾਲੀਆਂ ਹਨ, ਜੋਕਿ ਖਾਲੀ ਕਰਵਾ ਕੇ ਖੁੱਲੀ ਬੋਲੀ ਤੇ ਪਾਰਦਰਸ਼ੀ ਢੰਗ ਨਾਲ ਠੇਕੇ ‘ਤੇ ਦਿੱਤੀਆਂ ਜਾਣਗੀਆਂ ਜਦਕਿ ਅੰਮ੍ਰਿਤਸਰ, ਲੁਧਿਆਣਾ ਤੇ ਇੱਕ ਦੋ ਹੋਰ ਸ਼ਹਿਰਾਂ ‘ਚ ਸਨਅਤੀ ਖੇਤਰ ਦੀਆਂ ਵੀ ਜ਼ਮੀਨਾਂ ਹਨ, ਜਿਨ੍ਹਾਂ ‘ਤੇ ਸਨਅਤਾਂ ਲਾਈਆਂ ਜਾਣਗੀਆਂ। ਕੁਲਦੀਪ ਧਾਲੀਵਾਲ ਨੇ ਨਜਾਇਜ਼ ਕਾਬਜ਼ਕਾਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਉਹ ਖ਼ੁਦ ਹੀ ਅਜਿਹੇ ਕਬਜ਼ੇ ਛੱਡ ਦੇਣ ਪਰੰਤੂ ਅਜਿਹਾ ਨਾ ਹੋਣ ‘ਤੇ ਪੰਜਾਬ ਸਰਕਾਰ ਸਖ਼ਤ ਕਾਨੂੰਨੀ ਕਾਰਵਾਈ ਵੀ ਕਰੇਗੀ। ਉਨ੍ਹਾਂ ਨੇ ਹੋਰ ਕਿਹਾ ਕਿ ਜਿਹੜੀਆਂ ਜ਼ਮੀਨਾਂ ਦੇ ਕੇਸ ਅਦਾਲਤਾਂ ‘ਚ ਚੱਲਦੇ ਹਨ, ਉਸ ਲਈ ਸੀਨੀਅਰ ਵਕੀਲਾਂ ਦੀਆਂ ਸੇਵਾਵਾਂ ਲੈਕੇ ਕੇਸ ਜਿੱਤੇ ਜਾਣਗੇ।
ਪਿੰਡਾਂ ਦੇ ਵਿਕਾਸ ਬਾਬਤ ਇੱਕ ਸਵਾਲ ਦਾ ਜਵਾਬ ਦਿੰਦਿਆਂ ਪੰਚਾਇਤ ਮੰਤਰੀ ਨੇ ਕਿਹਾ ਕਿ ਪਿੰਡਾਂ ‘ਚ ਦੋ ਵੱਡੀਆਂ ਸਮੱਸਿਆਵਾਂ ਹਨ, ਪਹਿਲੀ ਪੀਣ ਵਾਲੇ ਸਾਫ਼ ਪਾਣੀ ਦੀ ਅਤੇ ਦੂਜੀ ਗੰਦੇ ਪਾਣੀ ਦੇ ਨਿਕਾਸ ਦੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਹੀ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੀ ਸਰਕਾਰ ਬਹੁਤ ਹੀ ਵਧੀਆ ਢੰਗ ਨਾਲ ਕਰੇਗੀ।
ਕੁਲਦੀਪ ਧਾਲੀਵਾਲ ਨੇ ਹੋਰ ਕਿਹਾ ਕਿ ਪਹਿਲਾਂ ਬਿਨ੍ਹਾਂ ਯੋਜਨਾਬੰਦੀ ਤੋਂ ਫੰਡ ਆਪਹੁੰਦਰੇ ਢੰਗ ਨਾਲ ਖ਼ਰਚੇ ਜਾਂਦੇ ਰਹੇ ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਤਿਹਾਸਕ ਫੈਸਲੇ ਲਏ ਹਨ, ਜਿਸ ਤਹਿਤ ਪੂਰੀ ਡਿਜ਼ਾਇਨ ਬਣਾ ਕੇ ਪਿੰਡਾਂ ਦੇ ਵਿਕਾਸ ਕਾਰਜ ਹੋਣਗੇ ਤਾਂ ਕਿ ਲੋਕ ਇਨ੍ਹਾਂ ਨੂੰ ਸਦੀਆਂ ਤੱਕ ਯਾਦ ਰੱਖਣ। ਇਸ ਤੋਂ ਬਿਨ੍ਹਾਂ ਸਰਕਾਰ ਨੇ ਬਜ਼ਟ ਬਣਾਉਣ ‘ਚ ਵੀ ਲੋਕਾਂ ਦੇ ਸੁਝਾਓ ਲੈਣ ਦਾ ਫੈਸਲਾ ਕੀਤਾ ਹੈ ਅਤੇ ਜੂਨ ਮਹੀਨੇ ਗ੍ਰਾਮ ਸਭਾਵਾਂ ‘ਚ ਪਿੰਡਾਂ ਦੇ ਵਿਕਾਸ ਲਈ ਮਤੇ ਪਾਸ ਕਰਕੇ ਸਰਕਾਰ ਨੂੰ ਭੇਜਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ।
ਅਮਿ੍ਤ ਲਾਲ ਅਗਰਵਾਲ ਦੂਜੀ ਵਾਰ ਬਣੇ ਅਗਰਵਾਲ ਸਭਾ ਬਠਿੰਡਾ ਦੇ ਪ੍ਧਾਨ
ਏ.ਜੀ.ਟੀ.ਐਫ. ਵੱਲੋਂ ਬਠਿੰਡਾ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕਨੇਡਾ ਅਧਾਰਤ ਗੋਲਡੀ ਬਰਾੜ ਦੇ 3 ਨਜ਼ਦੀਕੀ ਸਾਥੀ ਗਿ੍ਰਫਤਾਰ; 4 ਪਿਸਤੌਲ , ਅਸਲਾ ਬਰਾਮਦ
ਪੰਜਾਬ ਪੁਲਿਸ ਵੱਲੋਂ ਕੀਤੀਆਂ ਉਕਤ 3 ਗਿ੍ਰਫਤਾਰੀਆਂ ਨਾਲ ਮਾਲਵੇ ਦੇ ਉੱਘੇ ਕਾਰੋਬਾਰੀ ’ਤੇ ਹੋਣ ਵਾਲੇ ਹਮਲੇ ਦੀ ਸਾਜ਼ਿਸ਼ ਟਲੀ : ਡੀਆਈਜੀ ਭੁੱਲਰ
ਸੁਖਜਿੰਦਰ ਮਾਨ
ਚੰਡੀਗੜ, 1 ਮਈ: ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਐਤਵਾਰ ਨੂੰ ਬਠਿੰਡਾ ਤੋਂ ਜੇਲ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਤਿੰਨ ਨਜਦੀਕੀ ਸਾਥੀਆਂ ਨੂੰ ਗਿ੍ਰਫਤਾਰ ਕਰਕੇ ਵੱਡੀ ਸਫ਼ਲਤਾ ਦਰਜ ਕੀਤੀ ਹੈ। ਗਿ੍ਰਫਤਾਰ ਕੀਤੇ ਮੁਲਜ਼ਮਾ ਦੀ ਪਛਾਣ ਲਵਪ੍ਰੀਤ ਸਿੰਘ ਉਰਫ ਸਚਿਨ ਵਾਸੀ ਪਿੰਡ ਚਰੇਵਾਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ , ਹਿੰਮਤਵੀਰ ਸਿੰਘ ਗਿੱਲ ਵਾਸੀ ਪਿੰਡ ਝੋਰੜ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਦੂਹੇ ਵਾਲਾ ਦੇ ਬਲਕਰਨ ਉਰਫ ਵਿੱਕੀ ਵਜੋਂ ਹੋਈ ਹੈ। ਪੁਲਿਸ ਨੇ ਇਨਾਂ ਕੋਲੋਂ ਦੋ .30 ਕੈਲੀਬਰ ਪਿਸਤੌਲ, ਦੋ .32 ਕੈਲੀਬਰ ਦੇ ਪਿਸਤੌਲ ਸਮੇਤ 20 ਕਾਰਤੂਸ ਅਤੇ ਇੱਕ ਚਿੱਟੇ ਰੰਗ ਦੀ ਆਈ 20 ਕਾਰ ਵੀ ਬਰਾਮਦ ਕੀਤੀ ਹੈ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਗੈਂਗਸਟਰਾਂ ਵਿਰੁੱਧ ਕਾਰਵਾਈ ਨੂੰ ਤੇਜੀ ਲਿਆਉਣ ਲਈ ਡੀਜੀਪੀ ਪੰਜਾਬ ਵੀ.ਕੇ ਭਾਵਰਾ ਦੀ ਨਿਗਰਾਨੀ ਵਿਚ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਾਲੀ ਇੱਕ ਏਜੀਟੀਐਫ ਦਾ ਗਠਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਆਈ.ਜੀ . (ਏਜੀਟੀਐਫ) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਖਤਾ ਸੂਚਨਾ ਦੇ ਆਧਾਰ ‘ਤੇ, ਬਠਿੰਡਾ ਤੋਂ ਏਜੀਟੀਐਫ ਦੀ ਟੀਮ ਨੇ ਤਿੰਨ ਮੁਲਜਮਾਂ ਨੂੰ ਕਾਬੂ ਕੀਤਾ ਹੈ, ਜੋ ਕਿ ਮਾਲਵਾ ਖੇਤਰ ਦੇ ਇੱਕ ਉੱਘੇ ਵਪਾਰੀ ਤੋਂ ਪੈਸੇ ਵਸੂਲਣ ਲਈ ਉਸ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਉਨਾਂ ਕਿਹਾ ਕਿ ਇਨਾਂ ਮੁਲਜਮਾਂ ਦੀ ਗਿ੍ਰਫਤਾਰੀ ਨਾਲ ਇੱਕ ਸਨਸਨੀਖੇਜ਼ ਵਾਰਦਾਤ ਨੂੰ ਟਾਲਣ ਵਿੱਚ ਕਾਮਯਾਬੀ ਮਿਲੀ ਹੈ। ਡੀਆਈਜੀ ਭੁੱਲਰ ਨੇ ਦੱਸਿਆ ਕਿ ਤਿੰਨੋਂ ਮੁਲਜਮ ਅਪਰਾਧਿਕ ਪਿਛੋਕੜ ਵਾਲੇ ਹਨ। ਸਚਿਨ ਅਤੇ ਹਿੰਮਤਵੀਰ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਅਤੇ ਦਿੱਲੀ ਵਿੱਚ ਨਸ਼ਾ ਤਸਰਕਰੀ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸਨ। ਉਨਾਂ ਕਿਹਾ ਕਿ ਉਹ ਗਿਰੋਹ ਲਈ ਦੂਜੇ ਰਾਜਾਂ ਤੋਂ ਹਥਿਆਰ ਮੰਗਵਾ ਕੇ ਆਪਣੇ ਸਾਥੀਆਂ ਨੂੰ ਪਹੁੰਚਾਉਂਦੇ ਸਨ ਤਾਂ ਜੋ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਜਾ ਸਕੇ।
ਡੀਆਈਜੀ ਨੇ ਕਿਹਾ ਕਿ ਕੈਨੇਡੀਅਨ ਅਧਾਰਤ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੇਂਸ ਬਿਸਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੇ ਨਿਰਦੇੋਸ਼ਾਂ ‘ਤੇ, ਉਹ ਰਾਸ਼ਟਰੀ ਰਾਜਧਾਨੀ ਖੇਤਰ (ਐਨ.ਸੀ.ਆਰ.) ਦੇ ਭਗੌੜੇ ਗੈਂਗਸਟਰਾਂ ਨੂੰ ਛੁਪਣਗਾਹਾਂ ਉਪਲਬਧ ਕਰਵਾਉਂਦੇ ਸਨ।
ਉਨਾਂ ਅੱਗੇ ਕਿਹਾ “ਹਾਲ ਹੀ ਵਿੱਚ ਸਪੈਸ਼ਲ ਸੈੱਲ ਦਿੱਲੀ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਇੱਕ ਵਾਂਟਡ ਗੈਂਗਸਟਰ ਸ਼ਾਹਰੁਖ ਨੂੰ ਗਿ੍ਰਫਤਾਰ ਕੀਤਾ ਹੈ, ਜਿਸ ਨੂੰ ਸਚਿਨ ਅਤੇ ਉਸਦੇ ਸਾਥੀਆਂ ਦੁਆਰਾ ਪੰਜਾਬ ਵਿੱਚ ਛੁਪਣਗਾਹ ਮੁਹੱਈਆ ਕਰਵਾਈ ਗਈ ਸੀ।“
ਜ਼ਿਕਰਯੋਗ ਹੈ ਕਿ ਥਾਣਾ ਸਿਵਲ ਲਾਈਨ ਬਠਿੰਡਾ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25 (7) ਅਤੇ (8) ਤਹਿਤ ਮਿਤੀ 01-05-2022 ਨੂੰ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਪਟਿਆਲਾ ਹਿੰਸਾ: ਪੁਲਿਸ ਵਲੋਂ ਬਰਜਿੰਦਰ ਸਿੰਘ ਪਰਵਾਨਾ ਸਹਿਤ ਅੱਧੀ ਦਰਜ਼ਨ ਮੁਜਰਮ ਕਾਬੂ
ਪਟਿਆਲੇ ’ਚ ਸਥਿਤੀ ਸ਼ਾਂਤ ਹੋਈ, ਪੁਲਿਸ ਵਲੋਂ ਮੁਸਤੈਦੀ ਜਾਰੀ
ਸੁਖਜਿੰਦਰ ਮਾਨ
ਪਟਿਆਲਾ, 1 ਮਈ : ਸਥਾਨਕ ਸ਼ਹਿਰ ਵਿਖੇ ਸਿਵ ਸੈਨਾ ਵਲੋਂ ਖ਼ਾਲਿਸਤਾਨੀ ਵਿਰੋਧੀ ਮਾਰਚ ਕੱਢਣ ਦੇ ਐਲਾਨ ਨੂੰ ਲੈ ਕੇ ਹੋਈ ਹਿੰਸਾ ਦੇ ਮਾਮਲੇ ਵਿਚ ਅੱਜ ਪੁਲਿਸ ਨੇ ਬਰਜਿੰਦਰ ਸਿੰਘ ਪਰਵਾਨਾ ਸਹਿਤ ਅੱਧੀ ਦਰਜ਼ਨ ਹੋਰ ਮੁਜਰਮਾਂ ਨੂੰ ਗਿ੍ਰਫਤਾਰ ਕਰ ਲਿਆ। ਇਸਦੀ ਜਾਣਕਾਰੀ ਦਿੰਦਿਆਂ ਆਈ.ਜੀ ਮੁਖ਼ਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸ਼ਾਕਸੀ ਸਾਹਨੀ, ਐਸ.ਐਸ.ਪੀ ਦੀਪਕ ਪਾਰਿਕ ਆਦਿ ਨੇ ਦਸਿਆ ਕਿ ਹੁਣ ਤੱਕ ਇਸ ਹਿੰਸਾ ਦੇ ਮਾਮਲੇ ਵਿਚ ਅੱਧੀ ਦਰਜ਼ਨ ਮੁਕੱਦਮੇ ਦਰਜ਼ ਕਰਕੇ 9 ਮੁਜ਼ਰਮਾਂ ਨੂੰ ਕਾਬੂ ਕੀਤਾ ਜਾ ਚੁੱਕਿਆ ਹੈ ਤੇ ਕਿਸੇ ਵੀ ਦੋਸ਼ੀ ਨੂੰ ਬਖ਼ਸਿਆ ਨਹੀਂ ਜਾਵੇਗਾ। ਆਈ.ਜੀ ਨੇ ਦਸਿਆ ਕਿ ਇਸ ਘਟਨਾ ਦੇ ਪ੍ਰਮੁੱਖ ਪਾਤਰ ਮੰਨੇ ਜਾਂਦੇ ਬਰਜਿੰਦਰ ਸਿੰਘ ਪਰਵਾਨਾ ਨੂੰ ਮੁਹਾਲੀ ਤੋਂ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਸਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਕਾਂਡ ਦਾ ਇੱਕ ਹੋਰ ਕਥਿਤ ਮੁੱਖ ਦੋਸ਼ੀ ਹਰੀਸ ਸਿੰਗਲਾ ਪਹਿਲਾਂ ਹੀ ਗਿ੍ਰਫਤਾਰ ਕੀਤਾ ਗਿਆ ਹੈ। ਜਦੋਂਕਿ ਉਸਦੇ ਸਹਿਯੋਗੀ ਮੰਨੇ ਜਾਂਦੇ ਸਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਸੰਕਰ ਭਾਰਦਵਾਜ ਤੇ ਗੱਗੀ ਪੰਡਿਤ ਸਹਿਤ ਦਵਿੰਦਰ ਸਿੰਘ ਆਦਿ ਨੂੰ ਵੀ ਗਿ੍ਰਫਤਾਰ ਕੀਤਾ ਗਿਆ ਹੈ। ਆਈਜੀ ਛੀਨਾ ਨੇ ਦੱਸਿਆ ਕਿ ਐਸਐਸਪੀ ਦੀਪਕ ਪਾਰਿਖ ਦੀ ਅਗਵਾਈ ਵਿਚ ਪਟਿਆਲਾ ਪੁਲਿਸ ਦੀਆਂ 20 ਵਿਸੇਸ ਟੀਮਾਂ ਬਣਾਈਆਂ ਗਈਆਂ ਹਨ, ਜੋ ਕਥਿਤ ਦੋਸ਼ੀਆਂ ਨੂੰ ਫ਼ੜਣ ਲਈ ਪੰਜਾਬ ਭਰ ਵਿਚ ਛਾਪੇਮਾਰੀ ਕਰ ਰਹੀਆਂ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਮਾਹੌਲ ਖ਼ਰਾਬ ਕਰਨ ਵਾਲੀ ਕੋਈ ਵੀ ਖ਼ਬਰ ਪ੍ਰਕਾਸ਼ਤ ਨਾ ਕੀਤੀ ਜਾਵੇ, ਬਲਕਿ ਉਸਦੀ ਸਚਾਈ ਬਾਰੇ ਜਰੂਰ ਪੂਸ਼ਟੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਸੋਸਲ ਮੀਡੀਆ ’ਤੇ ਪ੍ਰਕਾਸਤ ਹੋਣ ਵਾਲੀ ਸਮੱਗਰੀ ਨੂੰ ਵਾਚਣ ਲਈ ਇਕ ਟੀਮ ਵੀ ਬਣਾਈ ਗਈ ਹੈ। ਇਸ ਮੌਕੇ ਏਡੀਸੀ ਗੁਰਪ੍ਰੀਤ ਸਿੰਘ ਥਿੰਦ ਵੀ ਹਾਜ਼ਰ ਰਹੇ। ਇੱਥੇ ਦਸਣਾ ਬਣਦਾ ਹੈ ਕਿ ਪਟਿਆਲਾ ਹਿੰਸਾ ਵਿਚ ਦੋ ਫ਼ਿਰਕਿਆਂ ਵਿਚ ਤਨਾਅ ਪੈਦਾ ਹੋ ਗਿਆ ਸੀ ਤੇ ਦੋਨਾਂ ਧਿਰਾਂ ਵਿਚਕਾਰ ਹੋਏ ਵਿਵਾਦ ਕਾਰਨ ਪੁਲਿਸ ਨੂੰ ਹਿੰਸਾ ਰੋਕਣ ਲਈ ਹਵਾਈ ਫਾਈਰਿੰਗ ਵੀ ਕਰਨੀ ਪਈ ਸੀ ਇਸ ਕਾਂਡ ਵਿਚ ਕੁੱਝ ਵਿਅਕਤੀ ਜਖ਼ਮੀ ਵੀ ਹੋ ਗਏ ਸਨ। ਵਿਰੋਧੀ ਪਾਰਟੀਆਂ ਨੇ ਪਟਿਆਲਾ ਕੇਸ ਨੂੰ ਲੈ ਕੇ ਆਪ ਸਰਕਾਰ ਨੂੰ ਘੇਰਿਆ ਸੀ।





