Sunday, May 10, 2026
Home Blog Page 2561

ਦਿਲ ਦਾ ਦੌਰਾ ਪੈਣ ਕਾਰਨ ਅਕਾਲੀ ਆਗੂ ਗੁਰਚਰਨ ਸਿੰਘ ਔਲਖ ਦੀ ਹੋਈ ਮੌਤ

0

ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਵਲੋਂ ਗੁਰਚਰਨ ਸਿੰਘ ਔਲਖ ਨੂੰ ਅੰਤਿਮ ਵਿਦਾਇਗੀ
ਸੁਖਜਿੰਦਰ ਮਾਨ
ਬਠਿੰਡਾ, 27 ਮਾਰਚ: ਟਕਸਾਲੀ ਅਕਾਲੀ ਆਗੂ ਲੰਬੇ ਸਮੇਂ ਤੋਂ ਗੁਰਦੁਆਰਾ ਕਲਗੀਧਰ ਸਾਹਿਬ ਮੁਲਤਾਨੀਆਂ ਰੋਡ ਬਠਿੰਡਾ ਦੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਚੱਲੇ ਆ ਰਹੇ ਸ: ਗੁਰਚਰਨ ਸਿੰਘ ਔਲਖ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਸਰਕਲ 10 ਬਠਿੰਡਾ ਦੀ ਅਚਾਨਕ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈÍ ਓਹਨਾਂ ਦੀ ਬੇਵਕਤੀ ਮੌਤ ਨਾਲ ਅਕਾਲੀ ਸਫ਼ਾ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਓਹਨਾਂ ਦੇ ਅੰਤਿਮ ਸੰਸਕਾਰ ਮੌਕੇ ਵੱਖ ਵੱਖ ਰਾਜਨੀਤਿਕ ਸਮਾਜਿਕ ਧਾਰਮਿਕ ਵਿਦਿਅਕ ਜਥੇਬੰਦੀਆਂ ਦੇ ਆਗੂ ਸਹਿਬਾਨ ਅਤੇ ਅਹੁਦੇਦਾਰ ਹਾਜਿਰ ਸਨ ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ, ਦਲਜੀਤ ਸਿੰਘ ਬਰਾੜ ਮੈਂਬਰ ਪੀ ਏ ਸੀ ਸ਼੍ਰੋਮਣੀ ਅਕਾਲੀ ਦਲ, ਸਟੇਟ ਡੇਲੀਗੇਟ ਇਕਬਾਲ ਸਿੰਘ ਬੱਬਲੀ ਢਿਲੋਂ, ਉੱਘੇ ਇਤਿਹਾਸਕਾਰ ਹਰਵਿੰਦਰ ਸਿੰਘ ਖਾਲਸਾ, ਚਮਕੌਰ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਜਿਲ੍ਹਾ ਬਠਿੰਡਾ ਸ਼ਹਿਰੀ, ਰਾਕੇਸ਼ ਸਿੰਗਲਾ ਪ੍ਰਧਾਨ ਵਪਾਰ ਵਿੰਗ, ਸਰਕਲ ਪ੍ਰਧਾਨ ਸੁਖਦੇਵ ਸਿੰਘ ਗੁਰਥੜੀ, ਸਾਬਕਾ ਕੌਂਸਲਰ ਨਿਰਮਲ ਸਿੰਘ ਸੰਧੂ,ਸਾਬਕਾ ਕੌਂਸਲਰ ਬੰਤ ਸਿੰਘ ਸਿੱਧੂ,ਯੂਥ ਆਗੂ ਮਨਦੀਪ ਸਿੰਘ ਲਾਡੀ,ਸਰਕਲ ਪ੍ਰਧਾਨ ਗੁਰਪ੍ਰੀਤ ਸੰਧੂ, ਸਰਕਲ ਪ੍ਰਧਾਨ ਹੰਸ ਰਾਜ ਮਿੱਠੂ, ਹਰਮਨ ਪਾਲ ਸਿੰਘ ਰਿੰਕਾ, ਕਮਲਜੀਤ ਔਲਖ, ਰਘਵੀਰ ਸਿੱਧੂ,ਨੱਛਤਰ ਸਿੰਘ ਦੁਬਈ, ਅਨੂਪ ਸਿੰਘ ਲਾਡੀ, ਅਜ਼ਾਦ ਸਿੰਘ ਲੱਡੂ, ਸੁਖਦੇਵ ਸਿੰਘ ਗਰੇਵਾਲ,ਹਰਦੀਪ ਸਿੰਘ ਪੱਪੂ ਔਲਖ,ਜਸਵੀਰ ਸਿੰਘ ਰਾਜਾ, ਜਸਕਰਨ ਸਿੰਘ ਸਿੱਧੂ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਰਿਸ਼ਤੇਦਾਰ ਅਤੇ ਗੁਰਦੁਆਰਾ ਕਮੇਟੀ ਦੇ ਸਮੂਹ ਮੈਂਬਰ ਹਾਜ਼ਿਰ ਸਨ ਸਰਦਾਰ ਔਲਖ ਦੇ ਬੇਵਕ਼ਤ ਅਕਾਲ ਚਲਾਣੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਪਾਰਟੀ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਨ ਪਾਰਟੀ ਦੇ ਬੁਲਾਰੇ ਮੋਹਿਤ ਗੁਪਤਾ ਆਦਿ ਆਗੂਆਂ ਨੇ ਇੱਕ ਸਾਂਝੇ ਬਿਆਨ ਰਾਹੀਂ ਔਲਖ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕੇ ਸਰਦਾਰ ਗੁਰਚਰਨ ਸਿੰਘ ਔਲਖ ਇੱਕ ਟਕਸਾਲੀ ਅਕਾਲੀ ਆਗੂ ਸਨ ਉਨ੍ਹਾਂ ਦੇ ਜਾਣ ਨਾਲ ਪਰਿਵਾਰ ਨੂੰ ਹੀ ਨਹੀਂ, ਪਾਰਟੀ ਨੂੰ ਵੀ ਇੱਕ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਇਹ ਜਾਣਕਾਰੀ ਡਾਕਟਰ ਓਮ ਪ੍ਰਕਾਸ਼ ਸ਼ਰਮਾ ਜਿਲ੍ਹਾ ਪ੍ਰੈਸ ਸਕੱਤਰ ਨੇ ਦਿੱਤੀ!

ਬਠਿੰਡਾ ਨਗਰ ਨਿਗਮ ਦੇ ਮੇਅਰ ਨੂੰ ਬਦਲਣ ਲਈ ਮੁੜ ਉਠੀਆਂ ਅਵਾਜ਼ਾਂ

0

ਸੀਨੀਅਰ ਕੋਂਸਲਰ ਦੀ ਵੀਡੀਓ ਹੋਈ ਵਾਈਰਲ
ਸੁਖਜਿੰਦਰ ਮਾਨ
ਬਠਿੰਡਾ, 27 ਮਾਰਚ: ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਸ਼ਹਿਰੀ ਹਲਕੇ ਤੋਂ ਮਿਲੀ ‘ਕਰਾਰੀ’ ਹਾਰ ਵਿਚ ਵੱਡਾ ਕਾਰਨ ਮੰਨੇ ਜਾਂਦੇ ਨਗਰ ਨਿਗਮ ਦੇ ਮੇਅਰਸ਼ਿਪ ਦੀ ਚੋਣ ਦਾ ਮੁੱਦਾ ਹੁਣ ਮੁੜ ਉਠ ਖ਼ੜਾ ਹੋਇਆ ਹੈ। ਅੱਜ ਸ਼ਹਿਰ ਦੇ ਟਕਸਾਲੀ ਕਾਂਗਰਸੀ ਤੇ ਸੀਨੀਅਰ ਕੋਂਸਲਰ ਬਲਰਾਜ ਸਿੰਘ ਪੱਕਾ ਦੀ ਇੱਕ ਵੀਡੀਓ ਵਾਈਰਲ ਹੋਈ ਹੈ, ਜਿਸ ਵਿਚ ਉਨ੍ਹਾਂ ਸਪੱਸ਼ਟ ਤੌਰ ’ਤੇ ਹਾਈਕਮਾਂਡ ਕੋਲ ਟਕਸਾਲੀ ਕਾਂਗਰਸੀਆਂ ਵਿਚੋਂ ਕਿਸੇ ਨੂੰ ਮੇਅਰ ਬਣਾਉਣ ਦੀ ਮੰਗ ਰੱਖੀ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਮੇਅਰ ਨੂੰ ਬਦਲਣ ਦੇ ਪਿੱਛੇ ਇਕੱਲੇ ਕੋਂਸਲਰ ਬਲਰਾਜ ਪੱਕਾ ਹੀ ਨਹੀਂ, ਬਲਕਿ ਡੇਢ ਦਰਜ਼ਨ ਦੇ ਕਰੀਬ ਕਾਂਗਰਸੀ ਕੋਂਸਲਰ ਇਕਜੁਟ ਹੋ ਗਏ ਹਨ ਜਦੋਂਕਿ ਅਕਾਲੀ ਪਿਛੋਕੜ ਵਾਲੇ ਕੁੱਝ ਕਾਂਗਰਸੀ ਕੋਂਸਲਰ ਹਾਲੇ ਜਕੋ-ਤਕੀ ਵਿਚ ਹਨ। ਸੁੂਤਰਾਂ ਮੁਤਾਬਕ ਇਸ ਮਾਮਲੇ ਵਿਚ ਜਿਆਦਾਤਰ ਕਾਂਗਰਸੀ ਕੋਂਸਲਰ ਸ਼ਹਿਰ ਦੇ ਟਕਸਾਲੀ ਆਗੂ ਅਸੋਕ ਪ੍ਰਧਾਨ ਦੇ ਲੜ ਲੱਗਦੇ ਜਾ ਰਹੇ ਹਨ, ਜਿੰਨ੍ਹਾਂ ਨੂੰ ਸਭ ਤੋਂ ਸੀਨੀਅਰ ਹੋਣ ਦੇ ਬਾਵਜੂਦ ਨਗਰ ਨਿਗਮ ਵਿਚ ਦੋ ਨੰਬਰ ‘ਰੈਂਕ’ ਉਪਰ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸੂੁਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਸ਼੍ਰੀ ਪ੍ਰਧਾਨ ਨੇ ਵੀ ਅਪਣੇ ਨਜਦੀਕੀ ਕੋਂਸਲਰਾਂ ਨੂੰ ਅੱਗੇ ਵਧਣ ਲਈ ਹਰ ਝੰਡੀ ਦੇ ਦਿੱਤੀ ਹੈ। ਉਸਦੇ ਇੱਕ ਸਾਥੀ ਨੌਜਵਾਨ ਕੋਂਸਲਰ ਦੀ ਸ਼ਹਿਰ ਦੇ ਇੱਕ ਚਰਚਿਤ ਥਾਣੇਦਾਰ ਵਲੋਂ ਥਾਣੇ ਅੰਦਰ ਕੀਤੀ ‘ਬੇਇੱਜਤੀ’ ਹੁਣ ਮੁੜ ਉਸਦੇ ਟੀਸ ਬਣਕੇ ਉਭਰਨ ਲੱਗੀ ਹੈ। ਇਸੇ ਤਰ੍ਹਾਂ ਹੁਣ ਨਿਗਮ ਦੇ ਵੱਖ ਵੱਖ ਦਫ਼ਤਰਾਂ ’ਚ ਕਾਂਗਰਸੀ ਸਰਕਾਰ ਦੌਰਾਨ ਅਸੋਕ ਪ੍ਰਧਾਨ ਵਰਗੇ ਸੀਨੀਅਰ ਆਗੂ ਦੇ ਪੁੱਤਰਾਂ ਵਿਰੁਧ ਦਰਜ਼ ਹੋਏ ਪਰਚੇ ਤੇ ਲਾਈਨੋਪਾਰ ਦੇ ਇੱਕ ਕੋਂਸਲਰ ਦੇ ਨਾਲ ਇੱਕ ਕੋਰੀਅਰ ਕੰਪਨੀ ਵਲੋਂ ਕੀਤੀ ਧੱਕੇਸ਼ਾਹੀ ਵਿਚ ਇੱਕ ਥਾਣੇਦਾਰ ਵਲੋਂ ਕੀਤੇ ਨਿਰਾਦਰ ਦੀਆਂ ਗੱਲ ਆਮ ਸੁਣਾਈ ਦੇਣ ਲੱਗੀਆਂ ਹਨ। ਹਾਲਾਂਕਿ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ ਇਸ ਮੁੱਦੇ ’ਤੇ ਸਾਬਕਾ ਵਿਤ ਮੰਤਰੀ ਦੀ ਹਾਂ ਵਿਚ ਹਾਂ ਮਿਲਾਉਣ ਨੂੰ ਹੀ ਤਰਜ਼ੀਹ ਦੇ ਰਹੇ ਹਨ। ਜਦੋਂਕਿ ਸ਼ਹਿਰ ਦੇ ਦੋਨੋਂ ਬਲਾਕ ਪ੍ਰਧਾਨ ਵੀ ਅਪਣੇ ਸਾਥੀ ਟਕਸਾਲੀ ਕਾਂਗਰਸੀਆਂ ਨਾਲ ਇਕਜੁਟ ਹੋ ਗਏ ਹਨ। ਵੱਡੀ ਗੱਲ ਇਹ ਵੀ ਹੈ ਕਿ ਹੁਣ ਬਠਿੰਡਾ ਸ਼ਹਿਰ ਦਾ ਵਿਧਾਇਕ ਜਗਰੂਪ ਸਿੰਘ ਗਿੱਲ ਬਣਿਆ ਹੈ, ਜਿਸਨੂੰ ਬਠਿੰਡਾ ਨਗਰ ਨਿਗਮ ਦੀ ‘ਦਾਈ’ ਵੀ ਕਿਹਾ ਜਾਂਦਾ ਹੈ, ਕਿਉਂਕਿ ਉਹ ਬਤੌਰ ਕੋਂਸਲਰ ਪਿਛਲੇ 40 ਸਾਲਾਂ ਤੋਂ ਇਸਦੇ ਨਾਲ ਜੁੜੇ ਹੋਏ ਚੱਲੇ ਆ ਰਹੇ ਹਨ। ਜਿਸਦੇ ਚੱਲਦੇ ਪਿਛਲੇ ਪੰਜ ਸਾਲਾਂ ਵਿਚ ਨਿਗਮ ਦੇ ਕੁੱਝ ਅਫ਼ਸਰਾਂ ਵਲੋਂ ਸਿਆਸੀ ਆਗੂਆਂ ਨਾਲ ਮਿਲਕੇ ਚਲਾਈਆਂ ‘ਚੰਮ’ ਦੀਆਂ ਹੁਣ ਆਉਣ ਵਾਲੇ ਸਮੇਂ ਵਿਚ ਇੰਨ੍ਹਾਂ ਅਫਸਰਾਂ ਤੇ ਆਗੂਆਂ ਲਈ ਮੁਸ਼ਕਿਲਾਂ ਬਣਕੇ ਖੜਦੀਆਂ ਦਿਖਾਈ ਦੇ ਰਹੀਆਂ ਹਨ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਕੁੱਝ ਕੋਂਸਲਰਾਂ ਤੇ ਮੁਲਾਜਮਾਂ ਵਲੋਂ ਸ਼ਹਿਰ ਵਿਚ ਪਿਛਲੇ ਸਮੇਂ ਦੌਰਾਨ ਬਣੀਆਂ ਨਜਾਇਜ਼ ਇਮਾਰਤਾਂ ਅਤੇ ਘੋੜੇ ਵਾਲਾ ਚੌਕ ’ਚ ਨਿਗਮ ਦੇ ਇੱਕ ਅਹੁੱਦੇਦਾਰ ਤੇ ਇੱਕ ਥਾਣੇਦਾਰ ਦੀ ਸ਼ਹਿ ’ਤੇ ਦੋ ਕੀਮਤੀ ਪਲਾਟਾਂ ’ਤੇ ਹੋਏ ‘ਵੱਡੇ ਗੋਲਮਾਲ’ ਦੇ ਦਸਤਾਵੇਜ਼ ਵੀ ਇਕੱਤਰ ਕੀਤੇ ਜਾ ਰਹੇ ਹਨ। ਉਧਰ ਜਾਰੀ ਵੀਡੀਓ ਵਿਚ ਬਲਰਾਜ ਪੱਕਾ ਨੇ ਹਾਈਕਮਾਂਡ ਨੂੰ ਅਪੀਲ ਕਰਦਿਆਂ ਕਿਹਾ ਕਿ ਬਠਿੰਡਾ ਸ਼ਹਿਰ ਪਿਛਲੇ ਇੱਕ ਸਾਲ ਤੋਂ ਮੇਅਰ ਤੋਂ ਲਵਾਰਿਸ ਹੀ ਜਾਪ ਰਿਹਾ ਹੈ, ਕਿਉਂਕਿ ਅਸੋਕ ਪ੍ਰਧਾਨ ਹੀ ਕੰਮ ਨੂੰ ਸੰਭਾਲ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੇਅਰ ਦੇ ਤਾਂ ਕਾਂਗਰਸੀ ਕੋਂਸਲਰਾਂ ਨੂੰ ਵੀ ਦਰਸ਼ਨ ਨਹੀਂ ਹੁੰਦੇ ਤੇ ਆਮ ਲੋਕਾਂ ਦਾ ਤਾਂ ਰੱਬ ਹੀ ਰਾਖ਼ਾ ਹੈ। ਸ: ਪੱਕਾ ਨੇ ਸਪੱਸ਼ਟ ਕੀਤਾ ਕਿ ਉਹ ਇਸ ਮੁੱਦੇ ’ਤੇ ਪਹਿਲੇ ਹੀ ਦਿਨ ਤੋਂ ਸਟੈਂਡ ’ਤੇ ਖੜੇ ਹਨ ਕਿ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਗਲਤ ਹੋਈ ਹੈ, ਜਿਸ ਨਾਲ ਕਾਂਗਰਸੀ ਵਰਕਰਾਂ ਵਿਚ ਵੱਡੀ ਨਮੋਸ਼ੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕਾਂਗਰਸ ਦੀ ਫ਼ਜੀਹਤ ਹੋਣ ਤੋਂ ਬਚਾਉਣ ਲਈ ਕਿਸੇ ਟਕਸਾਲੀ ਕਾਂਗਰਸੀ ਆਗੂ ਨੂੰ ਮੇਅਰ ਬਣਾਉਣਾ ਬਹੁਤ ਜਰੂਰੀ ਹੈ। ਇਸੇ ਤਰ੍ਹਾਂ ਬਲਾਕ ਕਾਂਗਰਸ ਦੇ ਪ੍ਰਧਾਨ ਤੇ ਕਈ ਪੀੜੀਆਂ ਤੋਂ ਟਕਸਾਲੀ ਕਾਂਗਰਸੀ ਆਗੂ ਬਲਜਿੰਦਰ ਸਿੰਘ ਠੇਕੇਦਾਰ ਨੇ ਵੀ ਬਲਰਾਜ ਪੱਕਾ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਕਿਹਾ ਕਿ ‘‘ ਉਨ੍ਹਾਂ ਮਨਪ੍ਰੀਤ ਸਿੰਘ ਬਾਦਲ ਨੂੰ ਸਪੱਸ਼ਟ ਤੌਰ ’ਤੇ ਦੱਸ ਦਿੱਤਾ ਹੈ ਕਿ ਪਿਛਲੇ ਸਮੇਂ ਦੌਰਾਨ ਕੀਤੀਆਂ ਗਲਤੀਆਂ ਦਾ ਖਮਿਆਜ਼ਾ ਅਸੀਂ ਭੁਗਤ ਲਿਆ ਹੈ ਪ੍ਰੰਤੂ ਹੁਣ ਸਮਾਂ ਹੈ ਕਿ ਇੰਨ੍ਹਾਂ ਗਲਤੀਆਂ ਨੂੰ ਸੁਧਾਰਿਆ ਜਾਵੇ। ’’ ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਨੇ ਵੀ ਮੰਨਿਆ ਕਿ ਇਸ ਮੁੱਦੇ ’ਤੇ ਕਾਂਗਰਸੀ ਕੋਂਸਲਰਾਂ ਵਿਚ ਹਲਚਲ ਹੈ ਤੇ ਆਉਣ ਵਾਲੇ ਦਿਨਾਂ ’ਚ ਚਰਚਾ ਕੀਤੀ ਜਾਵੇਗੀ।

ਬਠਿੰਡਾ ਦੇ ਕਾਂਗਰਸੀਆਂ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਚੁਣੇ ਜਾਣ ਦਾ ਇੰਤਜਾਰ
ਬਠਿੰਡਾ: ਦੱਬੀ ਜੁਬਾਨ ਵਿਚ ਕੁੱਝ ਕਾਂਗਰਸੀ ਆਗੂਆਂ ਨੇ ਦਸਿਆ ਕਿ ਜਿਆਦਾਤਰ ਆਗੂੁ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਤੇ ਵਿਰੋਧੀ ਧਿਰ ਦੇ ਨੇਤਾ ਚੁਣੇ ਜਾਣ ਦਾ ਇੰਤਜ਼ਾਰ ਕਰ ਰਹੇ ਹਨ, ਜਿਸਤੋਂ ਬਾਅਦ ਸਪੱਸ਼ਟ ਤੌਰ ’ਤੇ ਮਨਪ੍ਰੀਤ ਬਾਦਲ ਦੀ ਥਾਂ ਬਠਿੰਡਾ ਸ਼ਹਿਰੀ ਹਲਕੇ ਦੀ ਕਮਾਂਡ ਕਿਸੇ ਹੋਰ ਆਗੂ ਨੂੰ ਸੋਂਪਣ ਦੀ ਮੰਗ ਕੀਤੀ ਜਾਵੇਗੀ ਤੇ ਨਾਲ ਹੀ ਸਾਬਕਾ ਵਿਤ ਮੰਤਰੀ ਉਪਰ ਅਪਣੇ ਪ੍ਰਵਾਰ ਨਾਲ ਮਿਲੇ ਹੋਣ ਦੇ ਲੱਗੇ ਦੋਸ਼ਾਂ ਨੂੰ ਗਲਤ ਸਾਬਤ ਕਰਨ ਲਈ ਉਨ੍ਹਾਂ ਨੂੰ ਬਠਿੰਡਾ ਦੀ ਬਜਾਏ ਅਪਣੇ ਪ੍ਰਵਾਰਕ ਹਲਕੇ ਲੰਬੀ ਨੂੰ ਅਪਣੀ ਕ੍ਰਮਭੂੁਮੀ ਬਣਾਉਣ ਲਈ ਕਿਹਾ ਜਾਵੇਗਾ। ਇਹ ਵੀ ਪਤਾ ਚੱਲਿਆ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਮਨਪ੍ਰੀਤ ਸਿੰਘ ਬਾਦਲ ਨਾਲ ਪ੍ਰਛਾਵੇਂ ਵਾਂਗ ਰਿਹਾ ਇੱਕ ਆਗੂ ਹੁਣ ਕਾਂਗਰਸ ਪਾਰਟੀ ਵਿਚ ਅਪਣੀ ਸੀਨੀਅਰਤਾ ਦੇ ਚੱਲਦੇ ਮੇਅਰ ਨੂੰ ਬਦਲਣ ਵਾਸਤੇ ਅੰਦਰਖ਼ਾਤੇ ਕਾਂਗਰਸੀ ਕੋਂਸਲਰਾਂ ਨਾਲ ਮੀਟਿੰਗ ਕਰ ਰਿਹਾ ਹੈ। ਇਸਤੋਂ ਇਲਾਵਾ ਇੱਕ ਸਾਬਕਾ ਚੇਅਰਮੈਨ ਵਲੋਂ ਤਾਂ ਖੁੱਲ ਕੇ ਬਠਿੰਡਾ ਸ਼ਹਿਰ ’ਚ ਕਾਂਗਰਸ ਨੂੰ ਜਿੰਦਾ ਰੱਖਣ ਲਈ ਟਕਸਾਲੀ ਕਾਂਗਰਸੀਆਂ ਨੂੰ ਅੱਗੇ ਲਿਆਉਣ ਦੀ ਵਕਾਲਤ ਕੀਤੀ ਜਾ ਰਹੀ ਹੈ ਜਦੋਂਕਿ ਸੂਤਰਾਂ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਪਿਛਲੇ ਸਮੇਂ ਦੌਰਾਨ ਟਿਕਟ ਦੀ ਝਾਕ ਵਿਚ ਰਹੇ ਇੱਕ ਹੋਰ ਨੌਜਵਾਨ ਕਾਂਗਰਸੀ ਆਗੂ ਦੀ ਪਿਛਲੇ ਦਿਨਾਂ ਵਿਚ ਰਾਜਾ ਵੜਿੰਗ ਨਾਲ ਮੀਟਿੰਗ ਹੋਈ ਹੈ, ਜਿਸ ਵਿਚ ਬਠਿੰਡਾ ਸ਼ਹਿਰੀ ਹਲਕੇ ਵਿਚ ਕਾਂਗਰਸ ਦੀ ਸਥਿਤੀ ਬਾਰੇ ਚਰਚਾ ਕੀਤੀ ਗਈ ਹੈ।

ਬਠਿੰਡਾ ਦੇ ਇੱਕ ਡੀਪੂ ’ਤੇ ਖ਼ਰਾਬ ਕਣਕ ਮਿਕਸ ਕਰਨ ਨੂੰ ਲੈ ਕੇ ਹੋਇਆ ਵਿਵਾਦ

0

ਸੁਖਜਿੰਦਰ ਮਾਨ
ਬਠਿੰਡਾ, 27 ਮਾਰਚ: ਸਥਾਨਕ ਸ਼ਹਿਰ ਦੇ ਬਲਰਾਜ ਨਗਰ ‘ਚ ਇੱਕ ਰਾਸ਼ਨ ਡੀਪੂ ਦੇ ਸੰਚਾਲਕ ਵਲੋਂ ਲਾਭਪਾਤਰੀਆਂ ਨੂੰ ਵੰਡੀ ਜਾਣ ਵਾਲੀ ਕਣਕ ਵਿਚ ਖਰਾਬ ਕਣਕ ‘ਮਿਕਸ’ ਕਰਨ ਦੇ ਮਾਮਲੇ ਨੂੰ ਲੈ ਕੇ ਹੰਗਾਮਾ ਹੋਣ ਦੀ ਸੂਚਨਾ ਹੈ। ਇਸ ਮੌਕੇ ਮੌਜੂਦ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਇੱਕ ਅਧਿਕਾਰੀ ਨੂੰ ਲੋਕਾਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਤੇ ਉਸਦਾ ਘਿਰਾਓ ਕੀਤਾ ਗਿਆ। ਬਾਅਦ ਵਿਚ ਪੁਲਿਸ ਪਾਰਟੀ ਵੀ ਮੌਕੇ ’ਤੇ ਪੁੱਜੀ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ। ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਪੱਸ਼ਟ ਤੌਰ ’ਤੇ ਇਸ ਮਾਮਲੇ ਵਿਚ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਦੇ ਦੋਸ਼ ਲਗਾਉਂਦਿਆਂ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਸੂਚਨਾ ਮੁਤਾਬਕ ਉਕਤ ਖੇਤਰ ਵਿਚ ਸਥਿਤ ਰਾਸ਼ਨ ਡਿੱਪੂ ’ਤੇ ਸਰਕਾਰ ਵੱਲੋਂ ਲੋੜਵੰਦਾਂ ਲਈ ਜਾਰੀ ਕੀਤੀ ਕਣਕ ਦੀ ਵੰਡ ਦਾ ਕੰਮ ਹੋਣਾ ਸੀ ਪ੍ਰੰਤੂ ਇਸ ਦੌਰਾਨ ਡੀਪੂ ਵਾਲੀ ਜਗ੍ਹਾਂ ’ਤੇ ਪੁੱਜੇ ਕੁੱਝ ਲੋਕਾਂ ਨੇ ਦੇਖਿਆ ਕਿ ਘਟੀਆਂ ਗੁਣਵੰਤਾਂ ਵਾਲੀ ਕਣਕ ਸਰਕਾਰ ਵਲੋਂ ਭੇਜੀ ਚੰਗੀ ਕਣਕ ਵਿਚ ਮਿਲਾਈ ਜਾ ਰਹੀ ਸੀ। ਜਿਸਦੇ ਚੱਲਦੇ ਉਨ੍ਹਾਂ ਰੋਲਾ ਪਾ ਦਿੱਤਾ ਤੇ ਮੌਕੇ ’ਤੇ ਵੀਡੀਓ ਵੀ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਡਿੱਪੂ ਹੋਲਡਰ ਤੇ ਲੋਕਾਂ ਵਿਚਕਾਰ ਜੰਮ ਕੇ ਤਕਰਾਰ ਹੋਈ। ਪ੍ਰੰਤੂ ਮੌਕੇ ’ਤੇ ਮੌਜੂਦ ਵਿਭਾਗ ਦੇ ਇੱਕ ਇੰਸਪੈਕਟਰ ਨੇ ਰਹੱਸਮਈ ਚੁੱਪੀ ਧਾਰਨ ਕਰੀ ਰੱਖੀ। ਜਿਸ ਕਾਰਨ ਲੋਕਾਂ ਨੂੰ ਮਾਮਲਾ ਹੋਰ ਵੀ ਸ਼ੱਕੀ ਲੱਗਿਆ। ਉਧਰ ਉਚ ਅਧਿਕਾਰੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਜਦੋਂਕਿ ਡਿੱਪੂ ਹੋਲਡਰ ਦਾ ਦਾਅਵਾ ਹੈ ਕਿ ਉਹ ਖ਼ਰਾਬ ਨਿਕਲੀ ਕਣਕ ਨੂੰ ਬਦਲ ਰਹੇ ਸਨ ਨਾ ਕਿ ਉਸ ਵਿਚ ਮਾੜੀ ਕਣਕ ਮਿਲਾ ਰਿਹਾ ਸੀ। ਇੱਥੇ ਇਹ ਦਸਣਾ ਬਣਦਾ ਹੈ ਕਿ ਕੁੱਝ ਦਿਨ ਪਹਿਲਾਂ ਵੀ ਸਿਕਾਇਤਾਂ ਕਾਰਨ ਜ਼ਿਲ੍ਹੈ ਵਿਚ ਅੱਧੀ ਦਰਜ਼ਨ ਦੇ ਕਰੀਬ ਰਾਸ਼ਨ ਡਿੱਪੂਆਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਸਨ।

ਬਠਿੰਡਾ ਦੇ ਖੇਤਰੀ ਖੋਜ ਕੇਂਦਰ ਵਿਖੇ ਕਿਸਾਨ ਮੇਲਾ ਭਲਕੇ

0

ਸਪੀਰਕ ਕੁਲਤਾਰ ਸਿੰਘ ਸੰਧਵਾਂ ਪੁੱਜਣਗੇ ਮੁੱਖ ਮਹਿਮਾਨ ਦੇ ਤੌਰ ’ਤੇ
ਸੁਖਜਿੰਦਰ ਮਾਨ
ਬਠਿੰਡਾ, 27 ਮਾਰਚ: ਕਰੋਨਾ ਮਹਾਂਮਾਰੀ ਕਾਰਨ ਕਰੀਬ ਦੋ ਸਾਲਾਂ ਬਾਅਦ ਪਹਿਲੀ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਥਾਨਕ ਖੇਤਰੀ ਖੋਜ ਕੇਂਦਰ ਵਿਖੇ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ। ਇਸ ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਪੁੱਜ ਰਹੇ ਹਨ। ਕੇਂਦਰ ਦੇ ਡਾਇਰੈਕਟਰ ਡਾ ਪਰਮਜੀਤ ਸਿੰਘ ਤੇ ਸੀਨੀਅਰ ਵਿਦਿਆਨੀ ਡਾ ਜੀ.ਐਸ.ਰੌਮਾਣਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਮੇਲੇ ਦੌਰਾਨ ਕਿਸਾਨਾਂ ਨੂੰ ਝੋਨੇ ਦੀਆਂ ਨਵੀਆਂ ਕਿਸਮਾਂ ਪੀਆਰ 130 ਅਤੇ ਪੀਆਰ 131 ਕਿਸਮਾਂ ਦੇ ਬੀਜ ਦਿੱਤੇ ਜਾਣਗੇ। ਇਸ ਤੋਂ ਇਲਾਵਾ ਹੋਰ ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਕਿਸਮਾਂ ਦੇ ਬੀਜ, ਸਬਜ਼ੀਆਂ ਦੀਆਂ ਕਿੱਟਾ ਅਤੇ ਫ਼ਲਦਾਰ ਬੂਟੇ ਮੁਹੱਈਆ ਕਰਵਾਏ ਜਾਣਗੇ। ਇਸ ਮੇਲੇ ’ਚ ਟਰੇਆਂ ਵਿੱਚ ਤਿਆਰ ਮਿਰਚ, ਟਮਾਟਰ, ਕੱਦੂ, ਤੋਰੀ ਅਤੇ ਖੀਰੇ ਦੇ ਬੂਟਿਆਂ ਦੀ ਪਨੀਰੀ ਵੀ ਦਿੱਤੀ ਜਾਵੇਗੀ। ਮੇਲੇ ਦੀ ਪ੍ਰਧਾਨਗੀ ਵੀਸੀ ਪੀਏਯੂ ਲੁਧਿਆਣਾ ਡੀਕੇ ਤਿਵਾੜੀ ਕਰਨਗੇ। ਇਸੇ ਤਰ੍ਹਾਂ ਮੇਲੇ ਵਿੱਚ ਫ਼ਸਲਾਂ, ਸਬਜ਼ੀਆਂ ਅਤੇ ਫ਼ਲਾਂ ਸਬੰਧੀ ਨੁਮਾਇਸ਼ ਲਗਾਈ ਜਾਵੇਗੀ, ਸੁਆਣੀਆਂ ਨੂੰ ਘਰੇਲੂ ਕੰਮਾਂ ਅਤੇ ਸਹਾਇਕ ਧੰਦਿਆਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਖੇਤੀ ਸਾਹਿਤ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਪੁੂਰੇ ਉਤਸ਼ਾਹ ਨਾਲ ਮੇਲੇ ਵਿਚ ਪੁੱਜਣ ਦੀ ਅਪੀਲ ਕੀਤੀ ਹੈ।

ਆਪ ਵਿਧਾਇਕਾ ਬਲਜਿੰਦਰ ਕੌਰ ਦੀ ‘ਪੋਸਟ’ ਮੁੜ ਚਰਚਾ ਦਾ ਵਿਸ਼ਾ ਬਣੀ

0

ਸੁਖਜਿੰਦਰ ਮਾਨ
ਬਠਿੰਡਾ, 27 ਮਾਰਚ: ਸੁੂਬੇ ’ਚ ਆਮ ਆਦਮੀ ਪਾਰਟੀ ਦੇ ਚੰਦ ਸੀਨੀਅਰ ਨੇਤਾਵਾਂ ਵਿਚ ਸ਼ਾਮਲ ਮੰਨੀ ਜਾਂਦੀ ਜ਼ਿਲ੍ਹੈ ਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਦੂਜੀ ਵਾਰ ਜਿੱਤੀ ਪ੍ਰੋ ਬਲਜਿੰਦਰ ਕੌਰ ਵਲੋਂ ਅਪਣੇ ਸੋਸਲ ਮੀਡੀਆ ’ਤੇ ਪਾਈ ਇੱਕ ਪੋਸਟ ਮੁੜ ਸਿਆਸੀ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ। ਹਾਲਾਂਕਿ ਅਪਣੀ ਪੋਸਟ ਦੇ ਸ਼ੁਰੂ ਵਿਚ ਇਹ ਲਿਖਿਆ ਹੋਇਆ ਹੈ ਕਿ ਇਸਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਪ੍ਰੰਤੂ ਸਿਆਸੀ ਮਾਹਰ ਇਸਨੂੰ ਸੂਬੇ ’ਚ ਆਪ ਦੀ ਸਿਆਸਤ ਨਾਲ ਜੋੜ ਕੇ ਦੇਖ ਰਹੇ ਹਨ। ਗੌਰਤਲਬ ਹੈ ਕਿ ਸੀਨੀਅਰ ਹੋਣ ਦੇ ਬਾਵਜੂਦ ਵੀ ਵਜ਼ਾਰਤ ਵਿਚ ਸ਼ਾਮਲ ਨਾ ਕਰਨ ਨੂੰ ਲੈ ਕੇ ਕਈ ਤਰ੍ਹਾਂ ਚਰਚਾਵਾਂ ਚੱਲ ਰਹੀਆਂ ਹਨ। ਅੱਜ ਉਨ੍ਹਾਂ ਅਪਣੀ ਫੇਸਬੁੱਕ ’ਤੇ ਪਾਈ ਪੋਸਟ ਵਿੱਚ ਲਿਖਿਆ ਹੈ- ‘‘ਖਾਮੋਸ਼ੀਆਂ ਕਦੇ ਬੇਵਜ੍ਹਾ ਨਹੀਂ ਹੁੰਦੀਆਂ, ਕੁਝ ਦਰਦ ਅਵਾਜ਼ ਖੋਹ ਲੈਂਦੇ ਨੇ।’’ ਇੱਥੇ ਇਹ ਵੀ ਵਰਣਨ ਕਰਨਾ ਬਣਦਾ ਹੈ ਕਿ ਮੰਤਰੀ ਮੰਡਲ ਦੇ ਗਠਨ ਵਾਲੇ ਦਿਨ ਵੀ ਇਸ ਵਿਧਾਇਕਾ ਵਲੋਂ ਹਿੰਦੀ ਵਿਚ ਸਾਇਰਾਨਾਂ ਲਿਖੀਆਂ ਦੋ ਲਾਈਨਾਂ ਦੀ ਪੋਸਟ ਪਾਈ ਗਈ ਸੀ ਪ੍ਰੰਤੂ ਉਸਨੂੰ ਕੁੱਝ ਸਮੇਂ ਬਾਅਦ ਹੀ ਹਟਾ ਦਿੱਤਾ ਗਿਆ ਸੀ, ਜਿਸਦੀ ਕਾਫ਼ੀ ਚਰਚਾ ਹੋਈ ਸੀ।

‘ਵੈਗਨਰ’ ਵਾਲਾ ਐਮ.ਐਲ.ਏ ਜਗਰੂਪ ਸਿੰਘ ਗਿੱਲ, ਨਾ ਲਈ ਕਾਰ ਤੇ ਨਾ ਲਏ ਗੰਨਮੈਨ

0

ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ 64 ਹਜ਼ਾਰ ਦੇ ਕਰੀਬ ਵੋਟਾਂ ਨਾਲ ਦਿੱਤੀ ਸੀ ਮਾਤ
ਸ਼ਹਿਰ ਵਿਚ ਸਕੂਟੀ ਜਾਂ ਫ਼ਿਰ ਵੈਗਨਰ ਕਾਰ ’ਤੇ ਘੁੰਮਦੇ ਹਨ ਨਵੇਂ ਬਣੇ ਵਿਧਾਇਕ
ਸੁਖਜਿੰਦਰ ਮਾਨ
ਬਠਿੰਡਾ, 27 ਮਾਰਚ: ਸੂਬੇ ਦੇ ਸਾਬਕਾ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸਾਢੇ 63 ਹਜ਼ਾਰ ਦੇ ਕਰੀਬ ਵੋਟਾਂ ਨਾਲ ਕਰਾਰੀ ਹਾਰ ਦੇਣ ਵਾਲੇ ਜਗਰੂਪ ਸਿੰਘ ਗਿੱਲ ਦੀ ਸਾਦਗੀ ਦੇ ਬਠਿੰਡਾ ਦੇ ਲੋਕ ਕਾਇਲ ਹਨ। ਸ਼ਹਿਰ ਦੀਆਂ ਗਲੀਆਂ ’ਚ ਉਹ ਹਾਲੇ ਵੀ ‘ਸਕੂਟੀ’ ’ਤੇ ਘੁੰਮਦੇ ਆਮ ਦੇਖੇ ਜਾ ਸਕਦੇ ਹਨ, ਜਿਸਦੇ ਚੱਲਦੇ ਉਨ੍ਹਾਂ ਦੇ ਜਾਣਕਾਰ ‘ਸਕੂਟੀ’ ਵਾਲਾ ਐਮ.ਐਲ.ਏ ਦੱਸਦੇ ਹਨ। ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਬਠਿੰਡਾ ਦੀ ਸਿਆਸਤ ਵਿਚ ਧੁਰਾ ਬਣ ਕੇ ਘੁੰਮਣ ਵਾਲੇ ਸ: ਗਿੱਲ ਨੇ ਵਿਧਾਇਕ ਬਣਨ ਤੋਂ ਬਾਅਦ ਸੁਰੱਖਿਆ ਤੇ ਸਰਕਾਰੀ ਗੱਡੀ ਲੈਣ ਤੋਂ ਸਾਫ਼ ਇੰਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਤਰਕ ਹੈ ਕਿ ‘‘ਆਪਣੇ ਹੀ ਲੋਕਾਂ ਤੋਂ ਕਾਹਦਾ ਡਰ, ਜਿੰਨ੍ਹਾਂ ਦੀਆਂ ਵੋਟਾਂ ਲੈਣ ਲਈ ਉਹ ਮਹੀਨਾ ਪਹਿਲਾਂ ਹੱਥ ਬੰਨਦੇ ਰਹੇ ਹਨ।’’ ਸਾਦਗੀ ਤੇ ਹਰ ਸਮੇਂ ਆਮ ਵਿਅਕਤੀ ਬਣਕੇ ਰਹਿਣ ਦੇ ਸੌਕੀਨ ਨਵੇਂ ਬਣੇ ਇਸ ਵਿਧਾਇਕ ਦੇ ਇੱਕ ਮਿੱਤਰ ਨੂੰ ਕਈ ਸਾਲ ਪਹਿਲਾਂ ਉਸ ਸਮੇਂ ਗਹਿਰਾ ਝਟਕਾ ਲੱਗਿਆ ਸੀ ਜਦ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹੁੰਦਿਆਂ ਸ: ਗਿੱਲ ਬਠਿੰਡਾ ਸ਼ਹਿਰ ਤੋਂ 15 ਕਿਲੋਮੀਟਰ ਦੂਰ ਉਸਦੇ ਪਿੰਡ ਵਿਚ ‘ਸਕੂਟੀ ’ ’ਤੇ ਹੀ ਉਸਦੀ ਲੜਕੀ ਦੇ ਵਿਆਹ ’ਤੇ ਜਾ ਪੁੱਜੇ ਸਨ। ਨਾ ਲਾਲ ਬੱਤੀ ਵਾਲੀ ਗੱਡੀ ਤੇ ਨਾ ਹੀ ਕੋਈ ਗੰਨਮੈਨ ਦੇਖ ਜਦ ਉਨ੍ਹਾਂ ਦੇ ਮਿੱਤਰ ਨੇ ਇਧਰ-ਉਧਰ ਵੇਖਿਆ ਤਾਂ ਉਸਦੀ ਹਾਲਾਤ ਭਾਂਪਦਿਆਂ ਗਿੱਲ ਸਾਹਿਬ ਨੇ ਬੜੀ ਬੇਬਾਕੀ ਨਾਲ ਉਸਨੂੰ ਇਹ ਕਹਿੰਦਿਆਂ ਨਿਰਉਤਰ ਕਰ ਦਿੱਤਾ ਸੀ ਕਿ ‘ਉਸਨੇ ਜਗਰੂਪ ਸਿੰਘ ਗਿੱਲ ਨੂੰ ਵਿਆਹ ’ਤੇ ਸੱਦਿਆ ਹੈ ਜਾਂ ਚੇਅਰਮੈਨ ਦੀ ਗੱਡੀ ਤੇ ਉਨ੍ਹਾਂ ਦੇ ਗੰਨਮੈਨਾਂ ਨੂੰ।’’ ਹੁਣ ਇਹੀ ਹਾਲ ਉਨ੍ਹਾਂ ਦੇ ਵਿਧਾਇਕ ਬਣਨ ਤੋਂ ਬਾਅਦ ਵੀ ਹੈ, ਉਜ ਉਹ ਚੋਣਾਂ ਤੋਂ ਪਹਿਲਾਂ ਪ੍ਰਵਾਰ ਵਲੋਂ ਜੋਰ ਦੇਣ ਤੋਂ ਬਾਅਦ ਖਰੀਦੀ ‘ਵੈਗਨਰ’ ਗੱਡੀ ਨੂੰ ਸਹਿਰ ਵਿਚ ਜਰੂਰ ਲੈ ਜਾਂਦੇ ਹਨ, ਜਿਸਨੂੰ ਦੇਖ ਕੇ ਪਹਿਲੀ ਵਾਰ ਉਨ੍ਹਾਂ ਨੂੰ ਮਿਲਣ ਵਾਲੇ ਵਿਅਕਤੀਆਂ ਨੂੰ ‘ਵਿਧਾਇਕ’ ਦੇ ਪੁੱਜਣ ਦਾ ਅਹਿਸਾਸ ਵੀ ਨਹੀਂ ਹੁੰਦਾ ਹੈ। ਬਠਿੰਡਾ ਸ਼ਹਿਰ ਦੀ ਲਗਭਗ ਹਰ ਗਲੀ, ਹਰ ਮੁਹੱਲੇ ਦੇ ਵਾਸੀ ਨੂੰ ਨਿੱਜੀ ਤੌਰ ’ਤੇ ਜਾਣਨ ਵਾਲੇ ਵਿਧਾਇਕ ਗਿੱਲ ਦਾ ਤਰਕ ਹੈ ਕਿ ‘‘ਜੇਕਰ ਤੁਸੀਂ ਗਲਤ ਕੰੰਮ ਨਹੀਂ ਕਰਨਾ ਤਾਂ ਤੁਹਾਨੂੰ ਕੋਈ ਖ਼ਤਰਾ ਨਹੀਂ ਹੁੰਦਾ। ’’ ਉਨ੍ਹਾਂ ਕਿਹਾ ਕਿ ਬਚਪਨ ਤੋਂ ਹੀ ਸਾਦਗੀ ਪਸੰਦ ਹਨ ਤੇ ਫ਼ੋਕੇ ਦਿਖਾਵੇ ਤੋਂ ਸਖ਼ਤ ਨਫ਼ਰਤ ਹੈ। ਸ: ਗਿੱਲ ਨੇ ਕਿਹਾ ਕਿ ਵੱਡੀ ਕਾਰ ਦੀ ਬਜਾਏ ਉਨ੍ਹਾਂ ਦੀ ‘ਸਕੂਟੀ’ ਸ਼ਹਿਰ ਦੀ ਹਰ ਉਸ ਗਲੀ ਤੇ ਮੁਹੱਲੇ ਵਿਚ ਜਾ ਸਕਦੀ ਹੈ, ਜਿੱਥੋਂ ਕੋਈ ਹੋਰ ਚੀਜ ਨਹੀਂ ਟੱਪਦੀ। ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਚੋਣਾਂ ’ਚ ਨਾਮਜਦਗੀ ਭਰਨ ਸਮੇਂ ਵੀ ਉਨ੍ਹਾਂ ਨੂੰ ਗੰਨਮੈਨ ਦੇਣ ਲਈ ਕਿਹਾ ਗਿਆ ਸੀ ਪ੍ਰੰਤੂ ਉਸਨੇ ਇੰਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਨਗਰ ਕੋਂਸਲ ਦਾ ਪ੍ਰਧਾਨ, ਨਗਰ ਸੁਧਾਰ ਟਰੱਸਟ ਤੇ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਰਹਿੰਦੇ ਸਮੇਂ ਵੀ ਉਨ੍ਹਾਂ ਸਰਕਾਰੀ ਗੱਡੀ ਤੇ ਗੰਨਮੈਂਨ ਨਹੀਂ ਲਏ ਸਨ ਤੇ ਹੁਣ ਵੀ ਉਨ੍ਹਾਂ ਨੂੰ ਕੋਈ ਜਰੂਰਤ ਨਹੀਂ ਤੇ ਲੋਕ ਹੀ ਉਸਦੀ ਤਾਕਤ ਹਨ। ਜਿਕਰਯੋਗ ਹੈ ਕਿ ਲਗਾਤਾਰ 40 ਤੋਂ ਪਹਿਲਾਂ ਨਗਰ ਕੋਂਸਲ ਤੇ ਹੁਣ ਨਗਰ ਨਿਗਮ ਦੇ ਮੈਂਬਰ ਚੱਲੇ ਆ ਰਹੇ ਜਗਰੂਪ ਸਿੰਘ ਗਿੱਲ ਨੂੰ ਸੀਨੀਅਰ ਹੋਣ ਦੇ ਬਾਵਜੂਦ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਪਣੇ ਰਿਸ਼ਤੇਦਾਰ ਦੇ ਪਿੱਛੇ ਲੱਗ ਕੇ ਮੇਅਰ ਬਣਾਉਣ ਤੋਂ ਇੰਨਕਾਰ ਕਰ ਦਿੱਤਾ ਸੀ, ਜਿਸਦਾ ਬਠਿੰਡਾ ਦੇ ਲੋਕਾਂ ਨੇ ਕਾਫ਼ੀ ਬੁਰਾ ਮਨਾਇਆ ਸੀ ਤੇ ਹੁਣ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਮਨਪ੍ਰੀਤ ਬਾਦਲ ਨੂੰ ਇਤਿਹਾਸਕ ਵੋਟਾਂ ਨਾਲ ਹਾਰ ਦੇ ਕੇ ਅਪਣਾ ਗੁੱਸਾ ਵੀ ਕੱਢਿਆ ਹੈ।

ਵਿਸਾਖੀ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਕਰੇਗਾ ਪੰਥਕ ਕਾਨਫ਼ਰੰਸ

0

ਸੁਖਜਿੰਦਰ ਮਾਨ
ਬਠਿੰਡਾ, 27 ਮਾਰਚ: ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਵੱਲੋਂ ਇਸ ਵਾਰ ਪੂਰੇ ਉਤਸ਼ਾਹ ਨਾਲ ਪੰਥਕ ਕਾਨਫ਼ਰੰਸ ਕੀਤੀ ਜਾ ਰਹੀ ਹੈ ,ਜਿਸਦੇ ਸਬੰਧ ਵਿਚ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਾਰਟੀ ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ ਅਤੇ ਮੈਂਬਰ ਪੀ ਏ ਸੀ ਪਰਮਿੰਦਰ ਸਿੰਘ ਬਾਲਿਆਂਵਾਲੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਆਗੂਆਂ ਨੇ ਦਸਿਆ ਕਿ ਮੀਟਿੰਗ ਦੌਰਾਨ ਹਾਜ਼ਰ ਹੋਏ ਆਗੂਆਂ ਤੇ ਵਰਕਰਾਂ ਨੇ ਇਸ ਪੰਥਕ ਕਾਨਫਰੰਸ ਨੂੰ ਸਫਲ ਬਣਾਉਣ ਲਈ ਵਿਚਾਰ ਚਰਚਾ ਕੀਤੀ ਅਤੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਇਸਦੀ ਜਾਣਕਾਰੀ ਦਿੰਦੇ ਹੋਏ ਗੁਰਸੇਵਕ ਸਿੰਘ ਜਵਾਹਰਕੇ ਅਤੇ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਦੱਸਿਆ ਕਿ ਪੰਥਕ ਕਾਨਫ਼ਰੰਸ ਨੂੰ ਸੰਬੋਧਨ ਕਰਨ ਲਈ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਵਾਰਿਸ ਪੰਜਾਬ ਅਤੇ ਸਿੱਖ ਪੰਥ ਦੇ ਉੱਘੇ ਲੀਡਰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ । ਉਨ੍ਹਾਂ ਦੱਸਿਆ ਕਿ ਇਸ ਪੰਥਕ ਕਾਨਫ਼ਰੰਸ ਲਈ ਇਲਾਕੇ ਦੇ ਲੋਕਾਂ ਸਿੱਖ ਜਥੇਬੰਦੀਆਂ ਦੇ ਵਰਕਰਾਂ ਤੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਕਿਉਂਕਿ ਇਸ ਦਿਨ ਨੌਜਵਾਨਾਂ ਨੂੰ ਵੱਡੀਆਂ ਜਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 14 ਅਪ੍ਰੈਲ ਵਿਸਾਖੀ ਵਾਲੇ ਦਿਨ ਤਕ ਹਰ ਪਿੰਡ ਵਿੱਚ 11-11 ਮੈਂਬਰੀ ਕਮੇਟੀਆਂ ਦਾ ਗਠਨ ਕਰਕੇ ਡਿਊਟੀਆਂ ਲਾਈਆਂ ਜਾ ਰਹੀਆਂ ਹਨ ਅਤੇ ਉਹ ਮੈਂਬਰ ਵੱਡੀ ਗਿਣਤੀ ਨਾਲ ਕਾਨਫਰੰਸ ਵਿਚ ਸ਼ਮੂਲੀਅਤ ਕਰਨਗੇ । ਇਸ ਮੌਕੇ ਇਕੱਤਰ ਲੀਡਰਸ਼ਿਪ ਵੱਲੋਂ ਪੰਥਕ ਕਾਨਫਰੰਸ ਵਾਲੀ ਜਗ੍ਹਾ ਦਾ ਵੀ ਦੌਰਾ ਕੀਤਾ ਗਿਆ। ਇਸ ਮੌਕੇ ਹਰਫੂਲ ਸਿੰਘ ਬਠਿੰਡਾ, ਬਲਵੀਰ ਸਿੰਘ ਬੱਛੋਆਣਾ, ਰਾਜਿੰਦਰ ਸਿੰਘ ਜਵਾਹਰਕੇ, ਸਿਮਰਨਜੋਤ ਸਿੰਘ ਖਾਲਸਾ ਬਠਿੰਡਾ, ਯਾਦਵਿੰਦਰ ਸਿੰਘ ਭਾਗੀਵਾਂਦਰ, ਬਲਦੇਵ ਸਿੰਘ ਸਾਹਨੇਵਾਲ, ਗੁਰਚਰਨ ਸਿੰਘ ਕੋਟਲੀ, ਭੁਪਿੰਦਰ ਸਿੰਘ ਪੱਪੀ ਮਲਕਾਣਾ, ਹਰਭਗਵਾਨ ਸਿੰਘ, ਮਨਜੀਤ ਸਿੰਘ ,ਗੁਰਦੀਪ ਸਿੰਘ ,ਉੱਜਲ ਸਿੰਘ ਮੰਡੀਕਲਾਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ ਤੇ ਆਗੂਆਂ ਨੇ ਸੰਬੋਧਨ ਵੀ ਕੀਤਾ।

ਬਠਿੰਡਾ ‘ਚ ਦਾਜ ਦੇ ਲਾਲਚੀ ਸਹੁਰਿਆਂ ਨੇ ਨਵ ਵਿਆਹੁਤਾ ਦਾ ਕੀਤਾ ਕਤਲ 

0
ਪੁਲਿਸ ਵੱਲੋਂ ਪਤੀ ਤੇ ਸੱਸ ਵਿਰੁੱਧ ਪਰਚਾ ਦਰਜ  
ਸੁਖਜਿੰਦਰ ਮਾਨ
ਬਠਿੰਡਾ,27 ਮਾਰਚ: ਕਰੀਬ ਦੋ ਮਹੀਨੇ ਪਹਿਲਾਂ ਵਿਆਹੀ ਹਰਪ੍ਰੀਤ ਕੌਰ ਦੇ ਹੱਥਾਂ ਦੀ ਹਾਲੇ ਮਹਿੰਦੀ ਵੀ ਨਹੀਂ ਲੱਥੀ ਸੀ ਕਿ ਦਾਜ ਦੇ ਲਾਲਚੀ ਸਹੁਰਿਆਂ ਨੇ ਬੀਤੀ ਰਾਤ ਕਥਿਤ ਤੌਰ ‘ਤੇ ਉਸ ਦਾ ਕਤਲ ਕਰ ਦਿੱਤਾ। ਬਠਿੰਡਾ ਦੇ ਥਾਣਾ ਕੈਨਾਲ ਕਲੋਨੀ ਦੀ ਪੁਲਸ ਨੇ ਮ੍ਰਿਤਕ ਲੜਕੀ ਦੀ ਮਾਤਾ ਦੇ ਬਿਆਨਾਂ ਉਪਰ ਉਸ ਦੇ ਪਤੀ ਅਤੇ ਸੱਸ ਵਿਰੁਧ ਧਾਰਾ 304 B ਅਤੇ 34 IPC ਤਹਿਤ ਕੇਸ ਦਰਜ ਕਰ ਲਿਆ ਹੈ। ਥਾਣਾ ਮੁਖੀ ਦਲਜੀਤ ਸਿੰਘ ਨੇ ਇਸਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਲੜਕੀ ਦੀ ਮਾਤਾ ਕਰਮਜੀਤ ਕੌਰ ਵਾਸੀ ਭੁੱਚੋ ਖੁਰਦ ਵੱਲੋਂ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਮੁਤਾਬਕ ਹਰਪ੍ਰੀਤ ਕੌਰ ਦਾ ਵਿਆਹ 29 ਜਨਵਰੀ ਨੂੰ ਭੁੱਚੋ ਮੰਡੀ ਚੌਕ ਚ ਸਥਿਤ ਕੌਪਰ ਫੀਲਡ ਰਿਜ਼ੋਰਟ ਵਿੱਚ ਬਠਿੰਡਾ ਦੇ ਦੀਪ ਸਿੰਘ ਨਗਰ ਦੇ ਵਾਸੀ ਕੁਲਵਿੰਦਰ ਸਿੰਘ ਨਾਲ ਕੀਤਾ ਗਿਆ ਸੀ। ਵਿਆਹ ਵਿੱਚ ਉਨ੍ਹਾਂ ਆਪਣੀ ਹੈਸੀਅਤ ਮੁਤਾਬਕ ਦਾਜ ਦਹੇਜ ਸੋਨੇ ਦੇ ਗਹਿਣੇ ਅਤੇ ਬਰਾਤ ਦੀ ਸੇਵਾ ਆਦਿ ਉੱਪਰ ਕਰੀਬ ਪੰਦਰਾਂ ਲੱਖ ਤੋਂ ਵੱਧ ਖਰਚ ਕੀਤਾ ਸੀ। ਪ੍ਰੰਤੂ ਦਾਜ ਦੇ ਲਾਲਚੀ ਲੜਕੀ ਦੇ ਪਤੀ ਕੁਲਵਿੰਦਰ ਸਿੰਘ ਅਤੇ ਸੱਸ ਬਲਜਿੰਦਰ ਕੌਰ ਨੇ ਇਸ ਤੇ ਸਬਰ ਨਾ ਕਰਦਿਆਂ ਵਿਆਹ ਦੇ ਕੁਝ ਹੀ ਸਮੇਂ ਬਾਅਦ ਪੰਜ ਲੱਖ ਰੁਪਏ ਹੋਰ ਮੰਗ ਲਏ। ਜਦ ਉਨ੍ਹਾਂ ਹੋਰ ਪੈਸੇ ਦੇਣ ਤੋਂ ਅਸਮਰੱਥਾ ਜ਼ਾਹਰ ਕੀਤੀ ਹਰਪ੍ਰੀਤ ਕੌਰ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਕਰਮਜੀਤ ਕੌਰ ਮੁਤਾਬਕ ਲੜਕੀ ਦਾ ਫੋਨ ਆਇਆ ਸੀ ਕਿ ਉਸ ਦਾ ਪਤੀ ਤੇ ਸੱਸ ਪੈਸੇ ਨਾ ਲਿਆਉਣ ਕਰਕੇ ਉਸਦੀ ਕੁੱਟਮਾਰ ਕਰ ਰਹੇ ਹਨ। ਜਿਸ ਦੇ ਚੱਲਦੇ ਅੱਜ ਸਵੇਰੇ ਜਦੋਂ ਉਹ ਆਪਣੇ ਕੁਝ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਲੜਕੀ ਦੇ ਸਹੁਰੇ ਘਰ ਬਾਬਾ ਦੀਪ ਸਿੰਘ ਨਗਰ ਪੁੱਜੇ ਤਾਂ ਹਰਪ੍ਰੀਤ ਕੌਰ ਦੀ ਲਾਸ਼ ਬੈੱਡ ਤੇ ਪਈ ਹੋਈ ਸੀ ਅਤੇ ਕਹਾਣੀ ਬਣਾਉਣ ਲਈ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਦੀ ਚੁੰਨੀ ਨੂੰ ਪੱਖੇ ਨਾ ਟੰਗਿਆ ਹੋਇਆ ਸੀ। ਉਧਰ ਥਾਣਾ ਮੁਖੀ ਦਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਲੜਕੀ ਦੀ ਮਾਤਾ ਦੇ ਬਿਆਨਾਂ ਉੱਪਰ ਪਤੀ ਤੇ ਸੱਸ ਵਿਰੁੱਧ ਪਰਚਾ ਦਰਜ ਕਰਕੇ ਲੜਕੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਲੜਕੀ ਦੇ ਪੇਕੇ ਪਰਿਵਾਰ ਹਵਾਲੇ ਕਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਅਗਲੇਰੀ ਕਾਰਵਾਈ ਜਾਰੀ ਹੈ।

ਜਾਣੋ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਮੰਗੀ ਮੁਆਫ਼ੀ

0
ਸੁਖਜਿੰਦਰ ਮਾਨ 
ਬਠਿੰਡਾ, 27 ਮਾਰਚ: ਦੋ ਦਿਨ ਪਹਿਲਾਂ ਬਠਿੰਡਾ ‘ਚ ਇੱਕ ਧਾਰਮਿਕ ਸਮਾਗਮ ਵਿੱਚ ਪੁੱਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਇਕ ਨਵੇਂ ਧਾਰਮਿਕ ਵਿਵਾਦ ਵਿਚ ਫਸ ਗਏ ਹਨ। ਇਕ ਸਾਬਤ ਸੂਰਤ ਸਿੱਖ ਹੋਣ ਦੇ ਬਾਵਜੂਦ ਇਥੇ ਗਊਸ਼ਾਲਾ ਵਿਚ ਗਊ ਪੂਜਣ ਦੌਰਾਨ ਆਪਣੀ ਦਸਤਾਰ ਨੂੰ ਗਊ ਦੀ ਪੂਛ ਨਾਲ ਛੁਹਾਉਣ ਦੇ ਕਾਰਨ ਸੋਸ਼ਲ ਮੀਡੀਆ ਅਤੇ ਸਿੱਖ ਧਾਰਮਿਕ ਜਥੇਬੰਦੀਆਂ ਦੇ ਨਿਸ਼ਾਨੇ ‘ਤੇ ਆਏ ਸ: ਸੰਧਵਾਂ ਨੂੰ ਆਖਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਮੁਆਫੀ ਮੰਗਣੀ ਪਈ। ਉਨ੍ਹਾਂ ਮੁਆਫੀ ਮੰਗਣ ਦੀ ਤਸਵੀਰ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਪਾਈ ਹੋਈ ਹੈ। ਸਿੱਖ ਆਗੂਆਂ ਨੇ ਇਸ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕੁਲਤਾਰ ਸਿੰਘ ਸੰਧਵਾਂ ‘ਤੇ ਹਮਲੇ ਕਰਦੇ ਹੋਏ ਕਿਹਾ ਸੀ ਕਿ  ਬਾਦਲਕਿਆਂ ਅਤੇ ਆਪ ਪਾਰਟੀ ਦੇ ਆਗੂਆਂ ਵਿਚ ਕੋਈ ਫਰਕ ਨਹੀਂ ਰਹਿ ਗਿਆ ਹੈ ਜੋ ਚੰਦ ਵੋਟਾਂ ਦੀ ਖਾਤਰ ਆਪਣੇ ਧਾਰਮਿਕ ਅਕੀਦੇ ਨੂੰ ਵੀ ਦਾਅ ਤੇ ਲਾਉਣ ਤੋਂ ਨਹੀਂ ਝਿਜਕਦੇ ਹਨ। ਉਧਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਮਾਫੀਨਾਮੇ ਮੁਤਾਬਕ ਜਦ ਹੀ ਉਸ ਨੂੰ ਗਲਤੀ ਦਾ ਅਹਿਸਾਸ ਹੋਇਆ ਤਾਂ ਉਹ ਤੁਰੰਤ ਪਛਤਾਵੇ ਵਜੋਂ ਸਿੱਖਾਂ ਦੀ ਸਰਬਉੱਚ ਅਦਾਲਤ ਅੱਗੇ ਪੇਸ਼ ਹੋ ਗਏ ਹਨ।

ਖੁਸ਼ਬਾਜ ਜਟਾਣਾ ਨੇ ਕਾਂਗਰਸ ਦੇ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਕੀਤਾ ਧੰਨਵਾਦ  

0

ਕਿਹਾ ਲੋਕਾਂ ਦਾ ਫ਼ਤਵਾ ਸਿਰ ਮੱਥੇ, ਤਲਵੰਡੀ ਸਾਬੋ ਹਲਕੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਹਮੇਸ਼ਾ ਕਰਾਂਗੇ ਕੰਮ 

ਵਿਧਾਨ ਸਭਾ ਚੋਣਾਂ ਵਿਚ ਸਹਿਯੋਗ ਦੇਣ ਵਾਲੇ ਵੋਟਰਾਂ ਸਪੋਟਰਾਂ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਸਦਾ ਰਹਾਂਗਾ ਰਿਣੀ

ਸੁਖਜਿੰਦਰ ਮਾਨ
ਬਠਿੰਡਾ , 27 ਮਾਰਚ:-ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਦੇ ਉਮੀਦਵਾਰ ਖੁਸ਼ਬਾਜ ਸਿੰਘ ਜਟਾਣਾ ਨੇ ਅੱਜ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਤੇ ਚੋਣਾਂ ਵਿਚ ਸਹਿਯੋਗ ਦੇਣ ਵਾਲੇ ਵੋਟਰਾਂ, ਸਪੋਟਰਾਂ, ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਅਹੁੱਦੇਦਾਰ ਤੇ ਵਰਕਰ ਪੁੱਜੇ ਹੋਏ ਸਨ।ਖੁਸ਼ਬਾਜ ਸਿੰਘ ਜਟਾਣਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦਾ ਫ਼ਤਵਾ ਸਿਰ ਮੱਥੇ ਹੈ, ਪਰ ਖੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਜੁਝਾਰੂ ਯੋਧਿਆਂ ਅਤੇ ਵੋਟਰਾਂ ਨੇ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਉਨ੍ਹਾਂ ਦਾ ਸਹਿਯੋਗ ਦਿੱਤਾ, ਜਿਸ ਲਈ ਉਹ ਹਮੇਸ਼ਾਂ ਹਲਕਾ ਨਿਵਾਸੀਆਂ ਦੇ ਰਿਣੀ ਰਹਿਣਗੇ ਅਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਚ ਉਨ੍ਹਾਂ ਦਾ ਖ਼ੁਦ ਦਾ ਪਰਿਵਾਰ ਹੈ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰਦੇ ਰਹਾਂਗੇ, ਹਰ ਦੁਖ ਸੁਖ ਵਿੱਚ ਅੱਗੇ ਹੋ ਕੇ ਸਹਿਯੋਗ ਦਿੱਤਾ ਜਾਵੇਗਾ । ਉਨ੍ਹਾਂ ਆਮ ਆਦਮੀ ਪਾਰਟੀ ਨੂੰ ਜਿੱਤ ਦੀ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੂੰ ਦਿੱਤੀਆਂ ਗਰੰਟੀਆਂ ‘ਤੇ ਸਰਕਾਰ ਖਰੀ ਉਤਰੇਗੀ ਅਤੇ ਹਲਕਾ ਤਲਵੰਡੀ ਸਾਬੋ ਦੇ ਵਿਕਾਸ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ। ਖੁਸ਼ਬਾਜ ਸਿੰਘ ਜਟਾਣਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ ਹਲਕੇ ਨਾਲ ਵਿਤਕਰੇਬਾਜ਼ੀ ਕੀਤੀ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਲੋਕਾਂ ਦੇ ਸਹਿਯੋਗ ਨਾਲ ਹੱਕਾਂ ਲਈ ਸੰਘਰਸ਼ ਵੀ ਵਿੱਢਿਆ ਜਾਵੇਗਾ।ਇਸ ਮੌਕੇ ਵੱਡੀ ਗਿਣਤੀ ਵਿਚ ਟਕਸਾਲੀ ਕਾਂਗਰਸੀ ਪਰਿਵਾਰਾਂ ਅਤੇ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਖੁਸ਼ਬਾਜ਼ ਸਿੰਘ ਜਟਾਣਾ ਵੱਲੋਂ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਲਡ਼ੀ ਚੋਣ ਲਈ ਵਧਾਈ ਦਿੰਦਿਆਂ ਕਿਹਾ ਕਿ ਜਟਾਣਾ ਨੇ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ, ਪ੍ਰੰਤੂ ਇਕ ਲਹਿਰ ਅੱਗੇ ਹਾਰ ਹੋਈ ਹੈ ਪਰ ਹਲਕਾ ਨਿਵਾਸੀ ਹਮੇਸ਼ਾਂ ਹੀ ਜਟਾਣਾ ਟੀਮ ਦੇ ਨਾਲ ਚੱਟਾਨ ਵਾਂਗ ਖਡ਼੍ਹੇ ਹਨ।  ਪ੍ਰੈੱਸ ਨੂੰ ਇਹ ਜਾਣਕਾਰੀ ਨਿੱਜੀ ਸਕੱਤਰ ਰਣਜੀਤ ਸਿੰਘ ਸੰਧੂ ਵੱਲੋਂ ਦਿੱਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਦੇ ਲੀਡਰ, ਵੱਖ ਵੱਖ ਵਿੰਗਾਂ ਦੇ ਅਹੁਦੇਦਾਰਾਂ, ਪੰਚ ਸਰਪੰਚ ਅਤੇ ਵਰਕਰ ਹਾਜ਼ਰ ਸਨ ।

Our Visitor

1899399