ਸੁਖਜਿੰਦਰ ਮਾਨ
ਬਠਿੰਡਾ, 27 ਫਰਵਰੀ : ਸਿਹਤ ਵਿਭਾਗ ਵੱਲੋਂ ਅੱਜ ਕੌਮੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸਥਾਨਕ ਯੂ.ਪੀ.ਐਚ.ਸੀ. ਬੇਅੰਤ ਨਗਰ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮਿਨਾਕਸ਼ੀ ਸਿੰਗਲਾ ਵੱਲੋਂ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ। ਇਸ ਮੌਕੇ ਡਾ. ਮਿਨਾਕਸ਼ੀ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਅੰਦਰ 0 ਤੋਂ 5 ਸਾਲ ਤੱਕ ਦੀ ਉਮਰ ਦੇ ਕੁਲ 1,53,000 ਦੇ ਲੱਗਭੱਗ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ । ਇਸ ਮੁਹਿੰਮ ਨੂੰ ਸਫਲਤਾ ਪੂਰਕ ਨੇਪਰੇ ਚਾੜ੍ਹਣ ਲਈ ਸਿਹਤ ਵਿਭਾਗ ਵੱਲੋਂ 698 ਬੂਥ, 32 ਟਰਾਂਜ਼ਿਟ ਟੀਮਾਂ , 29 ਮੋਬਾਇਲ ਟੀਮਾਂ ਅਤੇ 1247 ਘਰ ਤੋਂ ਘਰ ਟੀਮਾਂ ਦਾ ਗਠਿਨ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ 27 ਫਰਵਰੀ ਦਿਨ ਐਤਵਾਰ ਨੂੰ ਪੋਲੀਓ ਬੂਥਾਂ ਉੱਪਰ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ ਮਿਤੀ 28 ਫਰਵਰੀ ਅਤੇ 01 ਮਾਰਚ 2022 ਨੂੰ ਘਰ ਘਰ ਜਾਕੇ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ ।ਇਸ ਮੁਹਿੰਮ ਦੀ ਸਫਲਤਾ ਲਈ ਸਿਹਤ ਵਿਭਾਗ ਵੱਲੋਂ ਮੈਡੀਕਲ ਅਫਸਰਜ਼, ਪੈਰਾ ਮੈਡੀਕਲ ਸਟਾਫ ਅਤੇ ਆਸ਼ਾ ਵਰਕਰਜ਼ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ।ਉਨ੍ਹਾਂ ਸਮੁੱਚੇ ਜ਼ਿਲ੍ਹਾ ਬਠਿੰਡਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਦੀ ਇਹ ਖੁਰਾਕ ਜਰੂਰ ਪਲਾਈਜਾਵੇ ਅਤੇ ਇਸ ਨੋਬਲ ਕਾਜ਼ ਵਿੱਚ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾਜਾਵੇ । ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ,ਜ਼ਿਲ੍ਹਾ ਬੀ.ਸੀ.ਸੀ. ਕੁਆਰਡੀਨੇਟਰ ਨਰਿੰਦਰ ਕੁਮਾਰ, ਐਲ.ਐਚ.ਵੀ. ਮਲਕੀਤ ਕੌਰ, ਫਾਰਮੇਸੀ ਅਫਸਰ ਮਧੂ ਬਾਲਾ, ਸਟਾਫ ਨਰਸ ਸ਼ਾਲੂ ਕੁਮਾਰੀ, ਨੀਲਮ ਰਾਣੀ ਅਤੇ ਬਲਦੇਵ ਸਿੰਘ ਹਾਜ਼ਰ ਸਨ ।
ਸਿਹਤ ਵਿਭਾਗ ਨੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਬੂੰਦਾਂ
ਬਠਿੰਡਾ ਸ਼ਹਿਰ ’ਚ ਸਾਢੇ 16 ਕਰੋੜ ਦੀ ਲਾਗਤ ਨਾਲ ਲੱਗੀਆਂ ਐਲਈਡੀ ਲਾਈਟਾਂ ਦਾ ਮੰਦੜਾ ਹਾਲ
ਕਈ ਖੰਬਿਆਂ ਤੋਂ ਲਾਈਟਾਂ ਗਾਇਬ, ਕਈ ਥਾਂ ਬੰਦ
ਸੁਖਜਿੰਦਰ ਮਾਨ
ਬਠਿੰਡਾ, 27 ਫਰਵਰੀ : ਸ਼ਹਿਰ ਨੂੰ ਐਲ.ਈ.ਡੀ ਲਾਈਟਾਂ ਨਾਲ ਚਮਕਾਉਣ ਲਈ ਸਾਲ 2020 ਦੌਰਾਨ ਨਗਰ ਨਿਗਮ ਵਲੋਂ ਸਾਢੇ 16 ਕਰੋੜ ਦੀ ਲਾਗਤ ਨਾਲ ਸ਼ੁਰੂ ਕੀਤੇ ਪ੍ਰੋਜੈਕਟ ਦਾ ਮੰਦੜਾ ਹਾਲ ਹੈ। ਸੂਚਨਾ ਮੁਤਾਬਕ ਸ਼ਹਿਰ ਦੇ ਕਈ ਖੰਬਿਆਂ ਤੋਂ ਜਿੱਥੇ ਲਾਈਟਾਂ ਗਾਇਬ ਹਨ ਤੇ ਕਈ ਥਾਂ ਬੰਦ ਹਨ। ਸ਼ਹਿਰ ਦੇ ਆਰਟੀਆਈ ਕਾਰਕੁੰਨ ਸੰਜੀਵ ਸਿੰਗਲਾ ਵਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਮੁਤਾਬਕ ਲੰਘੀ 20 ਫ਼ਰਵਰੀ ਨੂੰ ਹੋਏ ਵਿਧਾਨ ਸਭਾ ਚੋਣਾਂ ਵਿਚ ਇਸਨੂੰ ਵੱਡੀ ਪ੍ਰਾਪਤੀ ਦਰਸਾਉਂਦਿਆਂ ਵਿਤ ਮੰਤਰੀ ਵਲੋਂ ਸ਼ਹਿਰ ਵਿਚ ਥਾਂ ਥਾਂ ਇਸ ਪ੍ਰੋਜੈਕਟ ਦਾ ਜੋਰਦਾਰ ਪ੍ਰਚਾਰ ਕੀਤਾ ਗਿਆ ਸੀ। ਪ੍ਰੰਤੂ ਹਕੀਕਤ ਵਿਚ ਪ੍ਰੋਜੈਕਟ ਸ਼ੁਰੂ ਹੋਏ ਨੂੰ ਪੌਣੇ ਦੋ ਸਾਲ ਬੀਤਣ ਦੇ ਬਾਵਜੂਦ ਅੱਜ ਤਕ ਸ਼ਹਿਰ ਵਿਚ ਇਹ ਪ੍ਰੋਜੈਕਟ ਪੂਰਾ ਨਹੀਂ ਹੋ ਸਕਿਆ ਹੈ। ਦਸਣਾ ਬਣਦਾ ਹੈ ਕਿ 15 ਅਗੱਸਤ 2020 ਨੂੰ ਸ਼ੁਰੂ ਕੀਤੇ ਉਕਤ ਪ੍ਰੋਜੈਕਟ ਨੂੰ ਇੱਕ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਹੈ, ਜਿਸਦੇ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਇਸ ਪ੍ਰੋਜੈਕਟ ਦੇ ਨਾਲ ਨਾ ਸਿਰਫ਼ ਨਗਰ ਨਿਗਮ ਵਲੋਂ ਹਰ ਸਾਲ ਭਰੇ ਜਾਂਦੇ ਬਿਜਲੀ ਦੇ ਬਿੱਲ ’ਚ ਕਰੋੜਾਂ ਰੁਪਇਆ ਦੀ ਬੱਚਤ ਹੋਵੇਗੀ, ਬਲਕਿ ਸ਼ਹਿਰ ਨੂੰ ਵੀ ਲਾਈਟਾਂ ਨਾਲ ਜਗਮਾਇਆ ਜਾਵੇਗਾ। ਸੰਜੀਵ ਗੋਇਲ ਮੁਤਾਬਕ ਮੌਜੂਦਾ ਸਮੇਂ ਵਿਚ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ‘ਚ ਲਾਈਟਾਂ ਜਾਂ ਤਾਂ ਬੰਦ ਹਨ ਜਾਂ ਫਿਰ ਖੰਭਿਆਂ ਤੋਂ ਗਾਇਬ ਹੋ ਗਈਆਂ ਹਨ। ਇੰਨਾ ਹੀ ਨਹੀਂ ਕਈ ਖੰਭਿਆਂ ‘ਤੇ ਕਲਿੱਪ ਸਪੋਰਟਿੰਗ ਐਲਈਡੀ ਲਾਈਟਾਂ ਵੀ ਗਾਇਬ ਹੋ ਗਈਆਂ ਹਨ। ਉਨ੍ਹਾਂ ਹੈਰਾਨੀ ਜਾਹਰ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਲੋਕਾਂ ਦਾ ਕਰੋੜਾਂ ਰੁਪਇਆ ਪਾਣੀ ਵਾਂਗ ਵਹਿਣ ਦੇ ਬਾਵਜੂਦ ਨਿਗਮ ਅਧਿਕਾਰੀਆਂ ਵਲੋਂ ਵੀ ਸਖ਼ਤੀ ਨਹੀਂ ਕੀਤੀ ਜਾ ਰਹੀ। ਗੌਰਤਲਬ ਹੈ ਕਿ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਸਮੇਂ ਇਕ ਕੰਟਰੋਲ ਰੂਮ ਬਣਾਉਣ ਦਾ ਵੀ ਦਾਅਵਾ ਕੀਤਾ ਗਿਆ ਸੀ, ਜਿਸ ਵਿਚ ਸ਼ਹਿਰ ਦੀ ਕੋਈ ਵੀ ਸਟ੍ਰੀਟ ਲਾਈਟ ਖ਼ਰਾਬ ਹੋਣ ਦਾ ਪਤਾ ਲੱਗ ਜਾਣਾ ਸੀ। ਸੰਜੀਵ ਗੋਇਲ ਨੇ ਨਿਗਮ ਅਧਿਕਾਰੀਆਂ ’ਤੇ ਉਗਲ ਚੁੱਕਦਿਆਂ ਕਿਹਾ ਕਿ ਸ਼ਹਿਰ ਵਿਚ ਅਪਰਾਧਿਕ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ, ਜਿਸਦੇ ਚੱਲਦੇ ਗਲੀਆਂ-ਮੁਹੱਲਿਆਂ ਵਿਚ ਸਟਰੀਟ ਲਾਈਟਾਂ ਦਾ ਸਹੀ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ। ਉਨਾਂ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਵਿਚ ਸਟਰੀਟ ਲਾਈਟਾਂ ਨੂੰ ਤੁਰੰਤ ਠੀਕ ਕਰਕੇ ਚਲਾਇਆ ਜਾਵੇ।
ਚੋਣ ਨਤੀਜਿਆਂ ਦਾ ਇੰਤਜ਼ਾਰ: ਸੂਬੇ ਦੀ ਅਫ਼ਸਰਸਾਹੀ ‘ਤੇਲ ਦੇਖੋ, ਤੇਲ ਦੀ ਧਾਰ ਦੇਖੋ’ ਵਾਲੀ ਨੀਤੀ ’ਤੇ
ਸੁਖਜਿੰਦਰ ਮਾਨ
ਬਠਿੰਡਾ, 27 ਫਰਵਰੀ : ਲੰਘੀ 20 ਫ਼ਰਵਰੀ ਨੂੰ ਪੰਜਾਬ ਵਿਧਾਨ ਸਭਾ ਲਈ ਪਈਆਂ ਵੋਟਾਂ ਦਾ ਰੁਝਾਨ ਕਿਸੇ ਇੱਕ ਪਾਰਟੀ ਵੱਲ ਨਾ ਆਉਂਦਾ ਦੇਖ ਸੂਬੇ ਦੀ ਅਫ਼ਸਰਸਾਹੀ ਨੇ ਚੁੱਪੀ ਧਾਰ ਲਈ ਹੈ। ਅਜਿਹਾ ਸਾਲ ਸਾਲ 2012 ਤੋਂ ਬਾਅਦ ਦੂਜੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਜਦ ਚੋਣ ਮਾਹਰ ਵੀ ਇਸ ਮਾਮਲੇ ’ਤੇ ਕੋਈ ਭਵਿੱਖਬਾਣੀ ਕਰਨ ਤੋਂ ਬਚ ਰਹੇ ਹਨ। ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਇੱਕ ਹਫ਼ਤੇ ਪਹਿਲਾਂ ਤੱਕ ਭਾਰੀ ਬਹੁਮਤ ਨਾਲ ਦਿੱਲੀ ਤੋਂ ਬਾਅਦ ਪੰਜਾਬ ਵਿਚ ਅਪਣੀ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੇ ਆਪ ਸਮਰਥਕ ਵੀ ਹੁਣ ਚੁੱਪ ਦਿਖ਼ਾਈ ਦੇ ਰਹੇ ਹਨ। ਇਸੇ ਤਰ੍ਹਾਂ ਚਰਨਜੀਤ ਸਿੰਘ ਚੰਨੀ ਦੇ ਸਿਰ ’ਤੇ ਪੰਜਾਬ ਵਿਚ ਮੁੜ ਸਰਕਾਰ ਬਣਾਉਣ ਦੀ ਉਮੀਦ ਲਗਾਉਣ ਵਾਲੇ ਕਾਂਗਰਸੀ ਵੀ ਸ਼ਸੋਪੰਜ਼ ਵਿਚ ਪਏ ਹਨ। ਜਦੋਂਕਿ ਅਕਾਲੀਆਂ ਲਈ ਪਿਛਲੀਆਂ ਚੋਣਾਂ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਹੀ ਸਭ ਤੋਂ ਵੱਡੀ ਜਿੱਤ ਹੈ। ਗੌਰਤਲਬ ਹੈ ਕਿ ਚੋਣ ਜਾਬਤਾ ਲੱਗਣ ਤੋਂ ਲੈ ਕੇ ਚੋਣ ਨਤੀਜ਼ੇ ਆਉਣ ਤੱਕ ਅਫ਼ਸਰਸਾਹੀ ਹਵਾ ਦਾ ਰੁੱਖ ਭਾਂਪਦਿਆਂ ਅਗਲੀ ਸਰਕਾਰ ਵਿਚ ਅਪਣੀਆਂ ਨਿਯੁਕਤੀਆਂ ਲਈ ਭੱਜਦੋੜ ਕਰਦੀ ਆਮ ਦੇਖੀ ਜਾਂਦੀ ਹੈ। ਇਸਦੇ ਲਈ ਸੰਭਾਵੀ ਸਰਕਾਰ ਬਣਾਉਣ ਵਾਲੀ ਪਾਰਟੀ ਦੇ ਆਗੂਆਂ ਨਾਲ ਤਾਲਮੇਲ ਬਿਠਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਪ੍ਰੰਤੂ ਮੌਜੂਦਾ ਸਥਿਤੀ ਵਿਚ ਸਭ ਤੋਂ ਰੋਸ਼ਨ ਦਿਮਾਗ ਮੰਨੀ ਜਾਣ ਵਾਲੀ ਅਫ਼ਸਰ ਵੀ ‘ਤੇਲ ਦੇਖੋ ਤੇ ਤੇਲ ਦੀ ਧਾਰ ਵੇਖੋ’ ਵਾਲੀ ਨੀਤੀ ’ਤੇ ਚੱਲਣ ਲਈ ਮਜਬੂਰ ਦਿਖ਼ਾਈ ਦੇ ਰਹੀ ਹੈ। ਪੰਜਾਬ ਦੇ ਇੱਕ ਚੋਟੀ ਦੇ ਅਫ਼ਸਰ ਨੇ ਅਪਣਾ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਇਸ ਮਾਮਲੇ ਉਪਰ ਗੱਲਬਾਤ ਕਰਦਿਆਂ ਕਿਹਾ ਕਿ ‘‘ ਹੁਣ ਸਿਆਸਤ ਗੁੰਝਲਦਾਰ ਹੋ ਗਈ ਹੈ ਤੇ ਵੋਟਰ ਸਿਆਣੇ ਹੋ ਗਏ ਹਨ। ਅਜਿਹੀ ਹਾਲਾਤ ’ਚ ਕੋਈ ਵੀ ਸਮਝਦਾਰ ਅਧਿਕਾਰੀ ਕਿਸੇ ਇੱਕ ਪਾਸੇ ਜਾ ਕੇ ਅਪਣੀ ਲਈ ਮੁਸੀਬਤ ਖ਼ੜੀ ਕਰਨ ਬਾਰੇ ਨਹੀਂ ਸੋਚ ਸਕਦਾ ਹੈ। ’’ ਕੁੱਝ ਸਮਾਂ ਪਹਿਲਾਂ ਤੱਕ ਬਠਿੰਡਾ ’ਚ ਤੈਨਾਤ ਰਹੇ ਇੱਕ ਅਧਿਕਾਰੀ ਵਲੋਂ ਸੂਬੇ ਵਿਚ ਬਣਨ ਵਾਲੀ ਸੰਭਾਵੀਂ ਸਰਕਾਰ ਤੇ ਬਠਿੰਡਾ ਤੋਂ ਜਿੱਤਣ ਵਾਲੇ ਆਗੂ ਬਾਰੇ ਪੱਤਰਕਾਰਾਂ ਨਾਲ ਵਾਰ-ਵਾਰ ਤਾਲਮੇਲ ਕਰਕੇ ਪੁੱਛਣ ਦੀ ਸੂਚਨਾ ਹੈ। ਇਸੇ ਤਰ੍ਹਾਂ ਇੱਕ ਹੋਰ ਅਧਿਕਾਰੀ ਨੇ ਅਪਣਾ ਤਜ਼ਰਬਾ ਸਾਂਝਾ ਕਰਦਿਆਂ ਦਸਿਆ ਕਿ ਚੋਣਾਂ ਦੇ ਮੌਸਮ ਵਿਚ ਦਹਾਕਾ ਪਹਿਲਾਂ ਤੱਕ ਕਿਸ ਪਾਰਟੀ ਦੀ ਸਰਕਾਰ ਆਉਂਣੀ ਹੈ ਤੇ ਕਿਹੜਾ ਨੇਤਾ ਜਿੱਤ ਰਿਹਾ ਹੈ, ਦੇ ਬਾਰੇ ਸਪੱਸ਼ਟ ਪਤਾ ਲੱਗ ਜਾਂਦਾ ਸੀ ਪ੍ਰੰਤੂ ਪੰਜਾਬ ਦੇ ਚੌਣ ਮੈਦਾਨ ਵਿਚ ਆਪ ਦੇ ਆਉਣ ਤੋਂ ਬਾਅਦ ਭੰਬਲਭੂਸਾ ਪੈਦਾ ਹੋ ਗਿਆ ਹੈ। ਇਸ ਅਧਿਕਾਰੀ ਨੇ ਦੱਬੀ ਜੁਬਾਨ ਵਿਚ ਇਹ ਵੀ ਗੱਲ ਮੰਨੀ ਕਿ ਰਿਵਾਇਤੀ ਪਾਰਟੀਆਂ ਦੇ ਆਗੂ ਅਧਿਕਾਰੀਆਂ ਨਾਲ ਛੇਤੀ ‘ਅਡਜੇਸਟ’ ਕਰ ਲੈਂਦੇ ਹਨ ਪ੍ਰੰਤੂ ਜੇਕਰ ਸੂਬੇ ਵਿਚ ਆਪ ਦੀ ਸਰਕਾਰ ਬਣ ਗਈ ਤਾਂ ਇੰਨ੍ਹਾਂ ਦੇ ਆਗੂਆਂ ਦਾ ਰਵੱਈਆ ਦੇਖਣ ਵਾਲਾ ਹੋਵੇਗਾ। ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਇੱਕ ਸਾਬਕਾ ਅਕਾਲੀ ਵਿਧਾਇਕ ਨੇ ਵੀ ਇਸ ਗੱਲ ਨੂੰ ਸਵੀਕਾਰ ਕਰਦਿਆਂ ਕਿਹਾ ਕਿ ‘‘ ਕੁੱਝ ਸਮਾਂ ਪਹਿਲਾਂ ਚੋਣਾਂ ਦੇ ਦੌਰਾਨ ਹੀ ਅਫ਼ਸਰ ਚੰਗੀਆਂ ਪੋਸਟਾਂ ਲਈ ਜਿੱਤਣ ਵਾਲੀ ਪਾਰਟੀ ਦੇ ਆਗੂਆਂ ਦੀ ਹਾਜ਼ਰੀ ਭਰਨ ਲੱਗ ਜਾਂਦੇ ਸਨ ਪ੍ਰੰਤੂ ਹੁਣ ਅਜਿਹਾ ਨਹੀਂ ਦੇਖਣ ਨੂੰ ਮਿਲ ਰਿਹਾ। ’’ ਕਾਂਗਰਸ ਪਾਰਟੀ ਦੇ ਵੀ ਸਿਰਕੱਢ ਆਗੂ ਨੇ ਹੈਰਾਨੀ ਜਾਹਰ ਕਰਦਿਆਂ ਕਿਹਾ ਕਿ ਚੋਣਾਂ ਦੇ ਦਿਨਾਂ ਤੋਂ ਹੀ ਅਫ਼ਸਰਸਾਹੀ ਦਾ ਵਤੀਰਾ ਬਦਲਿਆ ਨਜਰ ਆ ਰਿਹਾ ਹੈ ਜਦੋਂਕਿ ਆਪ ਆਗੂ ਨੇ ਇਸ ਮਾਮਲੇ ਵਿਚ ਨਵੇਂ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਹੋਂਦ ਵਿਚ ਆ ਗਈ ਤਾਂ ਅਫ਼ਸਰਸਾਹੀ ਨੂੰ ਇੱਕ ਨਵਾਂ ਤਜਰਬਾ ਦੇਖਣ ਨੂੰ ਮਿਲੇਗਾ। ਇਸ ਮਾਮਲੇ ’ਤੇ ਟਿੱਪਣੀ ਕਰਦਿਆਂ ਸ਼ਹਿਰ ਦੇ ਸਮਾਜ ਸੇਵੀ ਸਾਧੂ ਰਾਮ ਕੁਸ਼ਲਾ ਨੇ ਕਿਹਾ ਕਿ ‘‘ ਜੇਕਰ ਇਕੱਲੇ ਆਈ.ਏ.ਐਸ ਤੇ ਆਈ.ਪੀ.ਐਸ ਅਫ਼ਸਰ ਹੀ ਸਿਆਸੀ ਆਗੂਆਂ ਦੇ ਗਲਤ ਕੰਮ ਕਰਨ ਤੋਂ ਜਵਾਬ ਦੇਣਾ ਸ਼ੁਰੂ ਕਰ ਦੇਣ ਤਾਂ ਪੰਜਾਬ ਦੀ ਕਿਸਮਤ ਬਦਲ ਸਕਦੀ ਹੈ। ’’
ਪੰਜਾਬ ‘ਚ ਸਿਹਤ ਸੇਵਾਵਾਂ ਮਾੜੀਆਂ, ਵੱਡੇ ਸੁਧਾਰਾਂ ਦੀ ਜ਼ਰੂਰਤ: ਹਰਪਾਲ ਸਿੰਘ ਚੀਮਾ
ਕਿਹਾ, ਪਿਛਲੀਆਂ ਸਰਕਾਰਾਂ ਦੀਆਂ ਜਨ ਵਿਰੋਧੀ ਨੀਤੀਆਂ ਕਾਰਨ ਪੰਜਾਬ ਦੀਆਂ ਸਿਹਤ ਸੇਵਾਵਾਂ ਦਾ ਬੈਠਿਆ ਭੱਠਾ
ਸਿਹਤ ਮਾਫੀਆ ਨੂੰ ਪ੍ਰਫੁਲਤ ਕਰਨ ਲਈ ਘੋਟਾਲੇ ਦਾ ਸ਼ਿਕਾਰ ਹੋਈ ਆਯੂਸ਼ਮਾਨ ਯੋਜਨਾ: ਹਰਪਾਲ ਸਿੰਘ ਚੀਮਾ
ਨਿੱਜੀ ਹਸਪਤਾਲ ਮਾਲਕਾਂ, ਭ੍ਰਿਸ਼ਟ ਅਧਿਕਾਰੀਆਂ ਅਤੇ ਆਗੂਆਂ ਦ ਗਠਜੋੜ ਨੇ ਜਨ ਸੇਵਾਵਾਂ ਦੀ ਕੀਮਤ ‘ਤੇ ਆਪਣੀਆਂ ਜੇਬਾਂ ਭਰੀਆਂ: ਹਰਪਾਲ ਸਿੰਘ ਚੀਮਾ
ਸੁਖਜਿੰਦਰ ਮਾਨ
ਚੰਡੀਗੜ, 26 ਫਰਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ‘ਚ ਸਰਕਾਰੀ ਸਿਹਤ ਸੇਵਾਵਾਂ ਬੂਰੀ ਤਰਾਂ ਬਰਬਾਦ ਹੋ ਚੁੱਕੀਆਂ ਹਨ। ਭ੍ਰਿਸ਼ਟਾਚਾਰ ਨੇ ਸਰਕਾਰੀ ਸਿਹਤ ਸੇਵਾਵਾਂ ਦੀ ਹਾਲਤ ਮਾੜੀ ਕਰ ਦਿੱਤੀ ਹੈ। ਸਿਹਤ ਸੇਵਾਵਾਂ ਚੰਗੀਆਂ ਕਰਨ ਲਈ ਅੱਜ ਖੇਤਰ ‘ਚ ਵੱਡੇ ਪੱਧਰ ‘ਤੇ ਸੁਧਾਰ ਕਰਨ ਦੀ ਜ਼ਰੂਰਤ ਹੈ। ਚੀਮਾ ਨੇ ਕਿਹਾ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਸਰਕਾਰਾਂ ਨੇ ਸਰਕਾਰੀ ਸਿਹਤ ਸੇਵਾਵਾਂ ਲਈ ਕਈ ਯੋਜਨਾਵਾਂ ਦੀਆਂ ਸ਼ੁਰੂਆਤ ਕੀਤੀ ਸੀ, ਪਰ ਉਨਾਂ ਦਾ ਉਦੇਸ਼ ਲੋਕਾਂ ਦੀ ਸਿਹਤ ਠੀਕ ਕਰਨਾ ਨਹੀਂ, ਸਗੋਂ ਕਰਦਾਤਾਵਾਂ ਦੇ ਪੈਸੇ ਨਾਲ ਕੁੱਝ ਮੁੱਠੀ ਭਰ ਲੋਕਾਂ ਨੂੰ ਲਾਭ ਦੇਣਾ ਸੀ।
ਹਰਪਾਲ ਸਿੰਘ ਚੀਮਾ ਨੇ ਆਯੂਸ਼ਮਨ ਭਾਰਤ ਯੋਜਨਾ ਦੀ ਅਸਫ਼ਲਤਾ ਬਾਰੇ ਕਿਹਾ ਕਿ ਇਸ ਯੋਜਨਾ’ਚ ਵੱਡੇ ਪੈਮਾਨੇ ‘ਤੇ ਭ੍ਰਿਸ਼ਟਾਚਾਰ ਅਤੇ ਘੋਟਾਲਾ ਹੋਇਆ ਹੈ, ਜਿਸ ਕਾਰਨ ਇਸ ਯੋਜਨਾ ਦਾ ਵੱਡਾ ਹਿੱਸਾ ਆਮ ਲੋਕਾਂ ਦੇ ਇਲਾਜ ‘ਤੇ ਖਰਚ ਹੋਣ ਦੀ ਥਾਂ ਨਿੱਜੀ ਬੀਮਾ ਕੰਪਨੀਆਂ ਅਤੇ ਨਿੱਜੀ ਹਸਪਤਾਲਾਂ ਕੋਲ ਜਾ ਰਿਹਾ ਹੈ। ਇਹ ਯੋਜਨਾ ਹੁਣ ਨਿੱਜੀ ਹਸਪਤਾਲ ਮਾਲਕਾਂ, ਬੀਮਾ ਕੰਪਨੀਆਂ ਅਤੇ ਭ੍ਰਿਸ਼ਟ ਰਾਜਨੇਤਾਵਾਂ ਅਤੇ ਅਧਿਕਾਰੀਆਂ ਵੱਲੋਂ ਲੋਕਾਂ ਦੇ ਪੈਸੇ ਨੂੰ ਲੁੱਟਣ ਦਾ ਜਰੀਆ ਬਣ ਗਈ ਹੈ। ਚੀਮਾ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਹਰ ਸਾਲ ਭਾਰਤ ਸਰਕਾਰ ਨਿੱਜੀ ਬੀਮਾ ਕੰਪਨੀਆਂ ਨੂੰ 4 ਹਜ਼ਾਰ ਕਰੋੜ ਰੁਪਏ ਵੰਡਦੀ ਹੈ, ਜਿਸ ‘ਚੋਂ ਜ਼ਿਆਦਾ ਹਿੱਸੇ ਨੂੰ ਨਿੱਜੀ ਹਸਪਤਾਲਾਂ ਮਰੀਜ਼ਾਂ ਦੇ ਇਲਾਜ ਦਾ ਖਰਚ ਜਾਣਬੂਝ ਵਧਾ ਕੇ ਲੁੱਟਦੇ ਹਨ। ਆਪ ਆਗੂ ਨੇ ਕਿਹਾ ਕਿ ਜੇ ਇਹੀ 4 ਹਜ਼ਾਰ ਕਰੋੜ ਰੁਪਏ ਹਰ ਸਾਲ ਸਰਕਾਰੀ ਸਿਹਤ ਸੇਵਾਵਾਂ ਅਤੇ ਸਰਕਾਰੀ ਹਸਪਤਾਲਾਂ ਦੇ ਸੁਧਾਰ ‘ਤੇ ਖਰਚ ਹੋਵੇ ਤਾਂ ਸਿਹਤ ਸੇਵਾਵਾਂ ‘ਚ ਕਰਾਂਤੀ ਆ ਜਾਵੇਗੀ। ਪਰ ਜਨ ਵਿਰੋਧੀ ਅਤੇ ਪੂੰਜੀਵਾਦੀ ਸਰਕਾਰਾਂ ਲੋਕਾਂ ਦੇ ਇਲਾਜ ਦੀ ਕੀਮਤ ‘ਤੇ ਜਨਤਾ ਦੇ ਪੈਸੇ ਨੂੰ ਜਾਣਬੁਝ ਕੇ ਗਲਤ ਤਰੀਕੇ ਨਾਲ ਖਰਚ ਕਰਦੀ ਹੈ, ਤਾਂਕਿ ਸੱਤਾ ‘ਚ ਬੈਠੇ ਆਗੂਆਂ ਅਤੇ ਉਨਾਂ ਦੇ ਉਦਯੋਗਪਤੀ ਦੋਸਤਾਂ ਦਾ ਫਾਇਦਾ ਹੋ ਸਕੇ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 90 ਫੀਸਦੀ ਰੋਗੀਆਂ ਦਾ ਇਲਾਜ ਓਪੀਡੀ ਵਿੱਚ ਹੁੰਦਾ ਹੈ ਅਤੇ ਉਹ ਇਸ ਯੋਜਨਾ ਦਾ ਲਾਭ ਨਹੀਂ ਉਠਾ ਸਕਦੇ। ਯਾਨੀ ਸਰਕਾਰ ਐਨੀ ਵੱਡੀ ਰਕਮ ਸਿਰਫ਼ 10- 15 ਫ਼ੀਸਦੀ ਮਰੀਜ਼ਾਂ ‘ਤੇ ਹੀ ਖਰਚ ਕਰ ਰਹੀ ਹੈ ਅਤੇ ਉਹ ਵੀ ਕਈ ਮਾਮਲਿਆਂ ਵਿੱਚ ਦੇਖਿਆ ਗਿਆ ਹੈ ਕਿ ਨਿੱਜੀ ਹਸਪਤਾਲ ਇਸ ਯੋਜਨਾ ਦੇ ਜ਼ਰੀਏ ਮਰੀਜ਼ਾਂ ਅਤੇ ਬੀਮਾ ਕੰਪਨੀਆਂ ਦੋਵਾਂ ਕੋਲੋਂ ਪੈਸੇ ਵਸੂਲਦੇ ਹਨ। ਚੀਮਾ ਨੇ ਕਿਹਾ ਕਿ ਇਹ ਬਹੁਤ ਮਾੜੀ ਗੱਲ ਹੈ ਕਿ ਜਿਸ ਯੋਜਨਾ ਨੂੰ ਸਰਕਾਰੀ ਸਿਹਤ ਸੇਵਾਵਾਂ ‘ਚ ਸੁਧਾਰ ਲਈ ਸ਼ੁਰੂ ਕੀਤਾ ਸੀ, ਉਹ ਅੱਜ ਡਿਫਾਲਟਰ ਨਿੱਜੀ ਹਸਪਤਾਲਾਂ ਅਤੇ ਭ੍ਰਿਸ਼ਟ ਆਗੂਆਂ ਅਤੇ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਗਈ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਸਰਕਾਰੀ ਸਿਹਤ ਸੇਵਾਵਾਂ ‘ਚ ਪ੍ਰਮੁੱਖਤਾ ਨਾਲ ਸੁਧਾਰ ਆ ਜਾਵੇਗਾ ਅਤੇ ਇਲਾਜ ਢਾਂਚੇ ਦਾ ਨਵੇਂ ਸਿਰ ਤੋਂ ਵਿਕਾਸ ਕੀਤਾ ਜਾਵੇਗਾ, ਤਾਂ ਜੋ ਲੋਕਾਂ ਦੇ ਪੈਸੇ ਨੂੰ ਮੁੱਠੀ ਭਰ ਲੋਕਾਂ ਦੀ ਜੇਬ ‘ਚ ਪਾਉਣ ਦੀ ਬਜਾਏ ਜਨਤਾ ਦੀ ਸੁਵਿਧਾ ਲਈ ਇਸਤੇਮਾਲ ਕੀਤਾ ਜਾ ਸਕੇ। ਉਨਾਂ ਕਿਹਾ ਕਿ ਆਪ ਦੀ ਸਰਕਾਰ ਜਨਤਾ ਦੇ ਪੈਸੇ ਦੀ ਹੇਰਾਫੇਰੀ ਕਰਨ ਵਾਲੇ ਅਧਿਕਾਰੀਆਂ, ਭ੍ਰਿਸ਼ਟ ਆਗੂਆਂ ਅਤੇ ਨਿੱਜੀ ਹਸਪਤਾਲਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ। ਸ਼ਾਸਨ ਵਿਵਸਥਾ ‘ਚ ਫੈਲੀ ਲੁੱਟ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਯੋਜਨਾਵਾਂ ਨਾਲ ਆਮ ਲੋਕਾਂ ਨੂੰ ਚੰਗੀ ਸਿਹਤ, ਸਿੱਖਿਆ ਅਤੇ ਹੋਰ ਬੁਨਿਆਦੀ ਸਹੂਲਤਾ ਪ੍ਰਦਾਨ ਕਰੇਗੀ।
ਜ਼ਰੂਰੀ ਹੈ ਪੰਜਾਬ ‘ਚ ਜਲ, ਜੰਗਲ ਅਤੇ ਜ਼ਮੀਨ ਦਾ ਵਿਗੜਿਆ ਤਵਾਜ਼ਨ ਸਹੀ ਕਰਨਾ: ਭਗਵੰਤ ਮਾਨ
ਰਿਵਾਇਤੀ ਸੱਤਾਧਾਰੀ ਦਲਾਂ ਦੀ ਬੇਈਮਾਨ ਨੀਅਤ ਅਤੇ ਨਲਾਇਕ ਨੀਤੀਆਂ ਨੇ ਪੰਜਾਬ ਦਾ ਚੌਗਿਰਦਾ ਤਬਾਹ ਕੀਤਾ: ਭਗਵੰਤ ਮਾਨ
‘ਆਪ’ ਦੀ ਸਰਕਾਰ ਕੁਦਰਤੀ ਸਾਧਨਾਂ- ਸਰੋਤਾਂ ਦੀ ਸਾਂਭ- ਸੰਭਾਲ ਲਈ ਪਹਿਲ ਦੇ ਆਧਾਰ ‘ਤੇ ਕੰਮ ਕਰੇਗੀ: ਭਗਵੰਤ ਮਾਨ
ਸੁਖਜਿੰਦਰ ਮਾਨ
ਚੰਡੀਗੜ, 26 ਫਰਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ, ਸੰਸਦ ਮੈਂਬਰ ਅਤੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਗੜਬੜਾ ਚੁੱਕੀ ਆਬੋ- ਹਵਾ ਉਤੇ ਡੂੰਘੀ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਜਲ, ਜੰਗਲ ਅਤੇ ਜ਼ਮੀਨ ਨੂੰ ਬਚਾਉਣਾ ਸਮੇਂ ਦੀ ਵੱਡੀ ਜ਼ਰੂਰਤ ਹੈ। ਮਾਨ ਮੁਤਾਬਕ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਅਤੇ ਅਗਲੀਆਂ ਪੀੜੀਆਂ ਦੀ ਹੋਂਦ ਲਈ ਖ਼ਤਰਾ ਬਣੀ ਇਸ ਚੁਣੌਤੀ ਨਾਲ ਨਿਪਟਣ ਲਈ ਲੋੜੀਂਦੇ ਕਦਮ ਚੁੱਕੇਗੀ ਅਤੇ ਇਸ ਮਿਸ਼ਨ ਲਈ ਸੂਬੇ ਦੇ ਅਵਾਮ, ਮਾਹਿਰਾਂ ਅਤੇ ਸਮਾਜ ਸੇਵੀ ਸੰਗਠਨਾਂ ਸਮੇਤ ਐਨ.ਆਰ.ਆਈ ਭਾਈਚਾਰੇ ਦਾ ਵਡਮੁੱਲਾ ਸਹਿਯੋਗ ਲਵੇਗੀ। ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਦੱਸਿਆ, ”ਪੰਜਾਬ ਦੀ ਪਛਾਣ ਇੱਥੇ ਵਗਦੇ ਨਿਰਮਲ ਦਰਿਆ, ਨਦੀਆਂ, ਪਾਣੀ ਅਤੇ ਉਪਜਾਊ ਜ਼ਮੀਨ ਕਾਰਨ ਰਹੀ ਹੈ। ਪਰ ਆਜ਼ਾਦੀ ਤੋਂ ਬਾਅਦ ਭੁੱਖਮਰੀ ਦਾ ਸ਼ਿਕਾਰ ਦੇਸ਼ ਦੀਆਂ ਅਨਾਜ ਲੋੜਾਂ ਦੀ ਪੂਰਾ ਕਰਨ ਲਈ ਪੰਜਾਬ ਵਾਸੀਆਂ ਨੇ ਆਪਣੇ ਜੰਗਲ, ਜ਼ਮੀਨ ਅਤੇ ਜਲ ਬੁਰੀ ਤਰਾਂ ਦਾਅ ‘ਤੇ ਲਗਾ ਦਿੱਤੇ। ਨਤੀਜੇ ਵਜੋਂ ਹੁਣ ਪੰਜਾਬ ਦੀ ਜ਼ਮੀਨ, ਪਾਣੀ ਅਤੇ ਹਵਾ ਲਗਾਤਾਰ ਖ਼ਰਾਬ ਹੋ ਰਹੇ ਹਨ।” ਇਸ ਅਣਕਿਆਸੇ ਨੁਕਸਾਨ ਲਈ ਜਿੰਮੇਵਾਰ ਪੰਜਾਬ ਦੇ ਲੋਕ ਅਤੇ ਕਿਸਾਨ ਨਹੀਂ, ਸਿਰਫ਼ ਅਤੇ ਸਿਰਫ਼ ਸਰਕਾਰਾਂ ਅਤੇ ਉਹ ਸਿਆਸੀ ਧਿਰਾਂ ਹਨ, ਜਿਨਾਂ ਨੇ ਅੱਜ ਤੱਕ ਪੰਜਾਬ ਅਤੇ ਕੇਂਦਰ ‘ਚ ਰਾਜ ਕੀਤਾ ਹੈ। ਜੇਕਰ ਸੱਤਾਧਾਰੀ ਧਿਰਾਂ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਦੂਰਅੰਦੇਸ਼ ਨੀਤੀ ਅਤੇ ਪੰਜਾਬ ਲਈ ਹਮਦਰਦ ਨੀਅਤ ਰੱਖਦੇ ਹੁੰਦੇ ਤਾਂ ਪੰਜਾਬ ਦੇ ਕੁਦਰਤੀ ਜਲ ਸਰੋਤਾਂ, ਜੰਗਲਾਂ ਅਤੇ ਜ਼ਰਖ਼ੇਜ਼ ਜ਼ਮੀਨਾਂ ਦਾ ਇੰਝ ਬੁਰਾ ਹਾਲ ਨਾ ਹੁੰਦਾ। ਇਹ ਚਿਤਾਵਨੀਆਂ ਨਾ ਮਿਲਦੀਆਂ ਕਿ ਜੇਕਰ ਪੰਜਾਬ ਦੇ ਬਰਸਾਤੀ, ਦਰਿਆਈ ਅਤੇ ਜ਼ਮੀਨਦੋਜ਼ ਪਾਣੀ ਨੂੰ ਨਾ ਸੰਭਾਲਿਆ ਤਾਂ ਪੰਜਾਬ ਰੇਗਿਸਤਾਨ ਬਣ ਜਾਵੇਗਾ। ਪ੍ਰੰਤੂ ਇਹਨਾਂ ਸੱਤਾਧਾਰੀਆਂ ਨੇ ਕਦੇ ਕੋਈ ਪਰਵਾਹ ਨਹੀਂ ਕੀਤੀ ਕਿ ਪ੍ਰਦੂਸ਼ਿਤ ਹੋ ਰਹੀ ਆਬੋ- ਹਵਾ ਅਤੇ ਧਰਤੀ ਹੇਠਲੇ ਪਾਣੀ ਨੂੰ ਹੋਰ ਡੂੰਘਾ ਉਤਰਣ ਤੋਂ ਕਿਵੇਂ ਰੋਕਿਆ ਜਾਵੇ? ਘਟਦੇ ਜਾ ਰਹੇ ਕੁਦਰਤੀ ਅਤੇ ਦਰਿਆਈ ਜਲ ਸਰੋਤਾਂ ਦੀ ਸੁਚੱਜੀ ਵਰਤੋਂ ਕਿਵੇਂ ਹੋਵੇ? ਫਸਲਾਂ ਲਈ ਖਾਦਾਂ ਅਤੇ ਕੀਟਨਾਸਕਾਂ, ਨਦੀਨ ਨਾਸਕਾਂ ਦੀ ਅੰਨੇਵਾਹ ਵਰਤੋਂ ਰੋਕਣ ਲਈ ਕੀ ਕਦਮ ਚੁੱਕੇ ਜਾਣ? ਰੁੱਖਾਂ ਅਤੇ ਜੰਗਲਾਂ ਹੇਠ ਰਕਬਾ ਕਿਵੇਂ ਵਧਾਇਆ ਜਾਵੇ? ਇਹ ਸਾਰੀਆਂ ਧਿਆਨ ਮੰਗਦੀਆਂ ਗੱਲਾਂ ਹਨ, ਜਿਨਾਂ ਬਾਰੇ ਕਾਂਗਰਸ, ਕੈਪਟਨ ਅਤੇ ਬਾਦਲਾਂ ਨੇ ਕਦੇ ਗੰਭੀਰਤਾ ਨਾਲ ਨਹੀਂ ਸੋਚਿਆ, ਕਿਉਂਕਿ ਇਹ ਸੱਤਾਧਾਰੀ ਭ੍ਰਿਸ਼ਟਾਚਾਰੀ ਅਤੇ ਮਾਫੀਆ ਰਾਜ ਰਾਹੀਂ ਆਪਣਾ ਘਰ ਭਰਨ ਤੱਕ ਸੀਮਤ ਰਹੇ। ਰੇਤ ਮਾਫੀਆ ਅਤੇ ਜ਼ਮੀਨ ਮਾਫੀਆ ਇਸਦੀ ਪ੍ਰਤੱਖ ਮਿਸਾਲ ਹਨ, ਜਿਸ ਨੇ ਜਲ, ਜੰਗਲ ਅਤੇ ਜ਼ਮੀਨ ਦਾ ਵੱਡਾ ਨੁਕਸਾਨ ਕੀਤਾ। ਇਹ ਭ੍ਰਿਸ਼ਟਾਚਾਰ ਦਾ ਹੀ ਨਤੀਜਾ ਹੈ ਕਿ ਧਰਤੀ ਹੇਠਲੇ ਚੰਗੇ ਪਾਣੀ ਦੀ ਵਰਤੋਂ ਕਰਕੇ ਗੰਦੇ ਪਾਣੀ ਨੂੰ ਪੰਜਾਬ ਦੀਆਂ ਨਦੀਆਂ ਅਤੇ ਦਰਿਆਵਾਂ ਵਿੱਚ ਰੋੜ ਦਿੱਤਾ ਜਾਂਦਾ ਹੈ, ਜਿਸ ਕਾਰਨ ਜ਼ਮੀਨ, ਪਾਣੀ ਅਤੇ ਹਵਾ ਦਾ ਪ੍ਰਦੂਸ਼ਣ ਵੱਧਦਾ ਗਿਆ।
ਭਗਵੰਤ ਮਾਨ ਨੇ ਕਿਹਾ ਕਿ ਅੱਜ ਹਾਲਤ ਇਹ ਹੈ ਕਿ ‘ਪਾਣੀ’ ਦੇ ਨਾਂਅ ‘ਤੇ ਜਾਣਿਆ ਜਾਂਦਾ ਪੰਜਾਬ ਵਿਚ ਸੁੱਕਦਾ ਜਾ ਰਿਹਾ ਹੈ। ਪੰਜਾਬ ਦੇ ਮਾਲਵਾ, ਦੁਅਬਾ ਅਤੇ ਪੁਆਧ ਹਲਕੇ ਜ਼ਮੀਨਦੋਜ਼ ਪਾਣੀ ਤੋਂ ਖਾਲੀ ਹੋ ਗਏ ਹਨ। ਹਰ ਸਾਲ ਜ਼ਮੀਨੀ ਪਾਣੀ ਦਾ ਪੱਧਰ ਡੂੰਘਾ ਚਲੇ ਜਾਂਦਾ ਹੈ ਅਤੇ ਉਪਰੋਂ ਮੀਂਹ ਪੈਣ ਦੀ ਦਰ 1998 ਤੋਂ ਬਾਅਦ ਘਟਦੀ ਜਾ ਰਹੀ ਹੈ ਨਤੀਜਣ 147 ਬਲਾਕਾਂ ਵਿਚੋਂ ਕਰੀਬ 120 ਬਲਾਕ ਡਾਰਕ ਜ਼ੋਨ ‘ਚ ਚਲੇ ਗਏ ਹਨ। ਉਨਾਂ ਦੱਸਿਆ ਕਿ ਪੰਜਾਬ ‘ਚ ਵੱਡੇ ਪੱਧਰ ‘ਤੇ ਬਗੈਰ ਮਾਸਟਰ ਪਲਾਨ (ਨੀਤੀ) ਦੇ ਰਿਹਾਇਸ਼ੀ ਕਲੋਨੀਆਂ ਉਸਾਰੀਆਂ ਗਈਆਂ, ਜਿਸ ਕਾਰਨ ਸੂਬੇ ਵਿਚੋਂ ਪਾਣੀ ਦੇ ਕੁਦਰਤੀ ਵਾਹਅ, ਨਦੀਆਂ, ਨਾਲੇ ਅਤੇ ਜੰਗਲ ਖ਼ਤਮ ਹੋ ਗਏ ਹਨ। ਪੰਜਾਬ ‘ਚ ਮਾਤਰ 6.12 ਫੀਸਦ ਜੰਗਲ ਰਹਿ ਗਿਆ ਹੈ, ਇਸ ਕਾਰਨ ਪੰਜਾਬ ਦੀ ਆਬੋ- ਹਵਾ ਵੀ ਦਿਨ ਪ੍ਰਤੀ ਦਿਨ ਦੂਸ਼ਤ ਹੁੰਦੀ ਜਾ ਰਹੀ ਹੈ।
ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਪੰਜਾਬ ‘ਤੇ ਰਾਜ ਕਰਦੀਆਂ ਰਹੀਆਂ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਇੱਥੇ ਦੇ ਕੁਦਰਤੀ ਸਾਧਨਾਂ ਜਲ, ਜੰਗਲ ਅਤੇ ਜ਼ਮੀਨ ਨੂੰ ਲੁੱਟਿਆ ਅਤੇ ਬਰਬਾਦ ਕੀਤਾ ਹੈ ਅਤੇ ਆਪਣੇ ਘਰ ਦੌਲਤ ਨਾਲ ਭਰੇ ਹਨ। ਮਾਨ ਨੇ ਕਿਹਾ ਕਿ ਪੰਜਾਬ ‘ਚੋਂ ਖ਼ਤਮ ਹੋ ਰਹੇ ਜੰਗਲ, ਜ਼ਮੀਨ ਅਤੇ ਪਾਣੀ ਪੰਜਾਬੀਆਂ ਲਈ ਖ਼ਤਰੇ ਦੀ ਘੰਟੀ ਹਨ। ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਇਨਾਂ ਕੁੱਦਰਤੀ ਸਾਧਨਾਂ- ਸਰੋਤਾਂ ਦੀ ਸਾਂਭ- ਸੰਭਾਲ ਲਈ ਸਭ ਦੇ ਸਹਿਯੋਗ ਨਾਲ ਪਹਿਲ ਦੇ ਆਧਾਰ ‘ਤੇ ਕੰਮ ਕਰੇਗੀ ਤਾਂ ਜੋ ਪੰਜਾਬ ਮੁੱੜ ਤੋਂ ਖੁਸ਼ਹਾਲ ਪੰਜਾਬ ਬਣ ਸਕੇ।
ਬਜ਼ਾਰ ’ਚੋਂ ਲੜਕੀ ਦਾ ਮੋਬਾਇਲ ਖੋਹ ਕੇ ਭੱਜਦੇ ਲੁਟੇਰੇ ਗਿ੍ਰਫਤਾਰ
ਛਿੱਤਰਪਰੇਡ ਤੋਂ ਬਾਅਦ ਪੁਲਿਸ ਹਵਾਲੇ, ਕੀਤਾ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 26 ਫਰਵਰੀ: ਸਥਾਨਕ ਸ਼ਹਿਰ ਵਿਚ ਲਗਾਤਾਰ ਲੁੱਟਮਾਰ ਤੇ ਝਪਟਮਾਰ ਗਿਰੋਹ ਵਲੋਂ ਨਿੱਤ ਦਿਨ ਕੀਤੀਆਂ ਜਾ ਰਹੀਆਂ ਲੁੱਟਖੋਹ ਦੀਆਂ ਘਟਨਾਵਾਂ ਤੋਂ ਦੁਖੀ ਲੋਕਾਂ ਨੇ ਅੱਜ ਸਥਾਨਕ ਸ਼ਹਿਰ ਵਿਚ ਇੱਕ ਲੜਕੀ ਦਾ ਮੋਬਾਇਲ ਖੋਹ ਕੇ ਭੱਜਣ ਵਾਲੇ ਲੁਟੇਰਿਆਂ ਨੂੰ ਕਾਬੂ ਕਰਕੇ ਛਿੱਤਰਪਰੇਡ ਕਰਨ ਦੀ ਸੂਚਨਾ ਮਿਲੀ ਹੈ। ਮੌਕੇ ’ਤੇ ਪੁੱਜੀ ਪੁਲਿਸ ਵਲੋਂ ਦੋਨਾਂ ਲੁਟੇਰਿਆਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸ਼ਹਿਰ ਦੇ ਮਹਿਣਾ ਚੌਕ ਵਿਚ ਅੱਜ ਬਾਅਦ ਦੁਪਿਹਰ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਬਜ਼ਾਰ ’ਚ ਜਾ ਰਹੀ ਲੜਕੀ ਦਾ ਮੋਬਾਇਲ ਖੋਹ ਕੇ ਭੱਜਣ ਲੱਗੇ। ਇਸ ਦੌਰਾਨ ਲੜਕੀ ਵਲੋਂ ਰੌਲਾ ਪਾਉਣ ’ਤੇ ਲੋਕਾਂ ਨੇ ਉਨ੍ਹਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਤੇ ਪਹਿਲਾਂ ਖ਼ੁਦ ਛਿੱਤਰਪਰੇਡ ਕੀਤੀ ਤੇ ਬਾਅਦ ਵਿਚ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਦੀ ਬਣਾਈ ਵੀਡੀਓ ਵੀ ਖ਼ੂਬ ਵਾਈਰਲ ਹੋਈ। ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਾਬੂ ਕੀਤੇ ਨੌਜਵਾਨਾਂ ਦੀ ਪਹਿਚਾਣ ਜੈਦੀਪ ਸਿੰਘ ਤੇ ਰਵਿੰਦਰ ਸਿੰਘ ਵਾਸੀ ਪਿੰਡ ਝੂੰਬੇ ਦੇ ਤੌਰ ’ਤੇ ਹੋਈ ਹੈ ਅਤੇ ਇੰਨ੍ਹਾਂ ਵਿਰੁਧ ਧਾਰਾ 379 ਬੀ ਅਤੇ 511 ਆਈਪੀਸੀ ਤਹਿਤ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ। ਦਸਣਾ ਬਣਦਾ ਹੈ ਕਿ ਬੀਤੇ ਕੱਲ ਵੀ ਸ਼ਹਿਰ ਦੇ ਧੋਬੀ ਬਜ਼ਾਰ ’ਚ ਪਰਸ ਤੇ ਸੋਨੇ ਦੀ ਚੈਨੀ ਖੋਹ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਸੀ ਪੰ੍ਰਤੂ ਲੁਟੇਰੇ ਭੱਜਣ ਵਿਚ ਸਫ਼ਲ ਰਹੇ ਸਨ।
ਜਹਿਰੀਲਾ ਸਾਗ ਕਾਰਨ ਬਜ਼ੁਰਗ ਜੋੜੇ ਦੀ ਹੋਈ ਮੌਤ ਦੇ ਮਾਮਲੇ ’ਚ ਗੁਆਂਢਣ ਵਿਰੁਧ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 26 ਫਰਵਰੀ: ਜ਼ਿਲ੍ਹੇ ਦੇ ਪਿੰਡ ਚਨਾਰਥਲ ਵਿਖੇ ਕਰੀਬ ਦੋ ਮਹੀਨੇ ਪਹਿਲਾਂ ਸਾਗ ਖਾਣ ਬਜ਼ੁਰਗ ਜੋੜੇ ਦੀ ਰਹੱਸਮਈ ਹਾਲਾਤਾਂ ’ਚ ਹੋਈ ਮੌਤ ਦੇ ਮਾਮਲੇ ਵਿਚ ਹੁਣ ਕੋਟਫੱਤਾ ਪੁਲਿਸ ਨੇ ਮਿ੍ਰਤਕ ਜੋੜੇ ਦੀ ਗੁਆਂਢਣ ਔਰਤ ਵਿਰੁਧ ਕਤਲ ਦਾ ਪਰਚਾ ਦਰਜ਼ ਕੀਤਾ ਹੈ। ਇਹ ਪਰਚਾ ਉਕਤ ਜੋੜੇ ਦੇ ਪੁੱਤਰ ਨੇ ਦਰਜ਼ ਕਰਵਾਇਆ ਹੈ, ਜਿਸਦੀ ਹਾਲਾਤ ਵੀ ਸਾਗ ਕਾਰਨ ਕਾਫ਼ੀ ਨਾਜੁਕ ਹੋ ਗਈ ਸੀ। ਹਾਲਾਂਕਿ ਹਾਲੇ ਤੱਕ ਇਹ ਗਲ ਸਾਹਮਣੇ ਨਹੀਂ ਆਈ ਕਿ ਕਥਿਤ ਮੁਜਰਮ ਬਣਾਈ ਗਈ ਔਰਤ ਨੇ ਅਜਿਹਾ ਕਿਉਂ ਕੀਤਾ ਸੀ ? ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਕੋਟਫੱਤਾ ਦੇ ਮੁਖੀ ਗੁਰਵਿੰਦਰ ਸਿੰਘ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹਰਪ੍ਰੀਤ ਸਿੰਘ ਦੇ ਬਿਆਨਾਂ ਉਪਰ ਮਨਦੀਪ ਕੌਰ ਵਿਰੁਧ ਧਾਰਾ 302,307 ਅਤੇ 328 ਆਈ.ਪੀ.ਸੀ ਤਹਿਤ ਪਰਚਾ ਦਰਜ਼ ਕੀਤਾ ਗਿਆ ਹੈ। ਜਿਕਰਯੋਗ ਹੈ ਕਿ 4 ਦਸੰਬਰ ਨੂੰ ਵਾਪਰੀ ਇਸ ਘਟਨਾ ਵਿਚ ਪਹਿਲਾਂ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਸੀ। ਘਟਨਾ ਸਮੇਂ ਮਨਦੀਪ ਕੌਰ ਪੀੜਤਾਂ ਦੇ ਘਰ ਸਰੋ ਦਾ ਸਾਗ ਦੇ ਕੇ ਗਈ ਸੀ, ਜਿਸਨੂੰ ਖ਼ਾਣ ਤੋਂ ਬਾਅਦ ਸੁਰਜੀਤ ਕੌਰ ਤੇ ਮੁੜ ਉਸਦੀ ਪਤਨੀ ਚਰਨਜੀਤ ਕੌਰ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਸਿਕਾਇਤਕਰਤਾ ਹਰਪ੍ਰੀਤ ਸਿੰਘ ਦੀ ਹਾਲਾਤ ਵੀ ਵਿਗੜ ਗਈ ਸੀ ਤੇ ਉਸਨੂੰ ਇਲਾਜ਼ ਲਈ ਕਾਫ਼ੀ ਲੰਮਾ ਸਮਾਂ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਰਹਿਣਾ ਪਿਆ। ਹਰਪ੍ਰੀਤ ਸਿੰਘ ਨੇ ਪੁਲਿਸ ਕੋਲ ਦਰਜ਼ ਕਰਵਾਏ ਬਿਆਨਾਂ ਵਿਚ ਦਾਅਵਾ ਕੀਤਾ ਹੈ ਕਿ ਮਨਦੀਪ ਕੌਰ ਨੇ ਸਾਗ ਵਿਚ ਜ਼ਹਿਰੀਲੀ ਚੀਜ਼ ਪਾ ਕੇ ਉਸ ਦੇ ਪਰਿਵਾਰ ਨੂੰ ਖ਼ਤਮ ਕਰਨ ਦੀ ਸਾਜ਼ਸ ਰਚੀ ਸੀ। ਦਸਣਾ ਬਣਦਾ ਹੈ ਕਿ ਸਭ ਤੋਂ ਪਹਿਲਾਂ ਸਿਕਾਇਤਕਰਤਾ ਦੀ ਮਾਤਾ ਚਰਨਜੀਤ ਕੌਰ ਦੀ ਸਾਗ ਖਾਣ ਨਾਲ ਹਾਲਤ ਖਰਾਬ ਹੋਈ ਸੀ ਤੇ ਉਸ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਚਰਨਜੀਤ ਕੌਰ ਦੀ ਮੌਤ ਹੋ ਗਈ। ਹਾਲੇ ਆਢ-ਗੁਆਂਢ ਵਾਲੇ ਚਰਨਜੀਤ ਕੌਰ ਦੀ ਲਾਸ ਘਰ ਲੈ ਕੇ ਵਾਪਸ ਆਏ ਸਨ ਤਾਂ ਸੁਰਜੀਤ ਸਿੰਘ ਦੀ ਹਾਲਾਤ ਵੀ ਵਿਗੜੀ ਹੋਈ ਸੀ ਤੇ ਉਸਨੂੰ ਵੀ ਇਲਾਜ ਲਈ ਹਸਪਤਾਲ ਲਿਜਾਇਆ ਗਿਆਸੀ, ਜਿੱਥੈ ਉਸਨੇ ਵੀ ਦਮ ਤੋੜ ਦਿੱਤਾ ਸੀ। ਉਸਤੋਂ ਬਾਅਦ ਹਰਪ੍ਰੀਤ ਦੀ ਹਾਲਤ ਖਰਾਬ ਹੋ ਗਈਤੇ ਉਸਨੂੰ ਵੀ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਪਤਾ ਲੱਗਿਆ ਹੈ ਕਿ ਪੀੜਤ ਪ੍ਰਵਾਰ ਦੀ ਆਰਥਿਕ ਹਾਲਾਤ ਠੀਕ ਠਾਕ ਹੀ ਹੈ।
ਮਹਿੰਗੀਆਂ ਫ਼ੀਸਾਂ ਕਾਰਨ ਦੇਸ ਛੱਡਣ ਲਈ ਮਜਬੂਰ ਹਨ ਭਾਰਤੀ ਵਿਦਿਆਰਥੀ
ਮਾਮਲਾ ਯੂਕਰੇਨ ’ਚ ਫ਼ਸੇ ਵਿਦਿਆਰਥੀਆਂ ਦਾ
ਯੂਕਰੇਨ ’ਚ ਐਮ.ਬੀ.ਬੀ.ਐਸ ਦੀ ਪੜਾਈ ’ਤੇ ਆਉਂਦੇ ਹਨ 30 ਲੱਖ ਖ਼ਰਚ
ਪੰਜਾਬ ਦੇ ਪ੍ਰਾਈਵੇਟ ਕਾਲਜਾਂ ’ਚ ਖਰਚ ਕਰਨਾ ਪੈਂਦਾ ਹੈ 80 ਤੋਂ 85 ਲੱਖ
ਸੁਖਜਿੰਦਰ ਮਾਨ
ਬਠਿੰਡਾ, 26 ਫਰਵਰੀ: ਰੂਸ ਤੇ ਯੂਕਰੇਨ ’ਚ ਲੱਗੀ ਭਿਆਨਕ ਜੰਗ ਕਾਰਨ ਉਥੇ ਫ਼ਸੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦਾ ਮਾਮਲਾ ਹੁਣ ਚਰਚਾ ਵਿਚ ਹੈ। ਇੰਨ੍ਹਾਂ ਵਿਦਿਆਰਥੀਆਂ ਵਿਚੋਂ 95 ਫ਼ੀਸਦੀ ਵਿਦਿਆਰਥੀ ਯੂਕ੍ਰੇਨ ‘ਚ ਮੈਡੀਕਲ ਪੜਾਈ ਲਈ ਗਏ ਹੋਏ ਹਨ। ਇਸ ਮਾਮਲੇ ਦੀ ਕੀਤੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਡਾਕਟਰ ਬਣਨ ਦਾ ਸੁਪਨਾ ਲੈ ਕੇ ਮਿਹਨਤ ਕਰਨ ਵਾਲੇ ਜਿਆਦਾਤਰ ਵਿਦਿਆਰਥੀ ਮਹਿੰਗੀਆਂ ਫ਼ੀਸਾਂ ਤੋਂ ਬਚਣ ਲਈ ਯੂਕਰੇਨ ਦਾ ਰੁੱਖ ਕਰਦੇ ਹਨ। ਪ੍ਰਾਪਤ ਕੀਤੇ ਅੰਕੜਿਆਂ ਮੁਤਾਬਕ ਪੰਜਾਬ ’ਚ ਪ੍ਰਤੀ ਵਿਦਿਆਰਥੀ ਐਮ.ਬੀ.ਬੀ.ਐਸ ਦੀ ਪੜਾਈ ਕਰਨ ’ਤੇ 80 ਤੋਂ 85 ਲੱਖ ਰੁਪਏ ਖਰਚ ਆਉਂਦਾ ਹੈ ਜਦੋਂਕਿ ਯੂਕਰੇਨ ’ਚ ਇਹ ਖ਼ਰਚਾ 30 ਲੱਖ ਤੋਂ ਵੀ ਘੱਟ ਰਹਿੰਦਾ ਹੈ, ਜਿਸਦੇ ਚੱਲਦੇ ਜਿਆਦਾਤਰ ਵਿਦਿਆਰਥੀ ਏਜੰਟਾਂ ਦੇ ਰਾਹੀਂ ਉਧਰ ਦਾ ਰੁੱਖ ਕਰਦੇ ਹਨ। ਯੂਕਰੇਨ ’ਚ ਪੜਾਈ ਕਰਨ ਵਾਲੇ ਤਲਵੰਡੀ ਸਾਬੋ ਦੇ ਸਕੇ ਭੈਣ-ਭਰਾ ਹਰਸ਼ਦੀਪ ਸਿੰਘ ਤੇ ਪਲਕਪ੍ਰੀਤ ਕੌਰ ਦੇ ਪਿਤਾ ਗੁਰਜਿੰਦਰ ਸਿੰਘ ਨੇ ਦਸਿਆ ਕਿ ‘‘ ਮਹਿੰਗੀ ਪੜਾਈ ਬੱਚਿਆਂ ਨੂੰ ਅੱਖਾਂ ਤੋਂ ਦੂਰ ਕਰਨ ਦਾ ਸਭ ਤੋਂ ਮੁੱਖ ਕਾਰਨ ਹੈ। ’’ ਜਿਕਰਯੋਗ ਹੈ ਕਿ ਉਕਤ ਦੋਨਾਂ ਬੱਚਿਆਂ ਸਹਿਤ ਇਕੱਲੇ ਬਠਿੰਡਾ ਜ਼ਿਲ੍ਹੇ ਦੇ ਹੀ ਅੱਧੀ ਦਰਜ਼ਨ ਤੋਂ ਵੱਧ ਬੱਚੇ ਯੂਕਰੇਨ ਦੀ ਜੰਗ ਵਿਚ ਫ਼ਸੇ ਹੋਏ ਹਨ। ਗੁਰਜਿੰਦਰ ਸਿੰਘ ਨੇ ਦਸਿਆ ਕਿ ‘‘ ਯੂਕਰੇਨ ’ਚ ਵੀ ਦਾਖ਼ਲਾ ਲੈਣ ਲਈ ਇਧਰਲੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਵਲੋਂ ਲਈ ਜਾਣ ਵਾਲੀ ਨੀਟ ਦੀ ਪ੍ਰੀਖਿ੍ਰਆ ਪਾਸ ਕਰਨੀ ਪੈਂਦੀ ਹੈ ਤੇ ਇੱਥੇ ਵਾਪਸ ਆਉਣ ’ਤੇ ਇੱਕ ਹੋਰ ਟੈਸਟ ਦੇਣਾ ਪੈਂਦਾ ਹੈ। ’’ ਯੂਕਰੇਨ ਸੰਕਟ ’ਚ ਫ਼ਸੀ ਬਠਿੰਡਾ ਦੀ ਇੱਕ ਵਿਦਿਆਰਥਣ ਨੇ ਗੱਲਬਾਤ ਕਰਦਿਆਂ ਦਸਿਆ ਕਿ ‘‘ ਪੜਾਈ ਲਈ ਖ਼ਰਚਾ ਘੱਟ ਹੋਣ ਦੇ ਨਾਲ-ਨਾਲ ਯੂਕਰੇਨ ’ਚ ਮੈਡੀਕਲ ਵਿਦਿਆਰਥੀਆਂ ਲਈ ਪ੍ਰੈਕਟੀਕਲ ਵੀ ਜਿਆਦਾ ਕਰਵਾਇਆ ਜਾਂਦਾ ਹੈ, ਜਿਹੜਾ ਅੱਗੇ ਕੈਰੀਅਰ ਵਿਚ ਸਫ਼ਲ ਹੋਣ ਲਈ ਬਹੁਤ ਜਰੂਰੀ ਹੈ। ’’ ਸਪੋਕਸਮੈਨ ਵਲੋਂ ਇਕੱਤਰ ਸੂਚਨਾ ਮੁਤਾਬਕ ਪੰਜਾਬ ਦੇ ਪ੍ਰਾਈਵੇਟ ਕਾਲਜ਼ਾਂ ਵਿਚ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਤਹਿਤ ਹੁਣ ਪੰਜ ਸਾਲਾਂ ਦੀ ਇਕੱਲੀ ਟਿਊਸ਼ਨ ਫ਼ੀਸ ਹੀ 48 ਲੱਖ ਰੁਪਏ ਬਣਦੀ ਹੈ। ਜਦੋਂਕਿ ਡਿਵਲੇਮੈਂਟ ਫ਼ੀਸ, ਹੋਸਟਲ ਖ਼ਰਚਾ, ਸਕਿਉੂਰਟੀ ਫ਼ੀਸ, ਪੇਪਰ ਫੀਸ ਤੇ ਹੋਰ ਖ਼ਰਚੇ ਮਿਲਾਕੇ ਪੰਜ ਸਾਲਾਂ ਵਿਚ ਇਹ ਫ਼ੀਸ 85 ਲੱਖ ਰੁਪਏ ਦੇ ਕਰੀਬ ਪੁੱਜ ਜਾਂਦੀ ਹੈ, ਜਿਹੜੀ ਕਿ ਇੱਕ ਆਮ ਵਿਅਕਤੀ ਲਈ ਅਦਾ ਕਰਨੀ ਬਹੁਤ ਜਿਆਦਾ ਮੁਸ਼ਕਲ ਹੈ। ਉਜ ਇਸ ਦੌਰਾਨ ਇੱਕ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਮਾਪਿਆਂ ਵਲੋਂ ਬੱਚਿਆਂ ਨੂੰ ਡਾਕਟਰ ਬਣਾਉਣ ਦੀ ਜਿੱਦ ਕਾਰਨ ਇੱਥੇ ਦਾਖ਼ਲਾ ਨਾ ਲੈ ਸਕਣ ਵਾਲੇ ਮੈਡੀਕਲ ਵਿਦਿਆਰਥੀਆਂ ਨੂੰ ਵੀ ਯੂਕਰੇਨ ਵਰਗੇ ਦੇਸ਼ਾਂ ’ਚ ਭੇਜਿਆ ਜਾ ਰਿਹਾ ਹੈ। ਹਾਲਾਂਕਿ ਮੈਡੀਕਲ ਖੇਤਰ ਦੇ ਮਾਹਰਾਂ ਦਾ ਦਾਅਵਾ ਹੈ ਕਿ ਇੱਥੇ ਨੰਬਰ ਆਉਣ ’ਤੇ ਕੋਈ ਵੀ ਵਿਦਿਆਰਥੀ ਫ਼ੀਸ ਕਾਰਨ ਛੱਡ ਕੇ ਵਿਦੇਸ਼ ਵਿਚ ਨਹੀਂ ਜਾਂਦਾ ਹੈ। ਗੌਰਤਲਬ ਹੈ ਕਿ ਮਹਿੰਗੀਆਂ ਫ਼ੀਸਾਂ ਕਾਰਨ ਨਿਰਾਸ਼ ਹੋ ਰਹੇ ਵਿਦਿਆਰਥੀਆਂ ਨੂੰ ਯੂਕਰੇਨ ਤੇ ਹੋਰਨਾਂ ਦੇਸ਼ਾਂ ’ਚ ਮੈਡੀਕਲ ਦੀ ਪੜਾਈ ਕਰਵਾਉਣ ਲਈ ਏਜੰਟਾਂ ਦਾ ਇੱਕ ਸਰਗਰਮ ਗਿਰੋਹ ਵੀ ਬਣਿਆ ਹੋਇਆ ਹੈ। ਪਿਛਲੇ ਸਾਲ ਨੀਟ ਦੀ ਪ੍ਰੀਖਿ੍ਰਆ ਦੇਣ ਵਾਲੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਇੱਕ ਵਿਦਿਆਰਥੀ ਦੇ ਪਿਤਾ ਨੇ ਦਸਿਆ ਕਿ ‘‘ ਨੀਟ ਦੀ ਪ੍ਰੀਖਿ੍ਰਆ ਸਮੇਂ ਹੀ ਪ੍ਰੀਖਿ੍ਰਆ ਕੇਂਦਰਾਂ ਦੇ ਬਾਹਰ ਯੂਕਰੇਨ ’ਚ ਮੈਡੀਕਲ ਦੀ ਪੜਾਈ ਕਰਵਾਉਣ ਵਾਲੇ ਏਜੰਟ ਪਰਚੇ ਵੰਡਦੇ ਆਮ ਦੇਖੇ ਜਾ ਸਕਦੇ ਹਨ। ’’ ਮੌਜੂਦਾ ਸਮੇਂ ਇਕੱਲੇ ਪੰਜਾਬ ਵਿਚੋਂ ਹੀ ਹਜ਼ਾਰਾਂ ਵਿਦਿਆਰਥੀ ਯੂਕਰੇਨ ਦੀਆਂ ਵੱਖ ਵੱਖ ਮੈਡੀਕਲ ਯੂਨੀਵਰਸਿਟੀ ਤੇ ਕਾਲਜ਼ਾਂ ਵਿਚ ਪੜਾਈ ਕਰਦੇ ਦੱਸੇ ਜਾ ਰਹੇ ਹਨ।
ਬਾਕਸ
ਇਸ ਸਾਲ ’ਚ ਮੈਡੀਕਲ ਕਾਲਜ਼ਾਂ ਦੀਆਂ ਫ਼ੀਸਾਂ ਘਟਣਗੀਆਂ: ਡਾ ਰਾਜ ਬਹਾਦੁਰ
ਬਠਿੰਡਾ: ਉਧਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਇਸ ਮੁੱਦੇ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਾਈਵੇਟ ਮੈਡੀਕਲ ਕਾਲਜ਼ਾਂ ਦੀਆਂ ਫ਼ੀਸਾਂ ਕੰਟਰੋਲ ਕਰਨ ਲਈ ਕੌਮੀ ਮੈਡੀਕਲ ਕਮਿਸ਼ਨ ਦੀਆਂ ਸਿਫ਼ਾਰਿਸਾਂ ਨੂੰ ਇਸ ਵਾਰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੇਸ਼ੱਕ ਪੰਜਾਬ ’ਚ ਮਹਿੰਗੀ ਮੈਡੀਕਲ ਪੜਾਈ ਵੀ ਵਿਦਿਆਰਥੀਆਂ ਦੇ ਵਿਦੇਸ਼ਾਂ ’ਚ ਜਾਣ ਦਾ ਇੱਕ ਮੁੱਖ ਕਾਰਨ ਹੈ ਪ੍ਰੰਤੂ ਜਿਆਦਾਤਰ ਅਜਿਹੇ ਵਿਦਿਆਰਥੀ ਵੀ ਵਿਦੇਸ਼ ’ਚ ਪੜਾਈ ਕਰਨ ਨੂੰ ਤਰਜੀਹ ਦਿੰਦੇ ਹਨ, ਜਿੰਨ੍ਹਾਂ ਨੂੰ ਨੀਟ ਰਾਹੀਂ ਇੱਥੇ ਦਾਖ਼ਲਾ ਨਹੀਂ ਮਿਲਦਾ ਹੈ। ਅਜਿਹੇ ਵਿਦਿਆਰਥੀਆਂ ਲਈ ਉੱਥੇ ਕਿਸੇ ਵੀ ਸੰਸਥਾ ਵਿਚ ਦਾਖਲਾ ਲੈਣਾ ਵੀ ਆਸਾਨ ਹੁੰਦਾ ਹੈ। ਉਨ੍ਹਾਂ ਮੰਨਿਆ ਕਿ ਵਿਦੇਸ ਤੇ ਇੱਥੋਂ ਦੀ ਪੜਾਈ ਵਿਚ ਅੰਤਰ ਹੋਣ ਕਾਰਨ ਵਾਪਸੀ ’ਤੇ ਸਰਕਾਰੀ ਨੌਕਰੀ ਤੇ ਐਮ.ਡੀ ’ਚ ਦਾਖ਼ਲੇ ਲਈ ਇੱਥੋਂ ਦੀ ਸਰਕਾਰ ਵਲੋਂ ਲਏ ਜਾਣ ਵਾਲੇ ਕੁਆਲੀਫ਼ਾਈਗ ਟੇਸਟ ਨੂੰ ਕਲੀਅਰ ਕਰਨ ਵਿਚ ਵੀ ਕਈ ਵਿਦਿਆਰਥੀ ਦੋ-ਤਿੰਨ ਸਾਲ ਲਗਾ ਦਿੰਦੇ ਹਨ।
ਮੁੱਖ ਸਕੱਤਰ ਵੱਲੋਂ ਯੂਕਰੇਨ ਵਿੱਚ ਫਸੇ ਪੰਜਾਬੀਆਂ ਦੀ ਸੁਰੱਖਿਅਤ ਦੇਸ਼ ਵਾਪਸੀ ਦੀ ਸਥਿਤੀ ਦਾ ਜਾਇਜ਼ਾ
• ਡਿਪਟੀ ਕਮਿਸ਼ਨਰਾਂ ਤੇ ਐਸ.ਐਸ.ਪੀਜ਼. ਨੂੰ ਜੰਗ ਪ੍ਰਭਾਵਿਤ ਮੁਲਕ ਵਿੱਚ ਫਸੇ ਵਿਅਕਤੀਆਂ ਬਾਰੇ ਸਮੇਤ ਪਾਸਪੋਰਟ ਨੰਬਰ ਜਾਣਕਾਰੀ ਤੁਰੰਤ ਅੱਪਡੇਟ ਕਰਨ ਦੇ ਨਿਰਦੇਸ਼
• ਮੁੱਖ ਸਕੱਤਰ ਵੱਲੋਂ ਪ੍ਰਭਾਵਿਤ ਵਿਅਕਤੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰਾਂ ਉਤੇ ਸੰਪਰਕ ਕਰਨ ਦੀ ਅਪੀਲ
ਸੁਖਜਿੰਦਰ ਮਾਨ
ਚੰਡੀਗੜ੍ਹ, 26 ਫਰਵਰੀ: ਯੂਕਰੇਨ ਵਿੱਚ ਜੰਗ ਕਾਰਨ ਸੰਕਟ ਵਿੱਚ ਘਿਰੇ ਦੁਖੀ ਪਰਿਵਾਰਾਂ ਦੀ ਹਰ ਸੰਭਵ ਮਦਦ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਅਨਿਰੁਧ ਤਿਵਾੜੀ ਨੇ ਸ਼ਨਿੱਚਰਵਾਰ ਨੂੰ ਇਥੇ ਉੱਚ ਪੱਧਰੀ ਮੀਟਿੰਗ ਦੌਰਾਨ ਸੂਬਾ ਸਰਕਾਰ ਦੇ ਸਮਰਪਿਤ 24×7 ਕੰਟਰੋਲ ਰੂਮ ਨੰਬਰਾਂ ‘ਤੇ ਪ੍ਰਾਪਤ ਕਾਲਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੇ ਸਾਰੇ ਡਿਪਟੀ ਕਮਿਸ਼ਨਰਾਂ, ਸੀ.ਪੀਜ਼. ਅਤੇ ਐਸ.ਐਸ ਪੀਜ਼. ਨੂੰ ਨਿਰਦੇਸ਼ ਦਿੱਤੇ ਕਿ ਜੰਗ ਪ੍ਰਭਾਵਿਤ ਇਸ ਮੁਲਕ ਵਿੱਚ ਫਸੇ ਪੰਜਾਬ ਦੇ ਵਿਅਕਤੀਆਂ ਬਾਰੇ ਸਮੇਤ ਪਾਸਪੋਰਟ ਨੰਬਰ ਜਾਣਕਾਰੀ ਤੁਰੰਤ ਅੱਪਡੇਟ ਕੀਤੀ ਜਾਵੇ ਤਾਂ ਜੋ ਪ੍ਰਭਾਵਿਤ ਵਿਅਕਤੀਆਂ ਦੀ ਅਸਲ ਗਿਣਤੀ ਪਤਾ ਲੱਗ ਸਕੇ।
ਇੱਥੇ ਆਪਣੇ ਦਫ਼ਤਰ ਵਿਖੇ ਡਿਪਟੀ ਕਮਿਸ਼ਨਰਾਂ, ਸੀਪੀਜ਼ ਅਤੇ ਐਸਐਸਪੀਜ਼ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਪ੍ਰਭਾਵਿਤ ਵਿਅਕਤੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਤੁਰੰਤ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 1100 (ਪੰਜਾਬ ਤੋਂ ਫੋਨ ਕਰਨ ਲਈ) ਅਤੇ +91-172 4111905 ਉਤੇ (ਭਾਰਤ ਤੋਂ ਬਾਹਰੋਂ ) ਸੰਪਰਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਟਰੋਲ ਰੂਮ ਨੰਬਰਾਂ ‘ਤੇ ਹੁਣ ਤੱਕ ਕੁੱਲ 155 ਕਾਲਾਂ ਆ ਚੁੱਕੀਆਂ ਹਨ ਅਤੇ ਯੂਕਰੇਨ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਇਨ੍ਹਾਂ ਕਾਲਾਂ ਰਾਹੀਂ ਪ੍ਰਾਪਤ ਜਾਣਕਾਰੀ ਤੁਰੰਤ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਸਾਂਝੀ ਕੀਤੀ ਜਾ ਰਹੀ ਹੈ।
ਸ਼੍ਰੀ ਤਿਵਾੜੀ ਨੇ ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ, ਰੈਜ਼ੀਡੈਂਟ ਕਮਿਸ਼ਨਰ, ਪੰਜਾਬ ਨੂੰ ਯੂਕਰੇਨ ਤੋਂ ਆਉਣ ਵਾਲੇ ਵਿਅਕਤੀਆਂ ਦੀ ਸਹਾਇਤਾ ਲਈ ਨਵੀਂ ਦਿੱਲੀ ਹਵਾਈ ਅੱਡੇ ‘ਤੇ ਇੱਕ ਪੰਜਾਬ ਹੈਲਪ ਡੈਸਕ ਸਥਾਪਤ ਕਰਨ ਲਈ ਕਿਹਾ ਅਤੇ ਇਸਦੇ ਨਾਲ-ਨਾਲ ਉਨ੍ਹਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਤਾਲਮੇਲ ਕਰਨ ਲਈ ਵੀ ਕਿਹਾ। ਮੁੱਖ ਸਕੱਤਰ ਨੇ ਫਸੇ ਹੋਏ ਵਿਅਕਤੀਆਂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਪੂਰਵ ਤਾਲਮੇਲ ਤੋਂ ਬਿਨਾਂ ਕਿਸੇ ਵੀ ਸਰਹੱਦੀ ਚੌਕੀ ‘ਤੇ ਨਾ ਜਾਣ ਅਤੇ ਵਿਦੇਸ਼ ਮੰਤਰਾਲੇ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ। ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਗ੍ਰਹਿ ਵਿਭਾਗ ਸ੍ਰੀ ਅਨੁਰਾਗ ਵਰਮਾ, ਡੀ.ਜੀ.ਪੀ. ਪੰਜਾਬ ਸ੍ਰੀ ਵੀ.ਕੇ. ਭਾਵਰਾ, ਪ੍ਰਮੁੱਖ ਸਕੱਤਰ ਪ੍ਰਸ਼ਾਸਨਿਕ ਸੁਧਾਰ ਤੇ ਜਨ ਸ਼ਿਕਾਇਤਾਂ ਵਿਭਾਗ ਸ੍ਰੀ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਆਮ ਰਾਜ ਪ੍ਰਬੰਧ ਤੇ ਤਾਲਮੇਲ ਸ੍ਰੀ ਵਿਵੇਕ ਪ੍ਰਤਾਪ ਸਿੰਘ, ਵਿਸ਼ੇਸ਼ ਪ੍ਰਮੁੱਖ ਸਕੱਤਰ, ਮੁੱਖ ਮੰਤਰੀ-ਕਮ- ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ੍ਰੀ ਕੇ.ਕੇ. ਯਾਦਵ ਅਤੇ ਸੂਬਾ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ
ਮੁੱਖ ਮੰਤਰੀ ਨੇ ਕੈਥਲ ਨੂੰ ਦਿੱਤੀ ਕਰੋੜਾਂ ਰੁਪਏ ਦੀ ਸੌਗਾਤ
24 ਕਰੋੜ 46 ਲੱਖ ਰੁਪਏ ਦੇ ਵਿਕਾਸ ਕੰਮਾਂ ਦਾ ਕੀਤਾ ਉਦਘਾਟਨ
ਸੁਖਜਿੰਦਰ ਮਾਨ
ਚੰਡੀਗੜ੍ਹ, 26 ਫਰਵਰੀ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੈਥਲ ਨੂੰ ਕਰੋੜਾਂ ਰੁਪਏ ਦੀ ਵਿਕਾਸਾਤਮਕ ਕੰਮਾਂ ਦੀ ਸੌਗਾਤ ਦਿੰਦੇ ਹੋਏ ਵੱਖ-ਵੱਖ ਕੰਮਾਂ ਦੇ ਉਦਘਾਟਨ ਕੀਤੇ। ਮੁੱਖ ਮੰਤਰੀ ਨੇ ਹਾਬੜੀ ਵਿਚ 11 ਕਰੋੜ 10 ਲੱਖ 50 ਹਜਾਰ ਰੁਪਏ ਨਾਲ ਬਣੇ ਕੌਮਾਂਤਰੀ ਸਾਇਜ ਸਿੰਥੈਟਿਕ ਹਾਕੀ ਫੀਲਡ ਆਫ ਗਲੋਬਲ ਕੈਟੇਗਿਰੀ, 5 ਕਰੋੜ 23 ਲੱਖ ਰੁਪਏ ਦੀ ਲਾਗਤ ਨਾਲ ਸੇਰਧਾ ਵਿਚ ਨਿਰਮਾਣਤ ਅਤੇ 5 ਕਰੋੜ 7 ਲੱਖ ਰੁਪਏ ਤੋਂ ਨਿਰਮਾਣਤ ਪਾਬਸਰ ਦੇ 33-33 ਕੇਵੀ ਦੇ ਸਬ-ਸਟੇਸ਼ਨ ਤੋਂ ਇਲਾਵਾ 1 ਕਰੋੜ 90 ਲੱਖ ਰੁਪਏ ਦੀ ਰਕਮ ਨਾਲ ਨਿਰਮਾਣਤ ਕੋਵਿਡ 19 ਪੋਰਟੇਬਲ 100 ਬਿਸਤਰੇ ਦੇ ਹਸਪਤਾਲ ਦਾ ਉਦਘਾਟਨ ਕੀਤਾ। ਇਹ ਪੋਰਟੇਬਲ ਹਸਪਤਾਲ ਸਿਵਲ ਹਸਪਤਾਲ ਪਰਿਸਰ ਵਿਚ ਸਥਾਂਪਿਤ ਕੀਤਾ ਗਿਆ ਹੈ। 33 ਕੇਵੀ ਸਬ-ਸਟੇਸ਼ਨਾਂ ਦੇ ਸ਼ੁਰੂ ਹੋਣ ਨਾਲ ਪਿੰਡ ਪਾਬਸਰ, ਕਕਰਾਲਾ, ਕਕਯੋਰ ਮਾਜਰਾ, ਕੁਚਿਆਂ ਵਾਲਾ, ਸੇਰਧਾ, ਫਰੀਦਾਬਾਦ , ਮੰਡਾਲ, ਸੰਤੋਖ ਮਾਜਰਾ ਆਦਿ ਪਿੰਡਾਂ ਦੇ ਲੋਕਾਂ ਨੂੰ ਲਾਭ ਮਿਲੇਗਾ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪਿੰਡ ਹਾਬੜੀ ਵਿਚ ਲਗਭਗ 4 ਏਕੜ ਜਮੀਨ ਵਿਚ ਸਿੰਥੈਟਿਕਸ ਹਾਕੀ ਬਣਾਇਆ ਹੈ। ਇਸ ਸਥਾਨ ‘ਤੇ 30 ਬੱਚਿਆਂ ਦੇ ਲਈ ਹੋਸਟਲ, ਕਿਚਨ, ਮਨੋਰੰਜਨ ਰੂਮ, ਏਅਰ ਕੰਡੀਸ਼ਨ ਅਤੇ ਚਾਰ ਦੀਵਾਰੀ ਦਾ ਨਿਰਮਾਣ ਕਰਵਾਇਆ ਗਿਆ ਹੈ। ਖੇਤਰ ਦੇ ਖਿਡਾਰੀਆਂ ਨੂੰ ਇਸ ਮੈਦਾਨ ਵਿਚ ਅਭਿਆਸ ਦੇ ਲਈ ਸਹੂਲਤ ਮਿਲੇਗੀ, ਜਿਸ ਨਾਲ ਖੇਡ ਦੇ ਖੇਤਰ ਵਿਚ ਇਸ ਇਲਾਕੇ ਦੇ ਖਿਡਾਰੀ ਆਪਣੇ ਨਾਲ-ਨਾਲ ਜਿਲ੍ਹਾ ਤੇ ਸੂਬੇ ਦਾ ਨਾਂਅ ਰੋਸ਼ਨ ਕਰਣਗੇ। ਜਿਲ੍ਹਾ ਨਾਗਰਿਕ ਹਸਪਤਾਲ ਵਿਚ ਦਿੱਤੀ ਅਮੇਰੀਕਲ ਇੰਡੀਆ ਫਾਊਂਡੇਸ਼ਨ ਟਰਸਟ ਦੇ ਸਹਿਯੋਗ ਨਾਲ 100 ਬੈਡਾਂ ਦੇ ਪੋਰਟੇਬਲ ਹਸਪਤਾਲ ਦੀ ਸਥਾਪਨਾ ਕੀਤੀ ਗਈ ਹੈ। ਇਸ ਪੋਰਟੇਬਲ ਹਸਪਤਾਲ ਵਿਚ ਆਮ ਜਨਤਾ ਨੂੰ ਕੋਵਿਡ-19 ਦੇ ਮੱਦੇਨਜਰ ਬਿਹਤਰੀਨ ਸਿਹਤ ਸੇਵਾਵਾਂ ਦੇਣ ਦੀ ਵਿਵਸਥਾ ਕੀਤੀ ਗਈ ਹੈ।





