Wednesday, May 6, 2026
Home Blog Page 2617

ਕਾਂਗਰਸ ਤੇ ਅਕਾਲੀ ਸਰਕਾਰਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਧੋਖ਼ਾ ਦਿੱਤਾ: ਭਗਵੰਤ ਮਾਨ

0

ਘਰ- ਘਰ ਰੋਜ਼ਗਾਰ ਦੇਣ ਦਾ ਵਾਅਦਾ ਕਰਕੇ ਕਾਂਗਰਸ ਨੇ ਆਪਣੇ ਵਿਧਾਇਕਾਂ ਤੇ ਮੰਤਰੀਆਂ ਦੇ ਰਿਸਤੇਦਾਰਾਂ ਨੂੰ ਦਿੱਤੀ ਸਰਕਾਰੀ ਨੌਕਰੀ : ਭਗਵੰਤ ਮਾਨ
ਪੰਜਾਬ ਦੇ ਨੌਜਵਾਨ ਕਾਂਗਰਸ ਦੇ ਝੂਠੇ ਵਾਅਦਿਆਂ ਦਾ ਦੇਣਗੇ ਕਰਾਰਾ ਜਵਾਬ: ਭਗਵੰਤ ਮਾਨ
ਸੁਖਜਿੰਦਰ ਮਾਨ
ਫ਼ਰੀਦਕੋਟ, 8 ਫਰਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਕਾਂਗਰਸ ‘ਤੇ ਪੰਜਾਬ ਦੇ ਨੌਜਵਾਨਾਂ ਨੂੰ ਧੋਖ਼ਾ ਦੇਣ ਦਾ ਦੋਸ਼ ਲਾਇਆ ਹੈ। ਅਕਾਲੀ ਅਤੇ ਕਾਂਗਰਸ ਸਰਕਾਰਾਂ ‘ਤੇ ਹਮਲਾ ਬੋਲਦੇ ਹੋਏ ਮਾਨ ਨੇ ਕਿਹਾ ਕਿ ਦੋਨਾਂ ਪਾਰਟੀਆਂ ਨੇ ਪੰਜਾਬ ਦੇ ਨੌਜਵਾਨਾਂ ਦੇ ਨੂੰ ਧੋਖ਼ਾ ਦਿੱਤਾ ਅਤੇ ਉਨਾਂ ਦੇ ਜੀਵਨ ਨਾਲ ਖਿਲਵਾੜ ਕੀਤਾ ਹੈ। ਪਿਛਲੇ ਇੱਕ ਦਸ਼ਕ ਤੋਂ ਪੰਜਾਬ ਦੇ ਨੌਜਵਾਨ ਰੋਜ਼ਗਾਰ ਲਈ ਸੜਕਾਂ ‘ਤੇ ਸੰਘਰਸ਼ ਕਰ ਰਹੇ ਹਨ ਅਤੇ ਪੁਲੀਸ ਦੀ ਲਾਠੀਆਂ ਖਾ ਰਹੇ ਹਨ, ਪਰ ਦੋਵੇਂ ਪਾਰਟੀਆਂ ਦੀਆਂ ਸਰਕਾਰਾਂ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਝੂਠੇ ਵਾਅਦਿਆਂ ਤੋਂ ਸਿਵਾਏ ਹੋਰ ਕੁੱਝ ਨਹੀਂ ਦਿੱਤਾ।
ਮਾਨ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸ ਦੀਆਂ ਸਰਕਾਰਾਂ ਦੀ ਨਿਕਾਮੀ ਦੇ ਕਾਰਨ ਅੱਜ ਲੱਖਾਂ ਨੌਜਵਾਨਾਂ ਦੀ ਸਰਕਾਰੀ ਨੌਕਰੀ ਪਾਉਣ ਦੀ ਉਮਰ ਖ਼ਤਮ ਹੋ ਗਈ ਹੈ। ਜੀਵਨ ਤੋਂ ਨਿਰਾਸ਼ ਹੋ ਕੇ ਲੱਖਾਂ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਹਨ ਅਤੇ ਲੱਖਾਂ ਦੀ ਸੰਖਿਆਂ ਵਿੱਚ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਦੀ ਬਰਬਾਦੀ ਦਾ ਜ਼ਿੰਮੇਵਾਰ ਕੌਣ ਹੈ? ਮਾਨ ਨੇ ਕਿਹਾ ਕਿ ਬੇਰੁਜ਼ਗਾਰੀ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ। ਇਹ ਸਮੱਸਿਆ ਅੱਜ ਇਸ ਲਈ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ ਕਿਉਂਕਿ ਬਾਦਲ- ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ।
ਮੰਗਲਵਾਰ ਨੂੰ ਭਗਵੰਤ ਮਾਨ ਨੇ ਫ਼ਰੀਦਕੋਟ ਵਿਧਾਨ ਸਭਾ ਦੇ ਵੱਖ- ਵੱਖ ਇਲਾਕਿਆਂ ਵਿੱਚ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ‘ਆਪ’ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੂੰ ਵੋਟ ਦੇਣ ਦੀ ਅਪੀਲ ਕੀਤੀ। ਇਸ ਦੌਰਾਨ ਮਾਨ ਨੇ ਕਈ ਥਾਵਾਂ ‘ਤੇ ਲੋਕਾਂ ਨੂੰ ਸੰਬੋਧਨ ਕੀਤਾ। ਲੋਕਾਂ ਨੇ ਮਾਨ ਪ੍ਰਤੀ ਕਾਫ਼ੀ ਉਤਸ਼ਾਹ ਪ੍ਰਗਟ ਕੀਤਾ ਅਤੇ ਥਾਂ- ਥਾਂ ਫੁੱਲ ਬਰਸਾ ਅਤੇ ਮਾਲਾ ਪਾ ਕੇ ਲੋਕਾਂ ਨੇ ਮਾਨ ਦਾ ਸਵਾਗਤ ਕੀਤਾ ਅਤੇ ਜਿੱਤ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ‘ਤੇ ਮਾਨ ਦੇ ਨਾਲ ‘ਆਪ’ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਸਮੇਤ ਪਾਰਟੀ ਦੇ ਕਈ ਸੂਬਾ ਪੱਧਰੀ ਅਤੇ ਸਥਾਨਕ ਆਗੂ ਮੌਜ਼ੂਦ ਸਨ।
ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਾਂਗਰਸ ਸਰਕਾਰ ‘ਤੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ 2017 ਦੀਆਂ ਚੋਣਾ ਸਮੇਂ ਕਾਂਗਰਸ ਨੇ ਘਰ- ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਪੰਜ ਸਾਲ ਤੱਕ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਝੂਠੇ ਮੇਲੇ ਲਾ ਕੇ ਬੇਵਕੂਫ਼ ਬਣਾਇਆ। ਸੜਕਾਂ ‘ਤੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਨੌਜਵਾਨਾਂ ‘ਤੇ ਪੁਲੀਸ ਦੀ ਲਾਠੀਆ ਚਲਾਈਆਂ। ਪੜੇ ਲਿਖੇ ਬੇਰੁਜ਼ਗਾਰ ਆਮ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਥਾਂ ਕਾਂਗਰਸ ਸਰਕਾਰ ਨੇ ਆਪਣੇ ਵਿਧਾਇਕਾਂ, ਮੰਤਰੀਆਂ ਦੇ ਬੇਟੇ, ਬੇਟੀਆਂ ਅਤੇ ਰਿਸਤੇਦਾਰਾਂ ਨੂੰ ਸਰਕਾਰੀ ਨੌਕਰੀਆਂ ਹੀ ਦਿੱਤੀਆ ਹਨ। ਇਸ ਵਾਰ ਪੰਜਾਬ ਦੇ ਨੌਜਵਾਨ ਕਾਂਗਰਸ ਦੇ ਝੂਠ ਦਾ ਜਵਾਬ ਦੇਣਗੇ।
ਭਗਵੰਤ ਮਾਨ ਨੇ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੌਜਵਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਕਰੇਗੀ। ਨੌਜਵਾਨਾਂ ਨੂੰ ਚੰਗੀ ਨੌਕਰੀ ਅਤੇ ਉਚ ਸਿੱਖਿਆ ਦੇ ਮੌਕੇ ਪ੍ਰਦਾਨ ਕਰਵਾਂਗੇ ਅਤੇ ਖੁੱਦ ਦਾ ਵਪਾਰ ਕਰਨ ਲਈ ਸਰਕਾਰੀ ਮਦਦ ਦਿੱਤੀ ਜਾਵੇਗੀ। ਸਾਡਾ ਉਦੇਸ਼ ਬੇਰੁਜ਼ਗਾਰਾਂ ਨੂੰ ਸਿਰਫ਼ ਰੋਜ਼ਗਾਰ ਦੇਣਾ ਹੀ ਨਹੀਂ, ਉਨਾਂ ਨੂੰ ਰੋਜ਼ਗਾਰ ਦਾਤਾ ਬਣਾਇਆ ਜਾਵੇਗਾ ਹੈ। ਅਸੀਂ ਮਜ਼ਬੂਰ ਹੋ ਕੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਦੇ ਪਲਾਇਨ ਨੂੰ ਵੀ ਰੋਕਾਂਗੇ ਅਤੇ ਉਨਾਂ ਨੂੰ ਪੰਜਾਬ ਵਿੱਚ ਹੀ ਭਰਪੂਰ ਮੌਕੇ ਅਤੇ ਸਾਧਨ ਪ੍ਰਦਾਨ ਕਰਾਵਾਂਗੇ। ਮਾਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਨੂੰ ਕੇਵਲ ਇੱਕ ਮੌਕਾ ਦਿੱਤਾ ਜਾਵੇ। ਸਾਰੇ ਮਿਲ ਕੇ ਪੰਜਾਬ ਨੂੰ ਬਦਲਾਂਗੇ ਅਤੇ ਇਸ ਨੂੰ ਫਿਰ ਤੋਂ ਦੇਸ਼ ਦਾ ਨੰਬਰ ਇੱਕ ਰਾਜ ਬਣਾਵਾਂਗੇ।

ਵਿੱਤ ਮੰਤਰੀ ਨੇ ਲਾਈਨੋਂ ਪਾਰ ਇਲਾਕੇ ਵਿੱਚ ਭਖਾਈ ਚੋਣ ਮੁਹਿੰਮ

0

ਮਨ ਨੂੰ ਮਿਲਦੀ ਹੈ ਖੁਸ਼ੀ ਜਦੋਂ ਇਲਾਕਾ ਨਿਵਾਸੀ ਕਹਿੰਦੇ ਹਨ ਤੁਸੀਂ ਸਾਡੇ ਇਲਾਕੇ ਦੇ ਸਰਕਾਰੀ ਸਕੂਲ ਦੀ ਕਾਇਆਕਲਪ ਕੀਤੀ
ਮਾਲ ਰੋਡ ਤੇ ਸਥਿਤ ਲੜਕੀਆਂ ਦਾ ਸਕੂਲ 20 ਕਰੋੜ ਦੀ ਲਾਗਤ ਨਾਲ ਬਣੇ ਰਿਹਾ ਪੰਜਾਬ ਦਾ ਸਭ ਤੋਂ ਸੁੰਦਰ ਅਤੇ ਮਹਿੰਗਾ ਸਰਕਾਰੀ ਸਕੂਲ
ਸੁਖਜਿੰਦਰ ਮਾਨ
ਬਠਿੰਡਾ, 8 ਫ਼ਰਵਰੀ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਚੋਣ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਅੱਜ ਲਾਈਨੋਂ ਪਾਰ ਇਲਾਕੇ ਵਿੱਚ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਅਤੇ ਮੁਹਿੰਮ ਨੂੰ ਭਖਵਾਂ ਰੂਪ ਦਿੰਦੇ ਹੋਏ ਇਲਾਕਾ ਨਿਵਾਸੀਆਂ ਤੋਂ ਪਿਛਲੇ ਪੰਜ ਸਾਲਾਂ ਵਿੱਚ ਕਰਵਾਏ ਵਿਕਾਸ ਦੇ ਨਾਂ ਤੇ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਬਣਾਉਣ ਲਈ ਵੋਟ ਦੀ ਮੰਗ ਕੀਤੀ । ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਲੋਕਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇੱਕਠ ਤੋਂ ਗਦਗਦ ਹੋਏ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮਨ ਨੂੰ ਖੁਸ਼ੀ ਹੁੰਦੀ ਹੈ ਜਦੋਂ ਲਾਈਨੋ ਪਾਰ ਇਲਾਕੇ ਪਰਸ ਰਾਮ ਨਗਰ ਦੇ ਲੋਕ ਇਹ ਗੱਲ ਕਹਿੰਦੇ ਹਨ ਕਿ ਬਰਸਾਤੀ ਪਾਣੀ ਦੇ ਨਿਕਾਸ ਦੀ ਪਿਛਲੇ ਚਾਲੀ ਸਾਲ ਪੁਰਾਣੀ ਸਮੱਸਿਆ ਦਾ ਤੁਸੀਂ ਹੱਲ ਕੀਤਾ ਹੈ, ਜਿਸ ਨਾਲ ਇਸ ਇਲਾਕੇ ਨੂੰ ਫ਼ਾਇਦਾ ਮਿਲਿਆ ਹੈ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਵੀ ਹੱਲ ਹੋਇਆ ਹੈ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਰ ਸਮੱਸਿਆ ਦਾ ਹੱਲ ਕਰਨ ਦੇ ਯਤਨ ਕੀਤੇ ਗਏ ਹਨ ਤੇ ਇਲਾਕੇ ਨੂੰ ਵਿਕਾਸ ਦੀ ਰਾਹ ਤੇ ਤੋਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰਨ ਲਈ ਵੱਡੇ ਯਤਨ ਕੀਤੇ ਗਏ ਤੇ 15 ਸਕੂਲਾਂ ਨੂੰ ਕਰੋੜਾਂ ਰੁਪਏ ਦੀ ਲਾਗਤ ਨਾਲ ਸੁੰਦਰ ਬਣਾਇਆ ਗਿਆ ਜਿਸ ਨਾਲ ਸਿੱਖਿਆ ਖੇਤਰ ਵਿੱਚ ਬਠਿੰਡਾ ਮੋਹਰੀ ਬਣ ਕੇ ਉੱਭਰੇਗਾ ਅਤੇ ਸਰਕਾਰੀ ਸਕੂਲਾਂ ਦੇ ਬੱਚਿਆ ਨੂੰ ਵੀ ਪ੍ਰਾਇਵੇਟ ਸਕੂਲਾ ਵਰਗੀਆਂ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਮਾਲ ਰੋਡ ਤੇ ਸਥਿਤ ਲੜਕੀਆਂ ਦਾ ਸਕੂਲ ਪੰਜਾਬ ਦਾ ਸਭ ਤੋਂ ਸੁੰਦਰ ਸਕੂਲ ਬਣੇਗਾ ਜਿਸ ਤੇ ਕਰੀਬ 20 ਕਰੋੜ ਦੀ ਲਾਗਤ ਆਏਗੀ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਵਿਕਾਸ ਕਰਨਾ ਹੈ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਹਰ ਸਹੂਲਤ ਮੁਹੱਈਆ ਹੋ ਸਕੇ। ਉਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਬਣਾਉਣ ਲਈ ਵੋਟ ਦੀ ਮੰਗ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਇਲਾਕੇ ਨੂੰ ਹੋਰ ਵਿਕਾਸ ਦੀ ਰਾਹ ਤੇ ਤੋਰਨ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ, ਕੌਂਸਲਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ ।

ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਨਾਲ ਹੋਵੇਗੀ ਵਿਕਾਸ ਦੀ ਲਹਿਰ ਸ਼ੁਰੂ :ਇੰਜ. ਰੁਪਿੰਦਰਜੀਤ ਸਿੰਘ

0

ਸੁਖਜਿੰਦਰ ਮਾਨ
ਬਠਿੰਡਾ, 8 ਫ਼ਰਵਰੀ: ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਭਾਜਪਾ ਦੇ ਉਮੀਦਵਾਰ ਇੰਜਨੀਅਰ ਰੁਪਿੰਦਰਜੀਤ ਸਿੰਘ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦਿਆਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਵਿਕਾਸ ਦੀ ਲਹਿਰ ਸ਼ੁਰੂ ਕਰਨ ਲਈ ਭਾਜਪਾ ਦੀ ਸਰਕਾਰ ਸਮੇਂ ਦੀ ਲੋੜ ਹੈ ਕਿਉਂਕਿ ਕੇਂਦਰ ਵਿੱਚ ਮੋਦੀ ਦੀ ਸਰਕਾਰ ਹੋਣ ਕਰਕੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨੇ ਕੇਂਦਰ ਸਰਕਾਰ ਦੀਆਂ ਦਿੱਤੀਆਂ ਸਹੂਲਤਾਂ ਅਤੇ ਸਕੀਮਾਂ ਨੂੰ ਲੋੜਵੰਦ ਪਰਿਵਾਰਾਂ ਤਕ ਨਹੀਂ ਪਹੁੰਚਾਇਆ ਗਿਆ। ਉਨ੍ਹਾਂ ਭਾਜਪਾ ਦੇ ਕਮਲ ਦੇ ਫੁੱਲ ਲਈ ਵੋਟ ਦੀ ਮੰਗ ਕਰਦਿਆਂ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ, ਕਿਸਾਨ ਮਜ਼ਦੂਰਾਂ ਲਈ ਤਰੱਕੀ ਦੇ ਉਪਰਾਲੇ , ਮੁਲਾਜ਼ਮਾਂ ਨੂੰ ਬਣਦੇ ਹੱਕ ਅਤੇ ਵਪਾਰੀਆਂ ਨੂੰ ਟੈਕਸਾਂ ਤੋਂ ਵੱਡੀ ਰਾਹਤ ਦਿਵਾਉਣ ਦੇ ਯਤਨ ਹੋਣਗੇ ਤਾਂ ਜੋ ਵਿਕਾਸ ਕੰਮ ਸ਼ੁਰੂ ਹੋ ਸਕਣ ਅਤੇ ਹਰ ਵਰਗ ਨੂੰ ਰਾਹਤ ਮਿਲ ਸਕੇ । ਇਸ ਮੌਕੇ ਕਈ ਵਰਕਰ ਸ਼ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਉਮੀਦਵਾਰ ਇੰਜ ਰੁਪਿੰਦਰਜੀਤ ਸਿੰਘ ਨੇ ਪਾਰਟੀ ਦਾ ਝੰਡਾ ਗਲ ਵਿੱਚ ਪਾ ਕੇ ਜੀ ਆਇਆਂ ਕਿਹਾ।

ਸਿੰਗਲਾ ਪਰਿਵਾਰ ਦੀ ਸੋਚ ਸ਼ਹਿਰ ਦਾ ਵਿਕਾਸ: ਦੀਨਵ ਸਿੰਗਲਾ

0

ਸੁਖਜਿੰਦਰ ਮਾਨ
ਬਠਿੰਡਾ, 8 ਫ਼ਰਵਰੀ: ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਚੋਣ ਮੁਹਿੰਮ ਨੂੰ ਭਖਾਉਂਦਿਆਂ ਉਨ੍ਹਾਂ ਦੇ “ਪੁੱਤਰ“ ਤੇ ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਦੀਨਵ ਸਿੰਗਲਾ ਵੱਲੋਂ ਵੱਖ ਵੱਖ ਵਾਰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਦੀਨਵ ਸਿੰਗਲਾ ਨੇ ਕਿਹਾ ਕਿ ਸਿੰਗਲਾ ਪਰਿਵਾਰ ਦੀ ਸੋਚ ਸ਼ਹਿਰ ਦਾ ਵਿਕਾਸ ਹੈ, ਜਦੋਂ ਕਿ ਪੰਜ ਸਾਲ ਪਹਿਲਾਂ ਬਠਿੰਡਾ ਵਿੱਚ ਆਏ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਦੀ ਟੀਮ ਦੀ ਸੋਚ ਗੁੰਡਾ ਰਾਜ ਹੈ ,ਜਿਸ ਕਰਕੇ ਅੱਜ ਦਹਿਸਤ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਅਮਨ ਸ਼ਾਂਤੀ ਭਾਈਚਾਰਕ ਸਾਂਝ ਮਜਬੂਤ ਬਣਾਉਣ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਪਹਿਲ ਦਿੰਦੇ ਹੋਏ ਸ਼ਹਿਰ ਦੇ ਵਿਕਾਸ ਲਈ ਸਰੂਪ ਚੰਦ ਸਿੰਗਲਾ ਦੀ ਜਿੱਤ ਵਿੱਚ ਸਹਿਯੋਗ ਕਰਨ ਤਾਂ ਜੋ ਇਸ ਇਲਾਕੇ ਨੂੰ ਪੰਜਾਬ ਦਾ ਸਭ ਤੋਂ ਵਿਕਸਤ ਇਲਾਕਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਬਸਪਾ ਸਰਕਾਰ ਦੀ ਤਾਂ ਜੋ ਨੌਜਵਾਨਾਂ ਨੂੰ ਹੱਕ ਮਿਲ ਸਕਣ। ਇਸ ਮੌਕੇ ਉਨ੍ਹਾਂ ਦੇ ਨਾਲ ਯੂਥ ਅਕਾਲੀ ਦਲ ਦੇ ਆਗੂ ਵੀ ਹਾਜ਼ਰ ਸਨ।

ਆਮ ਉਮੀਦਵਾਰ ਅਮਿਤ ਰਤਨ ਕੋਟਫੱਤਾ ਨੇ ਸੰਗਤ ਬਲਾਕ ਦੇ ਪਿੰਡਾਂ ਦਾ ਕੀਤਾ ਦੌਰਾ

0

ਰਵਾਇਤੀ ਪਾਰਟੀਆਂ ਤੋਂ ਅੱਕੇ ਪੰਜਾਬ ਦੇ ਲੋਕ ਲਿਆਉਣਗੇ ਸਿਆਸੀ ਬਦਲਾਅ – ਅਮਿਤ ਰਤਨ
ਸੁਖਜਿੰਦਰ ਮਾਨ
ਬਠਿੰਡਾ, 08 ਫਰਵਰੀ: ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ ਉਮੀਦਵਾਰਾਂ ਵੱਲੋਂ ਆਪਣੇ ਚੋਣ ਪ੍ਰਚਾਰ ਚ ਤੇਜ਼ੀ ਲਿਆਂਦੀ ਜਾ ਰਹੀ ਹੈ ਇਸੇ ਤਰਾਂ ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਹਲਕੇ ਤੋਂ ਉਮੀਦਵਾਰ ਇੰਜ. ਅਮਿਤ ਰਤਨ ਕੋਟਫੱਤਾ ਵਲੋਂ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਨ ਦੇ ਮਕਸਦ ਨਾਲ ਨੂੰ ਸੰਗਤ ਬਲਾਕ ਦੇ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਗਿਆ ਇਹ ਦੌਰਾ ਘੁੱਦਾ ਪਿੰਡ ਤੋਂ ਸ਼ੁਰੂ ਹੋ ਕੇ ਸੰਗਤ ਮੰਡੀ ਅਤੇ ਇਸ ਦੇ ਆਸ ਪਾਸ ਦੇ ਵੱਖ ਵੱਖ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਸ਼ਾਮ ਨੂੰ ਪਥਰਾਲਾ ਜਾ ਕੇ ਸਮਾਪਤ ਹੋਇਆ। ਇਸ ਦੌਰਾਨ ਰਤਨ ਦੇ ਬੱਚੇ ਅਤੇ ਪਰਿਵਾਰ ਵੀ ਉਹਨਾਂ ਦੇ ਨਾਲ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਿਤ ਰਤਨ ਕੋਟਫੱਤਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਰਵਾਇਤੀ ਪਾਰਟੀਆਂ ਤੋਂ ਅੱਕ ਕੇ ਸਿਆਸੀ ਬਦਲਾਅ ਲਿਆਉਣ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਪਸਟ ਬਹੁਮਤ ਨਾਲ ਸਰਕਾਰ ਬਣਾਏਗੀ ਤੇ ਬਠਿੰਡਾ ਦਿਹਾਤੀ ਸੀਟ ਵੀ ਵੱਡੀ ਲੀਡ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਵੇਗੀ ।

ਖ਼ਜ਼ਾਨਾ ਮੰਤਰੀ ਦੀ ਮਾੜੀ ਸੋਚ ਨੇ ਬਰਬਾਦ ਕੀਤਾ ਪੰਜਾਬ, ਕਿਸੇ ਵਰਗ ਨੂੰ ਨਹੀਂ ਮਿਲੀ ਰਾਹਤ : ਸਰੂਪ ਸਿੰਗਲਾ

0

ਅਕਾਲੀ ਬਸਪਾ ਸਰਕਾਰ ਦਾ ਮਕਸਦ ਨਸ਼ੇ ਤੇ ਗੁੰਡਾ ਰਾਜ ਨੂੰ ਨੱਥ ਪਾਉਣੀ
ਸੁਖਜਿੰਦਰ ਮਾਨ
ਬਠਿੰਡਾ, 8 ਫ਼ਰਵਰੀ: ਬਠਿੰਡਾ ਸ਼ਹਿਰ ਤੋਂ ਅਕਾਲੀ-ਬਸਪਾ ਉਮੀਦਵਾਰ ਤੇੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਦੋਸ਼ ਲਾਏ ਕਿ ਖ਼ਜ਼ਾਨਾ ਮੰਤਰੀ ਦੀ ਮਾੜੀ ਸੋਚ ਨੇ ਸੂਬਾ ਬਰਬਾਦ ਕਰਕੇ ਰੱਖ ਦਿੱਤਾ ਅਤੇ ਕਿਸੇ ਵਰਗ ਨੂੰ ਕੋਈ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆਈ, ਮੁਲਾਜਮਾਂ ਨੂੰ ਹੱਕ ਦੇਣ ਦੀ ਬਜਾਏ ਕੁੱਟਿਆ ਜਾ ਰਿਹਾ ਹੈ ,ਬੇਰੁਜਗਾਰ ਸੜਕਾਂ ਤੇ ਘੁੰਮ ਰਹੇ ਹਨ, ਨਸ਼ਿਆਂ ਅਤੇ ਗੁੰਡਾ ਰਾਜ ਦਾ ਬੋਲਬਾਲਾ ਵਧ ਰਿਹਾ ਹੈ । ਉਨ੍ਹਾਂ ਅਕਾਲੀ ਬਸਪਾ ਗੱਠਜੋੜ ਲਈ ਵੋਟ ਦੀ ਮੰਗ ਕਰਦਿਆਂ ਐਲਾਨ ਕੀਤਾ ਕਿ ਅਕਾਲੀ ਬਸਪਾ ਸਰਕਾਰ ਬਣਨ ਤੇ ਨਸ਼ਿਆਂ ਅਤੇ ਗੁੰਡਾ ਰਾਜ ਨੂੰ ਖਤਮ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਉਨ੍ਹਾਂ ਜੀ ਤੋੜ ਮਿਹਨਤ ਕੀਤੀ ਅਤੇ ਵਿਧਾਨ ਸਭਾ ਚੋਣਾਂ ਵਿੱਚ ਜਿੱਤਣ ਤੋਂ ਬਾਅਦ ਉਸ ਵਿਕਾਸ ਲਹਿਰ ਨੂੰ ਹੋਰ ਤਰਜੀਹ ਦਿੱਤੀ ਜਾਵੇਗੀ। ਤੱਕੜੀ ਚ ਤੁਲਦਾ ਹੋਇਆ ਨਜਰ ਆ ਰਿਹਾ ਹੈ। ਅੱਜ ਦਰਜਨਾਂ ਪਰਿਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ, ਜਿਨ੍ਹਾਂ ਨੂੰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਪਾਰਟੀ ਦਾ ਝੰਡਾ ਗਲ ਵਿੱਚ ਪਾ ਕੇ ਜੀ ਆਇਆਂ ਕਿਹਾ ਤੇ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ ।ਇਸ ਮੌਕੇ ਵੱਖ ਵੱਖ ਵਾਰਡਾਂ ਵਿੱਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋੲਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ, ਕੌਂਸਲਰ ਅਤੇ ਵਰਕਰ ਹਾਜਰ ਸਨ ।

ਭਾਜਪਾ ਉਮੀਦਵਾਰ ਰਾਜ ਨੰਬਰਦਾਰ ਨੂੰ ਮਿਲਿਆ ਵੱਡਾ ਸਮਰਥਨ

0

ਕਈ ਪਾਰਟੀਆਂ ਦੇ ਆਗੂ ਤੇ ਵਰਕਰ ਭਾਜਪਾ ’ਚ ਹੋਏ ਸ਼ਾਮਲ
ਸੁਖਜਿੰਦਰ ਮਾਨ
ਬਠਿੰਡਾ, 8 ਫ਼ਰਵਰੀ: ਬਠਿੰਡਾ ਸ਼ਹਿਰੀ ਹਲਕੇ ਤੋਂ ਭਾਜਪਾ ਗਠਜੋੜ ਦੇ ਉਮੀਦਵਾਰ ਰਾਜ ਨੰਬਰਦਾਰ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਹੁਲਾਰਾ ਮਿਲਿਆ ਜਦ ਚਿਤੌੜਗੜ ਹਲਕੇ ਤੋਂ ਭਾਜਪਾ ਐਮ.ਪੀ ਸੀਪੀ ਜੋਸ਼ੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਦੂਜੀਆਂ ਪਾਰਟੀਆਂ ਦੇ ਆਗੂ ਤੇ ਵਰਕਰ ਸ਼ਾਮਲ ਹੋ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮ.ਪੀ ਸ਼੍ਰੀ ਜੋਸ਼ੀ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਵਿਚ ਭਾਜਪਾ ਪ੍ਰਤੀ ਰੁਝਾਨ ਦਿਨ-ਬ-ਦਿਨ ਵਧ ਰਿਹਾ ਹੈ, ਜਿਸਦੇ ਚੱਲਦੇ ਆਮ ਲੋਕ ਤੇ ਦੂਜੀਆਂ ਪਾਰਟੀਆਂ ਦੇ ਵਰਕਰ ਇੱਧਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀ ਬਿੱਲਾਂ ਨੂੰ ਵਾਪਸ ਲੈਣ ਤੋਂ ਬਾਅਦ ਕਿਸਾਨਾਂ ਦਾ ਵਿਰੋਧ ਵੀ ਨਹੀਂ ਹੋ ਰਿਹਾ ਤੇ ਕੇਂਦਰ ਸਰਕਾਰ ਵਲੋਂ ਦਿੱਤੀਆਂ ਵੱਡੀਆਂ ਸਹੂਲਤਾਂ ਦਾ ਆਮ ਲੋਕਾਂ ਨੂੰ ਮਿਲ ਰਿਹਾ ਹੈ। ਉਨ੍ਹਾਂ ਡੇਰਾ ਸਿਰਸਾ ਦੇ ਮੁਖੀ ਨੂੰ ਮਿਲੀ ਪੈਰੋਲ ’ਤੇ ਕੋਈ ਟਿੱਪਣੀ ਕਰਨ ਤੋਂ ਇੰਨਕਾਰ ਕਰ ਦਿੱਤਾ। ਇਸ ਦੌਰਾਨ ਰਾਜ ਨੰਬਰਦਾਰ ਨੇ ਕਿਹਾ ਕਿ ਪਾਰਟੀ ਸ਼ਹਿਰ ਵਿਚ ਵੱਡੀ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਤੋਂ ਸੀਨੀਅਰ ਆਗੂ ਬਲਵੀਰ ਸਿੰਘ, ਜਤਿੰਦਰ ਪਾਸਵਾਨ ਤੋਂ ਇਲਾਵਾ ਹੋਰਨਾਂ ਪਾਰਟੀਆਂ ਤੋਂ ਵੀ ਵੱਡੀ ਗਿਣਤੀ ਵਿਚ ਆਗੂ ਤੇ ਵਰਕਰਾਂ ਨੇ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ, ਸੀਨੀ ਆਗੂ ਸੁਨੀਲ ਸਿੰਗਲਾ, ਮੈਡਮ ਵੀਨੂੰ ਗੋਇਲ, ਐਡਵੋਕੇਟ ਬਬੀਤਾ, ਕੋਂਸਲਰ ਵਿਵੇਕ ਗਰਗ ਆਦਿ ਹਾਜ਼ਰ ਸਨ।

ਵਿਤ ਮੰਤਰੀ ਦਾ ਨਜ਼ਦੀਕੀ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਉਪ ਚੇਅਰਮੈਨ ਆਪ ’ਚ ਸ਼ਾਮਲ

0

ਜ਼ਿਲ੍ਹੇ ’ਚ ਸਿਆਸੀ ਚਰਚਾਵਾਂ ਦਾ ਬਜ਼ਾਰ ਗਰਮ
ਸੁਖਜਿੰਦਰ ਮਾਨ
ਬਠਿੰਡਾ, 8 ਫ਼ਰਵਰੀ: ਬਠਿੰਡਾ ਜ਼ਿਲ੍ਹੇ ’ਚ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਬਠਿੰਡਾ ਦਿਹਾਤੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਵਿਚਕਾਰ ਚੱਲ ਰਹੇ ਕਾਟੋ-ਕਲੈਸ਼ ਦੌਰਾਨ ਅੱਜ ਮਨਪ੍ਰੀਤ ਦੇ ਨਜਦੀਕੀ ਮੰਨੇ ਜਾਣ ਵਾਲੇ ਬਠਿੰਡਾ ਦਿਹਾਤੀ ਹਲਕੇ ਦੇ ਸਰਗਰਮ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਮੈਨ ਗੁਰਇਕਬਾਲ ਸਿੰਘ ਚਹਿਲ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਹਾਲਾਂਕਿ ਚਹਿਲ ਨੇ ਦਾਅਵਾ ਕੀਤਾ ਕਿ ਉਹ ਪੰਜਾਬ ਦੀ ਭਲਾਈ ਲਈ ਕਾਂਗਰਸ ਛੱਡ ਆਪ ਵਿਚ ਸ਼ਾਮਲ ਹੋਏ ਹਨ ਪ੍ਰੰਤੂ ਜ਼ਿਲ੍ਹੇ ਵਿਚ ਕਈ ਤਰ੍ਹਾਂ ਦੀਆਂ ਸਿਆਸੀ ਚਰਚਾਵਾਂ ਦਾ ਬਜ਼ਾਰ ਗਰਮ ਹੈ। ਚੱਲ ਰਹੀ ਇੱਕ ਚਰਚਾ ਮੁਤਾਬਕ ਲਾਡੀ ਨੂੰ ਠਿੱਬੀ ਲਗਾਉਣ ਲਈ ਉਕਤ ਆਗੂ ਆਪ ਵਿਚ ਸ਼ਾਮਲ ਹੋਏ ਹਨ ਜਾਂ ਕਰਵਾਏ ਗਏ ਹਨ। ਗੌਰਤਲਬ ਹੈ ਕਿ ਕਾਂਗਰਸ ਛੱਡਣ ਵਾਲੇ ਗੁਰਇਕਬਾਲ ਚਹਿਲ ਪਿਛਲੇ ਲੰਮੇ ਸਮੇਂ ਤੋਂ ਮਨਪ੍ਰੀਤ ਸਿੰਘ ਬਾਦਲ ਦੀ ਤਰਫ਼ੋਂ ਬਠਿੰਡਾ ਦਿਹਾਤੀ ਹਲਕੇ ਤੋਂ ਕਮਾਂਡ ਸੰਭਾਲ ਰਹੇ ਸਨ। ਪ੍ਰੰਤੂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਹਰਵਿੰਦਰ ਸਿੰਘ ਲਾਡੀ ਦੇ ਹੱਕ ਵਿਚ ਡਟਕੇ ਉਸਨੂੰ ਇਸ ਹਲਕੇ ਤੋਂ ਟਿਕਟ ਦਿਵਾਉਣ ਤੋਂ ਬਾਅਦ ਮਨਪ੍ਰੀਤ ਬਾਦਲ ਸਮਰਥਕਾਂ ਨੇ ਬਠਿੰਡਾ ਦਿਹਾਤੀ ਹਲਕਾ ਛੱਡ ਬਠਿੰਡਾ ਸ਼ਹਿਰੀ ਹਲਕੇ ਵਿਚ ਡੇਰੇ ਲਗਾਏ ਹੋਏ ਹਨ। ਜਿਸਦੇ ਚੱਲਦੇ ਪਿਛਲੇ ਦਿਨੀਂ ਹਰਵਿੰਦਰ ਸਿੰਘ ਲਾਡੀ ਨੇ ਸਪੱਸ਼ਟ ਤੌਰ ’ਤੇ ਵਿਤ ਮੰਤਰੀ ਉਪਰ ਗੰਭੀਰ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਸੀ ਕਿ ਉਸਨੂੰ ਹਰਾਉਣ ਲਈ ਸ: ਬਾਦਲ ਦੇ ਸਮਰਥਕ ਬਠਿੰਡਾ ਦਿਹਾਤੀ ਹਲਕੇ ਤੋਂ ਆਪ ਉਮੀਦਵਾਰ ਨਾਲ ਮਿਲ ਗਏ ਹਨ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਲਾਡੀ ਵਿਰੁਧ ਖੁੱਲ ਕੇ ਮੈਦਾਨ ਵਿਚ ਨਿੱਤਰਨ ਲਈ ਹੁਣ ਆਪ ਵਿਚ ਸਮੂਲੀਅਤ ਹੋਣ ਵਾਲੀ ਲੜੀ ਚੱਲਣ ਦੀ ਸੰਭਾਵਨਾ ਹੈ। ਉਧਰ ਸੰਪਰਕ ਕਰਨ ‘ਤੇ ਗੁਰਇਕਬਾਲ ਸਿੰਘ ਚਹਿਲ ਨੇ ਦਾਅਵਾ ਕੀਤਾ ਕਿ ਉਹ ਪੰਜਾਬ ਦੀ ਭਲਾਈ ਲਈ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ ਤੇ ਪਾਰਟੀ ਆਗੂ ਜਿੱਥੇ ਉਨ੍ਹਾਂ ਦੀ ਚੋਣਾਂ ਵਿਚ ਡਿਊਟੀ ਲਗਾਉੂਣਗੇ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।

ਪੋਲਿੰਗ ਬੂਥਾਂ ਦੇ ਪ੍ਰਬੰਧਾਂ ਤੋਂ ਬੀ.ਐਲ.ਓਜ਼ ਦਾ ਕੰਮ ਨਹੀਂ: ਬੀ.ਐਲ.ਓ. ਯੂਨੀਅਨ

0

ਬੀ.ਐਲ.ਓ. ਯੂਨੀਅਨ ਨੇ ਜਿਲ੍ਹਾ ਚੋਣ ਅਫ਼ਸਰ ਨੂੰ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 8 ਫ਼ਰਵਰੀ: ਚੋਣਾਂ ਦੇ ਲਗਾਤਾਰ ਅਤੇ ਨਿਰੰਤਰ ਚੱਲਣ ਵਾਲੇ ਕੰਮ ਲਈ ਵੱਖ ਵੱਖ ਮਹਿਕਮਿਆਂ ਤੋਂ ਨਿਯੁਕਤ ਕੀਤੇ ਬੂਥ ਲੈਵਲ ਅਫਸਰਾਂ ਨੇ ਹੁਣ ਚੋਣ ਅਧਿਕਾਰੀਆਂ ਦੁਆਰਾ ਪੋÇਲੰਗ ਬੂਥਾਂ ਦੇ ਪ੍ਰਬੰਧਾਂ ਦੀ ਜਿੰਮੇਵਾਰੀ ਨਿਭਾਉਣ ਤੋਂ ਸਪੱਸ਼ਟ ਇੰਨਕਾਰ ਕਰ ਦਿੱਤਾ ਹੈ। ਚੋਣ ਡਿਊਟਂੀ ਦੇ ਨਾਲ-ਨਾਲ ਅਪਣੇ ਮਹਿਕਮੇ ਦੀ ਜਿੰਮੇਵਾਰੀ ਸੰਭਾਲ ਰਹੇ ਬੀਐਲਓਜ਼ ਨੇ ਅੱਜ ਇੱਥੇ ਯੂਨੀਅਨ ਦੇ ਝੰਠੇ ਹੇਠ ਜ਼ਿਲ੍ਹਾ ਚੋਣ ਅਧਿਕਾਰੀ ਕੋਲ ਅਪਣਾ ਪੱਖ ਰੱਖਦਿਆਂ ਐਲਾਨ ਕੀਤਾ ਹੈ ਕਿ ਪੋਲਿੰਗ ਬੂਥ ਦੇ ਪ੍ਰਬੰਧ ਦਾ ਕੰਮ ਬੀ.ਐਲ.ਓਜ਼ ਨਹੀਂ ਕਰਨਗੇ। ਇਸ ਸਬੰਧ ਵਿਚ ਅੱਜ ਬੀ.ਐਲ.ਓਜ਼ ਯੂਨੀਅਨ ਦੀ ਸਥਾਨਕ ਅੰਬੇਦਕਰ ਪਾਰਕ ਵਿਖੇ ਮੀਟਿੰਗ ਵੀ ਹੋਈ, ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਗੂ ਗੁਰਵਿੰਦਰ ਸਿੰਘ ਸੰਧੂ, ਭੋਲਾ ਰਾਮ ਤਲਵੰਡੀ, ਹਰਮਿੰਦਰ ਸਿੰਘ ਮਾਨ, ਜਸਵਿੰਦਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਮਹਿਕਮਿਆਂ ਵਿਚੋਂ ਨਿਯੁਕਤ ਕੀਤੇ ਬੀ.ਐਲ.ਓਜ ਜਿੱਥੇ ਆਪਣੇ ਮਹਿਕਮਿਆਂ ਅੰਦਰ ਡਿਊਟੀ ਨਿਭਾਅ ਰਹੇ ਹਨ ਉੱਥੇ ਚੋਣਾਂ ਦੀ ਸੁਧਾਈ ਤੋਂ ਲੈ ਕੇ ਅਨੇਕਾਂ ਤਰਾਂ ਦੇ ਘਰ-ਘਰ ਜਾ ਕੇ ਸਰਵੇ ਜੋ ਚੋਣ ਕਮਿਸ਼ਨ ਵੱਲੋਂ ਸਮੇਂ ਸਮੇਂ ’ਤੇ ਦਿੱੱਤੇ ਜਾਂਦੇ ਕੰਮ ਵੀ ਕੀਤੇ ਜਾਂਦੇ ਹਨ। ਪ੍ਰੰਤੂ ਇਸਦੇ ਬਦਲੇ ਚੋਣ ਕਮਿਸ਼ਨ ਵੱਲੋਂ ਨਿਗੂਣਾ ਮਿਹਨਤਾਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਮਿਸ਼ਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਮੂਹ ਬੀ.ਐਲ.ਓ. ਦਾ ਮਿਹਨਤਾਨਾ ਘੱਟੋ-ਘੱਟ 31000/- ਰੁਪਏ ਕੀਤਾ ਜਾਵੇ, ਵੋਟਾਂ ਦੀ ਸੁਧਾਈ ਤੋਂ ਬਿਨਾਂ ਹੋਰ ਕਿਸੇ ਵੀ ਤਰਾਂ ਦਾ ਕੰਮ ਬੀ.ਐਲ ਓਜ਼ ਤੋਂ ਨਾ ਲਿਆ ਜਾਵੇ, ਛੁੱਟੀ ਵਾਲੇ ਦਿਨਾਂ ਵਿੱੱਚ ਕੀਤੇ ਕੰਮ ਦੇ ਬਦਲੇ ਸਪੈਸ਼ਲ ਛੁੱਟੀ ਦਿੱਤੀ ਜਾਵੇ, ਬੀ.ਐਲ.ਓਜ ਦੀ ਡਿਊਟੀ ਦੌਰਾਨ ਮੌਤ ਹੋਣ ਉਪਰੰਤ 25 ਲੱਖ ਰੁਪਏ ਦਾ ਮੁਆਵਜ਼ਾ ਅਤੇ ਫੱਟੜ ਹੋਣ ਦੀ ਸੂਰਤ ਵਿੱੱਚ ਇਲਾਜ ਦਾ ਸਮੁੱਚਾ ਖਰਚ ਚੋਣ ਕਮਿਸ਼ਨ ਆਪਣੇ ਪੱਲਿਓਂ ਕਰੇ, ਚੋਣਾਂ ਦੇ ਕੰਮ ਲਈ ਸਟੇਸ਼ਨਰੀ, ਲੈਪਟਾਪ, ਪ੍ਰਿੰਟਰ, ਨੈੱਟ ਪੈਕ ਅਤੇ ਰਿਕਾਰਡ ਦੀ ਸਾਂਭ ਸੰਭਾਲ ਲਈ ਲੋਂੜੀਂਦੀ ਸਮੱਗਰੀ ਮੁਹੱਈਆ ਕਰਵਾਈ ਜਾਵੇ, ਪੰਜ ਸਾਲ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੇ ਬੀ.ਐਲ.ਓਜ਼ ਦੀ ਜਗਾ ਰੋਟੇਸ਼ਨ ਵਾਈਜ਼ ਕਿਸੇ ਹੋਰ ਕਰਮਚਾਰੀ ਦੀ ਡਿਊਟੀ ਲਗਾਈ ਜਾਵੇ। ਚੋਣਾਂ ਦੇ ਕੰਮ ਸਮੇਂ ਬੀ.ਐਲ.ਓਜ਼ ਨੂੰ ਓਹਨਾ ਦੇ ਪਿੱਤਰੀ ਵਿਭਾਗ ਦੀ ਡਿਊਟੀ ਤੋਂ ਪੂਰੀ ਤਰਾਂ ਮੁਕਤ ਕੀਤਾ ਜਾਵੇ। ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ ਮੰਗਾਂ ਨਾ ਮੰਨਣ ਦੀ ਸੂਰਤ ਵਿੱੱਚ ਸਮੁੱਚੇ ਬੀ.ਐਲ.ਓਜ਼ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡੀ.ਐਮ.ਐਫ. ਦੇ ਜਿਲ੍ਹਾ ਕਨਵੀਨਰ ਸਿਕੰਦਰ ਧਾਲੀਵਾਲ, ਬਲਰਾਜ ਮੌੜ, ਜਸਪ੍ਰੀਤ ਸਿੰਘ ਸਿੱਧੂ, ਹਰਿੰਦਰ ਸਿੰਘ ਮੱਲਕੇ, ਪ੍ਰਕਾਸ਼ ਸਿੰਘ, ਜਸਵਿੰਦਰ ਸਿੰਘ ਸੰਦੋਹਾ, ਗੁਰਮੁੱਖ ਸਿੰਘ ਨਥਾਣਾ, ਗੁਰਪ੍ਰੀਤ ਸਿੰਘ ਖੇਮੋਆਣਾ, ਜਸਵੀਰ ਪਾਲ ਸ਼ਰਮਾ, ਮਹਿੰਦਰਪਾਲ, ਜਗਦੀਪ ਸਿੰਘ ਕੋਟਫੱਤਾ, ਰਾਮ ਸਿੰਘ, ਅੰਗਰੇਜ ਸਿੰਘ, ਅਮਨਦੀਪ ਸਿੰਘ ਆਦਿ ਵੀ ਹਾਜ਼ਰ ਸਨ।

ਸਕੂਲ ਖੁਲਵਾਉਣ ਲਈ ਕਿਸਾਨ ਜਥੇਬੰਦੀ ਨੇ ਦਿੱਤਾ ਮੰਗ ਪੱਤਰ

0

ਸੁਖਜਿੰਦਰ ਮਾਨ
ਬਠਿੰਡਾ, 8 ਫ਼ਰਵਰੀ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸਕੂਲ ਖੁਲ੍ਹਵਾਉਣ ਅਤੇ ਕੋਵਿਡ ਟੀਕਾਕਰਨ ਨਿਯਮਾਂ ਸਬੰਧੀ ਜ਼ਿਲ੍ਹਾ ਪ੍ਰਸਾਸ਼ਨ ਨੂੰ ਮੰਗ-ਪੱਤਰ ਦਿੱਤਾ ਗਿਆ। ਇਸ ਸਬੰਧੀ ਬੋਲਦਿਆਂ ਬਲਦੇਵ ਸਿੰਘ ਸੰਦੋਹਾ ਅਤੇ ਰੇਸਮ ਸਿੰਘ ਯਾਤਰੀ ਨੇ ਕਿਹਾ ਕਿ ਹੁਣ ਜਦ ਚੋਣ ਰੈਲੀਆਂ ਵਿਚ ਹਜਾਰਾਂ ਦਾ ਇਕੱਠ ਹੋ ਰਿਹਾ ਹੈ, ਬੱਸਾਂ ਵਿਚ ਭੀੜ ਹੈ ਤੇ ਜਨਤਕ ਥਾਵਾਂ ’ਤੇ ਕੋਈ ਰੋਕ ਟੋਕ ਨਹੀਂ ਤਾਂ ਫ਼ਿਰ ਇਕੱਲੇ ਸਕੂਲਾਂ ਨੂੰ ਹੀ ਕਿਉਂ ਬੰਦ ਕੀਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਪਹਿਲੀ ਤੋਂ ਛੇਵੀਂ ਤੱਕ ਦੇ ਸਕੂਲਾਂ ਨੂੰ ਵੀ ਵਿਦਿਆਰਥੀਆਂ ਲਈ ਮੁੜ ਖੋਲਿਆ ਜਾਵੇ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਭਾਵੇਂ 6ਵੀ ਕਲਾਸ ਤੋਂ ਅੱਗੇ ਸਕੂਲ ਖੋਲਣ ਦਾ ਫੈਸਲਾ ਕੀਤਾ ਹੈ ਪਰ ਜਿਹੜੇ ਬੱਚਿਆਂ ਦੇ ਵੈਕਸੀਨ ਨਹੀਂ ਲੱਗੀ ਉਨ੍ਹਾਂ ਨੂੰ ਸਕੂਲ ਵੜਨ ਨਹੀਂ ਦਿੱਤਾ ਜਾਂਦਾ। ਜਦੋਂਕਿ ਸੁਪਰੀਮ ਕੋਰਟ ਵਲੋਂ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਵੈਕਸੀਨ ਲੈਣਾ ਨਾਗਰਿਕ ਦਾ ਆਪਣਾ ਫੈਸਲਾ ਹੈ ਤੇ ਇਸਨੂੰ ਜਬਰੀ ਥੋਪਿਆਂ ਨਹੀਂ ਜਾ ਸਕਦਾ। ਇਸ ਦੌਰਾਨ ਮੋੜ , ਰਾਮਪੁਰਾ ਫੂਲ, ਤਲਵੰਡੀ ਸਾਬੋ ਦੇ ਐਸ.ਡੀ.ਐਮਜ਼ ਨੂੰ ਵੀ ਮੰਗ ਪੱਤਰ ਦਿੱਤੇ ਗਏ। ਇਸ ਮੌਕੇ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ , ਸੂਬਾ ਆਗੂ ਰੇਸਮ ਸਿੰਘ ਯਾਤਰੀ ਤੋਂ ਇਲਾਵਾ ਰਣਜੀਤ ਸਿੰਘ ਜੀਦਾ , ਗੁਰਮੇਲ ਸਿੰਘ ਲਹਿਰਾ, ਕੁਲਵੰਤ ਸਿੰਘ ਨਹਿਆਵਾਲਾ, ਜਗਦੇਵ ਸਿੰਘ ਮਹਿਤਾ, ਮਹਿਮਾ ਸਿੰਘ ਤਲਵੰਡੀ, ਬਿੱਕਰ ਸਿੰਘ ਕਲਿਆਣ ਆਦਿ ਆਗੂ ਸਾਮਲ ਸਨ।

Our Visitor

1896908