ਭਾਜਪਾ ਨੇ 34 ਉਮੀਦਵਾਰਾਂ ਦਾ ਕੀਤਾ ਐਲਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 21 ਜਨਵਰੀ: ਆਗਾਮੀ 20 ਫ਼ਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਭਾਰਤੀ ਜਨਤਾ ਪਾਰਟੀ ਨੇ ਅਪਣੇ 34 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ। ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਨਾਲੋਂ ਅਲੱਗ ਹੋ ਕੇ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜ ਰਹੀ ਭਾਜਪਾ ਵਲੋਂ ਇਸ ਵਾਰ ਕਾਂਗਰਸ ਨਾਲੋਂ ਵੱਖ ਹੋਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਤੇ ਅਕਾਲੀ ਦਲ ਨਾਲੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਦੇ ਸੰਯੁਕਤ ਅਕਾਲੀ ਦਲ ਨਾਲ ਚੋਣ ਸਮਝੌਤਾ ਕੀਤਾ ਗਿਆ ਹੈ। ਇਸ ਲਿਸਟ ਵਿਚ ਜਿੱਥੇ ਪਾਰਟੀ ਦੇ ਸੀਨੀਅਰ ਆਗੂ, ਸਾਬਕਾ ਮੰਤਰੀਆਂ ਤੇ ਵਿਧਾਇਕਾਂ ਨੂੰ ਟਿਕਟ ਦਿੱਤੀ ਗਈ ਹੈ, ਉਥੇ ਕਾਂਗਰਸ, ਅਕਾਲੀ ਦਲ ਛੱਡ ਕੇ ਆਉਣ ਤੋਂ ਇਲਾਵਾ ਕਈ ਸਾਬਕਾ ਪੁਲਿਸ ਤੇ ਸਿਵਲ ਅਧਿਕਾਰੀਆਂ ਨੂੰ ਵੀ ਟਿਕਟਾਂ ਨਾਲ ਨਿਵਾਜ਼ਿਆਂ ਗਿਆ ਹੈ। ਅਕਾਲੀ ਦਲ ਦੇ ਟਕਸਾਲੀ ਆਗੂ ਤੇ ਲਗਾਤਾਰ 25 ਸਾਲ ਤੱਕ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਮਹਰੂਮ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਦੋਹਤਰੇ ਕੰਵਰਵੀਰ ਸਿੰਘ ਟੋਹੜਾ ਨੂੰ ਅਮਲੋਹ ਤੋਂ ਉਮੀਦਵਾਰ ਬਣਾਇਆ ਗਿਆ ਹੈ। ਜਾਰੀ ਸੂਚੀ ਮੁਤਾਬਕ ਸੁਜਾਨਪੁਰ ਤੋਂ ਦਿਨੇਸ਼ ਬੱਬੂ, ਦੀਨਾਨਗਰ ਤੋਂ ਰੇਨੂੰ ਕਸ਼ਿਅਪ, ਹਰਗਿੋਬਿੰਦਪੁਰ ਸਾਹਿਬ ਤੋਂ ਬਲਜਿੰਦਰ ਸਿੰਘ, ਅੰਮਿ੍ਰਤਸਰ ਨਾਰਥ ਤੋਂ ਸੁਖਵਿੰਦਰ ਸਿੰਘ ਪਿੰਟੂ, ਤਰਨਤਾਰਨ ਤੋਂ ਨਵਰੀਤ ਸਿੰਘ ਲਵਲੀ, ਕਪੂਰਥਲਾ ਤੋਂ ਰਣਜੀਤ ਸਿੰਘ ਕਬੱਡੀ ਖਿਡਾਰੀ, ਜਲੰਧਰ ਵੈਸਟ ਤੋਂ ਮਨਿੰਦਰਪਾਲ ਭਗਤ, ਜਲੰਧਰ ਸੈਂਟਰਲ ਤੋਂ ਮਨੋਰੰਜਨ ਕਾਲੀਆ, ਜਲੰਧਰ ਨਾਰਥ ਤੋਂ ਕੇਕੇ ਭੰਡਾਰੀ, ਮੁਕੇਰੀਆਂ ਤੋਂ ਜੰਗੀ ਲਾਲ ਮਹਾਜਨ, ਦਸੂਹਾ ਤੋਂ ਰਘੂਨਾਥ ਰਾਣਾ, ਹੁਸ਼ਿਆਰਪੁਰ ਤੋਂ ਤੀਕਸ਼ਣ ਸੂਦ, ਚੱਬੇਵਾਲ ਤੋਂ ਡਾ. ਦਿਲਬਾਗ ਰਾਏ, ਗੜ੍ਹਸ਼ੰਕਰ ਤੋਂ ਨਮੀਸ਼ਾ ਮਹਿਤਾ, ਬੰਗਾ ਤੋਂ ਮੋਹਨ ਲਾਲ, ਬਲਾਚੌਰ ਤੋਂ ਅਸੋਕ ਬਾਠ, ਫਤਿਹਗੜ੍ਹ ਸਾਹਿਬ ਤੋਂ ਦੀਦਾਰ ਸਿੰਘ ਭੱਟੀ, ਅਮਲੋਹ ਤੋਂ ਕੰਵਰਵੀਰ ਸਿੰਘ ਟੌਹੜਾ, ਲੁਧਿਆਣਾ ਸੈਂਟਰਲ ਤੋਂ ਗੁਰਦੇਵ ਸ਼ਰਮਾ, ਲੁਧਿਆਣਾ ਵੈਸਟ ਤੋਂ ਐਡਵੋਕੇਟ ਬਿਕਰਮ ਸਿੰਘ ਸਿੱਧੂ, ਹਲਕਾ ਗਿੱਲ ਤੋਂ ਸਾਬਕਾ ਆਈਏਐਸ ਅਧਿਕਾਰੀ ਐਸ.ਆਰ. ਲੱਧੜ, ਹਲਕਾ ਖੰਨਾ ਤੋਂ ਗੁਰਪ੍ਰੀਤ ਸਿੰਘ ਭੱਟੀ, ਜਗਰਾਉਂ ਤੋਂ ਕੰਵਰ ਨਰਿੰਦਰ ਸਿੰਘ ਸਾਬਕਾ ਤਹਿਸੀਲਦਾਰ, ਫਿਰੋਜ਼ਪੁਰ ਸ਼ਹਿਰੀ ਤੋਂ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਜਲਾਲਾਬਾਦ ਤੋਂ ਪੂਰਨ ਚੰਦ, ਫਾਜ਼ਿਲਕਾ ਤੋਂ ਸੁਰਜੀਤ ਕੁਮਾਰ ਜਿਆਣੀ, ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ, ਮੁਕਤਸਰ ਸਾਹਿਬ ਰਾਜੇਸ਼ ਪਠੇਲਾ, ਫਰੀਦਕੋਟ ਤੋਂ ਗੌਰਵ ਕੱਕੜ, ਭੁੱੱਚੋ ਮੰਡੀ ਤੋਂ ਰੁਪਿੰਦਰਜੀਤ ਸਿੰਘ, ਤਲਵੰਡੀ ਸਾਬੋ ਤੋਂ ਰਵੀਪ੍ਰੀਤ ਸਿੰਘ ਸਿੱਧੂ, ਸਰਦੂਲਗੜ੍ਹ ਤੋਂ ਜਗਜੀਤ ਸਿੰਘ ਮਿਲਖਾ, ਸੰਗਰੂਰ ਤੋਂ ਅਰਵਿੰਦਰ ਖੰਨਾ, ਡੇਰਾਬੱਸੀ ਤੋਂ ਸੰਜੀਵ ਖੰਨਾ ਸ਼ਾਮਲ ਹਨ।
ਬਾਕਸ
ਸੰਯੁਕਤ ਅਕਾਲੀ ਦਲ ਨੇ ਜਾਰੀ ਕੀਤੀ 12 ਉਮੀਦਵਾਰਾਂ ਦੀ ਲਿਸਟ
ਚੰਡੀਗੜ੍ਹ: ਉਧਰ ਭਾਜਪਾ ਨਾਲ ਮਿਲਕੇ ਚੋਣ ਲੜਣ ਜਾ ਰਹੇ ਸੰਯੁਕਤ ਅਕਾਲੀ ਦਲ ਨੇ ਵੀ ਅੱਜ 12 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ਮੁਤਾਬਕ ਸਾਬਕਾ ਵਿਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਮੁੜ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਮੁਕਾਬਲੇ ਲਹਿਰਾਗਾਗਾ ਤੋਂ ਚੋਣ ਲੜੇਗਾ। ਇਸੇ ਤਰ੍ਹਾਂ ਲੰਮੇ ਸਮੇਂ ਬਾਅਦ ਮੁੜ ਢੀਂਡਸਾ ਪ੍ਰਵਾਰ ਨਾਲ ਜੁੜੇ ਉਘੇ ਅਕਾਲੀ ਆਗੂ ਸੁਨਮੁਖ ਸਿੰਘ ਮੋਖਾ ਨੂੰ ਸੁਨਾਮ ਤੋਂ ਉਮੀਦਵਾਰ ਬਣਾਇਆ ਗਿਆ ਹੈ। ਦਿੜਬਾ ਤੋਂ ਸੋਮਾ ਸਿੰਘ ਘਰਾਚੋਂ, ਸਾਹਨੇਵਾਲ ਤੋਂ ਹਰਪ੍ਰੀਤ ਸਿੰਘ ਗਰਚਾ, ਜੈਤੋ ਤੋਂ ਬੀਬੀ ਪਰਮਜੀਤ ਕੌਰ ਗੁਲਸਨ, ਮਹਿਲ ਕਲਾਂ ਤੋਂ ਸੰਤ ਸੁਖਵਿੰਦਰ ਸਿੰਘ ਟਿੱਬਾ, ਬਾਘਾ ਪੁਰਾਣਾ ਤੋਂ ਜਗਤਾਰ ਸਿੰਘ ਰਾਜੇਆਣਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਦੁਆਬਾ ਖੇਤਰ ਵਿੱਚ ਵਿਧਾਨ ਸਭਾ ਹਲਕਾ ਫਿਲੌਰ ਤੋਂ ਸਰਵਣ ਸਿੰਘ ਫਿਲੌਰ/ ਦਮਨਵੀਰ ਸਿੰਘ ਫਿਲੌਰ, ਉੜਮੁੜ ਟਾਂਡਾ ਤੋਂ ਮਨਜੀਤ ਸਿੰਘ ਦਸੂਹਾ, ਸੁਲਤਾਨਪੁਰ ਲੋਧੀ ਤੋਂ ਜੁਗਰਾਜਪਾਲ ਸਿੰਘ ਸਾਹੀ ਅਤੇ ਮਾਝਾ ਖੇਤਰ ਵਿੱਚ ਹਲਕਾ ਖੇਮਕਰਨ ਤੋਂ ਦਲਜੀਤ ਸਿੰਘ ਗਿੱਲ, ਕਾਦੀਆਂ ਤੋਂ ਮਾਸਟਰ ਜੌਹਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਬਾਕਸ
‘ਆਪ’ ਨੇ 4 ਉਮੀਦਵਾਰਾਂ ਦਾ ਐਲਾਨ ਕਰਕੇ 117 ਉਮੀਦਵਾਰਾਂ ਦੀ ਸੂਚੀ ਕੀਤੀ ਮੁਕੰਮਲ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਲਈ ਅੱਜ ਆਪਣੇ ਬਾਕੀ ਰਹਿੰਦੇ ਚਾਰ ਉਮੀਦਵਾਰਾਂ ਦੀ ਬਾਰਵੀਂ ਸੂਚੀ ਜਾਰੀ ਕੀਤੀ, ਜਿਸ ਨਾਲ ‘ਆਪ’ ਦੇ ਉਮੀਦਵਾਰਾਂ ਦੀ ਗਿਣਤੀ 117 ਹੋ ਗਈ ਹੈ। ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ, ਸੂਬਾ ਪਾਰਟੀ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਦੇ ਦਸਤਖਤਾਂ ਹੇਠ ਜਾਰੀ ਸੂਚੀ ਅਨੁਸਾਰ ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਅਮਿਤਾ ਸਿੰਘ ਮੰਟੋ ਨੂੰ ਉਮੀਦਵਾਰ ਐਲਾਨਿਆ ਗਿਆ ਹੈ, ਜਦੋਂ ਕਿ ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ ਲਾਲਪੁਰਾ, ਹਲਕਾ ਦਾਖਾ ਤੋਂ ਕੇ.ਐਨ.ਐਸ. ਕੰਗ ਅਤੇ ਲਹਿਰਾ ਤੋਂ ਬਰਿੰਦਰ ਕੁਮਾਰ ਗੋਇਲ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।
ਭਾਜਪਾ ਤੇ ਸੰਯੁਕਤ ਅਕਾਲੀ ਦਲ ਵਲੋਂ ਪਹਿਲੀ ਅਤੇ ਆਪ ਵਲੋਂ 12ਵੀਂ ਲਿਸਟ ਜਾਰੀ
ਭਾਜਪਾ ਨੇ ਰਵੀਪ੍ਰੀਤ ਸਿੰਘ ਸਿੱਧੂ ਨੂੰ ਐਲਾਨਿਆਂ ਤਲਵੰਡੀ ਸਾਬੋ ਤੋਂ ਉਮੀਦਵਾਰ।
ਸੁਖਜਿੰਦਰ ਮਾਨ
ਬਠਿੰਡਾ, 21ਜਨਵਰੀ: ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਜਾਰੀ ਕੀਤੀ ਪਹਿਲੀ ਸੂਚੀ ਵਿੱਚ ਤਲਵੰਡੀ ਸਾਬੋ ਤੋਂ ਉੱਘੇ ਸਮਾਜ ਸੇਵੀ ਰਵੀਪ੍ਰੀਤ ਸਿੰਘ ਸਿੱਧੂ ਨੂੰ ਉਮੀਦਵਾਰ ਐਲਾਨੇ ਜਾਣ ਨਾਲ ਭਾਜਪਾ ਦੇ ਸਮਰਥਕਾਂ ਅਤੇ ਕਾਰਜਕਰਤਾਵਾਂ ਵਿੱਚ ਖੁਸ਼ੀ ਜਤਾਈ ਗਈ। ਦੱਸਣਾ ਬਣਦਾ ਹੈ ਕਿ ਭਾਜਪਾ ਵੱਲੋਂ ਉਮੀਦਵਾਰ ਬਣਾਏ ਗਏ ਰਵੀ ਸਿੱਧੂ ਦਾ ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰਨ ਤੋਂ ਇਲਾਵਾ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਇਸ ਮੌਕੇ ਰਵੀਪਰੀਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਸਮੁੱਚੀ ਪਾਰਟੀ ਲੀਡਰਸ਼ਿਪ ਅਤੇ ਵਰਕਰਾਂ ਦੇ ਤਹਿਦਿਲੋਂ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਉੱਪਰ ਵਿਸ਼ਵਾਸ ਕਰਕੇ ਐਡੀ ਵੱਡੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਉਹ ਆਪਣੇ ਤੌਰ ’ਤੇ ਲੋੜਵੰਦਾਂ ਦੀ ਸੇਵਾ ਕਰਦੇ ਆਏ ਹਨ ਅਤੇ ਹੁਣ ਹਲਕੇ ਦੇ ਲੋਕਾਂ ਵੱਲੋਂ ਮਿਲ ਰਹੇ ਭਾਰੀ ਸਮਰਥਨ ਨਾਲ ਉਹ ਭਾਜਪਾ ਨਾਲ ਮਿਲ ਕੇ ਲੋਕਾਂ ਦੀਆਂ ਉਹਨਾਂ ਸਮੱਸਿਆਵਾਂ ਨੂੰ ਵੀ ਦੂਰ ਕਰਨ ਦੇ ਸਿਰਤੋੜ ਯਤਨ ਕਰਨਗੇ ਜਿਹੜੀਆਂ ਨੂੰ ਸਿਰਫ਼ ਸਿਆਸੀ ਸਹਿਯੋਗ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਗੋਪਾਲ ਕਿ੍ਰਸ਼ਨ ਬਾਂਸਲ ਕਾਰਜਕਾਰੀ ਮੰਡਲ ਪ੍ਰਧਾਨ, ਰਾਮ ਰੇਸ਼ਮ ਸ਼ਰਨ ਜਿਲ੍ਹਾ ਪ੍ਰੈੱਸ ਸਕੱਤਰ ਭਾਜਪਾ,ਕਸ਼ਮੀਰ ਸਿੰਘ ਜਿਲ੍ਹਾ ਆਗੂ,ਦੇਵੀਦਿਆਲ ਗੋਇਲ ਮੰਡਲ ਪ੍ਰਧਾਨ,ਲਵਦੀਪ ਬਾਂਸਲ ਪ੍ਰਧਾਨ ਯੁਵਾ ਮੋਰਚਾ ਤਲਵੰਡੀ ਸਾਬੋ, ਰਜਨੀ ਕੌਰ ਪ੍ਰਧਾਨ ਮਹਿਲਾ ਮੋਰਚਾ, ਯਸ਼ਪਾਲ ਡਿੰਪੀ,ਵਿਜੈ ਕੁਮਾਰ ਸਾਈਕਲਾਂ ਵਾਲੇ, ਗੁਰਪ੍ਰੀਤ ਸਿੰਘ ਤਲਵੰਡੀ, ਹਰਿੰਦਰ ਸੇਖੂ ਨਿੱਜੀ ਸਹਾਇਕ, ਸਰਪੰਚ ਸੋਨੀ ਸਿੰਘ ਕੋਟ ਬਖਤੂ,ਕੁਲਵਿੰਦਰ ਸਿੰਘ ਗਾਟਵਾਲੀ, ਗੋਲਡੀ ਮਹੇਸ਼ਵਰੀ, ਰਿਸ਼ੂ ਰਾਮਾਂ ਮੰਡੀ, ਦਵਿੰਦਰ ਸਿੰਘ ਖਾਲਸਾ, ਲਾਡੀ ਜਗਾ ਰਾਮ ਤੀਰਥ, ਠੇਕੇਦਾਰ ਮਨਜੀਤ ਸਿੰਘ ਜਗਾ ਰਾਮ ਤੀਰਥ, ਬਲਵਾਨ ਵਰਮਾ, ਮਨਜੀਤ ਸਿੰਘ ਭਾਗੀਵਾਂਦਰ, ਦੇਬੂ ਕਬਾੜੀਆ, ਜਸਪ੍ਰੀਤ ਸਿੰਘ ਲੇਲੇਵਾਲਾ, ਬਲਕਾਰ ਨਵਾਂ ਪਿੰਡ, ਰਾਜਪਾਲ ਸਿੰਘ ਸਰਨਾ, ਲਖਵੀਰ ਸਿੰਘ ਲੇਲੇਵਾਲਾ,ਅਮਨ ਸਿੰਘ ਤਲਵੰਡੀ, ਸੁੱਖਾ ਸਿੰਘ ਤਲਵੰਡੀ, ਦਵਿੰਦਰ ਜੈਨ, ਸ਼ਿੰਦਰ ਸਿੰਘ ਸਰਾਂ ਪੱਕਾ ਕਲਾਂ, ਮੱਖਣ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ ਮਾਹੀਨੰਗਲ, ਗੁਰਤੇਜ ਸਿੰਘ ਚੱਕੀ ਵਾਲਾ, ਹਰਪਾਲ ਥਾਈਵਾਲਾ, ਗੁਰਮੀਤ ਸਿੰਘ ਭਾਗੀਵਾਂਦਰ ਆਦਿ ਵੀ ਉਨ੍ਹਾਂ ਦੇ ਨਾਲ ਸਨ।
ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਇੰਜ ਰੁਪਿੰਦਰਜੀਤ ਸਿੰਘ ਭਾਜਪਾ ਦੇ ਐਲਾਨੇ ਉਮੀਦਵਾਰ
ਪਾਰਟੀ ਵੱਲੋਂ ਜਿਤਾਏ ਵਿਸ਼ਵਾਸ਼ ਨੂੰ ਜਿੱਤ ਦੇ ਨਾਲ ਪਾਵਾਂਗੇ ਝੋਲੀ : ਰੁਪਿੰਦਰਜੀਤ ਸਿੰਘ
ਸੁਖਜਿੰਦਰ ਮਾਨ
ਬਠਿੰਡਾ, 21ਜਨਵਰੀ: ਭਾਰਤੀ ਜਨਤਾ ਪਾਰਟੀ ਵਲੋਂ ਆਪਣੇ ਹਿੱਸੇ ਆਈਆਂ ਸੀਟਾਂ ਵਿੱਚੋਂ ਜਿਲ੍ਹਾ ਬਠਿੰਡਾ ਦੀਆਂ 2 ਸੀਟਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਇੰਜਨੀਅਰ ਰੁਪਿੰਦਰਜੀਤ ਸਿੰਘ ਨੂੰ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਹੈ । ਇਹ ਐਲਾਨ ਹੁੰਦਿਆਂ ਹੀ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੀ ਭਾਜਪਾ ਲੀਡਰਸ਼ਿਪ ਅਤੇ ਇੰਜਨੀਅਰ ਰੁਪਿੰਦਰਜੀਤ ਸਿੰਘ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇੰਜੀਨੀਅਰ ਰੁਪਿੰਦਰਜੀਤ ਸਿੰਘ ਨੇ ਅਪਣੇ ’ਤੇ ਵਿਸਵਾਸ ਜਤਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ,ਗ੍ਰਹਿ ਮੰਤਰੀ ਅਮਿਤ ਸ਼ਾਹ, ਕੌਮੀ ਪ੍ਰਧਾਨ ਜੇ ਪੀ ਨੱਡਾ ,ਪੰਜਾਬ ਮਾਮਲਿਆਂ ਦੇ ਇੰਚਾਰਜ ਗਜੇਂਦਰ ਸ਼ੇਖਾਵਤ, ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਰਾਜੇਸ਼ ਬਾਘਾ, ਦਿਆਲ ਦਾਸ ਸੋਢੀ, ਜਿਲ੍ਹਾ ਲੀਡਰਸ਼ਿਪ ਅਤੇ ਭਾਜਪਾ ਗਠਬੰਧਨ ਨਾਲ ਸਹਿਯੋਗੀ ਪਾਰਟੀਆਂ ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਵੱਲੋਂ ਜੋ ਜਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਜਿੱਤ ਕੇ ਝੋਲੀ ਪਾਇਆ ਜਾਵੇਗਾ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 20 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਵਿਚ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਨੂੰ ਨਵਾਂ ਪੰਜਾਬ ਬਣਾਉਣ ਦੀ ਸੋਚ ਤੇ ਪਹਿਰਾ ਦੇਣ ਲਈ ਸਹਿਯੋਗ ਕਰਨ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਵੱਖ ਵੱਖ ਵਾਰਡਾਂ ਵਿੱਚ ਭਰਵਾਂ ਸੁਆਗਤ
ਸੁਖਜਿੰਦਰ ਮਾਨ
ਬਠਿੰਡਾ 21 ਜਨਵਰੀ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਚੋਣ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਵੱਖ ਵੱਖ ਵਾਰਡਾਂ ਹਰੀਨਗਰ, ਪੰਚਵਟੀ ਨਗਰ, ਕੋਠੇ ਅਮਰਪੁਰਾ, ਪਰਸਰਾਮ ਨਗਰ, ਪ੍ਰਤਾਪਨਗਰ, ਜਿਊਸ ਕਲੱਬ ਅਤੇ ਵਾਰਡ ਨੰਬਰ 49 ਵਿੱਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ । ਇਸ ਮੌਕੇ ਸ਼ਹਿਰ ਵਾਸੀਆਂ ਵੱਲੋਂ ਵਿੱਤ ਮੰਤਰੀ ਪੰਜਾਬ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਚੋਣਾਂ ਵਿਚ ਹਰ ਤਰ੍ਹਾਂ ਦੇ ਸਹਿਯੋਗ ਦਾ ਵਿਸ਼ਵਾਸ ਦਿਵਾਇਆ। ਇਨ੍ਹਾਂ ਮੀਟਿੰਗਾਂ ਵਿੱਚ ਉਮੜੇ ਲੋਕਾਂ ਦੇ ਇਕੱਠ ਨੇ ਹਰ ਵਰਗ ਦੇ ਸਮਰਥਨ ਤੇ ਮੋਹਰ ਲਾਈ। ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਠਿੰਡਾ ਦੀ ਤਸਵੀਰ ਬਦਲੀ ਹੋਈ ਨਜ਼ਰ ਆ ਰਹੀ ਹੈ, ਜਦੋਂ ਕਿ ਪਿਛਲੀਆਂ ਸਰਕਾਰਾਂ ਨੇ ਸ਼ਹਿਰ ਨੂੰ ਨਜਰਅੰਦਾਜ ਕਰਕੇ ਰੱਖਿਆ; ਉਨ੍ਹਾਂ ਕਿਹਾ ਕਿ ਵਿਰੋਧੀਆਂ ਕੋਲ ਅੱਜ ਉਨ੍ਹਾਂ ਦੇ ਮੁਕਾਬਲੇ ਵੋਟਾਂ ਮੰਗਣ ਲਈ ਕੋਈ ਏਜੰਡਾ ਨਹੀਂ ਕਿਉਂਕਿ ਕਾਂਗਰਸ ਸਰਕਾਰ ਨੇ ਜੋ ਕਿਹਾ ਉਹ ਕਰ ਕੇ ਵਿਖਾਇਆ ਹਰ ਵਰਗ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਦਿੱਤਾ। ਉਨ੍ਹਾਂ ਸ਼ਹਿਰ ਵਾਸੀਆਂ ਤੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਵੋਟ ਦੀ ਮੰਗ ਕਰਦਿਆਂ ਕਿਹਾ ਕਿ ਇਕ ਮੌਕਾ ਹੋਰ ਕਾਂਗਰਸ ਨੂੰ ਦਿੱਤਾ ਜਾਵੇ ਤਾਂ ਜੋ ਇਸ ਵਿਕਾਸ ਲਹਿਰ ਤਹਿਤ ਬਠਿੰਡਾ ਨੂੰ ਦੁਨੀਆਂ ਦੇ ਨਕਸ਼ੇ ਤੇ ਲਿਆਉਣ ਲਈ ਹੋਰ ਕੰਮ ਕੀਤੇ ਜਾਣ । ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ ਅਤੇ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਬਜ਼ਾਰ ’ਚ ਵਪਾਰੀਆਂ ਤੋਂ ਮੰਗਿਆ ਸਮਰਥਨ
ਸੁਖਜਿੰਦਰ ਮਾਨ
ਬਠਿੰਡਾ, 21 ਜਨਵਰੀ: ਆਮ ਆਦਮੀ ਪਾਰਟੀ ਉਮੀਦਵਾਰ ਜਗਰੂਪ ਗਿੱਲ ਵਲੋਂ ਅੱਜ ਬਠਿੰਡਾ ਦੀ ਮੁਖ ਮਾਰਕੀਟ ਧੋਬੀ ਬਜਾਰ ਵਿਖੇ ਵਪਾਰੀਆਂ ਤੋਂ ਸਮਰਥਨ ਦੀ ਮੰਗ ਕੀਤੀ। ਇਸ ਮੌਕੇ ਗਿੱਲ ਦਾ ਸਵਾਗਤ ਕਰਦਿਆਂ ਦੁਕਾਨਦਾਰਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ। ਇਸ ਮੌਕੇ ਆਪ ਦੀ ਬਠਿੰਡਾ ਦੀ ਲੀਡਰਸ਼ਿਪ ਉਹਨਾਂ ਨਾਲ ਮੌਜੂਦ ਸੀ। ਇਸ ਮੌਕੇ ਜਗਰੂਪ ਸਿੰਘ ਗਿੱਲ ਨੇ ਵਪਾਰੀ ਭਾਈਚਾਰੇ ਨੂੰ ਯਕੀਨ ਦਵਾਈਆਂ ਕਿ ਉਹਨਾਂ ਦੀ ਸਰਕਾਰ ਆਉਣ ਤੇ ਹਰ ਵਰਗ ਦੇ ਨਾਲ ਵਪਾਰੀ ਵੀਰਾਂ ਨੂੰ ਬਹੁਤ ਵੱਡੀ ਰਾਹਤ ਦਿਤੀ ਜਾਵੇਗੀ ਜੋ ਉਹ ਸੋਚ ਵੀ ਨਹੀਂ ਸਕਦੇ, ਉਹਨਾਂ ਨੇ ਕਿਹਾ ਕਿ ਪੰਜਾਬ ਚ ਹੁਣ ਤੱਕ ਰਾਜ ਕਰ ਚੁਕੀ ਸਿਆਸੀ ਪਾਰਟੀਆਂ ਨੇ ਵਪਾਰੀਆਂ ਦੀ ਦੋਵੇਂ ਹੱਥਾਂ ਨਾਲ ਲੁੱਟ ਕੀਤੀ ਹੈ ਜਿਸਨੂੰ ਠੱਲ ਪਾਉਣ ਲਈ ਪੰਜਾਬ ਚ ਆਮ ਆਦਮੀ ਦੀ ਸਰਕਾਰ ਲਿਆਉਣੀ ਜਰੂਰੀ ਹੋ ਗਈ ਹੈ, ਇਸ ਮੌਕੇ ਉਹਨਾਂ ਨੇ ਹਰ ਦੁਕਾਨਦਾਰਾਂ ਨਾਲ ਸ਼ੋਪ ਤੋਂ ਸ਼ੋਪ ਜਾ ਕੇ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਨਾਲ ਅਮ੍ਰਤ ਲਾਲ ਅੱਗਰਵਾਲ, ਅਨਿਲ ਠਾਕੁਰ, ਦੀਪਕ ਬੰਸਲ, ਵਿਨੋਦ ਗਰਗ, ਦਵਿੰਦਰ ਸੰਧੂ, ਬਲਜਿੰਦਰ ਪਲਟਾ ਆਦਿ ਹਾਜਰ ਸਨ।
ਮੁਆਵਜ਼ਾ ਰੋਕਣ ’ਤੇ ਕਾਂਗਰਸੀਆਂ ਨੇ ਜਟਾਣੇ ਦੀ ਅਗਵਾਈ ’ਚ ਲਗਾਇਆ ਧਰਨਾ
ਸੁਖਜਿੰਦਰ ਮਾਨ
ਬਠਿੰਡਾ, 21 ਜਨਵਰੀ: ਪਿਛਲੇ ਸਾਲ ਨਰਮੇ ਦੀ ਫ਼ਸਲ ’ਤੇ ਪਈ ਗੁਲਾਬੀ ਸੁੰਡੀ ਕਾਰਨ ਕਿਸਾਨਾਂ ਦੇ ਹੋਏ ਭਾਰੀ ਆਰਥਿਕ ਨੁਕਸਾਨ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਜਾਰੀ ਮੁਆਵਜ਼ੇ ਨੂੰ ਰੋਕਣ ਲਈ ਵਿਰੋਧੀ ਧਿਰਾਂ ’ਤੇ ਚੋਣ ਕਮਿਸ਼ਨ ਕੋਲ ਸਿਕਾਇਤ ਕਰਨ ਦੇ ਦੋਸ਼ ਲਗਾਉਂਦਿਆਂ ਅੱਜ ਕਾਂਗਰਸ ਪਾਰਟੀ ਵਲੋਂ ਖ਼ੁਸਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਐਸ.ਡੀ.ਐਮ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ। ਇਸ ਮੌਕੇ ਜਟਾਣਾ ਨੇ ਸੰਬੋਧਨ ਕਰਦਿਆਂ ਦੋਸ਼ ਲਗਾਇਆ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀਆਂ ਕੋਝੀਆਂ ਹਰਕਤਾਂ ਕਾਰਨ ਸਰਕਾਰ ਵੱਲੋਂ ਆਏ ਕਿਸਾਨਾਂ ਖੇਤ ਮਜਦੂਰਾਂ ਦੇ ਨਰਮੇ ਦੇ ਮੁਆਵਜੇ ਵਿੱਚ ਰੁਕਾਵਟ ਪਾਉਣ ਲਈ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਭੇਜੇ ਗਏ,ਜਿਸ ਦੇ ਕਾਰਨ ਖਾਤਿਆਂ ਵਿੱਚ ਪੈ ਰਹੀ ਰਕਮ ’ਤੇ ਰੋਕ ਲਗਾ ਦਿੱਤੀ ਗਈ। ਜਿਸਦੇ ਚੱਲਦੇ ਉਨ੍ਹਾਂ ਨੂੰ ਅੱਜ ਮਜ਼ਬੂਰਨ ਆਪਣੇ ਸਾਥੀਆਂ ਅਤੇ ਕਿਸਾਨਾਂ ਮਜਦੂਰਾਂ ਸਮੇਤ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਜਿਆਦਾ ਇਕੱਠ ਨਾ ਕਰਕੇ ਐਸ ਡੀ ਐਮ ਦਫਤਰ ਤਲਵੰਡੀ ਸਾਬੋ ਦੇ ਸਾਹਮਣੇ ਧਰਨਾ ਲਗਾਇਆ। ਇਸ ਮੌਕੇ ਸਮੂਹ ਕਾਂਗਰਸ ਵਰਕਰ ਅਤੇ ਕਿਸਾਨਾਂ ਵੱਲੋਂ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਚਾਰ ਦਿਨਾਂ ਤੱਕ ਨਰਮੇ ਦਾ ਮੁਆਵਜਾ ਕਿਸਾਨਾਂ ਦੇ ਖਾਤਿਆਂ ਵਿੱਚ ਨਾ ਪਾਇਆ ਤਾਂ ਫਿਰ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।
ਵਾਤਾਵਰਣ ਨੂੰ ਬਚਾਉਣ ਲਈ ‘ਲੋਕ ਮੁੱਦਾ ਬਣਾਓ ਵੋਟ ਮੁੱਦਾ’: ਸੰਤ ਸੀਚੇਵਾਲ
ਸੁਖਜਿੰਦਰ ਮਾਨ
ਬਠਿੰਡਾ, 21 ਜਨਵਰੀ: ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਵਾਤਾਵਰਣ ਦੀ ਸਾਂਭ ਸੰਭਾਲ ’ਚ ਲੱਗੇ ਸੰਤ ਬਲਵੀਰ ਸਿੰਘ ਸੀਚੇਵਾਲ ਦੀ ਅਗਵਾਈ ’ਚ ਬਣੀ ‘ਪੰਜਾਬ ਵਾਤਾਵਰਣ ਚੇਤਨਾ ਲਹਿਰ’ ਨੇ ਸੂਬੇ ਦੇ ਲੋਕਾਂ ਨੂੰ ਵਾਤਾਵਰਣ ਨੂੰ ਬਚਾਉਣ ਲਈ ‘ਲੋਕ ਮੁੱਦੇ ਨੂੰ ਵੋਟ ਮੁੱਦਾ ’ ਬਣਾਉਣ ਦੀ ਅਪੀਲ ਕੀਤੀ ਹੈ। ਅੱਜ ਸਥਾਨਕ ਪ੍ਰੈਸ ਕਲੱਬ ’ਚ ਚੇਤਨਾ ਲਹਿਰ ਨਾਲ ਜੁੜੀਆਂ ਪੰਜਾਬ ਦੀਆਂ ਅਹਿਮ ਸਖ਼ਸੀਅਤਾਂ ਨਾਲ ਪੁੱਜੇ ਸੰਤ ਸੀਚੇਵਾਲ ਅਤੇ ਭਾਈ ਘਨਈਆ ਕੈਂਸਰ ਰੋਕੋ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜ਼ਾ ਨੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਸਮੂਹ ਸਿਆਸੀ ਪਾਰਟੀਆਂ ਨੂੰ ਅਪਣੇ ਚੋਣ ਮਨੋਰਥ ਪੱਤਰ ’ਚ ਵਾਤਾਵਰਣ ਨਾਲ ਜੁੜੇ ਅੱਠ ਮੁੱਦਿਆਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਉਨਾਂ ਦਾਅਵਾ ਕੀਤਾ ਕਿ ਪੰਜਾਬ ’ਚ ਬੇਰਹਿਮੀ ਨਾਲ ਪਾਣੀ ਦੀ ਹੋ ਰਹੀ ਦੁਰਵਰਤੋਂ ਦੇ ਚੱਲਦਿਆਂ ਹੁਣ ਸੂਬੇ ਦੇ ਲੋਕਾਂ ਕੋਲ ਆਉਣ ਵਾਲੇ ਸਿਰਫ਼ 17 ਸਾਲਾਂ ਦਾ ਪਾਣੀ ਬਚਿਆ ਹੈ, ਜਿਸਤੋਂ ਬਾਅਦ ਪੰਜਾਬ ਰੇਗਿਸਤਾਨ ਵੱਲ ਵਧ ਜਾਵੇਗਾ। ਇਸੇ ਤਰ੍ਹਾਂ ਜੰਗਲਾਂ ਦੀ ਅੰਧਾਧੁੰਦ ਕਟਾਈ ਕਾਰਨ ਹਰਿਆਲੀ ਵੀ ਖ਼ਤਮ ਹੋਣ ਕੰਢੇ ਹੈ। ਜਦੋਂਕਿ ਫੈਕਟਰੀਆਂ ਦੇ ਗੰਦੇ ਪਾਣੀ ਤੇ ਵੱਡੇ ਪੱਧਰ ’ਤੇ ਵਰਤੀਆਂ ਜਾ ਰਹੀਆਂ ਸਪਰੇਹਾਂ, ਰੇਹਾਂ ਕਾਰਨ ਦਰਿਆ ਤੇ ਧਰਤੀ ਹੇਠਲੇ ਜਲ ਸਰੋਤ ਪ੍ਰਦੂਸਿਤ ਹੋ ਚੁੱਕੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਹੋਰਨਾਂ ਸਾਰੀਆਂ ਮੁਢਲੀਆਂ ਲੋੜਾਂ ਨਾਲੋਂ ਗੰਧਲੇ ਹੋ ਚੁੱਕੇ ਵਾਤਾਵਰਣ ਨੂੰ ਬਚਾਉਣਾ ਜਰੂਰੀ ਹੈ, ਕਿਉਂਕਿ ਇਸਦੇ ਨਾਲ ਕੈਂਸਰ ਤੇ ਹੋਰ ਭਿਆਨਕ ਬੀਮਾਰੀਆਂ ਫੈਲ ਰਹੀਆਂ ਹਨ। ਉਨ੍ਹਾਂ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਅਪਣੀ ਵੋਟ ਮੰਗਣ ਆਉਣ ਵਾਲੀਆਂ ਸਿਆਸੀ ਧਿਰਾਂ ਨੂੰ ਵਾਤਾਵਰਣ ਦੇ ਬਚਾਓ ਲਈ ਪ੍ਰੋਗਰਾਮ ਦਸਣ ਲਈ ਮਜਬੂਰ ਕਰਨ। ਇਸ ਮੌਕੇ ਡਾ ਮਨਜੀਤ ਸਿੰਘ ਜੋੜਾ, ਬਘੇਲ ਸਿੰਘ ਤੇ ਗੁਰਵਿੰਦਰ ਆਦਿ ਹਾਜ਼ਰ ਸਨ।
ਨਵੇਂ ਟਾਈਮ ਟੇਬਲ ਰੱਦ ਕਰਨ ਦੇ ਵਿਰੋਧ ’ਚ ਪੀਆਰਟੀਸੀ ਕਾਮਿਆਂ ਨੇ ਘੇਰਿਆਂ ਬੱਸ ਅੱਡਾ
ਸ਼ਹਿਰ ਦੇ ਹਰ ਚੌਕ ’ਚ ਬੱਸਾਂ ਲਗਾ ਕੇ ਕੀਤਾ ਬੰਦ
ਥਾਂ-ਥਾਂ ਜਾਮ ਕਾਰਨ ਰਾਹੀਗੀਰ ਤੇ ਆਮ ਲੋਕ ਹੋਏ ਪ੍ਰੇਸ਼ਾਨ
ਸੁਖਜਿੰਦਰ ਮਾਨ
ਬਠਿੰਡਾ, 21 ਜਨਵਰੀ: ਚੋਣ ਜਾਬਤਾ ਲਾਗੂ ਹੋਣ ਤੋਂ ਕੁੱਝ ਦਿਨ ਪਹਿਲਾਂ ਲਾਗੂ ਕੀਤੇ ਟਾਈਮ ਟੇਬਲ ਨੂੰ ਵਾਪਸ ਲੈਣ ਦੇ ਵਿਰੋਧ ’ਚ ਅੱਜ ਪੀਆਰਟੀਸੀ ਕਾਮਿਆਂ ਵਲੋਂ ਬੱਸ ਅੱਡੇ ਨੂੰ ਘੇਰਣ ਤੋਂ ਇਲਾਵਾ ਸ਼ਹਿਰ ਨੂੰ ਸਾਰੇ ਪ੍ਰਮੁੱਖਾਂ ਲਾਘਿਆਂ ’ਚ ਜਾਮ ਕਰ ਦਿੱਤਾ। ਮਾਨਸਾ, ਤਲਵੰਡੀ ਸਾਬੋ, ਡੱਬਵਾਲੀ, ਬਾਦਲ ਸ਼੍ਰੀ ਮੁਕਤਸਰ ਸਾਹਿਬ, ਗਿੱਦੜਵਹਾ ਅਤੇ ਫ਼ਰੀਦਕੋਟ ਆਦਿ ਖੇਤਰਾਂ ਵਲੋਂ ਆਉਣ ਵਾਲੇ ਟਰੈਫ਼ਿਕ ਫ਼ਸਿਆ ਰਿਹਾ ਤੇ ਥਾਂ ਥਾਂ ਜਾਮ ਕਾਰਨ ਰਾਹਗੀਰਾਂ ਤੇ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪ੍ਰਸ਼ਾਸਨ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਧਰਨਾਕਾਰੀਆਂ ਨੂੰ ਡਿਪਟੀ ਕਮਿਸ਼ਨਰ ਤੇ ਆਰ.ਟੀ.ਏ ਨਾਲ ਮੀਟਿੰਗ ਲਈ ਬੁਲਾਇਆ ਗਿਆ। ਜਿੱਥੇ ਦੋਨਾਂ ਧਿਰਾਂ ’ਚ ਚੱਲੀ ਲੰਮੀ ਗੱਲਬਾਤ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਲਦੀ ਹੀ ਮਸਲੇ ਦੇ ਹੱਲ ਦਾ ਭਰੋਸਾ ਦਿਵਾਇਆ। ਇਸ ਮੌਕੇ ਬੋਲਦਿਆਂ ਪ੍ਰਧਾਨ ਸੰਦੀਪ ਸਿੰਘ ਗਰੇਵਾਲ , ਹਰਜੀਤ ਸਿੰਘ ਬਾਦਲ,ਗੰਡਾ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਮਨਮਰਜੀ ਨਾਲ ਟਾਈਮ ਟੇਬਲ ਬਣਾ ਕੇ ਵੱਡੀਆਂ ਕੰਪਨੀਆਂ ਵਲੋਂ ਪੀਆਰਟੀਸੀ ਤੇ ਪਨਬਸ ਤੋਂ ਇਲਾਵਾ ਛੋਟੇ ਟ੍ਰਾਂਸਪੋਟਰਾਂ ਨੂੰ ਵੀ ਰਗੜ੍ਹਾ ਲਗਾਇਆ ਜਾ ਰਿਹਾ ਸੀ। ਤਕਰੀਬਨ 10/12 ਸਾਲ ਬਾਅਦ ਲੰਘੀ 24 /12/2021 ਨੂੰ ਟਾਈਮ ਟੇਬਲ ਵਿਚ ਸੋਧ ਕਰਕੇ ਹਰ ਇੱਕ ਟਰਾਂਸਪੋਰਟ ਨੂੰ ਬਰਾਬਰ ਟਾਈਮ ਦਿੱਤਾ ਗਿਆ ਸੀ ਪਰ ਹੁਣ ਚੋਣ ਜਾਬਤੇ ਦੌਰਾਨ ਹੀ ਆਰ ਟੀ ਏ ਦਫ਼ਤਰ ਵਲੋਂ 17/1/2022 ਨੂੰ ਇਹ ਟਾਈਮ ਟੇਬਲ ਰੱਦ ਕਰ ਦਿੱਤਾ ਹੈ, ਜਿਸਦੇ ਨਾਲ ਮੁੜ ਵੱਡੇ ਘਰਾਣੇ ਦੀਆਂ ਬੱਸਾਂ ਦੀ ਮਨੋਪਲੀ ਹੋ ਗਈ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਜਲਦੀ ਹੀ ਨਵਾਂ ਟਾਈਮ ਟੇਬਲ ਬਹਾਲ ਨਾ ਕੀਤਾ ਗਿਆ ਤਾਂ ਸਮੂਹ ਜਥੇਬੰਦੀਆਂ ਅੱਗੇ ਤੋ ਸੰਘਰਸ ਨੂੰ ਹੋਰ ਤਿੱਖਾ ਕਰਨਗੀਆਂ। ਇਸ ਮੌਕੇ ਐਕਸ਼ਨ ਕਮੇਟੀ ਪੀ, ਆਰ, ਟੀ, ਸੀ, ਤੇ ਪੰਨ ਬੱਸ ਕੰਟਰੈਕਟ ਵਰਕਜ ਯੂਨੀਅਨ,ਇੰਟਕ,ਏਟਕ, ਐਸ ਸੀ/ਬੀ ਸੀ, ਸੀ ਟੂ,ਕਰਮਚਾਰੀ ਦਲ,ਅਜਾਦ ਇੰਪਲਾਈਜ ਆਦਿ ਦੇ ਆਗੂਆਂ ਹਾਜ਼ਰ ਸਨ। ਆਰਟੀਏ ਬਲਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਕੁੱਝ ਟ੍ਰਾਂਸਪੋਟਰਾਂ ਦੇ ਨਵੇਂ ਟਾਈਮ ਟੇਬਲ ਦੇ ਵਿਰੁਧ ਹਾਈਕੋਰਟ ’ਚ ਜਾਣ ਕਾਰਨ ਇਕੱਲੇ ਬਠਿੰਡਾ ਦਫ਼ਤਰ ਨੇ ਨਹੀਂ, ਬਲਕਿ ਦੂਜੇ ਆਰਟੀਏ ਦਫ਼ਤਰਾਂ ਨੇ ਵੀ ਇੱਕ ਵਾਰ ਨਵੇਂ ਟਾਈਮ ਟੇਬਲ ਵਾਪਸ ਲੈ ਲਏ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਨਵੇਂ ਟਾਈਮ ਟੇਬਲਾਂ ਵਿਚ ਰਹਿ ਗਈਆਂ ਖ਼ਾਮੀਆਂ ਨੂੰ ਦੂਰ ਕਰਕੇ ਇਸਨੂੰ ਲਾਗੂ ਕਰ ਦਿੱਤਾ ਜਾਵੇਗਾ।
ਨਰਮੇ ਦੇ ਖ਼ਰਾਬੇ ਦਾ ਮੁਆਵਜ਼ਾ ਲੈਣ ਲਈ ਕਿਸਾਨਾਂ ਨੇ ਮੁੜ ਘੇਰਿਆਂ ਸਕੱਤਰੇਤ
ਸੁਖਜਿੰਦਰ ਮਾਨ
ਬਠਿੰਡਾ, 21 ਜਨਵਰੀ: ਪਿਛਲੇ ਸਾਲ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫ਼ਸਲ ਦੇ ਹੋਏ ਭਾਰੀ ਨੁਕਸਾਨ ਦੇ ਮੁਆਵਜ਼ੇ ਲਈ ਪੰਜਾਬ ਸਰਕਾਰ ਦੁਆਰਾ ਜਾਰੀ ਰਾਸ਼ੀ ਲੈਣ ਲਈ ਅੱਜ ਮੁੜ ਕਿਸਾਨਾਂ ਨੇ ਮਿੰਨੀ ਸਕੱਤਰੇਤ ਦਾ ਘਿਰਾਓ ਕਰ ਲਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਥਾਣਾ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਪਹਿਲਾਂ ਇਸ ਮੁੱਦੇ ’ਤੇ ਡੀਸੀ ਨਾਲ ਵਫ਼ਦ ਦੇ ਤੌਰ ’ਤੇ ਮਿਲਣ ਦਾ ਫੈਸਲਾ ਲਿਆ ਪ੍ਰੰਤੂ ਅਧਿਕਰੀਆਂ ਦੁਆਰਾ ਗੱਲ ਨਾ ਸੁਣਨ ਦਾ ਦਾਅਵਾ ਕਰਦਿਆਂ ਕਿਸਾਨਾਂ ਨੇ ਸਕੱਤਰੇਤ ਅੱਗੇ ਧਰਨਾ ਲਗਾ ਦਿੱਤਾ। ਜਿਸਤੋਂ ਬਾਅਦ ਕਿਸਾਨ ਆਗੂਆਂ ਦੀ ਏਡੀਸੀ ਨਾਲ ਮੀਟਿੰਗ ਕਰਵਾਈ ਗਈ। ਕਿਸਾਨ ਆਗੂਆਂ ਨੇ ਦਸਿਆ ਕਿ ਮੀਟਿੰਗ ਵਿਚ ਭਰੋਸਾ ਦਿਵਾਇਆ ਗਿਆ ਹੈ ਕਿ ਸੋਮਵਾਰ ਤੱਕ ਹਰੇਕ ਕਿਸਾਨ ਦੇ ਖਾਤੇ ਵਿੱਚ ਪੈਸੇ ਪਾ ਦਿੱਤੇ ਜਾਣਗੇ। ਇਸਤੋਂ ਇਲਾਵਾ ਅੱਜ ਸਾਮ ਤੱਕ ਨਰਮੇ ਦੇ ਮੁਆਵਜ਼ੇ ਦੀਆਂ ਲਿਸਟਾਂ ਵੀ ਪਿੰਡਾਂ ਵਿੱਚ ਲਗਾ ਦਿੱਤੀਆਂ ਜਾਣਗੀਆਂ। ਇਸ ਮੌਕੇ ਕਿਸਾਨ ਆਗੂ ਲਖਵੀਰ ਸਿੰਘ ਅਤੇ ਸਿਮਰਜੀਤ ਸਿੰਘ ਨੇ ਕਿਹਾ ਕਿ ਏਡੀਸੀ ਵੱਲੋਂ ਦਿੱਤੇ ਗਏ ਭਰੋਸੇ ਤੇ ਜੇਕਰ ਖਰੇ ਨਹੀਂ ਉਤਰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤਿੱਖਾ ਸੰਘਰਸ ਕੀਤਾ ਜਾਵੇਗਾ।
ਬਠਿੰਡਾ ’ਚ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਣਗੇ ਉਪ ਮੁੱਖ ਮੰਤਰੀ ਓ.ਪੀ.ਸੋਨੀ
ਕੋਵਿਡ-19 ਦੀਆਂ ਹਦਾਇਤਾਂ ਦੇ ਮੱਦੇਨਜ਼ਰ ਮਨਾਇਆ ਜਾਵੇਗਾ ਗਣਤੰਤਰਤਾ ਦਿਵਸ-ਵਨੀਤ ਕੁਮਾਰ
ਸੁਖਜਿੰਦਰ ਮਾਨ
ਬਠਿੰਡਾ, 21 ਜਨਵਰੀ: ਕਰੋਨਾ ਦੀ ਤੀਸਰੀ ਸੰਭਾਵੀਂ ਲਹਿਰ ਨੂੰ ਧਿਆਨ ’ਚ ਰੱਖਦਿਆਂ ਸਥਾਨਕ ਰਜਿੰਦਰਾ ਕਾਲਜ ਦੇ ਹਾਕੀ ਸਟੇਡੀਅਮ ਵਿਚ ਆਗਾਮੀ ਗਣਤੰਤਰਤਾ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਸੂਬੇ ਦੇ ਉਪ ਮੁੱਖ ਮੰਤਰੀ ਓ.ਪੀ.ਸੋਨੀ ਝੰਡਾ ਲਹਿਰਾਉਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਗਣਤੰਤਰਤਾ ਦਿਵਸ ਸਬੰਧੀ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਅਗਾਊਂ ਤਿਆਰੀਆਂ ਨੂੰ ਲੈ ਕੇ ਕੀਤੀ ਗਈ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ। ਇਸ ਸਬੰਧੀ 24 ਜਨਵਰੀ ਨੂੰ ਫੁੱਲ ਡਰੈੱਸ ਰਿਹਰਸਲ ਕਰਵਾਈ ਜਾਵੇ। ਬਹੁਤ ਹੀ ਸਧਾਰਨ ਢੰਗ ਨਾਲ ਮਨਾਏ ਜਾਣ ਵਾਲੇ ਇਸ ਜ਼ਿਲ੍ਹਾ ਪੱਧਰੀ ਸਮਾਗਮ ਚ ਪੁਲਿਸ ਤੇ ਐਨ.ਸੀ.ਸੀ. ਦੇ ਵਿਦਿਆਰਥੀਆਂ ਵਲੋਂ ਪ੍ਰੇਡ ਕੀਤੀ ਜਾਵੇਗੀ। ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਆਪੋ-ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਤੇ ਜਿੰਮੇਵਾਰੀ ਨਾਲ ਨਿਭਾਈਆਂ ਜਾਣ। ਇਸ ਮੌਕੇ ਜ਼ਿਲਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੋਂਡਲ, ਏਡੀਸੀ ਵਰਿੰਦਰਪਾਲ ਸਿੰਘ ਬਾਜਵਾ, ਆਰ.ਟੀ.ਏ. ਬਲਵਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੇਵਾ ਸਿੰਘ, ਸੈਕਟਰੀ ਰੈਡ ਕਰਾਸ ਦਰਸ਼ਨ ਕੁਮਾਰ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨਾਂ ਦੇ ਨੁਮਾਇੰਦੇ ਹਾਜ਼ਰ ਸਨ।





