Tuesday, May 5, 2026
Home Blog Page 2653

ਬੇਰੁਜ਼ਗਾਰੀ, ਮਹਿੰਗਾਈ, ਮਾਫ਼ੀਆ ਅਤੇ ਭ੍ਰਿਸ਼ਟਾਚਾਰ ਤੋਂ ਮੁਕਤੀ ਹੀ ਅਸਲੀ ਆਜ਼ਾਦੀ- ਭਗਵੰਤ ਮਾਨ

0

-ਕਿਹਾ, ਪੰਜਾਬ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਸੀ, ਭ੍ਰਿਸ਼ਟ ਨੇਤਾਵਾਂ ਨੇ ਕੀਤਾ ਖੋਖਲਾ, ‘ਆਪ’ ਸਰਕਾਰ ਪੰਜਾਬ ਨੂੰ ਫਿਰ ਤੋਂ ਖੁਸ਼ਹਾਲ ਬਣਾਏਗੀ
– ਅਸੀਂ ਮਾਫ਼ੀਆ ਵਿੱਚ ਹਿੱਸਾ ਨਹੀਂ ਲੈਂਦੇ, ਲੋਕਾਂ ਦੇ ਦਰਦ ਵਿੱਚ ਹਿੱਸਾ ਲੈਂਦੇ ਹਾਂ – ਭਗਵੰਤ ਮਾਨ
-ਕਿਹਾ, ‘ਆਪ’ ਕੋਲ ਪੰਜਾਬ ਦਾ ਰੋਡਮੈਪ ਤਿਆਰ, ਕਿਸਾਨਾਂ ਦੀ ਖੁਸ਼ਹਾਲੀ ਲਈ ਪੈਦਾਵਾਰ ਵਧਾਵਾਂਗੇ ਅਤੇ ਲਾਗਤਾਂ ਘਟਾਵਾਂਗੇ, ਉਦਯੋਗ ਵਧਾ ਕੇ ਨੌਜਵਾਨਾਂ ਦਾ ਪਰਵਾਸ ਰੋਕਾਂਗੇ
– ਕਾਂਗਰਸ ਸਰਕਾਰ ਨਹੀਂ ‘ਸਰਕਸ’ ਚਲਾ ਰਹੀ, ਮੈਨੀਫੈਸਟੋ ਕਮੇਟੀ ਦੇ ਮੁਖੀ ਪ੍ਰਤਾਪ ਬਾਜਵਾ, ਪਰ ਐਲਾਨ ਸਿੱਧੂ ਕਿਉਂ ਕਰ ਰਹੇ ਹਨ?
– ਫਰੀਦਕੋਟ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਦੇ ਹੱਕ ਵਿੱਚ ਕੀਤੀ ਜਨ ਸਭਾ
ਸੁਖਜਿੰਦਰ ਮਾਨ
ਫਰੀਦਕੋਟ, 4 ਜਨਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੂੰ ਅਸਲ ਆਜ਼ਾਦੀ ਤਾਂ ਹੀ ਮਿਲ ਸਕਦੀ ਹੈ ਜਦੋਂ ਉਨ੍ਹਾਂ ਨੂੰ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਅਫ਼ਸਰਸ਼ਾਹੀ ਅਤੇ ਮਾਫ਼ੀਆ ਤੋਂ ਮੁਕਤੀ ਮਿਲੇਗੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆਂ 70 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਪੰਜਾਬ ਸਮੇਤ ਸਮੁੱਚੇ ਦੇਸ਼ ਦੇ ਲੋਕਾਂ ਨੂੰ ਅੱਜ ਤੱਕ ਇਸ ਤੋਂ ਛੁਟਕਾਰਾ ਨਹੀਂ ਮਿਲਿਆ। ਮਾਨ ਨੇ ਕਿਹਾ ਕਿ ਪਹਿਲਾਂ ਪੰਜਾਬ ਦੇਸ਼ ਦਾ ਮੋਹਰੀ ਅਤੇ ਖੁਸ਼ਹਾਲ ਸੂਬਾ ਹੁੰਦਾ ਸੀ। ਪਰ ਭ੍ਰਿਸ਼ਟ ਨੇਤਾਵਾਂ ਅਤੇ ਸਰਕਾਰਾਂ ਨੇ ਸੂਬੇ ਨੂੰ ਪੂਰੀ ਤਰਾਂ ਨਾਲ ਖੋਖਲਾ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਭਿ੍ਸ਼ਟਾਚਾਰ ਅਤੇ ਮਾਫ਼ੀਆ ਦਾ ਖਾਤਮਾ ਕਰਕੇ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਬਣਾਵੇਗੀ।
ਮੰਗਲਵਾਰ ਨੂੰ ਭਗਵੰਤ ਮਾਨ ਨੇ ਫਰੀਦਕੋਟ ਤੋਂ ‘ਆਪ’ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ ਅਤੇ ਜਨ ਸਭਾ ਨੂੰ ਸੰਬੋਧਨ ਕੀਤਾ। ਜਨ ਸਭਾ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਅਸੀਂ ਮਾਫੀਆ ਵਿਚ ਸ਼ਾਮਲ ਨਹੀਂ ਹੁੰਦੇ, ਅਸੀਂ ਲੋਕਾਂ ਦੇ ਦੁੱਖ-ਸੁੱਖ ਵਿਚ ਹਿੱਸਾ ਲੈਂਦੇ ਹਾਂ, ਜਨਤਾ ਦਾ ਪੈਸਾ ਜਨਤਾ ‘ਤੇ ਖਰਚ ਕਰਨਾ ਆਮ ਆਦਮੀ ਪਾਰਟੀ ਦੀ ਨੀਤੀ ਹੈ। ‘ਆਪ’ ਸਰਕਾਰ ਜਨਤਾ ਦੇ ਟੈਕਸ ਦੇ ਪੈਸੇ ਨਾਲ ਜਨਤਾ ਨੂੰ ਮੁਫ਼ਤ ਅਤੇ ਉੱਚ ਮਿਆਰੀ ਸਿੱਖਿਆ ਸਮੇਤ ਵਧੀਆ ਮੈਡੀਕਲ, ਮੁਫਤ ਬਿਜਲੀ, ਪਾਣੀ ਅਤੇ ਹੋਰ ਸਹੂਲਤਾਂ ਉਪਲਬਧ ਕਰਵਾਉਂਦੀ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਇਸਦੀ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੀ ਇੱਕੋ ਇੱਕ ਪਾਰਟੀ ਹੈ ਜੋ ਆਪਣੇ ਸਾਰੇ ਵਾਅਦੇ ਪੂਰੇ ਕਰਦੀ ਹੈ। ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਾਸੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਗਏ। ਨਵਜੋਤ ਸਿੱਧੂ ‘ਤੇ ਤੀਖਾ ਹਮਲਾ ਕਰਦੇ ਹੋਏ ਮਾਨ ਨੇ ਕਿਹਾ ਕਿ ਜਦੋਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ ਗਾਰੰਟੀ ਦਿੱਤੀ ਸੀ ਤਾਂ ਸਿੱਧੂ ਕੇਜਰੀਵਾਲ ਨੂੰ ਗਾਲਾਂ ਕੱਢ ਰਹੇ ਸਨ ਅਤੇ ਪੁੱਛ ਰਹੇ ਸਨ ਕਿ ਇੰਨੇ ਪੈਸੇ ਕਿੱਥੋਂ ਆਉਣਗੇ। ਹੁਣ ਕੇਜਰੀਵਾਲ ਦੀ ਨਕਲ ਕਰਕੇ ਉਹ ਖੁਦ ਔਰਤਾਂ ਨੂੰ 2000 ਰੁਪਏ ਮਹੀਨਾਂ ਅਤੇ ਮੁਫ਼ਤ ਐਲਪੀਜੀ ਸਿਲੰਡਰ ਦੇਣ ਸਮੇਤ ਹੋਰ ਕਈ ਵਾਅਦੇ ਕਰ ਰਿਹਾ ਹੈ। ਉਨ੍ਹਾਂ ਸਿੱਧੂ ਤੋਂ ਪੁੱਛਿਆ ਕਿ ਦੱਸੋ ਇੰਨਾ ਪੈਸਾ ਹੁਣ ਕਿੱਥੋਂ ਆਵੇਗਾ? ਕੀ ਉਨ੍ਹਾਂ ਕੋਲ ਹੁਣ ਕੋਈ ਨੋਟ ਛਾਪਣ ਵਾਲੀ ਮਸ਼ੀਨ ਆ ਗਈ ਹੈ?
ਮਾਨ ਨੇ ਕਾਂਗਰਸ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਦਰਅਸਲ ਕਾਂਗਰਸ ਸਰਕਾਰ ਨਹੀਂ, ਇੱਕ ਤਰਾਂ ਦੀ ਸਰਕਸ ਚਲਾ ਰਹੀ ਹੈ। ਕਾਂਗਰਸ ਦੀ ਚੋਣ ਮਨੋਰਥ ਪੱਤਰ ਕਮੇਟੀ ਦੀ ਅਗਵਾਈ ਪ੍ਰਤਾਪ ਸਿੰਘ ਬਾਜਵਾ ਕਰ ਰਹੇ ਹਨ ਪਰ ਐਲਾਨ ਨਵਜੋਤ ਸਿੱਧੂ ਕਰ ਰਹੇ ਹਨ। ਕਾਂਗਰਸੀ ਆਗੂਆਂ ਨੇ ਪਾਰਟੀ ਅਤੇ ਸਰਕਾਰ ਦਾ ਮਜ਼ਾਕ ਬਣਾ ਕੇ ਰਖਿਆ ਹੋਇਆ ਹੈ। ਮਾਨ ਨੇ ਚੰਨੀ ਸਰਕਾਰ ਨੂੰ ਇੱਕ ਬਹੁਤ ਹੀ ਕਮਜ਼ੋਰ ਅਤੇ ਅਸਥਿਰ ਸਰਕਾਰ ਦੱਸਦਿਆਂ ਕਿਹਾ ਕਿ ਇਸ ਕਮਜ਼ੋਰ ਸਰਕਾਰ ਕਾਰਨ ਹੀ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕਮਜ਼ੋਰ ਸਰਕਾਰਾਂ ਕਾਰਨ ਹੀ ਪੰਜਾਬ ਵਿੱਚ ਮਾਫ਼ੀਆ ਰਾਜ ਚੱਲ ਰਿਹਾ ਹੈ। ਅਕਾਲੀ ਦਲ ਬਾਦਲ ‘ਤੇ ਹਮਲਾ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਹੁਣ ਇੱਕ ‘ਖਾਲੀ ਪਾਰਟੀ’ ਬਣ ਕੇ ਰਹਿ ਗਈ ਹੈ, ਪੰਜਾਬ ਦੇ ਲੋਕ ਸੁਖਬੀਰ ਬਾਦਲ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ, ਇਸੇ ਲਈ 94 ਸਾਲ ਦੀ ਉਮਰ ‘ਚ ਵੀ ਪ੍ਰਕਾਸ਼ ਸਿੰਘ ਬਾਦਲ ਸੱਤਾ ਅਤੇ ਪੁੱਤਰ ਮੋਹ ਵਿੱਚ ਵੀਲ੍ਹਚੇਅਰ ‘ਤੇ ਬੈਠ ਕੇ ਪ੍ਰਚਾਰ ਕਰ ਰਹੇ ਹਨ। ਮਾਨ ਨੇ ਚੁਟਕੀ ਲੈਂਦਿਆਂ ਕਿਹਾ ਕਿ 94 ਸਾਲ ਦਾ ਵਿਅਕਤੀ ਜਨਤਾ ਦੀ ਸੇਵਾ ਕਿਵੇਂ ਕਰ ਸਕਦਾ ਹੈ। ਬਾਦਲ ਦੀ ਉਮਰ ਹੁਣ ਸੇਵਾ ਕਰਨ ਦੀ ਨਹੀਂ ਸਗੋਂ ਕਰਵਾਉਣ ਦੀ ਹੈ। ਹੁਣ ਉਹਨਾਂ ਨੂੰ ਕੁਰਸੀ ਦਾ ਮੋਹ ਛੱਡ ਕੇ ਵਾਹਿਗੁਰੂ ਦਾ ਸਿਮਰਨ ਕਰਨ ਅਤੇ ਸ਼ਾਂਤੀ ਨਾਲ ਘਰ ਬੈਠਣਾ ਚਾਹੀਦਾ ਹੈ।ਭਗਵੰਤ ਮਾਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ‘ਆਪ’ ਕੋਲ ਪੰਜਾਬ ਦਾ ਪੂਰਾ ਰੋਡ ਮੈਪ ਤਿਆਰ ਹੈ। ‘ਆਪ’ ਸਰਕਾਰ ਪੰਜਾਬ ਦੀ ਖੇਤੀ ਅਤੇ ਕਾਰੋਬਾਰ ਨੂੰ ਅੱਗੇ ਲੈ ਕੇ ਜਾਵੇਗੀ। ਕਿਸਾਨਾਂ ਦੀ ਖੁਸ਼ਹਾਲੀ ਲਈ ਫਸਲਾਂ ਦੀ ਪੈਦਾਵਾਰ ਵਧਾਵਾਂਗੇ ਅਤੇ ਲਾਗਤਾਂ ਵੀ ਘਟਾਵਾਂਗੇ। ਉਦਯੋਗ ਅਤੇ ਵਪਾਰ ਵਧਾ ਕੇ ਪੰਜਾਬ ਤੋਂ ਪਰਵਾਸ ਕਰਨ ਲਈ ਮਜਬੂਰ ਹੋਏ ਨੌਜਵਾਨਾਂ ਨੂੰ ਪੰਜਾਬ ਵਿੱਚ ਹੀ ਸਾਰੇ ਸਾਧਨ ਅਤੇ ਸਹੂਲਤਾਂ ਉਪਲਬਧ ਕਰਾਵਾਂਗੇ।

ਲੋਕਾਂ ਨੁੰ ਭਰਮਾਉਣ ਦੀ ਥਾਂ ਪੰਜਾਬ ਲਈ ਵਿਆਪਕ ਪੈਕੇਜ ਦਾ ਐਲਾਨ ਕਰਕੇ ਪ੍ਰਧਾਨ ਮੰਤਰੀ ਆਪਣਾ ਦੌਰਾ ਸਾਰਥਿਕ ਬਣਾਉਣ : ਪ੍ਰਕਾਸ਼ ਸਿੰਘ ਬਾਦਲ

0

ਬੇਅਦਬੀ ਦੀ ਸਾਜ਼ਿਸ਼ ਦੀ ਸੁਪਰੀਮ ਕੋਰਟ ਤੋਂ ਜਾਂਚ ਮੰਗੀ ਤੇ ਕਾਂਗਰਸ ਸਰਕਾਰਾਂ ਵੱਲੋਂ ਪੰਜਾਬ ਨਾਲ ਕੀਤੇ ਗਏ ਅਨਿਆਂ ਦਾ ਨਿਆਂ ਮੰਗਿਆ
ਸੁਖਜਿੰਦਰ ਮਾਨ
ਚੰਡੀਗੜ੍ਹ, 4 ਜਨਵਰੀ: ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਆਖਿਆ ਕਿ ਉਹ ਪਹਿਲਾਂ ਹੀ ਤੋਂ ਕਾਫੀ ਦੇਰ ਨਾਲ ਹੋ ਰਹੇ ਪੰਜਾਬ ਦੌਰੇ ਦੌਰਾਨ ਸਿੱਖ ਕੌਮ ਦੇ ਖਿਲਾਫ ਬੇਅਦਬੀ ਦੀਆਂ ਸਾਜ਼ਿਸ਼ਾਂ ਨੂੰ ਬੇਨਕਾਬ ਕਰਨ ਲਈ ਕੁਝ ਠੋਸ ਕਦਮ ਚੁੱਕ ਕੇ ਅਤੇ ਪੰਜਾਬ ਦੇ ਲੋਕਾਂ ਨੁੰ ਦਰਪੇਸ਼ ਸਿਆਸੀ, ਧਾਰਮਿਕ ਤੇ ਆਰਥਿਕ ਮਸਲਿਆਂ ਨੁੰ ਹੱਲ ਕਰ ਕੇ ਸਹੀ ਮਾਹੌਲ ਸਿਰਜਣ।ਸਰਦਾਰ ਬਾਦਲ ਨੇ ਪੰਜ ਪ੍ਰਮੁੱਖ ਮੁੱਦੇ ਦੱਸੇ ਜਿਹਨਾਂ ਲਈ ਪ੍ਰਧਾਨ ਮੰਤਰੀ ਵੱਲੋਂ ਪੈਕੇਜ ਐਲਾਨੇ ਜਾਣ ਨਾਲ ਸ੍ਰੀ ਮੋਦੀ ਦੇ ਪੰਜਾਬ ਦੌਰੇ ਨੂੰ ਭਰੋਸੇਯੋਗਤਾ ਤੇ ਮਾਣ ਮਿਲ ਸਕਦਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਵਜੋਂ ਤੁਹਾਡਾ ਬਹੁਤ ਮਾਣ ਤੇ ਸਤਿਕਾਰ ਤੇ ਮੈਂ ਵਿਅਕਤੀਗਤ ਤੌਰ ’ਤੇ ਤੁਹਾਡਾ ਇਥੇ ਆਉਣ ’ਤੇ ਧੰਨਵਾਦ ਕਰਾਂਗਾ ਜੇਕਰ ਤੁਸੀਂ ਪੰਜਾਬੀਆਂ ਦੀਆਂ ਮੰਗਾਂ ਦੀ ਪੂਰਤੀ ਵਾਸਤੇ ਆਰਥਿਕ, ਸਿਆਸੀ, ਖੇਤੀਬਾੜੀ ਤੇ ਖੇਤਰੀ ਪੈਕੇਜ ਦਾ ਐਲਾਨ ਕਰੋਗੇ।ਸਾਬਕਾ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦਾ ਧਿਆਨ 1984 ਦੇ ਸਿੱਖ ਕਤੇਆਮ ਦੇ ਹਜ਼ਾਰਾਂ ਪੀੜ੍ਹਤ ਸਿੱਖ ਪਰਿਵਾਰਾਂ ਵੱਲ ਦੁਆਇਆ ਜੋ ਇਨਸਾਫ ਦੀ ਉਡੀਕ ਕਰ ਰਹੇ ਹਨ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਦੌਰੇ ਫਿਰ ਸੱਚਮੁੱਚ ਸਵਾਗਤਯੋਗ ਹੋਵੇਗਾ ਤੇ ਸਮੇਂ ਦੀਆਂ ਕਾਂਗਰਸ ਸਰਕਾਰਾਂ ਵੱਲੋਂ ਦਿੱਤੇ ਜ਼ਖ਼ਮਾਂ ’ਤੇ ਮੱਲ੍ਹਮ ਲਾਵੇਗਾ।ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਦੌਰੇ ਮੌਕੇ ਇਹ ਬੇਨਤੀ ਸਿਰਫ ਤਾਂ ਜੋ ਉਹਨਾਂ ਨੁੰ ਦੇਸ਼ ਲਈ ਅਨਾਜ ਪੈਦਾ ਕਰਨ ਵਾਲੇ ਤੇ ਦੇਸ਼ ਦੀ ਭੁਜਾ ਪ੍ਰਤੀ ਉਹਨਾਂ ਦੀਆਂ ਪਵਿੱਤਰ ਜ਼ਿੰਮੇਵਰੀਆਂ ਚੇਤੇ ਕਰਵਾ ਸਕਣ।ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਨੁੰ ਤ੍ਰਾਸਦੀ ਵਾਲੇ ਸੰਕਟ ਵਿਚੋਂ ਕੱਢਣ ਵਾਸਤੇ ਪ੍ਰਮੁੱਖ ਖੇਤੀਬਾੜੀ ਆਰਥਿਕ ਪੈਕੇਜ ਦੀ ਮੰਗ ਵੀ ਕੀਤੀ ਕਿਉਂਕਿ ਖੇਤੀਬਾੜੀ ਦੇ ਇਸ ਸੰਕਟ ਨਾਲ ਉਹ ਕਰਜ਼ਈ ਹੋ ਗਏ ਹਨ।ਸੀਨੀਅਰ ਸਿਆਸਤਦਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ ਹਮੇਸ਼ਾ ਹੀ ਸਵਾਗਤਯੋਗ ਹੈ ਭਾਵੇਂ ਉਹ ਚੋਣਾਂ ਦੇ ਨੇੜੇ ਹੋਣ ਕਾਰਨ ਵਾਜਬ ਨਹੀਂ ਲੱਗਦਾ। ਉਹਨਾ ਕਿਹਾ ਕਿ ਜੇਕਰ ਤੁਸੀਂ ਲੋਕਾਂ ਨੁੰ ਭਰਮਾਉਣ ਦੀ ਥਾਂ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਕੋਲੋਂ ਸਿੱਖ ਕੌਮ ਦੇ ਖਿਲਾਫ ਤਕਲੀਫਦੇਹ ਬੇਅਬਦੀ ਦੀਆਂ ਘਟਨਾਵਾਂ ਦੀ ਜਾਚ ਕਰਵਾਉਣ ਦਾ ਐਲਾਨ ਕਰੋ ਤੇ ਸੁਬੇ ਦੇ ਲੋਕਾਂ ਨੁੰ ਦਰਪੇਸ਼ ਹੋਰ ਮੁਸ਼ਕਿਲਾਂ ਹੱਲ ਕਰੋ।ਸਰਦਾਰ ਬਾਦਲ ਨੇ ਪਧਾਨ ਮੰਤਰੀ ਨੁੰ ਆਖਿਆ ਕਿ ਉਹ ਚੰਡੀਗੜ੍ਹ ਤੇ ਹੋਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਅਤੇ ਰਾਈਪੇਰੀਅਨ ਸਿਧਾਂਤ ਮੁਤਾਬਕ ਦਰਿਆਈ ਪਾਣੀਆਂ ਦਾ ਨਿਬੇੜਾ ਕਰਨ ਸਮੇਤ ਹੋਰ ਪ੍ਰਮੁੱਖ ਮੰਗਾਂ ਦਾ ਪੰਜਾਬੀਆਂ ਦੀ ਆਸ ਮੁਤਾਬਕ ਨਿਬੇੜਾ ਕਰਨ।ਸਰਦਾਰ ਬਾਦਲ ਨੇ ਪ੍ਰਧਾਨ ਮੰਤਰੀ ਦਾ ਘਿਆਨ ਖੇਤੀਬਾੜੀ ਬਾਰੇ ਤਿੰਨ ਕਾਲੇ ਕਾਨੂੰਨਾਂ ਖਿਲਾਫ ਸੰਘਰਸ਼ ਦੌਰਾਨ 800 ਕਿਸਾਨਾਂ ਦੀ ਸ਼ਹਾਦਤ ਹੋਣ ਵੱਲ ਵੀ ਦੁਆਇਆ ਤੇ ਮੰਗ ਕੀਤੀ ਕਿ ਕੇਂਦਰ ਸਰਕਾਰ ਇਹਨਾਂ ਦੇ ਪਰਿਵਾਰਾਂ ਦੀ ਮਦਦ ਕਰ ਕੇ ਇਹਨਾਂ ਦੀ ਸ਼ਨਾਖ਼ਤ ਨੂੰ ਮਾਨਤਾ ਦੇਣ। ਉਹਨਾਂ ਕਿਹਾ ਕਿ ਇਹ ਉਦੋਂ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਸ਼ਹਾਦਤਾਂ ਕੇਂਦਰ ਸਰਕਾਰ ਵੱਲੋਂ ਬਣਾਏ ਕਾਨੁੰਨਾਂ ਦੇ ਵਿਰੋਧ ਵਿਚ ਹੋਈਆਂ ਹਨ ਅਤੇ ਸਰਕਾਰ ਨੇ ਇਹ ਕਾਨੁੰਨ ਰੱਦ ਕਰਨ ਦੀ ਮੰਗ ਵੀ ਪ੍ਰਵਾਨ ਕੀਤੀ ਹੈ।ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬੀ ਪ੍ਰਧਾਨ ਮੰਤਰੀ ਦਾ ਸੱਚਮੁੱਚ ਨਿੱਘਾ ਸਵਾਗਤ ਕਰਨਗੇ ਜੇਕਰ ਇਹਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਾਸਤੇ ਸਹੀ ਇੱਛਾ ਸ਼ਕਤੀ ਵਿਖਾਉਣ।

ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਸਿਟੀ ਸੋਲਰਾਈਜ਼ੇਸ਼ਨ ਪ੍ਰੋਜੈਕਟ ਦੇ ਸਟੇਟਸ ਦਾ ਲਿਆ ਜਾਇਜ਼ਾ

0

ਪੇਡਾ ਦੇ ਸੀ.ਈ.ਓ ਨਵਜੋਤ ਪਾਲ ਸਿੰਘ ਰੰਧਾਵਾ ਨੇ ਸੂਬੇ ਵਿੱਚ ਨਵਿਆਉਣਯੋਗ ਊਰਜਾ ਗਤੀਵਿਧੀਆਂ ਬਾਰੇ ਦਿੱਤੀ ਜਾਣਕਾਰੀ
ਸੁਖਜਿੰਦਰ ਮਾਨ
ਚੰਡੀਗੜ, 4 ਜਨਵਰੀ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਸਿਟੀ ਪ੍ਰੋਜੈਕਟ ਦੇ ਸੋਲਰਾਈਜ਼ੇਸ਼ਨ ਦੀ ਸਥਿਤੀ ਦਾ ਜਾਇਜ਼ਾ ਲਿਆ।ਪੇਡਾ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਬਾਦਲ ਨੇ ਨਵਿਆਉਣਯੋਗ ਊਰਜਾ ਖੇਤਰ ਨੂੰ ਅੱਗੇ ਵਧਾਉਣ ਅਤੇ ਸੂਬੇ ਵਿੱਚ ਹੋਰ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਵਿੱਚ ਸੰਭਾਵਨਾਵਾਂ ਦਾ ਪਤਾ ਲਗਾਉਣ ‘ਤੇ ਵੀ ਜ਼ੋਰ ਦਿੱਤਾ ਹੈ। ਉਨਾਂ ਪੰਜਾਬ ਦੇ ਸ਼ਹਿਰਾਂ ਦੇ ਸੋਲਰਾਈਜ਼ੇਸ਼ਨ ਸਬੰਧੀ ਡੂੰਘੀ ਦਿਲਚਸਪੀ ਦਿਖਾਈ ਹੈ।ਪੇਡਾ ਦੇ ਮੁੱਖ ਕਾਰਜਕਾਰੀ ਅਫ਼ਸਰ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਵਿੱਤ ਮੰਤਰੀ ਨੂੰ ਪੇਡਾ ਵੱਲੋਂ ਕੀਤੇ ਜਾ ਰਹੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ/ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।ਸ੍ਰੀ ਬਾਦਲ ਨੇ ਸ. ਨਵਜੋਤ ਪਾਲ ਸਿੰਘ ਰੰਧਾਵਾ ਅਤੇ ਪੇਡਾ ਦੇ ਵਧੀਕ ਡਾਇਰੈਕਟਰ ਜਸਪਾਲ ਸਿੰਘ ਦੇ ਯਤਨਾਂ ਦੀ ਸ਼ਲਾਘਾ ਕੀਤੀ। ਰੈਕਸਲ ਕੰਪਨੀ ਦੇ ਡਾਇਰੈਕਟਰ ਸ੍ਰੀ ਵਿਨਾਇਕ ਬੁਚੇ ਮੀਟਿੰਗ ਵਿੱਚ ਸ੍ਰੀ ਰਜਿੰਦਰ ਕੌਲ ਅਤੇ ਸ਼ਰੀਕਾ ਇੰਟਰਪ੍ਰਾਈਜ਼ ਲਿਮਟਡ ਦੇ ਡਾਇਰੈਕਟਰ ਸ੍ਰੀ ਰਵੀ ਭਾਨ ਵੀ ਹਾਜ਼ਰ ਸਨ। ਦੋਵੇਂ ਕੰਪਨੀਆਂ ਬਠਿੰਡਾ ਸੋਲਰ ਸਿਟੀ ਪ੍ਰੋਜੈਕਟ ਨੂੰ ਨੇਪਰੇ ਚੜਾ ਰਹੀਆਂ ਹਨ।

ਪੰਜਾਬ ਯੂਥ ਵਿਕਾਸ ਬੋਰਡ ਵੱਲੋਂ ਪੰਜਾਬ ਭਰ ਵਿੱਚ ਰੋਜ਼ਗਾਰ ਮੇਲੇ ਲਵਾ ਕੇ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਦੀ ਪਹਿਲਕਦਮੀ: ਸੁਖਵਿੰਦਰ ਸਿੰਘ ਬਿੰਦਰਾ

0

ਕੋਰੋਨਾ ਦੀ ਸੰਭਾਵਨਾ ਤੀਜੀ ਲਹਿਰ ਦੌਰਾਨ ਨੌਜਵਾਨਾਂ ਲਈ ਵਿਸ਼ੇਸ਼ ਟੀਕਾਕਰਨ ਕੈਂਪ ਲਵਾਏ ਜਾਣਗੇ
ਨੌਜਵਾਨਾਂ ਦੀ ਊਰਜਾ ਸਹੀ ਪਾਸੇ ਲਗਾਉਣ ਲਈ ਖੇਡ ਸੱਭਿਆਚਾਰ ਪੈਦਾ ਕਰਨ ਉੱਤੇ ਜ਼ੋਰ *
ਸੁਖਜਿੰਦਰ ਮਾਨ
ਚੰਡੀਗੜ੍ਹ, 4 ਜਨਵਰੀ: ਨੌਜਵਾਨਾਂ ਦੇ ਸਮੁੱਚੇ ਵਿਕਾਸ ਲਈ ਵਚਨਬੱਧ ਪੰਜਾਬ ਯੂਥ ਵਿਕਾਸ ਬੋਰਡ ਨੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਦੇ ਸਹਿਯੋਗ ਨਾਲ ਹਰੇਕ ਸ਼ੁੱਕਰਵਾਰ ਨੂੰ ਪੰਜਾਬ ਭਰ ਵਿੱਚ ਰੋਜ਼ਗਾਰ ਮੇਲੇ ਲਾਉਣ ਦੀ ਵੱਡੀ ਪਹਿਲਕਦਮੀ ਉਲੀਕੀ ਹੈ, ਜਿਸ ਲਈ ਬੋਰਡ ਦੇ ਮੈਂਬਰਾਂ ਵੱਲੋਂ ਨੌਜਵਾਨਾਂ ਨੂੰ ਲਾਮਬੰਦ ਕਰ ਕੇ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਲਿਆ ਕੇ ਰੋਜ਼ਗਾਰ ਯਕੀਨੀ ਬਣਾਇਆ ਜਾਂਦਾ ਹੈ।ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਖੇਡ ਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਪਰਗਟ ਸਿੰਘ, ਜਿਹੜੇ ਖ਼ੁਦ ਸਾਬਕਾ ਹਾਕੀ ਓਲੰਪੀਅਨ ਕਪਤਾਨ ਹਨ, ਨੇ ਪੰਜਾਬ ਵਿੱਚੋਂ ਨਸ਼ਿਆਂ ਦੀ ਜੜ੍ਹ ਖ਼ਤਮ ਕਰਨ ਲਈ ਖੇਡ ਟੂਰਨਾਮੈਂਟ ਕਰਵਾਉਣ ਦਾ ਵੱਡਾ ਉਪਰਾਲਾ ਕੀਤਾ ਹੈ ਤਾਂ ਕਿ ਨੌਜਵਾਨਾਂ ਦੀ ਸ਼ਕਤੀ ਨੂੰ ਉਸਾਰੂ ਸੇਧ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਾ ਕੇ ਹੀ ਰਾਜ ਵਿੱਚੋਂ ਨਸ਼ਿਆਂ ਦਾ ਮੁਕੰਮਲ ਖ਼ਾਤਮਾ ਕੀਤਾ ਜਾ ਸਕਦਾ ਹੈ। ਇਸ ਮਕਸਦ ਨਾਲ ਬੋਰਡ ਨੇ ਹਲਕਾ ਸਾਹਨੇਵਾਲ ਵਿੱਚ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਫੰਡ (ਸੀ.ਐਸ.ਆਰ.) ਦੀ ਮਦਦ ਨਾਲ ਤਿੰਨ ਖੇਡ ਸਟੇਡੀਅਮ ਬਣਾਉਣ ਦਾ ਉਪਰਾਲਾ ਕੀਤਾ ਹੈ, ਜਿਨ੍ਹਾਂ ਵਿੱਚੋਂ ਇਕ ਸਟੇਡੀਅਮ ਦਾ ਉਦਘਾਟਨ ਕੀਤਾ ਜਾ ਚੁੱਕਾ ਹੈ, ਜਦੋਂ ਕਿ ਦੋ ਸਟੇਡੀਅਮਾਂ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ।ਕੋਰੋਨਾ ਦੀ ਸੰਭਾਵੀ ਤੀਜੀ ਲਹਿਰ ਦੌਰਾਨ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਗੱਲ ਕਰਦਿਆਂ ਸ. ਬਿੰਦਰਾ ਨੇ ਕਿਹਾ ਕਿ ਨੌਜਵਾਨਾਂ ਦੀ ਮਦਦ ਨਾਲ ਇਸ ਲਹਿਰ ਦੌਰਾਨ 15 ਤੋਂ 18 ਸਾਲ ਤੱਕ ਦੇ ਨੌਜਵਾਨਾਂ ਦਾ ਟੀਕਾਕਰਨ ਕਰਵਾਉਣ ਲਈ ਵਿਸ਼ੇਸ਼ ਕੈਂਪ ਲਵਾਉਣ ਦੀ ਮੁਹਿੰਮ ਚਲਾਈ ਜਾਵੇਗੀ।ਉਨ੍ਹਾਂ ਪਿਛਲੇ ਸਮੇੰ ਵਿੱਚ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਲੌਕਡਾਊਨ ਦੌਰਾਨ ਵੀ ਬੋਰਡ ਨੇ 900 ਟੀਕਾਕਰਨ ਕੈਂਪ ਲਾਏ ਗਏ ਅਤੇ ਇਕ ਹਜ਼ਾਰ ਤੋਂ ਵੱਧ ਡਾਕਟਰਾਂ ਨੂੰ ਪ੍ਰਸੰਸਾ ਸਰਟੀਫਿਕੇਟ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਲੌਕਡਾਊਨ ਦੌਰਾਨ ਬੋਰਡ ਵੱਲੋਂ ਸੀ.ਐਸ.ਆਰ. ਫੰਡ ਦੀ ਮਦਦ ਨਾਲ 2500 ਪੀ.ਪੀ.ਈ. ਕਿੱਟਾਂ ਵੰਡੀਆਂ ਗਈਆਂ ਅਤੇ ਕੋਰੋਨਾ ਵਾਰੀਅਰਜ਼ ਦਾ 25 ਲੱਖ ਰੁਪਏ ਤੱਕ ਦਾ ਬੀਮਾ ਕਰਵਾਇਆ ਗਿਆ।ਚੇਅਰਮੈਨ ਨੇ ਦੱਸਿਆ ਕਿ ਨੌਜਵਾਨਾਂ ਦੀ ਊਰਜਾ ਖੇਡਾਂ ਵਾਲੇ ਪਾਸੇ ਲਗਾਉਣ ਲਈ ਯੂਥ ਆਫ਼ ਪੰਜਾਬ ਮੁਹਿੰਮ ਤਹਿਤ 2500 ਖੇਡ ਕਿੱਟਾਂ ਵੰਡੀਆਂ ਗਈਆਂ ਅਤੇ ਮਿਸ਼ਨ ਫਤਹਿ ਤਹਿਤ ਕੋਰੋਨਾ ਦੌਰਾਨ ਪ੍ਰਾਈਵੇਟ ਸਕੂਲਾਂ ਦੇ 9 ਹਜ਼ਾਰ ਵਿਦਿਆਰਥੀਆਂ ਦੀ ਫੀਸ ਮੁਆਫ਼ ਕਰਵਾਈ ਗਈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਨੌਜਵਾਨਾਂ ਲਈ ਬਹੁਤ ਯੋਜਨਾਵਾਂ ਉਲੀਕੀਆਂ ਗਈਆਂ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਬੋਰਡ ਵੱਲੋਂ ਹਾਸਲ ਫੀਡਬੈਕ ਉੱਤੇ ਆਧਾਰਤ ਨੌਜਵਾਨਾਂ ਨਾਲ ਸਬੰਧਤ ਮੁੱਦਿਆਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਸੰਬੰਧੀ ਪਾਰਟੀ ਦੇ ਮੈਨੀਫੈਸਟੋ ਵਿੱਚ ਸ਼ਾਮਲ ਕੀਤਾ ਜਾਵੇਗਾ।ਇਸ ਉਪਰੰਤ ਚੇਅਰਮੈਨ ਸ. ਬਿੰਦਰਾ ਨੇ ਬੋਰਡ ਦੀ ਮੀਟਿੰਗ ਵੀ ਲਈ ਜਿਸ ਵਿੱਚ ਸੂਬਾ ਸਰਕਾਰ ਦੀਆਂ ਨੌਜਵਾਨ ਪੱਖੀ ਨੀਤੀਆਂ ਨੂੰ ਲੋਕਾਂ ਤੱਕ ਲਿਜਾਣ ਦਾ ਸੱਦਾ ਦਿੱਤਾ ਗਿਆ। ਇਸ ਤੋਂ ਇਲਾਵਾ ਬੋਰਡ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਦੇ ਨਿਰਦੇਸ਼ ਦਿੱਤੇ ਗਏ।ਇਸ ਮੌਕੇ ਬੋਰਡ ਦੇ ਨਵ-ਨਿਯੁਕਤ ਵਾਈਸ ਚੇਅਰਮੈਨ ਜਤਿੰਦਰ ਸਿੰਘ ਬੌਬੀ ਦਾ ਸਵਾਗਤ ਕੀਤਾ ਗਿਆ। ਮੀਟਿੰਗ ਵਿੱਚ ਬੋਰਡ ਦੇ ਮੈਂਬਰ ਡਾ. ਅਮਿਤ ਸ਼ਰਮਾ, ਅਕਾਸ਼ਦੀਪ ਸਿੰਘ ਲਾਲੀ ਤੇ ਐਡਵੋਕੇਟ ਲਖਵੀਰ ਸਿੰਘ, ਯੁਵਕ ਸੇਵਾਵਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ ਕੰਵਲਜੀਤ ਸਿੰਘ ਸਿੱਧੂ ਤੇ ਸਹਾਇਕ ਡਾਇਰੈਕਟਰ ਰੁਪਿੰਦਰ ਕੌਰ ਤੋਂ ਇਲਾਵਾ ਨਿਤੀਨ ਅਰੋੜਾ, ਸਤਿੰਦਰਪਾਲ ਸਿੰਘ ਆਹਲੂਵਾਲੀਆ, ਐਡਵੋਕੇਟ ਜਸ਼ਨ ਗਿੱਲ ਤੇ ਅਖਿਲ ਸੂਰੀ ਵੀ ਹਾਜ਼ਰ ਸਨ।

ਮੁੱਖ ਮੰਤਰੀ ਵੱਲੋਂ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮਾਸਿਕ ਤਨਖਾਹਾਂ ਵਿੱਚ ਵਾਧੇ ਦਾ ਐਲਾਨ

0

ਸਾਲਾਨਾ ਵਾਧਾ 1 ਜਨਵਰੀ, 2023 ਤੋਂ ਨਿਯਮਤ ਤੌਰ ‘ਤੇ ਲਾਗੂ ਕੀਤਾ ਜਾਵੇਗਾ
67 ਸਫ਼ਾਈ ਸੇਵਕਾਂ ਨੂੰ ਨਿਯੁਕਤੀ ਪੱਤਰ ਵੰਡੇ
ਸੁਖਜਿੰਦਰ ਮਾਨ
ਮੋਰਿੰਡਾ, 4 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਆਂਗਣਵਾੜੀ ਵਰਕਰਾਂ ਦੀ ਭਲਾਈ ਲਈ ਸੂਬੇ ਭਰ ਦੀਆਂ 53000 ਤੋਂ ਵੱਧ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਸਿਕ ਮਾਣ ਭੱਤੇ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਇਹ ਸਾਰੇ ਕਰਮਚਾਰੀ ਹੁਣ 1 ਜਨਵਰੀ, 2023 ਤੋਂ ਆਪਣੇ ਸਾਲਾਨਾ ਮਾਣ ਭੱਤੇ ਵਿੱਚ ਨਿਯਮਤ ਵਾਧੇ ਲਈ ਯੋਗ ਹੋਣਗੇ।ਇਸ ਮੌਕੇ ਮੁੱਖ ਮੰਤਰੀ ਚੰਨੀ ਨੇ 67 ਸਫ਼ਾਈ ਸੇਵਕਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ।ਮੋਰਿੰਡਾ ਦੀ ਅਨਾਜ ਮੰਡੀ ਵਿਖੇ ਆਂਗਣਵਾੜੀ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਹੁਣ ਤੋਂ ਆਂਗਣਵਾੜੀ ਵਰਕਰਾਂ ਦੀ ਮਾਸਿਕ ਤਨਖਾਹ 8100 ਰੁਪਏ ਤੋਂ ਵਧਾ ਕੇ 9500 ਰੁਪਏ, ਮਿੰਨੀ ਆਂਗਣਵਾੜੀ ਵਰਕਰਾਂ ਨੂੰ 5300 ਰੁਪਏ ਤੋਂ ਵਧਾ ਕੇ 6300 ਰੁਪਏ ਅਤੇ ਹੈਲਪਰਾਂ ਦੀ ਤਨਖਾਹ 4050 ਰੁਪਏ ਤੋਂ ਵਧਾ ਕੇ 5100 ਰੁਪਏ ਕੀਤੀ ਜਾਵੇਗੀ। ਇਸੇ ਤਰ੍ਹਾਂ ਆਂਗਣਵਾੜੀ ਵਰਕਰਾਂ ਦੇ ਮਾਣਭੱਤੇ ਵਿੱਚ ਹਰ ਸਾਲ 500 ਰੁਪਏ ਦਾ ਵਾਧਾ ਕੀਤਾ ਜਾਵੇਗਾ ਜਦਕਿ ਮਿੰਨੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ 250 ਰੁਪਏ ਦਾ ਵਾਧਾ ਕੀਤਾ ਜਾਵੇਗਾ।ਆਂਗਣਵਾੜੀ ਵਰਕਰਾਂ ਨੂੰ ਸੂਬੇ ਦੀ ਪ੍ਰਸ਼ਾਸਨਿਕ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਮੁੱਖ ਮੰਤਰੀ ਨੇ ਦੁਹਰਾਇਆ ਕਿ ਔਰਤਾਂ ਦੀ ਭਲਾਈ ਅਤੇ ਉਨ੍ਹਾਂ ਦਾ ਸਸ਼ਕਤੀਕਰਨ ਸੂਬਾ ਸਰਕਾਰ ਦੀ ਤਰਜੀਹ ਹੈ। ਚੰਨੀ ਨੇ ਕਿਹਾ, “ਇਸ ਤੋਂ ਪਹਿਲਾਂ ਵੀ, ਸਮਾਜ ਦੇ ਇਸ ਮਹੱਤਵਪੂਰਨ ਵਰਗ ਦੀ ਸਮੁੱਚੀ ਭਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧਤਾ ਦੇ ਹਿੱਸੇ ਵਜੋਂ 67000 ਤੋਂ ਵੱਧ ਆਸ਼ਾ ਵਰਕਰਾਂ ਅਤੇ ਮਿਡ ਡੇ ਮੀਲ ਵਰਕਰਾਂ ਦੀਆਂ ਮਾਸਿਕ ਤਨਖਾਹਾਂ ਵਿੱਚ ਵਾਧਾ ਕੀਤਾ ਗਿਆ ਸੀ।”ਹਾਲ ਹੀ ਵਿੱਚ ਕੋਵਿਡ ਦੇ ਕੇਸਾਂ ਵਿੱਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਦੀ ਕਿਸੇ ਵੀ ਗੰਭੀਰ ਸਥਿਤੀ ਦਾ ਸਾਹਮਣਾ ਕਰਨ ਲਈ ਪੰਜਾਬ ਸਰਕਾਰ ਕੋਲ ਢੁਕਵਾਂ ਸਿਹਤ ਸੰਭਾਲ ਬੁਨਿਆਦੀ ਢਾਂਚਾ ਮੌਜੂਦ ਹੈ।ਆਪਣੀ ਸਰਕਾਰ ਵੱਲੋਂ ਕੀਤੇ ਗਏ ਲੋਕ- ਪੱਖੀ ਉਪਰਾਲਿਆਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਘਰੇਲੂ ਖਪਤਕਾਰਾਂ ਲਈ ਬਿਜਲੀ ਦੀਆਂ ਦਰਾਂ 3 ਰੁਪਏ ਪ੍ਰਤੀ ਯੂਨਿਟ ਘਟਾਈਆਂ ਗਈਆਂ, ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ‘ਚ ਕ੍ਰਮਵਾਰ 10 ਰੁਪਏ ਅਤੇ 5 ਰੁਪਏ ਕਟੌਤੀ ਕੀਤੀ ਗਈ ਅਤੇ ਪਾਣੀ ਸਬੰਧੀ ਖਰਚੇ ਘਟਾ ਕੇ 50 ਰੁਪਏ ਕੀਤੇ ਗਏ। ਚੰਨੀ ਨੇ ਕਿਹਾ ਕਿ ਇਹ ਪਹਿਲਕਦਮੀਆਂ ਸੂਬਾ ਸਰਕਾਰ ਵੱਲੋਂ ਲੋਕਾਂ ਦਾ ਪੈਸਾ ਉਹਨਾਂ ਨੂੰ ਵਾਪਸ ਮੋੜਨ ਸਬੰਧੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ । ਆਪਣੇ ਸੰਬੋਧਨ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮੌਜੂਦਾ ਪ੍ਰਬੰਧ ਉਹਨਾਂ ਔਰਤਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਾ ਹੈ, ਜਿਹਨਾਂ ਨੂੰ ਪੇਸ਼ੇਵਰ ਜਿੰਮੇਵਾਰੀਆਂ ਦੇ ਨਾਲ ਨਾਲ ਘਰੇਲੂ ਕੰਮਕਾਜ ਦਾ ਵੀ ਖਿਆਲ ਰੱਖਣਾ ਪੈਂਦਾ ਹੈ, ਇਸ ਲਈ ਉਹ ਆਪਣੇ ਮਾਸਿਕ ਵਿੱਤੀ ਲਾਭਾਂ (ਭੱਤੇ) ਵਿੱਚ ਵੱਡੇ ਵਾਧੇ ਦੀਆਂ ਹੱਕਦਾਰ ਹਨ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਰਜ਼ੀਆ ਸੁਲਤਾਨਾ ਨੇ ਇਸ ਵਾਧੇ ਲਈ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ ਕਰਦਿਆਂ ਆਂਗਣਵਾੜੀ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਲੋੜ ਦੀ ਘੜੀ ਵਿੱਚ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਤਰਨਤਾਰਨ ਦੇ ਵਿਧਾਇਕ ਧਰਮਬੀਰ ਅਗਨੀਹੋਤਰੀ, ਆਂਗਣਵਾੜੀ ਆਗੂ ਹਰਗੋਬਿੰਦ ਕੌਰ, ਊਸ਼ਾ ਰਾਣੀ ਅਤੇ ਸਰੋਜ ਛਪੜੀਵਾਲ ਹਾਜ਼ਰ ਸਨ।

ਭਾਈ ਦਾਦੂਵਾਲ ਦੀਆਂ ਭਾਜਪਾ ਨਾਲ ਵਧਦੀਆਂ ਨਜਦੀਕੀਆਂ ਦੀ ਪੰਥਕ ਸਫ਼ਾਂ ’ਚ ਚਰਚਾ

0

ਸੁਖਜਿੰਦਰ ਮਾਨ
ਚੰਡੀਗੜ੍ਹ, 2 ਜਨਵਰੀ: ਪਿਛਲੇ ਕਈ ਸਾਲਾਂ ਤੋਂ ਬਾਦਲਾਂ ਵਿਰੁਧ ਮੋਰਚਾ ਖੋਲੀ ਬੈਠੇ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਦੀਆਂ ਇੰਨ੍ਹੀਂ ਦਿਨੀਂ ਭਾਜਪਾ ਨਾਲ ਵਧ ਰਹੀਆਂ ਨਜਦੀਕੀਆਂ ਦੀਆਂ ਪੰਥਕ ਸਫ਼ਾਂ ’ਚ ਚਰਚਾਵਾਂ ਹਨ। ਚਰਚਾ ਮੁਤਾਬਕ ਕਈ ਭਾਜਪਾ ਆਗੂਆਂ ਨਾਲ ਮੁਲਾਕਾਤ ਤੋਂ ਬਾਅਦ ਦਾਦੂਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੁਲਾਕਾਤ ਦਾ ਵੀ ਸਮਾਂ ਮੰਗਿਆ ਹੈ। ਗੌਰਤਲਬ ਹੈ ਕਿ ਇਸਤੋਂ ਪਹਿਲਾਂ ਉਹ ਕਈ ਵਾਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਵੀ ਮੀਟਿੰਗਾਂ ਕਰ ਚੁੱਕੇ ਹਨ ਤੇ ਉਨ੍ਹਾਂ ਦੀ ਸੁਰ ਭਾਜਪਾ ਪ੍ਰਤੀ ਨਰਮ ਦਿਖ਼ਾਈ ਦੇ ਰਹੀ ਹੈ। ਸੂਤਰਾਂ ਨੇ ਇਹ ਵੀ ਦਸਿਆ ਹੈ ਕਿ ਪੰਜਾਬ ’ਚ ਭਾਜਪਾ ਨਾਲ ਗਠਜੋੜ ਕਰਨ ਵਾਲੇ ਸੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨਾਲ ਵੀ ਭਾਈ ਦਾਦੂਵਾਲ ਮਿਲਕੇ ਚੱਲ ਰਹੇ ਹਨ। ਹਾਲਾਂਕਿ ਉਨ੍ਹਾਂ ਇਸ ਗੱਲ ਦੀ ਕਦੇ ਪੁਸ਼ਟੀ ਨਹੀਂ ਕੀਤੀ ਪ੍ਰੰਤੂ ਚਰਚਾਵਾਂ ਤਾਂ ਇਹ ਵੀ ਸੁਣਾਈ ਦੇ ਰਹੀਆਂ ਹਨ ਕਿ ਪੰਥਕ ਹਲਕਿਆਂ ਤੋਂ ਬਾਅਦ ਦਾਦੂਵਾਲ ਸਿਆਸੀ ਖੇਤਰ ’ਚ ਵਿਚਰਨ ਦੀ ਇੱਛਾ ਰੱਖ ਰਹੇ ਹਨ। ਇੱਥੇ ਜਿਕਰ ਕਰਨਾ ਬਣਦਾ ਹੈ ਕਿ 2007 ’ਚ ਸੌਦਾ ਸਾਧ ਵਲੋਂ ਗੁਰੂ ਗੋਬਿੰਦ ਸਿੰਘ ਵਾਂਗ ਸਵਾਗ ਰਚਣ ਤੋਂ ਬਾਅਦ ਪੈਦਾ ਹੋਏ ਵਿਵਾਦ ਦੌਰਾਨ ਭਾਈ ਦਾਦੂਵਾਲ ਪੰਥਕ ਆਗੂ ਵਜੋਂ ੳੁਭਰ ਕੇ ਸਾਹਮਣੇ ਆਏ ਸਨ। ਉਸ ਸਮੇਂ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਖ਼ਾਸਕਰ ਸੁਖਬੀਰ ਸਿੰਘ ਬਾਦਲ ਨਾਲ ਸਿੱਧਾ ਟਕਰਾਅ ਸ਼ੁਰੂ ਹੋਇਆ ਸੀ, ਜਿਹੜਾ ਇੱਕ ਵਾਰ ਘਟਿਆ ਵੀ ਪ੍ਰੰਤੂ ਮੁੜ ਦੋਨਾਂ ਧਿਰਾਂ ਵਿਚਕਾਰ ਦੂਰੀਆਂ ਬਣ ਗਈਆਂ। ਸੂਤਰਾਂ ਮੁਤਾਬਕ ਹਰਿਆਣਾ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਅਕਾਲੀ ਦਲ ਬਾਦਲ ਨਾਲ ਦਾਦੂਵਾਲ ਦੀ ਦੂਰੀ ਬਰਕਰਾਰ ਰਹੀ, ਪ੍ਰੰਤੂ ਭਾਜਪਾ ਆਗੂਆਂ ਨਾਲ ਨੇੜਤਾ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਮੌਜੂਦਾ ਸਮੇਂ ਦੇਸ ਤੇ ਪੰਜਾਬ ਦੇ ਸਿੱਖ ਭਾਈਚਾਰੇ ’ਚ ਅਪਣੀ ਥਾਂ ਬਣਾਉਣ ਲਈ ਜਦੋ-ਜਹਿਦ ਕਰ ਰਹੀ ਭਾਜਪਾ ਨੂੰ ਪੰਥਕ ਚਿਹਰਿਆਂ ਦੀ ਵੱਡੀ ਲੋੜ ਹੈ, ਅਜਿਹੇ ਵਿਚ ਭਾਜਪਾ ਵੀ ਦਾਦੂਵਾਲ ਪ੍ਰਤੀ ਨਰਮਗੋਸ਼ਾ ਰੱਖ ਰਹੀ ਹੈ। ਚਰਚਾ ਤਾਂ ਇਹ ਵੀ ਚੱਲ ਰਹੀ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ’ਚ ਦਾਦੂਵਾਲ ਭਾਜਪਾ ਦਾ ਸਹਿਯੋਗ ਕਰਨ ਦੀ ਅਪੀਲ ਵੀ ਕਰ ਸਕਦੇ ਹਨ।
ਬਾਕਸ
ਸਿੱਖ ਮੰਗਾਂ ਸਵੀਕਾਰ ਕਰਨ ‘ਤੇ ਭਾਜਪਾ ਨਾਲ ਕੋਈ ਵਿਰੋਧ ਨਹੀਂ: ਦਾਦੂਵਾਲ
ਬਠਿੰਡਾ: ਉਧਰ ਸੰਪਰਕ ਕਰਨ ‘ਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ‘‘ ਭਾਜਪਾ ਜਾਂ ਕਿਸੇ ਹੋਰ ਸਿਆਸੀ ਪਾਰਟੀ ਨਾਲ ਉਨ੍ਹਾਂ ਦੀ ਵੱਟ ਦੀ ਲੜਾਈ ਨਹੀਂ, ਪ੍ਰੰਤੂ ਜੇਕਰ ਭਾਜਪਾ ਸਿੱਖਾਂ ਦੀਆਂ ਮੰਗਾਂ ਪੂਰੀਆਂ ਕਰਦੀ ਹੈ ਤਾਂ ਸਹਿਯੋਗ ਕਰਨ ਵਿਚ ਵੀ ਕੋਈ ਝਿਜਕ ਨਹੀਂ। ’’ ਸਿੱਖ ਮੰਗਾਂ ਦਾ ਜਿਕਰ ਕਰਦਿਆਂ ਉਨ੍ਹਾਂ ਬੰਦੀ ਸਿੱਖਾਂ ਦੀ ਰਿਹਾਈ ਤੋਂ ਇਲਾਵਾ ਗਿਆਨ ਗੋਦੜੀ ਗੁਰਦੂਆਰਾ ਸਾਹਿਬ ਦੀ ਮੁੜ ਉਸਾਰੀ, ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ, ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਕੌਮੀ ਪੱਧਰ ’ਤੇ ਬਾਲ ਦਿਵਸ ਵਜੋਂ ਮਨਾਉਣ ਦੇ ਨਾਲ ਪੰਜਾਬ ਦਾ ਕਰਜ਼ਾ ਮੁਆਫ਼ ਕਰਨ ਤੇ ਉਦਯੋਗਿਕ ਪੈਕੇਜ਼ ਦੇਣ ਬਾਰੇ ਵੀ ਕਿਹਾ। ਭਾਈ ਦਾਦੂਵਾਲ ਨੇ ਅੱਗੇ ਕਿਹਾ ਕਿ ਉਨ੍ਹਾਂ ਇੰਨਾਂ ਮੰਗਾਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਲਣ ਦਾ ਸਮਾਂ ਮੰਗਿਆ ਹੈ।

ਸ਼ਹੀਦਾਂ ਦੀ ਸਹੁੰ ਖਾਣ ਵਾਲੇ ਮਨਪ੍ਰੀਤ ਬਾਦਲ ਨੇ ਬਰਬਾਦ ਕੀਤਾ ਪੰਜਾਬ: ਸਰੂਪ ਸਿੰਗਲਾ

0

ਸੁਖਜਿੰਦਰ ਮਾਨ
ਬਠਿੰਡਾ, 2 ਜਨਵਰੀ: ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਪਰ ਪੰਜਾਬ ਨੂੰ ਆਰਥਿਕ ਤੌਰ ’ਤੇ ਉਜ਼ਾੜੇ ਦਾ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਕਿ ਸੂਬੇ ਦੇ ਵਿਕਾਸ ਨੂੰ ਮੁੜ ਲੀਹ ’ਤੇ ਚੜਾਉਣ ਲਈ ਅਕਾਲੀ-ਬਸਪਾ ਗਠਜੋੜ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਅੱਜ ਇੱਥੇ ਜਾਰੀ ਬਿਆਨ ਵਿਚ ਸ਼੍ਰੀ ਸਿੰਗਲਾ ਨੇ ਕਿਹਾ ਕਿ ਸ਼ਹਿਰੀਆਂ ਦਾ ਪਿਆਰ ਹੀ ਉਨ੍ਹਾਂ ਤਾਕਤ ਹੈ ਤੇ ਵਪਾਰੀ ਹੌਸਲਾ ਜਿਨ੍ਹਾਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਹਮੇਸ਼ਾ ਵਚਨਬੱਧ ਰਹਾਂਗਾ। ਉਨ੍ਹਾਂ ਮੁੜ ਵਿੱਤ ਮੰਤਰੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸ਼ਹੀਦਾਂ ਦੀ ਸਹੁੰ ਖਾਣ ਵਾਲੇ ਮਨਪ੍ਰੀਤ ਬਾਦਲ ਨੇ ਖੁਸ਼ਹਾਲੀ ਦੇ ਨਾਂ ’ਤੇ ਪੰਜ ਸਾਲ ਖਜਾਨਾ ਖਾਲੀ ਹੋਣ ਦਾ ਰੌਲਾ ਪਾ ਕੇ ਕੋਈ ਵਿਕਾਸ ਕੰਮਾਂ ਨੂੰ ਸਿਰੇ ਨਹੀਂ ਚਾੜ੍ਹਿਆ। ਇਸ ਮੌਕੇ ਨਵਦੀਪ ਰਾਜੂ ,ਰਜੀਵ ਰੈਂਬੋ, ਜਤਿੰਦਰ ਢੱਲਾ, ਜੈਕੀ ਅਰੋੜਾ, ਲਲਿਤ ਵਧਾਵਨ ,ਮਾਣਕ ਗਰਗ ਈਸ਼ਵਰ ਦਿਆਲ ਸਮੇਤ ਵੱਡੀ ਗਿਣਤੀ ਵਿਚ ਵਪਾਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਾਜਰ ਸਨ।

ਆਤਮਾ ਸਕੀਮ ਅਧੀਨ ਟਰੈਨਿਗ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 02 ਜਨਵਰੀ: ਖੇਤੀ ਭਵਨ ਵਿਖੇ ਆਤਮਾ ਸਕੀਮ ਅਧੀਨ ਇਕ ਰੋਜਾ ਢੀਂਗਰੀ ਦੀ ਟ੍ਰੇਨਿੰਗ ਕਰਵਾਈ ਗਈ। ਮੁੱਖ ਖੇਤੀਬਾੜੀ ਅਫਸਰ ਡਾ. ਪਾਖਰ ਸਿੰਘ ਦੇ ਆਦੇਸ਼ਾਂ ’ਤੇ ਜਿਲ੍ਹਾ ਸਿਖਲਾਈ ਅਫਸਰ ਡਾ. ਹਰਬੰਸ ਸਿੰਘ ਪ੍ਰੋਜੈਕਟ ਡਾਇਰੈਕਟਰ ਆਤਮਾ ਡਾ. ਤੇਜਦੀਪ ਕੋਰ ਦੇ ਟ੍ਰੇਨਿੰਗ ਪ੍ਰੋਗਰਾਮ ਵਿੱਚ ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਵੱਲੋਂ ਸ਼ਿਰਕਿਤ ਕੀਤੀ ਗਈ। ਟ੍ਰੇਨਿੰਗ ਦੇ ਮੁੱਖ ਮਹਿਮਾਨ ਡਾ. ਪਾਖਰ ਸਿੰਘ ਨੇ ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਨੂੰ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਣਾ ਦਿੱਤੀ ਅਤੇ ਵੱਧ ਤੋਂ ਵੱਧ ਆਤਮਾ ਸਕੀਮ ਨਾਲ ਜੁੜੇ ਰਹਿਣ ਲਈ ਕਿਹਾ। ਡਾ. ਤੇਜਦੀਪ ਕੌਰ ਨੇ ਦੱਸਿਆ ਕਿ ਦੁਨੀਆਂ ਵਿੱਚ ਮਸ਼ਰੂਮ ਦੀਆਂ 2000 ਤੋਂ ਵੱਧ ਕਿਸਮਾਂ ਖਾਣ ਯੋਗ ਹਨ ਅਤੇ ਢੀਂਗਰੀ ਜੋ ਉੱਚ ਸ਼੍ਰੇਣੀ ਦੀ ਉੱਲੀ ਹੈ, ਬਹੁਤ ਹੀ ਪੌਸ਼ਇਕ, ਪ੍ਰੋਟੀਨ, ਵਿਟਾਮਿਨ ਅਤੇ ਹੋਰ ਖਣਿਜ ਪਦਾਰਥਾਂ ਨਾਲ ਭਰਪੂਰ ਹੈ।

ਵਿਤ ਮੰਤਰੀ ਨੇ ਕੀਤਾ ਦਾਅਵਾ, ਬਠਿੰਡਾ ਤੋਂ ਹੀ ਕਾਂਗਰਸ ਦੀ ਟਿਕਟ ’ਤੇ ਲੜਾਂਗਾ ਚੋਣ

0

ਸੁਖਜਿੰਦਰ ਮਾਨ
ਬਠਿੰਡਾ, 02 ਜਨਵਰੀ: ਪਿਛਲੇ ਕਈ ਦਿਨਾਂ ਤੋਂ ਲੋਕਾਂ ਵਿਚ ਬਠਿੰਡਾ ਸ਼ਹਿਰੀ ਹਲਕੇ ਤੋਂ ਚੋਣ ਨਾ ਲੜਣ ਬਾਰੇ ਚੱਲ ਰਹੀਆਂ ਚਰਚਾਵਾਂ ਦਾ ਅੰਤ ਕਰਦਿਆਂ ਵਿੱਤ ਮੰਤਰੀ ਤੇ ਸਥਾਨਕ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ‘‘ ਉਹ ਬਠਿੰਡਾ ਸ਼ਹਿਰੀ ਹਲਕੇ ਤੋਂ ਹੀ ਕਾਂਗਰਸ ਦੀ ਟਿਕਟ ’ਤੇ ਚੋਣ ਲੜਣਗੇ। ’’ ਅੱਜ ਕਈ ਦਿਨਾਂ ਬਾਅਦ ਹਲਕੇ ’ਚ ਪੁੱਜੇ ਸ: ਬਾਦਲ ਨੇ ਕਿਹਾ ਕਿ ਬਠਿੰਡਾ ਮੇਰਾ ਪਰਿਵਾਰ ਹੈ ਤੇ ਇੱਥੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗੇ। ਉਨ੍ਹਾਂ ਇਸ ਮੌਕੇ ਅਕਾਲੀਆਂ ’ਤੇ ਹਮਲੇ ਕਰਦਿਆਂ ਕਿਹਾ ਕਿ 10 ਸਾਲ ਰਾਜ ਕਰਨ ਵਾਲੇ ਜਵਾਬ ਦੇਣ ਕਿ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਕੀ ਕੀਤਾ ਜਦੋਂਕਿ ਆਪ ਦੇ ਜਿੱਤੇ 20 ਵਿਧਾਇਕ ਹੀ ਇਕੱਠੇ ਨਹੀਂ ਰਹਿ ਸਕੇ ਤੇ ਉਹ ਤਾਂ ਝਾੜੂ ਪਹਿਲਾਂ ਹੀ ਖਿੱਲਰ ਚੁੱਕਿਆ ਹੈ, ਇਸ ਲਈ ਲੋਕ ਕਾਂਗਰਸ ਪਾਰਟੀ ਨੂੰ ਦੁਬਾਰਾ ਮੌਕਾ ਦੇਣਗੇ। ਵਿੱਤ ਮੰਤਰੀ ਨੇ ਸ਼ਹਿਰ ਦੇ ਚਹੁੰ ਮੁਖੀ ਵਿਕਾਸ ਦਾ ਦਾਅਵਾ ਕਰਦਿਆਂ ਕਿਹਾ ਕਿ ‘‘ਬੰਦ ਫਾਟਕਾਂ ਤੇ ਪੁਲਾਂ ਦਾ ਨਿਰਮਾਣ ਪੂਰਾ ਹੋਣ ਤੇ ਇਸ ਇਲਾਕੇ ਦੀ ਤਸਵੀਰ ਬਦਲੇਗੀ। ’’ ਇਸੇ ਤਰ੍ਹਾਂ ਸਕੂਲਾਂ ਦੀ ਦੁਰਦਸ਼ਾ ਸੁਧਾਰਨ ਲਈ ਨਵੀਂਆਂ ਬਿਲਡਿੰਗਾਂ ਦਾ ਨਿਰਮਾਣ, 4 ਕਰੋੜ ਦੀ ਲਾਗਤ ਨਾਲ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਨ, ਨਹਿਰ ਨੂੰ ਪੱਕੀ ਕਰਨ, 7 ਕਿਲੋਮੀਟਰ ਸੈਰਗਾਹ ਬਣਾਉਣ, ਸਹਾਇਕ 7 ਕਿਲੋ ਮੀਟਰ ਸਾਈਕਲਿੰਗ ਟਰੈਕ ਬਣਾਉਣ ਲਈ ਕਰੋੜਾਂ ਰੁਪਏ ਦੇ ਪ੍ਰਾਜੈਕਟ ਸ਼ੁਰੂ ਕਰਨ ,ਨਵੇਂ ਪਾਰਕ, ਪਾਣੀ ਦੀਆਂ ਟੈਂਕੀਆਂ ,ਬਰਸਾਤੀ ਪਾਣੀ ਦੇ ਨਿਕਾਸ, ਇੰਟਰਲਾਕ ਟਾਈਲਾਂ ਲਾ ਕੇ ਸ਼ਹਿਰ ਨੂੰ ਸੁੰਦਰ ਬਨਾਉਣ ਸਮੇਤ ਪੰਜਾਬ ਸਰਕਾਰ ਵੱਲੋਂ 3 ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਕਰਨ, ਸੋਲਰ ਪੁਆਇੰਟ ਘਰ ਘਰ ਲਾਉਣ, ਬਿਜਲੀ ਬਿੱਲ ਦੇ ਬਕਾਏ ਮੁਆਫ਼ ਕਰਨ,, ਬੇਘਰਾਂ ਨੂੰ ਘਰਾਂ ਦੇ ਮਾਲਕੀ ਹੱਕ ਦੇਣ ਵਰਗੇ ਇਤਿਹਾਸਕ ਫੈਸਲਿਆਂ ਨੇ ਸ਼ਹਿਰ ਬਠਿੰਡਾ ਦੀ ਤਸਵੀਰ ਬਦਲ ਕੇ ਰੱਖ ਦਿੱਤੀ। ਇਸ ਮੌਕੇ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ,ਜੈਜੀਤ ਜੌਹਲ,ਕੇਕੇ ਅਗਰਵਾਲ ,ਰਾਜਨ ਗਰਗ, ਟਹਿਲ ਸੰਧੂ,ਮੋਹਨ ਲਾਲ ਝੂੰਬਾ,ਰਮਨ ਗੌਇਲ, ਅਸ਼ੋਕ ਕੁਮਾਰ ਸਮੇਤ ਸਮੂਹ ਕੌਂਸਲਰ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ ।

ਮੁੱਖ ਮੰਤਰੀ ਵਲੋਂ ਵਾਰ-ਵਾਰ ਸਮਾਂ ਦੇ ਕੇ ਮੀਟਿੰਗ ਨਾ ਕਰਨ ਤੋਂ ਦੁਖੀ ਕਿਸਾਨਾਂ ’ਚ ਵਧਿਆ ਰੋਸ਼

0

ਸੁਖਜਿੰਦਰ ਮਾਨ
ਬਠਿੰਡਾ, 2 ਜਨਵਰੀ: ਕਿਸਾਨ ਮੰਗਾਂ ਨੂੰ ਲੈ ਕੇ ਪਿਛਲੇ 13 ਦਿਨਾਂ ਤੋਂ ਜ਼ਿਲ੍ਹਾ ਹੈਡਕੁਆਟਰਾਂ ’ਤੇ ਧਰਨਾ ਲਗਾਈ ਬੈਠੇ ਕਿਸਾਨਾਂ ਦੀ ਗੱਲ ਨਾ ਸੁਣਨ ਤੋਂ ਦੁਖ਼ੀ ਕਿਸਾਨਾਂ ’ਚ ਰੋਸ਼ ਵਧਦਾ ਜਾ ਰਿਹਾ ਹੈ। ਸਥਾਨਕ ਮਿੰਨੀ ਸਕੱਤਰੇਤ ਅੱਗੇ ਚੱਲ ਰਹੇ ਧਰਨੇ ਦੌਰਾਨ ਅੱਜ ਸਟੇਜ ਤੋਂ ਸੰਬੋਧਨ ਕਰਦਿਆਂ ਕਿਸਾਨ ਆਗੂ ਬਸੰਤ ਸਿੰਘ ਕੋਠਾਗੁਰੂ ਤੇ ਪਰਮਜੀਤ ਕੌਰ ਕੋਟੜਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਸਾਨਾਂ ਨਾਲ ਉਨ੍ਹਾਂ ਦੀਆਂ ਮੰਗਾਂ ਸਬੰਧੀ ਵਿਚਾਰਨ ਲਈ 26 ਦਸੰਬਰ ਦਾ ਸਮਾਂ ਦਿੱਤਾ ਸੀ ।ਉਸ ਦਿਨ ਚੰਡੀਗੜ੍ਹ ਪਹੁੰਚਣ ਤੇ ਸਮਾਂ ਘੱਟ ਹੋਣ ਦਾ ਬਹਾਨਾ ਕਹਿ ਕੇ ਦੁਬਾਰਾ 28 ਦਸੰਬਰ ਨੂੰ ਮੀਟਿੰਗ ਦਾ ਸਮਾਂ ਦੇ ਦਿੱਤਾ ਪਰ ਇਸ ਮੀਟਿੰਗ ਤੋਂ ਵੀ ਭੱਜ ਗਏ। ਜਿਸ ਕਾਰਨ ਮਜਬੂਰੀ ਵਜੋਂ ਕਿਸਾਨਾਂ ਨੂੰ ਮਿੰਨੀ ਸਕੱਤਰੇਤ ਦਾ ਘਿਰਾਓ ਕਰਨਾ ਪਿਆ। ਇਸੇ ਤਰ੍ਹਾਂ 29 ਦਸੰਬਰ ਨੂੰ ਮੁੱਖ ਮੰਤਰੀ ਨੇ ਕਿਸਾਨ ਆਗੂਆਂ ਨਾਲ ਸਿਰਫ ਦੋ ਮਿੰਟ ਗੱਲਬਾਤ ਕੀਤੀ । ਜਿਸ ਦੇ ਰੋਸ ਵਜੋਂ ਕਿਸਾਨਾਂ ਨੇ ਫਿਰ ਦੁਬਾਰਾ ਮਿਨੀ ਸਕੱਤਰੇਤ ਦਾ ਘਿਰਾਓ ਕਰ ਲਿਆ ਅਤੇ ਹੁਣ 3 ਜਨਵਰੀ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਲਿਖਤੀ ਸੱਦਾ ਦਿੱਤਾ ਗਿਆ ਸੀ ਪ੍ਰੰਤੂ ਅੱਜ ਸਵੇਰੇ ਮੁੜ ਖੇਤੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਹ ਮੀਟਿੰਗ ਬਦਲ ਕੇ 7 ਜਨਵਰੀ ਨੂੰ ਕਰ ਦਿੱਤੀ ਗਈ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ ਉਨ੍ਹਾਂ ਸਮੂਹ ਕਿਸਾਨ, ਮਜ਼ਦੂਰ ਅਤੇ ਔਰਤਾਂ ਵਧ ਚੜ੍ਹ ਕੇ ਇਸ ਸੰਘਰਸ਼ ਨੂੰ ਜਾਰੀ ਰੱਖਣਗੇ। ਇਸ ਮੌਕੇ ਬਲਜੀਤ ਸਿੰਘ ਪੂਹਲਾ ,,ਅਜੇਪਾਲ ਸਿੰਘ ਘੁੱਦਾ ,ਰਾਜਵਿੰਦਰ ਸਿੰਘ ਰਾਮਨਗਰ ,ਬਲਦੇਵ ਸਿੰਘ ਚੌਕੇ ,ਅਮਰੀਕ ਸਿੰਘ ਸਿਵੀਆਂ , ਕਹਾਣੀਕਾਰ ਅਤਰਜੀਤ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਜਸਕਰਨ ਸਿੰਘ ਕੋਟਗੁਰੂ ਨੇ ਵੀ ਸੰਬੋਧਨ ਕੀਤਾ ।

Our Visitor

1895426