ਨਵੀਂ ਦਿੱਲੀ, 12 ਅਗਸਤ: ਪੰਜਾਬ ਨੂੰ ਦੇਸ ਦੀ ਰਾਜਧਾਨੀ ਨਾਲ ਜੋੜਣ ਵਾਲੇ ਸ਼ੰਭੂ ਬਾਰਡਰ ਨੂੰ ਖ਼ੋਲਣ ਦੇ ਮਾਮਲੇ ਵਿਚ ਦੇਸ ਦੀ ਸਰਬਉੱਚ ਅਦਾਲਤ ਵਿਚ ਸੋਮਵਾਰ ਨੂੰ ਅਹਿਮ ਸੁਣਵਾਈ ਹੋਣ ਜਾ ਰਹੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ 10 ਜੁਲਾਈ ਨੂੰ ਹਰਿਆਣਾ ਸਰਕਾਰ ਨੂੰ ਇਸ ਬਾਰਡਰ ਨੂੰ ਖੋਲਣ ਦੇ ਦਿੱਤੇ ਆਦੇਸ਼ਾਂ ਤੋਂ ਬਾਅਦ ਹਰਿਆਣਾ ਦੀ ਅਪੀਲ ’ਤੇ ਸੁਮਰੀਮ ਕੋਰਟ ਵਿਚ ਇਹ ਸੁਣਵਾਈ ਚੱਲ ਰਹੀ ਹੈ। 2 ਅਗਸਤ ਨੂੰ ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਸਾਨਾਂ ਤੇ ਸਰਕਾਰ ਵਿਚਕਾਰ ਗੱਲਬਾਤ ਲਈ ਪੰਜਾਬ ਤੇ ਹਰਿਆਣਾ ਨੂੰ ਨਿਰਪੱਖ ਸਖ਼ਸੀਅਤਾਂ ਦੇ ਨਾਂ ਦੇਣ ਲਈ ਕਿਹਾ ਸੀ, ਜਿਸਦੇ ਰਾਹੀਂ ਇਸ ਮਸਲੇ ਦਾ ਹੱਲ ਹੋ ਸਕੇ।
ਹਰਿਆਣਾ ’ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਜੋਰਾਂ ’ਤੇ,2 ਦਿਨਾਂ ਦੌਰੇ ’ਤੇ ਪੁੱਜੇ ਚੋਣ ਕਮਿਸ਼ਨਰ
ਗੌਰਤਲਬ ਹੈ ਕਿ ਦਿੱਲੀ ਵਿਚ ਸਾਲ 2020 ’ਚ ਚੱਲੇ ਕਿਸਾਨ ਅੰਦੋਲਨ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਐਮ.ਐਸ.ਪੀ ਸਹਿਤ ਹੋਰਨਾਂ ਮੰਗੀਆਂ ਹੋਈਆਂ ਮੰਗਾਂ ਨੂੰ ਹੁਣ ਲਾਗੂ ਕਰਵਾਉਣ ਦੇ ਲਈ ਮੁੜ ਕੁੱਝ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਚੱਲੋਂ ਦਾ ਸੱਦਾ ਦਿੱਤਾ ਗਿਆ ਸੀ ਪ੍ਰੰਤੂ ਹਰਿਆਣਾ ਦੀ ਭਾਜਪਾ ਸਰਕਾਰ ਨੇ ਸ਼ੰਭੂ ਅਤੇ ਖ਼ਨੌਰੀ ਸਹਿਤ ਪੰਜਾਬ ਨਾਲ ਲੱਗਦੇ ਸਾਰੇ ਰਾਸਤਿਆਂ ਨੂੰ 13 ਫ਼ਰਵਰੀ ਨੂੰ ਸੀਲ ਕਰ ਦਿੱਤਾ ਸੀ। ਜਿਸ ਕਾਰਨ ਕਿਸਾਨ ਇੰਨ੍ਹਾਂ ਬਾਰਡਰਾਂ ’ਤੇ ਡਟੇ ਹੋਏ ਹਨ। ਇਸਦੇ ਨਾਲ ਨਾ ਸਿਰਫ਼ ਆਵਾਜ਼ਾਈ ਪ੍ਰਭਾਵਿਤ ਹੋ ਰਹੀ ਹੈ ਬਲਕਿ ਦੋਨਾਂ ਸੂਬਿਆਂ ਵਿਚ ਵਪਾਰ ਦਾ ਕਾਰੋਬਾਰ ਵੀ ਠੱਪ ਹੋ ਗਿਆ ਹੈ।