16 Views
22 ਅਸਲਿਆਂ ਸਮੇਤ 10 ਦੋਸ਼ੀ ਗ੍ਰਿਫਤਾਰ, MP ਤੋਂ ਹਥਿਆਰ ਬਣਾਉਣ ਵਾਲਾ ਵੀ ਗ੍ਰਿਫਤਾਰ
ਫ਼ਤਹਿਗੜ੍ਹ ਸਾਹਿਬ, 14 ਦਸੰਬਰ: ਐਸਐਸਪੀ ਸ੍ਰੀਮਤੀ ਅਮਨੀਤ ਕੌਡਲ ਦੀ ਰਹਿਨੁਮਾਈ ਹੇਠ ਐਸਪੀ ਡਾ. ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇੰਚਾਰਜ ਸੀ.ਆਈ.ਏ. ਸਟਾਫ ਇੰਸਪੈਕਟਰ ਅਮਨਦੀਪ ਸਿੰਘ, ਇੰਚਾਰਜ ਐਂਟੀ- ਨਾਰਕੋਟਿਕ ਸੈੱਲ-1 ਖੰਨਾ ਇੰਸਪੈਕਟਰ ਜਗਜੀਵਨ ਰਾਮ ਸਮੇਤ ਥਾਣਾ ਸਿਟੀ ਖੰਨਾ ਅਤੇ ਸੀ.ਆਈ.ਏ. ਸਟਾਫ ਖੰਨਾ ਦੀ ਪੁਲਿਸ ਪਾਰਟੀ ਨੇ 2 ਮੁਕੱਦਮਿਆਂ ਵਿੱਚ ਕੁੱਲ 10 ਮੁਜਰਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 22 ਅਸਲੇ ਬ੍ਰਾਮਦ ਕੀਤੇ ਹਨ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਮੈਡਮ ਕੌਂਡਲ ਨੇ ਦਸਿਆ ਕਿ ਥਾਣਾ ਸਿਟੀ ਖੰਨਾ ਦੀ ਪੁਲਿਸ ਪਾਰਟੀ ਨੇ ਗੁਰਲਾਲ ਸਿੰਘ ਉਰਫ ਸਾਜਨ ਵਾਸੀ ਪਿੰਡ ਹੋਠੀਆਂ ਵੇਰੋਵਾਲ ਅਤੇ ਮਨਦੀਪ ਸਿੰਘ ਵਾਸੀ ਜੰਡਿਆਲਾ ਪੱਟੀ ਦੋਵੇਂ ਜ਼ਿਲ੍ਹਾ ਤਰਨ ਤਾਰਨ ਨੂੰ ਕਾਬੂ ਕਰਕੇ ਗੁਰਲਾਲ ਸਿੰਘ ਉਰਫ ਸਾਜਨ ਦੇ ਬੈਗ ਵਿਚੋਂ 2 ਦੇਸੀ ਪਿਸਟਲ .32 ਬੋਰ ਸਮੇਤ ਮੈਗਜੀਨ, 02 ਵਾਧੂ ਮੈਗਜੀਨ .32 ਬੋਰ ਅਤੇ ਮਨਦੀਪ ਸਿੰਘ ਦੇ ਬੈਗ ਵਿਚੋਂ ਵੀ 2 ਦੇਸੀ ਪਿਸਟਲ ਸਮੇਤ ਮੈਗਜੀਨ ਬ੍ਰਾਮਦ ਕੀਤੇ ਗਏ ਸਨ।
ਇਸ ਮਾਮਲੇ ਵਿਚ ਮੁਕੱਦਮਾ ਨੰਬਰ 208 ਮਿਤੀ 01.12.2023 ਅ/ਧ 25/54/59 ਅਸਲਾ ਐਕਟ, ਥਾਣਾ ਸਿਟੀ ਖੰਨਾ ਵਿਖੇ ਦਰਜ ਕਰਕੇ ਅਗੇਰਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਇਸ ਮੁਕੱਦਮੇ ਦੀ ਤਫਤੀਸ਼ ਦੌਰਾਨ ਪਤਾ ਲੱਗਿਆ ਕਿ ਉਕਤਾਨ ਦੋਸ਼ੀਆਂ ਨੂੰ ਇਹ ਅਸਲਾ ਰਕਸ਼ਿਤ ਸੈਣੀ ਵਾਸੀ ਹੰਸਲੀ ਵਾਲੀ ਨੇੜੇ ਲਕਸ਼ਮਣ (ਆਟਾ ਮੰਡੀ) ਚੈੱਕ ਅੰਮ੍ਰਿਤਸਰ ਵੱਲੋਂ ਦਿੱਤਾ ਗਿਆ। ਰਕਸ਼ਿਤ ਸੈਣੀ ਨੂੰ ਪਹਿਲਾਂ ਵੀ ਖੰਨਾ ਪੁਲਿਸ ਨੇ ਮਿਤੀ 25.11.23 ਨੂੰ ਮੁਕੱਦਮਾ ਨੰਬਰ 175 ਮਿਤੀ 25.11.2023 ਅ/ਧ 25/54/59 ਅਸਲਾ ਐਕਟ ਥਾਣਾ ਦੋਰਾਹਾ ਵਿੱਚ 03 ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਰਕਸ਼ਿਤ ਉਕਤ ਨੂੰ ਮੁਕੱਦਮਾ ਉਕਤ ਵਿੱਚ ਨਾਮਜਦ ਕਰਕੇ ਮਿਤੀ 06.12.2023 ਨੂੰ ਪ੍ਰੋਡਕਸ਼ਨ ਵਾਰੰਟ ਪਰ ਲਿਆ ਕੇ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕਰਨ ਉਪਰੰਤ ਡੂੰਗਾਈ ਨਾਲ ਪੁੱਛਗਿਛ ਕੀਤੀ ਗਈ। ਪੁਛਗਿੱਛ ਦੌਰਾਨ ਦੱਸਿਆ ਕਿ ਇਹ ਅਸਲਾ ਅਭਿਨਵ ਮਿਸ਼ਰਾ ਉਰਫ ਅਨੁਜ ਵਾਸੀ ਪਿੰਡ ਮਿਘੁਨਾ ਥਾਣਾ ਬਿਲਾਸਪੁਰ ਜਿਲ੍ਹਾ ਪੀਲਭੀਤ (ਉੱਤਰ ਪ੍ਰਦੇਸ਼) ਹਾਲ ਵਾਸੀ ਪਿੰਡ ਸਤੀ ਫਲੀਆਂ ਥਾਣਾ ਭਗਵਾਨਪੁਰ ਜਿਲ੍ਹਾ ਖਰਗੋਨ (ਮੱਧ ਪ੍ਰਦੇਸ਼), ਕਮਲ ਬਡੋਲੇ ਪਿੰਡ ਸਤੀ ਫਲੀਆਂ ਥਾਣਾ ਭਗਵਾਨਪੁਰ ਜਿਲ੍ਹਾ ਖਰਗੋਨ (ਮੱਧ ਪ੍ਰਦੇਸ਼) ਅਤੇ ਕੁਲਦੀਪ ਸਿੰਘ ਵਾਸੀ ਮੁਹੱਲਾ 20 ਖੋਲੀ ਪਿੰਡ ਸਿੰਘਾਨਾ, ਥਾਣਾ ਮੁਨਾਵਰ ਜਿਲ੍ਹਾ ਧਰ (ਮੱਧ ਪ੍ਰਦੇਸ਼) ਤੋਂ ਲੈ ਕੇ ਆਉਂਦਾ ਹੈ।
ਮੁਕੱਦਮਾ ਉਕਤ ਵਿੱਚ ਅਭਿਨਵ ਮਿਸ਼ਰਾ ਉਰਫ ਅਨੁਜ, ਕਮਲ ਬਡੋਲੇ ਅਤੇ ਕੁਲਦੀਪ ਸਿੰਘ ਉਕਤਾਨ ਨੂੰ ਨਾਮਜਦ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਇੱਕ ਸਪੈਸ਼ਲ ਟੀਮ ਮੱਧ ਪ੍ਰਦੇਸ਼ ਭੇਜੀ ਗਈ ਅਤੇ ਅਭਿਨਵ ਮਿਸ਼ਰਾ ਉਰਫ ਅਨੁਜ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 02 ਪਿਸਟਲ .32 ਬੋਰ, ਕਮਲ ਬਡੋਲੇ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 05 ਪਿਸਟਲ.32 ਬੋਰ ਅਤੇ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 05 ਪਿਸਟਲ .32 ਬੋਰ ਬ੍ਰਾਮਦ ਕੀਤੇ ਗਏ। ਤਫਤੀਸ਼ ਤੋਂ ਪਾਇਆ ਗਿਆ ਕਿ ਅਭਿਨਵ ਮਿਸ਼ਰਾ ਪਹਿਲਾਂ ਵੀ ਦੋ ਵਾਰ ਪੰਜਾਬ ਵਿੱਚ ਹਥਿਆਰਾਂ ਦੀ ਸਪਲਾਈ ਕਰ ਚੁੱਕਾ ਹੈ ਅਤੇ ਜਲੰਧਰ ਵਿਖੇ ਦਰਜ ਮੁਕੱਦਮਾ ਵਿੱਚ ਪੀ.ਓ ਹੈ। ਕੁਲਦੀਪ ਸਿੰਘ ਉਕਤ ਮੱਧ ਪ੍ਰਦੇਸ਼ ਵਿਖੇ ਹਥਿਆਰ ਬਣਾਉਂਦਾ ਹੈ ਅਤੇ ਪਹਿਲਾਂ ਵੀ ਕਈ ਮੌਕਿਆਂ ਤੇ ਪੰਜਾਬ ਵਿੱਚ ਹਥਿਆਰਾਂ ਦੀ ਸਪਲਾਈ ਕਰ ਚੁੱਕਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਕੁਲਦੀਪ ਸਿੰਘ ਦੇ ਪਿਤਾ ਪ੍ਰਹਲਾਦ ਸਿੰਘ ਦੇ ਖਿਲਾਫ ਪਹਿਲਾਂ ਹੀ ਮੱਧ ਪ੍ਰਦੇਸ਼ ਵਿਖੇ ਅਸਲਾ ਐਕਟ ਦੇ 10 ਤੋਂ ਵੱਧ ਮੁਕੱਦਮਾਤ ਦਰਜ ਰਜਿਸਟਰ ਹਨ।
ਚੇਤਨ ਸਿੰਘ ਜੌੜਾਮਾਜਰਾ ਨੇ ਮੋਗਾ ਵਿਖੇ ਸੂਬੇ ਦੇ ਸਭ ਤੋਂ ਵੱਡੇ ਟ੍ਰੀਟਿਡ ਵਾਟਰ ਸਿੰਚਾਈ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ
ਇਸਤੋਂ ਇਲਾਵਾ ਦੂਜੇ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਐਸ ਐਸ ਪੀ ਅਮਨੀਤ ਕੌਂਡਲ ਨੇ ਦਸਿਆ ਕਿ ਸੀ.ਆਈ.ਏ. ਸਟਾਫ ਖੰਨਾ ਦੀ ਪੁਲਿਸ ਪਾਰਟੀ ਵਲੋਂ ਟੀ.ਪੁਆਇੰਟ ਕਬਜਾ ਫੈਕਟਰੀ ਰੋਡ, ਖੰਨਾ ਦੋ ਨੌਜਵਾਨਾਂ ਤੇਜਿੰਦਰ ਸਿੰਘ ਉਰਫ ਸਾਬੀ ਵਾਸੀ ਨੇੜੇ ਆਰੇ ਵਾਲੀ ਗਲੀ ਕਾਨੋਵਾਲ ਰੋਡ ਬਟਾਲਾ ਜਿਲ੍ਹਾ ਗੁਰਦਾਸਪੁਰ ਅਰਜਿੰਦਰ ਸਿੰਘ ਉਰਫ ਜੋਬਨ ਵਾਸੀ ਪਿੰਡ ਖਾਨਪੁਰ ਥਾਣਾ ਬਿਆਸ ਜਿਲ੍ਹਾ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇੰਨਾਂ ਦੀ ਤਲਾਸ਼ੀ ਦੌਰਾਨ ਤੇਜਿੰਦਰ ਸਿੰਘ ਉਰਫ ਸਾਬੀ ਕੋਲੋਂ 3 ਦੇਸੀ ਪਿਸਟਲ .32 ਬੋਰ ਸਮੇਤ ਮੈਗਜੀਨ ਅਤੇ ਅਰਜਿੰਦਰ ਸਿੰਘ ਉਰਫ ਜੋਬਨ ਕੋਲੋਂ 2 ਦੇਸੀ ਪਿਸਟਲ .32 ਬੋਰ ਸਮੇਤ ਮੈਗਜੀਨ ਬ੍ਰਾਮਦ ਕੀਤੇ ਗਏ ਸਨ। ਇਸ ਮੁਕੱਦਮੇ ਦੀ ਤਫਤੀਸ਼ ਦੌਰਾਨ ਪਤਾ ਲੱਗਿਆ ਕਿ ਇੰਨਾਂ ਮੁਜਰਮਾਂ ਨੇ ਇਹ ਅਸਲਾ ਰਾਜਨਪ੍ਰੀਤ ਸਿੰਘ ਉਰਫ ਰਾਜਨ ਵਾਸੀ ਪਿੰਡ ਖਾਨਪੁਰ ਥਾਣਾ ਬਿਆਸ ਜਿਲ੍ਹਾ ਅੰਮ੍ਰਿਤਸਰ ਅਤੇ ਬਲਜਿੰਦਰ ਸਿੰਘ ਉਰਫ ਜਿੰਦ ਵਾਸੀ ਪਿੰਡ ਭੀਖੋਵਾਲ ਥਾਣਾ ਘੁੰਮਣਕਲਾਂ, ਜਿਲ੍ਹਾ ਗੁਰਦਾਸਪੁਰ ਨੂੰ ਦੇਣੇ ਸਨ। ਜਿਸਦੇ ਚੱਲਦੇ ਇੰਨਾਂ ਦੋਨਾਂ ਨੂੰ ਵੀ ਨਾਮਜਦ ਕਰਕੇ ਗ੍ਰਿਫਤਾਰ ਕਰਕੇ ਇਨ੍ਹਾਂ ਪਾਸੋਂ 01 ਪਿਸਟਲ .32 ਬੋਰ ਬ੍ਰਾਮਦ ਕੀਤਾ ਗਿਆ।