ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਹਾੜ੍ਹੀ ਦੀਆਂ ਫ਼ਸਲਾਂ ਲਈ ਪੀ.ਏ.ਯੂ. ਵੱਲੋਂ ਕਿਸਾਨ ਮੇਲਾ ਆਯੋਜਿਤ

Date:

spot_img

👉ਪੀ.ਏ.ਯੂ. ਦੇ ਕਿਸਾਨ ਮੇਲੇ ਕਿਸਾਨਾਂ ਅਤੇ ਵਿਗਿਆਨੀਆਂ ਦੀ ਸਾਂਝ ਦਾ ਕੇਂਦਰ : ਸ. ਗੁਰਮੀਤ ਸਿੰਘ ਖੁੱਡੀਆਂ
Bathinda News:ਹਾੜ੍ਹੀ ਦੀਆਂ ਫ਼ਸਲਾਂ ਲਈ ਸਤੰਬਰ ਮਹੀਨੇ ਦੌਰਾਨ ਪੀ.ਏ.ਯੂ. ਵਲੋਂ ਕਰਵਾਏ ਜਾਂਦੇ ਕਿਸਾਨ ਮੇਲਿਆਂ ਦੀ ਲੜੀ ਤਹਿਤ ਅੱਜ ਖੇਤਰੀ ਖੋਜ ਕੇਂਦਰ, ਬਠਿੰਡਾ ਵਿਖੇ ਕਿਸਾਨ ਮੇਲਾ ਆਯੋਜਿਤ ਕੀਤਾ ਗਿਆ। ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਸ਼ਾਮਲ ਹੋਏ। ਕਿਸਾਨ ਮੇਲੇ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਸ. ਸੁਖਜੀਤ ਪਾਲ ਸਿੰਘ ਆਈ.ਏ.ਐਸ. ਨੇ ਕੀਤੀ। ਇਸ ਤੋਂ ਇਲਾਵਾ ਸ. ਜਗਰੂਪ ਸਿੰਘ ਗਿੱਲ, ਐਮ.ਐਲ.ਏ., ਬਠਿੰਡਾ ਸ਼ਹਿਰੀ, ਸ. ਮੋਹਨ ਸਿੰਘ ਜਾਖੜ, ਮੈਂਬਰ ਪ੍ਰਬੰਧਕੀ ਬੋਰਡ ਪੀ.ਏ.ਯੂ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤਰਸੇਮ ਸਿੰਘ ਢਿੱਲੋਂ, ਯੂਨੀਵਰਸਿਟੀ ਉੱਚ ਅਧਿਕਾਰੀ ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀ ਵੀ ਮੰਚ ‘ਤੇ ਮੌਜੂਦ ਸਨ।ਮੁੱਖ ਮਹਿਮਾਨ ਸ. ਗੁਰਮੀਤ ਸਿੰਘ ਖੁੱਡੀਆਂ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਪੰਜਾਬ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਫਸਲੀ ਵਿਭਿੰਨਤਾ ਅਤੇ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਹੋਰ ਯਤਨ ਤੇਜ਼ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਕਣਕ-ਝੋਨੇ ਦੇ ਨਾਲ-ਨਾਲ ਨਰਮਾ-ਕਪਾਹ ਵਰਗੀਆਂ ਫਸਲਾਂ ਬੀਜਣ ਦੀ ਅਪੀਲ ਕੀਤੀ। ਸ. ਖੁੱਡੀਆਂ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤੀ ਦੇ ਨਾਲ-ਨਾਲ ਸਹਾਇਕ ਕਿੱਤਿਆਂ ਨੂੰ ਅਪਣਾਉਣ ’ਤੇ ਵੀ ਜ਼ੋਰ ਦਿੱਤਾ। ਸ. ਖੁੱਡੀਆਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਪ੍ਰੋਸੈਸਿੰਗ ਦੇ ਨਾਲ ਨਾਲ ਖੁਦ ਮੰਡੀਕਰਨ ਦੇ ਖੇਤਰ ਵਿੱਚ ਵੀ ਆਉਣਾ ਪਵੇਗਾ। ਪੰਜਾਬ ਵੱਲੋਂ ਦੇਸ਼ ਦੇ ਅਨਾਜ ਭੰਡਾਰ ਵਿੱਚ ਪਾਏ ਜਾ ਰਹੇ ਯੋਗਦਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਸੂਬਾ ਕੇਂਦਰੀ ਪੂਲ ਲਈ ਦੇਸ਼ ਦੇ ਕੁੱਲ ਝੋਨੇ ਦਾ ਲਗਭਗ 40 ਫ਼ੀਸਦੀ ਅਤੇ ਕਣਕ ਦਾ 25 ਫ਼ੀਸਦੀ ਹਿੱਸਾ ਮੁਹੱਈਆ ਕਰਵਾਉਂਦਾ ਹੈ। ਇਹ ਪ੍ਰਾਪਤੀ ਪੰਜਾਬ ਦੇ ਕਿਸਾਨਾਂ ਦੀ ਮਿਹਨਤ ਅਤੇ ਵਿਗਿਆਨੀਆਂ ਦੀ ਖੋਜ ਕਾਰਨ ਹੀ ਸੰਭਵ ਹੋ ਸਕੀ ਹੈ।ਪ੍ਰਧਾਨਗੀ ਭਾਸ਼ਣ ਵਿੱਚ ਪੀ.ਏ.ਯੂ. ਦੇ ਵਾਈਸ ਚਾਂਸਲਰ ਸ. ਸੁਖਜੀਤ ਪਾਲ ਸਿੰਘ, ਆਈ.ਏ.ਐਸ. ਨੇ ਕਿਹਾ ਕਿ ਯੂਨੀਵਰਸਿਟੀ ਖੇਤੀਬਾੜੀ ਦੇ ਖੇਤਰ ਵਿੱਚ ਨਵੀਆਂ ਖੋਜਾਂ ਨੂੰ ਉਤਸ਼ਾਹਿਤ ਕਰਦਿਆਂ ਖੇਤੀ ਸੁਧਾਰਾਂ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੀ.ਏ.ਯੂ. ਦੇ ਵਿਗਿਆਨੀਆਂ ਦੀ ਖੋਜ ਦਾ ਉਦੇਸ਼ ਉਸ ਨੂੰ ਪ੍ਰਯੋਗਸ਼ਾਲਾ ਜਾਂ ਖੋਜ ਕੇਂਦਰ ਤੱਕ ਸੀਮਤ ਰੱਖਣ ਦੀ ਬਜਾਏ ਕਿਸਾਨ ਦੇ ਖੇਤ ਤੱਕ ਪਹੁੰਚਾਉਣਾ ਹੈ। ਇਸੇ ਦਿਸ਼ਾ ਵਿੱਚ ਫ਼ਸਲਾਂ ਦੇ ਝਾੜ ਅਤੇ ਗੁਣਵੱਤਾ ਵਿੱਚ ਸੁਧਾਰ ਲਈ ਨਵੀਆਂ ਕਿਸਮਾਂ ਵਿਕਸਤ ਕਰਨ ਦੇ ਨਾਲ-ਨਾਲ ਪਹਿਲਾਂ ਤੋਂ ਪ੍ਰਚਲਿਤ ਕਿਸਮਾਂ ਵਿੱਚ ਵੀ ਲੋੜ ਅਨੁਸਾਰ ਸੁਧਾਰ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ  ਬਰਖ਼ਾਸਤ SSP ਦੀ ਅਦਾਲਤ ‘ਚ ਪੇਸ਼ੀ; ANTF ਨੂੰ ਮਿਲਿਆ ਪੰਜ ਦਿਨ ਦਾ ਰਿਮਾਂਡ

ਵਾਈਸ ਚਾਂਸਲਰ ਸ. ਸੁਖਜੀਤ ਪਾਲ ਸਿੰਘ, ਆਈ.ਏ.ਐਸ. ਨੇ ਕਿਸਾਨ ਮੇਲਿਆਂ ਦੀ ਭੂਮਿਕਾ ਨੂੰ ਸਿਰਫ਼ ਬੀਜਾਂ ਜਾਂ ਖੇਤੀ ਸਮੱਗਰੀ ਦੀ ਖਰੀਦ ਤੱਕ ਸੀਮਤ ਨਾ ਰੱਖਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਨੂੰ ਕਿਸਾਨਾਂ ਅਤੇ ਖੇਤੀ ਮਾਹਿਰਾਂ ਵਿਚਕਾਰ ਸਿੱਧੇ ਸੰਵਾਦ ਦੇ ਮੰਚ ਵਜੋਂ ਵਰਤਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਵੱਖ-ਵੱਖ ਖੇਤੀ ਸਮੱਸਿਆਵਾਂ ਬਾਰੇ ਵਿਚਾਰ ਕਰਨ ਅਤੇ ਉਨ੍ਹਾਂ ਨੂੰ ਵਿਗਿਆਨਕ ਸੇਧ ਦੇਣ ਲਈ ਮੇਲੇ ਵਿੱਚ ਯੂਨੀਵਰਸਿਟੀ ਦੇ ਮਾਹਿਰ ਮੌਜੂਦ ਹਨ। ਕਿਸਾਨ ਆਪਣੀਆਂ ਸਮੱਸਿਆਵਾਂ ਅਤੇ ਖੇਤ ਪੱਧਰ ’ਤੇ ਦਰਪੇਸ਼ ਚੁਣੌਤੀਆਂ ਮਾਹਿਰਾਂ ਨਾਲ ਸਾਂਝੀਆਂ ਕਰਨ। ਪਰਾਲੀ ਦੀ ਸੰਭਾਲ ਦੇ ਮੁੱਦੇ ਦਾ ਜ਼ਿਕਰ ਕਰਦਿਆਂ ਵਾਈਸ ਚਾਂਸਲਰ ਨੇ ਕਿਹਾ ਕਿ ਇਸ ਨੂੰ ਸਿਰਫ਼ ਖੇਤੀਬਾੜੀ ਨਾਲ ਜੁੜੀ ਇੱਕ ਚੁਣੌਤੀ ਵਜੋਂ ਦੇਖਣ ਦੀ ਬਜਾਏ ਇਸ ਦੀ ਉਪਯੋਗਤਾ ਨੂੰ ਸਮਝਦਿਆਂ ਇੱਕ ਖੇਤੀ ਸਰੋਤ ਵਜੋਂ ਵਰਤਣ ਵੱਲ ਧਿਆਨ ਦੇਣ ਦੀ ਲੋੜ ਹੈ।ਇਸ ਮੌਕੇ ਸ. ਜਗਰੂਪ ਸਿੰਘ ਗਿੱਲ, ਐਮ.ਐਲ.ਏ., ਬਠਿੰਡਾ ਸ਼ਹਿਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪੀ.ਏ.ਯੂ ਦੇ ਖੇਤਰੀ ਖੋਜ ਕੇਂਦਰ, ਬਠਿੰਡਾ ਕਿਸਾਨ ਮੇਲਾ ਗਿਆਨ ਦਾ ਕੇਂਦਰ ਹੈ। ਕਿਸਾਨਾਂ ਨੂੰ ਇਸ ਮੇਲੇ ਤੋਂ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਖੇਤੀ ਮਸ਼ੀਨਰੀ ਉਪਰ ਦਿੱਤੀ ਜਾਂਦੀ ਸਬਸਿਡੀ ਤੋਂ ਵੀ ਲਾਭ ਉਠਾਉਣ ਲਈ ਕਿਸਾਨਾਂ ਨੂੰ ਅਪੀਲ ਕੀਤੀ।ਹਾੜ੍ਹੀ ਦੀਆਂ ਫ਼ਸਲਾਂ ਲਈ ਪੀ.ਏ.ਯੂ. ਵੱਲੋਂ ਜਾਰੀ ਖੇਤੀ ਸਿਫ਼ਾਰਸ਼ਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਪੰਜਾਬ ਦੀ ਖੇਤੀਬਾੜੀ ਵਿੱਚ ਪੈਦਾਵਾਰ ਦੇ ਪੱਖੋਂ ਲਗਾਤਾਰ ਹੋ ਰਿਹਾ ਸੁਧਾਰ ਵਿਗਿਆਨੀਆਂ ਵੱਲੋਂ ਕੀਤੀ ਜਾ ਰਹੀ ਖੋਜ, ਕਿਸਾਨਾਂ ਦੀ ਮਿਹਨਤ, ਖੇਤੀ ਪਾਸਾਰ ਅਤੇ ਸਰਕਾਰ ਦੀਆਂ ਖੇਤੀ ਨੀਤੀਆਂ ਵਿਚਕਾਰ ਬਣੇ ਆਪਸੀ ਤਾਲਮੇਲ ਦਾ ਨਤੀਜਾ ਹੈ।ਡਾ. ਢੱਟ ਨੇ ਪੰਜਾਬ ਦੇ ਕਿਸਾਨਾਂ ਅਤੇ ਖੇਤੀ ਮਾਹਿਰਾਂ ਵੱਲੋਂ ਸਾਂਝੇ ਤੌਰ ’ਤੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਤੀ ਖੇਤਰ ਨਾਲ ਜੁੜੀਆਂ ਵੱਖ-ਵੱਖ ਧਿਰਾਂ ਦੇ ਇਨ੍ਹਾਂ ਯਤਨਾਂ ਨੇ ਨਾ ਸਿਰਫ਼ ਪੰਜਾਬ ਦੀ ਖੇਤੀ ਨੂੰ ਮਜ਼ਬੂਤ ਆਧਾਰ ਦਿੱਤਾ ਹੈ, ਸਗੋਂ ਦੇਸ਼ ਦੀ ਖੇਤੀਬਾੜੀ ਦੇ ਵਿਕਾਸ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਬਦਲਦੀਆਂ ਖੇਤੀ ਲੋੜਾਂ ਅਤੇ ਨਵੀਆਂ ਚੁਣੌਤੀਆਂ ਦੇ ਮੱਦੇਨਜ਼ਰ ਖੋਜ ਨੂੰ ਕਿਸਾਨਾਂ ਦੀਆਂ ਵਿਹਾਰਕ ਲੋੜਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਇਸ ਪ੍ਰਸੰਗ ਵਿੱਚ ਉਨ੍ਹਾਂ ਪੀ.ਏ.ਯੂ. ਵੱਲੋਂ ਕੀਤੀ ਜਾ ਰਹੀ ਖੇਤੀ ਖੋਜ ਅਤੇ ਇਸ ਦੇ ਨਤੀਜਿਆਂ ਨੂੰ ਕਿਸਾਨਾਂ ਤੱਕ ਵਿਗਿਆਨਕ ਸੇਧ ਦੇ ਰੂਪ ਵਿੱਚ ਪਹੁੰਚਾਉਣ ਲਈ ਨਿਭਾਈ ਜਾ ਰਹੀ ਭੂਮਿਕਾ ਨੂੰ ਵਿਸ਼ੇਸ਼ ਤੌਰ ’ਤੇ ਉਜਾਗਰ ਕੀਤਾ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਹੁਣ ਤਕ 995 ਕਿਸਮਾਂ ਤਿਆਰ ਕਰਕੇ ਕਾਸ਼ਤ ਲਈ ਸਿਫਾਰਸ਼ ਕੀਤੀਆਂ ਜਾ ਚੁੱਕੀਆਂ ਹਨ,ਜਿਨ੍ਹਾਂ ਵਿੱਚੋਂ 250 ਤੋਂ ਵਧੇਰੇ ਕਿਸਮਾਂ ਨੂੰ ਰਾਸ਼ਟਰੀ ਪੱਧਰ ‘ਤੇ ਪ੍ਰਵਾਨਗੀ ਮਿਲੀ ਹੈ।

ਇਹ ਵੀ ਪੜ੍ਹੋ  Bhagwant Mann govt ਦਾ ‘ਮਿਸ਼ਨ ਰੋਜ਼ਗਾਰ’ ਜਾਰੀ; ਮੁੱਖ ਮੰਤਰੀ ਵੱਲੋਂ ਪੰਜਾਬ ਪੁਲਿਸ ਵਿੱਚ 450 ਏ.ਐੱਸ.ਆਈਜ਼. ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

ਉਨ੍ਹਾਂ ਪਿਛਲੇ ਛੇ ਮਹੀਨਿਆਂ ਦੌਰਾਨ ਤਿਆਰ ਕੀਤੀਆਂ ਨਵੀਂਆਂ ਸਿਫਾਰਸ਼ੀ ਕਿਸਮਾਂ, ਉਤਪਾਦਨ ਤਕਨੀਕਾਂ, ਪੌਦ ਸੁਰੱਖਿਆ ਉਪਾਆਂ ਅਤੇ ਹੋਰ ਖੇਤੀ ਸਿਫਾਰਿਸ਼ਾਂ ਬਾਰੇ ਵੀ ਜਾਣਕਾਰੀ ਦਿੱਤੀ। ਇਨ੍ਹਾਂ ਵਿੱਚ ਕਣਕ ਦੀਆਂ ਪੀ.ਬੀ.ਡਬਲਯੂ. 887 ਅਤੇ ਪੀ.ਬੀ.ਡਬਲਯੂ. 927, ਮਸਰ ਦੀ ਐੱਲ.ਐੱਲ. 1613, ਸਰ੍ਹੋਂ ਦੀਆਂ ਪੰਜਾਬ ਰਾਇਆ ਕਨੋਲਾ-7 ਅਤੇ ਪੰਜਾਬ ਰਾਇਆ 813, ਹਾੜ੍ਹ ਬਰਸੀਮ ਦੀ ਬੀ.ਐੱਲ. 45, ਮਟਰ ਦੀ ਅਗੇਤਾ 8, ਆਲੂ, ਪਿਆਜ਼ ਅਤੇ ਲਸਣ ਦੀਆਂ ਨਵੀਆਂ ਕਿਸਮਾਂ, ਖਰਬੂਜ਼ੇ ਦੀ ਪੰਜਾਬ ਅੰਮ੍ਰਿਤ ਆਦਿ ਸ਼ਾਮਲ ਹਨ। ਉਨ੍ਹਾਂ ਨੇ ਇਹਨਾਂ ਕਿਸਮਾਂ ਦੇ ਗੁਣਾਂ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਇਨ੍ਹਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਇਸਦੇ ਨਾਲ ਹੀ ਉਨ੍ਹਾਂ ਉਤਪਾਦਨ ਤਕਨੀਕਾਂ ਵਿੱਚ ਫੋਨ ਨਾਲ ਸਿੰਚਾਈ ਸੈਂਸਰ ਜੋੜਨ, ਮੂੰਗੀ ਵਿੱਚ ਨੀਲੇ ਚਿਪਕਵੇਂ ਕਾਰਡਾਂ ਦੀ ਵਰਤੋਂ, ਗੁੱਲੀ ਡੰਡੇ ਦੀ ਰੋਕਥਾਮ, ਸੂਖਮ ਸਿੰਚਾਈ, ਗੋਭੀ ਸਰ੍ਹੋਂ ਅਤੇ ਤੋਰੀਆ ਦੀ ਅੰਤਰਫ਼ਸਲੀ ਕਾਸ਼ਤ, ਅਤੇ ਪਸ਼ੂਆਂ ਲਈ ਫ਼ਸਲੀ ਅਚਾਰ ਬਣਾਉਣ ਵਾਸਤੇ ਲੈਕਟਿਕ ਐਸਿਡ ਬੈਕਟੀਰੀਆ ਜਾਗ ਦੀ ਤਕਨਾਲੋਜੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਪਾਣੀ ਦੀ ਬਚਤ ਲਈ ਕਿਸਾਨਾਂ ਨੂੰ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਪਣਾਉਣ ਦੀ ਅਪੀਲ ਕੀਤੀ ਅਤੇ ਪਰਾਲੀ ਦੀ ਸੰਭਾਲ ਹਰ ਹਾਲਤ ਵਿੱਚ ਖੇਤ ਵਿੱਚ ਹੀ ਕਰਨ ‘ਤੇ ਜ਼ੋਰ ਦਿੱਤਾ।ਸਵਾਗਤੀ ਸੰਬੋਧਨ ਦੌਰਾਨ ਪਸਾਰ ਸਿੱਖਿਆ ਦੇ ਨਿਰਦੇਸ਼ਕ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਖੇਤੀਬਾੜੀ ਨਾਲ ਜੁੜੀ ਨਵੀਂ ਖੋਜ, ਤਕਨੀਕ ਅਤੇ ਮਾਹਿਰਾਂ ਦੀ ਸੇਧ ਨੂੰ ਕਿਸਾਨਾਂ ਤੱਕ ਪਹੁੰਚਾਉਣ ਵਿੱਚ ਕਿਸਾਨ ਮੇਲਿਆਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਤੋਂ ਪਹਿਲਾਂ ਕਰਵਾਇਆ ਗਿਆ ਇਹ ਮੇਲਾ, ਮਾਲਵਾ ਖੇਤਰ ਦੇ ਕਿਸਾਨਾਂ ਨੂੰ ਯੂਨੀਵਰਸਿਟੀ ਦੀਆਂ ਖੇਤੀ ਸਿਫ਼ਾਰਸ਼ਾਂ ਅਤੇ ਨਵੀਆਂ ਤਕਨੀਕਾਂ ਨਾਲ ਜੋੜਨ ਦਾ ਇੱਕ ਮਹੱਤਵਪੂਰਨ ਮੌਕਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਇਨ੍ਹਾਂ ਮੇਲਿਆਂ ਵਿੱਚ ਕਿਸਾਨਾਂ ਦੀ ਵਧ ਰਹੀ ਸ਼ਮੂਲੀਅਤ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਕਿਸਾਨਾਂ ਦਾ ਪੀ.ਏ.ਯੂ. ਦੀਆਂ ਖੇਤੀ ਖੋਜਾਂ ਅਤੇ ਸਿਫ਼ਾਰਸ਼ਾਂ ਪ੍ਰਤੀ ਭਰੋਸਾ ਲਗਾਤਾਰ ਮਜ਼ਬੂਤ ਹੋ ਰਿਹਾ ਹੈ।ਡਾ. ਭੁੱਲਰ ਨੇ ਕਿਹਾ ਕਿ ਖੇਤੀਬਾੜੀ ਵਿੱਚ ਨਵੀਆਂ ਤਕਨੀਕਾਂ ਨੂੰ ਅਪਣਾਉਣ ਦੇ ਨਾਲ-ਨਾਲ ਉਤਪਾਦਨ ਲਾਗਤ, ਸਰੋਤਾਂ ਦੀ ਸੁਚੱਜੀ ਵਰਤੋਂ ਅਤੇ ਆਮਦਨ ਨਾਲ ਜੁੜੇ ਪੱਖਾਂ ’ਤੇ ਵੀ ਕਿਸਾਨਾਂ ਦਾ ਧਿਆਨ ਕੇਂਦਰਿਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਪੀ.ਏ.ਯੂ. ਦੇ ਖੇਤਰੀ ਖੋਜ ਕੇਂਦਰਾਂ ਵੱਲੋਂ ਕਿਸਾਨਾਂ ਲਈ ਸਿਖਲਾਈ ਅਤੇ ਤਕਨੀਕੀ ਜਾਣਕਾਰੀ ਦੇ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਸਿੱਧਾ ਸੰਵਾਦ ਕਰਨ, ਆਪਣੀਆਂ ਖੇਤੀ ਸਮੱਸਿਆਵਾਂ ਸਾਂਝੀਆਂ ਕਰਨ ਅਤੇ ਮਾਹਿਰਾਂ ਦੀਆਂ ਸਿਫਾਰਸ਼ਾਂ ਨੂੰ ਅਮਲ ਵਿੱਚ ਲਿਆਉਣ ਲਈ ਪ੍ਰੇਰਿਤ ਕੀਤਾ।ਸਮਾਗਮ ਦੀ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ, ਪੀ.ਏ.ਯੂ. ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ।

ਇਹ ਵੀ ਪੜ੍ਹੋ  Bhagwant Mann govt ਐਸ.ਸੀ. ਬਹੁਗਿਣਤੀ ਵਾਲੇ 3,763 ਪਿੰਡਾਂ ਦੇ ਸਰਬਪੱਖੀ ਵਿਕਾਸ ‘ਤੇ 750 ਕਰੋੜ ਰੁਪਏ ਤੋਂ ਵੱਧ ਰਾਸ਼ੀ ਖ਼ਰਚੇਗੀ

ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਦੇ ਬਦਲਦੇ ਦੌਰ ਨਾਲ ਤਾਲਮੇਲ ਬਿਠਾਉਣ ਅਤੇ ਖੇਤੀ ਸੰਬੰਧੀ ਭਰੋਸੇਯੋਗ ਤੇ ਵਿਗਿਆਨਕ ਜਾਣਕਾਰੀ ਲਈ ਪੀ.ਏ.ਯੂ. ਵੱਲੋਂ ਪ੍ਰਕਾਸ਼ਿਤ ਖੇਤੀ ਸਾਹਿਤ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਵਰਸਿਟੀ ਦੇ ਹਫ਼ਤਾਵਾਰੀ ਅਖ਼ਬਾਰ ‘ਖੇਤੀ ਸੰਦੇਸ਼’ ਦੇ ਨਾਲ-ਨਾਲ ਪੀ.ਏ.ਯੂ. ਦੇ ਫੇਸਬੁੱਕ ਲਾਈਵ ਪ੍ਰੋਗਰਾਮਾਂ, ਵਟਸਐਪ ਗਰੁੱਪਾਂ ਅਤੇ ਯੂ-ਟਿਊਬ ਚੈਨਲ ਰਾਹੀਂ ਵੀ ਖੇਤੀ ਮਾਹਿਰਾਂ ਦੀ ਸੇਧ ਅਤੇ ਨਵੀਂ ਜਾਣਕਾਰੀ ਹਾਸਲ ਕਰ ਸਕਦੇ ਹਨ।ਇਸ ਮੌਕੇ ਇਸਟੀਚਿਊਟ ਆਫ਼ ਐਗਰੀਕਲਚਰ, ਬਠਿੰਡਾ ਦੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਤਕਨੀਕੀ ਸੈਸ਼ਨ ਦੌਰਾਨ ਪੀ.ਏ.ਯੂ. ਦੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਨੇ ਕਿਸਾਨਾਂ ਨਾਲ ਸਵਾਲ-ਜਵਾਬ ਕਰਦਿਆਂ ਉਨ੍ਹਾਂ ਦੀਆਂ ਖੇਤੀਬਾੜੀ ਨਾਲ ਜੁੜੀਆਂ ਸਮੱਸਿਆਵਾਂ ’ਤੇ ਵਿਚਾਰ-ਚਰਚਾ ਕੀਤੀ ਅਤੇ ਲੋੜੀਂਦੀ ਤਕਨੀਕੀ ਸੇਧ ਦਿੱਤੀ।ਸਮਾਗਮ ਦੇ ਅੰਤ ਵਿੱਚ ਖੇਤਰੀ ਖੋਜ ਕੇਂਦਰ, ਬਠਿੰਡਾ ਦੇ ਨਿਰਦੇਸ਼ਕ ਡਾ. ਕਰਮਜੀਤ ਸਿੰਘ ਸੇਖੋਂ ਨੇ ਸਭ ਦਾ ਧੰਨਵਾਦ ਕੀਤਾ।ਕਿਸਾਨ ਮੇਲੇ ਦੌਰਾਨ ਸਵੈ-ਸੇਵੀ ਸੰਸਥਾਵਾਂ, ਕਿਸਾਨ ਉਤਪਾਦਕ ਸੰਗਠਨਾਂ ਅਤੇ ਨਿੱਜੀ ਅਦਾਰਿਆਂ ਤੋਂ ਇਲਾਵਾ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਅਤੇ ਖੇਤੀਬਾੜੀ ਵਿਭਾਗ ਵੱਲੋਂ ਲਗਾਈਆਂ ਗਈਆਂ ਸਟਾਲਾਂ ਖਿੱਚ ਦਾ ਕੇਂਦਰ ਬਣੀਆਂ। ਇਨ੍ਹਾਂ ਰਾਹੀਂ ਕਿਸਾਨਾਂ ਨੂੰ ਖੇਤੀਬਾੜੀ ਨਾਲ ਜੁੜੇ ਉਤਪਾਦਾਂ, ਸੇਵਾਵਾਂ ਅਤੇ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ।ਮੇਲੇ ਵਿੱਚ ਕਿਸਾਨਾਂ ਨੇ ਹਾੜ੍ਹੀ ਦੀਆਂ ਫ਼ਸਲਾਂ ਦੇ ਬੀਜਾਂ, ਫ਼ਲਦਾਰ ਬੂਟਿਆਂ ਅਤੇ ਪੀ.ਏ.ਯੂ. ਦੇ ਖੇਤੀ ਸਾਹਿਤ ਦੀ ਖਰੀਦ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ। ਇਸ ਮੌਕੇ ਹਾੜ੍ਹੀ ਦੀਆਂ ਫ਼ਸਲਾਂ ਨਾਲ ਸਬੰਧਤ ਯੂਨੀਵਰਸਿਟੀ ਦਾ ਨਵਾਂ ਖੇਤੀ ਸਾਹਿਤ ਵੀ ਪ੍ਰਧਾਨਗੀ ਮੰਡਲ ਵੱਲੋਂ ਜਾਰੀ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Vigilance Bureau ਨੇ ਪ੍ਰਾਈਵੇਟ ਪਾਸਪੋਰਟ ਏਜੰਟ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

Jalandhar News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...

Congress ਨੇ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਕੀਤਾ ਪ੍ਰਦਰਸ਼ਨ

👉ਕੁਮਾਰ ਦੀ ਅਗਵਾਈ ਹੇਠ ਚੋਣ ਕਮਿਸ਼ਨ ਸਿਰਫ਼ ਭਾਜਪਾ ਦਾ...

ਕਰੀਬ 100 ਕਰੋੜ ਰੁਪਏ ਦੇ ਵਿਕਾਸ ਕਾਰਜਾਂ ’ਤੇ ਸਰਬਸੰਮਤੀ ਨਾਲ ਲੱਗੀ ਮੋਹਰ

👉ਮੇਅਰ ਪਦਮਜੀਤ ਸਿੰਘ ਮਹਿਤਾ ਦੇ ਦੂਜੇ ਕਾਰਜਕਾਲ ਦੀ ਦੂਜੀ...