👉ਬਿਆਸ ਦਰਿਆ ਦੀਆਂ ਸੰਵੇਦਨਸ਼ੀਲ ਥਾਵਾਂ ‘ਤੇ 32.09 ਕਰੋੜ ਰੁਪਏ ਦੀ ਲਾਗਤ ਨਾਲ ਹੜ੍ਹ ਸੁਰੱਖਿਆ ਕਾਰਜ ਮੁਕੰਮਲ ਕੀਤੇ; ਮਨਰੇਗਾ ਅਧੀਨ 11.98 ਕਰੋੜ ਰੁਪਏ ਦੇ ਕਾਰਜ ਨੇਪਰੇ ਚਾੜ੍ਹੇ; 12 ਕਾਰਜ ਮੁਕੰਮਲ ਅਤੇ ਇੱਕ ਪ੍ਰਗਤੀ ਅਧੀਨ
Chandigarh News:ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਅਧੀਨ ਆਉਂਦੇ ਪਿੰਡਾਂ, ਖੇਤੀਬਾੜੀ ਜ਼ਮੀਨ ਅਤੇ ਉਥੋਂ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਸੂਬਾ ਸਰਕਾਰ ਵੱਲੋਂ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਕਮਜ਼ੋਰ ਹਿੱਸਿਆਂ ‘ਤੇ ਹੜ੍ਹ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਆਪਕ ਕਦਮ ਚੁੱਕੇ ਗਏ ਹਨ।ਵਿਧਾਨ ਸਭਾ ਵਿੱਚ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਅੰਮ੍ਰਿਤਸਰ ਰੋਡ ‘ਤੇ ਬਿਆਸ ਪੁਲ ਤੋਂ ਲੈ ਕੇ ਹਰੀਕੇ ਪੱਤਣ ਤੱਕ ਦਰਿਆ ਬਿਆਸ ਦੇ ਨਾਲ ਲਗਦੀਆਂ ਕਮਜ਼ੋਰ ਥਾਵਾਂ ਬਾਰੇ ਅਤੇ ਵਿਧਾਇਕ ਰਜਨੀਸ਼ ਕੁਮਾਰ ਦਹੀਆ ਵੱਲੋਂ ਸਬ-ਤਹਿਸੀਲ ਮਮਦੋਟ ਖੇਤਰ ਵਿੱਚ ਸਤਲੁਜ ਦਰਿਆ ਦੇ ਨਾਲ ਲਗਦੇ ਹੜ੍ਹ ਸੁਰੱਖਿਆ ਢਾਂਚਿਆਂ ਬਾਰੇ ਉਠਾਏ ਗਏ ਧਿਆਨ ਦਿਵਾਊ ਨੋਟਿਸਾਂ ਦਾ ਜਵਾਬ ਦਿੰਦਿਆਂ ਜਲ ਸਰੋਤ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਕਮਜ਼ੋਰ ਥਾਵਾਂ ਦੀ ਪਛਾਣ ਕਰਨ, ਤਰਜੀਹ ਦੇਣ ਅਤੇ ਇਨ੍ਹਾਂ ਦੀ ਮਜ਼ਬੂਤੀ ਲਈ ਇੱਕ ਯੋਜਨਾਬੱਧ ਅਤੇ ਤਕਨੀਕੀ ਪਹੁੰਚ ਅਪਣਾਈ ਗਈ ਹੈ। ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਧਿਆਨ ਦਵਾਊ ਨੋਟਿਸ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਅੰਮ੍ਰਿਤਸਰ ਰੋਡ ‘ਤੇ ਬਿਆਸ ਪੁਲ ਤੋਂ ਲੈ ਕੇ ਹਰੀਕੇ ਪੱਤਣ ਤੱਕ ਬਿਆਸ ਦਰਿਆ ਦੇ ਨਾਲ ਹੜ੍ਹ ਸੁਰੱਖਿਆ ਪ੍ਰਣਾਲੀ ਦੀ ਵਿਆਪਕ ਸਮੀਖਿਆ ਕੀਤੀ ਗਈ ਤਾਂ ਜੋ ਸੰਵੇਦਨਸ਼ੀਲ ਸਥਾਨਾਂ ਦੀ ਪਛਾਣ ਕੀਤੀ ਜਾ ਸਕੇ।
ਸਬੰਧਤ ਡਰੇਨੇਜ ਡਿਵੀਜ਼ਨਾਂ ਵੱਲੋਂ ਵਿਸਤ੍ਰਿਤ ਸਰਵੇਖਣ ਕੀਤੇ ਗਏ, ਜਿਸ ਉਪਰੰਤ ਸੁਪਰਡੈਂਟਿੰਗ ਇੰਜੀਨੀਅਰਾਂ ਦੀ ਇੱਕ ਕਮੇਟੀ ਵੱਲੋਂ ਫੀਲਡ ਨਿਰੀਖਣ ਕੀਤੇ ਗਏ ਅਤੇ ਕਮਜ਼ੋਰ ਥਾਵਾਂ ਦੀ ਪਛਾਣ ਕੀਤੀ ਗਈ ਅਤੇ ਢੁਕਵੇਂ ਤਕਨੀਕੀ ਉਪਾਵਾਂ ਦੀ ਸਿਫ਼ਾਰਸ਼ ਕੀਤੀ ਗਈ। ਇਸ ਤੋਂ ਬਾਅਦ ਮੁੱਖ ਇੰਜੀਨੀਅਰਾਂ ਦੀ ਉੱਚ-ਪੱਧਰੀ ਕਮੇਟੀ ਨੇ ਪਛਾਣੇ ਗਏ ਸਥਾਨਾਂ ਦਾ ਨਿਰੀਖਣ ਕੀਤਾ, ਉਨ੍ਹਾਂ ਦੀਆਂ ਤਰਜੀਹਾਂ ਨੂੰ ਅੰਤਿਮ ਰੂਪ ਦਿੱਤਾ ਅਤੇ ਢੁਕਵੇਂ ਹੜ੍ਹ ਸੁਰੱਖਿਆ ਕਾਰਜਾਂ ਦੀ ਸਿਫ਼ਾਰਸ਼ ਕੀਤੀ। ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਪਛਾਣੀਆਂ ਗਈਆਂ ਸੰਵੇਦਨਸ਼ੀਲ ਥਾਵਾਂ ‘ਤੇ ਰਾਜ ਦੇ ਫੰਡਾਂ ਰਾਹੀਂ 32.09 ਕਰੋੜ ਰੁਪਏ ਦੇ ਹੜ੍ਹ ਸੁਰੱਖਿਆ ਕਾਰਜ ਮੁਕੰਮਲ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 12 ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕੇ ਹਨ ਅਤੇ ਇੱਕ ਕੰਮ ਪ੍ਰਗਤੀ ਅਧੀਨ ਹੈ।ਸਾਲ 2025 ਦੇ ਹੜ੍ਹਾਂ ਦੌਰਾਨ ਨੁਕਸਾਨੇ ਗਏ ਐਡਵਾਂਸ ਬੰਨ੍ਹ ਨੰਬਰ 2 ਅਤੇ ਸੁੱਜੋ ਕਾਲੀਆ ਐਡਵਾਂਸ ਬੰਨ੍ਹ ਦੀ ਮੁਰੰਮਤ ਅਤੇ ਮਜ਼ਬੂਤੀ ਸਬੰਧੀ ਕਾਰਜ ਵੀ ਮੁਕੰਮਲ ਹੋ ਗਏ ਹਨ।ਵਿਧਾਇਕ ਰਜਨੀਸ਼ ਕੁਮਾਰ ਦਹੀਆ ਵੱਲੋਂ ਲਿਆਂਦੇ ਧਿਆਨ ਦਿਵਾਊ ਨੋਟਿਸ ਦਾ ਜਵਾਬ ਦਿੰਦਿਆਂ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਸਬ-ਤਹਿਸੀਲ ਮਮਦੋਟ ਅਧੀਨ ਪੈਂਦੇ ਪਿੰਡ ਦੋਨਾ ਤੇਲੂ ਮੱਲ, ਕਾਲੂ ਅਰਾਈਆਂ ਹਿਠਾੜ, ਫੱਤੇਵਾਲਾ ਹਿਠਾੜ, ਰੁਹੇਲਾ ਹਾਜ਼ੀ, ਗੰਧੂ ਕਿਲਚਾ ਹਿਠਾੜ ਅਤੇ ਨਿਹਾਲਾ ਕਿਲਚਾ ਸਤਲੁਜ ਦਰਿਆ ਦੇ ਖੱਬੇ ਕੰਢੇ ‘ਤੇ ਸਥਿਤ ਹਨ। ਗੰਧੂ ਕਿਲਚਾ ਹਿਠਾੜ ਅਤੇ ਦੋਨਾ ਤੇਲੂ ਮੱਲ ਦਰਿਆ ਦੇ ਕੰਢੇ ਸਥਿਤ ਹਨ, ਜਦੋਂ ਕਿ ਬਾਕੀ ਪਿੰਡ ਦਰਿਆ ਤੋਂ ਕੁਝ ਦੂਰੀ ‘ਤੇ ਸਥਿਤ ਹਨ।ਸਟੱਡ ਨੰਬਰ 512 ਤੋਂ 520 ਦੇ ਹਵਾਲੇ ਨੂੰ ਸਪੱਸ਼ਟ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਹੜ੍ਹ ਸੁਰੱਖਿਆ ਢਾਂਚੇ ਨੂੰ ਇਸ ਤਰੀਕੇ ਨਾਲ ਵੱਖਰੀ ਨੰਬਰਿੰਗ ਨਹੀਂ ਦਿੱਤੀ ਜਾਂਦੀ।ਜਲ ਸਰੋਤ ਮੰਤਰੀ ਨੇ ਕਿਹਾ ਕਿ ਨੁਕਸਾਨੇ ਗਏ ਢਾਂਚੇ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਫੀਲਡ ਇੰਸਪੈਕਸ਼ਨ ਰਾਹੀਂ ਪਹਿਲਾਂ ਹੀ ਲਿਆ ਜਾ ਚੁੱਕਾ ਹੈ।
ਫੀਲਡ ਪੱਧਰੀ ਕਮੇਟੀ ਵੱਲੋਂ ਕੀਤੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਨੁਕਸਾਨੇ ਗਏ ਢਾਂਚੇ ਦੀ ਮੁਰੰਮਤ ਅਤੇ ਪੁਨਰ-ਨਿਰਮਾਣ ਦੀ ਤਜਵੀਜ਼ ਫਲੱਡ ਮੈਨੇਜਮੈਂਟ ਪ੍ਰੋਗਰਾਮ ਵਿੱਚ ਸ਼ਾਮਲ ਕੀਤੀ ਗਈ ਹੈ ਅਤੇ ਵਿਸਥਾਰਤ ਪ੍ਰਾਜੈਕਟ ਰਿਪੋਰਟ (ਡੀ.ਪੀ.ਆਰ) ਪ੍ਰਵਾਨਗੀ ਲਈ ਭਾਰਤ ਸਰਕਾਰ ਨੂੰ ਭੇਜ ਦਿੱਤੀ ਗਈ ਹੈ।ਸ੍ਰੀ ਗੋਇਲ ਨੇ ਕਿਹਾ ਕਿ ਮਮਦੋਟ ਖੇਤਰ ਵਿੱਚ ਹੜ੍ਹ ਸੁਰੱਖਿਆ ਪ੍ਰਣਾਲੀ ਦੀ ਸੰਵੇਦਨਸ਼ੀਲਤਾ ਨੂੰ ਮੁੱਖ ਰੱਖਦਿਆਂ ਜਲ ਸਰੋਤ ਵਿਭਾਗ ਵੱਲੋਂ ਸਾਲ 2026-27 ਦੇ ਹੜ੍ਹ ਤਿਆਰੀ ਪ੍ਰੋਗਰਾਮ ਤਹਿਤ ਸੰਵੇਦਨਸ਼ੀਲ ਥਾਵਾਂ ਦੀ ਵਿਆਪਕ ਸਮੀਖਿਆ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਕੈਬਨਿਟ ਮੰਤਰੀ ਨੇ ਸਦਨ ਨੂੰ ਅੱਗੇ ਦੱਸਿਆ ਕਿ ਮਮਦੋਟ ਖੇਤਰ ਵਿੱਚ ਹੜ੍ਹ ਸੁਰੱਖਿਆ ਪ੍ਰਣਾਲੀ ਦੀ ਸੰਵੇਦਨਸ਼ੀਲਤਾ ਨੂੰ ਮੁੱਖ ਰੱਖਦਿਆਂ ਵਿਭਾਗ ਨੇ ਪਹਿਲਾਂ ਹੀ ਪਿੰਡ ਗੰਧੂ ਕਿਲਚਾ ਹਿਠਾੜ ਵਿਖੇ ਆਰ.ਡੀ. 10,650 ਅਤੇ ਆਰ.ਡੀ. 11,700 ਦੇ ਵਿਚਕਾਰ ਇੱਕ ਨਵਾਂ ਸਪੱਰ, 700 ਫੁੱਟ ਜਿਓ-ਬੈਗ ਰਿਵੇਟਮੈਂਟ ਅਤੇ ਪੰਜ ਸਟੱਡਜ਼ ਦਾ ਨਿਰਮਾਣ ਕੀਤਾ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰਜਾਂ ‘ਤੇ ਲਗਭਗ 5 ਕਰੋੜ ਰੁਪਏ ਖਰਚ ਕੀਤੇ ਗਏ ਹਨ। ਜਲ ਸਰੋਤ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਹੜ੍ਹ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਤਰਜੀਹ ਦੇ ਆਧਾਰ ‘ਤੇ ਮਜ਼ਬੂਤ ਕਰਨ ਅਤੇ ਸੰਵੇਦਨਸ਼ੀਲ ਥਾਵਾਂ ‘ਤੇ ਸਮੇਂ ਸਿਰ ਰੋਕਥਾਮ ਵਾਲੇ ਕਦਮ ਚੁੱਕਣ ਲਈ ਵਚਨਬੱਧ ਹੈ ਤਾਂ ਜੋ ਵਾਹੀਯੋਗ ਜ਼ਮੀਨ ਨੂੰ ਹੜ੍ਹਾਂ ਅਤੇ ਗਾਰ ਤੋਂ ਬਚਾਉਣ ਤੋਂ ਇਲਾਵਾ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕੀਤੀ ਜਾ ਸਕੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




