ਚੰਡੀਗੜ੍ਹ, 16 ਜੂਨ: ਹੁਣ ਤੱਕ ਬੰਦੀ ਸਿੰਘਾਂ ਤੇ ਖ਼ਾਲਿਸਤਾਨੀਆਂ ਦੇ ਕੱਟੜ ਵਿਰੋਧੀ ਰਹੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਪਿਛਲੇ ਦਿਨੀਂ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਦੇ ਰਾਸਤੇ ਵਿਚ ਰੁਕਾਵਟ ਨਾ ਬਣਨ ਬਾਰੇ ਕਿਹਾ ਸੀ, ਉਥੇ ਹੁਣ ਉਨ੍ਹਾਂ ਵੱਲੋਂ ਖਾਲਿਸਤਾਨੀ ਹਿਮਾਇਤੀ ਮੰਨੇ ਜਾਂਦੇ ਭਾਈ ਅੰਮ੍ਰਿਤਪਾਲ ਸਿੰਘ ਦੇ ਪ੍ਰਵਾਰ ਨੂੰ ਮਿਲਣ ਦਾ ਐਲਾਨ ਕੀਤਾ ਹੈ। ਇੱਕ ਨਿੱਜੀ ਟੀਵੀ ਚੈਨਲ ਨਾਲ ਹੋਈ ਗੱਲਬਾਤ ਦੀ ਇਹ ਵੀਡੀਓ ਸੋਸਲ ਮੀਡੀਆ ’ਤੇ ਕਾਫ਼ੀ ਵਾਈਰਲ ਹੋਈ ਹੈ, ਜਿਸਦੇ ਵਿਚ ਪੱਤਰਕਾਰ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਕਾਰਡ ਤੋੜ ਵੋਟਾਂ ਨਾਲ ਚੋਣ ਜਿੱਤ ਜਾਣ ਤੋਂ ਬਾਅਦ ਰਿਹਾਈ ਦੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਬਿੱਟੂ ਕਹਿ ਰਹੇ ਹਨ ਕਿ ‘‘ ਅੰਮ੍ਰਿਤਪਾਲ ਸਿੰਘ ਨੂੰ ਵੋਟ ਪੈਣ ਦਾ ਮੁੱਖ ਕਾਰਨ ਹੀ ਲੋਕਾਂ ਵੱਲੋਂ ਉਸਨੂੰ ਜੇਲ ਵਿਚੋਂ ਬਾਹਰ ਲਿਆਉਣ ਦਾ ਸੀ ਤੇ ਇਸਦੇ ਚੱਲਦੇ ਉਹ ਇੱਕ ਮੰਤਰੀ ਹੋਣ ਦੇ ਨਾਤੇ ਉਸਦੇ ਪ੍ਰਵਾਰ ਨੂੰ ਜਰੂਰ ਮਿਲਕੇ ਜਾਣਨਾ ਚਾਹੁੰਣਗੇ ਕਿ ਉਹ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਕੀ ਕਰਨਾ ਚਾਹੁੰਦੇ ਹਨ। ‘‘
ਚੰਡੀਗੜ੍ਹ-ਰਾਜਪੁਰਾ ਰੇਲਵੇ ਲਿੰਕ ਮੁੱਖ ਤਰਜੀਹ:ਰਵਨੀਤ ਬਿੱਟੂ
ਬਿੱਟੂ ਨੇ ਕਿਹਾ ਕਿ ਪ੍ਰਵਾਰ ਦੇ ਮੈਂਬਰਾਂ ਨਾਲ ਅੰੰਮ੍ਰਿਤਪਾਲ ਦੀ ਕੀ ਗੱਲ ਹੁੰਦੀ ਹੈ, ਉਹ ਕੀ ਸੋਚਦੇ ਹਨ। ਕੀ ਕਰਨਾ ਚਾਹੁੰਦੇ ਹਨ, ਇਹ ਪ੍ਰਵਾਰ ਦੇ ਮੈਂਬਰ ਹੀ ਦੱਸ ਸਕਦੇ ਹਨ ਜੋਕਿ ਉਨ੍ਹਾਂ ਨਾਲ ਜੇਲ੍ਹ ਵਿਚ ਜਾ ਕੇ ਮੁਲਾਕਾਤ ਕਰਦੇ ਹਨ। ਬਿੱਟੂ ਨੇ ਇਹ ਵੀ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਮਾਮਲਾ ਉਸਦੇ ਨਾਲ ਨਿੱਜੀ ਤੌਰ ’ਤੇ ਨਹੀਂ ਜੁੜਿਆ ਹੋਇਆ ਹੈ ਜਦੋਂਕਿ ਬੰਦੀ ਸਿੱਖਾਂ ਦਾ ਮਾਮਲਾ ਨਿੱਜੀ ਤੌਰ ‘ਤੇ ਜੁੜਿਆ ਹੋਇਆ ਹੈ। ਜਿਕਰਯੋਗ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਪ੍ਰਵਾਰ ਤੋਂ ਇਲਾਵਾ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ।