ਪੌਣੇ ਚਾਰ ਕਿਲੋ ਸੋਨੇ ਦੀ ਲੁੱਟ ਦਾ ਮਾਮਲਾ: ਪੁਲਿਸ ਮੁਲਾਜਮਾਂ ਦਾ ਸਾਥ ਦੇਣ ਵਾਲਾ ਸਰਪੰਚ ਵੀ ਗ੍ਰਿਫਤਾਰ

0
13

 

ਪੰਜ ਮੁਲਜਮਾਂ ਵਿਚੋਂ ਤਿੰਨ ਗ੍ਰਿਫਤਾਰ, ਦੋ ਫ਼ਰਾਰ
ਗ੍ਰਿਫਤਾਰ ਮੁਲਜਮਾਂ ਵਿਚੋਂ ਇੱਕ ਪੁਲਿਸ ਮੁਲਾਜਮ ਤੇ ਸਰਪੰਚ ਸ਼ਾਮਲ, ਫ਼ਰਾਰਾਂ ’ਚ ਵੀ ਪੁਲਿਸ ਮੁਲਾਜਮ
ਬਠਿੰਡਾ, 7 ਦਸੰਬਰ: ਲੰਘੀ 3 ਦਸੰਬਰ ਦੀ ਰਾਤ ਨੂੰ ਸੰਗਰੂਰ ਦੇ ਰੇਲਵੇ ਸਟੇਸ਼ਨ ਤੋਂ ਇੱਕ ਸੋਨਾ ਡਿਲੀਵਰੀ ਏਜੰਟ ਤੋਂ ਪੌਣੇ ਚਾਰ ਕਿਲੋਂ ਸੋਨਾ ਲੁੱਟਣ ਦੇ ਮਾਮਲੇ ਵਿਚ ਬਠਿੰਡਾ ਪੁਲਿਸ ਨੇ ਇੱਕ ਸਰਪੰਚ ਸਹਿਤ ਦੋ ਹੋਰ ਮੁਲਜਮਾਂ ਨੂੰ ਕਾਬੂ ਕਰ ਲਿਆ ਹੈ। ਇਸ ਘਟਨਾ ਵਿਚ ਸ਼ਾਮਲ ਇੱਕ ਪੁਲਿਸ ਮੁਲਾਜਮ ਨੂੰ ਦੋ ਦਿਨ ਪਹਿਲਾਂ ਹੀ ਸਿਵਲ ਲਾਈਨ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਂਝ ਇਸ ਘਟਨਾ ਵਿਚ ਸ਼ਾਮਲ ਕੁੱਲ ਪੰਜ ਮੁਲਜਮਾਂ ਵਿਚੋਂ ਦੋ ਹਾਲੇ ਤੱਕ ਫ਼ਰਾਰ ਹਨ, ਜਿੰਨ੍ਹਾਂ ਵਿਚ ਇੱਕ ਪੁਲਿਸ ਮੁਲਾਜਮ ਵੀ ਸ਼ਾਮਲ ਹੈ।

ਬਠਿੰਡਾ ਏਮਜ਼ ਵਿਚ ਨਰਸਿੰਗ ਸਟਾਫ਼ ਦੀ ਹੜਤਾਲ ਨੇ ਫ਼ੜਿਆ ਜੋਰ, ਪ੍ਰਸ਼ਾਸਨ ਵਲੋਂ ਕਾਰਵਾਈ ਦੀ ਤਿਆਰੀ

ਦੋ ਜਣਿਆਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਬਠਿੰਡਾ ਦੇ ਥਾਣਾ ਸਿਵਲ ਲਾਈਨ ਦੇ ਐਸ ਐਚ ਓ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਦੋ ਮੁਲਜਮਾਂ ਜੈਰਾਮ ਅਤੇ ਨਿਸ਼ਾਨ ਸਿੰਘ ਨੂੰ ਬੀਤੀ ਰਾਤ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਜੈਰਾਮ ਪਿੰਡ ਰਾਏਪੁਰ ਜ਼ਿਲ੍ਹਾ ਫ਼ਾਜਲਿਕਾ ਦਾ ਸਰਪੰਚ ਹੈ ਜਦ ਕਿ ਦੂਜਾ ਮੁਜਰਮ ਨਿਸ਼ਾਨ ਸਿੰਘ ਮੁਕਤਸਰ ਜ਼ਿਲ੍ਹੈ ਦੇ ਪਿੰਡ ਸਰਾਵਾਂ ਬੋਦਲਾ ਦਾ ਰਹਿਣ ਵਾਲਾ ਹੈ। ਥਾਣਾ ਮੁਖੀ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਹਾਲੇ ਫ਼ਰਾਰ ਦੋ ਮੁਲਜਮਾਂ ਵਿਚੋਂ ਵਿਨੋਦ ਕੁਮਾਰ ਨਾਂ ਦਾ ਮੁਲਜਮ ਪੰਜਾਬ ਪੁਲਿਸ ਦਾ ਹੌਲਦਾਰ ਹੈ, ਜਿਸਨੂੰ ਇਸ ਘਟਨਾ ਦਾ ਮੁੱਖ ਮਾਸਟਰਮਾਈਡ ਕਿਹਾ ਜਾ ਰਿਹਾ। ਉਨ੍ਹਾਂ ਦਸਿਆ ਕਿ ਇਸਤੋਂ ਪਹਿਲਾਂ ਗ੍ਰਿਫਤਾਰ ਕੀਤਾ ਇੱਕ ਹੋਰ ਮੁਲਜਮ ਅਸੀਮ ਕੁਮਾਰ ਵਾਸੀ ਫ਼ਾਜਲਿਕਾ ਵੀ ਪੁਲਿਸ ਮਹਿਕਮੇ ਵਿਚ ਕਾਂਸਟੇਬਲ ਹੈ।

ਸਰਕਾਰੀ ਦਫ਼ਤਰਾਂ ’ਚ ਕੰਮਕਾਜ਼ ਲਈ ਜਾਣ ਵਾਲੇ ਸਾਵਧਾਨ: ਬਾਬੂਆਂ ਦੀ ਹੜਤਾਲ 11 ਦਸੰਬਰ ਤੱਕ ਵਧੀ

ਮੁਢਲੀ ਪੁਛਗਿਛ ਦੌਰਾਨ ਪੁਲਿਸ ਹੱਥ ਇਹ ਸੁਰਾਗ ਲੱਗੇ ਹਨ ਕਿ ਇਸ ਲੁੱਟ ਦੀ ਘਟਨਾ ਦੀ ਸਾਰੀ ਵਿਉਂਤਬੰਦੀ ਹੌਲਦਾਰ ਵਿਨੋਦ ਕੁਮਾਰ ਨੇ ਹੀ ਕੀਤੀ ਸੀ ਜੋਕਿ ਐਕਸਾਈਜ ਵਿਭਾਗ ਵਿਚ ਡੈਪੂਟੇਸ਼ਨ ’ਤੇ ਤੈਨਾਤ ਹਨ। ਇਸਤੋਂ ਇਲਾਵਾ ਗ੍ਰਿਫਤਾਰ ਸਰਪੰਚ ਜੈਰਾਮ ਦੀ ਵੀ ਵੱਡੀ ਭੂਮਿਕਾ ਹੈ, ਜਿੰਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁਛਗਿਛ ਕੀਤੀ ਜਾਵੇਗੀ। ਦਸਣਾ ਬਣਦਾ ਹੈ ਕਿ ਰਾਜੂ ਰਾਮ ਪੁੱਤਰ ਗਵੋਰਧਨ ਵਾਸੀ ਬੀਕਾਨੇਰ ਰਾਜਸਥਾਨ ਦਿੱਲੀ ਤੋਂ ਟਰੇਨ ਰਾਹੀਂ ਸੋਨੇ ਦੇ ਗਹਿਣਿਆਂ ਵਾਲਾ ਬੈਗ ਲੈ ਕੇ ਬਠਿੰਡਾ ਆ ਰਿਹਾ ਸੀ। ਇਸ ਦੌਰਾਨ ਕੁਝ ਨੌਜਵਾਨਾਂ, ਜਿੰਨ੍ਹਾਂ ਵਿਚ ਦੋ ਮੁਲਜਮ ਪੁਲਿਸ ਵਰਦੀ ਵਿਚ ਸਨ। ਇੰਨ੍ਹਾਂ ਨੌਜਵਾਨਾਂ ਨੇ ਸੰਗਰੂਰ ਰੇਲਵੇ ਸਟੇਸ਼ਨ ’ਤੇ ਰਾਜੂ ਰਾਮ ਕੋਲੋਂ ਗਹਿਣਿਆਂ ਵਾਲਾ ਬੈਗ ਖੋਹ ਲਿਆ ਸੀ।

ਵਿਜੀਲੈਂਸ ਵੱਲੋਂ ਰਿਸ਼ਵਤ ਦੇ ਦੋਸ਼ਾਂ ਹੇਠ ਕਾਬੂ ਕੀਤਾ ਮਿਲਕ ਪਲਾਂਟ ਦਾ ਮੈਨੇਜਰ ਨਿਕਲਿਆਂ ਕਰੋੜਪਤੀ

ਘਟਨਾ ਤੋਂ ਬਾਅਦ ਬਠਿੰਡਾ ਪੁਲਿਸ ਨੂੰ ਇਨਪੁਟ ਮਿਲੀ ਸੀ ਕਿ ਲੁਟੇਰੇ ਇਟਓਸ ਕਾਰ ਉਪਰ ਬਠਿੰਡਾ ਵੱਲ ਆ ਰਹੇ ਹਨ, ਜਿਸਦੇ ਚੱਲਦੇ ਬੀਬੀਵਾਲਾ ਚੌਕ ’ਤੇ ਨਾਕਾਬੰਦੀ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸਿਸ ਕੀਤੀ ਪ੍ਰੰਤੂ ਪੀਸੀਆਰ ਜਵਾਨਾਂ ਨਾਲ ਧੱਕੇਮੁੱਕੀ ਹੁੰਦੇ ਇਹ ਮੁਲਜਮ ਫ਼ਰਾਰ ਹੋਣ ਵਿਚ ਸਫ਼ਲ ਰਹੇ ਸਨ। ਹਾਲਾਂਕਿ ਇਸ ਦੌਰਾਨ ਸੋਨੇ ਦੇ ਗਹਿਣਿਆਂ ਵਾਲਾ ਬੈਗ ਬਠਿੰਡਾ ਪੁਲਿਸ ਨੇ ਬਰਾਮਦ ਕਰ ਲਿਆ ਸੀ। ਇਸ ਘਟਨਾ ਤੋਂ ਕੁੱਝ ਸਮੇਂ ਪਹਿਲਾਂ ਹੀ ਬਠਿੰਡਾ ਦਾ ਇੱਕ ਸੁਨਿਆਰਾ ਸਾਹਿਲ ਖਿੱਪਲ, ਜਿਸਦਾ ਮਾਲ ਵੀ ਰਾਜੂ ਰਾਮ ਲੈ ਕੇ ਆਇਆ ਸੀ, ਨੇ ਇਸ ਘਟਨਾ ਦੀ ਸਿਕਾਇਤ ਪੁਲਿਸ ਨੂੰ ਕਰ ਦਿੱਤੀ ਸੀ। ਜਿਸਦੇ ਆਧਾਰ ’ਤੇ ਸਿਵਲ ਲਾਈਨ ਪੁਲਿਸ ਨੇ ਇਸ ਸਬੰਧੀ ਮੁ ਨੰ 335 ਮਿਤੀ 04.12.2023 ਅ/ਧ 411 ਆਈ ਪੀ ਸੀ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਪੁਲਿਸ ਕੁੱਝ ਹੀ ਘੰਟਿਆਂ ਬਾਅਦ ਘਟਨਾ ਵਿਚ ਸ਼ਾਮਲ ਕਾਂਸਟੇਬਲ ਅਸੀਮ ਕੁਮਾਰ ਵਾਸੀ ਪਿੰਡ ਰਾਮਸਰਾ ਜ਼ਿਲ੍ਹਾ ਫ਼ਾਜਲਿਕਾ ਨੂੰ ਗ੍ਰਿਫਤਾਰ ਕਰ ਲਿਆ ਸੀ।

 

LEAVE A REPLY

Please enter your comment!
Please enter your name here