Mohali News: ਰਾਮਲੀਲਾ ਅਤੇ ਦੁਸਹਿਰਾ ਗਰਾਊਂਡ, ਫੇਜ਼-1, ਮੋਹਾਲੀ ਵਿਖੇ ਸ੍ਰੀ ਰਾਮਲੀਲਾ ਅਤੇ ਦੁਸਹਿਰਾ ਕਮੇਟੀ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੀ ਚੌਥੀ ਰਾਤ ਸੀਤਾ ਸਵੰਬਰ ਦਾ ਮਨਮੋਹਕ ਮੰਚਨ ਕੀਤਾ ਗਿਆ। ਜਨਕਪੁਰ ਦੇ ਸ਼ਾਨਦਾਰ ਦਰਬਾਰ, ਰਾਜਕੁਮਾਰੀ ਸੀਤਾ ਦੇ ਸਵੰਬਰ ਅਤੇ ਸ਼ਿਵ ਧਨੁਸ਼ ਚੁੱਕਣ ਦੀ ਚੁਣੌਤੀ ਦੇ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਜਿਵੇਂ-ਜਿਵੇਂ ਸਵੰਬਰ ਦਾ ਪ੍ਰਸੰਗ ਅੱਗੇ ਵਧਿਆ, ਦਰਸ਼ਕਾਂ ਦੀ ਉਤਸੁਕਤਾ ਵੀ ਵਧਦੀ ਗਈ। ਭਗਵਾਨ ਸ੍ਰੀ ਰਾਮ ਵੱਲੋਂ ਸ਼ਿਵ ਧਨੁਸ਼ ਤੋੜਨ ਦੇ ਦ੍ਰਿਸ਼ ਨੇ ਪੂਰੇ ਮੰਚਨ ਨੂੰ ਰੋਮਾਂਚਕ ਬਣਾ ਦਿੱਤਾ।ਮੰਚਨ ਦੌਰਾਨ ਰਾਜਾ ਜਨਕ ਦੀ ਭੂਮਿਕਾ ਅਮਿਤ ਵਰਮਾ, ਰਾਣੀ ਸੁਨੈਨਾ ਦੀ ਭੂਮਿਕਾ ਸ਼ਾਨੂ ਅਤੇ ਮਾਤਾ ਸੀਤਾ ਦੀ ਭੂਮਿਕਾ ਸ਼ਿਵਾਨੀ ਨੇ ਨਿਭਾਈ। ਭਗਵਾਨ ਸ੍ਰੀ ਰਾਮ ਦੇ ਰੂਪ ਵਿੱਚ ਪ੍ਰਤੀਕ, ਲਕਸ਼ਮਣ ਦੇ ਰੂਪ ਵਿੱਚ ਸੰਦੀਪ ਰਾਣਾ ਅਤੇ ਮਹਾਰਿਸ਼ੀ ਵਿਸ਼ਵਾਮਿੱਤਰ ਦੇ ਰੂਪ ਵਿੱਚ ਸਿਕੰਦਰ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਇਸੇ ਤਰ੍ਹਾਂ ਪਰਸ਼ੂਰਾਮ ਦੀ ਭੂਮਿਕਾ ਗੌਰਵ ਅਤੇ ਰਾਵਣ ਦੀ ਭੂਮਿਕਾ ਕਮਲ ਨੇ ਨਿਭਾਈ। ਸਵੰਬਰ ਵਿੱਚ ਸ਼ਾਮਲ ਹੋਏ ਵੱਖ-ਵੱਖ ਰਾਜਿਆਂ ਅਤੇ ਹੋਰ ਪਾਤਰਾਂ ਦੀ ਭੂਮਿਕਾ ਨਿਭਾਉਣ ਵਾਲੇ ਕਲਾਕਾਰਾਂ ਨੇ ਵੀ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ।
ਸੀਤਾ ਸਵੰਬਰ ਰਾਮਾਇਣ ਦਾ ਇੱਕ ਮਹੱਤਵਪੂਰਨ ਪ੍ਰਸੰਗ ਹੈ। ਭਗਵਾਨ ਸ੍ਰੀ ਰਾਮ ਵੱਲੋਂ ਸ਼ਿਵ ਧਨੁਸ਼ ਭੰਗ ਕਰਨ ਨਾਲ ਮਾਤਾ ਸੀਤਾ ਅਤੇ ਸ੍ਰੀ ਰਾਮ ਦੇ ਵਿਆਹ ਦਾ ਰਾਹ ਪੱਧਰਾ ਹੁੰਦਾ ਹੈ। ਇਸ ਪ੍ਰਸੰਗ ਵਿੱਚ ਸਵੰਬਰ ਦੀ ਚੁਣੌਤੀ ਜਿੱਥੇ ਦਰਸ਼ਕਾਂ ਵਿੱਚ ਉਤਸੁਕਤਾ ਪੈਦਾ ਕਰਦੀ ਹੈ, ਉੱਥੇ ਹੀ ਸ੍ਰੀ ਰਾਮ ਦਾ ਸੰਜਮ, ਸਮਰੱਥਾ ਅਤੇ ਮਰਿਆਦਾ ਉਨ੍ਹਾਂ ਨੂੰ ਪ੍ਰਭਾਵਿਤ ਕਰਦੀ ਹੈ। ਕਲਾਕਾਰਾਂ ਨੇ ਆਪਣੇ ਸੰਵਾਦਾਂ ਅਤੇ ਅਦਾਕਾਰੀ ਰਾਹੀਂ ਇਸ ਧਾਰਮਿਕ ਪ੍ਰਸੰਗ ਦੀ ਮਹੱਤਤਾ ਨੂੰ ਬਾਖੂਬੀ ਪੇਸ਼ ਕੀਤਾ।ਸ੍ਰੀ ਰਾਮਲੀਲਾ ਅਤੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਆਸ਼ੂ ਸੂਦ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਇਸ ਰਾਮਲੀਲਾ ਰਾਹੀਂ ਰਾਮਾਇਣ ਦੇ ਵੱਖ-ਵੱਖ ਪ੍ਰਸੰਗਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਰਾਮਲੀਲਾ ਦਾ ਮੰਚਨ 19 ਅਕਤੂਬਰ ਤੱਕ ਜਾਰੀ ਰਹੇਗਾ, ਜਦਕਿ 20 ਅਕਤੂਬਰ ਨੂੰ ਵਿਜੇਦਸ਼ਮੀ ਦਾ ਤਿਉਹਾਰ ਮਨਾਇਆ ਜਾਵੇਗਾ। ਵਿਜੇਦਸ਼ਮੀ ਤੋਂ ਤੁਰੰਤ ਬਾਅਦ ਰਾਜਤਿਲਕ ਦੀ ਰਸਮ ਵੀ ਅਦਾ ਕੀਤੀ ਜਾਵੇਗੀ। ਕਮੇਟੀ ਨੇ ਸ਼ਹਿਰ ਵਾਸੀਆਂ ਨੂੰ ਪਰਿਵਾਰ ਸਮੇਤ ਪਹੁੰਚ ਕੇ ਰਾਮਲੀਲਾ ਦੇਖਣ ਅਤੇ ਇਸ ਧਾਰਮਿਕ ਤੇ ਸੱਭਿਆਚਾਰਕ ਪਰੰਪਰਾ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



