ਪੰਜਾਬੀ ਖ਼ਬਰਸਾਰ ਬਿਊਰੋ
ਮਾਨਸਾ/ਬਠਿੰਡਾ, 27 ਮਈ: ਦਿਨੋਂ ਦਿਨ ਮਾੜੀ ਹੋ ਰਹੀ ਆਰਥਿਕਤਾ ਦੇ ਚੱਲਦੇ ਅੱਜ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਵਿਚ ਇੱਕ ਮਜਦੂਰ ਔਰਤ ਤੇ ਇੱਕ ਕਿਸਾਨ ਨੇ ਜਹਿਰਲੀ ਦਵਾਈ ਪੀ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੋਨਾਂ ਹੀ ਮਾਮਲਿਆਂ ਵਿਚ ਪੁਲਿਸ ਨੇ ਧਾਰਾ 174 ਦੀ ਕਾਰਵਾਈ ਕੀਤੀ ਹੈ। ਪਹਿਲਾਂ ਘਟਨਾ ਮਾਨਸਾ ਜ਼ਿਲ੍ਹੇ ਦੇ ਪਿੰਡ ਸੇਰਖਾਨ ਵਿਖੇ ਵਾਪਰੀ ਹੈ, ਜਿਥੇ ਹਰਜੀਤ ਕੌਰ ਨਾਂ ਦੀ ਮਜਦੂਰ ਔਰਤ ਨੂੰ ਆਖ਼ਰੀ ਕਦਮ ਚੁੱਕਣਾ ਪਿਆ। ਮਿ੍ਰਤਕ ਬੇਸ਼ੱਕ ਪਿੰਡ ਬਾਗੜੀਆਂ ਵਿਖੇ ਵਿਆਹੀ ਹੋਈ ਸੀ ਪ੍ਰੰਤੂ ਪਿਛਲੇ ਕੁੱਝ ਸਾਲਾਂ ਤੋਂ ਉਹ ਅਪਣੇ ਪਤੀ ਤੇ ਪ੍ਰਵਾਰ ਨਾਲ ਪੇਕੇ ਪਿੰਡ ਸੇਰਖ਼ਾਨ ਵਿਖੇ ਹੀ ਰਹਿ ਰਹੀ ਸੀ। ਪਿੰਡ ਵਾਸੀਆਂ ਮੁਤਾਬਕ ਦੋਨਾਂ ਪਤੀ-ਪਤਨੀ ਮਜਦੂਰੀ ਕਰਕੇ ਅਪਣਾ ਘਰ ਚਲਾਉਂਦੇ ਸਨ ਪ੍ਰੰਤੂ ਘਟ ਰਹੀ ਆਰਥਿਕਤਾ ਤੇ ਵਧ ਰਹੇ ਕਰਜ਼ੇ ਦੇ ਬੋਝ ਨੂੰ ਹਰਜੀਤ ਕੌਰ ਸਹਿ ਨਾ ਸਕੀ। ਇਸੇ ਤਰ੍ਹਾਂ ਦੂਜੀ ਘਟਨਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਨਥੇਹਾ ਵਿਚ ਵਾਪਰੀ ਹੈ, ਜਿੱਥੇ ਪਰਮਜੀਤ ਸਿੰਘ ਨਾਂ ਦੇ ਕਿਸਾਨ ਨੇ ਵੀ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਸੂਚਨਾ ਮੁਤਾਬਕ ਮਿ੍ਰਤਕ ਪਰਮਜੀਤ ਦੇ ਉਪਰ ਲੱਖਾਂ ਰੁਪਏ ਕਰਜ਼ੇ ਦਾ ਬੋਝ ਸੀ। ਇਸ ਦੌਰਾਨ ਪਿਛਲੇ ਸੀਜ਼ਨ ਵਿਚ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫ਼ਸਲ ਖ਼ਰਾਬ ਹੋ ਗਈ ਤੇ ਹੁਣ ਕਣਕ ਦਾ ਝਾੜ ਘਟ ਗਿਆ। ਪ੍ਰੰਤੂ ਕਰਜ਼ੇ ਦੀ ਲੈਣਦਾਰੀ ਵਾਲਿਆਂ ਦੇ ਗੇੜੇ ਵਧਦੇ ਗਏ, ਜਿਸ ਕਾਰਨ ਕਿਸਾਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਅੱਜ ਉਹ ਰੋਜ਼ ਦੀ ਤਰ੍ਹਾਂ ਅਪਣੇ ਖੇਤ ਵਿਚ ਗਿਆ, ਜਿਥੇ ਉਸਨੇ ਕੀਟਨਾਸ਼ਕ ਦਵਾਈ ਪੀ ਕੇ ਅਪਣੀ ਜਾਨ ਦੇ ਦਿੱਤੀ।
ਆਰਥਿਕ ਤੰਗੀ ਦੇ ਚੱਲਦੇ ਮਜਦੂਰ ਔਰਤ ਤੇ ਕਿਸਾਨ ਨੇ ਜੀਵਨ ਲੀਲਾ ਕੀਤੀ ਸਮਾਪਤ
10 Views