ਸੁਖਜਿੰਦਰ ਮਾਨ
ਬਠਿੰਡਾ, 26 ਜੁਲਾਈ : ਰੂਪਨਗਰ ਖੇਤਰ ਨਾਲ ਸਬੰਧਤ ਇੱਕ ਵਿਧਾਇਕ ਵੱਲੋਂ ਕਥਿਤ ਤੌਰ ’ਤੇ ਤਹਿਸੀਲਦਾਰ ਅਤੇ ਰਜਿਸਟਰੀ ਕਲਰਕ ਨੂੰ ਬੇਇੱਜਤ ਕਰਨ ਦੇ ਮਾਮਲੇ ਵਿਚ ਮਾਲ ਅਧਿਕਾਰੀਆਂ ਵਲੋਂ ਸ਼ੁਰੂ ਕੀਤੀ ਅਣਮਿਥੇ ਸਮੇਂ ਲਈ ਹੜਤਾਲ ਵਿਚ ਸਹਿਯੋਗ ਕਰ ਰਹੇ ਡੀਸੀ ਦਫ਼ਤਰ ਇੰਪਲਾਈਜ਼ ਯੂਨੀਅਨ ਨੇ ਵੀ ਅਪਣੀ ਹੜਤਾਲ 30 ਜੁਲਾਈ ਤੱਕ ਅੱਗੇ ਵਧਾ ਦਿੱਤੀ ਹੈ। ਡੀਸੀ ਦਫ਼ਤਰ ਦੇ ਮੁਲਾਜਮਾਂ ਦੇ ਵੀ ਹੜਤਾਲ ’ਤੇ ਚਲੇ ਜਾਣ ਕਾਰਨ ਦਫ਼ਤਰਾਂ ਵਿਚ ਹੋਣ ਵਾਲਾ ਰੋਜ਼ਮਰਾ ਦਾ ਕੰਮ ਵੀ ਪ੍ਰਭਾਵਿਤ ਹੋਣ ਲੱਗਾ ਹੈ। ਜਦ ਕਿ ਰਜਿਸਟਰੀਆਂ ਦਾ ਕੰਮ ਰੁਕਣ ਕਾਰਨ ਸਰਕਾਰ ਹਰ ਰੋਜ ਕਰੋੜਾਂ ਦਾ ਘਾਟਾ ਪੈਣ ਲੱਗਿਆ ਹੈ। ਇਸਦੀ ਪੁਸ਼ਟੀ ਕਰਦਿਆਂ ਡੀਸੀ ਦਫ਼ਤਰ ਇੰਪਲਾਈਜ਼ ਯੂਨੀਅਨ ਬਠਿੰਡਾ ਦੇ ਪ੍ਰਧਾਨ ਕੁਲਦੀਪ ਸ਼ਰਮਾ ਨੇ ਦਸਿਆ ਕਿ ਸੂਬਾਈ ਐਸੋਸੀਏਸਨ ਦੇ ਫੈਸਲੇ ਮੁਤਾਬਕ ਹੁਣ ਉਨ੍ਹਾਂ ਦੀ ਕਲਮ ਛੋੜ ਹੜਤਾਲ 30 ਜੁਲਾਈ ਤੱਕ ਚੱਲੇਗੀ। ਜਿਸਤੋਂ ਬਾਅਦ ਅਗਲਾ ਫੈਸਲਾ ਲਿਆ ਜਾਵੇਗਾ। ਸ਼੍ਰੀ ਸਰਮਾ ਨੇ ਦਸਿਆ ਕਿ ਮਸਲੇ ਦੇ ਹੱਲ ਲਈ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵਲੋਂ ਰੈਵਨਿਊ ਐਸੋਸੀਏਸ਼ਨ ਅਤੇ ਡੀਸੀ ਦਫਤਰ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ ਸੀ ਪ੍ਰੰਤੂ ਉਹ ਬੇਸਿੱਟਾ ਰਹੀ।
ਡੀਸੀ ਦਫ਼ਤਰ ਇੰਪਲਾਈਜ਼ ਯੂਨੀਅਨ ਪੰਜਾਬ ਨੇ 30 ਤੱਕ ਵਧਾਈ ਕਲਮਛੋੜ ਹੜਤਾਲ
18 Views