ਅਦਾਲਤ ਨੇ ਭੇਜਿਆ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ
ਬਠਿੰਡਾ, 11 ਅਕਤੂਬਰ: ਦੋ ਸਾਲ ਪਹਿਲਾਂ ਦੋ ਨਸ਼ਾ ਤਸਕਰਾਂ ਨੂੰ ਕਥਿਤ ਤੌਰ ‘ਤੇ ਲੱਖਾਂ ਰੁਪਏ ਲੈ ਕੇ ਛੱਡਣ ਦੇ ਮਾਮਲੇ ਵਿਚ ਪੁਲਿਸ ਨੂੰ ਲੋੜੀਦੇ ਬਠਿੰਡਾ ਦੇ ਚਰਚਿਤ ਸਾਬਕਾ ਪੁਲਿਸ ਇੰਸਪੈਕਟਰ ਰਜਿੰਦਰ ਕੁਮਾਰ ਨੇ ਆਖ਼ਰਕਾਰ ਅਦਾਲਤ ਵਿਚ ਆਤਮ ਸਮੱਰਪਣ ਕਰ ਦਿੱਤਾ ਹੈ। ਸਥਾਨਕ ਅਦਾਲਤ ਨੇ ਇਸ ਮਾਮਲੇ ਵਿਚ ਉਕਤ ਸਾਬਕਾ ਇੰਸਪੈਕਟਰ ਨੂੰ ਐਸ.ਟੀ.ਐਫ਼ ਕੋਲ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਰਜਿੰਦਰ ਕੁਮਾਰ ਪਿਛਲੇ ਕਈ ਮਹੀਨਿਆਂ ਤੋਂ ਪੁਲਿਸ ਹਿਰਾਸਤ ਤੋਂ ਬਚਣ ਲਈ ਭੱਜਦੋੜ ਕਰ ਰਿਹਾ ਸੀ ਤੇ ਪਤਾ ਚੱਲਿਆ ਹੈ ਕਿ ਉੱਚ ਅਦਾਲਤ ਨੇ ਵੀ ਉਸਦੀ ਜਮਾਨਤ ਅਰਜੀ ਨਾਮੰਨਜੂਰ ਕਰ ਦਿੱਤੀ ਸੀ, ਜਿਸਦੇ ਚੱਲਦੇ ਉਸਦੇ ਕੋਲ ਹੁਣ ਆਤਮਸਮੱਰਪਣ ਕਰਨ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਬਚਿਆ ਸੀ। ਇਹ ਅਧਿਕਾਰੀ ਦੀ ਸੇਵਾ ਮੁਕਤੀ ਲੰਘੀ 30 ਅਪ੍ਰੈਲ ਨੂੰ ਸੀ।
ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵਲੋਂ ਜੀਤਮਹਿੰਦਰ ਸਿੱਧੂ ਨੂੰ ਪਾਰਟੀ ’ਚੋਂ ਮੁਅੱਤਲ, ਕਾਰਣ ਦੱਸੋ ਨੋਟਿਸ ਜਾਰੀ
ਗੌਰਤਲਬ ਹੈ ਕਿ ਪਹਿਲਾਂ ਵੀ ਕਈ ਮੁਕੱਦਮਿਆਂ ਦਾ ਸਾਹਮਣਾ ਕਰਨ ਵਾਲੇ ਇੰਸਪੈਕਟਰ ਰਜਿੰਦਰ ਕੁਮਾਰ ਅਤੇ ਉਸਦੇ ਇੱਕ ਸਹਿਯੋਗੀ ਥਾਣੇਦਾਰ ਜਰਨੈਲ ਸਿੰਘ ਵਿਰੁਧ ਮੋਹਾਲੀ ਵਿਖੇ ਸਥਿਤ ਐਸਟੀਐਫ਼ ਥਾਣੇ ’ਚ 14 ਅਕਤਬੂਰ 2021 ਨੂੰ ਮੁਕੱਦਮਾ ਨੰਬਰ 184 ਅਧੀਨ ਧਾਰਾ ਅੰਡਰ ਸੈਕਸ਼ਨ 29,59 ਆਫ਼ ਦਾ ਨਾਰਕੋਟਿਸ ਡਰੱਗਜ਼ ਐਕਟ 1985, ਸੈਕਸ਼ਨ 7,13(2) ਭ੍ਰਿਸਟਾਚਾਰ ਰੋਕੂੁ ਐਕਟ 1988 ਅਤੇ ਸੈਕਸ਼ਨ 213,214,384 ਤੇ 120 ਬੀ ਆਈਪੀਸੀ ਤਹਿਤ ਕੇਸ ਦਰਜ਼ ਕੀਤਾ ਗਿਆ ਸੀ। ਪੁਲਿਸ ਦੀ ਕਹਾਣੀ ਮੁਤਾਬਕ ਇੰਸਪੈਕਟਰ ਰਜਿੰਦਰ ਕੁਮਾਰ ਜਦ ਸਪੈਸ਼ਲ ਸਟਾਫ ਬਠਿੰਡਾ ਦਾ ਇੰਚਾਰਜ਼ ਸੀ ਤਦ 7 ਅਕਤੂਬਰ 2021 ਨੂੰ ਥਾਣੇਦਾਰ ਜਰਨੈਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸਹਿਰ ’ਚ ਸਥਿਤ ਹੋਟਲ ਅੰਬੈਸੀ ਦੇ ਰੂਮ ਨੰਬਰ 203 ਵਿਚ ਛਾਪੇਮਾਰੀ ਕਰਕੇ ਦੋ ਨਸ਼ਾ ਤਸਕਰਾਂ ਜੋਰਾ ਸਿੰਘ ਅਤੇ ਪ੍ਰਦੀਪ ਕੁਮਾਰ ਨੂੰ 100 ਗ੍ਰਾਂਮ ਹੈਰੋਇਨ ਸਹਿਤ ਗ੍ਰਿਫਤਾਰ ਕੀਤਾ ਸੀ।
ਮਨਪ੍ਰੀਤ ਬਾਦਲ ਪੁੱਜੇ ਹੁਣ ਹਾਈਕੋਰਟ ਦੀ ਸ਼ਰਨ ’ਚ, ਵਿਜੀਲੈਂਸ ਨੇ ਮੁੜ ‘ਜੋਜੋ’ ਦੀ ਕੋਠੀ ’ਚ ਦਿੱਤੀ ਦਸਤਕ
ਐਸਟੀਐਫ਼ ਦੇ ਤਤਕਾਲੀ ਡੀਐਸਪੀ ਦਵਿੰਦਰ ਸਿੰਘ ਵਲੋਂ ਉਚ ਅਧਿਕਾਰੀਆਂ ਨੂੰ ਭੇਜੀ ਗਈ ਰੀਪੋਰਟ ਮੁਤਾਬੁਕ ਹੈਰੋਇਨ ਬਰਾਮਦਗੀ ਤੋਂ ਬਾਅਦ ਦੋਨਾਂ ਤਸਕਰਾਂ ਨੂੰ ਥਾਣਾ ਥਰਮਲ ਵਿਚ ਸਥਿਤ ਐਸਟੀਐਫ਼ ਦੇ ਦਫ਼ਤਰ ’ਚ ਲਿਆਂਦਾ ਗਿਆ। ਜਿੱਥੇ ਉਨ੍ਹਾਂ ਵਿਰੁਧ ਕੋਈ ਪਰਚਾ ਦਰਜ਼ ਕਰਨ ਦੀ ਬਜਾਏ ਕਥਿਤ ਤੌਰ ’ਤੇ ਤਿੰਨ ਲੱਖ ਰੁਪਏ ਲੈ ਕੇ ਛੱਡ ਦਿੱਤਾ ਗਿਆ। ਮੌਕੇ ’ਤੇ ਜੋਰਾ ਸਿੰਘ ਦੇ ਦੋਸਤ ਵਿਜੇ ਕੁਮਾਰ ਵਲੋਂ 50 ਹਜ਼ਾਰ ਰੁਪਏ ਦਾ ਪ੍ਰਬੰਧ ਕਰਕੇ ਇੰਸਪੈਕਟਰ ਰਜਿੰਦਰ ਕੁਮਾਰ ਨੂੰ ਦਿੱਤਾ ਗਿਆ ਤੇ 40 ਹਜ਼ਾਰ ਰੁਪਏ ਪ੍ਰਦੀਪ ਕੁਮਾਰ ਨੇ ਥਾਣੇਦਾਰ ਜਰਨੈਲ ਸਿੰਘ ਨੂੰ ਦਿੱਤੇ। ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਨਸ਼ਾ ਤਸਕਰਾਂ ਨੂੰ ਪੈਸੇ ਲੈ ਕੇ ਛੱਡਣ ਦੀ ਇਹ ਕਹਾਣੀ ਐਸ.ਟੀ.ਐਫ਼ ਹੈਡਕੁਆਟਰ ਨੂੰ ਉਸ ਸਮੇਂ ਲੱਗੀ ਜਦ ਉਕਤ ਦੋਨੋਂ ਤਸਕਰ ਕੁੱਝ ਦਿਨਾਂ ਬਾਅਦ ਮੁੜ ਉਨ੍ਹਾਂ ਦੇ ਅੜਿੱਕੇ ਚੜ੍ਹ ਗਏ ਸਨ ਤੇ ਸਖ਼ਤੀ ਨਾਲ ਕੀਤੀ ਗਈ ਪੁਛਗਿਛ ਦੌਰਾਨ ਉਨ੍ਹਾਂ ਬਠਿੰਡਾ ’ਚ ਪੈਸੇ ਦੇ ਕੇ ਛੁੱਟਣ ਦੀ ‘ਕਹਾਣੀ’ ਬਿਆਨ ਕਰ ਦਿੱਤੀ।
ਵਿਜੀਲੈਂਸ ਵੱਲੋਂ 40,000 ਰੁਪਏ ਰਿਸ਼ਵਤ ਲੈਂਦਾ ਪੁਲਿਸ ਇੰਸਪੈਕਟਰ ਰੰਗੇ ਹੱਥੀਂ ਕਾਬੂ
ਜਿਸਤੋਂ ਬਾਅਦ ਉਚ ਅਧਿਕਾਰੀਆਂ ਵਲੋਂ ਹੋਟਲ ਦੇ ਆਸਪਾਸ ਅਤੇ ਥਾਣਾ ਥਰਮਲ ਦੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਕਢਾਉਣ ਤੋਂ ਇਲਾਵਾ ਇੰਨ੍ਹਾਂ ਦਾਗੀ ਪੁਲਿਸ ਅਫ਼ਸਰਾਂ ਤੇ ਨਸ਼ਾ ਤਸਕਰਾਂ ਦੀ ਕਾਲ ਡਿਟੇਲ ਵੀ ਕਢਵਾਈ ਗਈ। ਸੂਤਰਾਂ ਅਨੁਸਾਰ ਜਾਂਚ ਤੋਂ ਬਾਅਦ ਇਹ ਕਹਾਣੀ ਸੱਚ ਸਾਬਤ ਹੋ ਗਈ ਤੇ ਦੋਨਾਂ ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ। ਇਸ ਮਾਮਲੇ ਵਿਚ ਐਸ.ਟੀ.ਐਫ਼ ਨੇ ਪਹਿਲਾਂ ਹੀ ਥਾਣੇਦਾਰ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸਦੀ ਬਾਅਦ ਵਿਚ ਜਮਾਨਤ ਹੋ ਗਈ ਸੀ। ਇਹ ਵੀ ਪਤਾ ਲੱਗਿਆ ਹੈ ਕਿ ਸਿਪਾਹੀ ਭਰਤੀ ਹੋਏ ਇੰਸਪੈਕਟਰ ਰਜਿੰਦਰ ਕੁਮਾਰ ਨੂੰ ਦੋ ਵਾਰ ਮੁਅੱਤਲ ਕੀਤਾ ਜਾ ਚੁੱਕਾ ਹੈ ਤੇ ਪੰਜ ਦਫ਼ਾ ਇਸਦੀ ਨੌਕਰੀ ਜਬਤ ਕੀਤੀ ਗਈ ਹੈ। ਇਸਤੋਂ ਇਲਾਵਾ ਕੈਨਾਲੀ ਚੌਕੀ ’ਚ ਤੈਨਾਤੀ ਦੌਰਾਨ ਇੱਕ ਵਿਅਕਤੀ ਦੀ ਹਿਰਾਸਤ ’ਚ ਹੋਈ ਮੌਤ ਦੇ ਮਾਮਲੇ ਵਿਚ ਇਸਦੇ ਵਿਰੁਧ ਪਰਚਾ ਦਰਜ਼ ਕੀਤਾ ਗਿਆ ਸੀ, ਜਿਹੜਾ ਬਾਅਦ ਵਿਚ ਰਾਜੀਨਾਮਾ ਹੋਣ ਦੇ ਚੱਲਦੇ ਖ਼ਤਮ ਹੋਇਆ।
Share the post "ਨਸ਼ਾ ਤਸਕਰਾਂ ਨੂੰ ਛੱਡਣ ਦੇ ਮਾਮਲੇ ’ਚ ਫ਼ਸੇ ਸਾਬਕਾ ਪੁਲਿਸ ਇੰਸਪੈਕਟਰ ਨੇ ਕੀਤਾ ਆਤਮ-ਸਮੱਰਪਣ"