ਥਾਣਾ ਕੁਲਗੜ੍ਹੀ ਜਿਲਾ ਫਿਰੋਜਪੁਰ ਦਾ ਐਸ.ਐਚ.ਓ ਰੁਪਿੰਦਰਪਾਲ ਸਿੰਘ ਮੰਗ ਰਿਹਾ ਸੀ 80,000 ਰੁਪਏ ਦੀ ਰਿਸ਼ਵਤ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ, 12 ਨਵੰਬਰ:ਵਿਜੀਲੈਂਸ ਬਿਉਰੋ ਵਲੋਂ ਪਿਛਲੇ ਕੁੱਝ ਸਮੇਂ ਤੋਂ ਦਿਖਾਈ ਜਾ ਰਹੀ ਗਤੀਸ਼ੀਲਤਾ ਪੰਜਾਬ ਪੁਲਿਸ ‘ਤੇ ਭਾਰੀ ਪੈਂਦੀ ਜਾਪ ਰਹੀ ਹੈ। ਪਿਛਲੇ ਚਾਰ ਦਿਨਾਂ ਵਿੱਚ ਕੀਤੀ ਕਾਰਵਾਈ ਤਹਿਤ ਵਿਜੀਲੈੰਸ ਟੀਮ ਵਲੋਂ ਅੱਜ ਤੀਜੇ ਥਾਣਾ ਮੁਖੀ ਨੂੰ ਰਿਸਵਤ ਲੈਂਦਿਆਂ ਗਿ੍ਫ਼ਤਾਰ ਕੀਤਾ ਗਿਆ ਹੈ। ਅੱਜ ਗਿ੍ਫ਼ਤਾਰ ਕੀਤਾ ਗਿਆ ਥਾਣਾ ਮੁਖੀ ਫਿਰੋਜ਼ਪੁਰ ਜਿਲ੍ਹੇ ਅਧੀਨ ਆਉਂਦੇ ਥਾਣਾ ਕੁਲਗੁੜੀ ਵਿਖੇ ਤੈਨਾਤ ਸੀ, ਜਿਸਦੀ ਪਹਿਚਾਣ ਇੰਸਪੈਕਟਰ ਰੁਪਿੰਦਰਪਾਲ ਸਿੰਘ ਦੇ ਤੌਰ ‘ਤੇ ਹੋਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਲੰਘੇ ਬੁੱਧਵਾਰ ਨੂੰ ਵਿਜੀਲੈਸ ਬਿਉਰੋ ਬਠਿੰਡਾ ਦੀ ਟੀਮ ਵਲੋਂ ਨਹਿਆ ਵਾਲਾ ਦੇ ਥਾਣਾ ਮੁਖੀ ਬਲਕੌਰ ਸਿੰਘ ਅਤੇ ਉਸਦੇ ਨਾਲ ਥਾਣੇਦਾਰ ਪਰਮਜੀਤ ਸਿੰਘ ਨੂੰ 50 ਹਜਾਰ ਰੁਪਏ ਦੀ ਰਿਸਵਤ ਲੈਂਦਿਆਂ ਕਾਬੂ ਕੀਤਾ ਸੀ, ਜਦੋਂਕਿ ਉਸਤੋਂ ਦੂਜੇ ਦਿਨ ਫਾਜਲਿਕਾ ਮਹਿਲਾ ਥਾਣਾ ਦੀ ਮੁਖੀ ਬਖਸੀਸ ਕੌਰ ਦਸ ਹਜਾਰ ਲੈਂਦਿਆਂ ਫੜੀ ਗਈ ਸੀ। ਉਧਰ ਅੱਜ ਵਾਲੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਗਗਨਦੀਪ ਸਿੰਘ ਵਾਸੀ ਪਿੰਡ ਕਾਸੂ ਬੇਗ, ਜਿਲਾ ਫਿਰੋਜਪੁਰ ਨੇ ਬਿਉਰੋ ਨੂੰ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉਤੇ ਉਕਤ ਥਾਣੇਦਾਰ ਰੁਪਿੰਦਰਪਾਲ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੀ ਪੜਤਾਲ ਦੇ ਆਧਾਰ ਤੇ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਇਸ ਸ਼ਿਕਾਇਤ ਤੇ ਸਬੂਤਾਂ ਦੀ ਪੜਤਾਲ ਦੌਰਾਨ ਪਾਇਆ ਗਿਆ ਕਿ ਉਕਤ ਪਿੰਡ ਦੇ ਵਾਸੀ ਮੇਜਰ ਸਿੰਘ ਅਤੇ ਉਸਦੇ ਬੇਟੇ ਖ਼ਿਲਾਫ਼ ਥਾਣਾ ਗੁਲਗੜ੍ਹੀ ਵਿੱਚ ਦਰਜ ਇੱਕ ਮੁਕੱਦਮੇ ਦੀ ਤਫਤੀਸ਼ ਉਕਤ ਮੁਲਜ਼ਮ ਐਸ.ਐਚ.ਓ ਵੱਲੋਂ ਕੀਤੀ ਜਾ ਰਹੀ ਸੀ ਤੇ ਉਸ ਨੇ ਇਸ ਮੁਕੱਦਮੇ ਵਿਚ ਉਨ੍ਹਾਂ ਦੀ ਮੱਦਦ ਕਰਨ ਤੇ ਪੁਲਿਸ ਕੇਸ ਨਾ ਦਰਜ ਕਰਨ ਬਦਲੇ 80,000 ਰੁਪਏ ਦੀ ਮੰਗ ਕੀਤੀ ਹੈ ਜਦਕਿ ਉਕਤ ਪੁਲਿਸ ਅਧਿਕਾਰੀ ਸ਼ਿਕਾਇਤਕਰਤਾ ਤੋਂ 70,000 ਰੁਪਏ ਰਿਸ਼ਵਤ ਵਜੋਂ ਪਹਿਲਾਂ ਹੀ ਲੈ ਚੁੱਕਾ ਹੈ। ਜਾਂਚ ਦੌਰਾਨ ਇਹ ਦੋਸ਼ ਸਹੀ ਪਾਏ ਜਾਣ ਉਤੇ ਉਕਤ ਪੁਲਿਸ ਮੁਲਾਜ਼ਮ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਬਾਕਸ
ਬਠਿੰਡਾ ਜਿਲੇ ਚ ਤੈਨਾਤ ਦੋ ਵੱਡੇ ਥਾਣੇਦਾਰ ਵੀ ਵਿਜੀਲੈਂਸ ਦੀ ਰਾਡਾਰ ‘ਤੇ
ਉਧਰ ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਬਠਿੰਡਾ ਜਿਲੇ ਵਿੱਚ ਤੈਨਾਤ ਦੋ ਵੱਡੇ ਥਾਣੇਦਾਰ ਵੀ ਵਿਜੀਲੈਂਸ ਦੀ ਰਾਡਾਰ ‘ਤੇ ਹਨ, ਜਿੰਨ੍ਹਾਂ ਵਿਚੋਂ ਇੱਕ ਜਿਲੇ ਦੇ ਮਾਲਦਾਰ ਮੰਨੇ ਜਾਂਦੇ ਇੱਕ ਥਾਣੇ ਦਾ ਮੁਖੀ ਦਸਿਆ ਜਾ ਰਿਹਾ। ਸੂਤਰਾਂ ਮੁਤਾਬਕ ਕਾਫੀ ਹੰਢੇ-ਵਰਤੇ ਥਾਣਾ ਮੁਖੀ ਦੇ ਤੌਰ ‘ਤੇ ਚਰਚਿਤ ਇਸ ਥਾਣਾ ਮੁਖੀ ਦੀ ‘ਪੈਸਿਆ’ ਨਾਲ ਮੁਹੱਬਤ ਦੇ ਕਾਫ਼ੀ ਕਿੱਸੇ ਸਾਹਮਣੇ ਆ ਰਹੇ ਹਨ। ਇਸਤੋਂ ਇਲਾਵਾ ਵਿਜੀਲੈਂਸ ਕੋਲ ਇੱਕ ਵਿੰਗ ਦੇ ਵੱਡੇ ਥਾਣੇਦਾਰ ਦੇ ਵੀ ਕਰੋਡ਼ਪਤੀ ਥਾਣੇਦਾਰਾਂ ਦੇ ਕਲੱਬ ਵਿੱਚ ਸਾਮਲ ਹੋਣ ਦੀਆਂ ਕੰਨਸੋਆਂ ਪੁੱਜਣ ਲੱਗੀਆਂ ਹਨ।ਇੱਥੇ ਦੱਸਣਾ ਬਣਦਾ ਹੈ ਕਿ ਲੰਘੇ ਬੁੱਧਵਾਰ ਨੂੰ ਵਿਜੀਲੈਸ ਬਿਉਰੋ ਬਠਿੰਡਾ ਦੀ ਟੀਮ ਵਲੋਂ ਨਹਿਆ ਵਾਲਾ ਦੇ ਥਾਣਾ ਮੁਖੀ ਬਲਕੌਰ ਸਿੰਘ ਅਤੇ ਉਸਦੇ ਨਾਲ ਥਾਣੇਦਾਰ ਪਰਮਜੀਤ ਸਿੰਘ ਨੂੰ 50 ਹਜਾਰ ਰੁਪਏ ਦੀ ਰਿਸਵਤ ਲੈਂਦਿਆਂ ਕਾਬੂ ਕੀਤਾ ਸੀ, ਜਦੋਂਕਿ ਉਸਤੋਂ ਦੂਜੇ ਦਿਨ ਫਾਜਲਿਕਾ ਮਹਿਲਾ ਥਾਣਾ ਦੀ ਮੁਖੀ ਬਖਸੀਸ ਕੌਰ ਦਸ ਹਜਾਰ ਲੈਂਦਿਆਂ ਫੜੀ ਗਈ ਸੀ