ਬਠਿੰਡਾ, 21 ਅਕਤੂਬਰ: ਬੇਸ਼ੱਕ ਪਲਾਟ ਕੇਸ ਵਿਚ ਸਾਬਕਾ ਵਿਤ ਮੰਤਰੀ ਮਨਪ੍ਰੀਤ ਬਾਦਲ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚੋਂ ਪੇਸ਼ਗੀ ਜਮਾਨਤ ਲੈਣ ਵਿਚ ਸਫ਼ਲ ਰਹੇ ਹਨ ਪ੍ਰੰਤੂ ਵਿਜੀਲੈਂਸ ਹਾਲੇ ਉਨ੍ਹਾਂ ਦਾ ਖੜ੍ਹਾ ਛੱਡਦੀ ਨਜ਼ਰ ਨਹੀਂ ਆ ਰਹੀ ਹੈ। ਜਮਾਨਤ ਮਿਲਣ ਤੋਂ ਬਾਅਦ ਵਿਜੀਲੈਂਸ ਬਿਊਰੋ ਬਠਿੰਡਾ ਨੇ ਸਾਬਕਾ ਮੰਤਰੀ ਤੇ ਭਾਜਪਾ ਆਗੂ ਨੂੰ ਮੁੜ ਸੰਮਨ ਕੱਢਦਿਆਂ 23 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ 10: 30 ਵਜੇਂ ਬਠਿੰਡਾ ਦਫ਼ਤਰ ਵਿਚ ਪੇਸ਼ ਹੋਣ ਲਈ ਕਿਹਾ ਹੈ। ਵਿਜੀਲੈਂਸ ਦੇ ਉਚ ਅਧਿਕਾਰੀਆਂ ਨੇ ਦੱਬੀ ਜੁਬਾਨ ਵਿਚ ਇਸਦੀ ਪੁਸਟੀ ਕਰਦਿਆਂ ਦਸਿਆ ਕਿ ‘‘ ਭਾਵੇਂ ਅਦਾਲਤ ਤੋਂ ਜਮਾਨਤ ਮਿਲ ਗਈ ਹੈ ਪ੍ਰੰਤੂ ਇਸ ਕੇਸ ਵਿਚ ਕਾਫ਼ੀ ਸਾਰੇ ਅਹਿਮ ਤੱਥ ਸਾਹਮਣੇ ਆਏ ਹਨ, ਜਿੰਨ੍ਹਾਂ ਦੇ ਬਾਰੇ ਮਨਪ੍ਰੀਤ ਬਾਦਲ ਕੋਲੋਂ ਪੁਛਗਿਛ ਕੀਤੀ ਜਾਣੀ ਹੈ। ’’ ਇਸਤੋਂ ਇਲਾਵਾ ਵਿਦੇਸ਼ ਜਾਣ ਤੋਂ ਰੋਕਣ ਲਈ ਉਨ੍ਹਾਂ ਦਾ ਪਾਸਪੋਰਟ ਵੀ ਜਮ੍ਹਾਂ ਕਰਵਾਇਆ ਜਾਣਾ ਹੈ।
ਇਫ਼ਕੋ ਦੀ ‘ਨੈਨੋ’ ਨੇ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਦੇ ਹੱਥ ਖੜ੍ਹੇ ਕਰਵਾਏ
ਉਂਝ ਇਸ ਪੱਤਰਕਾਰ ਨੂੰ ਇਹ ਵੀ ਸੂਚਨਾ ਮਿਲੀ ਹੈ ਕਿ ਮਨਪ੍ਰੀਤ ਬਾਦਲ ਸੋਮਵਾਰ ਨੂੰ ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋਣਗੇ। ਕਿਹਾ ਜਾ ਰਿਹਾ ਹੈ ਕਿ ਸਾਬਕਾ ਮੰਤਰੀ ਦੀ ਸਿਹਤ ਨਾਸਾਜ਼ ਹੈ ਤੇ ਉਨ੍ਹਾਂ ਦੀ ਢੁਈ ਵਿਚ ਕਾਫ਼ੀ ਦਰਦ ਰਹਿ ਰਿਹਾ ਹੈ, ਜਿਸਦੇ ਕਾਰਨ ਪੇਸ਼ੀ ਵਿਚ ਛੋਟ ਮੰਗੀ ਜਾ ਸਕਦੀ ਹੈ। ਇੱਥੇ ਦਸਣਾ ਬਣਦਾ ਹੈ ਕਿ ਵਿਜੀਲਂੈਸ ਬਿਉਰੋ ਵਲੋਂ ਲੰਘੀ 24 ਸਤੰਬਰ ਨੂੰ ਮਨਪ੍ਰੀਤ ਬਾਦਲ ਸਹਿਤ ਅੱਧੀ ਦਰਜ਼ਨ ਵਿਅਕਤੀਆਂ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਗਿਆ ਸੀ। ਇਸ ਪਰਚੇ ਦੇ ਦੋਸ਼ਾਂ ਮੁਤਾਬਕ ਸ: ਬਾਦਲ ਨੇ ਵਿਤ ਮੰਤਰੀ ਹੁੰਦਿਆਂ ਸਾਲ 2021 ਵਿਚ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿਚ 1560 ਗਜ਼ ਦੇ ਦੋ ਪਲਾਟ ਅਪਣੇ ਪ੍ਰਭਾਵ ਨਾਲ ਖ਼ਰੀਦੇ ਸਨ, ਜਿਸਦੇ ਲਈ ਬੀਡੀਏ ਅਧਿਕਾਰੀਆਂ ਨਾਲ ਮਿਲੀਭੁਗਤ ਕਰਦਿਆਂ ਅਪਣੇ ਤਿੰਨ ਨਜਦੀਕੀਆਂ ਤੋਂ ਬੋਲੀ ਦਿਵਾਈ ਗਈ ਸੀ। ਵਿਜੀਲੈਂਸ ਦੀ ਪੜਤਾਲ ਮੁਤਾਬਕ ਇੰਨ੍ਹਾਂ ਪਲਾਟਾਂ ਨੂੰ ਖਰੀਦਣ ਸਮੇਂ ਪੰਜਾਬ ਸਰਕਾਰ ਦੇ ਖ਼ਜਾਨੇ ਨੂੰ ਤਤਕਾਲੀ ਖ਼ਜਾਨਾ ਮੰਤਰੀ ਨੇ 65 ਲੱਖ ਰੁਪਏ ਦੀ ‘ਚਪਤ’ ਲਗਾਈ।
ਪੰਜਾਬੀਆਂ ਲਈ ਦੂਰ ਹੋਇਆ ਕੈਨੇਡਾ! ਚੰਡੀਗੜ੍ਹ ਸਹਿਤ ਤਿੰਨ ਸ਼ਹਿਰਾਂ ’ਚ ਬੰਦ ਹੋਈ ਵੀਜ਼ਾ ਸਹੂਲਤ
ਹਾਲਾਂਕਿ ਹਾਈਕੋਰਟ ਵਿਚ ਜਮਾਨਤ ਅਰਜੀ ਦੌਰਾਨ ਮਨਪ੍ਰੀਤ ਨੇ ਦਾਅਵਾ ਕੀਤਾ ਕਿ ਸਾਲ 2021 ਵਿਚ ਜਦ ਕਰੋਨਾ ਮਹਾਂਮਾਰੀ ਫੈਲੀ ਹੋਈ ਸੀ ਤੇ ਪੂਰੀ ਦੁਨੀਆ ਦੇ ਵਪਾਰ ਠੱਪ ਪਏ ਸਨ, ਉਸ ਦੌਰਾਨ ਬੀਡੀਏ ਨੇ ਉਨ੍ਹਾਂ ਵਲੋਂ ਖਰੀਦੇ ਪਲਾਟਾਂ ਦੀ ਰਿਜਰਵ ਕੀਮਤ 29,948 ਰੁਪਏ ਰੱਖੀ ਗਈ ਸੀ ਜਦ ਕਿ ਮੌਜੂਦਾ ਸਰਕਾਰ ਦੌਰਾਨ ਸਾਲ 2022 ਵਿਚ ਉਨ੍ਹਾਂ ਦੇ ਨਾਲ ਲੱਗਦੇ ਪਲਾਟਾਂ ਦੀ ਕੀਤੀ ਗਈ ਬੋਲੀ ਦੌਰਾਨ ਇਹ ਰਿਜਰਵ ਕੀਮਤ ਪਹਿਲਾਂ ਨਾਲੋਂ ਵੀ ਘਟਾ ਦਿੱਤੀ ਗਈ। ਇੱਥੇ ਦਸਣਾ ਬਣਦਾ ਹੈ ਕਿ ਇਸ ਪਲਾਟ ਕੇਸ ਵਿਚ ਮਨਪ੍ਰੀਤ ਦੇ ਤਿੰਨ ਸਾਥੀਆਂ ਹੋਟਲ ਕਾਰੋਬਾਰੀ ਰਾਜੀਵ ਕੁਮਾਰ, ਵਪਾਰੀ ਵਿਕਾਸ ਅਰੋੜਾ ਤੇ ਸਰਾਬ ਠੇਕੇਦਾਰ ਦੇ ਮੁਲਾਜਮ ਅਮਨਦੀਪ ਨੂੰ ਵਿਜੀਲੈਂਸ ਵਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੋ ਮੌਜੂਦਾ ਸਮੇਂ ਜੇਲ੍ਹ ਵਿਚ ਬੰਦ ਹਨ ਜਦ ਕਿ ਬੀਡੀਏ ਦੇ ਤਤਕਾਲੀ ਅਧਿਕਾਰੀ ਬਿਕਰਮਜੀਤ ਸਿੰਘ ਸੇਰਗਿੱਲ ਅਤੇ ਸੁਪਰਡੈਂਟ ਪੰਕਜ ਕਾਲੀਆ ਹਾਲੇ ਤੱਕ ਫ਼ਰਾਰ ਹਨ ਅਤੇ ਉਨ੍ਹਾਂ ਵਲੋਂ ਅਗਾਊ ਜਮਾਨਤ ਦੀ ਅਰਜੀ ਬਠਿੰਡਾ ਅਦਾਲਤ ਵਿਚ ਲਗਾਈ ਹੋਈ ਹੈ।
ਸੈਲਰ ਮਾਲਕਾਂ ਨੇ ਹੜਤਾਲ ਕੀਤੀ ਖਤਮ, ਸਰਕਾਰ ਤੇ ਆੜਤੀਆਂ ਨੇ ਲਿਆ ਸੁੱਖ ਦਾ ਸਾਹ
ਪਲਾਟ ਕੇਸ ’ਚ ਵਿਜੀਲੈਂਸ ਦੀ ਕਈ ਹੋਰਨਾਂ ’ਤੇ ਅੱਖ
ਬਠਿੰਡਾ: ਮਿਲੀਆਂ ਕੰਨਸੋਆਂ ਮੁਤਾਬਕ ਪਲਾਟ ਕੇਸ ਦੀ ਪੜਤਾਲ ਦੌਰਾਨ ਵਿਜੀਲੈਂਸ ਦੇ ਸਾਹਮਣੇ ਕਈ ਹੋਰ ਮਹੱਤਵਪੂਰਨ ਤੱਥ ਸਾਹਮਣੇ ਆਏ ਹਨ, ਜਿਸਦੇ ਚੱਲਦੇ ਇਸ ਕੇਸ ਵਿਚ ਆਉਣ ਵਾਲੇ ਦਿਨਾਂ ’ਚ ਕਈ ਹੋਰ ਵਿਅਕਤੀਆਂ ਦੀ ਭੂਮਿਕਾ ਸਾਹਮਣੇ ਆਉਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਤਿੰਨਾਂ ਬੋਲੀਕਾਰਾਂ ਨੂੰ ਇੱਕ ਮੰਚ ’ਤੇ ਇਕੱਠਾ ਕਰਨ ਵਿਚ ਇੱਕ ਠੇਕੇਦਾਰ ਤੋਂ ਇਲਾਵਾ ਸਾਬਕਾ ਮੰਤਰੀ ਦੇ ਇੱਕ ਨਜਦੀਕੀ ਦੀ ਭੂਮਿਕਾ ਬਾਰੇ ਵਿਜੀਲੈਂਸ ਵਲੋਂ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ਸ਼ੇਰਗਿੱਲ ਦੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਬੀਡੀਏ ਦੇ ਅਧਿਕਾਰੀ ਰਹਿਣ ਸਮੇਂ ਇੱਕ ਕੌਂਸਲਰ ਦੇ ਕੰਮਾਂ ਦਾ ਮੁਲਾਂਕਣ ਵੀ ਕੀਤਾ ਜਾ ਰਿਹਾ। ਵਿਜੀਲੈਂਸ ਨੂੰ ਪਤਾ ਚੱਲਿਆ ਹੈ ਕਿ 15-20 ਸਾਲਾਂ ਵਿਚ ਇੱਕ ਸਕੂਟਰ ਤੋਂ ਮਹਿੰਗੀਆਂ ਕਾਰਾਂ ਤੇ ਪਲਾਟਾਂ ਦੇ ਮਾਲਕ ਬਣੇ ਇਸ ਕੌਂਸਲਰ ਦੀ ਕਾਫ਼ੀ ਚੜਾਈ ਰਹੀ ਹੈ। ਦਸਣਾ ਬਣਦਾ ਹੈ ਕਿ ਵਿਜੀਲੈਂਸ ਵਲੋਂ ਮਨਪ੍ਰੀਤ ਬਾਦਲ ਵਿਰੁਧ ਦਰਜ਼ ਮੁਕੱਦਮਾ ਨੰਬਰ 21 ਹਾਲੇ ਤੱਕ ਖੁੱਲਾ ਰੱਖਿਆ ਹੋਇਆ ਹੈ।
Share the post "ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਨੇ ਮੁੜ ਕੱਢੇ ਸੰਮਨ, ਸੋਮਵਾਰ ਨੂੰ ਪੇਸ਼ ਹੋਣ ਲਈ ਕਿਹਾ"