19 Views
ਸੁਖਜਿੰਦਰ ਮਾਨ
ਬਠਿੰਡਾ, 4 ਅਗਸਤ : ਬਹੁਮੰਜ਼ਿਲਾ ਪਾਰਕਿੰਗ ਦੇ ਨਾਂ ’ਤੇ ਬਠਿੰਡਾ ਦੇ ਬਾਜ਼ਾਰਾਂ ’ਚ ਪੀਲੀ ਲਾਈਨਾਂ ਦੇ ਅੰਦਰ ਖੜ੍ਹੇ ਵਾਹਨਾਂ ਨੂੰ ਟੋਅ ਵੈਨਾਂ ਨਾਲ ਚੁੱਕ ਕੇ ਉਨ੍ਹਾਂ ਦੇ ਚਲਾਨ ਕੱਟਣ ਦੇ ਵਿਰੁੱਧ ਅੱਜ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੀ ਅਗਵਾਈ ਹੇਠ ਸਮੁੱਚੀ ਲੀਡਰਸ਼ਿਪ ਵੱਲੋਂ ਨਗਰ ਨਿਗਮ ਕਮਿਸ਼ਨਰ ਦੇ ਨਾਂ ਕਾਰਜਕਾਰੀ ਇੰਜਨੀਅਰ ਰਾਜਿੰਦਰ ਕੁਮਾਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਬਬਲੀ ਢਿੱਲੋਂ ਦੇ ਨਾਲ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਚਮਕੌਰ ਮਾਨ, ਰਾਜਵਿੰਦਰ ਸਿੱਧੂ, ਨਿਰਮਲ ਸਿੰਘ ਸੰਧੂ, ਹਰਪਾਲ ਢਿੱਲੋਂ, ਹਰਜਿੰਦਰ ਸਿੰਘ ਸ਼ਿੰਦਾ, ਅਮਰਿੰਦਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਸੰਧੂ, ਓਮ ਪ੍ਰਕਾਸ਼ ਸ਼ਰਮਾ,ਰਤਨ ਸ਼ਰਮਾ, ਮੋਹਨ ਜੀਤ ਪੁਰੀ, ਸੁਖਚਰਨ ਸਿੰਘ, ਰਾਕੇਸ਼ ਕੁਮਾਰ, ਜਗਦੀਪ ਸਿੰਘ ਗਹਿਰੀ, ਠੇਕੇਦਾਰ ਮੱਖਣ ਸਿੰਘ, ਰਣਦੀਪ ਰਾਣਾ, ਗੁਰਸੇਵਕ ਮਾਨ, ਵਿਕਰਮਜੀਤ ਰਾਠੌੜ, ਕਾਕਾ ਬਰਾੜ, ਸ਼ੀਲਾ ਰਾਣੀ ਐਮ.ਸੀ., ਬਲਵਿੰਦਰ ਸਿੰਘ ਬਿੰਦਰ ਫਰਨੀਚਰ ਵਾਲੇ, ਅਮਨਦੀਪ ਕੌਰ ਐਮ.ਸੀ., ਪ੍ਰੇਮ ਗਰਗ, ਜਸਵਿੰਦਰ ਸਿੰਘ, ਗੁਰਜੀਤ ਸਿੰਘ, ਵਪਾਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਬਿਰਦੀ, ਭੁਪਿੰਦਰ ਸਿੰਘ ਭੂਪਾ, ਨਰਿੰਦਰਪਾਲ ਸਿੰਘ, ਮੋਹਿਤ ਠਾਕੁਰ, ਜੁਝਾਰ ਸਿੰਘ ਮੱਕੜ, ਰਵੀ ਢੱਲਾ, ਬਲਵਿੰਦਰ, ਗੁਰਪ੍ਰੀਤ, ਜਸ਼ਨਦੀਪ ਸਿੰਘ ਸਮੇਤ ਲੀਡਰਸ਼ਿਪ ਹਾਜ਼ਰ ਸੀ।
ਇਸ ਦੌਰਾਨ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਕਿਹਾ ਕਿ ਬਹੁਮੰਜ਼ਿਲਾ ਪਾਰਕਿੰਗ ਦੀ ਯੋਜਨਾ ਬੀਬਾ ਹਰਸਿਮਰਤ ਕੌਰ ਬਾਦਲ ਨੇ ਬਣਾਈ ਸੀ ਅਤੇ ਇਹ ਪਾਰਕਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸੁਪਰ ਪ੍ਰੋਜੈਕਟ ਸੀ। ਇਹੀ ਕਾਰਨ ਹੈ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਪ੍ਰਾਜੈਕਟ ਦਾ ਨਿਰਮਾਣ ਲਗਾਤਾਰ ਜਾਰੀ ਰੱਖਿਆ ਗਿਆ, ਤਾਂ ਜੋ ਆਮ ਲੋਕਾਂ ਨੂੰ ਮੁਫਤ ਪਾਰਕਿੰਗ ਦੀ ਸਹੂਲਤ ਮੁਹੱਈਆ ਕਰਵਾਈ ਜਾ ਸਕੇ। ਬਬਲੀ ਢਿੱਲੋਂ ਨੇ ਦੱਸਿਆ ਕਿ ਜਦੋਂ ਲਾਇਸੈਂਸ ਅਪਲਾਈ ਕੀਤਾ ਜਾਂਦਾ ਹੈ, ਤਾਂ ਇਹੀ ਸਿਖਾਇਆ ਜਾਂਦਾ ਹੈ ਕਿ ਗੱਡੀਆਂ ਹਮੇਸ਼ਾ ਪੀਲੀ ਲਾਈਨਾਂ ਦੇ ਅੰਦਰ ਹੀ ਖੜ੍ਹੀਆਂ ਕਰਨੀਆਂ ਚਾਹੀਦੀਆਂ ਹਨ। ਪੀਲੀ ਲਾਈਨ ਵਿੱਚ ਵਾਹਨਾਂ ਦੀ ਮੁਫਤ ਪਾਰਕਿੰਗ ਹੋ ਸਕਦੀ ਹੈ, ਜੋ ਕਿ ਟ੍ਰੈਫਿਕ ਨਿਯਮਾਂ ਅਨੁਸਾਰ ਨਹੀਂ ਉਠਾਈ ਜਾ ਸਕਦੀ। ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਜਾਂ ਤਾਂ ਦੇਸ਼ ਦਾ ਕਾਨੂੰਨ ਗਲਤ ਹੈ, ਜਾਂ ਫਿਰ ਨਗਰ ਨਿਗਮ ਹੀ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ। ਹਲਕਾ ਇੰਚਾਰਜ ਨੇ ਦੱਸਿਆ ਕਿ ਬਹੁਮੰਜ਼ਿਲਾ ਪਾਰਕਿੰਗ ਪਹਿਲਾਂ ਨਗਰ ਨਿਗਮ ਵੱਲੋਂ ਖੁਦ 6 ਮਹੀਨਿਆਂ ਲਈ ਟਰਾਇਲ ਦੇ ਆਧਾਰ ‘ਤੇ ਸ਼ੁਰੂ ਕੀਤੀ ਜਾਂਦੀ ਹੈ, ਜਿਸ ਨਾਲ ਨਗਰ ਨਿਗਮ ਨੂੰ ਬਹੁਮੰਜ਼ਿਲਾ ਪਾਰਕਿੰਗ ਤੋਂ ਹੋਣ ਵਾਲੇ ਮਾਲੀਏ ਦੀ ਜਾਣਕਾਰੀ ਮਿਲਦੀ ਹੈ ਅਤੇ ਉਕਤ ਮਾਲੀਏ ਦੇ ਆਧਾਰ ‘ਤੇ ਅੱਗੇ ਠੇਕਾ ਦਿੱਤਾ ਜਾਂਦਾ ਹੈ, ਪਰ ਮਾਲੀਆ ਦੀ ਜਾਣਕਾਰੀ ਤੋਂ ਬਗੈਰ ਨਗਰ ਨਿਗਮ ਨੇ ਉਕਤ ਪਾਰਕਿੰਗ ਦਾ ਠੇਕਾ ਦੇ ਕੇ ਠੇਕੇਦਾਰ ਨੂੰ ਆਮ ਲੋਕਾਂ ਦੀ ਲੁੱਟ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਕਤ ਪਾਰਕਿੰਗ ਕਮਾਈ ਦਾ ਸਾਧਨ ਨਹੀਂ ਹੈ, ਸਗੋਂ ਕਮਾਈ ਦਾ ਸਾਧਨ ਆਮ ਲੋਕ ਅਤੇ ਕਾਰੋਬਾਰੀ ਹਨ, ਜਿਨ੍ਹਾਂ ਵੱਲੋਂ ਹਾਊਸ ਟੈਕਸ, ਪ੍ਰਾਪਰਟੀ ਟੈਕਸ ਵਰਗੇ ਕਈ ਟੈਕਸ ਅਦਾ ਕੀਤੇ ਜਾਂਦੇ ਹਨ, ਅਜਿਹੇ ‘ਚ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਕਿ ਆਮ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਪਰ ਮੌਜੂਦਾ ਸਮੇਂ ਵਿੱਚ ਨਗਰ ਨਿਗਮ ਵੱਲੋਂ ਠੇਕੇਦਾਰ ਨਾਲ ਮਿਲ ਕੇ ਬਠਿੰਡਾ ਵਾਸੀਆਂ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਠੇਕੇਦਾਰ ਨਾਲ ਮਿਲ ਕੇ ਕੀਤੀ ਜਾ ਰਹੀ ਲੁੱਟ ਕਾਰਨ ਹੁਣ ਲੋਕ ਬਾਜ਼ਾਰਾਂ ਵਿੱਚ ਖਰੀਦਦਾਰੀ ਕਰਨ ਤੋਂ ਵੀ ਡਰ ਰਹੇ ਹਨ, ਜਿਸ ਕਾਰਨ ਕਾਰੋਬਾਰ ਵੀ ਠੱਪ ਹੋਣ ਦੇ ਕੰਢੇ ਪਹੁੰਚ ਗਿਆ ਹੈ।
ਇਕਬਾਲ ਸਿੰਘ ਬਬਲੀ ਢਿੱਲੋਂ ਨੇ ਮੰਗ ਪੱਤਰ ਦੇਣ ਉਪਰੰਤ ਕਿਹਾ ਕਿ ਨਗਰ ਨਿਗਮ ਕਮਿਸ਼ਨਰ ਵੱਲੋਂ ਹਾਊਸ ਦੀ ਮੀਟਿੰਗ ਬੁਲਾ ਕੇ ਇਸ ਲੁੱਟ ਨੂੰ ਰੋਕਣ ਲਈ ਜਲਦੀ ਤੋਂ ਜਲਦੀ ਏਜੰਡਾ ਪਾਸ ਕੀਤਾ ਜਾਵੇ, ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਨੇ ਕਿਹਾ ਕਿ ਉਕਤ ਪਾਰਕਿੰਗ ਆਮ ਲੋਕਾਂ ਦੀ ਸਹੂਲਤ ਲਈ ਬਣਾਈ ਗਈ ਸੀ, ਪਰ ਇਸ ਨੂੰ ਨਗਰ ਨਿਗਮ ਵੱਲੋਂ ਲੁੱਟ ਦਾ ਅੱਡਾ ਬਣਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੀਲੀ ਲਾਈਨ ਦੇ ਅੰਦਰ ਖੜ੍ਹੇ ਵਾਹਨਾਂ ਦੀ ਪਾਰਕਿੰਗ ਗੈਰ-ਕਾਨੂੰਨੀ ਨਹੀਂ ਹੈ, ਪਰ ਬਠਿੰਡਾ, ਦੇਸ਼ ਦਾ ਪਹਿਲਾ ਅਜਿਹਾ ਸ਼ਹਿਰ ਬਣ ਗਿਆ ਹੈ, ਜਿੱਥੇ ਪੀਲੀ ਲਾਈਨ ਦੇ ਅੰਦਰ ਖੜ੍ਹੇ ਵਾਹਨਾਂ ਨੂੰ ਵੀ ਗੈਰ-ਕਾਨੂੰਨੀ ਦੱਸ ਕੇ ਲੋਕਾਂ ਦੇ ਚਲਾਨ ਕੀਤੇ ਜਾ ਰਹੇ ਹਨ।
Share the post "ਪਾਰਕਿੰਗ ਦੇ ਨਾਂ ‘ਤੇ ਪੀਲੀ ਲਾਇਨ ਦੇ ਵਿਚੋਂ ਗੱਡੀਆਂ ਚੁੱਕਣ ਖਿਲਾਫ ਅਕਾਲੀ ਦਲ ਨੇ ਦਿੱਤਾ ਮੰਗ ਪੱਤਰ"